ਚੀਨ ਦੇ ਮਜ਼ਦੂਰਾਂ ਲਈ ਕੀ ਜ਼ਰੂਰੀ? ਸਮਾਜਵਾਦ ਜਾਂ ਸਰਮਾਏਦਾਰੀ? •ਲਖਵਿੰਦਰ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਚੀਨ ਦੀ ਮਜ਼ਦੂਰ ਜਮਾਤ ਭਿਆਨਕ ਤੰਗੀਆਂ-ਤੁਰਸ਼ੀਆਂ ਦੀ ਸ਼ਿਕਾਰ ਹੈ। ਉੱਥੋਂ ਦਾ ਅਰਥਚਾਰਾ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ ਪਰ ਲੋਕ ਬੇਹਾਲ ਹਨ। ਪਰ ਹਮੇਸ਼ਾਂ ਅਜਿਹਾ ਨਹੀਂ ਸੀ। ਸੰਨ 1949 ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਚੀਨ ਵਿੱਚ ਨਵ-ਜਮਹੂਰੀ ਇਨਕਲਾਬ ਹੋਇਆ ਅਤੇ ਅੱਗੇ ਚੱਲ ਕੇ ਕੁੱਝ ਸਾਲਾਂ ਬਾਅਦ ਉੱਥੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਕੀਤੀ ਗਈ। ਸਮਾਜਵਾਦੀ ਪ੍ਰਬੰਧ ਰਾਹੀਂ ਚੀਨ ਦੀ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕਾਂ ਦੀ ਜਿੰਦਗੀ ਦੀ ਮੁੱਢੋਂ-ਸੁੱਢੋਂ ਕਾਇਆਪਲਟੀ ਹੋਈ। ਇਨਕਲਾਬ ਤੋਂ ਪਹਿਲਾਂ ਦੀ ਭੈੜੀ ਜਿੰਦਗੀ ਦੇ ਮੁਕਾਬਲੇ ਉਹਨਾਂ ਦੀ ਜਿੰਦਗੀ ਹਰ ਪੱਖੋਂ ਬਹੁਤ ਬੇਹਤਰ ਹੋ ਗਈ। ਪਰ ਚੀਨ ਅੰਦਰ ਜਮਾਤੀ ਵਿਰੋਧਤਾਈਆਂ ਖ਼ਤਮ ਨਹੀਂ ਹੋਈਆਂ ਸਨ। ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਵਿਚਕਾਰ ਘੋਲ਼ ਨਵੇਂ ਧਰਾਤਲ ‘ਤੇ ਲਗਾਤਾਰ ਜ਼ਾਰੀ ਸੀ। ਚੀਨ ਦੀ ਕਮਿਊਨਿਸਟ ਪਾਰਟੀ ਵਿੱਚ ਬੈਠੇ ਸਰਮਾਏਦਾਰਾ ਰਾਹੀਏ ਚੀਨ ਦੀ ਸੱਤਾ ‘ਤੇ ਕਾਬਜ਼ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਸੰਨ 1976 ਵਿੱਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਸਰਮਾਏਦਾਰ ਜਮਾਤ ਚੀਨ ਦੀ ਸੱਤਾ ‘ਤੇ ਕਾਬਜ਼ ਹੋਣ ਵਿੱਚ ਕਾਮਯਾਬ ਹੋ ਗਈ। ਕਮਿਊਨਿਸਟਾਂ ਦੇ ਭੇਸ ਵਿੱਚ ਸੱਤਾ ‘ਤੇ ਕਾਬਜ਼ ਸਰਮਾਏਦਾਰਾ ਹਾਕਮ ”ਮੰਡੀ ਸਮਾਜਵਾਦ” ਦੇ ਨਾਂ ਹੇਠ ਸਮਾਜਵਾਦੀ ਪ੍ਰਬੰਧ ਦੀ ਥਾਂ ਸਰਮਾਏਦਾਰਾ ਪ੍ਰਬੰਧ ਲਾਗੂ ਕਰਦੇ ਹੋਏ ਇਹ ਦਾਅਵਾ ਕਰਦੇ ਆਏ ਹਨ ਕਿ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਲਕੀਅਤ ਰਾਹੀਂ ਚੀਨ ਵਿੱਚ ਖੁਸ਼ਹਾਲ਼ੀ ਆਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੁਸ਼ਹਾਲੀ ਆਈ ਹੈ। ਪਰ ਇਹ ਖੁਸ਼ਹਾਲੀ ਮੁੱਠੀ ਭਰ ਧਨਾਢਾਂ ਦੀ ਖੁਸ਼ਹਾਲੀ ਹੈ। ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕਾਂ ਲਈ ਸਰਮਾਏਦਾਰਾ ਪ੍ਰਬੰਧ ਦੀ ਮੁੜ ਬਹਾਲੀ ਭਿਆਨਕ ਤੰਗੀਆਂ-ਤੁਰਸ਼ੀਆਂ ਲੈ ਕੇ ਆਈ ਹੈ। ਸੰਸਾਰ ਦਾ ਸਰਮਾਏਦਾਰਾ ਮੀਡੀਆ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਹ ਝੂਠਾ ਪ੍ਰਚਾਰ ਕਰਦਾ ਰਹਿੰਦਾ ਹੈ ਕਿ ਸਮਾਜਵਾਦੀ ਦੌਰ ਨਾਲ਼ੋਂ ਹੁਣ ਦਾ ਸਰਮਾਏਦਾਰਾ ਪ੍ਰਬੰਧ ਵਾਲ਼ਾ ਚੀਨ ਬੇਹਤਰ ਹਾਲਤ ਵਿੱਚ ਹੈ। ਇਸ ਵਾਸਤੇ ਕੁੱਲ ਘਰੇਲੂ ਪੈਦਾਵਾਰ ਦੇ ਅੰਕੜੇ ਦਿੱਤੇ ਜਾਂਦੇ ਹਨ ਤੇ ਹੋਰ ਬੇਸਿਰ-ਪੈਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਸੱਚ ਇਹ ਹੈ ਕਿ ਸਮਾਜਵਾਦੀ ਦੌਰ ਵਿੱਚ ਚੀਨ ਦੇ ਲੋਕ ਅੱਜ ਦੀ ਭੈੜੀ ਜ਼ਿੰਦਗੀ ਦੇ ਮੁਕਾਬਲੇ ਇੱਕ ਖੁਸ਼ਹਾਲ ਜਿੰਦਗੀ ਜਿਉਂ ਰਹੇ ਸਨ। ਚੀਨ ਦੀ ਮਜ਼ਦੂਰ ਜਮਾਤ ਦੀ ਸਮਾਜਵਾਦੀ ਦੌਰ ਵਿਚਲੀ ਹਾਲਤ ਅਤੇ ਸਰਮਾਏਦਾਰਾ ਪ੍ਰਬੰਧ ਵਿਚਲੀ ਮੌਜੂਦਾ ਹਾਲਤ ‘ਤੇ ਨਜ਼ਰ ਮਾਰਿਆਂ ਇਸ ਗੱਲ ਨੂੰ ਬਾਖੂਬੀ ਸਮਝਿਆ ਜਾ ਸਕਦਾ ਹੈ।

ਸਮਾਜਵਾਦੀ ਦੌਰ ਵਿੱਚ ਕਾਰਖਾਨਿਆਂ ਦੀ ਮਾਲਕੀ ਨਿੱਜੀ ਹੱਥਾਂ ਵਿੱਚ ਨਾ ਹੋ ਕੇ ਮਜ਼ਦੂਰਾਂ ਦੀ ਸੱਤਾ ਦੇ ਹੱਥ ਵਿੱਚ ਸੀ। ਮਜ਼ਦੂਰ ਖ਼ੁਦ ਨੂੰ ਕਾਰਖਾਨਿਆਂ ਦੇ ਮਾਲਕ ਮਹਿਸੂਸ ਕਰਦੇ ਸਨ। ਉਹਨਾਂ ਨੂੰ ਅਨੇਕਾਂ ਪ੍ਰਕਾਰ ਦੇ ਆਰਥਿਕ ਅਤੇ ਸਿਆਸੀ ਹੱਕ ਪ੍ਰਾਪਤ ਸਨ। ਰੁਜ਼ਗਾਰ ਦੀ ਪੂਰੀ ਗਰੰਟੀ ਸੀ। ਕਾਰਖਾਨਿਆਂ ਵਿੱਚੋਂ ਮਜ਼ਦੂਰਾਂ ਦੀ ਛਾਂਟੀ ਦੀ ਮਨਾਹੀ ਸੀ। ਜੇਕਰ ਸਰਕਾਰ ਕਾਰਖਾਨਾ ਬੰਦ ਵੀ ਕਰਦੀ ਸੀ ਤਾਂ ਉਸ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਨੂੰ ਹੋਰ ਥਾਂ ‘ਤੇ ਤੁਰੰਤ ਕੰਮ ‘ਤੇ ਲਾ ਦਿੱਤਾ ਜਾਂਦਾ ਸੀ। ਮਜ਼ਦੂਰਾਂ ਦੀ ਆਮਦਨ ਕੌਮੀ ਤਨਖਾਹ ਪੈਮਾਨਿਆਂ ਮੁਤਾਬਿਕ ਤੈਅ ਸੀ ਅਤੇ ਘਟਾਈ ਨਹੀਂ ਜਾਂਦੀ ਸੀ। ਰਿਹਾਇਸ਼, ਸਿੱਖਿਆ, ਇਲਾਜ ਆਦਿ ਸਹੂਲਤਾਂ ਸਰਕਾਰ ਵੱਲੋਂ ਸਸਤੀਆਂ ਜਾਂ ਮੁਫ਼ਤ ਮੁਹੱਈਆ ਕੀਤੀਆਂ ਜਾਂਦੀਆਂ ਸਨ। ਔਰਤ ਮਜ਼ਦੂਰਾਂ ਨੂੰ ਨਾ ਸਿਰਫ਼ ਮਰਦ ਮਜ਼ਦੂਰਾਂ ਦੇ ਬਰਾਬਰ ਹੱਕ ਮਿਲਦੇ ਸਨ ਸਗੋਂ ਗਰਭ ਅਵਸਥਾ ਦੇ ਸਮੇਂ, ਬੱਚੇ ਸੰਭਾਲ਼ਣ ਆਦਿ ਸਬੰਧੀ ਉਹਨਾਂ ਨੂੰ ਵਿਸ਼ੇਸ਼ ਹੱਕ ਪ੍ਰਾਪਤ ਸਨ। ਚੀਨ ਵਿੱਚ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਇਹ ਮਹਾਨ ਨੀਤੀ ਸੀ – ”ਜੋ ਇੱਕ ਮਰਦ ਕਰਦਾ ਹੈ, ਉਹ ਇੱਕ ਔਰਤ ਵੀ ਕਰ ਸਕਦੀ ਹੈ”।

ਜਿਵੇਂ ਜਿਵੇਂ ਪੈਦਾਵਾਰ ਸੁਧਰਦੀ ਜਾ ਰਹੀ ਤਿਵੇਂ ਤਿਵੇਂ ਮਜ਼ਦੂਰਾਂ ਦੀਆਂ ਹਾਲਤਾਂ ਵੀ ਹੋਰ ਬਿਹਤਰ ਬਣਦੀਆਂ ਜਾ ਰਹੀਆਂ ਸਨ। ਅਗਾਂਹ ਵੱਲ਼ ਮਹਾਨ ਛਾਲ਼ ਲਹਿਰ ਤੋਂ ਬਾਅਦ ਚੀਨ ਵਿੱਚ ਸ਼ਹਿਰੀ ਅਬਾਦੀ ਲਈ ਮੁੱਢਲੀ ਜ਼ਰੂਰਤ ਦੀਆਂ ਚੀਜ਼ਾਂ ਦੀ ਪੂਰਤੀ ਲਈ ਰਾਸ਼ਨ ਪ੍ਰਣਾਲ਼ੀ ਲਾਗੂ ਕੀਤੀ। ਉਦਾਹਰਣ ਵਜ਼ੋ,  ਭਾਰੀ ਮਿਹਨਤ-ਮੁਸ਼ੱਕਤ ਕਰਨ ਵਾਲ਼ਾ ਮਜ਼ਦੂਰ 20 ਤੋਂ 24.5 ਕਿਲੋਗ੍ਰਾਮ ਅਨਾਜ ਹਰ ਮਹੀਨੇ ਖਰੀਦ ਸਕਦਾ ਸੀ ਅਤੇ ਪ੍ਰਬੰਧਨ ਵਿਚਲਾ ਵਿਅਕਤੀ 13.5 ਤੋਂ 16 ਕਿਲੋਗ੍ਰਾਮ ਤੱਕ ਦਾਣੇ ਖਰੀਦ ਸਕਦਾ ਸੀ। ਮੁੱਢਲੀਆਂ ਜ਼ਰੂਰਤ ਦੀਆਂ ਚੀਜ਼ਾਂ ਦੀਆਂ ਕੀਮਤਾਂ ਮਾਓਵਾਦੀ ਦੌਰ ਵਿੱਚ ਕਦੇ ਵੀ ਵਧੀਆਂ ਨਹੀਂ ਸਨ।  

ਸਰਮਾਏਦਾਰਾਂ ਦੀਆਂ ਸੰਸਥਾਵਾਂ ਨੂੰ ਵੀ ਮਾਓਵਾਦੀ ਦੌਰ ਦੇ ਚੀਨ ਵਿੱਚ ਲੋਕਾਂ ਦੀ ਉੱਚੇ ਉੱਠੇ ਜੀਵਨ ਪੱਧਰ ਦੀ ਸੱਚਾਈ ਨੂੰ ਮੰਨਣਾ ਪਿਆ। ਚੀਨ ਦੇ ਸਮਾਜਵਾਦੀ ਦੌਰ ਬਾਰੇ ਸੰਸਾਰ ਬੈਂਕ ਦੀ ਇੱਕ ਰਿਪੋਰਟ ਕਹਿੰਦੀ ਹੈ – ”ਸਭ ਕੋਲ ਰੁਜ਼ਗਾਰ ਹੈ, ਸਾਂਝੇ ਸਵੈ-ਬੀਮੇ ਅਤੇ ਸਰਕਾਰੀ ਰਾਸ਼ਣ-ਪ੍ਰਣਾਲ਼ੀ ਦੇ ਮੇਲਜੋਲ ਰਾਹੀਂ ਅਨਾਜ-ਪ੍ਰਾਪਤੀ ਯਕੀਨੀ ਬਣਾ ਲਈ ਗਈ ਹੈ, ਉਹਨਾਂ ਦੇ ਬੱਚਿਆਂ ਦੀ ਵੱਡੀ ਭਾਰੀ ਗਿਣਤੀ ਨਾ ਸਿਰਫ ਸਕੂਲ ਜਾਂਦੀ ਹੈ ਸਗੋਂ ਮੁਕਾਬਲਤਨ ਚੰਗੀ ਪੜ੍ਹਾਈ ਹਾਸਲ ਕਰ ਰਹੀ ਹੈ ਅਤੇ ਵੱਡੀ ਗਿਣਤੀ ਵਸੋਂ ਦੀ ਮੁਢਲੇ ਸਿਹਤ-ਸੰਭਾਲ ਅਤੇ ਪਰਿਵਾਰ ਵਿਉਂਤਬੰਦੀ ਸੇਵਾਵਾਂ ਤੱਕ ਰਸਾਈ ਹੈ। ਔਸਤ ਉਮਰ, ਜਿਹੜੀ ਕਿ ਹੋਰ ਅਨੇਕਾਂ ਆਰਥਿਕ ਅਤੇ ਸਮਾਜਕ ਅੰਸ਼ਾਂ ‘ਤੇ ਨਿਰਭਰ ਕਰਦੀ ਹੋਣ ਕਰਕੇ ਕਿਸੇ ਮੁਲਕ ਵਿਚ ਹਕੀਕੀ ਗਰੀਬੀ ਦਾ ਸ਼ਾਇਦ ਸਭ ਤੋਂ ਵਧੇਰੇ ਉੱਤਮ ਇੱਕੋ ਸੂਚਕ ਹੈ- 64 ਸਾਲ ਹੈ ਅਤੇ ਇਹ ਚੀਨ ਜਿਹੇ ਪ੍ਰਤੀ ਜੀਅ ਆਮਦਨੀ ਵਾਲੇ ਕਿਸੇ ਵੀ ਮੁਲਕ ਲਈ ਉੱਭਰਵੇਂ  ਰੂਪ ਵਿਚ ਆਉਂਦਾ ਹੈ।”

ਸਿਆਸੀ ਹੱਕ ਤੋਂ ਬਿਨਾਂ ਉਪਰੋਕਤ ਆਰਥਿਕ ਹੱਕਾਂ ਦੀ ਗਰੰਟੀ ਅਸੰਭਵ ਸੀ। ਮਜ਼ਦੂਰ ਕਾਰਖਾਨਾ ਪ੍ਰਬੰਧਨ ਵਿੱਚ ਸ਼ਾਮਿਲ ਹੁੰਦੇ ਸਨ ਅਤੇ ਪ੍ਰਬੰਧਨ ਅਮਲਾ ਸ਼ਰੀਰਕ ਕਿਰਤ ਵਿੱਚ। ਮਜ਼ਦੂਰਾਂ ਨੂੰ ਪ੍ਰਬੰਧਕ ਅਮਲੇ ਦੀ ਅਲੋਚਨਾ ਕਰਨ ਦਾ ਪੂਰਾ ਹੱਕ ਸੀ। ਉਹ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾ ਸਕਦੇ ਸਨ, ਆਪਣੇ ਵਿਚਾਰਾਂ ਦਾ ਖੁੱਲ੍ਹ ਕੇ ਪ੍ਰਚਾਰ ਕਰ ਸਕਦੇ ਸਨ, ਵੱਡੇ ਪੋਸਟਰ ਲਗਾ ਸਕਦੇ ਸਨ ਅਤੇ ਬਹਿਸਾਂ ਦਾ ਆਯੋਜਨ ਕਰ ਸਕਦੇ ਸਨ। ਸਮਾਜਵਾਦੀ ਦੌਰ ਵਿੱਚ ਮਜ਼ਦੂਰਾਂ ਦੀਆਂ ਤਾਕਤਵਰ ਯੂਨੀਅਨਾਂ ਸਨ ਅਤੇ ਇਨ੍ਹਾਂ ਦੇ ਨੁਮਾਇੰਦੇ ਮਜ਼ਦੂਰ ਖੁਦ ਚੁਣਦੇ ਸਨ।

ਪਰ ਹੁਣ ਹਾਲਤ ਬਦਲ ਚੁੱਕੀ ਹੈ। ਸਰਮਾਏਦਾਰਾ ਮੁੜਬਹਾਲੀ ਤੋਂ ਬਾਅਦ ਹੌਲ਼ੀ-ਹੌਲ਼ੀ ਮਜ਼ਦੂਰਾਂ ਦੇ ਸਿਆਸੀ ਅਤੇ ਆਰਥਿਕ ਹੱਕ ਖੋਹ ਲਏ ਗਏ ਹਨ। 1976 ‘ਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਕਮਿਊਨਿਸਟਾਂ ਦੇ ਭੇਸ ਵਿੱਚ ਸੱਤਾ ‘ਤੇ ਕਾਬਜ਼ ਹੋਏ ਸਰਮਾਏਦਾਰਾ ਹਾਕਮਾਂ ਨੇ ਸੱਤਾ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਅੱਸੀ ‘ਵਿਆਂ ਦੇ ਅੰਤ ਤੱਕ ਮਜ਼ਦੂਰਾਂ ਦੇ ਹੱਕਾਂ ‘ਤੇ ਕੋਈ ਵੱਡਾ ਆਰਥਿਕ ਹਮਲਾ ਨਹੀਂ ਕੀਤਾ ਗਿਆ। ਅਰਥਚਾਰੇ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਲਈ ਅਧਾਰ ਤਿਆਰ ਕੀਤਾ ਗਿਆ। ਮਜ਼ਦੂਰਾਂ ਨੂੰ ਮਾਓਵਾਦੀ ਦੌਰ ਵਿੱਚ ਪੈਦਾਵਾਰ ਵਧਾਉਣ ਲਈ ਨੈਤਿਕ ਪ੍ਰੇਰਣਾ ਦਿੱਤੀ ਜਾਂਦੀ ਸੀ। ਉਹਨਾਂ ਦੀ ਸਿਆਸੀ ਸਿੱਖਿਆ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਮਜ਼ਦੂਰ ਜਮਾਤ ਦੇ ਲੰਮੇ ਦਾਅ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਦਾਵਾਰ ਵਧਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਪਰ 1976 ਤੋਂ ਬਾਅਦ ਇਸ ਸਮਾਜਵਾਦੀ ਲੀਹ ਦਾ ਤਿਆਗ ਕਰਦੇ ਹੋਏ ਮਜ਼ਦੂਰਾਂ ਨੂੰ ਭੌਤਿਕ ਪ੍ਰੇਰਣਾ ਦਿੰਦੇ ਹੋਏ ਪੈਦਾਵਾਰ ਵਧਾਉਣ ਲਈ ਕਿਹਾ ਗਿਆ। ਸਮਾਜਵਾਦੀ ਸਿੱਖਿਆ ਦੀ ਪ੍ਰਕਿਰਿਆ ਰੋਕ ਦਿੱਤੀ ਗਈ। ਸਿਆਸੀ ਚੇਤਨਾ ‘ਤੇ ਇਸ ਹਮਲੇ ਤੋਂ ਬਾਅਦ ਮਜ਼ਦੂਰਾਂ ਦੇ ਆਰਥਿਕ ਹਿੱਤਾਂ ਉੱਤੇ ਵੱਡਾ ਹਮਲਾ ਵਿੱਢਿਆ ਗਿਆ। 1990 ‘ਵਿਆਂ ਵਿੱਚ ਵੱਡੇ ਪੱਧਰ ਉੱਤੇ ਕੌਡੀਆਂ ਦੇ ਭਾਅ ਕਾਰਖਾਨਿਆਂ ਦਾ ਨਿੱਜੀਕਰਨ ਕੀਤਾ ਗਿਆ। ਸਰਕਾਰੀ ਅਧਿਕਾਰੀਆਂ, ਸਰਕਾਰੀ ਕਾਰੋਬਾਰਾਂ ਦੇ ਮੈਨੇਜ਼ਰਾਂ, ਨਿੱਜੀ ਖੇਤਰ ਦੇ ਸਰਮਾਏਦਾਰਾਂ, ਬਹੁਕੌਮੀ ਕਾਰਪੋਰੇਸ਼ਨਾਂ ਨੂੰ ਨਿੱਜੀਕਰਨ ਦਾ ਵਾਹਵਾ ਫਾਇਦਾ ਮਿਲਿਆ। ਚੀਨ ਵਿੱਚ ਹੁਣ ਸਰਕਾਰੀ ਖੇਤਰ ਦਾ ਸਨਅਤੀ ਪੈਦਾਵਾਰ ਵਿੱਚ ਹਿੱਸਾ 30 ਫੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਸਮਾਜਵਾਦੀ ਦੌਰ ਵਿੱਚ ਜਿਆਦਾਤਰ ਮਜ਼ਦੂਰ ਸਰਕਾਰੀ ਖੇਤਰ ਦੇ ਕਾਰੋਬਾਰਾਂ ਵਿੱਚ ਕੰਮ ਕਰਦੇ ਸਨ ਪਰ ਹੁਣ ਨਿੱਜੀ ਸਨਅਤੀ ਖੇਤਰ ਵਿੱਚ ਸਰਕਾਰੀ ਖੇਤਰ ਦੇ ਮੁਕਾਬਲੇ 4 ਗੁਣਾ ਤੋਂ ਵੀ ਵਧੇਰੇ ਮਜ਼ਦੂਰ ਕੰਮ ਕਰਦੇ ਹਨ। ਨਿੱਜੀ ਕਾਰੋਬਾਰ ਲਗਾਤਾਰ ਵੱਧ-ਫੁੱਲ ਰਿਹਾ ਹੈ। ਸਰਕਾਰੀ ਕਾਰੋਬਾਰ ਵੀ ਸਮਾਜਵਾਦੀ ਢੰਗ ਨਾਲ਼ ਨਹੀਂ ਸਗੋਂ ਸਰਮਾਏਦਾਰਾ ਢੰਗ ਤਰੀਕਿਆਂ ਰਾਹੀਂ ਹੀ ਚਲਾਏ ਜਾ ਰਹੇ ਹਨ।

ਚੀਨ ਵਿੱਚ ਅੱਜ ਗੈਰ-ਖੇਤੀ ਅਬਾਦੀ 60 ਫੀਸਦੀ ਹੋ ਚੁੱਕੀ ਹੈ ਜੋ ਕਿ 1980 ਵਿੱਚ 31 ਫੀਸਦੀ ਸੀ। ਇਸ ਗੈਰ-ਖੇਤੀ ਅਬਾਦੀ ਦਾ 80 ਫੀਸਦੀ ਹਿੱਸਾ ਮਜ਼ਦੂਰ ਹਨ। 1980 ਵਿੱਚ ਕੁੱਲ ਘਰੇਲੂ ਪੈਦਾਵਾਰ ਵਿੱਚ ਮਜ਼ਦੂਰਾਂ ਦੀ ਆਮਦਨ ਦਾ ਹਿੱਸਾ 1990 ਤੋਂ ਲੈ ਕੇ 2005 ਤੱਕ 50 ਫੀਸਦੀ ਤੋਂ ਘੱਟ ਕੇ 37 ਫੀਸਦੀ ਰਹਿ ਗਿਆ।

ਮਾਓਵਾਦੀ ਦੌਰ ਵਿੱਚ ਸ਼ਰੀਰਕ ਕਿਰਤ ਅਤੇ ਮਾਨਸਿਕ ਕਿਰਤ ਵਿਚਲਾ ਪਾੜਾ ਲਗਾਤਾਰ ਘੱਟਦਾ ਜਾ ਰਿਹਾ ਸੀ। ਪਰ ਸਰਮਾਏਦਾਰਾ ਮੁੜਬਹਾਲੀ ਤੋਂ ਬਾਅਦ ਸ਼ਰੀਰਕ ਕਿਰਤ ਅਤੇ ਮਾਨਸਿਕ ਕਿਰਤ ਵਿਚਲਾ ਪਾੜਾ ਲਗਾਤਾਰ ਵੱਧਦਾ ਗਿਆ ਹੈ। ਸਮਾਜਵਾਦੀ ਚੀਨ ਵਿੱਚ ਮਜ਼ਦੂਰਾਂ ਅਤੇ ਪ੍ਰਬੰਧਕਾਂ ਵਿੱਚ ਆਰਥਿਕ ਗੈਰਬਰਾਬਰੀ ਬਹੁਤ ਘੱਟ ਸੀ ਜਾਂ ਕਈ ਮਾਮਲਿਆਂ ਵਿੱਚ ਪ੍ਰਬੰਧਕਾਂ ਨੁੰ ਮਜ਼ਦੂਰਾਂ ਤੋਂ ਘੱਟ ਮਿਲਦਾ ਸੀ। ਸਰਮਾਏਦਾਰਾ ਚੀਨ ਵਿੱਚ ਪ੍ਰਬੰਧਕਾਂ ਦੀਆਂ ਉਜ਼ਰਤਾਂ ਮਜ਼ਦੂਰਾਂ ਦੀਆਂ ਉਜ਼ਰਤਾਂ ਦੇ ਛੇ ਗੁਣਾ ਤੋਂ ਵੀ ਵਧੇਰੇ ਹੋ ਚੁੱਕੀਆਂ ਹਨ।

ਸ਼ਹਿਰਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ 70 ਫੀਸਦੀ ਦੇ ਲੱਗਭਗ ਪਹੁੰਚ ਗਈ ਹੈ। ਇਹਨਾਂ ਮਜ਼ਦੂਰਾਂ ਦੀ ਜਿੰਦਗੀ ਸਭ ਤੋਂ ਭੈੜੀ ਹਾਲਤ ਵਿੱਚ ਹੈ। 1980 ਦੇ ਸ਼ੁਰੂ ਤੋਂ 15 ਕਰੋੜ ਦੇ ਲਗਭਗ ਪ੍ਰਵਾਸੀ ਮਜ਼ਦੂਰ ਪਿੰਡਾਂ ਤੋਂ ਸ਼ਹਿਰਾਂ ਨੂੰ ਪ੍ਰਵਾਸ ਕਰ ਗਏ ਹਨ। ਇੱਕ ਰਿਪੋਰਟ ਮੁਤਾਬਿਕ ਦੋ-ਤਿਹਾਈ ਦੇ ਲੱਗਭਗ ਮਜ਼ਦੂਰ 8 ਘੰਟੇ ਤੋਂ ਵੱਧ ਸਮੇਂ ਲਈ ਕੰਮ ਕਰਦੇ ਹਨ ਅਤੇ ਕਦੇ ਵੀ ਹਫ਼ਤਾਵਾਰੀ ਛੁੱਟੀ ਨਹੀਂ ਕਰਦੇ। ਵੱਡੀ ਗਿਣਤੀ ਮਜ਼ਦੂਰਾਂ ਨੂੰ 16-16 ਘੰਟੇ ਕੰਮ ਕਰਨਾ ਪੈਂਦਾ ਹੈ। ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਨੂੰ ਸ਼ਰੀਰਕ ਸਜਾਵਾਂ ਦੇਣੀਆਂ ਆਮ ਗੱਲ ਹੈ। 20 ਕਰੋੜ ਮਜ਼ਦੂਰ ਬੇਹੱਦ ਖਤਰੇ ਭਰੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ। ਇੱਕ ਅੰਕੜੇ ਮੁਤਾਬਿਕ ਸੱਤ ਲੱਖ ਦੇ ਲਗਭਗ ਮਜ਼ਦੂਰ ਕੰਮ ਦੌਰਾਨ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਜਿਹਨਾਂ ਵਿੱਚ ਇੱਕ ਲੱਖ ਦੀ ਜਾਨ ਚਲੀ ਜਾਂਦੀ ਹੈ, ਵੱਡੀ ਗਿਣਤੀ ਮਜ਼ਦੂਰ ਉਮਰ ਭਰ ਲਈ ਅਪਾਹਿਜ ਹੋ ਜਾਂਦੇ ਹਨ।

ਮਜ਼ਦੂਰਾਂ ਨੂੰ ਸਰਕਾਰ ਵੱਲੋਂ ਮਿਲਣ ਵਾਲ਼ੀਆਂ ਰਿਹਾਇਸ਼, ਭੋਜਨ, ਸਿੱਖਿਆ ਤੇ ਸਿਹਤ ਸਹੂਲਤਾਂ ਉੱਤੇ ਵੱਡੇ ਪੱਧਰ ਉੱਤੇ ਕਟੌਤੀ ਕੀਤੀ ਗਈ ਹੈ। ਦਵਾ-ਇਲਾਜ ਲਈ ਮਜ਼ਦੂਰਾਂ ਨੂੰ ਸਮਾਜਵਾਦੀ ਦੌਰ ਦੇ ਉਲ਼ਟ ਭਾਰੀ ਕੀਮਤਾਂ ਚੁਕਾਉਣੀਆਂ ਪੈਂਦੀਆਂ ਹਨ। ਵੱਡੀ ਗਿਣਤੀ ਮਜ਼ਦੂਰ ਪੈਸੇ ਦੀ ਘਾਟ ਕਾਰਨ ਇਲਾਜ ਨਹੀਂ ਕਰਵਾ ਪਾਉਂਦੇ ਅਤੇ ਮੌਤ ਦੇ ਮੂੰਹ ਵਿੱਚ ਜਾ ਡਿੱਗਦੇ ਹਨ।

ਮਜ਼ਦੂਰਾਂ ਦੀਆਂ ਰਿਹਾਇਸ਼ੀ ਹਾਲਤਾਂ ਕਿੰਨੀਆਂ ਭਿਅੰਕਰ ਹੋ ਚੁੱਕੀਆਂ ਹਨ ਇਸਦਾ ਅੰਦਾਜ਼ਾ ਪਰਲ ਰਿਵਰ ਡੈਲਟਾ ਇਲਾਕੇ ਦੇ ਮਜ਼ਦੂਰਾਂ ਦੀਆਂ ਹਾਲਤਾਂ ਤੋਂ ਲਗਾਇਆ ਜਾ ਸਕਦਾ ਹੈ। ਸੜਕਾਂ ਦੇ ਕਿਨਾਰੇ-ਕਿਨਾਰੇ ਫੈਕਟਰੀਆਂ ਦੀ ਕਤਾਰ ਹੈ। ਦੂਜੇ ਪਾਸੇ ਛੇ ਮੰਜ਼ਲਾਂ ਇਮਾਰਤਾਂ ਹਨ ਜਿਨ੍ਹਾਂ ਦੇ ਛੋਟੇ-ਛੋਟੇ ਕਮਰਿਆਂ ਵਿੱਚ ਮਜ਼ਦੂਰ ਰਹਿੰਦੇ ਹਨ। ਇਸ ਇਲਾਕੇ ‘ਚ ਸੈਂਕੜੇ ਕਿਲੋਮੀਟਰ ਤੱਕ ਅਜਿਹਾ ਹੀ ਦ੍ਰਿਸ਼ ਹੈ। ਇੱਕ-ਇੱਕ ਕਮਰੇ ਵਿੱਚ ਛੇ ਤੋਂ ਲੈ ਕੇ 12 ਮਜ਼ਦੂਰਾਂ ਨੂੰ ਰਹਿਣਾ ਪੈਂਦਾ ਹੈ। 12-12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਉਹ ਇਹਨਾਂ ਖਚਾਖਚ ਭਰੇ ਕਮਰਿਆਂ ਵਿੱਚ ਨਾ ਚੰਗੀ ਤਰ੍ਹਾਂ ਸੌਂ ਸਕਦੇ ਹਨ, ਨਾ ਖਾਣਾ ਬਣਾ ਸਕਦੇ ਹਨ।

ਇਸ ਇਲਾਕੇ ਦੇ ਮਜ਼ਦੂਰਾਂ ਦੀਆਂ ਕੰਮ ਹਾਲਤਾਂ ਤੋਂ ਚੀਨ ਦੇ ਬਾਕੀ ਮਜ਼ਦੂਰਾਂ ਦੀਆਂ ਕੰਮ ਹਾਲਤਾਂ ਦਾ ਵੀ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲਗਾਤਾਰ ਸਖਤ ਮਿਹਨਤ ਤੋਂ ਬਾਅਦ ਵੀ ਉਹਨਾਂ ਨੂੰ ਬੇਹੱਦ ਘੱਟ ਉਜ਼ਰਤਾਂ ਹਾਸਿਲ ਹੁੰਦੀਆਂ ਹਨ। ਨਾਂਹ-ਨੁੱਕਰ ਤੋਂ ਬਿਨਾਂ ਇਸ ਲੁੱਟ ਦੀ ਚੱੱਕੀ ਵਿੱਚ ਪਿਸਣ ਲਈ ਪਹਿਲੀ ਭਰਤੀ ਸਮੇਂ ਮਜ਼ਦੂਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸਨੂੰ ਸੁਪਰਾਵਾਈਜ਼ਰਾਂ ਦੀ ਭਾਸ਼ਾ ਵਿੱਚ ”ਫੌਜੀ ਟ੍ਰੇਨਿੰਗ” ਕਿਹਾ ਜਾਂਦਾ ਹੈ। ਕਾਰਖਾਨਿਆਂ ਵਿੱਚ ਮਜ਼ਦੂਰਾਂ ਦੇ ਆਪਸ ਵਿੱਚ ਗੱਲ ਕਰਨ ਉੱਤੇ ਮਨਾਹੀ ਹੁੰਦੀ ਹੈ। ਗੱਲ ਕਰਨ ‘ਤੇ ਜਾਂ ਹਾਸਾ ਮਜ਼ਾਕ ਕਰਦੇ ਹੋਏ ਫੜੇ ਜਾਣ ‘ਤੇ ਭਾਰੀ ਜ਼ੁਰਮਾਨਾ ਲਗਾਇਆ ਜਾਂਦਾ ਹੈ। ਛੁੱਟੀ ਕਰਨ ‘ਤੇ ਪੈਸੇ ਕੱਟ ਲਏ ਜਾਂਦੇ ਹਨ। ਲਗਾਤਾਰ ਬੇਹੱਦ ਨੀਰਸ ਅਤੇ ਅਕਾਊ ਕੰਮ ਕਰਦੇ-ਕਰਦੇ ਉਹ ਡੂੰਘੀ ਮਾਨਸਿਕ ਥਕਾਵਟ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਜਾਂਦੇ ਹਨ ਜਿਹੜੀ ਡੂੰਘੀ ਮਾਨਸਿਕ ਬਿਮਾਰੀ ਦਾ ਰੂਪ ਲੈ ਲੈਂਦੀ ਹੈ।

ਔਰਤਾਂ ਵੱਡੇ ਪੱਧਰ ‘ਤੇ ਵਿਤਕਰੇ ਦਾ ਸ਼ਿਕਾਰ ਹਨ। ਔਰਤ ਮਜ਼ਦੂਰਾਂ ਨੂੰ ਮਿਲਣ ਵਾਲ਼ੇ ਵਿਸ਼ੇਸ਼ ਹੱਕ ਵੀ ਖੋਹੇ ਜਾ ਰਹੇ ਹਨ। ਨਵ-ਵਿਆਹੀਆਂ, ਬੱਚੇ ਵਾਲ਼ੀਆਂ ਔਰਤਾਂ ਨੂੰ ਕੰਮ ‘ਤੇ ਰੱਖਣ ਤੋਂ ਬਚਿਆ ਜਾਂਦਾ ਹੈ। ਔਰਤਾਂ ਦੀ ਛਾਂਟੀ ਆਮ ਗੱਲ ਹੋ ਗਈ ਹੈ। ਔਰਤਾਂ ਨੂੰ ਮਰਦਾਂ ਤੋਂ ਘੱਟ ਉਜ਼ਰਤਾਂ ਉੱਤੇ ਕੰਮ ਕਰਨਾ ਪੈਂਦਾ ਹੈ।

ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਚੀਨ ਦੀ ਨਕਲੀ ਕਮਿਊਨਿਸਟ ਪਾਰਟੀ ਕਹਿੰਦੀ ਹੈ ਕਿ ਚੀਜ਼ਾਂ ਦੀਆਂ ਕੀਮਤਾਂ ਮੰਡੀ ‘ਚ ਤੈਅ ਹੋਣਗੀਆਂ। ਇਸਦੇ ਉਲ਼ਟ ਮਾਓਵਾਦੀ ਚੀਨ ਵਿੱਚ ਚੀਜ਼ਾਂ ਦੀਆਂ ਕੀਮਤਾਂ ਵੱਧਣ ਦੀ ਬਜਾਇ ਘੱਟਦੀਆਂ ਜਾ ਰਹੀਆਂ ਹਨ, ਲੋਕਾਂ ਦਾ ਜੀਵਨ ਪੱਧਰ ਲਗਾਤਾਰ ਉੱਪਰ ਉੱਠਦਾ ਜਾ ਰਿਹਾ ਸੀ।

ਚੀਨ ਦੀ ਮਜ਼ਦੂਰ ਜਮਾਤ ਦੀ ਆਰਥਿਕ ਬਦਹਾਲੀ ਨੂੰ ਸਮਝਣ ਲਈ ਇੱਥੋਂ ਦੇ ਅਮੀਰੀ-ਗਰੀਬੀ ਦੇ ਪਾੜੇ ਨੂੰ ਜਾਨਣਾ ਵੀ ਜ਼ਰੂਰੀ ਹੈ। ਸਮਾਜਵਾਦੀ ਦੌਰ ਵਿੱਚ ਚੀਨ ਸਭ ਤੋਂ ਵੱਧ ਆਰਥਿਕ ਬਰਾਬਰੀ ਵਾਲ਼ੇ ਦੇਸ਼ਾਂ ਵਿੱਚ ਸ਼ਾਮਲ ਸੀ। ਪਰ ਸਰਮਾਏਦਾਰਾ ਪ੍ਰਬੰਧ ਦੀ ਬਹਾਲੀ ਤੋਂ ਬਾਅਦ ਹੁਣ ਇੱਥੇ ਭਿਆਨਕ ਹੱਦ ਤੱਕ ਆਰਥਿਕ ਗੈਰਬਰਾਬਰੀ ਸਥਾਪਿਤ ਹੋ ਚੁੱਕੀ ਹੈ। ਸੰਸਾਰ ਬੈਂਕ ਦੀ ਇੱਕ ਰਿਪੋਰਟ ਮੁਤਾਬਿਕ ਸੰਨ 2005 ਵਿੱਚ ਚੀਨ ਵਿੱਚ ਸਭ ਤੋਂ ਵੱਧ ਅਮੀਰ ਦਸ ਫੀਸਦੀ ਪਰਿਵਾਰ ਕੁੱਲ ਘਰੇਲੂ ਆਮਦਨ ਦੇ 31 ਫੀਸਦੀ ਦੇ ਮਾਲਕ ਸਨ। ਹੇਠਲੇ ਸਭ ਤੋਂ ਗਰੀਬ ਦਸ ਫੀਸਦੀ ਲੋਕ ਦੋ ਫੀਸਦੀ ਦੇ ਮਾਲਕ ਸਨ। ”ਸੰਸਾਰ ਦੀ ਦੌਲਤ ਬਾਰੇ ਰਿਪੋਰਟ” (2006) ਮੁਤਾਬਿਕ ਚੀਨ ਦੇ ਸਭ ਤੋਂ ਵੱਧ ਅਮੀਰ 0.4 ਫੀਸਦੀ ਪਰਿਵਾਰਾਂ ਕੋਲ਼ ਚੀਨ ਦੀ ਕੌਮੀ ਦੌਲਤ ਦੇ 70 ਫੀਸਦੀ ਉੱਪਰ ਕਬਜ਼ਾ ਹੈ। ਸੰਨ 2006 ਵਿੱਚ ਸਭ ਤੋਂ ਅਮੀਰ 3200 ਵਿਅਕਤੀਆਂ ਕੋਲ਼ 100 ਕਰੋੜ ਯੂਆਨ (ਲਗਭਗ ਡੇਢ ਕਰੋੜ ਅਮਰੀਕੀ ਡਾਲਰ) ਦੀ ਨਿੱਜੀ ਸੰਪੱਤੀ ਸੀ। ਇਹਨਾਂ ਵਿੱਚੋਂ 90 ਫੀਸਦੀ (2600) ਵੱਡੇ ਸਰਕਾਰੀ ਅਧਿਕਾਰੀਆਂ ਜਾਂ ਪਾਰਟੀ ਆਗੂਆਂ ਦੀਆਂ ਔਲਾਦਾਂ ਹਨ।

ਸਰਮਾਏਦਾਰਾ ਚੀਨ ਵਿੱਚ ਮਜ਼ਦੂਰਾਂ ਦੇ ਸਿਆਸੀ ਹੱਕਾਂ ਉੱਤੇ ਵੱਡਾ ਹਮਲਾ ਕੀਤਾ ਗਿਆ ਹੈ। ਮਜ਼ਦੂਰਾਂ ਦੀਆਂ ਹੜਤਾਲ਼ਾਂ, ਧਰਨਿਆਂ, ਮੁਜਾਹਰਿਆਂ ਉੱਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਮਜ਼ਦੂਰਾਂ ਵੱਲੋਂ ਕਾਰਖਾਨਾ ਪ੍ਰਬੰਧਕਾਂ ਤੇ ਸਰਕਾਰ ਖਿਲਾਫ਼ ਆਪਣੇ ਵਿਚਾਰ ਪ੍ਰਗਟਾਉਣ ਤੇ ਪ੍ਰਚਾਰਿਤ ਕਰਨ ਉੱਤੇ ਸਖਤ ਰੋਕਾਂ ਹਨ। ਰੋਕਾਂ ਦੀਆਂ ਉਲੰਘਣਾਵਾਂ ‘ਤੇ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਸਮਾਜਵਾਦੀ ਚੀਨ ਵਿੱਚ ਮਜ਼ਦੂਰਾਂ ਨੂੰ ਯੂਨੀਅਨਾਂ ਬਣਾਉਣ ਅਤੇ ਇਹਨਾਂ ਦੇ ਮੈਂਬਰ ਬਣਨ ਦਾ ਪੂਰਾ ਹੱਕ ਸੀ। ਪਰ ਇਹ ਹੱਕ ਹੁਣ ਖੋਹ ਲਿਆ ਗਿਆ ਹੈ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਅਹੁਦੇਦਾਰ ਨਕਲੀ ਕਮਿਊਨਿਸਟ ਪਾਰਟੀ ਤੈਅ ਕਰਦੀ ਹੈ।

ਪਰ ਸਰਮਾਏਦਾਰਾਂ ਹਾਕਮਾਂ ਦੇ ਇਹਨਾਂ ਸਿਆਸੀ-ਆਰਥਿਕ ਹੱਲਿਆਂ ਅੱਗੇ ਚੀਨ ਦੀ ਮਜ਼ਦੂਰ ਜਮਾਤ ਹੱਥ ‘ਤੇ ਹੱਥ ਧਰ ਕੇ ਨਹੀਂ ਬੈਠੀ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਜਦੋਂ ਸਰਮਾਏਦਾਰਾ ਰਾਹੀਆਂ ਖਿਲਾਫ਼ ਘੋਲ਼ ਜ਼ੋਰਾਂ ‘ਤੇ ਸੀ ਉਦੋਂ ਕਾਮਰੇਡ ਮਾਓ ਨੇ ਕਿਹਾ ਸੀ ਕਿ ਜੇਕਰ ਸਰਮਾਏਦਾਰਾ ਰਾਹੀਏ ਚੀਨ ਦੀ ਸੱਤਾ ‘ਤੇ ਕਾਬਜ਼ ਹੋ ਵੀ ਜਾਂਦੇ ਹਨ ਤਾਂ ਚੀਨੀ ਲੋਕ ਉਹਨਾਂ ਨੂੰ ਇੱਕ ਦਿਨ ਵੀ ਚੈਨ ਦੀ ਨੀਂਦ ਨਹੀਂ ਸੌਣ ਦੇਣਗੇ। ਕਾਮਰੇਡ ਮਾਓ ਦੀ ਇਹ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਸਾਬਤ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਜਨਤਕ ਰੋਹ ਦੀਆਂ ਸਲ਼ਾਨਾ ਘਟਨਾਵਾਂ ਦੀ ਗਿਣਤੀ 1993 ਵਿੱਚ 8700 ਸੀ, 2010 ਤੱਕ ਵੱਧ ਕੇ 90,000 ਤੱਕ ਪਹੁੰਚ ਚੁੱਕੀ ਸੀ। ਨਿਊਯਾਰਕ ਟਾਈਮਜ਼ ਮੁਤਾਬਿਕ ਸੰਨ 2011 ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਇੱਕ ਲੱਖ ਅੱਸੀ ਹਜ਼ਾਰ ਤੱਕ ਜਾ ਪਹੁੰਚੀ ਹੈ। ਇਹਨਾਂ ਘਟਨਾਵਾਂ ਵਿੱਚ ਹੜਤਾਲਾਂ, ਰੈਲੀਆਂ ਅਤੇ ਪੁਲੀਸ ਨਾਲ਼ ਝੜਪਾਂ ਸ਼ਾਮਲ ਹਨ।

ਇਹਨਾਂ ਸਰਗਰਮੀਆਂ ਵਿੱਚ ਮਜ਼ਦੂਰ ਜਮਾਤ ਦੀ ਵੱਡੇ ਪੱਧਰ ‘ਤੇ ਸ਼ਮੂਲੀਅਤ ਹੈ। ਚੀਨ ਦੀ ਮਜ਼ਦੂਰ ਜਮਾਤ ਦਾ ਇੱਕ ਹਿੱਸਾ ਅਜਿਹਾ ਹੈ ਜਿਸਨੇ ਸਮਾਜਵਾਦੀ ਦੌਰ ਵੇਖਿਆ ਹੈ। ਉਹ ਇਹ ਕਾਫ਼ੀ ਡੂੰਘੀ ਤਰ੍ਹਾਂ ਮਹਿਸੂਸ ਕਰਦੇ ਹਨ ਅਤੇ ਸਮਝਦੇ ਹਨ ਕਿ ਸਮਾਜਵਾਦੀ ਪ੍ਰਬੰਧ ਵਿੱਚ ਹੀ ਮਜ਼ਦੂਰਾਂ ਦੀ ਹਾਲਤ ਚੰਗੀ ਹੋ ਸਕਦੀ ਹੈ। ਨਵੀਂ ਪੀੜੀ ਦੇ ਮਜ਼ਦੂਰ ਜਿੱਥੇ ਵੱਧ ਤਨਖਾਹਾਂ, ਹੋਰ ਆਰਥਿਕ ਹੱਕਾਂ, ਕੰਮ ਦੀਆਂ ਚੰਗੀਆਂ ਹਾਲਤਾਂ ਲਈ ਵਧੇਰੇ ਚੋਭ ਮਹਿਸੂਸ ਕਰਦੇ ਹੋਏ ਘੋਲ਼ ਕਰਦੇ ਹਨ ਉੱਥੇ ਸਮਾਜਵਾਦੀ ਦੌਰ ਦੇ ਮਜ਼ਦੂਰ ਕਾਰਖਾਨਿਆਂ ਦੇ ਨਿੱਜੀਕਰਨ ਦੇ ਮਸਲੇ ਦੀ ਸਿਆਸੀ ਲੀਹ ਖਿਲਾਫ਼ ਘੋਲ਼ ਨੂੰ ਯਾਨੀ ਸਮਾਜਵਾਦ ਲਈ ਘੋਲ਼ ਨੂੰ ਮੁੱਖ ਮੰਨਦੇ ਹਨ। ਸਰਕਾਰੀ ਅਦਾਰਿਆਂ ਦੇ ਸਾਬਕਾ ਮਜ਼ਦੂਰਾਂ ਦੀਆਂ ਅਗਵਾਈ ਵਾਲ਼ੇ ਘੋਲ਼ ਨਿੱਜੀਕਰਨ ਵਿਰੋਧੀ, ਭ੍ਰਿਸ਼ਟਾਚਾਰ ਵਿਰੋਧੀ, ਸਰਕਾਰੀ ਅਧਿਕਾਰੀਆਂ ਖਿਲਾਫ਼ ਆਦਿ ਨਾਲ਼ ਸਬੰਧਤ ਹੁੰਦੇ ਹਨ ਜਦ ਕਿ ਨਵੀਂ ਪੀੜੀ ਦੇ ਮਜ਼ਦੂਰਾਂ, ਜੋ ਕਿ ਜਿਆਦਾ ਪਿੰਡਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਹਨ, ਦੇ ਘੋਲ਼ ਮੁੱਖ ਤੌਰ ‘ਤੇ ਤਨਖਾਹ ਵਾਧੇ, ਓਵਰਟਾਈਮ ਆਦਿ ਨਾਲ਼ ਸਬੰਧਤ ਹੁੰਦੇ ਹਨ। ਭਾਂਵੇਂ ਕਿ ਸਰਕਾਰੀ ਅਦਾਰਿਆਂ ਦੇ ਮਜ਼ਦੂਰਾਂ ਦੀ ਗਿਣਤੀ ਕੁੱਲ ਮਜ਼ਦੂਰਾਂ ‘ਚ ਘੱਟ ਹੈ ਪਰ ਉਹਨਾਂ ਦੇ ਘੋਲ਼ ਵੱਧ ਅਸਰਦਾਇਕ ਅਤੇ ਮਜ਼ਦੂਰਾਂ ਦੀ ਤਾਕਤ ਵਧਾਉਣ ਵਿੱਚ ਵੱਧ ਭੂਮੀਕਾ ਅਦਾ ਕਰਦੇ ਹਨ।  

ਚੀਨ ਦੇ ਮਜ਼ਦੂਰਾਂ ਦੀ ਨਿੱਜੀਕਰਨ ਵਿਰੋਧੀ ਘੋਲ਼ ਦੀ ਇੱਕ ਉਦਾਹਰਣ ਦੇਣੀ ਇੱਥੇ ਲਾਹੇਵੰਦ ਹੋਵੇਗੀ। ਸੰਨ 2005 ਵਿੱਚ ਜਿਲਿਨ ਪ੍ਰਾਂਤ ਵਿੱਚ ਤੌਂਘੂਆ ਸਟੀਲ ਕਾਰਖਾਨੇ ਦਾ ਨਿੱਜੀਕਰਨ ਕਰ ਦਿੱਤਾ ਗਿਆ ਸੀ। ਦਸ ਅਰਬ ਯੂਆਨ ਦੀ ਰਾਜਕੀ ਜਾਇਦਾਦ ਦੀ ਕੀਮਤ ਦੇ ਇਸ ਕਾਰਖਾਨੇ ਦੀ ਕੀਮਤ ਸਿਰਫ਼ ਦੋ ਅਰਬ ਯੂਆਨ ਮਿਥੀ ਗਈ। ਇੱਕ ਤਾਕਤਵਰ ਨਿੱਜੀ ਕੰਪਨੀ ਜਿਆਨਲੋਂਗ, ਜਿਸਦੇ ਬੀਜਿੰਗ ਵਿੱਚ ਉੱਚ ਅਧਿਕਾਰੀਆਂ ਨਾਲ਼ ਨੇੜਲੇ ਸਬੰਧ ਸਨ, ਸਿਰਫ਼ 80 ਕਰੋੜ ਯੂਆਨ ਹੀ ਅਦਾ ਕਰਕੇ ਕਾਰਖਾਨੇ ਦੀ ਮਾਲਕ ਬਣ ਬੈਠੀ। ਨਿੱਜੀਕਰਨ ਤੋਂ ਬਾਅਦ ਮਜ਼ਦੂਰਾਂ ਦੀਆਂ ਉਜ਼ਰਤਾਂ ਦੋ ਤਿਹਾਈ ਘਟਾ ਦਿੱਤੀਆਂ ਗਈਆਂ। ਕਾਰਖਾਨੇ ਵਿੱਚ ਹਾਦਸੇ ਬਹੁਤ ਵੱਧ ਗਏ। ਮਜ਼ਦੂਰਾਂ ਉੱਤੇ ਮਨਮਰਜੀ ਦੇ ਜੁਰਮਾਨੇ ਅਤੇ ਸਜਾਵਾਂ ਥੋਪੀਆਂ ਜਾਣ ਲੱਗੀਆਂ। ਸੰਨ 2007 ਵਿੱਚ ਇਸ ਕਾਰਖਾਨੇ ਦੇ ਮਜ਼ਦੂਰਾਂ ਨੇ ਰੋਸ ਮੁਜਾਹਰੇ ਕਰਨੇ ਸ਼ੁਰੂ ਕਰ ਦਿੱਤੇ। ਮਾਓ ਦੇ ਸਮੇਂ ਦਾ ਵੂਨਾਂ ਦਾ ਇੱਕ ਮਜ਼ਦੂਰ ਆਗੂ ਬਣ ਕੇ ਗਿਆ। ਉਸਨੇ ਮਜ਼ਦੂਰਾਂ ਨੂੰ ਸਪੱਸ਼ਟ ਕਿਹਾ ਕਿ ਅਸਲ ਮੁੱਦਾ ਨਿੱਜੀਕਰਨ ਦੀ ਸਿਆਸੀ ਲੀਹ ਦਾ ਹੈ। ਜੁਲਾਈ 2009 ਵਿੱਚ ਮਜ਼ਦੂਰਾਂ ਨੇ ਖਾੜਕੂ ਹੜਤਾਲ ਕਰ ਦਿੱਤੀ। ਇਸਤੋਂ ਬਾਅਦ ਜਿਲਿਨ ਪ੍ਰਾਂਤ ਵਿੱਚ ਸਰਕਾਰ ਨੇ ਨਿੱਜੀਕਰਨ ਦੀ ਯੋਜਨਾ ਠੱਪ ਕਰ ਦਿੱਤੀ। ਤੌਂਘੂਆ ਸਟੀਲ ਮਜ਼ਦੂਰਾਂ ਦੀ ਜਿੱਤ ਨੇ ਚੀਨ ਦੇ ਹੋਰ ਹਿੱਸਿਆਂ ਦੇ ਮਜ਼ਦੂਰਾਂ ਨੂੰ ਵੀ ਪ੍ਰੇਰਿਤ ਕੀਤਾ। ਬਹੁਤ ਸਾਰੇ ਹੋਰ ਸਟੀਲ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਵੀ ਨਿੱਜੀਕਰਨ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਸਰਕਾਰ ਨੂੰ ਨਿੱਜੀਕਰਨ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਰੱਦ ਕਰਨ ‘ਤੇ ਮਜ਼ਬੂਰ ਕੀਤਾ। ਚੀਨ ਦੀ ਊਰਜ਼ਾ ਅਤੇ ਭਾਰੀ ਸਨਅੱਤ ਦਾ ਵੱਡਾ ਹਿੱਸਾ ਅੱਜ ਵੀ ਸਰਕਾਰੀ ਮਾਲਕੀ ਹੇਠ ਹੈ। ਇਸ ਨਜ਼ਰੀਏ ਤੋਂ ਚੀਨ ਦੇ ਰਾਜਕੀ ਮਜ਼ਦੂਰ, ਮਜ਼ਦੂਰ ਜਮਾਤ ਦਾ ਉਹ ਹਿੱਸਾ ਹੈ ਜੋ ਚੀਨੀ ਸਰਮਾਏਦਾਰ ਜਮਾਤ ਨੂੰ ਵੱਡੀ ਆਰਥਿਕ ਅਤੇ ਸਿਆਸੀ ਚੁਣੌਤੀ ਦੇ ਸਕਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨ ਦੀ ਮਜ਼ਦੂਰ ਜਮਾਤ ਵਿੱਚ ਸਰਮਾਏਦਾਰਾ ਪ੍ਰਬੰਧ ਖਿਲਾਫ਼ ਰੋਹ ਵੱਧਦਾ ਜਾ ਰਿਹਾ ਹੈ ਅਤੇ ਇਸਦੀ ਸਿਆਸੀ ਸੂਝ ਲਗਾਤਾਰ ਵਿਕਸਿਤ ਹੁੰਦੀ ਜਾ ਰਹੀ ਹੈ। ਚੀਨ ਦੀ ਮਜ਼ਦੂਰ ਜਮਾਤ ਕੋਲ਼ ਇੱਕ ਸ਼ਾਨਦਾਰ ਸਮਾਜਵਾਦੀ ਵਿਰਸਾ ਹੈ। ਉਸ ਕੋਲ਼ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਤਜ਼ਰਬਾ ਹੈ। ਇਹ ਚੀਜ਼ਾਂ ਚੀਨ ਦੀ ਮਜ਼ਦੂਰ ਜਮਾਤ ਨੂੰ ਸੰਸਾਰ ਮਜ਼ਦੂਰ ਜਮਾਤ ਵਿੱਚ ਇੱਕ ਵਿਲੱਖਣ ਥਾਂ ਪ੍ਰਦਾਨ ਕਰਦੀਆਂ ਹਨ। ਚੀਨ ਦਾ ਸਮਾਜਵਾਦੀ ਇਨਕਲਾਬ ਕਿਵੇਂ-ਕਿਵੇਂ ਅੱਗੇ ਵੱਧਦਾ ਹੈ ਅਤੇ ਕਦੋਂ ਸਰਮਾਏਦਾਰਾ ਜਮਾਤ ਦੇ ਕਬਰ ਪੁੱਟ ਫਿਰ ਤੋਂ ਚੀਨ ਦੀ ਰਾਜਸੱਤਾ ‘ਤੇ ਕਾਬਜ਼ ਹੋਣਗੇ ਇਹ ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements