ਪਾਠਕ ਮੰਚ

2ਪਾਠਕ ਦੋਸਤੋ, ਮੈਂ ਤੁਹਾਡੇ ਨਾਲ਼ ਆਪਣਾ ਇੱਕ ਤਜਰਬਾ ਸਾਂਝਾ ਕਰਨਾ ਚਾਹੁੰਦੀ ਹਾਂ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 17 ਮਾਰਚ ਨੂੰ ਲੁਧਿਆਣੇ ਮਜਦੂਰਾਂ ਦੀ ਬਸਤੀ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲ਼ਿਆ। ਭਗਤ ਸਿੰਘ ਦੀ ਜਿੰਦਗੀ ਬਾਰੇ ਕਾਫੀ ਕੁਝ ਜਾਨਣ ਨੂੰ ਮਿਲ਼ਿਆ। ਉੱਥੇ ਦੇ ਬੁਲਾਰਿਆਂ ਨੇ ਭਗਤ ਸਿੰਘ ਦੀ ਜਿੰਦਗੀ, ਉਹਨਾਂ ਦੇ ਵਿਚਾਰਾਂ, ਤੇ ਜਿਹੋ ਜਿਹਾ ਸਮਾਜ ਉਹ ਚਾਹੁੰਦੇ ਸਨ ਬਾਰੇ ਸੰਖੇਪ ਵਿੱਚ ਸਾਨੂੰ ਜਾਣੂ ਕਰਵਾਇਆ। ਬੁਲਾਰੇ ਬੜੇ ਹੀ ਜੋਸ਼ੀਲੇ ਤੇ ਵਧੀਆ ਤਰੀਕੇ ਨਾਲ਼ ਆਪਣੇ ਵਿਚਾਰ ਪ੍ਰਗਟ ਕਰਨ ਵਾਲ਼ੇ ਸਨ। ਸਾਰੇ ਦਰਸ਼ਕ ਉਹਨਾਂ ਨੂੰ ਬੜੇ ਧਿਆਨ ਨਾਲ਼ ਸੁਣ ਰਹੇ ਸੀ ਤੇ ਆਪਣੀ ਸ਼ਮੂਲੀਅਤ ਨਾਰੇਬਾਜੀ ਕਰਕੇ ਕਰ ਰਹੇ ਸੀ। ਜਿਹੜੇ ਨਾਟਕ ਕਰਵਾਏ ਗਏ ਉਹ ਵੀ ਚੰਗੀ ਸੇਧ ਦੇਣ ਵਾਲ਼ੇ ਸਨ। ਸਭਨਾ ਦੀ ਪੇਸ਼ਕਾਰੀ ਬਹੁਤ ਵਧੀਆ ਸੀ। ਇਦਾਂ ਦੇ ਪ੍ਰੋਗਰਾਮ ਜਿਆਦਾ ਤੋਂ ਜਿਆਦਾ ਲੋਕਾਂ ਵਿੱਚ ਜਾ ਕੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਨਾਂ ਨੂੰ ਜੋ ਸਾਡੇ ਦੇਸ਼ ਦੇ ਅਸਲੀ ਨਾਇਕ ਨੇ ਉਹਨਾਂ ਦੇ ਵਿਚਾਰਾਂ ਬਾਰੇ ਪਤਾ ਲੱਗ ਸਕੇ, ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੇ ਜੀਵਨ ਢੰਗ ਤੋਂ ਹੱਲਾਸ਼ੇਰੀ ਮਿਲ਼ ਸਕੇ। ਅੱਜ ਦੇ ਸਮਾਜ ਵਿੱਚ ਜੋ ਚੱਲ ਰਿਹਾ ਹੈ, ਜੋ ਮੀਡੀਆ ਸਰਕਾਰਾਂ ਸਾਡੇ ਦੇਸ਼ ਨੂੰ ਲੁੱਟਣ ’ਤੇ ਲੱਗੀਆਂ ਹੋਈਆਂ ਨੇ ਤੇ ਸਾਰਾ ਕੁਝ ਪੁੰਜਪਤੀਆਂ ਨੂੰ ਦੇ ਰਹੀਆਂ ਨੇ ਉਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਨੂੰ ਇੱਕ ਮੁੱਠ ਕੀਤਾ ਜਾਵੇ, ਇਸ ਦੀ ਅੱਜ ਦੇ ਸੰਦਰਭ ਵਿੱਚ ਬਹੁਤ ਜਰੂਰਤ ਹੈ। ਲੋਕਾਂ ਨੂੰ ਆਪਣੇ ਨਾਲ਼ ਜੋੜਨ ਲਈ ਸਾਨੂੰ ਇੱਕਮੁੱਠ ਹੋ ਕੇ ਇਸ ਤਰ੍ਹਾਂ ਦੇ ਅਗਾਂਹਵਧੂ ਪ੍ਰੋਗਰਾਮ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਬਸਤੀਆਂ ਵਿੱਚ ਜਾ ਕੇ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ। ਮੈਂ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣਗੇ। ਮੈਂ ਕਈ ਤਰ੍ਹਾਂ ਦੇ ਨੁੱਕੜ ਨਾਟਕ ਤੇ ਹੋਰ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਈ ਹਾਂ ਪਰ ਇਸ ਤਰ੍ਹਾਂ ਦਾ ਮਜਦੂਰਾਂ ਦੀ ਬਸਤੀ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਜੋ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰੇ ਦਿਲ ਦੇ ਕਾਫੀ ਕਰੀਬ ਹੈ।

•ਮਨਿੰਦਰ ਕੌਰ   

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 1 ਤੋਂ 15 ਅਪ੍ਰੈਲ 2024 ਵਿੱਚ ਪ੍ਰਕਾਸ਼ਿਤ

Leave a comment