ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮੁਹਿੰਮ ਤੇ ਪ੍ਰੋਗਰਾਮ

123 ਮਾਰਚ ਦੇ ਸ਼੍ਰੋਮਣੀ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਨਤਕ ਜਥੇਬੰਦੀਆਂ – ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਤੇ ਕਾਰਖਾਨਾ ਮਜਦੂਰ ਯੂਨੀਅਨ (ਚੰਡੀਗੜ੍ਹ) – ਵੱਲੋਂ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਮੁਹਿੰਮ ਚਲਾਈ ਗਈ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਇਹ ਪ੍ਰੋਗਰਾਮ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਸਿਰਸਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਸ਼ਹਿਰਾਂ ਵਿੱਚ ਕੀਤੇ ਗਏ। ਸ਼ਹੀਦਾਂ ਦੇ ਵਿਚਾਰਾਂ ਦਾ ਪ੍ਰਚਾਰ ਕਰਦਿਆਂ ਆਮ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਸ਼ਹੀਦਾਂ ਦੇ ਵਿਚਾਰਾਂ ਦੀ ਅਜੋਕੇ ਸਮੇਂ ਵਿੱਚ ਲੋੜ, ਅੱਜ ਦੇ ਲੋਕ ਵਿਰੋਧੀ ਸਰਮਾਏਦਾਰਾ ਨਿਜਾਮ ਦੇ ਮੁਕਾਬਲੇ ਸ਼ਹੀਦਾਂ ਦੇ ਲੁੱਟ ਰਹਿਤ ਸਮਾਜ ਦੇ ਸੁਪਨੇ ਨੂੰ ਲੋਕਾਂ ਤੱਕ ਲਿਜਾਇਆ ਗਿਆ।

21 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਸ਼ਾਲ ਮਾਰਚ ਅਤੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਕਈ ਦਿਨ ਯੂਨੀਵਰਸਿਟੀ ਅੰਦਰ ਪਰਚਾ ਤੇ ਸ਼ਹੀਦਾਂ ਦੀਆਂ ਕਿਤਾਬਾਂ ਲੈ ਕੇ ਮੁਹਿੰਮ ਵੀ ਚਲਾਈ ਗਈ ਸੀ।

20 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਚੰਡੀਗੜ੍ਹ ਇਕਾਈ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜਿਸਦਾ ਵਿਸ਼ਾ ਸੀ “ਭਗਤ ਸਿੰਘ ਦਾ ਨੌਜਵਾਨਾਂ ਨੂੰ ਸੁਨੇਹਾ”। ਸੈਮੀਨਾਰ ਦੀ ਸ਼ੁਰੂਆਤ ਤਿੰਨੇ ਸ਼ਹੀਦਾਂ ਅਤੇ ਅਵਤਾਰ ਸਿੰਘ ਪਾਸ਼ (ਇਨਕਲਾਬੀ ਕਵੀ ਜਿਸਨੂੰ ਕਿ 23 ਮਾਰਚ ਨੂੰ ਹੀ ਸ਼ਹੀਦ ਕੀਤਾ ਗਿਆ ਸੀ) ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਮੁੱਖ ਬੁਲਾਰੇ ਵਜੋਂ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਛਿੰਦਰਪਾਲ ਨੇ ਗੱਲ ਰੱਖਦਿਆਂ ਕਿਹਾ ਕਿ ਭਗਤ ਸਿੰਘ ਨੂੰ ਅੱਜ ਰਸਮੀ ਤੌਰ ’ਤੇ ਹਾਰ ਚੜ੍ਹਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਉਸਦੀ ਲੜਾਈ ਸਿਰਫ ਅੰਗਰੇਜਾਂ ਖਿਲਾਫ ਨਾ ਹੋ ਕੇ ਕੁੱਲ ਆਰਥਿਕ ਸਮਾਜਿਕ ਢਾਂਚੇ ਵਿਰੁੱਧ ਸੀ, ਜੋ ਕਿਰਤੀਆਂ ਦੀ ਲੁੱਟ ’ਤੇ ਟਿਕਿਆ ਹੋਇਆ ਹੈ। ਅਜਾਦੀ ਮਗਰੋਂ ਵੀ ਕਿਰਤੀਆਂ ਦੇ ਹੱਥ ਗਰੀਬੀ, ਭੁੱਖਮਰੀ, ਅਨਿਆਂ ਵਿੱਚ ਜਕੜੇ ਹੋਏ ਹਨ। ਮੌਜੂਦਾ ਹਾਲਤਾਂ ਦਿਨ ਪ੍ਰਤੀਦਿਨ ਬਦ ਤੋਂ ਬਦਤਰ ਹੁੰਦੀਆਂ ਜਾ ਰਹੀਆਂ ਹਨ। ਅਮੀਰੀ ਗਰੀਬੀ ਦਾ ਪਾੜਾ ਦਿਨੋਂ ਦਿਨ ਵਧੇਰੇ ਵੱਡਾ ਹੁੰਦਾ ਜਾਂਦਾ ਹੈ। ਲੁੱਟ, ਜਬਰ, ਅਨਿਆਂ ਦਾ ਭਾਰ ਵਧ ਰਿਹਾ ਹੈ। ਫਿਰਕੂ ਫਾਸ਼ੀਵਾਦੀ ਲਹਿਰ ਦਾ ਖਤਰਾ ਹੋਰ ਵੱਡਾ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਭਗਤ ਸਿੰਘ ਦੇ ਵਿਚਾਰ ਪਹਿਲਾਂ ਨਾਲ਼ੋਂ ਵਧੇਰੇ ਪ੍ਰਸੰਗਿਕ ਹੋ ਜਾਂਦੇ ਹਨ। ਅੱਜ ਦੇ ਨੌਜਵਾਨਾਂ, ਵਿਦਿਆਰਥੀਆਂ ਦਾ ਇਹੀ ਕਾਰਜ ਹੈ ਕਿ ਭਗਤ ਸਿੰਘ ਦੇ ਦਰਸਾਏ ਇਹਨਾਂ ਰਾਹਾਂ ’ਤੇ ਤੁਰਕੇ ਸਮਾਜ ਨੂੰ ਬਦਲਣ ਵਿੱਚ ਜੁਟ ਜਾਣ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਬਠਿੰਡਾ ਇਕਾਈ ਵੱਲੋਂ ਰਾਜਿੰਦਰਾ ਕਾਲਜ ਤੇ ਸਰਕਾਰੀ ਆਈਟੀਆਈ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਨਿਰਦੇਸ਼ਕ ਗੌਹਰ ਰਜਾ ਦੀ ਦਸਤਾਵੇਜੀ ਫਿਲਮ “ਇਨਕਲਾਬ” ਦਿਖਾਈ ਗਈ।

23 ਮਾਰਚ ਦੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ.(ਲਲਕਾਰ), ਐੱਸ.ਐਫ.ਆਈ, ਪੀ.ਆਰ.ਐੱਸ.ਯੂ, ਏ.ਆਈ.ਐੱਸ.ਐੱਫ, ਪੀ.ਐੱਸ.ਐੱਫ. ਤੇ ਪੀ.ਐੱਸ.ਯੂ., ਵੱਲੋਂ ਤੇਈ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ ਕੱਢਿਆ ਗਿਆ। ਇਸ ਮੌਕੇ ਵਿਦਿਆਰਥੀ ਪੂਰੇ ਮਾਰਚ ਦੌਰਾਨ ਪੂਰੇ ਜੋਸ਼ ਨਾਲ਼ ਇਨਕਲਾਬੀ ਨਾਅਰਿਆਂ ਨਾਲ਼ ਕੈਂਪਸ ਦਾ ਵਾਤਾਵਰਨ ਜੋਸ਼ੀਲਾ ਕਰਦੇ ਰਹੇ। ਇਸ ਮੌਕੇ ਬੁਲਾਰਿਆਂ ਨੇ ਭਗਤ ਸਿੰਘ ਦੀ ਵਿਚਾਰਧਾਰਾ ’ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਜਿਸ ਸੁਪਨੇ ਦੀ ਲੌਅ ਸਾਡੇ ਸ਼ਹੀਦ ਆਪਣੀਆਂ ਕੀਮਤੀ ਜਾਨਾਂ ਦੇਕੇ ਰੌਸ਼ਨ ਕਰਕੇ ਗਏ ਸੀ ਅੱਜ ਸਾਡਾ ਫਰਜ ਵੀ ਬਣਦਾ ਹੈ ਤੇ ਅਣਸਰਦੀ ਲੋੜ ਵੀ ਕਿ ਓਸ ਲੌਅ ਨੂੰ ਅਸੀਂ ਮਘਦਾ ਰੱਖੀਏ।      

ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਦੇ ਸਹੀਦਾਂ ਨੂੰ ਸਮਰਪਿਤ ਸਿਰਸਾ ਜਿਲ੍ਹੇ ਦੇ 10 ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਪਿੰਡ ਨਕੌੜਾ ਤੋਂ ਸ਼ੁਰੂਆਤ ਕਰਦੇ ਹੋਏ ਮੋਟਰ ਸਾਇਕਲਾਂ ਦਾ ਕਾਫਲਾ ਸੰਤਾਂਵਾਲੀ,  ਜੀਵਨ ਨਗਰ, ਸੁਤੰਤਰ ਨਗਰ, ਸੰਤ ਨਗਰ, ਹਰੀਪੁਰਾ, ਜਗਜੀਤ ਨਗਰ, ਦਮਦਮਾ, ਸੰਤੋਖਪੁਰਾ, ਧਰਮਪੁਰਾ ਪਿੰਡਾਂ ਵਿੱਚੋਂ ਦੀ ਲੰਘਿਆ। ਪਿੰਡਾਂ ਵਿੱਚ ਪਰਚਾ ਵੰਡਦੇ ਹੋਏ, ਪਿੰਡ ਨਕੌੜਾ, ਜੀਵਨ ਨਗਰ, ਹਰੀਪੁਰਾ ਅਤੇ ਧਰਮਪੁਰਾ ਵਿਖੇ ਸਭਾਵਾਂ ਕੀਤੀਆਂ ਗਈਆਂ ਅਤੇ ਭਗਤ ਸਿੰਘ ਦੇ ਵਿਚਾਰਾਂ ਅਤੇ ਉਦੇਸ਼ ਬਾਰੇ ਲੋਕਾਂ ਨਾਲ਼ ਗੱਲਬਾਤ ਕੀਤੀ ਗਈ। ਪਿੰਡ ਸੰਤੋਖਪੁਰਾ-ਧਰਮਪੁਰਾ ਵੱਲੋਂ ਕਾਫਲੇ ਦਾ ਨਿੱਘਾ ਸੁਆਗਤ ਕੀਤਾ ਗਿਆ। ਅਖੀਰ ਪਿੰਡ ਧਰਮਪੁਰਾ ਵਿਖੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਜਨਤਕ ਸਭਾ ਕੀਤੀ ਗਈ ਅਤੇ ਭਗਤ ਸਿੰਘ ਨੂੰ ਇਨਕਲਾਬੀ ਨਾਅਰਿਆਂ ਨਾਲ਼ ਸ਼ਰਧਾਂਜਲੀ ਭੇਂਟ ਕਰਦੇ ਹੋਏ ਮੋਟਰ ਸਾਇਕਲ ਮਾਰਚ ਦੀ ਸਮਾਪਤੀ ਕੀਤੀ ਗਈ।

ਨੌਜਵਾਨ ਭਾਰਤ ਸਭਾ, ਚੰਡੀਗੜ੍ਹ ਅਤੇ ਕਾਰਖਾਨਾ ਮਜਦੂਰ ਯੂਨੀਅਨ, ਚੰਡੀਗੜ੍ਹ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਚੰਡੀਗੜ੍ਹ ਦੀ ਹੱਲੋਮਾਜਰਾ ਬਸਤੀ ਵਿੱਚ ਇਨਕਲਾਬੀ ਸ਼ਾਮ ਮਨਾਈ ਗਈ। ਪ੍ਰੋਗਰਾਮ ਤੋਂ ਪਹਿਲਾਂ ਹੱਲੋਮਾਜਰਾ ਤੇ ਮੌਲੀਜਾਗਰਾਂ ਬਸਤੀ ਵਿੱਚ ਦਸ ਦਿਨਾਂ ਤੱਕ ਸ਼ਹੀਦਾਂ ਨੂੰ ਸਮਰਪਿਤ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਪਰਚਾ ਲੈ ਕੇ ਨੁੱਕੜ ਸਭਾਵਾਂ, ਘਰੋ ਘਰੀ ਪ੍ਰਚਾਰ, ਫਿਲਮ ਸ਼ੋਅ, ਵਿਚਾਰ ਚਰਚਾਵਾਂ ਕੀਤੀਆਂ ਗਈਆਂ। 23 ਮਾਰਚ ਦੀ ਸੱਭਿਆਚਾਰਕ ਸ਼ਾਮ ਮੌਕੇ ਨੁੱਕੜ ਨਾਟਕ “ਬੁੱਤ ਜਾਗ ਪਿਆ”, ਇਨਕਲਾਬੀ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ ਤੇ ਅੰਤ ਵਿੱਚ ਇਲਾਕੇ ਅੰਦਰ ਮਸ਼ਾਲ ਮਾਰਚ ਕੱਢਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

ਨੌਜਵਾਨ ਭਾਰਤ ਸਭਾ ਵੱਲੋਂ ਮੰਡੀ ਗੋਬਿੰਦਗੜ੍ਹ ਤੇ ਲੁਧਿਆਣੇ ਦੇ ਪੱਖੋਵਾਲ ਪਿੰਡ ਵਿੱਚ ਵੀ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਗਏ।

24 ਮਾਰਚ ਨੂੰ ਲੁਧਿਆਣੇ ਦੀ ਈ.ਡਬਲਿਯੂ.ਐਸ. ਕਲੋਨੀ ਵਿੱਚ ਮਜਦੂਰ-ਨੌਜਵਾਨ ਜਥੇਬੰਦੀਆਂ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਵੱਲੋਂ ਸ਼ਹੀਦਾਂ ਦੇ ਜੀਵਨ ਤੇ ਅੱਜ ਦੇ ਸਮੇਂ ਉਹਨਾਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ ਗਈ। ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵੱਲੋਂ ‘ਟੋਆ’ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਨੁਮਾਇਸ਼ ਵੀ ਲਾਈ ਗਈ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 1 ਤੋਂ 15 ਅਪ੍ਰੈਲ 2024 ਵਿੱਚ ਪ੍ਰਕਾਸ਼ਿਤ

Leave a comment