28 ਦਸੰਬਰ 2025 ਤੋਂ ਇਰਾਨ ਦੀਆਂ ਸੜਕਾਂ ਡਿੱਗਦੇ ਅਰਥਚਾਰੇ ਅਤੇ ਸਰਕਾਰੀ ਜਬਰ ਤੋਂ ਅੱਕੇ ਲੋਕਾਂ ਦੇ ਹੜ੍ਹ ਨਾਲ਼ ਭਰੀਆਂ ਦਿੱਸ ਰਹੀਆਂ ਹਨ। ਇਹਨਾਂ ਮੁਜਾਹਰਿਆਂ ਨੇ ਇਰਾਨ ਦੇ ਇਤਿਹਾਸ ਵਿੱਚ ਥਾਂ ਬਣਾਉਂਦਿਆਂ ਇਰਾਨ ਦੇ ਸਾਰੇ 31 ਜਿਲਿ੍ਹਆਂ ਵਿੱਚ ਨਾਅਰਿਆਂ ਦੀ ਗੂੰਜ ਨੂੰ ਸਰਕਾਰੀ ਜਬਰ ਖਿਲਾਫ ਹੋਰ ਉੱਚਾ ਚੁੱਕਿਆ ਹੈ। ਇਰਾਨ ਦੇ ਲੋਕ ਬਰਬਰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਦੇ ਹੋਏ ਬਿਹਤਰ ਜੀਵਨ ਹਾਲਤਾਂ ਅਤੇ ਮੁੱਢਲੇ ਹੱਕਾਂ ਲਈ ਸਰਕਾਰ ਨਾਲ਼ ਸਿੱਧੀ ਟੱਕਰ ਲੈ ਰਹੇ ਹਨ। ਤਹਿਰਾਨ ਤੋਂ ਸ਼ੁਰੂ ਹੋਇਆ ਰੋਸ ਮੁਜਾਹਰਾ ਹੁਣ ਵਿਆਪਕ ਲੋਕ ਲਹਿਰ ਦਾ ਰੂਪ ਅਖਤਿਆਰ ਚੁੱਕਾ ਹੈ, ਜਿਸ ਵਿੱਚ ਮੁਲਾਜਮਾਂ, ਵਿਦਿਆਰਥੀਆਂ, ਪੱਤਰਕਾਰਾਂ ਅਤੇ ਹਿਜਾਬ ਪਬੰਦੀਆਂ ਤੋਂ ਤੰਗ ਔਰਤਾਂ ਸਮੇਤ ਲੱਖਾਂ ਲੋਕ ਸ਼ਾਮਲ ਹਨ।
8 ਜਨਵਰੀ 2026 ਤੋਂ ਸਰਕਾਰ ਵੱਲੋਂ ਲਾਗੂ ਹੋਏ ਮੁਕੰਮਲ ਇੰਟਰਨੈੱਟ ਬੰਦ ਇਰਾਨੀ ਲੋਕਾਂ ਉੱਤੇ ਹੋ ਰਹੇ ਤਸ਼ੱਦਦ ਨੂੰ ਲੁਕਾਉਣ ਦੀ ਸਾਜਿਸ਼ ਤੇ ਲੋਕਾਂ ਦਾ ਆਪਸੀ ਸੰਪਰਕ ਤੋੜਨ ਵਾਸਤੇ ਕੀਤਾ ਜਾ ਰਿਹਾ ਹੈ, ਜਿਸ ਨਾਲ਼ ਮੁਜਾਹਰਾਕਾਰੀਆਂ ਦੇ ਕਤਲੇਆਮ ਅਤੇ ਕੁੱਟਮਾਰ ਦੀਆਂ ਖਬਰਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਚਾਰ ਬੰਦੀ ਨਾਲ਼ ਦੇਸ਼ ਨੂੰ ਰੋਜਾਨਾ 3.5 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋ ਰਿਹਾ ਹੈ, ਪਰ ਇਰਾਨੀ ਹਕੂਮਤ ਅਰਥਚਾਰੇ ਦੇ ਇਸ ਮਾੜੇ ਹਾਲ ਵਿੱਚ ਵੀ ਲੋਕਾਂ ਨੂੰ ਦਬਾਉਣ ਖਾਤਰ ਇਹ ਨੁਕਸਾਨ ਝੱਲਣ ਨੂੰ ਤਿਆਰ ਹੈ। ਇਸ ਬੰਦੀ ਦੀ ਆੜ ਵਿੱਚ ਸੁਰੱਖਿਆ ਬਲਾਂ ਨੇ ਮੁਜਾਹਰਾਕਾਰੀਆਂ ਦਾ ਅੰਨ੍ਹੇਵਾਹ ਕਤਲੇਆਮ ਕੀਤਾ ਹੈ। ਜਿੱਥੇ ਸਰਕਾਰੀ ਅੰਕੜਾ ਮੌਤਾਂ ਦੀ ਗਿਣਤੀ 3,117 ਦੱਸਦਾ ਹੈ, ਉੱਥੇ ਹੀ ਅਮਰੀਕੀ ਖਬਰ ਸਰੋਤ ‘ਗਾਰਡੀਅਨ’ ਅਤੇ ‘ਟਾਈਮ’ ਮੁਤਾਬਕ ਇਹ ਗਿਣਤੀ 30,000 ਤੋਂ 36,500 ਦੇ ਵਿਚਕਾਰ ਹੋ ਸਕਦੀ ਹੈ। 8-9 ਜਨਵਰੀ ਨੂੰ ਹੀ 2,000 ਤੋਂ 6,000 ਲੋਕਾਂ ਦੇ ਕਤਲੇਆਮ ਬਾਰੇ ਦਾਅਵਾ ਕੀਤਾ ਗਿਆ ਹੈ। ਸਰਕਾਰ ’ਤੇ ਦੋਸ਼ ਹੈ ਕਿ ਉਹ ਪਰਿਵਾਰਾਂ ਨੂੰ ਦੱਸੇ ਬਿਨਾਂ ਲਾਸ਼ਾਂ ਨੂੰ ਸਮੂਹਿਕ ਕਬਰਾਂ ਵਿੱਚ ਦਫਨਾ ਰਹੀ ਹੈ ਤਾਂ ਜੋ ਅਸਲੀ ਗਿਣਤੀ ਲੁਕਾਈ ਜਾ ਸਕੇ। ਕਈ ਕੌਮਾਂਤਰੀ ਅਖਬਾਰਾਂ ਮੁਤਾਬਕ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਤਹਿਰਾਨ ਦੇ ਮੁਰਦਾਘਰਾਂ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਜਿੱਥੇ ਇੱਕ ਪਾਸੇ ਇਹ ਮੁਜਾਹਰੇ ਗਿਣਤੀ ਅਤੇ ਵਿਆਪਕਤਾ ਪੱਖੋਂ ਇਤਿਹਾਸਕ ਹਨ, ਉੱਥੇ ਹੀ ਇਸ ਹੱਦ ਦੇ ਸਰਕਾਰੀ ਜਬਰ ਲਈ ਲੋਕ ਸਰਕਾਰ ਦੀਆਂ ਕਰਤੂਤਾਂ ਨੂੰ ਨਹੀਂ ਭੁਲਾਉਣਗੇ।
ਮੰਦਹਾਲੀ ਦੇ ਅੰਦਰੂਨੀ ਕਾਰਨ
ਇਸ ਰੋਹ ਦਾ ਫੌਰੀ ਕਾਰਨ ਵਧਦੀ ਮਹਿੰਗਾਈ ਹੈ। 2025 ਦੌਰਾਨ ਇਰਾਨ ਵਿੱਚ ਮਹਿੰਗਾਈ ਸਿਖਰਾਂ ਛੂਹ ਰਹੀ ਸੀ, ਜਿਸਦਾ ਹਾਲ ਹੁਣ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਇੱਕ ਅਮਰੀਕੀ ਡਾਲਰ ਹੁਣ 16,52,000 ਇਰਾਨੀ ਰਿਆਲ ਦੇ ਬਰਾਬਰ ਹੈ। ਦੁੱਧ, ਤੇਲ, ਅਤੇ ਬਾਕੀ ਸਭ ਤੋਂ ਮੁੱਢਲੀਆਂ ਭੋਜਨ ਵਸਤਾਂ ਦੀਆਂ ਕੀਮਤਾਂ ਹੁਣ ਲੱਖਾਂ ਵਿੱਚ ਹਨ ਅਤੇ ਹਜਾਰਾਂ ਲੋਕਾਂ ਨੂੰ ਇਸ ਮਹਿੰਗਾਈ ਦੀ ਮਾਰ ਹੇਠ ਭੁੱਖ ਜਾਂ ਕੁਪੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁੱਖ ਮਿਟਾਉਣ ਲਈ ਕਰਜਾ ਲੈਣ ਤੱਕ ਦੀ ਸਥਿਤੀ ਬਣ ਚੁੱਕੀ ਹੈ। ਮਹਿੰਗਾਈ ਦਾ ਹਾਲ ਕੀਮਤਾਂ ਤੋਂ ਬਿਹਤਰ ਸਮਝਿਆ ਜਾ ਸਕਦਾ ਹੈ – ਅੱਜ ਇਰਾਨ ਵਿੱਚ ਇੱਕ ਲੀਟਰ ਦੁੱਧ ਦੀ ਕੀਮਤ 5.5 ਲੱਖ ਰਿਆਲ ਦੇ ਕਰੀਬ ਹੈ, ਅਤੇ ਅੰਡਿਆਂ ਦੀ ਟਰੇਅ 28 ਲੱਖ ਤੋਂ 30 ਲੱਖ ਰਿਆਲ ਦੀ ਹੋ ਚੁੱਕੀ ਹੈ!
ਦਸੰਬਰ ਵਿੱਚ ਇਰਾਨੀ ਸਰਕਾਰ ਵੱਲੋਂ ਵਪਾਰੀਆਂ ਨੂੰ ਦਿੱਤੇ ਜਾਂਦੇ ਸਬਸਿਡੀ ਪ੍ਰਾਪਤ ਮੁਦਰਾ ਵਟਾਂਦਰਾ ਦਰ ਨੂੰ ਡਿੱਗਦੇ ਅਰਥਚਾਰੇ ਕਰਕੇ ਬੰਦ ਕਰ ਦਿੱਤਾ ਗਿਆ, ਜਿਸਦੇ ਕਰਕੇ ਮਹਿੰਗਾਈ ਦਰ ਉੱਤੇ ਕੀਮਤਾਂ ਇੱਕਦਮ ਕਈ ਹੋਰ ਗੁਣਾ ਵਧ ਗਈਆਂ। ਦਵਾਈਆਂ ਅਤੇ ਖਾਧ ਵਸਤਾਂ ਦੀਆਂ ਕੀਮਤਾਂ 500% ਤੱਕ ਵਧੀਆਂ। ਇਸਦੇ ਨਾਲ਼ ਹੀ ਜਿਆਦਾਤਰ ਸ਼ਹਿਰਾਂ ਵਿੱਚ ਸਾਫ ਪਾਣੀ ਅਤੇ ਚੰਗੀਆਂ ਬਿਜਲੀ ਸਹੂਲਤਾਂ ਦੀ ਘਾਟ ਕਰਕੇ ਲੋਕਾਂ ਦਾ ਰੋਹ ਫੁਟਾਰਾ ਲਾਜਮੀ ਹੀ ਹੋਣਾ ਸੀ। 28 ਸਤੰਬਰ ਨੂੰ ਤਹਿਰਾਨ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਇਸ ਲੜੀ ਦੀ ਸ਼ੁਰੂਆਤ ਕਰਦਿਆਂ ਬਜਾਰ ਬੰਦ ਰੱਖਿਆ ਅਤੇ ਵਧਦੀ ਮਹਿੰਗਾਈ ਅਤੇ ਸਰਕਾਰੀ ਅਣਗਹਿਲੀ ਖਿਲਾਫ ਅਵਾਜ ਚੁੱਕੀ। ਇਸ ਮੁਜਾਹਰੇ ਨੇ ਭਾਂਬੜ ਬਣ ਇਰਾਨ ਦੇ ਹਰ ਕੋਨੇ ਤੱਕ ਮੁਜਾਹਰਿਆਂ ਦੀ ਲੜੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੁਲਾਜਮ, ਵਿਦਿਆਰਥੀ, ਪੱਤਰਕਾਰ, ਹਿਜਾਬ ਪਬੰਦੀਆਂ ਤੋਂ ਤੰਗ ਔਰਤਾਂ, ਅਤੇ ਸਮਾਜ ਦੇ ਵੱਖ-ਵੱਖ ਤਬਕਿਆਂ ਤੋਂ ਲੱਖਾਂ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ। ਸਰਕਾਰ ਨੇ ਲੋਕਾਂ ਦੀ ਗੱਲ ਸੁਣਨ ਅਤੇ ਮੁਢਲੀਆਂ ਸਹੂਲਤਾਂ ਮੁਹੱਈਆ ਕਰਨ ਦੀ ਥਾਵੇਂ ਜਨਤਕ ਸਹੂਲਤਾਂ ਤੋਂ ਪੈਸਾ ਖਿੱਚ ਕੇ ਸਾਰਾ ਧਿਆਨ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ’ ਅਤੇ ਹਥਿਆਰਾਂ ਦੇ ਨਿਰਮਾਣ ਵੱਲ ਮੋੜਿਆ ਹੈ। ਇਸ ਤਰ੍ਹਾਂ ਸਰਕਾਰ ਦਾ ਸਰੋਕਾਰ ਲੋਕਾਂ ਅੱਗੇ ਪ੍ਰਤੱਖ ਹੋ ਗਿਆ ਹੈ। ਲੋਕਾਂ ਦੀਆਂ ਲੋੜਾਂ ਦੀ ਪੂਰਤੀ ਦੀ ਥਾਵੇਂ ਸਰਕਾਰੀ ਪੈਸਾ ਹੱਕ ਮੰਗਦੇ ਲੋਕਾਂ ਨੂੰ ਹੀ ਬੇਰਹਿਮੀ ਨਾਲ਼ ਕੁਚਲਣ ਲਈ ਵਰਤਿਆ ਜਾ ਰਿਹਾ ਹੈ।
ਸਾਲ 2025-26 ਦੌਰਾਨ ਪਾਣੀ ਦੀ ਘਾਟ ਅਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਪੂਰੇ ਇਰਾਨ ਵਿੱਚ ਲੋਕਾਂ ਨੂੰ ਸਮੱਸਿਆਵਾਂ ਆਈਆਂ। 2003 ਤੋਂ 2019 ਦਰਮਿਆਨ ਇਰਾਨ ਨੇ ਅੰਦਾਜਨ 211 ਘਣ ਕਿਲੋਮੀਟਰ ਜਮੀਨ ਹੇਠਲਾ ਪਾਣੀ ਗਵਾਇਆ ਹੈ, ਜੋ ਕਿ ਇਸਦੀ ਸਲਾਨਾ ਪਾਣੀ ਦੀ ਖਪਤ ਨਾਲ਼ੋਂ ਦੁੱਗਣਾ ਹੈ। ਜਮੀਨ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਦਰ 30 ਸੈਂਟੀਮੀਟਰ ਪ੍ਰਤੀ ਸਾਲ ਤੱਕ ਪਹੁੰਚ ਚੁੱਕੀ ਹੈ। ਇਸ ਨਾਲ਼ ਲੱਗਭੱਗ 1.5 ਕਰੋੜ ਤੋਂ ਵੱਧ ਲੋਕ (ਅਬਾਦੀ ਦਾ ਲੱਗਭੱਗ ਚੌਥਾ ਹਿੱਸਾ) ਗੰਭੀਰ ਰੂਪ ਵਿੱਚ ਪ੍ਰਭਾਵਤ ਹਨ।
ਸੰਸਾਰ ਸਿਹਤ ਸੰਸਥਾ ਮੁਤਾਬਕ ਇਰਾਨ ਆਪਣੀ ਹਵਾ ਦੀ ਗੁਣਵੱਤਾ ਦੇ ਮਾਮਲੇ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਭਰ ਵਿੱਚ ਹੋਣ ਵਾਲ਼ੀਆਂ ਲੱਗਭੱਗ 11 ਫੀਸਦੀ ਮੌਤਾਂ ਅਤੇ 52 ਫੀਸਦੀ ਬਿਮਾਰੀਆਂ ਦਾ ਮੁੱਖ ਕਾਰਨ ਵਾਤਾਵਰਣ ਪ੍ਰਦੂਸ਼ਣ ਦੱਸਿਆ ਗਿਆ ਹੈ। 2025 ਵਿੱਚ ਹਵਾ ਪ੍ਰਦੂਸ਼ਣ ਕਾਰਨ ਵੱਡੇ ਸ਼ਹਿਰਾਂ ਵਿੱਚ ਸਕੂਲ ਅਤੇ ਦਫਤਰ ਵਾਰ-ਵਾਰ ਬੰਦ ਕੀਤੇ ਗਏ ਸਨ, ਅਤੇ ਹਸਪਤਾਲ ਇਸ ਸਬੰਧੀ ਸਾਹ ਅਤੇ ਦਿਲ ਦੇ ਰੋਗਾਂ ਨਾਲ਼ ਸਬੰਧਤ ਐਮਰਜੈਂਸੀ ਕੇਸਾਂ ਨਾਲ਼ ਭਰ ਰਹੇ ਸਨ।
ਸਰਕਾਰੀ ਖੇਤਰ ਵਿੱਚ ਬਿਜਲੀ ਢਾਂਚੇ ਦੀ ਉਸਾਰੀ ਵਿੱਚ ਨਿਵੇਸ਼ ਦੀ ਘਾਟ ਸਦਕਾ ਬਿਜਲੀ ਲਈ ਪੁਰਾਣੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰੀ ਬਿਜਲੀ ਘਰਾਂ ਅਤੇ ਸੱਨਅਤੀ ਖੇਤਰ ਵਿੱਚ ਘਟੀਆ ਦਰਜੇ ਦੇ ਬਾਲਣ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਹਵਾ ਵਿੱਚ ਗੰਧਕ (ਸਲਫਰ ਡਾਈਆਕਸਾਈਡ), ਨਾਈਟ੍ਰੋਜਨ ਆਕਸਾਈਡ ਅਤੇ ਬਾਰੀਕ ਜਹਿਰੀਲੇ ਕਣਾਂ ਦੀ ਮਾਤਰਾ ਬਹੁਤ ਜਿਆਦਾ ਵਧ ਗਈ ਹੈ।
ਇਰਾਨ ਦੀ ਸਰਕਾਰ ਨੇ ਇਹਨਾਂ ਪ੍ਰਬੰਧਕੀ ਨਾਕਾਮੀਆਂ ਅਤੇ ਲੋਕ ਵਿਰੋਧੀ ਰਵੱਈਏ ਉੱਤੇ ਪਰਦਾ ਪਾਉਣ ਲਈ ਇਹਨਾਂ ਹਾਲਤਾਂ ਦਾ ਸਾਰਾ ਦੋਸ਼ ਸੋਕੇ ਸਿਰ ਮੜ੍ਹ ਦਿੱਤਾ ਹੈ।
ਅੰਤਰ-ਸਾਮਰਾਜੀ ਖਹਿਭੇੜ ਦਾ ਮੰਚ ਬਣਿਆ ਇਰਾਨ
ਇਸਦੇ ਪਿੱਛੇ ਇਰਾਨ ਦੇ ਅੰਦਰੂਨੀ ਆਰਥਿਕ ਕਾਰਨ ਮੁੱਖ ਹਨ, ਪਰ ਇਰਾਨ ਦੀ ਇਹ ਦੁਰਦਸ਼ਾ ਅੰਤਰ-ਸਾਮਰਾਜੀ ਖਹਿਭੇੜ ਬਿਨ੍ਹਾਂ ਵੀ ਨਹੀਂ ਸਮਝੀ ਜਾ ਸਕਦੀ। ਅੱਜ ਦੇ ਮੁੱਖ ਸਾਮਰਾਜੀ ਖੇਮਿਆਂ – ਇੱਕ ਪਾਸੇ ਅਮਰੀਕਾ ਦੀ ਅਗਵਾਈ ਵਾਲ਼ੇ ਪੱਛਮੀ ਸਾਮਰਾਜੀ ਅਤੇ ਦੂਸਰੇ ਪਾਸੇ ਰੂਸ-ਚੀਨ ਦੀ ਜੋਟੀ – ਨੇ ਮੱਧ ਪੂਰਬੀ ਦੇਸ਼ਾਂ ਵਿੱਚ ਆਪਣਾ ਆਰਥਿਕ ਅਤੇ ਫੌਜੀ ਫੈਲਾਅ ਵਧਾਉਣ ਲਈ ਇਰਾਨ ਨੂੰ ਅੰਤਰ-ਸਾਮਰਾਜੀ ਖਹਿਭੇੜ ਦਾ ਵੱਡਾ ਮੰਚ ਬਣਾ ਦਿੱਤਾ ਹੈ। ਲਾਜਮੀ ਹੈ ਕਿ ਇਸ ਹੱਦ ਦੀ ਦਖਲਅੰਦਾਜੀ ਲੋਕਾਂ ਉੱਤੇ ਮਾੜੇ ਅਸਰ ਤੋਂ ਰਹਿਤ ਨਹੀਂ ਹੋ ਸਕਦੀ। ਇਰਾਨ ਦੀ ਸਰਕਾਰ ਦਾ ਝੁਕਾਅ ਰੂਸ-ਚੀਨ ਦੇ ਖੇਮੇ ਵੱਲ ਹੈ, ਜਿਸ ਕਰਕੇ ਅਮਰੀਕਾ ਵੱਲੋਂ ਅਰਥਿਕ ਪਬੰਦੀਆਂ ਅਤੇ ਹੋਰ ਰੋਕਾਂ ਲਾ ਕੇ ਇਸਦੇ ਅਰਥਚਾਰੇ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਸਾਹਮਣੇ ਆਉਂਦੀਆਂ ਹਨ।
2025 ਵਿੱਚ ਇਜਰਾਇਲ ਨਾਲ਼ (ਅਸਿੱਧੇ ਰੂਪ ਵਿੱਚ ਅਮਰੀਕਾ ਨਾਲ਼ ਜੰਗ ਕਿਹਾ ਜਾ ਸਕਦਾ ਹੈ) ਚੱਲੀ 12 ਦਿਨਾਂ ਦੀ ਜੰਗ ਦੌਰਾਨ ਇਰਾਨ ਦੇ ਕਈ ਵੱਡੇ ਬਿਜਲੀ ਘਰਾਂ ਉੱਤੇ ਹਮਲੇ ਕਰ ਕੇ ਉਹਨਾਂ ਨੂੰ ਤਬਾਹ ਕੀਤਾ ਗਿਆ। ਇਜਰਾਇਲ ਵੱਲੋਂ ਇਰਾਨ ਦੇ 3 ਵੱਡੇ ਨਿਊਕਲੀਰ ਟੈਸਟਿੰਗ ਅਤੇ ਵਿਕਾਸ ਕੇਂਦਰਾਂ ਉੱਤੇ ਹਮਲੇ ਕੀਤੇ ਗਏ। ਇਹ ਹਮਲੇ ਨਿਊਕਲਰ ਹਥਿਆਰ ਬਣਾਉਣ ਉੱਤੇ ਰੋਕਾਂ ਤਹਿਤ ਦੱਸੇ ਗਏ। ਇਹਨਾਂ ਹਮਲਿਆਂ ਕਰਕੇ ਇਰਾਨ ਦੇ ਬਿਜਲੀ ਢਾਂਚੇ ਨੂੰ ਵੱਡਾ ਧੱਕਾ ਲੱਗਿਆ। ਪਰ ਸਰਕਾਰ ਨੇ ਲੋਕਾਂ ਨੂੰ ਪਹੁੰਚ ਰਹੇ ਨੁਕਸਾਨ ਅਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਯਤਨਸ਼ੀਲ ਹੋਣ ਦੀ ਥਾਵੇਂ ਲੋਕਾਂ ਦੀਆਂ ਹਾਲਤਾਂ ਉੱਤੇ ਕੋਈ ਧਿਆਨ ਨਾ ਦਿੱਤਾ, ਜਿਸ ਕਰਕੇ ਜਮੀਨੀ ਹਾਲਤਾਂ ਹੋਰ ਵਿਗੜੀਆਂ। ਜੂਨ 2025 ਵਿੱਚ ਇਰਾਨ ਦੀ 70% ਬਿਜਲੀ ਬੰਦ ਹੋ ਗਈ। ਹਸਪਤਾਲਾਂ ਵਿੱਚ ਵੈਨਟਿਲੇਟਰ, ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਬੰਦ ਹੋ ਗਈ। ਇਹਨਾਂ ਹਾਲਤਾਂ ਵਿੱਚੋਂ ਲੋਕਾਂ ਨੂੰ ਉਭਾਰਨ ਲਈ ਇਰਾਨੀ ਸਰਕਾਰ ਨੇ ਕੋਈ ਵੱਡੇ ਯਤਨ ਨਾ ਕੀਤੇ। ਇਸ ਜੰਗ ਤੋਂ ਬਾਅਦ ਸਾਮਰਾਜੀ ਤਾਕਤਾਂ ਦੇ ਦਖਲ ਸਦਕਾ ਇਰਾਨ ਅੱਜ ਦੀ ਹਾਲਤ ਤੱਕ ਪਹੁੰਚਿਆ ਹੈ।
ਤੇਲ ਵਪਾਰ ਪਬੰਦੀਆਂ ਤੋਂ ਬਚਣ ਲਈ ਸਾਲਾਂ ਤੋਂ ਇਰਾਨ ਪੁਰਾਣੇ ਅਤੇ ਬੇਨਾਮੇ ਤੇਲ ਟੈਂਕਰਾਂ ਦੀ ਵਰਤੋਂ ਕਰਦਾ ਸੀ, ਜਿਨ੍ਹਾਂ ਨੂੰ ‘ਸ਼ੈਡੋ ਫਲੀਟ’ ਕਿਹਾ ਜਾਂਦਾ ਹੈ। 2025 ਦੇ ਸ਼ੁਰੂ ਵਿੱਚ ਅਮਰੀਕੀ ਧੜੇ ਨੇ ਤਕਨੀਕੀ ਨਿਗਰਾਨੀ ਰਾਹੀਂ ਇਹਨਾਂ ਟੈਂਕਰਾਂ ਦੀ ਪਛਾਣ ਕਰਕੇ ਇਹਨਾਂ ਉੱਤੇ ਮੁਕੰਮਲ ਰੋਕ ਲਗਾ ਦਿੱਤੀ। ਇਸ ਨਾਲ਼ ਇਰਾਨ ਦੀ ਤੇਲ ਬਰਾਮਦ ਵਿੱਚ 80% ਦੀ ਭਾਰੀ ਗਿਰਾਵਟ ਆਈ। ਜਦੋਂ ਸਰਕਾਰ ਕੋਲ਼ ਤੇਲ ਵੇਚਣ ਦਾ ਪੈਸਾ ਹੀ ਨਹੀਂ ਬਚਿਆ, ਤਾਂ ਉਹ ਬਿਜਲੀ ਘਰਾਂ ਅਤੇ ਪਾਣੀ ਦੇ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਅਸਮਰੱਥ ਹੋ ਗਈ, ਜਿਸ ਕਾਰਨ 2025 ਵਿੱਚ ਦੇਸ਼ ਵਿਆਪੀ ਬਿਜਲੀ-ਪਾਣੀ ਦਾ ਸੰਕਟ ਪੈਦਾ ਹੋਇਆ। ਵੈਨੇਜੁਏਲਾ ਅਤੇ ਇਰਾਨ ਵਿੱਚ ਤੇਲ ਵਪਾਰ ਪ੍ਰਫੁੱਲਤ ਸੀ, ਪਰ ਵੈਨੇਜੁਏਲਾ ਉੱਤੇ ਅਮਰੀਕੀ ਹਮਲੇ ਮਗਰੋਂ ਇਰਾਨ ਹੁਣ ਵੈਨੇਜੁਏਲਾ ਤੇਲ ਬਰਾਮਦੀ ਵਿੱਚ ਨਕਾਮ ਹੈ।
ਪਹਿਲਾਂ ਇਰਾਨ ਦੇ ਕੁਝ ਬੈਂਕਾਂ ਨੂੰ ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤਾਂ ਲਈ ਕੌਮਾਂਤਰੀ ਲੈਣ-ਦੇਣ ਦੀ ਇਜਾਜਤ ਸੀ। ਹੁਣ ਅਮਰੀਕਾ ਵੱਲੋਂ ਇਰਾਨ ਦੇ ਸਾਰੇ ਰਹਿੰਦੇ ਬੈਂਕਾਂ ਨੂੰ ‘ਕੌਮਾਂਤਰੀ ਬੈਂਕਿੰਗ ਪ੍ਰਣਾਲੀ’ (ਸਵਿਫਟ) ਤੋਂ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ। ਇਸ ਨਾਲ਼ ਇਰਾਨੀ ਮੁਦਰਾ ਰਿਆਲ ਦੀ ਕੀਮਤ ਕਾਗਜ ਦੇ ਟੁਕੜੇ ਵਰਗੀ ਰਹਿ ਗਈ ਹੈ। ਕੁਝ ਹੀ ਮਹੀਨਿਆਂ ਵਿੱਚ ਇਸਦੀ ਕੀਮਤ 70% ਤੋਂ ਵੱਧ ਡਿੱਗੀ, ਜਿਸ ਕਾਰਨ ਅਥਾਹ ਮਹਿੰਗਾਈ ਪੈਦਾ ਹੋਈ।
ਇਸਦੇ ਨਾਲ਼ ਹੀ ਅਮਰੀਕਾ ਅਤੇ ਇਸ ਧੜੇ ਦੇ ਹੋਰ ਦੇਸ਼ਾਂ ਨੇ ਇਰਾਨ ਨੂੰ ਫੌਜੀ ਅਤੇ ਜਨਤਕ ਕੰਮਾਂ ਲਈ ਵਰਤੇ ਜਾਂਦੇ ਪੁਰਜੇ, ਚਿੱਪਾਂ, ਅਤੇ ਹੋਰ ਤਕਨੀਕ ਵੇਚਣ ਉੱਤੇ ਪਬੰਦੀ ਲਾ ਦਿੱਤੀ ਹੈ। ਇਹ ਪਬੰਦੀ ਭਾਵੇਂ ਇਰਾਨ ਦੇ ਡਰੋਨ ਪ੍ਰੋਗਰਾਮ (ਜੋ ਰੂਸ ਨੂੰ ਸਪਲਾਈ ਕੀਤੇ ਜਾਂਦੇ ਹਨ) ਨੂੰ ਰੋਕਣ ਲਈ ਸੀ, ਪਰ ਇਸ ਨੇ ਇਰਾਨ ਦੀ ਘਰੇਲੂ ਸੱਨਅਤ ਉੱਤੇ ਕਾਫੀ ਮਾੜਾ ਪ੍ਰਭਾਵ ਪਾਇਆ ਹੈ। ਇਰਾਨ ਦੀਆਂ ਹਾਲਤਾਂ ਦਾ ਦੋਸ਼ੀ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਹੈ। ਸਰਮਾਏਦਾਰਾਂ ਦੀ ਸੇਵਾਦਾਰ ਇਰਾਨ ਦੀ ਸਰਕਾਰ ਨੇ ਹਰ ਮੌਕੇ ਲੋਕਾਂ ਨਾਲ਼ ਧੋਖਾ ਕਰਦਿਆਂ ਇਸ ਸਾਮਰਾਜੀ ਟਕਰਾਅ ਵਿੱਚ ਸਾਮਰਾਜੀ ਰੂਸ-ਚੀਨ ਦਾ ਸਾਥ ਨਿਭਾਇਆ ਹੈ, ਜੋਕਿ ਇੱਥੋਂ ਦੀ ਹਾਕਮ ਜਮਾਤ ਦੇ ਵੱਡੇ ਹਿੱਸੇ ਦੇ ਹਿੱਤਾਂ ਦੇ ਅਨੁਸਾਰੀ ਹੈ। ਲੋਕਾਂ ਦੇ ਮੁਜਾਹਰਿਆਂ ਵਿੱਚ ਵੀ ਸਰਕਾਰ ਉਹਨਾਂ ਦੀਆਂ ਮੰਗ ਉੱਤੇ ਗੱਲ ਕਰਨ ਲਈ ਵੀ ਅੱਗੇ ਨਾ ਆਈ, ਸਗੋਂ ਲੋਕਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ।
ਸਰਮਾਏਦਾਰਾ-ਸਾਮਰਾਜੀ ਦੌਰ ਵਿੱਚ ਲੋਕ ਰੋਹ ਦੇ ਉਬਾਲ਼ ਵਧਦੀ ਗਿਣਤੀ ਵਿੱਚ ਦੇਖਣ ਨੂੰ ਮਿਲ਼ ਰਹੇ ਹਨ, ਕਿਉਂਕਿ ਸਰਕਾਰਾਂ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਨੰਗੀਆਂ ਹੋ ਚੁੱਕੀਆਂ ਹਨ। ਪਿਛਲੇ ਕੁਝ ਹੀ ਸਾਲਾਂ ਵਿੱਚ ਬੰਗਲਾਦੇਸ਼, ਸ੍ਰੀ ਲੰਕਾ, ਨੇਪਾਲ, ਇੰਡੋਨੇਸ਼ੀਆ, ਬੁਲਗਾਰੀਆ, ਸਾਇਬੇਰੀਆ, ਆਦਿ ਦੇਸ਼ਾਂ ਵਿੱਚ ਲੋਕਾਂ ਨੇ ਸਰਕਾਰਾਂ ਨੂੰ ਭਾਜੜਾਂ ਪਾਈਆਂ ਹਨ ਅਤੇ ਸਾਬਤ ਕੀਤਾ ਹੈ ਕਿ ਲੋਕਾਂ ਨੂੰ ਬਿਹਤਰ ਜਿੰਦਗੀ ਸਿਰਫ ਸੜਕਾਂ ਉੱਤੇ ਆਪਣੇ ਹੱਕਾਂ ਲਈ ਲੜ ਕੇ ਹੀ ਮਿਲ਼ ਸਕਦੀ ਹੈ।
– ਸਾਰਾਹ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ