ਖੂਨੀ ਸਵੇਰਾਂ •ਅੰਮਿ੍ਰਤਾ ਪ੍ਰੀਤਮ

4

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਜੀਵਨ ਦੀਆਂ ਦੁਸ਼ਵਾਰੀਆਂ
ਮਜ਼ਬੂਰੀਆਂ, ਲਾਚਾਰੀਆਂ
ਇਹ ਜ਼ਿੱਲਤਾਂ ਇਹ ਖੁਆਰੀਆਂ
ਮਿੱਟੀ ’ਚ ਰੀਂਗਣ ਹਸਰਤਾਂ
ਗੁਲਾਮੀ ਦੀਆਂ ਇਹ ਲਾਹਣਤਾਂ, ਗੁਲਾਮਾਂ ਦੀਆਂ ਇਹ ਕਿਸਮਤਾਂ
ਇੱਕ ਕਹਿਰ ਸੀ ਜੋ ਜਰ ਲਿਆ, ਇੱਕ ਸਬਰ ਸੀ ਜੋ ਕਰ ਲਿਆ
ਇੱਕ ਜਹਿਰ ਸੀ ਜੋ ਪੀ ਲਿਆ, ਇੱਕ ਮੌਤ ਨੂੰ ਅਸੀਂ ਜੀਅ ਲਿਆ
ਛਾਤੀ ’ਚ ਅੱਗ ਬਲਦੀ ਪਈ, ਅੱਖਾਂ ’ਚੋਂ ਪਾਣੀ ਵਹਿ ਰਿਹਾ
ਸੁਣੋ, ਸੁਣੋ, ਸੁਣੋ – ਇਹ ਵਕਤ ਕੀ ਕਹਿ ਰਿਹਾ
“ਮੈਂ ਵਕਤ ਇੱਕ ਸਵਾਲ ਹਾਂ –
ਕੰਧਾਂ ਤੇ ਖੂਹਾਂ ’ਚੋਂ ਉੱਠਿਆ ਸਵਾਲ,
ਲੱਖਾਂ ਹੀ ਰੂਹਾਂ ’ਚੋਂ ਉੱਠਿਆ ਸਵਾਲ
ਤੇ ਇਹਨਾਂ ਦੇ ਮੂੰਹਾਂ ’ਚੋਂ ਉੱਠਿਆ ਸਵਾਲ…”
ਇਹ ਜਰਦ ਚਿਹਰੇ ਇਹ ਸਰਦ ਲਾਸ਼ਾਂ-
ਹਨੇਰਾ … ਹਨੇਰਾ… ਤੇ ਹੋਠਾਂ ਦੇ ਉੱਤੇ ਸੰਗੀਨਾਂ ਦਾ ਪਹਿਰਾ
ਇਹ ਘਾਇਲ ਉਮੀਦਾਂ, ਇਹ ਜਖਮੀ ਅਵਾਜਾਂ
ਇਹ ਖੂਨੀ ਸਵੇਰਾਂ, ਇਹ ਕਾਲੀਆਂ ਦੁਪਹਿਰਾਂ
ਆਵੋ … ਕਿ ਆਵੋ … ਇਹ ਹਨੇਰਾ ਜਲਾਵੋ

ਬਾਦਸ਼ਾਹੀਆਂ ਦੇ ਅੱਗੇ, ਸ਼ਹਿਨਸ਼ਾਈਆਂ ਦੇ ਅੱਗੇ
ਇਹ ਸਿਰ ਨਹੀਂ ਝੁਕੇਗਾ … ਨਹੀਂ ਝੁਕੇਗਾ
ਇਹ ਜਵਾਨੀ ਦਾ ਦਾਅਵਾ, ਇਹ ਛਾਤੀ ਦਾ ਲਾਵਾ,
ਇਹ ਹੁਣ ਨਹੀਂ ਰੁਕੇਗਾ, ਨਹੀਂ ਰੁਕੇਗਾ
ਇਹ ਕੰਧਾਂ, ਇਹ ਕੂਚੇ, ਇਹ ਬਰਬਾਦ ਗਲੀਆਂ
ਇਹ ਕੱਖਾਂ ’ਚ ਰੁਲੀਆਂ ਤੇ ਦੁੱਖਾਂ ’ਚ ਪਲੀਆਂ
ਤੇ ਵੇਖੋ ਇਹ ਗਲੀਆਂ
ਗੁਲਾਮੀ ਦੀ ਦੁਨੀਆਂ ਨੂੰ ਅੱਗ ਲਾਣ ਚੱਲੀਆਂ…
ਇਹ ਤਖਤ ਢਾਵੋ, ਇਹ ਤਾਜ ਲਾਵ੍ਹੋ
ਆਵੋ … ਕਿ ਆਵੋ, ਇਹ ਹਨੇਰਾ ਜਲਾਵੋ 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 4, 1 ਤੋਂ 15 ਅਪੈਰ੍ਲ 2019 ਵਿੱਚ ਪਰ੍ਕਾਸ਼ਿਤ