ਲੁਧਿਆਣੇ ਵਿਖੇ ਮਜ਼ਦੂਰ ਪੰਚਾਇਤ ਹੋਈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਲੰਘੀ 16 ਅਗਸਤ ਨੂੰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਮਜ਼ਦੂਰ ਪੰਚਾਇਤ ਦਾ ਆਯੋਜਨ ਕੀਤਾ ਗਿਆ। ਪੰਚਾਇਤ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਪੇਸ਼ ਇੱਕ ਮੰਗ ਪੱਤਰ ਉੱਤੇ ਵਿਚਾਰ ਚਰਚਾ ਕੀਤੀ ਗਈ। ਮੰਗ ਪੱਤਰ ਨੂੰ ਅੰਤਮ ਰੂਪ ਦਿੱਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਮੰਗ ਪੱਤਰ ਟੈਕਸਟਾਈਲ ਅਤੇ ਹੌਜ਼ਰੀ ਮਾਲਕਾਂ ਨੂੰ ਸੌਂਪਿਆ ਜਾਵੇ। ਇਸ ਮੰਗ ਪੱਤਰ ਵਿੱਚ 25 ਫੀਸਦੀ ਤਨਖਾਹ ਵਾਧੇ, ਈ.ਐਸ.ਆਈ., ਪੀ.ਐਫ., ਪਹਿਚਾਣ ਪੱਤਰ, ਹਾਜ਼ਰੀ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ ਆਦਿ ਸਾਰੇ ਕਿਰਤ ਕਨੂੰਨ ਲਾਗੂ ਕਰਨ, ਕਾਰਖਾਨਿਆਂ ਵਿੱਚ ਮਜ਼ਦੂਰਾਂ ਨਾਲ਼ ਮਾਲਕਾਂ ਵੱਲੋਂ ਹੋਣ ਵਾਲ਼ੀ ਕੁੱਟਮਾਰ, ਗਾਲ਼ੀ-ਗਲੋਚ, ਬਦਸਲੂਕੀ ਬੰਦ ਕਰਨ, ਆਦਿ ਮੰਗਾਂ ਰੱਖੀਆਂ ਗਈਆਂ ਹਨ। ਮਜ਼ਦੂਰ ਪੰਚਾਇਤ ਨੇ ਐਲ਼ਾਨ ਕੀਤਾ ਕਿ ਇਹ ਮੰਗਾਂ ਪੂਰੀਆਂ ਕਰਾਉਣ ਲਈ ਘੋਲ਼ ਤੇਜ਼ ਕੀਤਾ ਜਾਵੇਗਾ।

ਮਜ਼ਦੂਰ ਪੰਚਾਇਤ ਦੌਰਾਨ ਮਜ਼ਦੂਰਾਂ ਨੇ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਹੁੰਦੀ ਬਰਬਰ ਲੁੱਟ-ਖਸੁੱਟ ਬਾਰੇ ਖੁੱਲ੍ਹ ਕੇ ਗੱਲ ਕੀਤੀ। ਕਾਰਖਾਨਿਆਂ ਵਿੱਚ ਮਜ਼ਦੂਰਾਂ ਨੂੰ 12-14 ਘੰਟੇ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਏਨੀ ਮਿਹਨਤ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਘੱਟ ਉਜ਼ਰਤਾਂ ਮਿਲਦੀਆਂ ਹਨ ਤੇ ਉਹ ਬਦਤਰ ਜਿੰਦਗੀ ਜਿਉਣ ‘ਤੇ ਮਜ਼ਬੂਰ ਹਨ। ਚੰਗੇ ਭੋਜਨ, ਰਿਹਾਇਸ਼, ਕੱਪੜਾ, ਦਵਾ-ਇਲਾਜ, ਸਿੱਖਿਆ, ਮਨੋਰੰਜਨ, ਅਰਾਮ ਆਦਿ ਬੁਨਿਆਦੀ ਜ਼ਰੂਰਤਾਂ ਵੀ ਉਹ ਪੂਰੀਆਂ ਨਹੀਂ ਕਰ ਪਾਉਂਦੇ। ਮਾਲਕਾਂ ਦੀਆਂ ਪੰਜੇ ਉਂਗਲਾਂ ਘੀ ‘ਚ ਹਨ। ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਕਰਕੇ ਬੇਹਿਸਾਬ ਮੁਨਾਫ਼ਾ ਕਮਾਉਣ ਵਾਲ਼ੇ ਮਾਲਕ ਐਸ਼, ਸੁੱਖ-ਸਹੂਲਤ ਦੀ ਜਿੰਦਗੀ ਜਿਉਂਦੇ ਹਨ। ਕਾਰਖਾਨਿਆਂ ਵਿੱਚ ਕਿਰਤ ਕਨੂੰਨ ਲਾਗੂ ਨਹੀਂ ਹੁੰਦੇ। ਨਾ ਘੱਟੋ-ਘੱਟ ਤਨਖਾਹ ਲਾਗੂ ਹੁੰਦੀ ਹੈ, ਨਾ ਅੱਠ ਘੰਟੇ ਕੰਮ ਦਿਹਾੜੀ ਦਾ ਕਨੂੰਨ। ਈ.ਐਸ.ਆਈ., ਪੀ.ਐਫ., ਫੰਡ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ, ਹਾਜ਼ਰੀ, ਪਹਿਚਾਣ ਪੱਤਰ ਆਦਿ ਨਾਲ਼ ਸਬੰਧਤ ਕਨੂੰਨਾਂ ਨੂੰ ਮਾਲਕਾਂ ਨੇ ਭੁਲਾ ਦਿੱਤਾ ਹੈ। ਕਿਰਤ ਵਿਭਾਗ ਦੀ ਹੋਂਦ ਸਿਰਫ਼ ਦਿਖਾਵੇ ਲਈ ਹੈ। ਸਾਰਾ ਸਰਕਾਰੀ ਢਾਂਚਾ ਹੀ ਅਸਲ ਵਿੱਚ ਮਾਲਕਾਂ ਨਾਲ਼ ਮਿਲਕੇ ਚਲਦਾ ਹੈ ਅਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਵਿੱਚ ਸ਼ਾਮਲ ਹੈ। ਮਜ਼ਦੂਰ ਮਾਲਕਾਂ ਅਤੇ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਬਦਹਾਲ਼ ਜਿੰਦਗੀ ਜੀ ਰਹੇ ਹਨ।

ਮਜ਼ਦੂਰ ਪੰਚਾਇਤ ਦੌਰਾਨ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਅਹੁਦੇਦਾਰਾਂ ਸਮੇਤ ਅਨੇਕਾਂ ਮਜ਼ਦੂਰਾਂ ਨੇ ਗੱਲ ਰੱਖੀ। ਵੱਖ-ਵੱਖ ਮਜ਼ਦੂਰ ਸਾਥੀਆਂ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements