ਨਵੇਂ ਪੰਧ ਨਵੇਂ ਪਾਂਧੀ •ਰਾਜਿੰਦਰ

9

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਮਨੁੱਖ ਲਈ ‘ਆਰਾਮ’ ਅਤੇ ‘ਅੰਤ’ ਕਿਉਂ? ਉਹ ਚਲਦਾ ਰਹੇਗਾ – ਇੱਕ ਜਿੱਤ ਪਿੱਛੋ ਦੂਜੀ ਜਿੱਤ। ਇਹ ਨਿੱਕਾ ਜਿਹਾ ਗ੍ਰਹਿ, ਇਸ ਦੀਆਂ ਹਵਾਵਾਂ, ਇਸਦੇ ਮਾਰਗਾਂ ਨੂੰ ਜਿੱਤਦਾ ਇਹ ਅੱਗੇ ਵਧੇਗਾ। ਫਿਰ ਗੁਆਂਢ ਦੇ ਗ੍ਰਹਿਆਂ ਦੀ ਵਾਰੀ ਆਵੇਗੀ ਤੇ ਫਿਰ ਦੂਰ ਪਸਰੇ ਤਾਰਿਆਂ ਦੀ ਦੁਨੀਆਂ; ਅਤੇ ਫਿਰ ਜਦੋਂ ਉਹ ਪੁਲਾੜ ਦੀਆਂ ਸਾਰੀਆਂ ਡੂਘਾਣਾ ਤੱਕ ਲਵੇਗਾ ਅਤੇ ਸਮੇਂ ਦੀਆਂ ਗੁੰਝਲਾਂ ਨੂੰ ਖੋਲ੍ਹ ਲਵੇਗਾ ਤਾਂ ਵੀ ਇਹ ਉਸਦਾ ‘ਆਦਿ’ ਹੋਵਗਾ।’’ ਇਹ ਐਚ. ਜੀ. ਵੈਲਜ਼ ਦਾ ਇੱਕ ਸੁਪਨਾ ਹੈ! ਤੇ ਕਿੰਨਾਂ ਸੋਹਣਾ ਸੁਪਨਾ ਹੈ! ਇਸੇ ਤਰ੍ਹਾਂ ਵਰਨੇ ਦੇ ਕੁਝ ਸੁਪਨੇ ਨੇ. ਮਨੁੱਖਤਾ ਦੀ ਮਹਾਨਤਾ ਦੇ ਸੁਪਨੇ। ਮਨੁੱਖ ਸੁਪਨੇ ਸਾਜ਼ ਹੈ- ਇਹ ਸੁਪਨੇ ਲੈਂਦਾ ਰਹਿੰਦਾ ਹੈ ਤੇ ਫਿਰ ਉਹਨਾਂ ਨੂੰ ਸਕਾਰ ਕਰਨ ਬਾਰੇ ਵੀ ਸੋਚਦਾ ਹੈ। 1865 ਵਿੱਚ ਜੁਲਿਸ ਵਰਨੇ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਂ ਉਸ “ਧਰਤੀ ਤੋਂ ਚੰਨ ਤੱਕ ’’ ਰੱਖਿਆ। ਉਸਨੇ ਚੰਨ ਤੱਕ ਪਹੁੰਚਣ ਲਈ ਬੜੀ ਰੋਚਕ ਵਿਉਂਤ ਬਣਾਈ। ਉਸ ਦੇ ਮੁਸਾਫ਼ਿਰ ਇੱਕ ਗੋਲੇ ਵਿੱਚ ਬੈਠ ਕੇ ਚੰਨ ਵੱਲ ਉੱਡ ਗਏ। ਇਹ ਗੋਲਾ ਇੱਕ ਵੱਡੀ ਤੋਪ ਨੇ ਚਲਾਇਆ ਸੀ। ਭਾਰ ਹੀਣਤਾ ਦੀ ਅਵਸਥਾ ਨੂੰ ਲੇਖਕ ਨੇ ਬੜੇ ਰੋਚਕ ਢੰਗ ਨਾਲ਼ ਚਿਤਰਿਆ ਹੈ। ਲੇਖਕ ਦੇ ਮੁਸਾਫ਼ਿਰਾਂ ਦੀਆਂ ਟੋਪੀਆਂ ਹਵਾ ਵਿੱਚ ਤੈਰਦੀਆਂ ਰਹੀਆਂ, ਮੁਰਗੇ ਛੱਤ ਦੇ ਨੇੜੇ ਤੈਰਦੇ ਰਹੇ। ਕੁੱਤਾ ਫਰਸ਼ ਤੋਂ ਕੁੱਝ ਉੱਤੇ ਬੈਠਾ ਰਿਹਾ… ਇਸ ਮਹਾਨ ਲੇਖਕ ਦੀ ਕਲਪਨਾ ਕਈ ਥਾਵੇ ਯਥਾਰਥ ਦੇ ਬਹੁਤੀ ਨੇੜੇ ਸੀ, ਤੇ ਕਈ ਥਾਵੇ ਉੱਕਾ ਹੀ ਗੈਰ-ਯਥਾਰਥਕ। ਇਸ ਤੋਂ ਪਿੱਛੋਂ ਵਿਗਿਆਨਕ ਕਿੱਸਿਆ ਦੇ ਉੱਗੇ ਲੇਖਕ ਐੱਚ ਜੀ ਵੈਲਜ਼ ਨੇ ਆਪਣੇ ਪਾਤਰਾਂ ਨੂੰ ਚੰਨ ਦੀ ਸੈਰ ਕਰਵਾਈ।

ਇਹਨਾਂ ਲੇਖਕਾਂ ਦੇ ਸੁਪਨੇ ਆਦਿ ਤੋਂ ਤੁਰੇ ਆਉਂਦੇ ਮਨੁੱਖਤਾ ਦੇ ਸੁਪਨੇ ਸਨ। ਪਰ ਜਿਹਨਾਂ ਨੂੰ ਸਕਾਰ ਕਰਨ ਦੀ ਤਾਕਤ ਸਿਰਫ ਮਜ਼ਦੂਰ ਜਮਾਤ ਵਿੱਚ ਹੀ ਸੀ। ਇਤਿਹਾਸ ਦੇ ਕਿਸੇ ਪੜਾਅ ਉੱਤੇ ਆਕੇ ਹੀ ਇਹ ਸਕਾਰ ਹੋਣੇ ਸਨ। ਮਜ਼ਦੂਰ ਜਮਾਤ ਨੂੰ ਮਾਣ ਹੈ ਕਿ ਇਸ ਧਰਤ ਤੋਂ ਬਾਹਰ ਨਵੇਂ ਪੰਧ ਸਿਰਜਣ ਵਾਲ਼ੇ ਤੇ ਅੱਜ ਦੇ ਸੂਚਨਾ ਇਨਕਲਾਬ ਦੇ ਬੀਜਕ ਇਸੇ ਦੇ ਹੀ ਧੀਆਂ-ਪੁੱਤ ਸਨ। ਇਹਨਾਂ ਰਸਤਿਆਂ ਦੀ ਸ਼ਨਾਖਤ ਕਰਨ ਵਾਲ਼ੀ ਰੂਸ ਦੀ ਵਿਸ਼ਾਲ ਮਜ਼ਦੂਰ ਜਮਾਤ ਜਿਹਨਾਂ ਵਿੱਚ ਛੋਟੇ-ਮੋਟੇ ਕੰਮ ਕਰਨ ਵਾਲ਼ੇ ਕਾਮਿਆਂ ਤੋਂ ਲੈਕੇ ਤਕਨਿਸ਼ਨ, ਇੰਜੀਨੀਅਰ ਤੇ ਸੋਵੀਅਤ ਵਿਗਿਆਨੀ ਸ਼ਾਮਲ ਸਨ। ਸਾਰੀ ਦੁਨੀਆਂ ਜਾਣਦੀ ਹੈ ਕਿ ਪੁਲਾੜ ਵਿੱਚ ਜਾਣ ਵਾਲ਼ੀ ਪਹਿਲੀ ਔਰਤ ਤੇ ਮਰਦ ਕੌਣ ਸਨ। ਪਰ ਅੱਜ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਹ ਸਰਮਾਏ ਦੇ ਜੂਲੇ ਨੂੰ ਉਖਾੜ ਸੁੱਟਣ ਵਾਲ਼ੀ ਸੋਵੀਅਤ ਮਜ਼ਦੂਰ ਜਮਾਤ ਦੇ ਉੱਗੇ ਹਸਤਾਖ਼ਰ ਸਨ ਜਿਹੜੇ ਅੱਜ ਵੀ ਚਮਕਦੇ ਹਨ। ਕਿਸੇ ਸਾਇੰਸ ਦੇ ਵਿਦਿਆਰਥੀ ਨੂੰ ਪੁੱਛੋ ਕਿ ਪੁਲਾੜ ਵਿੱਚ ਜਾਣ ਵਾਲ਼ਾ ਪਹਿਲਾ ਮਨੁੱਖ ਕੌਣ ਸੀ? ਉੱਤਰ ਮਿਲ਼ਦਾ ਹੈ ਯੂਰੀ ਗਾਗਾਰਿਨ। ਪਰ ਇਸ ਵਿੱਚ ਬਹੁਤੀਆਂ ਗੱਲਾਂ ਨੇ ਜਿਹੜੀਆਂ ਨਵੀ ਪੀੜੀ ਤੋਂ ਲੁਕੋ ਲਈਆਂ ਗਈਆਂ ਹਨ। ਜਿਨ੍ਹਾਂ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ।

ਅਸਲ ਵਿੱਚ ਯੂਰੀ ਗਾਗਾਰਿਨ ਤੇ ਵੈਲਿਨਟੀਨਾ ਤੈਰਿਸ਼ਕੋਵਾ ਨੂੰ ਯਾਦ ਕਰਨਾ ਉਂਝ ਨਹੀਂ ਹੈ ਜਿਵੇਂ ਕੋਈ ਅੱਜ ਕਲਪਨਾ ਚਾਵਲਾ ਨੂੰ ਯਾਦ ਕਰੇ! ਇਹ ਦੋਵੇ ਸੋਵੀਅਤ ਮਨੁੱਖ ਕੋਈ ਜਗੀਰਦਾਰਾਂ, ਕੋਈ ਕਾਰਖਾਨੇਦਾਰਾਂ ਦੇ ਜੰਮਪਲ ਨਹੀਂ ਸਨ ਸਗੋਂ ਆਮ ਮਜ਼ਦੂਰਾਂ ਦੇ ਧੀਆਂ-ਪੁੱਤ ਸਨ, ਜਿਨ੍ਹਾਂ ਨੂੰ ਸਮਾਜਵਾਦ ਨੇ ਇਹ ਮੌਕਾ ਦਿੱਤਾ ਕਿ ਉਹ ਖੁਦ ਨੂੰ ਸਿੱਧ ਕਰ ਸਕਣ ਕਿ ਉਹੀ ਇਸ ਧਰਤੀ ਦੇ ਅਸਲੀ ਵਾਰਿਸ ਹਨ। ਭਾਵੇ ਕਲਪਨਾ ਚਾਵਲਾ ਬਾਰੇ ਮਜ਼ਦੂਰਾਂ ਦੇ ਧੀਆਂ-ਪੁੱਤਾਂ ਦਾ ਜਾਨਣਾ ਕੋਈ ਮਾੜੀ ਗੱਲ ਨਹੀਂ ਹੈ, ਸਗੋਂ ਚੰਗੀ ਗੱਲ ਹੈ, ਪਰ ਤਾਂਵੀ ਇਹ ਸਚਾਈ ਹੈ ਕਿ ਇਸ ਮਜੂਦਾ ਢਾਂਚੇ ਅੰਦਰ ਕੋਈ ਵੀ ਮਜ਼ਦੂਰ ਦਾ ਧੀ-ਪੁੱਤ ਕਲਪਨਾ ਚਾਵਲਾ ਕਦੇ ਨਹੀਂ ਬਣ ਸਕਦਾ। ਜਿਸ ਸਮਾਜ ਵਿੱਚ ਵਿਸ਼ਾਲ ਕਿਰਤੀ ਅਬਾਦੀ ਢਿੱਡ ਦੀਆਂ ਲੋੜਾਂ ਤੱਕ ਸਮੇਟ ਦਿੱਤੀ ਗਈ ਹੈ, ਉਸ ਸਮਾਜ ਵਿੱਚ ਕੋਈ ਗਾਗਾਰਿਨ, ਕੋਈ ਤੈਰਿਸ਼ਕੋਵਾ ਕਿਵੇਂ ਪੈਦਾ ਹੋ ਸਕਦੇ ਹਨ? ਇਸ ਸਮਾਜ ਵਿੱਚ ਮਜ਼ਦੂਰਾਂ ਦੀ ਹੋਣੀ ਦੋ ਡੰਗ ਦੀ ਰੋਟੀ ਲਈ ਦਿਨ ਭਰ ਭੱਠ ਝੋਕਣ ਤੋਂ ਬਿਨ੍ਹਾਂ ਕੁਝ ਨਹੀਂ ਹੈ। ਨੋਟਬੰਦੀ ਵੇਲੇ ਅਸੀਂ ਦੇਖਿਆ ਹੈ, ਮਜ਼ਦੂਰ ਲੋਕ ਆਪਣਾ ਹੀ ਪੈਸਾ ਕਢਵਾਉਣ ਲਈ ਬੈਂਕਾਂ ’ਚ ਡਾਂਗਾ ਖਾ ਰਹੇ ਸਨ, ਲਾਈਨਾਂ ਵਿੱਚ ਲੱਗ ਕੇ ਮਰ ਰਹੇ ਸਨ। ਇਹ ਸਮਾਜ ਅੱਜ ਤਾਂ ਕੀ ਆਉਂਦੇ ਸੌ ਸਾਲ ਨੂੰ ਵੀ ਕਿਰਤੀ ਅਬਾਦੀ ਨੂੰ ਛੁੱਟ ਬਰਬਰਤਾ ਦੇਣ ਦੇ ਸਿਵਾਏ ਹੋਰ ਕੁਝ ਨਹੀਂ ਕਰ ਸਕਦਾ।

ਖੈਰ ਮੈਂ ਆਪਣੀ ਗੱਲ ਉੱਤੇ ਵਾਪਿਸ ਪਰਤਦਾ। ਸੋਵੀਅਤ ਲੋਕਾਂ ਦੀਆਂ ਪੁਲਾੜ ਸਬੰਧੀ ਪ੍ਰਾਪਤੀਆਂ ਵਿਸ਼ਾਲ ਮਜ਼ਦੂਰ ਜਮਾਤ ਦੀਆਂ ਪ੍ਰਾਪਤੀਆਂ ਸਨ। ਕੋਈ ਕਹਿ ਸਕਦਾ ਹੈ ਕਿ 1956 ’ਚ ਤਾਂ ਸੋਵੀਅਤ ਯੂਨੀਅਨ ’ਚ ਸਰਮਾਏਦਾਰੀ ਦੀ ਮੁੜ ਬਹਾਲੀ ਹੋ ਗਈ ਸੀ ਅਤੇ ਇਹ ਇੱਕ ਸਾਮਰਾਜੀ ਤਾਕਤ ਵਿੱਚ ਵੱਟ ਚੁੱਕਾ ਸੀ। ਇਹ ਸਚਾਈ ਹੈ, ਪਰ ਇਹ ਵੀ ਵੱਡਾ ਸੱਚ ਹੈ ਕਿ ਸਮਾਜਵਾਦੀ ਕਦਰਾਂ-ਕੀਮਤਾਂ ਸੋਵੀਅਤ ਸੰਘ ਵਿੱਚੋਂ ਇੱਕ ਦਮ ਮਨਫੀ ਨਾ ਹੋ ਸਕਦੀਆਂ ਸਨ ਨਾ ਮਨਫੀ ਹੋਈਆਂ। ਇਹਨਾਂ ਕਦਰਾਂ-ਕੀਮਤਾਂ ਨੇ ਇੱਕ ਲੰਮੇ ਸਮੇਂ ਅੰਦਰ ਹੌਲ਼ੀ-ਹੌਲ਼ੀ ਆਪਣਾ ਰੰਗ ਵਟਾਉਣਾ ਸੀ। ਇਹਨਾਂ ਕਦਰਾਂ ਕੀਮਤਾਂ ਦਾ ਇੱਕੋਂ ਦਮ ਰੰਗ ਵਟਾਉਣਾ ਖਰੁਸ਼ਚੇਵ ਜੁੰਡਲੀ ਦੇ ਹੱਕ ਵਿੱਚ ਵੀ ਨਹੀਂ ਸੀ। ਇਹ ਵੀ ਸੱਚ ਹੈ ਕਿ ਸਮਾਜਵਾਦ ਤੋਂ ਬਿਨ੍ਹਾਂ ਰੂਸ ਨਾ ਇਹ ਕਦੇ ਨਹੀਂ ਕਰ ਸਕਦਾ ਸੀ, ਇਹ ਪ੍ਰਾਪਤੀਆਂ ਸਮਾਜਵਾਦ ਦੀਆਂ ਹੀ ਪ੍ਰਾਪਤੀਆਂ ਸਨ। ਜਦੋਂ ਸੌ ਸਾਲ ਅੱਗੇ ਸਰਮਾਏਦਾਰਾ ਅਮਰੀਕਾ, ਦੂਜੀ ਸੰਸਾਰ ਜੰਗ ਵਿੱਚ ਬਿਨ੍ਹਾਂ ਕੋਈ ਜ਼ਿਆਦਾ ਨੁਕਸਾਨ ਝੱਲਣ ਦੇ ਬਾਵਜੂਦ ਇਹ ਨਹੀਂ ਕਰ ਪਾਇਆ ਤਾਂ ਸਰਮਾਏਦਾਰਾ ਰੂਸ ਇਹ ਕਿੱਥੋਂ ਕਰ ਲੈਂਦਾ? ਦੂਜੀ ਸੰਸਾਰ ਜੰਗ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਝੱਲਣ ਦੇ ਬਾਵਜੂਦ ਪੁਲਾੜ ਸਬੰਧੀ ਪ੍ਰੋਜੇਕਟ ਸਤਾਲਿਨ ਦੇ ਸਮੇਂ ਤੋਂ ਹੀ ਜਾਰੀ ਸਨ, ਜਿਨ੍ਹਾਂ ਦਾ ਮਕਸਦ ਮਜ਼ਦੂਰ ਜਮਾਤ ਦੀ ਸੇਵਾ ਕਰਨਾ ਸੀ। ਤੇ ਇਸ ਘਾਲਣਾ ਦੀ ਪਹਿਲੀ ਪ੍ਰਾਪਤੀ 4 ਅਕਤੂਬਰ 1957 ਵਿੱਚ ‘ਸਪੁਤਨਿਕ’ (ਸਾਥੀ) ਨੂੰ ਸਫਤਲਾ ਪੂਰਵਕ ਪੁਲਾੜ ਵਿੱਚ ਭੇਜੇ ਜਾਣ ਦੇ ਰੂਪ ਵਿੱਚ ਮਿਲ਼ੀ। ਇਸੇ ਤਰ੍ਹਾਂ ਵਰਨੇ ਤੇ ਜੀ ਐਚ ਵੇਲਜ਼ ਦੇ ਸੁਪਨੇ ਸਕਾਰ ਹੋਣ ਦਾ ਮੁੱਢ 61 ਵਿੱਚ ਵੱਜਾ ਜਦੋਂ ਯੂਰੀ ਗਾਗਾਰਿਨ ਧਰਤੀ ਦਾ ਚੱਕਰ ਲਾ ਕੇ ਵਾਪਸ ਪਰਤਿਆ। ਯੂਰੀ ਨਾਲ਼ ਜੁੜੀ ਇੱਕ ਬੜੀ ਦਿਲਚਸਪ ਵਾਰਤਾ ਹੈ, ਜਦੋਂ ਉਹ ਧਰਤੀ ਦਾ ਚੱਕਰ ਲਗਾ ਵਾਪਸ ਵਰਤਿਆ ਤਾਂ ਪੂਰੀ ਦੁਨੀਆਂ ਵਿੱਚ ਇੱਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਸੀ। ਹਰ ਦੇਸ਼ ਉਸ ਨੂੰ ਸਨਮਾਨਿਤ ਕਰਨ ਲਈ ਕਾਹਲਾ ਸੀ। ਅਮਰੀਕਾ ਵਿੱਚ ਕੁਝ ਲੋਕਾਂ ਨੇ ਉਸ ਨੂੰ ਅਮਰੀਕਾ ਨਾਲ਼ ਜੋੜਿਆ, ਜਿਸ ਦਾ ਜਵਾਬ ਯੂਰੀ ਨੇ ਆਪਣੇ ਭਾਸ਼ਣ ਵਿੱਚ ਕੁਝ ਇੰਝ ਦਿੱਤਾ ਹੈ, “ਬਹੁਤੇ ਲੋਕ ਮੇਰੀ ਜੀਵਨੀ ਵਿੱਚ ਦਿਲਚਸਪੀ ਰੱਖਦੇ ਹਨ। ਮੈਂ ਅਖ਼ਬਾਰਾਂ ਵਿੱਚ ਪੜ੍ਹਦਾ ਹਾਂ ਕਿ ਕੁਲੀਨ ਗਾਗਾਰਿਨ ਘਰਾਣੇ ਨਾਲ਼ ਸਬੰਧ ਰੱਖਦੇ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਬੈਠੇ ਗੈਰ-ਜ਼ਿੰਮੇਂਵਾਰ ਲੋਕ, ਮੈਨੂੰ ਆਪਣੇ ਹੀ ਵੰਸ਼ ਵਿੱਚੋਂ ਸਮਝਦੇ ਹਨ। ਮੈਨੂੰ ਉਹਨਾਂ ਦੇ ਭਰਮ ਤੋੜਨੇ ਪੈਣੇ ਹਨ। ਉਹ ਬੜੀ ਮੂਰਖਤਾ ਨਾਲ਼ ਪੇਸ਼ ਆਏ ਹਨ। ਮੈਂ ਤਾਂ ਇੱਕ ਸਧਾਰਨ ਸੋਵੀਅਤ ਨਾਗਰਿਕ ਹਾਂ। ਮੇਰਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ 9 ਮਾਰਚ, 1934 ਨੂੰ ਹੋਇਆ ਸੀ। ਮੇਰਾ ਜਨਮ ਅਸਥਾਨ ਸਮੋਲੈਂਸਕ ਖੇਤਰ ਸੀ। ਮੇਰੇ ਬੰਸਾਵਲੀ ਵਿੱਚ ਨਾ ਤਾਂ ਕੋਈ ਸ਼ਹਿਜ਼ਾਦਾ ਸੀ ਅਤੇ ਨਾ ਹੀ ਕੋਈ ਕੁਲੀਨ ਸੀ। ਇਨਕਲਾਬ ਤੋਂ ਪਹਿਲੋਂ ਮੇਰੇ ਮਾਂ-ਪਿਓ ਗਰੀਬ ਕਿਸਾਨ ਸਨ। ਮੇਰੇ ਪਰਿਵਾਰ ਦੀ ਬਜ਼ੁਰਗ ਪੀੜੀ, ਮੇਰਾ ਦਾਦਾ ਤੇ ਦਾਦੀ, ਵੀ ਗਰੀਬ ਕਿਸਾਨ ਸਨ ਅਤੇ ਸਾਡਾ ਪਰਿਵਾਰ ਕਿਸੇ ਵੀ ਸ਼ਹਿਜ਼ਾਦਿਆਂ-ਨਵਾਬਾਂ ਤੋਂ ਛੁੱਟ ਸੀ। ਸੋ, ਮੈਂ ਅਮਰੀਕਾ ਵਸਦੇ ਮੇਰੇ ਆਪੂੰ-ਬਣੇ ਸਾਕ-ਸਬੰਧੀਆਂ ਦੇ ਭਰਮ ਤੋੜਨ ’ਤੇ ਮਜ਼ਬੂਰ ਹਾਂ।’’ ਯੂਰੀ ਦੇ ਭਾਸ਼ਣ ਤੋਂ ਵੀ ਸਾਫ਼ ਹੈ ਕਿ ਸੋਵੀਅਤ ਇਨਕਲਾਬ ਨੇ ਸਦੀਆਂ ਤੋਂ ਲੁੱਟ ਦਾ ਸ਼ਿਕਾਰ ਲੋਕਾਂ ਨੂੰ ਪੈਰਾ-ਭਰ ਖੜ੍ਹਾ ਕੀਤਾ, ਜਿਹੜੇ ਲੋਕਾਂ ਦੀ ਜ਼ਾਰਸ਼ਾਹੀ ਵਿੱਚ ਬੇਰਾ ਵੱਟੇ ਕੋਈ ਕਦਰ ਨਹੀ ਉਹ ਲੋਕ ਨਾ ਸਿਰਫ ਇਨਕਲਾਬ ਤੋਂ ਬਾਅਦ ਸੋਵੀਅਤ ਯੂਨੀਅਨ ਵਿੱਚ ਇੱਕ ਚੰਗੀ ਤੇ ਮਾਣ ਵਾਲ਼ੀ ਜ਼ਿੰਦਗੀ ਵਿੱਚ ਪਰਤੇ, ਸਗੋਂ ਉਹਨਾਂ ਨੇ ਪੁਲਾੜ ਦੇ ਰਹੱਸ ਨੂੰ ਮਨੁੱਖਤਾ ਦੀ ਸੇਵਾ ਲਈ ਜਾਨਣਾ ਵੀ ਸ਼ੁਰੂ ਕੀਤਾ, ਇਸ ਸਬੰਧੀ ਇੱਕ ਹੋਰ ਥਾਂ ਯੂਰੀ ਨੇ ਲਿਖਿਆ, “ਪੁਲਾੜ ਦੇ ਰਹੱਸਾ ਨੂੰ ਜਾਨਣ ਦਾ ਸਾਡਾ ਯਤਨ ਮਾਨਵਤਾ ਦੇ ਹਿੱਤਾ ਲਈ ਹੈ। ਮੈਂ ਆਪਣੇ ਆਪ ਨੂੰ ਇਹਨਾਂ ਹਿੱਤਾਂ ਲਈ ਸਮਰਪਣ ਕੀਤਾ ਸੀ।” ਯੂਰੀ ਗਾਗਾਰਿਨ ਵਾਂਗ ਹੀ ਵੈਲਿਨਤੀਨਾ ਤੈਰਿਸ਼ਕੋਵਾ ਦੀ ਵੀ ਕਹਾਣੀ ਹੈ। ਤਾਰਿਸ਼ਕੋਵਾ ਪੁਲਾੜ ਵਿੱਚ ਜਾਣ ਵਾਲ਼ੀ ਪਹਿਲੀ ਔਰਤ ਸੀ। ਤਾਰਿਸ਼ਕੋਵਾ ਦਾ ਪਰਿਵਾਰ ਬੇਲਾਰੂਸ ਤੋਂ ਰੂਸ ਪ੍ਰਵਾਸ ਕਰ ਗਿਆ ਸੀ। ਉਸਦਾ ਪਿਤਾ ਟਰੈਕਟਰ ਡਰਾਇਵਰ ਸੀ ਤੇ ਮਾਂ ਕੱਪੜੇ ਦੀ ਮਿਲ ਵਿੱਚ ਕੰਮ ਕਰਦੀ ਸੀ। ਉਸਦਾ ਪਿਤਾ ਬਾਅਦ ਵਿੱਚ ਦੂਜੀ ਸੰਸਾਰ ਜੰਗ ਵਿੱਚ ਨਾਜੀਆਂ ਨਾਲ਼ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ। ਮੁੱਢਲੀ ਪੜਾਈ ਤੋਂ ਬਾਅਦ ਤਾਰਿਸ਼ਕੋਵਾ ਨੇ ਫਾਇਰ ਕਾਰਖਾਨੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਿਨ੍ਹਾਂ ਉਸ ਨੇ ਕੱਪੜੇ ਦੇ ਕਾਰਖ਼ਾਨੇ ਵਿੱਚ ਵਿੱਚ ਕੰਮ ਕੀਤਾ, ਤੇ ਇਸੇ ਕਿੱਤੇ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਯੂਰੀ ਗਾਗਾਰਿਨ ਨੇ ਲਿਖਿਆ ਕਿ ‘ਉਸ ਨੂੰ ਪੁਲਾੜ ਦੇ ਇਸ ਕਿੱਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਉਸ ਨੂੰ ਚੁਣਿਆ ਗਿਆ ਤੇ ਉਸ ਨੇ ਸਖ਼ਤ ਮਿਹਨਤ ਤੇ ਲਗਨ ਨਾਲ਼ ਇਸ ਵਿੱਚ ਤਰਜ਼ਬਾ ਪ੍ਰਾਪਤ ਕੀਤਾ। ‘ਉਹਨਾਂ ਦਿਨਾਂ ਵਿੱਚ ਕਾਸਮੋਨਾਟਾ ਨੂੰ ਪੈਰਾਸ਼ੂਟ ਰਾਹੀ ਵਾਪਸ ਧਰਤੀ ਉੱਤੇ ਉਤਾਰਾ ਕਰਨਾ ਪੈਂਦਾ ਸੀ। ਤਾਰਿਸ਼ਕੋਵਾ ਨੂੰ ਜਵਾਨੀ ਤੋਂ ਹੀ ਪੈਰਾਸ਼ੂਟ ਰਾਹੀਂ ਕੁੱਦਣ ਦਾ ਸ਼ੌਂਕ ਸੀ ਤੇ ਉਸਨੇ ਲੋਕਲ ਹਵਾਈ ਕਲੱਬ ਤੋਂ ਸਕਾਈ ਡਾਈਵਿੰਗ (ਹਵਾਬਾਜ਼ੀ) ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ। ਤਾਰਿਸ਼ਕੋਵਾ ਕੋਲ 126 ਵਾਰ ਪੈਰਾਸ਼ੂਟ ਰਾਹੀ ਕੁੱਦਣ ਦਾ ਤਜ਼ਰਬਾ ਸੀ ਤੇ ਇਹੀ ਗੱਲ ਉਸਦੀ ਪੁਲਾੜ ਲਈ ਚੋਣ ਦਾ ਅਧਾਰ ਬਣੀ ਤੇ ਉਹ ਧਰਤੀ ਦੇ 48 ਚੱਕਰ ਲਾ ਕੇ ਵਾਪਸ ਪਰਤੀ। ਸੰਤੋਖ਼ ਸਿੰਘ ਧੀਰ ਨੇ ਇਹਦੇ ਬਾਰੇ ਇੱਕ ਕਵਿਤਾ ਲਿਖੀ ਸੀ:

ਰੂਸ ਦੀਏ ਪਰੀਏ !
ਖ਼ਲਾਵਾਂ ਦੀਏ ਮਹਿਰਮੇਂ!
ਤੂੰ ਹੋਰ ਹੋਰ ਧਰਤੀਆਂ
ਅਕਾਸ਼ ਦੀਆਂ ਧੀਆਂ ਨਾਲ਼
ਸਾਡੀ ਸੋਹਣੀ ਧਰਤ ਦਾ
ਸਹੇਲ ਪਾਕੇ ਆਈ ਏਂ।
ਤੈਨੂੰ ਅਸੀਂ ਧਰਤ ਉੱਤੇ
ਪਹਿਲਾ ਨਹੀਂ ਸੀ ਵੇਖਿਆ।
ਵੇਖਿਆ ਤਾਂ ਤੈਨੂੰ ਅਸੀਂ
ਰੌਸ਼ਨੀ ਦੇ ਖੰਭਾਂ ਉੱਤੇ
ਚੰਨਾਂ ਅਤੇ ਤਾਰਿਆਂ ’ਚ
ਉੱਡਦੇ ਹੀ ਵੇਖਿਆ।
ਰੂਸ ਦੀਏ ਪਰੀਏ !
ਖ਼ਲਾਵਾਂ ਦੀਏ ਮਹਿਰਮੇਂ !

ਅੱਜ ਭਾਰਤ ਵਿੱਚ ਕੋਈ ਇਸਤਰੀ ਮਜ਼ਦੂਰ ਦੀ ਇਹਨਾਂ ਕੰਮਾਂ ਲਈ ਚੌਣ ਹੋ ਸਕਦੀ ਹੈ? ਉੱਕਾ ਹੀ ਨਹੀਂ। ਇਸ ਬਾਰੇ ਸੋਚਣਾ ਹੀ ਮੂਰਖਤਾ ਬਣ ਚੁੱਕਾ ਹੈ। ਔਰਤਾਂ ਨੂੰ ਚੁੱਲੇ-ਚੌਂਕੇ ਤੋਂ ਮੁਕਤ ਕਰ ਪੁਲਾੜ ਦੇ ਰਹੱਸਾਂ ਨੂੰ ਖੋਜਣ ਲਾਇਆ, ਇਹ ਵੀ ਸਮਾਜਵਾਦ ਦੀਆਂ ਅਣਗਿਣਤ ਪ੍ਰਾਪਤੀਆਂ ਵਿੱਚੋਂ ਇੱਕ ਪ੍ਰਾਪਤੀ ਸੀ। ਜਦੋਂ ਨਾਇਕਾਂ ਦੀ ਗੱਲ ਆਉਂਦੀ ਹੈ ਤਾਂ ਸਾਡੇ ਆਪਣੇ ਨਾਇਕ ਹਨ। ਮਜ਼ਦੂਰ ਜਮਾਤ ਨੂੰ ਅੱਜ ਦੇ ਬੁਰਜੂਆ ਨਾਇਕਾਂ ਦੀ ਕੋਈ ਲੋੜ ਨਹੀਂ ਹੈ, ਇਹ ਦੋਵੇ ਨਾਂ ਸਮਾਜਵਾਦ ਦੀਆਂ ਪ੍ਰਾਪਤੀਆਂ ਦੇ ਪ੍ਰਤੀਕ ਬਣ ਚੁਕੇ ਹਨ।

ਪੁਲਾੜ ਦੇ ਰਹੱਸਾਂ ਨੂੰ ਜਾਨਣ ਵਿੱਚ ਮਨੁੱਖ ਸ਼ਾਇਦ ਅੱਜ ਬਚਪਨ ਦੇ ਪੜਾਅ ਵਿੱਚ ਹੀ ਹੈ। ਪਰ ਕੋਈ ਸਮਾਂ ਆਵੇਗਾ ਜਦੋ ਧਰਤੀ ਉੱਤੇ ਮਜ਼ਦੂਰ ਜਮਾਤ ਸਰਮਾਏ ਦੇ ਜੂਲੇ ਨੂੰ ਪੂਰੀ ਤਰ੍ਹਾਂ ਉਖਾੜ ਸੁੱਟੇਗੀ। ਦੂਰ ਭਵਿੱਖ ਵਿੱਚ ਫਿਰ ਵੈਲਜ਼ ਦੇ ਸੁਪਨੇ ਲਈ ਮਨੁੱਖ ਕੋਲ ਫਿਰ ਕਾਫ਼ੀ ਸਮਾਂ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 3, 16 ਮਾਰਚ 2018 ਵਿੱਚ ਪ੍ਰਕਾਸ਼ਿਤ