ਇੱਕ ਪਾਠਕ (ਕਹਾਣੀ) -ਮੈਕਸਿਮ ਗੋਰਕੀ

     ਪੀ.ਡੀ.ਐਫ਼. ਡਾਊਨਲੋਡ ਕਰੋ

ਰਾਤ ਕਾਫ਼ੀ ਹੋ ਗਈ ਸੀ ਜਦੋਂ ਮੈਂ ਉਸ ਘਰ ਤੋਂ ਵਿਦਾ ਹੋਇਆ, ਜਿੱਥੇ ਮਿੱਤਰਾਂ ਦੀ ਇੱਕ ਗੋਸ਼ਟੀ ਸਾਹਮਣੇ ਆਪਣੀਆਂ ਪ੍ਰਕਾਸ਼ਿਤ ਕਹਾਣੀਆਂ ਵਿੱਚੋਂ ਇੱਕ ਦਾ ਮੈਂ ਹੁਣੇ ਪਾਠ ਕੀਤਾ ਸੀ। ਉਨ੍ਹਾਂ ਨੇ ਤਾਰੀਫ਼ ਦੇ ਪੁਲ ਬੰਨ੍ਹਣ ਵਿੱਚ ਕੋਈ ਕਸਰ ਨਹੀਂ ਛੱਡੀ, ਤੇ ਮੈਂ ਹੌਲ਼ੀ-ਹੌਲ਼ੀ ਮਗਨ ਹੋਇਆ ਸੜ੍ਹਕ ‘ਤੇ ਚਲ ਰਿਹਾ ਸੀ। ਮੇਰਾ ਦਿਲ ਅਨੰਦ ਨਾਲ਼ ਉੱਛਲ ਰਿਹਾ ਸੀ ਅਤੇ ਜੀਵਨ ਦੇ ਸੁੱਖ ਦਾ ਇੱਕ ਅਜਿਹਾ ਅਨੁਭਵ ਮੈਂ ਕਰ ਰਿਹਾ ਸਾਂ ਜਿਹੜਾ ਕਿ ਪਹਿਲਾਂ ਕਦੇ ਨਹੀਂ ਸੀ ਕੀਤਾ।

ਫਰਵਰੀ ਦਾ ਮਹੀਨਾ ਸੀ, ਰਾਤ ਸਾਫ਼ ਸੀ ਅਤੇ ਪੂਰੀ ਤਰ੍ਹਾਂ ਤਾਰਿਆਂ ਜੜਿਆ ਬੱਦਲ਼ ਰਹਿਤ ਅਸਮਾਨ ਧਰਤੀ ਉੱਤੇ ਤਾਜ਼ਗੀ ਭਰੀ ਠੰਢਕ ਫੈਲਾ ਰਿਹਾ ਸੀ। ਜਿਸਨੇ ਸੱਜਰੀ ਪਈ ਬਰਫ਼ ਨਾਲ਼ ਸੋਲਾਂ ਸ਼ਿੰਗਾਰ ਕੀਤੇ ਹੋਏ ਸਨ। ਵਾੜਾਂ ਦੇ ਉੱਪਰੋਂ ਦਰੱਖਤਾਂ ਦੀਆਂ ਟਾਹਣੀਆਂ ਝੂਲ ਆਈਆਂ ਸਨ ਤੇ ਮੇਰੇ ਰਾਹ ਉੱਤੇ ਛਾਂਦਾਰ ਵੇਲ ਬੂਟਿਆਂ ਦੇ ਅਜੀਬੋ-ਗਰੀਬ ਨਮੂਨੇ ਬਣਾ ਰਹੀਆਂ ਸਨ। ਚੰਨ ਦੀ ਕੋਮਲ ਨੀਲੀ ਰੌਸ਼ਨੀ ਵਿੱਚ ਬਰਫ਼ ਦੇ ਕਣ ਆਨੰਦ ਨਾਲ਼ ਚਮਕ ਰਹੇ ਸਨ। ਨੇੜੇ-ਤੇੜੇ ਕੋਈ ਵੀ ਜੀਵ-ਜੰਤੂ ਨਜ਼ਰ ਨਹੀਂ ਆ ਰਿਹਾ ਸੀ ਅਤੇ ਮੇਰੇ ਬੂਟਾਂ ਦੇ ਥੱਲੇ ਬਰਫ਼ ਦੇ ਕਿਰਚਣ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਵੀ ਆਵਾਜ਼ ਉਸ ਖੂਬਸੂਰਤ ਅਤੇ ਯਾਦਗਾਰ ਰਾਤ ਦੀ ਖਾਮੋਸ਼ੀ ਨੂੰ ਭੰਗ ਨਹੀਂ ਕਰ ਰਹੀ ਸੀ।

 ”ਇਸ ਧਰਤੀ ਤੇ ਲੋਕਾਂ ਦੀ ਨਜ਼ਰ ਵਿੱਚ ਕੁਝ ਹੋਣਾ ਕਿੰਨਾ ਚੰਗਾ ਲੱਗਦਾ ਹੈ।” ਮੈਂ ਸੋਚਿਆ।

ਅਤੇ ਮੇਰੇ ਭਵਿੱਖ ਦੇ ਚਿੱਤਰ ਵਿੱਚ ਉਜਲੇ ਰੰਗ ਭਰਨ ‘ਚ ਮੇਰੀ ਕਲਪਨਾ ਨੇ ਕੋਈ ਗਲਤੀ ਨਹੀਂ ਕੀਤੀ।

”ਹਾਂ, ਤੁਸੀਂ ਬਹੁਤ ਹੀ ਵਧੀਆਂ ਇੱਕ ਨੰਨ੍ਹੀ ਪਿਆਰੀ ਜਿਹੀ ਚੀਜ਼ ਲਿਖੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ।” ਮੇਰੇ ਪਿੱਛੇ ਕੋਈ ਗੁਣਗੁਣਾ ਉੱਠਿਆ।

ਮੈਂ ਹੈਰਾਨੀ ਨਾਲ਼ ਚੌਂਕ ਗਿਆ ਅਤੇ ਮੁੜ ਕੇ ਦੇਖਿਆ।

 ਕਾਲ਼ੇ ਕੱਪੜੇ ਪਹਿਨੀ ਇੱਕ ਛੋਟੇ ਕੱਦ ਦਾ ਆਦਮੀ ਅੱਗੇ ਵਧ ਕੇ ਨੇੜੇ ਆ ਗਿਆ ਅਤੇ ਨਿੱਕੀ ਪਰ ਤਿੱਖੀ ਮੁਸਕਾਨ ਨਾਲ਼ ਮੇਰੇ ਚਿਹਰੇ ‘ਤੇ ਉਸਨੇ ਆਪਣੀਆਂ ਅੱਖਾਂ ਜਮਾ ਦਿੱਤੀਆਂ। ਉਹਦੀ ਹਰ ਚੀਜ਼ ਤਿੱਖੀ ਜਾਪਦੀ ਸੀ-ਉਹਦੀ ਨਜ਼ਰ, ਉਹ ਦੀਆਂ ਗੱਲ੍ਹਾਂ ਦੀਆਂ ਹੱਡੀਆਂ, ਉਹਦੀ ਦਾੜੀ ਜੋ ਬੱਕਰੀ ਵਾਂਗ ਨੋਕਦਾਰ ਸੀ, ਉਹਦਾ ਸਮੁੱਚਾ ਛੋਟਾ ਅਤੇ ਮੁਰਝਾਇਆ ਜਿਹਾ ਢਾਂਚਾ, ਜਿਸਨੇ ਕੁੱਝ ਅਜਿਹਾ, ਅਜੀਬ ਤੇ ਨੋਕ-ਨੁਕੀਲਾਪਣ ਸਾਂਭ ਰੱਖਿਆ ਸੀ ਜੋ ਅੱਖਾਂ ‘ਚ ਚੁਭਦਾ ਸੀ। ਉਸਦੀ ਤੋਰ ਹਲਕੀ ਅਤੇ ਨਿਸ਼ਬਦ ਸੀ, ਇੰਝ ਲਗਦਾ ਸੀ ਜਿਵੇਂ ਬਰਫ ‘ਤੇ ਤੈਰ ਰਿਹਾ ਹੋਵੇ। ਗੋਸ਼ਟੀ ‘ਚ ਜੋ ਲੋਕ ਮੌਜੂਦ ਸਨ, ਉਹਨਾਂ ਵਿੱਚ ਉਹ ਮੈਨੂੰ ਨਜ਼ਰ ਨਹੀਂ ਆਇਆ ਸੀ ਤੇ ਇਸੇ ਲਈ ਉਹਦੀ ਟਿੱਪਣੀ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਉਹ ਕੌਣ ਸੀ? ਤੇ ਕਿੱਥੋਂ ਆਇਆ ਸੀ?

”ਕੀ ਤੁਸੀ….. ਮਤਲਬ….. ਮੇਰੀ ਕਹਾਣੀ ਸੁਣੀ ਸੀ? ਮੈਂ ਪੁੱਛਿਆ।

”ਹਾਂ, ਮੈਨੂੰ ਇਹ ਸੁਣਨ ਦਾ ਅਵਸਰ ਪ੍ਰਾਪਤ ਹੋਇਆ।”

ਉਹਦੀ ਅਵਾਜ਼ ਤੇਜ਼ ਸੀ। ਉਹਦੇ ਪਤਲੇ ਬੁੱਲ ਅਤੇ ਛੋਟੀਆਂ ਕਾਲ਼ੀਆਂ ਮੁੱਛਾ ਸਨ, ਜਿਹਨਾਂ ਤੋਂ ਉਸਦੀ ਮੁਸਕੁਰਾਹਟ ਲੁਕ ਨਹੀਂ ਰਹੀ ਸੀ। ਮੁਸਕੁਰਾਹਟ ਉਸਦੇ ਬੁੱਲ੍ਹਾਂ ਤੋਂ ਵਿਦਾ ਹੋਣ ਦਾ ਨਾਮ ਨਹੀਂ ਸੀ ਲੈ ਰਹੀ ਤੇ ਇਹ ਮੈਨੂੰ ਬੜਾ ਅਟਪਟਾ ਜਿਹਾ ਲੱਗ ਰਿਹਾ ਸੀ। ਇੰਝ ਲਗਦਾ ਸੀ ਜਿਵੇਂ ਉਹ ਮੁਸਕਾਨ ਮੇਰੇ ਬਾਰੇ ਉਹਦੇ ਆਲੋਚਨਾਤਮਕ ਮੁੱਲਆਂਕਣ ‘ਤੇ —ਜੋ ਕਿ ਬਿਲਕੁਲ ਤਿੱਖਾ ਅਤੇ ਨਾਪਸੰਦ ਸੀ – ਪਰਦਾ ਪਾ ਰਹੀ ਹੋਵੇ। ਪਰ ਉਸ ਸਮੇਂ ਮੇਰਾ ਚਿੱਤ ਐਨਾ ਖੁਸ਼ ਸੀ ਕਿ ਆਪਣੇ ਸਾਥੀ ਦੀ ਇਸ ਖਾਸੀਅਤ ਵਿੱਚ ਮੈਂ ਜ਼ਿਆਦਾ ਦੇਰ ਤੱਕ ਉਲਝਿਆ ਨਾ ਰਹਿ ਸਕਿਆ। ਇੱਕ ਪਰਛਾਵੇਂ ਦੀ ਤਰ੍ਹਾਂ ਉਹ ਮੇਰੀਆਂ ਅੱਖਾਂ ਸਾਹਵੇਂ ਉੱਭਰੀ ਤੇ ਮੇਰੀ ਆਤਮ-ਸ਼ਲਾਘਾ ਦੇ ਉਜਲੇ ਪ੍ਰਕਾਸ਼ ਵਿੱਚ ਤੇਜ਼ੀ ਨਾਲ਼ ਜ਼ਜ਼ਬ ਹੋ ਗਈ। ਮੈਂ ਉਹਦੇ ਨਾਲ਼-ਨਾਲ਼ ਚੱਲ ਰਿਹਾ ਸੀ ਅਤੇ ਹੈਰਾਨ ਹੋ ਰਿਹਾ ਸੀ ਕਿ ਪਤਾ ਨਹੀਂ ਉਹ ਕੀ ਕਹੇਗਾ – ਨਾਲ਼ ਹੀ ਆਪਣੇ ਦਿਲ ਵਿੱਚ ਇੱਕ ਗੁਪਤ ਉਮੀਦ ਵੀ ਸੰਜੋਅ ਰਿਹਾ ਸੀ ਕਿ ਉਹ ਉਹਨਾਂ ਸੁਖਦਾਈ ਪਲਾਂ ਵਿੱਚ ਹੋਰ ਵਾਧਾ ਹੀ ਕਰੇਗਾ ਜਿਹਨਾਂ ਦੀ ਉਸ ਸ਼ਾਮ ਮੈਂ ਵਰਤੋਂ ਕਰ ਰਿਹਾ ਸੀ। ਅਜਿਹੇ ਸੁਖਦਾਈ ਪਲਾਂ ਦਾ ਆਖਿਰ ਕਿਸ ਨੂੰ ਲਾਲਚ ਨਹੀਂ ਹੁੰਦਾ?

 ”ਆਪਣੇ ਆਪ ਨੂੰ ਹੋਰ ਸਾਰਿਆਂ ਤੋਂ ਅਨੋਖਾ ਅਨੁਭਵ ਕਰਨਾ ਬੜਾ ਸੁਖਦਾਈ ਲੱਗਦਾ ਹੈ। ਕਿਉਂ, ਠੀਕ ਹੈ ਨਾ? ਮੇਰੇ ਸਾਥੀ ਨੇ ਪੁੱਛਿਆ।

 ਮੈਨੂੰ ਇਸ ਸਵਾਲ ਵਿੱਚ ਕੋਈ ਅਜਿਹੀ ਗੱਲ ਨਹੀਂ ਲੱਗੀ ਜੋ ਆਮ ਤੋਂ ਬਾਹਰ ਤੇ ਅਲੱਗ ਹੋਵੇ। ਸੋ ਮੈਨੂੰ ਸਹਿਮਤੀ ਪ੍ਰਗਟ ਕਰਨ ਵਿੱਚ ਦੇਰ ਨਾ ਲੱਗੀ।

 ”ਹੋ-ਹੋ-ਹੋ!” ਪੰਜੇਨੁਮਾ ਪਤਲੀਆਂ ਉਗਲੀਆਂ ਨੂੰ ਖੁਰਕਦਿਆਂ ਉਹ ਤਿੱਖਾ ਹਾਸਾ ਹੱਸਿਆ।

 ”ਤੁਸੀਂ ਬੜੇ ਹਸਮੁੱਖ ਪ੍ਰਾਣੀ ਲੱਗਦੇ ਹੋ? ਮੈਂ ਰੁੱਖੀ ਆਵਾਜ਼ ਵਿੱਚ ਕਿਹਾ। ਕਿਉਂਕਿ ਉਸਦੇ ਹਾਸੇ ਨੇ ਮੈਨੂੰ ਬੇਇਜ਼ਤ ਕਰ ਦਿੱਤਾ ਸੀ।

”ਉਹ ਹਾਂ! ਬਹੁਤ” ਮੁਸਕੁਰਾਉਂਦੇ ਤੇ ਸਿਰ ਹਿਲਾਉਂਦਿਆਂ ਉਸਨੇ ਪੁਸ਼ਟੀ ਕੀਤੀ – ਨਾਲ਼ ਹੀ ਮੈਂ ਬਾਲ ਦੀ ਖੱਲ ਲਾਹੁਣ ਵਾਲਾ ਵੀ ਹਾਂ ਕਿਉਂਕਿ ਮੈਂ ਹਮੇਸ਼ਾ ਚੀਜ਼ਾਂ ਨੂੰ ਜਾਨਣਾ ਚਾਹੁੰਦਾ ਹਾਂ — ਹਰ ਚੀਜ਼ ਨੂੰ ਜਾਨਣਾ ਚਾਹੁੰਦਾ ਹਾਂ। ਮੇਰੀ ਇਹ ਜਗਿਆਸਾ ਵੀ ਮੇਰਾ ਸਾਥ ਨਹੀਂ ਛੱਡਦੀ ਤੇ ਇਹੀ ਮੈਨੂੰ ਏਨਾ ਜ਼ਿਆਦਾ ਮਗਨ ਰੱਖਦੀ ਹੈ। ਫਿਲਹਾਲ, ਮਿਸਾਲ ਵਜੋਂ, ਮੈਂ ਜਾਨਣਾ ਚਾਹੁੰਗਾ ਕਿ ਕੀ ਕੀਮਤ ਚੁਕਾ ਕੇ ਤੁਸੀਂ ਆਪਣੀ ਇਹ ਸਫਲਤਾ ਪ੍ਰਾਪਤ ਕੀਤੀ ਹੈ?”

ਮੈਂ ਸਿਰ ਝੁਕਾ ਕੇ ਉਸਦੇ ਛੋਟੇ ਕੱਦ ਤੇ ਇੱਕ ਨਜ਼ਰ ਸੁੱਟੀ ਤੇ ਬਿਨਾਂ ਕਿਸੇ ਉਤਸ਼ਾਹ ਦੇ ਜਵਾਬ ਦਿੱਤਾ—

”ਲਗਭਗ ਇੱਕ ਮਹੀਨੇ ਦੀ ਮਿਹਨਤ। ਸ਼ਾਇਦ ਇਸ ਤੋਂ ਕੁਝ ਜ਼ਿਆਦਾ।”

 ਪੰਜੇ ਫੈਲਾ ਕੇ ਉਹ ਮੇਰੇ ਸ਼ਬਦਾਂ ਤੇ ਝਪਟਿਆ—

ਓਹ, ਥੋੜੀ ਜਿਹੀ ਮਿਹਨਤ ਤੇ ਥੋੜਾ ਜਿਹਾ ਜੀਵਨ ਦਾ ਤਜ਼ਰਬਾ, ਜਿਹਦੇ ਲਈ ਹਮੇਸ਼ਾ ਥੋੜਾ ਬਹੁਤ ਮੁੱਲ ਚੁਕਾਉਣਾ ਪੈਂਦਾ ਹੈ। ਪਰ ਉਸ ਕਿਰਤ ਦਾ ਇਹ ਕੋਈ ਭਾਰੀ ਮੁੱਲ ਨਹੀਂ ਹੈ ਜਿਸਨੂੰ ਪੜ੍ਹਕੇ ਹਜ਼ਾਰਾਂ ਲੋਕ ਅੱਜ ਤੁਹਾਡੇ ਵਿਚਾਰਾਂ ਨੂੰ ਆਪਣੇ ਜ਼ਿਹਨ ਵਿੱਚ ਉਤਾਰ ਰਹੇ ਨੇ ਅਤੇ ਇਸ ਤੋਂ ਵੀ ਵਧ ਕੇ ਇਹ ਕਿ ਤੁਸੀਂ ਆਪਣੇ ਮਨ ਵਿੱਚ ਇਸ ਉਮੀਦ ਦੇ ਵੀ ਪੁਲ ਬੰਨਦੇ ਹੋ ਕਿ ਅੱਗੇ ਚੱਲ ਕੇ — ਹੋ-ਹੋ-ਹੋ!— ਸ਼ਾਇਦ ਉਸ ਸਮੇਂ ਜਦ ਤੁਸੀਂ ਮਰ ਜਾਓ —ਹੋ-ਹੋ-ਹੋ— ਉਮੀਦ ਕੀਤੀ ਜਾ ਸਕਦੀ ਸੀ ਕਿ ਅਜਿਹੀਆਂ ਕਿਰਤਾਂ ਦੀ ਉਪਲਬਧੀ ਦੇ ਬਦਲੇ ਤੁਸੀਂ ਜ਼ਿਆਦਾ ਦਿਉਗੇ — ਜ਼ਿਆਦਾ, ਮਤਲਬ ਉਸਤੋਂ ਜ਼ਿਆਦਾ, ਜੋ ਕਿ ਹੁਣ ਤੱਕ ਤੁਸੀਂ ਦਿੱਤਾ ਹੈ। ਕਿਉਂ, ਕੀ ਤੁਸੀਂ ਅਜਿਹਾ ਨਹੀਂ ਸੋਚਦੇ?”

ਅਤੇ ਉਹ ਫਿਰ ਆਪਣਾ ਤਿੱਖਾ ਹਾਸਾ ਹੱਸਿਆ ਅਤੇ ਵਿੰਨ੍ਹ ਦੇਣ ਵਾਲ਼ੀਆਂ ਆਪਣੀਆਂ ਕਾਲ਼ੀਆਂ ਅੱਖਾਂ ਨਾਲ਼ ਮੇਰੇ ਵੱਲ ਵੇਖਦਾ ਰਿਹਾ। ਮੈਂ ਆਪਣੇ ਕੱਦ ਦੀ ਉਚਾਈ ਤੋਂ ਇੱਕ ਨਜ਼ਰ ਉਸ ਤੇ ਸੁੱਟੀ ਅਤੇ ਠੰਢੀ ਆਵਾਜ਼ ਵਿੱਚ ਪੁੱਛਿਆ। —

 ”ਮਾਫ ਕਰਨਾ, ਪਰ ਕੀ ਮੈਂ ਜਾਣ ਸਕਦਾ ਹਾਂ ਕਿ ਮੈਨੂੰ ਇਹ ਕਿਸ ਨਾਲ਼ ਗੱਲਾਂ ਕਰਨ ਦਾ ਅਵਸਰ……”

”ਮੈਂ ਕੌਣ ਹਾਂ? ਕੀ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ? ਖੈਰ, ਫਿਲਹਾਲ ਮੈਂ ਤੁਹਾਨੂੰ ਨਹੀਂ ਦੱਸਾਗਾਂ। ਕੀ ਤੁਹਾਨੂੰ ਉਸ ਆਦਮੀ ਦਾ ਨਾਮ ਉਸਦੀ ਗੱਲ ਤੋਂ ਜੋ ਕਿ ਉਹ ਕਹਿਣ ਜਾ ਰਿਹਾ ਹੈ, ਜ਼ਿਆਦਾ ਮੱਹਤਵਪੂਰਨ ਲੱਗਦਾ ਹੈ?”

 ”ਬਿਲਕੁਲ ਨਹੀਂ, ਪਰ ਇਹ ਸਭ….. ਬਹੁਤ ਹੀ ਅਜੀਬ ਹੈ।” ਮੈਂ ਜਵਾਬ ਦਿੱਤਾ।

 ਉਹਨੇ ਮੇਰੀ ਬਾਂਹ ਫੜਕੇ ਇੱਕ ਹਲਕਾ ਜਿਹਾ ਝਟਕਾ ਦਿੱਤਾ।

 ”ਹੋਣ ਦਿਓ ਅਜੀਬ।” ਸ਼ਾਂਤ ਹਾਸੇ ਨਾਲ਼ ਉਸਨੇ ਕਿਹਾ—

 ”ਨਿਸ਼ਚਤ ਤੌਰ ‘ਤੇ ਆਦਮੀ ਕਦੇ-ਕਦੇ ਜੀਵਨ ਦੀਆਂ ਸਾਧਾਰਨ ਅਤੇ ਆਮ ਹੱਦਾਂ ਉਲੰਘਣ ਵਿੱਚ ਆਨਾਕਾਨੀ ਨਹੀਂ ਕਰਦਾ। ਜੇਕਰ ਤੁਹਾਨੂੰ ਦਿੱਕਤ ਨਾ ਹੋਵੇ ਤਾਂ ਆਓ, ਦੋਵੇਂ ਇੱਕ ਦੂਜੇ ਨਾਲ਼ ਖੁੱਲ੍ਹ ਕੇ ਗੱਲਾਂ ਕਰੀਏ। ਸਮਝ ਲਓ ਕਿ ਮੈਂ ਤੁਹਾਡਾ ਇੱਕ ਪਾਠਕ ਹਾਂ—ਇੱਕ ਵਿਲੱਖਣ ਕਿਸਮ ਦਾ ਪਾਠਕ ਜੋ ਇਹ ਜਾਨਣਾ ਚਾਹੁੰਦਾ ਹੈ ਕਿ ਕਿਵੇਂ ਤੇ ਕਿਸ ਮਕਸਦ ਲਈ ਕੋਈ ਕਿਤਾਬ ਲਿਖੀ ਗਈ ਹੈ— ਮਿਸਾਲ ਵਜੋਂ ਤੁਹਾਡੀ ਆਪਣੀ ਲਿਖੀ ਹੋਈ ਕਿਤਾਬ। ਕਹੋ, ਇਸ ਤਰ੍ਹਾਂ ਦੀ ਗੱਲਬਾਤ ਪਸੰਦ ਕਰੋਗੇ?

”ਉਹ, ਜ਼ਰੂਰ।” ਮੈਂ ਕਿਹਾ — ”ਮੈਨੂੰ ਖੁਸ਼ੀ ਹੋਵੇਗੀ। ਐਸੇ ਆਦਮੀ ਨਾਲ਼ ਗੱਲਬਾਤ ਕਰਨ ਦਾ ਮੌਕਾ ਰੋਜ਼-ਰੋਜ਼ ਨਹੀਂ ਮਿਲਦਾ।” ਪਰ ਮੈਂ ਇਹ ਝੂਠ ਕਿਹਾ। ਕਿਉਂਕਿ ਮੈਨੂੰ ਇਹ ਸਭ ਬੇਹੱਦ ਬੁਰਾ ਲੱਗ ਰਿਹਾ ਸੀ।

”ਆਖਿਰ ਉਸਦੀ ਮਨਸ਼ਾ ਕੀ ਹੈ?” ਮੈਂ ਸੋਚਿਆ— ”ਫਿਰ ਇਸ ਵਿੱਚ ਕੀ ਤੁਕ ਬਣਦੀ ਹੈ ਕਿ ਬਿਲਕੁਲ ਅਜਨਬੀ ਆਦਮੀ ਨਾਲ਼ ਆਪਣੀ ਇਸ ਅਚਾਨਕ ਹੋਈ ਮੁਲਾਕਾਤ ਨੂੰ ਲੈ ਕੇ ਇੱਕ ਵਾਦ-ਵਿਵਾਦ ਨੂੰ ਜਨਮ ਦਿੱਤਾ ਜਾਵੇ?”

ਫਿਰ ਵੀ ਮੈਂ ਉਸਦੇ ਨਾਲ਼-ਨਾਲ਼ ਚਲਦਾ ਰਿਹਾ — ਹੌਲ਼ੀ ਕਦਮਾਂ ਨਾਲ਼, ਸ਼ਿਸ਼ਟਾਚਾਰ ਦੇ ਨਾਤੇ ਅਜਿਹੀ ਮੁਦਰਾ ਬਣਾ ਕੇ ਜਿਵੇਂ ਕਿ ਮੈਂ ਉਸਦੀ ਗੱਲ, ਬੜੇ ਧਿਆਨ ਨਾਲ਼ ਸੁਣ ਰਿਹਾ ਹੋਵਾਂ ਅਤੇ ਇਹ — ਮੈਨੂੰ ਯਾਦ ਹੈ — ਇੱਕ ਮੁਸ਼ਕਿਲ ਕਾਰਜ ਸੀ। ਪਰ ਕਿਉਂਕਿ ਮੇਰਾ ਉਹ ਪ੍ਰਸੰਨ ਮੂਡ ਅਜੇ ਤੱਕ ਬਣਿਆ ਹੋਇਆ ਸੀ ਅਤੇ ਗੱਲਬਾਤ ਤੋਂ ਇਨਕਾਰ ਕਰਕੇ ਉਸ ਭਲੇ ਆਦਮੀ ਨੂੰ ਮੈਂ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਸੀ, ਇਸ ਲਈ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲੀ ਰੱਖਿਆ।

ਚੰਨ ਸਾਡੇ ਪਿੱਛੇ — ਪਿੱਠ ਵੱਲ— ਚਮਕ ਰਿਹਾ ਸੀ ਅਤੇ ਸਾਡੇ ਪ੍ਰਛਾਵੇਂ ਸਾਹਮਣੇ — ਅੱਗੇ ਵੱਲ – ਸੁੱਟ ਰਿਹਾ ਸੀ। ਉਹ ਮਿਲ਼ ਕੇ ਇੱਕ-ਮਿੱਕ ਹੋ ਗਏ ਸਨ— ਇੱਕ ਕਾਲ਼ਾ ਧੱਬਾ ਜੋ ਸਾਡੇ ਅੱਗੇ-ਅੱਗੇ ਬਰਫ਼ ਤੇ ਤਿਲਕ ਰਿਹਾ ਸੀ। ਉਸਨੂੰ ਦੇਖਦੇ ਸਮੇਂ ਮੈਨੂੰ ਲੱਗਿਆ ਜਿਵੇਂ ਮੇਰੇ ਦਿਲ ਵਿੱਚ ਕੋਈ ਅਜਿਹੀ ਸ਼ੈਅ ਉੱਭਰ ਅਤੇ ਲਹਿ-ਲਹਾ ਰਹੀ ਹੈ ਜੋ ਸਾਡੇ ਪਰਛਾਵਿਆਂ ਵਾਂਗ ਧੁੰਦਲੀ ਅਤੇ ਪਕੜ ਵਿੱਚ ਨਾ ਆਉਣ ਵਾਲ਼ੀ ਸੀ — ਇੱਕ ਅਜਿਹੀ ਸ਼ੈਅ, ਜੋ ਉਹਨਾਂ ਦੀ ਤਰ੍ਹਾਂ ਪੂਰੀ ਕੋਸ਼ਿਸ਼ ਨਾਲ਼ ਸਦਾ ਅੱਗੇ ਵਧਦੀ ਜਾਪਦੀ ਸੀ।

ਮੇਰਾ ਸਾਥੀ ਪਲ ਭਰ ਲਈ ਚੁੱਪ ਹੋ ਗਿਆ ਅਤੇ ਫਿਰ, ਉਸ ਆਦਮੀ ਦੇ ਵਿਸ਼ਵਾਸ ਨਾਲ਼ ਜੋ ਆਪਣੇ ਵਿਚਾਰਾਂ ਦਾ ਪੂਰੀ ਤਰ੍ਹਾਂ ਮਾਲਕ ਹੁੰਦਾ ਹੈ, ਉਸਨੇ ਕਿਹਾ—

”ਮਨੁੱਖੀ ਵਿਵਹਾਰ ਵਿੱਚ ਪਾਏ ਜਾਣ ਵਾਲ਼ੇ ਉਦੇਸ਼ਾਂ-ਇਰਾਦਿਆਂ ਤੋਂ ਵਧਕੇ ਵਿਲੱਖਣ ਅਤੇ ਮੱਹਤਵਪੂਰਨ ਚੀਜ਼ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ। ਤੁਸੀਂ ਇਹ ਮੰਨਦੇ ਹੋ ਨਾ?”

 ਮੈਂ ਸਿਰ ਹਿਲਾ ਕੇ ਹਾਮੀ ਭਰੀ।

 ”ਠੀਕ। ਤਾਂ ਆਓ, ਜ਼ਰਾ ਖੁੱਲ੍ਹ ਕੇ ਗੱਲਾਂ ਕਰੀਏ ਅਤੇ ਤੁਹਾਨੂੰ — ਆਪਣੀ ਇਸ ਜਵਾਨੀ ਦੇ ਰਹਿੰਦਿਆਂ — ਖੁੱਲ੍ਹ ਕੇ ਗੱਲ ਕਹਿਣ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ।”

 ”ਅਜੀਬ ਪੰਛੀ ਹੈ।” ਮੈਂ ਸੋਚਿਆ, ਪਰ ਉਸਦੇ ਸ਼ਬਦਾਂ ਨੇ ਮੈਨੂੰ ਉਲ਼ਝਾ ਲਿਆ ਸੀ।

”ਉਹ ਤਾਂ ਠੀਕ ਹੈ,” ਮੈਂ ਮੁਸਕੁਰਾਉਦਿਆਂ ਕਿਹਾ— ”ਪਰ ਅਸੀਂ ਗੱਲਾਂ ਕਿਸ ਚੀਜ਼ ਬਾਰੇ ਕਰਾਂਗੇ?”

ਪੁਰਾਣੇ ਜਾਣੂ ਵਾਂਗ ਉਹਨੇ ਗਹੁ ਨਾਲ਼ ਮੇਰੀਆਂ ਅੱਖਾਂ ਵਿੱਚ ਝਾਕਿਆ।

”ਸਾਹਿਤ ਦੇ ਮਕਸਦ ਬਾਰੇ,— ਕਿਉਂ ਠੀਕ ਹੈ ਨਾ?”

”ਚੰਗੀ ਗੱਲ ਹੈ। ਡਰ ਸਿਰਫ਼ ਏਹੀ ਹੈ ਕਿ ਦੇਰ ਕਾਫ਼ੀ ਹੋ ਗਈ ਹੈ….।”

”ਓਹ, ਤੁਹਾਡੇ ਲਈ ਅਜੇ ਦੇਰ ਨਹੀਂ ਹੋਈ।”

 ਮੈਂ ਦਹਿਲ ਗਿਆ। ਉਸਦੇ ਸ਼ਬਦਾਂ ਨੇ ਮੈਨੂੰ ਕੀਲ ਲਿਆ ਸੀ। ਐਨੀ ਗੰਭੀਰਤਾ ਨਾਲ਼ ਉਸਨੇ ਇਹਨਾਂ ਸ਼ਬਦਾਂ ਦਾ ਉਚਾਰਣ ਕੀਤਾ ਸੀ ਕਿ ਭਵਿੱਖ ਦਾ ਦਾਅਵਾ ਪ੍ਰਤੀਤ ਹੁੰਦੇ ਸਨ। ਮੈਂ ਦਹਿਲ ਗਿਆ, ਆਪਣੇ ਬੁੱਲ੍ਹਾਂ ‘ਤੇ ਇੱਕ ਸਵਾਲ ਲਈ, ਪਰ ਉਸਨੇ ਮੇਰੀ ਬਾਂਹ ਫੜੀ ਤੇ ਚੁੱਪਚਾਪ ਪਰ ਦ੍ਰਿੜ੍ਹਤਾ ਨਾਲ਼ ਅੱਗੇ ਵਧੀ ਗਿਆ।

”ਰੁਕੋ ਨਾ। ਮੇਰੇ ਨਾਲ਼ ਤੁਸੀਂ ਸਹੀ ਰਸਤੇ ‘ਤੇ ਹੋ।” ਉਸਨੇ ਕਿਹਾ — ”ਕਾਫ਼ੀ ਭੂਮਿਕਾ ਬੰਨ੍ਹ ਚੁੱਕੇ, ਮੈਨੂੰ ਹੁਣ ਇਹ ਦੱਸੋ — ਸਾਹਿਤ ਦਾ ਮਕਸਦ ਕੀ ਹੈ? ਤੁਸੀਂ ਉਸ ਲਕਸ਼ ਨੂੰ ਸਾਧਦੇ ਹੋ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।”

ਮੇਰੀ ਹੈਰਾਨੀ ਵਧਦੀ ਜਾ ਰਹੀ ਸੀ ਅਤੇ ਆਪਣੇ ਆਪ ਨੂੰ ਸੰਭਾਲ਼ੀ ਰੱਖਣ ਦਾ ਮੇਰਾ ਯਤਨ ਖਟਾਈ ਵਿੱਚ ਪੈਂਦਾ ਜਾ ਰਿਹਾ ਸੀ। ਆਖਿਰ ਇਹ ਆਦਮੀ ਮੈਥੋਂ ਚਾਹੁੰਦਾ ਕੀ ਹੈ? ਅਤੇ ਉਹ ਹੈ ਕੋਣ?

 ”ਦੇਖੋ,” ਮੈਂ ਕਿਹਾ — ”ਤੁਸੀਂ ਉਸਤੋਂ ਮੁਨਕਰ ਨਹੀਂ ਹੋ ਸਕਦੇ ਜੋ ਕਿ ਸਾਡੇ ਵਿਚਕਾਰ ਵਾਪਰ ਰਿਹਾ ਹੈ…”

”ਮੇਰਾ ਵਿਸ਼ਵਾਸ ਕਰੋ, ਇਹ ਐਵੇਂ ਹੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਬਿਨਾਂ ਕਾਰਨ ਇਸ ਦੁਨੀਆਂ ਵਿੱਚ ਕੋਈ ਵੀ ਘਟਨਾ ਨਹੀਂ ਵਾਪਰਦੀ। ਪਰ ਛੱਡੋ, ਹੁਣ ਜ਼ਰਾ ਜਲਦੀ ਕਰੀਏ — ਅੱਗੇ ਵਧਣ ਦੀ ਨਹੀਂ, ਸਗੋਂ ਡੂੰਘੇ ਉਤਰਨ ਦੀ।”

ਯਕੀਨਨ ਉਹ ਇੱਕ ਦਿਲਚਸਪ ਨਮੂਨਾ ਸੀ, ਪਰ ਮੈਂ ਉਸਤੋਂ ਖਿਝ ਗਿਆ। ਸਬਰ ਦਾ ਬੰਨ੍ਹ ਤੋੜ ਮੈਂ ਫਿਰ ਅੱਗੇ ਨੂੰ ਉਲਰਿਆ। ਪਰ ਉਹ ਵੀ ਪਿੱਛੇ ਨਾ ਰਿਹਾ। ਨਾਲ਼ ਆਉਂਦੇ ਹੋਏ ਸ਼ਾਂਤੀ ਨਾਲ਼ ਬੋਲਿਆ—

”ਮੈਂ ਸਮਝਦਾ ਹਾਂ। ਇੱਕ ਦਮ ਸਾਹਿਤ ਦੇ ਮਕਸਦ ਦੀ ਵਿਆਖਿਆ ਕਰਨਾ ਤੁਹਾਡੇ ਲਈ ਔਖਾ ਹੈ। ਸੋ ਮੈਂ ਹੀ ਇਸ ਦੀ ਕੋਸ਼ਿਸ਼ ਕਰ ਦਿਆਗਾਂ।”

ਉਸਨੇ ਇੱਕ ਡੂੰਘਾ ਸਾਹ ਭਰਿਆ ਅਤੇ ਮੁਸਕੁਰਾਉਂਦੇ ਹੋਏ ਅੱਖਾਂ  ਚੁੱਕ ਕੇ ਮੇਰੇ ਵੱਲ ਤੱਕਿਆ।

”ਸ਼ਾਇਦ ਤੁਸੀਂ ਮੇਰੀ ਗੱਲ ਨਾਲ਼ ਸਹਿਮਤ ਹੋਵੋਂ ਜੇ ਮੈਂ ਕਿਹਾ ਕਿ ਸਾਹਿਤ ਦਾ ਮਕਸਦ ਹੈ — ਖੁਦ ਨੂੰ ਜਾਨਣ ਵਿੱਚ ਮਨੁੱਖ ਦੀ ਮੱਦਦ ਕਰਨਾ, ਉਸਦੇ ਆਤਮ-ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣਾ ਅਤੇ ਸੱਚ ਨੂੰ ਖੋਜਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ, ਲੋਕਾਂ ਵਿੱਚ ਜੋ ਚੰਗਿਆਈ ਹੈ ਉਸਦਾ ਉਦਘਾਟਨ ਕਰਨਾ ਅਤੇ ਬੁਰਾਈਆਂ ਨੂੰ ਜੜ੍ਹ ਤੋਂ ਉਖਾੜ ਸੁੱਟਣਾ, ਲੋਕਾਂ ਦੇ ਦਿਲਾਂ ਵਿੱਚ ਸ਼ਰਮ, ਗੁੱਸੇ ਅਤੇ ਸਾਹਸ ਦੀ ਚਿੰਗਾਰੀ ਜਗਾਉਣਾ, ਉੱਚੇ ਉਦੇਸ਼ਾਂ ਲਈ ਸ਼ਕਤੀ ਬਟੋਰਨ ਵਿੱਚ ਉਹਨਾਂ ਦੀ ਮੱਦਦ ਕਰਨਾ ਅਤੇ ਸੁੰਦਰਤਾ ਦੀ ਪਵਿੱਤਰ ਭਾਵਨਾ ਨਾਲ਼ ਉਹਨਾਂ ਦੇ ਜੀਵਨ ਨੂੰ ਪ੍ਰਕਾਸ਼ਮਈ ਬਣਾਉਂਣਾ। ਤੇ ਇਹ ਹੈ ਮੇਰੀ ਵਿਆਖਿਆ ਸਪੱਸ਼ਟ ਹੈ ਕਿ ਇਹ ਇੱਕ ਖਾਕਾ ਮਾਤਰ ਅਤੇ ਅਧੂਰੀ ਹੈ ਤੁਸੀਂ ਇਸ ਵਿੱਚ ਜੀਵਨ ਨੂੰ ਨਿਖਾਰਨ ਵਾਲ਼ੀਆਂ ਹੋਰ ਚੀਜ਼ਾਂ ਵੀ ਜੋੜ ਸਕਦੇ ਹੋ। ਪਰ ਮੈਨੂੰ ਇਹ ਦੱਸੋ — ਕੀ ਤੁਸੀਂ ਇਸ ਨੂੰ ਮੰਨਦੇ ਹੋ?”

”ਹਾਂ” ਮੈਂ ਕਿਹਾ — ”ਘੱਟ ਜਾਂ ਵੱਧ ਇਹ ਸਹੀ ਹੈ। ਇਹ ਸਾਰੇ ਮੰਨਦੇ ਨੇ ਕਿ ਸਾਹਿਤ ਦਾ ਮਕਸਦ ਲੋਕਾਂ ਨੂੰ ਵਧੇਰੇ ਚੰਗਾ ਬਣਾਉਣਾ ਹੈ।”

 ”ਦੇਖੋ ਨਾ, ਕਿੰਨੇ ਉੱਚੇ ਲਕਸ਼ ਨੂੰ ਤੁਸੀਂ ਸਾਧਦੇ ਹੋ?” ਮੇਰੇ ਸਾਥੀ ਨੇ ਗੰਭੀਰਤਾ ਨਾਲ਼ ਜ਼ੋਰ ਦਿੰਦੇ ਹੋਏ ਕਿਹਾ ਅਤੇ ਫਿਰ ਆਪਣਾ ਉਹੀ ਤੇਜ਼ਾਬੀ ਹਾਸਾ ਹੱਸਣ ਲੱਗਿਆ— ਹੋ-ਹੋ-ਹੋ!”

 ”ਪਰ ਮੈਨੂੰ ਇਹ ਸਭ ਦੱਸਣ ਦਾ ਤੁਹਾਡਾ ਮਤਲਬ ਕੀ ਹੈ?” ਉਸਦੇ ਹਾਸੇ ਪ੍ਰਤੀ ਬੇਪਰਵਾਹੀ ਜਤਾਉਂਦਿਆਂ ਮੈਂ ਪੁਛਿਆ।

 ”ਤੁਸੀਂ ਖੁਦ ਕੀ ਸਮਝਦੇ ਹੋ?”

 ”ਇੱਕਦਮ ਸਾਫ਼ ਗੱਲ ਸੁਣਨਾ ਚਾਹੁੰਦੇ ਹੋ ਤਾਂ” ਮੈਂ ਕਹਿਣਾ ਸ਼ੁਰੂ ਕੀਤਾ ਅਤੇ ਕੋਈ ਅਜਿਹੀ ਗੱਲ ਸੋਚਣ ਲੱਗਾ, ਜੋ ਉਸ ਨੂੰ ਸਾੜ ਕੇ ਰੱਖ ਦੇਵੇ, ਪਰ ਅਜਿਹੀ ਗੱਲ ਮੈਨੂੰ ਮਿਲ਼ੀ ਨਹੀਂ। ਪਰ ਇੱਕ ਦਮ ਸਾਫ਼ ਗੱਲ ਕਹਿੰਦੇ ਕਿਸ ਨੂੰ ਨੇ? ਇਹ ਆਦਮੀ ਮੂਰਖ ਤਾਂ ਸੀ ਨਹੀਂ। ਉਸ ਤੋਂ ਕੀ ਇਹ ਲੁਕਿਆ ਹੋਵੇਗਾ ਕਿ ਇੱਕ ਆਦਮੀ ਕਿੰਨੀ ਤੇਜ਼ੀ ਨਾਲ਼ ਸਾਫ਼ ਗੱਲ ਦੀ ਹੱਦ ਤੱਕ ਪਹੁੰਚ ਜਾਂਦਾ ਹੈ ਅਤੇ ਕਿੰਨੀ ਈਰਖਾ ਨਾਲ਼ ਵਿਅਕਤੀ ਦੀ ਸਨਮਾਨ ਦੀ ਭਾਵਨਾ ਇਸ ਹੱਦ ਦੀ ਰੱਖਿਆ ਕਰਦੀ ਹੈ? ਮੈਂ ਆਪਣੇ ਸਾਥੀ ਦੀਆਂ ਅੱਖਾਂ ਵਿੱਚ ਝਾਕ ਕੇ ਵੇਖਿਆ ਤੇ ਉਸ ਦੀ ਮੁਸਕੁਰਾਹਟ ਨਾਲ਼ ਜਖਮੀ ਹੋ ਕੇ ਮੂੰਹ ਫੇਰ ਲਿਆ। ਕਿੰਨਾ ਵਿਅੰਗ ਅਤੇ ਨਫ਼ਰਤ ਭਰੀ ਸੀ ਉਸ ਵਿੱਚ। ਮੈਨੂੰ ਲੱਗਿਆ ਜਿਵੇਂ ਡਰ ਨੇ ਮੇਰੇ ਦਿਲ ਵਿੱਚ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੋਵੇ ਅਤੇ ਇਸ ਡਰ ਦੇ ਕਾਰਨ ਮੈਂ ਉੱਥੋਂ ਖਿਸਕਣਾ ਚਾਹੁਣ ਲੱਗਿਆ।

 ”ਅੱਛਾ ਤਾਂ ਅਲਵਿਦਾ” ਮੈਂ ਸੰਖੇਪ ਵਿੱਚ ਗੱਲ ਮੁਕਾਈ ਤੇ ਆਪਣਾ ਹੈਟ ਚੁੱਕ ਲਿਆ।

”ਪਰ ਕਿਉਂ?” ਉਹ ਹੈਰਾਨੀ ਨਾਲ਼ ਬੋਲਿਆ।

”ਵਿਵਹਾਰਕ ਮਜ਼ਾਕ ਮੈਨੂੰ ਇੱਕ ਹੱਦ ਤੱਕ ਹੀ ਚੰਗੇ ਲਗਦੇ ਨੇ।”

”ਤੇ, ਇਸ ਲਈ ਤੁਸੀਂ ਜਾ ਰਹੇ ਹੋ? ਚੰਗੀ ਗੱਲ ਹੈ, ਤੁਹਾਡੀ ਮਰਜ਼ੀ। ਪਰ ਜੇ ਤੁਸੀਂ ਇਸ ਸਮੇਂ ਮੈਨੂੰ ਛੱਡਕੇ ਚਲੇ ਗਏ ਤਾਂ ਆਪਾਂ ਫਿਰ ਕਦੇ ਨਹੀਂ ਮਿਲ ਸਕਾਂਗੇ।”

ਉਸਨੇ ‘ਕਦੇ ਨਹੀਂ’ ਸ਼ਬਦਾਂ ‘ਤੇ ਖਾਸ ਤੌਰ ਨਾਲ਼ ਜ਼ੋਰ ਦਿੱਤਾ, ਇਸ ਹੱਦ ਤੱਕ ਕਿ ਉਹ ਮਾਤਮੀ ਘੰਟੇ ਦੀ ਧੁਨੀ ਵਾਂਗ ਮੇਰੇ ਕੰਨਾਂ ਵਿੱਚ ਗੂੰਜ ਉੱਠੇ। ਮੈਂ ਇਹਨਾਂ ਸ਼ਬਦਾਂ ਨਾਲ਼ ਕਚਿਆਣ ਮਹਿਸੂਸ ਕਰਦਾ ਅਤੇ ਡਰਦਾ ਹਾਂ, ਮੈਨੂੰ ਇਹ ਠੰਡੇ ਅਤੇ ਭਾਰੀ ਜਾਪਦੇ ਹਨ, ਲੋਕਾਂ ਦੀਆਂ ਉਮੀਦਾਂ ਨੂੰ ਚਕਨਾਚੂਰ ਕਰਨ ਵਾਲ਼ੇ ਹਥੌੜੇ ਵਾਂਗ। ਸੋ ਮੇਰੇ ਪੈਰਾਂ ਵਿੱਚ ਉਸਨੇ ਬੇੜੀਆਂ ਜਿਹੀਆਂ ਪਾ ਦਿੱਤੀਆਂ ਤੇ ਮੈਂ ਰੁਕ ਗਿਆ।

 ”ਆਖਿਰ ਤੁਸੀਂ ਮੈਥੋਂ ਚਾਹੁੰਦੇ ਕੀ ਹੋ?” ਮੈਂ ਦੁੱਖ ਤੇ ਖਿਝ ਕਾਰਨ ਚੀਖ ਪਿਆ।

”ਬੈਠ ਜਾਓ” ਉਸਨੇ ਫਿਰ ਇੱਕ ਮਿੰਨਾ ਹਾਸਾ ਹੱਸਦੇ ਤੇ ਮੇਰਾ ਹੱਥ ਫੜਕੇ ਮੈਨੂੰ ਹੇਠਾਂ ਖਿੱਚਦੇ ਹੋਏ ਕਿਹਾ।

ਤਦ ਅਸੀਂ ਨਗਰ-ਬਾਗ ਦੇ ਇੱਕ ਗਲਿਆਰੇ ਵਿੱਚ ਸਾਂ। ਚਾਰੇ ਪਾਸੇ ਬਬੂਲ ਅਤੇ ਲਿਲਕ ਦੀਆਂ ਨੰਗੀਆਂ, ਬਰਫ਼ ਦੀ ਪਰਤ ਚੜੀਆਂ ਟਾਹਣੀਆਂ ਦਿਖਾਈ ਦੇ ਰਹੀਆਂ ਸਨ। ਉਹ ਚੰਨ ਦੀ ਰੌਸ਼ਨੀ ਵਿੱਚ ਲਿਸ਼ਕਦੀਆਂ ਮੇਰੇ ਸਿਰ ਦੇ ਉੱਪਰ ਵੀ ਛਾਈਆਂ ਹੋਈਆਂ ਸਨ ਅਤੇ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਇਹ ਕੜਕਦੀਆਂ ਟਾਹਣੀਆਂ, ਬਰਫ਼ ਦਾ ਕਵਚ ਪਹਿਨੀਂ, ਮੇਰੇ ਸੀਨੇ ਨੂੰ ਵਿੰਨ੍ਹ ਕੇ ਸਿੱਧੀਆਂ ਦਿਲ ਤੱਕ ਪਹੁੰਚ ਗਈਆਂ ਹੋਣ।

 ਮੈਂ ਬਿਨਾਂ ਕੋਈ ਸ਼ਬਦ ਕਹੇ ਆਪਣੇ ਸਾਥੀ ਵੱਲ ਦੇਖਿਆ। ਉਸਦੇ ਵਰਤਾਓ ਨੇ ਮੈਨੂੰ ਉਲਝਣ ਅਤੇ ਚੱਕਰ ਵਿੱਚ ਪਾ ਦਿੱਤਾ ਸੀ।

”ਇਸਦੇ ਦਿਮਾਗ ਦਾ ਕੋਈ ਪੁਰਜ਼ਾ ਢਿੱਲਾ ਲੱਗਦੈ,” ਮੈਂ ਸੋਚਿਆ ਅਤੇ ਉਸਦੇ ਵਰਤਾਓ ਦੀ ਇਸ ਵਿਆਖਿਆ ਨਾਲ਼ ਆਪਣੇ ਮਨ ਨੂੰ ਸੰਤੁਸ਼ਟੀ ਦੇਣ ਦੀ ਕੋਸ਼ਿਸ਼ ਕੀਤੀ।

”ਸ਼ਾਇਦ ਤੁਸੀਂ ਸੋਚਦੇ ਹੋ ਕਿ ਮੇਰਾ ਦਿਮਾਗ ਕੁਝ ਫਿਰ ਗਿਆ ਹੈ,” ਉਸਨੇ ਮੇਰੇ ਭਾਵਾਂ ਨੂੰ ਤਾੜਦੇ ਹੋਏ ਕਿਹਾ – ”ਪਰ ਅਜਿਹੇ ਖਿਆਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ। ਇਹ ਨੁਕਸਾਨਦੇਹ ਅਤੇ ਤੁਹਾਡੇ ਲਾਇਕ ਨਹੀਂ ਹੈ। ਬਜਾਏ ਇਸ ਦੇ ਕਿ ਅਸੀਂ ਉਸ ਆਦਮੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜੋ ਸਾਡੇ ਤੋਂ ਭਿੰਨ ਹੈ, ਇਸ ਬਹਾਨੇ ਦਾ ਆਸਰਾ ਲੈ ਕੇ ਅਸੀਂ ਕਿੰਨੀ ਜਲਦੀ ਛੁੱਟ ਜਾਣਾ ਚਾਹੁੰਦੇ ਹਾਂ। ਮਨੁੱਖ ਪ੍ਰਤੀ ਮਨੁੱਖ ਦੀ ਦੁਖਦਾਈ ਉਦਾਸੀਨਤਾ ਦਾ ਇਹ ਇੱਕ ਬਹੁਤ ਹੀ ਪ੍ਰਤੱਖ ਪ੍ਰਮਾਣ ਹੈ।”

”ਓਹ, ਠੀਕ ਹੈ,” ਮੈਂ ਕਿਹਾ। ਮੇਰੀ ਖਿਝ ਲਗਾਤਾਰ ਵਧਦੀ ਜਾ ਰਹੀ ਸੀ – ”ਪਰ ਮਾਫ ਕਰਨਾ, ਮੈਂ ਹੁਣ ਚੱਲਾਂਗਾ। ਕਾਫ਼ੀ ਸਮਾਂ ਹੋ ਗਿਆ।”

”ਜਾਓ,” ਆਪਣੇ ਮੋਢੇ ਸੁੰਗੇੜਦਿਆਂ ਉਸਨੇ ਕਿਹਾ— ”ਜਾਓ, ਪਰ ਇਹ ਜਾਣ ਲਓ ਕਿ ਤੁਸੀਂ ਖੁਦ ਆਪਣੇ ਤੋਂ ਭੱਜ ਰਹੇ ਹੋ।” ਉਸਨੇ ਮੇਰਾ ਹੱਥ ਛੱਡ ਦਿੱਤਾ ਤੇ ਮੈਂ ਉੱਥੋਂ ਚੱਲ ਪਿਆ।

ਉਹ ਬਾਗ ਵਿੱਚ ਹੀ ਟਿੱਲੇ ਤੇ ਰੁਕ ਗਿਆ। ਉਥੋਂ ਵੋਲਗਾ ਦਿਖਾਈ ਪੈਂਦੀ ਸੀ ਜਿਸ ਨੇ ਹੁਣ ਤੱਕ ਬਰਫ਼ ਦੀ ਚਾਦਰ ਤਾਣੀ ਹੋਈ ਸੀ ਅਤੇ ਇੰਝ ਜਾਪਦਾ ਸੀ ਜਿਵੇਂ ਬਰਫ਼ ਦੀ ਉਸ ਚਾਦਰ ਉੱਪਰ ਸੜਕਾਂ ਦੇ ਕਾਲ਼ੇ ਫੀਤੇ ਟੰਗੇ ਹੋਣ। ਸਾਹਮਣੇ ਦੂਰ ਤੱਟ ਦੇ ਖਾਮੋਸ਼ ਅਤੇ ਉਦਾਸੀ ਵਿੱਚ ਡੁੱਬੇ ਹੋਏ ਚੌੜੇ ਮੈਦਾਨ ਫੈਲੇ ਹੋਏ ਸਨ। ਉਹ ਹਿੱਲਿਆ ਨਾ ਅਤੇ ਉੱਥੇ ਪਏ ਬੈਂਚਾਂ ਵਿੱਚੋਂ ਇੱਕ ਤੇ ਬੈਠਾ ਸੁੰਨੇ ਮੈਦਾਨਾਂ ਵੱਲ ਵੇਖਦਾ ਰਿਹਾ। ਪਰ ਮੈਂ – ਆਪਣੇ ਦਿਲ ਦੀ ਇਸ ਪੂਰਵਚੇਤਨਾ ਦੇ ਬਾਵਜੂਦ ਕਿ ਮੈਂ ਉਸ ਨੂੰ ਛੱਡ ਨਹੀਂ ਸਕਦਾ – ਉੱਥੋਂ ਚੱਲ ਪਿਆ। ਅਤੇ ਮੈਂ, ਬਾਗ ਦੇ ਗਲਿਆਰਿਆਂ ਵਿੱਚ ਚੱਲਦੇ-ਚੱਲਦੇ ਸੋਚਣ ਲੱਗਾ – ”ਆਪਣੇ ਕਦਮਾਂ ਨੂੰ ਤੇਜ਼ ਕਰਨਾ ਜ਼ਿਆਦਾ ਠੀਕ ਹੋਵੇਗਾ ਜਾਂ ਹੌਲੀ ਕਰਨਾ, ਜਿਸ ਨਾਲ਼ ਕਿ ਉਸਨੂੰ — ਉਸ ਆਦਮੀ ਨੂੰ ਜੋ ਉੱਥੇ ਬੈਂਚ ‘ਤੇ ਬੈਠਾ ਹੈ — ਇਹ ਪਤਾ ਲੱਗ ਜਾਏ ਕਿ ਮੈਨੂੰ ਉਸਦੀ ਜਰਾ ਵੀ ਪ੍ਰਵਾਹ ਨਹੀਂ ਹੈ?”

ਸੀਟੀ ਦੀ ਆਵਾਜ਼ ਵਿੱਚ, ਹੌਲ਼ੀ-ਹੌਲ਼ੀ ਉਹ ਇੱਕ ਜਾਣੇ-ਪਹਿਚਾਣੇ ਗੀਤ ਦੀ ਧੁਨ ਗੁਣਗੁਣਾ ਰਿਹਾ ਸੀ। ਉਹ ਇੱਕ ਉਦਾਸ ਅਤੇ ਮਜ਼ੇਦਾਰ ਗੀਤ ਸੀ ਜਿਸ ਵਿੱਚ ਇੱਕ ਅੰਨ੍ਹਾ ਦੂਸਰੇ ਅੰਨ੍ਹੇ ਨੂੰ ਰਾਹ ਦਿਖਾਉਣ ਦਾ ਕੰਮ ਕਰਦਾ ਹੈ। ਮੈਨੂੰ ਇਹ ਬੜਾ ਅਜੀਬ ਲੱਗਿਆ ਕਿ ਉਸਨੇ ਠੀਕ ਇਸੇ ਗੀਤ ਨੂੰ ਕਿਉਂ ਚੁਣਿਆ।

ਅਤੇ ਤਦ, ਅਚਾਨਕ ਮੈਂ ਅਨੁਭਵ ਕੀਤਾ ਕਿ ਉਸੇ ਪਲ ਤੋਂ, ਜਦ ਉਸ ਛੋਟੇ ਜਿਹੇ ਆਦਮੀ ਨਾਲ਼ ਮੇਰੀ ਮੁਲਾਕਾਤ ਹੋਈ ਸੀ, ਮੈਂ ਵਿਲੱਖਣ ਅਤੇ ਅਸਧਾਰਣ ਭਾਵਨਾਵਾਂ ਦੇ ਇੱਕ ਹਨ੍ਹੇਰੇ ਏੜ-ਗੇੜ ਵਿੱਚ ਭਟਕ ਰਿਹਾ ਸਾਂ। ਉਹ ਸ਼ਾਂਤ ਅਨੰਦ ਜਿਸਦੀ ਹੁਣੇ ਕੁਝ ਦੇਰ ਪਹਿਲਾਂ ਤੱਕ ਮੇਰਾ ਮਨ ਵਰਤੋਂ ਕਰ ਰਿਹਾ ਸੀ, ਹੁਣ ਸ਼ੱਕ ਦੀ ਧੁੰਦ ਵਿੱਚ ਲਿਪਟ ਗਿਆ ਸੀ। ਇੰਜ ਲੱਗਦਾ ਸੀ ਜਿਵੇਂ ਕੋਈ ਦੁਖਦਾਈ ਅਤੇ ਬਹੁਤ ਭਾਰੀ ਘਟਨਾ ਵਾਪਰਨ ਵਾਲ਼ੀ ਹੋਵੇ।

 ਮੈਨੂੰ ਉਸ ਗੀਤ ਦੇ ਬੋਲ ਯਾਦ ਆ ਗਏ ਜਿਹਨੂੰ ਉਹ ਸੀਟੀ ਦੀ ਆਵਾਜ਼ ਵਿੱਚ ਗੁਣਗੁਣਾ ਰਿਹਾ ਸੀ—

ਸਾਨੂੰ ਕੀ ਰਾਹ ਦਿਖਾਉਂਗੇ?

 ਭਟਕ ਜਾਂਦੇ ਹੋ ਜਦੋਂ ਕਿ ਤੁਸੀਂ ਖੁਦ।

 ਮੈਂ ਘੁੰਮ ਕੇ ਉਸਦੇ ਵੱਲ ਦੇਖਿਆ। ਆਪਣੀ ਕੂਹਣੀ ਨੂੰ ਗੋਡੇ ਉੱਤੇ ਅਤੇ ਠੋਡੀ ਨੂੰ ਹਥੇਲੀ ਉੱਤੇ ਟਿਕਾ ਕੇ, ਸੀਟੀ ਦੀ ਅਵਾਜ਼ ਵਿੱਚ ਗੁਣਗੁਣਾਉਂਦੇ, ਉਸਨੇ ਮੇਰੇ ਵੱਲ ਹੀ ਨਜ਼ਰਾਂ ਟਿਕਾਈਆਂ ਹੋਈਆਂ ਸਨ ਅਤੇ ਚਾਨਣੀ ਨਾਲ਼ ਚਮਕਦੇ ਉਸਦੇ ਚਿਹਰੇ ਉੱਤੇ ਉਸਦੀਆਂ ਨਿੱਕੀਆਂ ਕਾਲ਼ੀਆਂ ਮੁੱਛਾਂ ਫੜ੍ਹਕ ਰਹੀਆਂ ਸਨ। ਮੈਨੂੰ ਲੱਗਿਆ ਜਿਵੇ ਉਹ ਹੋਣਹਾਰ ਹੈ, ਤੇ ਮੈਂ ਉਹਦੇ ਕੋਲ਼ ਵਾਪਸ ਜਾਣ ਦਾ ਇਰਾਦਾ ਕਰ ਲਿਆ। ਤੇਜ਼ ਕਦਮਾਂ ਨਾਲ਼ ਮੈਂ ਉੱਥੇ ਪਹੁੰਚਿਆ ਅਤੇ ਉਸਦੇ ਬਰਾਬਰ ਬੈਠ ਗਿਆ।

”ਦੇਖੋ, ਜੇ ਅਸੀਂ ਗੱਲ ਕਰਨੀ ਹੀ ਹੈ ਤਾਂ ਸਿੱਧੇ-ਸਾਦੇ ਢੰਗ ਨਾਲ਼ ਕਰਨੀ ਚਾਹੀਦੀ ਹੈ।” ਮੈਂ ਜੋਸ਼ ਨਾਲ਼ ਪਰ ਖੁਦ ਨੂੰ ਸੰਭਾਲਦੇ ਹੋਏ ਕਿਹਾ।

”ਲੋਕਾਂ ਨੂੰ ਹਮੇਸ਼ਾਂ ਸਿੱਧੇ ਸਾਦੇ ਢੰਗ ਨਾਲ਼ ਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ।” ਉਸਨੇ ਸਿਰ ਹਿਲਾਉਂਦੇ ਹੋਏ ਮੰਨਿਆ।

”ਮੈਂ ਜਾਣਦਾ ਹਾਂ ਕਿ ਮੈਨੂੰ ਪ੍ਰਭਾਵਿਤ ਕਰਨ ਦੀ ਇੱਕ ਸ਼ਕਤੀ ਤੁਹਾਡੇ ਵਿੱਚ ਮੌਜੂਦ ਹੈ ਅਤੇ ਇਹ ਵੀ ਸਾਫ ਹੈ ਕਿ ਤੁਸੀਂ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ। ਕਿਉਂ, ਮੈਂ ਠੀਕ ਕਹਿੰਦਾ ਹਾਂ ਨਾ?”

”ਚਲੋ, ਤੁਸੀਂ ਮੇਰੀ ਗੱਲ ਸੁਣਨ ਦਾ ਹੌਸਲਾ ਤਾਂ ਪ੍ਰਗਟ ਕੀਤਾ,” ਉਸਨੇ ਹੱਸਦੇ ਹੋਏ ਕਿਹਾ। ਪਰ ਇਸ ਵਾਰ ਉਸਦਾ ਹਾਸਾ ਚੁਭਵਾਂ ਨਹੀਂ ਸੀ ਅਤੇ ਮੈਨੂੰ ਤਾਂ ਉਸ ਵਿੱਚ ਆਨੰਦ ਦੀ ਝਲਕ ਤੱਕ ਦਾ ਅਨੁਭਵ ਹੋਇਆ।

”ਹਾਂ ਤਾਂ ਹੁਣ ਆਪਣੀ ਗੱਲ ਸ਼ੁਰੂ ਕਰੋ,” ਮੈਂ ਕਿਹਾ — ”ਅਤੇ ਜੇ ਹੋ ਸਕੇ ਤਾਂ ਆਪਣੇ ਅਜੀਬ ਰੰਗ-ਢੰਗ ਨੂੰ ਜਰਾ ਲਾਂਭੇ ਹੀ ਰੱਖਣਾ।”

”ਓਹ, ਬੜੀ ਖੁਸ਼ੀ ਨਾਲ਼।” ਉਸਨੇ ਕਿਹਾ — ”ਪਰ ਇਹ ਤੁਹਾਨੂੰ ਵੀ ਮੰਨਣਾ ਪਏਗਾ ਕਿ ਆਪਣੇ ਉਸ ਢੰਗ ਤੋਂ ਕੰਮ ਲਏ ਬਿਨਾਂ ਮੈਂ ਤੁਹਾਡਾ ਧਿਆਨ ਨਹੀਂ ਸੀ ਖਿੱਚ ਸਕਦਾ। ਅੱਜਕੱਲ੍ਹ ਸਿੱਧੀਆਂ-ਸਾਦੀਆਂ ਤੇ ਸਾਫ਼ ਗੱਲਾਂ ਨੂੰ ਬੇਹੱਦ ਨੀਰਸ ਅਤੇ ਰੁੱਖੀਆਂ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਵਿਚਲੀ ਗੱਲ ਤਾਂ ਇਹ ਹੈ ਕਿ ਅਸੀਂ ਖੁਦ ਠੰਢੇ ਅਤੇ ਕਠੋਰ ਹੋ ਗਏ ਹਾਂ ਅਤੇ ਇਸੇ ਲਈ ਅਸੀਂ ਕਿਸੇ ਵੀ ਚੀਜ਼ ਵਿੱਚ ਨਿੱਘ ਜਾਂ ਕੋਮਲਤਾ ਲਿਆਉਣ ਵਿੱਚ ਅਸਮਰੱਥ ਰਹਿੰਦੇ ਹਾਂ। ਅਸੀਂ ਘਟੀਆਂ ਕਲਪਨਾਵਾਂ ਅਤੇ ਦਿਨ-ਦੀਵੀ ਸੁਪਨਿਆਂ ਵਿੱਚ ਖੋਏ ਅਤੇ ਆਪਣੇ ਆਪ ਨੂੰ ਕੁਝ ਅਜੀਬ ਅਤੇ ਅਨੋਖਾ ਜਤਾਉਣਾ ਚਾਹੁੰਦੇ ਹਾਂ। ਕਿਉਂਕਿ ਜਿਸ ਜੀਵਨ ਦੀ ਅਸੀਂ ਰਚਨਾ ਕੀਤੀ ਹੈ, ਉਹ ਨੀਰਸ, ਬੇਰੰਗ ਅਤੇ ਅਕਾ ਦੇਣ ਵਾਲ਼ਾ ਹੈ। ਜਿਸ ਜੀਵਨ ਨੂੰ ਅਸੀਂ ਕਦੇ ਐਨੀ ਲਗਨ ਅਤੇ ਜੋਸ਼ ਨਾਲ਼ ਬਦਲਣ ਤੁਰੇ ਸੀ, ਉਹਨੇ ਸਾਨੂੰ ਕੁਚਲ ਅਤੇ ਤੋੜ ਦਿੱਤਾ ਹੈ। ਅਜਿਹੇ ਹਾਲਾਤ ਜਦੋਂ ਸਾਹਮਣੇ ਹੋਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਏਹੀ ਅਸੀਂ ਦੇÎਖਣਾ ਹੈ। ਹੋ ਸਕਦਾ ਹੈ ਕਿ ਕਲਪਣਾ, ਕੇਵਲ ਕੁਝ ਚਿਰ ਲਈ ਹੀ ਸਹੀ, ਮਨੁੱਖ ਨੂੰ ਇਸ ਦੁਨੀਆਂ ਤੋਂ ਉੱਪਰ ਉੱਠਣ ਅਤੇ ਉਸ ਵਿੱਚ ਆਪਣੀ ਗੁਆਚੀ ਹੋਈ ਜਗ੍ਹਾ ਦੀ ਥਾਹ ਪਾਉਣ ਵਿੱਚ ਮੱਦਦ ਕਰੇ। ਉਹ ਹੁਣ ਧਰਤੀ ਦਾ ਮਾਲਿਕ ਨਹੀਂ ਰਿਹਾ, ਸਗੋਂ ਉਸਦਾ ਮਹਿਜ਼ ਇੱਕ ਦਾਸ ਬਣ ਕੇ ਰਹਿ ਗਿਆ ਹੈ। ਉਹ ਖੁਦ ਆਪਣੇ ਸਿਰਜੇ ਹੋਏ ਤੱਤਾਂ ਦੀ ਪੂਜਾ ਕਰਦਾ ਹੈ, ਉਸ ਤੋਂ ਸਿੱਟੇ ਕੱਢਦਾ ਹੈ ਅਤੇ ਫਿਰ ਆਪਣੇ ਆਪ ਨੂੰ ਕਹਿੰਦਾ ਹੈ – ”ਦੇਖੋ, ਇਹ ਹੈ ਅਟੱਲ ਕਨੂੰਨ।” ਅਤੇ ਇਸ ਕਨੂੰਨ ਦੇ ਅੱਗੇ ਸਿਰ ਝੁਕਾਉਂਦੇ ਸਮੇਂ ਉਹ ਨਹੀਂ ਜਾਣਦਾ ਕਿ ਅਜਿਹਾ ਕਰਕੇ ਉਸਨੇ ਆਪਣੇ ਰਸਤੇ ਵਿੱਚ ਇੱਕ ਕੰਧ ਖੜੀ ਕਰ ਲਈ ਹੈ। ਜੋ ਉਸ ਨੂੰ ਅਜ਼ਾਦੀ ਨਾਲ਼ ਜੀਵਨ ਨੂੰ ਬਦਲਣ ਤੋਂ ਰੋਕੇਗੀ, ਉਸਦੇ ਉਸ ਸੰਘਰਸ਼ ਵਿੱਚ ਰੁਕਾਵਟ ਹੋਵੇਗੀ ਜਿਹੜਾ ਕਿ ਉਹ ਕੰਧਾਂ ਨੂੰ ਢਾਹੁਣ ਦੇ ਆਪਣੇ ਹੱਕ ਲਈ ਕਰਨਾ ਚਾਹੁੰਦਾ ਹੈ ਤਾਂ ਕਿ ਨਵੇਂ ਦੀ ਉਸਾਰੀ ਕੀਤੀ ਜਾ ਸਕੇ ਅਤੇ ਸੱਚ ਤਾਂ ਇਹ ਹੈ ਕਿ ਉਹ ਹੁਣ ਸੰਘਰਸ਼ ਦਾ ਨਾਮ ਤੱਕ ਨਹੀਂ ਲੈਂਦਾ, ਸਗੋਂ ਸਿਰਫ਼ ਹਾਲਾਤਾਂ ਦੇ ਨਾਲ਼ ਆਪਣੀ ਪਟੜੀ ਬਣਾਉਣ ਦੀ — ਉਹਨਾਂ ਦੇ ਅਨੁਸਾਰ ਖੁਦ ਨੂੰ ਢਾਲਣ ਦੀ – ਕੋਸ਼ਿਸ਼ ਕਰਦਾ ਹੈ। ਉਹ ਸੰਘਰਸ਼ ਕਿਉਂ ਕਰੇ? ਉਹ ਆਦਰਸ਼ ਕਿੱਥੇ ਨੇ ਜੋ ਉਸ ਨੂੰ ਬਹਾਦਰੀ ਭਰੇ ਕਾਰਨਾਮਿਆਂ ਦੀ ਪ੍ਰੇਰਣਾ ਦੇਣ? ਇਸ ਲਈ ਜੀਵਨ ਨੀਰਸ ਅਤੇ ਅਣ-ਆਕਰਸ਼ਕ ਬਣ ਗਿਆ ਹੈ ਅਤੇ ਕੁਝ ਲੋਕ ਹਨ ਜੋ ਅੱਖਾਂ ਮੀਟਕੇ ਕਿਸੇ ਅਜਿਹੀ ਸ਼ੈਅ ਨੂੰ ਟੋਂਹਦੇ ਹਨ ਜੋ ਉਹਨਾਂ ਦੇ ਦਿਮਾਗਾਂ ਵਿੱਚ ਖੰਭ ਲਾ ਕੇ ਉਹਨਾਂ ਨੂੰ ਆਸਮਾਨ ਵਿੱਚ ਉੱਡਣ ਦੇ ਲਾਇਕ ਬਣਾ ਦੇਵੇ ਅਤੇ ਇਸ ਤਰ੍ਹਾਂ ਉਹਨਾਂ ਦੇ ਆਪਣੇ ਆਤਮ ਵਿਸ਼ਵਾਸ ਨੂੰ ਫਿਰ ਤੋਂ ਜਗਾ ਦੇਵੇ। ਪਰ ਹੁੰਦਾ ਅਕਸਰ ਇਹ ਹੈ ਕਿ ਅਜਿਹੇ ਲੋਕ ਉਸ ਜਗ੍ਹਾ ਤੋਂ ਦੂਰ ਭਟਕ ਜਾਂਦੇ ਨੇ, ਜਿੱਥੇ ਰੱਬ ਨਿਵਾਸ ਕਰਦਾ ਹੈ ਅਤੇ ਜਿੱਥੇ ਸਮੁੱਚੀ ਮਨੁੱਖਤਾ ਨੂੰ ਇੱਕ ਜੁੱਟ ਕਰਨ ਵਾਲ਼ੇ ਸਦੀਵੀ ਸੱਚ ਦੀ ਖਾਣ ਮੌਜੂਦ ਹੈ। ਸੱਚਾਈ ਦੇ ਰਾਹ ਤੋਂ ਉਹ ਭਟਕ ਗਏ। ਉਹਨਾਂ ਦਾ ਵਿਨਾਸ਼ ਨਿਸ਼ਚਿਤ ਹੈ। ਮਰਨ ਦਿਓ ਉਹਨਾਂ ਨੂੰ। ਉਹਨਾਂ ਵਿੱਚ ਨਾ ਤਾਂ ਕੋਈ ਦਖਲ ਦੇਣ ਦੀ ਲੋੜ ਹੈ, ਨਾ ਹੀ ਉਹਨਾਂ ਤੇ ਵਿਅਰਥ ਆਪਣਾ ਤਰਸ ਦਿਖਾਉਣ ਦੀ। ਇਹੀ ਕਰਨਾ ਹੈ ਤਾਂ ਹੋਰ ਲੋਕ ਮੌਜੂਦ ਹਨ, ਸਾਰੀ ਦੁਨੀਆਂ ਉਹਨਾਂ ਨਾਲ਼ ਭਰੀ ਪਈ ਹੈ। ਪਰ ਮਹੱਤਵਪੂਰਣ ਗੱਲ ਹੈ ਰੱਬ ਨੂੰ ਖੋਜਣ, ਪਾਉਣ ਦੀ ਇੱਛਾ ਅਤੇ ਜਦੋਂ ਤੱਕ ਰੱਬ ਨਾਲ਼ ਲਿਵ ਲਾਉਣ ਵਾਲ਼ੀਆਂ ਆਤਮਤਾਵਾਂ ਮੌਜੂਦ ਹਨ, ਉਹ ਉਹਨਾਂ ਨੂੰ ਆਪਣਾ ਅੰਸ਼ ਪ੍ਰਦਾਨ ਕਰੇਗਾ ਅਤੇ ਉਹਨਾਂ ਦਾ ਸਾਥ ਦੇਵੇਗਾ, ਕਿਉਂਕਿ ਉਹ ਪੂਰਨਤਾ ਲਈ ਕੀਤੇ ਜਾ ਰਹੇ ਸਦੀਵੀ ਯਤਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਕਿਉਂ, ਮੈਂ ਠੀਕ ਕਹਿੰਦਾ ਹਾਂ ਨਾ?”

”ਹਾਂ,” ਮੈਂ ਕਿਹਾ— ”ਤੁਹਾਡਾ ਕਹਿਣਾ ਠੀਕ ਹੈ।”

”ਤੁਸੀਂ ਬੜੀ ਜਲਦੀ ਗੋਡੇ ਟੇਕ ਦਿੰਦੇ ਹੋ।” ਤਿੱਖਾ ਹਾਸਾ ਹੱਸਦਿਆਂ ਮੇਰੇ ਵਿਰੋਧੀ ਨੇ ਫਿਕਰਾ ਕਸਿਆ। ਇਸ ਤੋਂ ਬਾਅਦ ਉਹ ਚੁੱਪ ਹੋ ਗਿਆ ਅਤੇ ਉਸਦੀ ਨਜ਼ਰ ਖਲਾਅ ਵਿੱਚ ਗੁਆਚ ਗਈ। ਉਹ ਏਨੀ ਦੇਰ ਤੱਕ ਚੁੱਪ ਰਿਹਾ ਕਿ ਅੱਕ ਕੇ ਮੈਂ ਇੱਕ ਲੰਮਾ ਸਾਹ ਛੱਡਿਆ। ਇਸਤੇ — ਉਹਦੀਆਂ ਨਜ਼ਰਾਂ ਅਜੇ ਵੀ ਖਲਾਅ ਵਿੱਚ ਭਟਕ ਰਹੀਆਂ ਸਨ — ਉਸਨੇ ਕਿਹਾ –

”ਤੁਹਾਡਾ ਰੱਬ ਕੌਣ ਹੈ?”

ਹੁਣ ਤੱਕ ਉਹ ਨਾਜ਼ੁਕ ਅਤੇ ਕੋਮਲ ਅਵਾਜ਼ ਵਿੱਚ ਬੋਲ ਰਿਹਾ ਸੀ ਅਤੇ ਉਸਨੂੰ ਸੁਣਨਾ ਚੰਗਾ ਲਗਦਾ ਸੀ। ਸੋਚ-ਵਿਚਾਰ ਦੇ ਆਦੀ ਸਾਰੇ ਲੋਕਾਂ ਵਾਂਗ ਉਹ ਵੀ ਕੁਝ ਉਦਾਸੀ ਵਿੱਚ ਡੁੱਬਿਆ ਹੋਇਆ ਸੀ। ਮੈਂ ਉਹਦੇ ਵੱਲ ਖਿੱਚਿਆ ਗਿਆ, ਮੈਂ ਉਸਨੂੰ ਸਮਝਿਆ ਤੇ ਮੇਰੀ ਉਹ ਖਿਝ ਗਾਇਬ ਹੋ ਗਈ। ਪਰ ਉਸਨੇ ਇੱਕ ਅਜਿਹੇ ਘਾਤਕ ਸਵਾਲ ਨੂੰ ਕੱਢ ਕੇ ਬਾਹਰ ਕਿਉਂ ਰੱਖਿਆ, ਜਿਹਦਾ ਜਵਾਬ ਦੇਣ ਵਿੱਚ ਸਾਡੇ ਸਮੇਂ ਦਾ ਕੋਈ ਵੀ ਆਦਮੀ, ਜੋ ਆਪਣੇ ਪ੍ਰਤੀ ਇਮਾਨਦਾਰੀ ਵਰਤਣਾ ਚਾਹੁੰਦਾ ਹੈ, ਔਖ ਮਹਿਸੂਸ ਕਰੇਗਾ? ਮੇਰਾ ਰੱਬ ਕੌਣ ਹੈ? ਉਹ, ਕਾਸ਼ ਮੈਂ ਇਹ ਜਾਣਦਾ ਹੁੰਦਾ!

ਮੈਂ ਹਾਰ ਗਿਆ ਅਤੇ ਸੱਚ ਤਾਂ ਇਹ ਹੈ ਕਿ – ਮੇਰੀ ਜਗ੍ਹਾ ਜੇ ਕੋਈ ਹੋਰ ਵੀ ਹੁੰਦਾ ਤਾਂ ਕੀ ਉਹ ਖੁਦ ਨੂੰ ਸੰਭਾਲ਼ੀ ਰੱਖਦਾ? ਹੁਣ ਉਸਨੇ ਆਪਣੀ ਤਿੱਖੀ ਨਜ਼ਰ ਮੇਰੇ ਉੱਤੇ ਗੱਡ ਦਿੱਤੀ ਅਤੇ ਮੁਸਕੁਰਾਉਂਦਾ ਹੋਇਆ ਮੇਰੇ ਜਵਾਬ ਦੀ ਉਡੀਕ ਕਰਨ ਲੱਗਿਆ।

”ਜੇਕਰ ਤੁਹਾਡੇ ਕੋਲ਼ ਇਸ ਸਵਾਲ ਦਾ ਜਵਾਬ ਹੁੰਦਾ ਤਾਂ ਤੁਸੀਂ ਐਨਾ ਸਮਾਂ ਨਾ ਲੈਂਦੇ। ਆਪਣੇ ਸਵਾਲ ਨੂੰ ਜੇ ਮੈਂ ਇਸ ਤਰ੍ਹਾਂ ਰੱਖਾਂ ਤਾਂ ਸ਼ਾਇਦ ਤੁਸੀਂ ਕੁਝ ਜਵਾਬ ਦੇ ਸਕੋ – ਤੁਸੀਂ ਲੇਖਕ ਹੋ ਅਤੇ ਤੁਸੀਂ ਜੋ ਲਿਖਦੇ ਹੋ ਉਸ ਨੂੰ ਹਜ਼ਾਰਾਂ ਲੋਕ ਪੜ੍ਹਦੇ ਨੇ। ਤੁਸੀਂ ਕਿਸ ਚੀਜ਼ ਦਾ ਪ੍ਰਚਾਰ ਕਰ ਰਹੇ ਹੋ? ਅਤੇ ਕੀ ਤੁਸੀਂ ਕਦੇ ਆਪਣੇ ਤੋਂ ਇਹ ਪੁੱਛਿਆ ਹੈ ਕਿ ਦੂਸਰਿਆਂ ਨੂੰ ਸਿੱਖਿਆ ਦੇਣ ਦਾ ਤੁਹਾਨੂੰ ਕੀ ਅਧਿਕਾਰ ਹੈ?”

ਜੀਵਨ ਵਿੱਚ ਪਹਿਲੀ ਵਾਰ ਮੈਂ ਆਪਣੀ ਆਤਮਾ ਨੂੰ ਟਟੋਲਿਆ, ਉਸ ਨੂੰ ਜਾਂਚਿਆ-ਪਰਖਿਆ ਇਸ ਤੋਂ ਕੋਈ ਇਹ ਨਾ ਸੋਚੇ ਕਿ ਲੋਕਾਂ ਦਾ ਧਿਆਨ ਖਿੱਚਣ ਲਈ ਮੈਂ ਆਪਣੇ ਆਪ ਨੂੰ ਵੱਡਾ ਜਾਂ ਗਿਰਿਆ ਹੋਇਆ ਦਿਖਾਉਣ ਦਾ ਯਤਨ ਕਰ ਰਿਹਾ ਹਾਂ – ਨਹੀਂ, ਭਿਖਾਰੀਆਂ ਤੋਂ ਭੀਖ ਨਹੀਂ ਮੰਗੀ ਜਾਂਦੀ। ਅਤੇ ਮੈਂ ਦੇਖਿਆ ਕਿ ਉਦਾਰ ਭਾਵਨਾਵਾਂ ਅਤੇ ਇੱਛਾਵਾਂ ਦੀ ਮੇਰੇ ਵਿੱਚ ਘਾਟ ਹੋਵੇ, ਅਜਿਹਾ ਨਹੀਂ ਹੈ, ਮੇਰੇ ਵਿੱਚ ਵੀ ਮੇਰੇ ਹਿੱਸੇ ਦੇ ਉਹ ਗੁਣ ਮੌਜੂਦ ਹਨ ਜੋ ਆਮ ਤੌਰ ‘ਤੇ ਚੰਗੇ ਗੁਣ ਕਹੇ ਜਾਂਦੇ ਹਨ। ਪਰ ਉਹ ਖਿÎੰਡੇ ਹੋਏ ਸੀ, ਕਿਸੇ ਸਰਬ-ਪ੍ਰਭਾਵਸ਼ਾਲੀ ਭਾਵਨਾ ਦੇ ਨਾਲ਼—ਕਿਸੇ ਅਜਿਹੀ ਸਪਸ਼ਟ ਅਤੇ ਅਨੁਕੂਲ ਕਲਪਨਾ ਦੇ ਨਾਲ਼ ਜੋ ਜੀਵਨ ਨੂੰ ਉਸਦੇ ਸੰਪੂਰਨ ਰੂਪ ਵਿੱਚ ਦੇਖਦੀ ਹੋਵੇ — ਇੱਕ ਜੁੱਟ ਨਹੀਂ ਸਨ। ਨਫ਼ਰਤ ਮੇਰੇ ਦਿਲ ਵਿੱਚ ਵਾਧੂ ਸੀ, ਉਹ ਹਰ ਪਲ ਧੁਖਦੀ ਰਹਿੰਦੀ ਸੀ ਅਤੇ ਕਦੇ-ਕਦੇ ਗੁੱਸੇ ਦੀਆਂ ਤੇਜ਼ ਲਪਟਾਂ ਵਿੱਚ ਭੜਕ ਉੱਠਦੀ ਸੀ। ਪਰ ਇਸ ਤੋਂ ਵੀ ਜ਼ਿਆਦਾ ਪ੍ਰਮੁੱਖਤਾ ਸੀ ਸੰਦੇਹ ਦੀ, ਜੋ ਕਦੇ-ਕਦੇ ਮੇਰੇ ਜਿਹਨ ਨੂੰ ਇਸ ਹੱਦ ਤੱਕ ਬੇਕਾਰ ਕਰ ਦਿੰਦਾ ਸੀ। ਮੇਰੀ ਆਤਮਾ ਨੂੰ ਇਸ ਹੱਦ ਤੱਕ ਛਲਣੀ ਕਰ ਦਿੰਦਾ ਸੀ ਕਿ ਮੇਰਾ ਜੀਵਨ ਲੰਮੇ ਸਮੇਂ ਲਈ ਸਿਫ਼ਰ ਬਣ ਕੇ ਰਹਿ ਜਾਂਦਾ ਸੀ। ਕੋਈ ਚੀਜ਼ ਅਜਿਹੀ ਨਹੀਂ ਸੀ ਜੋ ਜੀਵਨ ਵਿੱਚ ਮੇਰੀ ਦਿਲਚਸਪੀ ਨੂੰ ਜਗਾ ਸਕਦੀ। ਮੇਰਾ ਦਿਲ ਮੌਤ ਵਾਂਗ ਠੰਡਾ ਅਤੇ ਮਨ ਸੁੰਨ ਹੋ ਜਾਂਦਾ, ਮੇਰੀ ਕਲਪਨਾ ਭੈੜੇ ਸੁਪਨਿਆਂ ਦੇ ਚੁੰਗਲ ਵਿੱਚ ਫਸ ਜਾਂਦੀ। ਇਸ ਤਰ੍ਹਾਂ ਲੰਮੇ ਦਿਨ ਤੇ ਲੰਮੀਆਂ ਰਾਤਾਂ ਮੈਂ ਬਿਤਾਉਂਦਾ – ਗੁੰਗਾ, ਬੋਲ਼ਾ ਤੇ ਅੰਨ੍ਹਾ, ਇੱਛਾਵਾਂ ਤੋਂ ਸੱਖਣਾ, ਸਮਝਣ ਦੀ ਸ਼ਕਤੀ ਤੋਂ ਖਾਲੀ। ਮੈਨੂੰ ਇੰਜ ਲੱਗਦਾ ਜਿਵੇਂ ਮੇਰਾ ਇਹ ਸਰੀਰ ਲਾਸ਼ ਬਣ ਚੁੱਕਿਆ ਹੈ ਅਤੇ ਮਹਿਜ਼ ਕਿਸੇ ਅਣਬੁੱਝ ਗਲਤਫਹਿਮੀ ਕਾਰਨ ਦਫਨਾਉਣ ਤੋਂ ਬਚਿਆ ਹੋਇਆ ਹੈÎ। ਅਤੇ ਇਹ ਚੇਤਨਾ ਕਿ ਮੈਂ ਜਿਉਣਾ ਹੈ — ਕਿਉਂਕਿ ਮੌਤ ਹੋਰ ਵੀ ਜ਼ਿਆਦਾ ਹਨ੍ਹੇਰਮਈ, ਹੋਰ ਵੀ ਜ਼ਿਆਦਾ ਬੇਅਰਥ ਸੀ — ਜੀਵਨ ਦੀ ਉਸ ਭਿਆਨਕਤਾ ਨੂੰ ਹੋਰ ਵੀ ਵਿਕਰਾਲ ਬਣਾ ਦਿੰਦੀ। ਜੀਵਨ ਦੀ ਉਹ ਇੱਕ ਅਜਿਹੀ ਸਥਿਤੀ ਸੀ ਜੋ, ਯਕੀਨਨ ਮਨੁੱਖ ਨੂੰ ਨਫ਼ਰਤ ਕਰਨ ਦੇ ਸੁੱਖ ਤੋਂ ਵੀ ਵਾਂਝਾ ਕਰ ਦਿੰਦੀ ਹੈ।

 ਹਾਂ, ਤਾਂ ਮੈਂ — ਜਿਹੋ ਜਿਹਾ ਅਤੇ ਜੋ ਕੁਝ ਵੀ ਮੈਂ ਸਾਂ- ਚੀਜ਼ ਦਾ ਪ੍ਰਚਾਰ ਕਰਦਾ ਸਾਂ? ਲੋਕਾਂ ਨੂੰ ਕਹਿਣ ਲਈ ਮੇਰੇ ਕੋਲ ਕੀ ਸੀ? ਕੀ ਉਹ ਹੀ ਸਭ ਗੱਲਾਂ, ਜੋ ਯੁੱਗਾਂ-ਯੁੱਗਾਂ ਤੱਕ ਕਹੀਆਂ ਗਈਆਂ ਅਤੇ ਹਮੇਸ਼ਾਂ ਕਹੀਆਂ ਤੇ ਸੁਣੀਆਂ ਜਾਂਦੀਆਂ ਹਨ – ਪਰ ਆਦਮੀ ਨੂੰ ਬਦਲੇ ਤੇ ਚੰਗਾ ਬਣਾਏ ਬਿਨਾਂ? ਅਤੇ ਇਹਨਾਂ ਵਿਚਾਰਾਂ ਅਤੇ ਨੀਤੀ-ਵਚਨਾਂ ਦਾ ਪ੍ਰਚਾਰ ਕਰਨ ਦਾ ਮੈਨੂੰ ਕੀ ਹੱਕ ਹੈ ਜਦੋਂਕਿ ਮੈਂ ਖੁਦ – ਘੁੱਟ ਭਰਕੇ ਉਹਨਾਂ ਨੂੰ ਢਿੱਡ ਵਿੱਚ ਉਤਾਰਨ ਦੇ ਬਾਅਦ ਵੀ – ਅਕਸਰ ਉਹਨਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਅਮਲ ਨਹੀਂ ਕਰ ਪਾਉਂਦਾ? ਅਤੇ ਜਦੋਂ ਖੁਦ ਮੈਂ ਉਹਨਾਂ ਖਿਲਾਫ ਅਮਲ ਕੀਤਾ, ਤਾਂ ਕੀ ਇਹ ਸਿੱਧ ਨਹੀਂ ਹੁੰਦਾ ਕਿ ਉਹਨਾਂ ਦੀ ਸੱਚਾਈ ਵਿੱਚ ਮੇਰਾ ਵਿਸ਼ਵਾਸ ਇੱਕ ਸੱਚਾ ਵਿਸ਼ਵਾਸ ਨਹੀਂ ਹੈ, ਉਸ ਦੀਆਂ ਜੜ੍ਹਾਂ ਸਿੱਧੀਆਂ ਮੇਰੀ ਹੋਂਦ ਦੀ ਨੀਂਹ ਵਿੱਚ ਡੂੰਘੀਆਂ ਨਹੀਂ ਗੱਡੀਆਂ ਹੋਈਆਂ? ਇਸ ਆਦਮੀ ਨੂੰ ਮੈਂ ਕੀ ਜਵਾਬ ਦਿਆਂ ਜੋ ਮੇਰੇ ਨਾਲ਼ ਬੈਠਾ ਹੈ?

ਪਰ ਉਸਨੇ, ਮੇਰੇ ਜਵਾਬ ਦੀ ਉਡੀਕ ਤੋਂ ਅੱਕ ਕੇ ਹੁਣ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਸੀ –

”ਮੈਂ ਤੁਹਾਨੂੰ ਇਹ ਸਵਾਲ ਨਾ ਪੁÎੱਛਦਾ ਜੇ ਮੈਂ ਇਹ ਨਾ ਦੇਖਦਾ ਹੁੰਦਾ ਕਿ ਲਾਲਸਾ ਨੇ ਸਵੈਮਾਣ ਦੀ ਤੁਹਾਡੀ ਭਾਵਨਾ ਨੂੰ ਅਜੇ ਤੱਕ ਨਸ਼ਟ ਨਹੀਂ ਕੀਤਾ ਹੈ। ਤੁਹਾਡੇ ਵਿੱਚ

ਮੇਰੀ ਗੱਲ ਸੁਣਨ ਦੀ ਹਿੰਮਤ ਹੈ ਅਤੇ ਇਸ ਤੋਂ ਮੈਂ ਇਹ ਨਤੀਜਾ ਕੱਢਦਾ ਹਾਂ ਕਿ ਤੁਹਾਡਾ ਹਾਓਮੈ-ਪ੍ਰੇਮ ਜਾਇਜ਼ ਹੈ। ਕਿਉਂਕਿ ਉਸ ਵਿੱਚ ਵਾਧਾ ਕਰਨ ਦੀ ਤੁਹਾਡੇ ਵਿੱਚ ਐਨੀ ਡੂੰਘੀ ਲਗਨ ਹੈ ਕਿ ਤੁਸੀਂ ਤਸ਼ੱਦਦ ਤੱਕ ਤੋਂ ਬਚ ਕੇ ਨਹੀਂ ਭੱਜਦੇ। ਇਸ ਲਈ ਤੁਹਾਡੇ ਉੱਤੇ ਜੋ ਇਲਜ਼ਾਮ ਮੈਂ ਲਗਾਏ ਸਨ, ਉਹਨਾਂ ਨੂੰ ਮੈਂ ਨਰਮ ਕਰ ਦਿਆਂਗਾ ਅਤੇ ਤੁਹਾਨੂੰ ਹੁਣ ਇੱਕ ਅਜਿਹਾ ਆਦਮੀ ਮੰਨ ਕੇ ਸੰਬੋਧਨ ਕਰਾਂਗਾ ਜੋ ਨਿਰਦੋਸ਼ ਤਾਂ ਨਹੀਂ ਹੈ, ਪਰ ਫਿਰ ਵੀ ਜਿਸ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ।”

”ਇੱਕ ਸਮਾਂ ਸੀ ਜਦੋਂ ਇਹ ਧਰਤੀ ਲਿਖਣ-ਕਲਾ ਮਹਾਂਰਥੀਆਂ, ਜੀਵਨ ਅਤੇ ਮਨੁੱਖੀ ਮਨ ਦੇ ਚਿੰਤਕਾਂ ਅਤੇ ਅਜਿਹੇ ਲੋਕਾਂ ਨਾਲ਼ ਆਬਾਦ ਸੀ ਜੋ ਦੁਨੀਆਂ ਨੂੰ ਚੰਗਾ ਬਣਾਉਣ ਦੀ ਪ੍ਰਬਲ ਇੱਛਾ ਨਾਲ਼ ਸੰਚਾਲਿਤ ਅਤੇ ਮਨੁੱਖੀ ਸੁਭਾਅ ਵਿੱਚ ਡੂੰਘਾ ਵਿਸ਼ਵਾਸ ਰੱਖਦੇ ਸਨ। ਉਹਨਾਂ ਨੇ ਕਿਤਾਬਾਂ ਲਿਖੀਆਂ ਜੋ ਕਦੀ ਗਫ਼ਲਤ ਦੇ ਗਰਭ ਵਿੱਚ ਵਿਲੀਨ ਨਹੀਂ ਹੋਣਗੀਆਂ। ਕਿਉਂਕਿ ਉਹ ਅਮਰ ਸੱਚਾਈਆਂ ਨੂੰ ਅੰਕਿਤ ਕਰਦੀਆਂ ਹਨ ਅਤੇ ਉਹਨਾਂ ਦੇ ਸਫਿਆਂ ਚੋਂ ਕਦੇ ਨਾ ਮੈਲ਼ੀ ਹੋਣ ਵਾਲ਼ੀ ਸੁੰਦਰਤਾ ਫੁੱਟਦੀ ਹੈ। ਉਹਨਾਂ ਵਿੱਚ ਚਿਤਰੇ ਹੋਏ ਪਾਤਰ ਜੀਵਨ ਦੇ ਸੱਚੇ ਪਾਤਰ ਹਨ, ਕਿਉਂਕਿ ਪ੍ਰੇਰਣਾ ਨੇ ਉਹਨਾਂ ਵਿੱਚ ਜਾਨ ਫੂਕੀ ਹੈ। ਇਹਨਾਂ ਕਿਤਾਬਾਂ ਵਿੱਚ ਹਮਲਾ ਹੈ, ਦਹਿਕਦਾ ਹੋਇਆ ਗੁੱਸਾ ਅਤੇ ਨਿਡਰ ਤੇ ਸੱਚਾ ਪਿਆਰ ਹੈ ਅਤੇ ਉਹਨਾਂ ਵਿੱਚ ਇੱਕ ਵੀ ਸ਼ਬਦ ਭਰਤੀ ਦਾ ਨਹੀਂ ਹੈ। ਤੁਸੀਂ, ਮੈਂ ਜਾਣਦਾ ਹਾਂ, ਅਜਿਹੀਆਂ ਹੀ ਕਿਤਾਬਾਂ ਤੋਂ ਆਪਣੀ ਆਤਮਾ ਲਈ ਖੁਰਾਕ ਪ੍ਰਾਪਤ ਕੀਤੀ ਹੈ। ਪਰ ਫਿਰ ਵੀ ਤੁਹਾਡੀ ਆਤਮਾ ਉਸ ਨੂੰ ਹਜ਼ਮ ਨਹੀਂ ਕਰ ਸਕੀ। ਕਿਉਂਕਿ ਸੱਚ ਅਤੇ ਪਿਆਰ ਬਾਰੇ ਤੁਸੀਂ ਜੋ ਲਿਖਦੇ ਹੋ, ਉਹ ਝੂਠਾ ਅਤੇ ਅਹਿਸਾਸੋਂ ਕੋਰਾ ਹੁੰਦਾ ਹੈ। ਲੱਗਦਾ ਹੈ ਜਿਵੇਂ ਸ਼ਬਦ ਜਬਰਦਸਤੀ ਮੂੰਹੋਂ ਕੱਢੇ ਗਏ ਹੋਣ। ਚੰਨ ਵਾਂਗੂ ਤੁਸੀਂ ਦੂਸਰੇ ਦੀ ਰੌਸ਼ਨੀ ਵਿੱਚ ਚਮਕਦੇ ਹੋ, ਅਤੇ ਇਹ ਰੌਸ਼ਨੀ ਵੀ ਬੁਰੀ ਤਰ੍ਹਾਂ ਮੈਲ਼ੀ ਹੈ – ਉਹ ਪ੍ਰਛਾਵੇਂ ਤਾਂ ਖੂਬ ਬਣਾਉਂਦੀ ਹੈ, ਪਰ ਪ੍ਰਕਾਸ਼ ਘੱਟ ਦਿੰਦੀ ਹੈ ਅਤੇ ਨਿੱਘ ਤਾਂ ਉਸ ਵਿੱਚ ਜਰਾ ਵੀ ਨਹੀਂ ਹੈ। ਤੁਸੀਂ ਖੁਦ ਐਨੇ ਗਰੀਬ ਹੋ ਕਿ ਦੂਜਿਆਂ ਨੂੰ ਅਜਿਹੀ ਕੋਈ ਚੀਜ਼ ਨਹੀਂ ਦੇ ਸਕਦੇ ਜੋ ਸੱਚਮੁੱਚ ਕੀਮਤੀ ਹੋਵੇ ਤੇ ਜਦੋਂ ਤੁਸੀਂ ਦਿੰਦੇ ਵੀ ਹੋ ਤਾਂ ਸਰਵਉੱਚ ਸੰਤੋਖ ਦੇ ਇਸ ਚੇਤਨ ਅਹਿਸਾਸ ਨਾਲ਼ ਨਹੀਂ ਕਿ ਤੁਸੀਂ ਸੁੰਦਰ ਵਿਚਾਰਾਂ ਅਤੇ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ ਕਰਕੇ ਜੀਵਨ ਨੂੰ ਸੰਪੰਨ ਬਣਾਇਆ ਹੈ, ਸਗੋਂ ਆਪਣੀ ਸੱਤਾ ਦੇ ਸੰਜੋਯਕ ਤੱਤ ਨੂੰ ਬੇਹੱਦ ਲਾਜਮੀ ਘਟਨਾ ਮੰਨ ਕੇ ਉਸ ਨੂੰ ਉੱਚੇ ਸਿੰਘਾਸਣ ‘ਤੇ ਬੈਠਾਉਣ ਲਈ। ਤੁਸੀਂ ਸਿਰਫ਼ ਇਸ ਲਈ ਦਿੰਦੇ ਹੋ ਕਿ ਜੀਵਨ ਅਤੇ ਲੋਕਾਂ ਤੋਂ ਹੋਰ ਵਧੇਰੇ ਲੈ ਸਕੋ। ਤੁਸੀਂ ਐਨੇ ਗਰੀਬ ਹੋ ਕਿ ਤੋਹਫ਼ਾ ਭੇਂਟ ਨਹੀਂ ਕਰ ਸਕਦੇ – ਤੁਸੀਂ ਸੂਦਖੋਰ ਹੋ ਅਤੇ ਤਜ਼ਰਬਿਆਂ ਦੇ ਟੁਕੜਿਆਂ ਦਾ ਲੈਣ-ਦੇਣ ਕਰਦੇ ਹੋ – ਇਸ ਲਈ ਕਿ ਤੁਸੀਂ ਪ੍ਰਸਿੱਧੀ ਦੇ ਰੂਪ ਵਿੱਚ ਵਿਆਜ ਬਟੋਰ ਸਕੋ। ਤੁਹਾਡੀ ਲੇਖਣੀ ਚੀਜ਼ਾਂ ਦੀ ਸਤ੍ਹਾ ਨੂੰ ਹੀ ਖੁਰਚਦੀ ਹੈ। ਜੀਵਨ ਦੀਆਂ ਨਿੱਕੀਆਂ-ਮੋਟੀਆਂ ਪ੍ਰਸਥਿਤੀਆਂ ਨੂੰ ਤੁਸੀਂ ਬੇਕਾਰ ਹੀ ਕੁਰੇਦਦੇ ਰਹਿੰਦੇ ਹੋ ਅਤੇ ਕਿਉਂਕਿ ਤੁਸੀਂ ਸਾਧਾਰਣ ਲੋਕਾਂ ਦੇ ਸਾਧਾਰਣ ਅਹਿਸਾਸਾਂ ਦਾ ਵਰਤਣ ਕਰਦੇ ਹੋ, ਇਸ ਲਈ ਹੋ ਸਕਦਾ ਹੈ ਕਿ ਅਨੇਕਾਂ ਸਾਧਾਰਣ ਮਹੱਤਵਹੀਣ-ਸੱਚਾਈਆਂ ਨਾਲ਼ ਉਹਨਾਂ ਦੀ ਝੋਲੀ ਭਰ ਜਾਂਦੀ ਹੋਵੇ। ਪਰ ਕੀ ਤੁਸੀਂ, ਨਾਮ ਮਾਤਰ ਹੀ ਸਹੀ, ਅਜਿਹੇ ਭਰਮ ਦੀ ਵੀ ਰਚਨਾ ਕਰ ਸਕਦੇ ਹੋ ਜੋ ਮਨੁੱਖ ਦੀ ਆਤਮਾ ਨੂੰ ਉੱਚਾ ਚੁੱਕਣ ਦੀ ਯੋਗਤਾ ਰੱਖਦਾ ਹੋਵੇ? ਨਹੀਂ! ਤਾਂ ਕੀ ਤੁਸੀਂ ਸੱਚਮੁਚ ਇਸ ਨੂੰ ਏਨਾ ਮਹੱਤਵਪੂਰਨ ਸਮਝਦੇ ਹੋ – ਇਸ ਗੱਲ ਨੂੰ ਕਿ ਹਰ ਪਾਸੇ ਖਿਲਰੇ ਕੂੜੇ ਦੇ ਢੇਰਾਂ ਨੂੰ ਫਰੋਲ਼ਿਆ ਜਾਵੇ, ਜਿੱਥੇ ਸੱਚ ਦੇ ਕਾਲ਼ੇ ਟੁਕੜਿਆਂ ਤੋਂ ਸਿਵਾ ਹੋਰ ਕੁਝ ਨਹੀਂ ਮਿਲ਼ਦਾ ਅਤੇ ਸਿੱਧ ਕੀਤਾ ਜਾਵੇ ਕਿ ਮਨੁੱਖ ਬੁਰਾ, ਮੂਰਖ ਅਤੇ ਸਨਮਾਨ ਦੀ ਭਾਵਨਾ ਤੋਂ ਬੇਖਬਰ ਹੈ, ਇਹ ਕਿ ਉਹ ਪੂਰੀ ਤਰ੍ਹਾਂ ਅਤੇ ਹਮੇਸ਼ਾਂ ਲਈ ਬਾਹਰਮੁਖੀ ਹਾਲਤਾਂ ਦਾ ਗੁਲਾਮ ਹੈ ਅਤੇ ਇਹ ਕਿ ਉਹ ਕਮਜ਼ੋਰ, ਦਿਆਪਾਤਰ ਅਤੇ ਬਿਲਕੁਲ ਇੱਕਲਾ ਹੈ? ਜੇਕਰ ਤੁਸੀਂ ਮੈਥੋਂ ਪੁੱਛੋਂ ਤਾਂ ਮਨੁੱਖ ਦੇ ਦਿਲ ਵਿੱਚ ਇਹ ਵਿਸ਼ਵਾਸ ਜਗਾਉਣ ਵਿੱਚ ਸਫ਼ਲ ਵੀ ਹੋ ਚੁੱਕੇ ਹਨ ਕਿ ਅਸਲ ਵਿੱਚ ਅਜਿਹਾ ਹੀ ਹੈ। ਤੁਸੀਂ ਹੀ ਦੇਖੋ ਕਿ ਮਨੁੱਖ ਦਾ ਮਨ ਅੱਜ ਕਿੰਨਾ ਸੁੰਨ ਅਤੇ ਉਸਦੀ ਆਤਮਾ ਦੇ ਤਾਰ ਕਿੰਨੇ ਬੇ-ਅਵਾਜ਼ ਹੋ ਗਏ ਹਨ। ਅਤੇ ਇਹ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ। ਉਹ ਆਪਣੇ ਆਪ ਨੂੰ ਇਸੇ ਰੂਪ ਵਿੱਚ ਦੇਖਦਾ ਹੈ ਜਿਹਾ ਕਿ ਉਹ ਕਿਤਾਬਾਂ ਵਿੱਚ ਪੇਸ਼ ਕੀਤਾ ਜਾਂਦਾ ਹੈ… ਅਤੇ ਕਿਤਾਬਾਂ—ਖ਼ਾਸ ਤੌਰ ‘ਤੇ ਪ੍ਰਤਿਭਾ ਦਾ ਭਰਮ ਪੈਦਾ ਕਰਨ ਵਾਲ਼ੀ ਸ਼ਾਬਦਿਕ ਚਲਾਕੀ ਨਾਲ਼ ਲਿਖੀਆਂ ਹੋਈਆਂ – ਪਾਠਕਾਂ ਨੂੰ ਵਰਗਲਾ ਕੇ ਇੱਕ ਹੱਦ ਤੱਕ ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਦੀਆਂ ਹਨ। ਕਿਤਾਬ ਵਿੱਚ ਖੁਦ ਨੂੰ ਵੇਖਦੇ ਸਮੇਂ -ਜਿਵੇਂ ਕਿ ਤੁਸੀਂ ਉਸ ਨੂੰ ਪੇਸ਼ ਕਰਦੇ ਹੋ – ਉਸ ਨੂੰ ਆਪਣਾ ਭੱਦਾਪਣ ਤਾਂ ਦਿਖਾਈ ਪੈਂਦਾ ਹੈ, ਪਰ ਇਹ ਨਜ਼ਰ ਨਹੀਂ ਆਉਂਦਾ ਕਿ ਉਸਦੇ ਸੁਧਾਰ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਹੈ। ਕੀ ਤੁਹਾਡੇ ਵਿੱਚ ਇਸ ਸੰਭਾਵਨਾ ਨੂੰ ਉਭਾਰ ਕੇ ਰੱਖਣ ਦੀ ਕਾਬਲੀਅਤ ਹੈ? ਪਰ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਜਦਕਿ ਖੁਦ ਤੁਸੀਂ …… ਜਾਣ ਦਿਓ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ। ਇਹ ਇਸ ਲਈ ਕਿ ਮੇਰੀ ਗੱਲ ਨੂੰ ਕੱਟਣ ਜਾਂ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੇ ਬਿਨਾਂ ਤੁਸੀਂ ਮੇਰੀ ਗੱਲ ਸੁਣ ਰਹੇ ਹੋ। ਇੱਕ ਅਧਿਆਪਕ ਲਈ ਇਹ ਚੰਗਾ ਹੈ, ਜੇਕਰ ਉਸ ਵਿੱਚ ਇਮਾਨਦਾਰੀ ਹੈ ਤਾਂ ਉਹ ਹਮੇਸ਼ਾਂ ਇੱਕ ਚੰਗਾ – ਧਿਆਨ ਨਾਲ਼ ਸੁਣਨ ਵਾਲ਼ਾ – ਵਿਦਿਆਰਥੀ ਹੋਵੇਗਾ। ਅੱਜ ਕੱਲ ਤੁਸੀਂ ਸਾਰੇ ਅਧਿਆਪਕ ਲੋਕ (ਸਿੱਖਿਆ ਦੇਣ ਵਾਲੇ) ਲੋਕਾਂ ਨੂੰ ਓਨਾ ਦਿੰਦੇ ਨਹੀਂ ਹੋ ਜਿੰਨਾ ਕਿ ਉਹਨਾਂ ਤੋਂ ਲੈਂਦੇ ਹੋ। ਕਿਉਂਕਿ ਤੁਸੀਂ ਕੇਵਲ ਉਹਨਾਂ ਦੀਆਂ ਕਮਜ਼ੋਰੀਆਂ ਦਾ ਹੀ ਜ਼ਿਕਰ ਕਰਦੇ ਹੋ, ਸਿਵਾਏ ਇਸਦੇ ਹੋਰ ਕੁਝ ਉਹਨਾਂ ਵਿੱਚ ਨਹੀਂ ਦੇਖਦੇ। ਪਰ ਨਿਸ਼ਚਿਤ ਹੀ ਆਦਮੀ ਵਿੱਚ ਗੁਣ ਵੀ ਹੁੰਦੇ ਹਨ – ਖੁਦ ਤੁਹਾਡੇ ਵਿੱਚ ਕਿਹੜਾ ਨਹੀਂ ਹਨ? ਤੁਸੀਂ? ਸੱਚ ਪੁੱਛੋ ਤਾਂ ਤੁਸੀਂ ਕੀ ਉਹਨਾਂ ਬੇਰੰਗ ਲੋਕਾਂ ਤੋਂ ਕਿਸੇ ਤਰ੍ਹਾਂ ਵੀ ਭਿੰਨ ਹੋ ਜਿਹਨਾਂ ਦਾ ਕਿ ਤੁਸੀਂ ਐਨਾ ਖੁਰਚ-ਖੁਰਚ ਕੇ ਅਤੇ ਐਨੀ ਬੇਰਹਿਮੀ ਨਾਲ਼ ਚਿਤਰਣ ਕਰਦੇ ਹੋ? ਤੁਸੀਂ ਆਪਣੇ ਆਪ ਨੂੰ ਮਸੀਹੇ ਦੇ ਰੂਪ ਵਿੱਚ ਦੇਖਦੇ ਹੋ। ਸਮਝਦੇ ਹੋ ਕਿ ਬੁਰਾਈਆਂ ਨੂੰ ਖੋਲ੍ਹ ਕੇ ਰੱਖਣ ਲਈ ਖੁਦ ਰੱਬ ਨੇ ਤੁਹਾਨੂੰ ਇਸ ਦੁਨੀਆਂ ਵਿੱਚ ਭੇਜਿਆ ਹੈ ਤਾਂ ਕਿ ਚੰਗਿਆਈ ਦੀ ਜਿੱਤ ਹੋ ਸਕੇ। ਪਰ ਬੁਰਾਈਆਂ ਨੂੰ ਚੰਗਿਆਈਆਂ ਤੋਂ ਛਾਂਟਦੇ ਸਮੇਂ ਕੀ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਦੋਵੇਂ ਧਾਗੇ ਦੀਆਂ ਦੋ ਗੇਦਾਂ ਦੀ ਤਰ੍ਹਾਂ ਇੱਕ ਦੂਸਰੇ ਵਿੱਚ ਉਲਝੀਆਂ ਪਈਆਂ ਹਨ, ਇੱਕ ਗੇਂਦ ਦਾ ਧਾਗਾ ਕਾਲ਼ਾ ਹੈ ਅਤੇ ਦੂਜੀ ਦਾ ਸਫੇਦ ਅਤੇ ਕਿਉਂਕਿ ਉਹ ਉਲਝੇ ਪਏ ਨੇ, ਇਸ ਲਈ ਭੂਰੇ ਬਣ ਗਏ ਹਨ – ਦੋਨਾਂ ਨੇ ਇੱਕ ਦੂਜੇ ਦੇ ਰੰਗ ‘ਤੇ ਆਪਣਾ ਅਸਰ ਪਾਇਆ ਹੈ। ਅਤੇ ਮੈਨੂੰ ਤਾਂ ਇਸ ਵਿੱਚ ਵੀ ਭਾਰੀ ਸ਼ੱਕ ਹੈ ਕਿ ਰੱਬ ਨੇ ਤੁਹਾਨੂੰ ਆਪਣਾ ਮਸੀਹਾ ਬਣਾ ਕੇ ਭੇਜਿਆ ਹੈ। ਜੇਕਰ ਉਹ ਭੇਜਦਾ ਤਾਂ ਇਸ ਲਈ ਤੁਹਾਡੇ ਤੋਂ ਕਿਤੇ ਜ਼ਿਆਦਾ ਮਜ਼ਬੂਤ ਇਨਸਾਨਾਂ ਨੂੰ ਚੁਣਦਾ। ਅਤੇ ਉਹਨਾਂ ਦੇ ਦਿਲਾਂ ਵਿੱਚ ਜੀਵਨ, ਸੱਚ ਅਤੇ ਲੋਕਾਂ ਪ੍ਰਤੀ ਪਿਆਰ ਦੀ ਜੋਤ ਜਗਾਉਂਦਾ ਤਾਂ ਕਿ ਉਹ ਹਨੇਰੇ ਵਿੱਚ ਉਸਦੇ ਗੌਰਵ ਅਤੇ ਸ਼ਕਤੀ ਦਾ ਦਾਅਵਾ ਕਰਨ ਵਾਲ਼ੀਆਂ ਮਸ਼ਾਲਾਂ ਦੀ ਤਰ੍ਹਾਂ ਚਾਨਣ ਫੈਲਾਉਣ। ਤੁਸੀਂ ਲੋਕ ਤਾਂ ਸ਼ੈਤਾਨ ਦੀ ਮੋਹਰ ਦਾਗਣ ਵਾਲ਼ੀ ਛੜੀ ਵਾਂਗ ਧੁਖਦੇ ਹੋ। ਅਤੇ ਇਹ ਧੂੰਆਂ ਲੋਕਾਂ ਦੇ ਮਨਾਂ ਅਤੇ ਦਿਲਾਂ ਵਿੱਚ ਸਰਸਰਾਉਂਦਾ ਹੋਇਆ, ਆਤਮ-ਵਿਸ਼ਵਾਸਹੀਣਤਾ ਦੇ ਅਹਿਸਾਸ ਨਾਲ਼ ਉਹਨਾਂ ਨੂੰ ਭਰ ਦਿੰਦਾ ਹੈ। ਮੈਨੂੰ ਇਹ ਦੱਸੋ- ਤੁਸੀਂ ਕੀ ਸਿੱਖਿਆ ਦਿੰਦੇ ਹੋ?

ਮੈਂ ਆਪਣੀ ਗੱਲ ਉੱਤੇ ਉਸਦੇ ਨਿੱਘੇ ਸਾਹ ਦਾ ਸਪਰਸ਼ ਮਹਿਸੂਸ ਕੀਤਾ ਅਤੇ ਉਸ ਦੀਆਂ ਅੱਖਾਂ ਦਾ ਸਾਹਮਣਾ ਕਰਨ ਤੋਂ ਬਚਣ ਲਈ ਮੈਂ ਆਪਣਾ ਮੂੰਹ ਫੇਰ ਲਿਆ। ਉਸਦੇ ਸ਼ਬਦਾਂ ਨੇ ਅੰਗਿਆਰਿਆਂ ਵਾਂਗ ਮੇਰੇ ਜ਼ਿਹਨ ਨੂੰ ਲੂਹ ਦਿੱਤਾ। ਮੈਂ ਭੈਅਭੀਤ ਹੋ ਗਿਆ – ਇਹ ਸੋਚ ਕੇ ਕਿ ਉਸਦੇ ਸਿੱਧੇ-ਸਾਦੇ ਸਵਾਲਾਂ ਦਾ ਜਵਾਬ ਦੇਣਾ ਕਿੰਨਾ ਮੁਸ਼ਕਿਲ ਹੈ। ਅਤੇ ਮੈਂ ਉਹਨਾਂ ਦਾ ਜਵਾਬ ਨਹੀਂ ਦਿੱਤਾ।

”ਅਤੇ ਇਸ ਲਈ ਮੈਂ – ਤੁਹਾਡੇ ਅਤੇ ਤੁਹਾਡੀ ਜਾਤ ਦੇ ਹੋਰ ਲੋਕਾਂ ਨੇ ਜੋ ਕੁਝ ਵੀ ਲਿਖਿਆ ਹੈ ਉਸ ਸਭ ਕਾਸੇ ਦਾ ਇੱਕ ਸੁਚੇਤ ਪਾਠਕ – ਤੁਹਾਡੇ ਤੋਂ ਪੁੱਛਦਾ ਹਾਂ – ਤੁਸੀਂ ਕਿਉਂ ਲਿਖਦੇ ਹੋ? ਸੰਯੋਗ ਵਸ ਤੁਸੀਂ ਕਾਫ਼ੀ ਲਿਖਿਆ ਹੈ। ਕੀ ਇਸ ਲਈ ਕਿ ਲੋਕਾਂ ਦੇ ਦਿਲਾਂ ਵਿੱਚ ਸ਼ੁਭ ਕਾਮਨਾਵਾਂ ਜਾਗ੍ਰਿਤ ਹੋਣ? ਪਰ ਆਪਣੇ ਠੰਢੇ ਅਤੇ ਥੋਥੇ ਸ਼ਬਦਾਂ ਨਾਲ਼ ਤੁਸੀਂ ਕਦੇ ਅਜਿਹਾ ਨਹੀਂ ਕਰ ਸਕੋਗੇ। ਸਿਰਫ਼ ਏਨਾ ਹੀ ਨਹੀਂ ਕਿ ਤੁਸੀਂ, ਜੀਵਨ ਵਿੱਚ ਕੋਈ ਨਵਾਂ ਵਾਧਾ ਕਰਨ ਤੋਂ ਅਸਮਰੱਥ ਹੋ, ਸਗੋਂ ਪੁਰਾਣੇ ਨੂੰ ਵੀ ਤੁਸੀਂ ਏਨੀ ਤੋੜੀ-ਮਰੋੜੀ ਸ਼ਕਲ ਵਿੱਚ ਪੇਸ਼ ਕਰਦੇ ਹੋ ਕਿ ਸਪÎੱਸ਼ਟ ਚਿੱਤਰ ਕਿਤੇ ਉੱਭਰ ਕੇ ਨਹੀਂ ਆਉਂਦੇ। ਤੁਹਾਡੀਆਂ ਕਿਰਤਾਂ ਕੁਝ ਨਹੀਂ ਸਿਖਾਉਂਦੀਆਂ ਅਤੇ ਪਾਠਕ ਸਿਵਾ ਤੁਹਾਡੇ ਹੋਰ ਕਿਸੇ ਚੀਜ਼ ਤੇ ਸ਼ਰਮ ਮਹਿਸੂਸ ਨਹੀਂ ਕਰਦਾ। ਉਹਨਾਂ ਵਿਚਲੀ ਹਰ ਚੀਜ਼ ਆਮ-ਸਾਧਾਰਣ ਹੈ – ਆਮ-ਸਾਧਾਰਣ ਲੋਕ, ਆਮ-ਸਾਧਾਰਣ ਵਿਚਾਰ, ਆਮ-ਸਾਧਾਰਣ ਘਟਨਾਵਾਂ। ਆਤਮਾ ਦੀ ਬਗਾਵਤ ਅਤੇ ਆਤਮਾ ਦੇ ਮੁੜ-ਜਾਗਰਣ ਦੀ ਜ਼ਰੂਰਤ ਬਾਰੇ ਲੋਕ ਕਦੋਂ ਬੋਲਣਾ ਸ਼ੁਰੂ ਕਰਨਗੇ? ਰਚਨਾਤਮਕ ਜੀਵਨ ਦੀ ਉਹ ਲਲਕਾਰ ਕਿੱਥੇ ਹੈ, ਵੀਰਤਾ ਦੇ ਦ੍ਰਿਸ਼ ਅਤੇ ਹੌਸਲਾ ਅਫਜ਼ਾਈ ਦੇ ਉਹ ਸ਼ਬਦ ਕਿੱਥੇ ਨੇ, ਜਿਹਨਾਂ ਨੂੰ ਸੁਣ ਕੇ ਆਤਮਾ ਅਸਮਾਨ ਦੀਆਂ ਉਚੱਾਈਆਂ ਛੂੰਹਦੀ ਹੈ?

”ਸ਼ਾਇਦ ਤੁਸੀਂ ਕਹੋ – ਜੋ ਕੁਝ ਅਸੀਂ ਪੇਸ਼ ਕਰਦੇ ਹਾਂ, ਉਸ ਤੋਂ ਬਿਨਾਂ ਜੀਵਨ ਵਿੱਚ ਹੋਰ ਨਮੂਨੇ ਮਿਲ਼ਦੇ ਕਿੱਥੇ ਨੇ? ਨਾ, ਅਜਿਹੀ ਗੱਲ ਮੂੰਹ ਵਿੱਚੋਂ ਨਾ ਕੱਢਣਾ। ਇਹ ਸ਼ਰਮ ਅਤੇ ਅਪਮਾਨ ਦੀ ਗੱਲ ਹੈ ਕਿ ਉਹ, ਜਿਸਨੂੰ ਰੱਬ ਨੇ ਲਿਖਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ, ਜੀਵਨ ਦੇ ਸਾਹਮਣੇ ਆਪਣੀ ਲਾਚਾਰਗੀ ਅਤੇ ਉਸਤੋਂ ਉਪਰ ਉੱਠਣ ਵਿੱਚ ਆਪਣੀ ਅਸਮਰਥਾ ਪ੍ਰਵਾਨ ਕਰੇ। ਜੇ ਤੁਹਾਡਾ ਪੱਧਰ ਵੀ ਉਹੀ ਹੈ ਜੋ ਕਿ ਜੀਵਨ ਦਾ ਹੈ, ਜੇਕਰ ਤੁਹਾਡੀ ਕਲਪਨਾ ਅਜਿਹੇ ਨਮੂਨੇ ਨਹੀਂ ਰਚ ਸਕਦੀ ਜੋ ਜੀਵਨ ਵਿੱਚ ਮੌਜੂਦ ਨਾ ਰਹਿੰਦੇ ਹੋਏ ਵੀ ਉਸਨੂੰ ਸੁਧਾਰਨ ਲਈ ਬੇਹੱਦ ਲਾਜ਼ਮੀ ਨੇ, ਤਾਂ ਤੁਹਾਡੀ ਰਚਨਾਤਮਕਤਾ ਕਿਸ ਮਰਜ਼ ਦੀ ਦਵਾ ਹੈ ਅਤੇ ਤੁਹਾਡੇ ਧੰਦੇ ਦੀ ਕੀ ਸਾਰਥਿਕਤਾ ਰਹਿ ਜਾਂਦੀ ਹੈ? ਲੋਕਾਂ ਦੇ ਦਿਮਾਗਾਂ ਨੂੰ ਉਹਨਾਂ ਦੇ ਘਟਨਾਰਹਿਤ ਜੀਵਨ ਦੇ ਫੋਟੋਗਰਾਫਿਕ ਚਿੱਤਰਾਂ ਦਾ ਗੋਦਾਮ ਬਣਾਉਂਦੇ ਸਮੇਂ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਕਿ ਅਜਿਹਾ ਕਰਕੇ ਕੀ ਤੁਸੀਂ ਨੁਕਸਾਨ ਨਹੀਂ ਪਹੁੰਚਾ ਰਹੇ ਹੋ? ਕਿਉਂਕਿ – ਅਤੇ ਤੁਹਾਨੂੰ ਹੁਣ ਇਹ ਪ੍ਰਵਾਨ ਕਰ ਲੈਣਾ ਚਾਹੀਦਾ ਹੈ-ਕਿ ਤੁਸੀਂ ਜੀਵਨ ਦਾ ਅਜਿਹਾ ਚਿੱਤਰ ਪੇਸ਼ ਕਰਨ ਦਾ ਢੰਗ ਨਹੀਂ ਜਾਣਦੇ ਜੋ ਸ਼ਰਮ ਦੀ ਇੱਕ ਬਦਲਾ ਲਊ ਚੇਤਨਾ ਨੂੰ ਜਨਮ ਦਵੇ, ਜੀਵਨ ਦੇ ਸੱਜਰੇ ਰੂਪਾਂ ਦੀ ਰਚਨਾ ਕਰਨ ਦੀ ਦਹਿਕਦੀ ਇੱਛਾ ਨੂੰ ਉਜਾਗਰ ਕਰੇ। ਕੀ ਤੁਸੀਂ ਜੀਵਨ ਦੀ ਨਬਜ਼ ਨੂੰ ਤੇਜ਼ ਅਤੇ ਉਸ ਵਿੱਚ ਤਾਜ਼ਗੀ ਦਾ ਸੰਚਾਰ ਕਰਨਾ ਜਾਣਦੇ ਹੋ। ਜਿਹਾ ਕਿ ਹੋਰ ਲੋਕ ਕਰ ਚੁੱਕੇ ਨੇ?”       

 ਮੇਰਾ ਅਦਭੁੱਤ ਭਾਸ਼ਣ ਕਰਤਾ ਰੁਕ ਗਿਆ ਅਤੇ ਮੈਂ, ਬਿਨਾਂ ਕੁਝ ਬੋਲੇ, ਉਸਦੇ ਸ਼ਬਦਾਂ ਬਾਰੇ ਸੋਚਦਾ ਰਿਹਾ। 

”ਆਪਣੇ ਚਾਰੇ ਪਾਸੇ ਅਜਿਹੇ ਲੋਕ ਤਾਂ ਮੈਨੂੰ ਕਾਫ਼ੀ ਨਜ਼ਰ ਆਉਂਦੇ ਨੇ ਜੋ ਚਲਾਕ ਨੇ, ਪਰ ਨੇਕ ਬਹੁਤ ਘੱਟ ਦਿਸਦੇ ਨੇ ਅਤੇ ਇਹ ਘੱਟ ਵੀ ਅਜਿਹੇ ਨੇ ਜਿਹਨਾਂ ਦੀ ਆਤਮਾ ਟੁਕੜੇ-ਟੁਕੜੇ ਅਤੇ ਬਿਮਾਰ ਹੈ। ਅਤੇ, ਪਤਾ ਨਹੀਂ, ਕਿਉਂ-ਮੇਰੀ ਪੜਤਾਲ ਮੈਨੂੰ ਹਮੇਸ਼ਾਂ ਇੱਕ ਉਸੇ ਨਤੀਜੇ ‘ਤੇ ਪਹੁੰਚਾਉਂਦੀ ਹੈ – ਇੱਕ ਆਦਮੀ ਜਿੰਨਾ ਚੰਗਾ ਤੇ ਉਸਦੀ ਆਤਮਾ ਜਿੰਨੀ ਜ਼ਿਆਦਾ ਇਮਾਨਦਾਰ ਅਤੇ ਬੇਦਾਗ ਹੁੰਦੀ ਹੈ ਉਸਦੀ ਸ਼ਕਤੀ ਦਾ ਭੰਡਾਰ ਓਨਾ ਹੀ ਜ਼ਿਆਦਾ ਸੀਮਤ, ਉਸਦੀ ਆਤਮਾ ਓਨੀ ਹੀ ਜ਼ਿਆਦਾ ਖੰਡਿਤ ਅਤੇ ਉਸਦਾ ਜੀਵਨ ਓਨਾ ਹੀ ਜ਼ਿਆਦਾ ਕਠਿਨਾਈਆਂ ਵਿੱਚ ਫਸਿਆ ਨਜ਼ਰ ਆਉਂਦਾ ਹੈ। ਅਜਿਹੇ ਲੋਕ ਬਿਲਕੁਲ ਇੱਕਲੇ ਅਤੇ ਕ੍ਰਿਪਾ-ਪਾਤਰ ਹੁੰਦੇ ਨੇ। ਆਪਣੇ ਸਮੁੱਚੇ ਦਿਲ ਤੋਂ ਕਿਸੇ ਚੰਗੇ ਜੀਵਨ ਦੀ ਇੱਛਾ ਕਰਨ ਦੇ ਬਾਵਜੂਦ ਉਹਨਾਂ ਵਿੱਚ ਇਹ ਸ਼ਕਤੀ ਨਹੀਂ ਹੁੰਦੀ ਕਿ ਉਹ ਉਸ ਜੀਵਨ ਦੀ ਰਚਨਾ ਕਰ ਸਕਣ। ਕੀ ਇਹ ਸੰਭਵ ਨਹੀਂ ਹੈ ਕਿ ਉਹਨਾਂ ਦੇ ਇਸ ਹੱਦ ਤੱਕ ਹਾਰੇ ਅਤੇ ਅਪਾਹਿਜ ਹੋਣ ਦਾ ਕਾਰਨ ਮਹਿਜ ਇਹ ਹੋਵੇ ਕਿ ਠੀਕ ਉਸ ਸਮੇਂ ਜਦੋਂ ਕਿ ਉਹਨਾਂ ਨੂੰ ਉਤਸ਼ਾਹ ਮਿਲਣਾ ਚਾਹੀਦਾ ਸੀ, ਜ਼ਰੂਰੀ ਸ਼ਬਦ ਦਾ ਕਿਸੇ ਨੇ ਉਚਾਰਣ ਨਹੀਂ ਕੀਤਾ?

”ਇੱਕ ਗੱਲ ਹੋਰ” ਮੇਰਾ ਵਚਿੱਤਰ ਸਾਥੀ ਕਹਿੰਦਾ ਗਿਆ- ”ਕੀ ਤੁਸੀਂ ਅਜਿਹੇ ਅਨੰਦਮਈ ਹਾਸੇ ਦੀ ਰਚਨਾ ਕਰ ਸਕਦੇ ਹੋ, ਜੋ ਆਤਮਾ ਦੀ ਸਾਰੀ ਮੈਲ ਧੋ ਸੁੱਟੇ? ਦੇਖੋ ਨਾ ਲੋਕ ਬਿਲਕੁਲ ਭੁੱਲ ਗਏ ਨੇ ਕਿ ਠੀਕ ਢੰਗ ਨਾਲ਼ ਕਿਵੇਂ ਹੱਸਿਆ ਜਾਂਦਾ ਹੈ? ਉਹ ਕਪਟ ਨਾਲ਼ ਹੱਸਦੇ ਨੇ ਉਹ ਕਮੀਨੇਪਣ ਨਾਲ਼ ਹੱਸਦੇ ਨੇ, ਉਹ ਅਕਸਰ ਆਪਣੇ ਹੰਝੂਆਂ ਨੂੰ ਵਿੰਨ੍ਹ ਕੇ ਹੱਸਦੇ ਨੇ ਪਰ ਉਹ ਦਿਲ ਦੇ ਉਸ ਸੱਚੇ ਆਨੰਦ ਨਾਲ਼ ਕਦੇ ਨਹੀਂ ਹੱਸਦੇ, ਜਿਸ ਨਾਲ਼ ਬਹੁਤੇ ਲੋਕਾਂ ਦੇ ਢਿੱਡੀਂ ਪੀੜਾਂ ਪੈ ਜਾਂਦੀਆਂ ਨੇ, ਪਸਲੀਆਂ ਬੋਲਣ ਲਗਦੀਆਂ ਨੇ। ਚੰਗਾ ਹਾਸਾ ਇੱਕ ਸਿਹਤਵਰਧਕ ਚੀਜ਼ ਹੈ। ਇਹ ਬੇਹੱਦ ਜ਼ਰੂਰੀ ਹੈ ਕਿ ਲੋਕ ਹੱਸਣ – ਆਖਿਰ ਇਹ ਕਾਬਲੀਅਤ ਉਹਨਾਂ ਗਿਣੀਆਂ-ਚੁਣੀਆਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਮਨੁੱਖ ਨੂੰ ਪਸ਼ੂ ਤੋਂ ਨਿਖੇੜਦੀ ਹੈ। ਕੀ ਤੁਸੀਂ ਸਿਵਾਏ ਫਟਕਾਰ ਦੇ ਹੋਰ ਕਿਸੇ ਤਰ੍ਹਾਂ ਦੇ ਹਾਸੇ ਨੂੰ ਵੀ ਜਨਮ ਦੇ ਸਕਦੇ ਹੋ – ਉਸ ਬਜ਼ਾਰੂ ਹਾਸੇ ਤੋਂ, ਜੋ ਮਨੁੱਖਾ ਜੀਵਧਾਰੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਅਤੇ ਉਹ ਕੇਵਲ ਇਸ ਲਈ ਹਾਸੇ ਦੇ ਪਾਤਰ ਬਣਦੇ ਹਨ ਕਿ ਉਹਨਾਂ ਦੀ ਸਥਿਤੀ ਤਰਸਯੋਗ ਹੁੰਦੀ ਹੈ? ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਸਿੱਖਿਆ ਦੇਣ ਦਾ ਤੁਹਾਡਾ ਅਧਿਕਾਰ ਉਹਨਾਂ ਸੱਚੇ ਭਾਵਾਂ ਨੂੰ ਜਾਗ੍ਰਿਤ ਕਰਨ ਦੀ ਤੁਹਾਡੀ ਯੋਗਤਾ ‘ਤੇ ਨਿਰਭਰ ਕਰਦਾ ਹੈ ਜੋ ਹਥੋੜੇ ਦੀਆਂ ਸੱਟਾਂ ਵਾਂਗ, ਜੀਵਨ ਨੂੰ ਸੀਮਤ ਕਰਨ ਵਾਲ਼ੇ ਪੁਰਾਣੇ ਰੂਪਾਂ ਨੂੰ ਚਕਨਾਚੂਰ ਅਤੇ ਨਸ਼ਟ ਕਰ ਦੇਵੇ, ਤਾਂ ਕਿ ਵਧੇਰੇ ਉੱਤਮ ਰੂਪਾਂ ਦੀ ਉਸਾਰੀ ਕੀਤੀ ਜਾ ਸਕੇ। ਗੁੱਸਾ, ਨਫ਼ਰਤ, ਹੱਸਣਾ, ਸ਼ਰਮ, ਉਕਤਾਹਟ ਅਤੇ ਸਭ ਤੋਂ ਅਖੀਰ ਵਿੱਚ ਬਦਹਵਾਸ ਝਨਝਨਾਉਂਦੀ ਨਿਰਾਸ਼ਾ – ਉਹ ਅਜਿਹੇ ਹਥਿਆਰ ਹਨ ਜਿਹਨਾਂ ਦੁਆਰਾ ਇਸ ਧਰਤੀ ਉੱਤੇ ਕੋਈ ਵੀ ਚੀਜ਼ ਨਸ਼ਟ ਕੀਤੀ ਜਾ ਸਕਦੀ ਹੈ। ਕੀ ਤੁਸੀਂ ਅਜਿਹੇ ਹਥਿਆਰਾਂ ਦੀ ਰਚਨਾ ਕਰ ਸਕਦੇ ਹੋ? ਅਤੇ ਕੀ ਤੁਸੀਂ ਉਹਨਾਂ ਤੋਂ ਕੰਮ ਲੈਣਾ ਜਾਣਦੇ ਹੋ? ਤੁਹਾਨੂੰ ਆਪਣੇ ਦਿਲ ਵਿੱਚ ਮਨੁੱਖ ਦੀਆਂ ਕਮਜ਼ੋਰੀਆਂ ਲਈ ਗੂੜ੍ਹੀ ਨਫ਼ਰਤ ਦਾ ਜਾਂ ਆਮ ਮਨੁੱਖ ਲਈ ਗੂੜ੍ਹੇ ਪਿਆਰ ਦਾ – ਪੋਸ਼ਣ ਕਰਨਾ ਚਾਹੀਦਾ ਹੈ। ਤਦ ਹੀ ਤੁਸੀਂ ਲੋਕਾਂ ਨੂੰ ਸੰਬੋਧਨ ਕਰਨ ਦੇ ਅਧਿਕਾਰੀ ਬਣ ਸਕੋਗੇ। ਜੇਕਰ ਤੁਸੀਂ ਇਹਨਾਂ ਦੋਹਾਂ ਵਿੱਚੋਂ ਨਾ ਤਾਂ ਇਸਦਾ ਅਨੁਭਵ ਕਰਦੇ ਹੋ ਅਤੇ ਨਾ ਹੀ ਉਸਦਾ, ਤਾਂ ਸਿਰ ਨੀਵਾਂ ਰੱਖੋ ਅਤੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚੋ।”

 ਪਹੁ ਫੁਟਾਲ਼ਾ ਹੋਣ ਲੱਗ ਪਿਆ ਸੀ। ਪਰ ਮੇਰੇ ਦਿਲ ਵਿੱਚ ਇੱਕ ਹਨ੍ਹੇਰਾ ਗੂੜ੍ਹਾ ਹੋ ਗਿਆ ਸੀ। ਅਤੇ ਇਹ ਆਦਮੀ, ਜੋ ਮੇਰੇ ਅੰਦਰ ਦੇ ਹਰ ਰਾਜ ਤੋਂ ਵਾਕਿਫ਼ ਸੀ, ਅਜੇ ਵੀ ਬੋਲ ਰਿਹਾ ਸੀ। ਰਹਿ-ਰਹਿ ਕੇ ਮੈਨੂੰ ਖਿਆਲ ਆਉਂਦਾ ਕਿ ਕਿਤੇ ਇਹ ਛਲਾਵਾ ਤਾਂ ਨਹੀਂ ਹੈ?

 ਪਰ ਉਸ ਦੀਆਂ ਗੱਲਾਂ ਨੇ ਮੈਨੂੰ ਉਲ਼ਝਾ ਦਿੱਤਾ ਸੀ ਕਿ ਇਸ ਸਵਾਲ ‘ਤੇ ਮੈਂ ਜ਼ਿਆਦਾ ਧਿਆਨ ਨਹੀਂ ਦੇ ਸਕਿਆ। ਉਸ ਦੇ ਸ਼ਬਦ ਹੁਣ ਫਿਰ ਸੂਈਆਂ ਵਾਂਗ ਮੇਰੇ ਕੰਨਾਂ ਨੂੰ ਵਿੰਨ੍ਹ ਰਹੇ ਸਨ—

 ”ਇਸ ਸਭ ਦੇ ਬਾਵਜੂਦ ਜੀਵਨ ਪਹਿਲਾਂ ਨਾਲ਼ੋਂ ਸਾਫ਼ ਅਤੇ ਡੂੰਘਾ ਹੁੰਦਾ ਜਾ ਰਿਹਾ ਹੈ, ਪਰ ਇਹ ਵਾਧਾ ਧੀਮੀ ਗਤੀ ਨਾਲ਼ ਹੋ ਰਿਹਾ ਹੈ। ਕਿਉਂਕਿ ਇਸ ਗਤੀ ਨੂੰ ਤੇਜ਼ ਕਰਨ ਲਾਇਕ ਨਾ ਤਾਂ ਤੁਹਾਡੇ ਕੋਲ ਸ਼ਕਤੀ ਹੈ, ਨਾ ਗਿਆਨ ਹੈ। ਜੀਵਨ ਵਧ ਰਿਹਾ ਹੈ ਅਤੇ ਲੋਕ ਦਿਨ ਪ੍ਰਤੀ ਦਿਨ ਜ਼ਿਆਦਾ ਹੋਰ ਜ਼ਿਆਦਾ ਜਾਨਣ ਅਤੇ ਪੁੱਛਤਾਛ ਕਰਨਾ ਚਾਹੁੰਦੇ ਹਨ। ਉਹਨਾਂ ਦੇ ਸਵਾਲਾਂ ਦਾ ਜਵਾਬ ਕੌਣ ਦੇਵੇ? ਇਹ ਤੁਹਾਡਾ – ਤੁਹਾਡੇ ਵਰਗੇ ਲੋਕਾਂ ਦਾ, ਜੋ ਆਪਣੇ ਆਪ ਮਸੀਹਾ ਬਣ ਬੈਠੇ ਹਨ – ਕੰਮ ਹੈ। ਪਰ ਕੀ ਤੁਸੀਂ ਜੀਵਨ ਵਿੱਚ ਇੰਨੇ ਡੂੰਘੇ ਉੱਤਰੇ ਹੋ ਕਿ ਇਸ ਨੂੰ ਦੂਜਿਆਂ ਸਾਹਵੇਂ ਖੋਲ ਕੇ ਰੱਖ ਸਕੋ? ਕੀ ਤੁਸੀਂ ਜਾਣਦੇ ਹੋ ਕਿ ਸਮੇਂ ਦੀ ਮੰਗ ਕੀ ਹੈ, ਕੀ ਤੁਹਾਨੂੰ ਭਵਿੱਖ ਦੀ ਜਾਣਕਾਰੀ ਹੈ ਅਤੇ ਕੀ ਤੁਸੀਂ ਆਪਣੇ ਸ਼ਬਦਾਂ ਰਾਹੀਂ ਉਸ ਆਦਮੀ ਵਿੱਚ ਨਵੀਂ ਜਾਨ ਫੂਕ ਸਕਦੇ ਹੋ ਜਿਸਨੂੰ ਜੀਵਨ ਦੀ ਨੀਚਤਾ ਨੇ ਭ੍ਰਿਸ਼ਟ ਅਤੇ ਨਿਰਾਸ਼ ਕਰ ਦਿੱਤਾ ਹੈ? ਉਹਦਾ ਦਿਲ ਪਸਤ ਹੈ। ਜੀਵਨ ਦੀ ਕੋਈ ਉਮੰਗ ਉਸ ਵਿੱਚ ਨਹੀਂ ਹੈ – ਵਧੀਆ ਜ਼ਿੰਦਗੀ ਬਿਤਾਉਣ ਦੀ ਇੱਛਾ ਤੱਕ ਨੂੰ ਉਸਨੇ ਵਿਦਾ ਕਰ ਦਿੱਤਾ ਹੈ ਅਤੇ ਕੇਵਲ ਸੂਰ ਦੀ ਤਰ੍ਹਾਂ ਹੁਣ ਉਹ ਜੀਵਨ ਬਿਤਾਉਣਾ ਚਾਹੁੰਦਾ ਹੈ। ਅਤੇ – ਸੁਣ ਰਹੇ ਹੋ ਨਾ – ਵਿਅੰਗ ਨਾਲ਼ ਭਰੀ ਮੁਸਕੁਰਾਹਟ ਉਸ ਦੇ ਬੁੱਲ੍ਹਾਂ ‘ਤੇ ਫੈਲ ਜਾਂਦੀ ਹੈ ਜਦੋਂ ‘ਆਦਰਸ਼’ ਸ਼ਬਦ ਦਾ ਕੋਈ ਉਹਦੇ ਸਾਹਮਣੇ ਉਚਾਰਣ ਕਰਦਾ ਹੈ। ਖੁਰ ਰਹੀਆਂ ਹੱਡੀਆਂ ਦਾ ਇੱਕ ਪੁੰਜ ਬਣ ਗਿਆ ਹੈ ਜੋ ਆਮ ਅਤੇ ਮੋਟੀ ਚਮੜੀ ਨਾਲ਼ ਢੱਕਿਆ ਹੋਇਆ ਹੈ, ਅਤੇ ਹੱਡੀਆਂ ਦਾ ਉਹ ਪੁੰਜ ਆਤਮਾ ਨਾਲ਼ ਨਹੀਂ ਸਗੋਂ ਲਾਲਸਾ ਅਤੇ ਵਾਸ਼ਨਾ ਨਾਲ਼ ਹਿਲਦਾ-ਜੁਲਦਾ ਅਤੇ ਹਰਕਤ ਕਰਦਾ ਹੈ। ਉਸਨੂੰ ਤੁਹਾਡੀ ਬੇਹੱਦ ਜ਼ਰੂਰਤ ਹੈ। ਜਲਦੀ ਕਰੋ ਅਤੇ ਇਸ ਤੋਂ ਪਹਿਲਾਂ ਕਿ ਉਸਦਾ  ਇਨਸਾਨੀ ਰੂਪ ਆਖਿਰੀ ਰੂਪ ਵਿੱਚ ਉਸਤੋਂ ਵਿਦਾ ਹੋਵੇ, ਉਸਨੂੰ ਜੀਉਣ ਦਾ ਢੰਗ ਦੱਸੋ। ਪਰ ਤੁਸੀਂ ਕਿਸ ਤਰ੍ਹਾਂ ਉਸ ਵਿੱਚ ਜੀਵਨ ਦੀ ਚਾਹ ਜਗਾ ਸਕਦੇ ਹੋ, ਜਦੋਂ ਕਿ ਤੁਸੀਂ ਬੁੜਬੜਾਉਣ, ਬੁਖਲਾਉਣ ਅਤੇ ਰੋਣ-ਪਿੱਟਣ ਜਾਂ ਉਸਦੇ ਪਤਣ ਦੀ ਇੱਕ ਬੇਜਾਨ ਤਸਵੀਰ ਖਿੱਚਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ? ਹਾਰ ਦੀ ਬਦਬੂ ਨੇ ਧਰਤੀ ਨੂੰ ਘੇਰਿਆ ਹੋਇਆ ਹੈ, ਲੋਕਾਂ ਦੇ ਦਿਲਾਂ ਵਿੱਚ ਕਾਇਰਤਾ ਅਤੇ ਗੁਲਾਮੀ ਸਮਾ ਗਈ ਹੈ, ਆਲਸ ਦੀਆਂ ਨਰਮ ਜ਼ੰਜ਼ੀਰਾਂ ਨੇ ਉਹਨਾਂ ਦੇ ਦਿਮਾਗਾਂ ਅਤੇ ਹੱਥਾਂ ਨੂੰ ਜਕੜ ਲਿਆ ਹੈ – ਅਤੇ ਇਸ ਘਿਨੋਣੇ ਜੰਜਾਲ ਨੂੰ ਤੋੜਨ ਲਈ ਤੁਸੀਂ ਕੀ ਕਰਦੇ ਹੋ? ਤੁਸੀਂ ਕਿੰਨੇ ਸਤਹੀ ਅਤੇ ਹੋਛੇ ਹੋ, ਅਤੇ ਕਿੰਨੀ ਵੱਡੀ ਸੰਖਿਆ ਹੈ ਤੁਹਡੇ ਵਰਗੇ ਲੋਕਾਂ ਦੀ! ਓਹ! ਜੇਕਰ ਇੱਕ ਵੀ ਅਜਿਹੀ ਆਤਮਾ ਦਾ ਉਦੈ ਹੋਇਆ ਹੁੰਦਾ – ਕਠੋਰ ਅਤੇ ਪਿਆਰ ਵਿੱਚ ਡੁੱਬੀ ਮਸ਼ਾਲ ਵਾਂਗਰ ਪ੍ਰਕਾਸ਼ ਦੇਣ ਵਾਲ਼ੇ ਦਿਲ ਅਤੇ ਸਰਵਵਿਆਪੀ ਮਹਾਨ ਮਨ ਨਾਲ਼ ਸ਼ਸ਼ੋਭਿਤ। ਤਦ ਭਵਿੱਖ ਦੀ ਗਰਭ ਵਿਚਲੇ ਸ਼ਬਦ ਘੰਟੇ ਦੀ ਧੁਨੀ ਵਾਂਗ ਇਸ ਸ਼ਰਮਨਾਕ ਖਾਮੋਸ਼ੀ ਵਿੱਚ ਗੂੰਜ ਉੱਠਦੇ ਅਤੇ ਸ਼ਾਇਦ ਇਹਨਾਂ ਜਿਉਂਦੇ ਮੁਰਦਿਆਂ ਦੀਆਂ ਘਿਨੌਣੀਆਂ ਆਤਮਾਵਾਂ ਵਿੱਚ ਵੀ ਕੁਝ ਸਰਸਰਾਹਟ ਦੌੜਦੀ……?

 ਇਹ ਕਹਿ ਕੇ ਉਹ ਫਿਰ ਚੁੱਪ ਹੋ ਗਿਆ। ਮੈਂ ਉਸਦੇ ਵੱਲ ਨਾ ਵੇਖਿਆ। ਯਾਦ ਨਹੀਂ ਆ ਰਿਹਾ ਕਿ ਕਿਹੜਾ ਅਹਿਸਾਸ ਉਦੋਂ ਮੇਰੇ ਦਿਲ ‘ਤੇ ਛਾਇਆ ਹੋਇਆ ਸੀ – ਸ਼ਰਮ ਦਾ ਜਾਂ ਡਰ ਦਾ।

 ”ਕਹੋ, ਤੁਸੀਂ ਮੈਨੂੰ ਕੁਝ ਕਹਿਣਾ ਹੈ?” ਉਸਨੇ ਨਿਰਪੱਖਤਾ ਨਾਲ਼ ਪੁੱਛਿਆ।  

”ਕੁਝ ਨਹੀਂ” ਮੈਂ ਜਵਾਬ ਦਿੱਤਾ।

ਇਸ ਤੋਂ ਬਾਅਦ ਫਿਰ ਖਾਮੌਸ਼ੀ  ਛਾ ਗਈ।

”ਤੁਹਾਡੀ ਜ਼ਿੰਦਗੀ ਦਾ ਹੁਣ ਕੀ ਪ੍ਰੋਗਰਾਮ ਹੈ?”

”ਮੈਂ ਨਹੀਂ ਜਾਣਦਾ” ਮੈਂ ਜਵਾਬ ਦਿੱਤਾ।

”ਤੁਸੀਂ ਕੀ ਲਿਖੋਗੇ?”

ਮੈਂ ਚੁੱਪ ਰਿਹਾ।    

”ਮੌਨ ਉੱਚਤਮ ਸਿਆਣਪ ਦਾ ਮੰਤਰ ਹੈ।”

ਉਸਦੇ ਇਹਨਾਂ ਸ਼ਬਦਾਂ ਅਤੇ ਉਸ ਤੋਂ ਬਾਅਦ ਪ੍ਰਗਟ ਹੋਣ ਵਾਲ਼ੇ ਉਸਦੇ ਹਾਸੇ ਵਿਚਕਾਰ ਜੋ ਖਲਾਅ ਬੀਤਿਆ ਉਸਨੇ ਮੇਰੇ ਮਨ ਦੀਆਂ ਸਾਰੀਆਂ ਰਗਾਂ ਨੂੰ ਝੰਜੋੜ ਕੇ ਰੱਖ ਦਿੱਤਾ। ਅਤੇ ਜਦ ਉਹ ਹੱਸਿਆ ਤਾਂ ਖੁਸ਼ੀ ਨਾਲ਼ ਛਲਛਲਾਉਦਾ ਹੋਇਆ – ਉਸ ਆਦਮੀ ਦੇ ਹਾਸੇ ਵਾਂਗ, ਜੋ ਐਨੀ ਸਹਿਜਤਾ ਅਤੇ ਆਨੰਦ ਨਾਲ਼ ਹੱਸਣ ਦੇ ਮੌਕੇ ਦੀ ਉਡੀਕ ਵਿੱਚ ਪਤਾ ਨਹੀਂ ਕਦੋਂ ਤੋਂ ਆਪਣੇ ਆਪ ਨੂੰ ਰੋਕੀ ਬੈਠਾ ਸੀ। ਉਸਦਾ ਇਹ ਮਾਰੂ ਹਾਸਾ ਸੁਣਕੇ ਮੇਰਾ ਦਿਲ ਖੂਨ ਦੇ ਅੱਥਰੂ ਰੋ ਪਿਆ।

 ”ਹੋ-ਹੋ-ਹੋ! ਅਤੇ ਤੁਹਾਡਾ ਉਹ ਹਾਲ ਹੈ – ਤੁਹਾਡਾ, ਜਿਸ ਨੇ ਦੂਜਿਆਂ ਨੂੰ ਜਿਉਣ ਦਾ ਢੰਗ ਸਿਖਾਉਣਾ ਹੈ? ਤੁਹਾਡਾ ਜੋ ਐਨੀ ਜਲਦੀ ਡੋਲ ਜਾਂਦੇ ਹੋ? ਪਰ ਇਹ ਮੈਂ ਹੁਣ ਦਾਅਵੇ ਨਾਲ਼ ਕਹਿੰਦਾ ਹਾਂ ਕਿ ਤੁਸੀਂ ਮਨ ਹੀ ਮਨ ਜਾਣ ਗਏ ਹੋ ਕਿ ਮੈਂ ਕੋਣ ਹਾਂ? ਹੋ-ਹੋ-ਹੋ! ਅਤੇ ਤੁਸੀਂ ਹੋਰ ਨੌਜਵਾਨ ਵੀ, ਜੋ ਮਾਂ ਦੀ ਕੁੱਖ ਵਿੱਚੋਂ ਬੁਢਾਪਾ ਲੈ ਕੇ ਆਉਂਦੇ ਨੇ, ਮੇਰੇ ਨਾਲ਼ ਵਾਸਤਾ ਪਂੈਦੇ ਹੀ ਇਸੇ ਤਰ੍ਹਾਂ ਡੋਲ ਜਾਣਗੇ। ਸਿਰਫ਼ ਉਹੀ, ਜਿਹਨਾਂ ਨੇ ਝੂਠ, ਦੰਭ ਅਤੇ ਬੇਸ਼ਰਮੀ ਦਾ ਕਵਚ ਧਾਰਨ ਕੀਤਾ ਹੋਇਆ ਹੈ, ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਨਹੀਂ ਸਰਕਦੇ। ਸੋ ਇਹੀ ਹੈ ਤੁਹਾਡੀ ਦ੍ਰਿੜਤਾ – ਇੱਕ ਧੱਕਾ ਖਾਧਾ ਤੇ ਉਲ਼ਟੇ ਹੋ ਗਏ। ਬੋਲੋ, ਆਪਣੇ ਬਚਾਅ ਵਿੱਚ ਇੱਕ ਸ਼ਬਦ ਸਿਰਫ਼ ਇੱਕ ਹੀ ਸ਼ਬਦ ਕਹੋ – ਜੋ ਕੁਝ ਮੈਂ ਕਿਹਾ ਹੈ ਉਸਦੀ ਸੱਚਾਈ ਤੋਂ ਮੁਨਕਰ ਹੋਵੋ, ਆਪਣੇ ਦਿਲ ਤੋਂ ਦੁੱਖ ਅਤੇ ਸ਼ਰਮ ਦਾ ਭਾਰ ਲਾਹ ਸੁੱਟੋ, ਇੱਕ ਪਲ ਲਈ ਹੀ ਸਹੀ ਮਜ਼ਬੂਤੀ ਅਤੇ ਆਤਮ ਵਿਸ਼ਵਾਸ ਦਿਖਾਓ – ਤਦ ਮੈਂ ਉਹ ਸਭ ਕੁਝ ਵਾਪਸ ਲੈ ਲਵਾਗਾਂ ਜੋ ਕੁਝ ਵੀ ਮੈ ਕਿਹਾ ਹੈ। ਮੈਂ ਤੁਹਾਡੇ ਅੱਗੇ ਸਿਰ ਝੁਕਾ ਦਿਆਂਗਾ। ਆਪਣੀ ਆਤਮਾ ਦੇ ਉਸ ਗੁਣ ਦਾ ਘੱਟੋ-ਘੱਟ ਕੁਝ ਤਾਂ ਦਰਸ਼ਨ ਕਰਵਾਓ ਜਿਸਨੇ ਤੁਹਾਨੂੰ ਅਧਿਆਪਕ ਬਣਨ ਦਾ ਅਧਿਕਾਰ ਦਿੱਤਾ ਹੈ। ਮੈਂ ਖੁਦ ਸਿੱਖਣਾ ਚਾਹੁੰਦਾ ਹਾਂ। ਆਖਿਰ ਮੈਂ ਵੀ ਇੱਕ ਆਦਮੀ ਹੀ ਹਾਂ। ਮੈਂ ਜੀਵਨ ਦੇ ਇਸ ਅੰਨ੍ਹੇ ਏੜ-ਗੇੜ ਵਿੱਚ ਗੁਆਚ ਗਿਆ ਹਾਂ ਅਤੇ ਅਜੇ ਰਾਹ ਦੀ ਖੋਜ ਵਿੱਚ ਹਾਂ ਜੋ ਮੈਨੂੰ ਪ੍ਰਕਾਸ਼, ਸੱਚਾਈ, ਸੁੰਦਰਤਾ ਅਤੇ ਜੀਵਨ ਦੇ ਇੱਕ ਸੱਜਰੇ ਰੂਪ ਵੱਲ ਲੈ ਜਾਏ। ਮੈਨੂੰ ਉਹ ਰਾਹ ਦਿਖਾਓ। ਮੈਂ ਆਦਮੀ ਹਾਂ। ਮੇਰੇ ਨਾਲ਼ ਨਫ਼ਰਤ ਕਰੋ, ਮੈਨੂੰ ਕੋੜੇ ਮਾਰੋ, ਪਰ ਉਦਾਸੀ ਦੀ ਇਸ ਖਾਈ ‘ਚੋਂ ਮੈਨੂੰ ਕੱਢੋ, ਮੈਂ ਜੋ ਕੁਝ ਹਾਂ ਉਸ ਤੋਂ ਚੰਗਾ ਬਣਨਾ ਚਾਹੁੰਦਾ ਹਾਂ- ਪਰ ਕਿਵੇਂ? ਮੈਨੂੰ ਸਿਖਾਓ ਕਿ ਅਜਿਹਾ ਕਿਵੇਂ ਹੋ ਸਕਦਾ ਹੈ?

ਅਤੇ ਮੈਂ ਸੋਚਿਆ – ”ਕੀ ਮੈਂ ਇਹ ਕਰ ਸਕਦਾ ਹਾਂ? ਕੀ ਮੈਂ ਉਹਨਾਂ ਮੰਗਾਂ ਦੀ ਪੂਰਤੀ ਕਰ ਸਕਦਾ ਹਾਂ, ਜਿਹੜੀਆਂ ਇਸ ਆਦਮੀ ਨੇ ਵਾਜਿਬ ਤੌਰ ‘ਤੇ ਮੇਰੇ ਸਾਹਮਣੇ ਰੱਖੀਆਂ ਨੇ? ਜੀਵਨ ਦੀਆਂ ਚਿੰਗਾਰੀਆਂ ਬੁਝ ਰਹੀਆਂ ਹਨ, ਸੰਦੇਹ ਦੀਆਂ ਕਾਲ਼ੀਆਂ ਪ੍ਰਛਾਈਆਂ ਹੋਰ ਵਧੇਰੇ ਗੂੜੀਆਂ ਹੋ ਕੇ ਲੋਕਾਂ ਦੇ ਦਿਮਾਗਾਂ ਨੂੰ ਘੇਰ ਰਹੀਆਂ ਹਨ, ਬਾਹਰ ਨਿਕਲਣ ਦਾ ਕੋਈ ਨਾ ਕੋਈ ਰਾਹ ਖੋਜਣਾ ਪਏਗਾ – ਇਹ ਰਾਹ ਕਿਹੜਾ ਹੋ ਸਕਦਾ ਹੈ? ਇੱਕ ਗੱਲ ਮੈਂ ਜਾਣਦਾ ਹਾਂ ਕਿ ਸੁੱਖ-ਸ਼ਾਂਤੀ ਦੀ ਕੀਮਤ ਕੀ ਹੈ? ਜੀਵਨ ਦੀ ਸਾਰਥਿਕਤਾ ਸੁੱਖ-ਸ਼ਾਂਤੀ ਵਿੱਚ ਨਹੀਂ ਹੈ – ਆਪਣੀ ਆਪ ਵਿੱਚ ਗਵਾਚੇ ਰਹਿਣਾ ਵੀ ਮਨੁੱਖ ਨੂੰ ਜ਼ਿਆਦਾ ਦੇਰ ਤੱਕ ਸੰਤੁਸ਼ਟ ਨਹੀਂ ਰੱਖ ਸਕਦਾ – ਸਭ ਕੁਝ ਹੁੰਦੇ ਹੋਏ ਵੀ ਆਖਿਰ ਉਹ ਉਸਤੋਂ ਉੱਪਰ ਹੈ। ਜੀਵਨ ਦੀ ਸਾਰਥਿਕਤਾ ਕਿਸੇ ਲਕਸ਼ ਲਈ ਮਨੁੱਖ ਦੀਆਂ ਕੋਸ਼ਿਸ਼ਾਂ ਦੀ ਸੰਦਰਤਾ ਅਤੇ ਸ਼ਕਤੀ ਵਿੱਚ ਪਾਈ ਜਾਂਦੀ ਹੈ। ਅਤੇ ਇਹ ਲਾਜਮੀ ਹੈ ਕਿ ਉਸਦੀ ਹੋਂਦ ਦਾ ਹਰੇਕ ਪਲ ਆਪਣੇ ਉੱਚੇ ਮਕਸਦ ਤੋਂ ਸੰਚਾਲਿਤ ਹੋਵੇ। ਅਤੇ ਅਜਿਹਾ ਹੋਣਾ ਸੰਭਵ ਹੈ। ਪਰ ਜੀਵਨ ਦੇ ਪੁਰਾਣੇ ਢਾਂਚੇ ਦੇ ਰਹਿੰਦਿਆਂ ਨਹੀਂ, ਜੋ ਆਤਮਾ ਨੂੰ ਖੁÎੰਢਾ, ਸੀਮਤ ਅਤੇ ਉਸਨੂੰ ਉਸਦੀ ਆਜ਼ਾਦੀ ਤੋਂ ਵਾਂਝਾ ਕਰ ਦਿੰਦਾ ਹੈ।”

 ਇੱਕ ਵਾਰ ਫਿਰ ਮੇਰਾ ਸਾਥੀ ਹੱਸਿਆ, ਪਰ ਇਸ ਵਾਰ ਸ਼ਾਂਤੀ ਨਾਲ਼ ਉਸ ਆਦਮੀ ਦੇ ਹਾਸੇ ਵਾਂਗ, ਜਿਹਦੇ ਦਿਲ ਵਿੱਚ ਵਿਚਾਰਾਂ ਦੀ ਧੁਨ ਲੱਗੀ ਹੋਵੇ।

”ਇਸ ਧਰਤੀ ਤੇ ਪਤਾ ਨਹੀਂ ਕਿੰਨੇ ਆਦਮੀ ਜਨਮ ਲੈਂਦੇ ਨੇ ਫਿਰ ਵੀ ਆਪਣੀਆਂ ਪੈੜਾਂ ਛੱਡ ਕੇ ਜਾਣ ਵਾਲੇ ਮਹਾਨ ਆਦਮੀਆਂ ਦੀ ਸੰਖਿਆ ਕਿੰਨੀ ਘੱਟ ਹੈ! ਅਜਿਹਾ ਕਿਉਂ ਹੈ? ਅਤੀਤ ਵਿੱਚ – ਢੱਠੇ ਖੂਹ ‘ਚ ਪਏ ਉਹ ਅਤੀਤ! ਉਸਦੀ ਯਾਦ ਦਿਲ ਵਿੱਚ ਸਿਰਫ਼ ਈਰਖਾ ਹੀ ਫੈਲਾਉਂਦੀ ਹੈ, ਕਿਉਂਕਿ ਵਰਤਮਾਨ ਵਿੱਚ ਅਜਿਹਾ ਕੋਈ ਨਹੀਂ ਹੈ ਜਿਸਤੋਂ ਇਹ ਉਮੀਦ ਹੋਵੇ ਕਿ ਆਪਣੇ ਮਰਨ ਮਗਰੋਂ ਇਸ ਧਰਤੀ ‘ਤੇ ਉਹ ਆਪਣੀ ਜਰ੍ਹਾ ਕੁ ਵੀ ਪੈੜ ਛੱਡ ਜਾਏਗਾ। ਮਨੁੱਖ ਊਂਘ ਰਿਹਾ ਹੈ ਅਤੇ ਉਸ ਨੂੰ ਜਗਾਉਣ ਵਾਲਾ ਕੋਈ ਨਹੀਂ ਹੈ। ਉਹ ਊਂਘ ਰਿਹਾ ਹੈ ਅਤੇ ਮੁੜ ਕੇ ਜੰਗਲੀ ਜੀਵ ਬਣਦਾ ਜਾ ਰਿਹਾ ਹੈ। ਉਸਨੂੰ ਕੋੜਿਆਂ ਦੀ ਮਾਰ ਦੀ – ਇੱਕ ਤੋਂ ਬਾਅਦ ਇੱਕ ਕੋੜੇ ਦੀ ਵਰਖਾ ਦੀ- ਅਤੇ ਪਿਆਰ ਵਿੱਚ ਡੁੱਬੇ ਦੁਲਾਰ ਦੀ ਜ਼ਰੂਰਤ ਹੈ। ਇਸ ਦੀ ਫਿਕਰ ਨਾ ਕਰੋ ਕਿ ਉਹਨੂੰ ਸੱਟ ਲੱਗੇਗੀ। ਜੇਕਰ, ਪਿਆਰ ਕਰਦੇ ਹੋਏ ਤੁਸੀਂ ਉਸਨੂੰ ਕੋੜੇ ਮਾਰਦੇ ਹੋ ਤਾਂ ਉਹ ਬੁਰਾ ਨਹੀਂ ਮੰਨੇਗਾ ਅਤੇ ਕੋੜਿਆਂ ਦੀ ਮਾਰ ਨੂੰ ਸਨਮਾਨ ਸਮਝ ਕੇ ਪ੍ਰਵਾਨ ਕਰੇਗਾ ਅਤੇ ਜਦੋਂ ਉਹ ਤਸ਼ੱਦਦ ਅਤੇ ਸ਼ਰਮ ਭੁਗਤ ਲਵੇ, ਤਦ ਖੁੱਲ੍ਹ ਕੇ ਆਪਣੇ ਦੁਲਾਰ ਨਾਲ਼ ਉਸਨੂੰ ਰੰਗ ਦਿਓ- ਉਹ  ਇੱਕ ਨਵਾਂ ਆਦਮੀ ਬਣ ਜਾਏਗਾ। ਲੋਕ ਨਿਰੇ ਬੱਚੇ ਹੁੰਦੇ ਨੇ ਬਾਵਜੂਦ ਇਸਦੇ ਕਿ ਕਦੇ-ਕਦੇ ਉਹਨਾਂ ਦੀਆਂ ਰਚਨਾਵਾਂ ਦੀ ਚਲਾਕੀ ਅਤੇ ਉਹਨਾਂ ਦੇ ਮਨ ਦਾ ਵਿਕਾਰ ਸਾਨੂੰ ਕੀਲ ਦਿੰਦੇ ਨੇ। ਪਿਆਰ ਅਤੇ ਤਾਜ਼ੇ ਤੇ ਸਿਹਤਮੰਦ ਅਧਿਆਤਮਕ ਭੋਜਨ ਦੀ ਉਹਨਾਂ ਦੀ ਭੁੱਖ ਕਦੇ ਘੱਟ ਨਹੀਂ ਹੁੰਦੀ। ਕੀ ਤੁਸੀਂ ਲੋਕਾਂ ਨਾਲ਼ ਪਿਆਰ ਕਰਨ ਦੀ ਕਾਬਲੀਅਤ ਰੱਖਦੋ ਹੋ?”

”ਲੋਕਾਂ ਨਾਲ਼ ਪਿਆਰ?” ਮੈਂ ਦੁਬਿਧਾ ਨਾਲ਼ ਦੁਹਰਾਇਆ। ਕਿਉਂਕਿ ਮੈਨੂੰ ਬਿਨਾਂ ਸ਼ੱਕ ਨਹੀਂ  ਪਤਾ ਸੀ ਕਿ ਮੈਂ ਲੋਕਾਂ ਨਾਲ਼ ਪਿਆਰ ਕਰਦਾ ਹਾਂ ਕਿ ਨਹੀਂ। ਸੱਚਮੁੱਚ ਮੈਨੂੰ ਇਹ ਪਤਾ ਨਹੀਂ ਸੀ। ਕੋਣ ਹੈ ਜੋ ਆਪਣੇ ਬਾਰੇ ਕਹਿ ਸਕੇ – ”ਦੇਖੋ, ਤੁਹਾਡੇ ਸਾਹਮਣੇ ਇੱਕ ਅਜਿਹਾ ਆਦਮੀ ਹਾਜ਼ਰ ਹੈ ਜੋ ਲੋਕਾਂ ਨੂੰ ਪਿਆਰ ਕਰਦਾ ਹੈ।” ਆਪਣੇ ਵਿਵਹਾਰ ਦੀ ਸਾਵਧਾਨੀ ਨਾਲ਼ ਪਰਖ ਕਰਨ ਵਾਲ਼ਾ ਆਦਮੀ, ਕਾਫ਼ੀ ਸੋਚਣ ਤੋਂ ਬਾਅਦ ਸ਼ਾਇਦ ਇਹ ਕਹਿਣ ਦਾ ਹੌਸਲਾ ਨਹੀਂ ਕਰੇਗਾ ਕਿ ”ਮੈਂ ਪਿਆਰ ਕਰਦਾ ਹਾਂ।” ਅਸੀਂ ਸਾਰੇ ਜਾਣਦੇ ਹਾਂ ਕਿ ਹਰ ਆਦਮੀ ਅਤੇ ਉਸਦੇ ਗੁਆਂਡੀ ਵਿੱਚਕਾਰ ਕਿੰਨੀ ਵੱਡੀ ਖÎੱਡ ਪਈ ਹੈ।

”ਤੁਸੀਂ ਕੁਝ ਜਵਾਬ ਨਹੀਂ ਦਿੰਦੇ? ਪਰ ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਮੈਂ ਸਮਝਦਾ ਹਾਂ, ਚੰਗਾ, ਤਾਂ ਹੁਣ ਮੈਂ ਚੱਲਦਾਂ।”   

”ਐਨੀਂ ਛੇਤੀ!” ਮੈਂ ਧੀਮੀ ਅਵਾਜ਼ ਵਿੱਚ ਕਿਹਾ। ਕਿਉਂਕਿ ਮੈਂ ਉਸਤੋਂ ਚਾਹੇ ਕਿੰਨਾ ਵੀ ਡਰਿਆ ਹੋਇਆ ਸੀ, ਪਰ ਉਸਤੋਂ ਵੀ ਜ਼ਿਆਦਾ  ਮੈਂ ਆਪਣੇ ਆਪ ਤੋਂ ਡਰਦਾ ਸਾਂ।

”ਹਾਂ, ਮੈਂ ਜਾ ਰਿਹਾ ਹਾਂ। ਪਰ ਮੈਂ ਫਿਰ ਵਾਪਸ ਆਵਾਂਗਾ। ਮੇਰਾ ਇੰਤਜ਼ਾਰ ਕਰਨਾ।” ਅਤੇ ਉਹ ਚਲਾ ਗਿਆ।

ਪਰ ਕੀ ਉਹ ਸਚਮੁੱਚ ਚਲਾ ਗਿਆ? ਮੈਂ ਉਸਨੂੰ ਜਾਂਦੇ ਨੂੰ ਨਹੀਂ ਦੇਖਿਆ। ਉਹ ਐਨੀ ਤੇਜ਼ੀ ਅਤੇ ਖਾਮੋਸ਼ੀ ਨਾਲ਼ ਗਾਇਬ ਹੋ ਗਿਆ ਜਿਵੇਂ ਕਿ ਪਰਛਾਵਾਂ। ਮੈਂ ਉੱਥੇ ਬਾਗ ਵਿੱਚ ਹੀ ਬੈਠਾ ਰਿਹਾ – ਪਤਾ ਨਹੀਂ ਕਿੰਨੀ ਦੇਰ ਤੱਕ – ਨਾ ਮੈਨੂੰ ਠੰਢ ਦਾ ਪਤਾ ਸੀ- ਨਾ ਇਸ ਦਾ ਕਿ ਸੂਰਜ ਚੜ੍ਹ ਆਇਆ ਹੈ ਅਤੇ ਦਰੱਖਤਾਂ ਦੀਆਂ ਬਰਫ਼ ਨਾਲ਼ ਢੱਕੀਆਂ ਟਾਹਣੀਆਂ ‘ਤੇ ਚਮਕ ਰਿਹਾ ਸੀ। ਅਤੇ ਜਦੋਂ ਮੈਂ ਇੱਧਰ ਧਿਆਨ ਦਿੱਤਾ ਜੋ ਬੜਾ ਅਜੀਬ ਜਿਹਾ ਲੱਗਿਆ, ਉਹ ਰੌਸ਼ਨ ਦਿਨ – ਸੂਰਜ ਹਮੇਸ਼ਾਂ ਵਾਂਗ ਨਿਰਲੇਪਤਾ ਨਾਲ਼ ਚਮਕ ਰਿਹਾ ਸੀ, ਅਤੇ ਪੁਰਾਣੀ ਧਰਤੀ, ਯੁੱਗ-ਯੁੱਗਾਂ ਦੇ ਦੁੱਖਾਂ ਨੂੰ ਆਪਣੇ ਦਿਲ ਵਿੱਚ ਸਮੇਟੀ, ਬਰਫ਼ ਦੀ ਚਾਦਰ ਤਾਣ ਕੇ ਪਈ ਸੀ। ਸੂਰਜ ਦੀਆਂ ਕਿਰਨਾਂ ਉਸ ਚਾਦਰ ‘ਤੇ ਪੈ ਰਹੀਆਂ ਸਨ, ਅਤੇ ਉਹ ਐਨੀ ਤੀਬਰਤਾਂ ਨਾਲ਼ ਚਮਕ ਰਹੀਆਂ ਸਨ ਕਿ ਅੱਖਾਂ ਚੁੰਧਿਆ ਜਾਂਦੀਆਂ ਸਨ…                  

ਅਨੁਵਾਦ – ਸਵਜੀਤ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 7, ਅਗਸਤ 2012 ਵਿਚ ਪ੍ਰਕਾਸ਼ਿ

 

2 comments on “ਇੱਕ ਪਾਠਕ (ਕਹਾਣੀ) -ਮੈਕਸਿਮ ਗੋਰਕੀ

  1. Kulwinder Chouhan says:

    great story by great man….Thanks Savjit…

    Like

  2. ਮਨੀ says:

    ਬਹੁੱਤ ਵਧੀਆ ਕਹਾਣੀ ਆ ਸ਼ੁਕਰੀਆ

    Like

Leave a comment