ਨੇਪਾਲੀ ਇਨਕਲਾਬ : ਖੜੋਤ ਅਤੇ ਭਟਕਾਅ ਤੋਂ ਬਾਅਦ ਪਿਛਾਖੜ ਅਤੇ ਖਿੰਡਾਅ ਦੇ ਦੌਰ ਵਿੱਚ -ਆਲੋਕ ਰੰਜਨ

nepali inquilab

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਨੇਪਾਲ ਵਿੱਚ ਸੰਵਿਧਾਨ ਸਭਾ ਦੀਆਂ ਚੋਣਾਂ ਵਿੱਚ ਨੇਪਾਲ ਦੀ ਏਕੀਕ੍ਰਿਤ ਕਮਿਉਨਿਸਟ ਪਾਰਟੀ (ਮਾਓਵਾਦੀ) ਦੀ ਵੱਡੀ ਹਾਰ ਨਾਲ਼ ਅਨੁਭਵਵਾਦੀ ਆਸ਼ਾਵਾਦੀ ਭਾਵੁਕ ਇਨਕਲਾਬੀਆਂ ਨੂੰ ਕਾਫ਼ੀ ਧੱਕਾ ਲੱਗਿਆ ਹੈ। ਪਰ ਜੋ ਹੋਇਆ ਹੈ, ਉਹ ਏਨੇਕਪਾ (ਮਾਓਵਾਦੀ) ਦੀ ਸਿਆਸਤ ਦਾ ਹੀ ਤਾਰਕਿਕ ਨਤੀਜਾ ਹੈ।

ਸਰਮਾਏਦਾਰਾ ਸੰਸਦੀ ਜਮਹੂਰੀਅਤ ਦੀ ਖੇਡ ਵਿੱਚ ਏਨੇਕਪਾ (ਮਾਓਵਾਦੀ) ਦਾ ਬਹੁਤ ਭਰੋਸਾ ਸੀ, ਤਾਂ ਹੁਣ ਉਸਦੇ ਨਤੀਜਿਆਂ ਨੂੰ ਵੀ ਮੰਨਣ/ਭੁਗਤਣ ਲਈ ਉਸਨੂੰ ਤਿਆਰ ਰਹਿਣਾ ਚਾਹੀਦਾ ਸੀ। ਹੁਣ ਪਾਰਟੀ ਦਾ ਕਹਿਣਾ ਹੈ ਕਿ ਵੋਟ ਪੇਟੀਆਂ ਨੂੰ ਗਿਣਤੀ ਤੋਂ ਪਹਿਲਾਂ ਰਾਤ ਭਰ ਫੌਜ ਦੀ ਬੈਰਕ ਵਿੱਚ ਰੱਖਣਾ ਰਹੱਸਮਈ ਸੀ ਅਤੇ ਇਹਨਾਂ ਚੋਣਾਂ ਵਿੱਚ ਵੱਡਾ ਘਪਲਾ ਹੋਇਆ ਹੈ। ਪਰ ਪ੍ਰਚੰਡ ਅਤੇ ਭੱਟਰਾਈ ਜੇਕਰ ਸਮਝਦੇ ਸਨ ਕਿ ਅਜਿਹੇ ਘਪਲੇ ਸੰਸਦੀ ਚੋਣਾਂ ਵਿੱਚ ਨਹੀਂ ਹੋਣਗੇ, ਪਿਛਲੀਆਂ ਚੋਣਾਂ ਤੋਂ ਸਬਕ ਲੈ ਕੇ ਹਾਕਮ ਜਮਾਤ ਅਤੇ ਫੌਜ ਇਸ ਵਾਰ ਉਹਨਾਂ ਦੀ ਪਾਰਟੀ ਨੂੰ ਕਿਨਾਰੇ ਧੱਕਣ ਦਾ ਇੰਤਜਾਮ ਨਹੀਂ ਕਰਨਗੇ, ਤਾਂ ਇਹ ਉਹਨਾਂ ਦੀ ਖੁਸ਼ਫਹਿਮੀ ਸੀ। ਸਰਮਾਏਦਾਰਾ ਰਾਜਸੱਤਾ ਬਾਰੇ ਜੇਕਰ ਉਹ ਸਮਾਜਿਕ ਜਨਵਾਦੀ (ਸੋਧਵਾਦੀ) ਭਰਮਾਂ ਵਿੱਚ ਡੁੱਬ ਗਏ ਸਨ, ਤਾਂ ਉਹਨਾਂ ਇਸਦੀ ਕੀਮਤ ਤਾਂ ਅਦਾ ਕਰਨੀ ਹੀ ਸੀ।

ਸੱਚ ਤਾਂ ਇਹ ਹੈ ਕਿ ਸੰਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਸਮੇਂ ਵੱਡੀ ਲੋਕ ਹਿਮਾਇਤ ਦਾ ਦਬਾਅ ਨੇਕਪਾ (ਮਾਓਵਾਦੀ) ਦੇ ਪੱਖ ਵਿੱਚ ਸੀ ਅਤੇ ਲੋਕ ਮੁਕਤੀ ਫੌਜ ਵੀ ਉਦੋਂ ਵਜੂਦ ਵਿੱਚ ਸੀ, ਇਸ ਲਈ ਚਾਹ ਕੇ ਵੀ ਹਾਕਮ ਜਮਾਤ ਉਦੋਂ ਮਨਮਰਜ਼ੀ ਨਹੀਂ ਕਰ ਸਕਦੀ ਸੀ। 2013 ਵਿੱਚ ਸਥਿਤੀ ਬਿਲਕੁਲ ਵੱਖਰੀ ਸੀ। ਪਾਰਟੀ ਆਪਣੇ ਪੁਰਾਣੇ ਇਲਾਕਾਈ ਅਧਾਰਾਂ ਤੋਂ ਉੱਖੜ ਚੁੱਕੀ ਸੀ। ਇੱਥੋਂ ਤੱਕ ਕਿ ਲੋਕ ਯੁੱਧ ਦੌਰਾਨ ਜੋ ਜਮੀਨਾਂ ਜਗੀਰਦਾਰਾਂ ਤੋਂ ਖੋਹ ਕੇ ਕਿਸਾਨਾਂ ਵਿੱਚ ਵੰਡੀਆਂ ਗਈਆਂ ਸਨ, ਉਹ ਸਰਕਾਰ ਵਿੱਚ ਰਹਿੰਦੇ ਹੋਏ, ਹਾਕਮ ਜਮਾਤ ਦੇ ਦਬਾਅ ਵਿੱਚ, ਮੁੜ ਤੋਂ ਜਗੀਰਦਾਰਾਂ ਨੂੰ ਦੇ ਦਿੱਤੀਆਂ ਗਈਆਂ ਸਨ, ਇਸ ਭਰੋਸੇ ਨਾਲ਼ ਕਿ ਨਵਾਂ ਸੰਵਿਧਾਨ ਬਣਨ ਤੋਂ ਬਾਅਦ ਰੈਡੀਕਲ ਜਮੀਨ ਸੁਧਾਰ ਲਾਗੂ ਕਰਕੇ ਫਿਰ ਤੋਂ ਜਮੀਨਾਂ ਦੀ ਮੁੜ-ਵੰਡ ਕੀਤੀ ਜਾਵੇਗੀ। ਪਹਿਲਾਂ ਰਹਿ ਚੁੱਕੇ ਮੁਕਤ ਇਲਾਕਿਆਂ ਵਿੱਚ ਲੋਕ ਸੱਤ੍ਹਾ ਦੇ ਜੋ ਰੂਪ ਪੈਦਾ ਹੋਏ ਸਨ, ਉਹ ਸਾਰੇ ਖਿੰਡ-ਪੁੰਡ ਚੁੱਕੇ ਸਨ। ਲੋਕ ਮੁਕਤੀ ਫੌਜ ਹਾਕਮ ਜਮਾਤ ਦੀਆਂ ਹੋਰ ਪਾਰਟੀਆਂ ਦੇ ਲੰਮੇ ਦਬਾਅ ਦੀ ਨੀਤੀ ਅੱਗੇ ਝੁਕਦੀ ਹੋਈ, ਏਕਤਾ ਦੇ ਪੁਰਾਣੇ ਖਾਕੇ ਨੂੰ ਛੱਡ ਕੇ, ਏਕਤਾ ਦੇ ਨਾਂ ‘ਤੇ ਖਤਮ ਹੋ ਚੁੱਕੀ ਸੀ। ਸੰਸਦ ਵਿੱਚ ਬੈਠਣ ਅਤੇ ਸਰਕਾਰ ਚਲਾਉਣ ਦੌਰਾਨ ਕਾਠਮੰਡੂ ਵਿੱਚ ਬੈਠੀ ਪਾਰਟੀ ਅਗਵਾਈ ਦੇ ਬੁਰਜੂਆ ਜੀਵਨ ਅਤੇ ਭ੍ਰਿਸ਼ਟਾਚਾਰ ਦੀਆਂ ਉਦਾਹਰਣਾਂ ਸਫ਼ਾਂ ਅਤੇ ਲੋਕਾਂ ਵਿੱਚ ਵੱਡੀ ਨਿਰਾਸ਼ਾ ਅਤੇ ਗੁੱਸੇ ਦਾ ਕਾਰਨ ਬਣ ਰਹੀਆਂ ਸਨ। ਪ੍ਰਚੰਡ-ਭੱਟਰਾਈ ਧੜਿਆਂ ਨੂੰ ਸੋਧਵਾਦੀ ਦੱਸਦੇ ਹੋਏ ਕਿਰਨ-ਵੈਦਯ-ਗਜੁਰੇਲ-ਬਾਦਲ ਧੜਿਆਂ ਦੇ ਵੱਖ ਹੋ ਕੇ ਨੇਕਪਾ (ਮਾਓਵਾਦੀ) ਦੇ ਮੁੜ-ਗਠਨ ਅਤੇ ਇਸ ਨਵੀਂ ਪਾਰਟੀ ਵੱਲੋਂ 33 ਹੋਰ ਪਾਰਟੀਆਂ ਨਾਲ਼ ਮਿਲ ਕੇ ਚੋਣਾਂ ਦੇ ਬਾਈਕਾਟ ਕਰਨ ਦਾ ਵੀ ਨਤੀਜਾ ਏਨੇਕਪਾ (ਮਾਓਵਾਦੀ) ਨੇ ਭੁਗਤਣਾ ਹੀ ਸੀ। ਮਧੇਸੀ ਪਾਰਟੀਆਂ ਦੀ ਗੈਰਹਾਜ਼ਰੀ ਅਤੇ ਬਿਖਰਾਅ ਦਾ ਫਾਇਦਾ ਉਠਾਉਣ ਲਈ ਏਨੇਕਪਾ (ਮਾਓਵਾਦੀ) ਨੇ ਪਹਾੜੀ ਖੇਤਰਾਂ ਦੇ ਪੁਰਾਣੇ ਪ੍ਰਭਾਵ ਇਲਾਕਿਆਂ ਨੂੰ ਛੱਡ ਕੇ ਤਰਾਈ ਖੇਤਰ ਵਿੱਚ ਆਪਣੀ ਜਿਆਦਾ ਤਾਕਤ ਝੋਕੀ ਸੀ, ਕਿਉਂਕਿ ਉਸਨੂੰ ਡਰ ਸੀ ਕਿ ਪਹਿਲਾਂ ਰਹਿ ਚੁੱਕੇ ਪ੍ਰਭਾਵ ਇਲਾਕਿਆਂ ਦੇ ਰੋਹਗ੍ਰਸਤ ਲੋਕ ਸ਼ਾਇਦ ਇਸ ਵਾਰ ਉਸਦਾ ਸਾਥ ਉਸ ਹੱਦ ਤੱਕ ਨਾ ਦੇਣ। ਨਤੀਜਾ, ਦੋਨੋਂ ਹੀ ਥਾਵਾਂ ‘ਤੇ ਉਹਨਾਂ ਨੂੰ ਕੁੱਝ ਖਾਸ ਹਾਸਲ ਨਹੀਂ ਹੋਇਆ। ਇਹ ਵਿਸ਼ਲੇਸ਼ਣ ਨੇਪਾਲ ਦੀਆਂ ਠੋਸ ਹਾਲਤਾਂ ਨੂੰ ਦੇਖ ਕੇ ਸਹੀ ਨਹੀਂ ਲੱਗਦਾ ਕਿ ਏਨੇਕਪਾ (ਮਾਓਵਾਦੀ) ਦੀ ਹਾਰ ਸਿਰਫ਼ ਚੋਣ ਘਪਲੇ ਦਾ ਨਤੀਜਾ ਹੈ। ਘਪਲੇ ਦੀ ਇੱਕ ਹੱਦ ਤੱਕ ਦੀ ਭੂਮਿਕਾ ਹੋ ਸਕਦੀ ਹੈ, ਪਰ ਜੇਕਰ ਘਪਲਾ ਨਾ ਵੀ ਹੋਇਆ ਹੁੰਦਾ ਤਾਂ ਇਸ ਵੀ ਇਸ ਵਾਰ ਪਾਰਟੀ ਦਾ ਬਹੁਮਤ ਹਾਸਲ ਕਰ ਸਕਣਾ ਮੁਸ਼ਕਿਲ ਸੀ, ਲਗਭਗ ਅਸੰਭਵ ਸੀ। ਨੇਪਾਲ ਦੀ ਜਮੀਨੀ ਹਕੀਕਤ ਜਾਣਨ ਵਾਲ਼ਿਆਂ ਨੂੰ ਇਹ ਚੋਣਾਂ ਤੋਂ ਪਹਿਲਾਂ ਹੀ ਮਹਿਸੂਸ ਹੋਣ ਲੱਗ ਪਿਆ ਸੀ।

ਸੰਸਦੀ ਜਮਹੂਰੀਅਤ ਵੱਲ਼ ਪ੍ਰਚੰਡ-ਭੱਟਰਾਈ-ਨਾਰਾਇਣ ਕਾਜੀ ਸ਼੍ਰੇਸ਼ਠ ਜੋ ਭਰਮ, ਸਗੋਂ ਇੰਝ ਕਹੀਏ ਕਿ ਵਿਸ਼ਵਾਸ਼ ਪਾਲ਼ੀ ਬੈਠੇ ਸਨ, ਉਸਦਾ ਇੱਕ ਨਤੀਜਾ ਉਹਨਾਂ ਦੇ ਸਾਹਮਣੇ ਹੈ। ਪਰ ਗੱਲ ਸਿਰਫ਼ ਏਨੀ ਹੀ ਨਹੀਂ ਹੈ। ਜੇਕਰ ਸੰਵਿਧਾਨ ਸਭਾ ਵਿੱਚ ਉਹ ਬਹੁਮਤ ਵਿੱਚ ਆ ਵੀ ਜਾਂਦੇ ਤਾਂ ਸੰਵਿਧਾਨ ਸਭਾ ਦੀ ਬਣਤਰ ਅਤੇ ਕਾਰਜਪ੍ਰਣਾਲ਼ੀ ਨੂੰ ਦੇਖਦੇ ਹੋਏ, ਇੱਕ ਸਰਮਾਏਦਾਰਾ ਸੰਵਿਧਾਨ ਹੀ ਬਣਾ ਸਕਦੇ ਸਨ, ਫਰਕ ਸਿਰਫ਼ ਇਹ ਹੁੰਦਾ ਕਿ ਉਸ ਵਿੱਚ ਜਮਹੂਰੀਅਤ ਦਾ ਪੱਖ ਕੁੱਝ ਜਿਆਦਾ ਹੁੰਦਾ। ਸਰਮਾਏਦਾਰਾ ਜਮਹੂਰੀਅਤ ਦੀ ਅੰਸ਼ਕ ਰੈਡੀਕਲ ਉਲੰਘਣਾ ਵੀ ਫੌਜ ਅਤੇ ਹੋਰ ਸਰਮਾਏਦਾਰਾ ਪਾਰਟੀਆਂ (ਇੰਝ ਕਹੀਏ ਕਿ ਨੇਪਾਲੀ ਸਰਮਾਏਦਾਰਾ ਜਮਾਤ, ਜਗੀਰਦਾਰ ਜਮਾਤ, ਭਾਰਤੀ ਸਰਮਾਏਦਾਰ ਜਮਾਤ ਅਤੇ ਹੋਰ ਸਾਮਰਾਜਵਾਦੀ ਤਾਕਤਾਂ ਨੂੰ) ਕਦੇ ਵੀ ਮਨਜ਼ੂਰ ਨਹੀਂ ਹੋਣੀ ਸੀ। ਹਾਕਮ ਜਮਾਤ ਉੱਤੇ ਦਬਾਅ ਬਣਾਉਣ ਲਈ ਬਾਹਰ ਮੌਜੂਦ ਜਮਾਤੀ ਘੋਲ਼ ਦਾ ਜੋ ਇਸਤੇਮਾਲ ਕੀਤਾ ਜਾ ਸਕਦਾ ਸੀ, ਉਸਨੂੰ ਪਾਰਟੀ ਪਹਿਲਾਂ ਹੀ ਛੱਡ ਚੁੱਕੀ ਸੀ। ਪੇਂਡੂ ਇਲਾਕਿਆਂ ਵਿੱਚ ਅਧਾਰ ਅਤੇ ਛਾਪਾਮਾਰ ਇਲਾਕੇ ਸੀ ਨਹੀਂ, ਲੋਕ ਸੱਤ੍ਹਾ ਦੇ ਵਿਕਾਸ ਕਰ ਰਹੇ ਸਥਾਨਕ ਰੂਪ ਟੁੱਟ ਚੁੱਕੇ ਸਨ, ਲੋਕ ਮੁਕਤੀ ਫੌਜ ਖਤਮ ਹੋ ਚੁੱਕੀ ਸੀ। ਇਸ ਲਈ, ਸਾਡਾ ਇਹ ਸਪੱਸ਼ਟ ਮੰਨਣਾ ਹੈ ਕਿ ਏਨੇਕਪਾ (ਮਾਓਵਾਦੀ) ਦੇ ਬਹੁਮਤ ਹਾਸਲ ਕਰ ਲੈਣ ਦੀ ਸਥਿਤੀ ਵਿੱਚ ਵੀ ਨੇਪਾਲ ਦੇ ਜਮਹੂਰੀ ਇਨਕਲਾਬ ਦੇ ਅਗਲੇ ਵਿਕਾਸ ਦੇ ਦੁਆਰ ਖੁੱਲ ਜਾਂਦੇ, ਇਹ ਮੰਨਣਾ ਵੀ ਇੱਕ ਖੁਸ਼ਫਹਿਮੀ ਹੀ ਹੋਵੇਗਾ।

ਅਸਲ ਵਿੱਚ ਨੇਪਾਲੀ ਇਨਕਲਾਬ ਦਾ ਅੱਗੇ ਵੱਧਣਾ ਤਾਂ ਉਸ ਸਮੇਂ ਹੀ ਰੁੱਕ ਗਿਆ ਸੀ ਅਤੇ ਉਸਦਾ ਉਹ ਭਵਿੱਖ ਤੈਅ ਹੋ ਚੁੱਕਿਆ ਸੀ (ਜੋ ਅੱਜ ਦਾ ਵਰਤਮਾਨ ਹੈ) ਜਦੋਂ ਨੇਪਾਲ ਦੀਆਂ ਅਤੇ ਅੱਜ ਦੀ ਦੁਨੀਆਂ ਦੀਆਂ ”ਠੋਸ ਹਾਲਤਾਂ” ਦੇ ਨਾਂ ‘ਤੇ ਪ੍ਰਚੰਡ ਨੇ ਅਤੇ ਉਸ ਤੋਂ ਵੀ ਅੱਗੇ ਵਧਕੇ ਭੱਟਰਾਈ ਨੇ ਮਜ਼ਦੂਰ ਤਾਨਾਸ਼ਾਹੀ ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਾਂ ‘ਚ ”ਸੋਧ” ਕਰਦੇ ਹੋਏ ਸੋਵੀਅਤ ਸੱਤ੍ਹਾ ਜਿਹੀ ਕਿਸੇ ਪ੍ਰਣਾਲ਼ੀ ਦੇ ਮੁਕਾਬਲੇ ਬਹੁ-ਪਾਰਟੀ ਜਮਹੂਰੀਅਤ ਦਾ ਮਾਡਲ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਫੇਰ ਉਹਨਾਂ ਨੇ ਲੋਕਾਂ ਦੇ ਜਮਹੂਰੀ ਲੋਕਰਾਜ ਤੋਂ ਪਹਿਲਾਂ ਸੰਘਾਤਮਕ ਜਮਹੂਰੀ ਲੋਕਰਾਜ ਜਿਹੇ ਇੱਕ ਹੋਰ ਸੰਗਰਾਂਦੀ ਦੌਰ ਦਾ ਸਿਧਾਂਤ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਸੰਵਿਧਾਨ ਸਭਾ ਵਿੱਚ ਆਪਣੇ ਸਮਝੌਤਿਆਂ, ਜੋੜਾਂ-ਤੋੜਾਂ ਅਤੇ ਹਰ ਹਾਲ ਵਿੱਚ ਟਿਕੇ ਰਹਿਣ ਨੂੰ ਸਹੀ ਠਹਿਰਾਇਆ ਜਾ ਸਕੇ। ਪਾਰਟੀ ਪਹਿਲੀ ਸੰਵਿਧਾਨ ਸਭਾ ਦੇ ਮੰਚ ਦਾ ਦਾਅਪੇਚ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਗੱਲ ਕਰਦੀ ਸੀ, ਪਰ ਬਾਅਦ ਵਿੱਚ, ਕਿਸੇ ਵੀ ਸੂਰਤ ਵਿੱਚ ਸੰਵਿਧਾਨ-ਉਸਾਰੀ ਅਤੇ ਨਵੇਂ ਸੰਵਿਧਾਨ ਤਹਿਤ ਚੋਣਾਂ ਲੜ ਕੇ ਹਕੂਮਤ ਕਾਇਮ ਕਰਨੀ ਹੀ ਉਸਦਾ ਮੁੱਖ ਉਦੇਸ਼ ਹੋ ਗਿਆ। ਲੋਕ ਮੁਕਤੀ ਫੌਜ ਅਤੇ ਅਧਾਰ ਇਲਾਕਿਆਂ ਦਾ ਖਿੰਡਾਅ-ਖਾਤਮਾ ਇਸਦਾ ਸਪੱਸ਼ਟ ਇਸ਼ਾਰਾ ਸੀ। ਭਾਵ ਚੋਣਾਂ ਅਤੇ ਸੰਸਦ ਦਾ ਇਸਤੇਮਾਲ ਪਾਰਟੀ ਲਈ ਦਾਅਪੇਚ ਦੀ ਥਾਂ ਯੁੱਧਨੀਤੀ ਦਾ ਸਵਾਲ ਬਣ ਗਿਆ। ਜੰਗਲਾਂ-ਪਹਾੜਾਂ ਤੋਂ ਚੱਲ ਕੇ ”ਪ੍ਰਚੰਡ ਰਾਹ” ਸੰਸਦ ਦੇ ਗਲਿਆਰਿਆਂ ‘ਚ ਗਵਾਚ ਗਿਆ। ਹਰ ਸੋਧਵਾਦੀ ਪਾਰਟੀ ਦੀ ਤਰ੍ਹਾਂ ਨੇਪਾਲੀ ਪਾਰਟੀ ਦੇ ਲੀਡਰ ਵੱਖ-ਵੱਖ ਬਿਆਨਾਂ ਵਿੱਚ ਆਪਾਵਿਰੋਧੀ ਗੱਲਾਂ ਕਹਿੰਦੇ ਰਹੇ ਅਤੇ ਬੁਨਿਆਦੀ ਵਿਚਾਰਧਾਰਕ ਸਵਾਲਾਂ ‘ਤੇ ਜਾਂ ਤਾਂ ”ਨਰੋ ਵਾ ਕੁੰਜਰੋ’ ਦੀ ਭਾਸ਼ਾ ਵਿੱਚ ਗੱਲ ਕਰਦੇ ਰਹੇ, ਜਾਂ ਫਿਰ ਉਨ੍ਹਾਂ ਤੋਂ ਬਚਦੇ ਰਹੇ। ਭੱਟਰਾਈ ਨੂੰ ਕਦੇ ਤਾਂ ਲੱਗਦਾ ਸੀ ਕਿ ਇਨਕਲਾਬ ਲਈ ਫਿਲਹਾਲ਼ ਨੇਪਾਲ ਦੀਆਂ ਪੈਦਾਵਾਰੀ ਤਾਕਤਾਂ ਦਾ ਵਿਕਾਸ (ਭਾਵ ਸਰਮਾਏਦਾਰਾ ਵਿਕਾਸ) ਬਹੁਤ ਜ਼ਰੂਰੀ ਹੈ (ਡੇਂਗ ਸਿਆਓ ਪਿੰਗ ਦੀ ਭਾਸ਼ਾ) ਅਤੇ ਕਦੇ ਆਪਣੀ ਪੁਜ਼ੀਸ਼ਨ ਨੂੰ ਸਹੀ ਠਹਿਰਾਉਣ ਲਈ ਇੱਕ ਪਿਛੜੇ ਦੇਸ਼ ਵਿੱਚ ਸਮਾਜਵਾਦ ਤਾਂ ਦੂਰ ਲੋਕ ਜਮਹੂਰੀ ਇਨਕਲਾਬ ਦੀ ਵੀ ਅਸੰਭਵਤਾ ਸਿੱਧ ਕਰਨ ਲਈ ਉਨ੍ਹਾਂ ਨੂੰ ਤ੍ਰਾਤਸਕੀ ਤੱਕ ਦੀ ਪੁਜ਼ੀਸ਼ਨ ਸਹੀ ਲੱਗਣ ਲਗਦੀ ਸੀ। ਇਹ ਉਂਝ ਹੀ ਨਹੀਂ ਹੈ ਕਿ ਇਸ ਪੂਰੇ ਵਕਫੇ ਦੌਰਾਨ ਪਾਰਟੀ ਚੀਨ ਵਿੱਚ ਸਰਮਾਏਦਾਰਾ ਮੁੜ-ਬਹਾਲੀ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਜਿਹੇ ਸਵਾਲਾਂ ‘ਤੇ ਚੁੱਪ ਰਹਿੰਦੀ ਸੀ ਅਤੇ ਉਸਦੇ ਅਖਬਾਰਾਂ-ਮੈਗਜ਼ੀਨਾਂ ਵਿੱਚ ਵੀ ਇਨ੍ਹਾਂ ਵਿਸ਼ਿਆਂ ‘ਤੇ ਜਾਂ ਵਰਤਮਾਨ ਚੀਨ ਦੇ ”ਬਜ਼ਾਰ ਸਮਾਜਵਾਦ” ਨਾਮਧਾਰੀ ਮਿਲੇ-ਜੁਲੇ ਅਰਥਚਾਰੇ ਵਾਲ਼ੇ ਸਰਮਾਏਦਾਰਾ ਪ੍ਰਬੰਧ ‘ਤੇ ਕਦੇ ਕੋਈ ਲੇਖ ਨਹੀਂ ਆਇਆ। ਨਿਚੋੜ ਦੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜਮਾਤੀ ਘੋਲ਼ ਅਤੇ ਮਜ਼ਦੂਰ ਤਾਨਾਸ਼ਾਹੀ ਤਹਿਤ ਲਗਾਤਾਰ ਇਨਕਲਾਬ ਦੀ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਬੁਨਿਆਦੀ ਸਿੱਖਿਆ ਨੂੰ ਤਤਕਾਲੀ ਨੇਕਪਾ (ਮਾਓਵਾਦੀ)—ਅੱਜ ਦੀ ਏਨੇਕਪਾ (ਮਾਓਵਾਦੀ), ਛੱਡ ਚੁੱਕੀ ਸੀ। ਉਹ ਚੋਣਾਂ ਅਤੇ ਸੰਵਿਧਾਨ-ਉਸਾਰੀ ਦੇ ਰਾਹ, ਬਹੁ-ਪਾਰਟੀ ਸੰਸਦੀ ਪ੍ਰਣਾਲ਼ੀ ਦੇ ਸਿਧਾਂਤ ਅਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਸਿਧਾਂਤ ਨੂੰ ਅਪਣਾ ਚੁੱਕੀ ਸੀ। ਵਿਚਾਰਧਾਰਕ ਭਟਕਾਅ ਵਰ੍ਹਿਆਂ ਪਹਿਲਾਂ ਹੀ ਵਿਚਾਰਧਾਰਕ ਪ੍ਰਸਥਾਨ ਬਣ ਚੁੱਕਿਆ ਸੀ। ਪਰ Îਝੂਠੀਆਂ ਉਮੀਦਾਂ ਦੇ ਸ੍ਰੋਤਾਂ ਦੀ ਭਾਲ਼ ਕਰਦੇ ਬਹੁਤ ਸਾਰੇ ਭਾਵੁਕ ਇਨਕਲਾਬੀ ਬੁੱਧੀਜੀਵੀ ਇਸ ਪ੍ਰਸਥਾਨ ਨੂੰ ਮਹਿਜ ਛੋਟੀ-ਮੋਟੀ ਯੁੱਧਨੀਤਕ ਜਾਂ ਦਾਅਪੇਚਕ ਭੁੱਲ ਮੰਨਦੇ ਹੋਏ ਅਤੇ ਗੜਬੜਾਂ ਦੀ ਜੜ੍ਹ ਲੀਡਰਸ਼ਿਪ ਦੇ ਇਸ ਜਾਂ ਉਸ ਵਿਅਕਤੀਤਵ ਵਿੱਚ ਤਲਾਸ਼ਦੇ ਹੋਏ ਇਹ ਭਰਮ ਪਾਲਣ ਦੀ ਜਿੱਦ ‘ਤੇ ਅੜੇ ਰਹੇ ਕਿ ਸਗਰਮਾਥਾ ‘ਤੇ ਇੱਕ ਦਿਨ ਲਾਲ ਝੰਡਾ ਝੂਲ ਕੇ ਰਹੇਗਾ। ਅਜੇ ਵੀ ਏਨੇਕਪਾ (ਮਾਓਵਾਦੀ) ਦੀ ਵੱਡੀ ਚੋਣਾਵੀ ਹਾਰ ਤੋਂ ਦੁਖੀ ਅਜਿਹੇ ਬੁੱਧੀਜੀਵੀ ਪੂਰੀ ਪਾਰਟੀ ਦੇ ਵਿਚਾਰਧਾਰਕ ਪਤਣ ਅਤੇ ਯੁੱਧਨੀਤਕ ਸਮਝੌਤਿਆਂ ‘ਤੇ ਸੋਚਣ ਦੀ ਥਾਂ ਸਾਰੀਆਂ ਗੜਬੜਾਂ ਦੀ ਜੜ੍ਹ ਸਿਰਫ਼ ਇਹ ਮੰਨਦੇ ਹਨ ਕਿ ਫੌਜ ਦੀ ਮਦਦ ਨਾਲ਼ ਵੱਡੇ ਪੱਧਰ ‘ਤੇ ਚੋਣ ਘਪਲਾ ਹੋਇਆ ਹੈ। ਅਜਿਹੀਆਂ ਗੱਲਾਂ ਦਾ ਮਾਰਕਸਵਾਦੀ-ਵਿਗਿਆਨਕ ਵਿਸ਼ਲੇਸ਼ਣ ਨਾਲ਼ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਏਨੇਕਪਾ (ਮਾਓਵਾਦੀ) ਸਾਹਮਣੇ ਫਰਵਰੀ,1917 ਦੇ ਇਨਕਲਾਬ ਤੋਂ ਬਾਅਦ ਕਾਇਮ ਹੋਣ ਤੋਂ ਬਾਅਦ ਆਰਜ਼ੀ ਸਰਕਾਰ ਦੇ ਅਤੇ ਉਸ ਵਿੱਚ ਸ਼ਾਮਲ ਪਾਰਟੀਆਂ ਦੇ ਅਮਲ ਦਾ ਇਤਿਹਾਸ ਸੀ, ਸੰਵਿਧਾਨ ਸਭਾ ਅਤੇ ਸੋਵੀਅਤ ਤੋਂ ਲੈ ਕੇ ਬਾਲਸ਼ਵਿਕ ਪਾਰਟੀ ਦੇ ਅਮਲ ਦਾ ਇਤਿਹਾਸ ਸੀ, ਜਰਮਨੀ ਵਿੱਚ ਇਨਕਲਾਬ ਨੂੰ ਕੁਚਲ ਦਿੱਤੇ ਜਾਣ ਦਾ ਇਤਿਹਾਸ ਸੀ, 1920 ਦੇ ਦਹਾਕੇ ਵਿੱਚ ਕੌਮਿਨਤਾਂਗ ਨਾਲ਼ ਚੀਨ ਦੀ ਕਮਿਉਨਿਸਟ ਪਾਰਟੀ ਦਾ ਸਾਂਝਾ ਮੋਰਚਾ ਬਣਨ ਅਤੇ ਟੁੱਟਣ ਦਾ ਇਤਿਹਾਸ ਸੀ। ਉਸ ਸਾਹਮਣੇ ਇੰਡੋਨੇਸ਼ੀਆ ਦੀ ਪਾਰਟੀ ਦੇ ਸਰਮਾਏਦਾਰਾ ਜਮਹੂਰੀ ਭਰਮਾਂ ਦਾ ਸ਼ਿਕਾਰ ਹੋਣ ਦੀ ਇਤਿਹਾਸਕ ਭੁੱਲ ਅਤੇ ਉਸਦੀ ਕੀਮਤ ਅਦਾ ਕਰਨ ਦਾ ਇਤਿਹਾਸ ਸੀ, ਚਿੱਲੀ ਵਿੱਚ ਅਲੈਂਡੇ ਦੀ ਸੱਤ੍ਹਾ ਦੇ ਫੌਜੀ ਤਖਤਾਪਲਟ ਦਾ ਇਤਿਹਾਸ ਸੀ, ਪਰ ਚੋਣਾਂ ਅਤੇ ਬੁਰਜੂਆ ਜਮਹੂਰੀਅਤ ਬਾਰੇ ਲੈਨਿਨਵਾਦੀ ਸਿੱਟਿਆਂ ਨੂੰ ਸਹੀ ਸਿੱਧ ਕਰਨ ਵਾਲ਼ੀਆਂ ਘਟਨਾਵਾਂ ਤੋਂ ਉਹਨਾਂ ਨੇ ਕੁੱਝ ਵੀ ਨਹੀਂ ਸਿੱਖਿਆ। ਇਹ ਸਵੈ-ਸੱਤ੍ਹਾਵਾਦ ਅਤੇ ਅਤੀ-ਆਤਮਵਿਸ਼ਵਾਸ਼ ਅਤੇ ਵਿਚਾਰਧਾਰਕ ਕਮਜ਼ੋਰੀ ਤੋਂ ਪੈਦਾ ਹੋਇਆ ਸਰਮਾਏਦਾਰਾ ਭਰਮ ਸੀ ਜਾਂ ਸੰਸਦੀ ਜਮਹੂਰੀਅਤ ਦੀ ਖੇਡ ਵਿੱਚ ਲੰਮੇ ਸਮੇਂ ਤੱਕ ਉਲ਼ਝੇ ਰਹਿਣ ਕਾਰਨ ਪਾਰਟੀ ਦੇ ਕਿਰਦਾਰ ਵਿੱਚ ਆਇਆ ਖੁਰਨ ਅਤੇ ਹਿੰਮਤ ਦੀ ਕਮੀ (ਹਾਰ-ਬੋਧ) ਸੀ, ਇਹ ਨਿਸ਼ਚਿਤ ਤੌਰ ‘ਤੇ ਕਹਿਣਾ ਮੁਸ਼ਕਿਲ ਹੈ। ਹੋ ਸਕਦਾ ਹੈ ਕਿ ਇਹ ਸਾਰੇ ਕਾਰਕ ਲੀਡਰਸ਼ਿਪ ਦੇ ਵੱਖ-ਵੱਖ ਵਿਅਕਤੀਆਂ ਵਿੱਚ ਵੱਖ-ਵੱਖ ਰੂਪਾਂ ਅਤੇ ਮਾਤਰਾ ਵਿੱਚ ਮੌਜੂਦ ਹੋਣ। ਵਰਣਨਯੋਗ ਹੈ ਕਿ 2006 ਤੋਂ 2013 ਵਿਚਕਾਰ ਪਾਰਟੀ ਦਾ ਲੈਨਿਨਵਾਦੀ ਢਾਂਚਾ ਅਤੇ ਕਾਰਜਪ੍ਰਣਾਲ਼ੀ ਵੀ ਕ੍ਰਮਵਾਰ ਖਿੰਡਦੇ ਚਲੇ ਗਏ ਸਨ। ਜਮਹੂਰੀ ਕੇਂਦਰਤਾ ਦੇ ਅਧਾਰ ‘ਤੇ ਗਠਨ ਦੀ ਥਾਂ ਪਾਰਟੀ ਦਾ ਢਾਂਚਾ ਸੰਘੀ ਅਤੇ ਢਿੱਲਾ-ਢਾਲਾ ਹੋ ਗਿਆ ਸੀ। ਮੈਂਬਰਸ਼ਿਪ ਦੇ ਮਾਪਦੰਡ ਢਿੱਲੇ ਹੋ ਗਏ ਸਨ। ਪੂਰੀ ਪਾਰਟੀ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਖੁੱਲੀ ਲੋਕ-ਪਾਰਟੀ ਜਿਹੀ ਹੋ ਗਈ ਸੀ। ਵੱਖ-ਵੱਖ ਸੋਧਵਾਦੀ ਪਾਰਟੀਆਂ ਤੋਂ ਟੁੱਟੇ ਧੜਿਆਂ ਨੂੰ ਮਿਲਾ ਕੇ ਤਾਕਤ ਵਧਾ ਲੈਣ ਦੀ ਜਲਦਬਾਜ਼ੀ ਵਿੱਚ ਪਾਰਟੀ ਦੇ ਸਿਆਸੀ ਸੱਭਿਆਚਾਰ ਵਿੱਚ ਤੇਜ਼ੀ ਨਾਲ਼ ਪਤਣ ਆਇਆ ਸੀ। ਚੋਟੀ ਦੀ ਲੀਡਰਸ਼ਿਪ ਵਿੱਚ ਕਈ ਲੋਕ ਵੀ ਆਪਣੀ ਜੀਵਨਸ਼ੈਲੀ ਅਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਦੇ ਦੋਸ਼ਾਂ ਕਰਕੇ ਵਿਵਾਦਪੂਰਣ ਬਣ ਚੁੱਕੇ ਸਨ। ਸਿਆਸੀ ਵਖਰੇਵਿਆਂ ਨੂੰ ਹੱਲ ਕਰਨ ਲਈ ਲਈ ਬਹਿਸ ਅਤੇ ਪਾਰਦਰਸ਼ੀ ਜੱਥੇਬੰਦਕ ਤੌਰ-ਤਰੀਕਿਆਂ ਦੀ ਥਾਂ ਜੋੜ-ਤੋੜ, ਗੁੱਟਬਾਜ਼ੀ ਅਤੇ ਜੱਥੇਬੰਦਕ ਤਿਕੜਮਬਾਜ਼ੀ ਆਮ ਹੋ ਗਈ ਸੀ।

ਆਮ ਤੌਰ ‘ਤੇ ਇਤਿਹਾਸ ਵਿੱਚ ਪਹਿਲਾਂ ਹੀ ਇਹ ਦੇਖਿਆ ਗਿਆ ਹੈ ਕਿ ਕੋਈ ਪਾਰਟੀ ਜੇਕਰ ਆਪਣੇ ”ਖੱਬੇਪੱਖੀ” ਭਟਕਾਅ ਨੂੰ ਹਿੰਮਤੀ ਸਵੈ-ਪੜਚੋਲ ਅਤੇ ਦੋਸ਼-ਨਿਵਾਰਣ ਜ਼ਰੀਏ ਦੂਰ ਨਹੀਂ ਕਰਦੀ ਹੈ, ਤਾਂ ਪੈਂਡੂਲਮ ਫਿਰ ਦੂਜੇ ਸਿਰੇ ਤੱਕ, ਭਾਵ ਸੱਜੇਪੱਖੀ ਭਟਕਾਅ ਤੱਕ ਜਾਂਦਾ ਹੀ ਹੈ। ਏਨੇਕਪਾ (ਮਾਓਵਾਦੀ) ਨਾਲ਼ ਵੀ ਅਜਿਹਾ ਹੀ ਹੋਇਆ। ਪ੍ਰਚੰਡ ਦੀ ਲੀਹ ਵਿੱਚ ਲੋਕਯੁੱਧ ਦੇ ਪੂਰੇ ਦੌਰ ਵਿੱਚ ”ਖੱਬੇਪੱਖੀ” ਭਟਕਾਅ ਇੱਕ ਫੌਜਵਾਦੀ ਲੀਹ ਦੇ ਰੂਪ ਵਿੱਚ ਮੌਜੂਦ ਸੀ, ਸਿਆਸਤ ਉੱਪਰ ਬੰਦੂਕ ਦੀ ਪ੍ਰਧਾਨਤਾ ਸੀ, ਜੁਝਾਰੂ ਕਾਰਕੁੰਨਾਂ ਦੀ ਸਿਆਸੀ ਸਿੱਖਿਆ ‘ਤੇ ਅਤੇ ਉਹਨਾਂ ਨੂੰ ਬਾਲਸ਼ਵਿਕ ਸੱਭਿਆਚਾਰ ਵਿੱਚ ਢਾਲਣ ‘ਤੇ ਜ਼ੋਰ ਬਹੁਤ ਘੱਟ ਸੀ। ਅਜਿਹੀ ਪਾਰਟੀ ਹੁਣ ਸਰਮਾਏਦਾਰਾ ਜਮਹੂਰੀਅਤ ਦੇ ਦਾਅਪੇਚਾਂ ਵਿੱਚ ਉੱਤਰੀ ਤਾਂ ਫਿਰ ਪੂਰੀ ਪਾਰਟੀ ਉਸੇ ਘੁੰਮਣਘੇਰੀ ਵਿੱਚ ਉਲ਼ਝਕੇ ਰਹਿ ਗਈ। 

ਦਿਲਚਸਪ ਗੱਲ ਇਹ ਹੈ ਕਿ ਨੇਕਪਾ (ਮਾਓਵਾਦੀ) ਵਿੱਚ ਮਿਲਣ ਤੋਂ ਪਹਿਲਾਂ ਪ੍ਰਕਾਸ਼ ਉਰਫ਼ ਨਾਰਾਇਣ ਕਾਜ਼ੀ ਸ਼੍ਰੇਸ਼ਠ ਦੀ ਅਗਵਾਈ ਵਾਲ਼ੀ ਨੇਕਪਾ (ਏਕਤਾ ਕੇਂਦਰ-ਮਸ਼ਾਲ) ਪ੍ਰਚੰਡ ਦੀ ਲੀਹ ਦੇ ”ਖੱਬੇਪੱਖੀ” ਭਟਕਾਅ ਦੀ ਅਤੇ ‘ਪ੍ਰਚੰਡ ਰਾਹ’ ਦੇ ਸੂਤਰੀਕਰਨ ਦੀ ਕਾਫ਼ੀ ਹੱਕ ਤੱਕ ਸਹੀ ਪੜਚੋਲ ਰੱਖ ਰਹੀ ਸੀ ਅਤੇ ਇਸ ਭਟਕਾਅ ਦੇ ਦੂਜੇ ਸਿਰੇ ਤੱਕ ਜਾਣ ਦੀਆਂ ਵਜੂਦ ਸਮੋਈਆਂ ਸੰਭਾਵਨਾਵਾਂ ਦੀ ਵੀ ਨਿਸ਼ਾਨਦੇਹੀ ਕਰ ਰਹੀ ਸੀ। ਪਰ ਮੇਲ ਤੋਂ ਬਾਅਦ ਉਸ ਦੀ ਮੁੱਖ ਭੂਮਿਕਾ ਪ੍ਰਚੰਡ ਅਤੇ ਭੱਟਰਾਈ ਗੁੱਟ ਵਿਚਕਾਰ ਸੰਤੁਲਨ ਸਥਾਪਿਤ ਕਰਨ ਦੀ ਰਹਿ ਗਈ ਅਤੇ ਫਿਰ ਪ੍ਰਚੰਡ ਅਤੇ ਭੱਟਰਾਈ ਦੇ ਨਾਲ਼ ਓਨੇ ਹੀ ਜ਼ੋਰ-ਸ਼ੋਰ ਨਾਲ਼ ਨਾਰਾਇਣ ਕਾਜ਼ੀ ਸ਼੍ਰੇਸ਼ਠ ਵੀ ਸੰਸਦੀ ਰਾਹ ਦੇ ਰਾਹੀ ਬਣੇ। ਪਿੱਛਲਝਾਤ ਨਾਲ਼ ਕਿਹਾ ਜਾ ਸਕਦਾ ਹੈ ਕਿ ਪ੍ਰਚੰਡ ਦੀ ਲੀਹ ਦੀ ਮੂਲ ਰੂਪ ਵਿੱਚ ਸਹੀ ਅਲੋਚਨਾ ਕਰਦੇ ਹੋਏ ਵੀ ਨੇਕਪਾ (ਏਕਤਾ ਕੇਂਦਰ-ਮਸ਼ਾਲ) ਵਿੱਚ ਸਹੀ ਇਨਕਲਾਬੀ ਲੋਕ-ਲੀਹ ਦਾ ਬਦਲ ਖੜਾ ਕਰ ਸਕਣ ਦੀ ਸਮਰੱਥਾ ਨਹੀਂ ਸੀ। ਇਸ ਅੰਦਰ ਗੈਰਸਰਗਰਮ ਰੈਡੀਕਲਵਾਦ ਦਾ ਭਟਕਾਅ ਨਿਰਮਲ ਲਾਮਾ ਦੇ ਦੌਰ ਦੀ ਹੀ ਵਿਰਾਸਤ ਸੀ, ਲੋਕ ਲਹਿਰਾਂ ਨਾਲ਼ ਲੰਮੇ ਦੌਰ ਦੀ ਸੰਸਦੀ ਸ਼ਮੂਲੀਅਤ ਨੇ ਇਸ ਭਟਕਾਅ ਨੂੰ ਗੰਭੀਰ ਭਟਕਾਅ ਬਣਾਉਣ ਵਿੱਚ ਗੰਭੀਰ ਭੂਮਿਕਾ ਅਦਾ ਕੀਤੀ, ਪਾਰਟੀ ਵਿੱਚ ਕੁੱਝ ਬੁੱਧੀਜੀਵੀਆਂ ਨੇ ਲੀਡਰਸ਼ਿਪ ਤੱਕ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਨੇਕਪਾ (ਮਾਓਵਾਦੀ) ਨਾਲ਼ ਏਕਤਾ ਕੇਂਦਰ ਦੀ ਏਕਤਾ ਇੱਕ ਮੌਕਾਪ੍ਰਸਤ ਏਕਤਾ ਸੀ, ਜੋ ਬੁਨਿਆਦੀ ਅਸੂਲਾਂ ਨੂੰ ਕਿਨਾਰੇ ਕਰਕੇ ਹੋਈ ਸੀ। ਇਹ ਏਕਤਾ-ਕੇਂਦਰ ਦਾ ਆਤਮ-ਸਮਰਪਣ ਵੱਧ ਸੀ, ਭਾਵੇਂ ਕਿ ਲੋਕ ਯੁੱਧ ਨੂੰ ‘ਯੁੱਧਨੀਤਕ ਹਮਲੇ’ ਦੀ ਮੰਜਿਲ ਤੱਕ ਪਹੁੰਚ ਜਾਣ ਦੇ ਅਤੀ-ਉਤਸ਼ਾਹੀ ਐਲਾਨ ਤੋਂ ਬਾਅਦ ਉਸ ਸਮੇਂ ਤੱਕ ਪ੍ਰਚੰਡ ਨੂੰ ਵੀ ਲੱਗਣ ਲੱਗਾ ਸੀ ਕਿ ਕਾਠਮੰਡੂ ਤੱਕ ਪਹੁੰਚਣਾ ਏਨਾ ਅਸਾਨ ਨਹੀਂ ਹੈ, ਘੋਲ਼ ਵਿੱਚ ਖੜੋਤ ਆਉਣ ਲੱਗੀ ਸੀ ਅਤੇ ਹਾਕਮ ਜਮਾਤ ਦੀਆਂ ਪਾਰਟੀਆਂ ਨਾਲ਼ ਸਮਝੌਤਾ ਅਤੇ ਸੰਵਿਧਾਨ ਸਭਾ ਦੀਆਂ ਚੋਣਾਂ ਵਿੱਚ ਉੱਤਰਨਾ ਨੇਕਪਾ (ਮਾਓਵਾਦੀ) ਨੂੰ ਇੱਕੋ-ਇੱਕ ਬਦਲ ਦਿਖਣ ਲੱਗਾ ਸੀ। ਪਹਿਲੀ ਸੰਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਨੇਕਪਾ (ਮਾਓਵਾਦੀ) ਦੀ ਲੋਕਪ੍ਰਿਅਤਾ ਦੀ ਲਹਿਰ ਦੇ ਨਤੀਜੇ ਮਿਲ਼ ਚੁੱਕੇ ਸਨ। ਏਕਤਾ ਕੇਂਦਰ ਨੇ ਇਨ੍ਹਾਂ ਹਾਲਤਾਂ ਵਿੱਚ ਏਕਤਾ ਦਾ ਰਾਹ ਚੁਣਿਆ। ਇਸ ਮੌਕਾਪ੍ਰਸਤੀ ਪਿੱਛੇ ਨਾਰਾਇਣ ਕਾਜ਼ੀ ਸ਼੍ਰੇਸ਼ਠ ਦੀ ਅਤੇ ਉਨ੍ਹਾਂ ਦੀ ਜੱਥੇਬੰਦੀ ਦੀਆਂ ਜੋ ਕਮਜ਼ੋਰੀਆਂ ਸਨ, ਉਹ ਸਭ ਤੋਂ ਵੱਧ ਨੰਗੇ ਰੂਪ ਵਿੱਚ ਸਾਹਮਣੇ ਆਈਆਂ ਜਦੋਂ ਪ੍ਰਚੰਡ ਅਤੇ ਭੱਟਰਾਈ ਨਾਲ਼ ਉਹ ਸੰਸਦੀ ਰਾਹ ਦੇ ਤੀਜੇ ਪ੍ਰਮੁੱਖ ਨੁੰਮਾਇੰਦੇ ਦੇ ਰੂਪ ਵਿੱਚ ਸਾਹਮਣੇ ਆਏ।

ਜ਼ਰੂਰ ਹੀ ਅੱਜ, ਕਿਰਨ ਵੈਦਯ, ਗੇਜੁਰੇਲ, ਬਾਦਲ ਆਦਿ ਦੇ ਧੜੇ ਨੇ ਏਨੇਕਪਾ (ਮਾਓਵਾਦੀ) ਦੇ ਸੋਧਵਾਦ ਦਾ ਵਿਰੋਧ ਕਰਦੇ ਹੋਏ ਪੁਰਾਣੇ ਜੁਝਾਰੂ ਜੱਥੇਬੰਦਕਾਂ-ਕਾਰਕੁੰਨਾਂ ਦੇ ਇੱਕ ਵੱਡੇ ਹਿੱਸੇ ਨੂੰ ਨੇਕਪਾ (ਮਾਓਵਾਦੀ) ਦਾ ਮੁੜ-ਗਠਨ ਕਰਕੇ ਜੱਥੇਬੰਦ ਕਰ ਲਿਆ ਹੈ। ਅੱਜ ਇਹ ਜੱਥੇਬੰਦੀ ਏਨੇਕਪਾ (ਮਾਓਵਾਦੀ) ਨੂੰ ਨੇਕਪਾ (ਏ.ਮਾ.ਲੇ.) ਜਿਹੀ ਹੀ ਸੋਧਵਾਦੀ ਮੰਨਦੀ ਹੈ, ਪਰ ਅਜੇ ਇਹ ਉਮੀਦ ਰੱਖਣ ਦਾ ਕੋਈ ਅਧਾਰ ਨਹੀਂ ਦਿਖਦਾ ਕਿ ਇਹ ਪਾਰਟੀ ਪਿਛਾਖੜ ਅਤੇ ਖਿੰਡਾਅ ਦਾ ਸ਼ਿਕਾਰ ਨੇਪਾਲੀ ਇਨਕਲਾਬ ਦੀ ਧਾਰਾ ਨੂੰ ਨਜ਼ਦੀਕ ਭਵਿੱਖ ਵਿੱਚ ਜਲਦੀ ਅੱਗੇ ਵੱਲ ਗਤੀ ਦੇ ਸਕੇਗੀ। ਇਸ ਸ਼ੰਕਾ ਪਿੱਛੇ ਬਾਹਰਮੁਖੀ ਤੋਂ ਵੱਧ ਅੰਤਰਮੁਖੀ ਕਾਰਕਾਂ ਦੀ ਭੂਮਿਕਾ ਹੈ। ਯਾਦ ਰੱਖਣ ਯੋਗ ਹੈ ਕਿ ‘ਪ੍ਰਚੰਡ ਰਾਹ’ ਦੇ ਇੱਕ ਉਤਸ਼ਾਹੀ ਪੈਰੋਕਾਰ ਕਿਰਨ ਵੈਦਯ ਲੰਮੇ ਸਮੇਂ ਤੱਕ ਰਹੇ ਹਨ। ਪਾਰਟੀ ਜਦੋਂ ਇੱਕ ਪਾਸੇ ਧੜੇਬੰਦੀ ਦਾ ਸ਼ਿਕਾਰ ਸੀ ਅਤੇ ਦੂਜੇ ਪਾਸੇ ਸੰਸਦੀ ਭਟਕਾਅ ਵੱਲ ਤੇਜ਼ੀ ਨਾਲ਼ ਤਿਲਕ ਰਹੀ ਸੀ, ਉਸ ਸਮੇਂ ਬੁਨਿਆਦੀ ਵਿਚਾਰਧਾਰਕ ਸਵਾਲ ਉਠਾਉਣ ਦੀ ਥਾਂ ਕਿਰਨ ਵੈਦਯ ਵੀ ਜੱਥੇਬੰਦਕ ਜੋੜ-ਤੋੜ ਵਿੱਚ ਹੀ ਰੁੱਝੇ ਸਨ। ਪ੍ਰਚੰਡ ਜਿਸ ਸਮੇਂ ਬਹੁ-ਪਾਰਟੀ ਸੰਸਦੀ ਪ੍ਰਣਾਲੀ ਦੀ ਗੱਲ ਨੂੰ ਅੱਗੇ ਵਧਾਉਂੇਦੇ ਹੋਏ ਮਜ਼ਦੂਰ ਤਾਨਾਸ਼ਾਹੀ ਦੀ ਬੁਨਿਆਦੀ ਧਾਰਨਾ ਨੂੰ ”ਸੋਧ” ਰਹੇ ਸਨ, ਉਸ ਸਮੇਂ ਵੀ ਕਿਰਨ ਵੈਦਯ ਵੱਲੋਂ ਵਿਰੋਧ ਤਿੱਖਾ ਨਹੀਂ ਸੀ। ਵਿਰੋਧ ਸਭ ਤੋਂ ਵੱਧ ਤਿੱਖਾ ਹੋ ਕੇ ‘ਲੋਕਾਂ ਦੀ ਜਮਹੂਰੀਅਤ’ ਬਨਾਮ ‘ਸੰਘੀ ਜਮਹੂਰੀਅਤ’ ਦੀ ਬਹਿਸ ਦੌਰਾਨ ਸਾਹਮਣੇ ਆਇਆ ਅਤੇ ਉਸ ਨੂੰ ਵੀ ਕਿਰਨ ਵੈਦਯ ਨੇ ਸਮਝੌਤਾ ਫਾਰਮੂਲੇ ਤਹਿਤ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਧੜੇ ਦੀ ਪਹੁੰਚ ਬੁਨਿਆਦੀ ਵਿਚਾਰਧਾਰਕ ਮਸਿਲਆਂ ਨੂੰ ਵੀ ਮੁੱਖ ਤੌਰ ‘ਤੇ ‘ਜੱਥੇਬੰਦੀ ਨੂੰ ਕਮਾਂਡ ਵਿੱਚ ਰੱਖਣ’ ਦੇ ਨਜ਼ਰੀਏ ਤੋਂ ਹੱਲ ਕਰਨ ਦਾ ਰਿਹਾ। ਅਜੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਇਸ ਮੁੜ-ਗਠਿਤ ਪਾਰਟੀ ਦੀ ਯੁੱਧਨੀਤੀ ਅਤੇ ਕਾਰਜ-ਯੋਜਨਾ ਕੀ ਹੈ?

ਅੱਜ ਦੀਆਂ ਸੰਸਾਰ ਹਾਲਤਾਂ ਅਤੇ ਨੇਪਾਲ ਦੀਆਂ ਠੋਸ ਹਾਲਤਾਂ ਵਿੱਚ, ਨੇਪਾਲ ਦਾ ਲੋਕ ਜਮਹੂਰੀ ਇਨਕਲਾਬ ਦਾ ਰਾਹ ਪਹਿਲਾਂ ਹੀ ਲੰਮਾ ਅਤੇ ਔਖਾ ਸੀ। ਸ਼ੁਰੂਆਤੀ ਦੌਰ ਦੀਆਂ ਸਫ਼ਲਤਾਵਾਂ ਤੋਂ ਪੈਦਾ ਹੋਈ ਅਤੀਉਤਸ਼ਾਹੀ ਜਲਦਬਾਜ਼ੀ ਵਿੱਚ ਵਿਚਾਰਧਾਰਕ ਰੂਪ ਵਿੱਚ ਕਮਜ਼ੋਰ ਪਾਰਟੀ ਨੇ ਲਮਕਵੇਂ ਲੋਕ ਯੁੱਧ ਦੇ ਲੰਮੇ ਰਸਤੇ ਨੂੰ ਛੋਟਾ ਕਰਨ ਦੀ ਗਲਤੀ ਕੀਤੀ ਅਤੇ ਇਸ ਗਲਤੀ ਦੇ ਅਹਿਸਾਸ ਤੋਂ ਬਾਅਦ, ਸਮਝੌਤੇ ਅਤੇ ਚੋਣਾਂ ਦੇ ਚੱਕਰ ਵਿੱਚ ਉੱਤਰਕੇ ਸੰਸਦੀ ਭਰਮਾਂ ਦਾ ਸ਼ਿਕਾਰ ਹੋ ਗਈ। ਕਿਹਾ ਜਾ ਸਕਦਾ ਹੈ ਕਿ ਸਾਮਰਾਜਵਾਦੀ ਤਾਕਤਾਂ, ਭਾਰਤੀ ਗਲਬਾਵਾਦੀਆਂ ਅਤੇ ਨੇਪਾਲੀ ਹਾਕਮ ਜਮਾਤਾਂ ਨੇ ਆਪਣੀ ਖੇਡ ਵੱਧ ਹੁੰਨਰਮੰਦੀ ਅਤੇ ਸਬਰ ਨਾਲ਼ ਖੇਡੀ ਅਤੇ ਜ਼ਬਰ ਦੀ ਥਾਂ ਮਜ਼ਦੂਰ ਇਨਕਲਾਬ ਦੀ ਹਿਰਾਵਲ ਤਾਕਤ ਦੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ ਉਸਨੂੰ ਖਿੰਡਾਉਣ ਨਾਲ਼ ਆਪਣੇ ਮਕਸਦ ਵਿੱਚ ਕਾਮਯਾਬੀ ਹਾਸਲ ਕੀਤੀ।

ਨੇਪਾਲੀ ਲੋਕ ਅਤੇ ਕਮਿਉਨਿਸਟ ਸਫ਼ਾਂ ਵਿੱਚ ਅੱਜ ਨਿਰਾਸ਼ਾ ਫੈਲੀ ਹੋਈ ਹੈ। ਪਰ ਮੁਕਤੀ ਦੀਆਂ ਅਕਾਂਖਿਆਵਾਂ ਅਜੇ ਮਰੀਆਂ ਨਹੀਂ ਹਨ। ਮਰ ਵੀ ਨਹੀਂ ਸਕਦੀਆਂ। ਅਜੇ ਵੀ ਵੱਖ-ਵੱਖ ਜੱਥੇਬੰਦੀਆਂ ਵਿੱਚ ਇਨਕਲਾਬੀ ਕਮਿਉਨਿਸਟ ਕਾਰਕੁੰਨ ਮੌਜੂਦ ਹਨ। ਜ਼ਰੂਰਤ ਹੈ ਇੱਕ ਅਜਿਹੀ ਲੀਡਰਸ਼ਿਪ ਦੀ, ਜਿਸ ਵਿੱਚ ਬੀਤੇ ਸਮੇਂ ਦੇ ਇਤਿਹਾਸ ਦਾ ਹਿੰਮਤ ਨਾਲ਼ ਨਿਚੋੜ ਕੱਢਣ ਅਤੇ ਸਫਾਂ ਸਾਹਮਣੇ ਰੱਖਣ ਦੀ ਹਿੰਮਤ ਹੋਵੇ, ਜੋ ਨੇਪਾਲੀ ਇਨਕਲਾਬ ਨੂੰ ਮੁੜ-ਜੱਥੇਬੰਦ ਕਰਨ ਦੀ ਇੱਕ ਸਪੱਸ਼ਟ ਕਾਰਜ-ਯੋਜਨਾ ਪੇਸ਼ ਕਰ ਸਕੇ, ਜੋ ਨਵੇਂ ਸਿਰੇ ਤੋਂ ਬਾਲਸ਼ਵਿਕ ਸਾਂਚੇ-ਢਾਂਚੇ ਵਿੱਚ ਢਲ਼ੀ, ਵਿਚਾਰਧਾਰਕ ਪੱਖ ‘ਤੇ ਸਭ ਤੋਂ ਵੱਧ ਜ਼ੋਰ ਦੇਣ ਵਾਲ਼ੀ ਪਾਰਟੀ ਦੀ ਮੁੜ-ਉਸਾਰੀ ਦੀ ਬੇਹੱਦ ਔਖੀ ਕੋਸ਼ਿਸ਼ ਵਿੱਚ ਲੱਗ ਜਾਣ ਦੀ ਹਿੰਮਤ ਰੱਖਦੀ ਹੋਵੇ।

ਇੱਕ ਨਵੀ ਸ਼ੁਰੂਆਤ ਕਾਫ਼ੀ ਪਿੱਛੇ ਮੁੜ ਕੇ ਕਰਨੀ ਹੋਵੇਗੀ। ਇਸਦੇ ਲਈ ਧਾਰਾ ਵਿਰੁੱਧ ਤੈਰਨ ਦੀ ਹਿੰਮਤ ਰੱਖਣ ਵਾਲ਼ੀ ਇੱਕ ਅਸਲ ਮਾਓਵਾਦੀ ਲੀਡਰਸ਼ਿਪ ਦੀ ਜ਼ਰੂਰਤ ਹੋਵੇਗੀ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 24, ਜਨਵਰੀ 2014 ਵਿਚ ਪ੍ਰਕਾਸ਼ਿ

Leave a comment