ਨਾਵਲ ‘ਧਰਤੀ ਧਨ ਨਾ ਆਪਣਾ’ ਅਤੇ ‘ਨਰਕਕੁੰਡ ਵਿੱਚ ਵਾਸਾ’ : ਦਲਿਤ ਸਮਾਜ ਦੀ ਆਰਥਿਕ ਤੇ ਸੱਭਿਆਚਾਰਕ ਗੁਲਾਮੀ ਅਤੇ ਜੀਵਨ-ਤਰਾਸਦੀਆਂ ਦੇ ਦਸਤਾਵੇਜ਼ •ਸਵਜੀਤ

9

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਜਾਤ-ਪਾਤ ਦੀ ਪ੍ਰਣਾਲੀ ਭਾਰਤੀ ਸੱਭਿਆਚਾਰ ਦੀ ਇੱਕ ਵਿਲੱਖਣ ਸੰਸਥਾ ਰਹੀ ਹੈ। ਸਦੀਆਂ ਤੋਂ ਭਾਰਤ ਦੀ ਵੱਡੀ ਗਿਣਤੀ ਵਸੋਂ ਇਸ ਜਾਤ-ਪਾਤੀ ਦਾਬੇ, ਲੁੱਟ, ਜਬਰ ਅਤੇ ਜੁਲਮਾਂ ਤੋਂ ਪੀੜਤ ਰਹੀ ਹੈ। ਬੇਸ਼ੱਕ ਟਾਕਰਾ ਜਾਂ ਵਿਰੋਧ ਵੀ ਲੁੱਟ ਅਤੇ ਜੁਲਮ ਦੇ ਨਾਲ਼ ਨਾਲ਼ ਹੀ ਚੱਲਦਾ ਰਿਹਾ ਹੈ, ਕਿਤੇ ਮੱਠੇ ਅਤੇ ਕਿਤੇ ਭੜਕੇ ਹੋਏ ਰੂਪ ਵਿੱਚ। ਭਾਰਤੀ ਕਲਾ ਅਤੇ ਸਾਹਿਤ ਵਿੱਚ ਜਾਤ-ਪਾਤ ਦੇ ਪਰਦੇ ਹੇਠ ਕੀਤੇ ਜਾਂਦੇ ਅਣਮਨੁੱਖੀ ਤਸ਼ੱਦਦਾਂ ਦੇ ਵਰਣਨ ਦੇ ਨਾਲ਼-ਨਾਲ਼ ਇਸ ਕੋਹੜ ਖਿਲਾਫ਼ ਰੋਹ ਦੇ ਸੁਰ ਵੀ ਥਾਂ-ਪੁਰ-ਥਾਂ ਮਿਲ਼ ਜਾਂਦੇ ਹਨ। ਬਹੁਤ ਸਾਰੇ ਭਾਰਤੀ ਲੇਖਕਾਂ, ਕਵੀਆਂ ਨੇ ਇਸ ਕੁਰੀਤੀ ਬਾਰੇ ਜਾਂ ਇਸਦੇ ਖਿਲਾਫ਼ ਬੋਲਿਆ ਲਿਖਿਆ ਹੈ। ਭਗਤੀ ਕਾਲ ਵੇਲ਼ੇ ਭਗਤ ਕਬੀਰ, ਰਵੀਦਾਸ ਆਦਿ ਅਤੇ ਫਿਰ ਸੂਫ਼ੀ ਪ੍ਰੰਪਰਾ ਦੇ ਵਾਰਿਸ ਬਾਬਾ ਫਰੀਦ, ਬੁੱਲੇਸ਼ਾਹ ਵਰਗੇ ਲਿਖਾਰੀਆਂ ਤੇ ਸਿੱਖ ਗੁਰੂਆਂ ਨੇ ਸਮੇਂ-ਸਮੇਂ ’ਤੇ ਅਜਿਹੀਆਂ ਕੁਰੀਤੀਆਂ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਹੈ। ਅਜ਼ਾਦੀ ਤੋਂ ਪਹਿਲਾਂ ਹਿੰਦੀ ਸਾਹਿਤ ਵਿੱਚ ਇਸ ਵਿਸ਼ੇ ’ਤੇ ਜਿੰਨਾ ਵੀ ਲਿਖਿਆ ਗਿਆ ਉਸ ਵਿੱਚ ਪ੍ਰੇਮਚੰਦ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਪ੍ਰੇਮਚੰਦ ਨੇ ‘ਕਫ਼ਨ’ ਅਤੇ ‘ਸਦਗਤੀ’ ਜਿਹੀਆਂ ਅਮਰ ਰਚਨਾਵਾਂ ਹਿੰਦੀ ਸਾਹਿਤ ਦੀ ਝੋਲੀ ਪਾਈਆਂ। ਅਜ਼ਾਦੀ ਤੋਂ ਬਾਅਦ ਭਾਰਤੀ ਸਮਾਜ ਦੇ ਇਸ ਰਿਸਦੇ ਜ਼ਖ਼ਮ ’ਤੇ ਚਾਨਣਾ ਪਾਉਣ ਵਾਲ਼ੇ ਲੇਖਕਾਂ ਵਿੱਚ ਜਗਦੀਸ਼ ਚੰਦਰ ਮੂਹਰਲੀ ਕਤਾਰ ਦਾ ਲੇਖਕ ਹੈ।

ਜਗਦੀਸ਼ ਚੰਦਰ ਦਾ ਜਨਮ 23 ਨਵੰਬਰ 1927 ਨੂੰ ਪੰਜਾਬ ਦੇ ਦੁਆਬੇ ’ਚ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਘੋੜੇਵਾਹਾ ਵਿੱਚ ਹੋਇਆ। ਡੀਏਵੀ ਕਾਲਜ ਜਲੰਧਰ ਤੋਂ ਅਰਥ ਸਾਸ਼ਤਰ ਵਿੱਚ ਐੱਮ ਏ ਕਰਨ ਤੋਂ ਬਾਅਦ ਰੇਡਿਓ ਅਕਾਸ਼ਬਾਣੀ ਵਿੱਚ ਨੌਕਰੀ ਕੀਤੀ। 1978 ਵਿੱਚ ਉਹ ਦੂਰਦਰਸ਼ਨ ਦੇ ਖਬਰਾਂ ਵਾਲ਼ੇ ਵਿਭਾਗ ਵਿੱਚ ਕੰਮ ਕਰਨ ਲੱਗੇ ਅਤੇ ਫਿਰ ਉੱਥੋਂ ਹੀ ਸੇਵਾਮੁਕਤ ਹੋਏ। ਜਗਦੀਸ਼ ਚੰਦਰ ਨੇ ਆਪਣੇ ਸਾਹਿਤਕ ਸਫ਼ਰ ਵਿੱਚ ਕਈ ਕਹਾਣੀਆਂ ਅਤੇ ਨਾਵਲ ਲਿਖੇ। ਉਹਨਾਂ ਦੀ ਪਹਿਲੀ ਕਹਾਣੀ ‘ਆਪਣਾ ਘਰ’ 1950 ਵਿੱਚ ਛਪੀ। ਫਿਰ 1966 ਵਿੱਚ ‘ਯਾਦਾਂ ਦਾ ਪਹਾੜ’, ‘ਧਰਤੀ ਧਨ ਨਾ ਆਪਣਾ’ (1972), ‘ਅੱਧਾ ਪੁਲ਼’ (1973), ‘ਕਭੀ ਨਾ ਛੋੜੇਂ ਖੇਤ’ (1976), ‘ਮੁੱਠੀ ਭਰ ਕੰਕਰ’ (1976), ‘ਟੁੰਡਾ ਲਾਟ’ (1978), ‘ਘਾਸ ਗੋਦਾਮ’ (1985), ‘ਨਰਕਕੁੰਡ ਮੇਂ ਵਾਸ’ (1994) ਨਾਵਲ ਛਪੇ। ਉਹਨਾਂ ਦਾ ਕਹਾਣੀ ਸੰਗਿ੍ਰਹ ‘ਪਹਿਲੀ ਰਪਟ’ 1982 ਵਿੱਚ ਪ੍ਰਕਾਸ਼ਿਤ ਹੋਇਆ। 10 ਅਪ੍ਰੈਲ 1996 ਨੂੰ ਜਲੰਧਰ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ 2000 ਵਿੱਚ ਨਾਵਲ ‘ਲਾਟ ਦੀ ਵਾਪਸੀ’ ਅਤੇ 2001 ਵਿੱਚ ‘ਜ਼ਮੀਨ ਅਪਨੀ ਤੋ ਥੀ’ ਅਤੇ ‘ਸ਼ਤਾਬਦੀਓਂ ਕਾ ਦਰਦ’ (ਅਧੂਰਾ ਨਾਵਲ) ਪ੍ਰਕਾਸ਼ਿਤ ਹੋਏ।

ਜਗਦੀਸ਼ ਚੰਦਰ ਨੇ ਆਪਣੀਆਂ ਰਚਨਾਵਾਂ ਵਿੱਚ ਅਜ਼ਾਦੀ ਤੋਂ ਬਾਅਦ ਦੇ ਪਹਿਲੇ ਦੋ ਢਾਈ ਦਹਾਕਿਆਂ ਦੇ ਪੰਜਾਬ ਦੇ ਕਿਸਾਨੀ ਜੀਵਨ ਅਤੇ ਬੇਜ਼ਮੀਨੇ ਦਲਿਤ ਸਮਾਜ ਦੀ ਤਰਾਸਦੀ ਨੂੰ ਚਿਤਰਿਆ ਹੈ। ‘ਕਭੀ ਨਾ ਛੋੜੇਂ ਖੇਤ’ ਜਿੱਥੇ ਦੁਆਬੇ ਦੇ ਪਿੰਡਾਂ ਦੇ ਜੱਟ ਭਾਈਚਾਰੇ ਦੇ ਜੀਵਨ ਦੇ ਵੱਖ-ਵੱਖ ਪੱਖਾਂ ਉੱਤੇ ਝਾਤ ਪਾਉਂਦਾ ਹੈ, ਉੱਥੇ ‘ਧਰਤੀ ਧਨ ਨਾ ਅਪਨਾ’, ‘ਨਰਕਕੁੰਡ ਮੇਂ ਵਾਸ’ ਅਤੇ ‘ਜ਼ਮੀਨ ਅਪਨੀ ਤੋ ਥੀ’ ਬੇਜ਼ਮੀਨੇ ਪੇਂਡੂ ਦਲਿਤ ਖੇਤ ਮਜ਼ਦੂਰਾਂ ਅਤੇ ਦਲਿਤ ਸੱਨਅਤੀ ਮਜ਼ਦੂਰਾਂ ਤੇ ਕਿਰਤੀਆਂ ਦੀ ਹੋਣੀ ਅਤੇ ਤਰਾਸਦੀ ਦਾ ਬਰੀਕ ਚਿਤਰਣ ਕਰਦਾ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ ਕਹੀਏ ਤਾਂ, ‘‘ਮੈਂ ਹਰ ਸਾਲ ਇਹ ਹੀ ਦੇਖਦਾ ਕਿ ਪਿੰਡ ਵਿੱਚ ਰਵਾਇਤਾਂ ਦੀਆਂ ਸੀਮਾਵਾਂ ਟੁੱਟਣੀਆਂ ਤਾਂ ਦੂਰ ਦੀ ਗੱਲ ਹੈ, ਸਗੋਂ ਉਹਨਾਂ ਦੀ ਜਕੜ ਦਿਨੋ ਦਿਨ ਪੀਡੀ ਹੁੰਦੀ ਜਾ ਰਹੀ ਸੀ। ਅਰਥ ਸਾਸ਼ਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਸ ਭੈੜੀ ਸਮਾਜਿਕ ਸਥਿਤੀ ਪਿੱਛੇ ਲੁਕੇ ਆਰਥਕ ਕਾਰਨਾਂ ਦਾ ਵੀ ਪਤਾ ਲੱਗਣ ਲੱਗਿਆ। ਮੈਂ ਉਹ ਸਭ ਕੁਝ ਦੇਖ ਕੇ ਬਹੁਤ ਬੇਚੈਨ ਹੁੰਦਾ ਸੀ ਕਿ ਆਰਥਕ ਥੁੜਾਂ ਦੀ ਚੱਕੀ ਵਿੱਚ ਪਿਸ ਰਹੇ ਦਲਿਤ ਅਜੇ ਵੀ ਮੱਧਕਲੀਨੀ ਤਕਲੀਫਾਂ ਨੂੰ ਭੋਗ ਰਹੇ ਹਨ। ਜਿਸ ਜ਼ਮੀਨ ’ਤੇ ਉਹ ਰਹਿੰਦੇ ਸਨ, ਜਿਸ ਜ਼ਮੀਨ ਨੂੰ ਉਹ ਵਾਹੁੰਦੇ ਸਨ, ਇੱਥੋਂ ਤੱਕ ਕਿ ਜਿਹਨਾਂ ਛੱਪਰਾਂ ਵਿੱਚ ਉਹ ਰਹਿੰਦੇ ਸਨ, ਕੁਝ ਵੀ ਉਹਨਾਂ ਦਾ ਨਹੀਂ ਸੀ। ਇਹਨਾਂ ਹੀ ਗੱਲਾਂ ਨੂੰ ਦੇਖ ਕੇ ਮੇਰੇ ਕਿਸ਼ੋਰ ਮਨ ਦੀ ਵੇਦਨਾ ਇੱਕਦਮ ਸਾਰੇ ਬੰਧਨ ਤੋੜ ਕੇ ਫੁੱਟ ਪਈ ਅਤੇ ਮੈਂ ਅਣਗੌਲੇ ਦਲਿਤਾਂ ਦੇ ਜੀਵਨ ਨੂੰ ਚਿਤਰਨ ਦਾ ਫੈਸਲਾ ਕਰ ਲਿਆ। ਇਹ ਨਾਵਲ (ਧਰਤੀ ਧਨ ਨਾ ਆਪਣਾ) ਲਿਖਣ ਦਾ ਪ੍ਰੇਰਨਾ-ਬਿੰਦੂ ਇਹੀ ਸੀ।’’

ਜਗਦੀਸ਼ ਚੰਦਰ ਨੇ ਦਲਿਤਾਂ ਦੇ ਜੀਵਨ ਨੂੰ ਕੇਂਦਰ ਬਿੰਦੂ ਬਣਾ ਕੇ ਜਿਹੜਾ ਨਾਵਲ ਸ਼ੁਰੂ ਕੀਤਾ ਉਹ ਹੌਲ਼ੀ ਹੌਲ਼ੀ ਵਧ ਕੇ ਤਿੰਨ ਨਾਵਲਾਂ ਤੱਕ ਫੈਲ ਗਿਆ। ‘ਧਰਤੀ ਧਨ ਨਾ ਅਪਨਾ’ ਤੋਂ ਬਾਅਦ ‘ਨਰਕਕੁੰਡ ਮੇਂ ਵਾਸ’ ਨਾਵਲ ਇਸੇ ਕਹਾਣੀ ਨੂੰ ਹੋਰ ਅੱਗੇ ਤੋਰਦਾ ਹੈ ਅਤੇ ਫਿਰ ‘ਜ਼ਮੀਨ ਅਪਨੀ ਤੋ ਥੀ’ ਨਾਵਲ ਇਸ ਕਹਾਣੀ ਨੂੰ ਅੰਤ ਤੱਕ ਲੈ ਜਾਂਦਾ ਹੈ। ਜਗਦੀਸ਼ ਚੰਦਰ ਦੇ ਨਾਵਲਾਂ ਦੀ ਇਸ ਤਿੱਕੜੀ ਨੂੰ ਉਸਦੀ ਸ਼ਾਹਕਾਰ ਰਚਨਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।

ਧਰਤੀ ਧਨ ਨਾ ਆਪਣਾ

‘‘ਮੇਰਾ ਇਹ ਨਾਵਲ ਮੇਰੀਆਂ ਕੁਝ ਕਿਸ਼ੋਰ ਉਮਰ ਦੀਆਂ ਨਾ ਭੁੱਲਣਯੋਗ ਯਾਦਾਂ ਅਤੇ ਉਹਨਾਂ ਦੇ ਪੱਲ਼ੇ ਵਿੱਚ ਲੁਕੀ ਇੱਕ ਬੇਕਾਬੂ ਵੇਦਨਾ ਦੀ ਉਪਜ ਹੈ।’’ ਨਾਵਲ ਦੇ ਮੁੱਖ-ਬੰਧ ਵਿੱਚ ਲੇਖਕ ਲਿਖਦਾ ਹੈ।

ਇਹ ਨਾਵਲ ਅਜ਼ਾਦੀ ਤੋਂ ਦੋ ਦਹਾਕੇ ਬਾਅਦ ਦੇ ਪੰਜਾਬ ਦੇ ਦੁਆਬੇ ਇਲਾਕੇ ਦੇ ਇੱਕ ਪਿੰਡ ਦੇ ਦਲਿਤ ਖੇਤ ਮਜ਼ਦੂਰਾਂ ਅਤੇ ਜ਼ਿਮੀਦਾਰਾਂ-ਚੌਧਰੀਆਂ ਦੇ ਜੀਵਨ, ਆਪਸੀ ਸਬੰਧਾਂ, ਟਕਰਾਵਾਂ, ਦਲਿਤ ਮਜ਼ਦੂਰਾਂ ਦੀ ਆਰਥਕ, ਮਾਨਸਿਕ ਅਤੇ ਸੱਭਿਆਚਾਰਕ ਲੁੱਟ-ਖਸੁੱਟ, ਅਤੇ ਜਮਾਤੀ ਤੇ ਜਾਤ-ਪਾਤੀ ਦਾਬੇ ਅਤੇ ਜ਼ੁਲਮ ਦੀ ਕਹਾਣੀ ਕਹਿੰਦਾ ਹੈ। ਨਾਵਲ ਦਾ ਨਾਇਕ ਕਾਲ਼ੀ ਛੇ ਸਾਲ ਕਾਨਪੁਰ ਵਿੱਚ ਕੰਮ ਕਰਨ ਤੋਂ ਬਾਅਦ ਪਿੰਡ ਪਰਤਦਾ ਹੈ। ਪਿੰਡ ਪਰਤਣ ਪਿੱਛੇ ਉਸਦੀ ਮਨਸ਼ਾ ਆਪਣੀ ਚਾਚੀ ਦੀ ਦੇਖਭਾਲ ਕਰਨਾ ਅਤੇ ਆਪਣੇ ਕੋਠੇ ਨੂੰ ਪੱਕੇ ਘਰ ਵਿੱਚ ਤਬਦੀਲ ਕਰਨਾ ਹੈ। ਕਾਲ਼ੀ ਇੱਕ ਮਿਹਨਤੀ ਨੌਜਵਾਨ ਹੈ ਜਿਸਦੇ ਮਾਤਾ-ਪਿਤਾ ਛੋਟੀ ਉਮਰੇ ਹੀ ਉਸਨੂੰ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਉਸਦੀ ਚਾਚੀ ਨੇ ਹੀ ਉਸਨੂੰ ਪਾਲ਼ਿਆ-ਪੋਸਿਆ ਹੈ। ਕਾਲ਼ੀ ਥੋੜੇ ਜਿਹੇ ਪੈਸੇ ਕਮਾ ਕੇ ਵਾਪਸ ਪਰਤਿਆ ਹੈ ਤੇ ਉਸਦੀ ਇੱਛਾ ਹੈ ਕਿ ਉਹ ਆਪਣੀ ਮਾਂ ਸਮਾਨ ਚਾਚੀ ਦੀ ਸੇਵਾ ਕਰੇ ਅਤੇ ਚਮਾਰਲ਼ੀ (ਦਲਿਤਾਂ ਦਾ ਮੁਹੱਲਾ) ਵਿੱਚ ਇੱਕ ਪੱਕਾ ਮਕਾਨ ਖੜ੍ਹਾ ਕਰੇ। ਪਿੰਡ ਵਿੱਚ ਜਿੰਨੇ ਵੀ ਪੱਕੇ ਮਕਾਨ ਹਨ ਉਹ ਸਾਰੇ ਜ਼ਿਮੀਦਾਰਾਂ ਜਾਂ ਸ਼ਾਹਾਂ ਦੇ ਹਨ। ਚਮਾਰਲੀ ਵਿੱਚ ਅਜੇ ਤੱਕ ਕੋਈ ਵੀ ਪੱਕਾ ਮਕਾਨ ਨਹੀਂ ਬਣਾ ਸਕਿਆ। ਕਾਲ਼ੀ ਦੁਆਰਾ ਪੱਕਾ ਮਕਾਨ ਬਣਾਉਣ ਦਾ ਐਲਾਨ ਪਿੰਡ ਦੇ ਜ਼ਿਮੀਦਾਰਾਂ ਨੂੰ ਇੱਕ ਤਰ੍ਹਾਂ ਨਾਲ਼ ਵੰਗਾਰ ਜਾਪਦਾ ਹੈ। ਪੱਕੇ ਮਕਾਨ ਦਾ ਇਹ ਸੁਪਨਾ ਕਾਲ਼ੀ ਲਈ ਤਬਾਹੀ ਦੀ ਸ਼ੁਰੂਆਤ ਬਣ ਕੇ ਆਉਂਦਾ ਹੈ। ਕਦਮ ਦਰ ਕਦਮ ਘਟਨਾਵਾਂ ਦੀਆਂ ਤੈਹਾਂ ਖੁੱਲ੍ਹਦੀਆਂ ਜਾਂਦੀਆਂ ਹਨ ਤੇ ਕਾਲ਼ੀ ਹੌਲ਼ੀ-ਹੌਲ਼ੀ ਇਸ ਹਨੇਰੇ ਖੂਹ ਵਿੱਚ ਗਰਕਦਾ ਜਾਂਦਾ ਹੈ। ਕਾਲ਼ੀ ਦੀ ਚਾਚੀ ਪ੍ਰਤਾਪੀ ਅਤੇ ਚਮਾਰਲ਼ੀ ਦੀਆਂ ਹੋਰ ਔਰਤਾਂ ਕਾਲ਼ੀ ਦੇ ਆਉਣ ਦੀ ਖੁਸ਼ੀ ਮਨਾਉਂਦੀਆਂ ਹਨ। ਦਲਿਤਾਂ ਦੇ ਮੁਹੱਲੇ ਦਾ ਵਰਣਨ ਲੇਖਕ ਬੜੀ ਬਰੀਕੀ ਨਾਲ਼ ਕਰਦਾ ਹੈ। ਚਮਾਰਲ਼ੀ ਦੀਆਂ ਗਲ਼ੀਆਂ, ਖੂਹ, ਉਹਨਾਂ ਦੇ ਕੋਠੇ, ਕੱਚੀਆਂ ਕੰਧਾਂ, ਉਹਨਾਂ ਦਾ ਰਹਿਣ ਸਹਿਣ, ਰੀਤ-ਰਿਵਾਜ, ਔਰਤਾਂ ਮਰਦਾਂ ਦੇ ਆਚਰਣ ਅਤੇ ਬੱਚਿਆਂ ਦੀਆਂ ਖੇਡਾਂ ਦਿਲਚਸਪੀਆਂ ਦੇ ਵੇਰਵੇ ਲੇਖਕ ਬੜੀ ਸੂਝ ਅਤੇ ਸੂਖਮਤਾ ਨਾਲ਼ ਵੱਖ-ਵੱਖ ਘਟਨਾਵਾਂ ਅਤੇ ਪਾਤਰਾਂ ਰਾਹੀਂ ਪਾਠਕਾਂ ਦੇ ਰੂਬਰੂ ਕਰਦਾ ਹੈ। ਲੰਮਾ ਸਮਾਂ ਸ਼ਹਿਰ ਵਿੱਚ ਰਹਿਣ ਕਾਰਨ ਕਾਲ਼ੀ ਨੂੰ ਪਿੰਡ ਵਿੱਚ ਚੌਧਰੀਆਂ ਅਤੇ ਜ਼ਿਮੀਦਾਰਾਂ ਦੁਆਰਾ ਚਮਾਰਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਅਤੇ ਗੁਲਾਮਾਂ ਵਰਗਾ ਵਰਤਾਓ ਪ੍ਰੇਸ਼ਾਨ ਕਰਦਾ ਹੈ। ਉਹ ਕਈ ਵਾਰ ਪਿੰਡ ਛੱਡਣ ਲਈ ਵਿਚਾਰ ਕਰਦਾ ਹੈ ਪਰ ਚਾਚੀ ਅਤੇ ‘‘ਪੱਕੇ ਮਕਾਨ’’ ਦਾ ਮੋਹ ਉਸਨੂੰ ਪਿੰਡ ਨਾਲ਼ ਬੰਨ੍ਹੀ ਰੱਖਦਾ ਹੈ। ਚੌਧਰੀ ਹਰਨਾਮ ਦੁਆਰਾ ਜੀਤੂ ਦੀ ਬੇਵਜਹਾ ਕੀਤੀ ਕੁੱਟ-ਮਾਰ ਤੋਂ ਬਾਅਦ ਫੱਟੜ ਹੋਇਆ ਮੰਜੇ ’ਤੇ ਪਿਆ ਜੀਤੂ ਜਦ ਕਾਲ਼ੀ ਨੂੰ ਪੁੱਛਦਾ ਹੈ: ‘‘ਕਾਲ਼ੀ ਤੂੰ ਤਾਂ ਇਸ ਪਿੰਡ ਤੋਂ ਚਲਾ ਗਿਆ ਸੀ। ਦੁਬਾਰਾ ਇਸ ਨਰਕ ਵਿੱਚ ਕਿਉਂ ਆ ਗਿਆਂ?’’ ਤਾਂ ਕਾਲ਼ੀ ਜਵਾਬ ਦਿੰਦਾ ਹੈ: ‘‘ਜੀਤੂ, ਆਪਣੇ ਘਰ ਬੈਠ ਕੇ ਦੁਨੀਆਂ ਬਹੁਤ ਵੱਡੀ ਨਜ਼ਰ ਆਉਂਦੀ ਆ, ਪਰ ਗਰੀਬ ਆਦਮੀ ਲਈ ਹਰ ਜਗ੍ਹਾ ਤੰਗ ਆ।’’

ਗਰੀਬੀ ਦੇ ਮਾਰੇ ਅਤੇ ਧਰਮ-ਜਾਤਾਂ ਦੀ ਚੱਕੀ ’ਚ ਪਿਸਦੇ ਇਹਨਾਂ ਅਭਾਗਿਆਂ ਲਈ ਇੱਕ ਘਰ ਦਾ ਸੁਪਨਾ ਕਿੰਨੀ ਅਹਿਮੀਅਤ ਰੱਖਦਾ ਹੈ ਉਹ ਚਮਾਰਲੀ ਦੇ ਸਭ ਤੋਂ ਬਜ਼ੁਰਗ ਬਾਬੇ ਫੱਤੂ ਦੀ ਜ਼ੁਬਾਨੀ ਸੁਣੋ: ‘‘ਮੈਂ ਵੀ ਜ਼ਿੰਦਗੀ ਵਿੱਚ ਕੋਸ਼ਿਸ਼ ਤਾਂ ਬਹੁਤ ਕੀਤੀ। ਦਿਨ ਰਾਤ ਮਿਹਨਤ ਕੀਤੀ। ਤੜਕੇ ਖੇਤਾਂ ਵਿੱਚ ਕੰਮ ਕੀਤਾ। ਦਿਨ ਵਿੱਚ ਰੱਸੀਆਂ ਵੱਟੀਆਂ, ਤਕਾਲਾਂ ਨੂੰ ਘਾਹ ਖੋਤ ਕੇ ਵੇਚਿਆ। ਰਾਤ ਨੂੰ ਵੀ ਕਿਤੇ ਮਜ਼ਦੂਰੀ ਦਾ ਕੰਮ ਮਿਲ ਗਿਆ ਤਾਂ ਨੀਂਦ ਖਰਾਬ ਕਰਕੇ ਕਰ ਲਿਆ, ਪਰ ਪੱਕਾ ਮਕਾਨ ਬਣਾਉਣ ਦਾ ਅਰਮਾਨ ਪੂਰਾ ਨਾ ਹੋਇਆ.. ਪਿੰਡ ਵਿੱਚ ਮਿਹਨਤ ਤਾਂ ਹੈ, ਕਮਾਈ ਨਹੀਂ।’’

ਹੱਥ ਵਿਚਲੇ ਨਿਗੂਣੇ ਜਿਹੇ ਸਰਮਾਏ ਦੇ ਆਸਰੇ ਕਾਲ਼ੀ ਮਕਾਨ ਬਣਾਉਣ ਦੀ ਤਿਆਰੀ ਕਰਨ ਲੱਗਾ। ਹੌਲ਼ੀ ਹੌਲੀ ਉਸਨੂੰ ਅਹਿਸਾਸ ਹੋਇਆ ਕਿ ਇਹ ਕੰਮ ਉਸਦੇ ਅੰਦਾਜੇ ਤੋਂ ਕਿਤੇ ਵੱਡਾ ਸੀ, ਉਸਦਾ ਹੌਸਲਾ ਢਹਿਣ ਲੱਗਾ ਪਰ ਹਿੰਮਤ ਕਰਕੇ ਉਸਨੇ ਕਿਵੇਂ ਨਾ ਕਿਵੇਂ ਅੱਧ ਪੱਕਾ ਜਿਹਾ ਮਕਾਨ ਤਿਆਰ ਕਰਨ ਦੀ ਠਾਣ ਲਈ ਅਤੇ ਇਸ ਕੰਮ ਲਈ ਪਿੰਡ ਦੇ ਦੁਕਾਨਦਾਰ ਛੱਜੂ ਸ਼ਾਹ ਤੋਂ ਕੁਝ ਪੈਸੇ ਉਧਾਰ ਲੈਣ ਦਾ ਮਨ ਬਣਾ ਲਿਆ। ਛੱਜੂ ਸ਼ਾਹ ਨੂੰ ਉਧਾਰ ਦੇਣ ਲਈ ਮਨਾਉਂਦੇ ਹੋਏ ਜਦੋਂ ਕਾਲ਼ੀ ਨੇ ਛੱਜੂ ਨੂੰ ਆਪਣਾ ਮਕਾਨ ਗਹਿਣੇ ਰੱਖਣ ਲਈ ਕਿਹਾ ਤਾਂ ਛੱਜੂ ਦੇ ਜਵਾਬ ਨੇ ਉਸਦੀ ਰਹਿੰਦੀ ਸਹਿੰਦੀ ਹਿੰਮਤ ਵੀ ਤੋੜ ਦਿੱਤੀ। ‘‘ਕਾਲ਼ੀ ਦਾਸ ਜਿਸ ਜ਼ਮੀਨ ਦੀ ਤੂੰ ਗੱਲ ਕਰ ਰਿਹਾਂ ਉਹ ਜ਼ਮੀਨ ਵੀ ਤੇਰੀ ਨਹੀਂ। ਉਹ ਸ਼ਾਮਲਾਤ ਦੀ (ਪਿੰਡ ਦੇ ਜ਼ਿਮੀਂਦਾਰਾਂ ਦੀ ਸਾਂਝੀ ਜ਼ਮੀਨ) ਹੈ। ਜਦੋਂ ਤੱਕ ਤੂੰ ਜਾਂ ਤੇਰੇ ਵਾਰਿਸ ਇਸ ਪਿੰਡ ਵਿੱਚ ਰਹੋਂਗੇ, ਜ਼ਮੀਨ ਦਾ ਉਹ ਟੁਕੜਾ ਰਿਹਾਇਸ਼ ਲਈ ਤੁਹਾਡਾ ਹੈ। ਬਾਅਦ ਵਿੱਚ ਉਸਦਾ ਮਾਲਕ ਪਿੰਡ ਹੋਊਗਾ। ਉਹ ਤੇਰੀ ਮਲਕੀਅਤ ਵਾਲ਼ੀ ਜ਼ਮੀਨ ਨਹੀਂ, ਮੌਰੂਸੀ ਜ਼ਮੀਨ ਹੈ।’’ ਛੱਜੂ ਦਾ ਜਵਾਬ ਸੁਣ ਕੇ ਕਾਲ਼ੀ ਦੇ ਦਿਮਾਗ ਤੋਂ ਮਕਾਨ ਦਾ ਨਕਸ਼ਾ ਉੱਤਰ ਗਿਆ। ‘‘ਗਲ਼ੀ ਵਿੱਚ ਚਿੱਕੜ ਨੂੰ ਪੈਰਾਂ ਹੇਠਾਂ ਮਿੱਧਦਾ ਉਹ ਆਪਣੇ ਖੰਡਰ ਦੇ ਸਾਹਮਣੇ ਆ ਖੜਿਆ। ਉਹ ਇੱਕ ਪਾਸੇ ਪਏ ਬੋਦੇ ਅਤੇ ਪੁਰਾਣੇ ਸ਼ਹਿਤੀਰਾਂ, ਕੜੀਆਂ ਅਤੇ ਸਿਰਕੀਆਂ ਨੂੰ ਦੇਖ ਕੇ ਭੌਂਚੱਕਾ ਰਹਿ ਗਿਆ। ਉਹਨੇ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਦੇਖਿਆ ਅਤੇ ਮੂੰਹ ਦੂਸਰੇ ਪਾਸੇ ਕਰ ਲਿਆ ਜਿਵੇਂ ਉਸ ਜ਼ਮੀਨ ਨਾਲ਼ ਉਸਦਾ ਕੋਈ ਸਬੰਧ ਨਾ ਹੋਵੇ। ਦਿਲ ਵਿੱਚ ਘਿਰਣਾ ਅਤੇ ਬੇਵਸੀ ਨਾਲ਼ ਉਹਦੇ ਮਨ-ਪ੍ਰਾਣ ਸੁੰਗੜਨ ਲੱਗੇ। ਉਹ ਜ਼ਮੀਨ ਦੇ ਟੁਕੜੇ ਨੂੰ ਘੂਰਦਾ ਹੋਇਆ ਸੋਚਣ ਲੱਗਾ ਕਿ ਇਹ ਵੀ ਉਸਦਾ ਨਹੀਂ ਹੈ। ਇਹ ਹੀ ਕੀ, ਇਸ ਮੁਹੱਲੇ ਵਿੱਚ ਹਰ ਚੀਜ਼ ਮੌਰੂਸੀ ਹੈ… ਚਮਾਰਾਂ ਦੀਆਂ ਔਲਾਦਾਂ ਤੱਕ ਮੌਰੂਸੀ ਹਨ। ਕਾਲ਼ੀ ਗਲੀ ਵਿੱਚ ਬੈਠ ਗਿਆ ਅਤੇ ਅੱਖਾਂ ਬੰਦ ਕਰਕੇ ਸਿਰ ਕੰਧ ਦੇ ਨਾਲ਼ ਲਾ ਲਿਆ।’’

ਮਕਾਨ ਬਣਾਉਣ ਦੀ ਤਿਆਰੀ ਦੇ ਨਾਲ਼ ਕਹਾਣੀ ਆਪਣੀ ਤੋਰੇ ਤੁਰਦੀ ਰਹਿੰਦੀ ਹੈ ਅਤੇ ਲੇਖਕ ਇੱਕ ਇੱਕ ਕਰਕੇ ਪਾਤਰਾਂ ਨੂੰ ਪਾਠਕਾਂ ਨਾਲ਼ ਮਿਲਾਉਂਦਾ ਰਹਿੰਦਾ ਹੈ। ਇਸੇ ਦੌਰਾਨ ਕਾਲ਼ੀ ਦਾ ਆਪਣੇ ਗੁਆਂਢੀ ਮੰਗੂ ਨਾਲ਼ ਜਿਹੜਾ ਚੌਧਰੀ ਹਰਨਾਮ ਦਾ ਨੌਕਰ ਅਤੇ ਚਮਚਾ ਹੈ ਝਗੜਾ ਹੋ ਜਾਂਦਾ ਹੈ। ਮੰਗੂ ਇੱਕ ਅਜਿਹਾ ਪਾਤਰ ਹੈ ਜਿਹੜਾ ਅੱਤ ਦੀ ਗਰੀਬੀ ’ਚ ਜਿਊਣ ਨਾਲ਼ੋਂ ਬੇਗੈਰਤ ਹੋ ਕੇ ਜਿਊਣ ਨੂੰ ਤਰਜੀਹ ਦਿੰਦਾ ਹੈ। ਗਰੀਬੀ ਅਤੇ ਥੁੜਾਂ ਮਾਰੀ ਜ਼ਿੰਦਗੀ ਬੰਦੇ ਦਾ ਕਿਸ ਕਦਰ ਅਣਮਨੁੱਖੀਕਰਨ ਕਰ ਦਿੰਦੀ ਹੈ, ਮੰਗੂ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ। ਮੰਗੂ ਨਾਲ਼ ਝਗੜਾ ਕਰਕੇ ਕਾਲ਼ੀ ਪਿੰਡ ਦੇ ਜਿਮੀਂਦਾਰਾਂ ਦੀਆਂ ਨਜ਼ਰਾਂ ’ਚ ਚੜ੍ਹ ਜਾਂਦਾ ਹੈ। ਮੰਗੂ ਦੀ ਭੈਣ ਗਿਆਨੋ ਤੇ ਕਾਲ਼ੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਅਚਾਨਕ ਚਾਚੀ ਦਾ ਬਿਮਾਰ ਹੋਣਾ ਅਤੇ ਸਹੀ ਇਲਾਜ ਖੁਣੋਂ ਚਾਚੀ ਦੀ ਮੌਤ ਕਾਰਨ ਕਾਲ਼ੀ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਫਿਰ ਉਸਦੇ ਪੈਸੇ ਚੋਰੀ ਹੋ ਜਾਣ ਕਾਰਨ ਮਕਾਨ ਦੀ ਉਸਾਰੀ ਦਾ ਕੰਮ ਅੱਧ ਵਿਚਾਲੇ ਹੀ ਰਹਿ ਜਾਂਦਾ ਹੈ ਅਤੇ ਅੱਧ ਢੱਠੇ ਕੱਚੇ ਕੋਠੇ ਵਿੱਚ ਪਿਆ ਕਾਲ਼ੀ ਰੋਟੀ-ਪਾਣੀ ਨੂੰ ਵੀ ਮੁਹਤਾਜ਼ ਹੋ ਜਾਂਦਾ ਹੈ। ‘‘ਘਰ ਦੇ ਸੁੰਨੇਪਣ ਵਿੱਚ ਉਸਨੂੰ ਘਬਰਾਹਟ ਹੋਣ ਲੱਗੀ। ਉਹਨੇ ਦੀਵਾ ਬਾਲ਼ਿਆ ਅਤੇ ਉਸਦੀ ਧੀਮੀ ਰੌਸ਼ਨੀ ਨੇ ਸੁੰਨੇਪਣ ਨੂੰ ਹੋਰ ਵੀ ਡੂੰਘਾ ਕਰ ਦਿੱਤਾ। ਕਾਲ਼ੀ ਨੇ ਦੀਵਾ ਬੁਝਾ ਦਿੱਤਾ ਅਤੇ ਦਰਵਾਜ਼ੇ ਦੇ ਓਹਲੇ ਸਫ ਵਿਛਾ ਕੇ ਲੰਮਾ ਪੈ ਗਿਆ। ਗਲ਼ੀ ਵਿੱਚ ਲੋਕਾਂ ਦਾ ਆਉਣਾ ਜਾਣਾ ਬਹੁਤ ਘਟ ਗਿਆ ਸੀ। ਹਵਾ ਦੀ ਸਾਂ ਸਾਂ ਅਤੇ ਹਨੇਰਾ ਦੇਖ ਕੇ ਅਹਿਸਾਸ ਹੁੰਦਾ ਸੀ ਕਿ ਬਹੁਤ ਜ਼ੋਰ ਦੇਣੀ ਮੀਂਹ ਪਵੇਗਾ। ਉਹਦੀਆਂ ਅੱਖਾਂ ਦੇ ਸਾਹਮਣੇ ਚਾਚੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਘੁੰਮ ਰਹੀਆਂ ਸਨ। ਹਵਾ ਦੀ ਸਾਂ ਸਾਂ, ਦੂਰ ਗਰਜ ਰਹੇ ਬੱਦਲਾਂ ਦੀ ਗੜਗੜਾਹਟ ਅਤੇ ਘੁੱਪ ਹਨੇ੍ਹਰੇ ਨੇ ਇਸ ਤਰ੍ਹਾਂ ਦਾ ਵਾਤਾਵਰਣ ਪੈਦਾ ਕਰ ਦਿੱਤਾ ਸੀ ਕਿ ਕਾਲ਼ੀ ਉੱਤੇ ਉਦਾਸੀ ਅਤੇ ਡਰ ਛਾਉਣ ਲੱਗੇ। ਉਹਨੂੰ ਵਾਰ ਵਾਰ ਅਹਸਿਾਸ ਹੁੰਦਾ ਕਿ ਜਿਵੇਂ ਉਹਨੂੰ ਕੋਈ ਬਹੁਤ ਦੂਰ ਤੋਂ ਅਵਾਜ਼ਾਂ ਮਾਰ ਰਿਹਾ ਸੀ। ਉਹ ਅਵਾਜ਼ ਬਿਲਕੁਲ ਬੇਪਛਾਣੀ ਸੀ ਅਤੇ ਉਹ ਚੌਂਕ ਕੇ ਵਾਰ ਵਾਰ ਉੱਠ ਬੈਠਦਾ। ਫਿਰ ਇਸ ਤਰ੍ਹਾਂ ਦੀ ਹਾਲਤ ਹੋ ਗਈ ਕਿ ਉਦਾਸੀ ਅਤੇ ਨੀਂਦ ਵਿੱਚ ਵੀ ਫਰਕ ਮਿਟਣ ਲੱਗਾ।’’

ਗਿਆਨੋ ਨਾਲ਼ ਉਸਦੇ ਸਬੰਧਾਂ ਅਤੇ ਗਿਆਨੋ ਦੇ ਗਰਭਵਤੀ ਹੋਣ ਦੀ ਗੱਲ ਬਾਹਰ ਆਉਣ ਨਾਲ਼ ਕਾਲ਼ੀ ਚਮਾਰਲ਼ੀ ਅਤੇ ਪਿੰਡ ਨਾਲ਼ੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਗਰੀਬੀ, ਭੁੱਖ ਤੇ ਇਕਲਾਪੇ ਦਾ ਸੰਤਾਪ ਹੰਢਾਉਂਦਾ ਤੇ ਪੈਰ ਪੈਰ ’ਤੇ ਦੁੱਖਾਂ-ਤਕਲੀਫਾਂ ਨਾਲ਼ ਲੜਦਾ ਕਾਲ਼ੀ ਆਖ਼ਿਰ ਪਿੰਡ ਛੱਡ ਕੇ ਚਲਾ ਜਾਂਦਾ ਹੈ।

ਸਵਾ ਤਿੰਨ ਸੌ ਸਫ਼ਿਆਂ ਤੇ ਫੈਲੇ ਇਸ ਨਾਵਲ ਵਿੱਚ ਲੇਖਕ ਇਸ ਦੱਬੀ-ਕੁਚਲੀ ਵਸੋਂ ਦੀ ਦੂਹਰੀ ਲੁੱਟ-ਖਸੁੱਟ, ਜਮਾਤੀ ਅਤੇ ਜਾਤ-ਪਾਤੀ ਦਾਬੇ ਪਿੱਛੇ ਲੁਕੇ ਯਥਾਰਥ ਦਾ ਸਟੀਕ ਚਿੱਤਰਣ ਕਰਨ ਵਿੱਚ ਸਫਲ ਹੋਇਆ ਹੈ। ਪਿੰਡ ਦੀ ਸ਼ਾਮਲਾਟ ਵਿੱਚ ਲਿਆ ਕੇ ਵਸਾਏ ਗਏ ਚਮਾਰਾਂ ਨੂੰ ਪਿੰਡ ਦੇ ਚੌਧਰੀ ਗੁਲਾਮਾਂ ਵਾਂਗ ਵਰਤਦੇ ਹਨ। ਦਿਨ ਰਾਤ ਵਗਾਰਾਂ ਕਰਵਾਉਣੀਆਂ, ਧਮਕੀਆਂ, ਗਾਲ਼ਾਂ, ਬੇਜ਼ਤੀ, ਬਿਨਾਂ ਵਜ੍ਹਾ ਬਸ ਆਪਣੀ ਧੌਂਸ ਜਮਾਉਣ ਲਈ ਕਿਸੇ ਨੂੰ ਵੀ ਕਦੇ ਵੀ ਫੜ ਕੇ ਕੁੱਟ ਦੇਣਾ, ਉਹਨਾਂ ਦੀਆਂ ਔਰਤਾਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ਼ ਖਿਲਵਾੜ ਕਰਨਾ ਜ਼ਿਮੀਂਦਾਰ ਚੌਧਰੀ ਆਪਣਾ ਹੱਕ ਸਮਝਦੇ ਹਨ।

‘‘ਕਿਸੇ ਦੇ ਸਿਰ ’ਤੇ ਪਟਾਕ ਪਟਾਕ ਜੁੱਤੀਆਂ ਪੈਣ ਦੀ ਅਵਾਜ਼ ਆਈ ਅਤੇ ਨਾਲ਼ ਹੀ ਮਿੰਨਤ ਭਰੀ ਚੀਕ ਗੂੰਜੀ: ‘ਹਾਇ ਮੈਂ ਮਰ ਗਿਆ.. . ਮੈਨੂੰ ਬਚਾਓ।’

ਚਮਾਰਲੀ ਵਿੱਚ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ ਸੀ। ਇਸ ਤਰ੍ਹਾਂ ਅਕਸਰ ਹੰੁਦਾ ਰਹਿੰਦਾ ਸੀ। ਜਦੋਂ ਕਿਸੇ ਚੌਧਰੀ ਦੀ ਫਸਲ ਚੋਰੀ ਵੱਢ ਹੋ ਜਾਂਦੀ ਜਾਂ ਬਰਬਾਦ ਹੋ ਜਾਂਦੀ ਜਾਂ ਚਮਾਰ ਚੌਧਰੀ ਦੇ ਕੰਮ ’ਤੇ ਨਾ ਜਾਂਦਾ ਜਾਂ ਫਿਰ ਕਿਸੇ ਚੌਧਰੀ ਅੰਦਰ ਜ਼ਮੀਨ ਦੇ ਮਾਲਿਕ ਹੋਣ ਦਾ ਅਹਿਸਾਸ ਜ਼ੋਰ ਫੜ ਜਾਂਦਾ ਤਾਂ ਉਹ ਆਪਣੀ ਸਾਖ਼ ਬਣਾਉਣ ਅਤੇ ਚੌਧਰ ਮੰਨਵਾਉਣ ਲਈ ਇਸ ਮੁਹੱਲੇ ਵਿੱਚ ਚਲਾ ਜਾਂਦਾ।’’

ਨਾਵਲ ਦੀ ਕਹਾਣੀ ਦੀ ਤੋਰ ਨਾਲ਼ ਪਾਤਰਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਨਾਵਲ ਦੇ ਪਾਤਰ ਘੜੇ ਘੜਾਏ ਨਾ ਹੋ ਕੇ ਜਿਉਂਦੇ ਜਾਗਦੇ ਪ੍ਰਤੀਤ ਹੁੰਦੇ ਹਨ। ਘੋਰ ਗਰੀਬੀ ਅਤੇ ਅਣਮਨੁੱਖੀ ਹਾਲਤਾਂ ਵਿੱਚ ਰਹਿੰਦਿਆਂ ਵੀ ਚਮਾਰਲੀ ਦੇ ਲੋਕ ਜ਼ਿੰਦਾਦਿਲ ਬਣੇ ਰਹਿੰਦੇ ਹਨ। ਉਹਨਾਂ ਦੇ ਆਪਸ ਵਿੱਚ ਲੜਾਈ ਝਗੜੇ ਵੀ ਹੁੰਦੇ ਹਨ ਤੇ ਔਖੇ ਵੇਲ਼ੇ ਇੱਕ ਦੂਜੇ ਦਾ ਸਾਥ ਵੀ ਦਿੰਦੇ ਹਨ। ਜਿੱਥੇ ਇੱਕ ਪਾਸੇ ਮੰਗੂ ਚਮਾਰਲ਼ੀ ਦਾ ਵਸਨੀਕ ਹੋ ਕੇ ਵੀ ਹਮੇਸ਼ਾਂ ਚੌਧਰੀਆਂ ਦੇ ਪੱਖ ’ਚ ਭੁਗਤਦਾ ਹੈ ਅਤੇ ਆਪਣੇ ਹੀ ਭਾਈਆਂ ਭੈਣਾਂ ਨਾਲ਼ ਦੁਸ਼ਮਣੀ ਕਮਾਉਂਦਾ ਹੈ ਉੱੇਥੇ ਹੀ ਜਿਮੀਂਦਾਰਾਂ ਦੇ ਕੈਂਪ ਵਿੱਚ ਵੀ ਲਾਲੂ ਭਲਵਾਨ ਅਤੇ ਡਾਕਟਰ ਵਿਸ਼ਨਦਾਸ ਵਰਗੇ ਸੁਲਝੇ ਹੋਏ ਪਾਤਰ ਹਨ ਜਿਹੜੇ ਚਮਾਰਾਂ ਨੂੰ ਇਨਸਾਨਾਂ ਵਜੋਂ ਦੇਖਦੇ ਹਨ ਅਤੇ ਉਹਨਾਂ ਨਾਲ਼ ਹਮਦਰਦੀ ਰੱਖਦੇ ਹਨ। ‘‘ਲਾਲੂ ਭਲਵਾਨ ਆਪਣੇ ਪਿੰਡ ਅਤੇ ਆਲ਼ੇ-ਦੁਆਲ਼ੇ ਦੇ ਇਲਾਕੇ ਵਿੱਚ ਟੁੱਟੀਆਂ ਹੱਡੀਆਂ ਜੋੜਨ ਦਾ ਕਾਰੀਗਰ ਸਮਝਿਆ ਜਾਂਦਾ ਸੀ। ਕੋਈ ਡਿੱਗ ਪਵੇ, ਹੱਥ ਪੈਰ ਟੱਟ ਜਾਵੇ, ਕਿਸੇ ਦੇ ਮੋਚ ਆ ਜਾਵੇ, ਸਾਰੇ ਲਾਲੂ ਭਲਵਾਨ ਕੋਲ ਆਉਂਦੇ ਸਨ। ਉਹ ਵੀ ਸੌ ਕੰਮ ਛੱਡ ਕੇ ਪਹਿਲਾਂ ਏਧਰ ਧਿਆਨ ਦਿੰਦਾ ਸੀ। ਉਹ ਕਹਿੰਦਾ ਸੀ ਕਿ ਆਦਮੀ ਨੂੰ ਅੰਗਹੀਣ ਹੋਣ ਤੋਂ ਬਚਾਉਣਾ ਸਭ ਤੋਂ ਵੱਡਾ ਧਰਮ ਹੈ। ਇਹਨੂੰ ਉਹ ਰੱਬ ਦਾ ਕੰਮ ਸਮਝ ਕੇ ਸਭ ਤੋਂ ਪਹਿਲਾਂ ਅਤੇ ਪੂਰੀ ਲਗਨ ਨਾਲ਼ ਕਰਦਾ ਸੀ। ਛੋਟਾ ਹੋਵੇ ਜਾਂ ਵੱਡਾ, ਜੱਟ ਹੋਵੇ ਜਾਂ ਚਮਾਰ ਇਸ ਸਬੰਧ ਵਿੱਚ ਉਹਦੇ ਲਈ ਸਾਰੇ ਬਰਾਬਰ ਸਨ।’’

ਨਾਵਲ ਵਿੱਚ ਡਾਕਟਰ ਵਿਸ਼ਨਦਾਸ, ਕਾਮਰੇਡ ਟਹਿਲ ਸਿੰਘ ਵਰਗੇ ਪਾਤਰਾਂ ਰਾਹੀਂ ਜਗਦੀਸ਼ ਚੰਦਰ ਨੇ ਲੋਕਾਂ ਅਤੇ ਜ਼ਮੀਨੀ ਹਕੀਕਤਾਂ ਟੁੱਟੇ ਤੇ ਕਿਤਾਬੀ ਗੱਲਾ ਕਰਨ ਵਾਲ਼ੇ ਕਮਿਊਨਿਸਟ ਕਹਾਉਣ ਵਾਲ਼ਿਆਂ ਦਾ ਵੀ ਭੰਡ-ਚਿੱਤਰ ਪੇਸ਼ ਕੀਤਾ ਹੈ।

ਅਜ਼ਾਦੀ ਤੋਂ ਦੋ ਦਹਾਕੇ ਬਾਅਦ ਸਥਾਪਤ ਹੋ ਚੁੱਕੇ ਸਰਮਾਏਦਾਰੀ ਸੱਤ੍ਹਾ-ਪ੍ਰਬੰਧ ਅਤੇ ਟੁੱਟ ਰਹੀਆਂ ਜਗੀਰੂ ਕਦਰਾਂ-ਕੀਮਤਾਂ ਦੇ ਦੌਰ ਵਿੱਚ ਇੱਕ ਪਿੱਛੜੇ ਹੋਏ ਪਿੰਡ ’ਚ ਸੜ ਰਹੀਆਂ ਰਵਾਇਤਾਂ ਅਤੇ ਰੀਤੀ-ਰਿਵਾਜਾਂ ਦੀ ਰਹਿੰਦ-ਖੂੰਹਦ ਦੀ ਅਗਰਭੂਮੀ ਵਿੱਚ ਵੱਖ ਵੱਖ ਤਬਕਿਆਂ, ਜਮਾਤਾਂ ਅਤੇ ਜਾਤਾਂ ਦੇ ਆਪਸੀ ਸਬੰਧਾਂ ਦਾ ਨਾ ਕੇਵਲ ਬਾਖੂਬੀ ਚਿੱਤਰਣ ਕੀਤਾ ਗਿਆ ਹੈ ਸਗੋਂ ਦਸ਼ਾ ਅਤੇ ਦਿਸ਼ਾ ਦਾ ਵੀ ਸਟੀਕ ਵਰਣਨ ਮਿਲ਼ਦਾ ਹੈ।

ਉਦਾਹਰਣ ਵਜੋਂ: ਕਾਲ਼ੀ ਦੀ ਚਾਚੀ ਦੇ ਬਿਮਾਰ ਹੋਣ ’ਤੇ ਉਸ ਲਈ ਇੱਕ ਗਲਾਸ ਦੁੱਧ ਲੈਣ ਲਈ ਚੌਧਰੀ ਹਰੀ ਸਿੰਘ ਨੂੰ ਕਿਹਾ ਗਿਆ ਤਾਂ ਉਸਦਾ ਜਵਾਬ ਸੀ: ‘‘ਸ਼ਾਹ ਤੇਰੀ ਅਕਲ ਟਿਕਾਣੇ ਆ ਕਿ ਨਹੀਂ? ਗਰੀਬ ਆਂ ਤਾਂ ਕੀ ਹੋਇਆ ਚੌਧਰੀ ਤਾਂ ਆਂ, ਚਮਾਰ ਨੂੰ ਦੁੱਧ ਵੇਚੂੰਗਾ ਤਾਂ ਪਿੰਡ ਵਾਲ਼ੇ ਕੀ ਕਹਿਣਗੇ?’’

ਛੱਜੂ ਸ਼ਾਹ ਹੱਥ ਮਲ਼ਦਾ ਬੋਲਿਆ: ‘‘ਕਾਲ਼ੀ ਦਾਸਾ ਦੇਖਿਆ ਤੂੰ। ਘਰ ’ਚ ਖਾਣ ਨੂੰ ਦਾਣੇ ਨਹੀਂ। ਇੱਕ ਬਲ਼ਦ ਨਾਲ਼ ਹਲ਼ ਵਾਹੁੰਦਾ, ਪਰ ਆਕੜ ਰੰਘੜਾਂ ਵਰਗੀ ਆ।’’

‘‘ਉਹ (ਕਾਲ਼ੀ) ਬਾਹਰ ਖੂਹ ਕੋਲ ਆ ਕੇ ਸੋਚਣ ਲੱਗਾ ਕਿ ਕਿਹਦੇ ਘਰ ਦੁੱਧ ਮੰਗਣ ਜਾਵੇ। ਉਸਦੇ ਜ਼ਿਹਨ ਵਿੱਚ ਛੱਜੂ ਸ਼ਾਹ, ਮਹਾਸ਼ੇ ਅਤੇ ਚੌਧਰੀ ਮੁਨਸ਼ੀ ਦੇ ਨਾਂ ਆਏ ਪਰ ਉਹਦਾ ਉਹਨਾਂ ਵਿੱਚੋਂ ਕਿਸੇ ਦੇ ਕੋਲ ਵੀ ਜਾਣ ਦਾ ਹੌਸਲਾ ਨਹੀਂ ਪੈ ਰਿਹਾ ਸੀ। ਉਹ ਖਿਝਿਆ ਹੋਇਆ ਸੋਚਣ ਲੱਗਾ ਕਿ ਸ਼ਹਿਰ ਵਿੱਚ ਘੱਟੋ-ਘੱਟ ਪੈਸੇ ਦੇ ਕੇ ਹਰ ਚੀਜ਼ ਤਾਂ ਮਿਲ਼ ਜਾਂਦੀ ਹੈ ਪਰ ਪਿੰਡ ਵਿੱਚ ਜਾਂ ਤਾਂ ਮੁਫਤ ਮਿਲੂ ਜਾਂ ਬਿਲਕੁਲ ਨਹੀਂ।’’

ਜਾਂ ਚਮਾਰਲੀ ਦੀਆਂ ਦੋ ਔਰਤਾਂ ਦੀ ਆਪਸੀ ਗੱਲਬਾਤ ਦਾ ਇਹ ਹਿੱਸਾ:

‘‘ਸੱਚ ਕਹਿੰਦੀ ਆਂ, ਪ੍ਰੀਤੋ। ਖੀਰ ਤਾਂ ਸੁਫਨਾ ਹੋ ਗਈ ਆ। ਪਹਿਲਾਂ ਜਦੋਂ ਲੋਕ ਦੁੱਧ-ਪੁੱਤ ਨਹੀਂ ਸੀ ਵੇਚਦੇ ਤਾਂ ਚੌਧਰੀਆਂ ਦੇ ਘਰੋਂ ਗਰੀਬ-ਗੁਰਬੇ ਨੂੰ ਵੀ ਸਾਲ-ਛਿਮਾਹੀ ਪਾ-ਅੱਧ ਪਾ ਦੁੱਧ ਮਿਲ਼ ਜਾਂਦਾ ਸੀ।’’

ਅਤੇ ਜਦੋਂ ਪਿੰਡ ਦੇ ਸਾਰੇ ਚੌਧਰੀ ਰਲ਼ ਕੇ ਚਮਾਰਲ਼ੀ ਦਾ ਬਾਈਕਾਟ ਕਰ ਦਿੰਦੇ ਹਨ, ਆਪਣੇ ਘਰਾਂ ਅਤੇ ਖੇਤਾਂ ਵਿੱਚ ਆਉਣ-ਜਾਣ ਤੇ ਰੋਕ ਲਾ ਦਿੰਦੇ ਹਨ ਤੇ ਚਮਾਰਲ਼ੀ ਦੀ ਘੇਰਾਬੰਦੀ ਕਰਨ ਦੀ ਸਲਾਹ ਬਣਾਉਂਦੇ ਹੋਏ ਚੌਧਰੀ ਬੇਲਾ ਸਿੰਘ ਜਦੋਂ ਇਹ ਸੁਝਾਅ ਦਿੰਦਾ ਹੈ ਕਿ ‘‘ਉਹਨਾਂ ਦਾ ਚਮਾਰਲ਼ੀ ਤੋਂ ਬਾਹਰ ਆਉਣਾ ਜਾਣਾ ਬੰਦ ਕਰ ਦਿਓ। ਏਦਾਂ ਦੀ ਨਾਕਾਬੰਦੀ ਕਰੋ ਕਿ ਸਾਲਿਆਂ ਨੂੰ ਟੱਟੀ-ਪਿਸ਼ਾਬ ਜਾਣ ਨੂੰ ਜਗ੍ਹਾ ਨਾ ਲੱਭੇ।’’ ਤਾਂ ਘੜੰਮ ਚੌਧਰੀ ਜਵਾਬ ਦਿੰਦਾ ਹੈ ‘‘ਤੁਸੀਂ ਉਹਨਾਂ ਨੂੰ ਚੋਅ ਅਤੇ ਵੱਡੇ ਰਾਹ ’ਤੇ ਆਉਣ-ਜਾਣ ਤੋਂ ਨਹੀਂ ਰੋਕ ਸਕਦੇ। ਏਦਾਂ ਕਰਨਾ (ਕਾਨੂੰਨੀ) ਜ਼ੁਰਮ ਹੈ।’’

ਇਸ ਤਰ੍ਹਾਂ ਦੀਆਂ ਕਈ ਘਟਨਾਵਾਂ/ਵਾਰਤਾਲਾਪ ਉਸ ਸਮੇਂ ਵਾਪਰ ਰਹੀ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਵੱਲ ਸਿੱਧਾ ਇਸ਼ਾਰਾ ਕਰਦੀਆਂ ਹਨ।

ਸ਼ੁਰੂ ਤੋਂ ਅੰਤ ਤੀਕਰ ਨਾਵਲ ਪਾਠਕ ਨੂੰ ਇੱਕ ਜਾਦੂਮਈ ਜਕੜ ਵਿੱਚ ਬੰਨ੍ਹ ਕੇ ਰੱਖਦਾ ਹੈ। ਪਾਤਰਾਂ ਨਾਲ਼ ਬਹੁਤੀ ਭਾਵੁਕ ਸਾਂਝ ਨਾ ਬਣਾ ਕੇ ਘਟਨਾਵਾਂ ਦੇ ਅਸਰਾਂ ਤੋਂ ਇੱਕ ਦੂਰੀ ਬਣਾ ਕੇ ਲਿਖਣਾ ਲੇਖਕ ਦੀ ਆਪਣੀ ਖਾਸ ਸ਼ੈਲੀ ਹੈ। ਜਿਸ ਕਾਰਨ ਇਹ ਨਾਵਲ ਇਸ ਵਿਸ਼ੇ ’ਤੇ ਲਿਖੇ ਹੋਰ ਬਹੁਤ ਸਾਰੇ ਨਾਵਲਾਂ, ਕਹਾਣੀਆਂ ਤੋਂ ਅਲੱਗ ਖੜ੍ਹਾ ਦਿਸਦਾ ਹੈ। ਬਕੌਲ ਲੇਖਕ: ‘‘ਆਪਣੇ ਜਾਤੀਗਤ ਸੰਸਕਾਰਾਂ ਅਤੇ ਸਮਾਜਕ ਮਾਨਤਾਵਾਂ ਦੀ ਕਠੋਰ ਜਕੜ ਕਾਰਨ ਮੈਂ ਦਲਿਤਾਂ ਦੇ ਜੀਵਨ ਦੀਆਂ ਤਕਲੀਫਾਂ ਨੂੰ ਆਪ ਤਾਂ ਨਹੀਂ ਭੋਗ ਸਕਿਆ ਪਰ ਫਿਰ ਵੀ ਮੈਨੂੰ ਆਪਣੇ ਹੌਂਸਲੇ ਕਾਰਨ ਉਹਨਾਂ ਦੇ ਜੀਵਨ ਨੂੰ ਬਹੁਤ ਨੇੜਿਓਂ ਦੇਖਣ ਦਾ ਮੌਕਾ ਮਿਲ਼ਿਆ ਹੈ। ਮੈਂ ਆਪ ਨਿਰਪੱਖ ਰਹਿ ਕੇ ਭਾਰਤੀ ਜੀਵਨ ਦੇ ਇਸ ਕੱਟੇ ਹੋਏ ਸੰਦਰਭਾਂ ਦਾ ਚਿੱਤਰਨ ਕੀਤਾ ਹੈ ਅਤੇ ਕਿਤੇ ਵੀ ਆਪਣੀ ਰਾਇ ਠੋਸਣ ਅਤੇ ਆਪਣੀ ਵਿਚਾਰਧਾਰਾ ਨੂੰ ਲੱਦਣ ਦੀ ਕੋਸ਼ਿਸ਼ ਨਹੀਂ ਕੀਤੀ।’’

ਮੂਲ ਰੂਪ ਵਿੱਚ ਹਿੰਦੀ ’ਚ ਛਪੇ ਇਸ ਨਾਵਲ ਦਾ ਰੂਸੀ, ਜਰਮਨ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਉਲੱਥਾ ਹੋ ਚੁੱਕਿਆ ਹੈ। ਪੰਜਾਬੀ ਅਨੁਵਾਦ ਸੁਖਵੰਤ ਹੁੰਦਲ ਨੇ ਕੀਤਾ ਹੈ ਅਤੇ ਦਸਤਕ ਪ੍ਰਕਾਸ਼ਨ, ਲੁਧਿਆਣਾ ਨੇ ਛਾਪਿਆ ਹੈ। ਇੱਕ ਤਾਂ ਕਹਾਣੀ ਦਾ ਸਮਾਂ-ਸਥਾਨ, ਕਥਾਨਕ ਅਤੇ ਪਾਤਰਾਂ ਦਾ ਸਮਾਜਿਕ ਤੇ ਸੱਭਿਆਚਾਰਕ ਪਿਛੋਕੜ ਪੰਜਾਬ ਦਾ ਹੋਣ ਕਰਕੇ ਅਤੇ ਦੂਜਾ ਅਨੁਵਾਦਕ ਦੀ ਮਿਹਨਤ ਅਤੇ ਮੁਹਾਰਤ ਕਾਰਨ ਨਾਵਲ ਦਾ ਪੰਜਾਬੀ ਅਨੁਵਾਦ ਪੜ੍ਹਦਿਆਂ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਕਿਤਾਬ ਅਸਲ ਵਿੱਚ ਹਿੰਦੀ ’ਚ ਲਿਖੀ ਗਈ ਸੀ। ਇਸ ਬੇਸ਼ਕੀਮਤੀ ਰਚਨਾ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਲਈ ਅਨੁਵਾਦਕ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ। ( ਜਗਦੀਸ਼ ਚੰਦਰ ਦੇ ਦੂਜੇ ਨਾਵਲ ‘ਨਰਕਕੁੰਡ ਵਿੱਚ ਵਾਸਾ’ ਬਾਰੇ ਅਗਲੇ ਅੰਕ ਵਿੱਚ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 2, 1 ਤੋਂ 15 ਮਾਰਚ 2019 ਵਿੱਚ ਪਰ੍ਕਾਸ਼ਿਤ