ਮੈਕਸਿਮ ਗੋਰਕੀ ਦੀ ਕਹਾਣੀ “ਮਕਰ ਚੁਦਰਾ” ਉਨ੍ਹਾਂ ਦੀਆਂ ਸ਼ੁਰੂਆਤੀ ਰਚਨਾਵਾਂ ਵਿੱਚੋਂ ਹੈ, ਜਿਸ ਵਿੱਚ ਉਨ੍ਹਾਂ ਨੇ ਮਨੁੱਖੀ ਜੀਵਨ, ਅਜਾਦੀ ਅਤੇ ਪਿਆਰ ਦੇ ਗੂੜ੍ਹੇ ਸਬੰਧਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ਼ ਚਿਤਰਿਆ ਹੈ। ਇਹ ਕਹਾਣੀ ਸਿਰਫ ਦੋ ਪ੍ਰੇਮੀਆਂ ਦੀ ਕਥਾ ਨਹੀਂ, ਸਗੋਂ ਮਨੁੱਖ ਦੀ ਰੂਹ ਵਿੱਚ ਵਸੀ ਅਜਾਦੀ ਦੀ ਤੜਪ ਦਾ ਗੀਤ ਹੈ।
ਕਹਾਣੀ ਦਾ ਕਥਾਵਾਚਕ ਇੱਕ ਯਾਤਰੀ ਹੈ, ਜੋ ਰਸਤੇ ਵਿੱਚ ਇੱਕ ਬਜੁਰਗ ਵਣਜਾਰੇ ਮਕਰ ਚੁਦਰਾ ਨੂੰ ਮਿਲ਼ਦਾ ਹੈ। ਮਕਰ ਚੁਦਰਾ ਉਸਨੂੰ ਆਪਣੇ ਜੀਵਨ ਦੀ ਇੱਕ ਕਹਾਣੀ ਸੁਣਾਉਂਦਾ ਹੈ- ਦੋ ਵਣਜਾਰੇ ਪ੍ਰੇਮੀਆਂ ਲੋਇਕੋ ਜੋਬਰ ਅਤੇ ਰਾਦਾ ਦੀ।
ਰਾਦਾ ਬਹੁਤ ਸੁੰਦਰ, ਸਵੈਮਾਣ ਨਾਲ਼ ਭਰੀ ਅਤੇ ਸੁਤੰਤਰ ਸੁਭਾਅ ਦੀ ਮੁਟਿਆਰ ਹੈ। ਲੋਇਕੋ ਵੀ ਓਨਾ ਹੀ ਸੁੰਦਰ, ਬਹਾਦਰ ਅਤੇ ਅਣਖੀਲਾ ਨੌਜਵਾਨ ਹੈ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਪਰ ਉਨ੍ਹਾਂ ਦਾ ਪਿਆਰ ਅਧੀਨਗੀ ਸਵੀਕਾਰ ਨਹੀਂ ਕਰਦਾ। ਰਾਦਾ ਚਾਹੁੰਦੀ ਹੈ ਕਿ ਲੋਇਕੋ ਉਸਦੇ ਪੈਰਾਂ ਵਿੱਚ ਝੁਕੇ, ਅਤੇ ਲੋਇਕੋ ਚਾਹੁੰਦਾ ਹੈ ਕਿ ਰਾਦਾ ਉਸਦੇ ਅੱਗੇ ਸਿਰ ਨਿਵਾਏ।
ਇਸ ਹਉਮੈ ਅਤੇ ਅਜਾਦੀ ਦੇ ਸੰਘਰਸ਼ ਵਿੱਚ ਪਿਆਰ ਹਾਰ ਜਾਂਦਾ ਹੈ। ਅੰਤ ਵਿੱਚ ਲੋਇਕੋ ਰਾਦਾ ਨੂੰ ਮਾਰ ਦਿੰਦਾ ਹੈ, ਅਤੇ ਉਸ ਤੋਂ ਬਾਅਦ ਖੁਦ ਵੀ ਜੀਵਨ ਤੋਂ ਉਪਰਾਮ ਹੋ ਕੇ ਨਸ਼ਟ ਹੋ ਜਾਂਦਾ ਹੈ।
ਗੋਰਕੀ ਨੇ ਇਸ ਕਹਾਣੀ ਵਿੱਚ ਸੁਤੰਤਰਤਾ ਅਤੇ ਪਿਆਰ ਦੇ ਵਿਚਕਾਰ ਦੇ ਦਵੰਦ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਹੈ। ਇੱਥੇ ਪਿਆਰ ਸਿਰਫ ਖਿੱਚ ਨਹੀਂ, ਸਗੋਂ ਸਵੈਮਾਣ ਦੀ ਪ੍ਰੀਖਿਆ ਹੈ।
ਰਾਦਾ ਦਾ ਚਰਿੱਤਰ ਖਾਸ ਤੌਰ ’ਤੇ ਜਿਕਰਯੋਗ ਹੈ। ਉਹ ਪਿਆਰ ਕਰਦੀ ਹੈ, ਪਰ ਆਪਣੀ ਹੋਂਦ ਦੀ ਕੀਮਤ ’ਤੇ ਨਹੀਂ। ਉਸ ਦੀ ਇਹ ਦਿ੍ਰੜਤਾ ਉਸ ਨੂੰ ਅਸਾਧਾਰਨ ਬਣਾਉਂਦੀ ਹੈ। ਉੱਥੇ ਹੀ ਲੋਇਕੋ ਦੀ ਤ੍ਰਾਸਦੀ ਇਹ ਹੈ ਕਿ ਉਹ ਪਿਆਰ ਅਤੇ ਸਵੈਮਾਣ, ਦੋਵਾਂ ਨੂੰ ਇੱਕੋ ਸਮੇਂ ਨਹੀਂ ਨਿਭਾ ਪਾਉਂਦਾ।
ਕਹਾਣੀ ਇਹ ਸਵਾਲ ਉਠਾਉਂਦੀ ਹੈ ਕਿ ਕੀ ਸੱਚਾ ਪਿਆਰ ਆਤਮ-ਸਮਰਪਣ ਚਾਹੁੰਦਾ ਹੈ ਜਾਂ ਬਰਾਬਰੀ? ਕੀ ਪਿਆਰ ਵਿੱਚ ਝੁਕਣਾ ਹੀ ਪਿਆਰ ਹੈ, ਜਾਂ ਆਪਣੀ ਹੋਂਦ ਨੂੰ ਬਣਾਈ ਰੱਖਣਾ ਹੀ ਪਿਆਰ ਦਾ ਸਭ ਤੋਂ ਸੱਚਾ ਰੂਪ ਹੈ?
ਗੋਰਕੀ ਦੀ ਭਾਸ਼ਾ ਚਿਤਰਕਾਰੀ ਵਾਲ਼ੀ ਅਤੇ ਸੰਗੀਤਮਈ ਹੈ। ਉਹ ਕੁਦਰਤ, ਪਾਤਰ ਅਤੇ ਭਾਵ ਨੂੰ ਇਸ ਤਰ੍ਹਾਂ ਜੋੜਦੇ ਹਨ ਕਿ ਪਾਠਕ ਨੂੰ ਹਰ ਦਿ੍ਰਸ਼ ਆਪਣੇ ਸਾਹਮਣੇ ਵਾਪਰਦਾ ਪ੍ਰਤੀਤ ਹੁੰਦਾ ਹੈ। ਸੰਵਾਦ ਵਿੱਚ ਲੋਕ-ਜੀਵਨ ਦੀ ਮਹਿਕ ਹੈ, ਅਤੇ ਕਹਾਣੀ ਦਾ ਪੂਰਾ ਮਾਹੌਲ ਇੱਕ ਕਵਿਤਾਮਈ ਸੁੰਦਰਤਾ ਨਾਲ਼ ਭਰ ਜਾਂਦਾ ਹੈ।
“ਮਕਰ ਚੁਦਰਾ” ਸਾਨੂੰ ਇਹ ਸਿਖਾਉਂਦੀ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਲੋੜ ਅਜਾਦੀ ਹੈ। ਪਿਆਰ ਵੀ ਉਦੋਂ ਹੀ ਪਵਿੱਤਰ ਹੈ ਜਦੋਂ ਉਸ ਵਿੱਚ ਕੋਈ ਬੰਧਨ ਨਾ ਹੋਵੇ। ਕਹਾਣੀ ਦਾ ਅੰਤ ਦੁਖਦਾਈ ਹੈ, ਪਰ ਉਸ ਵਿੱਚ ਇੱਕ ਮਹਾਨ ਸੁੰਦਰਤਾ ਹੈ, ਉਹ ਸੁੰਦਰਤਾ ਜੋ ਸਵੈਮਾਣ ਅਤੇ ਅਜਾਦੀ ਲਈ ਕੀਤੇ ਤਿਆਗ ਵਿੱਚ ਛਿਪੀ ਹੈ।
ਗੋਰਕੀ ਦੀ “ਮਕਰ ਚੁਦਰਾ” ਸਿਰਫ ਇੱਕ ਪ੍ਰੇਮ ਕਥਾ ਨਹੀਂ, ਸਗੋਂ ਮਨੁੱਖੀ ਰੂਹ ਦੀ ਅਜਾਦੀ ਦਾ ਗਾਣ ਹੈ। ਇਹ ਕਹਾਣੀ ਪਿਆਰ, ਸਵੈਮਾਣ, ਅਤੇ ਜੀਵਨ ਦੀ ਉਸ ਉਚਾਈ ਨੂੰ ਛੂੰਹਦੀ ਹੈ, ਜਿੱਥੇ ਮਨੁੱਖ ਆਪਣੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਰੂਹ ਦੀ ਸੁਤੰਤਰਤਾ ਨੂੰ ਪਛਾਣਦਾ ਹੈ।
ਇਸਦਾ ਹਰ ਸ਼ਬਦ ਜੀਵਨ ਦੇ ਉਸ ਸੱਚ ਨੂੰ ਉਜਾਗਰ ਕਰਦਾ ਹੈ ਕਿ ਸੁਤੰਤਰਤਾ ਮਨੁੱਖ ਦੀ ਸਭ ਤੋਂ ਵੱਡੀ ਪਛਾਣ ਹੈ, ਅਤੇ ਪਿਆਰ ਉਦੋਂ ਹੀ ਸੁੰਦਰ ਹੈ ਜਦੋਂ ਉਹ ਅਜਾਦੀ ਨੂੰ ਖੋਹੇ ਨਹੀਂ, ਸਗੋਂ ਉਸ ਨੂੰ ਹੋਰ ਵੀ ਡੂੰਘਾ ਬਣਾ ਦੇਵੇ।
– ਨਮਿਤਾ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ