ਪਿਛਲੇ ਕਈ ਸਾਲਾਂ ਤੋਂ ਦੇਸ਼ ਅੰਦਰ ਇੱਥੋਂ ਤੱਕ ਕਿ ਪੂਰੀ ਦੁਨੀਆ ਵਿੱਚ ਹੀ ਵਾਤਾਵਰਣ ਦੀ ਤਬਾਹੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਿਨਾਂ ਸ਼ੱਕ ਇਹ ਚਰਚਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਅੱਜ ਇਹ ਸਰਮਾਏਦਾਰਾ ਪ੍ਰੰਬਧ ਅੰਨ੍ਹੇ ਮੁਨਾਫੇ ਲਈ ਵਾਤਾਵਰਣ ਪ੍ਰਦੂਸ਼ਣ ਦੀ ਅਣਦੇਖੀ ਕਰ ਰਿਹਾ ਹੈ। ਹਰ ਸਾਲ ਸਰਦ ਰੁੱਤ ਸ਼ੁਰੂ ਹੁੰਦੇ ਹੀ ਦੇਸ਼ ਵਿੱਚ ਹਵਾ ਪ੍ਰਦੂਸਣ ਦਾ ਮਾਮਲਾ ਮੁੱਖ ਧਾਰਾ ਦੇ ਮੀਡੀਆ ਉੱਤੇ ਛਾ ਜਾਂਦਾ ਹੈ। ਉਸਦੇ ਹੋਰ ਵੀ ਕਈ ਕਾਰਨ ਹਨ, ਮੁੱਖ ਕਾਰਨ ਹੈ, ਇਹਨਾਂ ਦਿਨਾਂ ਵਿੱਚ ਰਾਜਧਾਨੀ ਦਿੱਲੀ, ਹਵਾ ਪ੍ਰਦੂਸ਼ਣ ਦੀ ਰਾਜਧਾਨੀ ਬਣ ਜਾਂਦੀ ਹੈ, ਜਿਸ ਕਰਕੇ ਇਸ ਮਸਲੇ ਬਾਰੇ ਮੀਡੀਆ ਉੱਪਰ ਇੱਕ ਚਰਚਾ ਛਿੜਨ ਲੱਗਦੀ ਹੈ। ਇਸ ਸਮੇਂ ਦੋ ਚੀਜਾਂ ਉੱਤੇ ਬਹੁਤ ਚਰਚਾ ਹੁੰਦੀ ਹੈ ਇੱਕ ਤਾਂ ਦਿੱਲੀ ਦੇ ਹਵਾ ਪ੍ਰਦੂਸ਼ਣ ਉੱਤੇ ਤੇ ਦੂਸਰਾ ਪੰਜਾਬ-ਹਰਿਆਣਾ ਵਿੱਚ ਪਰਾਲ਼ੀ ਸਾੜਨ ਦੀ ਸਮੱਸਿਆ ਬਾਰੇ। ਇਹਨਾਂ ਬਾਰੇ ਸਰਮਾਏਦਾਰਾ ਐਨਕ ਵਾਲ਼ੇ ਵਾਤਾਵਰਣ ਪ੍ਰੇਮੀ ਅਤੇ ਕਈ ਸਧਾਰਨ ਪਰ ਗੰਭੀਰ ਬਣਨ ਦੀ ਕੋਸ਼ਿਸ਼ ਕਰਦੇ ਮਾਹਿਰ ਵੀ ਮੁੱਖ ਦੋਸ਼ੀ ਨੂੰ ਬਰੀ ਕਰਕੇ ਇੱਧਰ-ਉੱਧਰ ਹੱਥ ਮਾਰਨ ਲੱਗਦੇ ਹਨ, ਊਲ-ਜਲੂਲ ਬਿਆਨਾਂ ਰਹੀ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਂਝ ਉਹਨਾਂ ਵਲੋਂ ਇਸਦਾ ਜਿੰਮੇਵਾਰ ਆਮ ਲੋਕਾਂ ਨੂੰ ਦੱਸਿਆ ਜਾਂਦਾ ਹੈ ਅਤੇ ਸਰਮਾਏਦਾਰ ਜੋ ਮੁਨਾਫੇ ਲਈ ਲੋਕਾਂ ਦੀ ਬਲੀ ਦਿੰਦੇ ਹਨ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਭਾਰਤ ਅੰਦਰ ਹਰ ਸਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ਼ ਲੱਗਭੱਗ 80 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਕਰੋੜਾਂ ਲੋਕ ਫੇਫੜਿਆਂ ਦੀ ਸਮੱਸਿਆ ਨਾਲ਼ ਜਾਂ ਇਸ ਨਾਲ਼ ਸਬੰਧਿਤ ਬਿਮਾਰੀਆਂ ਨਾਲ਼ ਜੂਝਦੇ ਰਹਿੰਦੇ ਹਨ ਪਰ ਨਾ ਤਾਂ ਸਰਕਾਰ ਨਾ ਸਰਮਾਏਦਾਰਾ ਮੀਡੀਆ ਇਸ ਸਮੱਸਿਆ ਦੇ ਅਸਲ ਕਾਰਨਾਂ ਦੀ ਚਰਚਾ ਕਰਦਾ ਹੈ। ਇੱਥੋਂ ਤੱਕ ਕਿ ਕੁਝ ਗੈਰ-ਸਰਕਾਰੀ ਸੰਸਥਾਵਾਂ ਜਾਂ ਅਜਿਹੀਆਂ ਹੋਰ ਸੰਸਥਾਵਾਂ ਹਵਾ ਪ੍ਰਦੂਸ਼ਣ ਦਾ ਮੁੱਖ ਠੀਕਰਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਢਿੱਲੇ ਨਿਯਮਾਂ ਨੂੰ ਐਲਾਨ ਦਿੰਦੀਆਂ ਹਨ। ਆਓ ਅੱਜ ਆਪਾਂ ਹਵਾ ਪਦੂਸ਼ਣ ਦੀ ਇਸ ਸਮੱਸਿਆ ਦੇ ਮੁੱਖ ਕਾਰਨਾ, ਇਸਦੇ ਨਾਲ਼ ਹੋਣ ਵਾਲ਼ੇ ਨੁਕਸਾਨ ਤੇ ਇਸ ਦਾ ਹੱਲ ਕੀ ਹੈ ਇਸ ਬਾਰੇ ਚਰਚਾ ਕਰਾਂਗੇ!
ਦਿੱਲੀ ਦਾ ਹਵਾ ਪ੍ਰਦੂਸ਼ਣ ਤੇ ਪਰਾਲ਼ੀ ਫੂਕਣ ਬਾਰੇ
ਵਾਤਾਵਰਣ ਦੀ ਤਬਾਹੀ ਬਾਰੇ ਦੋ ਮਸਲੇ ਹਰ ਸਾਲ ਬਹੁਤ ਚਰਚਾ ਵਿੱਚ ਉੱਭਰਦੇ ਹਨ, ਉਹਨਾਂ ਵਿੱਚੋਂ ਪਹਿਲਾ ਹੈ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮਾਰੂ ਹੱਦ ਤੱਕ ਪਹੁੰਚਣਾ ਤੇ ਦੂਜਾ ਹੈ ਪੰਜਾਬ ਵਿੱਚ ਪਰਾਲ਼ੀ ਨੂੰ ਅੱਗ ਲਾਉਣਾ। ਇਹ ਦੋਵੇਂ ਮਸਲੇ ਕੁੱਝ ਹੱਦ ਤੱਕ ਜੁੜੇ ਹੋਏ ਵੀ ਹਨ। ਵਾਤਾਵਰਣ ਦੀ ਇਹ ਤਬਾਹੀ ਗੰਭੀਰ ਮਸਲਾ ਹੈ। ਦਿੱਲੀ ਦੇ ਪ੍ਰਦੂਸ਼ਣ ਲਈ ਕਈ ਆਪੂ ਬਣੇ ਮਾਹਿਰ ਸਿਰਫ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਜਲਾਈ ਜਾਣ ਵਾਲ਼ੀ ਪਰਾਲ਼ੀ ਨੂੰ ਮੁੱਖ ਦੋਸ਼ੀ ਐਲਾਨ ਦਿੰਦੇ ਹਨ। ਇਸਦੇ ਦੂਜੇ ਸਿਰੇ ਉੱਪਰ ਕਿਸਾਨਾਂ ਵੱਲੋਂ ਪਰਾਲ਼ੀ ਫੂਕੇ ਜਾਣ ਨੂੰ ਨਾ ਸਿਰਫ ਕਿਸਾਨੀ ਦੀ ਮਜਬੂਰੀ ਆਖਿਆ ਜਾਂਦਾ ਹੈ ਸਗੋਂ ਦੱਬ ਕੇ ਪਰਾਲ਼ੀ ਫੂਕਣ ਦੀ ਵਕਾਲਤ ਕੀਤੀ ਜਾਂਦੀ ਹੈ। ਇਹਨਾਂ ਪਰਾਲ਼ੀ ਫੂਕ ਹਮਾਇਤੀਆਂ ਵੱਲੋਂ ਇਹ ਹਾਸੋਹੀਣਾ ਤਰਕ ਦਿੱਤਾ ਜਾਂਦਾ ਹੈ ਕਿ ਸੱਨਅਤਾਂ ਨੂੰ ਪ੍ਰਦੂਸ਼ਣ ਫੈਲਾਉਣ ਦਿੱਤਾ ਜਾ ਰਿਹਾ ਹੈ, ਇਸ ਕਰਕੇ ਕਿਸਾਨਾਂ ਨੂੰ ਵੀ ਪ੍ਰਦੂਸ਼ਣ ਫੈਲਾਉਣ ਦਿੱਤਾ ਜਾਵੇ। ਉਂਝ ਹਵਾ ਪ੍ਰਦੂਸ਼ਣ ਦਾ ਇਹ ਮਸਲਾ ਸਿਰਫ ਪੰਜਾਬ ਜਾਂ ਦਿੱਲੀ ਦਾ ਨਹੀਂ ਹੈ ਸਗੋਂ ਭਾਰਤ ਸਮੇਤ ਹੋਰਾਂ ਮੁਲਕਾਂ ਵਿੱਚ ਇਹ ਸਮੱਸਿਆ ਕਾਫੀ ਜਿਆਦਾ ਹੈ।
ਸਰਦੀ ਸ਼ੁਰੂ ਹੁੰਦੇ ਹੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਕਿਉ ਵਧਦੀ ਹੈ?
ਦਿੱਲੀ ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਦੀ ਰਾਜਧਾਨੀ ਬਣੀ ਹੋਈ ਹੈ। ਉਂਝ ਤਾਂ ਦਿੱਲੀ ਦੀ ਹਵਾ ਪੂਰਾ ਸਾਲ ਹੀ ਪ੍ਰਦੂਸ਼ਿਤ ਰਹਿੰਦੀ ਹੈ ਪਰ ਠੰਢ ਸ਼ੁਰੂ ਹੋਣ ਮੌਕੇ ਇਹ ਸਮੱਸਿਆ ਵਧ ਜਾਂਦੀ ਹੈ ਕਿਉਂਕਿ ਇਸ ਮੌਸਮ ਵਿੱਚ ਹਵਾ, ਵਾਯੂਮੰਡਲ ਦੀਆਂ ਉੱਪਰਲੀਆਂ ਪਰਤਾਂ ਵੱਲ ਨਹੀਂ ਜਾਂਦੀ ਸਗੋਂ ਧਰਤੀ ਦੀ ਸਤ੍ਹਾ ਦੇ ਨੇੜੇ ਰਹਿੰਦੀ ਹੈ। ਧੁੰਦ ਨਾਲ਼ ਰਲ਼ਕੇ ਇਹ ਪ੍ਰਦੂਸ਼ਿਤ ਹਵਾ ਹੀ ਸਮੌਗ (ਧੁੰਦ ਤੇ ਧੂੰਏ ਦਾ ਮਿਸ਼ਰਣ) ਬਣਾਉਂਦੀ ਹੈ। ਇਸੇ ਮੌਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਲੱਗਣ ਵਾਲ਼ੀ ਅੱਗ ਤੇ ਦਿਵਾਲੀ ਮੌਕੇ ਚੱਲਣ ਵਾਲ਼ੇ ਪਟਾਕੇ ਇਸਦੇ ਮਾਰੂ ਪੱਧਰ ਨੂੰ ਹੋਰ ਵਧਾ ਦਿੰਦੇ ਹਨ। ਹਵਾ ਦੀ ਰਫਤਾਰ ਮੱਠੀ ਹੋਣ ’ਤੇ ਮੀਂਹ ਨਾਮਾਤਰ ਪੈਣ ਜਿਹੇ ਕਾਰਨਾਂ ਕਰਕੇ ਪ੍ਰਦੂਸ਼ਿਤ ਹਵਾ ਤੋਂ ਕੁਦਰਤੀ ਰਾਹਤ ਵੀ ਨਹੀਂ ਮਿਲ਼ਦੀ। ਇਸ ਸਾਲ ਭਾਜਪਾ ਦੀ ਦਿੱਲੀ ਸਰਕਾਰ ਵਲੋਂ ਬਣਾਉਟੀ ਮੀਂਹ ਪੁਆ ਕੇ ਪ੍ਰਦੂਸ਼ਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੀ ਇਹ ਕੋਸ਼ਿਸ਼ ਫੁੱਸ ਪਟਾਕਾ ਨਿੱਕਲ਼ੀ। ਵੱਖ-ਵੱਖ ਸ੍ਰੋਤਾਂ ਮੁਤਬਾਕ ਦਿੱਲੀ ਦੀ ਹਵਾ ਪ੍ਰਦੂਸ਼ਣ ਲਈ ਵਾਹਨਾਂ ਦਾ ਧੂੰਆਂ 40-50 ਫੀਸਦੀ, ਪਰਾਲ਼ੀ ਦਾ ਧੂੰਆਂ 25-30 ਫੀਸਦੀ ਤੇ 20-25 ਫੀਸਦੀ ਸੱਨਅਤ ਤੇ ਬਾਕੀ ਹੋਰ ਸ੍ਰੋਤ ਜਿੰਮੇਵਾਰ ਹਨ। ਹਵਾ ਦੇ ਸ਼ੁੱਧ ਜਾਂ ਪ੍ਰਦੂਸ਼ਿਤ ਹੋਣ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਰਾਹੀਂ ਮਾਪਿਆ ਜਾਂਦਾ ਹੈ ਜੋ ਹਵਾ ਵਿੱਚ 8 ਵੱਖ-ਵੱਖ ਤਰ੍ਹਾਂ ਦੇ ਮਾਰੂ ਤੱਤਾਂ ਦੀ ਮਾਤਰਾ ਰਾਹੀਂ ਨਿਰਧਾਰਿਤ ਹੁੰਦਾ ਹੈ। ਇਸ ਮੁਤਾਬਕ 100 ਤੋਂ ਘੱਟ ਅੰਕ ਵਾਲ਼ੀ ਹਵਾ ਮਨੁੱਖੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ ਤੇ 300 ਤੋਂ ਉੱਪਰ ਦੀ ਮਾੜੀ। ਦਿੱਲੀ ਵਿੱਚ ਪਿਛਲੇ ਦਿਨਾਂ ਵਿੱਚ ਇਹ ਸੂਚਕ ਅੰਕ 700-800 ਤੱਕ ਪਹੁੰਚ ਗਿਆ। ਅਜਿਹੀ ਹਵਾ ਸਿਹਤਮੰਦ ਇਨਸਾਨਾਂ ਲਈ ਵੀ ਮਾਰੂ ਹੈ। ਸਾਹ ਪ੍ਰਣਾਲੀ ਤੇ ਫੇਫੜੇ ਆਦਿ ਦੇ ਰੋਗੀਆਂ ਲਈ ਇਹ ਹਾਲਤ ਜਾਨਲੇਵਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਧੂੰਏਂ ਵਿੱਚ ਸਾਹ ਲੈਣਾ ਇੱਥੋਂ ਦੇ ਵਸਨੀਕਾਂ ਦੀ ਔਸਤ ਉਮਰ 12 ਸਾਲ ਘਟਾ ਰਿਹਾ ਹੈ। ਇਸ ਹਵਾ ਵਿੱਚ ਇੱਕ ਦਿਨ ਸਾਹ ਲੈਣਾ ਇੱਕ ਵਿਅਕਤੀ ਲਈ 30 ਸਿਗਰਟਾਂ ਪੀਣ ਦੇ ਬਰਾਬਰ ਹੈ। ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਕਰਨ, ਟਾਂਕ-ਜਿਸਤ ਦੀ ਵਿਉਂਤ ਉੱਪਰ ਵਾਹਣ ਚਲਾਉਣ ਤੇ ਵੱਡੇ ਵਾਹਨਾਂ ਦੀ ਦਿੱਲੀ ਵਿੱਚ ਆਮਦ ਉੱਪਰ ਰੋਕ ਲਾਉਣ ਜਿਹੇ ਕਦਮ ਚੁੱਕੇ ਗਏ ਹਨ ਜੋ ਨਾਕਾਫੀ ਹਨ। ਪੰਜਾਬ ਵਿੱਚ ਵੀ ਪਰਾਲ਼ੀ ਦੇ ਧੂੰਏ ਕਾਰਨ ਸਿਹਤਮੰਦ ਇਨਸਾਨਾਂ ਲਈ ਵੀ ਹਵਾ ਘੁਟਣ ਭਰੀ ਹੁੰਦੀ ਹੈ। ਧੂੰਆਂ ਸਾਹ ਦੇ ਰੋਗੀਆਂ, ਬਜੁਰਗਾਂ ਤੇ ਬੱਚਿਆਂ ਲਈ ਸਭ ਤੋਂ ਵੱਧ ਮਾਰੂ ਹੁੰਦਾ ਹੈ। ਹਰ ਸਾਲ ਸੜਕਾਂ ਕੰਢੇ ਖੇਤਾਂ ਵਿੱਚ ਲਾਈ ਅੱਗ ਕਾਰਨ ਅਨੇਕਾਂ ਹਾਦਸੇ ਹੁੰਦੇ ਹਨ।
ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਮੁੱਖ ਕਾਰਕ
ਵਾਤਾਵਰਣ ਦੀ ਤਬਾਹੀ ਇੱਕ ਸੰਸਾਰ ਵਿਆਪੀ ਸਮੱਸਿਆ ਹੈ। ਇਸਦੀ ਜੜ੍ਹ ਮੁਨਾਫ਼ੇ ਅਧਾਰਿਤ ਸਰਮਾਏਦਾਰਾ ਪੈਦਾਵਾਰੀ ਢੰਗ ’ਚ ਹੈ। ਇਹ ਪ੍ਰਬੰਧ ਨਾ ਸਿਰਫ ਇਨਸਾਨਾਂ ਦਾ ਸਗੋਂ ਉਸਦੇ ਆਲ਼ੇ-ਦੁਆਲ਼ੇ ਦਾ ਵੀ ਵੈਰੀ ਹੈ। ਹਵਾ ਦੇ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ: ਸੱਨਅਤ, ਆਵਾਜਾਈ ਦੇ ਸਾਧਨ, ਖੇਤੀ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੇ ਸਾਮਰਾਜੀ ਜੰਗਾਂ।
ਭਾਰਤ ਦੀ ਬਹੁਗਿਣਤੀ ਸੱਨਅਤ ਖਰਚੇ ਘਟਾਉਣ ਤੇ ਮੁਨਾਫੇ ਵਧਾਉਣ ਲਈ ਵਾਤਾਵਾਰਣ ਦੀ ਰੱਜ ਕੇ ਤਬਾਹੀ ਕਰਦੀ ਹੈ ਤੇ ਇਹ ਸਭ ਇੱਥੋਂ ਦੇ ਸਿਆਸੀ ਪ੍ਰਬੰਧ ਦੀਆਂ ਅੱਖਾਂ ਸਾਹਮਣੇ ਹੁੰਦਾ ਹੈ। ਤਕਨੀਕ ਦੇ ਵਿਕਾਸ ਨਾਲ਼ ਹਾਸਲ ਹੋਏ ਕਾਰਖਾਨੇ, ਫੈਕਟਰੀਆਂ ਮਨੁੱਖੀ ਜੀਵਨ ਲਈ ਜਰੂਰੀ ਹਨ, ਪਰ ਇਸ ਤਕਨੀਕੀ ਵਿਕਾਸ ਨੇ ਇਹਨਾਂ ਸੱਨਅਤਾਂ ਨੂੰ ਪ੍ਰਦੂਸ਼ਣ ਮੁਕਤ ਜਾਂ ਘੱਟ ਤੋਂ ਘੱਟ ਪ੍ਰਦੂਸ਼ਣ ਕਰਨ ਦੇ ਰਾਹ ਵੀ ਖੋਜੇ ਹੋਏ ਹਨ। ਸੱਨਅਤਾਂ ਵਿੱਚੋਂ ਨਿੱਕਲਣ ਵਾਲ਼ੀ ਗੰਧਲੀ ਹਵਾ ਨੂੰ ਸੋਧ ਕੇ ਵਾਤਾਵਰਨ ਵਿੱਚ ਛੱਡਿਆ ਜਾ ਸਕਦਾ ਹੈ ਪਰ ਸਰਮਾਏਦਾਰ ਇਸਨੂੰ ਵਾਧੂ ਖਰਚਾ ਮੰਨਦੇ ਹਨ। ਸਿਰਫ ਹਵਾ ਹੀ ਨਹੀਂ ਸਗੋਂ ਇਹ ਮੁਨਾਫੇਖੋਰੀ ਪਾਣੀ ਨੂੰ ਵੀ ਦੂਸ਼ਿਤ ਕਰ ਰਹੀ ਹੈ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਤੇ ਬੋਰ ਕਰਕੇ ਧਰਤੀ ਅੰਦਰ ਛੱਡਿਆ ਜਾਣਾ ਆਮ ਹੈ।
ਆਵਾਜਾਈ ਦੇ ਸਾਧਨਾਂ ਦੀ ਅੰਨ੍ਹੀ ਵਰਤੋਂ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਇਹ ਪ੍ਰਬੰਧ ਨਿੱਜੀ ਵਾਹਨਾਂ ਦੀ ਖਰੀਦ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਨਾਲ਼ ਆਟੋ ਸੱਨਅਤ ਨੂੰ ਵੱਡੇ ਮੁਨਾਫ਼ੇ ਹੁੰਦੇ ਹਨ ਤੇ ਨਾਲ਼ ਹੀ ਪ੍ਰਦੂਸ਼ਣ ਵਧਦਾ ਹੈ। ਭਾਰਤ ਸਰਕਾਰ ਵੱਲੋਂ ਸਾਲ 2025 ’ਚ ਸੰਸਦ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਭਾਰਤ ਵਿੱਚ 26 ਕਰੋੜ ਦੋ ਪਹੀਆ ਤੇ 7 ਕਰੋੜ ਚਾਰ ਪਹੀਆ ਵਾਹਨ ਹਨ। ਸਟੈਟਿਸਕਾ ਨਾਮ ਦੇ ਇੱਕ ਅਦਾਰੇ ਮੁਤਾਬਕ 2025 ਤੱਕ ਭਾਰਤ ਵਿੱਚ ਕੁੱਲ਼ 40 ਕਰੋੜ ਵਾਹਨ ਹਨ ਤੇ ਪਿਛਲੇ 3 ਦਹਾਕਿਆਂ ਤੋਂ ਇਹ ਗਿਣਤੀ ਬਹੁਤ ਤੇਜੀ ਨਾਲ਼ ਵਧੀ ਹੈ। 2001 ਵਿੱਚ ਭਾਰਤ ਵਿੱਚ 5.5 ਕਰੋੜ, 2013 ਵਿੱਚ 12.7 ਕਰੋੜ ਵਾਹਨ ਸਨ ਜੋ 2020 ਵਿੱਚ 32.63 ਕਰੋੜ ਹੋ ਗਏ। ਹਰ ਸਾਲ 2 ਕਰੋੜ ਵਾਹਨ ਇਸ ਲੜੀ ਵਿੱਚ ਜੁੜ ਰਹੇ ਹਨ। ਜਾਹਿਰ ਹੈ ਕਿ ਇਹਨਾਂ ਵਾਹਨਾਂ ਦੀ ਗਿਣਤੀ ਵਿਚਲੇ ਇਸ ਤਿੱਖੇ ਵਾਧੇ ਨਾਲ਼ ਪ੍ਰਦੂਸ਼ਣ ਦਾ ਵਧਣਾ ਵੀ ਸੁਭਾਵਿਕ ਹੈ। ਅਮੀਰਾਂ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਵਾਹਨਾਂ ਦੀ ਬੇਲੋੜੀ ਵਰਤੋਂ ਕਰਕੇ ਵੀ ਇਸ ਸਮੱਸਿਆ ਨੂੰ ਵਧਾ ਰਿਹਾ ਹੈ। ਇਸ ਵਾਧੇ ਨੂੰ ਕਾਬੂ ਕਰਨ ਦਾ ਸਭ ਤੋਂ ਅਹਿਮ ਤਰੀਕਾ ਬੱਸਾਂ, ਰੇਲਾਂ ਤੇ ਇਸਦੇ ਨਾਲ਼ ਸ਼ਹਿਰਾਂ ਵਿੱਚ ਮੈਟਰੋ ਤੇ ਸਥਾਨਕ ਬੱਸਾਂ ਆਦਿ ਦੇ ਰੂਪ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਵਧਾਉਣਾ ਤੇ ਇਸ ਸਫਰ ਨੂੰ ਸਸਤਾ ਤੇ ਸੁਵਿਧਾਪੂਰਨ ਬਣਾਉਣਾ ਹੈ। ਪਰ ਮੁਨਾਫਾ ਕੇਂਦਰ ਪ੍ਰਬੰਧ ਵਿੱਚ ਅਜਿਹਾ ਸੰਭਵ ਨਹੀਂ ਹੈ।
ਪਰਾਲ਼ੀ ਤੇ ਕਣਕ ਦਾ ਨਾੜ ਸਾੜਨ ਨਾਲ਼ ਹੋਣ ਵਾਲ਼ਾ ਪ੍ਰਦੂਸ਼ਣ ਭਾਵੇਂ ਸਾਲ ਦੇ ਕੁੱਝ ਖਾਸ ਵਕਫੇ ਲਈ ਹੁੰਦਾ ਹੈ ਪਰ ਇਸਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਮੌਜੂਦਾ ਸਰਮਾਏਦਾਰਾ ਪ੍ਰਬੰਧ ’ਚ ਖੇਤੀ ਦਾ ਮਕਸਦ ਵੀ ਮੁਨਾਫ਼ਾ ਹੈ। ਜੇਕਰ ਪਰਾਲ਼ੀ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ਼ ਕਿਸਾਨ ਦਾ ਮੁਨਾਫ਼ਾ ਵਧਦਾ ਹੈ ਤਾਂ ਉਸਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਪਰਾਲ਼ੀ ਨੂੰ ਸਾੜਨਾ ਕਿਸਾਨਾਂ ਦੀ ਕੋਈ ਮਜਬੂਰੀ ਨਹੀਂ ਹੈ ਸਗੋਂ ਪੈਸੇ ਬਚਾਉਣ ਦੀ ਲਾਲਸਾ ਹੀ ਹੈ। ਪਰਾਲ਼ੀ ਦੇ ਨਿਪਟਾਰੇ ਜਾਂ ਇਸਨੂੰ ਖੇਤ ਵਿੱਚ ਵਾਹ ਕੇ ਅਗਲੀ ਫਸਲ ਬੀਜਣ ਦੇ ਅਨੇਕਾਂ ਰਾਹ ਹਨ ਪਰ ਮੁਨਾਫੇ ਦੀ ਲਾਲਸਾ ਵਿੱਚ ਫੂਕਣ ਦਾ ਸਸਤਾ ਤੇ ਸੌਖਾ ਰਾਹ ਅਪਣਾਇਆ ਜਾਂਦਾ ਹੈ। ਭਾਰਤ ਵਿੱਚ ਉੱਪਰਲੇ 10 ਫੀਸਦੀ ਅਮੀਰ ਕਿਸਾਨਾਂ ਕੋਲ਼ ਕੁੱਲ ਵਾਹੀਯੋਗ ਜਮੀਨ ਦਾ 60 ਫੀਸਦੀ ਹੈ, ਜਦਕਿ ਹੇਠਲੇ 50 ਫੀਸਦੀ ਗਰੀਬ ਕਿਸਾਨਾਂ ਕੋਲ਼ ਵਾਹੀਯੋਗ ਜਮੀਨ ਦਾ ਸਿਰਫ 3 ਫੀਸਦੀ ਹੈ। ਜੇਕਰ ਹੇਠਲੇ 80 ਫੀਸਦੀ ਕਿਸਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਕੋਲ਼ ਕੁੱਲ ਵਾਹੀਯੋਗ ਜਮੀਨ ਦਾ ਨਾਮਾਤਰ ਹੀ ਹਿੱਸਾ ਹੈ। ਪੰਜਾਬ ਦੀ ਤਸਵੀਰ ਵੀ ਕੁੱਲ ਭਾਰਤ ਦੇ ਇਹਨਾਂ ਅੰਕੜਿਆਂ ਤੋਂ ਬਹੁਤੀ ਵੱਖਰੀ ਨਹੀਂ ਹੈ। ਗਰੀਬ ਕਿਸਾਨੀ, ਜਿਸਦਾ ਖੇਤੀ ਵਿੱਚੋਂ ਆਪਣੇ ਪਰਿਵਾਰ ਦਾ ਗੁਜਾਰਾ ਵੀ ਔਖ ਨਾਲ਼ ਚੱਲਦਾ ਹੈ ਉਸ ਲਈ ਖਰਚਾ ਬਚਾਉਣ ਲਈ ਪਰਾਲ਼ੀ ਦੇ ਨਿਪਟਾਰੇ ਦਾ ਕੋਈ ਸਸਤਾ ਰਾਹ ਲੱਭਣ ਦਾ ਸਵਾਲ ਤਾਂ ਹੋ ਸਕਦਾ ਹੈ ਪਰ ਇਹ ਕੁੱਲ ਕਿਸਾਨੀ ਦੀ ਸਮੱਸਿਆ ਨਹੀਂ ਕਹੀ ਜਾ ਸਕਦੀ। ਖੇਤੀ ਵਿੱਚੋਂ ਮੋਟੀ ਕਮਾਈ ਕਰਨ ਵਾਲ਼ੀ ਕਿਸਾਨੀ ਦੇ ਉੱਪਰਲੇ ਹਿੱਸੇ ਦੀ ਇਹ ਮਜਬੂਰੀ ਨਹੀਂ ਸਿਰਫ ਲਾਲਸਾ ਹੀ ਹੈ। ਜਿਹੜੀ ਧਨੀ ਕਿਸਾਨੀ ਵਿਆਹਾਂ ਤੇ ਹੋਰ ਸਮਾਗਮਾਂ ਉੱਪਰ ਅੰਨ੍ਹੇਵਾਹ ਖਰਚਾ ਕਰਨ ਤੇ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਿਹੀ ਕਈ ਤਰ੍ਹਾਂ ਦੀ ਅੱਯਾਸ਼ੀ ਤੇ ਫਜੂਲ ਖਰਚਾ ਕਰਦੀ ਹੈ ਉਹਦਾ ਪਰਾਲ਼ੀ ਸਾੜਨਾ ਪੂਰੀ ਮਨੁੱਖਤਾ ਖਿਲਾਫ ਜੁਰਮ ਹੈ ਜਿਸਦੇ ਲਈ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ। ਪਰਾਲ਼ੀ ਤੇ ਕਣਕ ਦਾ ਨਾੜ ਸਾੜਨ ਤੋਂ ਬਿਨਾਂ ਖੇਤੀ ’ਚ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਵੀ ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਸ ਪ੍ਰਬੰਧ ’ਚ ਸ਼ਹਿਰਾਂ ਦੀ ਪੇਂਡੂ ਜਾਂ ਖੇਤੀ ਖੇਤਰਾਂ ਤੋਂ ਦੂਰੀ ਹੋਣ ਕਾਰਨ ਖੇਤੀ ਤੋਂ ਪੈਦਾਵਾਰ ਦੇ ਰੂਪ ’ਚ ਲਏ ਪੌਸ਼ਟਿਕ ਤੱਤ, ਆਰਗੈਨਿਕ ਕੂੜੇ ਅਤੇ ਮਨੁੱਖੀ ਮਲ ਦੇ ਰੂਪ ’ਚ ਵਾਪਸ ਜਮੀਨ ਨੂੰ ਨਹੀਂ ਮਿਲ਼ਦੇ। ਇਸ ਥੁੜ੍ਹ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਵਰਤੀਆਂ ਜਾਂਦੀਆਂ ਹਨ, ਇਸ ਕਾਰਨ ਨਦੀਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਧਦੀ ਹੈ। ਇਹ ਵਾਤਾਵਰਣ ਨੂੰ ਪਲੀਤ ਕਰਨ ਦਾ ਇੱਕ ਵੱਡਾ ਜਰੀਆ ਬਣਦਾ ਹੈ।
ਜੰਗਲ ਸਾਡੇ ਕੋਲ਼ ਮੌਜੂਦ ਉਹ ਸੌਗਾਤ ਹਨ ਜੋ ਸਾਡੀਆਂ ਹੋਰ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ਼-ਨਾਲ਼ ਹਵਾ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦੇ ਹਨ। ਸੱਭਿਅਤਾ ਦੇ ਵਿਕਾਸ ’ਚ ਮਨੁੱਖੀ ਲੋੜਾਂ ਦੀ ਪੂਰਤੀ ਲਈ ਭਾਵੇ ਇੱਕ ਹੱਦ ਤੱਕ ਜੰਗਲਾਂ ਦੀ ਕਟਾਈ ਜਰੂਰੀ ਹੈ। ਇਸ ਕਟਾਈ ਦੀ ਪੂਰਤੀ ਨਵੇਂ ਜੰਗਲ਼ ਲਗਾ ਕੇ ਹੋਣੀ ਚਾਹੀਦੀ ਹੈ। ਪਰ ਸਰਮਾਏਦਾਰਾ ਢਾਂਚੇ ਦੀ ਦਿਲਚਸਪੀ ਜੰਗਲਾਂ ਦੀ ਤਬਾਹੀ ’ਚ ਹੈ, ਜੰਗਲ ਉਗਾਉਣ ’ਚ ਨਹੀਂ। ਜੰਗਲਾਂ ਦੀ ਇਹ ਤਬਾਹੀ ਵੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ।
ਜੰਗਾਂ ਮੌਜੂਦਾ ਸਰਮਾਏਦਾਰਾ ਸਾਮਰਾਜੀ ਪ੍ਰਬੰਧ ’ਚ ਵਾਤਾਵਰਨ ਨੂੰ ਪਲੀਤ ਕਰਨ ਦਾ ਇੱਕ ਹੋਰ ਵੱਡਾ ਜਰੀਆ ਹਨ। ਇਸ ਪ੍ਰਬੰਧ ’ਚ ਸਾਮਰਾਜੀ ਗਰੋਹਾਂ ’ਚ ਧਰਤੀ ਦੇ ਮਾਲ ਖਜਾਨਿਆਂ ਦੀ ਲੁੱਟ ਲਈ ਜੰਗਾਂ ਉੱਕਾ ਹੀ ਅਟੱਲ ਹਨ। ਇਸ ਵੇਲ਼ੇ ਵੀ ਅਸੀਂ ਯੂਕਰੇਨ ਤੇ ਫਲਸਤੀਨ ਵਿੱਚ ਦੋ ਜੰਗਾਂ ਦੇ ਗਵਾਹ ਬਣੇ ਹੋਏ ਹਾਂ ਜੋ ਮਨੁੱਖੀ ਲਹੂ ਵਹਾਉਣ ਦੇ ਨਾਲ਼-ਨਾਲ਼ ਵਤਾਵਰਣ ਨੂੰ ਵੀ ਤਬਾਹ ਕਰ ਰਹੀ ਹੈ। ਇਹ ਤਬਾਹੀ ਸਿਰਫ ਜੰਗਾਂ ਲੱਗਣ ਨਾਲ਼ ਹੀ ਨਹੀਂ ਹੁੰਦੀ ਸਗੋਂ ਜੰਗਾਂ ਦੀ ਤਿਆਰੀ ਦੇ ਨਾਮ ਉੱਪਰ ਵੱਡੇ ਫੌਜੀ ਲਾਮ ਲਸ਼ਕਰ, ਜੰਗੀ ਵਾਹਨਾਂ ਆਦਿ ਰਾਹੀਂ ਵੀ ਵਾਤਵਰਣ ਦੀ ਤਬਾਹੀ ਹੁੰਦੀ ਹੈ।
ਇਉਂ ਹਵਾ ਪ੍ਰਦੂਸ਼ਣ ਜਾਂ ਵਾਤਾਵਰਣ ਦੀ ਕੁੱਲ ਤਬਾਹੀ ਲਈ ਸਮੁੱਚਾ ਇਹ ਸਰਮਾਏਦਾਰਾ ਨਿਜਾਮ ਹੀ ਜਿੰਮੇਵਾਰ ਹੈ। ਇਸਦੇ ਲਈ ਪੂਰੀ ਮਨੁੱਖਤਾ ਨਹੀਂ ਸਗੋਂ ਮੁੱਖ ਤੌਰ ’ਤੇ ਸਾਧਨ-ਸੰਪਨ ਸਰਮਾਏਦਾਰ ਜਮਾਤ ਹੀ ਜਿੰਮੇਵਾਰ ਹੈ। ਲੋਕਾਂ ਦੇ ਸੁਚੇਤ ਹੋਣ ਤੇ ਸਰਕਾਰ ਵੱਲੋਂ ਢੁਕਵੇਂ ਕਦਮ ਚੁੱਕੇ ਜਾਣ ਨਾਲ਼ ਇਸ ਸਮੱਸਿਆ ਉੱਪਰ ਕੁੱਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ਪਰ ਇਹ ਸਮੱਸਿਆ ਮੁਕੰਮਲ ਖਤਮ ਨਹੀਂ ਹੋ ਸਕਦੀ। ਇਸ ਕਰਕੇ ਪਰਾਲ਼ੀ ਸਾੜਨ ਉੱਪਰ ਪਬੰਦੀ ਲਾਉਣ, ਜਹਿਰੀਲੀ ਹਵਾ ਤੇ ਪਾਣੀ ਵਾਤਾਵਰਣ ਵਿੱਚ ਛੱਡਣ ਵਾਲ਼ੀਆਂ ਸੱਨਅਤਾਂ ਉੱਪਰ ਕਾਰਵਾਈ ਕਰਨ ਅਤੇ ਆਵਾਜਾਈ ਦੇ ਜਨਤਕ ਸਾਧਨਾਂ ਨੂੰ ਵਧਾਉਣ ਦੀਆਂ ਮੰਗਾਂ ਇਸ ਪ੍ਰਬੰਧ ਵਿੱਚ ਸਾਨੂੰ ਉਭਾਰਨੀਆਂ ਚਾਹੀਦੀਆਂ ਹਨ, ਪਰ ਵਾਤਾਵਰਣ ਨੂੰ ਬਚਾਉਣ ਦੀ ਲੜਾਈ ਪੂਰਨ ਤੌਰ ’ਤੇ ਸਰਮਾਏਦਾਰਾ ਪ੍ਰਬੰਧ ਦੇ ਖਾਤਮੇ ਨਾਲ਼ ਹੀ ਜਿੱਤੀ ਜਾ ਸਕਦੀ ਹੈ।
– ਪੁਸ਼ਪਿੰਦਰ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ