ਪੂਰਵ-ਇਤਿਹਾਸ ਤੋਂ ਹੜੱਪਾ ਸਭਿਅਤਾ ਤੱਕ -ਡੀ. ਐੱਨ. ਝਾਅ

haddappa

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 (ਦੂਸਰੀ ਤੇ ਆਖ਼ਰੀ ਕਿਸ਼ਤ)

(ਲੜੀ ਜੋੜਨ ਲਈ ‘ਅਗਸਤ-2013’ ਅੰਕ ਦੇਖੋ)

ਹੜੱਪਾਈ ਲਿਪੀ ਦਾ ਸਭ ਤੋਂ ਪਹਿਲਾ ਨਮੂਨਾ 1853 ਵਿੱਚ ਧਿਆਨ ਵਿੱਚ ਆਇਆ ਅਤੇ ਪੂਰੀ ਲਿਪੀ ਦਾ ਪਤਾ 1923 ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜਾਂ ‘ਤੇ ਸੱਜੇ ਤੋਂ ਖੱਬੇ ਵੱਲ ਨੂੰ ਅੰਕਿਤ ਸ਼ਿਲਾਲੇਖਾਂ ਤੋਂ ਪਤਾ ਲੱਗਿਆ। ਸਭ ਤੋਂ ਆਮ ਢੰਗ ਦਾ ਲੇਖਣ ਉਕਰੀਆਂ ਮੋਹਰਾਂ ‘ਤੇ ਹੈ ਜੋ ਜ਼ਿਆਦਾਤਰ ਸੇਲਖੜੀ ‘ਤੇ ਪਹਿਲਾਂ ਉਕਰਾਈ ਕਰਕੇ ਅਤੇ ਫਿਰ ਉਸਨੂੰ ਪਕਾ ਕੇ ਬਣਾਈ ਗਈ ਹੈ। ਇਸ ਦੀ ਵਰਤੋਂ ਸ਼ਾਇਦ ਅਮੀਰ ਲੋਕ ਆਪਣੀ ਸੰਪੱਤੀ ‘ਤੇ ਨਿਸ਼ਾਨ ਲਾਉਣ ਅਤੇ ਉਸਦੀ ਸ਼ਨਾਖ਼ਤ ਕਰਨ ਲਈ ਕਰਦੇ ਸਨ। ਹੜੱਪਾ ਬਸਤੀਆਂ ਵਿੱਚ ਦੋ ਹਜ਼ਾਰ ਤੋਂ ਵੱਧ ਮੋਹਰਾਂ ਮਿਲ਼ੀਆਂ ਹਨ, ਅਤੇ ਹੜੱਪਾਈ ਲਿਪੀ ਨੂੰ ਪੜ੍ਹਨ ਦੇ ਪੰਜਾਹ ਤੋਂ ਵੱਧ ਵੱਡੇ ਦਾਵੇ ਠੋਕੇ ਗਏ ਹਨ। ਕੁੱਝ ਵਿਦਵਾਨ ਇਸਦਾ ਸਬੰਧ ਦ੍ਰਾਵਿੜ ਜਾਂ ਆਦਿ-ਦ੍ਰਾਵਿੜ ਭਾਸ਼ਾਵਾਂ ਨਾਲ਼ ਜੋੜਦੇ ਹਨ, ਜਦ ਕਿ ਕੁੱਝ ਦੂਜੇ ਸੰਸਕ੍ਰਿਤ ਨਾਲ਼ ਪਰ ਕੁੱਝ ਵਿਦਵਾਨ ਇਸਦਾ ਰਿਸ਼ਤਾ ਸੁਮੇਰਿਆਈ ਭਾਸ਼ਾ ਨਾਲ਼ ਵੀ ਦੱਸਦੇ ਹਨ। ਖ਼ੈਰ ਇਹਨਾਂ ਵਿੱਚੋਂ ਕਿਸੇ ਵੀ ਵਚਨ ਵਿੱਚ ਯਕੀਨ ਨਹੀਂ ਬੱਝਦਾ।

ਪਰ ਭਾਰਤ ਅਤੇ ਪਾਕਿਸਤਾਨ ਵਿੱਚ ਦਹਾਕਿਆਂ ਦੀਆਂ ਖੁਦਾਈਆਂ ਦੇ ਨਤੀਜਨ ਹੁਣ ਹੜੱਪਾ ਲੋਕਾਂ ਦੇ ਜੀਵਨ ਦੇ ਸਬੰਧ ਵਿੱਚ ਬਹੁਤ ਸਮੱਗਰੀ ਪ੍ਰਾਪਤ ਹੈ। ਉਹਨਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਜਾਂ ਫਿਰ ਜੀਣ ਦੇ ਉਪਾਵਾਂ ਦੀ ਜਾਣਕਾਰੀ ਬਨਸਪਤੀਆਂ ਜਾਂ ਜੀਵ-ਜੰਤੂਆਂ ਦੇ ਅਧਿਐਨ, ਭਾਂਡਿਆਂ ‘ਤੇ ਚਿਤਰਿਆਂ ਪੌਦਿਆਂ ਜਾਂ ਫਿਰ ਜਾਨਵਰਾਂ ਦੀਆਂ ਤਸਵੀਰਾਂ, ਦੇਵਤਿਆਂ ਦੀਆਂ ਛੋਟੀਆਂ ਮੂਰਤਾਂ ਅਤੇ ਮੋਹਰਾਂ ‘ਤੇ ਅੰਕਿਤ ਮੂਰਤੀਆਂ ਤੋਂ ਮਿਲ਼ਦੀ ਹੈ। ਵਾਰਤਵਰਨ ਦੀ ਵੰਨ-ਸੁਵੰਨਤਾ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਹੜੱਪਾ ਦੇ ਲੋਕਾਂ ਨੇ ਜੀਵਨ-ਨਿਰਬਾਹ ਲਈ ਕੋਈ ਇੱਕੋ ਜਿਹਾ ਢੰਗ ਅਪਣਾਇਆ ਹੋਵੇਗਾ। ਜੀਵਨ-ਨਿਰਬਾਹ ਲਈ ਕੀਤੇ ਜਾਣ ਵਾਲ਼ੇ ਉਪਾਵਾਂ ਦੀ ਵੰਨ-ਸੁਵੰਨਤਾ ਨੂੰ ਆਮ ਤੌਰ ‘ਤੇ ਸ਼ਹਿਰੀ ਕੇਂਦਰਾਂ ਨੂੰ ਕਾਇਮ ਰੱਖਣ  ਲਈ ਅਪਣਾਏ ਜਾਣ ਵਾਲ਼ੇ ਉਪਾਵਾਂ ਨੂੰ ਸਥਿਤੀ ਅਨੁਸਾਰ ਬਦਲਦੇ ਰਹਿਣ ਦਾ ਸਿਲਸਿਲਾ ਮੰਨਿਆ ਗਿਆ ਹੈ। ਸ਼ਿਕਾਰ ਅਤੇ ਭੋਜਨ ਸੰਗ੍ਰਹਿ ਤੋਂ ਬਿਨਾਂ ਉਹ ਲੋਕ ਚੰਗੇ-ਖਾਸੇ ਪੈਮਾਨੇ ‘ਤੇ ਖੇਤੀ ਵੀ ਕਰਦੇ ਸਨ ਅਤੇ ਮਟਰ ਤੋਂ ਬਿਨਾਂ ਦੋ ਤਰ੍ਹਾਂ ਦੀ ਕਣਕ ਤੇ ਜੌਂ ਪੈਦਾ ਕਰਦੇ ਸਨ। ਹਰਿਆਣਾ ਵਿੱਚ ਬਨਵਾਲੀ ਵਿੱਚ ਬਹੁਤ ਮਾਤਰਾ ਵਿੱਚ ਜੌਂ ਮਿਲ਼ਿਆ ਹੈ। ਉਹ ਤਿਲ ਅਤੇ ਸਰੋਂ ਵੀ ਉਪਜਾਉਂਦੇ ਸਨ ਜਿਹਨਾਂ ਦੀ ਵਰਤੋਂ ਤੇਲ ਲਈ ਕੀਤੀ ਜਾਂਦੀ ਸੀ। ਮੋਹਿੰਜੋਦੜੋ ਅਤੇ ਹੜੱਪਾ ਦੇ ਟਿਕਾਣਿਆਂ ਵਿੱਚ ਚੌਲ ਦੀ ਖੇਤੀ ਦਾ ਕੋਈ ਸਬੂਤ ਨਹੀਂ ਮਿਲ਼ਦਾ ਪਰ ਲੋਥਲ ਅਤੇ ਰੰਗਪੁਰ (ਅਹਿਮਦਾਬਾਦ ਕੋਲ਼) ਵਿੱਚ 1800 ਈ.ਪੂ. ਵਿੱਚ ਹੀ ਲੋਕ ਚੌਲ਼ ਦੀ ਵਰਤੋਂ ਕਰਦੇ ਸਨ। ਖੰਜੂਰ ਅਤੇ ਵੱਡੇ ਮਟਰ ਵੀ ਪੈਦਾ ਕੀਤੇ ਜਾਂਦੇ ਸਨ ਅਤੇ ਇਹ ਹੜੱਪਾ ਭੋਜਨ ਦਾ ਅੰਗ ਸਨ।  ਮੋਹਿੰਜੋਦੜੋ ਵਿੱਚ ਪ੍ਰਾਪਤ ਕੱਪੜੇ ਦੇ ਇੱਕ ਟੁਕੜੇ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਲੋਕ ਕਪਾਹ ਵੀ ਪੈਦਾ ਕਰਦੇ ਸਨ। 

ਹੜੱਪਾ ਸੱਭਿਅਤਾ ਦਾ ਫੈਲਾਅ ਘੱਟ ਮੀਂਹ ਵਾਲ਼ੇ ਖੇਤਰ ਵਿੱਚ ਸੀ, ਅਤੇ ਸੰਭਵ ਹੈ ਕਿ ਖੇਤੀਬਾੜੀ ਲਈ ਸੰਚਾਈ ਲਾਜ਼ਮੀ ਰਹੀ ਹੋਵੇ। ਪਰ ਇਸ ਵਿੱਚ ਸ਼ੱਕ ਹੈ ਕਿ ਉਹ ਲੋਕ ਨਹਿਰੀ ਸਿੰਜਾਈ ਦੀ ਵਰਤੋਂ ਕਰਦੇ ਸਨ। ਕਛਾਰੀ (ਦੋ ਨਦੀਆਂ ਵਿਚਾਲ਼ੇ ਰੇਤਲਾ ਇਲਾਕਾ —ਅਨੁ:) ਮੈਦਾਨ ਵਿੱਚ ਖੇਤੀ ਵਾਲ਼ੀ ਜ਼ਿਆਦਾਤਰ ਜਮੀਨ ਵਿੱਚ ਤਾਂ ਹੜ੍ਹਾਂ ਦਾ ਪਾਣੀ ਆ ਜਾਂਦਾ ਹੋਵੇਗਾ, ਭਾਵੇਂ ਕੁੱਝ ਪੁਰਤੱਤਵ ਵਿਗਿਆਨੀਆਂ ਨੇ ਹੜੱਪਾ ਕਾਲ ਵਿੱਚ ਸਿਜਾਈ ਦੀ ਨਹਿਰਾਂ ਦੀ ਮੌਜੂਦਗੀ ਦੇ ਪੱਖ ਵਿੱਚ ਦਲੀਲ ਦਿੱਤੀ ਹੈ। ਜੋ ਵੀ ਹੋਵੇ, ਸੰਭਵ ਹੈ ਕਿ ਹੜੱਪਾ ਦੇ ਲੋਕ ਖੇਤੀਬਾੜੀ ਲਈ ਪਾਣੀ ਨੂੰ ਕੰਟਰੋਲ ਕਰਨ ਦੇ ਕਈ ਢੰਗਾਂ ਤੋਂ ਵਾਕਫ਼ ਰਹੇ ਹੋਣਗੇ। ਉਹ ਹਲ਼ ਦੀ ਵਰਤੋਂ ਕਰਦੇ ਸਨ ਜਾਂ ਨਹੀਂ, ਇਸ ਨੂੰ ਲੈ ਕੇ ਕਦੇ-ਕਦੇ ਵਿਵਾਦ ਉੱਠਦਾ ਰਿਹਾ ਹੈ। ਕੋਈ ਕਹੀ-ਕੁਹਾੜੀ ਜਾਂ ਫਾਲ਼ਾ ਨਹੀਂ ਮਿਲ਼ਿਆ ਹੈ ਪਰ ਕਾਲ਼ੀਆਂ ਬੰਗਾਂ ਵਿੱਚ ਇੱਕ ਵਾਹੇ ਹੋਏ ਖੇਤ ਦਾ ਸਬੂਤ ਮਿਲ਼ਿਆ ਹੈ। ਇਸ ਤੋਂ ਲੱਗਦਾ ਹੈ ਕਿ ਹੜੱਪਾ ਵਾਸੀ ਲੱਕੜ ਦੇ ਫਾਲ਼ੇ ਦੀ ਵਰਤੋਂ ਕਰਦੇ ਸਨ। ਪਰ ਹਲ਼ ਨੂੰ ਬੰਦਾ, ਬਲਦ ਜਾਂ ਕੋਈ ਹੋਰ ਜਾਨਵਰ ਖਿੱਚਦਾ ਸੀ, ਇਹ ਪਤਾ ਨਹੀਂ ਲੱਗ ਸਕਿਆ।

ਪਸ਼ੂ-ਪਾਲਣ ਖੇਤੀ ਤੋਂ ਘੱਟ ਮਹੱਤਵਪੂਰਣ ਨਹੀਂ ਸੀ। ਹੜੱਪਾ ਵਾਸੀਆਂ ਦੇ ਗੁਜਰ-ਬਸਰ ਦੇ ਢੰਗਾਂ ਵਿੱਚ ਉਹਨਾਂ ਦੀ ਖ਼ਾਸ ਭੂਮਿਕਾ ਸੀ। ਲੋਕ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਤੋਂ ਵਾਕਫ਼ ਸਨ। ਹੜੱਪਾ ਵਿੱਚ ਮਿਲ਼ੀਆਂ ਪੱਕੀ ਮਿੱਟੀ (ਟੇਰਾਕੋਟਾ) ਦੀਆਂ ਜ਼ਿਆਦਾਤਰ ਮੂਰਤੀਆਂ ਜਾਨਵਰਾਂ ਦੀਆਂ ਹਨ ਪਰ ਉਹਨਾਂ ਵਿੱਚ ਕੋਈ ਵੀ ਗਾਂ ਨਹੀਂ ਹੈ। ਭੇਡ ਅਤੇ ਬੱਕਰੀ ਤੋਂ ਬਿਨਾਂ ਕੁੱਤੇ, ਬਿਲੀਆਂ, ਢੁੱਠ ਵਾਲ਼ੇ ਡੰਗਰ, ਮੱਝ ਅਤੇ ਹਾਥੀ ਨਿਸ਼ਚਿਤ ਤੌਰ ‘ਤੇ ਪਾਲ਼ੇ ਜਾਂਦੇ ਸਨ।  ਗਧਿਆਂ ਅਤੇ ਊਠਾਂ ਦੀ ਵਰਤੋਂ ਭਾਰ-ਢੋਅਣ ਵਾਲ਼ੇ ਪਸ਼ੂਆਂ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਵੱਖ-ਵੱਖ ਟਿਕਾਣਿਆਂ ਵਿੱਚ ਅਨੇਕ ਪ੍ਰਕਾਰ ਦੇ ਜੰਗਲ਼ੀ ਜਾਨਵਰਾਂ ਦੀਆਂ ਹੱਡੀਆਂ ਦਾ ਪਤਾ ਲੱਗਣ ਤੋਂ ਲੱਗਦਾ ਹੈ ਕਿ ਲੋਕ ਹਿਰਨ, ਗੈਂਡੇ ਅਤੇ ਕੱਛੂ ਤੋਂ ਵਾਕਫ਼ ਸਨ ਭਾਵੇਂ ਕਿ ਲੱਗਦਾ ਹੈ, ਘੋੜਾ ਉਹਨਾਂ ਲਈ ਅਣਜਾਣਿਆ ਸੀ। ਉੱਪਰ ਜਿਨ੍ਹਾਂ ਜਾਨਵਰਾਂ ਦਾ ਵਰਣਨ ਹੋਇਆ ਹੈ, ਉਹਨਾਂ ਦੇ ਜਿਉਂਦੇ ਰਹਿਣ ਲਈ ਵੱਖ-ਵੱਖ ਤਰ੍ਹਾਂ ਦੇ ਵਾਤਾਵਰਣ ਦੀ ਲੋੜ ਸੀ ਅਤੇ ਉਹਨਾਂ ਨਾਲ਼ ਹੜੱਪਾ ਵਾਸੀਆਂ ਦੀ ਵਾਕਫ਼ੀ ਤੋਂ ਲੱਗਦਾ ਹੈ ਕਿ ਉਹਨਾਂ ਵਿੱਚ ਖੁਦ ਨੂੰ ਜੀਵਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਥਿਤੀਆਂ ਅਨੁਸਾਰ ਢਾਲਣ ਦੀ ਯੋਗਤਾ ਸੀ। ਇਹੀ ਹੜੱਪਾ ਵਾਸੀਆਂ ਦੀ ਨਿਰਬਾਹ-ਆਰਥਿਕਤਾ ਦੀ ਵੰਨ-ਸੁਵੰਨਤਾ ਦਾ ਕਾਰਣ ਸੀ। ਕੁੱਝ-ਕੁੱਝ ਮੁੱਢ-ਕਦੀਮੀ ਕਿਸਮ ਦੀ ਹੁੰਦੇ ਹੋਏ ਵੀ ਇਹ ਇੰਨੀ ਵਾਫ਼ਰ (ਸਰਪਲੱਸ) ਮੁਹੱਇਆ ਕਰਾ ਦਿੰਦੀ ਸੀ ਕਿ ਸ਼ਹਿਰੀ ਅਬਾਦੀ ਦਾ ਗੁਜਾਰਾ ਹੋ ਸਕਦਾ ਸੀ। 

ਭਾਵੇਂ ਹੜੱਪਾ ਲੋਕ ਪੱਥਰ ਦੇ ਸੰਦ ਬਣਾਉਂਦੇ ਰਹੇ ਪਰ ਉਹ ਕਾਂਸੀ ਯੁੱਗ ਵਿੱਚ ਜੀ ਰਹੇ ਸਨ। ਉਹ ਤਾਂਬੇ ਵਿੱਚ ਟੀਨ ਨੂੰ ਮਿਲ਼ਾ ਕੇ ਕਾਂਸਾ ਬਣਾਉਂਦੇ ਸਨ। ਟੀਨ ਸ਼ਾਇਦ ਅਫਗਾਨਿਸਤਾਨ ਤੋਂ ਮੰਗਵਾਇਆ ਜਾਂਦਾ ਸੀ। ਬਿਹਾਰ ਦਾ ਹਜ਼ਾਰੀਬਾਗ ਖੇਤਰ ਇਸਦੀ ਪੂਰਤੀ ਦਾ ਸ਼ਾਇਦ ਇੱਕ ਹੋਰ ਸ੍ਰੋਤ ਰਿਹਾ ਹੋਵੇ। ਤਾਂਬਾ ਰਾਜਸਥਾਨ ਵਿੱਚ ਖੇਤੜੀ ਦੀ ਤਾਂਬੇ ਦੀ ਖਾਨ ਤੋਂ ਲਿਆਇਆ ਜਾਂਦਾ ਸੀ ਪਰ ਹੋ ਸਕਦਾ ਹੈ ਉਹ ਬਲੋਚਿਸਤਾਨ ਤੋਂ ਮੰਗਵਾਇਆ ਜਾਂਦਾ ਰਿਹਾ ਹੋਵੇ। ਪਰ ਇਹ ਦੋਵੇਂ ਧਾਂਤਾਂ ਪ੍ਰਾਪਤ ਕਰਨਾ ਮੁਸ਼ਕਿਲ ਕੰਮ ਜਰੂਰ ਸੀ। ਇਸ ਲਈ ਹੜੱਪਾ ਟਿਕਾਣਿਆਂ ਵਿੱਚ ਕਾਂਸੇ ਦੇ ਸੰਦ ਜ਼ਿਆਦਾ ਮਾਤਰਾ ਵਿੱਚ ਨਹੀਂ ਮਿਲ਼ੇ ਹਨ। ਉਹਨਾਂ ਦੇ ਹਥਿਆਰਾਂ ਅਤੇ ਸੰਦਾਂ ਵਿੱਚ ਕੁਹਾੜੀਆਂ, ਛੈਣੀਆਂ, ਚਾਕੂ ਜਾਂ ਫਿਰ ਭਾਲੇ ਅਤੇ ਤੀਰ ਦੀ ਨੋਕ ਸ਼ਾਮਲ ਸਨ ਜੋ ਤਾਂਬੇ ਅਤੇ ਕਾਂਸੇ ਦੋਵਾਂ ਦੇ ਬਣੇ ਹੁੰਦੇ ਸਨ। ਕਸੇਰੀ ਦੀਆਂ ਕਈ ਵਿਧੀਆਂ ਤੋਂ ਉਹ ਜਾਣੂ ਸਨ ਜਿਵੇਂ ਕੁੱਟਣਾ, ਮੋੜਨਾ ਅਤੇ ਢਾਲਣਾ। ਕਸੇਰੀ ਨਾਲ਼ ਜੁੜੇ ਆਵੇ ਕਈ ਥਾਵਾਂ ‘ਤੇ ਮਿਲ਼ੇ ਹਨ। ਇਹ ਇੱਟਾਂ ਦੇ ਬਣੇ ਹੋਏ ਸਨ। ਪਰ ਕਾਂਸਾਕਾਰੀ ਬਹੁਤ ਆਮ ਨਹੀਂ ਸੀ। ਇਸ ਲਈ ਕਾਂਸਾਕਾਰ ਸ਼ਾਇਦ ਇੱਕ ਮਹੱਤਵਪੂਰਣ ਸਮਾਜਿਕ ਜਮਾਤ ਦੇ ਰੂਪ ਵਿੱਚ ਪ੍ਰਸਿੱਧ ਰਹੇ ਹੋਣਗੇ। ਹੜੱਪਾ ਸੱਭਿਅਤਾ ਦੇ ਉਸਰੱਇਆਂ ਨੂੰ ਸੋਨੇ ਦੀ ਜਾਣਕਾਰੀ ਸੀ। ਮਣਕੇ, ਲਟਕਨ, ਬਾਜੂਬੰਦ, ਬਰੂਚ, ਸੂਈਆਂ ਅਤੇ ਹੋਰ ਗਹਿਣੇ ਆਮ ਤੌਰ ‘ਤੇ ਸੋਨੇ ਦੇ ਬਣੇ ਹੁੰਦੇ ਸਨ, ਭਾਵੇਂ ਚਾਂਦੀ ਦੀ ਵਰਤੋਂ ਸ਼ਾਇਦ ਜ਼ਿਆਦਾ ਆਮ ਸੀ।

ਧਾਤਾਂ ਦੇ ਕੰਮ ਦੇ ਇਲਾਵਾ, ਹੜੱਪਾ ਦੇ ਲੋਕ ਹੋਰ ਵੀ ਕਾਰੀਗਰੀਆਂ ਅਤੇ ਕਲਾਵਾਂ ਵਿੱਚ ਮਾਹਰ ਸਨ। ਮੋਹਰਾਂ ਬਣਾਉਣ ਦੇ ਕੰਮ ਦਾ ਖਾਸਾ ਮਹੱਤਵ ਸੀ। ਹੜੱਪਾ ਦੀਆਂ ਮੋਹਰਾਂ ਦੀ ਆਪਣੀ ਇੱਕ ਅਲੱਗ ਹੀ ਜਮਾਤ ਹੈ, ਅਤੇ ਲੱਗਦਾ ਹੈ ਕਿ ਉਹਨਾਂ ਦਾ ਸਬੰਧ ਵਪਾਰਕ ਸਰਗਰਮੀਆਂ ਨਾਲ਼ ਸੀ। ਮਣਕੇ ਬਣਾਉਣ ਵਾਲ਼ਿਆਂ ਦੀ ਕਾਰੀਗਰੀ ਦਾ ਵੀ ਕੁੱਝ ਘੱਟ ਮਹੱਤਵ ਨਹੀਂ ਸੀ। ਚੰਹੁਦੜੋਂ ਅਤੇ ਲੋਥਲ ਵਿੱਚ ਮਣਕੇ ਬਣਾਉਣ ਵਾਲ਼ਿਆ ਦੀਆਂ ਦੁਕਾਨਾਂ ਮਿਲ਼ਿਆਂ ਹਨ। ਸੋਨੇ, ਚਾਂਦੀ, ਤਾਂਬੇ, ਚੀਨੀ ਮਿੱਟੀ, ਸੇਲਖੜੀ ਅਤੇ ਬਹੁਤ ਕੀਮਤੀ ਪੱਥਰਾਂ ਦੇ ਮਣਕੇ, ਸਿੱਪੀਆਂ ਅਤੇ ਭਾਂਡੇ ਬਹੁਤ ਮਾਤਰਾ ਮਿਲ਼ੇ ਹਨ। ਇੰਦਰਗੋਪ (ਕਾਰਨੇਲਿਅਨ) ਦੇ ਲੰਬੇ ਮਣਕੇ ਹੜੱਪਾ ਵਾਸੀਆਂ ਦੀਆਂ ਵਧੀਆ ਤਕਨੀਕੀ ਪ੍ਰਾਪਤੀਆਂ ਵਿੱਚੋਂ ਹਨ। ਕੱਪੜਾ ਬਣਾਉਣ ਦੀ ਗਵਾਹੀ ਮੋਹਿੰਜੋਦੜੋ ਵਿੱਚ ਮਿਲ਼ੀ ਹੈ। ਉੱਥੇ ਬੁਣੇ ਹੋਏ ਕੱਪੜੇ ਦਾ ਇੱਕ ਟੁਕੜਾ ਹੱਥ ਲੱਗਿਆ ਹੈ। ਕਤਾਈ ਲਈ ਚੱਕਰ ਤੱਕਲੇ ਦੀ ਵਰਤੋਂ ਕੀਤੀ ਜਾਂਦੀ ਅਤੇ ਉੱਨ ਜਾਂ ਫਿਰ ਕਪਾਹ ਦੋਵਾਂ ਦੇ ਕੱਪੜੇ ਬੁਣੇ ਜਾਂਦੇ ਸਨ। ਹੜੱਪਾ ਬਸਤੀਆਂ ਵਿੱਚ ਇੱਟਾਂ ਦੀਆਂ ਵਿਸ਼ਾਲ ਬਣਤਰਾਂ ਦੀ ਜੋ ਰਹਿੰਦ-ਖੁੰਹਦ ਮਿਲ਼ੀ ਹੈ, ਉਹਨਾਂ ਨੂੰ ਦੇਖਣ ਤੋਂ ਲੱਗਦਾ ਹੈ ਕਿ ਇੱਟ ਬਣਾਉਣ ਅਤੇ ਰਾਜਗਰੀ ਨੂੰ ਕਾਰੀਗਰੀਆਂ ਵਿੱਚ ਮਹੱਤਵਪੂਰਣ ਥਾਂ ਪ੍ਰਾਪਤ ਸੀ। ਹੜੱਪਾ ਦੇ ਲੋਕ ਕਿਸ਼ਤੀਆਂ ਵੀ ਬਣਾਉਂਦੇ ਸਨ। ਘੁਮਿਆਰੀ ਦਾ ਕੰਮ ਖ਼ੂਬ ਵਿਕਸਿਤ ਸਥਿਤੀ ਵਿੱਚ ਸੀ। ਲੱਗਦਾ ਹੈ ਵੱਖ-ਵੱਖ ਤਰ੍ਹਾਂ ਦੇ ਕਾਰੀਗਰਾਂ ਵਿੱਚ ਘੁਮਿਆਰਾਂ ਦਾ ਆਪਣਾ ਇੱਕ ਵੱਖਰਾ ਭਾਈਚਾਰਾ ਸੀ। ਚੱਕਾਂ ‘ਤੇ ਵੱਡੇ ਪੱਧਰ ‘ਤੇ ਬਣਾਏ ਜਾਣ ਵਾਲ਼ੇ ਹੜੱਪਾ ਦੇ ਭਾਂਡਿਆਂ ਵਿੱਚ ਪੱਛਮੀ ਉੱਤਰ ਦੀਆਂ ਘੁਮਿਆਰੀ ਪ੍ਰੰਪਰਾਵਾਂ ਅਤੇ ਸਿੰਧੂ ਤੋਂ ਪੂਰਬ ਦੇ ਸੱਭਿਆਚਾਰਾਂ ਦੀਆਂ ਘੁਮਿਆਰੀ ਪ੍ਰੰਪਰਾਵਾਂ ਦਾ ਮਿਸ਼ਰਣ ਦਿਖਾਈ ਦਿੰਦਾ ਹੈ। ਜ਼ਿਆਦਾਤਰ ਹੜੱਪਾ ਦੇ ਭਾਂਡੇ ਸਾਦੇ ਹਨ ਅਤੇ ਹੋ ਸਕਦਾ ਹੈ, ਇਹ ਸਥਾਨਕ ਵਰਤੋਂ ਲਈ ਰਹੇ ਹੋਣ। ਪਰ ਇਹਨਾਂ ਵਿੱਚੋਂ ਬਹੁਤ ਸਾਰਿਆਂ ‘ਤੇ ਲਾਲ ਧਾਰੀਆਂ ਬਣੀਆਂ ਹੋਈਆਂ ਹਨ ਅਤੇ ਉਹਨਾਂ ਨੂੰ ਕਾਲ਼ੇ ਰੰਗ ਨਾਲ਼ ਚਿਤਰ ਸਜਾਇਆ ਗਿਆ ਹੈ। ਸੰਭਵ ਹੈ, ਇਹ ਦੂਰ ਦੇਸ਼ਾਂ ਦੇ ਨਾਲ਼ ਵਪਾਰ ਲਈ ਵਿਸ਼ੇਸ਼ ਖਿੱਚ ਦੀਆਂ ਵਸਤੂਆਂ ਹੋਣ।

ਹੜੱਪਾ ਕਾਰੀਗਰੀ ਦੀਆਂ ਪੈਦਾਵਰਾਂ ਵਿੱਚ ਕੁੱਝ ਕਲਾ ਕਿਰਤਾਂ ਵੀ ਸ਼ਾਮਲ ਸਨ। ਇਹਨਾਂ ਵਿੱਚੋਂ ਸਭ ਤੋਂ ਵੱਧ ਮਨਮੋਹਣੀ ਇੱਕ ਢੀਠ ਅਤੇ ਉਤੇਜਕ ‘ਨਾਚੀ’ ਦੀ ਛੋਟੀ ਕਾਂਸੀ ਦੀ ਮੂਰਤੀ ਹੈ ਜੋ ਇੱਕ ਹਾਰ ਜਾਂ ਫਿਰ ਇੱਕ ਹੱਥ ਵਿੱਚ ਉੱਤੇ ਤੋਂ ਥੱਲੇ ਪਾਏ ਗਏ ਕੜਿਆਂ ਤੋਂ ਇਲਾਵਾ ਪੂਰੀ ਤਰ੍ਹਾਂ ਬੇਪਰਦਾ ਹੈ। ਇੱਕ ਮੱਝ, ਇੱਕ ਡੱਡੂ ਅਤੇ ਦੋ ਖਿਡਾਉਣਾ ਗੱਡੀਆਂ ਦੀਆਂ ਛੋਟੀਆਂ ਕਾਂਸੀ ਮੂਰਤੀਆਂ ਵੀ ਹੜੱਪਾ ਕਲਾ ਦੀਆਂ ਜੱਗ-ਜਾਹਰ ਕਿਰਤਾਂ ਹਨ। ਪੱਥਰ ਦੀਆਂ ਵੀ ਕੁੱਝ ਮੂਰਤੀਆਂ ਮਿਲ਼ੀਆਂ ਹਨ। ਉਹਨਾਂ ਵਿੱਚ ਮੁਹਿੰਜੋਦੜੋ ਵਿੱਚ ਪ੍ਰਾਪਤ ਦਾੜ੍ਹੀ ਵਾਲ਼ਾ ਇੱਕ ਮਰਦ (ਸ਼ਾਇਦ ਕੋਈ ਪੁਰੋਹਿਤ) ਦੇ ਅਗਲੇ ਹਿੱਸੇ ਵਿੱਚ ਬਹੁਤ ਕਲਾਤਮਕਤਾ ਹੈ। ਇਹੀ ਗੱਲ ਹੜੱਪਾ ਵਿੱਚ ਪ੍ਰਾਪਤ ਦੋ ਪੁਰਸ਼ ਧੜਿਆਂ ‘ਤੇ ਵੀ ਲਾਗੂ ਹੁੰਦੀ ਹੈ। ਲੱਗਦਾ ਹੈ ਕਲਾਤਮਕ ਸਿਰਜਣ ਲਈ ਕਾਂਸੇ ਜਾਂ ਪੱਥਰ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਸੀ। ਵੱਡੀ ਮਾਤਰਾ ਵਿੱਚ ਪ੍ਰਾਪਤ ਪੱਕੀ ਮਿੱਟੀ ਦੀਆਂ ਮੂਰਤੀਆਂ (ਟੇਰਾਟੋਕਾ) ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਖਿਡੌਣਿਆਂ ਜਾਂ ਪੂਜਾ ਦੀਆਂ ਵਸਤੂਆਂ ਦੇ ਰੂਪ ਵਿੱਚ ਉਹ ਸਭ ਥਾਈਂ ਹਰਮਨ-ਪਿਆਰੀਆਂ ਸਨ।

ਅਨੇਕ ਕਲਾਵਾਂ ਅਤੇ ਸ਼ਿਲਪਾਂ ਵਿੱਚ ਕੁਸ਼ਲ ਹੜੱਪਾ ਦੇ ਲੋਕ ਵਪਾਰਕ ਉਦੇਸ਼ਾਂ ਲਈ ਵੀ ਮਾਲ ਦੀ ਪੈਦਾਵਾਰ ਕਰਦੇ ਸਨ ਜਿਸਦੇ ਲਈ ਕੱਚਾ ਮਾਲ ਬਾਹਰ ਤੋਂ ਮੰਗਵਾਇਆ ਜਾਂਦਾ ਸੀ। ਸੰਭਵ ਹੈ, ਸੋਨੇ ਦੀ ਦਰਾਮਦ ਦੱਖਣ ਭਾਰਤ ਨਾਲ਼, ਖ਼ਾਸ ਤੌਰ ‘ਤੇ ਮੈਸੂਰ ਤੋਂ ਕੀਤੀ ਜਾ ਰਹੀ ਸੀ ਜਿੱਥੇ ਉਸਦੀ ਭਰਪੂਰ ਉਪਲੱਬਧਤਾ ਸੀ ਅਤੇ ਜਿੱਥੇ ਅੱਜ ਵੀ ਉਸਨੂੰ ਖਾਣ ਤੋਂ ਕੱਢਿਆ ਜਾਂਦਾ ਹੈ। ਇਸ ਧਾਤ ਦੀ ਪ੍ਰਾਪਤੀ ਦੇ ਹੋਰ ਸੰਭਵ ਸ੍ਰੋਤ ਅਫਗਾਨਿਸਤਾਨ ਅਤੇ ਇਰਾਨ ਸਨ। ਚਾਂਦੀ ਵੀ ਸ਼ਾਇਦ ਅਫਗਾਨਿਸਤਾਨ ਅਤੇ ਇਰਾਨ ਤੋਂ ਮੰਗਵਾਈ ਜਾਂਦੀ ਸੀ। ਤਾਂਬਾ ਦੱਖਣ ਭਾਰਤ ਤੋਂ ਤੇ ਬਲੋਚਿਸਤਾਨ ਜਾਂ ਫਿਰ ਅਰਬ ਤੋਂ ਲਿਆਇਆ ਜਾਂਦਾ ਹੋਵੇਗਾ ਜਦਕਿ ਖੁਦ ਹੜੱਪਾ ਖੇਤਰ ਦੇ ਅੰਦਰ ਰਾਜਸਥਾਨ ਇਸਦੀ ਪੂਰਤੀ ਦਾ ਮਹੱਤਵਪੂਰਣ ਸ੍ਰੋਤ ਸੀ। ਹੜੱਪਾ ਪੁਰਾਤੱਤਵਕ ਸਮੱਗਰੀ ਵਿੱਚ ਨੀਲ ਬਹੁਤ ਦੁਰਲੱਭ ਪਦਾਰਥ ਸੀ ਅਤੇ ਇਸਦੀ ਦਰਾਮਦ ਸੰਭਵ ਹੈ ਉੱਤਰ-ਪੂਰਬ ਅਫਗਾਨਿਸਤਾਨ ਵਿੱਚ ਬਦਖ਼ਸ਼ਾਂ ਤੋਂ ਕੀਤੀ ਜਾਂਦੀ ਸੀ। ਓਧਰ ਵਿਰੋਜ਼ੇ ਦੀ ਦਰਾਮਦ ਇਰਾਨ ਤੋਂ, ਯਾਕੂਤ ਜਾਂ ਮਹਾਂਰਾਸ਼ਟਰ ਤੋਂ, ਅਤੇ ਲਾਲ ਗ੍ਰੇਨਾਇਟ, ਚਿੱਟੀ ਫਟਕੜੀ ਜਾਂ ਫਿਰ ਅਕੀਕ ਸੌਰਾਸ਼ਟਰ ਅਤੇ ਪੱਛਮੀ ਭਾਰਤ ਤੋਂ ਮੰਗਵਾਇਆ ਜਾਂਦਾ ਸੀ। ਸੇਲਖੜੀ ਸ਼ਾਇਦ ਪੂਰਬ ਤੇ ਪੱਛਮ ਦੇ ਕਈ ਟਿਕਾਣਿਆਂ ਤੋਂ ਆਉਂਦੀ ਸੀ। ਹਰਾ ਪੱਥਰ ਜੇਡ ਮੱਧ-ਏਸ਼ੀਆ ਤੋਂ ਲਿਆਂਦਾ ਜਾਂਦਾ ਸੀ। 

ਹੜੱਪਾ ਵਾਸੀਆਂ ਦਾ ਵਪਾਰਕ ਸਬੰਧ ਮੇਸੋਪੋਟਾਮਿਆ ਨਾਲ਼ ਸੀ। ਉੱਥੇ ਸੁਸ, ਉਰ, ਨੀਪੁਰ, ਕਿਸ਼ ਆਦਿ ਸ਼ਹਿਰਾਂ ਵਿੱਚ ਕੋਈ ਦੋ ਦਰਜਨ ਹੜੱਪਾਈ ਮੋਹਰਾਂ ਮਿਲ਼ੀਆਂ ਹਨ। ਫਾਰਸ ਦੀ ਖਾੜੀ ਦੇ ਖੇਤਰ ਦੇ ਕੁੱਝ ਪੁਰਾਤਨ ਟਿਕਾਣਿਆਂ (ਜਿਵੇਂ ਫੈਲਾਕਾ ਅਤੇ ਬਹਰੀਨ) ਵਿੱਚ ਹੜੱਪਾ ਮੂਲ ਦੀਆਂ ਮੋਹਰਾਂ ਪ੍ਰਾਪਤ ਹੋਈਆਂ। ਸੈਂਧਵ ਖੇਤਰ ਵਿੱਚ ਮੇਸੋਪੋਟਾਮਿਆ ਦੀਆਂ ਕੇਵਲ ਤਿੰਨ ਵੇਲਨਾਕਾਰ ਮੋਹਰਾਂ ਅਤੇ ਧਾਂਤ ਦੀਆਂ ਕੁੱਝ ਚੀਜਾਂ ਮਿਲ਼ੀਆਂ ਹਨ। ਪੱਛਮ ਏਸ਼ੀਆ ਨਾਲ਼ ਵਪਾਰ ਦੇ ਪੁਰਾਤੱਤਵਕ ਸਬੂਤ ਕੁੱਝ ਖ਼ਾਸ ਨਹੀਂ ਮਿਲ਼ੇ ਹਨ ਅਤੇ ਹੜੱਪਾ ਵਿੱਚ ਮੇਸੋਪੋਟਾਮਿਆ ਦੀਆਂ ਵਪਾਰ ਦੀਆਂ ਵਸਤੂਆਂ ਦੀ ਕਮੀ ਹੈਰਾਨੀ ਵਿੱਚ ਪਾਉਣ ਵਾਲ਼ੀ ਗੱਲ ਹੈ। ਇਹ ਤਾਂ ਕਿਆਸ ਦਾ ਹੀ ਵਿਸ਼ਾ ਹੈ ਕਿ ਇਸਦਾ ਕਾਰਣ ਕਿੱਥੋਂ ਤੱਕ ਇਹ ਸੰਭਾਵਨਾ ਰਹੀ ਹੋਵੇਗੀ ਕਿ ਮੈਸੋਪੋਟਾਮਿਆ ਸਿੰਧ ਖੇਤਰ ਨੂੰ ਕੇਵਲ ਵਿਨਾਸ਼ ਯੋਗ ਵਸਤੂਆਂ ਦੀ ਹੀ ਬਰਾਮਦ ਕਰਦਾ ਸੀ। ਪਰ ਮੈਸੋਪੋਟਾਮਿਆ ਸਾਹਿਤ ਵਿੱਚ ਉਰ ਦੇ ਵਪਾਰੀਆਂ ਦਾ ਵਿਦੇਸ਼ਾਂ ਦੇ ਨਾਲ਼ ਵਪਾਰ ਕਰਨ ਦਾ ਜ਼ਿਕਰ ਜਰੂਰ ਹੋਇਆ ਹੈ। ਅਕੱੜ ਦੇ ਸਾਰਗਨ (2350 ਈ.ਪੂ.) ਬਾਰੇ ਵਰਣਨ ਹੋਇਆ ਹੈ ਕਿ ਉਸਨੂੰ ਇਸ ਗੱਲ ਦਾ ਮਾਣ ਸੀ ਕਿ ਦਿਲਮਨ, ਮਗਨ ਅਤੇ ਮੇਲੁਆ ਦੇ ਜਹਾਜ਼ ਉਸਦੀ ਰਾਜਧਾਨੀ ‘ਚੋਂ ਲੰਘਦੇ ਸਨ। ਦਿਲਮਨ ਨੂੰ ਆਮ ਤੌਰ ‘ਤੇ ਫਾਰਸ ਦੀ ਖਾੜੀ ਦੇ ਖੇਤਰ ਵਿੱਚ ਸਥਿਤ ਬਹਿਰੀਨ ਮੰਨਿਆ ਜਾਂਦਾ ਹੈ, ਅਤੇ ਮਗਨ ਸ਼ਾਇਦ ਮਕਰਾਨ ਤੱਟ ਹੋਵੇ। ਮੇਹੁਲਾ ਦਾ ਅਰਥ ਆਮ ਤੌਰ ‘ਤੇ ਭਾਰਤ ਲਗਾਇਆ ਜਾਂਦਾ ਹੈ, ਵਿਸ਼ੇਸ਼ ਕਰਕੇ ਉਸਦਾ ਸੈਂਧਵ ਖੇਤਰ ਅਤੇ ਸੌਰਾਸ਼ਟਰ। ਵਪਾਰ ਦਾ ਨਤੀਜਾ ਚਾਹੇ ਜੋ ਵੀ ਰਿਹਾ ਹੋਵੇ, ਹੜੱਪਾ ਦੀਆਂ ਮੋਹਰਾਂ ‘ਤੇ ਉਕਰੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਦੀਆਂ ਢੇਰ ਸਾਰੀਆਂ ਮੂਰਤੀਆਂ ਜਾਂ ਫਿਰ ਲੋਥਲ ਤੋਂ ਪ੍ਰਾਪਤ ਜਹਾਜ਼ ਦੀ ਇੱਕ ਪੱਕੀ ਮਿੱਟੀ ਦੀ ਮੂਰਤੀ ਤੋਂ ਨਦੀਆਂ ਅਤੇ ਸਮੁੰਦਰਾਂ ਦੇ ਰਸਤੇ ਹੋਣ ਵਾਲ਼ੇ ਆਵਾਜਾਈ ਦੇ ਢੰਗ ਦਾ ਕੁੱਝ ਅੰਦਾਜਾ ਜ਼ਰੂਰ ਮਿਲ਼ਦਾ ਹੈ। ਅੰਤਰ-ਦੇਸ਼ੀ ਆਵਾਜਾਈ ਵਿੱਚ ਬਲਦ ਗੱਡੀਆਂ ਸ਼ਾਇਦ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਰਹੀਆਂ ਹੋਣਗੀਆਂ। ਨਾਪ-ਤੋਲ ਦੀ ਇੱਕ ਵਿਕਸਿਤ ਪ੍ਰਣਾਲੀ ਦੇ ਆਸਰੇ ਵਪਾਰ ਅਤੇ ਵਟਾਂਦਰੇ ਨੂੰ ਨਿਯਮਤ ਕੀਤਾ ਜਾਂਦਾ ਸੀ। ਕਾਲ਼ੇ ਪੱਥਰ, ਚੂਨਾ ਪੱਥਰ, ਇੱਕ ਤਰ੍ਹਾਂ ਦੀ ਸੇਲਖੜੀ ਆਦਿ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਵੱਟਿਆਂ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਇਹ ਵੱਟੇ 16 ਜਾਂ ਇਸਦੇ ਗੁਣਾਂਕ ‘ਤੇ ਅਧਾਰਤ ਹੁੰਦੇ ਸਨ। ਮਾਪ ਦੇ ਨਿਸ਼ਾਨ ਗੁੰਦੀਆਂ ਹੋਈਆਂ ਕੁੱਝ ਸੋਟੀਆਂ ਦੀ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਹੜੱਪਾ ਦੇ ਲੋਕ ਮਾਪ ਦੀ ਵਿਧੀ ਤੋਂ ਜਾਣੂ ਸਨ। ਹੜੱਪਾ ਸੱਭਿਅਤਾ ਦੇ ਦੂਰ-ਦਰਾਜ ਦੇ ਟਿਕਾਣਿਆਂ ‘ਤੇ ਵੀ ਮਾਪ-ਤੋਲ ਦੀ ਸਮਾਨ ਪ੍ਰਣਾਲੀ ਦੇ ਚਲਨ ਤੋਂ ਲੱਗਦਾ ਹੈ ਕਿ ਵੰਡ ਸਬੰਧੀ ਸਰਗਰਮੀਆਂ ਦੇ ਨਿਯਮਨ ਲਈ ਕੋਈ ਕੇਂਦਰੀ ਅਥਾਰਿਟੀ ਸੀ। 

ਮੋਹਰਾਂ ਅਤੇ ਪੱਕੀ ਮਿੱਟੀ ਦੀਆਂ ਮੂਰਤੀਆਂ (ਟੇਰਾਕੋਟਾ) ਦੇ ਅਧਾਰ ‘ਤੇ ਹੜੱਪਾ ਵਾਸੀਆਂ ਦੇ ਧਾਰਮਿਕ ਅਚਾਰ-ਵਿਹਾਰ ਦਾ ਕੁੱਝ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵੱਡੀ ਸੰਖਿਆ ਵਿੱਚ ਮਿਲ਼ੀਆਂ ਨੰਗੀਆਂ ਔਰਤਾਂ ਦੀਆਂ ਮਿੱਟੀ ਦੀਆਂ ਮੂਰਤਾਂ ਬਾਰੇ ਖਿਆਲ ਹੈ ਕਿ ਉਹ ਉਪਜਾਊਪਣ ਦੀ ਦੇਵੀ ਦੀਆਂ ਮੂਰਤੀਆਂ ਹਨ। ਕੁੱਝ ਵੈਦਿਕ ਪਾਠਾਂ ਵਿੱਚ ਇੱਕ ਦੇਵੀ ਪ੍ਰਤੀ ਸ਼ਰਧਾ ਦਿਖਾਈ ਗਈ ਹੈ ਪਰ ਸਦੀਆਂ ਤੱਕ ਚੇਤੇ ਵਿੱਚ ਪਏ ਰਹਿਣ ਤੋਂ ਬਾਅਦ ਪੂਰਵ-ਮੱਧਕਾਲ ਵਿੱਚ ਉਹ ਮੁੱਖ ਦੇਵੀ ਦੇ ਰੂਪ ਵਿੱਚ ਉੱਭਰੀ। ਹੜੱਪਾ ਦੇ ਲੋਕ ਇੱਕ ਸਿੰਗ ਵਾਲ਼ੇ ਦੇਵਤੇ ਦੀ ਪੂਜਾ ਕਰਦੇ ਸਨ। ਉਸਦੀ ਮੂਰਤ ਮੋਹਰਾਂ ‘ਤੇ ਬਣੀ ਮਿਲ਼ੀ ਹੈ। ਕੜਿਆਂ ਅਤੇ ਹਾਰ ਜਾਂ ਫਿਰ ਦੋ ਸਿੰਗਾਂ ਵਾਲ਼ੀ ਟੋਪੀ ਤੋਂ ਬਿਨਾਂ ਉਸਨੇ ਕੁੱਝ ਵੀ ਨਹੀਂ ਪਾਇਆ ਹੈ। ਇਹਨਾਂ ‘ਚੋਂ ਇੱਕ ਮੋਹਰ ‘ਤੇ ਉਸਨੂੰ ਚਾਰ ਜਾਨਵਰਾਂ ਨਾਲ਼ ਘਿਰਿਆ ਦਿਖਾਇਆ ਗਿਆ ਹੈ। ਇਹਨਾਂ ‘ਚੋਂ ਇੱਕ ਹਾਥੀ ਹੈ, ਇੱਕ ਸ਼ੇਰ, ਇੱਕ ਗੈਂਡਾ ਅਤੇ ਇੱਕ ਮੱਝ ਹੈ। ਉਸਦੇ ਆਸਣ ਹੇਠ ਦੋ ਹਿਰਨ ਹਨ। ਸਪੱਸ਼ਟ ਹੈ ਕਿ ਉਹਨਾਂ ਵਿੱਚ ਬਾਅਦ ਦੇ ਦੌਰ ਦੇ ਭਾਰਤੀ ਦੇਵਤਾ ਸ਼ਿਵ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਸਨ। ਕਲਾਸਕੀ ਸੰਸਕ੍ਰਿਤ ਕਾਵਿ ਵਿੱਚ ਸ਼ਿਵ ਦਾ ਚਿਤਰਣ ਇੱਕ ਅਨੋਖੇ, ਸਨਕੀ ਅਤੇ ਡਰਾਉਣੇ ਦੇਵਤੇ ਦੇ ਰੂਪ ਵਿੱਚ ਕੀਤਾ ਗਿਆ ਹੈ। ਹੜੱਪਾ ਵਿੱਚ ਪ੍ਰਾਪਤ ਲਿੰਗ ਤੇ ਔਰਤ ਗੁਪਤ ਅੰਗ ਦੇ ਪੱਥਰ ਦੇ ਬਣੇ ਅਨੇਕ ਪ੍ਰਤੀਕਾਂ ਤੋਂ ਪਤਾ ਚੱਲਦਾ ਹੈ ਉੱਥੇ ਲਿੰਗ ਪੂਜਾ ਦਾ ਰਿਵਾਜ ਸੀ। ਭਾਵੇਂ ਰਿਗਵੇਦ ਵਿੱਚ ਇਸਨੂੰ ਆਰੀਆਂ ਵਿੱਚ ਪ੍ਰਚਲਿਤ ਪੂਜਾ ਕਹਿ ਕੇ ਇਸਦੀ ਨਿੰਦਾ ਕੀਤੀ ਗਈ ਹੈ ਪਰ ਬਾਅਦ ਵਿੱਚ ਇਸ ਪੂਜਾ ਨੇ ਆਦਰ ਦੀ ਥਾਂ ਪ੍ਰਾਪਤ ਕਰ ਲਈ। ਸੱਚ ਤਾਂ ਇਹ ਹੈ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਅੱਜ ਵੀ ਮਿੱਟੀ ਦੇ ਬਣੇ ਲਿੰਗ ਦੀ ਪੂਜਾ ਕਰਕੇ ਹਰ ਸਵੇਰੇ ਸੁੱਟ ਦਿੱਤਾ ਜਾਂਦਾ ਹੈ। ਸਿੰਧ ਸੱਭਿਅਤਾ ਵਾਲ਼ੇ ਖੇਤਰਾਂ ਵਿੱਚ ਦਰੱਖ਼ਤਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਕਈ ਮੋਹਰਾਂ ਵਿੱਚ ਦਰਸਾਏ ਪਿੱਪਲ ਦੇ ਦਰੱਖ਼ਤ ਨੂੰ ਵਿਸ਼ੇਸ਼ ਰੂਪ ਨਾਲ਼ ਪਵਿੱਤਰ ਮੰਨਿਆ ਜਾਂਦਾ ਸੀ। ਪਿੱਪਲ ਨੂੰ ਹਿੰਦੂ ਅੱਜ ਵੀ ਪਵਿੱਤਰ ਮੰਨਦੇ ਹਨ। ਉਹੀ ਗੱਲ ਬੰਨ ਵਾਲ਼ੇ ਸਾਨ੍ਹ ਬਾਰੇ ਵੀ ਲਾਗੂ ਹੁੰਦੀ ਹੈ ਜਿਸਨੂੰ ਅੱਜ ਵੀ ਪਵਿੱਤਰ ਸਮਝਿਆ ਜਾਂਦਾ ਹੈ। ਪਰ ਹੜੱਪਾ ਦੇ ਦੇਵੀ-ਦੇਵਤਿਆਂ ਨੂੰ ਮਿਸਰ ਅਤੇ ਮੈਸੋਪੋਟਾਮਿਆ ਵਾਂਗ ਮੰਦਰਾਂ ਵਿੱਚ ਰੱਖਿਆ ਜਾਂਦਾ ਸੀ, ਇਹ ਗੱਲ ਸ਼ੱਕੀ ਹੈ। ਸੰਭਵ ਹੈ, ਬਾਅਦ ਦੇ ਦੌਰ ਦੇ ਭਾਰਤ ਦੇ ਧਰਮ ਦੇ ਕੁੱਝ ਤੱਤ ਹੜੱਪਾ ਦੇ ਧਰਮ ਵਿੱਚ ਸ਼ਾਮਲ ਰਹੇ ਹੋਣ। ਪਰ ਸਮਕਾਲੀ ਭਾਰਤੀ ਅਚਾਰ-ਵਿਚਾਰਾਂ ਦੇ ਮੂਲ ਹੜੱਪਾ ਸੱਭਿਅਤਾ ਵਿੱਚ ਲੱਭਦੇ ਹੋਏ ਬਹੁਤ ਵਾਰੀ ਇਸ ਗੱਲ ਨੂੰ ਅੱਖੋਂ-ਉਹਲੇ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਵਿੱਚ ਸਮੇਂ-ਸਮੇਂ ‘ਤੇ ਬਦਲਾਅ ਹੁੰਦੇ ਰਹੇ ਹਨ। ਉਦਾਹਰਣ ਲਈ, ਹੜੱਪਾ ਜਾਂ ਫਿਰ ਹੋਰ ਥਾਵਾਂ ‘ਤੇ ਬਹੁਤ ਸਾਰੀਆਂ ਕਬਰਾਂ ਦਾ ਪਤਾ ਲੱਗਣ ਨਾਲ਼ ਬੇਸ਼ੱਕ ਸਾਬਤ ਹੋ ਜਾਂਦਾ ਹੈ ਕਿ ਹੜੱਪਾ ਦੇ ਲੋਕ ਆਪਣੇ ਮ੍ਰਿਤਕਾਂ ਨੂੰ ਦਫ਼ਨਾਉਂਦੇ ਸਨ। ਉਹ ਉਹਨਾਂ ਨੂੰ ਉੱਤਰ-ਦੱਖਣ ਸਥਿਤੀ ਵਿੱਚ ਲੇਟਾਉਂਦੇ ਸਨ ਅਤੇ ਉਸਦੇ ਨਾਲ਼ ਕੁੱਝ ਚੀਜਾਂ ਵੀ ਰੱਖ ਦਿੰਦੇ ਸਨ। ਇਹ ਰਿਵਾਜ ਬਾਅਦ ਦੀ ਦਾਹ-ਸੰਸਕਾਰ ਦੀ ਰੀਤ ਦੇ ਬਿਲਕੁਲ ਉਲ਼ਟ ਸੀ।

ਵਿਦਵਾਨਾਂ ਵਿੱਚ ਇਸ ਗੱਲ ‘ਤੇ ਆਮ ਸਹਿਮਤੀ ਲੱਗਦੀ ਹੈ ਕਿ ਦੂਜੀ ਸਦੀ ਈ.ਪੂ. ਦੇ ਅਰੰਭ ਦੇ ਨੇੜੇ-ਤੇੜੇ ਹੜੱਪਾ ਸੱਭਿਅਤਾ ਦਾ ਸ਼ਹਿਰੀ ਪੜਾਅ ਖ਼ਤਮ ਹੋ ਚੁੱਕਿਆ ਸੀ ਭਾਵੇਂ ਉਸਦੇ ਪਤਨ ਦੇ ਲੱਛਣ ਉਸ ਵਿੱਚ ਵੀ ਪਹਿਲਾਂ ਉਦੋਂ ਤੋਂ ਦਿਸਣ ਲੱਗੇ ਸਨ ਜਦ ਹੜੱਪਾ, ਮੋਹਿੰਜੋਦੜੋ ਜਾਂ ਫਿਰ ਕਾਲ਼ੀਆਂ ਬੰਗਾਂ ਵਿੱਚ ਸ਼ਹਿਰੀ ਯੋਜਨਾ ਜਾਂ ਫਿਰ ਉਸਾਰੀ ਕੰਮ ਵਿੱਚ ਬਹੁਤ ਆਲਸ ਆ ਗਈ ਸੀ ਅਤੇ ਇਹ ਸ਼ਹਿਰ ਝੁੱਗੀਆਂ-ਝੋਂਪੜੀਆਂ ਵਿੱਚ ਬਦਲਦੇ ਜਾ ਰਹੇ ਸਨ। ਮੋਹਿੰਜੋਦੜੋ ਵਿੱਚ ਵੱਡੇ ਗ਼ੁਸਲਖਾਨੇ ਅਤੇ ਵੱਡੇ-ਅਨਾਜ ਗੋਦਾਮ ਦੀ ਵਰਤੋਂ ਬੰਦ ਹੋ ਗਈ। ਪੁਰਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੂਲ ਰੂਪ ਵਿੱਚ 85 ਹੈਕਟੇਅਰ ਵਿੱਚ ਫੈਲਿਆ ਨਗਰ ਤਿੰਨ ਹੈਕਟੇਅਰ ਵਿੱਚ ਸੁੰਗੜ ਗਿਆ। ਹੜੱਪਾ, ਕਾਲ਼ੀਆਂ ਬੰਗਾਂ, ਚੰਹੁਦੜੋ ਜਾਂ ਫਿਰ ਜ਼ਿਆਦਤਰ ਹੋਰ ਬਸਤੀਆਂ ਵਿੱਚ ਵੀ ਪਤਣ ਦਿਸਦਾ ਹੈ। ਯੋਜਨਾਬੱਧ ਸ਼ਹਿਰੀ ਯੋਜਨਾ ਅਤੇ ਉਸਾਰੀ ਕਾਰਜ ਦੇ ਖਤਮ ਹੋਣ ਨਾਲ਼ ਹੀ ਅਚਾਨਕ ਲਗਭੱਗ ਹੜੱਪਾ ਲਿਪੀ, ਮਾਪ-ਤੋਲ, ਕਾਂਸੀ ਦੇ ਸੰਦ, ਅਤੇ ਕਾਲ਼ੀਆਂ ਨਕੱਸ਼ੀਆਂ ਵਾਲ਼ੇ ਲਾਲ਼ ਭਾਂਡੇ ਵੀ ਖਤਮ ਹੋ ਗਏ। ਲੱਗਦਾ ਹੈ, ਅੰਤ ਵਿੱਚ 1800 ਈ.ਪੂ. ਤੱਕ ਹੜੱਪਾ ਸ਼ਹਿਰ ਵੀਰਾਨ ਹੋ ਗਏ। ਇਸੇ ਸਮੇਂ ਦੇ ਆਸ-ਪਾਸ ਮੈਸੋਪੋਟਾਮਿਆ ਲੇਖਾਂ ਵਿੱਚ ਮੇਲੁਹਾ (ਜਿਸਦੀ ਪਹਿਚਾਣ ਭਾਰਤ ਦੇ ਰੂਪ ਵਿੱਚ ਕੀਤੀ ਗਈ ਹੈ) ਦਾ ਜ਼ਿਕਰ ਖ਼ਤਮ ਹੋ ਜਾਂਦਾ ਹੈ। ਹੜੱਪਾ ਦੇ ਸ਼ਹਿਰੀ ਕੇਂਦਰਾਂ ਦੀ ਅਬਾਦੀ ਜਾਂ ਤਾਂ ਮਿਟ ਗਈ ਜਾਂ ਹੋਰ ਖੇਤਰਾਂ ਵਿੱਚ ਚਲੀ ਗਈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ 2000-1500 ਈ.ਪੂ. ਦੇ ਦੌਰ ਵਿੱਚ ਸ਼ਹਿਰੀ ਦੌਰ ਤੋਂ ਬਾਅਦ ਵਾਲ਼ੀ ਹੜੱਪਾ ਸੱਭਿਅਤਾ ਦੇ ਤੱਤ ਪਾਕਿਸਤਾਨ, ਪੂਰਬੀ ਅਤੇ ਪੱਛਮੀ ਭਾਰਤ, ਪੰਜਾਬ, ਰਾਜਸਥਾਨ, ਹਰਿਆਣਾ, ਜੰਮੂ, ਕਸ਼ਮੀਰ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮਿਲ਼ਦੇ ਹਨ। ਇਹ ਉਹ ਦੌਰ ਸੀ ਜਦ ਮੁੱਢਲੇ ਖੇਤੀ ਭਾਈਚਾਰਿਆਂ ਦੀ ਗੈਰ-ਹੜੱਪਾਈ ਤਾਂਬਾ-ਪੱਥਰ ਸੱਭਿਅਤਾ ਦੀਆਂ ਬਸਤੀਆਂ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਫੈਲੀਆਂ। ਸੰਭਵ ਹੈ ਕਿ ਉਹਨਾਂ ਵਿੱਚੋਂ ਕੁੱਝ ਦਾ ਜਨਮ ਸਿੱਧਾ ਉੱਤਰ ਹੜੱਪਾ ਸੱਭਿਅਤਾ ਤੋਂ ਹੋਇਆ ਹੋਵੇ।

ਹੜੱਪਾ ਸੱਭਿਅਤਾ ਦੇ ਸਿਲਸਿਲੇਵਾਰ ਨਾਸ਼ ਅਤੇ ਪਤਨ ਦੇ ਕਈ ਕਾਰਣ ਦੱਸੇ ਗਏ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਸਿੰਧੂ ਤੇ ਰਾਵੀ ਦੇ ਵਹਾਆਂ ਵਿੱਚ ਵਿਨਾਸ਼ਕਾਰੀ ਤਬਦੀਲੀਆਂ ਕਾਰਣ ਪੇਂਡੂ ਖੇਤਰ ਤਬਾਹ ਹੋ ਗਏ ਅਤੇ ਫਲਸਰੂਪ ਸ਼ਹਿਰੀ ਕੇਂਦਰਾਂ ਲਈ ਅਨਾਜ ਆਦਿ ਦੀ ਪੈਦਾਵਾਰ ਬੰਦ ਹੋ ਗਈ। ਜਨਸੰਖਿਆ ਦੇ ਦਬਾਅ ਕਾਰਣ ਕਈ ਹੜੱਪਾਈ ਨਗਰ ਕਮਜ਼ੋਰ ਪੈ ਗਏ ਅਤੇ ਲੋਕਾਂ ਨੂੰ ਪ੍ਰਵਾਸ ਕਰਨਾ ਪਿਆ। ਖੁਦਾਈਆਂ ਤੋਂ ਪਤਾ ਲੱਗਦਾ ਹੈ ਕਿ ਮੋਹਿੰਜੋਦੜੋ ਕਈ ਵਾਰ ਹੜ੍ਹਾਂ ਦੀ ਲਪੇਟ ਵਿੱਚ ਆਇਆ; ਇੱਥੇ ਵਿਨਾਸ਼ਕਾਰੀ ਹੜ੍ਹਾਂ ਦੇ ਕਈ ਦੌਰਾਂ ਦੇ ਚਿੰਨ੍ਹ ਪਾਏ ਗਏ ਹਨ। ਚੰਹੁੰਦੜੋ ਵੀ ਭਾਰੀ ਹੜ੍ਹਾਂ ਨਾਲ਼ ਦੋ ਵਾਰ ਤਬਾਹ ਹੋਇਆ। ਹੜ੍ਹਾਂ ਦਾ ਕਾਰਣ ਸ਼ਾਇਦ ਸਿੰਧ ਨਦੀ ਦੇ ਹੇਠਲੇ ਵਹਿਣ ਵਿੱਚ ਤਿੱਖੇ ਭੂ-ਧਰਾਤਲ ਵਿਗਿਆਨਕ (ਜੀਓਮਾਰਫੋਲਾਜੀਕਲ) ਬਦਲਾਅ ਸਨ ਜਿਨ੍ਹਾਂ ਨਾਲ਼ ਹੜੱਪਾ ਬਸਤੀਆਂ ਦਾ ਆਰਥਿਕ ਪਤਨ ਹੋਇਆ। ਸਬੂਤਾਂ ਤੋਂ ਇਹ ਵੀ ਲੱਗਦਾ ਹੈ ਕਿ ਦੂਜੀ ਸਦੀ ਈ. ਪੂ. ਦੇ ਅੱਧ ਤੱਕ ਹੜੱਪਾ ਸੱਭਿਅਤਾ ਦੇ ਖੇਤਰ ਵਿੱਚ ਖੁਸ਼ਕੀ ਬਹੁਤ ਵੱਧ ਗਈ ਜਿਸ ਨਾਲ਼ ਉਸਦੇ ਇੱਕ ਹਿੱਸੇ ਦੇ ਪਾਣੀ ਸ੍ਰੋਤ ਦਾ ਕੰਮ ਕਰਨ ਵਾਲ਼ੀ ਘੱਗਰ-ਹਕਰਾ ਨਦੀ ਸੁੱਕ ਗਈ। ਪੇਂਡੂ ਜਾਂ ਸ਼ਹਿਰੀ ਅਰਥਚਾਰਿਆਂ ਲਈ ਇਸਦੇ ਵਿਨਾਸ਼ਕਾਰੀ ਸਿੱਟੇ ਨਿੱਕਲ਼ੇ। ਪਰ ਇੱਕ ਜ਼ੋਰਦਾਰ ਰਾਏ ਇਹ ਹੈ ਕਿ ਹੜੱਪਾ ਸੱਭਿਅਤਾ ਨੂੰ ਜ਼ਬਰਦਸਤ ਧੱਕਾ ਉਹਨਾਂ ‘ਬਰਬਰਾਂ’ ਦੇ ਸਮੂਹ ਨੇ ਦਿੱਤਾ ਜੋ ਦੂਜੀ ਸਦੀ ਈ.ਪੂ. ਦੇ ਅੱਧ ਤੋਂ ਕੁੱਝ ਪਹਿਲਾਂ ਭਾਰਤ ਆਉਣ ਲੱਗੇ ਸਨ। ਉੱਤਰ ਬਲੋਚਿਸਤਾਨ ਦੀਆਂ ਕਈ ਥਾਵਾਂ ‘ਤੇ ਜਲਣ ਤੋਂ ਹੋਣ ਵਾਲ਼ੇ ਵਿਨਾਸ਼ ਦੀਆਂ ਮੋਟੀਆਂ ਪਰਤਾਂ ਮਿਲ਼ੀਆਂ ਹਨ, ਜਿਸਦੇ ਅਧਾਰ ‘ਤੇ ਇਹ ਰਾਏ ਪ੍ਰਗਟ ਕੀਤੀ ਗਈ ਹੈ ਕਿ ਸਾਰੀਆਂ ਬਸਤੀਆਂ ਸਾੜ ਦਿੱਤੀਆਂ ਗਈਆਂ। ਮੋਹਿੰਜੋਦੜੋ ਦੀ ਅਬਾਦ ਸਥਿਤੀ ਦੇ ਪਿਛਲੇ ਦੌਰ ਦੇ ਅੱਧੇ ਦਰਜਨ ਨਰ ਪਿੰਜਰਾਂ ਦੇ ਸਮੂਹ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਨਗਰ ‘ਤੇ ਹੱਲਾ ਹੋਇਆ ਸੀ। ਇੱਕ ਘਰ ਵਿੱਚ ਬਹੁਤ ਸਾਰੇ ਮਰਦਾਂ ਦੀਆਂ ਹੱਡੀਆਂ ਦੇ ਪਿੰਜਰ ਇਕੱਠੇ ਮਿਲ਼ੇ ਹਨ ਅਤੇ ਇੱਕ ਔਰਤ ਦਾ ਪਿੰਜਰ ਇੱਕ ਖੂਹ ਦੀ ਪੌੜੀ ‘ਤੇ ਮਿਲ਼ਿਆ ਹੈ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਕੁੱਝ ਵਾਸੀਆਂ ਨੂੰ ਕੈਦੀ ਬਣਾ ਕੇ ਮਾਰ ਦਿੱਤਾ। ਕਈ ਥਾਵਾਂ ‘ਤੇ ਇਸ ਗੱਲ ਦੇ ਅਪ੍ਰਤੱਖ ਸਬੂਤ ਮਿਲ਼ੇ ਹਨ ਕਿ ਪੱਛਮ ਤੋਂ ਆਉਣ ਵਾਲ਼ੇ ਲੋਕ ਹੜੱਪਾ ਵਾਸੀਆਂ ਨੂੰ ਭਜਾ ਕੇ ਖੁਦ ਉੱਥੇ ਵਸ ਗਏ। ਉਦਾਹਰਣ ਵਜੋਂ, ਹੜੱਪਾ ਦੇ ਗੜ੍ਹ ਦੇ ਦੱਖਣ-ਪੱਛਮ ਵਿੱਚ ਇੱਕ ਸ਼ਮਸ਼ਾਨ-ਭੂਮੀ ਮਿਲ਼ੀ ਹੈ ਜਿਸਨੂੰ ਸ਼ਮਸ਼ਾਨ ਭੂਮੀ ‘ਐਚ’ ਦਾ ਨਾਂ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸ਼ਮਸ਼ਾਨ ਭੂਮੀ ਪੁਰਾਣੇ ਹੜੱਪਾ ਨੂੰ ਨਸ਼ਟ ਕਰਨ ਵਾਲ਼ੇ ਗੈਰ-ਹੜੱਪਾਈ ਲੋਕਾਂ ਦੀ ਸੀ। ਚੰਹੁਦੜੋ ਵਿੱਚ ਵੀ ਇਸ ਗੱਲ ਦੇ ਸਬੂਤ ਮਿਲ਼ਦੇ ਹਨ ਕਿ ਉੱਥੋਂ ਦੇ ਲੋਕਾਂ ‘ਤੇ ਬਰਬਰ ਲੋਕਾਂ ਨੇ ਖੁਦ ਨੂੰ ਥੋਪ ਦਿੱਤਾ।

ਦਿਲਚਸਪ ਗੱਲ ਹੈ ਕਿ ਆਰੀਆਂ ਦੇ ਮੁੱਢਲੇ ਗ੍ਰੰਥ ਰਿਗਵੇਦ ਵਿੱਚ ਵੀ ਅਣ-ਆਰੀਆਂ ਦੇ ਨਗਰਾਂ ਦੇ ਵਿਨਾਸ਼ ਦੇ ਵੇਰਵੇ ਮਿਲ਼ਦੇ ਹਨ। ਉਹਨਾਂ ਵਿੱਚ ਹਰਿਯੂਪੀਯ ਨਾਮੀ ਸਥਾਨ ਵਿੱਚ ਇੱਕ ਜੰਗ ਦਾ ਜ਼ਿਕਰ ਹੋਇਆ ਹੈ। ਇਸ ਥਾਂ ਨੂੰ ਹੜੱਪਾ ਦੇ ਨਾਂ ਨਾਲ਼ ਪਹਿਚਾਣਿਆ ਗਿਆ ਹੈ ਪਰ ਕਈ ਵਿਦਵਾਨਾਂ ਨੇ ਇਸ ‘ਤੇ ਸ਼ੱਕ ਪ੍ਰਗਟਾਇਆ ਹੈ। ਇਸ ਸਭ ਤੋਂ ਇਹ ਨਤੀਜਾ ਨਿੱਕਲ਼ ਸਕਦਾ ਹੈ ਕਿ ‘ਹਮਲਾਵਰ’ ਹਿੰਦ ਆਰੀਆ ਭਾਸ਼ਾ ਬੋਲਣ ਵਾਲ਼ੇ ਬਰਬਰ ਲੋਕ ਸਨ ਜੋ ਘੋੜਿਆਂ ਦੀ ਵਰਤੋਂ ਕਰਦੇ ਸਨ ਅਤੇ ਪਹਾੜੀ ਰਾਹ ਰਾਹੀਂ ਇਰਾਨ ਤੋਂ ਇੱਥੇ ਆਏ ਹੋਣਗੇ। ਪਰ ਨਾ ਤਾਂ ਪੁਰਾਤੱਤਵਿਕ ਅਤੇ ਨਾ ਹੀ ਭਾਸ਼ਾ-ਵਿਗਿਆਨਿਕ ਸਬੂਤਾਂ ਤੋਂ ਹੀ ਬਿਨਾਂ ਸ਼ੱਕ ਇਹ ਸਿੱਧ ਹੁੰਦਾ ਹੈ ਕਿ ਹੜੱਪਾਈਆਂ ਅਤੇ ਸ਼ਾਇਦ ਕਈ ਲਹਿਰਾਂ ਵਿੱਚ ਭਾਰਤ ਆਉਣ ਵਾਲ਼ੇ ਆਰੀਆਂ ਦਾ ਇੱਕ ਦੂਜੇ ਖਿਲਾਫ਼ ਕੋਈ ਵੱਡਾ ਸੰਘਰਸ਼ ਹੋਇਆ ਸੀ। 

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 21, ਅਕਤੂਬਰ 2013 ਵਿਚ ਪ੍ਰਕਾਸ਼ਿ

One comment on “ਪੂਰਵ-ਇਤਿਹਾਸ ਤੋਂ ਹੜੱਪਾ ਸਭਿਅਤਾ ਤੱਕ -ਡੀ. ਐੱਨ. ਝਾਅ

  1. Love sidhu says:

    Very good

    Like

Leave a comment