ਮੇਰੇ ਅਗਲੇ ਵੀ ਨਹੀਂ ਲਿਖਣਗੇ -1 •ਗੁਰਚਰਨ ਸਿੰਘ ਸਹਿੰਸਰਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਮਾਰਚ 1934 ਦੇ ਆਖ਼ਰੀ ਦਿਨਾਂ ਦਾ ਲਹਡਾ ਵੇਲਾ ਸੀ, ਅੰਮ੍ਰਿਤਸਰ ਮਲਵਈ ਬੁੰਗੇ ਦੀ ਗੱਲ ਹੈ।

ਬੁੰਗੇ ਦੀਆਂ ਬਜ਼ਾਰ ਦੀਆਂ ਦੁਕਾਨਾਂ ਦੇ ਪਿੱਛੇ ਵਿਹੜੇ ਵਿੱਚ ਦੋਂਹ ਪਖਿਆਂ ਦੀ ਇੱਕ ਪੁਰਾਣੀ ਢੱਠਣ ਕਿਨਾਰੇ ਕੋਠੜੀ ਵਿੱਚ ਦੇਸ਼ ਭਗਤ ਪਰਵਾਰ-ਸਹਾਇਕ ਕਮੇਟੀ ਦਾ ਦਫ਼ਤਰ ਸੀ। ਮੀਹਾਂ ਨਾਲ਼ ਛੱਤ ਤੋਂ ਖੁਰ ਖੁਰ ਬਾਹਰ ਕੰਧਾਂ ਤੇ ਜੰਮੀ ਮਿੱਟੀ ਦੀ ਕਾਲਿਤਣ ਤੋਂ ਪਤਾ ਨਹੀਂ ਸੀ ਲੱਗਦਾ, ਕਿ ਪੁਰਾਣੀਆਂ ਤੇ ਬੋਦੀਆਂ ਪੈ ਚੁਕੀਆਂ ਇੱਟਾਂ ਚੂਨੇ ਨਾਲ਼ ਚਿਣੀਆਂ ਹੋਇਆਂ ਸਨ ਜਾਂ ਗਾਰੇ ਨਾਲ਼। ਨੀਂਹ ਲਾਗਿਉਂ ਤਿੰਨਾਂ ਚਹੁੰ ਵਾਰਾਂ ਦੀਆਂ ਇੱਟਾਂ ਦੇ ਪਿੰਡੇ ਕੱਲਰ ਨੇ ਖੋਰ ਛੱਡੇ ਸਨ। ਬੂਹੇ ਦੀ ਚੁਗਾਠ ਤੇ ਤਖਤੇ ਹਵਾ ਪਾਣੀ ਤੇ ਧੁੱਪ ਦੀ ਮਾਰ ਨਾਲ਼ ਮੈਲੇ ਤੇ ਖੱਖਰ ਖਾਹਦੇ ਹੋ ਕੇ ਕਾਲੇ ਹੋਏ ਸਨ।

ਅੰਦਰ ਕੱਚੇ ਫਰਸ਼ ਦੀ ਝਾੜੂ ਬਹਾਰੀ ਤੋਂ ਬਿਨਾਂ ਹੋਰ ਕੋਈ ਸਫਾਈ ਨਹੀਂ ਸੀ। ਕੰਧਾਂ ਉਤੇ ਬਹੁਤ ਸਾਲਾਂ ਤੋਂ ਹੋਈ ਕਲੀ ਦੀਆਂ ਕਈ ਥਾਵਾਂ ਤੋਂ ਟਾਕੀਆਂ ਪਾਈਆਂ ਹੋਈਆਂ ਸਨ ਤੇ ਗਾਰੇ ਦੀ ਲਿਪਾਈ ਦੀਆਂ ਟਾਕੀਆਂ ਦਿਸ ਰਹੀਆਂ ਸਨ। ਹੇਠਲੇ ਕੁਝ ਵਾਰ ਸਲਾਅਬ ਨਾਲ਼ ਖੁਰ ਕੇ ਇੱਟਾਂ ਦੀ ਸੁਰਖੀ ਡੇਗ ਰਹੇ ਸਨ। ਇੱਕ ਬੋਦੀ ਜਿਹੀ ਸਤੀਰੀ ਉੱਤੇ ਅਨਘੜਤ ਕੜੀਆਂ ਤੇ ਸਿਰਕੀਆਂ ਦੀ ਧੁਆਖੀ ਹੋਈ ਛੱਤ ਇਸ ਤਰ੍ਹਾਂ ਜਾਪਦੀ ਸੀ, ਜਿਵੇਂ ਕਾਲੋਂ ਦਾ ਲੇਪਣ ਫੇਰਿਆ ਹੋਵੇ। ਧੁਆਖੀਆਂ ਕੜੀਆਂ ਦੀਆਂ ਸਿਰਕੀਆਂ ਨਾਲ਼ ਲੱਗੀਆਂ ਵੱਖੀਆਂ ਤੇ ਕੰਧਾਂ ਦੀਆਂ ਨੁੱਕਰਾਂ ਵਿੱਚ ਥਾਂ ਥਾਂ ਕਕਹਿਣਿਆਂ ਦੇ ਬਣਾਏ ਹੋਏ ਚਿੱਟੇ ਚਿੱਟੇ ਘਰ ਕਾਲੀ ਪੈ ਚੁੱਕੀ ਛੱਤ ‘ਤੇ ਕਮਰੇ ਦੇ ਹਨੇਰੇ ਵਿੱਚ ਰਾਤ ਦੇ ਤਾਰਿਆਂ ਵਾਂਗ ਚਮਕਦੇ ਨਜ਼ਰ ਆਉਂਦੇ ਸਨ।

ਪਿਛਲੀ ਕੰਧ ਨਾਲ਼ ਖੜੀ ਕੀਤੀ ਲਕੜ ਦੀ ਇਕ ਪੰਜ ਫੁੱਟੀ ਪੁਰਾਣੀ ਅਲਮਾਰੀ ਵਿੱਚ ਦਫ਼ਤਰ ਦੇ ਰਜਿਸਟਰ ਤੇ ਕਾਗਜ਼ ਪੱਤਰ ਸਨ, ਜਿਸ ਦੇ ਅੱਗੇ ਇਕ ਟੁੱਟਣ ਲਾਗੇ ਆਈ ਕੁਰਸੀ ਤੇ ਇੱਕ ਪੁਰਾਣਾ ਮੇਜ਼ ਰੱਖੇ ਸਨ। ਮੇਜ਼ ਉਤੇ ਲਾਲ ਨੀਤੀ ਦਵਾਤਾਂ ਵਾਲ਼ੇ ਲੱਕੜ ਦੇ ਕਲਮਦਾਨ ਵਿੱਚ ਦੋ ਨੀਲੇ ਤੇ ਇਕ ਲਾਲ ਡੰਕ ਪਏ ਸਨ। ਇਸ ਤੋਂ ਇਲਾਵਾ ਮੇਜ਼ ਉੱਤੇ ਰੱਖ ਕੇ ਲਿਖਣ ਵਾਲ਼ਾ ਸਿਆਹੀ ਚੂਸ ਲੱਗਾ ਇੱਕ ਵੱਡਾ ਸਾਰਾ ਗੱਤਾ, ਪਿੰਨਾਂ ਵਾਲ਼ੀ ਪੈਡ ਤੇ ਲੱਕੜ ਦਾ ਫੁੱਟਾ ਸੀ। ਮੈਂ ਮੇਜ਼ ਉੱਤੇ ਲੱਤਾਂ ਰੱਖੀ ਇਸ ਕੁਰਸੀ ਉੱਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਮੇਜ਼ ਦੇ ਪਰਲੇ ਪਾਸੇ ਬੂਹੇ ਤੋਂ ਥੋੜ੍ਹਾ ਹੀ ਅੱਗੇ ਇੱਕ ਹੋਰ ਟੁੱਟੀ ਜਿਹੀ ਕੁਰਸੀ ਪਈ ਸੀ, ਜੋ ਆਇਆਂ ਦੇ ਬੈਠਣ ਲਈ ਰੱਖੀ ਹੋਈ ਸੀ।

ਬਾਹਰ ਇੱਕ ਝੌਲਾ ਜਿਹਾ ਪਿਆ। ਵੇਖਿਆ ਤਾਂ ਇਕ ਸਮੱਧਰ ਜਿਹਾ ਬੰਦਾ ਬੂਹੇ ਅੱਗੇ ਖਲੋਤਾ ਸੀ।

‘ਦੇਸ਼ ਭਗਤਾਂ ਦਾ ਦਫ਼ਤਰ ਇਹੀ ਹੈ? ਉਸ ਨੇ ਓਪਰੇ ਜਿਹੇ ਉਚਾਰਨ ਵਿੱਚ ਬਾਹਰੋਂ ਹੀ ਪੁਛਿਆ।

‘ਹਾਂ’, ਮੈਂ ਉਸ ਵੱਲ ਵੇਖੇ ਬਿਨਾਂ ਹੀ ਜੁਆਬ ਦਿੱਤਾ।

ਉਹ ਪਿਛਾਂਹ ਮੁੜਿਆ ਤੇ ਝਟ ਕੁ ਮਗਰੋਂ ਫੇਰ ਅੰਦਰ ਆ ਕੇ ਖਾਲੀ ਕੁਰਸੀ ਲਾਗੇ ਖਲੋ ਗਿਆ। ਉਹ ਬੜਾ ਸਹਿਮਿਆ ਤੇ ਡੌਰ ਭੌਰ ਜਿਹਾ ਜਾਪਦਾ ਸੀ। ਉਸ ਨੇ ਚੰਗੀਆਂ ਪੜ੍ਹਾਕੂ ਨਜ਼ਰਾਂ ਨਾਲ਼ ਕੋਠੜੀ ਦੀਆਂ ਚਾਰੇ ਨੁੱਕਰਾਂ ਵੇਖੀਆਂ। ਉਸ ਦੀ ਨਿਗਾਹ ਮੇਰੇ ਉਤੇ ਆ ਕੇ ਟਿਕ ਗਈ ਤੇ ‘ਹਰਨਾਮ ਸਿੰਘ ਟੁੰਡੀਲਾਟ ਕਿੱਥੇ ਹੈ’ ਪੁਛ ਕੇ ਉਸ ਨੇ ਆਪਣਾ ਆਉਣਾ ਦੱਸ ਦਿੱਤਾ।

‘ਉਹ ਤਾਂ ਪਿੰਡ ਗਏ ਹੋਏ ਨੇ।’

ਇਹ ਸੁਣਦਿਆਂ ਹੀ ਉਸ ਦੇ ਚਿਹਰੇ ਤੇ ਨਿਰਾਸਤਾ ਦਾ ਲੇਪਣ ਫਿਰ ਗਿਆ। ਉਹ ਜ਼ਰਾ ਝੁਕਿਆ ਤੇ ਫੇਰ ਬੋਲਿਆ।

‘ਤੁਹਾਡਾ ਨਾਂ।’

‘ਗੁਰਚਰਨ ਸਿੰਘ।’ ‘ਮੇਰਾ ਨਾਂ ਸੁਣ ਕੇ ਉਹ ਸੋਚੀਂ ਪੈ ਗਿਆ, ਜਿਵੇਂ ਕੋਈ ਗੰਭੀਰ ਫੈਸਲਾ ਕਰਨ ਵਿੱਚ ਲੱਗ ਪਿਆ ਹੋਵੇ।

ਏਨੇ ਵਿਚ ਮੈਂ ਉਸ ਨੂੰ ਚੰਗੀ ਤਰ੍ਹਾਂ ਵੇਖ ਲਿਆ। ਉਹ ਰੰਗੋਂ ਸੌਲਾ ਤੇ ਕੱਦੋਂ ਮੱਧਰਾ ਪਰ ਗਠਵੇਂ ਸਰੀਰ ਦਾ ਕਾਬਲੀ ਬੰਦਾ ਸੀ। ਕੁੜਤਾ ਤੇ ਸਲਵਾਰ ਚਿੱਟੇ, ਸਿਰੇ ‘ਤੇ ਨਸਵਾਰੀ ਮਸ਼ਹਦੀ ਲੁੰਗੀ ਜਾਕਟ ਦੇ ਪੇਸ਼ ਕਾਲੇ ਸੂਫ ਦੋ ਤੇ ਅੰਦਰਸ ਤੇ ਪਿੱਠ ਲੱਠੇ ਦੀ, ਉਸ ਦੇ ਮੈਲੇ ਤੇ ਮਧੋਲੇ ਹੋਏ ਕਪੜੇ ਦੱਸਦੇ ਸਨ ਕਿ ਉਹ ਕਈ ਦਿਨਾਂ ਤੋਂ ਸਾਫ਼ ਨਹੀਂ ਸਨ ਕੀਤੇ ਗਏ। ਅਨੁਸਾਂਭੀ ਸੁਕਭੂਰਲੀ ਅੱਧੀ ਕੁ ਗਿੱਠ ਕੁ ਲੰਮੀ ਦਾਹੜੀ ਬੋਹੜ ਦੀਆਂ ਦਾਹੜਾਂ ਵਾਂਗ ਠੋਡੀ ਤੋਂ ਸਣ ਦੀਆਂ ਰੱਸੀਆਂ ਬਣ ਕੇ ਹੇਠਾਂ ਲਮਕੀ ਹੋਈ ਸੀ। ਵੱਟਾਂ ਵਾਲ਼ੀ ਬੱਧੀ ਲੁੰਗੀ ਵਿਚੋਂ ਧੌਣ ਉੱਤੇ ਕਾਲੇ ਵਾਲਾਂ ਦੀਆਂ ਮੈਲ ਜੰਮੀਆਂ ਬੂੰਦਾਂ ਨਿਕਲੀਆਂ ਹੋਈਆਂ ਸਨ। ਉਸ ਦੇ ਮੂੰਹ ਤੇ ਹੱਥਾਂ ਦੀ ਖੁਸ਼ਕੀ ਤੋਂ ਦਿਸਦਾ ਸੀ ਕਿ ਪਿਛਲੇ ਦਿਨਾਂ ਵਿੱਚ ਉਸ ਨੂੰ ਆਪਣੀ ਕਾਇਆ ਸਵਾਰਨ ਦਾ ਮੌਕਾ ਹੀ ਨਹੀਂ ਮਿਲ਼ਿਆ। ਉਸ ਦਾ ਜੁੱਸਾ ਥਕੇਵੇਂ ਤੇ ਨੀਂਦਰੇ ਦਾ ਭੰਨਿਆ ਹੋਇਆ ਮਾਲੂਮ ਹੁੰਦਾ ਸੀ।

ਉਹ ਸੋਚਦਾ ਸੋਚਦਾ ਖੱਬੇ ਹੱਥ ਨਾਲ਼ ਆਪਣੇ ਕੰਨ ਦੇ ਪਿਛਾੜੀ ਖੁਰਕਣ ਲੱਗ ਪਿਆ। ਫੇਰ ਇਕ ਦਮ ਪਿਛਾਂਹ ਹੱਟ ਕੇ ਉਸ ਨੇ ਅੰਦਰੋਂ ਬੂਹਾ ਬੰਦ ਕਰ ਲਿਆ ਤੇ ਮੁੜ ਆਪਣੀ ਥਾਂ ਆ ਖਲੋਤਾ। ਉਸ ਦਾ ਚਿਹਰਾ ਕੁਝ ਕਰ ਲੈਣ ਲਈ ਰੁਮਕਣ ਲੱਗ ਪਿਆ ਸੀ।

ਮੈਂ ਡਰ ਗਿਆ, ”ਮਤਾ ਮੈਨੂੰ ਮਾਰੇ?”

ਮੈਂ ਵੀ ਅੱਗੋਂ ਸਾਵਧਾਨ ਹੋ ਗਿਆ। ਅਖ਼ਬਾਰ ਮੇਜ਼ ਉਤੇ ਰੱਖ ਕੇ ਲੱਤਾਂ ਹੇਠਾਂ ਕਰ ਲਈਆਂ ਤੇ ਹਰ ਆਈ ਦਾ ਮੁਕਾਬਲਾ ਕਰਨ ਲਈ ਬੰਦਿਆਂ ਵਾਂਗ ਹੋ ਬੈਠਾ।

ਉਸ ਨੇ ਨਿਉਂ ਕੇ ਆਪਣੇ ਸੱਜੇ ਪੈਰ ਦੇ ਬੂਟ ਨੂੰ ਹੱਥ ਪਾਇਆ। ਮੈਂ ਜਾਤਾ ਲੱਗੀਆਂ ਪੈਣ। ਮੈਂ ਵੀ ਇਕ ਦਮ ਉਠ ਕੇ ਕੁਰਸੀ ਪਿਛੇ ਹੋ ਖਲੋਤਾ ਤੇ ਅੱਗੋਂ ਚੁੱਕ ਕੇ ਮਾਰਨ ਲਈ ਦੋਵੇਂ ਹੱਥ ਕੁਰਸੀ ਦੀਆਂ ਬਾਹੀਆਂ ਨੂੰ ਪਾ ਲਏ।

ਪਰ ਲੜਾਈ ਦੀ ਨੌਬਤ ਨ ਆਈ। ਉਸ ਨੇ ਬੂਟ ਲਾਹ ਕੇ ਮੇਜ਼ ਤੇ ਰੱਖ ਦਿੱਤਾ, ਉਸ ਦਾ ਪਤਾਵਾ ਪੁੱਟਿਆ ਤੇ ਵਿਚੋਂ ਇਕ ਤਹਿ ਕੀਤਾ ਹੋਇਆ ਕਾਗਜ਼ ਖਿੱਚ ਕੇ ਮੈਨੂੰ ਫੜਾ ਦਿੱਤਾ। ਇਹ ਇਕ ਚਿੱਠੀ ਸੀ।

ਮੇਰਾ ਧੜਕੂ ਦੂਰ ਹੋਇਆ ਤੇ ਮੇਰੇ ਲੂੰ ਲੂੰ ਵਿੱਚ ਖੁਸ਼ੀ ਦੀ ਲਹਿਰ ਫਿਰ ਗਈ ਤੇ ਲੜਾਈ ਵਾਸਤੇ ਤਿਆਰ ਵੱਟਿਆ ਹੋਇਆ ਚਿਹਰਾ ਖੁਲ੍ਹ ਗਿਆ।

ਫੇਰ ਉਸ ਨੇ ਦੂਸਰੇ ਬੂਟ ਵਿੱਚੋਂ ਵੀ ਇਸ ਤਰ੍ਹਾਂ ਦੀ ਇਕ ਹੋਰ ਚਿੱਠੀ ਕੱਢੀ। ਉਪਰੰਤ ਉਸ ਨੇ ਜਾਕਟ ਲਾਹੀ ਤੇ ਉਸ ਦੀ ਗਰਦਨ ਦੇ ਅੰਦਰਸ ਨੂੰ ਉਧੇੜ ਕੇ ਇਕ ਹੋਰ ਕਾਗਜ਼ ਖਿੱਚ ਲਿਆ।

ਮੈਨੂੰ ਤਾਂ ਖੁਸ਼ੀਆਂ ਚੜ੍ਹ ਗਈਆਂ ਤੇ ਉਸ ਬੰਦੇ ਦੇ, ਜਿਸ ਤੋਂ ਪਹਿਲਾਂ ਮੈਨੂੰ ਬਹੁਤ ਡਰ ਗਿਆ ਸਾਂ, ਮੈਂ ਦਿਲ ਹੀ ਦਿਲ ਵਿੱਚ ਵਾਰੇ ਵਾਰੇ ਜਾਣ ਲੱਗ ਪਿਆ।

‘ਇਹ ਕਾਬਲੋਂ ਲਿਆਇਆ ਹਾਂ’ ਉਸ ਨੇ ਪਸ਼ਤੋ ਤਰਜ਼ ਦੀ ਪੰਜਾਬੀ ਬੋਲਦਿਆਂ ਇਨ੍ਹਾਂ ਨੂੰ ਲਿਆਉਣ ਦੀ ਸਾਰੀ ਵਿਥਿਆ ਦਸ ਦਿਤੀ।

ਮੈਂ ਉਸ ਦਾ ਬਹੁਤ ਹੀ ਬੜਾ ਧੰਨਵਾਦ ਕੀਤਾ ਤੇ ਉਸ ਨੂੰ ਬੈਠਣ ਲਈ ਤੇ ਪਾਣੀ ਧਾਣੀ ਪੀਣ ਲਈ ਬੜਾ ਜ਼ੋਰ ਲਾਇਆ ਪਰ ਉਹ ਨਾ ਮੰਨਿਆ ਤੇ ਫੋਕਾ ਹੀ ਚਲਿਆ ਗਿਆ।

ਮੇਰੇ ਧੰਨ ਧੰਨ ਹੋ ਗਈ। ਬਲਿਹਾਰ ਜਾਈਏ, ਉਸ ਸਾਧਾਰਣ ਜਿਹੇ ਅਫਗਾਨੀ ਦੇ ਜੋ ਆਪਣੇ ਜਾਮੇ ਅੰਦਰ ਸਾਡੀ ਇਨਕਲਾਬੀ ਲਹਿਰ ਦਾ ਬਹੁਤ ਕੁਝ ਲੁਕਾ ਕੇ ਲਿਆਇਆ ਸੀ।

ਮੈਂ ਚਿੱਠੀਆਂ ਵੇਖੀਆਂ, ਇਕ ਉਰਦੂ ਵਿਚ ਸਾਡੇ ਨਾਂ ਸੀ, ਦੂਸਰੀਆਂ ਅੰਗਰੇਜ਼ੀ ਦੀਆਂ ਮਦਰਾਸ ਤੇ ਇੰਦੌਰ ਤੇ ਸਾਡੇ ਕਮਿਊਨਿਸਟ ਅੱੱਡਿਆਂ ਵੱਲ ਲਿਖੀਆਂ ਹੋਈਆਂ ਸਨ। ਦੂਸਰੀਆਂ ਚਿੱਠੀਆਂ ਨੂੰ ਡਾਕ ਰਾਹੀਂ ਭੇਜਣ ਵੇਲੇ ਸੀ.ਆਈ.ਡੀ ਦੇ ਸੈਂਸਰ ਤੋਂ ਬਚਾਉਣ ਲਈ ਸਾਡੀ ਚਿੱਠੀ ਵਿੱਚ ਉਨ੍ਹਾਂ ਦੇ ਝੂਠੇ ਪਤੇ ਲਿਖੇ ਹੋਏ ਸਨ। ਮੈਂ ਤਿੰਨੇ ਚਿੱਠੀਆਂ ਪੜ੍ਹੀਆਂ, ਮਦਰਾਸ ਵਾਲੀ ਚਿੱਠੀ ਉਥੋਂ ਅਗਾਂਹ ਪੈਰਿਸ ਨੂੰ ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਲੁਕਵੇਂ ਪਤੇ ਉਤੇ ਸੀ, ਜਿਸ ਨੇ ਉਸਨੂੰ ਕਮਿਊਨਿਸਟ ਕੌਮਾਂਤਰੀ ਪਾਸ ਪੁਚਾਉਣਾ ਸੀ। ਤੇ ਇੰਦੌਰ ਵਾਲ਼ੀ ਹਿੰਦੋਸਤਾਨ ਗ਼ਦਰ ਪਾਰਟੀ ਦੇ ਕੈਲੇਫੋਰਨੀਆਂ (ਅਮਰੀਕਾ) ਵਿਚਲੇ ਝੂਠੇ ਐਡਰੈਸ ਉਤੇ ਜਾਣੀ ਸੀ, ਜਿੱਥੋਂ ਫਿਰ ਉਹ ਗ਼ਦਰ ਪਾਰਟੀ ਦੇ ਸਾਨਫ਼ਰਾਂਸਿਸਕੋ ਵਿੱਚ ਹੈਡ ਕੁਆਟਰ ਪਹੁੰਚਣੀ ਸੀ। ਦੇਸ ਤੇ ਪ੍ਰਦੇਸ ਦੇ ਇਨਕਲਾਬੀ ਅੱਡਿਆਂ ਤੇ ਬੰਦਿਆਂ ਨਾਲ਼ ਚਿੱਠੀ ਪੱਤਰ ਨੂੰ ਅੰਗਰੇਜ਼ੀ ਸੈਂਸਰ ਤੋਂ ਬਚਾਉਣ ਲਈ ਸਾਨੂੰ ਇਸ ਤਰ੍ਹਾਂ ਦੀ ਖਚਰ ਖੇਡ ਕਰਨੀ ਪੈਂਦੀ ਸੀ।

ਇਹ ਚਿੱਠੀਆਂ ਬਾਬਾ ਗੁਰਮੁਖ ਸਿੰਘ ਦੀਆਂ ਸਨ, ਜੋ ਉਸ ਨੇ ਕਾਬਲ ਜੇਲ੍ਹ ਵਿੱਚੋਂ ਲਿਖ ਕੇ ਭਿਜਵਾਈਆਂ ਸਨ।

ਕਾਬਲ ਵਿੱਚ ਗ਼ਦਰ ਪਾਰਟੀ ਦਾ ਇਨਕਲਾਬੀ ਘੋਰਨਾ 1921-22 ਤੋਂ ਚਲਿਆ ਆ ਰਿਹਾ ਸੀ, ਜਦ ਤੋਂ ਮਾਸਟਰ ਊਧਮ ਸਿੰਘ ਕਸੇਲ ਮਦਰਾਸ ਦੀਆਂ ਜੇਲ੍ਹਾਂ ਵਿੱਚੋਂ ਭਜ ਕੇ ਅਕਾਲੀ ਲਹਿਰ ਦੇ ਅਸਰ ਰਸੂਖ ਨਾਲ਼ ਉੱਥੇ ਪੁਜੇ ਸਨ ਤੇ ਤੇਜਾ ਸਿੰਘ ਸਵਤੰਤਰ ਦਾ ਪਰਚਾਰਕ ਜਥਾ ਅਫਗਾਨਿਸਤਾਨ ਦੇ ਸਿੱਖਾਂ ਵਿਚ ਪਰਚਾਰ ਕਰਨ ਗਿਆ ਹੋਇਆ ਸੀ। ਉਪਰੰਤ ਬਾਬਾ ਗੁਰਮੁਖ ਸਿੰਘ ਜਦ ਅਕੋਲਾ ਜੇਲ੍ਹ ਵਿੱਚ ਲਿਆਂਦੇ ਜਾ ਰਹੇ ਗੱਡੀ ਵਿੱਚੋਂ ਹੀ ਭਜ ਕੇ ਕਾਬਲ ਪਹੁੰਚ ਗਏ ਤਾਂ ਇਹ ਘੋਰਨਾ ਬਹੁਤ ਸਰਗਰਮ ਹੋ ਗਿਆ। ਇਹ ਸਾਡੀ, ਹਿੰਦ ਵਿਚ ਤੇ ਖਾਸ ਕਰ ਪੰਜਾਬ ਅੰਦਰ, ਅਜ਼ਾਦੀ ਦੀ ਇਨਕਲਾਬੀ ਲਹਿਰ ਤੋਂ ਅਮਰੀਕਾ ਵਿੱਚ ਗ਼ਦਰ ਪਾਰਟੀ ਵਿਚਾਲੇ ਜੋੜ ਮੇਲ ਦਾ ਕੰਮ ਦੇਣ ਲਗ ਪਿਆ। ਅਮਰੀਕਾ ਤੋਂ ਗ਼ਦਰ ਪਾਰਟੀ ਦੀ ਸਹਾਇਤਾ ਤੇ ਅਗਵਾਈ ਪਹਿਲਾਂ ਪਹਿਲਾਂ ਬਹੁਤੀ ਇਸ ਰਸਤੇ ਹੀ ਆਉਂਦੀ ਰਹੀ।

ਅਫਗਾਨਿਸਤਾਨ ਦਾ ਉਨ੍ਹਾਂ ਦਿਨਾਂ ਵਿਚ ਬਾਦਸ਼ਾਹ ਅਮਾਨੁਲਾ ਖ਼ਾਂ ਅੰਗਰੇਜ਼ੀ ਸਾਮਰਾਜ ਦਾ ਬੜਾ ਕੱਟੜ ਵਿਰੋਧੀ ਤੇ ਅਜ਼ਾਦੀ ਪਸੰਦ ਬੰਦਾ ਸੀ। ਉਹ ਅੰਗਰੇਜ਼ਾਂ ਨਾਲ਼ ਖਾਰ ਖਾਂਦਾ ਸੀ ਤੇ ਰੂਸ ਨਾਲ ਯਾਰੀ ਵਧਾ ਰਿਹਾ ਸੀ। ਇਸ ਲਈ ਉਹ ਗ਼ਦਰ ਪਾਰਟੀ ਦਾ ਹਮਾਇਤੀ ਤੇ ਸ਼ਰਨ ਦਾਤਾ ਸੀ। ਉਸ ਨੇ ਗ਼ਦਰ ਪਾਰਟੀ ਦੇ ਹਿੰਦੁਸਤਾਨ ਅੰਦਰ ਇਨਕਲਾਬੀ ਲਹਿਰ ਦੇ ਸੰਚਾਲਕਾਂ ਦੀ ਬੜੀ ਮਦਦ ਕੀਤੀ ਰੱਖੀ। ਇੱਥੋਂ ਤਕ ਕਿ ਤੇਜਾ ਸਿੰਘ ਸਵਤੰਤਰ ਨੂੰ ਆਪਣੀ ਸਰਕਾਰ ਵੱਲੋਂ ਤੁਰਕੀ ਦੀ ਫੌਜੀ ਅਕਾਡਮੀ ਵਿਚ ਭੇਜਕੇ ਫੌਜੀ ਅਫਸਰੀ ਦੀ ਸਿੱਖਿਆ ਤੇ ਜੰਗੀ ਵਿੱਦਿਆ ਦਿਵਾਈ। ਜਦ 1925-26 ਵਿਚ ਆ ਕੇ ਹਿੰਦੁਸਤਾਨ ਦੀ ਕੌਮੀ ਲਹਿਰ ਅੰਦਰ ਇਨਕਲਾਬੀ ਪਖ ਜ਼ੋਰ ਫੜ ਕੇ ਉਜਾਗਰ ਹੋਣ ਲਗ ਪਿਆ ਤਾਂ ਅੰਗਰੇਜ਼ਾਂ ਨੂੰ ਡਰ ਲੱਗਾ, ਕਿ ਮਤਾਂ ਇਨਕਲਾਬੀ ਲਹਿਰ ਅਮਾਨੁਲਾ ਨਾਲ ਜੋੜ ਜੋੜ ਲਵੇ। ਅੰਗਰੇਜ਼ੀ ਸਾਮਰਾਜ ਸਾਡੀ ਕੌਮੀ ਅਜ਼ਾਦੀ ਦੀ ਇਨਕਲਾਬੀ ਲਹਿਰ ਤੇ ਸੋਵੀਅਤ ਦੇਸ਼ ਦੀ ਜਗਤ ਇਨਕਲਾਬੀ ਹਸਤੀ ਵਿਚਕਾਰ ਅਫਗਾਨਿਸਤਾਨ ਦੇ ਰੱਖੇ ਹੋਏ ਇਸ ਤਲਪਟ ਨੂੰ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਹ ਅੰਗਰੇਜ਼ ਦਾ ਵਿਰੋਧੀ ਤੇ ਉਸ ਦੀ ਦੁਸ਼ਮਣ ਇਨਕਲਾਬੀ ਲਹਿਰ ਦਾ ਸਹਾਇਕ ਤੇ ਹਮਾਇਤੀ ਹੋ ਜਾਵੇ।

ਇਸ ਲਈ ਉਸ ਨੇ ਅਮਾਨੁਲਾ ਖ਼ਾਂ ਵਿਰੁੱਧ ਕਰੋੜਾਂ ਰੁਪੈ ਖ਼ਰਚ ਕੇ ਮੁਲਾਣਿਆਂ ਤੋਂ ਫਤਵੇ ਦਿਵਾਏ ਤੇ ਬਗ਼ਾਵਤ ਕਰਵਾ ਦਿੱਤੀ ਤੇ ਆਪਣੇ ਲਾਈ ਲਗ ਜਨਰਲ ਨਾਦਰ ਖ਼ਾਂ ਨੂੰ ਫੌਜੀ ਸਹਾਇਤਾ ਦੇ ਕੇ ਕਾਬਲ ਦੇ ਤਖਤ ਉਤੇ ਬਿਠਾ ਦਿੱਤਾ।

ਗ਼ਦਰ ਪਾਰਟੀ ਖੁਦ ਅੰਗਰੇਜ਼ ਵਿਰੋਧੀ ਹੋਣ ਕਰਕੇ ਅਮਾਨੁਲਾ ਖ਼ਾਂ ਦੀ ਹਮਾਇਤੀ ਤੇ ਅੰਗਰੇਜ਼ ਦੇ ਪਿਠੂ ਜਰਨਲ ਨਾਦਰ ਖ਼ਾਂ ਦੀ ਵਿਰੋਧੀ ਸੀ। ਨਾਦਰ ਖ਼ਾਂ ਗ਼ਦਰ ਪਾਰਟੀ ਨੂੰ ਉਸੇ ਤਰ੍ਹਾਂ ਆਪਣਾ ਬਾਗੀ ਸਮਝਦਾ ਸੀ, ਜਿਸ ਤਰ੍ਹਾਂ ਅੰਗਰੇਜ਼ ਸਮਝਦੇ ਸਨ। ਇਸ ਲਈ ਉੁਸ ਨੇ ਸਾਡਾ ਕਾਬਲ ਦਾ ਗ਼ਦਰੀ ਅੱਡਾ ਬੰਦ ਕਰਵਾ ਦਿਤਾ। ਜਿੱਥੋਂ ਦੇ ਗ਼ਦਰੀ ਲੀਡਰ ਜਾਂ ਤਾਂ ਮਾਸਕੋ ਨਿਕਲ ਗਏ, ਜਾਂ ਹਿੰਦੁਸਤਾਨ ਨੂੰ ਆ ਗਏ ਤੇ ਦੋ ਚਾਰ ਜੋ ਅਫਿਗਾਨਿਸਤਾਨ ਦੀ ਸਰਕਾਰ ਦੇ ਹੱਥ ਆਏ, ਉਹ ਜੇਲ੍ਹ ਬੰਦ ਕਰ ਦਿੱਤੇ ਗਏ। ਸਾਡਾ ਗ਼ਦਰੀਆਂ ਦਾ ਬਾਹਰਲੇ ਦੇਸ਼ਾਂ ਤੋਂ ਲੁਕ ਛੁਪ ਕੇ ਘਰ ਆਉਣਾ ਤੇ ਘਰੋਂ ਬਾਹਰ ਜਾਣਾ ਬਹੁਤਾ ਅਫਗਾਨਿਸਤਾਨ ਤੇ ਰੂਸ ਵਿੱਚ ਦੀ ਹੋ ਕੇ ਸੀ। ਸਾਡਾ ਇਹ ਖੁੱਲ੍ਹਾ ਰਾਹ ਬੰਦ ਹੋ ਗਿਆ। ਪਰ ਇਸ ਰਾਹ ਦੀਆਂ ਸਾਡੀਆਂ ਲੁਕਵੀਆਂ ਠਾਹਰਾਂ ਤੇ ਸਹਾਇਕ ਵਾਕਫੀਆਂ ਅਜੇ ਵੀ ਅਫਗਾਨਿਸਤਾਨ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਹੋਰ ਕੋਈ ਰਾਹ ਨਾ ਲਭਾ ਤਾਂ ਵਰਤਣਾ ਪੈਂਦਾ ਸੀ।

ਉਨ੍ਹਾਂ ਦਿਨ੍ਹਾਂ ਵਿਚ ਇਰਾਨੀ ਤੇ ਅਫਗਾਨੀ ਹਕੂਮਤਾਂ ਪਾਸ, ਜੋ ਅੰਗਰੇਜ਼ੀ ਸਾਮਰਾਜ ਦੇ ਹੰਟਰ ਹੇਠ ਚਲਦੀਆਂ ਸਨ, ਰਾਜ ਕਾਜ ਦੀ ਐਨੀ ਤਕੜੀ, ਵਿਸ਼ਾਲ ਤੇ ਚਾਤਰ ਮਸ਼ੀਨਰੀ ਨਹੀਂ ਸੀ ਹੁੰਦੀ, ਜੋ ਰੂਸ ਨਾਲ਼ ਤੇ ਹਿੰਦੁਸਤਾਨ ਨਾਲ਼ ਲੱਗਦੀਆਂ ਸਰਹੱਦਾਂ ਉੱਤੋਂ ਨਿਗਰਾਨੀ ਵਾਸਤੇ ਖ਼ੁਦ ਆਪਣੇ ਸੂਹੇ ਰਖ ਸਕਦੀ। ਕਮਿਊਨਿਸਟ ਵਿਚਾਰਾਂ ਦੇ ਬੰਦਿਆਂ ਦੀ ਸਰਹੱਦਾਂ ਉਤੋਂ ਆਵਾਜਾਈ ਨੂੰ ਤਾੜਣ, ਲੱਭਣ ਤੇ ਰੋਕਣ ਵਾਸਤੇ ਅੰਗਰੇਜ਼ੀ ਸਾਮਰਾਜ ਦਾ ਇਹਨਾਂ ਦੇਸ਼ਾਂ ਦੀਆਂ ਹੱਦਾਂ ਉੱਤੇ ਆਪਣਾ ਖੁਫੀਆ ਅਮਲਾ ਕੰਮ ਕਰਦਾ ਸੀ। ਉਸ ਨੇ ਸਰਹੱਦਾਂ ਉਤੇ ਲੱਗੇ ਇਹਨਾਂ ਦੇਸ਼ਾਂ ਦੀਆਂ ਗਾਰਦਾਂ ਨੂੰ ਪੈਸੇ ਦੇਣੇ ਕਰਕੇ ਭਾੜੇ ਕੀਤਾ ਹੋਇਆ ਸੀ ਤੇ ਇਹਨਾਂ ਤੋਂ ਇਲਾਵਾ ਵੀ ਆਪਣੇ ਰਾਜਦੂਤ ਦੇ ਮਾਤਹਿਤ ਆਪਣੇ ਲੁਕਵੇਂ ਬੰਦੇ ਤਨਖਾਹਾਂ ਉਤੇ ਲਾਏ ਸਨ। ਸੋ ਐਨਾ ਅਫਗਾਨੀ ਜਾ ਇਰਾਨੀ ਹਿੱਤਾਂ ਲਈ ਨਹੀਂ, ਜਿੰਨਾ ਅੰਗਰੇਜ਼ ਦੇ ਸਾਮਰਾਜੀ ਹਿੱਤਾਂ ਲਈ ਹਿੰਦ ਜਾਂ ਰੂਸ ਤੋਂ ਚੋਰੀ ਲੰਘਣ ਲੰਘਾਉਣ ਵਾਲ਼ੇ ਬੰਦਿਆਂ ਨੂੰ ਤਾੜਦੇ ਤੇ ਉਥੋਂ ਦੀ ਪੁਲਸ ਪਾਸੋਂ ਫੜਵਾ ਦਿੰਦੇ। ਸਾਨੂੰ ਅਫਗਾਨਿਸਤਾਨ ਵਿੱਚ ਨਿਰੋਲ ਅਫਗਾਨਿਸਤਾਨ ਦੀ ਪੁਲਸ ਪਾਸੋਂ ਕੋਈ ਡਰ ਜਾਂ ਖ਼ਤਰਾ ਨਹੀਂ ਸੀ ਹੁੰਦਾ। ਸਾਨੂੰ ਅੰਗਰੇਜ਼ੀ ਜਾਸੂਸਾਂ ਦਾ ਬੜਾ ਧਿਆਨ ਤੇ ਖਿਆਲ ਰੱਖਣਾ ਪੈਂਦਾ ਸੀ, ਜੋ ਨਾਦਰ ਖ਼ਾਂ ਦੀ ਹਕੂਮਤ ਵਿੱਚ ਸਾਡੇ ਬਹੁਤ ਸਿਰ ਹੋ ਗਏ ਸਨ।

ਇਨ੍ਹਾਂ ਚਿੱਠੀਆਂ ਵਿੱਚ ਲਿਖਿਆ ਸੀ ਕਿ ਬਾਬਾ ਗੁਰਮੁਖ ਸਿੰਘ ਤੇ ਬਾਬਾ ਪ੍ਰਿਥੀ ਸਿੰਘ ਨੂੰ ਪਹਿਲਾਂ ਜੂਨ 1933 ਵਿੱਚ ਰੂਸ ਦੀ ਸਰਹੱਦ ਤੋਂ ਅਫਗਾਨਿਸਤਾਨ ਵਿੱਚ ਵੜਦਿਆਂ ਹੀ ਬਦੱਖਸ਼ਾਂ ਦੇ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਜਦ ਕਈ ਦਿਨ ਸਰਹੱਦ ਦੀ ਚੌਂਕੀ ਵਿੱਚ ਬੰਦ ਕਰਕੇ ਉਨ੍ਹਾਂ ਨੂੰ ਪੈਦਲ ਤੋਰ ਕੇ ਕਾਬਲ ਲਿਜਾਇਆ ਜਾ ਰਿਹਾ ਸੀ ਤਾਂ ਇਕ ਰਾਤ ਉਹ ਗਾਰਦ ਨੂੰ ਸੁਤੀ ਛੱਡ ਕੇ ਭੱਜ ਗਏ। ਉਹ ਹਿੰਦੁਸਤਾਨ ਦੀ ਸਰਹੱਦ ਵੱਲ ਤੁਰ ਪਏ। ਇਸ ਤਰ੍ਹਾਂ ਲੁਕ ਛੁਪ ਕੇ ਤੁਰੇ ਜਾਂਦਿਆਂ ਉਨ੍ਹਾਂ ਨੂੰ ਮਹੀਨਾ ਹੋ ਗਿਆ। ਅਖ਼ੀਰ ਜੁਲਾਈ ਵਿੱਚ ਜਦ ਉਹ ਅਫਗਾਨਿਸਤਾਨ ਤੋਂ ਹਿੰਦੁਸਤਾਨ ਦੇ ਪਠਾਣਾਂ ਦੇ ਅਜ਼ਾਦ ਇਲਾਕੇ ਵਿੱਚ ਦਾਖ਼ਲ ਹੋਣੋ ਕੇਵਲ ਦੋ ਮੀਲ ਰਹਿ ਗਏ ਤਾਂ ਉਹ ਫੇਰ ਫੜੇ ਗਏ। ਹੁਣ ਤਾਂ ਤਕੜੀ ਗਾਰਦ ਲਾ ਕੇ ਉਹਨਾਂ ਨੂੰ ਕਾਬਲ ਲਿਜਾਇਆ ਤੇ ਜੇਲ੍ਹ ਬੰਦ ਕਰ ਦਿਤਾ ਗਿਆ।

ਇਹਨਾਂ ਚਿਠੀਆਂ ਵਿੱਚ ਇਹ ਵੀ ਕਿਹਾ ਗਿਆ ਸੀ, ਕਿ ਕਾਬਲ ਸਰਕਾਰ ਕੈਦੀਆਂ ਨੂੰ ਆਪਣੇ ਪਾਸੋਂ ਰੋਟੀ ਕਪੜਾ ਨਹੀਂ ਦਿੰਦੀ। ਕੈਦੀ ਜਾਂ ਤਾਂ ਆਪਣੇ ਘਰਦਿਆਂ ਤੋਂ ਮੰਗਵਾ ਕੇ ਖਾਣ ਹੰਢਾਉਣ, ਨਹੀਂ ਤਾਂ ਉਹਨਾਂ ਨੂੰ ਬੇੜੀਆਂ ਲਾ ਕੇ ਸਵੇਰੇ ਸ਼ਾਮ ਸ਼ਹਿਰ ਦੀਆਂ ਗਲੀਆਂ ਬਜ਼ਾਰਾਂ ਵਿੱਚ ਦਰ ਦਰ ਫੇਰਿਆ ਤੇ ਰੋਟੀ ਕਪੜਾ ਮੰਗਵਾਇਆ ਜਾਂਦਾ। ਉਹਨਾਂ ਨੇ ਇਸ ਮਨੁੱਖ-ਹੀਣਤਾ ਵਿਰੁੱਧ ਸਿੱਡਾ ਬੰਨ੍ਹ ਲਿਆ ਤੇ ਸਰਕਾਰ ਪਾਸੋਂ ਰੋਟੀ ਕਪੜਾ ਲੈਣ ਵਾਸਤੇ ਭੁੱਖ ਹੜਤਾਲ ਕਰ ਦਿਤੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 12, 1 ਤੋਂ 15 ਅਗਸਤ 2018 ਵਿੱਚ ਪ੍ਰਕਾਸ਼ਿਤ