“ਪਹਿਲਾ ਅਧਿਆਪਕ“ ਇਨਸਾਨੀ ਕਦਰਾਂ-ਕੀਮਤਾਂ ਦੀ ਜੀਵੰਤ ਪੇਸ਼ਕਾਰੀ — ਸੁਖਪਾਲ ਨਸਰਾਲ਼ੀ

cangeiz

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ”ਹੀਰੇ ਇਮਾਰਤ ਦੀ ਖ਼ੂਬਸੂਰਤੀ ਵਧਾ ਸਕਦੇ ਹਨ। ਦੇਖਣ ਵਾਲਿਆਂ ਨੂੰ ਹੈਰਾਨ ਕਰ ਸਕਦੇ ਹਨ, ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ, ਉਸ ਦੀ ਉਮਰ ਨਹੀਂ ਵਧਾ ਸਕਦੇ, ਸਦੀਆਂ ਤੱਕ ਆਪਣੇ ਮਜ਼ਬੂਤ ਮੋਢਿਆਂ ਤੇ ਉਸ ਦੇ ਬੋਝ ਨੂੰ ਚੁੱਕ ਕੇ, ਸਿੱਧਿਆਂ ਖੜ੍ਹਾ ਨਹੀਂ ਰੱਖ ਸਕਦੇ। ਹੁਣ ਤੱਕ ਸਾਡੇ ਸੰਘਰਸ਼ ਨੇ ਹੀਰੇ ਕਮਾਏ ਹਨ, ਬੁਨਿਆਦ ਦੇ ਪੱਥਰ ਨਹੀਂ ਇਕੱਠੇ ਕੀਤੇ। ਇਸ ਕਰਕੇ ਹੀ ਏਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਅਸੀਂ ਅਜੇ ਤੱਕ ਇਮਾਰਤ ਤਾਂ ਕੀ, ਉਸ ਦਾ ਢਾਂਚਾ ਵੀ ਖੜ੍ਹਾ ਨਹੀਂ ਕਰ ਸਕੇ। ਅੱਜ ਸਾਨੂੰ ਬੁਨਿਆਦ ਦੇ ਪੱਥਰਾਂ ਦੀ ਜ਼ਰੂਰਤ ਹੈ।” ਕੁੱਝ ਚਿਰ  ਰੁਕ ਕੇ ਫਿਰ ਬੋਲਿਆ,”ਤਿਆਗ ਅਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇਕ ਹੈ ਸੀਨੇ ਵਿੱਚ ਗੋਲ਼ੀ ਖਾ ਕੇ ਜਾਂ ਫਾਂਸੀ ਤੇ ਚੜ੍ਹ ਕੇ ਮਰਨਾ। ਇਸ ਵਿਚ ਚਮਕ-ਦਮਕ ਜ਼ਿਆਦਾ ਹੈ ਪਰ ਤਕਲੀਫ ਘੱਟ। ਦੂਸਰਾ ਹੈ ਪਿੱਛੇ ਰਹਿ ਕੇ ਸਾਰੀ ਜ਼ਿੰਦਗੀ ਇਮਾਰਤ ਦਾ ਬੋਝ ਢੋਂਦੇ ਫਿਰਨਾ। ਸੰਘਰਸ਼ ਦੇ ਉਤਰਾਵਾਂ ਚੜਾਵਾਂ ਵਿੱਚ ਕਸੂਤੀਆਂ ਹਾਲਤਾਂ ਵਿੱਚ ਕਦੇ ਐਸੇ ਪਲ਼ ਵੀ ਆਉਂਦੇ ਹਨ,ਜਦ ਇੱਕ-ਇੱਕ ਕਰਕੇ ਸਭ ਹਮਸਫ਼ਰ ਸਾਥ ਛੱਡ ਜਾਂਦੇ ਹਨ। ਉਸ ਸਮੇਂ ਮਨੁੱਖ ਹਮਦਰਦੀ ਦੇ ਦੋ ਬੋਲਾਂ ਲਈ ਵੀ ਤਰਸ ਜਾਂਦਾ ਹੈ। ਅਜਿਹੇ ਪਲਾਂ ਵਿੱਚ ਹੌਸਲਾਂ ਨਾ ਹਾਰ ਕੇ, ਜਿਹੜੇ ਲੋਕ ਆਪਣਾ ਰਾਹ ਨਹੀਂ ਛੱਡਦੇ, ਇਮਾਰਤ ਦੇ ਬੋਝ ਨਾਲ ਜਿਨ੍ਹਾਂ ਦੇ ਪੈਰ ਨਹੀਂ ਡਗਮਗਾਉਂਦੇ, ਮੋਢੇ ਨਹੀਂ ਝੁਕਦੇ, ਜੋ ਪੋਟਾ-ਪੋਟਾ ਕਰਕੇ ਆਪਣੇ ਆਪ ਨੂੰ ਇਸ ਲਈ ਗਾਲ਼ਦੇ ਰਹਿੰਦੇ ਹਨ, ਇਸ ਲਈ ਜਲ਼ਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਲੋਅ ਮੱਧਮ ਨਾ ਪੈ ਜਾਵੇ, ਸੁੰਨਸਾਨ ਡੰਡੀ ਤੇ ਹਨ੍ਹੇਰਾ ਨਾ ਪਸਰ ਜਾਵੇ, ਅਜਿਹੇ ਲੋਕਾਂ ਦੀ ਕੁਰਬਾਨੀ ਅਤੇ ਤਿਆਗ, ਪਹਿਲੇ ਵਾਲ਼ਿਆਂ ਦੇ ਮੁਕਾਬਲੇ ਕੀ ਜ਼ਿਆਦਾ ਨਹੀਂ ਹੈ?”  (ਅਜਿਹਾ ਸੀ ਸਾਡਾ ਭਗਤ ਸਿੰਘ—ਸ਼ਿਵ ਵਰਮਾ)

ਬਿਲਕੁਲ ਅਜਿਹੇ ਹੀ ਦੋ ਇਨਸਾਨਾਂ (ਸਹੀ ਅਰਥਾਂ ਵਿੱਚ) ਦੀ ਕਹਾਣੀ ਬਿਆਨ ਕਰਦਾ ਇਹ ਨਾਵਲੈਟ ਚੰਗੇਜ਼ ਆਇਤਮਾਤੋਵ ਵੱਲੋਂ ਰਚਿਆ ਗਿਆ ਹੈ। ਇਸਦੇ ਛੋਟੇ ਆਕਾਰ ਅਤੇ ਪਹਿਲੀ ਨਜ਼ਰੇ ਸਾਧਾਰਨ ਜਿਹੇ ਜਾਪਣ ਵਾਲੇ ਨਾਮ ਤੋਂ ਮੁੱਢਲੇ ਤੌਰ ‘ਤੇ ਇਸਦੇ ਬਾਲ ਸਾਹਿਤ ਹੋਣ ਦਾ ਪ੍ਰਭਾਵ ਪੈ ਸਕਦਾ ਹੈ। ਪਰ ਇਸਨੂੰ ਪੂਰੀ ਤਰ੍ਹਾਂ ਪੜ੍ਹ ਲੈਣ ਤੋਂ ਬਾਅਦ ਨਾ ਸਿਰਫ਼ ਇਹ ਭਰਮ ਹੀ ਟੁੱਟਦਾ ਹੈ ਬਲਕਿ ਇਸਦੇ ਇਖ਼ਲਾਕੀ ਤੌਰ ‘ਤੇ ਸਪੂਰਣ ਪਾਤਰਾਂ ਦੇ ਸਾਹਮਣੇ ਅਸੀਂ ਖ਼ੁਦ ਨੂੰ ਅਤੇ ਇਸ ਕਿਤਾਬ ਦੀ ਸਾਹਿਤਕ ਸ਼ਕਤੀ ਸਾਹਮਣੇ  ਕਈ ਮੋਟੇ-ਮੋਟੇ ਗ੍ਰੰਥਾਂ ਨੂੰ ਵੀ ਬਾਲਾਂ ਵਾਂਗ ਕਮਜ਼ੋਰ ਅਤੇ ਬੌਣੇ ਮਹਿਸੂਸ ਕਰਨ ਲੱਗ ਪੈਂਦੇ ਹਾਂ।

ਨਾਵਲੈੱਟ ਮੁੱਖ ਤੌਰ ‘ਤੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਲੇਖਕ ਇੱਕ ਚਿੱਤਰਕਾਰ ਦੀ ਹੈਸੀਅਤ ਵਜੋਂ ਇੱਕ ਅਜਿਹੀ ਤਸਵੀਰ ਬਣਾਉਣ ਲਈ ਕਸ਼ਮਕਸ਼ ਕਰ ਰਿਹਾ ਹੈ ਜੋ ਉਸਦੇ ਜ਼ਿਹਨ ਵਿੱਚ ਕਿਤੇ ਅਣਵਿਕਸਿਤ ਭਰੂਣ ਵਾਂਗ ਧੜਕ ਰਹੀ ਹੈ। ਅਤੇ ਉਸ ਲਈ ਇੱਕ ਅਜੀਬ ਜਿਹੀ ਬੇਚੈਨੀ ਅਤੇ ਵਿਆਕੂਲਤਾ ਦੀ ਸਬੱਬ ਬਣ ਰਹੀ ਹੈ। ਇੱਕ ਅਜਿਹੀ ਕਹਾਣੀ ਜਿਸ ਨੇ ਉਸਨੂੰ ਏਨੀ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ ਕਿ ਉਸ ਨੂੰ ਡਰ ਹੈ ਕਿ ਉਹ ਸ਼ਾਇਦ ਕਦੇ ਵੀ ਅਜਿਹੀ ਤਸਵੀਰ ਨਹੀਂ ਬਣਾ ਸਕੇਗਾ ਜੋ ਇਸ ਕਹਾਣੀ ਨੂੰ ਹੂ-ਬ-ਹੂ ਬਿਆਨ ਕਰਦੀ ਹੋਵੇ। ਆਪਣੀ ਵਿਆਕੂਲਤਾ ਉਹ ਕੁਝ ਇਸ ਤਰ੍ਹਾਂ ਪ੍ਰਗਟ ਕਰਦਾ ਹੈ ” ਮੈਂ ਉਸ ਤਸਵੀਰ ਬਾਰੇ ਜਿਹੜੀ ਅਜੇ ਬਣੀ ਨਹੀਂ ਹੈ, ਖੁੱਲ਼ ਕੇ ਕਹਿਣਾ ਚਾਹੁੰਦਾ ਹਾਂ, ਸਗੋਂ ਇਸ ਬਾਰੇ ਆਪਣੇ ਵਿਚਾਰ ਲੋਕਾਂ ਨਾਲ਼ ਸਾਂਝੇ ਕਰਨਾ ਚਾਹੁੰਦਾ ਹਾਂ। 

ਇਹ ਮੇਰਾ ਖ਼ਤਬ ਨਹੀਂ ਹੈ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਕਿਉਂ ਕਿ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਇਹ ਮੇਰੇ ਇਕੱਲੇ ਦੇ ਵੱਸ ਦਾ ਰਿਹਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਜਿਸ ਨੇ ਮੇਰੀ ਆਤਮਾ ਨੂੰ ਝੰਜੋੜ ਦਿੱਤਾ ਹੈ, ਜਿਹੜੀ ਮੈਨੂੰ  ਬੁਰਸ਼ ਉਠਾਉਣ ਉੱਤੇ ਮਜ਼ਬੂਰ ਕਰ ਰਹੀ ਹੈ, ਏਨੀ ਵਿਸ਼ਾਲ ਅਤੇ ਵਿਲੱਖਣ ਹੈ ਕਿ ਮੈਂ ਇਕੱਲਾ ਇਸ ਨੂੰ ਸੰਭਾਲ ਨਹੀਂ ਸਕਦਾ। ਮੈਨੂੰ ਡਰ ਹੈ ਕਿ ਇਹ ਭਰਿਆ ਪਿਆਲਾ ਕਿਤੇ ਮੇਰੇ ਕੋਲ਼ੋਂ ਛਲ਼ਕ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਲੋਕ ਕੋਈ ਸਲਾਹ ਦੇ ਕੇ ਮੇਰੀ ਸਹਾਇਤਾ ਕਰਨ, ਮੈਨੂੰ ਕੋਈ ਰਾਹ ਵਿਖਾਉਣ, ਉਹ ਆਪਣੀ ਕਲਪਨਾ ਵਿੱਚ ਹੀ ਮੇਰੇ ਈਜ਼ਲ ਲਾਗੇ ਆ ਕੇ ਖਲੋ ਜਾਣ, ਅਤੇ ਮੇਰੇ ਵਾਂਗ ਹੀ ਇਹਨਾਂ ਵਲਵਲਿਆਂ ਨੂੰ ਹਢਾਉਂਣ।” 

ਇਸਦੇ ਦੂਸਰੇ ਭਾਗ ਵਿੱਚ ਉਹ ਕਹਾਣੀ ਦੀ ਭੂਮੀਕਾ ਬੰਨਦਾ ਹੈ। ਲੇਖਕ ਆਪਣੇ ਪਿੰਡ ਕੁਰਕਰੇਓ ਤੋਂ ਆਪਣੇ ਬਚਪਨ ਅਤੇ ਦੋ ਦਿਓਕੱਦ ਪੋਪਲ਼ਰ ਦੇ ਰੁੱਖਾਂ ਤੋਂ ਸ਼ੁਰੂ ਕਰਦਾ ਹੈ। ਪਿੰਡ ਤੋਂ ਦੂਰ ਇੱਕ ਟਿੱਲੇ ਉੱਤੇ ਦੋ ਪੋਪਲ਼ਰ ਦੇ ਰੁਖ ਹਨ ਜਿਹਨਾਂ ਨਾਲ਼ ਲੇਖਕ ਦਾ ਬਚਪਨ ਤੋਂ ਹੀ ਸਨੇਹ ਭਰਿਆ ਰਿਸ਼ਤਾ ਰਿਹਾ ਹੈ। ”…ਜਾਂ ਤਾਂ ਇਹ ਕਿ ਬਚਪਨ ਦੀਆਂ ਯਾਦਾਂ ਹਰ ਮਨੁੱਖ ਲਈ ਖਾਸ ਕਰਕੇ ਪਿਆਰੀਆਂ ਹੁੰਦੀਆਂ ਹਨ ਜਾਂ ਫਿਰ ਇਹ ਕਿ ਮੈਂ ਚਿੱਤਰਕਾਰ ਹਾਂ। ਪਰ ਹਰ ਵਾਰੀ ਗੱਡੀ ਤੋਂ ਉੱਤਰ ਕੇ ਸਤੇਪੀ ਪਾਰ ਕਰਨ ਮਗਰੋਂ ਜਦੋਂ ਪਿੰਡ ਲਾਗੇ ਪਹੁੰਚਦਾ ਹਾਂ ਤਾਂ ਮੇਰੀ ਨਜ਼ਰ ਸਭ ਤੋਂ ਪਹਿਲਾਂ ਇਨ੍ਹਾਂ ਪਿਆਰੇ ਪੋਪਲਰਾਂ ਨੂੰ ਦੂਰੋਂ ਹੀ ਢੂੰਡਣ ਲੱਗ ਪੈਂਦੀ ਹੈ। ” ਬਚਪਨ ਵਿੱਚ ਲੇਖਕ ਆਪਣੇ ਸਾਥੀਆਂ ਸਮੇਤ ਇਹਨਾਂ ਪੋਪਲਰਾਂ ਕੋਲ਼ ਖੇਡਣ ਲਈ ਆਇਆ ਕਰਦਾ ਸੀ। ਲੋਕ ਇਸ ਟਿੱਲੇ ਨੂੰ ‘ਦੂਈਸ਼ੇਨ ਦਾ ਸਕੂਲ’ ਕਹਿੰਦੇ ਸਨ। ਜਦਕਿ ਉੱਥੇ ਕਿਸੇ ਸਕੂਲ ਦੀ ਕੋਈ ਨਿਸ਼ਾਨੀ ਵੀ ਨਹੀਂ ਸੀ। ਦੂਈਸ਼ੇਨ ਬਾਰੇ ਵੀ ਉਹ ਘੱਟ ਹੀ ਜਾਣਦਾ ਸੀ। ਪਰ ਪੋਪਲ਼ਰਾਂ ਨਾਲ ਉਸਦਾ ਰਿਸ਼ਤਾ ਦਿਨ-ਬ-ਦਿਨ ਵੱਧਦਾ ਹੀ ਗਿਆ। ਲੇਖਕ ਦੇ ਸ਼ਬਦਾਂ ਵਿੱਚ ” ਪੋਪਲਰ ਦੇ ਰੁੱਖਾਂ ਉਤੇ ਬੈਠੇ ਅਸੀਂ ਹਵਾਵਾਂ ਦੀਆਂ ਰਹੱਸਮਈ ਆਵਾਜ਼ਾਂ ਸੁਣਦੇ ਰਹਿੰਦੇ ਅਤੇ ਜਵਾਬ ਵਿਚ ਪੋਪਲਰਾਂ ਦੇ ਪੱਤੇ ਬੜੇ ਦੋਸਤਾਨਾ ਅੰਦਾਜ਼ ਵਿੱਚ ਸਰਗੋਸ਼ੀਆਂ ਕਰਦੇ। ਸਾਨੂੰ ਲਗਦਾ ਕਿ ਉਹ ਉਨ੍ਹਾਂ ਦਿਲ-ਖਿੱਚਵੇਂ, ਰਹੱਸਮਈ ਇਲਾਕਿਆਂ ਦੀ ਚਰਚਾ ਕਰ ਰਹੇ ਸਨ ਜਿਹੜੇ ਨੀਲੱਤਣ ਨਾਲ਼ ਢੱਕੀਆਂ ਦੂਰੀਆਂ ਦੇ ਪਿੱਛੇ ਲੁਕੇ ਹੋਏ ਸਨ।

ਮੈਂ ਪੋਪਲਰਾਂ ਦੀ ਸ਼ਾਂ ਸ਼ਾਂ ਸੁਣਦਾ ਰਹਿੰਦਾ ਤੇ ਮੇਰਾ ਦਿਲ ਡਰ ਤੇ ਖ਼ੁਸ਼ੀ ਨਾਲ ਧੱਕ ਧੱਕ ਕਰਨ ਲੱਗ ਪੈਂਦਾ। ਤੇ ਇਸ ਅਨੰਤ ਸਰਸਰਾਹਟ ਨੂੰ ਸੁਣਦਿਆਂ ਮੈਂ ਉਨ੍ਹਾਂ ਅਣਡਿੱਠ ਦੂਰੀਆਂ ਦੇ ਸੁਪਨੇ ਲੈਂਦਾ ਰਹਿੰਦਾ। ਤੇ ਸ਼ਾਇਦ ਇੱਕ ਗੱਲ ਹੀ ਐਸੀ ਸੀ ਜਿਸ ਬਾਰੇ ਓਦੋਂ ਮੈਂ ਕੁੱਝ ਵੀ ਸੋਚਿਆ ਨਹੀਂ ਸੀ। ਉਹ ਇਹ ਸੀ ਕਿ ਇਹ ਦਰਖ਼ਤ ਕਿਸ ਨੇ ਲਾਏ ਸਨ। ਉਸ ਦੇ ਮਨ ਵਿਚ ਕੀ ਸੀ, ਉਸ ਜ਼ਬਾਨ ‘ਤੇ ਉਦੋਂ ਕਿਹੜੇ ਲਫਜ਼ ਸਨ, ਜਦੋਂ ਉਸ ਨੇ ਇਨ੍ਹਾਂ ਨੂੰ ਲਾਇਆ ਸੀ, ਇਸ ਟਿੱਲੇ ਉੱਤੇ ਇਨ੍ਹਾਂ ਨੂੰ ਪਾਲਣ ਵਾਲੇ ਦੇ ਮਨ ਵਿਚ ਕੀ ਕੀ ਆਸਾਂ ਸਨ?” 

ਫਿਰ ਇੱਕ ਦਿਨ ਉਸਨੂੰ ਇਹਨਾਂ ਪੋਪਲਰਾਂ ਦੀ ਹਕੀਕਤ ਦਾ ਪਤਾ ਚਲਦਾ ਹੈ। ਹੋਇਆ ਇਹ ਕਿ ਪਿੰਡ ਵਿੱਚ ਨਵਾਂ ਸਕੂਲ ਖੁੱਲ਼ਣ ‘ਤੇ ਉਦਘਾਟਨੀ ਸਮਾਰੋਹ ਵਿੱਚ ਉਸਨੂੰ ਨੂੰ ਬੁਲਾਇਆ ਗਿਆ। ਅਲਤਿਨਾਈ ਸੁਲੇਮਾਨੋਵਨਾ ਜੋ ਇੱਕ ਉੱਘੀ ਵਿਗਿਆਨੀ ਸੀ ਅਤੇ ਇਸ ਪਿੰਡ ਦੀ ਜੰਮਪਲ਼ ਸੀ ਨੂੰ ਵੀ ਉਚੇਚੇ ਤੌਰ ‘ਤੇ ਸੱਦਿਆ ਹੋਇਆ ਸੀ। ਉਸ ਸਮਾਰੋਹ ਵਿੱਚ ਕੁਝ ਐਸਾ ਵਾਪਰਿਆ ਜਿਸ ਨੇ ਅਲਤਿਨਾਈ ਨੂੰ ਡਾਢਾ ਪ੍ਰੇਸ਼ਾਨ ਕਰ ਦਿੱਤਾ ਅਤੇ ਉਹ ਉਸੇ ਸਮੇਂ ਵਾਪਸ ਮਾਸਕੋ ਚਲੀ ਗਈ। ਕਈ ਦਿਨਾਂ ਬਾਅਦ ਉਸ ਨੇ ਲੇਖਕ ਨੂੰ ਇੱਕ ਚਿੱਠੀ ਲਿਖੀ ‘ਤੇ ਇੱਕ ਕਹਾਣੀ ਸੁਣਾਈ ਜੋ ਕਿ ਉਸਦੀ, ਦੂਈਸ਼ੇਨ ਅਤੇ ਉਹਨਾਂ ਦੋ ਪੋਪਲਰਾਂ ਦੀ ਦਾਸਤਾਨ ਹੈ। ਇਸ ਤੋਂ ਬਾਅਦ ਨਾਵਲੈੱਟ ਦਾ ਤੀਸਰਾ ਪਰ ਮੁੱਖ ਭਾਗ ਸ਼ੁਰੂ ਹੁੰਦਾ ਹੈ।

ਇਹ ਘਟਨਾ ਸੰਨ 1924 ਦੀ ਹੈ। ਜਦੋਂ ਰੂਸ ਵਿੱਚ ਸਮਾਜਵਾਦ ਸਥਾਪਿਤ ਹੋ ਚੁੱਕਿਆ ਸੀ। ਸੋਵੀਅਤ ਸਰਕਾਰ ਦੁਆਰਾ ਬਹੁਤ ਸਾਰੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਪੜਾਉਣ ਦੀਆਂ ਜਿੰਮੇਵਾਰੀਆਂ ਸੋਪੀਆਂ ਗਈਆਂ। ਦੂਈਸ਼ੇਨ ਇਹਨਾਂ ਵਿੱਚੋਂ ਇੱਕ ਸੀ। ਇਸ ਨਾਵਲੈੱਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਦੂਈਸ਼ੇਨ ਨੇ ਇੱਕ ਬਿਲਕੁਲ ਪਛੜੇ ਹੋਏ ਅਤੇ ਬੇਹੱਦ ਗੰਵਾਰ ਲੋਕਾਂ ਵਿੱਚ ਜਾ ਕੇ ਸਕੂਲ ਸਥਾਪਿਤ ਕੀਤਾ। ਉਸ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਅਲਤਿਨਾਈ ਇੱਕ ਆਮ ਜਿਹੇ ਅਨਪੜ੍ਹ ਪਰਿਵਾਰ ਦੀ ਧੀ ਤੋਂ ਉੱਘੀ ਵਿਗਿਆਨੀ ਕਿਵੇਂ ਬਣੀ? ਇਸ ਵਿੱਚ ਦੂਈਸ਼ੇਨ ਦਾ ਕੀ ਹੱਥ ਸੀ ਅਤੇ ਆਪਣੀਆਂ ਆਪਣੀਆਂ ਮੰਜਿਲਾਂ ‘ਤੇ ਪਹੁੰਚਣ ਲਈ ਦੋਹਾਂ ਨੂੰ ਕੀ-ਕੀ ਕੁਰਬਾਨੀਆਂ ਕਰਨੀਆਂ ਪਈਆਂ। 

ਦੂਈਸ਼ੇਨ ਬੜੀ ਮੁਸ਼ਕਿਲ ਨਾਲ਼ ਇੱਕ ਟਿੱਲ਼ੇ ‘ਤੇ ਇੱਕ ਖੰਡਰ ਨੂੰ ਸਕੂਲ ਵਜੋਂ ਵਰਤਣ ਲਈ ਪ੍ਰਵਾਨਗੀ ਲੈ ਲੈਂਦਾ ਹੈ। ਉਹ ਹਰ ਰੋਜ਼ ਘਰ-ਘਰ ਜਾ ਕੇ ਬੱਚਿਆਂ ਨੂੰ ਇਕੱਠੇ ਕਰਦਾ ਅਤੇ ਸਕੂਲ ਵਿੱਚ ਲੈ ਕੇ ਜਾਂਦਾ। ਉਹ ਉਹਨਾਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਉਂਦਾ ਜਦਕਿ ਅਲਤਿਨਾਈ ਦੇ ਕਹਿਣ ਅਨੁਸਾਰ ਖੁਦ ਉਸ ਨੂੰ ਵੀ ਚੰਗੀ ਤਰ੍ਹਾਂ ਪੜ੍ਹਨਾਂ-ਲਿਖਣਾਂ ਨਹੀਂ ਆਉਂਦਾ ਸੀ। ”ਮੈਂ ਅੱਜ ਵੀ ਸੋਚਦੀ ਹੋਈ ਹੈਰਾਨ ਹੁੰਦੀ ਹਾਂ ਕਿ ਉਸ ਗੱਭਰੂ ਨੇ, ਜਿਹੜਾ ਆਪ ਹੀ ਬਹੁਤ ਘੱਟ ਪੜਿਆ ਹੋਇਆ ਸੀ, ਜਿਹੜਾ ਬੜੀ ਮੁਸ਼ਕਿਲ ਨਾਲ਼ ਜੋੜ-ਜੋੜ ਕੇ ਪੜ੍ਹਦਾ ਹੁੰਦਾ ਸੀ, ਜਿਸ ਦੇ ਕੋਲ਼ ਇੱਕ ਵੀ ਪਾਠ-ਪੁਸਤਕ ਨਹੀਂ ਸੀ, ਇੱਥੋਂ ਤੱਕ ਕਿ ਅੱਖ਼ਰ-ਮਾਲ਼ਾ ਦੀ ਵੀ ਪੁਸਤਕ ਨਹੀਂ ਸੀ, ਕਿਵੇਂ ਐਡਾ ਕੰਮ ਹੱਥਾਂ ਵਿੱਚ ਲੈਣ ਦੀ ਹਿੰਮਤ ਕੀਤੀ ਸੀ ਤੇ ਜੋ ਸੱਚਮੁੱਚ ਹੀ ਮਹਾਨ ਕਾਰਜ਼ ਸੀ। ਅਜਿਹੇ ਬੱਚਿਆਂ ਨੂੰ ਪੜਾਉਂਣਾ ਕੋਈ ਸੋਖਾ ਕੰਮ ਨਹੀਂ ਜਿਹਨਾਂ ਦੀਆਂ ਪਿਛਲੀਆਂ ਸੱਤ ਪੁਸ਼ਤਾਂ ਨੇ ਸਕੂਲ ਦਾ ਨਾਂ ਸੁਣਿਆ ਤੱਕ ਨਾ ਹੋਵੇ। ਇਸ ਤੋਂ ਇਲਾਵਾ ਦੂਈਸ਼ੇਨ ਨੂੰ ਸਿਲੇਬਸ ਤੇ ਅਧਿਆਪਨ ਵਿਧੀ ਦਾ ਕੋਈ ਥੌਹ ਪਤਾ ਨਹੀਂ ਸੀ। ਇੱਥੋ ਤੱਕ ਕਿ ਉਹ ਅਜਿਹੀਆਂ ਚੀਜ਼ਾਂ ਦੀ ਹੋਂਦ ਤੱਕ ਤੋਂ ਅਣਜਾਣ ਸੀ। ” ਅਲਤਿਨਾਈ ਵੀ ਉਸਦੇ ਸਕੂਲ ਵਿੱਚ ਪੜ੍ਹਿਆ ਕਰਦੀ ਸੀ। ਹੋਲ਼ੀ-ਹੋਲ਼ੀ ਇਹ ਉਸ ਦੀ ਸਭ ਤੋਂ ਪਿਆਰੀ ਅਤੇ ਲਾਡਲੀ ਵਿਦਿਆਰਥਣ ਬਣ ਗਈ। ਪਰ ਅਲਤਿਨਾਈ ਦੀ ਚਾਚੀ ਨੂੰ ਉਸਦਾ ਪੜਨਾ ਬਿਲਕੁਲ ਵੀ ਪਸੰਦ ਨਹੀਂ ਸੀ। ਸੋ ਉਸਨੇ ਉਸਦਾ ਵਿਆਹ ਜ਼ਬਰਦਸਤੀ ਇੱਕ ਅੱਧਖੜ ਉਮਰ ਦੇ ਆਦਮੀ ਨਾਲ਼ ਕਰ ਦਿੱਤਾ ਜੋ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸਦੀ ਚਾਚੀ ਅਤੇ ਉਸਦਾ ਪਤੀ ਉਸਨੂੰ ਜ਼ਬਰਦਸਤੀ ਸਕੂਲ ਵਿੱਚੋਂ ਚੁੱਕ ਕੇ ਲੈ ਜਾਂਦੇ ਹਨ। ਪਰ ਕੁਝ ਦਿਨਾਂ ਬਾਅਦ ਹੀ ਦੂਈਸ਼ੇਨ ਕੁਝ ਸਿਪਾਹੀਆਂ ਨੂੰ ਨਾਲ਼ ਲੈ ਕੇ ਉਸ ਨੂੰ ਛੁਡਾ ਲਿਆਉਂਦਾ ਹੈ। ਅਲਤਿਨਾਈ ਇਸ ਘਟਨਾ ਨੂੰ ਕੁਝ ਇਸ ਤਰ੍ਹਾਂ ਯਾਦ ਕਰਦੀ ਹੈ ”ਜੇ ਕਿਤੇ ਹੁਣ ਮੈਂ ਉਹ ਪਗਡੰਡੀ ਲੱਭ ਸਕਦੀ ਹੁੰਦੀ ਜਿਸ ਉਤੇ ਮੈਂ ਤੇ ਦੂਈਸ਼ੇਨ ਪਹਾੜਾਂ ਤੋਂ ਪਰਤੇ ਸਾਂ ਤਾਂ ਮੈਂ ਧਰਤੀ ਉੱਤੇ ਝੁੱਕ ਕੇ ਅਧਿਆਪਕ ਦੇ ਕਦਮਾਂ ਦੇ ਨਿਸ਼ਾਨ ਚੁੰਮ ਲੈਂਦੀ। ਮੇਰੇ ਵਾਸਤੇ ਇਹ ਪਗਡੰਡੀ ਸਾਰੇ ਰਸਤਿਆਂ ਦਾ ਰਸਤਾ ਹੈ। ਜ਼ਿੰਦਗੀ ਵੱਲ, ਆਪਣੇ ਅੰਦਰ ਨਵੇਂ ਵਿਸ਼ਵਾਸ ਵੱਲ਼, ਨਵੀਆਂ ਆਸਾਂ-ਉਮੰਗਾਂ ਵੱਲ, ਚਾਨਣ ਵੱਲ ਮੇਰੀ ਵਾਪਸੀ ਦੀ ਉਹ ਪਗਡੰਡੀ, ਉਹ ਰਸਤਾ ਤੇ ਉਹ ਦਿਨ ਮੁਬਾਰਕ ਹੋਣ…ਉਸ ਵੇਲੇ ਦੇ ਸੂਰਜ ਦਾ ਸ਼ੁਕਰੀਆ, ਉਸ ਵੇਲੇ ਦੀ ਧਰਤੀ ਦਾ ਸ਼ੁਕਰੀਆ।”  ਇਸ ਘਟਨਾ ਤੋਂ ਬਾਅਦ ਅਲਤਿਨਾਈ ਨੂੰ ਪੜ੍ਹਨ ਲਈ ਸ਼ਹਿਰ ਦੇ ਕਿਸੇ ਸਕੂਲ ਵਿੱਚ ਭੇਜ ਦਿੱਤਾ ਜਾਂਦਾ ਹੈ। ਦੋਹਾਂ ਵਿੱਚ ਖਤਾਂ ਦਾ ਸਿਲਸਿਲਾ ਚੱਲ਼ਦਾ ਰਹਿੰਦਾ ਹੈ। ਪਰ ਇੱਕ ਦਿਨ ਉਹ ਆਪਣੇ ਖ਼ਤ ਵਿੱਚ ਦੂਈਸ਼ੇਨ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੀ ਹੈ ਜਿਸ ਤੋਂ ਬਾਅਦ ਦੂਈਸ਼ੇਨ ਇਹ ਸਿਲਸਿਲਾ ਵੀ ਬੰਦ ਕਰ ਦਿੰਦਾ ਹੈ। 

ਕੁਝ ਸਾਲਾਂ ਬਾਅਦ ਅਲਤਿਨਾਈ ਇੱਕ ਉੱਘੀ ਵਿਗਿਆਨੀ ਬਣ ਜਾਂਦੀ ਹੈ। ਏਨੀ ਦੇਰ ਤੱਕ ਨਾ ਤਾਂ ਉਹ ਪਿੰਡ ਹੀ ਜਾ ਸਕੀ ਅਤੇ ਨਾ ਹੀ ਦੂਈਸ਼ੇਨ ਨਾਲ਼ ਹੀ ਉਸਦਾ ਕੋਈ ਸੰਪਰਕ ਹੋ ਸਕਿਆ। ਫਿਰ ਇੱਕ ਦਿਨ ਅਲਤਿਨਾਈ ਨੂੰ ਪਤਾ ਚਲਦਾ ਹੈ ਕਿ ਉਹ ਫ਼ੋਜ ਵਿੱਚ ਭਰਤੀ ਹੋ ਗਿਆ ਹੈ ਸੀ ਤੇ ਹੁਣ ਲਾਪਤਾ ਹੈ। ਪਰ ਸਮਾਂ ਆਪਣੀ ਰਫ਼ਤਾਰ ਨਾਲ਼ ਚਲਦਾ ਰਿਹਾ। ਅਲਤਿਨਾਈ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਇੱਕ ਖ਼ੁਸ਼ੀਆਂ ਭਰਿਆ ਪਰਿਵਾਰਕ ਜੀਵਨ ਬਤੀਤ ਕਰਨ ਲੱਗਦੀ ਹੈ। ਪਰ ਅਚਾਨਕ ਉਸ ਪਿੰਡ ਵਾਲ਼ੇ ਸਮਾਰੋਹ ਵਿੱਚ ਉਸਨੂੰ ਦੂਈਸ਼ੇਨ ਦੇ ਜਿਉਂਦੇ ਹੋਣ ਦਾ ਪਤਾ ਚਲਦਾ ਹੈ ਤਾਂ ਉਹ ਪ੍ਰੇਸ਼ਾਨ ਹੋ ਉੱਠਦੀ ਹੈ। ਫਿਰ ਉਹ ਫੈਸਲਾ ਕਰਦੀ ਹੈ ਕਿ ਸਾਰੇ ਲੋਕਾਂ ਨੂੰ ਦੂਈਸ਼ੇਨ ਦੀ ਮਹਾਨਤਾ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਉਸ ਨੂੰ ਉਸਦਾ ਬਣਦਾ ਸਨਮਾਨ ਮਿਲੇ। 

ਇਸ ਤਰ੍ਹਾਂ ਇਹ ਨਾਵਲੈੱਟ ਮੁੱਖ ਰੂਪ ਵਿੱਚ ਭਾਵੇਂ ਅਲਤਿਨਾਈ ‘ਤੇ ਦੂਈਸ਼ੇਨ ਦੇ ਰਿਸ਼ਤੇ ਦੀ ਦਾਸਤਾਨ ਕਹਿੰਦਾ ਹੋਵੇ ਪਰ ਤੱਤ ਰੂਪ ਵਿੱਚ ਇਹ ਇਹਨਾਂ ਦੋਵਾਂ ਦੀ ਇਖ਼ਲਾਕੀ ਪੱਧਰ ਦੀ ਸ਼ਿਖਰ ਨੂੰ ਬਿਆਨ ਕਰਦਾ ਹੈ। 

ਦੂਈਸ਼ੇਨ ਇੱਕ ਐਸਾ ਨੌਜਵਾਨ ਸੀ ਜਿਸਨੇ ਆਪਣੀ ਸਾਰੀ ਜਿੰਦਗੀ ਮਨੁੱਖਤਾ ਦੀ ਸੇਵਾ ਵਿੱਚ ਅਰਪਿਤ ਕਰ ਦਿੱਤੀ ਸੀ। ਜਿਸਨੇ ਆਪਣੇ ਸੁਖ-ਸਹੂਲਤਾਂ ਦੀ ਪਰਵਾਹ ਕੀਤੇ ਬਿਨਾਂ ਇੱਕ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਤਰ੍ਹਾਂ ਦਾ ਕੰਮ ਕੀਤਾ। ਮਨੁੱਖਤਾ ਪ੍ਰਤੀ ਪਿਆਰ ਉਸਦੇ ਮਨ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਆਪਣੇ ਪਿਆਰੇ ਲੈਨਿਨ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹ ਕੁਝ ਵੀ ਕਰ ਸਕਦਾ ਸੀ। ਉਸਨੇ  ਸਕੂਲ ਦੀ ਖਸਤਾ ਹਾਲ ਇਮਾਰਤ ਵਿੱਚ ਜਿਸ ਵਿੱਚ ਬੈਠਣ ਲਈ ਟਾਟ ਵਗੈਰਾ ਅਤੇ ਪੜ੍ਹਨ ਲਈ ਕੋਈ ਪੁਸਤਕ ਵੀ ਨਹੀਂ ਸੀ, ਲੈਨਿਨ ਦਾ ਇੱਕ ਚਿੱਤਰ ਜ਼ਰੂਰ ਟੰਗਿਆ ਹੋਇਆ ਸੀ ਜਿਸਦਾ ਅਲਤਿਨਾਈ ਦੇ ਮਨ ਉੱਤੇ ਬਹੁਤ ਗਹਿਰਾ ਅਸਰ ਪਿਆ ਸੀ ”ਲੈਨਿਨ ਦਾ ਉਹ ਚਿੱਤਰ ਮੈਨੂੰ ਅਜੇ ਵੀ ਯਾਦ ਹੈ। ਪਤਾ ਨਹੀਂ ਕਿਉਂ, ਮੈਂ ਕਦੀ ਵੀ ਲੈਨਿਨ ਦਾ ਉਸ ਤਰਾਂ ਦਾ ਚਿੱਤਰ ਨਹੀਂ ਵੇਖਿਆ ਤੇ ਮੈਂ ਉਸ ਨੂੰ ਮਨ ਹੀ ਮਨ ”ਦੂਈਸ਼ੇਨ ਵਾਲ਼ਾ ਚਿੱਤਰ”  ਕਹਿੰਦੀ ਹਾਂ। ਉਸ ਵਿੱਚ ਲੈਨਿਨ ਨੇ ਇੱਕ ਢਿੱਲੀ ਜਿਹੀ ਫ਼ੌਜੀ ਜੈਕਟ ਪਹਿਨੀ ਹੋਈ ਸੀ, ਗੱਲ੍ਹਾਂ ਧਸੀਆਂ ਹੋਈਆਂ ਸਨ ਤੇ ਦਾੜ੍ਹੀ ਵਧੀ ਹੋਈ ਸੀ। ਉਸ ਦੀ ਫੱਟੜ ਬਾਂਹ ਇੱਕ ਪੱਟੀ ਵਿੱਚ ਲਟਕੀ ਹੋਈ ਸੀ ਅਤੇ ਉਸ ਦੀ ਟੋਪੀ ਹੇਠੋਂ ਜਿਹੜੀ ਗਿੱਚੀ ਵੱਲ ਖਿਸਕੀ ਹੋਈ ਸੀ, ਮਿਹਰਬਾਨ ਅੱਖਾਂ ਬੜੀ ਸ਼ਾਂਤੀ ਨਾਲ਼ ਵੇਖ ਰਹੀਆਂ ਸਨ। ਉਸ ਦੀ ਕੋਮਲ, ਹਮਦਰਦ ਨਜ਼ਰ ਜਿਵੇਂ ਸਾਨੂੰ ਕਹਿ ਰਹੀ ਹੋਵੇ-‘ਕਾਸ਼ ਕਿ ਤੁਸੀਂ ਜਾਣਦੇ ਹੁੰਦੇ, ਕਿੰਨਾ ਰੌਸ਼ਨ ਭਵਿੱਖ ਤੁਹਾਡੀ ਰਾਹ ਵੇਖ ਰਿਹਾ ਹੈ!’ ਮੈਨੂੰ ਇੰਝ ਲੱਗਾ ਜਿਵੇਂ ਉਸ ਸ਼ਾਂਤ ਪਲ ਹੀ ਉਹ ਮੇਰੇ ਭਵਿੱਖ ਬਾਰੇ ਸੋਚ ਰਿਹਾ ਸੀ।” 

ਅਲਤਿਨਾਈ ਵੀ ਬੜੀਆਂ ਮੁਸ਼ਕਿਲਾਂ ਨਾਲ਼ ਪੜ੍ਹਨ ਆਉਂਦੀ ਰਹੀ। ਉਸਦੀ ਇੱਜ਼ਤ ਨਾਲ਼ ਪੇਸ਼ ਆਏ ਏਨੇ ਵੱਡੇ ਹਾਦਸੇ ਦੇ ਬਾਵਜੂਦ ਵੀ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਪੜ੍ਹਨ ਲਈ ਸ਼ਹਿਰ ਚਲੀ ਗਈ ਤਾਂ ਕਿ ਆਪਣੇ ਪਿਆਰੇ ਅਧਿਆਪਕ ਦਾ ਸੁਪਨਾ ਸਾਕਾਰ ਕਰ ਸਕੇ ਜੋ ਉਸਨੇ ਉਸ ਲਈ ਵੇਖਿਆ ਸੀ। ਅਲਤਿਨਾਈ ਨੇ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਅਤੇ ਅੰਤ ਆਪਣੀ ਮੰਜ਼ਿਲ ਪ੍ਰਾਪਤ ਕਰ ਲਈ। ਪਰ ਉਸ ਨੂੰ ਸਦਾ ਹੀ ਇਸ ਗੱਲ ਦਾ ਅਫ਼ਸੋਸ ਹੈ ਕਿ ਉਹ ਇਸ ਪ੍ਰਾਪਤੀ ਲਈ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲ਼ੇ ਦੂਈਸ਼ੇਨ ਦਾ ਧੰਨਵਾਦ ਵੀ ਨਾ ਕਰ ਸਕੀ। ਇਸੇ ਲਈ ਉਹ ਇਸ ਕਹਾਣੀ ਨੂੰ ਲੋਕਾਂ ਵਿੱਚ ਲੈ ਜਾਣ ਦਾ ਫ਼ੈਸਲਾ ਕਰਦੀ ਹੈ। ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਇਹ ਉਸਦੀ ਇੱਜ਼ਤ ਲਈ ਅਤੇ ਪਰਿਵਾਰ ਲਈ ਖ਼ਤਰਾ ਬਣ ਸਕਦੀ ਹੈ। ”ਮੈਂ ਆਪਣੇ ਆਪ ਨੂੰ ਇਸ ਕਰਕੇ ਵੀ ਗੁਨਾਹਗਾਰ ਸਮਝਦੀ ਰਹੀ ਹਾਂ ਕਿ ਨਵਾਂ ਸਕੂਲ ਖੁੱਲ੍ਹਣ ਵੇਲ਼ੇ ਸਭ ਤਰ੍ਹਾਂ ਦਾ ਸਨਮਾਨ ਮੈਨੂੰ ਨਹੀਂ ਮਿਲਣਾ ਚਾਹੀਦਾ ਸੀ, ਇੱਜ਼ਤ ਸਤਿਕਾਰ ਵਾਲੀ ਥਾਂ ਉਤੇ ਮੈਨੂੰ ਨਹੀਂ ਬੈਠਣਾ ਚਾਹੀਦਾ ਸੀ। ਇਸ ਦਾ ਹੱਕ, ਪਹਿਲੀ ਥਾਂ ਉੱਤੇ, ਸਾਡੇ ਪਿੰਡ ਦੇ ਪਹਿਲੇ ਅਧਿਆਪਕ, ਪਹਿਲੇ ਕਮਿਊਨਿਸਟ¸ਬਜ਼ੁਰਗ ਦੂਈਸ਼ੇਨ ਨੂੰ ਸੀ। ਪਰ ਗੱਲ ਇਸ ਤੋਂ ਉਲਟ ਹੋਈ। ਅਸੀਂ ਜਸ਼ਨ ਮਨਾ ਰਹੇ ਸਾਂ, ਪਰ ਉਹ ਹੀਰਾ-ਇਨਸਾਨ ਡਾਕ ਵੰਡਣ ਦੀ ਕਾਹਲ ਵਿਚ ਸੀ, ਉਹ ਸਕੂਲ ਦੇ ਉਦਘਾਟਨੀ ਜਸ਼ਨ ਤੋਂ ਪਹਿਲਾਂ ਪਹਿਲਾਂ ਪੁਰਾਣੇ ਵਿਦਿਆਰਥੀਆਂ ਵਲੋਂ ਭੇਜੀਆਂ ਗਈਆਂ ਵਧਾਈਆਂ ਦੀਆਂ ਚਿੱਠੀਆਂ ਪਹੁੰਚਾਣ ਦੀ ਕਾਹਲ ਵਿੱਚ ਸੀ।

ਵੇਖੋ ਨਾ, ਇਹ ਇਸ ਤਰ੍ਹਾਂ ਦੀ ਕੋਈ ਇਕੱਲੀ-ਦੁਕੱਲੀ ਘਟਨਾ ਨਹੀਂ ਸੀ। ਮੈਂ ਕਈ ਵਾਰ ਇਸੇ ਤਰ੍ਹਾਂ ਹੁੰਦਾ ਵੇਖਿਆ ਹੈ। ਇਸੇ ਵਾਸਤੇ ਮੈਂ ਇਹ ਪੁੱਛਦੀ ਹਾਂ: ਅਸੀਂ ਕਦੋਂ ਤੋਂ ਸਾਧਾਰਨ ਮਨੁੱਖ ਦੀ ਕਦਰ ਕਰਨ ਦੀ ਯੋਗਤਾ ਤੋਂ ਵਿਹੂਣੇ ਹੋ ਗਏ ਹਾਂ, ਉਸੇ ਤਰ੍ਹਾਂ ਕਦਰ ਕਰਨ ਦੀ ਜਿਵੇਂ ਲੈਨਿਨ ਕਰਦਾ ਹੁੰਦਾ ਸੀ? ਰੱਬ ਦਾ ਸ਼ੁਕਰ ਹੈ ਕਿ ਹੁਣ ਅਸੀਂ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਗੱਲ, ਬਿਨਾਂ ਕਿਸੇ ਦੰਭ ਪਖੰਡ ਦੇ, ਕਰ ਸਕਦੇ ਹਾਂ। ਇਹ ਬੜੀ ਚੰਗੀ ਗੱਲ ਹੈ ਕਿ ਇਸ ਮਾਮਲੇ ਵਿੱਚ ਵੀ ਅਸੀਂ ਲੈਨਿਨ ਦੇ ਹੋਰ ਨੇੜੇ ਆ ਗਏ ਹਾਂ।”

ਇਸ ਤਰ੍ਹਾਂ ਇਹ ਨਾਵਲੈੱਟ ਇਹਨਾਂ ਦੋਹਾਂ ਪਾਤਰਾਂ ਦੀ ਨੈਤਿਕ ਉਚਾਈ, ਮਨੁੱਖਤਾ ਪ੍ਰਤੀ ਪਿਆਰ, ਆਉਣ ਵਾਲ਼ੇ ਸੁਨਹਿਰੀ ਭਵਿੱਖ ਪ੍ਰਤੀ ਆਸ, ਸੰਘਰਸ਼, ਆਪਣੇ ਫ਼ਰਜ਼ਾਂ ਲਈ ਰਸਤੇ ਵਿੱਚ ਆਉਂਦੀ ਹਰ ਔਕੜ ਨੂੰ ਦ੍ਰਿੜਤਾ ਨਾਲ਼ ਪਾਰ ਕਰਨਾ ਅਤੇ ਬਿਨਾਂ ਕਿਸੇ ਪ੍ਰਤੱਖ ਇਨਾਮ ਜਾਂ ਸਨਮਾਨ ਦੀ ਆਸ ਕੀਤੇ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਦੀ ਮਾਨਸਿਕਤਾ ਨੂੰ ਬਾਖੂਬੀ ਪੇਸ਼ ਕਰਦੀ ਹੈ। 

 ਇਸ ਕਹਾਣੀ ਨੂੰ ਏਨੀ ਸੂਖ਼ਮਤਾ ਤੇ ਸ਼ਿੱਦਤ ਨਾਲ਼ ਨਿਭਾਉਣਾ ਵੀ ਲੇਖਕ ਦੀ ਵਿਲੱਖਣ ਲਿਖਣ ਸ਼ੈਲੀ ਕਾਰਨ ਹੀ ਸੰਭਵ ਹੋਇਆ ਹੈ।  ਕਾਵਮਈ ਭਾਸ਼ਾ ਅਤੇ ਸ਼ਬਦਾਵਲੀ ਕਾਰਨ ਲਿਖਤ ਵਿੱਚ ਹਮੇਸ਼ਾਂ ਇੱਕ ਰਵਾਨਗੀ ਅਤੇ ਇੱਕ ਨਿਰੰਤਰ ਲੈਅ ਜਿਹੀ ਬਣੀ ਰਹਿੰਦੀ ਹੈ ਜੋ ਕਿ ਪਾਠਕ ਨੂੰ ਰਚਨਾ ਤੋਂ ਟੁੱਟਣ ਨਹੀਂ ਦਿੰਦੀ। ਲੇਖਕ ਨੇ ਅਲੰਕਾਰਾਂ ਅਤੇ ਬਿੰਬਾਂ ਦੀ ਬੜੀ ਹੀ ਖੂਬਸੂਰਤੀ, ਸੂਖਮਤਾ ਤੇ ਸਹਿਜਤਾ ਨਾਲ਼ ਵਰਤੋਂ ਕੀਤੀ ਹੈ। ਜਿਸ ਦੇ ਫ਼ਲਸਰੂਪ ਨਾਵਲ ਵਿੱਚ ਵਾਰ-ਵਾਰ ਕਾਵਿਕਤਾ ਦਾ ਇੱਕ ਸ਼ਾਨਦਾਰ ਝਲਕਾਰਾ ਵੇਖਣ ਨੂੰ ਮਿਲਦਾ ਹੈ। ਇਹੀ ਵਰਤਾਰਾ ਇਸ ਨੂੰ ਸਾਹਿਤ ਦੇ ਤੰਗ ਦਾਇਰਿਆਂ (ਕਾਵਿ, ਕਹਾਣੀ, ਨਾਵਲ, ਨਜ਼ਮ, ਆਦਿ) ਚੋਂ ਕੱਢ ਕੇ ਇੱਕ ਸੰਪੂਰਨ ਕਲਾਕ੍ਰਿਤ ਦੀ ਗਹਿਰਾਈ, ਹੁਸਨ ਤੇ ਸਰੰਚਨਾ ਪ੍ਰਦਾਨ ਕਰਦਾ ਹੈ। 

ਜਜ਼ਬਾਤਾਂ ਦੀ ਸੰਘਣਤਾ ਕਿਤੇ-ਕਿਤੇ ਏਨੀ ਵੱਧ ਜਾਂਦੀ ਹੈ ਕਿ ਸੰਵੇਦਨਸ਼ੀਲ ਪਾਠਕ ਦੀਆਂ ਅੱਖਾਂ ਵਿੱਚੋਂ ਨੀਰ ਬਣ ਵਹਿ  ਤੁਰਦੀ ਹੈ। ਸ਼ਬਦਾਂ ਦੀ ਤਾਕਤ ਨਾਲ਼ ਤਸਵੀਰ ਨੂੰ ਹੂ-ਬ-ਹੂ ਪਾਠਕ ਦੇ ਜ਼ਿਹਨ ਦੇ ਕੈਨਵੈਸ ‘ਤੇ ਸਜੀਵ ਰੂਪ ਵਿੱਚ ਚਿੱਤਰ ਦੇਣਾ ਲੇਖਕ ਦੀ ਲਿਖਣ ਕਲਾ ਅਤੇ ਉਸਦੀ ਚਿੱਤਰਕਾਰੀ ਵਿੱਚ ਵਿਸ਼ੇਸ਼ ਰੁਚੀ ਅਤੇ ਗਿਆਨ ਦਾ ਪ੍ਰਤੱਖ ਪ੍ਰਗਟਾਵਾ ਹੈ। ਇੱਕ ਨਮੂਨਾ ਗੌਰ ਕਰਨ ਯੋਗ ਹੈ-”ਉਹ ਸਾਰਿਆਂ ਤੋਂ ਦੂਰ ਹਟਵੀਂ ਹੋ ਕੇ ਨਹਿਰ ਲਾਗੇ ਖਲੋਤੀ ਉਸ ਟਿੱਲੇ ਵੱਲ਼ ਟਿਕਟਿਕੀ ਲਾ ਕੇ ਵੇਖ ਰਹੀ ਸੀ ਜਿੱਥੇ ਪਤਝੜ ਕਾਰਨ ਲਾਲ ਹੋਏ ਪੱਤਿਆਂ ਵਾਲ਼ੇ ਪੋਪਲਰ ਹਵਾ ਵਿੱਚ ਝੂਮ ਰਹੇ ਸਨ। ਦੂਰ ਧੁੰਦਲਕੇ ਵਿੱਚ ਡੁੱਬੀ ਸਤੈਪੀ ਦੀ ਬੈਂਗਣੀ ਸੀਮਾਰੇਖਾ ਉੱਤੇ ਸੂਰਜ਼ ਡੁੱਬ ਰਿਹਾ ਹੈ। ਉਸ ਦੀ ਨਿੰਮੀ ਹੋ ਰਹੀ ਰੋਸ਼ਨੀ ਪੋਪਲਰ ਦੀਆਂ ਟੀਸੀਆਂ ਉੱਤੇ ਪੈ ਰਹੀ ਸੀ ਜਿਸ ਦੀ ਨਿਰਜੀਵ ਜਿਹੀ ਲਾਲੀ ਉਦਾਸੀ ਦਾ ਮਾਹੌਲ ਪੈਦਾ ਕਰ ਰਹੀ ਸੀ”

ਅੱਜਕੱਲ ਵੱਗ ਰਹੀ ਕੁਸਾਹਿਤ ਦੀ ਕਾਲ਼ੀ ਹਨੇਰੀ ਵਿੱਚ ਅਜਿਹਾ ਸਾਹਿਤ ਇੱਕ ਜਗਦੇ ਦੀਵੇ ਵਾਂਗ ਹੈ ਜੋ ਛੋਟਾ ਅਤੇ ਛੁਪਿਆ ਰਿਹਾ ਹੋਣ ਦੇ ਬਾਵਜੂਦ ਵੀ ਆਪਣੀ ਪਹੁੰਚ ਅਨੁਸਾਰ ਚਾਨਣ ਬਿਖੇਰ ਰਿਹਾ ਹੈ। ਲੋੜ ਹੈ ਅਜਿਹੇ ਦੀਵਿਆਂ ਦੀ ਰਾਖੀ ਕਰਨ ਦੀ ਅਤੇ ਇਹਨਾਂ ਦੀ ਜੋਤ ਤੋਂ ਹੋਰ ਹਜ਼ਾਰਾਂ ਚਿਰਾਗ ਬਾਲਣ ਦੀ ਤਾਂ ਕਿ ਦੁਨੀਆਂ ਵਿੱਚੋਂ ਹਨੇਰਾ ਹਮੇਸ਼ਾਂ ਲਈ ਖ਼ਤਮ ਕੀਤਾ ਜਾ ਸਕੇ। ਇਹੋ ਸਾਡੀ ਦੂਈਸ਼ੇਨ ਅਤੇ ਅਲਤਿਨਾਈ ਜਿਹੇ ਹਜ਼ਾਰਾਂ ਹੋਰ ਨੀਹਾਂ ਵਿੱਚ ਚਿਣੇ ਪੱਥਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਅਤੇ ਅੰਤਿਕਾ ਵਜੋਂ ਅਲਤਿਨਾਈ ਵੱਲੋਂ ਪੋਪਲਰਾਂ ਨੂੰ ਸੰਬੋਧਿਤ ਹੋ ਕੇ ਆਖੇ ਉਹ ਸ਼ਬਦ ਜੋ ਅੱਜ ਵੀ ਆਪਣੀ ਸਾਰਥਿਕਤਾ ਕਾਰਨ ਨੌਜਵਾਨਾਂ ਲਈ ਸੰਦੇਸ਼ ਹੋ ਨਿਬੜਦੇ ਹਨ । ”ਵਾਹ, ਪੋਪਲਰੋ, ਪੋਪਲਰੋ! ਉਸ ਵੇਲੇ ਤੋਂ ਕਿੰਨਾ ਪਾਣੀ ਪੁਲਾਂ ਹੇਠੋਂ ਲੰਘ ਚੁੱਕਾ ਹੈ, ਜਦੋਂ ਤੁਸੀਂ ਅਜੇ ਛੋਟੇ ਛੋਟੇ ਬੂਟੇ ਹੁੰਦੇ ਸੀ ਤੇ ਤੁਹਾਡੇ ਤਣੇ ਨੀਲੱਤਣ ਦੀ ਭਾਹ ਮਾਰਦੇ ਸਨ! ਉਹ ਸਾਰੀਆਂ ਗੱਲਾਂ ਸੱਚੀਆਂ ਸਾਬਤ ਹੋਈਆਂ ਹਨ ਜਿਨ੍ਹਾਂ ਦੇ ਸੁਪਨੇ ਤੁਹਾਨੂੰ ਲਾਉਣ ਤੇ ਪਾਲਣ ਵਾਲ਼ਾ ਇਨਸਾਨ ਲਿਆ ਕਰਦਾ ਸੀ, ਜਿਨ੍ਹਾਂ ਦੀ ਉਸ ਨੇ ਪੇਸ਼ਗੋਈ ਕੀਤੀ। ਤੁਸੀਂ ਏਨੀ ਉਦਾਸੀ ਵਿੱਚ ਕੀ ਅਲਾਪ ਰਹੇ ਹੋ, ਕਿਉਂ ਦੁਖੀ ਹੋ ਰਹੇ ਹੋ? ਜਾਂ ਫਿਰ ਤੁਹਾਨੂੰ ਇਹ ਸ਼ਿਕਾਇਤ ਹੈ ਕਿ ਸਿਆਲ ਨੇੜੇ ਆਉਂਦਾ ਜਾ ਰਿਹਾ ਹੈ ਅਤੇ ਠੰਡੀਆਂ ਸ਼ੀਤ ਹਵਾਵਾਂ ਤੁਹਾਡੇ ਪੱਤੇ ਮਰੁੰਡੀ ਜਾ ਰਹੀਆਂ ਹਨ? ਜਾਂ ਫਿਰ ਤੁਹਾਡੇ ਤਣਿਆਂ ਵਿੱਚ ਲੋਕਾਂ ਦਾ ਦੁਖ-ਦਰਦ ਭਰਿਆ ਗਿਆ ਹੈ?

ਹਾਂ, ਸਿਆਲ ਨੇ ਅਜੇ ਆਉਣਾ ਹੈ, ਕੜਾਕੇ ਦੀ ਠੰਡ ਪੈਣੀ ਹੈ, ਭਿਅੰਕਰ ਬਰਫ਼ਾਨੀ ਤੂਫ਼ਾਨ ਆਉਣਗੇ ਪਰ ਬਹਾਰ ਵੀ ਜ਼ਰੂਰ ਹੀ ਆਵੇਗੀ… ”  

ਅੰਕ 02-ਅਕਤੂਬਰ-ਦਸੰਬਰ 2007 ਵਿਚ ਪ੍ਰਕਾਸ਼ਿ

Leave a comment