ਜੈਨੀ ਮਾਰਕਸ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1820ਵਿਆਂ ਦੇ ਦਹਾਕੇ ਦੀ ਗੱਲ ਹੈ। ਪ੍ਰੀਵੀ ਕੌਂਸਲ ਦੇ ਮੈਂਬਰ ਲੁਡਵਿਗ ਵਾਨ ਵੈਸਟਾਫਾਲੇਨ ਦੇ ਘਰ ਉਸਦਾ ਦੋਸਤ ਹਾਈਨਰਿਖ ਮਾਰਕਸ ਆਪਣੇ ਬੇਟੇ ਕਾਰਲ ਨਾਲ ਆਇਆ ਹੈ। ਦੋਵੇਂ ਦੋਸਤ ਸ਼ਾਮ ਦੀ ਚਾਹ ਦੀਆਂ ਚੁਸਕੀਆਂ ਨਾਲ ਆਪਣੀ ਵਾਰਤਲਾਪ ਵਿੱਚ ਮਗਨ ਹੋ ਜਾਂਦੇ ਹਨ ਤੇ ਨਿੱਕਾ ਕਾਰਲ ਪਰਿਵਾਰ ਦੇ ਦੋ ਬੱਚਿਆਂ ਜੈਨੀ ਤੇ ਫਰਡੀਨਾਂਡ ਨਾਲ ਖੇਡਣ ਲੱਗ ਪੈਂਦਾ ਹੈ। ਜਰਮਨੀ ਦੇ ਤ੍ਰੇਅਰ ਸ਼ਹਿਰ ਦੇ ਇਹਨਾਂ ਦੋਵਾਂ ਪਰਿਵਾਰਾਂ ਵਿੱਚ ਇੰਝ ਅਕਸਰ ਹੀ ਵਾਪਰਦਾ ਰਹਿੰਦਾ ਹੈ। ਵਾਨ ਵੈਸਟਾਫਾਲੇਨ ਕਾਫ਼ੀ ਪੜ੍ਹਿਆ ਲਿਖਿਆ ਹੈ ਤੇ ਸਾਹਿਤ ਦਾ ਵੱਡਾ ਰਸੀਆ ਹੈ। ਉਸ ਨੂੰ ਹੋਮਰ ਤੇ ਸ਼ੇਕਸਪੀਅਰ ਜੁਬਾਨੀ ਯਾਦ ਹਨ। ਉਹ ਆਪਣੀ ਧੀ ਜੈਨੀ ਤੇ ਬੇਟੇ ਫਰਡੀਨਾਂਡ ਨਾਲ ਰਲਕੇ ਨਿੱਕੇ ਕਾਰਲ ਨੂੰ ਕਵਿਤਾਵਾਂ ਸੁਣਾਉਂਦਾ ਹੈ ਤੇ ਉਸਦੇ ਬਾਲ ਹਿਰਦੇ ਵਿੱਚ ਸਾਹਿਤਕ ਰੁਚੀਆਂ ਜਗਾਉਂਦਾ ਹੈ। ਇਹਨਾਂ ਸ਼ਾਮਾਂ ਵਿੱਚ ਹੀ ਜੈਨੀ ਤੇ ਕਾਰਲ ਦੀ ਦੋਸਤੀ ਹੁੰਦੀ ਹੈ ਜੋ ਜਵਾਨੀ ਪਹਿਰ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਉਹ ਵਿਆਹ ਦੇ ਬੰਧਨ ਵਿੱਚ ਬੱਝ ਕੇ ਸਾਰੀ ਉਮਰ ਇਕੱਠੇ ਬਿਤਾਉਂਦੇ ਹਨ। ਉਹਨਾਂ ਹਸੀਨ ਸ਼ਾਮਾਂ ਵਿੱਚ ਕਿਸਨੂੰ ਖਿਆਲ ਸੀ ਕਿ ਵੱਡਾ ਹੋਕੇ ਇਹੋ ਕਾਰਲ ਮਾਰਕਸ ਮਨੁੱਖਤਾ ਦੇ ਇਤਿਹਾਸ ਨੂੰ ਸਭ ਤੋਂ ਵੱਧ ਯੁੱਗ ਪਲਟਾਊ ਤਰੀਕੇ ਨਾਲ ਪ੍ਰਭਾਵਿਤ ਕਰੇਗਾ ਤੇ ਉਸਦਾ ਨਾਮ ਇੱਕ ਮੀਲ ਪੱਥਰ ਬਣ ਜਾਵੇਗਾ ਅਤੇ ਇਹ ਮੀਲ ਪੱਥਰ ਉਸ ਨਾਲ ਖੇਡ ਰਹੀ ਭਵਿੱਖ ਦੀ ਜੈਨੀ ਮਾਰਕਸ ਦੇ ਨਾਮ ਤੋਂ ਬਿਨਾਂ ਅਧੂਰਾ ਰਹੇਗਾ।

12 ਫਰਵਰੀ 1814 ਨੂੰ ਜਨਮੀ ਜੈਨੀ ਵਾਨ ਵੈਸਟਾਫਾਲੇਨ ਨੂੰ ਯਾਦ ਕਰਨ ਦਾ ਕਾਰਨ ਸਿਰਫ਼ ਇਹ ਨਹੀਂ ਹੈ ਕਿ ਉਹ ਮਹਾਨ ਕਾਰਲ ਮਾਰਕਸ ਦੀ ਪਤਨੀ ਸੀ, ਸਗੋਂ ਉਸ ਵੱਲੋਂ ਮਨੁੱਖਤਾ ਦੀ ਮੁਕਤੀ ਦੇ ਰਾਹ ਦੇ ਬਿਖੜੇ ਪੈਂਡੇ ਉੱਪਰ ਅਡੋਲ ਰਹਿੰਦਿਆਂ ਮਾਰਕਸ ਦਾ ਨਿਭਾਇਆ ਸਾਥ, ਇਸ ਮਹਾਨ ਕਾਜ਼ ਪ੍ਰਤੀ ਉਸਦਾ ਸਮਰਪਣ ਤੇ ਉਸ ਵੱਲੋਂ ਘਾਲ਼ੀ ਅਥਾਹ ਘਾਲ਼ਣਾ ਉਸਨੂੰ ਸਨਮਾਨ ਤੇ ਯਾਦ ਕੀਤੇ ਜਾਣ ਦਾ ਪਾਤਰ ਬਣਾਉਂਦੇ ਹਨ। ਜੇ ਇਹ ਕਿਹਾ ਜਾਵੇ ਕਿ ਜੈਨੀ ਦੇ ਸਾਥ ਤੋਂ ਬਗੈਰ ਮਾਰਕਸ ਉਹ ਕੁੱਝ ਨਾ ਹੁੰਦੇ ਜੋ ਉਹ ਸਨ ਤਾਂ ਅਤਿਕਥਨੀ ਨਹੀਂ ਹੋਵੇਗੀ। ਜਦੋਂ ਭਰ ਜਵਾਨੀ ਵੇਲੇ ਮਾਰਕਸ ਮਨੁੱਖਤਾ ਦੀ ਸੇਵਾ ਕਰਨ ਦੇ ਰਾਹ ਚੁਣਨ ਵੱਲ਼ ਅੱਗੇ ਵਧਿਆ ਤਾਂ ਇਹ ਸਾਫ਼ ਹੋ ਗਿਆ ਸੀ ਕਿ ਮਾਰਕਸ ਦੀ ਜ਼ਿੰਦਗੀ ਵਿੱਚ ਜਾਇਦਾਦ, ਅਹੁਦੇ, ਸਨਮਾਨਾਂ ਦੀਆਂ ਖੋਖ਼ਲੀਆਂ ਖੁਸ਼ੀਆਂ ਦੀ ਕੋਈ ਥਾਂ ਨਹੀਂ ਹੋਵੇਗੀ ਸਗੋਂ ਇਹ ਔਕੜਾਂ, ਦੁਸ਼ਵਾਰੀਆਂ ਦੇ ਤੂਫ਼ਾਨਾਂ ਵਿੱਚੋਂ ਗੁਜ਼ਰਦੀ ਹੋਈ ਆਤਮ ਸੰਤੁਸ਼ਟੀ, ਮਹਾਨਤਾ ਤੇ ਸਪੂੰਰਨ ਮਨੁੱਖ ਦੇ ਨਿਸ਼ਾਨੇ ਵੱਲ ਵਧੇਗੀ ਤਾਂ ਉਸ ਵੇਲੇ ਜੈਨੀ ਨੇ ਵੀ ਇਸ ਹੋਣੀ ਦੀ ਭਾਈਵਾਲ ਹੋਣਾ ਤੇ ਆਪਣੀ ਜ਼ਿੰਦਗੀ ਵੀ ਮਨੁੱਖਤਾ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ। 7 ਸਾਲ ਦੀ ਮੰਗਣੀ ਤੋਂ ਬਾਅਦ 19 ਜੂਨ 1843 ਨੂੰ ਵਿਆਹ ਤੋਂ ਲੈ ਕੇ ਜੈਨੀ ਨੇ ਆਖ਼ਰੀ ਸਾਹ ਤੱਕ ਹਰ ਜਲਾਵਤਨੀ, ਬੇਅਰਾਮੀ, ਗਰੀਬੀ, ਥੁੜਾਂ ਮਾਰੀ ਤੇ ਤਸੀਹਿਆਂ ਭਰੀ ਜ਼ਿੰਦਗੀ ਵਿੱਚ ਮਾਰਕਸ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਿਭਾਇਆ।

ਜਦੋਂ ਕੋਈ ਮਾਰਕਸ ਦੀ ਥੁੜਾਂ ਤੇ ਤਸੀਹਿਆਂ ਭਰੀ ਜ਼ਿੰਦਗੀ ਬਾਰੇ ਸੋਚਦਾ ਹੈ ਤਾਂ ਇੱਕ ਵਾਰ ਰੂਹ ਕੰਬ ਉੱਠਦੀ ਹੈ। ਭੁੱਖ, ਗਰੀਬੀ, ਜਲਾਵਤਨੀ, ਦਰ-ਦਰ ਦੀ ਭਟਕਣ ਆਦਿ ਦੇ ਸਭ ਭਾਰ ਜੈਨੀ ਨੇ ਮਾਰਕਸ ਨਾਲ ਵੰਡਾਏ, ਰਾਠ ਪਰਿਵਾਰ ਦੀ ਉਸ ਧੀ ਨੇ ਕਦੇ ਵੀ ਭੈੜੀ ਜ਼ਿੰਦਗੀ ਦਾ ਦੁੱਖੜਾ ਨਾ ਰੋਇਆ ਤੇ ਨਾ ਹੀ ਮਾਰਕਸ ਨੂੰ ਉਸਦੇ ਰਾਹ ਤੋਂ ਤੋੜਨ ਤੇ ਚੰਗੀ ਕਮਾਈ ਵਾਲਾ ਕਿੱਤਾ ਚੁਣਨ ਲਈ ਜ਼ੋਰ ਪਾਉਣ ਦਾ ਯਤਨ ਕੀਤਾ। ਸਗੋਂ ਇਸ ਓੜਕਾਂ ਦੇ ਭਿਆਨਕ ਜੀਵਨ ਵਿੱਚ ਮਾਰਕਸ ਨੂੰ ਹੱਲਾਸ਼ੇਰੀ ਦਿੰਦਿਆਂ ਉਸਦੇ ਕੰਮਾਂ ਵਿੱਚ ਸਾਥ ਦਿੱਤਾ। ਮਾਰਕਸ ਦੇ ਕੰਮਾਂ ਵਿੱਚ ਜੈਨੀ ਉਸਦੀ ਨੇੜਲੀ ਸਾਥਣ ਤੇ ਸਲਾਹਕਾਰ ਸੀ। ਸਾਹਿਤਕ ਅਮੀਰੀ ਦੀ ਮਾਲਕ ਜੈਨੀ ਨੇ ਥੀਏਟਰ ਉੱਪਰ ਕੁੱਝ ਲੇਖ ਵੀ ਲਿਖੇ ਸਨ। ਉਹ ਮਾਰਕਸ ਦੀ ਲੇਖਣ ਸ਼ੈਲੀ ਦੀ ਪਹਿਲੀ ਅਲੋਚਕ ਤੇ ਸਲਾਹਕਾਰ ਸੀ। ਇਹ ਗੱਲ ਉਸਦੀ 1844 ਵਿੱਚ ਮਾਰਕਸ ਨੂੰ ਲਿਖੀ ਇੱਕ ਦਿਲਚਸਪ ਚਿੱਠੀ ਵਿੱਚ ਵੇਖੀ ਜਾ ਸਕਦੀ ਹੈ ਜਿਸਦੀ ਆਪਣੀ ਭਾਸ਼ਾ ਤੇ ਸ਼ੈਲੀ ਵੀ ਓਨੀ ਹੀ ਬਲਵਾਨ ਹੈ। ਮਾਰਕਸ ਨੇ ਆਪਣੀ ਉਮਰ ਵਿੱਚ ਜਿੰਨਾ ਜਿਆਦਾ ਲਿਖਿਆ ਹੈ ਉਹ ਹੈਰਾਨ ਕਰਨ ਵਾਲਾ ਹੈ ਤੇ ਇਸ ਅਚੰਭੇ ਵਾਲੇ ਵਿਸ਼ਾਲ ਲੇਖਣ ਵਿੱਚ ਜੈਨੀ ਦਾ ਵੀ ਓਨਾਂ ਹੀ ਯੋਗਦਾਨ ਸੀ। ਮਾਰਕਸ ਦੀ ਆਪਣੀ ਲਿਖਾਈ ਬਹੁਤ ਭੈੜੀ ਸੀ ਇਸ ਲਈ ਜੈਨੀ ਮਾਰਕਸ ਦੀਆਂ ਲਿਖਤਾਂ ਦੀ ਨਕਲ਼ ਤਿਆਰ ਕਰਦੀ ਤਾਂ ਜੋ ਉਹ ਬਾਕੀਆਂ ਦੇ ਪੜ੍ਹਨ ਦੇ ਯੋਗ ਹੋ ਸਕਣ। ਉਸਨੇ ਮਾਰਕਸ ਦੀਆਂ ਅਨੇਕਾਂ ਲਿਖਤਾਂ, ਚਿੱਠੀਆਂ ਆਦਿ ਦੀਆਂ ਨਕਲਾਂ ਤਿਆਰ ਕੀਤੀਆਂ। ਜੈਨੀ ਪਾਰਟੀ ਦੇ ਕੰਮਾਂ ਵਿੱਚ ਹਰਕਾਰੇ ਦਾ ਕੰਮ ਕਰਦੀ, ਜਰੂਰੀ ਸੁਨੇਹੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੀ ਰਹੀ। ਉਹ ਮਾਣ ਨਾਲ ਆਪਣੇ-ਆਪ ਨੂੰ ਇੱਕ ਪਾਰਟੀ ਕਾਰਕੁੰਨ ਸਮਝਦੀ ਸੀ।

ਜੈਨੀ ਨਾ ਸਿਰਫ਼ ਮਾਰਕਸ ਦੀ ਮਦਦ ਕਰਦੀ ਸੀ ਸਗੋਂ ਇਨਕਲਾਬੀ ਲਹਿਰ ਦੇ ਹੋਰਨਾਂ ਕਾਰਕੁੰਨਾਂ ਦੀ ਵੀ ਹਰ ਸੰਭਵ ਮਦਦ ਨਾਲ ਸਮੁੱਚੀ ਲਹਿਰ ਦੀ ਮਦਦ ਕਰਦੀ ਸੀ। ਲੰਡਨ ਦਾ ਇਹ ਮਾਰਕਸ ਪਰਿਵਾਰ ਖੁਦ ਫਾਕੇ ਕੱਟਣ ਲਈ ਮਜ਼ਬੂਰ ਸੀ, ਪਰ ਜੈਨੀ ਸਦਕਾ ਇੱਥੋਂ ਸਭ ਸਿਆਸੀ ਜਲਾਵਤਨਾਂ ਨੂੰ ਹਮੇਸ਼ਾਂ ਸ਼ਰਨ ਤੇ ਮਦਦ ਮਿਲਦੀ ਸੀ। ਉਹ ਆਏ ਮਹਿਮਾਨਾਂ ਦਾ ਖੁਸ਼ੀ ਨਾਲ ਸਵਾਗਤ ਕਰਦੀ ਤੇ ਉਹਨਾਂ ਨਾਲ ਸਲੀਕੇ ਨਾਲ ਪੇਸ਼ ਆਉਂਦੀ। ਮਾਰਕਸ ਪਰਿਵਾਰ ਵਿੱਚ ਆ ਕੇ ਹਰ ਕੋਈ ਦੋਸਤਾਨਾ ਮਹੌਲ਼ ਮਹਿਸੂਸ ਕਰਦਾ। ਮਾਰਕਸ ਪਰਿਵਾਰ ਦੇ ਮਹਿਮਾਨ ਬਣੇ ਅਨੇਕਾਂ ਜਣਿਆਂ ਨੇ ਆਪਣੀਆਂ ਯਾਦਾਂ ਵਿੱਚ ਇਸ ਬਾਰੇ ਲਿਖਿਆ ਹੈ। ਵਿਲਹੈਲਮ ਲੀਬਕਨੇਖਤ ਨੇ ਲਿਖਿਆ ਹੈ “ਸ਼੍ਰੀਮਤੀ ਮਾਰਕਸ ਦਾ ਪ੍ਰਭਾਵ ਸਾਡੇ ਉੱਤੇ ਮਾਰਕਸ ਨਾਲੋਂ ਵੀ ਪ੍ਰਬਲ ਹੁੰਦਾ।… ਮੇਰੇ ਲਈ ਉਹ ਮਾਂ, ਮਿੱਤਰ, ਰਾਜਦਾਨ ਅਤੇ ਸਲਾਹਕਾਰ ਸੀ। ਮੇਰੇ ਲਈ ਉਹ ਇੱਕ ਆਦਰਸ਼ਕ ਔਰਤ ਸੀ ਤੇ ਹੈ।” ਇਸੇ ਤਰ੍ਹਾਂ ਫਰੈਡਰਿਖ ਲੈਸਨਰ ਨੇ ਲਿਖਿਆ “ਮੈਨੂੰ ਉਹ ਸੁਹਾਵਣਾ ਸਮਾਂ ਕਦੇ ਨਹੀਂ ਭੁੱਲੇਗਾ ਜੋ ਕਈ ਹੋਰਨਾਂ ਵਾਂਗ ਮੈਂ ਮਾਰਕਸ ਪਰਿਵਾਰ ਵਿੱਚ ਬਿਤਾਇਆ। ਸ਼੍ਰੀਮਤੀ ਮਾਰਕਸ ਖਾਸ ਕਰਕੇ ਡੂੰਘਾ ਪ੍ਰਭਾਵ ਪਾਉਂਦੀ ਸੀ। ਉਹ ਇੱਕ ਲੰਮੀ, ਬਹੁਤ ਹੀ ਖੂਬਸੂਰਤ ਔਰਤ ਸੀ, ਬੜੀ ਵਿਲੱਖਣ ਅਤੇ ਇਸ ਦੇ ਬਾਵਜੂਦ ਨੇਕ ਸੁਭਾਅ ਵਾਲੀ, ਪਿਆਰ ਕਰਨ ਵਾਲੀ, ਖੁਸ਼ ਮਿਜ਼ਾਜ ਅਤੇ ਘੁਮੰਡ ਤੇ ਕਠੋਰਤਾ ਤੋਂ ਏਨੀ ਮੁਕਤ ਕਿ ਬੰਦਾ ਉਹਦੀ ਮੌਜੂਦਗੀ ਵਿੱਚ ਏਨਾ ਸੌਖਾ-ਸੌਖਾ ਅਤੇ ਘਰ ਵਾਂਗ ਮਹਿਸੂਸ ਕਰਦਾ ਜਿੰਨਾ ਕੋਈ ਆਪਣੀ ਮਾਂ ਜਾਂ ਭੈਣ ਕੋਲ ਕਰਦਾ।,,, ਉਹਦੇ ਅੰਦਰੋਂ ਮਜ਼ਦੂਰ ਜਮਾਤ ਲਈ ਉਤਸ਼ਾਹ ਡੁੱਲ-ਡੁੱਲ ਪੈਂਦਾ ਸੀ ਅਤੇ ਬੁਰਜੂਆਜੀ ਖਿਲਾਫ਼ ਹਰ ਸਫ਼ਲਤਾ ਭਾਵੇਂ ਉਹ ਕਿੰਨੀ ਵੀ ਛੋਟੀ ਹੁੰਦੀ, ਉਸ ਨੂੰ ਵੱਡੀ ਤੋਂ ਵੱਡੀ ਤਸੱਲੀ ਅਤੇ ਖੁਸ਼ੀ ਦਿੰਦੀ ਸੀ।”

ਮਾਰਕਸ ਤੇ ਜੈਨੀ ਲਈ ਸਭ ਤੋਂ ਵੱਧ ਤਸੀਹਾਦਾਈ ਥੁੜਾਂ ਤੇ ਗਰੀਬੀ ਕਾਰਨ ਆਪਣੇ ਬੱਚਿਆਂ ਨੂੰ ਚੰਗੀ ਖੁਰਾਕ ਤੇ ਵਾਤਾਵਰਨ ਨਾ ਦੇ ਸਕਣ ਦੀ ਲਾਚਾਰੀ ਸੀ। ਇਸ ਮਹੌਲ਼ ਵਿੱਚ ਉਹਨਾਂ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇੰਨੇ ਵੱਡੇ ਸਦਮੇ ਨੂੰ ਉਹ ਦੋਵੇਂ ਮਨੁੱਖਤਾ ਦੀ ਸੇਵਾ ਦੇ ਮਹਾਨ ਕੰਮ ਪ੍ਰਤੀ ਸਮਰਪਣ ਅਤੇ ਇੱਕ-ਦੂਜੇ ਦੇ ਨਿੱਘੇ ਸਾਥ ਕਾਰਨ ਹੀ ਸਹਿ ਸਕੇ ਤੇ ਆਪਣੇ ਜੀਵਨ ਦੇ ਰਾਹ ਉੱਤੇ ਅਡੋਲ ਰਹਿ ਸਕੇ। ਉਹਨਾਂ ਦਾ ਜੀਵਨ ਕਿੰਨਾ ਭਿਆਨਕ ਸੀ ਇਸਦਾ ਜੈਨੀ ਵੱਲੋਂ ਆਪਣੀਆਂ ਯਾਦਾਂ ਵਿੱਚ ਲਿਖੇ ਇਸ ਵੇਰਵੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ: “1852 ਵਿੱਚ ਈਸਟਰ ਦੇ ਦਿਨ ਸਾਡੀ ਛੋਟੀ ਫਰਾਂਸਿਸਕਾ ਨੂੰ ਸਖ਼ਤ ਖ਼ੰਘ ਹੋ ਗਈ। ਤਿੰਨ ਦਿਨ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਦੀ ਰਹੀ। ਉਸ ਨੂੰ ਭਿਆਨਕ ਕਸ਼ਟ ਸਹਿਣਾ ਪਿਆ। ਉਸ ਦੇ ਮਰ ਜਾਣ ਉੱਤੇ ਉਸ ਦੇ ਛੋਟੇ ਜਿਹੇ ਨਿਰਜ਼ਿੰਦ ਸਰੀਰ ਨੂੰ ਪਿਛਲੇ ਕਮਰੇ ਵਿੱਚ ਛੱਡ ਕੇ ਅਸੀਂ ਅਗਲੇ ਕਮਰੇ ਵਿੱਚ ਆ ਗਏ ਅਤੇ ਰਾਤ ਨੂੰ ਉੱਥੇ ਹੀ ਫਰਸ਼ ਉੱਤੇ ਆਪਣੇ ਬਿਸਤਰੇ ਲਾ ਲਏ। ਸਾਡੇ ਤਿੰਨੇ ਜਿਉਂਦੇ ਬੱਚੇ ਸਾਡੇ ਕੋਲ਼ ਲੇਟੇ ਸਨ ਅਤੇ ਅਸੀਂ ਸਾਰੇ ਉਸ ਛੋਟੀ ਜਿਹੀ ਬੱਚੀ ਲਈ ਰੋਂਦੇ ਰਹੇ ਜਿਸ ਦੀ ਨਿਰਜ਼ਿੰਦ ਲਾਸ਼ ਨਾਲ਼ ਦੇ ਕਮਰੇ ਵਿੱਚ ਪਈ ਸੀ। ਉਸ ਪਿਆਰੀ ਬੱਚੀ ਦੀ ਮੌਤ ਸਖ਼ਤ ਕਮੀਆਂ ਦੌਰਾਨ ਹੋਈ, ਠੀਕ ਉਸੇ ਸਮੇਂ ਜਦੋਂ ਸਾਡੇ ਜਰਮਨ ਮਿÎੱਤਰ ਵੀ ਸਾਡੀ ਸਹਾਇਤਾ ਕਰਨ ਵਿੱਚ ਅਸਮਰੱਥ ਸਨ। ਅਰਨੈਸਟ ਜੋਨਜ਼ ਨੇ, ਜੋ ਉਹਨੀਂ ਦਿਨੀਂ ਸਾਡੇ ਕੋਲ਼ ਅਕਸਰ ਤੇ ਦੇਰ-ਦੇਰ ਲਈ ਆਇਆ ਕਰਦੇ ਸਨ, ਸਾਡੀ ਸਹਾਇਤਾ ਕਰਨ ਦਾ ਵਾਅਦਾ ਕੀਤਾ, ਪਰ ਉਹ ਵੀ ਕੁੱਝ ਨਾ ਕਰ ਸਕੇ… ਬਹੁਤ ਭਾਰੇ ਮਨ ਨਾਲ਼ ਮੈਂ ਝਟਪਟ ਇੱਕ ਫ਼ਰਾਂਸੀਸੀ ਪ੍ਰਵਾਸੀ ਦੇ ਘਰ ਗਈ ਜੋ ਸਾਥੋਂ ਬਹੁਤੀ ਦੂਰ ਨਹੀਂ ਰਹਿੰਦੇ ਸਨ ਅਤੇ ਸਾਨੂੰ ਮਿਲਣ ਆਇਆ ਕਰਦੇ ਸਨ। ਮੈਂ ਉਹਨਾਂ ਨੂੰ ਉਸ ਭਿਆਨਕ ਮੁਸ਼ਕਲ ਵਿੱਚ ਸਹਾਇਤਾ ਲਈ ਬੇਨਤੀ ਕੀਤੀ ਤੇ ਉਹਨਾਂ ਬਹੁਤ ਮਿੱਤਰਤਾ ਭਰੀ ਹਮਦਰਦੀ ਨਾਲ਼ ਮੈਨੂੰ ਤੁਰੰਤ ਦੋ ਪੌਂਡ ਦੇ ਦਿੱਤੇ। ਉਸ ਧਨ ਦੀ ਵਰਤੋਂ ਉਸ ਤਾਬੂਤ ਦੇ ਪੈਸੇ ਅਦਾ ਕਰਨ ਲਈ ਕੀਤੀ ਗਈ ਜਿਸ ਵਿੱਚ ਮੇਰੀ ਬੱਚੀ ਸਦੀਵੀ ਨੀਂਦ ਵਿੱਚ ਲੇਟੀ ਹੋਈ ਹੈ। ਜਨਮ ਲੈਣ ਉੱਤੇ ਉਸ ਨੂੰ ਪਾਲਣਾ ਨਸੀਬ ਨਾ ਹੋਇਆ ਅਤੇ ਬਹੁਤ ਸਮੇਂ ਤੱਕ ਅÎੰਤਮ ਆਰਾਮ-ਥਾਂ ਤੋਂ ਵੀ ਵਾਂਝੀ ਰਹੀ। ਕਿੰਨੇ ਦੁਖੀ ਮਨ ਨਾਲ਼ ਅਸੀਂ ਉਸ ਤੋਂ ਵਿਦਾਇਗੀ ਲਈ!”

ਪਰ ਉਸਨੇ ਜ਼ਿੰਦਗੀ ਦੀਆਂ ਇਹਨਾਂ ਔਕੜਾਂ ਅੱਗੇ ਕਦੇ ਹਾਰ ਨਾ ਮੰਨੀ। ਜੈਨੀ ਦਾ ਸਬਰ ਤੇ ਸਿਰੜ ਹੋਣੀ ਨੂੰ ਨਾਉਮੀਦੀ ਨਾਲ ਪ੍ਰਵਾਨ ਕਰ ਲੈਣ, ਕਿਸੇ ਅਖੌਤੀ ਰੱਬ ਦੀ ਰਜਾ ਵਿੱਚ ਰਹਿਣ ਜਾਂ ਆਪਣੇ ਪਤੀ ਪ੍ਰਤੀ ਧਾਰਮਿਕ ਕਿਸਮ ਦੀ ਸ਼ਰਧਾ ਵਿੱਚੋਂ ਹਰਗਿਜ਼ ਵੀ ਪੈਦਾ ਨਹੀਂ ਹੋਇਆ  ਸੀ। ਸਗੋਂ ਉਸਦਾ ਇਹ ਸਿਰੜ ਮਨੁੱਖਤਾ ਦੇ ਲੇਖੇ ਆਪਣਾ ਜੀਵਨ ਲਾਉਣ ਦੇ ਜਜ਼ਬੇ ਵਿੱਚੋਂ ਪੈਦਾ ਹੋਇਆ ਸੀ। ਆਪਣੇ ਪਰਿਵਾਰ ਦੇ ਇੱਕ ਦੋਸਤ ਜੋਜਫ ਵੈਡਮੇਅਰ ਨੂੰ ਲਿਖੇ ਖਤ ਵਿੱਚ ਆਰਥਿਕ ਔਕੜਾਂ ਦਾ ਜ਼ਿਕਰ ਕਰਦਿਆਂ ਜੈਨੀ ਨੇ ਉਸ ਵਿੱਚ ਸਪੱਸ਼ਟ ਤੌਰ ‘ਤੇ ਇਹ ਵੀ ਲਿਖਿਆ ਕਿ “ਇਹ ਨਾ ਸੋਚਣਾ ਕਿ ਇਹਨਾਂ ਤੁੱਛ ਫ਼ਿਕਰਾਂ ਨੇ ਮੈਨੂੰ ਝੁਕਾ ਦਿੱਤਾ ਹੈ, ਮੈਂ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਸਾਡਾ ਸੰਘਰਸ਼ ਇਕੱਲਾ-ਇਕਹਿਰਾ ਨਹੀਂ ਹੈ।”

ਆਰਥਿਕ ਤੰਗੀ ਦੀ ਹਾਲਤ ਵਿੱਚ ਜਿੱਥੇ ਚਾਰ ਬੱਚਿਆਂ ਦੀ ਮੌਤ ਹੋ ਗਈ ਉੱਥੇ ਚੰਗੀ ਖੁਰਾਕ-ਹਵਾ ਨਾ ਮਿਲਣ ਅਤੇ ਕੰਮ ਦੇ ਅਥਾਹ ਬੋਝ ਕਾਰਨ ਮਾਰਕਸ ਤੇ ਜੈਨੀ ਦੀ ਸਿਹਤ ਵੀ ਨਕਾਰਾ ਹੁੰਦੀ ਗਈ। ਦੋਵਾਂ ਨੂੰ ਹੀ ਕਈ ਵਾਰ ਕਈ-ਕਈ ਦਿਨ ਬਿਸਤਰੇ ਉੱਪਰ ਗੁਜ਼ਾਰਨੇ ਪਏ। ਠੀਕ ਹੁੰਦਿਆਂ ਹੀ ਉਹ ਦੋਵੇਂ ਫਿਰ ਤੋਂ ਪੂਰੇ ਵੇਗ ਨਾਲ ਕੰਮ ਵਿੱਚ ਜੁੱਟ ਜਾਂਦੇ। ਜੈਨੀ ਬਿਮਾਰੀ ਦੀ ਹਾਲਤ ਵਿੱਚ ਵੀ ਆਖ਼ਰੀ ਵਰ੍ਹਿਆਂ ਤੱਕ ਕਾਫ਼ੀ ਕੰਮ ਕਰਦੀ ਰਹੀ।

ਮਜ਼ਦੂਰ ਜਮਾਤ ਦੀ ਮੁਕਤੀ ਲਈ ਜੈਨੀ ਦੀ ਅਣਥੱਕ ਮਿਹਨਤ ਤੇ ਕੁਰਬਾਨੀ ਦੀ ਚਰਚਾ ਪਿੱਛੋਂ  ਮਾਰਕਸ ਤੇ ਜੈਨੀ ਦੀ ਨਿੱਜੀ ਜ਼ਿੰਦਗੀ, ਉਹਨਾਂ ਦੇ ਆਪਸੀ ਰਿਸ਼ਤੇ ਦੀ ਚਰਚਾ ਕਰਨੀ ਵੀ ਕੋਈ ਕੁਥਾਵੀਂ ਗੱਲ ਨਹੀਂ ਹੋਵੇਗੀ। ਉਹਨਾਂ ਨੂੰ ਜਾਨਣ ਵਾਲੇ ਸਭਨਾਂ ਅਨੁਸਾਰ ਉਹ ਇੱਕ ਖੁਸ਼ ਰਹਿਣੀ ਜੋੜੀ ਸਨ। ਕੋਈ ਵੀ ਦੁੱਖ, ਮੁਸੀਬਤ ਤੇ ਵੱਧਦੀ ਉਮਰ ਉਹਨਾਂ ਦੀ ਮੁਹੱਬਤ ਨੂੰ ਕਮਜ਼ੋਰ ਨਾ ਕਰ ਸਕੇ ਸਗੋਂ ਇਸਦੇ ਉਲਟ ਬਦਨਸੀਬੀ, ਦੁੱਖ ਉਹਨਾਂ ਨੂੰ ਇੱਕ-ਦੂਜੇ ਦੇ ਹੋਰ ਨੇੜੇ ਲੈ ਆਉਂਦੇ ਸਨ। 1856 ਵਿੱਚ ਜਦੋਂ ਜੈਨੀ 42 ਸਾਲ ਦੀ ਸੀ  ਇੱਕ ਯਾਤਰਾ ਲਈ ਜਰਮਨੀ ਗਈ ਹੋਈ ਸੀ ਤਾਂ ਮਾਰਕਸ ਨੇ ਉਸਨੂੰ ਇੱਕ ਜਜ਼ਬਿਆਂ ਨਾਲ਼ ਲਬਰੇਜ ਚਿੱਠੀ ਲਿਖੀ ਜੋ ‘ਵੇਦਨਾ ਦੀ ਕੋਮਲ਼ਤਾ ਅਤੇ ਮਜ਼ਬੂਤੀ ਦੇ ਇੱਕ ਕਮਾਲ ਦੇ ਮਨੁੱਖੀ ਦਸਤਾਵੇਜ਼ ਨਾਲ਼ ਹੀ ਗੂੜ ਚਿੰਤਨ ਨਾਲ ਵੀ ਭਰਪੂਰ’ ਹੈ। ਇਸ ਵਿੱਚ ਉਹਨਾਂ ਲਿਖਿਆ ਕਿ “ਮੈਂ ਮੁੜ ਇੱਕ ਮਨੁੱਖ ਮਹਿਸੂਸ ਕਰਦਾ ਹਾਂ ਕਿਉਂਕਿ ਮੈਂ ਇੱਕ ਮਹਾਂ-ਵਲਵਲਾ ਮਹਿਸੂਸ ਕਰਦਾ ਹਾਂ ਅਤੇ ਬਹੁਰੰਗੀ ਜਿਹੜੀ ਅਧਿਐਨ ਤੇ ਆਧੁਨਿਕ ਵਿੱਦਿਆ ਨਾਲ ਸਾਡੇ ਅੰਦਰ ਵਿਕਸਤ ਹੁੰਦੀ ਹੈ ਅਤੇ ਸ਼ੱਕਵਾਦ ਜਿਸ ਨਾਲ ਅਸੀਂ ਲਾਜ਼ਮੀ ਹੀ ਸਭਨਾਂ ਅੰਤਰਮੁਖੀ ਤੇ ਬਾਹਰਮੁਖੀ ਪ੍ਰਭਾਵਾਂ ਦੀ ਅਲੋਚਨਾ ਕਰਦੇ ਹਾਂ ਜੋ ਸਾਨੂੰ ਨਿਗੂਣਾ ਤੇ ਕਮਜ਼ੋਰ ਕਰਨ ਅਤੇ ਰੋਂਦੂ ਤੇ ਬੇਹਿੰਮਤਾ ਬਣਾਉਣ ਲਈ ਵਿਉਂਤੇ ਗਏ ਹਨ। … ਤੇਰੇ ਲਈ ਮੁਹੱਬਤ ਇੱਕ ਮਨੁੱਖ ਨੂੰ ਮੁੜ ਮਨੁੱਖ ਬਣਾ ਦਿੰਦੀ ਹੈ।”

ਉਹਨਾਂ ਦੋਵਾਂ ਦੇ ਨਿੱਜੀ ਜੀਵਨ ਦੀ ਇੱਕ ਦਿਲਚਸਪ ਝਲਕ  ਏਲੀਨੋਰਾ ਦੀਆਂ ਯਾਦਾਂ ਵਿੱਚੋਂ ਵੀ ਮਿਲਦੀ ਹੈ: “ਮੈਂ ਕਦੇ -ਕਦੇ ਸੋਚਦੀ ਹਾਂ ਕਿ ਉਹਨਾਂ ਨੂੰ ਆਪਸ ਵਿੱਚ ਬੰਨ੍ਹਣ ਵਾਲ਼ੀ ਮਜ਼ਬੂਤ ਕੜੀ ਜਿੰਨੀ ਮਜ਼ਦੂਰਾਂ ਦੇ ਕਾਜ਼ ਪ੍ਰਤੀ ਉਹਨਾਂ ਦੀ ਵਫ਼ਾਦਾਰੀ ਸੀ, ਓਨੀ ਹੀ ਉਹਨਾਂ ਦਾ ਹਸਮੁੱਖ ਹੋਣਾ ਵੀ ਸੀ। ਉਹਨਾਂ ਦੋਵਾਂ ਨਾਲ਼ੋਂ ਵੱਧ ਕੇ ਕਿਸੇ ਮਜ਼ਾਕ ਦਾ ਰਸ ਨਿਸ਼ਚੇ ਹੀ ਕਿਸੇ ਹੋਰ ਨੇ ਨਹੀਂ ਲਿਆ ਹੋਵੇਗਾ। ਮੈਂ ਉਹਨਾਂ ਨੂੰ ਵਾਰ-ਵਾਰ, ਖ਼ਾਸ ਕਰ ਜਦੋਂ ਮੌਕਾ ਸੁਚੱਜੇ ਤੇ ਸੰਤੁਲਤ ਵਰਤਾਓ ਦੀ ਮੰਗ ਕਰਦਾ ਸੀ, ਅੱਥਰੂ ਨਿਕਲ ਆਉਣ ਤੱਕ ਹੱਸਦੇ ਦੇਖਿਆ ਹੈ ਅਤੇ ਜੋ ਲੋਕ ਇਸ ਤਰ੍ਹਾਂ ਦੇ ਮਨਮੌਜ਼ੀਪਣ ਤੇ ਨੱਕ ਚੜ੍ਹਾਉਣ ਦੀ ਰੁਚੀ ਰੱਖਦੇ ਸਨ, ਉਹ ਵੀ ਉਹਨਾਂ ਨਾਲ਼ ਮਿਲ ਕੇ ਹੱਸਣ ਤੋਂ ਸਿਵਾ ਕੁੱਝ ਨਹੀਂ ਕਰ ਸਕਦੇ ਸਨ ਤੇ ਕਿੰਨੀ ਵਾਰ ਮੈਂ ਇਹ ਵੀ ਦੇਖਿਆ ਕਿ ਉਹ ਇੱਕ -ਦੂਸਰੇ ਵੱਲ ਦੇਖਣ ਦੀ ਜੁਰਅਤ ਨਹੀਂ ਕਰਦੇ ਸਨ ਕਿਉਂਕਿ ਦੋਵੇਂ ਹੀ ਜਾਣਦੇ ਸਨ ਕਿ ਨਜ਼ਰਾਂ ਮਿਲਦੇ ਹੀ ਬੇਵਸ ਠਹਾਕਾ ਫੁੱਟ ਪਏਗਾ। ਇਹਨਾਂ ਦੋਵਾਂ ਵਿਅਕਤੀਆਂ ਨੂੰ ਆਪਣੇ ਤੋਂ ਸਿਵਾ ਕਿਸੇ ਵੀ ਚੀਜ਼ ਉੱਤੇ ਨਜ਼ਰ ਗੱਡਣ ਤੇ ਹਾਸਾ ਰੋਕਣ ਕਾਰਨ ਜੋ ਆਖਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਫੁੱਟ ਪੈਂਦਾ ਸੀ, ਬਿਲਕੁਲ ਸਕੂਲੀ ਬੱਚਿਆਂ ਵਾਂਗ, ਘੁਟਣ ਮਹਿਸੂਸ ਕਰਕੇ ਦੇਖਣ ਦੀ ਮੈਨੂੰ ਅਜਿਹੀ ਯਾਦ ਹੈ ਜਿਸ ਨੂੰ ਮੈਂ ਲੱਖਾਂ-ਕਰੋੜਾਂ ਨਾਲ਼ ਵੀ ਬਦਲਣਾ ਨਹੀਂ ਚਾਹਾਂਗੀ, ਜਿਹਨਾਂ ਨੂੰ ਵਿਰਸੇ ਵਿੱਚ ਪ੍ਰਾਪਤ ਕਰਨ ਦਾ ਸਿਹਰਾ ਮੈਨੂੰ ਦਿੱਤਾ ਜਾਂਦਾ ਹੈ। ਜੀ ਹਾਂ, ਸਾਰੀਆਂ ਤਕਲੀਫ਼ਾਂ, ਸਾਰੇ ਸੰਘਰਸ਼ਾਂ ਤੇ ਸਾਰੀਆਂ ਨਿਰਾਸ਼ਾਵਾਂ ਦੇ ਬਾਵਜੂਦ ਉਹ ਖੁਸ਼-ਮਿਜਾਜ਼ ਜੋੜੀ ਸੀ।”

2 ਦਸੰਬਰ 1881 ਨੂੰ ਗੰਭੀਰ ਬਿਮਾਰੀ ਕਾਰਨ ਕਈ ਦਿਨ ਬਿਸਤਰੇ ਉੱਪਰ ਰਹਿਣ ਮਗਰੋਂ ਜੈਨੀ ਦੀ ਮੌਤ ਹੋਈ। ਉਸਦੇ ਵਿਸ਼ਾਲ ਤੇ ਬਹੁ-ਭਾਂਤੇ ਜੀਵਨ ਦੀ ਇਸ ਚਰਚਾ ਲਈ ਆਖ਼ਰੀ ਸ਼ਬਦਾਂ ਵਜ਼ੋਂ ਸਭ ਤੋਂ ਬਿਹਤਰ ਤੇ ਸਨਮਾਨਯੋਗ ਸ਼ਬਦ ਉਹੀ ਹੋ ਸਕਦੇ ਹਨ ਜੋ ਫ਼ਰੈਡਰਿਕ ਏਂਗਲਜ਼ ਵੱਲੋਂ ਉਸਦੀ ਕਬਰ ਉੱਤੇ ਕਹੇ ਗਏ ਸਨ। ਉਹਨਾਂ ਕਿਹਾ ਸੀ:

”ਅਜਿਹੀ ਅੰਤਰ-ਭੇਦੀ ਅਲੋਚਨਾਤਮਕ ਪ੍ਰਤਿਭਾ, ਅਜਿਹੀ ਸਿਆਸੀ ਕੰਮ-ਯੋਗਤਾ, ਅਜਿਹੀ ਤੇਜੱਸਵੀ ਤੇ ਤਿੱਖੇ ਉਤਸ਼ਾਹੀ ਚਰਿੱਤਰ ਅਤੇ ਆਪਣੇ ਸੰਘਰਸ਼-ਸ਼ੀਲ ਸਾਥੀਆਂ ਪ੍ਰਤੀ ਅਜਿਹੀ ਵਫ਼ਾਦਾਰੀ ਵਾਲ਼ੀ ਇਸ ਔਰਤ ਨੇ ਲਗਭਗ ਚਾਲੀ ਸਾਲ ਤੱਕ ਲਹਿਰ ਲਈ ਕੀ ਕੁੱਝ ਕੀਤਾ, ਆਮ ਲੋਕ ਇਹ ਗੱਲ ਨਹੀਂ ਜਾਣਦੇ, ਸਾਡੇ ਸਮੇਂ ਦੇ ਅਖ਼ਬਾਰਾਂ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਹੈ। ਇਸਨੂੰ ਤਾਂ ਉਹੋ ਜਾਣ ਸਕਦਾ ਹੈ ਜਿਸ ਨੂੰ ਇਸ ਦਾ ਅਹਿਸਾਸ ਹੋਇਆ ਹੋਵੇ। ਪਰ ਮੈਂ ਏਨਾ ਜ਼ਰੂਰ ਜਾਣਦਾ ਹਾਂ ਕਿ ਕਮਿਊਨ ਦੇ ਪ੍ਰਵਾਸੀਆਂ ਦੀਆਂ ਪਤਨੀਆਂ ਉਹਨਾਂ ਨੂੰ ਅਕਸਰ ਯਾਦ ਕਰਨਗੀਆਂ ਤਾਂ ਸਾਨੂੰ ਦੂਸਰਿਆਂ ਨੂੰ ਅਕਸਰ ਉਹਨਾਂ ਦੀ ਸੁਲਝੀ ਹੋਈ ਤੇ ਅਕਲਮੰਦੀ ਵਾਲ਼ੀ ਸਲਾਹ ਦੀ ਘਾਟ ਮਹਿਸੂਸ ਹੋਵੇਗੀ—ਉਸ ਸੁਲਝੀ ਹੋਈ ਸਲਾਹ ਦੀ ਘਾਟ, ਜੋ ਅਡੰਬਰ-ਹੀਣ ਹੁੰਦੀ ਸੀ; ਉਹ ਅਕਲਮੰਦੀ ਵਾਲ਼ੀ ਸਲਾਹ ਜੋ ਵਕਾਰ ਦੇ ਕਿਸੇ ਸੁਆਲ ਉੱਤੇ ਨਹੀਂ ਝੁਕਣਾ ਚਾਹੁੰਦੀ ਸੀ।

           ”ਉਹਨਾਂ ਦੇ ਨਿੱਜੀ ਵਿਅਕਤੀਗਤ ਗੁਣਾਂ ਦੀ ਗੱਲ ਕਰਨਾ ਮੈਂ ਜ਼ਰੂਰੀ ਨਹੀਂ ਸਮਝਦਾ। ਉਹਨਾਂ ਦੇ ਮਿੱਤਰ ਉਹਨਾਂ ਨੂੰ ਜਾਣਦੇ ਹਨ ਤੇ ਭੁੱਲਣਗੇ ਨਹੀਂ। ਜੇ ਸੰਸਾਰ ਵਿੱਚ ਕਦੇ ਕੋਈ ਅਜਿਹੀ ਔਰਤ ਹੋਈ ਹੈ, ਜਿਸ ਦਾ ਸਭ ਤੋਂ ਵੱਡਾ ਸੁੱਖ ਦੂਸਰਿਆਂ ਨੂੰ ਸੁਖੀ ਬਣਾਉਣਾ ਰਿਹਾ ਤਾਂ ਉਹ ਇਹੋ ਔਰਤ ਸੀ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements