ਇੱਕ ਫੁੱਲ ਦੀ ਜਨਮ-ਪ੍ਰਕਿਰਿਆ -ਸਵਜੀਤ

gorky 6

ਪੀ.ਡੀ.ਐਫ਼. ਡਾਊਨਲੋਡ ਕਰੋ    

 ਮੈਕਸਿਮ ਗੋਰਕੀ ਦੀ ਸਵੈ-ਜੀਵਨੀ
‘ਮੇਰਾ ਬਚਪਨ’, ‘ਮੇਰੀ ਸ਼ਗਿਰਦੀ ਦੇ ਦਿਨ’ ਤੇ ‘ਮੇਰੇ ਵਿਸ਼ਵ-ਵਿਦਿਆਲੇ’

 ਮੈਕਸਿਮ ਗੋਰਕੀ ਸੰਸਾਰ ਸਾਹਿਤ ਦੇ ਅਕਾਸ਼ ‘ਤੇ ਚਮਕਦਾ ਇੱਕ ਅਜਿਹਾ ਲਾਲ ਤਾਰਾ ਹੈ ਜਿਹੜਾ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ ਅਤੇ ਇਸ ਮਹਾਨ ਸਖਸ਼ੀਅਤ ਬਾਰੇ ਕੁਝ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੋਵੇਗਾ। ਗੋਰਕੀ ਬਾਰੇ ਗੱਲ ਕਰਦਿਆਂ ਅਕਸਰ ਮੈਨੂੰ ਮਦਨ ਲਾਲ ‘ਮਧੂ’ ਦਾ ਇੱਕ ਲੇਖ ਯਾਦ ਆਉਂਦਾ ਹੈ, ਜਿਸ ਵਿੱਚ ਉਹ ਬੜੇ ਖੂਬਸੂਰਤ ਢੰਗ ਨਾਲ਼ ਗੋਰਕੀ ਦੇ ਸਾਹਿਤਕ ਕੱਦ ਦਾ ਇੱਕ ਨਮੂਨਾ ਪੇਸ਼ ਕਰਦੇ ਹਨ:

”1968 ਵਿੱਚ ਜਦੋਂ ਗੋਰਕੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ ਤਾਂ ਇਸਦੇ ਸਬੰਧ ਵਿੱਚ ‘ਸੋਵੇਤਸਕਾਯਾ ਕੁਲਤੂਰਾ’ (ਸੋਵੀਅਤ ਸੱਭਿਆਚਾਰ) ਦੇ ਇੱਕ ਅੰਕ ਵਿੱਚ ਖਵਾਜਾ ਅਹਿਮਦ ਅੱਬਾਸ ਦਾ ਇੱਕ ਲੇਖ ਛਪਿਆ ਸੀ। ਲੇਖ ਦਾ ਆਰੰਭ ਬੜਾ ਦਿਲਚਸਪ ਸੀ। ”ਦੁਨੀਆਂ ਦੇ ਕਿਹੜੇ ਤਿੰਨ ਲੇਖਕਾਂ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ? ਇਹ ਸਵਾਲ ਪੁੱਛਣ ‘ਤੇ ਤੁਹਾਨੂੰ ਸ਼ਾਇਦ ਇਹ ਜਵਾਬ ਮਿਲੇਗਾ-

‘ਮੈਕਸਿਮ ਗੋਰਕੀ, ਟਾਮਸ ਮਾਨ ਤੇ ਬਰਨਾਰਡ ਸ਼ਾਅ।’

ਜਾਂ ‘ਲਿਓ ਤਾਲਸਤਾਏ, ਹਰਬਰਟ ਵੈਲਸ ਤੇ ਮੈਕਸਿਮ ਗੋਰਕੀ।’

ਜਾਂ ‘ਚਾਰਲਸ ਡਿਕਨਜ਼, ਅਰਨਸਟ ਹੈਮਿੰਗਵੇ ਤੇ ਮੈਕਸਿਮ ਗੋਰਕੀ।’

ਜਾਂ ‘ਗਾਲਸਵਰਦੀ, ਫਰਾਂਜ਼ ਕਾਫਕਾ ਤੇ ਮੈਕਸਿਮ ਗੋਰਕੀ।’

ਹਰ ਵਾਰ ਤਿੰਨਾਂ ਵਿੱਚੋਂ ਇੱਕ ਨਾਮ ਲਾਜ਼ਮੀ ਤੌਰ ‘ਤੇ ਮੈਕਸਿਮ ਗੋਰਕੀ ਦਾ ਹੋਵੇਗਾ”

*****

ਮੈਕਸਿਮ ਗੋਰਕੀ ਦਾ ਜਨਮ 29 ਮਾਰਚ 1868 ਨੂੰ ਰੂਸ ਦੇ ਵੋਲਗਾ ਤੱਟ ‘ਤੇ ਵਸੇ ਇੱਕ ਪ੍ਰਾਚੀਨ ਸ਼ਹਿਰ ਨੀਜ਼ਨੀ ਨੋਵਗਰੋਦ ਵਿਖੇ ਹੋਇਆ। ਉਹਨਾਂ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਸਨ, ਉਹਨਾਂ ਦਾ ਨਾਮ ਮੈਕਸਿਮ ਪੇਸ਼ਕੋਵ ਸੀ ਅਤੇ ਮਾਂ ਦਾ ਨਾਮ ਵਾਰਵਰਾ ਸੀ। ਗੋਰਕੀ ਦਾ ਪੂਰਾ ਨਾਮ ਅਲੈਕਸੇਈ ਮੈਕਸਿਮੋਵਿਚ ਪੇਸ਼ਕੋਵ ਸੀ। ਤਿੰਨ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਤਾ-ਪਿਤਾ ਨਾਲ਼ ਅਸਤਰਾਖਾਨ ਨਾਮਕ ਇੱਕ ਦੂਸਰੇ ਸ਼ਹਿਰ ਵਿੱਚ ਵਸ ਗਏ। ਜਿੱਥੇ ਕੁਝ ਦੇਰ ਬਾਅਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਹ ਆਪਣੀ ਮਾਂ ਨਾਲ਼ ਵਾਪਸ ਆਪਣੇ ਨਾਨਕੇ ਘਰ ਨੀਜ਼ਨੀ ਨੋਵਗਰੋਦ ਪਰਤ ਆਏ। ਇੱਥੇ ਆਪਣੇ ਨਾਨਾ-ਨਾਨੀ ਕੋਲ ਰਹਿੰਦਿਆਂ ਉਹਨਾਂ ਆਪਣਾ ਬਚਪਨ ਬਿਤਾਇਆ। 1879 ਤੱਕ ਉਹਨਾਂ ਦੀ ਮਾਂ ਦੇ ਦੇਹਾਂਤ ਤੱਕ ਉਹ ਇੱਥੇ ਹੀ ਰਹੇ। ਗੋਰਕੀ ਦਾ ਬਚਪਨ ਅਤੇ ਜਵਾਨੀ ਘੋਰ ਗਰੀਬੀ ਵਿੱਚ ਬੀਤੀ। ਆਪਣੇ ਬਚਪਨ ਵਿੱਚ ਕੂੜਾ-ਕਰਕਟ ਇਕੱਠਾ ਕਰਨ ਤੋਂ ਲੈ ਕੇ ਜ਼ਿੰਦਗੀ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦਾ ਕੰਮ ਕਰਦੇ ਹੋਏ ਪੈਰ-ਪੈਰ ‘ਤੇ ਖੁਦ ਨੂੰ ਜਿਉਂਦਾ ਰੱਖਣ ਲਈ ਸੰਘਰਸ਼ ਲੜਨਾ ਪਿਆ। ਪਰ ਉਹਨਾਂ ਦੇ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਅਤੇ ਫਿਰ ਇਹ ਆਖਰੀ ਸਾਹਾਂ ਤੱਕ ਉਹਨਾਂ ਦੇ ਸੰਗ ਨਿਭਿਆ। ਕਿਤਾਬਾਂ ਨੂੰ ਉਹ ਜਨੂੰਨ ਦੀ ਹੱਦ ਤੱਕ ਪਿਆਰ ਕਰਦੇ ਸਨ ਅਤੇ ਇਹਨਾਂ ਨੂੰ ਉਹ ”ਮਨੁੱਖ ਦੁਆਰਾ ਸਿਰਜੇ ਸਾਰੇ ਚਮਤਕਾਰਾਂ ਵਿੱਚੋਂ ਸਭ ਤੋਂ ਵੱਡਾ ਚਮਤਕਾਰ” ਮੰਨਦੇ ਸਨ। ‘ਕਿਤਾਬਾਂ ਬਾਰੇ’ ਨਾਮਕ ਇੱਕ ਲੇਖ ਵਿੱਚ ਇਸ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਹਨ ਕਿ ”ਇਹ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰਲੀ ਹਰ ਚੰਗਿਆਈ ਦਾ ਸਿਹਰਾ ਦਿੰਦਾ ਹਾਂ। ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਕਲਾ ਲੋਕਾਂ ਨਾਲ਼ੋਂ ਜ਼ਿਆਦਾ ਉੱਦਾਰ ਹੁੰਦੀ ਹੈ। ਮੈਂ ਪੁਸਤਕ-ਪ੍ਰੇਮੀ ਹਾਂ, ਹਰ ਕਿਤਾਬ ਮੈਨੂੰ ਇੱਕ ਚਮਤਕਾਰ ਜਾਪਦੀ ਹੈ, ਅਤੇ ਲੇਖਕ ਇੱਕ ਜਾਦੂਗਰ। ਕਿਤਾਬਾਂ ਬਾਰੇ ਮੈਂ ਡੂੰਘੀਆਂ ਭਾਵਨਾਵਾਂ ਅਤੇ ਹੁਲਾਸ-ਪੂਰਨ ਉਤਸ਼ਾਹ ਤੋਂ ਬਿਨਾਂ ਹੋਰ ਕਿਸੇ ਢੰਗ ਨਾਲ਼ ਗੱਲ ਹੀ ਨਹੀਂ ਕਰ ਸਕਦਾ। ਇਹ ਹਾਸੋਹੀਣਾ ਲੱਗ ਸਕਦਾ ਹੈ ਪਰ ਇਹੀ ਸੱਚਾਈ ਹੈ। ਇਸਨੂੰ ਵਹਿਸ਼ੀਪੁਣਾ ਵੀ ਕਿਹਾ ਜਾ ਸਕਦਾ ਹੈ। ਪਰ ਲੋਕਾਂ ਨੇ ਜੋ ਕਹਿਣਾ ਹੈ ਉਹਨਾਂ ਨੂੰ ਕਹਿਣ ਦਿਓ—ਮੇਰਾ ਕੋਈ ਇਲਾਜ ਨਹੀਂ ਹੈ।”

ਫਰਬਰੀ 1887 ਵਿੱਚ ਉਹਨਾਂ ਦੀ ਨਾਨੀ ਅਕੁਲੀਨਾ ਇਵਾਨੋਵਨਾ ਕਾਸ਼ੀਰਿਨਾ ਦੀ ਮੌਤ ਹੋ ਗਈ ਅਤੇ ਜਲਦੀ ਹੀ ਮਈ ਵਿੱਚ ਉਹਨਾਂ ਦਾ ਨਾਨੇ ਵਾਸਿਲੀ ਵਾਸਲੀਏਵਿਚ ਕਾਸ਼ੀਰਿਨ ਦਾ ਵੀ ਦੇਹਾਂਤ ਹੋ ਗਿਆ। ਇਸ ਘਟਨਾ ਨਾਲ਼ ਗੋਰਕੀ ਭਾਵਨਾਤਮਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਗਏ। ਇਸ ਹੱਦ ਤੱਕ ਨਿਰਾਸ਼ ਹੋ ਗਏ ਕਿ ਉਹਨਾਂ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਜ਼ਿੰਦਗੀ ਨੇ ਉਹਨਾਂ ਨੂੰ ਜਲਦੀ ਹੀ ਇਸ ਹਨੇਰੇ ਵਿੱਚੋਂ ਬਾਹਰ ਕੱਢ ਲਿਆ ਅਤੇ ਉਹ ਆਪਣੇ ਇੱਕ ਸਾਥੀ ਮ.ਅ. ਰੋਮਾਸ ਨਾਲ ਕਜ਼ਾਨ ਲਾਗੇ ਇੱਕ ਪਿੰਡ ਵਿੱਚ ਕਿਸਾਨਾਂ ਵਿੱਚ ਕੰਮ ਕਰਨ ਲਈ ਚਲੇ ਗਏ। ਇਸ ਤੋਂ ਬਾਅਦ ਉਹ ਕਈ ਸਾਲਾਂ ਤੱਕ ਛੋਟੇ-ਮੋਟੇ ਕੰਮ ਕਰਦੇ ਰਹੇ। ਅਪ੍ਰੈਲ 1891 ਵਿੱਚ ਉਹ ਨੀਜ਼ਨੀ ਨੋਵਗੋਰਦ ਛੱਡ ਕੇ ਰੂਸ ਘੁੰਮਣ ਲਈ ਨਿੱਕਲ ਪਏ। ”ਮੈਂ ਸ਼ਹਿਰ ਛੱਡ ਦਿੱਤਾ ਅਤੇ ਲਗਭਗ ਦੋ ਸਾਲਾਂ ਤੱਕ ਰੂਸ ਦੀਆਂ ਸੜਕਾਂ ਗਾਹੁੰਦਾ ਰਿਹਾ। ਮੈਂ ਵੋਲਗਾ ਅਤੇ ਦੋਨ ਦੀਆਂ ਵਾਦੀਆਂ ਵਿੱਚੋਂ ਲੰਘਿਆ, ਯੂਕਰੇਨ, ਕਰੀਮੀਆ ਅਤੇ ਕੌਕਾਸ ਦੀਆਂ ਸੜਕਾਂ ‘ਤੇ ਆਵਾਰਾ ਫਿਰਿਆ ਅਤੇ ਅਣਗਿਣਤ ਪ੍ਰਭਾਵ ਇਕੱਠੇ ਕੀਤੇ…” 

1893 ਵਿੱਚ ਉਹਨਾਂ ਦੀ ਪਹਿਲੀ ਕਹਾਣੀ ਪ੍ਰਕਾਸ਼ਿਤ ਹੋਈ। ਇਸ ਦਿਨ ਤੋਂ ਉਹਨਾਂ ਦਾ ਕਲਮ ਨਾਲ਼ ਅਜਿਹਾ ਰਿਸ਼ਤਾ ਜੁੜਿਆ ਜਿਹੜਾ ਫਿਰ ਆਖਰੀ ਸਾਹਾਂ ਤੱਕ ਉਹਨਾਂ ਨੇ ਨਿਭਾਇਆ। ਸੋਸ਼ਲ-ਡੈਮੋਕਰੈਟ ਜੱਥੇਬੰਦੀ (ਉਸ ਸਮੇਂ ਕਮਿਊਨਿਸਟ ਪਾਰਟੀ ਦਾ ਨਾਮ) ਨਾਲ਼ ਸੰਬੰਧ ਰੱਖਣ ਕਾਰਨ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ ਵਿੱਚ ਵੀ ਰੱਖਿਆ ਗਿਆ। ਆਪਣੇ ਸਾਹਿਤਕ ਜੀਵਨ ਦੌਰਾਨ ਗੋਰਕੀ ਨੇ ਕਈ ਕਹਾਣੀਆਂ ਅਤੇ ਨਾਵਲਾਂ ਦੀ ਰਚਨਾ ਕੀਤੀ। ਅਪ੍ਰੈਲ 1907 ਵਿੱਚ ਗੋਰਕੀ ਦੀ ਬਹੁ-ਚਰਚਿਤ ਰਚਨਾ ਅਤੇ ਸੰਸਾਰ-ਪ੍ਰਸਿੱਧ ਨਾਵਲ ‘ਮਾਂ’ ਦਾ ਪ੍ਰਕਾਸ਼ਨ ਨਿਊਯਾਰਕ ਸ਼ਹਿਰ ਵਿਖੇ ਹੋਇਆ। ਇਸ ਕਿਤਾਬ ਬਾਰੇ ਲੈਨਿਨ ਦਾ ਕਹਿਣਾ ਸੀ ਕਿ ਇਹ ਇੱਕ ਬਹੁਤ ਲੋੜੀਂਦੀ ਕਿਤਾਬ ਹੈ ਜਿਹੜੀ ਬਿਲਕੁਲ ਸਹੀ ਸਮੇਂ ‘ਤੇ ਆਈ ਹੈ। ਇਹ ਕਿਤਾਬ ਅਚੇਤ ਤੌਰ ‘ਤੇ ਅਤੇ ਆਪਮੁਹਾਰੇ ਢੰਗ ਨਾਲ਼ ਇਨਕਲਾਬ ਵਿੱਚ ਹਿੱਸਾ ਲੈਣ ਵਾਲ਼ੇ ਬਹੁਤ ਸਾਰੇ ਮਜ਼ਦੂਰਾਂ ਨੂੰ ਸੁਚੇਤ ਲੜਾਕੇ ਬਣਾਉਣ ਵਿੱਚ ਮੱਦਦ ਕਰੇਗੀ।

ਰੂਸ ਵਿੱਚ ਸਮਾਜਵਾਦ ਦੀ ਸਥਾਪਤੀ ਤੋਂ ਬਾਅਦ ਗੋਰਕੀ ਸਾਹਿਤ ਦੇ ਖੇਤਰ ਵਿੱਚ ਪਾਰਟੀ ਦੀ ਅਗਵਾਈ ਹੇਠ ਵੱਖ-ਵੱਖ ਜਿੰਮੇਵਾਰੀਆਂ ਨਿਭਾਉਂਦੇ ਰਹੇ। 18 ਜੂਨ 1936 ਨੂੰ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਇਸ ਮਹਾਨ ਸਾਹਿਤਕਾਰ ਨੇ ਆਪਣਾ ਆਖਰੀ ਸਾਹ ਲਿਆ। 19 ਜੂਨ ਦੇ ‘ਪ੍ਰਾਵਦਾ’ ਦੇ ਅੰਕ ਵਿੱਚ ਗੋਰਕੀ ਨੂੰ ਇਹਨਾਂ ਸਤਰਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ:

”ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਸੋਵੀਅਤ ਯੂਨੀਅਨ ਦੀ ਲੋਕ ਕੁਮੀਸਾਰਾਂ ਦੀ ਕੌਂਸਲ, ਇੱਕ ਮਹਾਨ ਰੂਸੀ ਲੇਖਕ, ਲਿਖਣ ਕਲਾ ਦੀ ਪ੍ਰਤਿਭਾ, ਕਿਰਤੀ ਲੋਕਾਂ ਦੇ ਸਮਰਪਿਤ ਦੋਸਤ ਅਤੇ ਕਮਿਊਨਿਜ਼ਮ ਦੀ ਜਿੱਤ ਲਈ ਲੜ ਰਹੇ ਸਿਪਾਹੀ ਕਾਮਰੇਡ ਅਲੈਕਸੇਈ ਮੈਕਸਿਮੋਵਿਚ ਗੋਰਕੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।”

ਸੰਸਾਰ-ਪ੍ਰਸਿੱਧ ਨਾਵਲ ‘ਮਾਂ’, ‘ਫੋਮਾ ਗੋਰਦੇਯੇਵ’, ‘ਉਹ ਤਿੰਨ’, ਅਤੇ ‘ਆਰਤਾਮਾਨੋਵਸ’ ਦੇ ਨਾਲ਼-ਨਾਲ਼ ਤਿੰਨ ਭਾਗਾਂ ਵਿੱਚ ਲਿਖੀ ਨਾਵਲ-ਰੂਪੀ ਸਵੈ-ਜੀਵਨੀ ਵੀ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ। ਇਹ ਕਿਤਾਬਾਂ ਕ੍ਰਮਵਾਰ ‘ਮੇਰਾ ਬਚਪਨ’, ‘ਮੇਰੀ ਸ਼ਗਿਰਦੀ ਦੇ ਦਿਨ’ ਅਤੇ ‘ਮੇਰੇ ਵਿਸ਼ਵ-ਵਿਦਿਆਲੇ’ ਦੇ ਸਿਰਲੇਖ ਹੇਠ ਛਪੀਆਂ। ਇਹਨਾਂ ਕਿਤਾਬਾਂ ਬਾਰੇ ਇੰਨਾ ਕਹਿਣਾ ਹੀ ਕਾਫੀ ਹੋਵੇਗਾ ਕਿ ਇਹਨਾਂ ਵਿੱਚ ਇੱਕ ਮਹਾਨ ਲੇਖਕ ਦੀ ਮਾਸੂਮੀਅਤ ਅਤੇ ਸਹਿਜਤਾ ਆਪਣੇ ਹਰ ਰੰਗ ਵਿੱਚ ਝਲਕਦੀ ਹੈ। 1913 ਵਿੱਚ ਲਗਭਗ 45 ਸਾਲ ਦੀ ਉਮਰ ਵਿੱਚ ਗੋਰਕੀ ਨੇ ਇਸ ਲ਼ੜੀ ਦੀ ਪਹਿਲੀ ਕਿਤਾਬ ‘ਮੇਰਾ ਬਚਪਨ’ ਲਿਖੀ।

‘ਮੇਰਾ ਬਚਪਨ’

ਚੀਨ ਦੇ ਪ੍ਰਸਿੱਧ ਲੇਖਕ ਲੂ-ਸ਼ੁਨ ਆਪਣੇ ਇੱਕ ਲੇਖ ‘ਪ੍ਰਤਿਭਾ ਦੀ ਉਡੀਕ ਵਿੱਚ’ ਲਿਖਦੇ ਹਨ ਕਿ ”…ਕਿਸੇ ਪ੍ਰਤਿਭਾ ਦੇ ਉਦੈ ਹੋਣ ਦੀ ਉਮੀਦ ਕਰਨ ਤੋਂ ਪਹਿਲਾਂ ਸਾਡੀ ਮੰਗ ਪ੍ਰਤਿਭਾ ਪੈਦਾ ਕਰਨ ਵਿੱਚ ਸਮਰੱਥ ਜਨਤਾ ਦੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਖੂਬਸੂਰਤ ਬਿਰਖ ਜਾਂ ਫੁੱਲ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਵਧੀਆ ਜ਼ਮੀਨ ਤਿਆਰ ਕਰਨੀ ਪਵੇਗੀ। ਅਸਲ ਵਿੱਚ ਫੁੱਲਾਂ ਅਤੇ ਬਿਰਖ ਤੋਂ ਮਿੱਟੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਗੈਰ ਕੁਝ ਵੀ ਪੈਦਾ ਨਹੀਂ ਹੋ ਸਕਦਾ। ਫੁੱਲਾਂ ਅਤੇ ਬਿਰਖਾਂ ਲਈ ਮਿੱਟੀ ਨਿਹਾਇਤ ਜ਼ਰੂਰੀ ਹੈ…”  ਗੋਰਕੀ ਸੰਸਾਰ ਸਾਹਿਤ ਦੇ ਬਗੀਚੇ ਦਾ ਇੱਕ ਟਹਿਕਦਾ ਸੂਹਾ ਗੁਲਾਬ ਹੈ। ਜਿਸਨੇ ਆਪਣੀ ਖੁਸ਼ਬੂ ਰਾਹੀਂ ਆਪਣੀ ਮਿੱਟੀ ਦੀਆਂ ਕਹਾਣੀਆਂ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਈਆਂ। ਇੱਕ ਅਜਿਹੀ ਪ੍ਰਤਿਭਾ ਜਿਸਨੇ ਸਾਹਿਤ ਰਾਹੀਂ ਉਹਨਾਂ ਲੋਕਾਂ ਦੀਆਂ ਬਾਤਾਂ ਪਾਈਆਂ ਹਨ ਜਿਹਨਾਂ ਨੂੰ ਕਦੇ ਇਨਸਾਨ ਸਮਝਿਆ ਹੀ ਨਹੀਂ ਗਿਆ। ਗੋਰਕੀ ਨੇ ਆਪਣੇ ਪਾਤਰ ਜੀਵਨ ਦੀਆਂ ਗਹਿਰੀਆਂ, ਹਨੇਰੀਆਂ ਅਤੇ ਸਿੱਲੀਆਂ ਖੱਡਾਂ ਵਿੱਚੋਂ ਲੱਭੇ, ਜਿੱਥੇ ਆਮ ਤੌਰ ‘ਤੇ ਬੁੱਧਜੀਵੀ ਲੇਖਕਾਂ ਦੇ ਗਿਆਨ ਦਾ ਚਾਨਣ ਪਹੁੰਚਣ ਤੋਂ ਅਸਮਰੱਥ ਸੀ। ਆਖਰੀ ਸਾਹਾਂ ਤੱਕ ਗੋਰਕੀ ਨੇ ਆਪਣੀ ਮਿੱਟੀ ਦੀ ਸੇਵਾ ਕੀਤੀ। ਉਹਨਾਂ ਦੀ ਸਵੈ-ਜੀਵਨੀ ਵੀ ਉਸੇ ਮਿੱਟੀ ਦੀ, ਉਹਨਾਂ ਲੋਕਾਂ ਦੀ ਜੀਵਨ-ਗਾਥਾ ਹੈ ਜਿਹਨਾਂ ਨੇ ਗੋਰਕੀ ਨਾਮਕ ਇਸ ਵਰਤਾਰੇ ਨੂੰ, ਇਸ ਸੂਹੇ ਫੁੱਲ ਨੂੰ ਜਨਮ ਦਿੱਤਾ।

‘ਮੇਰਾ ਬਚਪਨ’ ਵਿੱਚ, ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ਗੋਰਕੀ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਉਹਨਾਂ ਹਾਲਤਾਂ ਅਤੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਹਨਾਂ ਨੇ ਗੋਰਕੀ ਨੂੰ ਜੀਵਨ ਦੇ ਮੁੱਢਲੇ ਸਬਕ ਪੜ੍ਹਾਏ। ਗੋਰਕੀ ਆਪਣੇ ਜੀਵਨ ਬਾਰੇ ਗੱਲ ਕਰਦਿਆਂ ਉਸ ਦਿਨ ਤੋਂ ਸ਼ੁਰੂ ਕਰਦੇ ਹਨ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਅਤੇ ਉਸੇ ਦਿਨ ਉਹਨਾਂ ਦੇ ਛੋਟੇ ਭਰਾ ਦਾ ਜਨਮ ਹੁੰਦਾ ਹੈ।

ਗੋਰਕੀ ਦੀ ਲਿਖਣ-ਸ਼ੈਲੀ ਦੀ ਸਭ ਤੋਂ ਵੱਡੀ ਖਾਸੀਅਤ ਇਸੇ ਗੱਲ ਵਿੱਚ ਹੈ ਕਿ ਇਸ ਵਿੱਚ ਪੂਰੀ ਜ਼ਿੰਦਗੀ ਧੜਕਦੀ ਹੈ। ਨਿੱਤ-ਦਿਹਾੜੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਘਟਨਾਵਾਂ ਨੂੰ ਵੀ ਉਹ ਇਸ ਢੰਗ ਨਾਲ਼ ਪੇਸ਼ ਕਰਦੇ ਹਨ ਪਾਠਕ ਨੂੰ ਇਹ ਹੰਢੀਆਂ-ਵਰਤੀਆਂ ਚੀਜਾਂ ਵੀ ਇੱਕਦਮ ਅਣਜਾਣ ਅਤੇ ਨਵੀਆਂ ਨਕੋਰ ਜਾਪਣ ਲੱਗ ਪੈਂਦੀਆਂ ਹਨ। ਅਤੇ ਜਦੋਂ ਇੱਕ ਬੱਚੇ ਦੀਆਂ ਨਜ਼ਰਾਂ ਤੋਂ ਇਸ ਦੁਨੀਆਂ ਨੂੰ ਵੇਖਣ ਦੀ ਗੱਲ ਹੋਵੇ ਤਾਂ ਗੋਰਕੀ ਇਸ ਵਿੱਚ ਮਾਹਿਰ ਹਨ। ਆਪਣੇ ਹੀ ਲਗਭਗ 40 ਸਾਲ ਪਹਿਲਾਂ ਦੇ ਰੂਪ ਨੂੰ ਮੁੜ-ਜੀਵਤ ਕਰਦਿਆਂ ਉਹ ਬੱਚਿਆਂ ਦੇ ਮਨੋਵਿਗਿਆਨ ਅਤੇ ਮਾਨਸਿਕਤਾ ਨੂੰ ਤਹਿ-ਦਰ-ਤਹਿ ਫਰੋਲਦਿਆਂ ਅਸੀਮ ਡੂੰਘਾਈਆਂ ਤੱਕ ਉੱਤਰ ਜਾਂਦੇ ਹਨ।

ਇਸ ਕਿਤਾਬ ਦਾ ਮੁੱਖ ਪਾਤਰ ਇੱਕ ਛੋਟਾ ਬੱਚਾ ਅਲੈਕਸੀ ਹੈ। ਜਿਹੜਾ ਅਜੇ ਦੁਨੀਆਂ ਤੋਂ ਲੱਗਭਗ ਅਣਜਾਣ ਅਤੇ ਹਰ ਤਰ੍ਹਾਂ ਦੇ ਵਿਚਾਰਾਂ ਅਤੇ ਤੁਅੱਸਬਾਂ ਤੋਂ ਮੁਕਤ ਹੈ। ਉਸਦੀ ਮਾਸੂਮੀਅਤ ਅਤੇ ਸ਼ਰਾਰਤਾਂ ਪਹਿਲੇ ਸਫੇ ਤੋਂ ਲੈ ਕੇ ਆਖਰੀ ਸਫੇ ਤੱਕ ਛਲਕਦੀਆਂ ਰਹਿੰਦੀਆਂ ਹਨ। ਬਾਲਗਾਂ ਲਈ, ਜਿਹੜੇ ਦੁਨੀਆਂ ਵਿੱਚ ਆਪਣਾ ਸਥਾਨ ਤੈਅ ਕਰ ਚੁੱਕੇ ਹਨ, ਇੱਕ ਬਾਲਕ ਵਜੋਂ ਮੁੜ ਤੋਂ ਸੰਸਾਰ ਨੂੰ ਮਾਸੂਮ ਨਜ਼ਰਾਂ ਨਾਲ਼ ਦੇਖਣਾ ਇੱਕ ਦਿਲਚਸਪ ਤਜ਼ਰਬਾ ਹੁੰਦਾ ਹੈ। ਪਰ ਇਸ ਵਾਰ ਇਹ ਸਿਰਫ ਦਿਲਚਸਪ ਨਹੀਂ ਹੈ, ਇਹ ਸਫਰ ਤੁਹਾਡੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਭਾਵ ਜਗਾਉਂਦਾ ਹੈ, ਨਫਰਤ, ਡਰ, ਦੁੱਖ, ਸ਼ਰਮ ਅਤੇ ਇਹਨਾਂ ਦੇ ਰਲਵੇਂ-ਮਿਲਵੇਂ ਅਹਿਸਾਸ। ਹਲਕੇ ਕਰੀਮੀ ਸ਼ੇਡ ਦੇ ਕੰਕਰੀਟ ਦੇ ਮਕਾਨਾਂ ਵਿੱਚ ਅਤੇ ਸ਼ੀਸ਼ੇ ਤੇ ਲੱਕੜ ਦੇ ਤਰ੍ਹਾਂ-ਤਰ੍ਹਾਂ ਦੇ ਸ਼ੋਅਕੇਸਾਂ ਤੇ ਕਾਰੀਗਰੀਆਂ ਨਾਲ਼ ਅਕਾ ਦੇਣ ਦੀ ਹੱਦ ਤੱਕ ਤੁੰਨੇ ਹੋਏ ਕਮਰਿਆਂ ਵਿੱਚ ਪਲਣ ਵਾਲ਼ੇ ਮੱਧ-ਵਰਗੀ ਨੌਜਵਾਨਾਂ ਲਈ ਇਹ ਕਿਤਾਬਾਂ ਖਾਸ ਤੌਰ ‘ਤੇ ਅਹਿਮੀਅਤ ਰੱਖਦੀਆਂ ਹਨ। ਇਹ ਉਹਨਾਂ ਨੂੰ ਇੱਕ ਅਜਿਹੀ ਦੁਨੀਆਂ ਵਿੱਚ ਲੈ ਜਾਂਦੀਆਂ ਹਨ ਜਿਸ ਤੋਂ ਉਹ ਸਦਾ ਹੀ ਅਣਜਾਣ ਰਹੇ ਹਨ। ਫਲਾਇੰਗ ਓਵਰ ਬ੍ਰਿੱਜਾਂ ਦੇ ਹੇਠਾਂ, ਗੰਦੀਆਂ ਬਸਤੀਆਂ, ਲੁਧਿਆਣੇ ਦੇ ਮਜ਼ਦੂਰ ਵਿਹੜਿਆਂ ਤੋਂ ਲੈ ਕੇ ਮੁੰਬਈ ਦੀਆਂ ਰੇਲਵੇ ਲਾਈਨਾਂ ਦੇ ਦੋਹੀਂ ਪਾਸੀਂ ਫੈਲੀਆਂ ਦਲਦਲ ਵਰਗੀਆਂ ਝੁੱਗੀਆਂ ਵਿੱਚ ਕੁਰਬਲ-ਕੁਰਬਲ ਕਰਦੀ ‘ਮਨੁੱਖੀ’ ਅਬਾਦੀ ਦੀਆਂ ਦਰਦਨਾਕ ਅਤੇ ਅਣਮਨੁੱਖੀ ਹਾਲਤਾਂ ਵਿੱਚ ਪਲ਼ ਰਹੀ ਇੱਕ ਹੋਰ ਦੁਨੀਆਂ ਵਿੱਚ।

ਅਜਿਹੀ ਹੀ ਦੁਨੀਆਂ ਵਿੱਚ ਵਿਚਰ ਰਿਹਾ ਇਸ ਕਿਤਾਬ ਦਾ ਮੁੱਖ ਪਾਤਰ ਅਲੈਕਸੀ (ਗੋਰਕੀ ਦਾ ਬਚਪਨ ਦਾ ਨਾਮ) ਕਿਵੇਂ ਹੌਲ਼ੀ-ਹੌਲ਼ੀ ਇਸ ਸੰਸਾਰ ਨੂੰ ਸਮਝਦਾ ਹੈ ਅਤੇ ਇਸ ਸਭ ਕਾਸੇ ਦਾ ਉਸਦੇ ਬਾਲ ਮਨ ‘ਤੇ ਕੀ ਪ੍ਰਭਾਵ ਪੈਂਦਾ ਹੈ, ਇਹੀ ਇਸ ਕਿਤਾਬ ਦਾ ਕੇਂਦਰੀ ਥੀਮ ਹੈ।

ਆਪਣੇ ਪਿਤਾ ਦਾ ਮੌਤ ਤੋਂ ਬਾਅਦ ਅਲੈਕਸੀ ਆਪਣੇ ਨਾਨਾ-ਨਾਨੀ ਕੋਲ ਰਹਿਣ ਲਈ ਨੀਜ਼ਨੀ ਨੋਵਗਰੋਦ ਆ ਜਾਂਦਾ ਹੈ। ਇਸ ਨਵੇਂ ਮਾਹੌਲ ਬਾਰੇ ਗੋਰਕੀ ਲਿਖਦੇ ਹਨ—”ਸਭ ਕੁਝ ਅਨੋਖੇ ਢੰਗ ਨਾਲ਼ ਪ੍ਰੇਸ਼ਾਨ ਕਰਨ ਵਾਲ਼ਾ ਸੀ। ਮੈਨੂੰ ਕਿਸੇ ਹੋਰ ਜ਼ਿੰਦਗੀ ਦਾ ਪਤਾ ਨਹੀਂ ਸੀ, ਪਰ ਮੇਰੇ ਅੰਦਰ ਧੁੰਦਲੀ ਜਿਹੀ ਯਾਦ ਸੀ ਕਿ ਮੇਰੀ ਮਾਂ ਤੇ ਪਿਓ ਦੋਵੇਂ ਨਹੀਂ ਸਨ ਰਹੇ। ਉਹਨਾਂ ਹੋਰ ਸ਼ਬਦ ਬੋਲੇ ਸਨ, ਹੋਰ ਈ ਦਿਲ ਪ੍ਰਚਾਵੇ ਸਨ ਉਹਨਾਂ ਦੇ, ਤੇ ਹਮੇਸ਼ਾ ਇੱਕ ਦੂਜੇ ਦੇ ਨਾਲ਼ੋ-ਨਾਲ਼ ਜੁੜ ਕੇ ਬੈਠੇ ਸਨ ਤੇ ਤੁਰੇ ਸਨ। ਸ਼ਾਮਾਂ ਨੂੰ ਉਹ ਖਿੜਕੀ ਕੋਲ਼ ਬਹਿ ਕੇ ਗਾਉਂਦੇ ਹੁੰਦੇ ਸਨ, ਉੱਚੀ-ਉੱਚੀ ਬੜੇ ਚਿਰ ਤਾਈਂ ਹੱਸਦੇ ਰਹਿੰਦੇ…ਏਥੇ ਉਸ ਦੇ ਉਲਟ ਕਦੇ-ਕਦਾਈਂ ਹੀ ਹੱਸਦੇ ਸਨ ਤੇ ਜਦੋਂ ਉਹ ਹੱਸਦੇ ਵੀ ਤਾਂ ਤੁਸੀਂ ਯਕੀਨ ਨਹੀਂ ਸੀ ਕਰ ਸਕਦੇ ਕਿ ਉਹ ਕਾਹਤੋਂ ਹੱਸਦੇ ਸਨ। ਉਹ ਹਮੇਸ਼ਾ ਇੱਕ ਦੂਜੇ ਨੂੰ ਲਲਕਾਰਦੇ ਰਹਿੰਦੇ ਸਨ,ਇੱਕ ਦੂਜੇ ਨੂੰ ਡਰਾਉਂਦੇ ਰਹਿੰਦੇ ਤੇ ਖੂੰਜਿਆਂ ਵਿੱਚ ਲੱਗ ਕੇ ਘੁਸਰ-ਮੁਸਰ ਕਰਦੇ ਰਹਿੰਦੇ ਸਨ। ਬੱਚੇ ਮੀਂਹ ਵਿੱਚ ਦੱਬੀ ਧੂੜ ਵਾਂਗ, ਕੁੱਟ-ਮਾਰ ਕੇ ਦਬਾਏ ਹੋਏ, ਚੁੱਪ-ਗੜੁੱਪ ਤੇ ਗੁਆਚੇ-ਗੁਆਚੇ ਸਨ। ਮੈਂ ਇਸ ਘਰ ਵਿੱਚ ਕਿਸੇ ਓਪਰੇ ਬੰਦੇ ਵਾਂਗ ਮਹਿਸੂਸ ਕਰਦਾ ਸਾਂ ਤੇ ਮੇਰੇ ਦੁਆਲੇ ਦੀ ਜ਼ਿੰਦਗੀ ਮੇਰੇ ਸ਼ੱਕ ਵਧਾਉਂਦੀ ਤੇ ਮੈਨੂੰ ਹਰ ਸ਼ੈਅ ਵੱਲ ਗਹੁ ਨਾਲ਼ ਤੱਕਣ ਲਈ ਮਜ਼ਬੂਰ ਕਰਦਿਆਂ ਹਜ਼ਾਰਾਂ ਸੂਈਆਂ ਨਾਲ਼ ਵਿੰਨ੍ਹਦੀ ਸੀ।”  

ਪਰ ਇਸੇ ਥਾਂ ‘ਤੇ ਉਸਦੀ ਸਭ ਤੋਂ ਪਹਿਲੀ ਦੋਸਤ, ਅਲੈਕਸੀ ਦੀ ਨਾਨੀ ਵੀ ਰਹਿੰਦੀ ਸੀ। ਉਸਦੀ ਨਾਨੀ ਇੱਕ ਭਲੀ ਔਰਤ ਹੈ। ਆਪਣੇ ਹੀ ਕਿਸਮ ਦੇ ਰੱਬ ਵਿੱਚ ਯਕੀਨ ਰੱਖਣ ਵਾਲ਼ੀ ਇੱਕ ਇਮਾਨਦਾਰ ਅਤੇ ਠਰੰਮੇ ਵਾਲ਼ੀ ਸਿਆਣੀ ਔਰਤ ਹੈ। ਗੋਰਕੀ ਦੇ ਮਨ ‘ਤੇ ਉਸਦੀ ਨਾਨੀ ਦੀ ਸਖਸ਼ੀਅਤ ਦਾ ਬੜਾ ਡੂੰਘਾ ਪ੍ਰਭਾਵ ਪਿਆ ਹੈ। ਜਿਵੇਂ ਕਿ ਉਹ ਲਿਖਦੇ ਹਨ- ”ਇੰਜ ਜਾਪਦਾ ਸੀ ਕਿ ਉਹਦੇ ਆਉਣ ਤੱਕ ਮੈਂ ਕਿਤੇ ਹਨੇਰੇ ਵਿੱਚ ਸੁੱਤਾ ਪਿਆ ਸਾਂ। ਪਰ ਉਹ ਆਈ, ਉਹਨੇ ਮੈਨੂੰ ਜਗਾਇਆ ਤੇ ਬਾਹਰ ਚਾਨਣੇ ਵਿੱਚ ਲੈ ਆਂਦਾ। ਮੇਰੇ ਸਾਰੇ ਆਲ਼ੇ ਦੁਆਲ਼ੇ ਨੂੰ ਉਸਨੇ ਇੱਕ ਪੱਕੀ ਡੋਰ ਵਿੱਚ ਗੁੰਦ ਦਿੱਤਾ, ਤੇ ਫੇਰ ਉਹਦੇ ਨਾਲ਼ ਇੱਕ ਰੰਗ-ਬਿਰੰਗਾ ਫੀਤਾ ਉਣ ਦਿੱਤਾ। ਉਹ ਪਹਿਲੇ ਦਿਨੋਂ ਹੀ ਮੇਰੀ ਜ਼ਿੰਦਗੀ ਦੀ ਸਦੀਵੀ ਮਿੱਤਰ ਬਣ ਗਈ, ਉਹ ਜਿਹੜੀ ਮੈਨੂੰ ਸਭ ਤੋਂ ਨਜ਼ਦੀਕ ਅਤੇ ਸਭ ਤੋਂ ਅਜ਼ੀਜ ਸੀ, ਉਹ ਜਿਹਨੂੰ ਮੈਂ ਸਭ ਤੋਂ ਜ਼ਿਆਦਾ ਸਮਝਦਾ ਸਾਂ। ਉਹਦੇ ਜ਼ਿੰਦਗੀ ਲਈ ਬੇਗਰਜ਼ ਪਿਆਰ ਨੇ ਮੈਨੂੰ ਅਮੀਰ ਬਣਾਇਆ। ਤੇ ਔਖੇ ਭਵਿੱਖ ਨਾਲ਼ ਮਿਲਣ ਲਈ ਮੈਨੂੰ ਤਾਕਤ ਦਿੱਤੀ।” ਗੋਰਕੀ ਨੂੰ ਸਾਹਿਤ ਦੀ ਗੁੜਤੀ ਵੀ ਆਪਣੀ ਨਾਨੀ ਤੋਂ ਹੀ ਮਿਲ਼ੀ। ਨਾਨੀ ਕੋਲ਼ ਲੋਕ-ਗਥਾਵਾਂ ਅਤੇ ਲੋਕ-ਗੀਤਾਂ ਦਾ ਇੱਕ ਅਮੁੱਕ ਖਜ਼ਾਨਾ ਸੀ ਅਤੇ ਉਸਦਾ ਕਹਾਣੀਆਂ ਸੁਣਾਉਣ ਦਾ ਇੱਕ ਆਪਣਾ ਹੀ ਖਾਸ ਅਤੇ ਦਿਲਕਸ਼ ਅੰਦਾਜ਼ ਸੀ। ”ਉਹਦੇ ਬੋਲਣ ਦਾ ਖਾਸ ਅੰਦਾਜ਼ ਸੀ, ਲਫ਼ਜ਼ ਗਾਉਂਦੇ ਜਾਪਦੇ ਸਨ, ਇੰਝ ਉਹਨਾਂ ਨੂੰ ਚੇਤੇ ਰੱਖਣਾ ਮੇਰੇ ਲਈ ਸੌਖਾ ਸੀ। ਲਫ਼ਜ਼ ਫੁੱਲਾਂ ਵਰਗੇ ਸੋਹਣੇ ਅਤੇ ਨਿੱਖੜਵੇਂ।” ਲੋਕ-ਸਾਹਿਤ ਨਾਲ਼ ਗੋਰਕੀ ਦਾ ਜੋ ਇੱਕ ਖਾਸ ਹੀ ਮੋਹ ਸੀ ਉਸਦੀ ਤੰਦ ਵੀ ਇੱਥੋਂ ਹੀ ਸ਼ੁਰੂ ਹੁੰਦੀ ਜਾਪਦੀ ਹੈ। ਆਪਣੇ ਬਾਅਦ ਦੇ ਦਿਨਾਂ ਵਿੱਚ ਉਹਨਾਂ ਨੇ ਲੋਕ-ਸਾਹਿਤ ਦਾ ਕਾਫੀ ਡੂੰਘਾ ਅਧਿਐਨ ਕੀਤਾ। ਉਹਨਾਂ ਦੇ ਸਾਹਿਤਕ ਲੇਖਾਂ ਵਿੱਚ ਇਸ ਅਧਿਐਨ ਦੇ ਕਈ ਸ਼ਾਨਦਾਰ ਪ੍ਰਮਾਣ ਮਿਲ਼ਦੇ ਹਨ। ਜ਼ੁਬਾਨੀ ਸਾਹਿਤ ਨੂੰ ਉਹ ਸੱਭਿਆਚਾਰ ਦੇ ਇਤਿਹਾਸ ਦਾ ਪ੍ਰਮਾਣਿਕ ਸਬੂਤ ਮੰਨਦੇ ਸਨ। ਜਿਵੇਂ ਕਿ ਸੋਵੀਅਤ ਲੇਖਕਾਂ ਦੀ ਪਹਿਲੀ ਅਖਿਲ ਯੂਨੀਅਨ ਕਾਂਗਰਸ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ- ”ਤੁਸੀਂ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੋ ਕਿ ਪੁਰਾਤਨ ਸੱਭਿਆਚਾਰ ਦੇ ਇਤਿਹਾਸ ਨੇ ਪੁਰਾਤੱਤਵ-ਵਿਗਿਆਨ ਦੁਆਰਾ ਮੁਹੱਈਆ ਕਰਵਾਏ ਅੰਕੜਿਆਂ ਅਤੇ ਪ੍ਰਾਚੀਨ ਧਰਮਾਂ ਦੀ ਛਾਪ ਤੋਂ ਲਾਭ ਉਠਾਇਆ ਹੈ। ਪ੍ਰਾਚੀਨ ਧਰਮਾਂ ਨੂੰ ਇਸਾਈ ਦਾਰਸ਼ਨਿਕ ਸਿਧਾਂਤਵਾਦ ਦੀ ਰੌਸ਼ਨੀ ਵਿੱਚ ਅਤੇ ਅਸਰ ਹੇਠ ਸਮਝਿਆ ਗਿਆ, ਜਿਹੜਾ ਕਿ ਨਾਸਤਿਕ ਇਤਿਹਾਸਕਾਰਾਂ ਤੋਂ ਵੀ ਲੁਕਿਆ ਹੋਇਆ ਨਹੀਂ ਸੀ। …ਕੁਝ ਵੀ ਹੋਵੇ ਆਦਿ-ਕਾਲੀਨ ਅਤੇ ਪੁਰਾਤਨ ਸੱਭਿਆਚਾਰ ਦੇ ਕਿਸੇ ਵੀ ਇਤਿਹਾਸਕਾਰ ਨੇ ਲੋਕ-ਧਾਰਾ ਅਤੇ ਲੋਕਾਂ ਦੀ ਜ਼ੁਬਾਨੀ ਕਲਾ ਦੇ ਅੰਕੜਿਆਂ ਦੀ ਜਾਂ ਮਿਥਿਹਾਸਕ ਪ੍ਰਮਾਣਾਂ ਦੀ ਵਰਤੋਂ ਨਹੀਂ ਕੀਤੀ, ਜਿਹੜੀ ਕਿ ਸਮੁੱਚੇ ਤੌਰ ‘ਤੇ ਕੁਦਰਤੀ ਵਰਤਾਰਿਆਂ ਦਾ, ਕੁਦਰਤ ਖਿਲਾਫ ਸੰਘਰਸ਼ ਦਾ ਪ੍ਰਤੀਬਿੰਬ ਹੈ, ਅਤੇ ਪੂਰੀ ਤਰ੍ਹਾਂ ਕਲਾਤਮਕ ਸਧਾਰਣੀਕਰਨ ਵਿੱਚ ਸਮਾਜਿਕ ਜੀਵਨ ਦਾ ਅਕਸ ਹੈ।”

ਆਪਣੀ ਨਾਨੀ ਤੋਂ ਛੁੱਟ ਅਲੈਕਸੀ ਨੂੰ ਅਜੇ ਤੱਕ ਕਿਸੇ ਹੋਰ ਦੋਸਤ ਦਾ ਸਾਥ ਨਹੀਂ ਸੀ ਮਿਲ਼ਿਆ। ਆਪਣੇ ਨਾਨਕੇ ਘਰ ਵਿੱਚਲੇ ਓਪਰੇ ਜਿਹੇ ਜੀਵਨ ਨੂੰ ਯਾਦ ਕਰਦਿਆਂ ਗੋਰਕੀ ਲਿਖਦੇ ਹਨ- ”ਇਹ ਇੱਕ ਤਿੱਖੀ, ਹਾਦਸਿਆਂ ਭਰੀ ਤੇ ਅਕਿਹ ਜ਼ਿੰਦਗੀ ਦਾ ਮੁੱਢ ਸੀ। ਇਹ ਮੈਨੂੰ ਇੱਕ ਉਦਾਸ ਕਹਾਣੀ ਵਾਂਗ ਚੇਤੇ ਹੈ, ਜੋ ਕਿ ਕਿਸੇ ਆਲੌਕਿਕ ਕਹਾਣੀਕਾਰ ਨੇ ਸੁਣਾਈ ਹੋਵੇ, ਇੱਕ ਸੱਚੀ ਦਰਦ ਭਰੀ ਕਹਾਣੀ। ਹੁਣ ਜਦੋਂ ਮੈਂ ਬੀਤੇ ਨੂੰ ਦੁਹਰਾਉਂਦਾ ਹਾਂ ਤਾਂ ਕਦੇ-ਕਦੇ ਮੈਨੂੰ ਇਹ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ ਕਿ ਇਹ ਸੱਚੀ ਮੁੱਚੀ ਇੰਝ ਹੀ ਸੀ। ਜੀਅ ਕਰਦਾ ਹੈ ਕਿ ਕਈ ਸੱਚਾਈਆਂ ਨੂੰ ਮੈਂ ਨਾ ਮੰਨਾਂ—ਇਸ ”ਮੂਰਖ ਕਬੀਲੇ” ਦੀ ਜ਼ਿੰਦਗੀ ਬੇਤਰਸ ਅਤੇ ਪੱਛੜੀ ਹੋਈ ਸੀ।

ਪਰ ਸੱਚ ਨੂੰ ਕਿਸੇ ਭੈਅ ਦੀ ਲੋੜ ਨਹੀਂ ਹੁੰਦੀ ਤੇ ਮੈਂ ਇਹ ਆਪਣੇ ਬਾਰੇ ਨਹੀਂ ਲਿਖ ਰਿਹਾ, ਇੱਕ ਸਾਹ ਘੁਟਵੇਂ ਤੇ ਡਰਾਉਣੇ ਵਾਤਾਵਰਣ ਬਾਰੇ ਲਿਖ ਰਿਹਾ ਹਾਂ, ਜਿਹਦੇ ਵਿੱਚ ਆਮ ਰੂਸੀ ਲੋਕ ਰਹਿੰਦੇ ਰਹੇ ਹਨ ਅਤੇ ਅਜੇ ਵੀ ਰਹਿ ਰਹੇ ਹਨ।”

ਅਲੈਕਸੀ ਦਾ ਨਾਨਾ ਵਾਸਿਲੀ ਨਿੱਕ-ਬੁਰਜੂਆ ਜਮਾਤ ਦੇ ਪ੍ਰਤੀਨਿੱਧ ਪਾਤਰਾਂ ਵਿੱਚੋਂ ਇੱਕ ਹੈ। ਇਸ ਜਮਾਤ ਦੀਆਂ ਲਖਾਇਕ ਵਿਸ਼ੇਸ਼ਤਾਵਾਂ ਉਸ ਵਿੱਚ ਕੁੱਟ-ਕੁੱਟ ਕੇ ਭਰੀਆਂ ਹੋਈਆਂ ਹਨ। ਆਪਣੀ ਦੁਕਾਨਦਾਰੀ ਦੇ ਸ਼ੁਰੂਆਤੀ ਦੌਰ ਤੋਂ ਹੀ ਉਹ ਆਪਣੇ ਕਾਰੀਗਰਾਂ ਦੀ ਬੜੇ ਬੇਕਿਰਕ ਤਰੀਕੇ ਨਾਲ਼ ਲੁੱਟ ਕਰਦਾ ਹੈ। ਉਸਦਾ ਸਭ ਤੋਂ ਵਧੀਆ ਕਾਰੀਗਰ ਆਪਣੇ ਬੁਢਾਪੇ ਤੱਕ ਬਿਲਕੁਲ ਅੰਨਾ ਹੋ ਜਾਂਦਾ ਹੈ ਤੇ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਵਾਸਿਲੀ ਆਪਣਾ ਸਾਰਾ ਜੀਵਨ ਪੈਸਾ ਕਮਾਉਣ ਅਤੇ ਬਚਾਉਣ ਵਿੱਚ ਹੀ ਖਰਚ ਕਰ ਦਿੰਦਾ ਹੈ। ਉਸਦੇ ਆਪਣੇ ਹੀ ਪੁੱਤਰ ਜਿਹੜੇ ਉਸੇ ਦੇ ਨਿੱਕ ਬੁਰਜੂਆ ਸੰਸਕਾਰਾਂ ਨਾਲ਼ ਸਿੰਜੇ ਹੋਏ ਸਨ ਉਸਦਾ ਵੀ ਉਹੀ ਹਾਲ ਕਰਦੇ ਹਨ ਅਤੇ ਆਪਣੇ ਆਖਰੀ ਦਿਨਾਂ ਵਿੱਚ ਵਾਸਿਲੀ ਵੀ ਭੀਖ ਮੰਗਣ ਲਈ ਮਜ਼ਬੂਰ ਹੋ ਜਾਂਦਾ ਹੈ। ਪੂੰਜੀ ਦੀ ਇਸ ਸ਼ੈਤਾਨੀ ਤੇ ਢਾਹੂ ਤਾਕਤ ਦਾ ਵਾਸਿਲੀ ਬੜੇ ਭਿਆਨਕ ਢੰਗ ਨਾਲ਼ ਸ਼ਿਕਾਰ ਬਣਦਾ ਹੈ। ਵਾਸਿਲੀ ਅਤੇ ਉਸਦੇ ਪੁੱਤਰਾਂ ਦੇ ਕਿਰਦਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਾਲਿਕ ਬਣਨ ਦਾ ਲਾਲਚ ਇਨਸਾਨ ਨੂੰ ਕਿਸ ਹੱਦ ਤੱਕ ਭ੍ਰਿਸ਼ਟ ਕਰ ਦਿੰਦਾ ਹੈ, ਤੇ ਪਸ਼ੂਆਂ ਤੋਂ ਵੀ ਗਿਆ ਗੁਜ਼ਰਿਆ ਬਣਾ ਦਿੰਦਾ ਹੈ। 

ਅਜਿਹੇ ਘੁਟਣ ਭਰੇ ਅਤੇ ਵਿਸ਼ੈਲੇ ਮਾਹੌਲ ਵਿੱਚ ਵਿਚਰਦਿਆਂ ਅਲੈਕਸੀ ਦਾ ਜੀਵਨ ਦੇ ਯਥਾਰਥ ਨਾਲ਼ ਵਾਹ ਪੈਣਾ ਸ਼ੁਰੂ ਹੁੰਦਾ ਹੈ ਅਤੇ ਕਦਮ-ਦਰ-ਕਦਮ ਉਹ ਉਹਨਾਂ ਹਕੀਕਤਾਂ ਦੇ ਪ੍ਰਭਾਵ ਕਬੂਲਦਾ ਰਹਿੰਦਾ ਹੈ। ਇੱਕ ਬੱਚੇ ਦੇ ਛੋਟੇ-ਛੋਟੇ ਸੁਪਨਿਆਂ ਦੇ ਟੁੱਟਣ ਦੇ, ਅਤੇ ਉਸਦੇ ਦਿਲ ਵਿੱਚ ਭੈਅ ਦੇ ਜਨਮ ਲੈਣ ਦੇ ਕਾਰਨ ਬੜੀ ਬਾਰੀਕੀ ਨਾਲ ਪੇਸ਼ ਕੀਤੇ ਗਏ ਹਨ। ਅਲੈਕਸੀ ਦੁਆਰਾ ਪਹਿਲੀ ਵਾਰ ਆਪਣੇ ਨਾਨੇ ਦੀਆਂ ਬੈਂਤਾਂ ਦਾ ਸਾਹਮਣਾ ਕਰਨ ਵਾਲ਼ੀ ਘਟਨਾ ਬੜਾ ਹੌਲਨਾਕ ਮਾਹੌਲ ਸਿਰਜ ਦਿੰਦੀ ਹੈ। ਉਸ ਭਿਆਨਕ ਹਾਦਸੇ ਤੋਂ ਬਾਅਦ ਅਲੈਕਸੀ ਦੇ ਬਾਲ ਮਨ ‘ਤੇ ਕੀ ਬੀਤਦੀ ਹੈ, ਗੋਰਕੀ ਇਸ ਬਾਰੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ਼ ਬਿਆਨ ਕਰਦੇ ਹਨ- ”ਜਿੰਨਾ ਚਿਰ ਮੈਂ ਆਪਣੀ ਸੁੱਧ ਨਾ ਗੁਆਈ ਮੇਰਾ ਨਾਨਾ ਮੈਨੂੰ ਕੁੱਟਦਾ ਹੀ ਰਿਹਾ। ਉਸ ਪਿੱਛੋਂ ਕਿੰਨੇ ਦਿਨ ਮੈਂ ਇੱਕ ਛੋਟੇ ਕਮਰੇ ਵਿੱਚ ਜਿੱਥੇ ਇੱਕ ਤਾਕੀ ਤੇ ਮੂਰਤੀ ਵਾਲ਼ੇ ਖੁੰਜੇ ਵਿੱਚ ਨਿਰੰਤਰ ਬਲ਼ਦੀ ਰੱਖੀ ਨਿੱਕੀ ਲਾਲ ਬੱਤੀ ਸੀ, ਖੁੱਲੇ ਗਰਮ ਬਿਸਤਰੇ ਉੱਤੇ ਪਿਆ ਰਿਹਾ।

ਮੇਰੀ ਬਿਮਾਰੀ ਦੇ ਦਿਨ ਮੇਰੇ ਜੀਵਨ ਦੇ ਮਹੱਤਵਪੂਰਨ ਦਿਨ ਸਨ, ਉਨੀਂ ਦਿਨੀ ਇਉਂ ਲੱਗਾ ਜਿਵੇਂ ਮੈਂ ਚਾਣਚੱਕ ਵਡੇਰਾ ਹੋ ਗਿਆ ਹੋਵਾਂ ਤੇ ਮੇਰੇ ਦਿਲ ਵਿੱਚ ਇੱਕ ਨਵਾਂ ਗੁਣ ਪੈਦਾ ਹੋ ਗਿਆ ਹੋਵੇ—ਉਹ ਸੀ ਲੋਕਾਂ ਪ੍ਰਤੀ ਦਿਲੋਂ ਸਬੰਧਿਤ ਹੋਣ ਦਾ ਗੁਣ। ਇਉਂ ਹੋ ਗਿਆ ਜਿਵੇਂ ਕਿਤੇ ਮੇਰੇ ਦਿਲ ਉੱੋਤੋਂ ਚਮੜੀ ਲਾਹ ਸੁੱਟੀ ਗਈ ਹੋਵੇ, ਤੇ ਇਸ ਗੱਲ ਨੇ ਮੇਰੇ ਦਿਲ ਨੂੰ ਏਨਾ ਕੋਮਲ-ਭਾਵੀ ਬਣਾ ਦਿੱਤਾ ਕਿ ਇਹਦੇ ਲਈ ਮੇਰੀ ਆਪਣੀ ਜਾਂ ਕਿਸੇ ਹੋਰ ਦੀ, ਹਰੇਕ ਸੱਟ ਅਸਿਹ ਹੋ ਗਈ।”

ਇਸੇ ਤਰ੍ਹਾਂ ਅਲੈਕਸੀ ਇਸ ਥਾਂ ‘ਤੇ ਆਪਣਾ ਪੂਰਾ ਬਚਪਨ ਗੁਜ਼ਾਰਦਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਤਕਲੀਫਾਂ ਸਹਿੰਦਿਆਂ ਉਹ ਵੱਡਾ ਹੁੰਦਾ ਹੈ। ਲੜਾਈ-ਝਗੜੇ, ਦੁੱਖ-ਦਰਦ, ਘੋਰ ਗਰੀਬੀ ਇਹੀ ਉਸਦੇ ਬਚਪਨ ਦਾ ਸਾਰਾ ਖ਼ਜ਼ਾਨਾ ਹੈ।

ਅਜਿਹੀਆਂ ਹਾਲਤਾਂ ਵਿੱਚ ਸਿਗਾਨੋਕ ਜਿਹੇ ਜ਼ਿੰਦਗੀ ਦੇ ਆਸ਼ਿਕ ਅਤੇ ਜ਼ਿੰਦਾਦਿਲ ਪਾਤਰਾਂ ਦਾ ਵੀ ਹਾਜ਼ਿਰ ਹੋਣਾ ਸਾਡੀ ਹੈਰਾਨੀ ਦਾ ਸਬੱਬ ਤਾਂ ਹੋ ਸਕਦਾ ਹੈ ਪਰ ਗੋਰਕੀ ਦੇ ਗਲਪ ਸੰਸਾਰ ਵਿੱਚ ਇਹ ਕੋਈ ਅਪਵਾਦ ਨਹੀਂ ਹੈ। ਗੋਰਕੀ ਦੇ ਪਾਤਰਾਂ ਦੀ ਇਹ ਵੀ ਇੱਕ ਵੱਡੀ ਖਾਸੀਅਤ ਹੈ ਕਿ ਉਹਨਾਂ ਅੰਦਰ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਣ ਦੀ ਇੱਕ ਖਿੱਚ ਹੁੰਦੀ ਹੈ- ”ਮਰਨ ਦਾ ਏਨਾ ਵੀ ਖਿਆਲ ਨਹੀਂ ਰਹਿੰਦਾ। ਬਸ ਜੇ ਤੁਹਾਨੂੰ ਇਸ ਗੱਲ ਦੀ ਸੋਝੀ ਹੋਵੇ ਕਿ ਜਿਉਣਾ ਕਿਵੇਂ ਹੈ…”, ਤੇ ਜੀਵਨ ਦੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ ਪ੍ਰਤੀ ਨਫਰਤ ਵੀ ਉਹਨਾਂ ਦੀਆਂ ਅੱਖਾਂ ਵਿੱਚ ਬਲ਼ਦੀ ਸਾਫ ਦਿਸਦੀ ਹੈ। ਉਸਦੇ ਪਾਤਰਾਂ ਕੋਲ਼ ਜੀਵਨ ਦਾ ਅਸਲ ਗਿਆਨ ਹੈ। ਔਖੀਆਂ ਤੇ ਸਮਝੋਂ ਬਾਹਰੀਆਂ ਗੱਲਾਂ ਨੂੰ ਵੀ ਉਹ ਕਿੰਨੇ ਕਾਵਿਕ ਤੇ ਸਾਧਾਰਣ ਅੰਦਾਜ਼ ਵਿੱਚ ਕਹਿ ਦਿੰਦੇ ਹਨ- ”ਤੁਸੀਂ ਜਾਣਦੇ ਹੋ ਕਿ ਮੈਂ ਬਿਲਕੁਲ ਕੱਲ-ਮੁੱਕਲਾ ਹਾਂ। ਮੇਰਾ ਇਸ ਦੁਨੀਆਂ ਵਿੱਚ ਕੋਈ ਵੀ ਨਹੀਂ ਹੈ। ਤੋ ਜਦੋਂ ਇੱਕ ਬੰਦਾ ਸਦਾ ਇੰਜ ਚੁੱਪ ਰਹਿੰਦੈ, ਤਾਂ ਇੱਕ ਘੜੀ ਅਜਿਹੀ ਵੀ ਆਉਂਦੀ ਹੈ ਜਦੋਂ ਉਹਦੀ ਆਤਮਾ ਸੱਭੇ ਜੰਜੀਰਾਂ ਤੋੜ ਸੁਤੰਤਰ ਹੋ ਜਾਂਦੀ ਹੈ। ਫੇਰ ਤਾਂ ਉਹ ਚਟਾਨਾਂ ਤੇ ਰੁੱਖਾਂ ਨਾਲ਼ ਵੀ ਗੱਲਾਂ ਕਰਨ ਨੂੰ ਤਿਆਰ ਹੋ ਜਾਂਦੀ ਐ…”

ਇਸੇ ਤਰ੍ਹਾਂ ਕਈ ਘਟਨਾਵਾਂ ਵਿੱਚੋਂ ਲੰਘਦਾ ਹੋਇਆ ਇਹ ਸਫਰ ਉਸ ਥਾਂ ‘ਤੇ ਆ ਕੇ ਕੁਝ ਦੇਰ ਲਈ ਰੁਕ ਜਾਂਦਾ ਹੈ, ਜਿੱਥੋਂ ਅੱਗੇ ਇਹ ਅਗਲੀ ਕਿਤਾਬ ‘ਮੇਰੀ ਸ਼ਗਿਰਦੀ ਦੇ ਦਿਨ’ ਵਿੱਚ ਇੱਕ ਨਵੇਂ ਰੂਪ ਵਿੱਚ ਸ਼ੁਰੂ ਹੁੰਦਾ ਹੈ। ਜਦੋਂ ਅਲੈਕਸੀ ਦੀ ਉਮਰ ਅਜੇ ਮਹਿਜ਼ ਗਿਆਰਾਂ ਸਾਲ ਦੀ ਹੀ ਹੁੰਦੀ ਹੈ ਤੇ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦਾ ਨਾਨਾ ਉਸਨੂੰ ਕਹਿੰਦਾ ਹੈ- ”ਅੱਛਾ, ਅਲੈਕਸੀ, ਤੈਨੂੰ ਸਹੀ ਅਰਥਾਂ ਵਿੱਚ ਮੇਰੇ ਗਲ਼ ਦੁਆਲੇ ਲਮਕਦਾ ਤਮਗਾ ਆਖਿਆ ਜਾ ਸਕਦੈ। ਹੁਣ ਅੱਗੋਂ ਤੇਰੇ ਲਈ ਏਥੇ ਕੋਈ ਥਾਂ ਨਹੀਂ। ਤੇਰੇ ਲਈ ਹੁਣ ਬਾਹਰਲੀ ਦੁਨੀਆਂ ਵਿੱਚ ਜਾਣ ਦਾ ਸਮਾਂ ਆ ਗਿਐ…

ਸੋ ਮੈਂ ਦੁਨੀਆਂ ਵਿੱਚ ਚਲਾ ਆਇਆ।” 

(ਅਗਲੇ ਅੰਕ ‘ਚ ਜਾਰੀ)

“ਲਲਕਾਰ” – ਅੰਕ -18, ਮਈ-ਜੂਨ, 2011 ਵਿਚ ਪ੍ਰਕਾਸ਼ਿਤ

One comment on “ਇੱਕ ਫੁੱਲ ਦੀ ਜਨਮ-ਪ੍ਰਕਿਰਿਆ -ਸਵਜੀਤ

Leave a comment