ਨਵਾਂ ਸਾਲ ਚੜਨ ’ਤੇ ਅਮਰੀਕੀ ਸਾਮਰਾਜ ਦੀਆਂ ਕਰਤੂਤ ਨੇ ਸਰੀ ਦੁਨੀਆਂ ਵਿੱਚ ਕੰਬਣੀ ਛੇੜ ਦਿੱਤੀ ਹੈ। ਤਿੰਨ ਜਨਵਰੀ ਦੀ ਰਾਤ ਨੂੰ ਵੈਨੇਜੁਏਲਾ ਦੀ ਰਾਜਧਾਨੀ ਕਾਰਾਕਸ ਵਿੱਚ ਅਮਰੀਕੀ ਹਮਲੇ ਵੇਲ਼ੇ 6 ਧਮਾਕੇ ਹੁੰਦੇ ਹਨ ਜਿਸ ਵਿੱਚ 56 ਸੁਰੱਖਿਆ ਮੁਲਾਜਮ ਮਾਰੇ ਜਾਂਦੇ ਹਨ। ਅਮਰੀਕੀ ਹੈਲੀਕਾਪਟਰ ਉੱਡਦੇ ਨਜਰ ਆਉਂਦੇ ਹਨ ਤੇ ਫਿਰ ਸਾਰੀ ਦੁਨੀਆ ਟਰੰਪ ਦਾ ਟਵੀਟ ਪੜ੍ਹਦੀ ਹੈ, “ਰਾਸ਼ਟਰਪਤੀ ਮਦੂਰੋ ਅਤੇ ਉਸਦੀ ਪਤਨੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।” ਉਹਨਾਂ ਉੱਤੇ ਨਸ਼ਾ ਤਸਕਰੀ, ਨਾਰਕੋ ਅੱਤਵਾਦ ਅਤੇ ਖਤਰਨਾਕ ਹਥਿਆਰ ਜਮ੍ਹਾ ਕਰਨ ਦਾ ਦੋਸ਼ ਲਾਇਆ ਜਾਂਦਾ ਹੈ। ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ (ਅੱਗੇ ਸਿਰਫ ਅਮਰੀਕਾ) ਦੀ ਫੈਡਰਲ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ’ਤੇ ਮੁਕੱਦਮਾ ਚਲਾਇਆ ਜਾਂਦਾ ਹੈ ਜਿਸ ਦੀ ਇੱਕ ਪੇਸ਼ੀ ਹੋ ਚੁੱਕੀ ਹੈ ਤੇ ਦੂਜੀ ਮਾਰਚ ਵਿੱਚ ਹੈ। ਟਰੰਪ ਵੱਲੋਂ ਅਮਰੀਕਾ ਦੀ “ਕੌਮੀ ਸੁਰੱਖਿਆ” ਦਾ ਢੋਲ ਵਜਾ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਜਦੋਂ ਤੱਕ ਵੈਨੇਜੁਏਲਾ ਵਿੱਚ ਕੋਈ ਸਰਕਾਰ ਨਹੀਂ ਬਣ ਜਾਂਦੀ ਉਦੋਂ ਤੱਕ ਅਮਰੀਕਾ ਹੀ ਵੈਨੇਜੁਏਲਾ ਨੂੰ “ਚਲਾਵੇਗਾ”। ਅਮਰੀਕੀ ਤੇਲ ਕੰਪਨੀਆਂ ਉੱਥੋਂ ਦੇ ਤੇਲ ਭੰਡਾਰਾਂ ਦੇ ਬੁਨਿਆਦੀ ਢਾਂਚੇ ’ਤੇ ਕੰਟਰੋਲ ਕਰਨਗੀਆਂ ਤਾਂ ਕਿ ਇਸ ਨੂੰ ਸਹੀ ਸਲਾਮਤ ਚਲਾਇਆ ਜਾ ਸਕੇ ਅਤੇ ਅਮਰੀਕਾ ਦਾ ‘ਚੋਰੀ ਕੀਤਾ ਤੇਲ’ ਵਾਪਸ ਲਿਆ ਜਾਵੇਗਾ। ਇਸ ਤੋਂ ਬਾਅਦ ਜਦੋਂ ਵੈਨੇਜੁਏਲਾ ਦੀ ਉਪ-ਰਾਸ਼ਟਰਪਤੀ ਦੇਲਸੀ ਰੋਡਰੀਕਸ ਨੇ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ’ਤੇ ਕਮਾਨ ਸੰਭਾਲ਼ੀ ਤਾਂ ਅਮਰੀਕਾ ਨੇ ਨਾਲ਼ ਹੀ ਧਮਕੀ ਦਿੱਤੀ ਕਿ ਜੇ ਅਮਰੀਕਾ ਦੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਦੂਜੇ ਹਮਲੇ ਦੀ ਸੰਭਾਵਨਾ ਵੀ ਕਾਇਮ ਹੈ। ਕਾਰਜਕਾਰੀ ਰਾਸ਼ਟਰਪਤੀ ਵੱਲੋਂ ਇਸ ਤੋਂ ਬਾਅਦ ਭਾਵੇਂ ਬਿਆਨ ਦਿੱਤਾ ਗਿਆ ਕਿ ਮਦੂਰੋ ਹੀ ਦੇਸ਼ ਦਾ ਅਸਲ ਰਾਸ਼ਟਰਪਤੀ ਹੈ ਪਰ ਨਾਲ਼ ਹੀ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਅਮਰੀਕਾ ਨਾਲ਼ ਗੱਲਬਾਤ ਲਈ ਤਿਆਰ ਹੈ।
ਇਸ ਘਟਨਾ ਤੋਂ ਬਾਅਦ “ਉੱਘੇ” ਸਿਆਸੀ ਮਾਹਿਰਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਉਹਨਾਂ ਦੇ ਸਾਰੇ ਸਮੀਕਰਨ ਹਿੱਲ ਗਏ। ਪਰ ਇਹ ਘਟਨਾ ਚਾਣ ਚੱਕ ਵਾਪਰੀ ਜਾਂ ਹੈਰਾਨ ਕਰ ਦੇਣ ਵਾਲ਼ੀ ਘਟਨਾ ਨਹੀਂ ਹੈ। ਹੈਰਾਨੀ ਤਾਂ, ਤਾਂ ਹੋਵੇ ਜੇ ਅਮਰੀਕੀ ਸਾਮਰਾਜ ਦੀ ਇਹ ਪਹਿਲੀ ਜਾਂ ਆਖਰੀ ਹਰਕਤ ਹੋਵੇ। ਪਰ ਇਹ ਉਸ ਵੱਲੋਂ ਦੂਸਰੇ ਦੇਸ਼ਾਂ ਉੱਤੇ ਕੀਤੇ ਖੂਨੀ ਹਮਲਿਆਂ ਦੀ ਲੜੀ ਦੀ ਹੀ ਲਗਾਤਾਰਤਾ ਹੈ। ਤੇ ਨਾ ਹੀ ਇਸ ਹਮਲੇ ਨੂੰ ਟਰੰਪ ਦੀ ਸਨਕ ਤੱਕ ਸੀਮਤ ਕਰਨਾ ਚਾਹੀਦਾ ਹੈ। ਸਗੋਂ ਇਹ ਅਮਰੀਕੀ ਸਾਮਰਾਜ ਦੀ ਸੋਚੀ ਸਮਝੀ ਅਤੇ ਗਿਣਤੀਆਂ ਮਿਣਤੀਆਂ ਵਾਲ਼ੀ ਨੀਤੀ ਦਾ ਹੀ ਹਿੱਸਾ ਹੈ ਜਿਸਦੇ ਤਹਿਤ ਉਹ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ।
ਕੋਈ ਵਿਰਲਾ ਮੂਰਖ ਹੀ ਹੋਵੇਗਾ ਜੋ ਇਸ ਨੂੰ ਮਦੂਰੋ ਉੱਤੇ ਨਸ਼ਾ ਤਸਕਰੀ ਆਦਿ ਵਰਗੇ ਲਗਾਏ ਗਏ ਦੋਸ਼ਾਂ ਦੀ ਸਜਾ ਦੇ ਤੌਰ ’ਤੇ ਦੇਖੇਗਾ। ਜਿਸ ਪਦਾਰਥ ਦੀ ਤਸਕਰੀ ਦਾ ਦੋਸ਼ ਮਦੂਰੋ ’ਤੇ ਲਾਇਆ ਗਿਆ ਹੈ ਉਹ ਵੈਨੇਜੁਏਲਾ ਤੋਂ ਨਹੀਂ ਆਉਂਦੀ ਤੇ ਨਾ ਹੀ ਕੋਕੇਨ ਦਾ ਕੋਈ ਬਹੁਤ ਵੱਡਾ ਹਿੱਸਾ ਵੈਨੇਜੁਏਲਾ ਵਿੱਚ ਪੈਦਾ ਹੁੰਦਾ ਹੈ। ਨਾ ਹੀ ਇਹ ਵੈਨੇਜੁਏਲਾ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਚੁੱਕਿਆ ਕਦਮ ਹੈ। ਨਾ ਹੀ ਅਮਰੀਕਾ ਦੀ ਕੌਮੀ ਸੁਰੱਖਿਆ ਵਾਸਤੇ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਵੈਨੇਜੁਏਲਾ ਅਮਰੀਕਾ ਲਈ ਕਿਸੇ ਤਰ੍ਹਾਂ ਦਾ ਫੌਜੀ ਖਤਰਾ ਨਹੀਂ ਰਿਹਾ ਹੈ।
ਅਸਲ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਹੀ ਕੈਰੇਬੀਅਨ ਅਤੇ ਪੈਸਫਿਕ ਦਰਿਆਵਾਂ ਉੱਤੇ ਵੈਨੇਜੁਏਲਾ ਦੀਆਂ ਕਿਸ਼ਤੀਆਂ ਉੱਤੇ ਹਮਲੇ ਕੀਤੇ ਜਾ ਰਹੇ ਸਨ ਤਾਂ ਕਿ ਵੈਨੇਜੁਏਲਾ ਨੂੰ ਆਪਣੀਆਂ ਸ਼ਰਤਾਂ ਅੱਗੇ ਝੁਕਾਇਆ ਜਾ ਸਕੇ। ਜਦੋਂ ਵੈਨੇਜੁਏਲਾ ਨੇ ਇਹ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਅਮਰੀਕੀ ਹਾਕਮਾਂ ਨੇ ਮਦੂਰੋ ਨੂੰ ਗਿ੍ਰਫਤਾਰ ਕਰ ਲਿਆ। ਦੁਨੀਆ ਭਰ ਵਿੱਚ ਹੁਣ “ਕੌਮਾਂਤਰੀ ਨਿਯਮਾਂ ਦੇ ਉਲੰਘਣ” ਦਾ ਫਿਰ ਤੋਂ ਰੌਲ਼ਾ ਪਾਇਆ ਜਾ ਰਿਹਾ ਹੈ ਪਰ ਅਮਰੀਕਾ ਨੇ ਇਹ ਨਿਯਮ ਮੰਨੇ ਹੀ ਕਦ ਹਨ। ਅਸਲ ਵਿੱਚ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਇਹਨਾ ਹੀ ਸਾਮਰਾਜੀ ਦੇਸ਼ਾਂ ਦੀਆਂ ਹੱਥਠੋਕੀਆਂ ਹਨ। ਬਿਨ੍ਹਾਂ ਇਹਨਾਂ ਦੇ ਨਿਯਮਾਂ ਦੀ ਪਰਵਾਹ ਕੀਤਿਆਂ ਅਮਰੀਕਾ ਨੇ ਹਮੇਸ਼ਾ ਧੜੱਲੇ ਨਾਲ਼ ਵਿਦੇਸ਼ੀ ਹਮਲੇ ਕੀਤੇ ਹਨ। ਜਦੋਂ ਨਿਯਮਾਂ ਦੀ ਪਾਲਣਾ ਨਾਲ਼ ਅਮਰੀਕਾ ਦੇ ਹਿੱਤ ਬਚਦੇ ਹਨ ਤਾਂ ਅਮਰੀਕਾ ਮੁਖੀ ਇਹਨਾਂ ਦੀ ਪੂਜਾ ਕਰਦੇ ਹਨ ਅਤੇ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਇਹਨਾਂ ਨਿਯਮਾਂ ਨੂੰ ਮਧੋਲ ਦਿੱਤਾ ਜਾਂਦਾ ਹੈ। ਤਾਂ ਇਸ ਦਾ ਵਿਰੋਧ ਨਿਯਮਾਂ ਦੇ ਉਲੰਘਣ ਕਰਕੇ ਨਹੀਂ ਸਗੋਂ ਇੱਕ ਧੱਕੜ ਸਾਮਰਾਜੀ ਕਾਰਵਾਈ ਦੇ ਤੌਰ ’ਤੇ ਕਰਨਾ ਚਾਹੀਦਾ ਹੈ ਜੋ ਸਰਮਾਏ ਦੇ ਹਿੱਤ ਪੂਰਦੀ ਹੋਈ ਵੱਡੀ ਲੋਕਾਈ ਦੀ ਰੱਤ ਚੂਸ ਰਹੀ ਹੈ।
ਇਹ ਹਮਲਾ ਪਹਿਲਾ ਅਤੇ ਆਖਰੀ ਨਹੀਂ
ਮੁਨਾਫਿਆਂ ਖਾਤਰ ਅਮਰੀਕੀ ਸਾਮਰਾਜ ਦਾ ਵਿਦੇਸ਼ੀ ਹਮਲਿਆਂ ਦਾ ਖੂਨੀ ਚਿੱਠਾ ਕਾਫੀ ਲੰਬਾ ਹੈ। ਅਮਰੀਕਾ ਨੇ ਦੂਜੇ ਦੇਸ਼ਾਂ ਉੱਤੇ ਸਿਧੇ ਜਾਂ ਅਸਿਧੇ ਰੂਪ ਵਿੱਚ ਸੈਂਕੜੇ ਫੌਜੀ ਹਮਲੇ ਕੀਤੇ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ 100 ਤੋਂ ਵੱਧ ਥਾਵਾਂ ਉੱਤੇ ਬੰਬਾਰੀ, ਡਰੋਨ ਹਮਲੇ, ਤਖਤਾ-ਪਲਟ ਆਦਿ ਕੀਤੇ ਹਨ। ਇਨ੍ਹਾਂ ਹਮਲਿਆਂ ਰਾਹੀਂ ਜਾਂ ਤਾਂ ਉੱਥੋਂ ਦੀਆਂ ਸਰਕਾਰਾਂ ਨੂੰ ਡੇਗਿਆ ਗਿਆ ਹੈ ਜਾਂ ਮੰਤਰੀਆਂ ਨੂੰ ਬਦਲਿਆ ਗਿਆ। ਇਸ ਵਿੱਚ ਸੀਆਈਏ ਦੁਆਰਾ ਕੀਤੇ ਪ੍ਰੋਜੈਕਟ, ਸਿੱਧੇ, ਅਸਿੱਧੇ ਹਮਲੇ ਸਭ ਸ਼ਾਮਿਲ ਹਨ। ਹੁਣ ਤੱਕ ਇਹਨਾਂ ਕਾਰਵਾਈਆਂ ਨਾਲ਼ 50 ਤੋਂ ਵੀ ਵੱਧ ਦੇਸ਼ਾਂ ਵਿੱਚ ਅਮਰੀਕਾ ਤਖਤਾ-ਪਲਟ ਕਰਵਾ ਚੁੱਕਾ ਹੈ। ਸਿਰਫ 1945 ਤੋਂ 1991 ਤੱਕ 72 ਵਾਰ ਸੱਤਾ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਵਿੱਚ ਸਭ ਤੋਂ ਵੱਧ ਅਪਰੇਸ਼ਨ ਲਤੀਨੀ ਅਮਰੀਕਾ (ਲੱਗਭੱਗ ਕੁੱਲ ਆਪਰੇਸ਼ਨਾਂ ਦਾ ਇੱਕ ਤਿਹਾਈ) ਵਿੱਚ ਕੀਤੇ ਗਏ ਹਨ। ਇਹਨਾਂ ਵਿੱਚ ਮੈਕਸੀਕੋ, ਗੁਆਟੇਮਾਲਾ, ਕਿਊਬਾ, ਡੋਮੀਨੀਕਨ ਰਿਪਬਲਿਕ, ਵਰਗੇ ਕਿੰਨੇ ਹੀ ਦੇਸ਼ ਇਸ ਦਾ ਸ਼ਿਕਾਰ ਰਹੇ ਹਨ। 1898 ਤੋਂ 1994 ਤੱਕ ਔਸਤਨ ਹਰ 28 ਮਹੀਨਿਆਂ ਵਿੱਚ ਇੱਕ ਤਖਤਾ ਪਲਟ ਕੀਤਾ ਗਿਆ ਹੈ।
ਸਰਕਾਰ ਦੇ ਮੁਖੀਆਂ ਦੀ ਗੱਲ ਕਰੀਏ ਤਾਂ ਅਲੈਂਦੇ, ਗੱਦਾਫੀ, ਵਰਗੇ ਮੁਖੀਆਂ ਨੂੰ ਮਰਵਾਉਣ ਲਈ ਅਮਰੀਕਾ ਜਿੰਮੇਵਾਰ ਹੈ। ਮੰਤਰੀਆਂ ਨੂੰ ਅਗਵਾਹ ਕਰਨ ਦੀ ਗੱਲ ਹੋਵੇ ਤਾਂ 1901 ਵਿੱਚ ਫਿਲੀਪਿਨਸ ਦੇ ਰਾਸ਼ਟਰਪਤੀ, 1990 ਵਿੱਚ ਪਨਾਮਾ ਦੇ ਨੌਰੇਗਾ ਰਾਸ਼ਟਰਪਤੀ, 2003 ਵਿੱਚ ਇਰਾਕ ਦੇ ਸਦਾਮ ਹੁਸੈਨ ਅਤੇ 2004 ਵਿੱਚ ਹੇਤੀ ਦੇ ਰਾਸ਼ਟਰਪਤੀ ਨੂੰ ਅਗਵਾ ਕੀਤਾ ਗਿਆ ਤੇ ਕਿੰਨੇ ਹੀ ਦੇਸ਼ਾਂ ਦੇ ਮੁਖੀਆਂ ਉੱਤੇ ਜਾਨਲੇਵਾ ਹਮਲੇ ਕਰਵਾਏ ਗਏ ਜਿਸ ਵਿੱਚ ਫਿਦੇਲ ਕਾਸਤਰੋ ਅਤੇ ਵੈਨੇਜੁਏਲਾ ਦੇ ਸਾਬਕਾ ਮੁਖੀ ਹਿਯੂਗੋ ਚਾਵੇਜ ਸ਼ਾਮਿਲ ਹਨ। ਬਾਲੀ ਦੂਰ ਨਾ ਜਾਂਦੇ ਹੋਏ ਪਿਛਲੇ ਸਾਲਾਂ ਵਿੱਚ ਫਲਸਤੀਨ ਅਤੇ ਇਰਾਨ ਉੱਤੇ ਹਮਲੇ ਕਰਕੇ ਉੱਥੋਂ ਦੇ ਮੁਖੀਆਂ ਨੂੰ ਮਰਵਾਉਣ ਦੀ ਕਾਰਵਾਈ ਸਾਡੇ ਚੇਤਿਆਂ ’ਚੋਂ ਵਿਸਰੀ ਨਹੀਂ।
ਤੇ ਨਾ ਹੀ ਇਹਨੂੰ ਅਮਰੀਕਾ ਦਾ ਆਖਰੀ ਹਮਲਾ ਸਮਝਣਾ ਚਾਹੀਦਾ ਹੈ। ਮਦੂਰੋ ਦੀ ਗਿਰਫਤਾਰੀ ਤੋਂ ਬਾਅਦ ਟਰੰਪ ਨੇ ਬਾਕੀ ਸਾਰੇ ਉਹਨਾਂ ਦੇਸ਼ਾਂ ਨੂੰ ਧਮਕੀ ਦਿੱਤੀ ਹੈ ਜੋ ਅਮਰੀਕਾ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਕਿਹਾ ਹੈ ਕਿ ਉਹਨਾਂ ਦਾ ਵੀ ਇਹੀ ਹਸ਼ਰ ਹੋਵੇਗਾ। ਇਸ ਦੇ ਨਾਲ਼ ਹੀ ਉਸਨੇ ਕੋਲੰਬੀਆ, ਮੈਕਸੀਕੋ ਤੇ ਕਿਊਬਾ ਵਿੱਚ ਵੀ ਅਜਿਹੀ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਹਨ। ਉਸਨੇ ਗ੍ਰੀਨਲੈਂਡ ਦੀ ਅਮਰੀਕਾ ਨੂੰ ਲੋੜ ਦੀ ਗੱਲ ਕਹੀ ਹੈ ਜਿਸ ਪਿੱਛੇ ਕੌਮੀ ਸੁਰੱਖਿਆ ਦਾ ਰੌਲ਼ਾ ਪਾਇਆ ਜਾ ਰਿਹਾ ਹੈ। ਕਨੇਡਾ ਅਤੇ ਪਨਾਮਾ ਕਨਾਲ ਦਾ ਵੀ ਵਾਰ-ਵਾਰ ਜਿਕਰ ਕੀਤਾ ਜਾ ਰਿਹਾ ਹੈ। ਟਰੰਪ ਜੋ ਜੰਗਾਂ ਨੂੰ ਰੁਕਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਇਆ ਸੀ ਉਸਨੇ 25 ਦਸੰਬਰ ਨੂੰ ਨਜੀਰੀਆ ਉੱਤੇ ਉਸ ਤੋਂ ਪਹਿਲਾਂ ਇਰਾਨ ਉੱਤੇ ਅਤੇ ਹੁਣ ਵੈਨੇਜੁਏਲਾ ਉੱਤੇ ਹਮਲਾ ਕੀਤਾ ਹੈ ਅਤੇ ਇਰਾਨ ਨੂੰ ਫੇਰ ਅਗਲਾ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ।
ਵੈਨੇਜੁਏਲਾ ਨਾਲ਼ ਅਮਰੀਕੀ ਸਾਮਰਾਜ ਦਾ ਇਤਿਹਾਸ
ਵੈਨੇਜੂਏਲਾ, ਜਿਸ ਕੋਲ਼ ਦੁਨੀਆ ਦੇ ਸਭ ਤੋਂ ਵੱਡੇ ਸਾਬਤ ਤੇਲ ਭੰਡਾਰ ਹਨ, ਲੰਬੇ ਸਮੇਂ ਤੋਂ ਅਮਰੀਕੀ ਊਰਜਾ ਕੰਪਨੀਆਂ ਦੀ ਅਜਾਰੇਦਾਰੀ ਝੱਲਦਾ ਰਿਹਾ ਹੈ, ਜਿਸ ਨੂੰ ਇਤਿਹਾਸਕ ਤੌਰ ’ਤੇ ਮੋਨਰੋ ਸਿਧਾਂਤ ਅਧੀਨ ਵਾਸ਼ਿੰਗਟਨ ਦੇ “ਬੈਕ ਯਾਰਡ” ਵਜੋਂ ਵੇਖਿਆ ਜਾਂਦਾ ਹੈ।
ਅਮਰੀਕੀ ਦਖਲਅੰਦਾਜੀ 20ਵੀਂ ਸਦੀ ਦੇ ਸ਼ੁਰੂ ਵਿੱਚ ਵੱਡੇ ਤੇਲ ਭੰਡਾਰਾਂ ਦੀ ਖੋਜ ਨਾਲ਼ ਵਧੀ। ਸਟੈਂਡਰਡ ਆਇਲ (ਬਾਅਦ ਵਿੱਚ ਐਕਸਾਨ) ਵਰਗੀਆਂ ਅਮਰੀਕੀ ਕੰਪਨੀਆਂ ਨੇ ਜੁਆਨ ਵਿਸੈਂਟੇ ਗੋਮੇਜ (1908-1935) ਵਰਗੇ ਤਾਨਾਸ਼ਾਹਾਂ ਅਧੀਨ ਬਹੁਤ ਅਨੁਕੂਲ ਰਿਆਇਤਾਂ ਹਾਸਲ ਕੀਤੀਆਂ, ਜਿਨ੍ਹਾਂ ਨੇ ਯੂਰਪੀ ਤਾਕਤਾਂ ਨਾਲ਼ ਸੰਕਟ ਦੌਰਾਨ ਅਮਰੀਕੀ ਨੌਸੈਨਾ ਦੇ ਅਸਿੱਧੇ ਸਮਰਥਨ ਨਾਲ਼ 1908 ਵਿੱਚ ਸੱਤਾ ਹੜੱਪੀ ਸੀ। ਗੋਮੇਜ ਦੇ ਸ਼ਾਸਨ ਨੇ ਮਜਦੂਰਾਂ ਨੂੰ ਦਬਾਇਆ ਅਤੇ ਵਿਦੇਸ਼ੀ ਪੂੰਜੀ ਨੂੰ ਰਿਆਇਤਾਂ ਦਿੱਤੀਆਂ, ਜਿਸ ਨਾਲ਼ ਅਮਰੀਕੀ ਕੰਪਨੀਆਂ ਨੇ ਵੱਡੇ ਮੁਨਾਫੇ ਕਮਾਏ ਜਦਕਿ ਵੈਨੇਜੂਏਲਾ ਵਿਕਸਿਤ ਨਾ ਹੋ ਸਕਿਆ।
ਦੂਜੀ ਸੰਸਾਰ ਜੰਗ ਤੋਂ ਬਾਅਦ, ਮਾਰਕੋਸ ਪੇਰੇਜ ਜਿਮੇਨੇਜ (1948-1958) ਵਰਗੇ ਤਾਨਾਸ਼ਾਹਾਂ ਨੂੰ, ਜਿਨ੍ਹਾਂ ਨੇ ਚੁਣੀ ਹੋਈ ਸਰਕਾਰ ਨੂੰ ਉਖਾੜ ਸੁੱਟਿਆ, ਅਮਰੀਕਾ ਨੇ ਫੌਜੀ ਸਹਾਇਤਾ ਦਿੱਤੀ ਅਤੇ ਉਨ੍ਹਾਂ ਨੂੰ ਮੈਡਲ ਦਿੱਤੇ, ਬਦਲੇ ਵਿੱਚ ਤੇਲ ਤੱਕ ਖੁੱਲ੍ਹੀ ਪਹੁੰਚ ਮਿਲ਼ੀ। ਜਿਹਨਾਂ ਨੇ ਲੋਕ ਲਹਿਰਾਂ ਨੂੰ ਦਬਾਇਆ ਜਦੋਂ ਕੌਮੀਕਰਨ ਦੀਆਂ ਮੰਗਾਂ ਵਧ ਰਹੀਆਂ ਸਨ।
1976 ਵਿੱਚ ਤੇਲ ਦੇ ਕੌਮੀਕਰਨ ਨੇ ਅਮਰੀਕੀ ਗਲਬੇ ਨੂੰ ਚੁਣੌਤੀ ਦਿੱਤੀ, ਪਰ ਕੰਪਨੀਆਂ ਨੇ ਸੇਵਾ ਠੇਕਿਆਂ ਰਾਹੀਂ ਪ੍ਰਭਾਵ ਬਰਕਰਾਰ ਰੱਖਿਆ। 1989 ਦਾ ਕਾਰਾਕਾਜੋ ਵਿਦਰੋਹ ਕੌਮਾਂਤਰੀ ਮੁਦਰਾ ਕੋਸ਼ ਦੇ ਅਖੌਤੀ ਸੁਧਾਰਾਂ ਵਿਰੁੱਧ ਵਿਸ਼ਾਲ ਵਿਰੋਧ ਦੇ ਤੌਰ ’ਤੇ ਉਭਰਿਆ। ਜਿਸ ਵਿੱਚ ਹਜਾਰਾਂ ਲੋਕ ਮਾਰੇ ਗਏ।
ਪਰ ਵੈਨੇਜੁਏਲਾ ਦੇ ਲੋਕ ਅਮਰੀਕੀ ਸਾਮਰਾਜ ਵਿਰੁੱਧ ਲਗਾਤਾਰ ਲੜਦੇ ਰਹੇ। ਹਿਊਗੋ ਸ਼ਾਵੇਜ ਦੀ ਅਗਵਾਈ ਵਿੱਚ 1998 ਵਿੱਚ ਇੱਕ ਵੱਡੀ ਲਹਿਰ ਚੱਲੀ। 1999 ਵਿੱਚ ਸ਼ਾਵੇਜ ਰਾਸ਼ਟਰਪਤੀ ਚੁਣਿਆ ਗਿਆ। ਉਦੋਂ ਤੋਂ ਹੀ ਅਮਰੀਕੀ ਸਾਜਸ਼ਾਂ ਵਿੱਚ ਤੇਜੀ ਆ ਗਈ। ਕਈ ਵਾਰ ਵੈਨੇਜ਼ੁਏਲਾ ਦੀ ਚੁਣੀ ਹੋਈ ਸਰਕਾਰ ਨੂੰ ਉਲਟਾ ਕੇ ਕੱਠਪੁਤਲੀ ਹਕੂਮਤ ਬਣਾਉਣ ਦੇ ਯਤਨ ਸ਼ੁਰੂ ਹੋ ਗਏ। ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੇ ਸਮੇਂ 11 ਅਪ੍ਰੈਲ 2002 ਨੂੰ ਵੈਨੇਜੁਏਲਾ ਦੀ ਹਕੂਮਤ ਦਾ ਤਖ਼ਤਾ ਪਲਟ ਕੇ ਆਪਣੇ ਹੱਥ ਠੋਕੇ ‘ਪੈਡਰੋ ਕਾਰਮੋਨ’ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ। ਦੁਨੀਆਂ ਭਰ ਦਾ ਸਰਮਾਏਦਾਰੀ ਮੀਡੀਆ ਝੂਠੇ ਪ੍ਰਚਾਰ ਵਿੱਚ ਜੁੱਟ ਗਿਆ ਸੀ। ਪਰ ਵੈਨੇਜੁਏਲਾ ਦੇ ਬਹਾਦਰ ਮਜਦੂਰਾਂ ਅਤੇ ਕਿਰਤੀ ਲੋਕਾਂ ਦੇ ਸ਼ਾਨਦਾਰ ਵਿਰੋਧ ਨੇ ਅਮਰੀਕੀ ਹਮਲੇ ਨੂੰ ਪਿੱਛੇ ਧੱਕਿਆ। 48 ਘੰਟੇ ਦਾ ਰਾਸ਼ਟਰਪਤੀ ‘ਪੈਡਰੋ ਕਾਰਮੋਨ’ ਦੇਸ਼ ਛੱਡ ਕੇ ਭੱਜ ਗਿਆ। ਲੋਕਾਂ ਨੇ ਚੋਣ ਮੋਰਚੇ ਵਿੱਚ ਵੀ ਅਤੇ ਗਲ਼ੀਆਂ ਵਿੱਚ ਹਥਿਆਰਬੰਦ ਮੋਰਚੇ ’ਤੇ ਵੀ ਸ਼ਾਨਦਾਰ ਏਕਤਾ ਦਾ ਪ੍ਰਗਟਾਵਾ ਕੀਤਾ। ਸੀਆਈਏ ਦਸਤਾਵੇਜ ਪਹਿਲਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਦੇ ਹਨ; ਤਖਤਾਪਲਟ ਵਿਸ਼ਾਲ ਜਨਤਕ ਲਾਮਬੰਦੀ ਨਾਲ਼ ਨਾਕਾਮ ਹੋਇਆ। 2013 ਵਿੱਚ ਹਿਊਗੋ ਸ਼ਾਵੇਜ ਦੀ ਮੌਤ ਤੋਂ ਬਾਅਦ ਹੋਣ ਵਾਲ਼ੀਆਂ ਚੋਣਾਂ ਵਿੱਚ ਮਾਦੂਰੋ ਤਾਕਤ ਵਿੱਚ ਆਇਆ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਭਾਵੇਂ 1989 ਵਿੱਚ ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨ ਦੇ ਵਿਰੋਧ ਵਿੱਚ ਉੱਠੀ ਜਨਤਕ ਲਹਿਰ, ਹਿਊਗੋ ਸ਼ਾਵੇਜ਼ ਨੂੰ ਤਾਕਤ ਵਿੱਚ ਲੈ ਆਈ ਸੀ ਅਤੇ ਇਸ ਲਹਿਰ ਅਤੇ ਲੋਕਾਂ ਦੇ ਦਬਾਅ ਨਾਲ਼ ਲੋਕਾਂ ਦੇ ਹੱਕ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ। ਕੀਮਤਾਂ ਉੱਤੇ ਕੰਟਰੋਲ ਲਾਗੂ ਕੀਤਾ ਗਿਆ। ਪਰ ਇਸ ਲਹਿਰ ਦੀ ਇੱਕ ਕਮਜੋਰੀ ਸੀ ਕਿ ਸਰਮਾਏਦਾਰੀ ਨੂੰ ਖ਼ਤਮ ਕੀਤੇ ਬਿਨਾਂ ਸਰਮਾਏ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ।
2019 ਵਿੱਚ ਮਾਦੁਰੋ ਦੇ ਵਿਰੋਧੀ ਅਤੇ ਅਮਰੀਕਾ ਦੇ ਪਿਠੂ ਜੁਆਨ ਗੁਆਇਡੋ ਨੂੰ “ਅਸਥਾਈ ਰਾਸ਼ਟਰਪਤੀ” ਮਾਨਤਾ ਦਿੱਤੀ ਗਈ ਅਤੇ ਤਖਤਾਪਲਟ/ਹੱਤਿਆਵਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ (ਜਿਵੇਂ 2018 ਡਰੋਨ ਹਮਲਾ, 2020 ਮਰਸ਼ੀਨਰੀ ਘੁਸਪੈਠ)। ਇਹ ਐਕਸਾਨਮੋਬਾਇਲ ਅਤੇ ਸੈਵਰਾਨ ਕੰਪਨੀਆਂ ਲਈ ਅਨੁਕੂਲ ਸਰਕਾਰ ਬਹਾਲ ਕਰਨ ਦੀ ਬੇਸਬਰੀ ਦਰਸਾਉਂਦੀਆਂ ਹਨ। ਪਰ ਓਦੋਂ ਵੀ ਵੈਨੇਜੁਏਲਾ ਲੋਕਾਂ ਦੇ ਵਿਰੋਧ ਨੇ ਅਮਰੀਕਾ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਅਤੇ ਅਖੀਰ ਇੱਕ ਹੋਰ ਤਖਤਾਪਲਟ ਨਾਕਾਮਯਾਬ ਹੋ ਗਿਆ। ਪਰ ਇਸ ਵਾਰ ਲਾਜਮੀ ਹੀ ਅਮਰੀਕੀ ਸਾਮਰਾਜ ਨੂੰ ਵਕਤੀ ਤੌਰ ਉੱਤੇ ਸਫਲਤਾ ਮਿਲ਼ੀ ਹੈ।
ਹਮਲਾ ਕਿਉਂ?
ਨਸ਼ਾ ਤਸਕਰੀ, ਨਾਰਕੋ ਅੱਤਵਾਦ, ਗੈਰ ਜਮਹੂਰੀ ਚੋਣ ਪ੍ਰਣਾਲੀ ਰਾਹੀਂ ਚੁਣਿਆ ਨੁਮਾਇੰਦਾ, ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਆਦਿ, ਸਭ ਬਹਾਨੇ ਹਨ। ਤੇ ਹੁਣ ਅਮਰੀਕੀ ਸਾਮਰਾਜ, ਟਰੰਪ ਦੇ ਰੂਪ ਵਿਚ ਇਹਨਾਂ ਉੱਤੇ ਬਹੁਤਾ ਪਰਦਾ ਪਾਉਣ ਦੀ ਵੀ ਕੋਸ਼ਿਸ਼ ਨਹੀਂ ਕਰ ਰਿਹਾ।
ਅਸਲ ਵਿੱਚ ਵੈਨੇਜੁਏਲਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਸਰੋਤ ਹੈ। ਵੈਨੇਜੂਏਲਾ ਦੇ ਵਿਸ਼ਾਲ ਤੇਲ ਭੰਡਾਰਾਂ ਤੋਂ ਇਲਾਵਾ, ਇਹ ਦੇਸ਼ ਹੋਰ ਮਹੱਤਵਪੂਰਨ ਸਰੋਤਾਂ ਵਿੱਚ ਵੀ ਬਹੁਤ ਅਮੀਰ ਹੈ।
ਦੱਖਣ-ਪੂਰਬ ਵਿੱਚ (ਗੁਆਇਆਨਾ ਹਾਈਲੈਂਡਜ) ਮੁੱਖ ਤੌਰ ’ਤੇ ਮਹੱਤਵਪੂਰਨ ਸੋਨੇ ਦੇ ਭੰਡਾਰ ਹਨ। ਹੀਰੇ ਦੇ ਭੰਡਾਰ ਵੀ ਗੁਆਇਆਨਾ ਖੇਤਰ ਵਿੱਚ ਮਿਲ਼ਦੇ ਹਨ, ਭਾਵੇਂ ਸੋਨੇ ਅਤੇ ਬਾਕਸਾਈਟ ਨਾਲ਼ੋਂ ਛੋਟੇ ਪੱਧਰ ’ਤੇ। ਵੈਨੇਜੂਏਲਾ ਵਿੱਚ ਤਾਂਬੇ, ਨਿਕਲ, ਮੈਂਗਨੀਜ ਦੇ ਦਸਤਾਵੇਜੀ ਭੰਡਾਰ ਹਨ ਅਤੇ ਛੋਟੀ ਮਾਤਰਾ ਵਿੱਚ ਕੋਲਟਾਨ ਅਤੇ ਕੈਸੀਟਰਾਈਟ, ਜੋ ਨਵੇਂ ਮਾਈਨਿੰਗ ਖੇਤਰਾਂ ਨਾਲ਼ ਜੁੜੇ ਹਨ। ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਸੰਭਾਵਿਤ ਵੱਡੇ ਯੂਰੇਨੀਅਮ ਅਤੇ ਥੋਰੀਅਮ ਭੰਡਾਰਾਂ ਦੀ ਮੌਜੂਦਗੀ ਵੀ ਹੈ।
ਵੈਨੇਜੁਏਲਾ ਜੰਗ ਲਈ ਵੀ ਇੱਕ ਮਹੱਤਵਪੂਰਨ ਭੂ-ਸਿਆਸੀ ਮਕਸਦ ਪੂਰਾ ਕਰਦਾ ਹੈ। ਵੈਨੇਜੂਏਲਾ ’ਤੇ ਹਮਲਾ ਅਤੇ ਇਸ ਦੇ ਰਾਸ਼ਟਰਪਤੀ ਨੂੰ ਅਗਵਾ ਕਰਨਾ, ਜਿਵੇਂ ਕਿ ਟਰੰਪ ਨੇ ਸ਼ਨੀਵਾਰ ਨੂੰ ਕਿਹਾ, “ਕਿਸੇ ਵੀ ਵਿਅਕਤੀ ਨੂੰ ਜੋ ਅਮਰੀਕਾ ਦੀ ਅਜਾਦੀ ਨੂੰ ਧਮਕੀ ਦੇਵੇ” ਲਈ ਇੱਕ “ਚੇਤਾਵਨੀ” ਵਜੋਂ ਹੈ।
ਆਪਣੀ ਨਵੀਂ ਕੌਮੀ ਸੁਰੱਖਿਆ ਰਣਨੀਤੀ ਦਾ ਹਵਾਲਾ ਦਿੰਦੇ ਹੋਏ, ਟਰੰਪ ਨੇ ਐਲਾਨ ਕੀਤਾ ਕਿ “ਪੱਛਮੀ ਖੇਮੇ ਵਿੱਚ ਅਮਰੀਕੀ ਸਰਦਾਰੀ ਨੂੰ ਦੁਬਾਰਾ ਕਦੇ ਵੀ ਸਵਾਲ ਨਹੀਂ ਕੀਤਾ ਜਾਵੇਗਾ।”
ਅਸਲ ਵਿੱਚ ਅਮਰੀਕਾ ਦਾ ਸੰਸਾਰਕ ਗਲਬਾ ਪਿਛਲੇ ਸਮੇਂ ਵਿੱਚ ਖੁਰਿਆ ਹੈ। ਕਰਜਾ ਵਧ ਕੇ 380 ਖਰਬ ਅਮਰੀਕੀ ਡਾਲਰ ਤੋਂ ਪਾਰ ਜਾ ਚੁੱਕਾ ਹੈ। ਸੰਸਾਰ ਪੱਧਰ ’ਤੇ ਡਾਲਰ ਨੂੰ ਖਾਸਕਰ ਰੂਸ, ਚੀਨ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ। ਹੁਣ ਦੇ ਇਹ ਧੱਕੜ ਹਮਲੇ ਵੀ ਇਸੇ ਰਸੂਖ ਨੂੰ ਬਚਾਉਣ ਲਈ ਹਨ। ਅਮਰੀਕਾ ਲਤੀਨੀ ਅਮਰੀਕਾ ’ਤੇ ਆਪਣਾ ਅਧਿਕਾਰ ਸਮਝਦਾ ਆਇਆ ਹੈ ਪਰ ਪਿਛਲੇ ਲੱਗਭੱਗ ਤਿੰਨ ਦਹਾਕਿਆਂ ਤੋਂ ਇਸ ਚੌਧਰ ਨੂੰ ਰੂਸ ਚੀਨ ਧੜੇ ਨੇ ਸੱਟ ਮਾਰੀ ਹੈ।
ਵੈਨੇਜੂਏਲਾ ਦੀ 1995 ਤੱਕ ਹਥਿਆਰਾਂ ਲਈ ਅਮਰੀਕਾ ਉੱਤੇ ਬਹੁਤ ਜਿਆਦਾ ਨਿਰਭਰਤਾ ਸੀ, ਫਿਰ ਇਸ ਨੇ ਮੁੱਖ ਤੌਰ ’ਤੇ ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ਵੱਲ ਕਦਮ ਵਧਾਏ।
ਪਰ, 2000 ਦੇ ਦਹਾਕੇ ਦੇ ਮੱਧ ਤੋਂ, ਚੀਨ ਲਗਾਤਾਰ ਇਸ ਦੇ ਹਥਿਆਰਾਂ ਦੀ ਦਰਾਮਦ ਲਈ ਮੁੱਖ ਦਰਾਮਦਕਾਰ ਵਜੋਂ ਉਭਰਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ ਅਮਰੀਕਾ ਤੋਂ ਵੈਨੇਜੂਏਲਾ ਨੂੰ ਹਥਿਆਰਾਂ ਦੀ ਬਰਾਮਦ ਦੇ ਕੋਈ ਰਿਕਾਰਡ ਨਹੀਂ ਹਨ, ਸਿਵਾਏ 2015 ਵਿੱਚ ਇੱਕ ਨਿਗੂਣੇ ਹਿੱਸੇ ਦੇ। ਇਹ ਰੁਝਾਨ ਮਾਦੂਰੋ ਸ਼ਾਸਨ ਦੌਰਾਨ ਹੋਰ ਵੱਧ ਹੋਇਆ ਹੈ। 2014 ਤੋਂ ਬਾਅਦ, ਚੀਨ ਨੇ ਵੈਨੇਜੂਏਲਾ ਦੀਆਂ ਸਾਰੀਆਂ ਹਥਿਆਰਾਂ ਦੀਆਂ ਦਰਾਮਦਾਂ ਵਿੱਚ 46% ਹਿੱਸਾ ਪਾਇਆ ਹੈ।
2000 ਦੇ ਸ਼ੁਰੂ ਵਿੱਚ ਚੀਨ ਵੈਨੇਜੂਏਲਾ ਦੀਆਂ ਖਣਿਜ ਬਰਾਮਦਾਂ ਦਾ 1% ਤੋਂ ਘੱਟ ਸੀ, ਪਰ 2018 ਤੱਕ ਇਹ 28% ਦੇ ਸਿਖਰ ਤੱਕ ਪਹੁੰਚ ਗਿਆ। ਚੀਨ ਨੇ ਵੀ ਵੈਨੇਜੁਏਲਾ ਲਈ ਦਰਾਮਦ ਦੇ ਮੁੱਖ ਸਰੋਤ ਵਜੋਂ ਅਮਰੀਕਾ ਨੂੰ ਪਛਾੜ ਦਿੱਤਾ ਹੈ।
2023 ਵਿੱਚ, ਅਮਰੀਕਾ ਦੀ ਹਿੱਸੇਦਾਰੀ ਵੈਨੇਜੁਏਲਾ ਦੀਆਂ ਦਰਾਮਦਾਂ ਦਾ ਸਿਰਫ ਇੱਕ-ਚੌਥਾਈ ਹਿੱਸਾ ਸੀ, ਜਦਕਿ ਉਸੇ ਮਿਆਦ ਵਿੱਚ ਚੀਨ ਦਾ ਹਿੱਸਾ ਇੱਕ-ਤਿਹਾਈ ਸੀ। ਪਰ, ਇਹ ਹਮੇਸ਼ਾ ਅਜਿਹਾ ਨਹੀਂ ਸੀ। 1990 ਦੇ ਦਹਾਕੇ ਦੇ ਮੱਧ ਵਿੱਚ, ਅਮਰੀਕਾ ਦੀ ਵੈਨੇਜੁਏਲਾ ਦੀਆਂ ਦਰਾਮਦਾਂ ਵਿੱਚ ਹਿੱਸੇਦਾਰੀ ਕਈ ਸਾਲਾਂ ਤੱਕ ਲਗਾਤਾਰ 40% ਤੋਂ ਵੱਧ ਰਹੀ ਸੀ। ਪਰ, ਪਿਛਲੇ ਦੋ ਦਹਾਕਿਆਂ ਵਿੱਚ ਅਮਰੀਕਾ ਦੀ ਹਿੱਸੇਦਾਰੀ ਲੱਗਭੱਗ ਅੱਧੀ ਰਹਿ ਗਈ ਹੈ, ਜਿਸ ਦੀ ਭਰਪਾਈ ਚੀਨ ਦੀ ਹਿੱਸੇਦਾਰੀ ਵਿੱਚ ਵਾਧੇ ਨਾਲ਼ ਹੋਈ ਹੈ।
ਲਾਤੀਨੀ ਅਮਰੀਕਾ ਖੇਤਰ ਵਿੱਚ ਚੀਨ ਦੇ ਨਿਵੇਸ਼, ਜੋ ਸਹਾਇਤਾ, ਕਰਜੇ ਅਤੇ ਗ੍ਰਾਂਟਾਂ ਦੇ ਰੂਪ ਵਿੱਚ ਹਨ, 2001-2023 ਵਿਚਕਾਰ 300 ਅਰਬ ਡਾਲਰ ਤੋਂ ਵੱਧ ਦਾ ਸੀ। ਇਨ੍ਹਾਂ ਵਿੱਚੋਂ ਇੱਕ-ਤਿਹਾਈ ਤੋਂ ਵੱਧ (ਲੱਗਭੱਗ 106 ਅਰਬ ਡਾਲਰ) ਸਿਰਫ ਵੈਨੇਜੁਏਲਾ ਵਿੱਚ ਨਿਵੇਸ਼ ਕੀਤੇ ਗਏ ਹਨ, ਜਿਸ ਨਾਲ਼ ਇਸ ਖੇਤਰ ਵਿੱਚ ਵੈਨੇਜੁਏਲਾ ਚੀਨੀ ਨਿਵੇਸ਼ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਬਣ ਗਿਆ ਹੈ।
ਨਾ ਸਿਰਫ ਲਾਤੀਨੀ ਅਮਰੀਕਾ ਵਿੱਚ, ਵੈਨੇਜੁਏਲਾ ਸੰਸਾਰ ਪੱਧਰ ’ਤੇ ਚੀਨੀ ਸਹਾਇਤਾ ਦਾ ਚੌਥਾ ਸਭ ਤੋਂ ਵੱਡਾ ਪ੍ਰਾਪਤਕਰਤਾ ਵੀ ਹੈ। ਚੀਨ ਨੇ ਪਿੱਛੇ ਜਿਹੇ ਹੀ ਦੇਸ਼ ਵਿੱਚ 170 ਤੋਂ ਵੱਧ ਪ੍ਰੋਜੈਕਟਾਂ ਲਈ ਵਚਨਬੱਧਤਾ ਕੀਤੀ ਹੈ।
ਇਨ੍ਹਾਂ ਫੰਡਾਂ ਵਿੱਚੋਂ ਲੱਗਭੱਗ ਸਾਰੇ ਕਰਜੇ ਵਜੋਂ ਵੰਡੇ ਗਏ ਹਨ, ਅਤੇ 26% ਤੋਂ ਵੱਧ ਮੁੱਖ ਕੁੰਜੀ ਖੇਤਰਾਂ ਜਿਵੇਂ ਕਿ ਊਰਜਾ, ਖਣਨ ਅਤੇ ਹੋਰ ਸਬੰਧਿਤ ਉਦਯੋਗਾਂ ਵਿੱਚ ਨਿਵੇਸ਼ ਕੀਤੇ ਗਏ ਹਨ।
ਇਸ ਲਈ ਅਮਰੀਕਾ, ਰੂਸ-ਚੀਨ ਧੜੇ ਨੂੰ ਵੈਨੇਜੁਏਲਾ ਅਤੇ ਪੂਰੇ ਲਤੀਨੀ ਅਮਰੀਕਾ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ, ਜਾਂ ਘੱਟੋ ਘੱਟ ਇਸਦਾ ਰਸੂਖ ਘਟਾਉਣਾ ਚਾਹੁੰਦਾ ਹੈ। ਇਹਦੇ ਲਈ ਵੈਨੇਜੁਏਲਾ ਦੇ ਤੇਲ ਭੰਡਾਰ ਤੇ ਚੀਨ-ਰੂਸ ਧੜੇ ਦਾ ਪ੍ਰਭਾਵ ਗਲ਼ੇ ਦੀ ਹੱਡੀ ਬਣਿਆ ਹੋਇਆ ਹੈ।
ਮਦੁਰੋ ਦੀ ਗਿ੍ਰਫਤਾਰੀ ਤੋਂ ਕੁਝ ਘੰਟੇ ਪਹਿਲਾਂ ਉਹ ਚੀਨ ਦੇ ਇੱਕ ਵਫਦ ਨਾਲ਼ ਇੱਕ ਊਰਜਾ ਸਮਝੌਤੇ ਲਈ ਮਿਲ਼ਿਆ ਸੀ ਅਤੇ ਉਸ ਤੋਂ ਕੁਝ ਚਿਰ ਬਾਅਦ ਅਮਰੀਕੀ ਹਮਲੇ ਰਾਹੀਂ ਉਸ ਦੀ ਗਿ੍ਰਫਤਾਰੀ ਕੀਤੀ ਗਈ। ਕਿਆਸਰਾਈਆਂ ਹਨ ਕਿ ਇਹ ਸਮਾਂ ਜਾਣ ਬੁਝ ਕੇ ਮੀਟਿੰਗ ਤੋਂ ਬਾਅਦ ਚੁਣਿਆ ਗਿਆ ਤਾਂ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਚੀਨ ਨਾਲ਼ ਨਾਤਾ ਰੱਖਣ ਦਾ ਇਹ ਅੰਜਾਮ ਹੋਵੇਗਾ।
ਅਸਲ ਵਿੱਚ ਸਰਮਾਏਦਾਰਾ ਢਾਂਚੇ ਦੇ ਵਜੂਦ ਸਮੋਏ ਨਿਯਮ ਦੇ ਅਨੁਸਾਰ ਅੱਜ ਅਮਰੀਕੀ ਸਾਮਰਾਜ ਦੇ ਸਰਮਾਏਦਾਰਾਂ ਦੀ ਮੁਨਾਫੇ ਦੀ ਦਰ ਡਿੱਗ ਰਹੀ ਹੈ। ਇਸ ਨੂੰ ਉੱਪਰ ਚੁੱਕਣ ਦੇ ਢੰਗਾਂ ਵਿੱਚ ਇਹ ਤੌਰ-ਤਰੀਕੇ ਵੀ ਸ਼ਾਮਲ ਹਨ ਜੋ ਅਮਰੀਕਾ ਦੀ ਹਮਲਾਵਰ ਨੀਤੀ ਵਿੱਚ ਦਿੱਖ ਰਹੇ ਹਨ। ਅਮਰੀਕਾ ਨੇ ਉਸ ਉੱਤੇ ਸਾਰੀਆਂ ਆਰਥਿਕ ਬੰਦਸ਼ਾਂ ਲਗਾਕੇ ਦੇਖ ਲਈਆਂ, ਉਸਦੀਆਂ ਤੇਲ ਕਿਸ਼ਤੀਆਂ ’ਤੇ ਕਬਜੇ ਕਰਕੇ ਦੇਖ ਲਏ ਪਰ ਫੇਰ ਵੀ ਜਦੋਂ ਵੈਨੇਜੁਏਲਾ ਨਾ ਝੁਕਿਆ ਤਾਂ ਜਮਹੂਰੀਅਤ ਦਾ ਲਬਾਦਾ ਚੱਕਦਿਆਂ ਅਖੀਰ ਰਾਸ਼ਟਰਪਤੀ ਨੂੰ ਹੀ ਗਿ੍ਰਫਤਾਰ ਕਰ ਲਿਆ। ਇਸ ਹਮਲੇ ਪਿੱਛੇ ਅਜੋਕਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਹੀ ਜਿੰਮੇਵਾਰ ਹੈ।
ਅੱਗੇ ਕੀ?
ਅਮਰੀਕਾ ਨੇ ਵੈਨੇਜੁਏਲਾ ਨੂੰ “ਚਲਾਉਣ” ਦਾ ਦਾਅਵਾ ਕੀਤਾ ਹੈ। ਬੁੱਧਵਾਰ ਨੂੰ ਉਸ ਨੇ ਵੈਨੇਜੁਏਲਾ ਨੂੰ ਤੇਲ ਲੈਣ ਜਾਂਦੇ ਰੂਸੀ ਟੈਂਕਰ ਕਬਜੇ ਵਿੱਚ ਲੈਕੇ ਇਹ ਐਲਾਨ ਕੀਤਾ ਕਿ ਵੈਨੇਜੁਏਲਾ ਦਾ ਸਾਰਾ ਤੇਲ ਵਪਾਰ ਹੁਣ ਅਮਰੀਕਾ ਸਾਂਭੇਗਾ ਅਤੇ ਦੇਸ਼ ਵਿੱਚ ਹੁਣ ਅਮਰੀਕੀ ਵਸਤਾਂ ਦੀ ਵੱਡੇ ਪੱਧਰ ’ਤੇ ਬਰਾਮਦਗੀ ਕੀਤੀ ਜਾਵੇਗੀ। ਇਸ ਵਿੱਚ ਦੇਲਸੀ ਰੋਦਿ੍ਰਗਜ ਵੱਲੋਂ ਫਿਲਹਾਲ ਲਈ ਬਹੁਤ ਤਿੱਖਾ ਵਿਰੋਧ ਨਜਰ ਨਹੀਂ ਆਉਂਦਾ। ਪਰ ਇਹ ਆਉਣਾ ਵੀ ਸੌਖਾ ਨਹੀਂ ਹੈ।
ਅੱਜ ਵੈਨੇਜੁਏਲਾ ਅੱਗੇ ਦੋ ਰਾਹ ਹਨ – ਆਪਣੇ ਸਾਰੇ ਕੁਦਰਤੀ ਸ੍ਰੋਤ ਅਮਰੀਕਾ ਹਵਾਲੇ ਕਰ ਦੇਵੇ ਜਾਂ ਫੇਰ ਇਸ ਸਾਮਰਾਜੀ ਸਾਹਨ ਨੂੰ ਨੱਥ ਪਾਵੇ। ਤੇ ਇਸਦੀ ਚੋਣ ਸਿਰਫ ਮੰਤਰੀਆਂ ਨੇ ਨਹੀਂ ਕਰਨੀ ਸਗੋਂ ਲੋਕਾਂ ਨੇ ਕਰਨੀ ਹੈ। ਤੇ ਵੈਨੇਜੁਏਲਾ ਦੇ ਲੋਕ ਪਹਿਲਾਂ ਵੀ ਅਮਰੀਕੀ ਸਾਮਰਾਜ ਦੇ ਦੰਦ ਖੱਟੇ ਕਰ ਚੁੱਕੇ ਹਨ। ਓਹ ਆਪਣੀ ਧਰਤੀ ਲਈ ਲੜਨਾ ਜਾਣਦੇ ਨੇ, ਓਹਨਾਂ ਨੇ ਸੜਕਾਂ ਨੂੰ ਮੱਲਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੀ ਭੂਮਿਕਾ ਨਿਰਣਾਇਕ ਹੁੰਦੀ ਹੈ। ਖਾਸਕਰ ਲਤੀਨੀ ਅਮਰੀਕਾ ਦੇ ਲੋਕਾਂ ਨੇ ਸਾਮਰਾਜੀਆਂ ਤੋਂ ਸਿਆਸੀ ਅਜਾਦੀ ਦਾ ਇਤਿਹਾਸ ਆਪਣੇ ਲਹੂ ਨਾਲ਼ ਸਿੰਜਿਆ ਹੈ। ਅੱਜ ਸੰਸਾਰ ਦੇ ਇਨਕਲਾਬੀ ਖੇਮੇ ਨੂੰ ਵੀ ਅਮਰੀਕਾ ਵੱਲੋਂ ਇਸ ਹਮਲੇ ਦਾ ਵਿਰੋਧ ਕਰਦਿਆਂ ਅਮਰੀਕਾ ਦਾ ਇਹ ਖੂਨੀ ਦਖਲ ਖਤਮ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
– ਜੋਬਨ
8-01-2026
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ