ਇੱਕ ਫੁੱਲ ਦੀ ਜਨਮ-ਪ੍ਰਕਿਰਿਆ -ਸਵਜੀਤ

gorky

ਪੀ.ਡੀ.ਐਫ਼. ਡਾਊਨਲੋਡ ਕਰੋ

 ਦੂਜੀ ਅਤੇ ਆਖਰੀ ਕਿਸ਼ਤ

ਮੈਕਸਿਮ ਗੋਰਕੀ ਦੀ ਸਵੈ-ਜੀਵਨੀ ‘ਮੇਰਾ ਬਚਪਨ’, ‘ਮੇਰੀ ਸ਼ਗਿਰਦੀ ਦੇ ਦਿਨ’ ਤੇ ‘ਮੇਰੇ ਵਿਸ਼ਵ-ਵਿਦਿਆਲੇ’ 

(ਲੜੀ ਜੋੜਨ ਲਈ ਵੇਖੋ ਲਲਕਾਰ, ਅੰਕ ਮਈ-ਜੂਨ 2011)

ਮੇਰੀ ਸ਼ਗਿਰਦੀ ਦੇ ਦਿਨ

”…ਤੇ ਏਥੇ ਹਾਂ ਮੈਂ—ਇੱਕ ਕੰਮ ਸਿੱਖਣ ਵਾਲ਼ਾ। ਮੈਂ ਸ਼ਹਿਰ ਦੇ ਵੱਡੇ ਬਾਜ਼ਾਰ ਦੀ ”ਫ਼ੈਸ਼ਨਦਾਰ ਬੂਟਾਂ” ਵਾਲ਼ੀ ਇੱਕ ਦੁਕਾਨ ਦਾ ”ਮੁੰਡੂ” ਹਾਂ।” ‘ਮੇਰਾ ਬਚਪਨ’ ਤੋਂ ਬਾਅਦ ਆਪਣੀ ਸਵੈ-ਜੀਵਨੀ ਦੀ ਅਗਲੀ ਪੁਸਤਕ ਵਿੱਚ ਅਲੈਕਸੇਈ ਇੱਕ ਬਿਲਕੁਲ ਹੀ ਵਿਲੱਖਣ ਵਾਤਾਵਰਣ ਵਿੱਚ ਵੱਖਰੇ ਕਿਸਮ ਦੇ ਲੋਕਾਂ ਵਿਚਕਾਰ ਘਿਰਿਆ ਹੋਇਆ ਦਿਖਾਈ ਦਿੰਦਾ ਹੈ। ਛੋਟੀ ਉਮਰ ਵਿੱਚ ਹੀ ਕੰਮ ਸਿੱਖਣ ਲਈ ਉਸਨੂੰ ਸ਼ਹਿਰ ਭੇਜ ਦਿੱਤਾ ਜਾਂਦਾ ਹੈ। ”ਮੈਂ ਪੈਲੀਆਂ ਤੇ ਜੰਗਲਾਂ ਵਿੱਚ, ਗਹਿਰੇ ਪਾਣੀ ਵਾਲੇ ਦਰਿਆ ਓਕਾ ਦੇ ਕੰਢੇ ‘ਤੇ ਜਾਂ ਕੁਨਾਵੀਨੋ ਦੀਆਂ ਰੇਤਲੀਆਂ ਸੜਕਾਂ ‘ਤੇ ਆਜ਼ਾਦ ਜ਼ਿੰਦਗੀ ਜਿਉਣ ਹਿਲਿਆ ਹੋਇਆ ਸਾਂ, ਇਸ ਲਈ ਮੈਨੂੰ ਆਪਣੀ ਹੁਣ ਵਾਲੀ ਜ਼ਿੰਦਗੀ ਅਕਾਵੀਂ ਤੇ ਖਿਝਾਵੀਂ ਲੱਗੀ। ਮੈਨੂੰ ਨਾਨੀ ਤੇ ਆਪਣੇ ਯਾਰ-ਬੇਲੀ ਬਹੁਤ ਹੀ ਯਾਦ ਆਉਂਦੇ ਸਨ, ਕੋਈ ਨਹੀਂ ਸੀ, ਜਿਦ੍ਹੇ ਨਾਲ਼ ਮੈਂ ਗੱਲ ਕਰ ਸਕਦਾ, ਮੈਂ ਜ਼ਿੰਦਗੀ ਦਾ ਝੂਠਾ, ਕੋਝਾ ਪਾਸਾ, ਜਿਵੇਂ ਮੈਨੂੰ ਉਹ ਹੁਣ ਦਿਸਿਆ, ਵੇਖ-ਵੇਖ ਅੰਬ ਗਿਆ ਸਾਂ।” 

ਇਸ ਵੱਖਰੇ ਸੰਸਾਰ ਵਿੱਚ ਵਿਚਰਦਿਆਂ ਉਹਨਾਂ ਦਾ ਵੱਖ-ਵੱਖ ਤਰ੍ਹਾਂ ਦੇ ਲੋਕਾਂ, ਸੋਚਾਂ ਅਤੇ ਪ੍ਰਸਥਿਤੀਆਂ ਨਾਲ਼ ਵਾਹ ਪੈਣਾ ਲਾਜ਼ਮੀ ਸੀ, ਜਿਹਨਾਂ ਨੇ ਗੋਰਕੀ ਦੇ ਬਾਲ ਮਨ ‘ਤੇ ਬੜੇ ਡੂੰਘੇ ਪ੍ਰਭਾਵ ਛੱਡੇ ਤੇ ਜਿਹਨਾਂ ਤੋਂ ਗੋਰਕੀ ਨੇ ਜੀਵਨ ਦੇ ਤਜ਼ਰਬੇ ਸਿੱਖੇ। ਉਹਨਾਂ ਦੇ ਸਾਹਿਤ ਨੂੰ ਜੇ ਦੁਨੀਆਂ ਵਿੱਚ ਅਥਾਹ ਮਹੁੱਬਤ ਮਿਲੀ ਅਤੇ ਲੋਕ-ਮਨਾਂ ਦੇ ਐਨਾ ਕਰੀਬ ਰਿਹਾ ਹੈ ਤਾਂ ਇਸਦੇ ਕਈ ਕਾਰਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਉਦੋਂ ਤੱਕ ਗੋਰਕੀ ਦਾ ਇੱਕ ਦ੍ਰਿੜ ਸੰਕਲਪ ਬਣ ਚੁੱਕਿਆ ਸੀ ਕਿ ਜੀਵਨ ਦਾ ਅਸਲ ਗਿਆਨ ਜੀਵਨ ਦੀ ਪੌੜੀ ਦੇ ਹੇਠਲੇ ਡੰਡੇ ਯਾਨੀ ਹੱਥੀਂ ਕਿਰਤ ਕਰਨ ਵਾਲ਼ੇ ਲੋਕਾਂ ਕੋਲ ਹੀ ਹੁੰਦਾ ਹੈ। ਰਹਿੰਦੀ ਉਮਰ ਤੱਕ ਉਹਨਾਂ ਨੇ ਇਹਨਾਂ ਹੀ ਲੋਕਾਂ ਨੂੰ ਆਪਣੇ ਸਾਹਿਤ ਦਾ ਇੱਕੋ ਇੱਕ ਸੋਮਾ ਸਮਝਿਆ, ਤੇ ਪੈਰ-ਪੈਰ ‘ਤੇ ਆਪਣੇ ਪਾਠਕਾਂ ਸਨਮੁੱਖ ਇਹਨਾਂ ਹੀ  ਲੋਕਾਂ ਦੇ ਗਿਆਨ ਨੂੰ ਸ਼ਿੰਗਾਰ ਕੇ ਅਤੇ ਹੋਰ ਵੀ ਜੀਵੰਤ ਰੂਪ ਵਿੱਚ ਪੇਸ਼ ਕੀਤਾ। ਸ਼ਾਇਦ ਇਹੀ ਕਾਰਨ ਹੈ ਕਿ ਗੋਰਕੀ ਦੀ ਲਿਖਣ ਸ਼ੈਲੀ ‘ਤੇ ਲੋਕ ਕਹਾਵਤਾਂ ਅਤੇ ਮੁਹਾਵਰਿਆਂ ਦਾ ਬੜਾ ਗੂੜਾ ਅਸਰ ਦਿਖਦਾ ਹੈ। ਗੋਰਕੀ ਕਹਾਵਤਾਂ ਅਤੇ ਮੁਹਾਵਰਿਆਂ ਨੂੰ ਮਨੁੱਖੀ ਸਿਆਣਪ ਅਤੇ ਅਭਿਆਸ ਤੋਂ ਸਿੱਖੇ ਤਜ਼ਰਬਿਆਂ ਦਾ ਇੱਕ ਸੰਘਣਾ ਪ੍ਰਗਟਾਵਾ ਸਮਝਦੇ ਸਨ। ਇਸ ਕਿਤਾਬ ਵਿੱਚ ਵੀ ਉਹਨਾਂ ਨੇ ਕੁਝ ਉਹ ਖਾਸ ਤਜ਼ਰਬੇ ਅਤੇ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ ਜਿਹਨਾਂ ਨੂੰ ਜੀਵਨ ਗਿਆਨ ਦਾ ਆਦਿ-ਕਾਲੀਨ ਰੂਪ ਕਿਹਾ ਜਾ ਸਕਦਾ ਹੈ। ਜੀਵਨ, ਸਮਾਜ ਅਤੇ ਲੋਕਾਂ ਦੀ ਸਹੀ ਸਮਝ ਹਾਸਿਲ ਕਰਨ ਲਈ ਇਹਨਾਂ ਕਿਤਾਬਾਂ ਦਾ ਡੂੰਘਾ ਅਧਿਐਨ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ।

ਆਪਣੇ ਖੁੱਲੇ-ਡੁੱਲੇ ਸੁਭਾਅ ਅਤੇ ਬਾਗੀ ਮਾਨਸਿਕਤਾ ਕਾਰਨ ਇਸ ਮਹੌਲ ਵਿੱਚ ਅਲੈਕਸਈ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਰਤਾਂ ਵਿੱਚ ਰੁੱਝਿਆ ਰਹਿੰਦਾ ਹੈ। ਜਿਸਦੇ ਫਲਸਰੂਪ ਉਸਨੂੰ ਜਲਦੀ ਹੀ ਆਪਣੇ ਘਰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਘਰ ਵਾਪਸੀ ਨੂੰ ਯਾਦ ਕਰਦਿਆਂ ਉਹ ਲਿਖਦੇ ਹਨ ”ਕਮਰੇ ਦੀ ਕੋਈ ਚੀਜ਼ ਵੀ ਨਹੀਂ ਸੀ ਬਦਲੀ, ਸਿਵਾਏ ਇਸ ਗੱਲ ਤੋਂ ਕਿ ਮਾਂ ਵਾਲੀ ਨੁਕਰ ਇੰਝ ਸੱਖਮ-ਸੱਖਣੀ ਲਗਦੀ ਸੀ ਕਿ ਵੇਖ ਕੇ ਪੀੜ ਉੱਠਦੀ ਸੀ”।

ਵਾਪਿਸ ਆ ਕੇ ਅਲੈਕਸੇਈ ਆਪਣੀ ਨਾਨੀ ਨਾਲ਼ ਜੰਗਲ਼ ਵਿੱਚ ਲੱਕੜਾਂ ਤੇ ਜੜੀ-ਬੂਟੀਆਂ ਇਕੱਠੀਆਂ ਕਰਨ ਜਾਇਆ ਕਰਦਾ ਸੀ। ਫਿਰ ਉਸਨੇ ਰੰਗ-ਬਿਰੰਗੀਆਂ ਚਿੜੀਆਂ ਫੜ ਕੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਆਪਣੇ ਇਸ ਨਵੇਂ ਕਿੱਤੇ ਕਾਰਨ ਅਲੈਕਸੇਈ ਨੂੰ ਜੰਗਲ਼ਾਂ ਤੇ ਫੁੱਲ-ਬੂਟਿਆ ਨਾਲ਼ ਡੂੰਘਾ ਲਗਾਓ ਜਿਹਾ ਹੋ ਗਿਆ। ਦਿਨ ਰਾਤ ਉਹ ਪੰਛੀਆਂ ਪਿੱਛੇ ਜੰਗਲ਼ ਗਾਹੁੰਦਾ ਫਿਰਦਾ, ”ਜੰਗਲ ਮੇਰੇ ਅੰਦਰ ਅਮਨ-ਚੈਨ ਤੇ ਖੈਰ-ਖਰੀਅਤ ਦਾ ਅਹਿਸਾਸ ਜਗਾਂਦਾ ਸੀ; ਤੇ ਇਹ ਅਹਿਸਾਸ ਮੇਰੀ ਪੀੜ ਮੱਠੀ ਕਰ ਦੇਂਦਾ ਸੀ ਤੇ ਸਾਰੀ ਨਾਖੁਸ਼ੀ ਭੁਲਾਣ ਵਿੱਚ ਮੇਰੀ ਮਦਦ ਕਰਦਾ ਸੀ। ਤੇ ਨਾਲ਼ੋਂ ਨਾਲ਼ ਹੀ ਮੈਂ ਅਨੁਭਵ ਦੀ ਕਮਾਲ ਤੀਖਣਤਾ ਪੈਦਾ ਕਰ ਲਈ: ਮੇਰੀਆਂ ਅੱਖਾਂ ਤੇ ਕੰਨ ਤੇਜ਼ ਹੋ ਗਏ, ਚੇਤਾ ਹੋਰ ਪੱਕਾ ਹੋ ਗਿਆ ਤੇ ਪ੍ਰਭਾਵਾਂ ਦਾ ਭੰਡਾਰਾ ਹੋਰ ਵੱਡਾ। …ਨਿੱਘੇ, ਸੁਖਦਾਈ ਜੰਗਲ ਦੀ ਆਪਣੀ ਖਾਸ ਆਵਾਜ਼ ਸੀ, ਇਕ ਅਲਸਾਈ ਹੋਈ ਆਵਾਜ਼, ਜਿਹੜੀ ਆਪ ਬੰਦੇ ਨੂੰ ਵੀ ਅਲਸਾ ਦੇਂਦੀ ਹੈ। ਤੋੜ ਉਪਰ ਗਈ ਚੁੰਝ ਵਾਲੀਆਂ ਚਿੜੀਆਂ ਚਹਿਕ ਰਹੀਆਂ ਸਨ – ਨਿਕ-ਚੂਹੇ ਗੁਟਕ ਰਹੇ ਸਨ, ਪੀਲਕ ਸੀਟੀਆਂ ਮਾਰ ਰਹੇ ਸਨ, ਈਰਖਈ ਸੁਨਹਿਰੀ ਚਿੜੀਆਂ ਮੁਕਣ ਵਿੱਚ ਹੀ ਨਾ ਆਉਂਦੇ ਗੀਤ ਗੌਂ ਰਹੀਆਂ ਸਨ, ਤੇ ਉਹ ਅਨੋਖਾ ਪੰਛੀ, ਚੀੜ੍ਹਾਂ ਦੀ ਚਿੜੀ, ਅੰਤਰ-ਧਿਆਨ ਹੋ ਰਾਗ ਅਲਾਪ ਰਿਹਾ ਸੀ। ਹਰੀਆਂ ਡੱਡੀਆਂ ਸਾਡੇ ਪੈਰਾਂ ਹੇਠੋਂ ਟਪੋਸੀਆਂ ਮਾਰ ਨਿਕਲਦੀਆਂ; ਘਾਤ ਦਾ ਕੰਮ ਦੇਂਦੀਆਂ ਜੜ੍ਹਾਂ ਵਿੱਚੋਂ ਦੀ ਕੋਈ ਘਾਹ ਦਾ ਸੱਪ ਆਪਣੀ ਸੁਨਹਿਰੀ ਸਿਰੀ ਚੁਕਦਾ। ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਚਘਾਂਦਿਆਂ ਗਾਲ੍ਹੜ ਨੇ ਚੀੜ੍ਹ ਦੀਆਂ ਟਾਹਣੀਆਂ ਵਿਚੋਂ ਆਪਣੀ ਕਲਗੀ ਵਰਗੀ ਪੂਛ ਲਿਸ਼ਕਾਈ। ਵੇਖਣ ਵਾਲੀਆਂ ਚੀਜ਼ਾਂ ਦੀਆਂ ਖੂਹਣੀਆਂ ਸਨ, ਪਰ ਹੋਰ ਬਹੁਤਾ ਕੁਝ ਵੇਖਣ ਨੂੰ ਜੀ ਕਰਦਾ ਸੀ – ਅਗਿਉਂ ਅਗੇਰੇ ਟੁਰੀ ਜਾਣ ਨੂੰ ਜੀ ਕਰਦਾ ਸੀ।”

ਜੰਗਲ਼ ਵਿੱਚ ਘੁੰਮਣਾ ਫਿਰਨਾ ਅਤੇ ਪੰਛੀ ਫੜਨੇ ਅਲੈਕਸੇਈ ਲਈ ਕਿੱਤਾ ਘੱਟ ਇੱਕ ਸ਼ੌਕ ਜ਼ਿਆਦਾ ਸੀ, ਪਰ ਇਸ ਨਾਲ਼ ਰੋਜ਼ੀ-ਰੋਟੀ ਕਮਾਉਣਾ ਸੰਭਵ ਨਹੀਂ ਸੀ ਇਸ ਲਈ ਅਲੈਕਸੇਈ ਦਾ ਨਾਨਾ ਉਸਨੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਡਰਾਫਟਸਮੈਨ ਦਾ ਕੰਮ ਸਿੱਖਣ ਲਈ ਮੁੜ ਸ਼ਹਿਰ ਭੇਜ ਦਿੰਦਾ ਹੈ। ਉਸਦਾ ਉਸਤਾਦ ਇੱਕ ਚੰਗਾ ਇਨਸਾਨ ਸੀ, ਪਰ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਸਾਹਮਣੇ ਉਸਦੀ ਘੱਟ ਹੀ ਚਲਦੀ ਸੀ। ਆਪਣੇ ਉਸਤਾਦ ਦੇ ਘਰ ਵਿੱਚ ਉਸਨੂੰ ਨੌਕਰਾਂ ਵਾਂਗ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ”ਮੈਨੂੰ ਬਹੁਤ ਹੀ ਸਖ਼ਤ ਮਿਹਨਤ ਕਰਨੀ ਪੈਂਦੀ। ਨੌਕਰਾਣੀ ਦੇ ਫ਼ਰਜ਼ ਨਿਭਾਂਦਿਆਂ ਹਰ ਬੁੱਧਵਾਰ ਮੈਨੂੰ ਰਸੋਈ ਦਾ ਫ਼ਰਸ਼ ਸਾਫ਼ ਕਰਨਾ ਪੈਂਦਾ ਤੇ ਸਮਾਵਰ ਤੇ ਪਿੱਤਲ ਦੀਆਂ ਹੋਰ ਚੀਜ਼ਾਂ ਲਿਸ਼ਕਾਣੀਆਂ ਪੈਂਦੀਆਂ, ਤੇ ਹਰ ਸ਼ਨਿੱਚਰਵਾਰ ਮੈਨੂੰ ਸਾਰੇ ਹੀ ਫ਼ਰਸ਼ ਤੇ ਦੋਵੇਂ ਪੌੜੀਆਂ ਝਾੜਨੀਆਂ-ਪੂੰਝਣੀਆਂ ਪੈਂਦੀਆਂ। ਮੈਂ ਚੁਲ੍ਹਿਆਂ ਲਈ ਲੱਕੜਾਂ ਪਾੜਦਾ ਤੇ ਲਿਆਂਦਾ, ਪਲੇਟਾਂ ਧੋਂਦਾ, ਸਬਜ਼ੀਆਂ ਸਾਫ਼ ਕਰਦਾ, ਤੇ ਪੰਸਾਰੀ ਦੀ ਦੁਕਾਨ ਤੇ ਦਵਾਈਆਂ ਵਾਲੇ ਦੀ ਦੁਕਾਨ ਨੂੰ ਭੱਜਦਾ।” 

ਮਜ਼ਦੂਰਾਂ ਅਤੇ ਕਿਰਤੀਆਂ ਦੀ ਕੰਗਾਲੀ ‘ਚੋਂ ਨਿਕਲ ਕੇ ਅਲੈਕਸੇਈ ਇੱਕ ਮੱਧ-ਵਰਗੀ ਪਰਿਵਾਰ ਦੇ ਘੁਟਣ ਭਰੇ ਮਹੌਲ ਵਿੱਚ ਜਾ ਪਹੁੰਚਿਆ, ਜਿੱਥੇ ਘੁਟਣ ਦੇ ਨਾਲ਼ ਨਾਲ਼ ਹਰ ਸਮੇਂ ਇੱਕ ਘਸਮਾਣ ਜਿਹਾ ਵੀ ਚਲਦਾ ਰਹਿੰਦਾ ਸੀ ਅਤੇ ਕਿਉਂਕਿ ਅਲੈਕਸੀ ਅਜਿਹੇ ਮਾਹੌਲ ਦਾ ਆਦੀ ਨਹੀਂ ਸੀ ਇਸ ਲਈ ਇੱਕ ਬਾਹਰੀ ਵਿਅਕਤੀ ਦੀ ਨਜ਼ਰ ਨਾਲ ਉਹ ਇਸ ਘਰ ਦੇ ਬਾਸ਼ਿੰਦਿਆਂ ਦੀ ਹਰ ਹਰਕਤ ਅਤੇ ਜੀਵਨ-ਜਾਚ ਨੂੰ ਬੜੀ ਗਹੁ ਨਾਲ ਅਤੇ ਹੈਰਾਨੀ ਨਾਲ਼ ਦੇਖਦਾ ਸੀ। ਇਹੀ ਵਜ੍ਹਾ ਹੈ ਕਿ ਗੋਰਕੀ ਇੱਥੇ ਮੱਧ-ਵਰਗ ਅਤੇ ਹੇਠਲੇ ਮੱਧ-ਵਰਗ ਦੀਆਂ ਲਖਣਾਇਕ ਵਿਸ਼ੇਸ਼ਤਾਵਾਂ ਨੂੰ ਬੜੀ ਬਾਰੀਕੀ ਨਾਲ਼ ਫੜਨ ਦੇ ਯੋਗ ਹੋ ਸਕੇ। ਕਿਸੇ ਮੱਧ-ਵਰਗੀ ਇਨਸਾਨ ਲਈ ਜੋ ਗੱਲਾਂ ਬੇਹੱਦ ਮਾਮੂਲੀ ਹੋ ਸਕਦੀਆਂ ਹਨ ਗੋਰਕੀ ਉਹਨਾਂ ਹੀ ਗੱਲਾਂ ਵਿੱਚੋਂ ਉਸ ਜਮਾਤ ਦੀਆਂ ਵਿਸ਼ੇਸ਼ ਖਾਸੀਅਤਾਂ ਫੜਦੇ ਹਨ। ”ਆਪਣੇ ਚੌਹੀਂ ਪਾਸੇ ਮੈਨੂੰ ਬੇ-ਕਿਰਕ ਸ਼ਰਾਰਤਾਂ ਤੇ ਕੋਝੀ ਬੇਸ਼ਰਮੀ ਦਿਸਦੀ—ਕੂਨਾਵੀਨੋ ਦੇ ਗਲੀਆਂ ਬਜ਼ਾਰਾਂ ਤੋਂ ਵੀ ਕਿਤੇ ਬਹੁਤੀ, ਜਿਥੇ ਚਕਲਿਆਂ ਤੇ ਵੇਸਵਾਵਾਂ ਦੀ ਕੋਈ ਘਾਟ ਨਹੀਂ ਸੀ। ਕੂਨਾਵੀਨੋ ਦੇ ਗੰਦ ਤੇ ਸ਼ਰਾਰਤ ਦੇ ਪਿਛੇ ਬੰਦੇ ਨੂੰ ਕੁਝ ਦਿਸਦਾ ਸੀ, ਜਿਸ ਤੋਂ ਇਹੋ ਜਿਹੇ ਗੰਦ ਤੇ ਸ਼ਰਾਰਤ ਦੇ ਹੋਏ ਬਿਨਾਂ ਰਹਿ ਨਾ ਸਕਣ ਦੀ ਵਿਆਖਿਆ ਹੋ ਜਾਂਦੀ ਸੀ ਤੇ ਉਹ ਸੀ ਹੱਡ-ਭੰਨ ਕੰਮ ਤੇ ਗਈ-ਗੁਜ਼ਰੀ, ਅੱਧ-ਭੁੱਖੀ ਹੋਂਦ। ਏਥੇ ਲੋਕੀਂ ਸੁਖ ਚੈਨ ਨਾਲ਼ ਰਹਿੰਦੇ ਸਨ ਤੇ ਕੰਮ ਦੀ ਥਾਂ ਬੇਮਤਲਬ ਤਰਥੱਲੀ ਨੇ ਮੱਲੀ ਹੋਈ ਸੀ। ਤੇ ਹਰ ਚੀਜ਼ ਉੱਤੇ ਇਕ ਗੁੱਝੇ ਖਿਝਾ ਦੇਣ ਵਾਲੇ ਅਕੇਵੇਂ ਦਾ ਪਰਛਾਵਾਂ ਸੀ।”

ਇਸ ਥਾਂ ‘ਤੇ ਰਹਿੰਦੇ ਹੋਏ ਅਲੈਕਸੇਈ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਹਰ ਛੋਟੀ ਛੋਟੀ ਗੱਲ ਉੱਤੇ ਘਰ ਦੀਆਂ ਔਰਤਾਂ ਤੋਂ ਤਾਅਨੇ ਮਿਹਣੇ ਸੁਣਨੇ ਪੈਂਦੇ। ਪਰ ਇਸ ਜਗ੍ਹਾ ਦਾ ਉਸਨੂੰ ਇੱਕ ਫਾਇਦਾ ਵੀ ਹੋਇਆ, ਇੱਥੇ ਹੀ ਅਲੈਕਸੇਈ ਨੂੰ ਪੜ੍ਹਾਈ ਕਰਨ ਦਾ ਕੁਝ ਸਮਾਂ ਮਿਲ਼ਿਆ। ਇੱਥੇ ਹੀ ਉਸਨੂੰ ਕੁਝ ਅਜਿਹੇ ਦਿਲਚਸਪ ਲੋਕ ਮਿਲ਼ੇ ਜਿਹਨਾਂ ਨੇ ਉਸਨੂੰ ਇਸ ਗੱਲ ਦਾ ਯਕੀਨ ਦਿਲਾਇਆ ਕਿ ਪੜ੍ਹਾਈ ਕਰਨਾ ਹੀ ਉਸ ਲਈ ਇੱਕ ਉੱਤਮ ਕੰਮ ਹੈ। ਕੁਝ ਲੋਕਾਂ ਤੋਂ ਉਸਨੂੰ ਪੜ੍ਹਨ ਲਈ ਕਿਤਾਬਾਂ ਵੀ ਮਿਲ਼ ਜਾਂਦੀਆਂ ਸਨ। ਪਰ ਤਾਂ ਵੀ ਕੁੱਲ ਮਿਲਾ ਕੇ ਅੱਲੜ ਉਮਰ ਦੇ ਅਲੈਕਸੇਈ ਲਈ ਇਹ ਸਮਾਂ ਬਹੁਤ ਹੀ ਔਕੜਾਂ ਭਰਿਆ ਰਿਹਾ। ”…ਇਹ ਬਹੁਤ ਮੁਸ਼ਕਲ ਸੀ। ਮੇਰੇ ਉੱਤੇ ਇਸ ਵਖਤਾਂ ਵਾਲੀ, ਅਕਾਊ ਜ਼ਿੰਦਗੀ ਦਾ, ਪੇਟ ਲਈ ਸਵੇਰ ਤੋਂ ਸ਼ਾਮ ਤੱਕ ਦੀ ਦੌੜ-ਭੱਜ ਦਾ, ਬੋਝ ਪਿਆ ਰਹਿੰਦਾ ਸੀ। ਮੈਂ ਇੰਝ ਜਿਊਂਦਾ, ਜਿਵੇਂ ਕੋਈ ਭੈੜਾ ਸੁਫ਼ਨਾ ਆ ਰਿਹਾ ਹੋਵੇ।

ਕਦੀ ਕਦੀ ਮੇਰਾ ਭੱਜ ਜਾਣ ਨੂੰ ਜੀ ਕਰਦਾ। ਪਰ ਨਹਿਸ਼ ਸਿਆਲ ਸਿਖਰਾਂ ‘ਤੇ ਸੀ। ਰਾਤੀਂ ਝੱਖੜ ਝੁਲਦਾ ਸੀ, ਮਿਆਨੀ ਵਿੱਚ ਹਵਾ ਵੈਣ ਪਾਂਦੀ ਸੀ। ਠੰਡ ਦੀ ਜਕੜ ਵਿੱਚ ਬਾਲੇ ਚੀਂ-ਚੀਂ ਕਰਦੇ ਸਨ। ਕਿਵੇਂ ਭੱਜ ਸਕਦਾ ਸਾਂ ਮੈਂ?

ਮੈਨੂੰ ਬਾਹਰ ਖੇਡਣ ਜਾਣ ਦੀ ਇਜਾਜਤ ਨਹੀਂ ਸੀ ਹੁੰਦੀ, ਤੇ ਸਚੀ ਮੁਚੀ ਹੀ ਮੇਰੇ ਕੋਲ ਵਕਤ ਵੀ ਨਹੀਂ ਸੀ ਹੁੰਦਾ। ਸਿਆਲਾਂ ਦੇ ਛੋਟੇ ਛੋਟੇ ਦਿਨ ਏਧਰ ਓਧਰ ਦੇ ਕੰਮਾਂ ਦੇ ਗੇੜ ਵਿੱਚ ਹੀ ਉਡ-ਪੁਡ ਜਾਂਦੇ।”

ਆਖਿਰ ਇੱਕ ਦਿਨ ਅਲੈਕਸੇਈ ਇਸ ਨਰਕ ਵਿੱਚੋਂ ਭੱਜ ਨਿਕਲ਼ ਜਾਣ ਵਿੱਚ ਸਫਲ ਹੋ ਹੀ ਜਾਂਦਾ ਹੈ। ਪਰ ਹੁਣ ਉਹ ਵਾਪਸ ਆਪਣੀ ਨਾਨੀ ਕੋਲ਼ ਜਾ ਕੇ ਉਸਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ, ਇਸ ਲਈ ਉਹ ਕਿਸੇ ਸਟੀਮਰ ‘ਤੇ ਭਾਂਡੇ ਮਾਂਜਣ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਥੇ ਵੀ ਉਸਨੂੰ ਬੜੇ ਦਿਲਚਸਪ ਅਤੇ ਅਦਭੁੱਤ ਤਜ਼ਰਬੇ ਹਾਸਿਲ ਹੋਏ। ਗੋਰਕੀ ਉਹਨਾਂ ਸਾਰੇ ਪਾਤਰਾਂ ਦਾ ਅਤੇ ਪ੍ਰਸਥਿਤੀਆਂ ਦਾ ਇੱਕ ਤੋਂ ਬਾਅਦ ਇੱਕ ਬੜਾ ਸ਼ਾਨਦਾਰ ਵਰਣਨ ਕਰਦੇ ਹਨ। ਇਸੇ ਸਟੀਮਰ ‘ਤੇ ਇੱਕ ਬਾਵਰਚੀ ਵੀ ਹੈ—ਸਮੂਰੀ, ਕਿਤਾਬਾਂ ਦਾ ਆਸ਼ਿਕ ਹੈ, ਪਰ ਪੜ੍ਹਨਾ ਨਹੀਂ ਜਾਣਦਾ। ਅਲੈਕਸੇਈ ਨਾਲ਼ ਉਸਦੀ ਬੜੀ ਗੂੜ੍ਹੀ ਦੋਸਤੀ ਹੋ ਜਾਂਦੀ ਹੈ। ਅਲੈਕਸੇਈ ਨੂੰ ਉਹ ਕਿਤਾਬਾਂ ਪੜ ਕੇ ਸੁਣਾਉਣ ਲਈ ਕਹਿੰਦਾ। ਕਿਤਾਬਾਂ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਨਾ ਗੋਰਕੀ ਨੇ ਸ਼ਾਇਦ ਇਸੇ ਇਨਸਾਨ ਤੋਂ ਸਿੱਖਿਆ ਹੈ। ਅਲੈਕਸੇਈ ਨੂੰ ਆਪਣੇ ਤਜ਼ਰਬੇ ਦੱਸਦਿਆਂ ਉਹ ਕਹਿੰਦਾ ਹੈ, ”ਲੋਕਾਂ ਦਾ ਫ਼ਰਕ ਉਹਨਾਂ ਦੇ ਦਿਮਾਗਾਂ ‘ਚ ਹੁੰਦੈ। ਕੁਝ ਲੋਕੀਂ ਹੁਸ਼ਿਆਰ ਹੁੰਦੇ ਨੇ, ਕੁਝ ਨਲਾਇਕ ਤੇ ਕੁਝ ਹੋਰ ਨਿਰੇ ਬੱਧੂ। ਠੀਕ ਕਿਤਾਬਾਂ ਪੜ੍ਹਨ ਨਾਲ ਹੁਸ਼ਿਆਰ ਹੋਈਦੈ , …ਸਾਰੀਆਂ ਈ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਠੀਕ ਕਿਤਾਬਾਂ ਲੱਭਣ ਦਾ ਇਕੋ ਢੰਗ ਇਹੋ ਈ ਹੁੰਦੈ।”

ਉਹ ਮੈਨੂੰ ਹਮੇਸ਼ਾ ਹੀ ਕਹਿੰਦਾ ਰਹਿੰਦਾ ਸੀ:

”ਪੜ੍ਹ, ਜੇ ਤੈਨੂੰ ਕਿਸੇ ਕਿਤਾਬ ਦੀ ਸਮਝ ਨਾ ਲੱਗੇ, ਉਹਨੂੰ ਸੱਤ ਵਾਰੀ ਪੜ੍ਹ। ਜੇ ਸੱਤ ਵਾਰਾਂ ਨਾਲ਼ ਕੁਝ ਨਾ ਬਣੇ, ਤਾਂ ਬਾਰਾਂ ਵਾਰੀ ਪੜ੍ਹ।”

ਅਲੈਕਸੇਈ ਦਾ ਕਿਤਾਬਾਂ ਪ੍ਰਤੀ ਪਿਆਰ ਦਿਨੋ ਦਿਨ ਵਧਦਾ ਹੀ ਗਿਆ। ਜਿੱਥੇ ਕਿਤੇ ਵੀ ਉਹ ਰਿਹਾ ਕਿਤਾਬਾਂ ਹਮੇਸ਼ਾਂ ਹੀ ਉਸਦੇ ਅੰਗ ਸੰਗ ਰਹੀਆਂ। ”…ਮੈਨੂੰ ਕਿਤਾਬ ਵਲ ਇਕ ਵਧੇਰੇ ਗੰਭੀਰ ਵਤੀਰਾ ਬਣਾਨ ਲਈ ਪ੍ਰੇਰਿਆ, ਏਥੋਂ ਤੱਕ ਕਿ ਉਹ ਮੇਰੇ ਜਾਣਿਆਂ ਬਿਨਾਂ ਹੀ ਮੇਰੇ ਲਈ ਇੰਝ ਲਾਜ਼ਮੀ ਹੋ ਗਈਆਂ, ਜਿਵੇਂ ਸ਼ਰਾਬੀ ਲਈ ਵੋਦਕਾ।

ਉਹ ਮੈਨੂੰ ਇਕ ਹੋਰ ਜ਼ਿੰਦਗੀ ਵਿਖਾਂਦੀਆਂ, ਜ਼ਿੰਦਗੀ ਜਿਹੜੀ ਡੂੰਘੀਆਂ ਲਾਲਸਾਵਾਂ ਤੇ ਜਜ਼ਬਿਆਂ ਨਾਲ਼ ਭਰੀ ਹੁੰਦੀ, ਲੋਕਾਂ ਨੂੰ ਜੁਰਮ ਦੇ ਜਾਂ ਸੂਰਮਤਾ ਦੇ ਰਾਹੇ ਪਾ ਦੇਂਦੀ। ਮੈਂ ਵੇਖਿਆ ਕਿ ਮੇਰੇ ਚੁਗਿਰਦੇ ਦੇ ਲੋਕੀਂ ਨਾ ਜੁਰਮ ਦੇ ਕਾਬਲ ਸਨ ਨਾ ਸੂਰਮਤਾ ਦੇ; ਉਹ ਹਰ ਉਸ ਚੀਜ਼ ਤੋਂ ਲਾਂਭੇ ਰਹਿੰਦੇ ਸਨ, ਜਿਸ ਬਾਰੇ ਕਿਤਾਬਾਂ ਲਿਖਦੀਆਂ ਸਨ, ਤੇ ਉਹਨਾਂ ਦੀ ਜ਼ਿੰਦਗੀ ਵਿਚੋਂ ਦਿਲਚਸਪੀ ਵਾਲੀ ਕੋਈ ਗੱਲ ਲਭਣੀ ਔਖੀ ਸੀ। ਇਕ ਚੀਜ਼ ਦਾ ਮੈਨੂੰ ਪਤਾ ਸੀ – ਮੈਂ ਇੰਝ ਨਹੀਂ ਸਾਂ ਜਿਊਣਾ ਚਾਹੁੰਦਾ, ਜਿਵੇਂ ਉਹ ਜਿਊਦੇ ਸਨ।”

ਅਲੈਕਸੇਈ ਨੂੰ ਹੁਣ ਤੱਕ ਇੱਕ ਗੱਲ ਪੂਰੀ ਤਰ੍ਹਾਂ ਸਾਫ ਹੋ ਚੁੱਕੀ ਸੀ ਕਿ ਇਸ ਤਰ੍ਹਾਂ ਤਿਲ ਤਿਲ ਕਰਕੇ ਜੀਵਨ ਬਰਬਾਦ ਨਹੀਂ ਕੀਤਾ ਜਾ ਸਕਦਾ, ਤੇ ਜੀਵਨ ਦਾ ਯਥਾਰਥ ਤੇ ਅਰਥ ਲੱਭਣ ਲਈ ਉਸਨੂੰ ਗਿਆਨ ਦੇ ਸਾਗਰ ਵਿੱਚ ਉਤਰਨਾ ਹੀ ਪੈਣਾ ਹੈ। ਇੱਕ ਚੰਗੀ ਜ਼ਿੰਦਗੀ ਲਈ ਪੜ੍ਹਾਈ ਦੀ ਮਹੱਤਤਾ ਨੂੰ ਹੁਣ ਉਹ ਸਮਝ ਚੁੱਕਿਆ ਸੀ, ”… ਮੈਂ ਦਿਲ ਵਿੱਚ ਸੋਚਿਆ: ”ਜੇ ਮੈਂ ਕੁਝ ਨਾ ਕੀਤਾ, ਮੇਰਾ ਕੁਝ ਨਹੀਂ ਰਹਿਣ ਲੱਗਾ।”

”…ਤੇ ਇਹ ਮੇਰਾ ਫੈਸਲਾ ਸੀ।

ਉਸ ਵਰ੍ਹੇ ਦੀ ਪਤਝੜ ਰੁੱਤੇ ਮੈਂ ਕਜ਼ਾਨ ਰਵਾਨਾ ਹੋ ਪਿਆ, ਦਿਲ ਹੀ ਦਿਲ ਵਿੱਚ ਇਹ ਆਸ ਕਰਦਾ, ਕਿ ਓਥੇ ਮੈਨੂੰ ਪੜ੍ਹਾਈ ਦਾ ਕੋਈ ਨਾ ਕੋਈ ਰਾਹ ਲੱਭ ਪਵੇਗਾ।”

* * * *

ਮੇਰੇ ਵਿਸ਼ਵ-ਵਿਦਿਆਲੇ

ਸਵੈ-ਜੀਵਨੀ ਦੀ ਇਸ ਲੜੀ ਦੀ ਦੂਜੀ ਕਿਤਾਬ ‘ਮੇਰੇ ਸ਼ਗਿਰਦੀ ਦੇ ਦਿਨ’ (1914) ਤੋਂ 9 ਸਾਲਾਂ ਦੇ ਵਕਫੇ ਪਿੱਛੋਂ ਗੋਰਕੀ ਨੇ ਅਗਲੀ ਕਿਤਾਬ ‘ਮੇਰੇ ਵਿਸ਼ਵ-ਵਿਦਿਆਲੇ’ ਲਿਖੀ। ਇਹ 9 ਸਾਲ ਨਾ ਸਿਰਫ ਰੂਸ ਦੇ ਸਗੋਂ ਪੂਰੀ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਖਾਸ ਮਹੱਤਵ ਰੱਖਦੇ ਹਨ। 1917 ਦੇ ਸਮਾਜਵਾਦੀ ਇਨਕਲਾਬ ਦੀ ਤਿਆਰੀ ਅਤੇ ਬਾਅਦ ਵਿੱਚ ਸਥਾਪਨਾ ਦੇ ਇਹਨਾਂ ਸਾਲਾਂ ਵਿੱਚ ਗੋਰਕੀ ਲਗਾਤਾਰ ਰੂਸ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਸਾਹਿਤਕ ਅਤੇ ਸੱਭਿਆਚਾਰਕ ਮੋਰਚੇ ‘ਤੇ ਕੰਮ ਕਰਦੇ ਰਹੇ। ਪ੍ਰਸਿੱਧ ਮਾਰਕਸਵਾਦੀ ਸਾਹਿਤਕ ਆਲੋਚਕ ਟੈਰੀ ਈਗਲਟਨ ਇੱਕ ਥਾਂ ਲਿਖਦੇ ਹਨ, ”ਸਾਹਿਤ ਨੂੰ ਸਮਝਣਾ ਉਸ ਸਮੁੱਚੀ ਸਮਾਜਿਕ ਪ੍ਰਕਿਰਿਆ ਨੂੰ ਸਮਝਣਾ ਹੈ, ਜਿਸਦਾ ਕਿ ਉਹ (ਸਾਹਿਤ) ਹਿੱਸਾ ਹੁੰਦਾ ਹੈ।” ਇਸ ਕਿਤਾਬ ਵਿੱਚ ਗੋਰਕੀ ਨੇ 19ਵੀਂ ਸਦੀ ਦੇ 9ਵੇਂ ਦਹਾਕੇ ਦੇ ਰਾਜਨੀਤਕ ਮਾਹੌਲ ਦਾ ਵਰਣਨ ਕੀਤਾ ਹੈ। 1860 ਤੋਂ ਬਾਅਦ ਰੂਸ ਵਿੱਚ ਮਾਰਕਸਵਾਦ ਦਾ ਪ੍ਰਚਾਰ-ਪ੍ਰਸਾਰ ਬੜੇ ਜ਼ੋਰਾਂ-ਸ਼ੋਰਾਂ ਨਾਲ਼ ਹੋਇਆ, ਸਟੱਡੀ-ਸਰਕਲਾਂ, ਗੋਸ਼ਟੀਆਂ ਅਤੇ ਬਹਿਸ-ਮੁਹਾਬਸਿਆਂ ਰਾਹੀਂ ਇਸ ਮਹੌਲ ਵਿੱਚ ਰੂਸ ਵਿੱਚ ਇੱਕ ਪੂਰੀ ਪੀੜੀ ਤਿਆਰ ਹੋਈ। ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਰਾਜਨੀਤੀ ਨਾਲ਼ ਸਬੰਧਤ ਗਤੀਵਿਧੀਆਂ ਵਧਣ ਲੱਗੀਆਂ ਤੇ ਵਿਦਿਆਰਥੀਆਂ ਦੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣ ਕਾਰਨ ਘਟਨਾ-ਚੱਕਰ ਨਿੱਤ ਨਵੇਂ ਮੋੜ ਲੈ ਰਹੇ ਸਨ। ਅਜਿਹੇ ਮਾਹੌਲ ਵਿੱਚ ਪੇਸ਼ਕੋਵ (ਗੋਰਕੀ ਦਾ ਪਿਤਰੀ ਨਾਮ) ਕਿਸੇ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਸੱਧਰ ਨਾਲ਼ ਕਜ਼ਾਨ ਵਿੱਚ ਰਹਿਣ ਲਈ ਆ ਜਾਂਦਾ ਹੈ। ”ਓੜਕ ਮੈਂ ਕਾਜ਼ਾਨ ਪਹੁੰਚ ਗਿਆ। ਏਥੋਂ ਦੀ ਅੱਧੀ ਵਸੋਂ ਤਾਤਰੀਆਂ ਦੀ ਸੀ। ਇੱਕ ਭੁੱਖ-ਨੰਗ ਦੀ ਮਾਰੀ ਭੀੜੀ ਜਿਹੀ ਗਲੀ ਦੇ ਇੱਕ ਖੂੰਜੇ, ਮੱਧਰੀ-ਜਿਹੀ ਪਹਾੜੀ ਉੱਤੇ ਇੱਕ-ਮੰਜ਼ਿਲਾ ਮਕਾਨ ਸੀ ਇੱਕ-ਬਿਲਕੁਲ ਇੱਕਲ-ਵਾਂਜਾ। ਕੋਠੜੀਆਂ ਉਹਦੀਆਂ, ਭੀੜੀਆਂ, ਸੁੰਗੜੀਆਂ-ਸੁੰਗੜੀਆਂ। …ਏਸ ਮਲਬੇ ਦੇ ਹੇਠ ਇੱਕ ਵੱਡਾ ਸਾਰਾ ਭੋਰਾ ਸੀ, ਜਿੱਥੇ ਹੁਣ ਅਵਾਰਾ ਕੁੱਤੇ ਰਹਿੰਦੇ ਸਨ- ਏਥੇ ਹੀ ਉਹ ਜੰਮਦੇ ਮਰਦੇ ਸਨ। ਇਹ ਭੋਰਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਹੋਵੇ ਵੀ ਕਿਉਂ ਨਾ-ਇਹ ਮੇਰਾ ਇੱਕ ਵਿਸ਼ਵ-ਵਿਦਿਆਲਾ ਜੁ ਸੀ।”

ਇਸ ਬਿਲਕੁਲ ਹੀ ਅਨਜਾਣ ਸ਼ਹਿਰ ਵਿੱਚ ਪੇਸ਼ਕੋਵ ਆਪਣੇ ਕਿਸੇ ਮਿੱਤਰ ਦੇ ਘਰ ਰਹਿਣ ਲੱਗਦਾ ਹੈ। ਪਰ ਜਲਦੀ ਹੀ ਉਸਨੂੰ ਸਮਝ ਆ ਜਾਂਦੀ ਹੈ ਕਿ ਕਿਸੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਉਸਨੂੰ ਅਜੇ ਹੋਰ ਸਖਤ ਮਿਹਨਤ ਕਰਨੀ ਪਵੇਗੀ। ਇਸ ਦੌਰਾਨ ਉਹ ਰੋਜ਼ੀ ਕਮਾਉਣ ਲਈ ਹਰ ਤਰ੍ਹਾਂ ਦੀ ਮਜ਼ਦੂਰੀ ਕਰਦਾ ਹੈ। ”ਢਿੱਡ ਨੂੰ ਝੁਲਕਾ ਦੇਣ ਲਈ ਮੈਂ ਵੋਲਗਾ ਦੇ ਘਾਟਾਂ ਉੱਤੇ ਚਲਾ ਜਾਂਦਾ। ਏਥੇ ਪੰਦਰਾਂ ਵੀਹ ਕੋਪਕ ਦੀ ਮਜਦੂਰੀ ਤਾਂ ਸਹਿਜੇ ਹੀ ਮਿਲ ਜਾਂਦੀ। ਏਥੇ ਗੋਦੀ-ਮਜ਼ਦੂਰਾਂ, ਚੋਰ-ਉਚੱਕਿਆਂ ਤੇ ਲਟੋਰਾਂ ਦੀ ਸੰਗਤ ਵਿੱਚ ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਲੋਹੇ ਦਾ ਸਰੀਆ ਭਖਦੇ ਕੋਲਿਆਂ ਵਿੱਚ ਝੋਕ ਦਿੱਤਾ ਗਿਆ ਹੋਵੇ। ਹਰ ਦਿਨ ਅਜੇਹੇ ਕਈ ਤਜ਼ਰਬੇ ਹੁੰਦੇ ਜੋ ਸੜਦੀਆਂ ਸੀਖ਼ਾਂ ਨਾਲ ਮੇਰੀ ਆਤਮਾ ਨੂੰ ਦਾਗ ਦੇਂਦੇ। ਏਥੇ ਮੈਂ ਜ਼ਿੰਦਗੀ ਦੀ ਉਹ ਘੁੰਮਣ-ਘੇਰ ਵੇਖਦਾ ਜਿਸ ਵਿੱਚ ਚਕਰੀਆਂ ਖਾਂਦੇ ਲੋਕਾਂ ਦੇ ਮਨੋਵਿਕਾਰ ਅਣਘੜ ਸਨ ਤੇ ਉਨ੍ਹਾਂ ਦਾ ਲੋਭ ਨੰਗਾ ਤੇ ਬੇਪਰਦ। ਜ਼ਿੰਦਗੀ ਦੀ ਕੁੜਿੱਤਣ ਨਾਲ ਭਰੇ ਹੋਏ ਇਹ ਲੋਕ ਜਹਾਨ ਦੀ ਹਰ ਵਸਤ ਨੂੰ ਟਿਚਕਰ ਕਰਦੇ ਤੇ ਆਪਣੇ ਵੱਲੋਂ ਨਿਸ਼ਚਿਤ, ਉਪਰਾਮ ਰਹਿੰਦੇ। ਮੈਨੂੰ ਇਨ੍ਹਾਂ ਦਾ ਸੁਭਾ ਬੜਾ ਚੰਗਾ ਲੱਗਦਾ। ਮੇਰਾ ਆਪਣਾ ਤਜ਼ਰਬਾ ਵੀ ਉਨ੍ਹਾਂ ਨਾਲ ਮੇਲ ਖਾਂਦਾ ਸੀ। ਤਾਂਹੀਉਂ ਮੈਂ ਉਨ੍ਹਾਂ ਵੱਲ ਖਿੱਚਿਆ ਜਾਂਦਾ। ਮੇਰਾ ਜੀ ਕਰਦਾ ਮੈਂ ਇਨ੍ਹਾਂ ਦੀ ਕੌੜੀ-ਕਸੈਲੀ ਜ਼ਿੰਦਗੀ ਵਿੱਚ ਭਰਪੂਰ ਡੁੱਬ ਜਾਵਾਂ। ਬ੍ਰੇਟ ਹਾਰਟ ਦੀਆਂ ਕਹਾਣੀਆਂ ਤੇ ਹੋਰ ਕਈ ਸਸਤੇ ਨਾਵਲ ਜੋ ਮੈਂ ਪੜ੍ਹ ਚੁੱਕਾ ਸਾਂ, ਏਸ ਦੁਨੀਆਂ ਵੱਲ ਮੇਰੀ ਖਿੱਚ ਨੂੰ ਹੋਰ ਪ੍ਰਬਲ ਕਰਦੇ।”

ਕਜ਼ਾਨ ਵਿੱਚ ਵਿਦਿਆਰਥੀਆਂ ਨਾਲ਼ ਸੰਪਰਕ ਵਿੱਚ ਰਹਿਣ ਕਾਰਨ ਪੇਸ਼ਕੋਵ ਦਾ ਰਾਜਨੀਤੀ ਨਾਲ਼ ਸਬੰਧ ਜੁੜਨਾ ਸੁਭਾਵਿਕ ਹੀ ਸੀ। ਤਰ੍ਹਾਂ-ਤਰ੍ਹਾਂ ਦੀਆਂ ਵਿਚਾਰਧਾਰਾਵਾਂ ਅਤੇ ਦਰਸ਼ਨਾਂ ਨਾਲ਼ ਵਾਹ ਪੈਂਦਾ ਰਿਹਾ। ਪੇਸ਼ਕੋਵ ਲਈ ਇਹ ਸਭ ਉੱਕਾ ਹੀ ਨਵਾਂ ਸੀ, ਪਹਿਲੀ ਵਾਰ ਉਸਨੂੰ ਹਰ ਕੋਈ ਹੀ ਸਹੀ ਜਾਪਦਾ, ਲਗਾਤਾਰ ਇੱਕ ਮਾਨਸਿਕ ਜਾਂ ਦਾਰਸ਼ਨਿਕ ਦਵੰਦ ਚਲਦਾ ਰਹਿੰਦਾ, ਪਰ ਹੌਲੀ ਹੌਲੀ ਆਪਣੇ ਜੀਵਨ ਤੋਂ ਹਾਸਿਲ ਗਿਆਨ ਨਾਲ਼ ਉਹ ਇਸ ਸਭ ਕਾਸੇ ਨੂੰ ਸਮਝਣਾ ਸ਼ੁਰੂ ਕਰਦਾ ਹੈ। ਉਸ ਸਮੇਂ ਦੇ ਮਾਹੌਲ ਨੂੰ ਯਾਦ ਕਰਦਿਆਂ ਗੋਰਕੀ ਆਪਣੀ ਇੱਕ ਕਿਤਾਬ ‘ਸਾਹਿਤ ਬਾਰੇ’ ਵਿੱਚ ਇਸ ਬਾਰੇ ਇੰਜ ਲਿਖਦੇ ਹਨ, ”…ਨੌਵੇਂ ਦਹਾਕੇ ਵਿੱਚ, ਪੜ੍ਹਦੇ ਸਮੇਂ ਲੋਕ ਕਿਤਾਬਾਂ ਵਿੱਚੋਂ ਕਾਹਲ਼ੀ-ਕਾਹਲ਼ੀ ਵਿਚਾਰ ਚੁਣ ਲਿਆ ਕਰਦੇ ਸਨ, ਜੋ ਇੱਕ ਆਮ ਚਲਨ ਸੀ। ਲੋਕ ਮਿਖਾਇਲੋਵਸਕੀ ਤੇ ਪਲੈਖਾਨੋਵ, ਤਾਲਸਤਾਏ ਤੇ ਦੋਸਤੋਯੇਵਸਕੀ, ਡਿਊਹਰਿੰਗ ਅਤੇ ਸ਼ਾਪਨਆਵਰ ਨੂੰ ਪੜ੍ਹਦੇ ਸਨ, ਹਰ ਤਰ੍ਹਾਂ ਦੀਆਂ ਸਿੱਖਿਆਵਾਂ ਦੇ ਨਿੱਤ ਨਵੇਂ ਪੈਰੋਕਾਰ ਬਣ ਰਹੇ ਸਨ, ਜਿਸ ਕਾਰਨ ਉਹ ਹੈਰਾਨੀਜਨਕ ਰਫਤਾਰ ਨਾਲ਼ ਅਲੱਗ ਅਲੱਗ ਧੜਿਆਂ ਵਿੱਚ ਵੰਡੇ ਜਾ ਰਹੇ ਸਨ। ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹਾਂਗਾ ਕਿ ਕਿਸ ਤੇਜ਼ੀ ਨਾਲ਼ ਵੱਖ-ਵੱਖ ਮੱਤ ਅਪਣਾਏ ਜਾ ਰਹੇ ਸਨ।”

ਇਸ ਤਰ੍ਹਾਂ ਇਸ ਕਿਤਾਬ ਵਿੱਚ ਉਸ ਸਮੇਂ ਦੇ ਰਾਜਨੀਤਕ ਜੀਵਨ ਦੀਆਂ ਕਈ ਜੀਵੰਤ ਝਲਕੀਆਂ ਮਿਲਦੀਆਂ ਹਨ। ਸਟੱਡੀ ਸਰਕਲ, ਵਿਸ਼ੇ, ਕਿਤਾਬਾਂ, ਬਹਿਸਾਂ, ਗੁਪਤ ਮੀਟਿੰਗਾਂ ਆਦਿ ਬਾਰੇ ਕਾਫੀ ਰੌਚਕ ਜਾਣਕਾਰੀ ਮਿਲਦੀ ਹੈ। ਕਹਾਣੀ ਨਵੇਂ ਨਵੇਂ ਪਾਤਰਾਂ ਦੀ ਆਮਦ ਨਾਲ਼ ਅੱਗੇ ਤੁਰਦੀ ਰਹਿੰਦੀ ਹੈ। ਤੇ ਪੇਸ਼ਕੋਵ ਵੀ ਆਪਣੇ ਜੀਵਨ ਦਾ ਅਰਥ ਸਮਝਣ ਦੀਆਂ ਕੋਸ਼ਿਸ਼ਾਂ ਵਿੱਚ ਆਪਣੇ ਆਲ਼ੇ-ਦੁਆਲ਼ੇ ਨਾਲ਼ ਲਗਾਤਾਰ ਸੰਘਰਸ਼ ਕਰਦਾ ਰਹਿੰਦਾ ਹੈ।

ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਤਾਂ ਪੇਸ਼ਕੋਵ ਪਹਿਲਾਂ ਹੀ ਪ੍ਰੇਸ਼ਾਨ ਸੀ ਫਿਰ ਨਾਨੀ ਦੀ ਮੌਤ ਦਾ ਸਦਮਾ ਉਸ ਲਈ ਅਸਹਿ ਹੋ ਗਿਆ। ਉਹ ਪੂਰੀ ਤਰ੍ਹਾਂ ਅੰਦਰੋਂ ਟੁੱਟ ਹੀ ਗਿਆ, ਪੜ੍ਹਨ ਦਾ ਸੁਪਨਾ ਵੀ ਪੂਰਾ ਹੁੰਦਾ ਨਹੀਂ ਦਿਸ ਰਿਹਾ ਸੀ। ਉਸ ਸਮੇਂ ਦੀ ਆਪਣੀ ਮਾਨਸਿਕ ਅਵਸਥਾ ਨੂੰ ਗੋਰਕੀ ਇਹਨਾਂ ਸ਼ਬਦਾਂ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ, ”ਓਦਣ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਮੇਰੀ ਆਤਮਾ ਮੇਰੇ ਅੰਦਰ ਥੱਕ ਰਹੀ ਐ। ਮੈਂ ਮਹਿਸੂਸ ਕੀਤਾ ਕਿ ਇੱਕ ਕੁੜੱਤਣ ਮੇਰੇ ਅੰਤਰ-ਆਤਮਾ ਵਿੱਚ ਸਮਾ ਗਈ ਹੈ ਤੇ ਹੌਲ਼ੀ ਹੌਲ਼ੀ ਮੈਨੂੰ ਦੱਬੀ ਤੁਰੀ ਜਾ ਰਹੀ ਹੈ। ਉਸ ਵਕਤ ਤੋਂ ਲੈ ਕੇ ਮੇਰੀ ਮਾਨਸਕ ਦਸ਼ਾ ਪੈਰੋ ਪੈਰ ਵਿਗੜਦੀ ਹੀ ਗਈ। ਮੈਂ ਆਪਣੇ ਆਪ ਨੂੰ ਪਰ੍ਹਾਂ ਖਲੋਤੇ ਕਿਸੇ ਗ਼ੈਰ ਦੀਆਂ ਨਜ਼ਰਾਂ ਨਾਲ਼ ਵੇਖ ਰਿਹਾ ਸਾਂ, ਠੰਢੀਆਂ ਯੱਖ ਪਰਦੇਸੀ ਅਤੇ ਵੈਰੀ ਅੱਖਾਂ ਨਾਲ਼। ਮੈਨੂੰ ਇਉਂ ਪ੍ਰਤੀਤ ਹੋਣ ਲੱਗਾ ਕਿ ਹਰ ਮਨੁੱਖੀ ਆਤਮਾ ਵਿੱਚ ਪ੍ਰਸਪਰ ਵਿਰੋਧੀ ਗੱਲਾਂ ਬੜੀ ਉੱਘੜ ਦੁੱਗੜੀ ਬੇਨੇਮੀ ਨਾਲ਼ ਇੱਕ ਦੂਜੇ ਦੇ ਲਾਗੇ ਢੁੱਕ ਕੇ ਬੈਠੀਆਂ ਹੋਈਆਂ ਹਨ। …ਇਸ ਤੋਂ ਛੁਟਕਾਰਾ ਪਾਉਣ ਵਾਸਤੇ ਮੈਂ ਹਰ ਪਾਸੇ ਖਿੱਚਿਆ ਜਾਂਦਾ ਸਾਂ—ਔਰਤਾਂ ਵੱਲ, ਕਿਤਾਬਾਂ ਵੱਲ, ਮਿਹਨਤ ਮੁਸ਼ੱਕਤ ਕਰਨ ਵਾਲੇ ਕਾਮਿਆਂ ਵੱਲ ਅਤੇ ਵਿਦਿਆਰਥੀਆਂ ਦੀ ਮਸਤ ਟੋਲੀ ਵੱਲ। ਪਰ ਮੇਰੇ ਪਾਸ ਏਨਾਂ ਸਮਾਂ ਨਹੀਂ ਸੀ ਕਿ ਮੈਂ ਆਪਣੀਆਂ ਰੁਚੀਆਂ ਨੂੰ ਸੰਤੁਸ਼ਟ ਕਰ ਸਕਾਂ। ਮੈਂ ਤਾਂ ਇੱਕ ਲਾਟੂ ਵਾਂਗ ਏਧਰੋਂ ਓਧਰ ਚੱਕਰ ਖਾਂਦਾ ਫਿਰਦਾ ਸਾਂ। ਕੋਈ ਅਣਜਾਣਿਆਂ-ਅਣਵੇਖਿਆ, ਪਰ ਸ਼ਕਤੀਵਾਨ ਹੱਥ ਮੈਨੂੰ ਕਿਸੇ ਅਦਿੱਸ ਕੋਰੜੇ ਨਾਲ਼ ਲਾਸਾਂ ਪਾ ਰਿਹਾ ਸੀ।”

ਪਰ ਕੁਝ ਅਜਿਹੇ ਵੀ ਲੋਕ ਸਨ ਜਿਹਨਾਂ ਨੇ ਪੇਸ਼ਕੋਵ ਨੂੰ ਇਸ ਔਖੀ ਘੜੀ ਵਿੱਚ ਸਹਾਰਾ ਦਿੱਤਾ, ਅਤੇ ਉਸਨੂੰ ਇਸ ਭਾਵਨਾਤਮਕ ਸੰਕਟ ਵਿੱਚੋਂ ਬਾਹਰ ਆਉਣ ਵਿੱਚ ਸਹਾਇਤਾ ਕੀਤੀ। ਰੁਬਤਸੋਵ ਨਾਮ ਦਾ ਇੱਕ ਸਖਸ਼ ਪੇਸ਼ਕੋਵ ਨੂੰ ਸਮਝਾਉਂਦਿਆਂ ਕਹਿੰਦਾ ਹੈ, ”ਮੇਰੀ ਗੱਲ ਪੱਲੇ ਬੰਨ੍ਹ ਲੈ! ਇੱਕ ਦਿਨ ਲੋਕਾਂ ਦਾ ਸਬਰ ਮੁੱਕ ਜਾਣੈ। ਉਨ੍ਹਾਂ ਨੂੰ ਐਸਾ ਰੋਹ ਚੜ੍ਹਨੈ ਕਿ ਉਨ੍ਹਾਂ ਸਾਹਮਣੇ ਜੋ ਆਇਆ ਤੋੜ ਭੰਨ ਸੁੱਟਣੈ। ਇਸ ਸੜੀ ਬੁਸੀ ਜ਼ਿੰਦਗੀ ਦਾ ਤੁਖ਼ਮ ਉੱਡਾ ਦੇਣਾ ਏਂ। ਲੋਕਾਂ ਦਾ ਸਬਰ ਜਰੂਰ ਮੁਕਣੈਂ।”

ਪੇਸ਼ਕੋਵ ਦੇ ਕੁਝ ਸਾਥੀਆਂ ਦੀ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਉਸਦਾ ਹੁਣ ਕਜ਼ਾਨ ਵਿੱਚ ਰਹਿਣਾ ਮੁਸ਼ਕਿਲ ਸੀ, ਇਸ ਲਈ ਉਹ ਆਪਣੇ ਇਕ ਹੋਰ ਸਾਥੀ ਨਾਲ਼ ਨੇੜਲੇ ਕਿਸੇ ਪਿੰਡ ਵਿੱਚ ਕਿਸਾਨਾਂ ਵਿੱਚ ਕੰਮ ਕਰਨ ਲਈ ਚਲਾ ਜਾਂਦਾ ਹੈ। ਇੱਥੇ ਰਹਿ ਕੇ ਉਸਨੂੰ ਪੇਂਡੂ ਜੀਵਨ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਦਾ ਹੈ। ਕਿਸਾਨਾ ਦੇ ਸੁਭਾਅ ਤੇ ਮਾਨਸਿਕਤਾ ਦਾ, ਪੇਂਡੂ ਵਾਤਾਵਰਣ ਦਾ, ਧਰਮਿਕ ਸੰਕਲਪਾਂ ਦਾ ਗੋਰਕੀ ਆਪਣੇ ਖਾਸ ਅੰਦਾਜ਼ ਵਿੱਚ ਚਿਤਰਣ ਕਰਦੇ ਹਨ। ਸ਼ਹਿਰਾਂ ਦੇ ਜੀਵਨ ਤੇ ਪੇਂਡੂ ਜੀਵਨ ਦਾ ਤੁਲਨਾਤਮਕ ਅਧਿਐਨ ਬਹੁਤ ਹੀ ਦਿਲਚਸਪ ਭਾਗ ਹੈ ਅਤੇ ਅਜੇ ਤੱਕ ਸਾਡੇ ਪੰਜਾਬੀ ਸਾਹਿਤ ਵਿੱਚ ਇਹ ਨਜ਼ਰੀਆ ਲਗਭਗ ਗੈਰ ਹਾਜ਼ਿਰ ਹੀ ਹੈ। ਇੱਥੇ ਵੀ ਪੇਸ਼ਕੋਵ ਨੂੰ ਅਮੀਰ ਕਿਸਾਨਾਂ ਦੇ ਗੁੱਸੇ ਦਾ ਲਗਾਤਾਰ ਸ਼ਿਕਾਰ ਹੋਣਾ ਪੈਂਦਾ ਹੈ, ਉਹਨਾਂ ਦੇ ਇੱਕ ਸਾਥੀ ਦਾ ਕਤਲ ਹੋ ਜਾਂਦਾ ਹੈ, ਤੇ ਸਭ ਕੁਝ ਖਿੰਡ ਪੁੰਡ ਜਾਣ ਤੋਂ ਬਾਅਦ ਪੇਸ਼ਕੋਵ ਆਪਣੇ ਇੱਕ ਹੋਰ ਸਾਥੀ ਨਾਲ਼ ਕੈਸਪੀਅਨ ਸਾਗਰ ਵੱਲ ਰਵਾਨਾ ਹੋ ਜਾਂਦਾ ਹੈ। ”…ਅਸੀਂ ਕੈਸਪੀਅਨ ਦੇ ਕੰਢੇ ਜਾ ਲੱਥੇ। ਏਥੇ ਮੱਛੀ-ਮਾਰਾਂ ਦੇ ਛੋਟੇ ਜਿਹੇ ਜੱਥੇ ਵਿੱਚ ਸਾਨੂੰ ਕੰਮ ਮਿਲ਼ ਗਿਆ ਤੇ ਅਸੀਂ ਕਾਬਨਕੁਲ-ਬਾਈ ਨਾਮਕ ਕਾਲਮਿਕ ਮੱਛੀ-ਮਾਰਾਂ ਦੀ ਗੰਦੀ ਬਸਤੀ ਵਿੱਚ ਰਹਿਣ ਲੱਗ ਪਏ।”

* * * * 

ਇਸ ਤੋਂ ਕੁਝ ਅਰਸੇ ਬਾਅਦ ਗੋਰਕੀ ਆਪਣੇ ਇਹਨਾਂ ਅਣਗਿਣਤ ਪ੍ਰਭਾਵਾਂ ਅਤੇ ਤਜ਼ਰਬਿਆਂ ਦਾ ਖਜ਼ਾਨਾ ਲੈ ਕੇ ਸਾਹਿਤ ਦੇ ਖੇਤਰ ਵਿੱਚ ਪੈਰ ਧਰਦੇ ਹਨ। ਜਿੱਥੇ ਉਹ ਆਖਰੀ ਸਾਹ ਤੱਕ ਆਪਣੇ ਹੋਰਨਾਂ ਸਾਥੀਆਂ ਨਾਲ਼ ਰਲ਼ ਕੇ ਇੱਕ ਨਵੇਂ ਸੰਸਾਰ ਦੇ ਨਿਰਮਾਣ ਵਿੱਚ ਰੁੱਝੇ ਰਹੇ। ਸੰਸਾਰ ਸਾਹਿਤ ਦਾ ਇਹ ਸੂਹਾ ਫੁੱਲ ਸਰੀਰਕ ਤੌਰ ‘ਤੇ ਬੇਸ਼ੱਕ ਮੁਰਝਾ ਗਿਆ ਹੋਵੇ ਪਰ ਉਸਦੀਆਂ ਰਚਨਾਵਾਂ ਦੀਆਂ ਸੁਗੰਧੀਆਂ ਹਮੇਸ਼ਾਂ ਇੱਕ ਖੂਬਸੂਰਤ ਸੰਸਾਰ ਦੇ ਸੁਪਨੇ ਲੈਣ ਵਾਲ਼ਿਆਂ ਨੂੰ ਆਪਣੇ ਵੱਲ ਖਿੱਚਦੀਆਂ ਰਹਿਣਗੀਆਂ ਤੇ ਉਹਨਾਂ ਨੂੰ ਆਪਣੀ ਮੰਜ਼ਿਲ ਦੀ ਯਾਦ ਦਿਲਾਉਂਦੀਆਂ ਰਹਿਣਗੀਆਂ। ਸੰਸਾਰ ਭਰ ਦੇ ਕਿਰਤੀਆਂ ਦੇ ਇਸ ਮਹਾਨ ਸਾਹਿਤਕਾਰ ਅਤੇ ਉਹਨਾਂ ਵਰਗੇ ਅਨੇਕਾਂ ਹੋਰ ‘ਅਸਲੀ ਇਨਸਾਨਾਂ’ ਦੀ ਯਾਦ ਵਿੱਚ, ਮਨੁੱਖਤਾ ਨੂੰ ਉਹਨਾਂ ਦੀਆਂ ਮਹਾਨ ਦੇਣਾਂ ਨੂੰ ਸਮਰਪਿਤ ਕੁਝ ਕਾਵਿ-ਸਤਰਾਂ ਅੰਤਿਕਾ ਵਜੋਂ:

ਮੌਤ
ਤੇਰੇ ਜਿਸਮ ਨੂੰ ਆਈ ਹੈ
ਹੋਂਦ ਨੂੰ ਨਹੀਂ।

ਸਦੀਆਂ ਬਾਅਦ ਵੀ
ਰੁਮਕ ਰਹੀ ਜ਼ਿੰਦਗੀ ਦੀ ਕਿਸੇ ਰਗ਼ ਵਿੱਚ
ਧੜਕ ਰਿਹਾ ਹੋਵੇਂਗਾ ਤੂੰ।

ਕਾਇਨਾਤ ਦੇ ਚਿਹਰੇ ‘ਤੇ
ਕੋਈ ਨੈਣ-ਨਕਸ਼ ਤੇਰਾ ਵੀ ਹੋਵੇਗਾ।

ਇਨਸਾਨੀ ਸੁਹੱਪਣ ਦਾ
ਇੱਕ ਅੰਸ਼ ਬਣ ਕੇ ਚਮਕੇਂਗਾ। 

ਤੂੰ ਰਹੇਂਗਾ 
ਅਨੰਤ ਸਮਿਆਂ ਤੱਕ
ਜਿਉਂਦਾ

ਬਸ ਰੂਪ ਬਦਲ ਜਾਏਗਾ।

“ਲਲਕਾਰ” – ਅੰਕ 19 ਸਤੰਬਰ-ਅਕਤੂਬਰ 2011

Leave a comment