ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਸ਼ਿਮਲੇ ਵਿੱਚ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ

13055108_1057965280927291_6550322931083216897_o

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

24 ਅਪ੍ਰੈਲ 2016 ਨੂੰ ‘ਸ਼ਹੀਦ ਭਗਤ ਸਿੰਘ ਵਿਚਾਰ ਮੰਚ’ ਵੱਲੋਂ ਸ਼ਿਮਲਾ ਸ਼ਹਿਰ ਦੇ ਟੂਟੂ ਇਲਾਕੇ ਵਿੱਚ ‘ਸ਼ਹੀਦ ਭਗਤ ਸਿੰਘ ਲਾਈਬ੍ਰੇਰੀ’ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੇ ਨਾਮਵਰ ਸਾਹਿਤਕਾਰਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਹਾਜ਼ਰ ਲੋਕਾਂ ਨੇ ਅੱਜ ਦੇ ਇਸ ਖੜੋਤ ਮਾਰੇ ਦੌਰ ਅੰਦਰ ਨਵੇਂ ਸਿਰੇ ਤੋਂ ਅਗਾਂਹਵਧੂ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ‘ਸ਼ਹੀਦ ਭਗਤ ਸਿੰਘ ਲਾਈਬ੍ਰੇਰੀ’ ਦੀ ਸਥਾਪਨਾ ਦੀ ਸ਼ਲਾਘਾ ਕੀਤੀ। ਸਾਥੀ ਨਮਿਤਾ ਨੇ ‘ਸ਼ਹੀਦ ਭਗਤ ਸਿੰਘ ਲਾਈਬ੍ਰੇਰੀ’ ਦੇ ਉਦੇਸ਼ਾਂ ਬਾਰੇ ਦੱਸਿਆ ਕਿ ਇਸਦਾ ਮਕਸਦ ਕਿਤਾਬਾਂ, ਫ਼ਿਲਮਾਂ ਅਤੇ ਵਿਚਾਰ-ਗੋਸ਼ਟੀਆਂ ਜਿਹੇ ਮਾਧਿਅਮਾਂ ਰਾਹੀਂ ਆਮ ਲੋਕਾਂ, ਖਾਸਕਰ ਨੌਜਵਾਨਾਂ ਅਤੇ ਬੱਚਿਆਂ ਨੂੰ ਅਗਾਂਹਵਧੂ ਵਿਚਾਰਾਂ ਨਾਲ਼ ਜੋੜਨਾ ਹੈ। ਕਵੀ ਆਤਮਾ ਰੰਜਨ ਨੇ ਕਿਹਾ ਕਿ ਅੱਜ ਜਦੋਂ ਸਰਮਾਏਦਾਰਾ ਮੀਡਿਆ ਬੱਚਿਆਂ ਨੂੰ ਅਸ਼ਲੀਲ, ਨਾਰੀ-ਵਿਰੋਧੀ, ਹਿੰਸਕ ਅਤੇ ਗੈਰ-ਵਿਗਿਆਨਕ ਵਿਚਾਰਾਂ ਨਾਲ਼ ਭਰਪੂਰ ਸਮੱਗਰੀ ਦੇ ਰਿਹਾ ਹੈ ਤਾਂ ਲੋਕਾਂ ਦੇ ਸਹਿਯੋਗ ਨਾਲ਼ ਚੱਲਣ ਵਾਲ਼ੇ ਲੋਕ ਪੱਖੀ ਮੀਡੀਆ ਦੀ ਅਹਿਮ ਲੋੜ ਹੈ। ਸ਼ਿਮਲਾ ਦੇ ਮੇਅਰ ਸੰਜੇ ਚੌਹਾਨ ਨੇ ਇਸ ਸੰਸਥਾ ਅਤੇ ਅਜਿਹੇ ਲੋਕ ਪੱਖੀ ਪ੍ਰੋਜੈਕਟਾਂ ਨੂੰ ਸ਼ਿਮਲਾ ਸ਼ਹਿਰ ਦੇ ਹੋਰ ਇਲਾਕਿਆਂ ਤੇ ਹਿਮਾਚਲ ਪ੍ਰਦੇਸ਼ ਦੇ ਹੋਰਨਾਂ ਜ਼ਿਲ੍ਹਿਆਂ ‘ਚ ਫੈਲਾਉਣ ਲਈ ਆਪਣੇ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ। ਸ਼ਿਮਲਾ ਦੇ ਡਿਪਟੀ ਮੇਅਰ ਟਿਕੇਂਦਰ ਪੰਵਰ ਨੇ ਵੀ ਇਸ ਸੱਭਿਆਚਾਰਕ ਮੁਹਿੰਮ ਨੂੰ ਵਿਆਪਕ ਪੱਧਰ ‘ਤੇ ਸ਼ੁਰੂ ਕੀਤੇ ਜਾਣ ਲਈ ਸਹਿਯੋਗ ਕਰਨ ਦੀ ਗੱਲ ਕਹੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ