“ਜੰਗਲ” ਉਜਰਤੀ ਗੁਲਾਮੀ ਤੇ ਪੂੰਜੀ ਦਾ ਯਥਾਰਥਵਾਦੀ ਸਾਹਿਤਕ ਅਧਿਐਨ – ਸਵਜੀਤ

ਪੀ.ਡੀ.ਐਫ਼. ਡਾਊਨਲੋਡ ਕਰੋ

‘‘ਮੈਂ ਇੱਕ ਨਾਵਲਕਾਰ ਦੇ ਰੂਪ ਵਿੱਚ ਨਹੀਂ, ਸਗੋਂ ਇੱਕ ਇਤਿਹਾਸਕਾਰ ਦੇ ਰੂਪ ਵਿੱਚ ਤੁਹਾਡਾ ਸਨਮਾਨ ਕਰਦਾ ਹਾਂ, ਕਿਉਕਿ ਇਹ ਮੇਰੀ ਸੋਚੀ-ਸਮਝੀ ਰਾਏ ਹੈ, ਜਿਸ ’ਤੇ ਮੈਂ 85 ਸਾਲ ਦੀ ਉਮਰ ਵਿੱਚ ਵੀ ਅਡਿੱਗ ਹਾਂ, ਕਿ ਤੱਥਾਂ ਦੇ ਵਿਵਰਣ ਇਤਿਹਾਸ ਨਹੀਂ ਹੁੰਦੇ।…

ਮੇਰੇ ਲੰਮੇਂ ਜੀਵਨਕਾਲ ਵਿੱਚ ਜੋ ਕੁੱਝ ਵੀ ਵਾਪਰਿਆ ਹੈ, ਉਸਦੇ ਬਾਰੇ ਜਦੋਂ ਲੋਕ ਮੇਰੇ ਤੋਂ ਪੁਛਦੇ ਹਨ ਤਾਂ ਮੈਂ ਉਹਨਾਂ ਨੂੰ ਅਖਬਾਰਾਂ ਦੀਆਂ ਫਾਈਲਾਂ ਜਾਂ ਅਧਿਕਾਰੀ ਵਿਦਵਾਨਾਂ ਦੀਆਂ ਪੁਸਤਕਾਂ ਪਲਟਣ ਦੀ ਬਜਾਏ ਤੁਹਾਡੇ ਨਾਵਲ ਪੜ੍ਹਨ ਲਈ ਕਹਿੰਦਾ ਹਾਂ। ਉਹ ਸ਼ੰਕਾ ਕਰਦੇ ਨੇ ਕਿ ਤੁਹਾਡੀਆਂ ਕਿਤਾਬਾਂ ਦੇ ਲੋਕ ਅਸਲ ਵਿੱਚ ਮੌਜੂਦ ਨਹੀਂ ਸਨ, ਕਿ ਉਹਨਾਂ ਦੁਆਰਾ ਕੀਤੇ ਕੰਮ ਅਸਲ ਵਿੱਚ ਕਦੇ ਕੀਤੇ ਹੀ ਨਹੀਂ ਗਏ ਅਤੇ ਉਹਨਾਂ ਦੁਆਰਾ ਕਹੀਆਂ ਗੱਲਾਂ ਕਦੇ ਕਹੀਆਂ ਨਹੀਂ ਗਈਆਂ। ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਉਦਾ ਹਾਂ ਕਿ ਉਹ ਲੋਕ ਸੱਚਮੁੱਚ ਸਨ, ਬਜਾਏ ਇਸ ਦੇ ਕਿ ਆਪਟਨ ਸਿੰਕਲੇਅਰ ਨੇ ਉਹਨਾਂ ਦਾ ਵਿਸ਼ਿਸ਼ਟੀਕਰਨ ਕਰਨ ਅਤੇ ਉਹਨਾਂ ਨੂੰ ਪੇਸ਼ ਕਰਨ ਦਾ (ਭਾਵ ਪ੍ਰਗਟਾਉਣ ਦਾ) ਕੰਮ ਉਹਨਾਂ ਨਾਲੋਂ ਬੇਹਤਰ ਕੀਤਾ ਹੈ ਜਿਹੋ ਜਿਹਾ ਉਹ ਲੋਕ ਖੁਦ ਕਰ ਸਕਦੇ ਸਨ, ਅਤੇ ਉਹਨਾਂ ਲੋਕਾਂ ਦੇ ਉਹਨਾਂ ਤਜਰਬਿਆਂ ਨੂੰ, ਜੋ ਅਸਲ ਵਿੱਚ ਘਾਲਮੇਲ ਟਾਈਪ ਰੂਪ ਵਿੱਚ ਵਾਪਰੇ ਸਨ, ਅਰਥਪੂਰਨ ਅਤੇ ਕ੍ਰਮ ਵਿੱਚ ਸੈੱਟ ਕਰ ਦਿੱਤਾ ਹੈ।’’

ਇਹ ਵਿਚਾਰ ਅੰਗਰੇਜ਼ੀ ਦੇ ਮਸ਼ਹੂਰ ਲੇਖਕ ਬਰਨਾਅਡ ਸ਼ਾਅ ਨੇ ਕਿਸੇ ਸਮੇਂ ਜੰਗਲ ਨਾਵਲ ਦੇ ਰਚੇਤਾ ਆਪਟਨ ਸਿੰਕਲੇਅਰ ਲਈ ਵਰਤੇ ਸਨ।

ਸਮੇਂ ਸਮੇਂ ਤੇ ਦੁਨੀਆਂ ਵਿੱਚ ਅਜਿਹੇ ਲੇਖਕ ਪੈਦਾ ਹੋਏ ਹਨ ਜਿਹਨਾਂ ਦੀਆਂ ਰਚਨਾਵਾਂ ਵਿੱਚ ਉਹਨਾਂ ਦੇ ਸਮੇਂ ਦਾ ਪੂਰਾ ਇਤਿਹਾਸ ਸਾਂਭਿਆ ਪਿਆ ਹੈ। ਜਿਹਨਾਂ ਵਿੱਚ ਸਤੇਂਦਾਲ, ਬਾਲਜ਼ਾਕ, ਡਿਕਨਸ, ਫਲਾਬੇਅਰ, ਗੋਗੋਲ, ਲਰਮਨਤੋਵ, ਤੁਰਗਨੇਵ, ਟਾਲਸਟਾਏ, ਮੋਪਾਸਾਂ ਅਤੇ ਚੈਖੋਵ ਦਾ ਨਾਮ ਲਿਆ ਜਾ ਸਕਦਾ ਹੈ। ਵੀਹਵੀਂ ਸਦੀ ਦੇ ਮਹਾਨ ਯਥਾਰਥਵਾਦੀ ਲੇਖਕਾਂ ਵਿੱਚੋਂ ਮੈਕਸਿਮ ਗੋਰਕੀ, ਜੈਕ ਲੰਡਨ ਤੇ ਥਿਓਡੋਰ ਡੇ੍ਜ਼ਰ ਵੀ ਇਸੇ ਸ਼੍ਰੇਣੀ ਅਧੀਨ ਆਉਦੇ ਹਨ। ਆਪਟਨ ਸਿੰਕਲੇਅਰ ਦਾ ਨਾਮ ਵੀ ਬੇਝਿਜਕ ਵੀਹਵੀਂ ਸਦੀ ਦੇ ਇਹਨਾਂ ਯਥਾਰਥਵਾਦੀ ਲੇਖਕਾਂ ਨਾਲ਼ ਜੋੜਿਆ ਜਾਂਦਾ ਹੈ।

ਆਪਟਨ ਸਿੰਕਲੇਅਰ ਦਾ ਜਨਮ 20 ਸਤੰਬਰ 1878 ਨੂੰ ਬਾਲਟੀਮੋਰ, ਮੈਰੀਲੈਂਡ ਵਿੱਖੇ ਹੋਇਆ। ਬੇਹੱਦ ਗਰੀਬੀ ਵਿੱਚ ਆਪਣਾ ਬਚਪਨ ਗੁਜਾਰਨ ਤੋਂ ਬਾਅਦ 10 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਸਮੇਤ ਨਿਊਯਾਰਕ ਆ ਗਏ। ਇੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਕਹਾਣੀਆਂ ਲਿਖ-ਲਿਖ ਕੇ ਆਪਣੀ ਪੜ੍ਹਾਈ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਇਆ। 1904-05 ਤੱਕ ਸਿੰਕਲੇਅਰ ਪੱਕੇ ਤੌਰ ’ਤੇ ਸਮਾਜਵਾਦੀ ਬਣ ਚੁੱਕੇ ਸਨ। ਇਹਨਾਂ ਚਾਰ ਪੁਸਤਕਾਂ ਦਾ ਉਹਨਾਂ ਦੇ ਸਮਾਜਵਾਦੀ ਬਣਨ ਵਿੱਚ ਖਾਸ ਯੋਗਦਾਨ ਰਿਹਾ: ਮੇਰੀ ਇੰਗਲੈਂਡ (ਰਾਬਰਟ ਬਲੈਚਫੋਰਡ), ਦਿ ਪੀਪਲ ਆਫ਼ ਦਿ ਏਬਿਸ (ਜੈਕ ਲੰਡਨ), ਅਪੀਲ ਟੂ ਦਾ ਯੰਗ (ਪੀਟਰ ਕਰੋਪੋਟਕਿਨ) ਅਤੇ ਆਕਟੋਪਸ (ਫ੍ਰੈਂਕ ਨੋਰਿਸ)।

ਅਮਰੀਕਾ ਦੇ ਇੱਕ ਖੋਜੀ ਪੱਤਰਕਾਰਾਂ ਅਤੇ ਲੇਖਕਾਂ ਦੇ ਸਮੂਹ ਦਾ ਵੀ ਉਹਨਾਂ ਦੀ ਲਿਖਣ ਸ਼ੈਲੀ ’ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਇਸ ਸਮੂਹ ਨੇ ਅਮਰੀਕਾ ਵਿੱਚ ਵਧ ਰਹੀ ਸਨਅਤੀਕਰਨ ਅਤੇ ਪੂੰਜੀਵਾਦ ਦੇ ਅਸਰ ਨੂੰ ਆਪਣੀਆਂ ਰਿਪੋਰਟਾਂ ਅਤੇ ਲਿਖਤਾਂ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤਾ। ਇਹਨਾਂ ਨੂੰ ‘ਮਕਰੇਕਰ’ ਕਿਹਾ ਜਾਂਦਾ ਸੀ। ਜਿਸਦਾ ਅਰਥ ਹੁੰਦਾ ਹੈ ਕੂੜਾ-ਕਰਕਟ ਛਾਂਟਣ ਵਾਲ਼ੇ। ਪਰ ਇਸ ਨਾਂਹ-ਪੱਖੀ ਨਾਮ ਦਾ ‘ਸਮਾਜਿਕ ਕੂੜਾ-ਕਰਕਟ ਸਾਫ਼ ਕਰਨ ਵਾਲ਼ੇ’ ਦੇ ਰੂਪ ਵਿੱਚ ਪ੍ਰਸੰਸਾਤਮਕ ਪ੍ਰੀਵਰਤਨ ਹੋ ਗਿਆ। 1906 ਵਿੱਚ ‘ਦਿ ਜੰਗਲ’ ਛਪਣ ਤੋਂ ਬਾਅਦ ਆਪਟਨ ਸਿੰਕਲੇਅਰ ਦਾ ਨਾਮ ਵੀ ਇਹਨਾਂ ਲੇਖਕਾਂ ਵਿੱਚ ਲਿਆ ਜਾਣ ਲੱਗਾ।

‘ਜੰਗਲ’ ਦਾ ਪ੍ਰਕਾਸ਼ਨ ਅਮਰੀਕੀ ਮਜ਼ਦੂਰ-ਅੰਦੋਲਨ ਦੇ ਇਤਿਹਾਸ ਵਿੱਚ ਇੱਕ ਘਟਨਾ ਮੰਨਿਆ ਜਾਂਦਾ ਹੈ। ਇਸ ਨਾਵਲ ਨੇ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪੂਰੇ ਅਮਰੀਕਾ ਵਿੱਚ ਇੱਕ ਅੰਦੋਲਨ ਜਿਹਾ ਖੜਾ ਕਰ ਦਿੱਤਾ ਸੀ। ਮਾਸ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਅਤੇ ਉੱਥੇ ਕੰਮ ਕਰਨ ਵਾਲ਼ੇ ਮਜ਼ਦੂਰਾਂ ਤੇ ਅਧਾਰਿਤ ਇਸ ਨਾਵਲ ਨੇ ਉਸ ਸਮੇਂ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਤੇ ਉਹਨਾਂ ਨੂੰ ਮਜਬੂਰ ਹੋ ਕੇ ‘ਪਿਉਰ ਫੂਡ ਐਂਡ ਡਰੱਗ ਐਕਟ’ ਅਤੇ ‘ਮੀਟ ਇੰਪੈਕਸ਼ਨ ਐਕਟ’ ਬਣਾਉਣੇ ਪਏ।

ਤਸੀਹੇ, ਅੰਧਕਾਰ ਅਤੇ ਵਿਦਰੋਹ ਦੀ ਕਹਾਣੀ ਬਿਆਨ ਕਰਦਾ ਇਹ ਨਾਵਲ ਇੱਕ ਐਸੇ ਪਰਿਵਾਰ ਦੀ ਕਹਾਣੀ ਹੈ ਜੋ ਇੱਕ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਦੂਰ-ਦੁਰਾਡੇ ਕਿਸੇ ਜੰਗਲੀ ਪਿੰਡ ਤੋਂ ਕੂਚ ਕਰਕੇ ਸਕਾਟਯਾਰਡ ਪਹੁੰਚਦਾ ਹੈ। ਪਰ ਇੱਥੇ ਉਹ ਧਨ-ਸੰਪਤੀ, ਲੁੱਟ ਮਾਰ ਅਤੇ ਗਰੀਬੀ ਦੇ ਜੰਗਲ ਵਿੱਚ ਘਿਰ ਜਾਂਦਾ ਹੈ। ਇੱਕ ਇੱਕ ਕਰਕੇ ਉਹ ਆਪਣਾ ਸਭ ਕੁੱਝ ਗੁਆ ਲੈਂਦੇ ਹਨ, ਇੱਥੋਂ ਤੱਕ ਕਿ ਜ਼ਿੰਦਗੀਆਂ ਵੀ। ਨਰਕੀ ਪ੍ਰਸਥਿਤੀਆਂ ਵਿੱਚ ਕੰਮ ਕਰਦੇ ਹੋਏ ਅਤੇ ਰਹਿੰਦੇ ਹੋਏ ਵੀ ਉਹ ਇੱਕ ਚੰਗੀ ਜ਼ਿੰਦਗੀ ਦੀ ਆਸ ਦਾ ਪੱਲਾ ਫੜੀ ਰੱਖਦੇ ਹਨ। ਤੇ ਅੰਤ ਜਦੋਂ ਉਹ ਆਪਣਾ ਸਭ ਕੁੱਝ ਗਵਾ ਲੈਂਦੇ ਹਨ ਤਾਂ ਆਪਣੇ ਆਪਣੇ ਅੰਦਾਜ਼ ਵਿੱਚ ਬਗਾਵਤ ਕਰ ਦਿੰਦੇ ਹਨ। ਸਿੰਕਲੇਅਰ ਨੇ ਇਸ ਮਜ਼ਦੂਰ ਪਰਿਵਾਰ ਦੀ ਕਹਾਣੀ ਨੂੰ, ਪੂੰਜੀ ਅਤੇ ਕਿਰਤ ਦੇ ਰਿਸ਼ਤੇ ਰਾਹੀਂ ਬਾਖੂਬੀ ਬਿਆਨ ਕੀਤਾ ਹੈ। ਲੂ-ਕੰਡੇ ਖੜੇ ਕਰ ਦੇਣ ਵਾਲ਼ੀਆਂ ਘਟਨਾਵਾਂ ਦਾ ਬੜੀ ਬਾਰੀਕੀ ਤੇ ਮਾਰਮਿਕ ਢੰਗ ਨਾਲ਼ ਚਿੱਤਰਣ ਕੀਤਾ ਹੈ।

ਇਸ ਨਾਵਲ ਬਾਰੇ ਸਿੰਕਲੇਅਰ ਨੇ ਆਪਣੇ ਸ਼ਬਦਾਂ ਵਿੱਚ ਕੁੱਝ ਇਸ ਤਰ੍ਹਾਂ ਬਿਆਨ ਕੀਤਾ ਹੈ: ‘‘ਮੈਂ ਹੰਝੂਆਂ ਅਤੇ ਮਾਨਸਿਕ ਪੀੜਾ ਨਾਲ਼ ਲਿਖ ਰਿਹਾ ਸੀ ਅਤੇ ਪੰਨਿਆਂ ਤੇ ਉਸ ਪੂਰੇ ਦਰਦ ਨੂੰ ਡੋਲਦਾ ਜਾ ਰਿਹਾ ਸੀ ਜੋ ਮੇਰੇ ਜੀਵਨ ਦਾ ਮਕਸਦ ਰਿਹਾ ਹੈ। ਉਪਰੋਂ ਦੇਖਣ ਤੇ ਇਹ ਸਕਾਟਯਾਰਡ ਦੇ ਮਜ਼ਦੂਰਾਂ ਦੇ ਇੱਕ ਪਰਿਵਾਰ ਦੀ ਕਹਾਣੀ ਸੀ, ਪਰ ਅੰਦਰੂਨੀ ਤੌਰ ’ਤੇ ਇਹ ਮੇਰੇ ਆਪਣੇ ਪਰਿਵਾਰ ਦੀ ਕਹਾਣੀ ਸੀ। ਕੀ ਮੈਨੂੰ ਇਹ ਜਾਨਣ ਦੀ ਜ਼ਰੂਰਤ ਸੀ ਕਿ ਸ਼ਿਕਾਗੋ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਗਰੀਬਾਂ ਨੂੰ ਕੀ ਭੁਗਤਣਾ ਪੈਂਦਾ ਹੈ? ਮੈਂ ਤਾਂ ਬਸ ਇੱਕ ਕੈਬਿਨ ਵਿੱਚ ਬਿਤਾਏ ਪਿਛਲੀਆਂ ਸਰਦੀਆਂ ਦੇ ਉਹਨਾਂ ਦਿਨਾਂ ਨੂੰ ਯਾਦ ਕਰਨਾ ਸੀ ਜਦੋਂ ਸਾਡੇ ਕੋਲ ਕੇਵਲ ਸੂਤੀ ਕੰਬਲ ਸਨ ਅਤੇ ਅਸੀਂ ਸਿਰਫ਼ ਕੁੱਝ ਚੀਥੜੇ ਲਪੇਟੇ ਹੁੰਦੇ ਸਨ। ਭੁੱਖ ਦੇ ਮਾਮਲੇ ਵਿੱਚ, ਬਿਮਾਰੀਆਂ ਦੇ ਮਾਮਲੇ ਵਿੱਚ ਅਤੇ ਭੈਅ ਦੇ ਮਾਮਲੇ ਵਿੱਚ ਵੀ ਅਜਿਹੀ ਹੀ ਸਥਿਤੀ ਸੀ। ਸਾਡਾ ਨੰਨਾ ਜਿਹਾ ਬੇਟਾ ਉਸ ਸਰਦੀਆਂ ਵਿੱਚ ਨਿਮੋਨੀਏ ਦਾ ਸ਼ਿਕਾਰ ਹੋ ਕੇ ਮਰਨ ਕਿਨਾਰੇ ਪਿਆ ਸੀ : ਅਤੇ ਇਹ ਸਾਰਾ ਦੁੱਖ ਉਸ ਕਿਤਾਬ ਵਿੱਚ ਉੱਤਰ ਗਿਆ ਹੈ।’’

31 ਕਾਂਡਾਂ ਵਿੱਚ ਫੈਲਿਆ ਹੋਇਆ ਇਹ ਨਾਵਲ ਯੁਰਗਿਸ, ਉਸਦੀ ਪ੍ਰੇਮਿਕਾ ਓਨਾ, ਓਨਾ ਦੇ ਮਾਤਾ ਪਿਤਾ, ਦੋ ਵੱਡੀਆਂ ਭੈਣਾਂ ਅਤੇ ਇੱਕ ਦੇ 6 ਬੱਚਿਆਂ ਦੇ ਪਰਿਵਾਰ ’ਤੇ ਅਧਾਰਿਤ ਹੈ ਜੋ ਦੂਰ ਦੇ ਕਿਸੇ ਪਿੰਡ ਤੋਂ ਪਰਵਾਸ ਕਰਕੇ ਸਕਾਟਯਾਰਡ ਆਉਦੇ ਹਨ। ਇੱਥੇ ਆ ਕੇ ਯੁਰਗਿਸ ਮਾਸ ਦੀ ਪੈਕਿੰਗ ਕਰਨ ਵਾਲ਼ੇ ਕਾਰਖਾਨੇ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ। ਬਾਕੀ ਲੋਕ ਵੀ ਅਲੱਗ ਅਲੱਗ ਥਾਂਵਾ ’ਤੇ ਕੰਮ ਕਰਨਾ ਸ਼ੁਰੂ ਕਰਦੇ ਹਨ। ਇੱਥੋਂ ਹੀ ਉਹਨਾਂ ਦੀ ਨਰਕ ਵਰਗੀ ਜ਼ਿੰਦਗੀ ਸ਼ੁਰੂ ਹੰਦੀ ਹੈ। 18-18 ਘੰਟੇ ਲਗਾਤਾਰ ਕੰਮ ਕਰਨ ਦੇ ਬਾਵਜੂਦ ਵੀ ਉਹ ਖੁਦ ਨੂੰ ਗਰੀਬੀ ਦੇ ਹਨੇਰੇ ਤੋਂ ਆਜ਼ਾਦ ਨਹੀਂ ਕਰਵਾ ਸਕਦੇ। ਹੌਲ਼ੀ ਹੌਲ਼ੀ ਕਿਵੇਂ ਉਹਨਾਂ ਦੇ ਸੁਪਨੇ ਟੁੱਟਦੇ ਹਨ, ਤੇ ਉਹ ਪੂੰਜੀ ਦੀ ਇਸ ਖਾਈ ਵਿੱਚ ਹੋਰ ਵਧੇਰੇ ਡੂੰਘੇਰੇ ਧਸਦੇ ਜਾਂਦੇ ਹਨ, ਇਸ ਦਾ ਨਾਵਲਕਾਰ ਨੇ ਬਹੁਤ ਹੀ ਦਰਦਨਾਕ ਢੰਗ ਨਾਲ ਚਿੱਤਰਣ ਕੀਤਾ ਹੈ।

ਮਾਸ ਦੀ ਪੈਕਿੰਗ ਕਰਨ ਵਾਲ਼ੇ ਕਾਰਖਾਨੇ ਅਤੇ ਉੱਥੋਂ ਦੀਆਂ ਮਜ਼ਦੂਰ ਬਸਤੀਆਂ ਦਾ ਵਰਣਨ ਅਜਿਹੇ ਕਲਾਸਕੀ ਢੰਗ ਨਾਲ਼ ਕੀਤਾ ਹੈ ਕਿ ਪਾਠਕ ਖੁਦ ਨੂੰ ਉੱਥੇ ਵਿਚਰਦਾ ਹੋਇਆ ਮਹਿਸੂਸ ਕਰਦਾ ਹੈ। ਸਰਦੀਆਂ ਦੇ ਦਿਨਾਂ ਵਿੱਚ ਜੋ ਨਰਕ ਵਰਗੀ ਸਥਿਤੀ ਉੱਥੇ ਪੈਦਾ ਹੁੰਦੀ ਹੈ ਉਹ ਕਿਸੇ ਵੀ ਪੱਥਰ ਦਿਲ ਨੂੰ ਪਿਘਲਾ ਦੇਣ ਲਈ ਕਾਫ਼ੀ ਹੈ। ਕਾਰਖਾਨਿਆਂ ਦੀ ਰੂਪ ਰੇਖਾ ਅਤੇ ਕੰਮ ਕਰ ਰਹੇ ਮਜ਼ਦੂਰਾਂ ਦਾ ਵਰਣਨ ਕਰਦੇ ਸਮੇਂ ਲੇਖਕ ਯਥਰਾਥਵਾਦੀ ਪਰਿਪੇਖ ਨਾਲ਼ ਹਮੇਸ਼ਾ ਲੈੱਸ ਰਹਿੰਦਾ ਹੈ। ਉਦਾਹਰਣ ਵਜੋਂ : ‘‘ਫਿਰ ਉਸਨੇ ਚੀਜ਼ਾਂ ਨੂੰ ਇੱਕ ਦੂਸਰੀ ਨਜ਼ਰ ਨਾਲ਼ ਦੇਖਣਾ ਸ਼ੁਰੂ ਕੀਤਾ, ਹੁਣ ਉਹ ਇਸਦਾ ਇੱਕ ਹਿੱਸਾ ਸੀ। ਇੱਥੇ ਅਜਿਹੀ ਰਫ਼ਤਾਰ ਨਾਲ਼ ਕੰਮ ਕਰਵਾਇਆ ਜਾਂਦਾ ਸੀ ਕਿ ਆਦਮੀ ਨੂੰ ਆਪਣੀ ਸਮੁੱਚੀ ਯੋਗਤਾ ਸਹਿਤ ਲਗਾਤਾਰ ਇਕਾਗਰ ਹੋ ਕੇ ਜੁੱਟੇ ਰਹਿਣਾ ਪੈਂਦਾ ਸੀ ਪਹਿਲੇ ਪਸ਼ੂ ਦੇ ਗਿਰਨ ਤੋਂ ਲੈ ਕੇ ਬਾਰ੍ਹਾਂ ਵਜੇ ਦੀ ਸੀਟੀ ਤੱਕ, ਤੇ ਫਿਰ ਸਾਢੇ ਬਾਰ੍ਹਾਂ ਦੀ ਸੀਟੀ ਤੋਂ ਲੈ ਕੇ ਦੇਰ ਸ਼ਾਮ ਜਾਂ ਰਾਤ ਤੱਕ, ਇੱਕ ਪਲ ਲਈ ਵੀ ਆਦਮੀ ਦੇ ਹੱਥ ਨੂੰ ਜਾਂ ਅੱਖ ਨੂੰ ਜਾਂ ਦਿਮਾਗ ਨੂੰ ਆਰਾਮ ਨਹੀਂ ਮਿਲਦਾ ਸੀ। ਯੁਰਗਿਸ ਨੇ ਦੇਖਿਆ ਕਿ ਉਹ ਇਹ ਸਭ ਕਿਵੇਂ ਕਰਵਾਉਦੇ ਸਨ। ਇਸ ਸਾਰੇ ਕੰਮ ਦੇ ਕੁੱਝ ਅਜਿਹੇ ਹਿੱਸੇ ਸਨ ਜੋ ਬਾਕੀ ਮਜ਼ਦੂਰਾਂ ਲਈ ਰਫ਼ਤਾਰ ਤੈਅ ਕਰਦੇ ਸਨ ਅਤੇ ਇਹਨਾਂ ਕੰਮਾਂ ਲਈ ਉਹਨਾਂ ਨੇ ਜ਼ਿਆਦਾ ਮਜ਼ਦੂਰੀ ਤੇ ਖਾਸ ਬੰਦੇ ਰੱਖੇ ਹੁੰਦੇ ਸਨ ਜਿਹਨਾਂ ਨੂੰ ਉਹ ਜਲਦੀ ਜਲਦੀ ਬਦਲਦੇ ਰਹਿੰਦੇ ਸਨ। ਇਹ ਆਦਮੀ ਪਾਗਲਾਂ ਦੀ ਤਰ੍ਹਾਂ ਕੰਮ ਕਰਦੇ ਸਨ। ਇਸ ਨੂੰ ‘ਰਫ਼ਤਾਰ ਵਧਾਉਣਾ’ ਕਿਹਾ ਜਾਂਦਾ ਸੀ। ਜੇਕਰ ਕੋਈ ਆਦਮੀ ਇਸ ਰਫ਼ਤਾਰ ਨਾਲ਼ ਨਹੀਂ ਚੱਲ ਸਕਦਾ ਸੀ ਤਾਂ ਬਾਹਰ ਇੱਕ ਮੌਕਾ ਦਿੱਤੇ ਜਾਣ ਦੀਆਂ ਮਿੰਨਤਾਂ ਕਰਦੀ ਭੀੜ ਹਰ ਵਕਤ ਉਪਲਬਧ ਰਹਿੰਦੀ ਸੀ।’’

ਅਜਿਹੇ ਕਾਰਖਾਨਿਆਂ ਵਿੱਚ ਕੰਮ ਕਰਦੇ ਹੋਏ ਯੁਰਗਿਸ ਅਤੇ ਉਸ ਦੇ ਪਰਿਵਾਰ ਦਾ ਨਿੱਤ ਨਵੀਆਂ ਮੁਸੀਬਤਾਂ ਨਾਲ਼ ਵਾਹ ਪੈਦਾ ਰਹਿੰਦਾ ਹੈ। ਇੱਕ ਮੁਸੀਬਤ ਦੇ ਟਲਣ ਨਾਲ਼ ਹੋਰ ਮੁਸੀਬਤਾਂ ਆ ਖੜੀਆਂ ਹੁੰਦੀਆਂ। ਚਾਰੇ ਪਾਸੇ ਫੈਲੇ ਭਿ੍ਸ਼ਟਾਚਾਰ, ਰਿਸ਼ਵਤਖੋਰੀ, ਠੱਗੀ ਅਤੇ ਲੁੱਟ-ਖੋਹ ਯੁਰਗਿਸ ਦੇ ਸੁਪਨਿਆਂ ਨੂੰ ਤਾਰ ਤਾਰ ਕਰ ਦਿੰਦੇ ਹਨ। ਦੋ ਸਾਲ ਤੱਕ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਯੁਰਗਿਸ ਅਤੇ ਓਨਾ ਆਪਣੇ ਵਿਆਹ ਲਈ ਪੈਸੇ ਨਹੀਂ ਜੋੜ ਸਕੇ। ਆਖਰਕਾਰ ਘੋਰ ਗਰੀਬੀ ਦੀਆਂ ਹਾਲਤਾਂ ਵਿੱਚ ਹੀ ਉਹਨਾਂ ਨੂੰ ਵਿਆਹ ਕਰਵਾਉਣਾ ਪੈਂਦਾ ਹੈ। ਫਿਰ ਇੱਕ ਇੱਕ ਕਰਕੇ ਉਹਨਾਂ ਦੇ ਪਰਿਵਾਰ ਦੇ ਜੀਅ ਬਿਮਾਰੀਆਂ ਨਾਲ਼ ਜਾਂ ਕਾਰਖਾਨਿਆਂ ਵਿੱਚ ਘਿਸ ਘਿਸ ਕੇ ਜਾਂ ਹਾਦਸਿਆਂ ਨਾਲ਼ ਮਰਨ ਲੱਗਦੇ ਹਨ। ਮੁਸੀਬਤਾਂ ਦੇ ਜੋ ਪਹਾੜ ਉਸ ਪਰਿਵਾਰ ਉੱਤੇ ਟੁੱਟਦੇ ਹਨ ਉਸ ਨੂੰ ਦੇਖ ਕੇ ਪਾਠਕ ਦੇ ਮਨ ਵਿੱਚ ਲੇਖਕ ਦੇ ਇੱਕਪਾਸੜ ਹੋਣ ਦਾ ਵਿਚਾਰ ਆਉਦਾ ਹੈ। ਪਰ ਹੌਲ਼ੀ ਹੌਲ਼ੀ ਜਿਵੇਂ ਨਾਵਲ ਦੀ ਕਹਾਣੀ ਅੱਗੇ ਵਧਦੀ ਹੈ ਇਹ ਗੱਲ ਸਾਫ਼ ਹੁੰਦੀ ਜਾਂਦੀ ਹੈ ਕਿ ਇਹ ਮੁਸੀਬਤਾਂ ਹਰ ਮਜ਼ਦੂਰ ਦੇ ਹਿੱਸੇ ਆਉਦੀਆਂ ਹਨ ਅਤੇ ਇਸ ਤੋਂ ਬਚਣ ਦਾ ਕੋਈ ਰਾਹ ਵੀ ਨਹੀਂ ਮਿਲਦਾ। ਅਜੋਕੇ ਨਵਉਦਾਰਵਾਦੀ ਨੀਤੀਆਂ ਵਾਲ਼ੇ ਭਾਰਤ ਵਰਗੇ ਦੇਸ਼ਾਂ ਵਿੱਚ ਇਹ ਪ੍ਰਸਥਿਤੀਆਂ ਹੋਰ ਵੀ ਵਧੇਰੇ ਪ੍ਰਸੰਗਿਕ ਹੋ ਨਿਬੜਦੀਆਂ ਹਨ। ਜਿੱਥੋਂ ਦੇ ਮਜ਼ਦੂਰਾਂ ਨੂੰ ਨਿੱਤ ਇਸ ਤੋਂ ਵੀ ਕਿਤੇ ਵਧੇਰੇ ਭਿਅੰਕਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਲੇਖਕ ਦੇ ਆਪਣੇ ਸ਼ਬਦਾਂ ਵਿੱਚ ‘‘ਉਹਨਾਂ ਦਾ ਜੀਵਨ ਇਹਨਾਂ ਬੇਰਹਿਮ ਸ਼ਰਤਾਂ ’ਤੇ ਹੀ ਚੱਲ ਰਿਹਾ ਸੀ ਕਿ ਉਹ ਇੱਕ ਪਲ ਲਈ ਵੀ ਚਿੰਤਾ ਤੋਂ ਰਾਹਤ ਦੀ ਉਮੀਦ ਨਹੀਂ ਕਰਨਗੇ, ਉਹਨਾਂ ਨੂੰ ਇੱਕ ਪਲ ਵੀ ਅਜਿਹਾ ਨਸੀਬ ਨਹੀਂ ਹੋਵੇਗਾ ਜਦੋਂ ਪੈਸੇ ਦਾ ਖਿਆਲ ਉਹਨਾਂ ਨੂੰ ਨਹੀਂ ਸਤਾਏਗਾ। ਉਹ ਇੱਕ ਸਮੱਸਿਆ ਤੋਂ ਜਿਵੇਂ ਕਿਸੇ ਚਮਤਕਾਰ ਨਾਲ਼ ਬਚਕੇ ਨਿਕਲਦੇ ਤਾਂ ਇੱਕ ਦੂਸਰੀ ਮੁਸ਼ਕਿਲ ਸਾਹਮਣੇ ਆ ਖੜੀ ਹੋ ਜਾਂਦੀ ਸੀ। ਇਸ ਤਰ੍ਹਾਂ ਸਰੀਰਕ ਪ੍ਰੇਸ਼ਾਨੀਆਂ ਦੇ ਇਲਾਵਾ ਉਹਨਾਂ ਦੇ ਮਨ ’ਤੇ ਵੀ ਲਗਾਤਾਰ ਦਬਾਅ ਰਹਿੰਦਾ ਸੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਚਿੰਤਾ ਅਤੇ ਡਰ ਵਿੱਚ ਜੀਊਂਦੇ ਸੀ। ਦਰਅਸਲ ਇਹ ਜੀਉਣਾ ਨਹੀਂ ਸੀ, ਇਸ ਨੂੰ ਤਾਂ ਹੋਂਦ ਬਣਾਏ ਰੱਖਣਾ ਵੀ ਮੁਸ਼ਕਿਲ ਨਾਲ਼ ਕਿਹਾ ਜਾ ਸਕਦਾ ਸੀ। ਉਹਨਾਂ ਨੂੰ ਜਾਪਦਾ ਸੀ ਕਿ ਉਹ ਬਹੁਤ ਮਹਿੰਗੀ ਕੀਮਤ ਚੁਕਾ ਰਹੇ ਸਨ। ਉਹ ਸਾਰਾ ਸਮਾਂ ਕੰਮ ਕਰਨ ਲਈ ਤਿਆਰ ਸਨ; ਤੇ ਜਦੋਂ ਲੋਕ ਆਪਣੀ ਪੂਰੀ ਤਾਕਤ ਨਾਲ਼ ਕੰਮ ਕਰਦੇ ਹੋਣ ਤਾਂ ਕੀ ਉਹਨਾਂ ਨੂੰ ਜੀਊਣ ਦਾ ਵੀ ਹੱਕ ਨਹੀਂ ਮਿਲਣਾ ਚਾਹੀਦਾ?’’

ਅਜੀਬ ਕਿਸਮ ਅਤੇ ਦਿਲ ਦਹਿਲਾ ਦੇਣ ਵਾਲ਼ੀਆਂ ਘਟਨਾਵਾਂ ਵਿੱਚੋਂ ਲੰਘਦੀ ਹੋਈ ਕਹਾਣੀ ਆਪਣੇ ਅੰਤ ਵੱਲ ਵਧਦੀ ਹੈ। ਜਦੋਂ ਯੁਰਗਿਸ ਬਿਲਕੁੱਲ ਇਕੱਲਾ ਰਹਿ ਜਾਂਦਾ ਹੈ ਉਸ ਦਾ ਪੂਰਾ ਪਰਿਵਾਰ ਲਗਭਗ ਖਤਮ ਹੋ ਜਾਂਦਾ ਹੈ। ਫਿਰ ਉਹ ਇਸ ਸਮਾਜ ਦੇ ਇਸ ਜੰਗਲ ਖਿਲਾਫ਼ ਵਿਦਰੋਹ ਕਰ ਦਿੰਦਾ ਹੈ। ਇੱਕ ਵਿਅਕਤੀਗਤ ਵਿਦਰੋਹ। ‘‘ਉਹ ਆਪਣੀ ਜ਼ਿੰਦਗੀ ਲਈ ਜੂਝ ਰਿਹਾ ਸੀ, ਬਦਹਵਾਸੀ ਵਿੱਚ ਉਹ ਦੰਦ ਪੀਹਣ ਲੱਗਿਆ। ਉਹ ਬੇਵਕੂਫ ਸੀ ਨਿਰਾ ਬੇਵਕੂਫ਼। ਉਸਨੇ ਆਪਣੀ ਇਸ ਵਾਹੀਆਤ ਕਮਜ਼ੋਰੀ ਨਾਲ਼ ਆਪਣੀ ਜ਼ਿੰਦਗੀ ਬੇਕਾਰ ਕਰ ਲਈ ਸੀ, ਖੁਦ ਨੂੰ ਬਰਬਾਦ ਕਰ ਲਿਆ ਸੀ ਪਰ ਹੁਣ ਉਹ ਇਸ ਤੋਂ ਛੁਟਕਾਰਾ ਪਾ ਲਵੇਗਾ ਉਹ ਇਸ ਨੂੰ ਆਪਣੇ ਅੰਦਰੋਂ ਜੜੋਂ ਉਖਾੜ ਸੁੱਟੇਗਾ। ਹੁਣ ਉਸ ਦੀ ਜ਼ਿੰਦਗੀ ਵਿੱਚ ਹੰਝੂਆਂ ਲਈ ਤੇ ਕੋਮਲਤਾ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਬਸ ਬਹੁਤ ਹੋ ਗਿਆ ਇਹਨਾਂ ਹੀ ਚੀਜ਼ਾਂ ਨੇ ਉਸ ਨੂੰ ਗੁਲਾਮੀ ਕਰਨ ਲਈ ਵੇਚ ਦਿੱਤਾ ਸੀ। ਹੁਣ ਉਹ ਆਜ਼ਾਦ ਹੋਣ ਜਾ ਰਿਹਾ ਸੀ, ਉਹ ਆਪਣੀਆਂ ਬੇੜੀਆਂ ਤੋੜ ਕੇ ਸੁੱਟ ਦੇਵੇਗਾ ਅਤੇ ਉੱਠਕੇ ਲੜੇਗਾ। ਉਹ ਖੁਸ਼ ਸੀ ਕਿ ਸਭ ਕੁੱਝ ਖਤਮ ਹੋ ਗਿਆ ਸੀ ਇੱਕ ਨਾ ਇੱਕ ਦਿਨ ਇਹ ਹੋਣਾ ਹੀ ਸੀ ਅਤੇ ਚੰਗਾ ਹੀ ਹੋਇਆ ਕਿ ਜਲਦੀ ਹੋ ਗਿਆ। ਇਹ ਦੁਨੀਆਂ ਔਰਤਾਂ ਅਤੇ ਬੱਚਿਆ ਦੇ ਜੀਣ ਲਾਇਕ ਨਹੀਂ ਸੀ ਅਤੇ ਜਿੰਨੀ ਜਲਦੀ ਉਹ ਇਸ ਤੋਂ ਨਿਕਲ ਜਾਣ ਉਹਨਾਂ ਹੀ ਚੰਗਾ ਹੈ। … ਹੁਣ ਉਹ ਆਪਣੇ ਬਾਰੇ ਸੋਚੇਗਾ, ਹੁਣ ਉਹ ਆਪਣੇ ਲਈ ਲੜੇਗਾ, ਉਸ ਦੁਨੀਆਂ ਦੇ ਖਿਲਾਫ਼ ਜਿਸ ਨੇ ਉਸ ਨੂੰ ਕਦਮ ਕਦਮ ’ਤੇ ਧੋਖਾ ਦਿੱਤਾ ਹੈ ਅਤੇ ਸਤਾਇਆ ਹੈ।’’

ਮਜ਼ਦੂਰਾਂ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਬਾਖੂਬੀ ਪੇਸ਼ ਕਰਨ ਦੀ ਕਲਾਤਮਿਕਤਾ ਦੇ ਬਾਵਜੂਦ ਸਿੰਕਲੇਅਰ ਵੀ ਟਾਲਸਟਾਏ ਵਾਂਗ ਇਸ ਨਰਕ ਵਿੱਚੋਂ ਨਿਕਲਣ ਦਾ ਰਸਤਾ ਦੱਸਣ ਵਿੱਚ ਸੁਧਾਰਵਾਦੀ ਭੁਲੇਖੇ ਦਾ ਸ਼ਿਕਾਰ ਹੋ ਗਏ। ਇਸ ਨਾਵਲ ਦੇ ਅੰਤ ਵਿੱਚ ਉਹ ਯੁਰਗਿਸ ਨੂੰ ਕਿਸੇ ਸਮਾਜਵਾਦੀ ਪਾਰਟੀ ਦਾ ਮੈਂਬਰ ਬਣਿਆ ਦਿਖਾਉਦੇ ਹਨ ਜੋ ਉਸ ਸਮੇਂ ਦੀਆਂ ਵੋਟਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ। ਯੁਰਗਿਸ ਅਤੇ ਉਸਦੇ ਹੋਰ ਮਜ਼ਦੂਰ ਸਾਥੀ ਇਸ ਜਿੱਤ ਨੂੰ ਆਪਣੀ ਮੁਕਤੀ ਨਾਲ਼ ਜੋੜ ਕੇ ਦੇਖਦੇ ਹਨ। ਤੇ ਸਿੰਕਲੇਅਰ ਵੀ ਖੁਦ ਇਹੀ ਮਹਿਸੂਸ ਕਰਦੇ ਹਨ।

ਲੈਨਿਨ ਨੇ ਸਿੰਕਲੇਅਰ ਬਾਰੇ ਕਿਹਾ ਸੀ,‘‘ਸਿੰਕਲੇਅਰ ਕਿਸੇ ਤਰ੍ਹਾਂ ਦੇ ਸਿਧਾਂਤਕ ਪ੍ਰੀਖਣ ਤੋਂ ਰਹਿਤ, ਕੇਵਲ ਭਾਵਨਾਵਾਂ ਤੋਂ ਸਮਾਜਵਾਦੀ ਹਨ।’’ ਲੈਨਿਨ ਦੇ ਇਹ ਵਿਚਾਰ ਇਸ ਸੰਦਰਭ ਵਿੱਚ ਰੱਖ ਕੇ ਵੀ ਦੇਖੇ ਜਾ ਸਕਦੇ ਹਨ।

‘ਜੰਗਲ’ ਦੇ ਪ੍ਰਕਾਸ਼ਨ ਤੋਂ 2 ਸਾਲ ਬਾਅਦ ਜੈਕ ਲੰਡਨ ਨੇ ‘ਦਿ ਆਇਰਨ ਹੀਲ’ ਨਾਮਕ ਆਪਣੇ ਮਸ਼ਹੂਰ ਨਾਵਲ ਵਿੱਚ ਇਸ ਗਲਤੀ ਨੂੰ ਦੁਰਸਤ ਕੀਤਾ। ਉਹਨਾਂ ਦੇ ਨਾਵਲ ਦੀ ਕਹਾਣੀ, ਪਾਤਰ ਅਤੇ ਘਟਨਾਵਾਂ ਭਾਵੇਂ ‘ਜੰਗਲ’ ਨਾਲ਼ੋਂ ਕਾਫ਼ੀ ਭਿੰਨ ਹਨ, ਪਰ ‘ਦਿ ਆਇਰਨ ਹੀਲ’ ਵਿੱਚ ਜੈਕ ਲੰਡਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਜ਼ਦੂਰ ਜਮਾਤ ਕਦੇ ਵੀ ਪਾਰਲੀਮੈਂਟ ਵਿੱਚ ਦੋ ਚਾਰ ਸੀਟਾਂ ਜਿੱਤ ਕੇ ਜਾਂ ਇਸ ਰਾਜ ਦੀ ਵਰਤੋਂ ਕਰਕੇ ਸਮਾਜਵਾਦ ਸਥਾਪਿਤ ਨਹੀਂ ਕਰ ਸਕੇਗੀ। ਸਗੋਂ ਉਹਨਾਂ ਨੂੰ ਇਨਕਲਾਬੀ ਤਰੀਕਿਆਂ ਨਾਲ਼, ਏਕਤਾ ਬਣਾ ਕੇ ਇਸ ਸੱਤ੍ਹਾ ਨੂੰ ਪੂਰੀ ਤਰ੍ਹਾਂ ਜੜੋਂ ਉਖਾੜ ਕੇ ਨਵਾਂ ਰਾਜ ਲਾਗੂ ਕਰਨਾ ਪਵੇਗਾ। ਮਾਰਕਸਵਾਦੀ ਨਜ਼ਰੀਏ ਤੋਂ ‘ਦਿ ਆਇਰਨ ਹੀਲ’ ਸਮਾਜਵਾਦ ਦੇ ਸੰਕਲਪ ਅਤੇ ਮਜ਼ਦੂਰਾਂ ਦੀ ਮੁਕਤੀ ਦੇ ਜ਼ਿਆਦਾ ਨੇੜੇ ਢੁੱਕਦਾ ਹੈ।

ਇਸ ਇੱਕ ਸਿਧਾਂਤਕ ਗਲਤੀ ਨੂੰ ਜੇਕਰ ਛੱਡ ਦਈਏ ਤਾਂ ‘ਜੰਗਲ’ ਆਪਣੇ ਆਪ ਵਿੱਚ ਸੰਸਾਰ ਮਜ਼ਦੂਰ-ਅੰਦੋਲਨ ਦੀ ਇੱਕ ਮਹਾਨ ਘਟਨਾ ਹੈ। 1906 ਵਿੱਚ ਇਸ ਦੇ ਛਪਣ ਤੋਂ ਬਾਅਦ ਇਸ ਦੀਆਂ 1,50,000 ਕਾਪੀਆਂ ਤੁਰੰਤ ਵਿੱਕ ਗਈਆਂ। ਪੂਰੀ ਦੁਨੀਆਂ ਵਿੱਚ ਇਸ ਨੂੰ ‘ਬੈਸਟ ਸੈਲਰ’ ਦਾ ਦਰਜਾ ਪ੍ਰਾਪਤ ਹੋ ਗਿਆ। ਅਗਲੇ ਕੁੱਝ ਹੀ ਸਾਲਾਂ ਵਿੱਚ ਸੰਸਾਰ ਦੀਆਂ ਲਗਭਗ 70 ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋਇਆ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪ੍ਰਾਪਤ ਹੋਈ ਉਹਨਾਂ ਦੀ ਜੇਲ੍ਹ-ਡਾਇਰੀ ਵਿੱਚ ਵੀ ਇਸ ਦਾ ਵਰਣਨ ਆਉਦਾ ਹੈ।

ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇਹ ਇੱਕ ਬੜੀ ਦੁਖਦਾਈ ਅਤੇ ਨਿਰਾਸ਼ ਕਰ ਦੇਣ ਵਾਲ਼ੀ ਖ਼ਬਰ ਹੋਵੇਗੀ ਕਿ ਅਜੇ ਤੱਕ (103 ਸਾਲਾਂ ਬਾਅਦ) ਵੀ ਨਾ ‘ਜੰਗਲ’ ਅਤੇ ਨਾ ਹੀ ‘ਦਿ ਆਇਰਨ ਹੀਲ’ ਦਾ ਪੰਜਾਬੀ ਵਿੱਚ ਅਨੁਵਾਦ ਹੋਇਆ ਹੈ।

ਇਸ ਨਾਵਲ ਦੀ ਪ੍ਰਸਿੱਧੀ ਤੋਂ ਘਬਰਾ ਕੇ ਅਮਰੀਕੀ ਅਤੇ ਪੂਰੀ ਦੁਨੀਆਂ ਦੇ ਬੁਰਜੂਆ ਆਲੋਚਕਾਂ ਨੇ ਇਹ ਕਹਿ ਕੇ ਇਸ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਇਹ ਕੇਵਲ ਸਕਾਟਯਾਰਡ ਵਿੱਚ ਫੈਲੀ ਗੰਦਗੀ ਅਤੇ ਕੁੱਝ ਗਲਤ ਅਨਸਰਾਂ ਅਤੇ ਸਥਿਤੀਆਂ ’ਤੇ ਹੀ ਅਧਾਰਿਤ ਹੈ। ਕੁੱਝ ਤਾਂ ਇਸ ਹੱਦ ਤੱਕ ਚਲੇ ਗਏ ਕਿ ਨਾਵਲ ਦਾ ਮਕਸਦ ਲੋਕਾਂ ਵਿੱਚ ਸ਼ਾਕਾਹਾਰੀ ਦੀਆਂ ਆਦਤਾਂ ਦਾ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਮਾਸਾਹਾਰੀ ਤੋਂ ਗੁਰੇਜ਼ ਕਰਨ ਲਈ ਮਨਾਉਣਾ ਹੈ। ਤਰ੍ਹਾਂ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ਼ ਆਪਟਨ ਸਿੰਕਲੇਅਰ ਦੇ ਸਮਾਜਵਾਦੀ ਵਿਚਾਰਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਪਰ ਸਿੰਕਲੇਅਰ ਨੇ ਇਹਨਾਂ ਦਾ ਖੰਡਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਸ ਨਾਵਲ ਦਾ ਉਦੇਸ਼ ਉਦਯੋਗਿਕ ਪੂੰਜੀਵਾਦ ਵਿੱਚ ਮਿਹਨਤਕਸ਼ ਔਰਤ-ਮਰਦਾਂ ਦੀਆਂ ਅਣਮਨੁੱਖੀ ਸਥਿਤੀਆਂ ਦਾ ਜੀਵੰਤ ਦਸਤਾਵੇਜ਼ ਪ੍ਰਸਤੁਤ ਕਰਨਾ ਸੀ ਅਤੇ ਇਹ ਦੱਸਣਾ ਸੀ ਕਿ ਸਮਾਜਵਾਦ ਹੀ ਇਸ ਸਮੱਸਿਆ ਦਾ ਇੱਕ ਮਾਤਰ ਹੱਲ ਹੋ ਸਕਦਾ ਹੈ। ‘ਜੰਗਲ’ ਦੇ ਪ੍ਰਕਾਸ਼ਨ ਤੋਂ ਬਾਅਦ ਖੋਜੀ ਪੱਤਰਕਾਰਾਂ ਅਤੇ ਲੇਖਕਾਂ ਦੀ ਉਸ ਮੁਹਿੰਮ ਨੂੰ ਵੀ ਜ਼ੋਰਦਾਰ ਹੁਲਾਰਾ ਮਿਲਿਆ। ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਨੇ ਵਿਅੰਗ ਅਤੇ ਝੁੰਝਲਾਹਟ ਵਿੱਚ ‘ਮਕਰੇਕਰ’ ਕਿਹਾ ਸੀ ਅਤੇ ਜੋ ਇੱਕ ਸਨਮਾਨਜਨਕ ਸੰਬੋਧਨ ਬਣ ਗਿਆ ਸੀ। ਪੂੰਜੀਪਤੀਆਂ ਦੇ ਟ੍ਰਸਟਾਂ, ਕਾਰਪੋਰੇਸ਼ਨਾਂ ਦੇ ਘਪਲਿਆਂ, ਲੁੱਟ, ਕਾਰਖਾਨਿਆਂ ਦੀ ਨਰਕੀ ਸਥਿਤੀਆਂ ਅਤੇ ਪ੍ਰਸ਼ਾਸਨ, ਨਿਆਪਾਲਿਕਾ ਅਤੇ ਰਾਜਨੀਤੀ ਦੇ ਭਿ੍ਸ਼ਟਾਚਾਰ ਦੀਆਂ ਕਹਾਣੀਆਂ ਰੈਡੀਕਲ ਮੈਗਜ਼ੀਨਾਂ ਤੇ ਅਖ਼ਬਾਰਾਂ ਵਿੱਚ ਜ਼ੋਰ-ਸ਼ੋਰ ਨਾਲ਼ ਛਪਣ ਲੱਗੀਆਂ।

ਆਪਟਨ ਸਿੰਕਲੇਅਰ ਆਪਣੀ ਇਸ ਮਹਾਨ ਰਚਨਾ ਨੂੰ ਲਿਖਦੇ ਸਮੇਂ ਇੱਕ ਨਵੀਂ ਦੁਨੀਆਂ ਦੇ ਨਿਰਮਾਣ ਦੇ ਉਦੇਸ਼ ਨਾਲ਼ ਪੂਰੀ ਤਰ੍ਹਾਂ ਇੱਕ ਮਿੱਕ ਸਨ।

♦♦♦
ਅੰਤਿਕਾ ਵਜੋਂ ਆਪਟਨ ਸਿੰਕਲੇਅਰ ਦੇ ਕਲਾ ਬਾਰੇ ਉਹ ਵਿਚਾਰ ਜੋ ਇਸ ਨਾਵਲ ਨੂੰ ਪੜਨ ਤੋਂ ਬਾਅਦ ਪਾਠਕ ਅਤੇ ਖਾਸ ਕਰਕੇ ਲੇਖਕਾਂ ਦੇ ਮਨ ਦੀ ਕੈਨਵਸ ਤੇ ਉਕਰ ਜਾਣੇ ਚਾਹੀਦੇ ਹਨ।
‘‘ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ, ‘ਕਲਾ, ਕਲਾ ਲਈ’ ਬਾਰੇ ਉਹ ਉਨ੍ਹਾਂ ਹੀ ਸੋਚਦਾ ਹੈ ਜਿੰਨਾ ਕਿ ਇੱਕ ਡੁੱਬਦੇ ਹੋਏ ਜਹਾਜ ਦੇ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਂਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ।’’

“ਲਲਕਾਰ”, ਅੰਕ – 11, ਜਨਵਰੀ-ਮਾਰਚ, 2010 ਵਿਚ ਪ੍ਰਕਾਸ਼ਿਤ

Leave a comment