ਆਵਾਰਾ ਭੀੜ ਦੇ ਖ਼ਤਰੇ •ਹਰੀਸ਼ੰੰਕਰ ਪਰਸਾਈ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇੱਕ ਸੀਮਤ ਜਿਹੀ ਗੋਸ਼ਟੀ ਹੋ ਰਹੀ ਸੀ ਨੌਜਵਾਨਾਂ ਦੀ ਬੇਚੈਨੀ ਬਾਰੇ। ਇਲਾਹਾਬਾਦ ਦੇ ਲਕਸ਼ਮੀ ਕਾਂਤ ਵਰਮਾ ਨੇ ਦੱਸਿਆ— ਪਿਛਲੀ ਦਿਵਾਲੀ ਨੂੰ ਕਿਸੇ ਸਾੜੀ ਦੀ ਦੁਕਾਨ ‘ਤੇ ਸ਼ੀਸ਼ੇ ਦੇ ਕੇਸ ਵਿੱਚ ਸੋਹਣੀ ਜਿਹੀ ਸਾੜੀ ਵਿੱਚ ਸਜੀ ਇੱਕ ਮਾਡਲ ਖੜੀ ਸੀ। ਇੱਕ ਨੌਜਵਾਨ ਨੇ ਅਚਾਨਕ ਇੱਕ ਪੱਥਰ ਉਸ ਵੱਲ ਵਗਾ ਮਾਰਿਆ। ਸ਼ੀਸ਼ਾ ਟੁੱਟ ਗਿਆ। ਆਲ਼ੇ-ਦੁਆਲ਼ੇ ਦੇ ਲੋਕਾਂ ਨੇ ਪੁੱਛਿਆ ਕਿ ਤੂੰ ਇਹ ਕਿਉਂ ਕੀਤਾ? ਉਸਨੇ ਲਾਲ-ਪੀਲ਼ੀ ਸ਼ਕਲ ਬਣਾ ਕੇ ਜਵਾਬ ਦਿੱਤਾ— ”ਹਰਾਮਜ਼ਾਦੀ ਕਿੰਨੀ ਸੋਹਣੀ ਹੈ।”

ਅਸੀਂ ਚਾਰ-ਪੰਜ ਲੇਖਕ ਇਹ ਚਰਚਾ ਕਰਦੇ ਰਹੇ ਕਿ ਉਸ ਮੁੰਡੇ ਦੀ ਇਸ ਹਰਕਤ ਦਾ ਕਾਰਨ ਕੀ ਹੈ? ਕੀ ਅਰਥ ਹੈ? ਇਹ ਕਿਹੋ ਜਿਹੀ ਮਾਨਸਿਕਤਾ ਹੈ? ਇਹ ਮਾਨਸਿਕਤਾ ਕਿਉਂ ਬਣੀ? ਵੀਹਵੀਂ ਸਦੀ ਦੇ ਪਿਛਲੇ ਅੱਧ ਵਿੱਚ ਇਹ ਸਵਾਲ ਦੁਨੀਆ ਭਰ ਦੇ ਨੌਜਵਾਨਾਂ ਬਾਰੇ ਉੱਠ ਰਹੇ ਹਨ— ਪੱਛਮ ਦੇ ਖ਼ੁਸ਼ਹਾਲ ਦੇਸ਼ਾਂ ਵਿੱਚ ਵੀ ਅਤੇ ਤੀਸਰੀ ਦੁਨੀਆ ਦੇ ਗਰੀਬ ਦੇਸ਼ਾਂ ਵਿੱਚ ਵੀ। ਅਮਰੀਕਾ ਵਿੱਚੋਂ ਆਵਾਰਾ ਹਿੱਪੀ ਅਤੇ ”ਹਰੇ ਕ੍ਰਿਸ਼ਨਾ ਹਰੇ ਰਾਮਾ” ਗਾਉਂਦੇ ਆਪਣੇ ਪ੍ਰਬੰਧ ਤੋਂ ਅਸੰਤੁਸ਼ਟ ਨੌਜਵਾਨ ਭਾਰਤ ਆਉਂਦੇ ਹਨ ਅਤੇ ਭਾਰਤ ਦਾ ਨੌਜਵਾਨ ਲਾਲ਼ਾਂ ਸੁੱਟਦਾ ਫਿਰਦਾ ਹੈ ਕਿ ਚਾਹੇ ਚਪੜਾਸੀ ਹੀ ਲੱਗਾਂ, ਪਰ ਅਮਰੀਕਾ ‘ਚ ਰਹਾਂ। ‘ਸਟੇਟਸ’ ਜਾਣਾ ਮਤਲਬ ਚੌਵੀ ਘੰਟੇ ਗੰਗਾ ਨਹਾਉਣ ਵਰਗਾ ਹੈ। ਇਹ ਛੋਟ ਹਨ। ਹੇੜਾਂ ਦੀਆਂ ਹੇੜਾਂ ਉਹਨਾਂ ਨੌਜਵਾਨਾਂ ਦੀਆਂ ਹਨ ਜਿਹੜੇ ਨਿਰਾਸ਼, ਬੇਕਾਰ ਅਤੇ ਖਿਝੇ ਹੋਏ ਹਨ। ਖ਼ੁਸ਼ਹਾਲ ਪੱਛਮ ਦੇ ਨੌਜਵਾਨਾਂ ਦੇ ਵਿਵਹਾਰ ਅਤੇ ਭਾਰਤ ਦੇ ਨੌਜਵਾਨਾਂ ਦੇ ਵਿਵਹਾਰ ਦੇ ਕਾਰਨ ਵੱਖ-ਵੱਖ ਹਨ।

ਸਵਾਲ ਹੈ— ਉਸ ਨੌਜਵਾਨ ਨੇ ਸੋਹਣੀ ਮਾਡਲ ਨੂੰ ਪੱਥਰ ਕਿਉਂ ਮਾਰਿਆ? ਹਰਾਮਜ਼ਾਦੀ ਕਿੰਨੀ ਸੋਹਣੀ ਹੈ— ਇਹ ਗੱਲ ਉਸਦੇ ਗੁੱਸੇ ਦਾ ਕਾਰਨ ਕਿਉਂ ਹੈ? ਵਾਹ, ਕਿੰਨੀ ਸੋਹਣੀ ਹੈ— ਅਜਿਹੇ ਨੌਜਵਾਨ ਇਸੇ ਗੱਲ ਨੂੰ ਇਸ ਢੰਗ ਨਾਲ਼ ਕਿਉਂ ਨਹੀਂ ਕਹਿੰਦੇ?

ਨੌਜਵਾਨ ਨੇ ਸਾਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ। ਚਿਹਰਾ ਬੁਝਿਆ ਹੋਇਆ ਸੀ ਜਿਸਦੀ ਸੁਆਹ ਵਿੱਚੋਂ ਚੰਗਿਆੜੀ ਨਿਕਲ਼ੀ ਸੀ ਪੱਥਰ ਮਾਰਦੇ ਸਮੇਂ। ਪੜਿਆ ਲਿਖਿਆ ਸੀ। ਬੇਰੁਜ਼ਗਾਰ ਸੀ। ਨੌਕਰੀ ਲਈ ਭਟਕਦਾ ਰਿਹਾ ਸੀ। ਕਾਰੋਬਾਰ ਕੋਈ ਨਹੀਂ। ਘਰ ਦੀ ਹਾਲਤ ਖ਼ਰਾਬ। ਘਰੇ ਬੇਜ਼ਤੀ, ਬਾਹਰ ਕੋਈ ਪੁੱਛ-ਪ੍ਰਤੀਤ ਨਹੀਂ। ਉਹ ਆਪਣੇ ਆਪ ਪ੍ਰਤੀ ਕਰਿਹਤ ਨਾਲ਼ ਨੱਕੋ-ਨੱਕ ਭਰਿਆ। ਘੁਟਣ ਅਤੇ ਗੁੱਸਾ। ਇੱਕ ਨਕਾਰਾਤਮਕ ਭਾਵਨਾ। ਸਭ ਨਾਲ਼ ਸ਼ਿਕਾਇਤ। ਅਜਿਹੀ ਮਾਨਸਿਕਤਾ ਵਿੱਚ ਸੁਹੱਪਣ ਦੇਖਣ ਨਾਲ਼ ਖਿਝ ਚੜਦੀ ਹੈ। ਖਿੜੇ ਹੋਏ ਫੁੱਲ ਬੁਰੇ ਲੱਗਦੇ ਹਨ। ਕਿਸੇ ਦੇ ਵਧੀਆ ਘਰ ਤੋਂ ਘ੍ਰਿਣਾ ਹੁੰਦੀ ਹੈ। ਵਧੀਆ ਸੋਹਣੀ ਕਾਰ ‘ਤੇ ਥੁੱਕਣ ਦਾ ਦਿਲ ਕਰਦਾ ਹੈ। ਮਿੱਠਾ ਗੀਤ-ਸੰਗੀਤ ਸੁਣ ਕੇ ਤਕਲੀਫ ਹੁੰਦੀ ਹੈ। ਚੰਗੇ ਕੱਪੜੇ ਪਾਉਣ ਵਾਲ਼ੇ ਸਾਥੀਆਂ ਤੋਂ ਮਨ ਖੱਟਾ ਜਿਹਾ ਹੋਣ ਲੱਗਦਾ ਹੈ। ਜਿਹੜੀ ਵੀ ਕਿਸੇ ਚੀਜ਼ ਤੋਂ ਖੁਸ਼ੀ, ਸੁਹੱਪਣ, ਖੁਸ਼ਹਾਲੀ, ਸਫਲਤਾ, ਇੱਜ਼ਤ-ਮਾਣ ਦਾ ਖਿਆਲ ਆਉਂਦਾ ਹੈ, ਉਸ ‘ਤੇ ਗੁੱਸਾ ਚੜਦਾ ਹੈ।

ਬੁੱਢੇ-ਸਿਆਣੇ ਲੋਕਾਂ ਨੂੰ ਮੁੰਡਾ ਜਦੋਂ ਮਿਡਲ ਸਕੂਲ ਵਿੱਚ ਹੁੰਦਾ ਹੈ ਉਦੋਂ ਤੋਂ ਹੀ ਸ਼ਿਕਾਇਤ ਹੋਣ ਲੱਗ ਪੈਂਦੀ ਹੈ। ਕਹਿਣਗੇ— ”ਇਹ ਮੁੰਡੇ ਕਿਹੋ ਜਿਹੇ ਹੋ ਗਏ? ਸਾਡੇ ਜ਼ਮਾਨੇ ਵਿੱਚ ਤਾਂ ਇੰਝ ਨਹੀਂ ਹੁੰਦਾ ਸੀ। ਅਸੀਂ ਪਿਤਾ, ਗੁਰੂ, ਸਮਾਜ ਦੇ ਪਤਵੰਤਿਆਂ ਦੀ ਗੱਲ ਸਿਰ ਝੁਕਾ ਕੇ ਮੰਨਦੇ ਸਾਂ। ਹੁਣ ਇਹ ਮੁੰਡੇ ਬਹਿਸ ਕਰਦੇ ਹਨ। ਕਿਸੇ ਦੀ ਗੱਲ ਨਹੀਂ ਸੁਣਦੇ।” ਮੈਂ ਯਾਦ ਕਰਦਾ ਹਾਂ ਕਿ ਜਦੋਂ ਮੈਂ ਵਿਦਿਆਰਥੀ ਸਾਂ, ਉਦੋਂ ਮੈਨੂੰ ਪਿਤਾ ਦੀ ਗੱਲ ਗਲਤ ਤਾਂ ਲੱਗਦੀ ਸੀ, ਪਰ ਮੈਂ ਸਵਾਲ-ਜਵਾਬ ਨਹੀਂ ਕਰਦਾ ਸੀ। ਪਰ ਉਦੋਂ ਸਾਨੂੰ ਵਿਦਿਆਰਥੀਆਂ ਨੂੰ ਜਿਹੜੇ ਜਵਾਨ ਸਨ, ਜਾਣਕਾਰੀ ਹੀ ਕੀ ਸੀ? ਸਾਡੇ ਕਸਬੇ ਵਿੱਚ ਕੁੱਲ ਦਸ-ਬਾਰਾਂ ਅਖ਼ਬਾਰ ਆਉਂਦੇ ਸਨ। ਰੇਡਿਓ ਨਹੀਂ ਸੀ। ਅਜ਼ਾਦੀ ਦੀ ਲੜਾਈ ਦਾ ਸਮਾਂ ਸੀ। ਸਾਰੇ ਨੇਤਾ ਸਾਡੇ ਹੀਰੋ ਸਨ— ਲੋਕਲ ਵੀ ਅਤੇ ਜਵਾਹਰ ਲਾਲ ਨਹਿਰੂ ਵੀ। ਅਸੀਂ ਪਿਤਾ, ਗੁਰੂ, ਸਮਾਜ ਦੇ ਨੇਤਾਂਵਾਂ ਦੀਆਂ ਕਮਜ਼ੋਰੀਆਂ ਨਹੀਂ ਜਾਣਦੇ ਸਾਂ। ਮੈਨੂੰ ਬਹੁਤ ਦੇਰ ਬਾਅਦ ਜਾ ਕੇ ਇਹ ਗੱਲ ਸਮਝ ਆਈ ਕਿ ਮੇਰੇ ਪਿਤਾ ਕੋਲ਼ੇ ਦੇ ਭੱਠਿਆਂ ‘ਤੇ ਕੰਮ ਕਰਨ ਵਾਲ਼ੇ ਗੋਂਡਿਆਂ ਦੀ ਲੁੱਟ-ਖਸੁੱਟ ਕਰਦੇ ਸਨ।

ਪਰ ਹੁਣ ਮੇਰਾ ਗਿਆਰਾਂ ਸਾਲ ਦਾ ਦੋਹਤਾ ਪੰਜਵੀ ਜਮਾਤ ਵਿੱਚ ਪੜਦਾ ਹੈ। ਉਹ ਸਵੇਰੇ ਅਖ਼ਬਾਰ ਪੜਦਾ ਹੈ, ਟੀ.ਵੀ. ਦੇਖਦਾ ਹੈ, ਰੇਡਿਓ ਸੁਣਦਾ ਹੈ। ਉਹ ਲਗਭਗ ਸਾਰੇ ਨੇਤਾਵਾਂ ਦੀ ਅਸਲੀਅਤ ਜਾਣਦਾ ਹੈ। ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਦੀ ਆਲੋਚਨਾ ਕਰਦਾ ਹੈ। ਘਰ ਵਿੱਚ ਉਸਨੂੰ ਕੁਝ ਅਜਿਹਾ ਕਰਨ ਨੂੰ ਕਹੋ ਤਾਂ ਵਿਰੋਧ ਕਰਦਾ ਹੈ— ਮੇਰੀ ਗੱਲ ਵੀ ਤਾਂ ਸੁਣੋ। ਸਾਰਾ ਦਿਨ ਕਿਤਾਬਾਂ ਨਾਲ਼ ਮੱਥਾ ਮਾਰਦਾ ਆਇਆ ਹਾਂ। ਹੁਣ ਫਿਰ ਪੜਨ ਨੂੰ ਕਹੀ ਜਾ ਰਹੇ ਹੋ। ਥੋੜੀ ਦੇਰ ਖੇਡਾਂਗਾ ਨਹੀਂ ਤਾਂ ਪੜਾਈ ਵੀ ਨਹੀਂ ਹੋਣੀ। ਸਾਡੀ ਕਿਤਾਬ ਵਿੱਚ ਲਿਖਿਆ ਹੈ। ਉਹ ਜਾਣਦਾ ਹੈ ਕਿ ਘਰ ਵਿੱਚ ਵੱਡੇ ਲੋਕ ਕਦੋ-ਕਦੋਂ ਝੂਠ ਬੋਲਦੇ ਹਨ।

ਵੱਡੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਵੇਰੇ ਅਖ਼ਬਾਰ ਪੜਦੇ ਹਨ, ਤਾਂ ਸਾਰੀ ਸਿਆਸਤ ਅਤੇ ਸਮਾਜ ਦੇ ਲੀਡਰਾਂ ਦੇ ਭ੍ਰਿਸ਼ਟਾਚਾਰ, ਨਿਘਾਰ ਦੇ ਕਿੱਸੇ ਪੜਦੇ ਹਨ। ਅਖ਼ਬਾਰ ਦੇਸ਼ ਨੂੰ ਚਲਾਉਣ ਵਾਲ਼ੇ ਅਤੇ ਸਮਾਜ ਦੇ ਪਤਵੰਤਿਆਂ ਦੀ ਧੋਖਾਧੜੀ, ਕਪਟ, ਪਾਖੰਡ,ਕੁਕਰਮ ਦੀਆਂ ਖ਼ਬਰਾਂ ਨਾਲ਼ ਭਰੇ ਰਹਿੰਦੇ ਹਨ। ਧਰਮ-ਗੁਰੂਆਂ ਦੀ ਚਰਿੱਤਰਹੀਣਤਾ ਜੱਗ ਜਾਹਿਰ ਹੁੰਦੀ ਹੈ। ਇਹੀ ਲੀਡਰ ਆਪਣੇ ਹਰ ਭਾਸ਼ਣ ਹਰ ਉਪਦੇਸ਼ ਵਿੱਚ ਵਿਦਿਆਰਥੀਆਂ ਨੂੰ ਕਹਿੰਦੇ ਹਨ— ”ਨੌਜਵਾਨੋ, ਤੁਸੀਂ ਦੇਸ਼ ਦਾ ਨਿਰਮਾਣ ਕਰਨਾ ਹੈ (ਕਿਉਂਕਿ ਅਸੀਂ ਨਾਸ ਕਰ ਦਿੱਤਾ ਹੈ) ਤੁਸੀਂ ਚਰਿੱਤਰਵਾਨ ਬਣਨਾ ਹੈ (ਕਿਉਂਕਿ ਅਸੀਂ ਤਾਂ ਚਰਿੱਤਰਹੀਣ ਹਾਂ) ਸਿੱਖਿਆ ਦਾ ਉਦੇਸ਼ ਪੈਸਾ ਕਮਾਉਣਾ ਨਹੀਂ ਹੈ, ਨੈਤਿਕ ਚਰਿੱਤਰ ਗ੍ਰਹਿਣ ਕਰਨਾ ਹੈ (ਅਸੀਂ ਤਾਂ ਸਿੱਖਿਆ ਅਤੇ ਅਸਿੱਖਿਆ ਤੋਂ ਪੈਸਾ ਕਮਾਉਣਾ ਅਤੇ ਅਨੈਤਿਕ ਹੋਣਾ ਸਿੱਖਿਆ ਹੈ)” ਅਜਿਹੇ ਲੀਡਰਾਂ ‘ਤੇ ਵਿਦਿਆਰਥੀ-ਨੌਜਵਾਨਾਂ ਦਾ ਭਰੋਸਾ ਕਿਵੇਂ ਟਿਕੂਗਾ? ਵਿਦਿਆਰਥੀ ਆਪਣੇ ਪ੍ਰੋਫੈਸਰਾਂ ਬਾਰੇ ਸਭ ਕੁਝ ਜਾਣਦੇ ਹਨ। ਵੱਡੀਆਂ-ਵੱਡੀਆਂ ਤਨਖਾਹਾਂ ਤੇ ਪੜਾਉਣਾ ਬਿਲਕੁਲ ਵੀ ਨਹੀਂ। ਉਹਨਾਂ ਦੀਆਂ ਗੁੱਟਬੰਦੀਆਂ, ਇੱਕ ਦੂਜੇ ਦੀਆਂ ਲੱਤਾਂ ਖਿੱਚਣਾ, ਨੀਚ ਹਰਕਤਾਂ, ਖਾਰ ਖਾ ਕੇ ਵਿਦਿਆਰਥੀਆਂ ਨੂੰ ਫੇਲ ਕਰਨਾ, ਪੱਖਪਾਤ, ਵਿਦਿਆਰਥੀਆਂ ਦਾ ਗੁੱਟਬੰਦੀਆਂ ਵਿੱਚ ਇਸਤੇਮਾਲ ਕਰਨਾ। ਵਿਦਿਆਰਥੀਆਂ ਤੋਂ ਹੁਣ ਕੋਈ ਗੱਲ ਲੁਕੀ ਨਹੀਂ ਰਹਿੰਦੀ। ਉਹ ਘਰੇਲੂ ਮਾਮਲੇ ਵੀ ਸਮਝਦੇ ਹਨ। ਇਹ ਅਧਿਆਪਕ ਕਹਿੰਦੇ ਹਨ— ਵਿਦਿਆਰਥੀਓ ਤੁਸੀਂ ਇਨਕਲਾਬ ਕਰਨਾ ਹੈ। ਉਹਨਾਂ ਨੇ ਜਦੋਂ ਇਨਕਲਾਬ ਲਿਆਂਦਾ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਗੁਰੂਆਂ ਨੂੰ ਹੀ ਸਾਫ਼ ਕਰਨਗੇ। ਜ਼ਿਆਦਾਤਰ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਨਫ਼ਰਤ ਕਰਦੇ ਹਨ।

ਵੱਡੇ ਮੁੰਡੇ ਆਪਣੇ ਪਿਤਾ ਨੂੰ ਵੀ ਜਾਣਦੇ ਹਨ। ਉਹ ਦੇਖਦੇ ਹਨ ਕਿ ਪਿਤਾ ਦੀ ਤਨਖਾਹ ਤਾਂ ਤਿੰਨ ਹਜ਼ਾਰ ਹੈ, ਪਰ ਘਰ ਦਾ ਠਾਠ-ਬਾਠ ਅੱਠ ਹਜ਼ਾਰ ਰੁਪਏ ਵਾਲ਼ਾ ਹੈ। ਮੇਰਾ ਪਿਓ ਰਿਸ਼ਵਤ ਖਾਂਦਾ ਹੈ। ਮੈਨੂੰ ਇਮਾਨਦਾਰੀ ਦੇ ਉਪਦੇਸ਼ ਦਿੰਦਾ ਹੈ। ਸਾਡੇ ਸਮੇਂ ਦੇ ਮੁੰਡੇ-ਕੁੜੀਆਂ ਲਈ ਸੂਚਨਾ ਅਤੇ ਜਾਣਕਾਰੀ ਦੇ ਐਨੇ ਰਸਤੇ ਖੁੱਲੇ ਹਨ ਕਿ ਉਹ ਹਰ ਖੇਤਰ ਵਿੱਚ ਆਪਣੇ ਵੱਡਿਆਂ ਬਾਰੇ ਸਭ ਕੁੱਝ ਜਾਣਦੇ ਹਨ। ਇਸ ਲਈ ਨੌਜਵਾਨਾਂ ਤੋਂ ਹੀ ਨਹੀਂ ਬੱਚਿਆਂ ਤੋਂ ਵੀ ਹੁਣ ਪਹਿਲਾਂ ਵਾਲ਼ੀ ਅੰਨੀ-ਭਗਤੀ ਅਤੇ ਅੰਨੀ-ਆਗਿਆਕਾਰਤਾ ਦੀ ਆਸ ਨਹੀਂ ਰੱਖੀ ਜਾ ਸਕਦੀ।

ਉਹਨਾਂ ਨਾਲ਼ ਗੱਲ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ। ਕੱਲ ਪਰਸੋਂ ਮੇਰਾ ਬਾਰਾਂ ਸਾਲ ਦਾ ਦੋਹਤਾ ਬਾਹਰ ਖੇਡ ਰਿਹਾ ਸੀ। ਉਸਦੇ ਪੇਪਰ ਖਤਮ ਹੋ ਚੁੱਕੇ ਹਨ ਅਤੇ ਇੱਕ ਲੰਮੀ ਛੁੱਟੀ ਹੈ। ਉਸਨੂੰ ਘਰ ਆਉਣ ਲਈ ਉਸਦੇ ਚਾਚੇ ਨੇ ਦੋ-ਤਿੰਨ ਵਾਰ ਕਹਿ ਦਿੱਤਾ। ਝਿੜਕਿਆ। ਉਹ ਆ ਗਿਆ ਅਤੇ ਰੋਂਦਾ ਹੋਇਆ ਉੱਚੀ ਉੱਚੀ ਰੌਲ਼ਾ ਪਾਉਣ ਲੱਗ ਪਿਆ, ”ਅਸੀਂ ਕਰੀਏ ਕੀ? ਐਸੀ ਤੈਸੀ ਸਰਕਾਰ ਦੀ ਜਿਸਨੇ ਛੁੱਟੀ ਕਰ ਦਿੱਤੀ।” ਛੁੱਟੀ ਕੱਟਣਾ ਉਸਦੀ ਸਮੱਸਿਆ ਹੈ। ਉਹ ਕੁਝ ਤਾਂ ਕਰੇਗਾ ਹੀ। ਦਬਾਉਗੇ ਤਾਂ ਵਿਦਰੋਹ ਕਰ ਦੇਵੇਗਾ। ਜਦੋਂ ਬੱਚੇ ਦਾ ਇਹ ਹਾਲ ਹੈ ਤਾਂ ਵੱਡਿਆਂ ਤੇ ਨੌਜਵਾਨਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ?

ਗੱਭਰੂਆਂ ਤੇ ਮੁਟਿਆਰਾਂ ਸਾਹਮਣੇ ਵਿਸ਼ਵਾਸ ਦਾ ਸੰਕਟ ਹੈ। ਸਾਰੇ ਵੱਡੇ ਉਹਨਾਂ ਦੇ ਸਾਹਮਣੇ ਨੰਗੇ ਹਨ। ਆਦਰਸ਼ਾਂ, ਸਿਧਾਂਤਾਂ, ਨੈਤਿਕਤਾਵਾਂ ਦੀਆਂ ਧੱਜੀਆਂ ਉੱਡਦੀਆਂ ਉਹ ਦੇਖਦੇ ਹਨ। ਉਹ ਕਮੀਨਾਪਣ, ਅਨੈਤਿਕਤਾ, ਬੇਈਮਾਨੀ, ਨੀਚਤਾ ਨੂੰ ਆਪਣੇ ਸਾਹਮਣੇ ਸਫਲ ਅਤੇ ਸਾਰਥਿਕ ਹੁੰਦਾ ਦੇਖਦੇ ਹਨ। ਕਦਰਾਂ-ਕੀਮਤਾਂ ਦਾ ਸੰਕਟ ਵੀ ਉਹਨਾਂ ਦੇ ਸਾਹਮਣੇ ਹੈ। ਹਰ ਪਾਸੇ ਕਦਰਾਂ-ਕੀਮਤਾਂ ਦਾ ਘਾਣ ਦਿਖਦਾ ਹੈ। ਬਾਜ਼ਾਰ ਤੋਂ ਲੈ ਕੇ ਧਾਰਮਿਕ ਅਸਥਾਨਾਂ ਤੱਕ। ਉਸ ਕਿਸ ‘ਤੇ ਵਿਸ਼ਵਾਸ ਕਰਨ ਅਤੇ ਕਿਸਦੀਆਂ ਪੈੜਾਂ ‘ਚ ਪੈਰ ਰੱਖਣ? ਕਿਹੜੀਆਂ ਕਦਰਾਂ-ਕੀਮਤਾਂ ਨੂੰ ਮੰਨਣ?

ਯੂਰਪ ਵਿੱਚ ਦੂਜੀ ਸੰਸਾਰ ਜੰਗ ਦੌਰਾਨ ਜਿਹੜੀ ਪੀੜੀ ਪੈਦਾ ਹੋਈ ਉਸਨੂੰ ”ਲੌਸਟ ਜਨਰੇਸ਼ਨ” (ਗੁਆਚੀ ਹੋਈ ਪੀੜੀ) ਕਿਹਾ ਜਾਂਦਾ ਹੈ। ਜੰਗ ਦੌਰਾਨ ਕਮੀ, ਭੁੱਖਮਰੀ, ਸਿੱਖਿਆ, ਸਿਹਤ ਸਹੂਲਤ ਦਾ ਸਹੀ ਪ੍ਰਬੰਧ ਨਹੀਂ ਹੁੰਦਾ। ਜੰਗ ਵਿੱਚ ਸਾਰੇ ਬਾਲਗ ਲੱਗੇ ਹੋਏ ਹਨ, ਤਾਂ ਬੱਚਿਆਂ ਦੀ ਪ੍ਰਵਾਹ ਕਰਨ ਵਾਲ਼ਾ ਕੋਈ ਨਹੀਂ ਬਚਿਆ। ਬੱਚਿਆਂ ਦੇ ਪਿਓ ਅਤੇ ਵੱਡੇ ਭਰਾ ਜੰਗ ਵਿੱਚ ਮਾਰੇ ਗਏ। ਘਰ ਦਾ, ਜਾਇਦਾਦ ਦਾ, ਕੰਮ-ਧੰਦਿਆਂ ਦਾ ਨਾਸ਼ ਹੋਇਆ। ਕਦਰਾਂ-ਕੀਮਤਾਂ ਦਾ ਘਾਣ ਹੋਇਆ। ਅਜਿਹੀ ਹਾਲਤ ਵਿੱਚ ਬਿਨਾਂ ਢੁੱਕਵੀਂ ਸਿੱਖਿਆ, ਸੰਸਕਾਰ, ਭੋਜਨ, ਕੱਪੜਿਆਂ ਦੇ ਵਿਨਾਸ਼ ਅਤੇ ਕਦਰਾਂ-ਕੀਮਤਾਂ ਰਹਿਤ ਸਥਿਤੀਆਂ ਦੌਰਾਨ ਜਿਹੜੀ ਪੀੜੀ ਜਵਾਨ ਹੋਈ, ਉਹ ਗੁਆਚੀ ਹੋਈ ਪੀੜੀ ਸੀ। ਇਸ ਕੋਲ ਨਿਰਾਸ਼ਾ, ਹਨੇਰਾ, ਅਸੁਰੱਖਿਅਤਾ, ਘਾਟਾਂ-ਕਮੀਆਂ, ਮੁੱਲਹੀਣਤਾ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਵਿਸ਼ਵਾਸ ਟੁੱਟ ਚੁੱਕੇ ਸਨ। ਇਹ ਪੀੜੀ ਨਿਰਾਸ਼, ਖਾਤਮੇਵਾਦੀ, ਅਰਾਜਕ, ਹੁੱਲੜ, ਨਕਾਰਵਾਦੀ ਹੋਈ। ਅੰਗਰੇਜ਼ ਲੇਖਕ ਜਾਰਜ ਓਸਬਰਨ ਨੇ ਇਸ ਪੀੜੀ ‘ਤੇ ਨਾਟਕ ਲਿਖਿਆ ਜਿਹੜਾ ਕਾਫ਼ੀ ਪੜਿਆ ਗਿਆ ਅਤੇ ਉਸਤੇ ਫਿਲਮ ਵੀ ਬਣੀ। ਨਾਟਕ ਦਾ ਨਾਮ ਸੀ— ‘ਲੁੱਕ ਬੈਕ ਇਨ ਐਂਗਰ’। ਪਰ ਇਹ ਸਿਲਸਿਲਾ ਯੂਰਪ ਦੇ ਫਿਰ ਤੋਂ ਸੰਭਲ ਜਾਣ ਅਤੇ ਖੁਸ਼ਹਾਲ ਹੋਣ ਤੋਂ ਬਾਅਦ ਵੀ ਚੱਲਦਾ ਰਿਹਾ। ਕੁਝ ਨੌਜਵਾਨ ਸਮਾਜ ਦੇ ‘ਡਰਾਪ ਆਊਟ’ ਹੋਏ। ‘ਬੀਟ ਜਨਰੇਸ਼ਨ’ ਹੋਈ। ਸਨਅਤੀਕਰਨ ਤੋਂ ਬਾਅਦ ਯੂਰਪ ਵਿੱਚ ਕਾਫ਼ੀ ਫੀਸਦੀ ਬੇਰੁਜ਼ਗਾਰੀ ਸੀ। ਬਰਤਾਨੀਆ ਵਿੱਚ ਅਠਾਰਾਂ ਫੀਸਦ ਬੇਰੁਜ਼ਗਾਰੀ ਹੈ। ਅਮਰੀਕਾ ਨੇ ਜੰਗ ਨਹੀਂ ਭੋਗੀ। ਪਰ ਸਿਸਟਮ ਤੋਂ ਰੋਸ ਤਾਂ ਉੱਥੇ ਵੀ ਪੈਦਾ ਹੋਇਆ। ਅਮਰੀਕਾ ਵਿੱਚ ਵੀ ਲਗਭਗ ਵੀਹ ਫੀਸਦ ਬੇਰੁਜ਼ਗਾਰੀ ਹੈ। ਉੱਥੇ ਇੱਕ ਪਾਸੇ ਬੇਰੁਜ਼ਗਾਰੀ ਤੋਂ ਸਤੇ ਹੋਏ ਨੌਜਵਾਨ ਹਨ ਤਾਂ ਦੂਜੇ ਪਾਸੇ ਵਾਧੂ ਅਮੀਰੀ ਤੋਂ ਪੀੜਤ ਨੌਜਵਾਨ ਵੀ ਹਨ। ਜਿਵੇਂ ਯੂਰਪ ਵਿੱਚ ਹੋਇਆ ਉਵੇਂ ਹੀ ਅਮਰੀਕੀ ਨੌਜਵਾਨਾਂ ਦਾ ਰੋਸ, ਵਿਦਰੋਹ, ਨਸ਼ੇਬਾਜ਼ੀ, ਸੈਕਸ ਮਾਮਲਿਆਂ ‘ਚ ਬੇਲੋੜਾ ਖੁੱਲਾਪਣ, ਅਤੇ ਖਾਤਮੇਵਾਦ ਵਿੱਚ ਪ੍ਰਗਟ ਹੋਇਆ। ਜਿੱਥੋਂ ਤੱਕ ਨਸ਼ਿਆਂ ਦੀ ਵਰਤੋਂ ਦਾ ਸਵਾਲ ਹੈ, ਇਹ ਪੱਛਮ ਵਿੱਚ ਤਾਂ ਹੈ ਹੀ, ਭਾਰਤ ਵਿੱਚ ਵੀ ਬਥੇਰਾ ਹੈ। ਦਿੱਲੀ ਯੂਨੀਵਰਸਿਟੀ ਦੇ ਸਰਵੇ ਮੁਤਾਬਿਕ ਦੋ ਸਾਲ ਪਹਿਲਾਂ 57 ਫੀਸਦ ਵਿਦਿਆਰਥੀ ਅਤੇ 35 ਫੀਸਦ ਵਿਦਿਆਰਥਣਾਂ ਨਸ਼ੇ ਦੇ ਆਦੀ ਪਾਏ ਗਏ ਸਨ। ਦਿੱਲੀ ਤਾਂ ਮਹਾਂਨਗਰ ਹੈ। ਛੋਟੇ ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਨਸ਼ੇ ਆ ਗਏ ਹਨ। ਕਿਸੇ ਨਾ ਕਿਸੇ ਪਾਨ ਦੇ ਖੋਖੇ ਤੋਂ ਨਸ਼ਾ ਹਰ ਥਾਂ ਮਿਲ਼ ਜਾਂਦਾ ਹੈ। ‘ਸਮੈਕ’ ਅਤੇ ‘ਪੌਟ’ ਟਾਫ਼ੀਆਂ ਵਾਂਗ ਵਿਕ ਰਹੇ ਹਨ।

ਨੌਜਵਾਨਾਂ-ਵਿਦਿਆਰਥੀਆਂ ਨੂੰ ਇਨਕਲਾਬ ਦੀ, ਸਮਾਜਿਕ ਤਬਦੀਲੀ ਦੀ ਤਾਕਤ ਮੰਨਿਆ ਜਾਂਦਾ ਹੈ। ਸਹੀ ਮੰਨਿਆ ਜਾਂਦਾ ਹੈ। ਜੇਕਰ ਇਹਨਾਂ ਵਿੱਚ ਵਿਚਾਰ ਹੋਣ, ਦਿਸ਼ਾ ਹੋਵੇ, ਜਥੇਬੰਦੀ ਹੋਵੇ ਅਤੇ ਸਕਾਰਾਤਮਕ ਉਤਸ਼ਾਹ ਹੋਵੇ। ਉਹ ਆਪਣੀ ਪਿਛਲੀ ਪੀੜੀ ਦੀਆਂ ਬੁਰਾਈਆਂ ਨੂੰ ਸਮਝਦੇ ਹੋਣ ਤਾਂ ਉਹੀ ਬੁਰਾਈਆਂ ਦੇ ਵਾਰਸ ਨਾ ਬਣਨ, ਉਹਨਾਂ ਵਿੱਚ ਆਪਣੇ ਵੱਲੋਂ ਹੋਰ ਦੂਜੀਆਂ ਬੁਰਾਈਆਂ ਮਿਲ਼ਾ ਕੇ ਪਤਨ ਦੀ ਪਰੰਪਰਾ ਨੂੰ ਅੱਗੇ ਨਾ ਵਧਾਉਣ। ਸਿਰਫ ਗੁੱਸਾ ਤਾਂ ਖੁਦਕੁਸ਼ੀ ਹੈ। ਇੱਕ ਚਿੰਤਕ ਸਨ ਹਰਬਰਟ ਮਾਰਕਿਊਸ, ਜਿਹੜੇ (ਪਿਛਲੀ) ਸਦੀ ਦੇ ਸੱਠਵਿਆਂ ਵਿੱਚ ਕਾਫ਼ੀ ਮਸ਼ਹੂਰ ਹੋ ਗਏ ਸਨ। ਉਹ ‘ਸਟੂਡੈਂਟਜ਼ ਪਾਵਰ’ ਵਿੱਚ ਯਕੀਨ ਰੱਖਦੇ ਸਨ। ਮੰਨਦੇ ਸੀ ਕਿ ਵਿਦਿਆਰਥੀ ਇਨਕਲਾਬ ਕਰ ਸਕਦੇ ਹਨ। ਵੈਸੇ ਸਹੀ ਗੱਲ ਇਹ ਹੈ ਕਿ ਇਕੱਲੇ ਵਿਦਿਆਰਥੀ ਇਨਕਲਾਬ ਨਹੀਂ ਲਿਆ ਸਕਦੇ। ਉਹਨਾਂ ਨੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਸਿੱਖਿਅਤ ਕਰਕੇ ਜਾਗਰੂਕ ਬਣਾ ਕੇ ਆਪਣੇ ਨਾਲ਼ ਰਲਾਉਣਾ ਹੁੰਦਾ ਹੈ। ਨਿਸ਼ਾਨਾ ਸੇਧਣਾ ਹੁੰਦਾ ਹੈ। ਆਖ਼ਿਰ ਬਦਲਣਾ ਕੀ ਹੈ, ਇਹ ਤਾਂ ਤੈਅ ਹੈ। ਅਮਰੀਕਾ ਵਿੱਚ ਹਰਬਰਟ ਮਾਰਕਿਊਸ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀਆਂ ਨੇ ਨਾਟਕ ਹੀ ਕੀਤੇ। ਹੋ ਚੀ ਮਿੰਨ ਤੇ ਚੀ ਗਵੇਰਾ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੈ ਕੇ ਜਲੂਸ ਕੱਢਣਾ ਅਤੇ ਭੱਦੀਆਂ, ਅਸ਼ਲੀਲ ਹਰਕਤਾਂ ਕਰਨਾ। ਅਮਰੀਕੀ ਯੂਨੀਵਰਸਿਟੀਆਂ ਦੇ ਮੈਗਜ਼ੀਨਾਂ ਵਿੱਚ ਬੇਹੱਦ ਫੂਹੜ, ਅਸ਼ਲੀਲ ਫੋਟੋਆਂ ਅਤੇ ਲੇਖ-ਕਹਾਣੀਆਂ। ਫਰਾਂਸ ਦੇ ਵਿਦਿਆਰਥੀ ਜ਼ਿਆਦਾ ਗੰਭੀਰ ਤੇ ਸਿੱਖਿਅਤ ਸਨ। ਰਾਸ਼ਟਰਪਤੀ ਦ ਗਾਲ ਦੇ ਸਮੇਂ ਵਿਦਿਆਰਥੀਆਂ ਨੇ ਸੋਰੋਬੋਨ ਯੂਨੀਵਰਸਿਟੀ ਵਿੱਚ ਅੰਦੋਲਨ ਕੀਤਾ। ਲੇਖਕ ਜਿਆਂ ਪਾਲ ਸਾਰਤਾਲ ਨੇ ਉਹਨਾਂ ਦਾ ਸਮਰਥਨ ਕੀਤਾ। ਉਹਨਾਂ ਦਾ ਆਗੂ ਕੋਹਨੇ ਬੇਂਡੀ ਅਕਲਮੰਦ ਅਤੇ ਗੰਭੀਰ ਨੌਜਵਾਨ ਸੀ। ਉਹਨਾਂ ਲਈ ਸਿਆਸੀ ਇਨਕਲਾਬ ਕਰਨਾ ਤਾਂ ਸੰਭਵ ਨਹੀਂ ਸੀ। ਫਰਾਂਸ ਦੀਆਂ ਕਿਰਤੀ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਪਰ ਉਹਨਾਂ ਦੀਆਂ ਮੰਗਾਂ ਠੋਸ ਸਨ, ਜਿਵੇਂ ਕਿ ਸਿੱਖਿਆ ਤਰੀਕਾਕਾਰ ਵਿੱਚ ਬੁਨਿਆਦੀ ਤਬਦੀਲੀਆਂ। ਆਪਣੇ ਵਾਂਗੂੰ ਨਕਲ ਕਰਨ ਦੀ ਖੁੱਲ ਜਿਹੀ ਇਨਕਲਾਬੀ ਮੰਗ ਉਹਨਾਂ ਦੀ ਨਹੀਂ ਸੀ। ਪਾਕਿਸਤਾਨ ਵਿੱਚ ਵੀ ਇੱਕ ਵਿਦਿਆਰਥੀ ਆਗੂ ਤਾਰਿਕ ਅਲੀ ਨੇ ਇਨਕਲਾਬ ਦੀ ਧੂਮ ਮਚਾਈ ਸੀ। ਫਿਰ ਉਹ ਲੰਡਨ ਚਲੇ ਗਿਆ।

ਨੌਜਵਾਨਾਂ ਦਾ ਇਹ ਤਰਕ ਸਹੀ ਨਹੀਂ ਹੈ ਕਿ ਜਦੋਂ ਸਾਰੇ ਹੀ ਨਿੱਘਰੇ ਹੋਏ ਹਨ ਤਾਂ ਅਸੀਂ ਕਿਉਂ ਪਿੱਛੇ ਰਹੀਏ। ਸਾਰੇ ਦਲਦਲ ਵਿੱਚ ਫਸੇ ਹੋਏ ਨੇ, ਤਾਂ ਜਿਹੜੇ ਨਵੇਂ ਲੋਕ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਾਕੀਆਂ ਨੂੰ ਦਲਦਲ ਵਿੱਚੋਂ ਕੱਢਣ। ਇਹ ਨਹੀਂ ਕਿ ਤੁਸੀਂ ਵੀ ਉਸੇ ਦਲਦਲ ਵਿੱਚ ਛਾਲ ਮਾਰ ਦੇਣੀ ਹੈ। ਦੁਨੀਆਂ ਵਿੱਚ ਜਿੰਨੇ ਵੀ ਇਨਕਲਾਬ ਹੋਏ ਹਨ, ਸਮਾਜਿਕ ਤਬਦੀਲੀਆਂ ਵਾਪਰੀਆਂ ਹਨ, ਉਹਨਾਂ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਰਹੀ ਹੈ। ਪਰ ਜਿਹੜੀ ਪੀੜੀ ਆਪਣੀ ਪਿਛਲੀ ਪੀੜੀ ਦੇ ਨਿਘਾਰ ਨੂੰ ਅਪਣਾ ਲਵੇ ਕਿਉਂਕਿ ਉਹ ਸੁਵਿਧਾਮਈ ਹੈ ਅਤੇ ਉਸ ਵਿੱਚ ਸੁੱਖ-ਸਹੂਲਤ ਹੈ ਤਾਂ ਉਹ ਪੀੜੀ ਕੋਈ ਤਬਦੀਲੀ ਨਹੀਂ ਲਿਆ ਸਕਦੀ। ਅਜਿਹੇ ਨੌਜਵਾਨ ਵੀ ਹਨ ਜਿਹੜੇ ਇਨਕਲਾਬੀ ਹੋਣ ਦਾ ਡਰਾਮਾ ਬਹੁਤ ਕਰਦੇ ਹਨ, ਪਰ ਦਾਜ ਪੂਰਾ ਲੈਂਦੇ ਹਨ। ਕਾਰਨ ਦੱਸਣਗੇ— ”ਮੈਂ ਤਾਂ ਦਾਜ ਨੂੰ ਠੋਕਰ ਮਾਰਦਾ ਹਾਂ। ਪਰ ਪਿਤਾ ਜੀ ਦੇ ਸਾਹਮਣੇ ਝੁਕਣਾ ਪਿਆ।” ਜੇਕਰ ਨੌਜਵਾਨਾਂ ਕੋਲ਼ ਦਿਸ਼ਾ ਹੋਵੇ, ਵਿਚਾਰਧਾਰਾ ਹੋਵੇ, ਸੰਕਲਪਸ਼ੀਲਤਾ ਹੋਵੇ, ਜਥੇਬੰਦ ਘੋਲ਼ ਹੋਵੇ ਤਾਂ ਉਹ ਬਦਲਾਅ ਲਿਆ ਸਕਦੇ ਹਨ।

ਪਰ ਮੈਂ ਦੇਖ ਰਿਹਾ ਹਾਂ ਕਿ ਇੱਕ ਨਵੀਂ ਪੀੜੀ ਆਪਣੀ ਪਿਛਲੀ ਪੀੜੀ ਨਾਲ਼ੋਂ ਜ਼ਿਆਦਾ ਜੜ ਅਤੇ ਦਕਿਆਨੂਸੀ ਹੋ ਗਈ ਹੈ। ਇਹ ਸ਼ਾਇਦ ਨਿਰਾਸ਼ਾ ਤੋਂ ਪੈਦਾ ਹੋਏ ਕਿਸਮਤਵਾਦ ਕਾਰਨ ਹੋਇਆ ਹੈ। ਆਪਣੇ ਪਿਤਾ ਨਾਲ਼ੋਂ ਜ਼ਿਆਜਾ ਤੱਤਵਾਦੀ, ਬੁਨਿਆਦ-ਪ੍ਰਸਤ (ਫੰਡਾਮੈਂਟਲਿਸਟ) ਪੁੱਤਰ ਹੈ।

ਦਿਸ਼ਾਹੀਣ, ਬੇਕਾਰ, ਨਿਰਾਸ਼, ਨਕਾਰਵਾਦੀ, ਖਾਤਮੇਵਾਦੀ ਬੇਰੁਜ਼ਗਾਰ ਨੌਜਵਾਨਾਂ ਦੀ ਇਹ ਭੀੜ ਖਤਰਨਾਕ ਹੁੰਦੀ ਹੈ। ਇਸਦੀ ਵਰਤੋਂ ਲਾਲਸੀ ਖਤਰਨਾਕ ਵਿਚਾਰਧਾਰਾ ਵਾਲ਼ੇ ਵਿਅਕਤੀ ਅਤੇ ਸਮੂਹ ਕਰ ਸਕਦੇ ਹਨ। ਇਸ ਭੀੜ ਦੀ ਵਰਤੋਂ ਨੈਪੋਲਿਅਨ, ਹਿਟਲਰ ਅਤੇ ਮੁਸੋਲਿਨੀ ਨੇ ਕੀਤੀ ਸੀ। ਇਹ ਭੀੜ ਧਾਰਮਿਕ ਜਨੂੰਨੀਆਂ ਦੇ ਪਿੱਛੇ ਲੱਗ ਜਾਂਦੀ ਹੈ। ਇਹ ਭੀੜ ਕਿਸੇ ਵੀ ਅਜਿਹੀ ਜਥੇਬੰਦੀ ਨਾਲ਼ ਰਲ਼ ਸਕਦੀ ਹੈ ਜਿਹੜਾ ਉਹਨਾਂ ਵਿੱਚ ਜਨੂੰਨ ਅਤੇ ਤਣਾਅ ਪੈਦਾ ਕਰ ਦੇਵੇ। ਫਿਰ ਇਸ ਭੀੜ ਤੋਂ ਤਬਾਹਕੁੰਨ ਕੰਮ ਕਰਵਾਏ ਜਾ ਸਕਦੇ ਹਨ। ਇਹ ਭੀੜ ਫਾਸੀਵਾਦੀਆਂ ਦਾ ਹਥਿਆਰ ਬਣ ਸਕਦੀ ਹੈ। ਸਾਡੇ ਦੇਸ਼ ਵਿੱਚ ਇਹ ਭੀੜ ਵਧ ਰਹੀ ਹੈ, ਇਸਦਾ ਇਸਤੇਮਾਲ ਵੀ ਹੋ ਰਿਹਾ ਹੈ। ਆਉਣ ਵਾਲ਼ੇ ਸਮੇਂ ਵਿੱਚ ਇਸ ਭੀੜ ਦੀ ਵਰਤੋਂ ਸਾਰੀਆਂ ਕੌਮੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਖਾਤਮੇ ਲਈ, ਜਮਹੂਰੀਅਤ ਦੀ ਤਬਾਹੀ ਲਈ ਕੀਤੀ ਜਾ ਸਕਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 12, 1 ਤੋਂ 15 ਅਗਸਤ 2018 ਵਿੱਚ ਪ੍ਰਕਾਸ਼ਿਤ