ਭੂੰਦੜੀ ਗੈਸ ਫੈਕਟਰੀ ਵਿਰੁੱਧ ਲੋਕ ਸੰਘਰਸ਼ ਭਖਿਆ

WhatsApp Image 2024-04-14 at 21.00.20_e1c76e59ਜਿਲ੍ਹਾ ਲੁਧਿਆਣਾ ਦੇ ਪਿੰਡ ਭੂੰਦੜੀ ਵਿੱਚ ਜੀ.ਆਈ.ਏ.ਆਈ. ਨਿਊ ਅਨਰਜੀ ਪ੍ਰਾ.ਲਿ. ਨਾਂ ਦੀ ਕੰਪਨੀ ਵੱਲੋਂ ਲਾਏ ਜਾ ਰਹੇ ਸੀ.ਬੀ.ਜੀ./ਬਾਇਓ ਸੀ.ਐਨ.ਜੀ. ਗੈਸ ਪਲਾਂਟ ਵਿਰੁੱਧ ਲੋਕ ਸੰਘਰਸ਼ ਭਖਦਾ ਜਾ ਰਿਹਾ ਹੈ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 28 ਮਾਰਚ ਤੋਂ ਲਗਾਤਾਰ ਫੈਕਟਰੀ ਅੱਗੇ ਪੱਕਾ ਧਰਨਾ ਲੱਗਿਆ ਹੋਇਆ ਹੈ ਜਿੱਥੇ ਰੋਜਾਨਾਂ ਸੈਂਕੜੇ ਲੋਕ ਸ਼ਮੂਲੀਅਤ ਕਰਦੇ ਹਨ। ਇਸ ਫੈਕਟਰੀ ਨਾਲ਼ ਸਿਰਫ ਭੂੰਦੜੀ ਪਿੰਡ ਦੇ ਲੋਕਾਂ ਲਈ ਹੀ ਵੱਡੇ ਖਤਰੇ ਖੜ੍ਹੇ ਨਹੀਂ ਹੋ ਰਹੇ ਸਗੋਂ ਇਲਾਕੇ ਦੇ ਹੋਰ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਝੱਲਣੇ ਪੈਣਗੇ। ਇਸ ਲਈ ਪਿੰਡ ਭੂੰਦੜੀ ਸਮੇਤ ਹੋਰ ਪਿੰਡਾਂ ਦੇ ਲੋਕਾਂ ਦੀ ਵੀ ਸੰਘਰਸ਼ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ।

ਸੰਘਰਸ਼ ਕਾਰਨ ਉਸਾਰੀ ਦਾ ਕੰਮ ਰੁਕ ਗਿਆ ਹੈ ਕਿਉਂਕਿ ਉਸਾਰੀ ’ਚ ਲੱਗੇ ਠੇਕੇਦਾਰ ਅਤੇ ਮਜਦੂਰ ਕੰਮ ਛੱਡ ਕੇ ਚਲੇ ਗਏ ਹਨ। ਪਰ ਸਰਕਾਰ ਵੱਲੋਂ ਲੋਕ ਵਿਰੋਧੀ ਰਵੱਈਆ ਕਾਇਮ ਰੱਖਦੇ ਹੋਏ ਪਲਾਂਟ ਦੀ ਮਨਜੂਰੀ ਰੱਦ ਨਹੀਂ ਕੀਤੀ ਗਈ। ਲੰਘੀ 14 ਅਪ੍ਰੈਲ ਨੂੰ ਫੈਕਟਰੀ ਅੱਗੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਭੂੰਦੜੀ ਅਤੇ ਆਸਪਾਸ ਦੇ ਹਜਾਰਾਂ ਲੋਕ ਸ਼ਾਮਲ ਹੋਏ। ਰੈਲੀ ਵਿੱਚ ਮਜਦੂਰਾਂ, ਕਿਸਾਨਾਂ, ਨੌਜਵਾਨਾਂ ਦੀਆਂ ਵੱਖ-ਵੱਖ ਜਨਤਕ ਜੱਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। 

ਰੈਲੀ ਨੂੰ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਸੁਖਦੇਵ ਸਿੰਘ ਭੂੰਦੜੀ, ਕਾਰਖਾਨਾ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਆਗੂ ਸੂਰਜ, ਭਾ.ਕਿ.ਯੂ. (ਏਕਤ-ਉਗਰਾਹਾਂ) ਵੱਲੋਂ ਬੀਬੀ ਅਮਰਜੀਤ ਕੌਰ ਮਾਜਰੀ, ਤਰਕਸ਼ੀਲ ਸੁਸਾਇਟੀ ਦੇ ਆਗੂ ਸੁਰਜੀਤ ਸਿੰਘ ਦੌਧਰ, ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੂਰਪੁਰਾ, ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ ਦੀ ਆਗੂ ਐਡਵੋਕੇਟ ਅਮਨਦੀਪ ਕੌਰ, ਜਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ, ਆਗੂ ਬਲਵੰਤ ਸਿੰਘ ਘੁਡਾਣੀ, ਭਾ.ਕਿ.ਯੂ. (ਏਕਤ-ਡਕੌਂਦਾ)-ਧਨੇਰ ਦੇ ਆਗੂ ਜਗਤਾਰ ਸਿੰਘ ਦੇਹੜਕਾ ਤੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ, ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਰਣਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਜਸਪਾਲ ਜੱਸਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਗੈਸ ਫੈਕਟਰੀ ਬੰਦ ਨਾ ਕੀਤੀ ਤਾਂ ਆਉਣ ਵਾਲ਼ੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਹੀ ਰਾਹ ’ਤੇ ਚੱਲਦਿਆਂ ਸਰਮਾਏਦਾਰੀ ਪੱਖੀ ਲੋਕ ਦੋਖੀ ਰਵੱਈਆ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਗੈਸ ਫੈਕਟਰੀ ਲੱਗਣ ਨਾਲ਼ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਭਿਆਨਕ ਖਤਰੇ ਖੜ੍ਹੇ ਹੋ ਜਾਣਗੇ। ਲੋਕਾਂ ਦੇ ਨੁਕਸਾਨ, ਖਤਰਿਆਂ, ਖਦਸ਼ਿਆਂ ਤੇ ਵਿਰੋਧ ਨੂੰ ਦਰਨਿਕਾਰ ਕਰਦਿਆਂ ਫੈਕਟਰੀ ਦੀ ਉਸਾਰੀ ਨਹੀਂ ਰੋਕੀ ਗਈ ਹੈ। ਉਹ ਫੈਕਟਰੀਆਂ ਲੱਗਣ ਅਤੇ ਰੁਜਗਾਰ ਪੈਦਾ ਹੋਣ ਦਾ ਵਿਰੋਧ ਨਹੀਂ ਕਰਦੇ ਪਰ ਰੁਜਗਾਰ ਪੈਦਾ ਕਰਨ ਦੇ ਨਾਂ ’ਤੇ ਲੋਕਾਂ ਦੀਆਂ ਜਿੰਦਗੀਆਂ ਨਾਲ਼ ਸਰਮਾਏਦਾਰਾਂ ਤੇ ਉਹਨਾਂ ਦੀਆਂ ਦਲਾਲ ਸਰਕਾਰਾਂ ਵੱਲੋਂ ਖੇਡਣ ਨਹੀਂ ਦਿੱਤਾ ਜਾਵੇਗਾ।

ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਟਨਾਂ ਦੇ ਹਿਸਾਬ ਨਾਲ਼ ਗੈਸ ਦਾ ਭੰਡਾਰ ਹਮੇਸ਼ਾਂ ਮੌਜੂਦ ਰਹੇਗਾ। ਏਨੇ ਵੱਡੇ ਪੱਧਰ ਉੱਤੇ ਇਕੱਠੀ ਕੀਤੀ ਗੈਸ ਜੇਕਰ ਕਦੇ ਲੀਕ ਹੁੰਦੀ ਹੈ ਤਾਂ ਸਾਹ ਘੁੱਟਣ ਤੇ ਅੱਗ ਲੱਗਣ ਕਾਰਨ ਮਨੁੱਖਾਂ ਸਮੇਤ ਹੋਰ ਜੀਵ-ਜੰਤੂਆਂ ਦਾ ਵੱਡੇ ਪੱਧਰ ਉੱਤੇ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਗੰਭੀਰ ਬਿਮਾਰੀਆਂ ਦਾ ਕਹਿਰ ਟੁੱਟ ਸਕਦਾ ਹੈ। ਫੈਕਟਰੀ ਵਿੱਚ ਵਿਸਫੋਟ ਹੋਣ ਦੀ ਸੂਰਤ ਵਿੱਚ ਵੀ ਬਿਲਕੁਲ ਨੇੜਲੀ ਅਬਾਦੀ ਦੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਵੇਗਾ। ਗੰਭੀਰ ਚਿੰਤਾਯੋਗ ਗੱਲ ਇਹ ਹੈ ਕਿ ਇਹ ਫੈਕਟਰੀ ਪਿੰਡ ਦੀ ਅਬਾਦੀ ਤੋਂ 100 ਮੀਟਰ ਵੀ ਦੂਰ ਨਹੀਂ ਹੈ। ਨਾਲ਼ੇ ਇਹ ਗੈਸ ਫੈਕਟਰੀ ਸਕੂਲ ਦੇ ਬਿਲਕੁਲ ਸਾਹਮਣੇ ਬਣ ਰਹੀ ਹੈ।

ਫੈਕਟਰੀ ਲੱਗਣ ਨਾਲ਼ ਹਵਾ, ਪਾਣੀ, ਜਮੀਨਾਂ ਵਿੱਚ ਜੋ ਪ੍ਰਦੂਸ਼ਣ ਫੈਲੇਗਾ ਉਸ ਨਾਲ਼ ਲੋਕਾਂ ਨੂੰ ਸਾਹ, ਦਿਲ, ਅੱਖਾਂ ਦੀਆਂ ਤੇ ਹੋਰ ਸਰੀਰਕ ਬਿਮਾਰੀਆਂ ਲੱਗਣਗੀਆਂ। ਫੈਕਟਰੀ ਵਾਲ਼ਾ ਸਿਧਵਾਂ ਬੇਟ ਦਾ ਇਲਾਕਾ ਵੀ ਡਾਰਕ ਜੋਨ ਐਲਾਨਿਆ ਗਿਆ ਹੈ। ਇੱਥੇ ਵੱਡੇ ਪੱਧਰ ਉੱਤੇ ਪਾਣੀ ਦੀ ਵਰਤੋਂ ਕਰਨ ਵਾਲ਼ੀ ਕੋਈ ਫੈਕਟਰੀ ਲਾਈ ਹੀ ਨਹੀਂ ਜਾ ਸਕਦੀ। ਇੱਕ ਅੰਦਾਜੇ ਮੁਤਾਬਿਕ ਲੱਗ ਰਹੀ ਫੈਕਟਰੀ 100 ਏਕੜ ਫਸਲ ਤੋਂ ਵੀ ਵਧੇਰੇ ਪਾਣੀ ਵਰਤੇਗੀ। ਅਜਿਹੀ ਹਾਲਤ ਵਿੱਚ ਇਲਾਕੇ ਦੇ ਪਿੰਡਾਂ, ਕਸਬਿਆਂ ਨੂੰ ਇਸ ਫੈਕਟਰੀ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਫੈਕਟਰੀ ਲਾਉਣ ਲਈ ਇਲਾਕੇ ਦੇ ਲੋਕਾਂ ਤੋਂ ਤਾਂ ਦੂਰ, ਪਿੰਡ ਭੂੰਦੜੀ ਦੇ ਲੋਕਾਂ ਦੀ ਵੀ ਸਹਿਮਤੀ ਨਹੀਂ ਲਈ ਗਈ। ਇੱਥੋਂ ਤੱਕ ਕੇ ਪਿੰਡ ਦੀ ਪੰਚਾਇਤ ਤੋਂ ਵੀ ‘ਕੋਈ ਇਤਰਾਜ ਨਹੀਂ’ ਸਰਟੀਫਿਕੇਟ (ਐਨ.ਓ.ਸੀ.) ਨਹੀਂ ਲਿਆ ਗਿਆ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਫਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਫੈਕਟਰੀ ਦੀ ਕੋਈ ਜਾਣਕਾਰੀ ਨਹੀਂ ਸੀ। ਕਮੇਟੀ ਦਾ ਕਹਿਣਾ ਹੈ ਕਿ ਕਿਰਤ ਤੇ ਕੰਪਨੀ ਕਨੂੰਨਾਂ ਵਿੱਚ ਸਰਮਾਏਦਾਰੀ ਪੱਖੀ ਸੋਧਾਂ ਦੇ ਇਸ ਦੌਰ ਵਿੱਚ ਇਲਾਕੇ ਵਿੱਚ ਗੈਸ-ਫੈਕਟਰੀ ਲੱਗਣਾ ਹੋਰ ਵੀ ਖਤਰਨਾਕ ਹੈ ਜਦੋਂ ਦੇਸ਼ ਵਿੱਚ ਸਨਅਤੀ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ।

            ਰੈਲੀ ਦੌਰਾਨ ਜਨਚੇਤਨਾ ਵੱਲੋਂ ਇਨਕਲਾਬੀ ਤੇ ਅਗਾਂਹਵਧੂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।

          ਸੰਘਰਸ਼ ਕਮੇਟੀ ਪੰਜਾਬ ਦੇ ਸਭਨਾਂ ਇਨਸਾਫਪਸੰਦ ਲੋਕਾਂ ਨੂੰ ਉਹਨਾਂ ਦੇ ਸੰਘਰਸ਼ ਦੇ ਹੱਕ ਵਿੱਚ ਖੁੱਲ੍ਹ ਕੇ ਅੱਗੇ ਆਉਣ ਦੀ ਅਪੀਲ ਕਰਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 30 ਅਪ੍ਰੈਲ 2024 ਵਿੱਚ ਪ੍ਰਕਾਸ਼ਿਤ

Leave a comment