ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੀ ਇੱਕ ਅਹਿਮ ਚੁਣੌਤੀ ਵਿਦਿਆਰਥੀਆਂ-ਨੌਜਵਾਨਾਂ ਵਿੱਚ ਸਰਗਰਮ ਪਿਛਾਖੜੀ ਸਿਆਸੀ ਧਾਰਾਵਾਂ •ਗੁਰਪ੍ਰੀਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੌਜੂਦਾ ਭਾਰਤ ਦਾ ਸਿੱਖਿਆ ਢਾਂਚਾ ਇੱਕ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ। ਇਹ ਸੰਕਟ ਕੁੱਲ ਭਾਰਤੀ ਆਰਥਕ-ਸਮਾਜਕ ਢਾਂਚੇ ਦਾ ਹੀ ਹਿੱਸਾ ਹੈ ਜੋ ਆਪਣੀ ਵਾਰੀ ਸੰਕਟਗ੍ਰਸਤ ਸੰਸਾਰ ਸਰਮਾਏਦਾਰਾ ਢਾਂਚੇ ਦਾ ਅੰਗ ਹੈ। ਅੱਜ ਸਿੱਖਿਆ ਦੇ ਵਧਦੇ ਨਿੱਜੀਕਰਨ ਤੇ ਵਪਾਰੀਕਰਨ ਕਾਰਨ ਸਿੱਖਿਆ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਸਮਾਜ ਦਾ ਇੱਕ ਵੱਡਾ ਹਿੱਸਾ ਸਿੱਖਿਆ ਹਾਸਲ ਕਰਨ ਦੇ ਹੱਕ ਤੋਂ ਵੀ ਵਿਹੂਣਾ ਕੀਤਾ ਜਾ ਰਿਹਾ ਹੈ। ਕੁੱਲ ਸਿੱਖਿਆ ਹਾਸਲ ਕਰਨ ਯੋਗ ਅਬਾਦੀ ਦਾ 10 ਫੀਸਦੀ ਤੋਂ ਵੀ ਘੱਟ ਹਿੱਸਾ ਉੱਚ ਸਿੱਖਿਆ ਤੱਕ ਪਹੁੰਚ ਰਿਹਾ ਹੈ। ਦੂਜੇ ਪਾਸੇ ਵਧ ਰਹੀ ਬੇਰੁਜਗਾਰੀ ਕਾਰਨ ਇਹਨਾਂ ਥੋੜੇ ਜਿਹੇ ਡਿਗਰੀਆਂ ਪ੍ਰਾਪਤ ਨੌਜਵਾਨਾਂ ਨੂੰ ਵੀ ਰੁਜਗਾਰ ਨਹੀਂ ਮਿਲ ਰਿਹਾ। ਉੱਤੋਂ ਮਹਿੰਗੇ ਕਾਨਵੈਂਟ ਤੇ ਸਰਕਾਰੀ ਸਕੂਲਾਂ ਵਾਲੀ ਦੋਹਰੀ ਸਿੱਖਿਆ ਪ੍ਰਣਾਲੀ ਆਮ ਕਿਰਤੀਆਂ ਦੇ ਬੱਚਿਆਂ ਲਈ ਉੱਚ-ਸਿੱਖਿਆ ਤੇ ਰੁਜਗਾਰ ਦੇ ਸੀਮਤ ਮੌਕਿਆਂ ਨੂੰ ਹੋਰ ਵੀ ਔਖਾ ਬਣਾ ਰਹੀ ਹੈ। ਇਹਨਾਂ ਦੇ ਨਾਲ-ਨਾਲ ਵਿੱਦਿਅਕ ਸੰਸਥਾਵਾਂ ਵਿੱਚ ਲੋੜੀਂਦੀਆਂ ਸਹੂਲਤਾਂ ਤੇ ਵਿਦਿਆਰਥੀਆਂ ਦੇ ਜਮਹੂਰੀ ਹੱਕ ਵੀ ਸੀਮਤ ਹੁੰਦੇ ਜਾ ਰਹੇ ਹਨ। ਅਜਿਹੇ ਮਹੌਲ ਵਿੱਚ ਵਿਦਿਆਰਥੀਆਂ ਦਾ ਇੱਕਜੁੱਟ ਹੋਕੇ ਇਸ ਬੇਇਨਸਾਫੀ ਖਿਲਾਫ ਡਟਣਾ ਇੱਕ ਅਣਸਰਦੀ ਲੋੜ ਬਣਦਾ ਜਾ ਰਿਹਾ ਹੈ। ਪਰ ਕਿਉਂਕਿ ਸਿੱਖਿਆ ਢਾਂਚਾ ਵੀ ਸਮੁੱਚੇ ਭਾਰਤੀ ਸਰਮਾਏਦਾਰਾ ਢਾਂਚੇ ਦਾ ਅੰਗ ਹੈ, ਇਸ ਲਈ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਜਾਂ ਬੁਨਿਆਦੀ ਤਬਦੀਲੀ ਦਾ ਕੋਈ ਵੀ ਪ੍ਰੋਗਰਾਮ ਸਮੁੱਚੇ ਲੁਟੇਰੇ ਤੇ ਮਨੁੱਖਦੋਖੀ ਸਰਮਾਏਦਾਰਾ ਢਾਂਚੇ ਨੂੰ ਤਬਦੀਲ ਕਰਨ ਦੇ ਸਮੁੱਚੇ ਪ੍ਰੋਜੈਕਟ ਦਾ ਹੀ ਇੱਕ ਅੰਗ ਹੋ ਸਕਦਾ ਹੈ। ਇਸਤੋਂ ਬਿਨਾਂ ਸਿੱਖਿਆ ਢਾਂਚੇ ਵਿੱਚ ਕੋਈ ਵੱਡੇ ਸੁਧਾਰ ਜਾਂ ਬਦਲਾਅ ਸੰਭਵ ਨਹੀਂ ਹਨ। ਇਹ ਕੰਮ ਬਹੁਤ ਵੱਡਾ, ਔਖਾ ਤੇ ਚੁਣੌਤੀਆਂ ਭਰਿਆ ਹੈ ਇਸ ਲਈ ਇਹ ਸਮਾਜ ਵਿਗਿਆਨ ਦੀ ਡੂੰਘੀ ਸੂਝ, ਬੀਤੇ ਦੇ ਇਨਕਲਾਬੀ ਤਜਰਬਿਆਂ ਦੀਆਂ ਹਾਰਾਂ-ਜਿੱਤਾਂ ਦੀ ਵਿਰਾਸਤ, ਲੋਕਾਂ ਦੀ ਏਕਤਾ ਦੀ ਤਾਕਤ ਵਿੱਚ ਅਥਾਹ ਭਰੋਸੇ ਅਤੇ ਬਹਾਦਰੀ ਦੀ ਮੰਗ ਕਰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਕਲਾਵੇ ਵਿੱਚ ਲੈਂਦੀ ਇੱਕ ਮਜਬੂਤ ਇਨਕਲਾਬੀ ਵਿਦਿਆਰਥੀ ਲਹਿਰ ਦੀ ਲੋੜ ਹੈ ਜੋ ਸਮੁੱਚੇ ਸਮਾਜਕ ਢਾਂਚੇ ਨੂੰ ਬਦਲਣ ਦੀ ਇਨਕਲਾਬੀ ਲਹਿਰ ਦੇ ਅੰਗ ਵਜੋਂ ਕੰਮ ਕਰਦੀ ਹੋਵੇ।

ਜਿੱਥੇ ਡੂੰਘੇ ਹੋ ਰਹੇ ਮੌਜੂਦਾ ਆਰਥਿਕ ਸੰਕਟ ਕਾਰਨ ਅਤੇ ਬੀਤੇ ਦੀਆਂ ਲਹਿਰਾਂ ਦੇ ਤਜਰਬੇ, ਹਾਰਾਂ-ਜਿੱਤਾਂ ਦੇ ਸਬਕਾਂ ਕਾਰਨ ਇੱਕ ਮਜਬੂਤ ਵਿਦਿਆਰਥੀ ਲਹਿਰ ਉਸਾਰਨ ਲਈ ਸਾਜਗਾਰ ਹਾਲਤਾਂ ਹਨ ਉੱਥੇ ਪਹਿਲਾਂ ਦੇ ਸਮੇਂ ਨਾਲੋਂ ਕੁੱਝ ਵੱਖਰੀਆਂ ਚੁਣੌਤੀਆਂ ਤੇ ਮੁਸ਼ਕਲਾਂ ਵੀ ਅੱਜ ਦੀ ਵਿਦਿਆਰਥੀ ਨੌਜਵਾਨ ਲਹਿਰ ਅੱਗੇ ਖੜ੍ਹੀਆਂ ਹਨ। ਇਹਨਾਂ ਵਿੱਚੋਂ ਅਸੀਂ ਵਿਦਿਆਰਥੀ ਲਹਿਰ ਨਾਲ ਜੁੜੇ ਉਹਨਾਂ ਗਲਤ ਸਿਆਸੀ ਰੁਝਾਨਾਂ ਦੀ ਗੱਲ ਕਰਾਂਗੇ ਜੋ ਵਿਦਿਆਰਥੀਆਂ ਦੀ ਊਰਜਾ ਨੂੰ ਕੁਰਾਹੇ ਪਾਉਣ ਅਤੇ ਇਨਕਲਾਬੀ ਵਿਦਿਆਰਥੀ ਸਿਆਸਤ ਨੂੰ ਖੋਰਾ ਲਾਉਣ ਦੇ ਰੂਪ ਵਿੱਚ ਮੌਜੂਦਾ ਢਾਂਚੇ ਦੀ ਸੇਵਾ ਕਰਦੇ ਹਨ। ਵਿਦਿਆਰਥੀਆਂ ਨੂੰ ਕੁਰਾਹੇ ਪਾਉਣ ਵਾਲੀਆਂ ਮੁੱਖ ਦੋ ਤਰ੍ਹਾਂ ਦੀਆਂ ਸਿਆਸੀ ਧਾਰਾਵਾਂ ਹਨ ਜੋ ਲੁਟੇਰੀਆਂ ਹਾਕਮ ਜਮਾਤਾਂ ਦੀ ਹੀ ਸੇਵਾ ਕਰਦੀਆਂ ਹਨ। ਪਹਿਲੀ ਧਾਰਾ ਸਰਮਾਏਦਾਰਾ ਵੋਟ ਪਾਰਟੀਆਂ ਦੇ ਵਿਦਿਆਰਥੀ-ਨੌਜਵਾਨ ਵਿੰਗ ਹਨ ਤੇ ਦੂਜੀ ਸੁਧਾਰਵਾਦ ਜਾਂ ਐੱਨ.ਜੀ.ਓ. ਦੀ ਸਿਆਸਤ ਹੈ। ਹਥਲੇ ਲੇਖ ਵਿੱਚ ਅਸੀਂ ਇਹਨਾਂ ਦੋਵਾਂ ਧਾਰਾਵਾਂ ਦੇ ਪੈਦਾ ਹੋਣ ਦੀ ਜਮੀਨ, ਉਹਨਾਂ ਦੇ ਉਦੇਸ਼, ਕੰਮ-ਢੰਗ ਤੇ ਉਹਨਾਂ ਦੇ ਟਾਕਰੇ ਦੀਆਂ ਯੁੱਧਨੀਤੀਆਂ ਬਾਰੇ ਗੱਲ ਕਰਾਂਗੇ।

ਵੋਟ ਪਾਰਟੀਆਂ ਨਾਲ ਜੁੜੇ ਵਿਦਿਆਰਥੀ-ਨੌਜਵਾਨ ਵਿੰਗਾਂ ਦਾ ਰੁਝਾਨ ਪਿਛਲੇ ਕੁੱਝ ਸਾਲਾਂ ਵਿੱਚ ਕਾਫੀ ਵਧਿਆ ਹੈ। ਕਾਂਗਰਸ, ਭਾਜਪਾ ਜਿਹੀਆਂ ਕੌਮੀ ਪੱਧਰੀ ਦੀਆਂ ਪਾਰਟੀਆਂ ਤੋਂ ਲੈ ਕੇ ਅਕਾਲੀ ਦਲ ਜਿਹੀਆਂ ਸੂਬਾਈ ਪੱਧਰ ਦੀਆਂ ਅਨੇਕਾਂ ਵੋਟਬਟੋਰੂ ਪਾਰਟੀਆਂ ਇਹ ਕੰਮ ਬਾਖੂਬੀ ਕਰ ਰਹੀਆਂ ਹਨ। ਪੰਜਾਬ ਵਿੱਚ ਮੁੱਖ ਤੌਰ ‘ਤੇ ਕਾਂਗਰਸ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ.) ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸ.ਓ.ਆਈ.) ਅਜਿਹੀਆਂ ਜਥੇਬੰਦੀਆਂ ਹਨ। ਇਹ ਤਾਂ ਸਾਫ ਹੀ ਹੈ ਕਿ ਅੱਜ ਵੋਟ ਬਟੋਰੂ ਸਿਆਸਤ ਪੂਰੀ ਤਰ੍ਹਾਂ ਸਰਮਾਏਦਾਰ ਜਮਾਤ ਦੇ ਹੱਥ ਵਿੱਚ ਲੋਕਾਂ ਨੂੰ ਲੁੱਟਣ, ਕੁੱਟਣ ਤੇ ਭਰਮਾਉਣ ਦਾ ਸਾਧਨ ਹੈ। ਸਭ ਪਾਰਟੀਆਂ ਵਿੱਚ ਧਨਵਾਨਾਂ, ਸਰਮਾਏਦਾਰਾਂ ਦਾ ਗਲਬਾ ਹੈ। ਇਹਨਾਂ ਵਿੰਗਾਂ ਦੇ ਵਧਣ-ਫੁੱਲਣ ਦਾ ਕਾਰਨ ਸਿੱਖਿਆ ਦਾ ਵਧਦਾ ਨਿੱਜੀਕਰਨ, ਫੀਸਾਂ ਵਿੱਚ ਤੇਜੀ ਨਾਲ ਹੋ ਰਿਹਾ ਵਾਧਾ ਹੈ। ਇਸ ਕਾਰਨ ਵਿੱਦਿਅਕ ਸੰਸਥਾਵਾਂ ਵਿੱਚ ਸਮਾਜ ਦੇ ਉੱਪਰਲੇ ਧਨਾਢ ਤਬਕਿਆਂ ਦੇ ਨੌਜਵਾਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਗਰੀਬ ਤੇ ਆਮ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਦੀ ਗਿਣਤੀ ਤੇਜੀ ਨਾਲ ਘਟੀ ਹੈ। ਵੋਟ ਪਾਰਟੀਆਂ ਦੇ ਵਿਦਿਆਰਥੀ ਵਿੰਗ ਵਿੱਚ ਸਰਗਰਮ ਕਾਰਕੁੰਨ ਇਹਨਾਂ ਉੱਪਰਲੇ ਤਬਕਿਆਂ ਵਿੱਚੋਂ ਹੋਣ ਕਾਰਨ ਇਸ ਤਰ੍ਹਾਂ ਦੇ ਗਰੁੱਪ ਵੀ ਕੈਂਪਸਾਂ ਵਿੱਚ ਸਰਗਰਮ ਹੋਏ ਹਨ। ਇਹਨਾਂ ਵਿੰਗਾਂ ਦਾ ਪਹਿਲਾ ਉਦੇਸ਼ ਇਹ ਹੁੰਦਾ ਹੈ ਕਿ ਇਹ ਸਰਮਾਏਦਾਰ ਜਮਾਤ ਦੇ ਨਵੇਂ ਸਿਆਸੀ ਨੁਮਾਇੰਦਿਆਂ ਲਈ ਸਿਖਲਾਈ ਕੈਂਪ ਦਾ ਕੰਮ ਕਰਦੇ ਹਨ। ਇਹਨਾਂ ਵਿੱਚ ਆਗੂ ਬਣੀਆਂ ਧਨਵਾਨਾਂ ਦੀਆਂ ਔਲਾਦਾਂ ਪੰਚਾਇਤ, ਨਗਰ ਨਿਗਮ ਤੋਂ ਲੈ ਕੇ ਐੱਮ.ਐੱਲ.ਏ ਤੇ ਐੱਮਪੀ ਬਣਨ ਦੀ ਸਿਖਲਾਈ ਹਾਸਲ ਕਰਦੇ ਹਨ। ਉਹ ਹਰ ਤਰ੍ਹਾਂ ਦੇ ਸਿਆਸੀ ਦਾਅਪੇਚ, ਤਿਕੜਮਬਾਜੀਆ, ਫਰੇਬ, ਪਖੰਡ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਆਦਿ ਸਿੱਖਦੇ ਹਨ ਜਿਸ ਦੋ ਮੁੜ ਸੂਬਾ ਜਾਂ ਕੇਂਦਰ ਪੱਧਰ ਦੀ ਸਰਕਾਰ ਚਲਾਉਣ ਲਈ ਉਹਨਾਂ ਨੂੰ ਲੋੜ ਹੁੰਦੀ ਹੈ। ਇਸ ਤਰ੍ਹਾਂ ਮੌਜੂਦਾ ਹਾਕਮ ਜਮਾਤਾਂ ਸਿੱਖਿਆ ਰਾਹੀਂ ਨਾ ਸਿਰਫ ਆਪਣੇ ਨੌਕਰਸ਼ਾਹ, ਤਕਨੀਸ਼ੀਅਨ, ਅਫਸਰ ਪੈਦਾ ਕਰ ਰਹੀਆਂ ਹਨ ਸਗੋਂ ਆਪਣੇ ਸਿਆਸੀ ਨੁਮਾਇੰਦਿਆਂ ਨੂੰ ਵੀ ਤਿਆਰ ਕਰ ਰਹੀਆਂ ਹਨ।

ਇਹਨਾਂ ਦਾ ਦੂਜਾ ਕੰਮ ਵੋਟ ਪਾਰਟੀਆਂ ਦੇ ਵੋਟ ਬੈਂਕ ਨੂੰ ਮਜਬੂਤ ਕਰਨਾ ਤੇ ਅਜਿਹਾ ਕਰਨ ਵਾਲੇ ਕਰਿੰਦੇ ਤਿਆਰ ਕਰਨਾ ਹੁੰਦਾ ਹੈ। ਇਹਨਾਂ ਜਥੇਬੰਦੀਆਂ ਨੂੰ ਅਕਸਰ ਕਾਲਜਾਂ, ਯੂਨੀਵਰਸਿਟੀਆਂ ਤੇ ਪਿੰਡਾਂ ਵਿੱਚੋਂ ਗੱਡੀਆਂ ਭਰ ਕੇ ਵਿਦਿਆਰਥੀਆਂ-ਨੌਜਵਾਨਾਂ ਨੂੰ ਚੋਣ ਰੈਲੀਆਂ ‘ਤੇ ਲਿਜਾਂਦੇ ਦੇਖਿਆ ਜਾ ਸਕਦਾ ਹੈ। ਬਦਲੇ ਵਿੱਚ ਇਹ ਵਿਦਿਆਰਥੀਆਂ-ਨੌਜਵਾਨਾਂ ਨੂੰ ਨਸ਼ੇ ਤੇ ਰੁਪਏ ਆਦਿ ਵੰਡਦੇ ਹਨ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਹ ਗੁੰਡਾਗਰਦੀ ਤੇ ਸਿਆਸੀ ਚੌਧਰ ਦਾ ਵੀ ਸਹਾਰਾ ਲੈਂਦੇ ਹਨ। ਚੋਣ ਰੈਲੀਆਂ ਦੌਰਾਨ ਭਾੜੇ ਦੇ ਸ੍ਰੋਤ ਖ੍ਰੀਦ ਕੇ ਇਕੱਠ ਕਰਨਾ, ਚੋਣਾਂ ਸਮੇਂ ਵੋਟਾਂ ਮੰਗਣ ਦੀ ਫੇਰੀ ਲਾਉਣਾ, ਤਿਕੜਮਬਾਜੀਆਂ, ਸੌਦੇਬਾਜੀਆਂ ਕਰਨ, ਨਸ਼ੇ ਵੰਡਣ ਤੇ ਧੱਕੇਸ਼ਾਹੀ ਕਰਨ ਸਮੇਂ ਇਸੇ ਤਰ੍ਹਾਂ ਤਿਆਰ ਕੀਤੇ ਕਰਿੰਦੇ ਬਹੁਤ ਕੰਮ ਆਉਂਦੇ ਹਨ।

ਇਸ ਸਿਆਸਤ ਦਾ ਤੀਜਾ ਅਹਿਮ ਹੱਲਾ ਵਿਦਿਆਰਥੀਆਂ ਦੀ ਸਿਆਸੀ ਚੇਤਨਾ ਨੂੰ ਖੁੰਢਾ ਕਰਨ ਤੇ ਇਸ ਤਰ੍ਹਾਂ ਸਮੁੱਚੀ ਵਿਦਿਆਰਥੀ ਲਹਿਰ ਨੂੰ ਖੋਰਾ ਲਾਉਣ ਦੇ ਰੂਪ ਵਿੱਚ ਹੁੰਦਾ ਹੈ। ਗੱਲ ਸਿਰਫ ਇੰਨੀ ਨਹੀਂ ਕਿ ਜੋ ਵਿਦਿਆਰਥੀ ਅਜਿਹੀਆਂ ਜਥੇਬੰਦੀਆਂ ਦੇ ਸੰਪਰਕ ਵਿੱਚ ਆਉਂਦੇ ਹਨ ਉਹ ਆਪਣਾ ਖਾੜਕੂ ਖਾਸਾ, ਸੰਵੇਦਨਸ਼ੀਲਤਾ ਗਵਾਉਂਦੇ ਜਾਂਦੇ ਹਨ। ਇਸਤੋਂ ਵੀ ਵੱਧ ਇਹ ਤਬਕਾ ਸਮੁੱਚੇ ਕੈਂਪਸ ਦੇ ਮਹੌਲ ਨੂੰ ਵਿਗਾੜਦਾ ਹੈ। ਇਹ ਆਪਣੇ ਆਰਥਿਕ ‘ਤੇ ਸੱਭਿਆਚਾਰਕ ਹੱਲੇ ਰਾਹੀਂ ਵੀ ਵਿਦਿਆਰਥੀਆਂ ਦੀ ਊਰਜਾ ਨੂੰ ਨੁਕਸਾਨ ਕਰਦਾ ਹੈ। ਆਮ ਘਰਾਂ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਹਿੱਸਾ ਇਹਨਾਂ ਧਨਾਢਾਂ ਦੇ ਆਰਥਿਕ ਚਕਾਚੌਂਧ, ਅੱਯਾਸ਼ੀ ਭਰੀ ਜਿੰਦਗੀ ਤੋਂ ਪ੍ਰਭਾਵਿਤ ਹੋਕੇ ਉਹਨਾਂ ਵਰਗੀ ਹੀ ਜਿੰਦਗੀ ਦੇ ਸੁਪਨੇ ਲੈਣ ਲਗਦਾ ਹੈ। ਜਿਹੜੇ ਆਮ ਪਰਿਵਾਰਾਂ ਦੇ ਨੌਜਵਾਨ ਇਹਨਾਂ ਜਥੇਬੰਦੀਆਂ ਵਿੱਚ ਸ਼ਾਮਲ ਹੁੰਦੇ ਹਨ ਉਹ ਧਨਾਢ ਆਗੂਆਂ ਦੀ ਚਾਕਰੀ, ਜੀ-ਹਜੂਰੀ ਤੇ ਚਾਪਲੂਸੀ ਦੇ ਆਦੀ ਹੋ ਜਾਂਦੇ ਹਨ। ਇਸ ਤੋਂ ਬਿਨਾਂ ਇਹ ਜਮਾਤ ਕੈਂਪਸਾਂ ਵਿੱਚ ਆਪਣਾ ਸੱਭਿਆਚਾਰਕ ਪ੍ਰਭਾਵ ਵੀ ਫੈਲਾਉਂਦੀ ਹੈ ਜਿਸਦਾ ਵਿਦਿਆਰਥੀਆਂ ਉੱਤੇ ਵੱਡੇ ਪੱਧਰ ‘ਤੇ ਮਾੜਾ ਅਸਰ ਪੈਂਦਾ ਹੈ। ਔਰਤਾਂ ਨੂੰ ਭੋਗਣ ਦਾ ਸਾਧਨ ਸਮਝਣਾ, ਉਹਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ‘ਚ ਖੁਸ਼ੀ ਹਾਸਲ ਕਰਨਾ, ਗੁੰਡਾਗਰਦੀ, ਵੈਲੀਪੁਣਾ, ਕੱਪੜਿਆ, ਬੂਟਾਂ ਦਾ ਬ੍ਰਾਂਡ ਕਲਚਰ ਤੇ ਇਸਤੋਂ ਵੀ ਅੱਗੇ ਵਧ ਕੇ ਸਰੀਰਕ ਮਿਹਨਤ ਨੂੰ ਨਫਰਤ ਕਰਨਾ ਤੇ ਕਿਰਤੀਆਂ-ਮਜਦੂਰ ਅਬਾਦੀ ਨੂੰ ਕੀੜੇ-ਮਕੌੜੇ ਸਮਝਣਾ ਸ਼ਾਮਲ ਹੈ। ਸਾਫ ਹੀ ਹੈ ਕਿ ਅਜਿਹੀਆਂ ਕਦਰਾਂ-ਕੀਮਤਾਂ ਤੇ ਸੱਭਿਆਚਾਰ ਵਾਲੇ ਨੌਜਵਾਨ ਨਵਾਂ ਸਮਾਜ ਘੜਨ ਵਾਲੀ ਇਨਕਲਾਬੀ ਲਹਿਰ ਦਾ ਹਿੱਸਾ ਨਹੀਂ ਹੋ ਸਕਦੇ। ਇਨਕਲਾਬ ਨੂੰ ਬੇਦਾਵਾ ਦੇ ਚੁੱਕੀਆਂ ਮਾਕਪਾ ਤੇ ਭਾਕਪਾ ਤੇ ਲਿਬਰੇਸ਼ਨ ਜਿਹੀਆਂ ਸੋਧਵਾਦੀ ਪਾਰਟੀਆਂ ਦੇ ਨੌਜਵਾਨ-ਵਿਦਿਆਰਥੀ ਵਿੰਗ ਵੀ ਇਸ ਢਾਂਚੇ ਦੀ ਸੇਵਾ ਵਿੱਚ ਹੀ ਭੁਗਤਦੇ ਹਨ। ਇਹ ਜਥੇਬੰਦੀਆਂ ਕੁੱਝ ਰੈਡੀਕਲ ਰੁਖ ਵੀ ਅਪਣਾਉਂਦੀਆਂ ਹਨ ਤੇ ਉਹਨਾਂ ਵਿੱਚ ਇਮਾਨਦਾਰ, ਸੰਵੇਦਨਸ਼ੀਲ ਕਾਡਰ ਵੀ ਮੌਜੂਦ ਹਨ, ਇਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਕਾਂਗਰਸ, ਭਾਜਪਾ ਦੇ ਵਿਦਿਆਰਥੀ ਵਿੰਗਾਂ ਬਰਾਬਰ ਨਹੀਂ ਰੱਖਿਆ ਜਾ ਸਕਦਾ ਪਰ ਉਹਨਾਂ ਤੋਂ ਬਹੁਤੀ ਉਮੀਦ ਵੀ ਨਹੀਂ ਰੱਖੀ ਜਾ ਸਕਦੀ। ਕਿਉਂਕਿ ਜਿਸ ਧਾਰਾ ਲਈ ਇਨਕਲਾਬ ਸਿਰਫ ਨਾਹਰੇ ਲਾਉਣ ਤੇ ਕਾਗਜ ਕਾਲੇ ਕਰਨ ਦਾ ਸਾਧਨ ਹੈ ਉਹਨਾਂ ਨੇ ਆਪਣੀਆਂ ਸਭ ਕਾਰਵਾਈਆਂ ਦੇ ਬਾਵਜੂਦ ਵਿਦਿਆਰਥੀਆਂ ਦੀ ਸਿਆਸੀ ਚੇਤਨਾ ਨੂੰ ਖੁੰਢਾ ਕਰਨ ਤੇ ਉਹਨਾਂ ਦੀ ਊਰਜਾ, ਸੰਵਦਨਸ਼ੀਲਤਾ ਨੂੰ ਪਸਤ ਕਰਨ ਵੱਲ ਹੀ ਭੁਗਤਣਾ ਹੈ।

ਸਿਰਫ ਵੋਟ ਪਾਰਟੀਆਂ ਨਾਲ ਅਸਿੱਧੀਆਂ ਜੁੜੀਆਂ ਜਥੇਬੰਦੀਆਂ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਨੌਜਾਵਾਨਾਂ-ਵਿਦਿਆਰਥੀਆਂ ‘ਤੇ ਅਧਾਰਤ ਗੁੰਡਾ ਗਰੁੱਪ ਵੀ ਅਜਿਹਾ ਕਰਦੇ ਹਨ। ਪੰਜਾਬ ਵਿੱਚ ਇਹਨਾਂ ਗੁੰਡਾ ਗਰੁੱਪਾਂ ਦਾ ਕੰਮ ਇੱਟ ਉੱਤੇ ਬੈਠੇ ਡੱਡੂਆਂ ਵਾਲਾ ਹੈ। ਵੋਟ ਪਾਰਟੀਆਂ, ਲੀਡਰਾਂ ਦੇ ਭਾੜੇ ਦੇ ਗੁੰਡਿਆਂ ਵਾਂਗ ਕੰਮ ਕਰਦੇ ਇਹ ਗਰੁੱਪ ਗੁੰਡਾਗਰਦੀ, ਨਜਾਇਜ ਕਬਜੇ ਤੇ ਨਸ਼ਿਆਂ ਦੇ ਕਾਰੋਬਾਰ ਜਿਹੇ ਅਨੇਕਾਂ ਘਟੀਆ ਕੰਮ ਤਾਂ ਕਰਦੇ ਹੀ ਹਨ ਤੇ ਨਾਲ ਹੀ ਵਿਦਿਆਰਥੀਆਂ ਦੇ ਇੱਕ ਹਿੱਸੇ ਵਿੱਚ ਸੰਨ੍ਹ ਲਾਉਂਦੇ ਹਨ। ਵੈਲੀਪੁਣੇ ਦੀ ਚਮਕ ਤੇ “ਬਾਈਗਿਰੀ” ਤੇ “ਪ੍ਰਧਾਨਗੀ” ਆਦਿ ਦੇ ਚੱਕਰ ਵਿੱਚ ਅਨੇਕਾਂ ਵਿਦਿਆਰਥੀ-ਨੌਜਵਾਨ ਇਹਨਾਂ ਗੁੰਡਾ ਗਰੋਹਾਂ ਦੇ ਧੱਕੇ ਚੜ ਜਾਂਦੇ ਹਨ। ਇਹਨਾਂ ਜਾਇਜ, ਨਾਜਾਇਜ ਗਰੁੱਪਾਂ ਵਿੱਚ ਅਕਸਰ “ਪ੍ਰਧਾਨ” ਉੱਚ ਤਬਕਿਆਂ ਵਿੱਚੋਂ ਹੁੰਦੇ ਹਨ ਜਿਨ੍ਹਾਂ ਦੀ ਆਰਥਿਕ ਹੈਸੀਅਤ ਦੇ ਨਾਲ-ਨਾਲ ਉਹਨਾਂ ਦੀ ਸੱਤਾ ਵਿੱਚ ਵੀ ਅੱਛੀ-ਖਾਸੀ ਪਹੁੰਚ ਹੁੰਦੀ ਹੈ। ਜਦਕਿ ਇਹਨਾਂ ਵਿੱਚ ਸ਼ਾਮਲ ਚੇਲੇ-ਚਪਟੇ, ਗੁੰਡੇ, ਕਾਰਕੁੰਨ ਆਮ ਤੌਰ ‘ਤੇ ਆਮ ਮੱਧਵਰਗੀ ਘਰਾਂ ਦੇ ਨੌਜਵਾਨ ਹੁੰਦੇ ਹਨ। ਕਿਉਂਕਿ ਮੱਧਵਰਗ ਦਾ ਇੱਕ ਪਾਸੇ ਅਮੀਰ ਬਣਨ ਦੇ ਸੁਪਨੇ ਲੈਂਦਾ ਹੈ ਤੇ ਨਾਲ ਹੀ ਅੰਨ੍ਹੇ ਮੁਕਾਬਲੇ ਦੇ ਮਹੌਲ ਵਿੱਚ ਉਹ ਲਗਾਤਾਰ ਤਬਾਹ ਹੋਣ ਦੇ ਖੌਫ ਵਿੱਚ ਵੀ ਜਿਉਂਦਾ ਹੈ। ਆਪਣੀ ਇਸ ਸਮਾਜਿਕ ਹੈਸੀਅਤ ਵਿੱਚੋਂ ਪੈਦਾ ਹੋਈ ਡਾਵਾਂਡੋਲਤਾ ਕਾਰਨ ਇਹਨਾਂ ਘਰਾਂ ਦੇ ਨੌਜਵਾਨ ਬੇਚੈਨੀ, ਨਿਰਾਸ਼ਾ ਦੇ ਮਹੌਲ ਵਿੱਚ ਜਿਉਂਦੇ ਹਨ। ਇਹਨਾਂ ਦਾ ਇੱਕ ਛੋਟਾ ਹਿੱਸਾ ਇਤਿਹਾਸ ਤੇ ਸਮਾਜ ਵਿਗਿਆਨ ਦੀ ਸੂਝ ਹਾਸਲ ਕਰਦਾ ਹੋਇਆ ਤੇ ਲੋਕਾਂ ਦੀ ਤਾਕਤ ਦੇ ਇਤਿਹਾਸਕ ਮਹੱਤਵ ਨੂੰ ਪਛਾਣਦਾ ਹੋਇਆ ਇਨਕਲਾਬੀ ਲਹਿਰਾਂ ਵਿੱਚ ਸ਼ਾਮਲ ਹੋ ਜਾਂਦਾ ਹੈ ਪਰ ਵੱਡਾ ਹਿੱਸਾ ਸੁਰੱਖਿਅਤ ਜਿੰਦਗੀ ਦੀ ਭਾਲ ਵਿੱਚ ਉੱਪਰਲੇ ਤਬਕਿਆਂ ਨਾਲ ਗੰਢ-ਸੰਢ ਕਰਨ ਦੇ ਰਾਹ ਭਾਲਦਾ ਰਹਿੰਦਾ ਹੈ। ਇਸੇ ਕਾਰਨ ਉਹ ਚਿੱਟੇ ਕੁੜਤਿਆਂ, ਕੁੰਡੀਆਂ ਮੁੱਛਾਂ ਤੇ ਖੋਖਲੀ ਬਹਾਦਰੀ, ਵੈਲੀਪੁਣੇ ਨਾਲ ਧਨਾਢਾਂ, ਸਰਮਾਏਦਾਰਾਂ ਦੀ ਸਿਆਸੀ ਤਾਕਤ ਦੀ ਛਾਂ ਹੇਠ ਉਹਨਾਂ ਦੀ ਚਾਕਰੀ ਕਰਨ ਲਗਦੇ ਹਨ। ਨੌਜਵਾਨਾਂ ਵਿਚਲਾ ਭਾਰੂ ਸੱਭਿਆਚਾਰ ਜੋ ਫਿਲਮਾਂ, ਗੀਤਾਂ ਦੇ ਸਿਰ ਉੱਤੇ ਵਧੇਰੇ ਵਧ-ਫੁੱਲ ਰਿਹਾ ਹੈ, ਉਸਦੇ ਪ੍ਰਭਾਵ ਕਾਰਨ ਵੀ ਇਹ ਨੌਜਵਾਨ ਇਸ ਚਿੱਕੜਨੁਮਾ ਰਾਹ ਵੱਲ ਖਿੱਚੇ ਜਾਂਦੇ ਹਨ। ਜਿੱਥੇ ਉਹ ਇੱਕ ਸਮੇਂ ਤੱਕ ਵਰਤੇ ਜਾਂਦੇ ਹਨ ਤੇ ਫਿਰ ਨਾਕਾਰਾ ਹੋਣ ਮਗਰੋਂ ਕੂੜੇਦਾਨ ਵਿੱਚ ਸੁੱਟ ਦਿੱਤੇ ਜਾਂਦੇ ਹਨ। ਇਹ ਆਮ ਮੱਧਵਰਗੀ ਨੌਜਵਾਨਾਂ-ਵਿਦਿਆਰਥੀਆਂ ਦੀ ਬਹੁਤ ਵੱਡੀ ਤ੍ਰਾਸਦੀ ਹੈ।

ਫਿਰਕੂ ਤਾਕਤਾਂ ਦੇ ਵਿਦਿਆਰਥੀ-ਨੌਜਵਾਨ ਵਿੰਗ ਵੀ ਇਸੇ ਵੰਨਗੀ ਵਿੱਚ ਹੀ ਆਉਂਦੇ ਹਨ। ਮਿਸਾਲ ਵਜੋਂ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਹਿੰਦੂ ਵਾਹਿਣੀ ਤੇ ਦੁਰਗਾ ਵਾਹਿਣੀ ਜਿਹੀਆਂ ਜਥੇਬੰਦੀਆਂ ਦੀ ਚਰਚਾ ਕੀਤੀ ਜਾ ਸਕਦੀ ਹੈ। ਕੁੱਝ ਅਰਥਾਂ ਵਿੱਚ ਇਹ ਬਾਕੀ ਵੋਟ ਪਾਰਟੀਆਂ ਦੀਆਂ ਜਥੇਬੰਦੀਆਂ ਨਾਲੋਂ ਜਿਆਦਾ ਖਤਰਨਾਕ ਹਨ ਕਿਉਂਕਿ ਲੋਕਾਂ ਨੂੰ ਧਰਮ, ਜਾਤ, ਫਿਰਕੇ ਦੇ ਨਾਮ ‘ਤੇ ਵੰਡਣ ਵਾਲੀਆਂ ਇਹ ਤਾਕਤਾਂ ਵਿਦਿਆਰਥੀਆਂ ਦੇ ਮਨਾਂ ਵਿੱਚ ਫਿਰਕੂ ਜਹਿਰ ਭਰਦੀਆਂ ਹਨ ਤੇ ਉਹਨਾਂ ਦੇ ਦਿਮਾਗਾਂ ਨੂੰ ਹਰ ਤਰ੍ਹਾਂ ਦੇ ਗੈਰਵਿਗਿਆਨਕ, ਗੈਰ-ਜਮਹੂਰੀ ਤੇ ਪਿਛਾਖੜੀ ਵਿਚਾਰਾਂ ਨਾਲ ਭਰਦੀਆਂ ਹਨ। ਇਹਨਾਂ ਵਿੱਚੋਂ ਹੀ ਫਿਰਕੂ ਤਾਕਤਾਂ ਤਬਦੀਲੀ ਤੇ ਸਮਾਜਕ ਬਦਲਾਅ ਦੇ ਨਾਮ ‘ਤੇ ਕਤਲੇਆਮ, ਦੰਗੇ ਕਰਨ ਤੇ ਦਹਿਸ਼ਤ ਪੈਦਾ ਕਰਨ ਲਈ ਗੁੰਡੇ ਭਰਤੀ ਕਰਦੀਆਂ ਹਨ। ਬਾਬਰੀ ਮਸਜਿਦ, 2002 ਦੇ ਗੁਜਰਾਤ ਕਤਲੇਆਮ ਜਿਹੀਆਂ ਯੋਜਨਾਬੱਧ ਨਸਲਕੁਸ਼ੀਆਂ ਵਿੱਚ ਇਹਨਾਂ ਵਿੱਚੋਂ ਭਰਤੀ ਨੌਜਵਾਨਾਂ ਦੀ ਵੱਡੇ ਪੱਧਰ ‘ਤੇ ਵਰਤੋਂ ਹੁੰਦੀ ਰਹੀ ਹੈ ਤੇ ਹੁਣ ਵੀ ਹੋ ਰਹੀ ਹੈ।

ਦੂਜੀ ਧਾਰਾ ਸੁਧਾਰਵਾਦੀ ਜਾਂ ਐੱਨ.ਜੀ.ਓ. ਸਿਆਸਤ ਦੀ ਹੈ। ਇਹ ਧਾਰਾ ਵੀ ਪਿਛਲੇ ਕੁੱਝ ਦਹਾਕਿਆਂ ਵਿੱਚ ਸੰਸਾਰ ਪੱਧਰ ‘ਤੇ ਕਾਫੀ ਸਰਗਰਮ ਹੋਈ ਹੈ। 70ਵਿਆਂ ਤੋਂ ਬਾਅਦ ਅਜਿਹੀਆਂ ਗੈਰ-ਸਰਕਾਰੀ ਜਥੇਬੰਦੀਆਂ (ਐੱਨ.ਜੀ.ਓ.) ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਜੋ ਸਾਮਰਾਜੀ ਫੰਡਿੰਗ ਏਜੰਸੀਆਂ, ਸਰਮਾਏਦਾਰ ਘਰਾਣਿਆਂ ਦੇ ਚੰਦਿਆਂ ਉੱਤੇ ਪਲਦੀਆਂ ਹਨ। ਇਹ ਪੂਰੇ ਯੋਜਨਾਬੱਧ ਉਦੇਸ਼ ਤਹਿਤ ਉਸਾਰੀਆਂ ਗਈਆਂ ਹਨ। ਇਹਨਾਂ ਵਿੱਚ ਨੌਜਵਾਨਾਂ ਨੂੰ ਸਮਾਜਕ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਵਿੱਚ ਕੁੱਝ ਸੁਧਾਰ ਤੇ ਰਾਹਤ ਦੇ ਕੰਮ ਕਰਨ ਲਈ ਪ੍ਰੇਰਿਆ ਜਾਂਦਾ ਹੈ। ਬਦਲੇ ਵਿੱਚ ਨੌਜਵਾਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਲੋਕਾਂ ਪ੍ਰਤੀ ਹਮਦਰਦੀ ਤੇ ਸਮਾਜਕ ਸਮੱਸਿਆਂ ਨਾਲ ਸਰੋਕਾਰ ਰੱਖਣ ਵਾਲੇ ਨੌਜਵਾਨਾਂ ਨੂੰ “ਨਾਲੇ ਪੁੰਨ, ਨਾਲੇ ਫਲੀਆਂ” ਦਾ ਮੁਹਾਵਰਾ ਪੜ੍ਹਾਇਆ ਜਾਂਦਾ ਹੈ। ਯੋਜਨਾਬੱਧ ਢੰਗ ਨਾਲ ਅਤੇ ਸਾਮਰਾਜੀ ਫੰਡਾਂ ‘ਤੇ ਚਲਦੀਆਂ ਜਥੇਬੰਦੀਆਂ ਤੋਂ ਬਿਨਾਂ ਇਹਨਾਂ ਦੀ ਦੇਖਾ-ਦੇਖੀ ਆਪ-ਮੁਹਾਰੇ ਪੈਦਾ ਹੋਈਆਂ ਸਮਾਜ ਸੇਵੀ ਜਥੇਬੰਦੀਆਂ ਦਾ ਵੀ ਤਾਣਾ-ਬਾਣਾ ਸਮਾਜ ਵਿੱਚ ਵੱਡੇ ਪੱਧਰ ‘ਤੇ ਫੈਲਿਆ ਹੈ। ਇਹਨਾਂ ਵਿੱਚ ਭਾਵੇਂ ਤਨਖਾਹ ਵਾਲਾ ਮਾਮਲਾ ਨਾ ਹੋਵੇ ਪਰ ਇਹਨਾਂ ਦੀ ਫੰਡਿਗ ਕਰਨ ਲਈ ਵੀ ਧਨਾਢ ਤਬਕਾ ਤਿਆਰ ਹੀ ਬੈਠਾ ਹੁੰਦਾ ਹੈ। ਧਰਮ ਅਧਾਰਤ ਉੱਗਦੀਆਂ ਸੇਵਾ ਸੰਸਥਾਵਾਂ ਨੂੰ ਵੀ ਇਸੇ ਜੁਮਰੇ ਵਿੱਚ ਰੱਖਿਆ ਜਾ ਸਕਦਾ ਹੈ। ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਤੋਂ ਬਿਨਾਂ ਅਧਿਆਪਕ, ਪ੍ਰੋਫੈਸਰ ਆਦਿ ਵੀ ਇਹਨਾਂ ਵਿੱਚ ਸ਼ਾਮਲ ਹੁੰਦੇ ਹਨ। ਇਹ ਸੰਸਥਾਵਾਂ ਰੁੱਖ ਲਗਾਉਣ, ਗਰੀਬਾਂ ਨੂੰ ਕੱਪੜੇ, ਕੰਬਲ ਆਦਿ ਵੰਡਣ, ਮੈਡੀਕਲ ਕੈਂਪ ਲਾਉਣ, ਸਫਾਈ ਮੁਹਿੰਮ ਚਲਾਉਣ ਜਿਹੀਆਂ ਸੁਧਾਰ ਦੀਆਂ ਕਾਰਵਾਈਆਂ ਤੋਂ ਲੈ ਕੇ ਸੈਮੀਨਾਰ, ਵਿਚਾਰ-ਚਰਚਾਵਾਂ, ਚੇਤਨਤਾ ਰੈਲੀਆਂ, ਮਾਰਚ ਕੱਢਣ ਜਿਹੇ ਕੰਮ ਕਰਦੀਆਂ ਹਨ। ਵੱਧ ਤੋਂ ਵੱਧ ਇਹ ਰੈਡੀਕਲ ਕਾਰਵਾਈਆਂ ਦੇ ਨਾਮ ਉੱਤੇ ਮੋਮਬੱਤੀ ਮਾਰਚ ਕੱਢਣ ਜਿਹੀਆਂ ਠੁੱਸ ਕਾਰਵਾਈਆਂ ਕਰਦੀਆਂ ਹਨ। ਇਹਨਾਂ ਦੇ ਆਗੂ, ਕਾਰਕੁੰਨ ਸੁਰੱਖਿਅਤ ਖੁੱਡਾਂ ਵਿੱਚ ਪਲਦੇ ਹੋਏ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਭਰਮ ਪਾਲਦੇ ਹਨ। ਇਹ ਸੁਧਾਰਵਾਦੀ ਸਿਆਸਤ ਇੱਕੋ ਤੀਰ ਨਾਲ ਕਈ ਸ਼ਿਕਾਰ ਕਰਕੇ ਮੌਜੂਦਾ ਲੁਟੇਰੇ ਹਾਕਮਾਂ ਦੀ ਸੇਵਾ ਕਰਦੀਆਂ ਹਨ।

ਸਭ ਤੋਂ ਪਹਿਲਾਂ ਤਾਂ ਇਹ ਸੁਧਾਰਵਾਦੀ ਸਿਆਸਤ ਸਮਾਜ ਦੀਆਂ ਗੰਭੀਰ ਹੋ ਰਹੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਜੜਾਂ ਤੋਂ ਖਤਮ ਕਰਨ ਦੀ ਥਾਂ ਸਿਰਫ ਕੁੱਝ ਸੁਧਾਰਾਂ ਤੱਕ ਸੀਮਤ ਰਹਿੰਦੀਆਂ ਹਨ। ਇਸ ਤਰ੍ਹਾਂ ਇਹ ਮੌਜੂਦਾ ਲੋਟੂ ਢਾਂਚੇ ਦੇ ਨੰਗੇ ਹੋ ਰਹੇ ਚਰਿੱਤਰ ਉੱਤੇ ਮੱਲਮ-ਪੱਟੀ, ਟਾਕੀਬਾਜੀ ਕਰਕੇ ਅਤੇ ਲੋਕਾਂ ਦੇ ਢਾਂਚੇ ਖਿਲਾਫ ਗੁੱਸੇ ਉੱਪਰ ਠੰਡੇ ਪਾਣੀ ਦੇ ਛਿੱਟੇ ਮਾਰਕੇ ਇਸਨੂੰ ਸ਼ਾਂਤ ਕਰਨ ਦੇ ਰੂਪ ਵਿੱਚ ਇਸ ਮਨੁੱਖਦੋਖੀ ਢਾਂਚੇ ਦੀ ਉਮਰ ਵਧਾਉਣ ਦਾ ਕੰਮ ਕਰਦੀਆਂ ਹਨ। ਦੂਜਾ ਇਹ ਸਮਾਜ ਦੇ ਊਰਜਾਵਾਨ, ਸੰਵੇਦਨਸ਼ੀਲ, ਇਮਾਨਦਾਰ ਤੇ ਬਹਾਦਰ ਨੌਜਵਾਨਾਂ ਨੂੰ ਇਨਕਲਾਬੀ ਵਿਰਾਸਤ, ਸਮਾਜ ਦੀ ਵਿਗਿਆਨਕ ਸੂਝ ਤੇ ਸਮੁੱਚੇ ਲੁਟੇਰੇ ਪ੍ਰਬੰਧ ਨੂੰ ਬਦਲਣ ਦੀ ਲੜਾਈ ਨਾਲ ਜੋੜਨ ਦੀ ਥਾਂ ਉਹਨਾਂ ਨੂੰ ਕੁੱਝ ਸੁਧਾਰ ਦੇ ਕੰਮਾਂ ਰਾਹੀਂ ਇਸ ਢਾਂਚੇ ਨੂੰ ਟਾਕੀਆਂ ਲਾਉਣ ਦੇ ਪਿਛਾਖੜੀ ਸਿਆਸਤ ਦਾ ਹਿੱਸਾ ਬਣਾ ਲੈਂਦੀ ਹੈ। ਇਸ ਤਰ੍ਹਾਂ ਇਹਨਾਂ ਨੌਜਵਾਨਾਂ ਦੀ ਊਰਜਾ ਨੂੰ ਨਾਕਸ ਕਰਕੇ ਉਹਨਾਂ ਨੂੰ ਨਖਿੱਧ, ਕੈਰੀਅਰਵਾਦੀ, ਮੌਕਾਪ੍ਰਸਤ, ਫੈਸ਼ਨਪ੍ਰਸਤ, ਬੁਜਦਿਲਾ ਬਣਾ ਦਿੰਦੀਆਂ ਹਨ। ਤੀਜਾ ਨੁਕਸਾਨ ਇਹ ਲੋਕਾਂ ਨੂੰ ਲਾਮਬੰਦ ਹੋਣ, ਸਿਆਸੀ ਤੌਰ ‘ਤੇ ਸਿੱਖਿਅਤ ਹੋਣ ਤੇ ਆਪਣੀ ਪਹਿਲਕਦਮੀ ਜਗਾਉਣ ਦੀ ਥਾਂ ਉਹਨਾਂ ਨੂੰ ਮਸੀਹਿਆਂ ਦੀ ਉਡੀਕ ਕਰਨ ਦਾ ਸੁਨੇਹਾ ਦਿੰਦੀਆਂ ਹਨ, ਕਿ ਤੁਸੀਂ ਆਪਣੇ ਰੋਜਾਨਾ ਦੇ ਕੰਮਾਂ-ਕਾਰਾਂ ਵਿੱਚ ਲੱਗੇ ਰਹੋ, ਸਰਕਾਰਾਂ ਕੋਲੋਂ ਆਪਣੇ ਹੱਕ ਨਾ ਮੰਗੋ ਸਗੋਂ ਕੁੱਝ ਮਸੀਹਿਆਂ, ਸੰਸਥਾਵਾਂ ਨੂੰ ਉਡੀਕੋ ਜੋ ਤੁਹਾਨੂੰ ਵਕਤੀ ਤੌਰ ‘ਤੇ ਕੁੱਝ ਸਹੂਲਤਾਂ, ਸਾਧਨ ਦੇਣਗੇ। ਇਸ ਤਰ੍ਹਾਂ ਇਹ ਧਾਰਾ ਊਰਜਾਵਾਨ ਨੌਜਵਾਨਾਂ ਤੇ ਆਮ ਕਿਰਤੀ ਲੋਕਾਂ ਨੂੰ ਨਖਿੱਧ ਬਣਾ ਕੇ ਸਮੁੱਚੇ ਢਾਂਚੇ ਨੂੰ ਬਦਲਣ ਦੇ ਸਵਾਲ ਨੂੰ ਹੀ ਅੱਖੋਂ ਪਰੋਖੇ ਕਰ ਦਿੰਦੀ ਹੈ। ਵਿੱਦਿਅਕ ਅਦਾਰਿਆਂ ਵਿੱਚ ਵੀ ਇਹ ਧਾਰਾ ਤੇਜੀ ਨਾਲ ਵਧੀ-ਫੁੱਲੀ ਹੈ। ਅੱਜਕੱਲ ਪਛਾਣ ਦੀ ਸਿਆਸਤ ਦੇ ਇੱਕ ਨਵੇਂ ਨਾਂ ਹੇਠ ਵੀ ਇਹ ਧਾਰਾ ਪਲਦੀ ਜਾ ਰਹੀ ਹੈ। ਇਸ ਮੁਤਾਬਕ ਲੋਕ ਆਪਣੀਆਂ ਜਾਤ, ਧਰਮ, ਫਿਰਕੇ, ਨਸਲ, ਜੈਂਡਰ, ਭਾਸ਼ਾ ਜਿਹੀਆਂ ਪਛਾਣਾਂ ਦੇ ਅਧਾਰ ‘ਤੇ ਹੀ ਕੁੱਝ ਰਸਮੀ ਕਾਰਵਾਈਆਂ ਤੇ ਕੁੱਝ “ਸੰਘਰਸ਼” ਕਰਦੇ ਰਹਿਣ, ਪਰ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਛੋਹਦੀਂ ਤੇ ਸਮੁੱਚੇ ਲੁਟੇਰੇ ਢਾਂਚੇ ਨੂੰ ਬਦਲਣ ਦੀ ਜਮਾਤੀ ਲੜਾਈ ਵਿੱਚ ਸ਼ਾਮਲ ਨਾ ਹੋਣ।

ਇਹਨਾਂ ਦੋਵਾਂ ਧਾਰਾਵਾਂ ਵਿੱਚ ਫਰਕ ਇਹ ਹੈ ਕਿ ਜਿੱਥੇ ਵੋਟ ਪਾਰਟੀਆਂ ਦੇ ਨੌਜਵਾਨ-ਵਿਦਿਆਰਥੀ ਵਿੰਗ ਜਾਂ ਗੁੰਡਾ ਗਰੁੱਪ ਆਮ ਨੌਜਵਾਨਾਂ-ਵਿਦਿਆਰਥੀਆਂ ਦੇ ਬੇਚੈਨ ਤੇ ਅਸੁਰੱਖਿਤ ਮਹਿਸੂਸ ਕਰ ਰਹੇ ਤੇ ਰਾਤੋ-ਰਾਤ ਅਮੀਰ ਬਣਨ ਤੇ ਸਿਆਸੀ ਚੌਧਰ ਹਾਸਲ ਕਰਨ ਦੇ ਸੁਪਨੇ ਦੇਖਣ ਵਾਲੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਉੱਤੇ ਆਪਣਾ ਸ਼ਿਕੰਜਾ ਕਸਦੀ ਹੈ ਉੱਥੇ ਦੂਜੀ ਸੁਧਾਰਵਾਦੀ ਕਿਸਮ ਦੀ ਸਿਆਸਤ ਆਮ ਨੌਜਵਾਨਾਂ-ਵਿਦਿਆਰਥੀਆਂ ਦੇ ਸੰਵੇਦਨਸ਼ੀਲ ਤੇ ਮਨੁੱਖਤਾ ਦੀ ਬਿਹਤਰੀ ਚਾਹੁਣ ਵਾਲੇ ਨੌਜਵਾਨਾਂ-ਵਿਦਿਆਰਥੀਆਂ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਂਦੀ ਹੈ। ਇਹਨਾਂ ਦੋਵਾਂ ਵਿੱਚ ਸਾਂਝ ਇਹ ਹੈ ਕਿ ਇਹ ਦੋਵੇਂ ਧਾਰਾਵਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਸਿੱਖਿਆ ਤੇ ਰੁਜਗਾਰ ਨਾਲ ਜੁੜੇ ਫੌਰੀ ਤੇ ਦੂਰ ਰਸ ਮੁੱਦੇ ਚੱਕਣ, ਉਹਨਾਂ ਲਈ ਸੰਘਰਸ਼ ਕਰਨ ਤੋਂ ਰੋਕਦੀਆਂ ਹਨ। ਦੋਵੇਂ ਖੁਦ ਨੂੰ ਸਮੁੱਚੀ ਕਿਰਤੀ ਅਬਾਦੀ ਨਾਲ ਜੋੜਨ ਤੇ ਸਮੁੱਚੇ ਲੁਟੇਰੇ ਢਾਂਚੇ ਨੂੰ ਬਦਲਣ ਦੀ ਜੱਦੋ-ਜਹਿਦ ਵਿੱਚ ਸ਼ਾਮਲ ਹੋਣ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀਆਂ ਹਨ। ਇਸ ਤਰ੍ਹਾਂ ਦੋਵੇਂ ਧਾਰਾਵਾਂ ਵਿਦਿਆਰਥੀਆਂ ਦੀ ਸਿਆਸੀ ਚੇਤਨਾ ਨੂੰ ਖੁੰਢਿਆਂ ਕਰਦੀਆਂ ਹਨ ਤੇ ਉਹਨਾਂ ਨੂੰ ਕੁਰਾਹੇ ਪਾਉਂਦੀਆਂ ਹਨ। ਇਸ ਲਈ ਇਹਨਾਂ ਵਿੱਚੋਂ ਕੋਈ ਵੀ ਧਾਰਾ ਕਦੇ ਵੀ ਵਿਦਿਆਰਥੀਆਂ ਦੀਆਂ ਫੀਸਾਂ, ਸਹੂਲਤਾਂ, ਜਮਹੂਰੀ ਹੱਕਾਂ ਆਦਿ ਨਾਲ ਜੁੜੇ ਮੁੱਦੇ ਨਹੀਂ ਚੁੱਕਦੀ। ਹਾਂ, ਕਦੇ ਕਦਾਈਂ ਲੋਕ-ਲੁਭਾਊ ਸਿਆਸਤ ਦੀ ਮਜਬੂਰੀ ਵਿੱਚ ਇਹਨਾਂ ਨੂੰ ਕੋਈ ਇੱਕਾ-ਦੁੱਕਾ ਮੰਗ-ਪੱਤਰ ਦੇਣ ਤੇ ਧਰਨੇ ਲਾਉਣ ਆਦਿ ਜਿਹੀ ਖੋਖਲੀ ਤੇ ਰਸਮੀ ਕਾਰਵਾਈ ਕਰਨੀ ਪੈ ਜਾਂਦੀ ਹੈ ਪਰ ਇਹ ਕਦੇਂ ਵੀ ਇਹਨਾਂ ਦੇ ਏਜੰਡੇ ਵਿੱਚ ਨਹੀਂ ਹੁੰਦਾ।

ਇਸ ਲਈ ਅੱਜ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਅੱਗੇ ਇਹਨਾਂ ਦੋਵਾਂ ਧਰਾਵਾਂ ਨੂੰ ਮਾਤ ਦੇਣ ਦੀ ਜਿੰਮੇਵਾਰੀ ਵੀ ਹੈ। ਵਿਦਿਆਰਥੀਆਂ ਵਿੱਚ ਇਹਨਾਂ ਦੋਵਾਂ ਧਾਰਾਵਾਂ ਦੀ ਸਿਆਸਤ ਤੇ ਉਦਸ਼ਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਤੇ ਇਹਨਾਂ ਦੇ ਜਾਲ ਵਿੱਚ ਫਸਣੋਂ ਬਚਾਉਣਾ ਸਮੇਂ ਦੀ ਅਣਸਰਦੀ ਲੋੜ ਹੈ। ਇਹਨਾਂ ਧਾਰਾਵਾਂ ਦੀਆਂ ਜੜਾਂ ਹਿਲਾਉਣ ਦੀ ਸ਼ਰਤ ਇਹੋ ਹੈ ਕਿ ਇਨਕਲਾਬੀ ਵਿਦਿਆਰਥੀ ਲਹਿਰ ਖੁਦ ਮਜਬੂਤ ਹੋਵੇ, ਵਿਦਿਆਰਥੀਆਂ ਵਿੱਚ ਆਪਣੇ ਵਿਆਪਕ ਤੇ ਡੂੰਘਾ ਅਧਾਰ ਬਣਾਵੇ, ਜਿੱਥੇ ਇਨਕਲਾਬੀ ਵਿਦਿਆਰਥੀ ਲਹਿਰ ਹੋਵੇਗੀ ਉੱਥੇ ਇਹੋ ਜਿਹੇ ਪਰਾਏ ਰੁਝਾਨਾਂ ਦੇ ਕਿਲ੍ਹੇ ਕਮਜੋਰ ਹੋਣਗੇ ਤੇ ਢਾਹ ਦਿੱਤੇ ਜਾਣਗੇ। ਕਿਉਂਕਿ ਇਨਕਲਾਬੀ ਵਿਦਿਆਰਥੀ ਲਹਿਰ ਦਾ ਉਦੇਸ਼ ਮਹਾਨ, ਵਿਦਿਆਰਥੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਨੇੜਿਓਂ ਜੁੜਿਆ ਹੋਣ, ਉਹਨਾਂ ਦੇ ਫੌਰੀ ਤੇ ਦੂਰਰਸ ਮਸਲਿਆਂ ਨੂੰ ਸੰਬੋਧਨ ਹੋਣ ਕਾਰਨ ਇਹ ਵੋਟ ਸਿਆਸਤ ਤੇ ਸੁਧਾਰਵਾਦ ਨਾਲੋਂ ਵਧੇਰੇ ਮਜਬੂਤੀ ਤੇ ਵਧੇਰੇ ਡੂੰਘਾਈ ਨਾਲ ਵਿਦਿਆਰਥੀਆਂ ‘ਚ ਆਪਣੀਆਂ ਜੜ੍ਹਾਂ ਜਮਾ ਸਕਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਉਹਨਾਂ ਦੇ ਮੰਗਾਂ-ਮਸਲਿਆਂ ‘ਤੇ ਲਗਾਤਾਰ ਲਾਮਬੰਦ ਤੇ ਜਥੇਬੰਦ ਕਰਦੇ ਰਹਿਣ ਦਾ ਕਾਰਜ ਤਾਂ ਅਟੱਲ ਹੈ। ਪਰ ਇਸਦੇ ਨਾਲ-ਨਾਲ ਵਿਦਿਆਰਥੀਆਂ ਦੀ ਸਿਆਸੀ ਸਿੱਖਿਆ, ਉਹਨਾਂ ਨੂੰ ਸੂਝਵਾਨ ਬਣਾਉਣ ਅਤੇ ਸਮਾਜ ਨੂੰ ਸਮਝਣ ਤੇ ਬਦਲਣ ਦੇ ਵਿਗਿਆਨਕ ਨਜਰੀਏ ਨਾਲ ਲੈੱਸ ਕਰਨਾ ਜਰੂਰੀ ਹੈ। ਇਹਦੇ ਲਈ ਵਿਦਿਆਰਥੀਆਂ ਵਿੱਚ ਲਗਾਤਾਰ ਵਿਚਾਰ-ਚਰਚਾਵਾਂ, ਅਧਿਐਨ ਮੰਡਲ, ਸੈਮੀਨਾਰ, ਕਿਤਾਬਾਂ, ਮੈਗਜੀਨਾਂ ਦੇ ਰੂਪ ਵਿੱਚ ਸਿੱਖਿਆ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਹ ਨਾ ਸਿਰਫ ਵਿਰੋਧੀ ਰੁਝਾਨਾ ਦੇ ਟਾਕਰੇ ਲਈ ਜਰੂਰੀ ਹੈ ਸਗੋਂ ਇਹ ਵਿਦਿਆਰਥੀ ਲਹਿਰ ਦੀ ਮਜਬੂਤੀ ਤੇ ਵਿਸਥਾਰ ਦੀ ਇੱਕ ਲਾਜਮੀ ਸ਼ਰਤ ਵੀ ਹੈ।

ਜਥੇਬੰਦੀਆਂ ਦਾ ਢਾਂਚਾ ਤੇ ਕਾਰਜਸ਼ੈਲੀ ਵੀ ਜਮਹੂਰੀ-ਕੇਂਦਰਵਾਦ ‘ਤੇ ਅਧਾਰਤ ਹੋਣੀ ਚਾਹੀਦੀ ਹੈ। ਇਸਦਾ ਕਾਰਨ ਇਹ ਕਿ ਉੱਨਤ ਤੱਤ ਲਈ ਉਸਦੇ ਅਨੁਸਾਰੀ ਉੱਨਤ ਰੂਪ ਵੀ ਅਹਿਮ ਲੋੜ ਹੁੰਦੀ ਹੈ। ਇੱਕ ਵਾਰ ਜਦੋਂ ਤੱਤ ਹਾਸਲ ਕਰ ਲਿਆ ਜਾਂਦਾ ਹੈ ਤਾਂ ਉਸਨੂੰ ਰੂਪ ਦੇਣਾ ਲਾਜਮੀ ਹੋ ਜਾਂਦਾ ਹੈ ਨਹੀਂ ਤਾਂ ਤੱਤ ਪ੍ਰਭਾਵਸ਼ਾਲੀ ਨਹੀਂ ਰਹਿੰਦਾ ਜਦੋਂ ਇਹ ਖਾਤਮੇ ਵੱਲ ਵਧਣ ਲੱਗ ਪੈਂਦਾ ਹੈ। ਜੇ ਕਿਸੇ ਜਥੇਬੰਦੀ ਦਾ ਤੱਤ ਇਨਕਲਾਬੀ, ਅਗਾਂਹਵਧੂ ਹੈ ਤਾਂ ਉਸਨੂੰ ਆਪਣੇ ਢਾਂਚਾ ਨੂੰ ਵੀ ਜਮਹੂਰੀ-ਕੇਂਦਰਵਾਦ ਦਾ ਅਤਿ-ਉੱਨਤ ਰੂਪ ਦੇਣਾ ਚਾਹੀਦਾ ਹੈ। ਇਹ ਜਥੇਬੰਦੀ ਦੇ ਟਿਕੇ ਰਹਿਣ, ਉਸਦੇ ਵਿਕਾਸ, ਕਾਰਕੁੰਨਾਂ ਦੀ ਸਿਖਲਾਈ ਤੇ ਜਥੇਬੰਦੀ ਅੰਦਰ ਪੈਦਾ ਹੋ ਰਹੇ ਗਲਤ ਰੁਝਾਨਾਂ ਨੂੰ ਸਮੇਂ ਸਿਰ ਠੱਲ ਪਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਜਮਹੂਰੀ-ਕੇਂਦਰਵਾਦ ਨੂੰ ਵੀ ਰਸਮੀ ਤੋਂ ਅਸਲ ਵੱਲ ਦੀ ਯਾਤਰਾ ਕਰਨੀ ਚਾਹੀਦੀ ਹੈ। ਰੂਪ ਕਦੇ ਵੀ ਤੱਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸੇ ਲਈ ਕਿਉਂਕਿ ਵੋਟ ਪਾਰਟੀਆਂ ਤੇ ਐਨ.ਜੀ.ਓ. ਦਾ ਤੱਤ, ਉਹਨਾਂ ਦੀ ਵਿਚਾਰਧਾਰਾ ਤੇ ਉਦੇਸ਼ ਉੱਨਤ, ਅਗਾਹਵਧੂ ਨਹੀਂ ਸਗੋਂ ਪਿਛਾਖੜੀ ਹੁੰਦੇ ਹਨ ਇਸ ਲਈ ਉਹਨਾਂ ਦਾ ਰੂਪ ਕਦੇ ਵੀ ਉੱਨਤ ਨਹੀਂ ਹੋ ਸਕਦਾ, ਉਹ ਚਾਹ ਕੇ ਵੀ ਆਪਣੀ ਜਥੇਬੰਦੀ ਨੂੰ ਜਮਹੂਰੀ-ਕੇਂਦਰਵਾਦ ਦੇ ਰੂਪ ਵਿੱਚ ਢਾਲ ਨਹੀਂ ਸਕਦੀਆਂ। ਇਸੇ ਕਾਰਨ ਇਹਨਾਂ ਵਿੱਚ ਹਿੱਤਾਂ ਦਾ ਟਕਰਾਅ, ਆਪਸੀ ਖਿੱਚੋਤਾਣ, ਗੁੱਟਬੰਦੀ, ਭ੍ਰਿਸ਼ਟਾਚਾਰ, ਨੌਕਰਸ਼ਾਹੀ, ਮੌਕਾਪ੍ਰਸਤੀ ਤੇ ਕੈਰੀਅਰਵਾਦ ਆਦਿ ਲਾਜਮੀ ਰੂਪ ਵਿੱਚ ਪੈਦਾ ਹੁੰਦਾ ਰਹਿੰਦਾ ਹੈ। ਇਸ ਮਾਮਲੇ ਵਿੱਚ ਵੀ ਖਰੀ ਇਨਕਲਾਬੀ ਵਿਦਿਆਰਥੀ ਲਹਿਰ ਵੋਟ ਸਿਆਸਤ ਤੇ ਸੁਧਾਰਵਾਦ ਨਾਲੋਂ ਭਾਰੂ ਹਾਲਤ ਵਿੱਚ ਹੁੰਦੀ ਹੈ।

ਜਿਵੇਂ ਕਿ ਅਸੀਂ ਜਿਕਰ ਕੀਤਾ ਹੈ ਕਿ ਵੋਟ ਪਾਰਟੀਆਂ ਦੀਆਂ ਜਥੇਬੰਦੀਆਂ ਤੇ ਗੁੰਡਾ ਗਰੁੱਪਾਂ ਨਾਲ ਵਿਦਿਆਰਥੀਆਂ-ਨੌਜਵਾਨਾਂ ਦੇ ਜੁੜਨ ਪਿੱਛੇ ਇੱਕ ਵੱਡਾ ਕਾਰਨ ਭਾਰੂ ਸੱਭਿਆਚਾਰ ਵੀ ਹੈ। ਇਸ ਲਈ ਵਿਦਿਆਰਥੀਆਂ-ਨੌਜਵਾਨਾਂ ਨੂੰ ਇੱਕ ਸੱਭਿਆਚਾਰਕ ਬਦਲ ਦੇਣਾ ਵੀ ਅੱਜ ਦੀ ਨੌਜਾਵਨ-ਵਿਦਿਆਰਥੀ ਲਹਿਰ ਦਾ ਅਹਿਮ ਕੰਮ ਹੈ। ਇਹ ਬਦਲਵਾਂ ਤੇ ਅਗਾਂਹਵਧੂ ਸੱਭਿਆਚਾਰ ਪੁਰਾਣੀਆਂ ਮੱਧਯੁਗੀ ਕਦਰਾਂ-ਕੀਮਤਾਂ, ਪਛੜੇਵੇਂ, ਔਰਤ ਵਿਰੋਧੀ ਮਾਨਸਿਕਤਾ, ਜਾਤ-ਪਾਤੀ ਮਾਨਸਿਕਤਾ ਅਤੇ ਆਧੁਨਿਕ ਖਪਤਵਾਦ, ਕੈਰੀਅਰਵਾਦ, ਮੌਕਾਪ੍ਰਸਤੀ ਆਦਿ ਦੇ ਵਿਰੁੱਧ ਸੰਘਰਸ਼ ਚਲਾ ਕੇ ਇਹਨਾਂ ਦੇ ਬਖੀਏ ਉਧੇੜਦੇ ਹੋਏ ਹੀ ਉੱਸਰ ਸਕਦਾ ਹੈ। ਇਹ ਨਵਾਂ ਤੇ ਉੱਨਤ ਸੱਭਿਆਚਾਰ ਵਿਦਿਆਰਥੀਆਂ ਦੇ ਵੱਡੇ ਹਿੱਸੇ ਨੂੰ ਵੋਟ ਪਾਰਟੀਆਂ ਨਾਲੋਂ ਦੂਰ ਤੇ ਇਨਕਲਾਬੀ ਵਿਦਿਆਰਥੀ ਲਹਿਰ ਦੇ ਨੇੜੇ ਲਿਆਉਣ ਵਿੱਚ ਅਹਿਮ ਕਾਰਕ ਸਾਬਤ ਹੋਵੇਗਾ। ਅਕਸਰ ਅਜਿਹਾ ਵੀ ਹੁੰਦਾ ਹੈ ਕਿ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੇ ਕਾਰਕੁੰਨ ਵੀ ਹਾਕਮ ਜਮਾਤ ਦੇ ਸੱਭਿਆਚਾਰ ਦੀ ਭਾਰੂ ਗ੍ਰਿਫਤ ਵਿੱਚ ਹੁੰਦੇ ਹਨ ਜਿੱਥੋਂ ਉਹਨਾਂ ਦੇ ਹਾਕਮ ਜਮਾਤਾਂ ਦੇ ਸਿਆਸੀ ਤੇ ਵਿਚਾਰਧਾਰਕ ਪੈਂਤੜੇ ‘ਤੇ ਪੁੱਜਣ ਦਾ ਰਾਹ ਵੀ ਨੇੜੇ ਹੁੰਦਾ ਹੈ। ਉਂਝ ਵੀ ਨਵਾਂ ਸਮਾਜ ਵੀ ਪੁਰਾਣੇ ਸਮਾਜ ਦੀਆਂ ਰੂੜੀਆਂ, ਸੱਭਿਆਚਾਰ ਦੇ ਚਿੱਕੜੇ ਵਿੱਚ ਡੁੱਬੀਆਂ ਤਾਕਤਾਂ ਦੀ ਨਹੀਂ ਸਗੋਂ ਆਧੁਨਿਕ ਮਜਦੂਰ ਜਮਾਤੀ ਸੱਭਿਆਚਾਰ ਨਾਲ ਲੈੱਸ ਇਨਕਲਾਬੀ ਤਾਕਤਾਂ ਦੀ ਅਗਵਾਈ ਵਿੱਚ ਹੀ ਉਸਾਰਿਆ ਜਾ ਸਕਦਾ ਹੈ।

ਇੱਥੇ ਇਹ ਗੱਲ ਵੀ ਸਪੱਸ਼ਟ ਕਰਨੀ ਜਰੂਰੀ ਹੈ ਕਿ ਸੁਧਾਰਵਾਦੀ ਜਾਂ ਐੱਨ.ਜੀ.ਓ. ਸਿਆਸਤ ਦਾ ਵਿਰੋਧ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਸੁਧਾਰ ਦੇ ਕੰਮਾਂ ਨੂੰ ਮੂਲੋਂ ਹੀ ਰੱਦਿਆ ਜਾਣਾ ਚਾਹੀਦਾ ਹੈ। ਇੱਥੇ ਮੁੱਖ ਸਵਾਲ ਇਹ ਹੈ ਕਿ ਇਹ ਸੁਧਾਰ ਦੇ ਕੰਮ ਕਿਸ ਉਦੇਸ਼ ਤਹਿਤ ਤੇ ਕਿਸ ਤਾਕਤ ਵੱਲੋਂ ਕੀਤੇ ਜਾ ਰਹੇ ਹਨ। ਬਾਕੀ ਇਨਕਲਾਬੀ ਲਹਿਰਾਂ ਵਾਂਗ ਵਿਦਿਆਰਥੀ-ਨੌਜਵਾਨ ਲਹਿਰ ਲਈ ਵੀ ਸੁਧਾਰ ਦੇ ਕੰਮ ਬੜੀ ਅਹਿਮੀਅਤ ਰੱਖਦੇ ਹਨ। ਇਹਨਾਂ ਰਾਹੀਂ ਨਾ ਸਿਰਫ ਲੋਕ ਇਸ ਢਾਂਚੇ ਵਿੱਚ ਸੰਭਵ ਫੌਰੀ ਰਾਹਤਾਂ ਹਾਸਲ ਕਰਦੇ ਹਨ ਸਗੋਂ ਸੁਧਾਰ ਦੇ ਕੰਮਾਂ ਜਰੀਏ ਲੋਕਾਂ ਵਿੱਚ ਪਛਾਣ ਬਣਾਉਂਦੇ ਹੋਏ ਲੋਕਾਂ ਵਿੱਚ ਮੌਜੂਦਾ ਢਾਂਚੇ ਤੇ ਸਰਕਾਰਾਂ ਦਾ ਪਾਜ ਉਘੇੜਨਾ ਤੇ ਇਨਕਲਾਬੀ ਵਿਚਾਰਾਂ ਨੂੰ ਫੈਲਾਉਣ ਦਾ ਅਹਿਮ ਕਾਰਜ ਕੀਤਾ ਜਾ ਸਕਦਾ ਹੈ ਤੇ ਲਾਜਮੀ ਕੀਤਾ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ਕਿਸੇ ਥਾਂ ਮੈਡੀਕਲ ਕੈਂਪ ਲਾਉਣ ਵੇਲੇ ਨਾਲੋ-ਨਾਲ ਲੋਕਾਂ ਵਿੱਚ ਇਹ ਗੱਲ ਵੀ ਪ੍ਰਚਾਰੀ ਜਾ ਸਕਦੀ ਹੈ ਕਿ ਕਿਵੇਂ ਸਿਹਤ ਸਹੂਲਤਾਂ ਦੇਣਾ ਸਰਕਾਰ ਦਾ ਫਰਜ ਹੈ ਪਰ ਸਰਕਾਰ ਇਸ ਖੇਤਰ ਵਿੱਚ ਬਹੁਤ ਹੀ ਘੱਟ ਰਾਸ਼ੀ ਖਰਚ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਇਸ ਖੇਤਰ ਨੂੰ ਸਰਮਾਏਦਾਰਾਂ ਨੂੰ ਨਿੱਜੀ ਹਸਪਤਾਲਾਂ, ਮਹਿੰਗੀਆਂ ਦਵਾਈਆਂ, ਟੈਸਟਾਂ ਆਦਿ ਰਾਹੀਂ ਲੋਕਾਂ ਦੀ ਖੁੱਲ੍ਹੀ ਲੁੱਟ ਕਰਕੇ ਮੁਨਾਫੇ ਕਮਾਉਣ ਲਈ ਛੱਡ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੌਜੂਦਾ ਸਿਹਤ ਢਾਂਚੇ ਦੇ ਬਦਲ ਵਜੋਂ ਸਮੁੱਚੇ ਸਮਾਜਿਕ ਢਾਂਚੇ ਨੂੰ ਬਦਲਣ ਦੀ ਲਾਜਮੀਅਤਤਾ ਵੀ ਲੋਕਾਂ ਸਾਹਮਣੇ ਪੇਸ਼ ਕੀਤੀ ਜਾ ਸਕਦੀ ਹੈ। ਜਦਕਿ ਐਨ.ਜੀ.ਓ. ਸਿਆਸਤ ਇਹ ਗੱਲ ਕਦੇ ਵੀ ਨਹੀਂ ਕਹੇਗੀ ਸਗੋਂ ਉਹ ਸਿਰਫ ਮੈਡੀਕਲ ਕੈਂਪ ਲਾਉਣ, ਕੁੱਝ ਲੋਕਾਂ ਨੂੰ ਪੁੰਨ-ਦਾਨ ਕਰਨ ਤੇ ਕੁੱਝ ਨੂੰ ਮਸੀਹਿਆਂ ਨੂੰ ਉਡੀਕਣ ਦੀਆਂ ਮੱਤਾਂ ਦਿੰਦੀ ਰਹੇਗੀ।

ਅੱਜ ਭਾਰਤ ਵਿੱਚ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੀ ਉਸਾਰੀ ਇਸ ਦੂਜੇ ਗੇੜ ਦੀ ਨਵੀਂ ਸ਼ੁਰੂਆਤ ਦਾ ਹੀ ਇੱਕ ਹਿੱਸਾ ਹੈ। ਇਸਦੀਆਂ ਵੱਖ-ਵੱਖ ਚੁਣੌਤੀਆਂ, ਉਹਨਾਂ ਨਾਲ ਸਿੱਝਣ ਦੀਆਂ ਯੁੱਧਨੀਤੀਆਂ ਤੇ ਬੀਤੇ ਦੀ ਮਹਾਨ ਸਿੱਖਿਆਦਾਈ ਵਿਰਾਸਤ ਬਾਰੇ ਅਸੀਂ ਵੱਖ-ਵੱਖ ਲੇਖਾਂ ਵਿੱਚ ਚਰਚਾ ਕਰਦੇ ਰਹੇ ਹਾਂ। ਸਾਡੇ ਪੁਰਖਿਆਂ ਦੇ ਤਜਰਬਿਆਂ ਤੇ ਉਹਨਾਂ ਤੋਂ ਹਾਸਲ ਹੁੰਦੀ ਸੂਝ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਅੱਜ ਸਾਡੇ ਕੋਲ ਵਿਦਿਆਰਥੀ ਲਹਿਰ ਉਸਾਰਨ ਦੇ ਨਾ ਤਾਂ ਪਹਿਲਾਂ ਵਾਂਗ ਵੱਡੇ ਸਿਧਾਂਤਕ ਅੜਿੱਕੇ ਹਨ ਤੇ ਨਾ ਹੀ ਅਸੀਂ ਕੋਈ ਖਲਾਅ ਵਿੱਚੋਂ ਸ਼ੁਰੂਆਤ ਕਰਨੀ ਹੈ। ਅੱਜ ਜੇ ਲੋੜ ਹੈ ਤਾਂ ਬੱਸ ਉਹਨਾਂ ਬਹਾਦਰ, ਅਣਖੀ, ਸੰਵੇਦਨਸ਼ੀਲ ਤੇ ਕੁਰਬਾਨੀਆਂ ਲਈ ਤਿਆਰ ਨੌਜਵਾਨਾਂ ਦੀ ਜੋ ਆਖਦੇ ਹੋਣ ਕਿ “ਅਸੀਂ ਇਸ ਧਰਤੀ ‘ਤੇ ਜੀਵਨ ਨੂੰ ਨਵਾਂ ਰੂਪ ਦਿਆਂਗੇ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ