ਲੁਧਿਆਣੇ ਦੇ ਪਾਵਰਲੂਮ ਮਜ਼ਦੂਰਾਂ ਦਾ ਜੇਤੂ ਸੰਘਰਸ਼ : ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕਰਦੇ ਹੋਏ, ਘਾਟਾਂ ਕਮਜ਼ੋਰੀਆਂ ਤੋਂ ਸਬਕ ਲੈ ਕੇ ਅੱਗੇ ਵਧਣ ਦੀ ਲੋੜ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਲੁਧਿਆਣੇ ਦੇ 150 ਟੈਕਸਟਾਈਲ ਕਾਰਖਾਨਿਆਂ ਦੇ ਮਜ਼ਦੂਰ 22 ਸਤੰਬਰ 2011 ਤੋਂ ਨਵੰਬਰ 2011 ਦੇ ਅੰਤ ਤੱਕ ਲਗਭਗ ਦੋ ਮਹੀਨੇ ਹੜਤਾਲ ‘ਤੇ ਰਹੇ। ਮਜ਼ਦੂਰ ਆਪਣੀਆਂ ਕੁਝ ਮੰਗਾਂ ਮਨਵਾਉਣ ਵਿੱਚ ਸਫਲ ਰਹੇ ਅਤੇ ਜੇਤੂ ਅੰਦਾਜ਼ ਵਿੱਚ ਫੈਕਟਰੀਆਂ ਵਿੱਚ ਵਾਪਸ ਪਰਤੇ।

ਲੁਧਿਆਣੇ ਦੇ ਟੈਕਸਟਾਈਲ ਸੈਕਟਰ ਵਿੱਚ ਲੱਖਾਂ ਹੀ ਮਜ਼ਦੂਰ ਕੰਮ ਕਰਦੇ ਹਨ। ਹੋਰ ਸਾਰੇ ਸੈਕਟਰਾਂ ਦੀਆਂ ਫੈਕਟਰੀਆਂ ਵਾਂਗ ਹੀ ਟੈਕਸਟਾਈਲ ਫੈਕਟਰੀਆਂ ਵਿੱਚ ਵੀ ਮਾਲਕਾਂ ਦਾ ਜੰਗਲ ਰਾਜ ਕਾਇਮ ਹੈ। ਕਿਰਤ ਕਾਨੂੰਨਾਂ ਦਾ ਇੱਥੇ ਨਾਂ ਨਿਸ਼ਾਨ ਨਹੀਂ ਹੈ। ਕੰਮ ਦੇ ਘੰਟਿਆਂ ਦੀ ਕੋਈ ਹੱਦ ਨਹੀਂ ਹੈ। ਮਾਲਕ ਮਜ਼ਦੂਰਾਂ ਤੋਂ ਮਨਮਰਜੀ ਨਾਲ਼ ਕੰਮ ਲੈਂਦੇ ਹਨ ਅਤੇ ਮਨਮਰਜ਼ੀ ਨਾਲ਼ ਹੀ ਤਨਖ਼ਾਹ ਦਿੰਦੇ ਹਨ। ਮਜ਼ਦੂਰਾਂ ਦੀ ਕਮਾਈ ਇੰਨੀ ਨਿਗੂਣੀ ਹੁੰਦੀ ਹੈ ਕਿ ਮਜ਼ਦੂਰ ਨਾ ਤਾਂ ਚੰਗੀ ਖੁਰਾਕ ਖਾ ਸਕਦੇ ਹਨ, ਨਾ ਢੰਗ ਦਾ ਦਵਾ ਇਲਾਜ ਹਾਸਲ ਕਰ ਸਕਦੇ ਹਨ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ। ਘੱਟ ਕਮਾਈ ਕਾਰਨ ਲੱਖਾਂ ਮਜ਼ਦੂਰ ਗੰਦੀਆਂ ਬਸਤੀਆਂ ‘ਚ ਜਾਂ ਮੁਰਗੀਖਾਨਿਆਂ ਦੀ ਤਰਜ਼ ‘ਤੇ ਬਣੇ ਗੰਦੇ ਵਿਹੜਿਆਂ ‘ਚ, ਇੱਕ ਕਮਰੇ ‘ਚ ਚਾਰ-ਚਾਰ ਜਣੇ ਰਹਿਣ ਲਈ ਮਜ਼ਬੂਰ ਹਨ। ਮਾਲਕਾਂ ਵੱਲੋਂ ਗਾਲ਼ੀ ਗਲੌਜ, ਕੁੱਟ ਮਾਰ, ਕੰਮ ਕਰਾ ਕੇ ਪੈਸੇ ਨਾ ਦੇਣ ਦੀ ਘਟਨਾਵਾਂ ਇੱਥੇ ਆਮ ਵਾਪਰਦੀਆਂ ਰਹਿੰਦੀਆਂ ਹਨ। ਅਜਿਹੀਆਂ ਦਮਘੋਟੂ ਹਾਲਤਾਂ ਵਿੱਚ ਜਿਉਂਦਿਆਂ ਮਜ਼ਦੂਰਾਂ ਵਿੱਚ ਰੋਸ ਦਾ ਪੈਦਾ ਹੋਣਾ ਸੁਭਾਵਿਕ ਹੀ ਹੈ।

2010 ਵਿੱਚ ਵੀ ਟੈਕਸਟਾਈਲ ਮਜ਼ਦੂਰਾਂ ਨੇ ਆਪਣੇ ਹੱਕ ਲੈਣ ਲਈ ਲਗਭਗ 36 ਦਿਨ ਲੰਬੀ ਜੇਤੂ ਹੜਤਾਲ ਕੀਤੀ ਸੀ। ਇਸ ਵਾਰ ਟੈਕਸਟਾਈਲ ਮਜ਼ਦੂਰ ਯੂਨੀਅਨ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਯੋਜਨਾਬੱਧ ਸੰਘਰਸ਼ ਕਰਨ ਦਾ ਫੈਸਲਾ ਲਿਆ। ਸਭ ਤੋਂ ਪਹਿਲਾਂ ਇੱਕ ਲੀਫਲੈਟ ਛਾਪ ਕੇ ਮਜ਼ਦੂਰਾਂ ਦੀ ਪੰਚਾਇਤ ਸੱਦੀ ਗਈ। ਵਰ੍ਹਦੇ ਮੀਂਹ ‘ਚ ਵੀ 800 ਦੇ ਲਗਭਗ ਮਜ਼ਦੂਰ ਇਸ ਪੰਚਾਇਤ ਵਿੱਚ ਸ਼ਾਮਲ ਹੋਏ। ਮਜ਼ਦੂਰਾਂ ਦੀਆਂ ਮੰਗਾਂ ਸੂਤਰਬੱਧ ਕੀਤੀਆਂ ਗਈਆਂ। ਮਜ਼ਦੂਰਾਂ ਦੀਆਂ ਮੁੱਖ ਮੰਗਾਂ ਸਨ (1) ਤਨਖ਼ਾਹ/ਪੀਸ ਰੇਟ ਵਿੱਚ ਵਾਧਾ (2) ਈ. ਐਸ. ਆਈ. ਕਾਰਡ ਬਣਵਾਉਣਾ (3) ਬੋਨਸ ਅਤੇ ਛੁੱਟੀਆਂ ਦੇ ਪੈਸੇ ਲੈਣਾ ਆਦਿ। ਇੱਕ ਮੰਗ ਪੱਤਰ ਤਿਆਰ ਕਰਕੇ ਮਜ਼ਦੂਰਾਂ ਦੇ ਹੱਥ ਵੱਖ ਵੱਖ ਕਾਰਖਾਨਿਆਂ ਦੇ ਮਾਲਕਾਂ ਨੂੰ ਦਿੱਤਾ ਗਿਆ। ਕਿਰਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋ ਵਾਰ ਮਾਲਕਾਂ ਅਤੇ ਯੂਨੀਅਨ ਦਰਮਿਆਨ ਵਾਰਤਾ ਹੋਈ, ਪਰ ਅਸਫ਼ਲ ਰਹੀ। ਮਾਲਕ ਕੋਈ ਵੀ ਮੰਗ ਮੰਨਣ ਤੋਂ ਇਨਕਾਰੀ ਸਨ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਲਮਕਾ ਕੇ ਟੈਕਸਟਾਈਲ ਸੀਜ਼ਨ ਨੂੰ ਲੰਘਾਉਣਾ ਚਾਹੁੰਦੇ ਸਨ। ਗੱਲਬਾਤ ਟੁੱਟਣ ਤੋਂ ਬਾਅਦ ਮਜ਼ਦੂਰ ਹੜਤਾਲ ‘ਤੇ ਚਲੇ ਗਏ। ਬਾਅਦ ਵਿੱਚ ਹੋਰ ਇਲਾਕਿਆਂ ਦੇ ਮਜ਼ਦੂਰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੁੰਦੇ ਗਏ। ਇੱਕ ਵਾਰ ਤਾਂ ਹੜਤਾਲ ਵਿੱਚ ਸ਼ਾਮਲ ਕਾਰਖਾਨਿਆਂ ਦੀ ਸੰਖਿਆ 160 ਤੱਕ ਜਾ ਪਹੁੰਚੀ ਸੀ।

ਮਾਲਕਾਂ ਨੇ ਹੜਤਾਲ ਸ਼ੁਰੂ ਹੁੰਦਿਆਂ ਹੀ ਆਵਦੀ ਐਸੋਸ਼ੀਏਸ਼ਨ ਬਣਾ ਲਈ। ਪੁਲਿਸ, ਪ੍ਰਸ਼ਾਸਨ, ਕਿਰਤ ਮਹਿਕਮਾ, ਸਭ ਫੈਕਟਰੀ ਮਾਲਕਾਂ ਦੀ ਸੇਵਾ ਵਿੱਚ ਪੱਬਾਂ ਭਾਰ ਸੀ। ਮਾਲਕਾਂ ਨੇ ਹੜਤਾਲੀ ਮਜ਼ਦੂਰਾਂ ਨਾਲ਼ ਕਿਸੇ ਵੀ ਕਿਸਮ ਦੀ ਗੱਲਬਾਤ ਤੋਂ ਇਨਕਾਰ ਕਰਕੇ ਹੜਤਾਲ ਨੂੰ ਲਮਕਾਉਣ ਦਾ ਰਾਹ ਅਪਣਾਇਆ। ਉਨ੍ਹਾਂ ਨੂੰ ਉਮੀਦ ਸੀ ਕਿ ਭੁੱਖੇ ਮਰਦੇ ਮਜ਼ਦੂਰ ਜਲਦੀ ਹੀ ਨਿਰਾਸ਼ ਹੋ ਕੇ ਕੰਮ ‘ਤੇ ਵਾਪਸ ਆ ਜਾਣਗੇ, ਪਰ ਅਜਿਹਾ ਨਾ ਹੋਇਆ। ਮਜ਼ਦੂਰ ਹੜਤਾਲ ‘ਤੇ ਡਟੇ ਰਹੇ। ਆਖ਼ਰ ਦੋ ਮਹੀਨੇ ਲੰਬੀ ਹੜਤਾਲ ਤੋਂ ਬਾਅਦ ਮਾਲਕ ਝੁਕਣ ਲਈ ਮਜ਼ਬੂਰ ਹੋਏ। ਇਸ ਲੰਬੀ ਲੜਾਈ ਵਿੱਚ ਮਜ਼ਦੂਰ ਜੇਤੂ ਰਹੇ।

ਹੜਤਾਲ ਦੀਆਂ ਪ੍ਰਾਪਤੀਆਂ, ਘਾਟਾਂ, ਕਮਜ਼ੋਰੀਆਂ ਅਤੇ ਸਬਕ

(1) ਮਜ਼ਦੂਰ ਦੋ ਮਹੀਨੇ ਤੱਕ ਹੜਤਾਲ ਜਾਰੀ ਰੱਖ ਸਕਣਗੇ ਇਸ ਦੀ ਨਾ ਤਾਂ ਮਾਲਕਾਂ ਨੂੰ ਹੀ ਉਮੀਦ ਸੀ ਅਤੇ ਨਾ ਹੀ ਯੂਨੀਅਨ ਦੀ ਲੀਡਰਸ਼ਿਪ ਨੂੰ। ਮਜ਼ਦੂਰਾਂ ਨੇ ਏਨਾ ਲੰਬਾ ਸੰਘਰਸ਼ ਕਰਕੇ ਮਾਲਕਾਂ ਦੇ ਭਰਮਾਂ ਨੂੰ ਤੋੜਿਆ ਹੈ ਅਤੇ ਯੂਨੀਅਨ ਆਗੂਆਂ ਨੂੰ ਵੀ ਸਿਆਣੇ ਬਣਾਇਆ ਹੈ। ਇਸ ਸੰਘਰਸ਼ ਵਿੱਚ ਮਜ਼ਦੂਰਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹ ਰਹੀ ਹੈ ਕਿ ਉਨ੍ਹਾਂ ਦੀ ਜੱਥੇਬੰਦੀ ਇਸ ਸੰਘਰਸ਼ ‘ਚੋਂ ਹੋਰ ਵੀ ਮਜ਼ਬੂਤ ਹੋ ਕੇ ਨਿੱਕਲੀ ਹੈ। ਮਜ਼ਦੂਰਾਂ ਦਾ ਆਪਣੇ ਆਗੂਆਂ ਦੀ ਇਮਾਨਦਾਰੀ, ਦਲੇਰੀ ਅਤੇ ਸਿਆਣਪ ਉੱਪਰ ਭਰੋਸਾ ਹੋਰ ਵੀ ਵਧਿਆ ਹੈ। ਮਜ਼ਦੂਰਾਂ ਨੇ ਵੀ ਇਸ ਲੜਾਈ ਵਿੱਚ ਆਪਣੀ ਚੇਤੰਨਤਾ ਅਤੇ ਬਹਾਦਰੀ ਦਿਖਾਈ। ਨਾ ਤਾਂ ਉਨ੍ਹਾਂ ਨੂੰ ਮਾਲਕਾਂ ਵੱਲੋਂ ਫੈਲਾਈਆਂ ਇਹ ਅਫ਼ਵਾਹਾਂ ਕਿ ਯੂਨੀਅਨ ਆਗੂ ਵਿਕ ਚੁੱਕੇ ਹਨ, ਪ੍ਰਭਾਵਤ ਕਰ ਸਕੀਆਂ ਅਤੇ ਨਾ ਹੀ ਉਹਨਾਂ ਨੂੰ ਇਸ ਸੰਘਰਸ਼ ਉੱਪਰ ਮਾਲਕਾਂ ਵੱਲੋਂ ਲਾਇਆ ਦਹਿਸ਼ਤਗਰਦੀ ਦਾ ਠੱਪਾ ਡਰਾ ਸਕਿਆ। ਇਸ ਦੇ ਨਾਲ਼ ਮਜ਼ਦੂਰਾਂ ਦੀਆਂ ਕੁਝ ਮੰਗਾਂ ਵੀ ਮੰਨੀਆਂ ਗਈਆਂ। ਇਸ ਸੰਘਰਸ਼ ‘ਚ ਮਜ਼ਦੂਰਾਂ ਦੇ ਹੌਸਲੇ ਬੁਲੰਦ ਹੋਏ ਜਦ ਕਿ ਮਾਲਕਾਂ ਦੇ ਹੌਸਲੇ ਪਸਤ ਹੋਏ। ਇਸ ਸੰਘਰਸ਼ ਵਿੱਚ ਤਿੰਨ ਤਰ੍ਹਾਂ ਦੇ ਮਜ਼ਦੂਰ ਸਨ। ਇੱਕ ਤਾਂ ਉਨ੍ਹਾਂ ਇਲਾਕਿਆਂ ਦੇ ਮਜ਼ਦੂਰ ਸਨ ਜਿੱਥੇ ਯੂਨੀਅਨ ਦਾ ਪੁਰਾਣਾ ਅਧਾਰ ਸੀ ਅਤੇ 2010 ਦੀ ਹੜਤਾਲ ਤੋਂ ਬਾਅਦ ਇਨ੍ਹਾਂ ਇਲਾਕਿਆਂ ਦੇ ਮਜ਼ਦੂਰਾਂ ਦਾ ਇੱਕ ਹਿੱਸਾ ਯੂਨੀਅਨ ਦੀਆਂ ਹਫ਼ਤਾਵਾਰੀ ਮੀਟਿੰਗਾਂ ‘ਚ ਲਗਾਤਾਰ ਸ਼ਾਮਲ ਹੁੰਦਾ ਰਿਹਾ। ਅਤੇ ਬਾਕੀ ਕਾਫ਼ੀ ਵੱਡੀ ਗਿਣਤੀ ‘ਚ ਮਜ਼ਦੂਰ ਯੂਨੀਅਨ ਦੇ ਮੈਂਬਰ ਤਾਂ ਸਨ, ਪਰ ਉਹ ਨਾ ਤਾਂ ਯੂਨੀਅਨ ਦੀਆਂ ਹਫ਼ਤਾਵਾਰੀ ਮੀਟਿੰਗਾਂ ‘ਚ ਆਉਂਦੇ ਸਨ ਅਤੇ ਨਾ ਹੀ ਕਿਸੇ ਹੋਰ ਮਾਧਿਅਮ ਰਾਹੀਂ ਯੂਨੀਅਨ ਨਾਲ਼ ਜੀਵੰਤ ਸੰਪਰਕ ਰੱਖਦੇ ਸਨ। ਤੀਸਰੇ, ਨਵੇਂ ਇਲਾਕਿਆਂ ਦੇ ਮਜ਼ਦੂਰ ਸਨ ਜੋ ਹੜਤਾਲ ਸ਼ੁਰੂ ਹੋਣ ‘ਤੇ ਇਸ ਵਿੱਚ ਸ਼ਾਮਲ ਹੋਏ। ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਅਤੇ ਇਹ ਹੜਤਾਲ ਲਮਕਦੀ ਦੇਖ ਕੇ ਆਪਣੇ ਕਾਰਖਾਨਿਆਂ ਦੇ ਮਾਲਕਾਂ ਨਾਲ਼ ਜ਼ੁਬਾਨੀ ਕਲਾਮੀ ਸਮਝੌਤਾ ਕਰਕੇ ਜਲਦੀ ਹੀ ਕੰਮ ਉੱਪਰ ਵਾਪਸ ਚਲੇ ਗਏ। ਪਰ ਯੂਨੀਅਨ ਨਾਲ਼ ਫਿਰ ਵੀ ਜੁੜੇ ਰਹੇ। ਕਿਉਂਕਿ ਇਨ੍ਹਾਂ ਮਜ਼ਦੂਰਾਂ ਉੱਪਰ ਕੋਈ ਸਿਆਸੀ ਸਿੱਖਿਆ ਦਾ ਕੰਮ ਨਹੀਂ ਹੋਇਆ ਸੀ, ਇਸ ਲਈ ਇਨ੍ਹਾਂ ਦਾ ਵਾਪਸ ਜਾਣਾ ਸੁਭਾਵਿਕ ਹੀ ਸੀ। ਯੂਨੀਅਨ ਆਗੂਆਂ ਨੇ ਵੀ ਸਿਆਣਪ ਵਰਤੀ, ਇਨ੍ਹਾਂ ਮਜ਼ਦੂਰਾਂ ਦੀ ਭੰਡੀ ਕਰਕੇ ਇਨ੍ਹਾਂ ਨੂੰ ਯੂਨੀਅਨ ਤੋਂ ਦੂਰ ਕਰਨ ਦੀ ਬਜਾਏ ਇਨ੍ਹਾਂ ਨੂੰ ਆਪਣੇ ਨਾਲ਼ ਜੋੜੀ ਰੱਖਿਆ। ਦੂਜੇ ਯੂਨੀਅਨ ਦੇ ਪੁਰਾਣੇ ਅਧਾਰ ਵਾਲ਼ੇ ਇਲਾਕਿਆਂ ਦੇ ਮਜ਼ਦੂਰ ਸਨ, ਜੋ ਸੰਘਰਸ਼ ਲੰਬਾ ਖਿੱਚਦਾ ਦੇਖਕੇ ਜਾਂ ਤਾਂ ਪਿੰਡਾਂ ਨੂੰ ਚਲੇ ਗਏ, ਜਾਂ ਕਮਰਿਆਂ ‘ਤੇ ਬੈਠੇ ਰਹਿੰਦੇ, ਜਾਂ ਕਿਤੇ ਇੱਧਰ ਉੱਧਰ ਕੰਮ ਕਰਨ ਲੱਗੇ ਅਤੇ ਸਮੇਂ ਸਮੇਂ ‘ਤੇ ਸੰਘਰਸ਼ ਪ੍ਰੋਗਰਾਮਾਂ ‘ਚ ਸ਼ਾਮਲ ਹੁੰਦੇ ਰਹਿੰਦੇ। ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਉਹ ਮਜ਼ਦੂਰ ਸਨ ਜਿਨ੍ਹਾਂ ਉੱਪਰ ਪੂਰਾ ਸਾਲ ਸਿਆਸੀ ਸਿੱਖਿਆ ਦਾ ਕੰਮ ਹੋਇਆ ਸੀ। ਇਹ ਮਜ਼ਦੂਰ ਅੰਤ ਤੱਕ ਡਟੇ ਰਹੇ ਅਤੇ ਹੋਰਨਾਂ ਡੋਲਦੇ-ਥਿੜ੍ਹਕਦੇ ਮਜ਼ਦੂਰਾਂ ਲਈ ਵੀ ਪ੍ਰੇਰਨਾ ਸਰੋਤ ਬਣੇ। ਇੱਥੇ ਯੂਨੀਅਨ ਲੀਡਰਸ਼ਿਪ ਦੀ ਇਹ ਕਮੀ ਰਹੀ ਕਿ ਉਹ ਹੜਤਾਲੀ ਮਜ਼ਦੂਰਾਂ ਦੇ ਜੀਵੰਤ ਸੰਪਰਕ ਵਿੱਚ ਨਹੀਂ ਰਹੀ। ਜਾਗਰੁਕ ਮਜ਼ਦੂਰਾਂ ਦੀਆਂ ਟੀਮਾਂ ਬਣਾ ਕੇ ਕਮਰਿਆਂ ‘ਤੇ ਬੈਠੇ ਰਹਿਣ ਵਾਲ਼ੇ ਮਜ਼ਦੂਰਾਂ ਨਾਲ਼ ਜੀਵੰਤ ਸੰਪਰਕ ਕਾਇਮ ਰੱਖਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਰੋਜ਼-ਰੋਜ਼ ਦੇ ਸੰਘਰਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕਰਨਾ ਚਾਹੀਦਾ ਸੀ।

(2) 2010 ਦੇ ਸੰਘਰਸ਼ ਵਾਂਗ ਇਸ ਵਾਰ ਦੇ ਟੈਕਸਟਾਈਲ ਮਜ਼ਦੂਰਾਂ ਦੇ ਸੰਘਰਸ਼ ਦੀ ਵੱਡੀ ਕਮੀ ਇਹ ਰਹੀ ਕਿ ਇਸ ਵਿੱਚ ਮਜ਼ਦੂਰ ਔਰਤਾਂ ਅਤੇ ਮਜ਼ਦੂਰਾਂ ਦੀਆਂ ਪਤਨੀਆਂ ਦੀ ਸ਼ਮੂਲੀਅਤ ਨਾ ਮਾਤਰ ਹੀ ਰਹੀ। ਇਸ ਕਮੀ ਦਾ ਇੱਕ ਕਾਰਨ ਮਜ਼ਦੂਰਾਂ ਦਾ ਸੱਭਿਆਚਾਰਕ ਪਛੜੇਵਾਂ ਵੀ ਹੈ। ਇਸ ਦਿਸ਼ਾ ਵਿੱਚ ਮਜ਼ਦੂਰ ਆਗੂਆਂ ਨੂੰ ਵਧੇਰੇ ਸਚੇਤਨ ਯਤਨ ਕਰਨੇ ਪੈਣਗੇ। ਤਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਮਜ਼ਦੂਰ ਜਮਾਤ ਦੇ ਅੱਧੇ ਹਿੱਸੇ (ਔਰਤਾਂ) ਨੂੰ ਸੰਘਰਸ਼ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਲਿਆਂਦਾ ਜਾ ਸਕੇ।

(3) ਇਸ ਸੰਘਰਸ਼ ਦੀ ਤੀਸਰੀ ਕਮੀ ਇਹ ਰਹੀ ਕਿ ਇਸ ਦਾ ਟੈਕਸਟਾਈਲ ਸੈਕਟਰ ਦੇ ਹੋਰਾਂ ਖੇਤਰਾਂ ਵਿੱਚ ਫੈਲਾਅ ਨਹੀਂ ਹੋਇਆ। ਯੂਨੀਅਨ ਲੀਡਰਸ਼ਿਪ ਨੇ ਇਸ ਦਿਸ਼ਾ ‘ਚ ਕੋਈ ਖਾਸ ਕੋਸ਼ਿਸ਼ਾਂ ਵੀ ਨਹੀਂ ਕੀਤੀਆਂ। ਜੇਕਰ ਹੋਰ ਖੇਤਰਾਂ ਦੇ ਮਜ਼ਦੂਰਾਂ ਦੇ ਹੜਤਾਲ ‘ਤੇ ਜਾਣਾ ਸੰਭਵ ਨਹੀਂ ਵੀ ਸੀ ਤਾਂ ਵੀ ਉਨ੍ਹਾਂ (ਟੈਕਸਟਾਈਲ ਸੈਕਟਰ ਤੋਂ ਇਲਾਵਾ ਹੋਰਾਂ ਮਜ਼ਦੂਰਾਂ ਤੋਂ ਵੀ) ਤੋਂ ਹੜਤਾਲੀ ਮਜ਼ਦੂਰਾਂ ਲਈ ਆਰਥਿਕ ਸਹਿਯੋਗ ਇਕੱਠਾ ਕਰਨ ਅਤੇ ਸਮੇਂ ਸਮੇਂ ‘ਤੇ ਉਨ੍ਹਾਂ ਦੀ ਧਰਨੇ ਮੁਜ਼ਹਾਰਿਆਂ ‘ਚ ਸ਼ਮੂਲੀਅਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ।

(4) ਟੈਕਸਟਾਈਲ ਮਜ਼ਦੂਰ ਇਸ ਵਾਰ ਵੀ 2010 ਦੀ ਹੜਤਾਲ ਵਿੱਚ ਹੋਈ ਜਿੱਤ ਤੋਂ ਬਹੁਤ ਉਤਸ਼ਾਹਤ ਸਨ। ਜਦੋਂ ਮਾਲਕ ਯੂਨੀਅਨ ਨਾਲ਼ ਵਾਰਤਾ ਨੂੰ ਲਮਕਾ ਰਹੇ ਸਨ ਤਾਂ ਮਜ਼ਦੂਰ ਯੂਨੀਅਨ ਲੀਡਰਸ਼ਿਪ ‘ਤੇ ਜਲਦੀ ਤੋਂ ਜਲਦੀ ਅਣਮਿੱਥੇ ਸਮੇਂ ਦੀ ਹੜਤਾਲ ਲਈ ਦਬਾਅ ਪਾ ਰਹੇ ਸਨ। ਯੂਨੀਅਨ ਲੀਡਰਸ਼ਿਪ ਵੀ ਤਜ਼ਰਬੇ ਦੀ ਘਾਟ ਕਾਰਨ ਮਜ਼ਦੂਰਾਂ ਦੇ ਇਸ ਦਬਾਅ ਅੱਗੇ ਝੁਕ ਗਈ। ਨਹੀਂ ਤਾਂ ਅਣਮਿੱਥੀ ਹੜਤਾਲ ‘ਤੇ ਜਾਣ ਦੀ ਬਜਾਏ ਮਾਲਕਾਂ ਉੱਪਰ ਸੰਘਰਸ਼ ਦਾ ਦਬਾਅ ਬਣਾਉਣ ਲਈ ਸੰਘਰਸ਼ ਦੇ ਹੋਰ ਰੂਪ ਜਿਵੇਂ ਕਿ ਟੂਲ ਡਾਊਨ ਥੋੜ੍ਹੇ ਥੋੜ੍ਹੇ ਅਰਸੇ ਮਗਰੋਂ ਇੱਕ ਰੋਜ਼ਾ ਹੜਤਾਲ, ਧਰਨਾ, ਮੁਜ਼ਾਹਰਾ ਆਦਿ ਵੀ ਅਪਣਾਏ ਜਾ ਸਕਦੇ ਸਨ। ਪਰ ਯੂਨੀਅਨ ਲੀਡਰਸ਼ਿਪ ਲਈ ਇਹ ਸਿੱਖਣ ਲਈ ਇਸ ਹੜਤਾਲ ਦੇ ਤਜ਼ਰਬੇ ‘ਚੋਂ ਲੰਘਣਾ ਜ਼ਰੂਰੀ ਸੀ। ਸਭ ਕੁਝ ਕਿਤਾਬ ਪੜ੍ਹ ਕੇ ਹੀ ਨਹੀਂ ਸਿੱਖਿਆ ਜਾ ਸਕਦਾ। ਸਿੱਖਣ ਲਈ ਅਮਲੀ ਤਜ਼ਰਬੇ ਦੀ ਵੀ ਲੋੜ ਹੁੰਦੀ ਹੈ।

(5) ਇਸ ਸੰਘਰਸ਼ ਨੇ ਫੈਕਟਰੀ ਮਾਲਕਾਂ, ਕਿਰਤ ਅਧਿਕਾਰੀਆਂ, ਪੁਲਿਸ-ਪ੍ਰਸ਼ਾਸਨ ਦੇ ਗੱਠਜੋੜ ਨੂੰ ਵੀ ਮਜ਼ਦੂਰਾਂ ਦੀਆਂ ਨਜ਼ਰਾਂ ‘ਚ ਨੰਗਾ ਕੀਤਾ। ਮਜ਼ਦੂਰਾਂ ਨੇ ਵਾਰ-ਵਾਰ ਕਿਰਤ ਮਹਿਕਮੇ ਦੇ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ ਦਿੱਤੇ, ਮੁਜ਼ਾਹਰੇ ਕੀਤੇ, ਪਰ ਮਜ਼ਦੂਰਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਾ ਮਿਲਿਆ। ਮਜ਼ਦੂਰਾਂ ਨੂੰ ਇਹ ਸੋਝੀ ਮਿਲ਼ੀ ਕਿ ਉਨ੍ਹਾਂ ਦੀ ਇੱਕੋ-ਇੱਕ ਉਮੀਦ ਉਨ੍ਹਾਂ ਦਾ ਏਕਾ ਅਤੇ ਜੱਥੇਬੰਦੀ ਹੈ। ਹੁਣ ਮਜ਼ਦੂਰ ਆਗੂਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਮਜ਼ਦੂਰਾਂ ਦੀ ਇਸ ਸੋਝੀ ਨੂੰ ਹੋਰ ਵਿਕਸਿਤ ਕਰਨ। ਮਜ਼ਦੂਰਾਂ ਨੂੰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿ ਮਜ਼ਦੂਰ ਜਮਾਤ ਦੀ ਅੰਤਮ ਮੁਕਤੀ ਇਸ ਲੁਟੇਰੇ ਪੂੰਜੀਵਾਦੀ ਢਾਂਚੇ ਨੂੰ ਬਦਲ ਕੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਨਾਲ਼ ਹੀ ਸੰਭਵ ਹੋਵੇਗੀ।

ਮਜ਼ਦੂਰ ਆਪਣੀਆਂ ਛੋਟੀਆਂ-ਛੋਟੀਆਂ ਆਰਥਿਕ ਲੜਾਈਆਂ (ਜੋ ਕਿ ਬੇਹੱਦ ਜ਼ਰੂਰੀ ਹਨ) ‘ਚੋਂ ਖੁਦ-ਬ-ਖੁਦ ਸਮਾਜਵਾਦ ਲਈ ਲੜਨਾ ਨਹੀਂ ਸਿੱਖ ਲੈਣਗੇ। ਸਗੋਂ ਮਜ਼ਦੂਰਾਂ ਨੂੰ ਸਮਾਜਵਾਦੀ ਚੇਤਨਾ ਨਾਲ਼ ਲੈਸ ਕਰਨਾ ਮਜ਼ਦੂਰ ਆਗੂਆਂ ਦਾ ਕੰਮ ਹੈ। ਆਰਥਿਕ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਮਗਨ ਹੋਣ ਦੀ ਬਜਾਏ ਸਾਨੂੰ ਲੈਨਿਨ ਦੀ ਇਹ ਸਿੱਖਿਆ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਆਰਥਿਕ ਸੰਘਰਸ਼, ਮਜ਼ਦੂਰਾਂ ਦੀ ਸਮਾਜਵਾਦੀ ਸਿੱਖਿਆ ਦੇ ਮਾਤਹਿਤ ਹੋਣੇ ਚਾਹੀਦੇ ਹਨ ਨਾ ਕਿ ਇਸ ਦੇ ਉਲਟ। ਮਜ਼ਦੂਰਾਂ ‘ਚ ਸਮਾਜਵਾਦੀ ਚੇਤਨਾ ਦੇ ਪ੍ਰਚਾਰ ਪ੍ਰਸਾਰ ਦੀ ਕਾਰਵਾਈ ਸੰਘਰਸ਼ ਦੇ ਦੌਰਾਨ ਵੀ (ਜੇਕਰ ਸੰਭਵ ਹੋਵੇ ਤਾਂ) ਅਤੇ ਉਸ ਤੋਂ ਬਾਅਦ ਵੀ ਲਗਾਤਾਰ ਜਾਰੀ ਰੱਖਣੀ ਚਾਹੀਦੀ ਹੈ।

ਲੁਧਿਆਣੇ ਦੇ ਟੈਕਸਟਾਈਲ ਫੈਕਟਰੀ ਮਾਲਕ ਦੋ ਵਾਰ ਮਜ਼ਦੂਰਾਂ ਤੋਂ ਹਾਰ ਖਾ ਚੁੱਕੇ ਹਨ। ਮਜ਼ਦੂਰਾਂ ਦੀ ਏਕਤਾ ਅਤੇ ਜੱਥੇਬੰਦੀ ਉਨ੍ਹਾਂ ਦੇ ਹਿੱਤਾਂ ‘ਤੇ ਲਗਾਤਾਰ ਚੋਟ ਕਰ ਰਹੀ ਹੈ। ਨਿਸ਼ਚੇ ਹੀ ਮਾਲਕ ਹੱਥ ‘ਤੇ ਹੱਥ ਧਰੀ ਨਹੀਂ ਬੈਠੇ ਰਹਿਣਗੇ, ਉਹ ਵੀ ਮੋੜਵਾਂ ਹਮਲਾ ਕਰਨਗੇ। ਇਸ ਪ੍ਰਤੀ ਮਜ਼ਦੂਰਾਂ ਅਤੇ ਯੂਨੀਅਨ ਲੀਡਰਸ਼ਿਪ ਨੂੰ ਹਰ ਵਕਤ ਚੌਕੰਨੇ ਰਹਿਣ ਦੀ ਲੋੜ ਹੈ। ਇਸ ਚੁਣੌਤੀ ਦਾ ਟਾਕਰਾ ਕਰਨ ਲਈ ਮਜ਼ਦੂਰਾਂ ਦੀ ਚੇਤਨਾ ਉਨ੍ਹਾਂ ਦੀ ਵਿਸ਼ਾਲ ਏਕਤਾ ਅਤੇ ਜੱਥੇਬੰਦੀ ਸਮੇਂ ਦੀ ਲੋੜ ਹੈ।

— ਵਿਸ਼ੇਸ਼ ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 1, ਫਰਵਰੀ 2012 ਵਿਚ ਪ੍ਰਕਾਸ਼ਿ

Leave a comment