ਪਿਛਲੇ ਦਿਨੀਂ ‘ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮਾਨ’ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਾਉਦੀਨ ਓਵੈਸੀ ਦਾ ਬਿਆਨ ਚਰਚਾ ਵਿੱਚ ਰਿਹਾ ਜਿਸ ਵਿੱਚ ਉਸਨੇ ਕਿਹਾ ਸੀ ਕਿ ਇੱਕ ਦਿਨ ਹਿਜਾਬ ਵਾਲ਼ੀ ਧੀ ਮੁਲਕ ਦੀ ਪ੍ਰਧਾਨ ਮੰਤਰੀ ਬਣੇਗੀ। ਇਸਤੋਂ ਮਗਰੋਂ ਸਿਆਸੀ ਪਾਰਟੀਆਂ ਵਿਚਾਲੇ ਬਿਆਨਬਾਜੀ ਹੋਣ ਲੱਗੀ। ਭਾਜਪਾ ਨੇ ਵੀ ਓਵੈਸੀ ਨੂੰ ਪਾਰਟੀ ਮੁਖੀ ਕਿਸੇ ਔਰਤ ਨੂੰ ਲਾਉਣ ਦੀ ਨਸੀਹਤ ਦਿੱਤੀ। ਇਸ ਬਿਆਨਬਾਜੀ ਨੇ ਦੇਸ਼ ਵਿੱਚ ਔਰਤਾਂ ਦੀ ਆਰਥਿਕ-ਸਮਾਜਿਕ ਹਾਲਤ ਅਤੇ ਔਰਤ ਮੁਕਤੀ ਦੇ ਸਵਾਲ ਨੂੰ ਮੁੜ ਚਰਚਾ ਅਧੀਨ ਲਿਆਂਦਾ ਹੈ।
ਓਵੈਸੀ ਦੇ ਬਿਆਨ ਬਾਰੇ ਗੱਲ ਕਰੀਏ ਤਾਂ ਉਹ ਅਕਸਰ ਹੀ ਇਹੋ ਜਿਹੇ ਬਿਆਨ ਦਿੰਦਾ ਰਹਿੰਦਾ ਹੈ। ਤਾਜਾ ਬਿਆਨ ਵੀ ਲੰਘੀਆਂ ਮਹਾਂਰਾਸ਼ਟਰ ਮਿਊਂਸੀਪਲ ਚੋਣਾਂ ਵਿੱਚ ਮੁਸਲਿਮ ਵੋਟਾਂ ਨੂੰ ਪੱਕਾ ਕਰਨ ਲਈ ਦਿੱਤਾ ਗਿਆ ਹੈ। ਪਹਿਲਾਂ ਵੀ ਓਵੈਸੀ ਅਤੇ ਇਸਦੀ ਪਾਰਟੀ ਦੇ ਹੋਰ ਆਗੂ ਫਿਰਕੂ ਬਿਆਨਬਾਜੀ ਰਾਹੀਂ, ਹਿੰਦੂ-ਮੁਸਲਿਮ ਤਣਾਅ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਤਣਾਅ ਦਾ ਸਹਾਰਾ ਲੈ ਮੁਸਲਿਮ ਵੋਟ ਬੈਂਕ ਨੂੰ ਪੱਕਾ ਕਰ ਸਕਣ। ਭਾਵੇਂ ਦੇਸ਼ ਵਿੱਚ ਧਰਮ ਅਧਾਰਿਤ ਫਿਰਕੂ ਸਿਆਸਤ ਦੀ ਝੰਡਾਬਰਦਾਰ ਭਾਜਪਾ-ਆਰ.ਐੱਸ.ਐੱਸ. ਹੈ ਪਰ ਓਵੈਸੀ ਅਤੇ ਇਸ ਵਰਗੇ ਹੋਰ ਕੱਟੜ, ਭਾਜਪਾ ਦੀ ਧਰਮ ਅਧਾਰਤ ਫਿਰਕੂ ਸਿਆਸਤ ਦਾ ਹੀ ਪੂਰਕ ਬਣਦੇ ਹਨ। ਓਵੈਸੀ ਦੇ ਤਾਜਾ ਬਿਆਨ ਨੂੰ ਇਸੇ ਸੰਦਰਭ ਵਿੱਚ ਸਮਝਣਾ ਚਾਹੀਦਾ ਹੈ।
ਭਾਰਤ ਅੰਦਰ ਔਰਤਾਂ ਸਮੇਤ ਮੁਸਲਿਮ ਔਰਤਾਂ ਦੂਜੇ ਦਰਜੇ ਦੀ ਜਿੰਦਗੀ ਬਸਰ ਕਰਦੀਆਂ ਹਨ, ਜਿਹਦੀ ਬੁਨਿਆਦ ਵਿੱਚ ਆਰਥਿਕ-ਸਮਾਜਿਕ ਕਾਰਕ ਕੰਮ ਕਰਦੇ ਹਨ। ਸਿੱਟੇ ਵਜੋਂ ਪਿੱਤਰਸੱਤਾਮਕ ਸੋਚ ਸਮਾਜ ਦੇ ਪੋਰ-ਪੋਰ ਵਿੱਚ ਵਸੀ ਹੋਈ ਹੈ। ਇੱਕ ਔਰਤ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਸੂਰਜ ਦੇ ਉੱਗਣ ਤੋਂ ਵੀ ਪਹਿਲਾਂ। ਬੱਚਿਆਂ ਤੇ ਪਤੀ ਨੂੰ ਤਿਆਰ ਕਰਕੇ ਸਕੂਲ ਤੇ ਕੰਮ ’ਤੇ ਭੇਜਣਾ, ਉਹਨਾਂ ਲਈ ਰੋਟੀ ਪਕਾਉਣੀ, ਸੱਸ-ਸਹੁਰੇ ਦੀ ਸਵੇਰ ਦੀ ਚਾਹ, ਘਰ ਦੀ ਸਫਾਈ ਤੇ ਹੋਰ ਢੇਰ ਸਾਰੇ ਕੰਮ ਕਰਦੇ ਹੋਏ ਕਿਸੇ ਵੀ ਔਰਤ ਦੀ ਸਵੇਰ ਲੰਘਦੀ ਹੈ। ਪਰ ਫਿਰ ਵੀ ਇਸ ਸਭ ਤੋਂ ਬਾਅਦ ਉਸਨੂੰ ਮਿਲ਼ਦਾ ਹੈ- ਸੱਸ-ਸਹੁਰੇ ਦੀਆਂ ਗਾਲ਼ਾਂ, ਪਤੀ ਦੀ ਚਿੜਾਚਿੜਾਹਟ ਆਦਿ। ਘਰੇਲੂ ਕੰਮ ਸਮੇਤ ਬਾਹਰ ਕੰਮ ਕਰਨ ਵਾਲ਼ੀਆਂ ਔਰਤਾਂ ਪੂਰੀ ਦਿਹਾੜੀ ਖੇਤ ’ਚ ਜੋੜੇ ਢੱਗੇ ਵਾਂਗ ਕੰਮ ਕਰਨ ਤੋਂ ਬਾਅਦ ਰਾਤ ਨੂੰ ਆਪਣੀ ਥਕਾਵਟ ਲਾਹੁਣ ਲਈ ਅਰਾਮ ਕਰਨ ਦੀ ਗੱਲ ਤਾਂ ਦੂਰ ਰਹੀ ਸਗੋਂ ਰਹਿੰਦਾ ਘਰੇਲੂ ਕੰਮ ਪੂਰਾ ਕਰਨ ਲਈ ਵੀ ਸਰਾਪੀਆ ਹੁੰਦੀਆਂ ਹਨ ਅਤੇ ਦੋਹਰੇ ਕੰਮ ਬੋਝ ਹੇਠ ਪਿਸਦੀਆਂ ਹਨ। ਕਿਰਤੀ ਤੇ ਖਾਸਕਰ ਮਜਦੂਰ ਪਰਿਵਾਰਾਂ ਦੀਆਂ ਔਰਤਾਂ ਕਿਰਤ ਦੇ ਦੋਹਰੇ ਬੋਝ ਹੇਠ ਸਭ ਤੋਂ ਵੱਧ ਪਿਸੀਆਂ ਹੋਈਆਂ ਹਨ।
ਭਾਰਤ ਵਿੱਚ ਜੰਮਣ ਤੋਂ ਲੈ ਕੇ ਕਿਸੇ ਕੁੜੀ ਦੇ ਖਾਣ, ਪਹਿਨਣ, ਬਾਹਰ ਨਿੱਕਲ਼ਣ, ਆਪਦੇ ਫੈਸਲੇ ਲੈਣ ਉੱਪਰ ਸੈਂਕੜੇ ਸਮਾਜਿਕ ਪਬੰਦੀਆਂ ਦਾ ਮੱਕੜਜਾਲ ਮੌਜੂਦ ਹੈ। ਦੇਸ਼ ਵਿੱਚ ਕਦੇ ਅਜਿਹਾ ਦਿਨ ਨਹੀਂ ਚੜ੍ਹਦਾ ਜਦੋਂ ਅਖ਼ਬਾਰ ਵਿੱਚ ਕਿਸੇ ਬਲਤਾਕਾਰ ਤੇ ਕਤਲ ਦੀ ਖ਼ਬਰ ਨਾ ਛਪੀ ਹੋਵੇ ਸਗੋਂ ਇੱਕ ਤੋਂ ਵੀ ਵੱਧ ਖਬਰਾਂ ਛਪਦੀਆਂ ਹਨ। ਹਰੇਕ 3 ਮਿੰਟ ਅੰਦਰ ਦੇਸ਼ ਵਿੱਚ ਕਿਸੇ ਔਰਤ ਨਾਲ਼ ਅਪਰਾਧ ਹੁੰਦਾ ਹੈ। ਪੀੜਤਾਂ ਵਿੱਚ 3-4 ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੀਆਂ ਔਰਤਾਂ ਹਨ। ਛੇੜਖਾਨੀ ਦੀਆਂ ਹਰਕਤਾਂ ਨੂੰ ਸਮੱਸਿਆ ਸਮਝਿਆ ਹੀ ਨਹੀਂ ਜਾਂਦਾ। ਸੜਕ, ਬੱਸਾਂ, ਟਰੇਨਾਂ ਆਦਿ ਵਿੱਚ ਘੁੰਮਦੀਆਂ ਔਰਤਾਂ ਉੱਪਰ ਨਿਗਾਹਾਂ ਸਕੈਨਰਾਂ ਵਾਂਗ ਘੁੰਮਦੀਆਂ ਹਨ। ਚਾਹੇ ਯੂਨੀਵਰਸਿਟੀ ਵਿੱਚ ਪੜ੍ਹਦੀ ਕੁੜੀ ਹੋਵੇ, ਚਾਹੇ ਫੈਕਟਰੀ ਅੰਦਰ ਕੰਮ ਕਰਦੀ ਔਰਤ- ਜਿਨਸੀ ਟਿੱਪਣੀਆਂ, ਭੱਦੇ ਮਜਾਕ, ਗੰਦੇ ਢੰਗ ਛੂਹਣਾ, ਘੂਰਣਾ, ਫਿਰਕੇ ਕਸਣੇ ਆਦਿ ਦਾ ਸਾਹਮਣਾ ਔਰਤਾਂ ਨੂੰ ਕਰਨਾ ਪੈਂਦਾ ਹੈ। ਦਾਜ ਲਈ ਕੀਤੇ ਗਏ ਕਤਲ, ਆਪਦੀ ਮਰਜੀ ਨਾਲ਼ ਵਿਆਹ ਕਰਵਾਉਣ ’ਤੇ ਕੀਤੇ ਕਤਲ ਆਦਿ ਨਿੱਤ-ਦਿਹਾੜੇ ਵਾਪਰਦੇ ਹਨ। 40 ਫੀਸਦੀ ਤੋਂ ਵਧੇਰੇ ਵਿਆਹੁਤਾ ਔਰਤਾਂ ਪਤੀ ਹੱਥੋਂ ਕੁੱਟਮਾਰ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਹਰੇਕ 2 ਵਿੱਚੋਂ 1 ਔਰਤ ਨੂੰ- ਸਰੀਰਕ, ਜਿਨਸੀ, ਮਾਨਸਿਕ ਜਾਂ ਆਰਥਿਕ ਹਿੰਸਾ ਦਾ ਸਾਹਮਾਣਾ ਕਰਨਾ ਪੈਂਦਾ ਹੈ। ਔਰਤਾਂ ਨੂੰ ਹੋਰਾਂ ਖਾਣ, ਪਹਿਨਣ ਦੀਆਂ ਚੀਜਾਂ ਵਾਂਗ ਮੰਡੀ ਵਿੱਚ ਮੁਨਾਫਾ ਕਮਾਉਣ ਦਾ ਸੰਦ ਸਮਝਿਆ ਜਾਂਦਾ ਹੈ। ਔਰਤ ਦੇ ਜਿਸਮ ਦੀ ਵੀ ਕਿਸੇ ਮੇਜ ਕੁਰਸੀ ਵਾਂਗ ਮੰਡੀ ’ਚ ਨੁਮਾਇਸ਼ ਲਾਈ ਜਾਂਦੀ ਹੈ। ਤੁਸੀਂ ਸੜਕਾਂ ’ਤੇ ਲੱਗੇ ਇਸ਼ਤਿਹਾਰ, ਟੀ.ਵੀ. ਅਤੇ ਸਾਬਣ ਸ਼ੈਂਪੂ ਦੀਆਂ ਮਸ਼ਹੂਰੀਆਂ, ਫਿਲਮਾਂ-ਗੀਤਾਂ ’ਚ ਵੇਖ ਲਵੋ, ਔਰਤਾਂ ਨੂੰ ਇੱਕ ਭੋਗਣ ਵਾਲ਼ੀ ਵਸਤੂ ਬਣਾ ਕੇ ਮੁਨਾਫਾ ਕਮਾਇਆ ਜਾ ਰਿਹਾ ਹੈ। ਇਹ ਸਭ ਕਾਰੇ ਸਭਨਾਂ ਔਰਤਾਂ ਸਮੇਤ ਮੁਸਲਿਮ ਔਰਤਾਂ ਨਾਲ਼ ਵੀ ਹੁੰਦੇ ਹਨ। ਇਸ ਲਈ ਇਹਨਾਂ ਸਾਰੀਆਂ ਹਕੀਕਤਾਂ ਨੂੰ ਬਦਲੇ ਬਗੈਰ, ਇਹਨਾਂ ਦੀ ਸੰਪੂਰਨ ਤਬਦੀਲੀ ਬਗੈਰ ਔਰਤ ਮੁਕਤੀ ਦੀ ਗੱਲ ਕਰਨਾ ਨਿਰੋਲ ਲੋਕ-ਦੋਖੀ ਸਿਆਸੀ ਗਿਣਤੀਆਂ ਮਿਣਤੀਆਂ ਵਿੱਚੋਂ ਨਿੱਕਲ਼ਦੀਆਂ ਹਨ ਜੋ ਓਵੈਸੀ ਅਤੇ ਇਸ ਵਰਗੇ ਹੋਰ ਸਿਆਸਤਦਾਨ ਕਰਦੇ ਹਨ।
ਇੱਕ ਮਿਸਾਲ ਰਾਹੀਂ ਗੱਲ ਸਮਝੀਏ ਕਿ ਪਾਕਿਸਤਾਨੀ ਪੰਜਾਬ ਅੰਦਰ 2024 ਵਿੱਚ ਮਰੀਅਮ ਨਵਾਜ ਨੇ ਮੁੱਖ ਮੰਤਰੀ ਦਾ ਅਹੁਦਾ ਸਾਂਭਿਆ ਪਰ ਉਹਦੇ ਮੁੱਖ ਮੰਤਰੀ ਬਣਨ ਨਾਲ਼ ਉੱਥੇ ਔਰਤਾਂ ਦੀ ਜਿੰਦਗੀ ਵਿੱਚ ਭੋਰਾ ਫਰਕ ਨਹੀਂ ਪਿਆ। ਇਸੇ ਕਿਸਮ ਦੀ ਸੱਚਾਈ ਹੋਰਨਾਂ ਮੁਲਕਾਂ ਦੀ ਵੀ ਹੈ। ਔਰਤ ਮੁਕਤੀ ਨੂੰ ਕਿਸੇ ਖਾਸ ਧਰਮ ਜਾਂ ਫਿਰਕੇ ਦੀ ਕਿਸੇ ਔਰਤ ਨੂੰ ਉੱਚ ਅਹੁਦੇ ਪਹੁੰਚਾਕੇ ਹਾਸਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਉੱਚ ਅਹੁਦੇ ਇਸੇ ਲੁੱਟ, ਜਬਰ ਅਤੇ ਬੇਇਨਸਾਫੀ ’ਤੇ ਟਿਕੇ ਢਾਂਚੇ ਨੂੰ ਬਚਾਉਣ ਲਈ ਹੀ ਕੰਮ ਕਰਦੇ ਹਨ। ਜਿਸ ਕਿਸਮ ਨਾਲ਼ ਕਬਾਇਲੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦੇਸ਼ ਦਾ ਰਾਸ਼ਟਰਪਤੀ ਬਣਨ ਨਾਲ਼ ਕਬਾਇਲੀ ਲੋਕਾਂ ਦਾ ਕੁੱਝ ਨਹੀਂ ਸੁਧਰਿਆ ਸਗੋਂ ਦੇਸ਼ੀ-ਵਿਦੇਸ਼ੀ ਕੰਪਨੀਆਂ ਰਾਹੀਂ ਉਹਨਾਂ ਦੇ ਇਲਾਕੇ ਦਾ ਹੋਰ ਉਜਾੜਾ ਹੋਇਆ ਹੈ ਉਸੇ ਤਰ੍ਹਾਂ ਮੁਸਲਿਮ ਜਾਂ ਕਿਸੇ ਹੋਰ ਧਰਮ ਦੀ ਔਰਤ ਦੇ ਪ੍ਰਧਾਨ ਮੰਤਰੀ ਬਣਨ ਨਾਲ਼ ਔਰਤਾਂ ਦੀ ਜਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਉਣੀ। ਇੱਥੇ ਸਾਡੇ ਸਮਝਣ ਵਾਲ਼ੀ ਗੱਲ ਹੈ ਕਿ ਔਰਤਾਂ ਦੀ ਬਿਹਤਰੀ ਜਾਂ ਮੁਕਤੀ ਦਾ ਰਾਹ ਮੌਜੂਦਾ ਆਰਥਿਕ-ਸਮਾਜਿਕ ਢਾਂਚੇ ਨੂੰ ਬਦਲਣ ਅਤੇ ਪਿੱਤਰਸੱਤਾਤਮਕ ਸੱਭਿਆਚਾਰ ਦੇ ਖਾਤਮੇ ਨਾਲ਼ ਜੁੜਿਆ ਹੋਇਆ ਹੈ।
– ਗੁਰਵਿੰਦਰ ਸਿੰਘ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ