ਦੇਸ਼ ਦੇ ਮਾਲ ਖਜ਼ਾਨਿਆਂ ਨੂੰ ਦੋਹੀਂ ਹੱਥੀ ਲੁੱਟ ਰਹੇ ਫਾਸਿਸਟ: ਸ਼ਾਹ ਬਾਪ-ਬੇਟੇ ਦੀ ਦੌਲਤ ਵਿੱਚ ਛੜੱਪੇਮਾਰ ਵਾਧਾ: ਬਾਪ ਨੰਬਰੀ, ਬੇਟਾ ਦਸ ਨੰਬਰੀ •ਸੰਪਾਦਕੀ

Jay-shah-with-his-father-amit-shah-during-his-Marriage-reception_UNI

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਢੇ ਤਿੰਨ ਸਾਲ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਕਾਂਗਰਸ ਨੂੰ ਜਿਹੜੇ ਮੁੱਦਿਆਂ ਉੱਤੇ ਘੇਰਿਆ ਸੀ ਉਹਨਾਂ ਵਿੱਚੋਂ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਇੱਕ ਅਹਿਮ ਮੁੱਦਾ ਸੀ। ਭ੍ਰਿਸ਼ਟਾਚਾਰ ਖਿਲਾਫ਼ ਆਮ ਲੋਕਾਂ ਦੇ ਗੁੱਸੇ ਦਾ ਫਾਇਦਾ ਉਠਾਉਣ ਲਈ ਭਾਜਪਾ ਨੇ ਪੂਰਾ ਜੋਰ ਲਾ ਦਿੱਤਾ ਸੀ। ਮੋਦੀ ਰੈਲੀਆਂ ਵਿੱਚ ਕਹਿੰਦਾ ਫਿਰਦਾ ਸੀ – ”ਨਾ ਖਾਉਂਗਾ, ਨਾ ਖਾਨੇ ਦੂੰਗਾ”। ਭ੍ਰਿਸ਼ਟਾਚਾਰ ਦਾ ਮਤਲਬ ਸਿਰਫ਼ ਸਰਕਾਰੀ ਪੈਸਾ ਖਾ ਜਾਣਾ ਨਹੀਂ ਹੁੰਦਾ। ਸਗੋਂ ਸਰਕਾਰੀ ਅਸਰ-ਰਸੂਖ ਦੀ ਵਰਤੋਂ ਕਰਕੇ ਦੌਲਤ ਕਮਾਉਣਾ ਵੀ ਹੁੰਦਾ ਹੈ। ਭਾਜਪਾ ਆਗੂਆਂ ਨੇ ਸਰਕਾਰੀ ਪੈਸਾ ਵੀ ਰੱਜ ਕੇ ਡਕਾਰਿਆ ਹੈ ਅਤੇ ਸਰਕਾਰੀ ਅਸਰ-ਰਸੂਖ ਦੀ ਵਰਤੋਂ ਕਰਕੇ ਧੰਦਿਆਂ ਨੂੰ ਖੂਬ ਚਮਕਾਇਆ ਵੀ ਹੈ। ਇਸ ਮਾਮਲੇ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੱਡੀਆਂ ਉਡਾਰੀਆਂ ਮਾਰੀਆਂ ਹਨ।

ਪੰਜ ਸਾਲ ਪਹਿਲਾਂ ਸੰਨ 2012 ਵਿੱਚ ਅਮਿਤ ਸ਼ਾਹ ਦੀ ਚਲ ਜਾਇਦਾਦ 1.90 ਕਰੋੜ ਸੀ। ਜੁਲਾਈ 2017 ਵਿੱਚ ਅਮਿਤ ਸ਼ਾਹ ਨੇ ਰਾਜ ਸਭਾ ਦੀ ਮੈਂਬਰੀ ਲਈ ਐਲਾਨਨਾਮਾ ਦਿੰਦੇ ਹੋਏ ਆਪਣੀ ਜਾਇਦਾਦ ਦਾ ਵੇਰਵਾ ਵੀ ਦਰਜ਼ ਕਰਵਾਇਆ। ਇਸ ਵਿੱਚ ਦੱਸਿਆ ਗਿਆ ਕਿ ਹੁਣ ਉਸ ਕੋਲ 19 ਕਰੋੜ ਦੀ ਚਲ ਜਾਇਦਾਦ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਪੰਜ ਸਾਲਾਂ ਵਿੱਚ ਉਸਦੀ ਜਾਇਦਾਦ ਵਿੱਚ ਏਨਾ ਵਾਧਾ ਕਿਵੇਂ ਹੋਇਆ? ਆਖ਼ਿਰ ਇਹ ਕੋਈ ਛੋਟਾ-ਮੋਟਾ ਵਾਧਾ ਨਹੀਂ ਹੈ। ਇਹ 300 ਫੀਸਦੀ ਦਾ ਵੱਡਾ ਵਾਧਾ ਹੈ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਿਤ ਸ਼ਾਹ ਦੀ ਇਸ ਦੌਲਤ ਵਿੱਚ ਵਾਧਾ ਕੇਂਦਰ ਅਤੇ ਗੁਜਰਾਤ ਵਿੱਚ ਸਰਕਾਰਾਂ ਹੋਣ ਦੀ ਬਦੌਲਤ ਹੀ ਹੋਇਆ ਹੈ। ਅਮਿਤ ਸ਼ਾਹ ਨੇ ਆਪਣੀ ਦੌਲਤ ਵਧਾਉਣ ਲਈ ਸਰਕਾਰੀ ਪਹੁੰਚ, ਅਸਰ-ਰਸੂਖ, ਧੌਂਸ ਦਾ ਪੂਰਾ ਇਸਤੇਮਾਲ ਕੀਤਾ ਹੈ।

ਹੁਣ ਅਮਿਤ ਸ਼ਾਹ ਦੇ ਬੇਟੇ ਜੈ ਅਮਿਤਭਾਈ ਸ਼ਾਹ ਦੀ ਦੌਲਤ ਵਿੱਚ ਵਾਧੇ ਬਾਰੇ ਵੀ ਵੱਡਾ ਖੁਲਾਸਾ ਹੋਇਆ ਹੈ। ‘ਦ ਵਾਇਰ’ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਅਮਿਤਭਾਈ ਸ਼ਾਹ ਦੀ ਮਾਲਕੀ ਵਾਲ਼ੀ ਕੰਪਨੀ ਦਾ ਸਲਾਨਾ ਟਰਨਓਵਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਪਿਤਾ ਅਮਿਤ ਸ਼ਾਹ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ 16 ਹਜ਼ਾਰ ਗੁਣਾ ਵਧ ਗਿਆ। ਰਜਿਸਟਰਾਰ ਆਫ਼ ਕੰਪਨੀਜ਼ ਵਿੱਚ ਕੰਪਨੀ ਵੱਲੋਂ ਦਾਖ਼ਲ ਕੀਤੇ ਦਸਤਾਵੇਜਾਂ ਦੀ ਪੜਤਾਲ ਤੋਂ ਬਾਅਦ ‘ਦ ਵਾਇਰ’ ਨੇ ਇਹ ਖੁਲਾਸਾ ਕੀਤਾ ਹੈ। ‘ਦ ਵਾਇਰ’ ਨੇ ਲਿਖਿਆ ਹੈ ਕਿ ਕੰਪਨੀ ਦੀਆਂ ਬੈਲੇਂਸ ਸ਼ੀਟਾਂ ਅਤੇ ਆਰ.ਓ.ਸੀ. ਵਿੱਚ ਦਾਖਿਲ ਕੀਤੀਆਂ ਸਲਾਨਾਂ ਰਿਪੋਰਟਾਂ ਤੋਂ ਇਹ ਗੱਲ ਉਜ਼ਾਗਰ ਹੁੰਦੀ ਹੈ ਕਿ ਸੰਨ 2013 ਅਤੇ ਸੰਨ 2014 ਦੇ ਮਾਰਚ ਵਿੱਚ ਖ਼ਤਮ ਹੋਣ ਵਾਲ਼ੇ ਵਿੱਤੀ ਵਰਿਆਂ ਵਿੱਚ ਸ਼ਾਹ ਦੀ ਟੈਂਪਰ ਇੰਟਪ੍ਰਾਈਜ਼ ਪ੍ਰਾਈਵੇਟ ਲਿਮਿਟੇਡ ਕੰਪਨੀ ਕੋਈ ਖਾਸ ਵਰਣਨਯੋਗ ਕਾਰੋਬਾਰ ਨਹੀਂ ਕਰ ਰਹੀ ਸੀ। ਇਹਨਾਂ ਵਿੱਤੀ ਵਰਿਆਂ ਵਿੱਚ ਕੰਪਨੀ ਨੂੰ ਕ੍ਰਮਵਾਰ 6,230 ਅਤੇ 1,724 ਰੁਪਏ ਦੇ ਘਾਟਾ ਹੋਇਆ ਸੀ। ਸਾਲ 2014-15 ਵਿੱਚ ਕੰਪਨੀ ਨੇ 50,000 ਰੁਪਏ ਦੇ ਟਰਨਓਵਰ ਉੱਤੇ ਸਿਰਫ਼ 18,728 ਰੁਪਏ ਲਾਭ ਦਿਖਾਇਆ। 2015-16 ਵਿੱਚ ਕੰਪਨੀ ਦਾ ਟਰਨਓਵਰ ਛਲਾਂਗ ਮਾਰਕੇ ਵਧ ਕੇ 80.5 ਕਰੋੜ ਰੁਪਏ ਹੋ ਗਿਆ। ਟਰਨਓਵਰ ਵਿੱਚ ਇਹ ਵਾਧਾ 16,000 ਗੁਣਾ ਹੈ।

ਲੰਘੀ 29 ਜੁਲਾਈ ਨੂੰ ਟਾਈਮਜ਼ ਗਰੁੱਪ ਦੇ ਅਖ਼ਬਾਰਾਂ (ਟਾਈਮਜ਼ ਆਫ਼ ਇੰਡੀਆ, ਇਕੋਨਾਮਿਕ ਟਾਈਮਜ਼, ਨਵਭਾਰਤ ਟਾਈਮਜ਼) ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜਾਇਦਾਦ ਵਿੱਚ ਵੱਡੇ ਵਾਧੇ ਦਾ ਖੁਲਾਸਾ ਕਰਦੀ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸਤੋਂ ਬਾਅਦ ਹੋਰ ਕਈ ਅਖ਼ਬਾਰਾਂ, ਵੈਬਸਾਈਟਾਂ ਨੇ ਇਹ ਖ਼ਬਰ ਨਸ਼ਰ ਕੀਤੀ। ਪਰ ਇੰਟਰਨੈੱਟ ਉੱਤੇ ਇਹ ਖ਼ਬਰ ਪੋਸਟ ਹੋਣ ਤੋਂ ਤਿੰਨ ਕੁ ਘੰਟਿਆ ਬਾਅਦ ਹੀ ਇਹ ਖ਼ਬਰ ਦੋ-ਤਿੰਨ ਵੈਬਸਾਈਟਾਂ ਨੂੰ ਛੱਡ ਕੇ ਬਾਕੀ ਸਭ ਥਾਂ ਤੋਂ ਗਾਇਬ ਕਰ ਦਿੱਤੀ ਗਈ। ਇਸ ਸਬੰਧੀ ਗੂਗਲ ਸਰਚ ਵਿੱਚ ਲਿੰਕ ਦਿਖ ਤਾਂ ਰਹੇ ਸਨ ਪਰ ਇਹ ਖੁੱਲ ਨਹੀਂ ਰਹੇ ਸਨ। ਸਭ ਤੋਂ ਪਹਿਲਾਂ ਇਹ ਖਬਰ ‘ਟਾਈਮਜ਼’ ਗਰੁੱਪ ਨੇ ਹਟਾਈ ਸੀ। ਇਹ ਗੱਲ ਨੰਗੇ-ਚਿੱਟੇ ਰੂਪ ਵਿੱਚ ਸਾਫ਼ ਸੀ, ਭਾਜਪਾ ਦੀਆਂ ਘੁਰਕੀਆਂ ਤੋਂ ਬਾਅਦ ਇਹਨਾਂ ‘ਨਿਡਰ’, ‘ਨਿਰਪੱਖ’, ‘ਇਮਾਨਦਾਰ’, ‘ਸੱਚੇ’ ਅਖ਼ਬਾਰਾਂ/ਖ਼ਬਰੀ ਵੈਬਸਾਈਟਾਂ ਦੇ ਮਾਲਕਾਂ ਦੇ ਪਜਾਮੇ ਗਿੱਲੇ ਹੋ ਗਏ ਸਨ। ਡਰਦਿਆਂ ਮਾਰਿਆਂ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਤੋਂ ਖਬਰ ਹਟਾ ਦਿੱਤੀ।

ਹੁਣ ਅਮਿਤ ਸ਼ਾਹ ਦੇ ਬੇਟੇ ਦੀ ਜਾਇਦਾਦ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਜਾਣ ਦੀ ਖ਼ਬਰ ਨਸ਼ਰ ਕਰਨ ਵਾਲ਼ੀ ‘ਦ ਵਾਇਰ’ ਵੈਬਸਾਈਟ ਦੇ ਮਾਲਕ ਅਤੇ ਪੱਤਰਕਾਰਾਂ ਉੱਤੇ ਮਾਣਹਾਨੀ ਦਾ ਕੇਸ ਠੋਕ ਦਿੱਤਾ ਗਿਆ ਹੈ। ਸਰਮਾਏਦਾਰਾ ਮੀਡੀਆ ਉੱਤੇ ਭਾਜਪਾ ਦਾ ਦਬਦਬਾ ਕਿੰਨਾਂ ਜ਼ਿਆਦਾ ਹੈ ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਅਖ਼ਬਾਰਾਂ, ਖ਼ਬਰੀ ਟੀ.ਵੀ. ਚੈਨਲਾਂ ਨੇ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦੇ ਟਰਨਓਵਰ ਵਿੱਚ ਸਰਕਾਰੀ ਮਿਲ਼ੀਭੁਗਤ ਰਾਹੀਂ ਵੱਡੇ ਵਾਧੇ ਦੀ ਖ਼ਬਰ ਦੇਣ ਦੀ ਥਾਂ ਇਹ ਖ਼ਬਰ ਦਿੱਤੀ ਕਿ ਝੂਠੀ ਰਿਪੋਰਟ ਪ੍ਰਕਾਸ਼ਤ ਕਰਨ ਵਾਲ਼ੀ ਵੈਬਸਾਈਟ ਖਿਲਾਫ਼ ਮਾਣਹਾਨੀ ਦਾ ਕੇਸ ਦਰਜ਼ ਕਰਵਾਇਆ ਗਿਆ ਹੈ। ਇਸ ਤਰਾਂ ਸਰਮਾਏਦਾਰਾ ਮੀਡੀਆ ਦਾ ਵੱਡਾ ਹਿੱਸਾ ਨੰਗੇ-ਚਿੱਟੇ ਰੂਪ ਵਿੱਚ ਬੇਸ਼ਰਮੀ ਨਾਲ਼ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੈਰ ਚੱਟਣ ਤੱਕ ਚਲਾ ਗਿਆ।

ਮੋਦੀ ਰਾਜ ਵਿੱਚ ਸਰਕਾਰੀ ਢਾਂਚਾ ਕਿੰਨੇ ਬੇਸ਼ਰਮੀ ਭਰੇ ਢੰਗ ਨਾਲ਼ ਮੁਨਾਫਾਖੋਰਾਂ ਦੀ ਸੇਵਾ ਕਰ ਰਿਹਾ ਹੈ, ਭਾਜਪਾ ਦੇ ਲੀਡਰਾਂ ਦੇ ਪਰਿਵਾਰ ਕਿਵੇਂ ਲੋਕਾਂ ਦੀ ਕਮਾਈ ਹੜੱਪ ਕਰ ਰਹੇ ਹਨ, ਤੇ ਕਿਵੇਂ ਸਰਮਾਏਦਾਰਾ ਮੀਡੀਆ ਦਾ ਇੱਕ ਵੱਡਾ ਹਿੱਸਾ ਭਾਜਪਾ ਦਾ ਪੈਰ ਚੱਟ ਬਣ ਗਿਆ ਹੈ, ਜਿਹੜੇ ਪੈਰ ਚੱਟ ਨਹੀਂ ਬਣੇ ਉਹਨਾਂ ਨੂੰ ਕਿਵੇਂ ਧੌਂਸ ਵਿਖਾਈ ਜਾਂਦੀ ਹੈ, ਬਾਰੇ ਸ਼ਾਹ ਬਾਪ-ਬੇਟੇ ਦੀ ਦੌਲਤ ਵਿੱਚ ਵਾਧਾ ਅਤੇ ਇਸ ਦੀਆਂ ਖ਼ਬਰਾਂ ਨਾਲ਼ ਜੁੜਿਆ ਘਟਨਾਕ੍ਰਮ ਕੁੱਝ ਵੀ ਲੁਕਿਆ ਨਹੀਂ ਛੱਡ ਰਿਹਾ। ਬਹੁਤ ਸਾਰੇ ਲੋਕਾਂ ਨੇ ਭਾਜਪਾ ਨੂੰ ਲੋਕਾਂ ਦੇ ”ਚੰਗੇ ਦਿਨ” ਆਉਣ ਦੇ ਭਰਮ ਵਿੱਚ ਵੋਟਾਂ ਪਾਈਆਂ ਸਨ। ਬਹੁਤ ਸਾਰੇ ਲੋਕਾਂ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੀ ਆਸ ਵਿੱਚ ਨੋਟਬੰਦੀ, ਜੀ.ਐਸ.ਟੀ. ਜਿਹੇ ਮੋਦੀ ਸਰਕਾਰ ਦੇ ਕਦਮਾਂ ਪ੍ਰਤੀ ਹਾਂ-ਪੱਖੀ ਰੁਖ ਅਪਣਾਇਆ ਸੀ। ਖੁਦ ਨੂੰ ਸਭ ਤੋਂ ਵੱਡੀ ਦੇਸ਼ ਪ੍ਰੇਮੀ, ਮਹਾਨ ਸੱਭਿਆਚਾਰ ਦੀ ਧਾਰਨੀ ਦੱਸਣ ਵਾਲ਼ੀ ਭਾਜਪਾ ਪਾਰਟੀ ਦੀਆਂ ਕਾਲ਼ੀਆਂ ਕਰਤੂਤਾਂ ਨੇ ਵੱਡੀ ਗਿਣਤੀ ਲੋਕਾਂ ਦੀਆਂ ਅੱਖਾਂ ਤੋਂ ਭਰਮ ਦਾ ਪਰਦਾ ਚੁੱਕ ਦਿੱਤਾ ਹੈ। ਇਹ ਗੱਲ ਵੱਧ ਤੋਂ ਵੱਧ ਲੋਕਾਂ ਅੱਗੇ ਵਧੇਰੇ ਤੋਂ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਮੋਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਸਰਮਾਏਦਾਰਾਂ ਦੀ-ਸਰਮਾਏਦਾਰਾਂ ਲਈ ਸਰਕਾਰ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 17, 16 ਤੋਂ 31 ਅਕਤੂਬਰ 2017 ਵਿੱਚ ਪ੍ਰਕਾਸ਼ਿਤ