ਮੌਤ ਨੂੰ ਮਾਸੀ ਆਖਣ ਵਾਲਿਆਂ ਲਈ…

ਮੌਤ ਨੂੰ ਮਾਸੀ ਆਖਣ ਵਾਲਿਆਂ ਲਈ

ਜਿੰਦਗੀ ਵੀ ਮਾਂ ਜਿਹੀ ਸੀ

‘ਸ਼ਹੀਦਾਂ ਦੇ ਅੰਗ-ਸੰਗ’ ਹੁੰਦਿਆਂ ਪਤਾ ਲੱਗਿਆ

ਕਿ ‘ਅਜਿਹਾ ਸੀ ਸਾਡਾ ਭਗਤ ਸਿੰਘ’

ਨਿੱਕੇ-ਨਿੱਕੇ ਹਾਸੇ ਹਸਦਾ

ਚਰਚਾ ਕਰਦਾ

ਮੌਤ ਨੂੰ ਮਾਸੀ ਆਖਣ ਵਾਲਿਆਂ ਲਈ

ਜਿੰਦਗੀ ਵੀ ਮਾਂ ਜਿਹੀ ਸੀ

ਪਰ ਜਦ ਓਨਾਂ ਨੇ ਭੈਣ-ਭਰਾਵਾਂ ਨੂੰ

ਮਾਂ ਦੇ ਦੁੱਧ ਤੋਂ ਸੱਖਣੇ ਹੁੰਦਿਆਂ ਤੱਕਿਆ

ਤਾਂ ਓਹਨਾਂ ਨੂੰ ਬਚਾਉਣ ਲਈ

ਓਹਨਾਂ ਮਾਸੀ ਕੋਲ ਜਾਣਾ ਬਿਹਤਰ ਸਮਝਿਆ

ਜੋ ਸ਼ਹੀਦ ਹੋਏ ਨੇ

ਓਹਨਾਂ ਨੇ ਕਦੇ ਨਹੀਂ ਸੀ ਚਾਹਿਆ

ਕਿ ਆਉਣ ਵਾਲੀਆਂ ਨਸਲਾਂ ਦੀ ਅੱਖ ’ਚੋਂ

ਹੰਝੂ ਡਿੱਗੇ ਕੋਈ

ਜੋ ਫਾਂਸੀਆਂ ਤੇ ਲਟਕੇ ਸੀ

ਦੁਬਾਰਾ

ਬੁੱਤ ਬਣਾ ਕੇ ਚੌਂਕਾਂ ’ਚ ਲਟਕਾ ਦਿੱਤੇ ਗਏ

ਜਿੰਨਾਂ ਨੂੰ ਪਹਿਲਾਂ ਖੰਜਰਾਂ ਨਾਲ ਕੋਹਿਆ ਗਿਆ

ਓਹਨਾਂ ਨੂੰ ਬਾਅਦ ’ਚ ਤਗਮਿਆਂ ਨਾਲ ਵੀ ਵਿੰਨਿ੍ਹਆ ਗਿਆ

ਬੁੱਢੀ ਜਾਦੂਗਰਨੀ ਆਖਦੀ ਹੈ

ਭਾਵੇਂ ਕਿਵੇਂ ਵੀ ਹੋਵੇ

ਓਹਨਾਂ ਦਾ ਮਰਨਾ ਬਹੁਤ ਜਰੂਰੀ ਹੈ

ਤੇ ਸਾਡੇ ਲਈ

ਸਾਡੇ ਜਿੰਦਾ ਰਹਿ ਸਕਣ ਲਈ

ਓਹਨਾਂ ਦਾ ਜਿੰਦਾ ਰਹਿਣਾ ਬਹੁਤ ਜਰੂਰੀ ਹੈ

ਸਾਡੇ ਸਾਨਾਮੱਤੇ ਇਤਿਹਾਸ ਦਾ ਜਿੰਦਾ ਰਹਿਣਾ ਜਰੂਰੀ ਹੈ

ਇਹ ਜਾਨਣਾ ਕਿ ਕਿਹੋ ਜਿਹਾ ਸੀ ਸਾਡਾ ਭਗਤ ਸਿੰਘ

ਕਿ ਓਹ ਕਿਹੋ ਜਿਹਾ ਅਜਾਦ ਦੇਸ਼ ਚਾਹੁੰਦਾ ਸੀ

ਬਹੁਤ ਜਰੂਰੀ ਹੈ ਇਹ

ਕਿਸੇ ਹੋਰ ਲਈ ਨਹੀਂ

ਸਾਡੇ ਆਪਣੇ ਜਿੰਦਾ ਰਹਿ ਸਕਣ ਲਈ

ਸਾਡੇ ਆਪਣੇ ਸੁਪਨਿਆਂ ਦੇ ਸਾਕਾਰ ਹੋਣ ਲਈ

ਜਰੂਰੀ ਹੈ

ਸ਼ਹੀਦਾਂ ਦੇ ਸੁਪਨਿਆਂ ਦਾ ਸਾਕਾਰ ਹੋਣਾ

ਕਿਉਂਕਿ ਓਹਨਾਂ ਦੇ ਸੁਪਨੇ ਸਾਡੇ ਬਾਰੇ ਸਨ

ਲੋਕਾਂ ਬਾਰੇ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 30 ਅਪ੍ਰੈਲ 2024 ਵਿੱਚ ਪ੍ਰਕਾਸ਼ਿਤ

Leave a comment