ਡਾਵੋਸ ਵਿੱਚ ਆਯੋਜਿਤ ਕੀਤਾ ਗਿਆ ‘ਸੰਸਾਰ ਆਰਥਿਕ ਮੰਚ’ ਕੋਈ “ਸੰਸਾਰੀਕਰਨ ਸੰਵਾਦ” ਦਾ ਮੰਚ ਨਹੀਂ, ਸਗੋ ਕੌਮਾਂਤਰੀ ਵਿੱਤੀ ਪੂੰਜੀ, ਬਹੁਕੌਮੀ ਨਿਗਮਾਂ ਅਤੇ ਸਾਮਰਾਜੀਆਂ ਦੇ ਨੁਮਾਇੰਦਿਆਂ ਦਾ ਸੰਮੇਲਨ ਹੈ। ਇੱਥੇ ਦੁਨੀਆਂ ਦੇ ਭਵਿੱਖ ਬਾਰੇ ਨਹੀਂ, ਸਗੋਂ ਮੁਨਾਫਿਆਂ, ਲੁੱਟ ਅਤੇ ਯੁੱਧ ਦੀਆਂ ਯੋਜਨਾਵਾਂ ਬਾਰੇ ਵਿਚਾਰ ਕੀਤੇ ਜਾਂਦੇ ਹਨ। 2026 ਦਾ ਡਾਵੋਸ ਸੰਮੇਲਨ ਇਸ ਸੱਚਾਈ ਨੂੰ ਹੋਰ ਨੰਗੇ-ਚਿੱਟੇ ਰੂਪ ਵਿੱਚ ਅੱਗੇ ਲਿਆਉਂਦਾ ਹੈ, ਜਦੋਂ ਅਮਰੀਕੀ ਸਾਮਰਾਜ ਨੇ ਗ੍ਰੀਨਲੈਂਡ ਉੱਤੇ ਕੰਟਰੋਲ ਦੀ ਆਪਣੀ ਇੱਛਾ ਨੂੰ ਖੁੱਲ੍ਹੇ ਤੌਰ ’ਤੇ ਪੇਸ਼ ਕੀਤਾ।
ਗ੍ਰੀਨਲੈਂਡ ਸੰਕਟ ਕਿਸੇ ਇੱਕ ਵਿਅਕਤੀ ਯਾਨੀ ਡੋਨਾਲਡ ਟਰੰਪ ਦੀ ਸਨਕ ਦਾ ਨਤੀਜਾ ਨਹੀਂ ਹੈ। ਇਹ ਉਸ ਇਤਿਹਾਸਕ ਪ੍ਰਕਿਰਿਆ ਦੀ ਉਪਜ ਹੈ, ਜਿਸ ਨੂੰ ਲੈਨਿਨ ਨੇ ਸਾਮਰਾਜ: ਸਰਮਾਏਦਾਰੀ ਦਾ ਸਰਵਉੱਚ ਪੜਾਅ ਕਿਹਾ ਸੀ, ਜਿੱਥੇ ਵਿੱਤੀ ਸਰਮਾਏ ਦੀ ਸਰਦਾਰੀ, ਮੰਡੀ ਅਤੇ ਕੱਚੇ ਮਾਲ ਲਈ ਖਹਿਭੇੜ ਅਤੇ ਦੁਨੀਆਂ ਦੀ ਮੁੜ-ਵੰਡ ਲਾਜਮੀ ਸਰਮਾਏਦਾਰਾ ਮੁਲਕਾਂ ਨੂੰ ਟਕਰਾਅ ਵੱਲ ਧੱਕਦੀ ਹੈ। ਡੈਨਮਾਰਕ ਦਾ ਸਵੈ-ਹਕੂਮਤੀ ਖੇਤਰ ਗ੍ਰੀਨਲੈਂਡ ਅਚਾਨਕ ਅਮਰੀਕੀ ਸਾਮਰਾਜ ਦੇ ਨਿਸ਼ਾਨੇ ਉੱਤੇ ਨਹੀਂ ਆਇਆ। ਇਹ ਵਿਸ਼ਾਲ ਭੂ-ਭਾਗ, ਜਿਸ ਦੀ ਅਬਾਦੀ ਭਾਵੇਂ ਘੱਟ ਹੋਵੇ ਪਰ ਕੁਦਰਤੀ ਸ੍ਰੋਤ-ਸਾਧਨਾਂ ਪੱਖੋਂ ਬਹੁਤ ਅਮੀਰ ਹੈ, ਸੰਸਾਰ ਸਰਮਾਏ ਦੀ ਲੁੱਟ ਲਈ ਖੁੱਲ੍ਹੀ ਚਰਾਂਦ ਹੈ। ਟਰੰਪ ਵੱਲੋਂ ਫੌਜੀ ਤਾਕਤ ਅਤੇ ਆਰਥਿਕ ਪਬੰਦੀਆਂ ਦੀ ਖੁੱਲ੍ਹੀ ਧਮਕੀ ਇਹ ਦਰਸਾਉਂਦੀ ਹੈ ਕਿ ਸਾਮਰਾਜ ਹੁਣ ਕੂਟਨੀਤਕ ਪਰਦੇ ਦੀ ਵੀ ਲੋੜ ਨਹੀਂ ਮਹਿਸੂਸ ਕਰਦਾ।
ਡਾਵੋਸ ਵਿੱਚ ਐਲਾਨਿਆ ਗਿਆ ਅਖੌਤੀ “ਸਮਝੌਤੇ ਦਾ ਢਾਂਚਾ” ਇੱਕ ਅਸਾਵੀਂ, ਜਬਰਦਸਤੀ ਥੋਪਿਆ ਗਿਆ ਸਾਮਰਾਜੀ ਸਮਝੌਤਾ ਹੈ। ਇਸ ਵਿੱਚ ਗ੍ਰੀਨਲੈਂਡ ਦੀ ਧਰਤੀ ਉੱਤੇ ਅਮਰੀਕੀ ਫੌਜੀ ਅੱਡਿਆਂ ਦੀ ਗੱਲ ਹੈ। ਭਾਵ ਰਸਮੀ ਮੁਖਤਿਆਰੀ ਕਾਗਜਾਂ ਉੱਤੇ ਡੈਨਮਾਰਕ ਕੋਲ਼ ਰਹੇ, ਪਰ ਅਸਲ ਸੱਤਾ ਅਮਰੀਕੀ ਫੌਜ ਅਤੇ ਸਰਮਾਏ ਦੇ ਹੱਥਾਂ ਵਿੱਚ ਹੋਵੇਗੀ।
ਨਾਟੋ, ਜਿਸ ਨੂੰ “ਸਾਂਝੀ ਸੁਰੱਖਿਆ” ਸੰਸਥਾ ਕਿਹਾ ਜਾਂਦਾ ਹੈ, ਅਸਲ ਵਿੱਚ ਅਮਰੀਕੀ ਸਾਮਰਾਜ ਦਾ ਹੀ ਫੌਜੀ ਹਥਿਆਰ ਹੈ। ਗ੍ਰੀਨਲੈਂਡ ਉੱਤੇ ਗੱਲਬਾਤ ਵਿੱਚ ਖੁਦਮੁਖਤਿਆਰੀ ਦਾ ਸਵਾਲ “ਉੱਠਿਆ ਵੀ ਨਹੀਂ” ਇਹ ਕਥਨ ਆਪਣੇ ਆਪ ਵਿੱਚ ਨਾਟੋ ਦੇ ਜਮਾਤੀ ਖਾਸੇ ਦਾ ਪ੍ਰਮਾਣ ਹੈ।
ਡਾਵੋਸ ਵਿੱਚ ਉੱਭਰਿਆ ਇਹ ਸੰਕਟ ਟ੍ਰਾਂਸ-ਅਟਲਾਂਟਿਕ ਗਠਜੋੜ ਦੇ ਸਿਰਫ ਟੁੱਟਣ ਦਾ ਨਹੀਂ, ਸਗੋਂ ਉਸ ਦੇ ਅਸਲੀ ਚਿਹਰੇ ਦੇ ਸਾਹਮਣੇ ਆਉਣ ਦਾ ਵੀ ਸੰਕੇਤ ਹੈ। ਸਰਮਾਏਦਾਰਾ ਤਾਕਤਾਂ ਵਿਚਕਾਰ ਏਕਤਾ ਉਦੋਂ ਤੱਕ ਹੀ ਸੰਭਵ ਹੁੰਦੀ ਹੈ, ਜਦੋਂ ਤੱਕ ਲੁੱਟ ਦਾ ਨਿਰੰਤਰ ਵਿਸਥਾਰ ਹੁੰਦਾ ਰਹੇ। ਜਿਵੇਂ ਹੀ ਸ੍ਰੋਤ ਸੀਮਤ ਹੁੰਦੇ ਹਨ ਅਤੇ ਸੰਕਟ ਗਹਿਰਾ ਹੁੰਦਾ ਹੈ, ਸਰਮਾਏਦਾਰੀ ਤਾਕਤਾਂ ਇੱਕ ਦੂਜੇ ਨਾਲ਼ ਵਿਰੋਧ ਸ਼ਰੇ੍ਹਆਮ ਸਾਹਮਣੇ ਆ ਜਾਂਦਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਸਵੀਕਾਰ ਕਰਨਾ ਕਿ ਦੁਨੀਆ ਟੁੱਟਣ ਦੇ ਦੌਰ ਵਿੱਚ ਹੈ, ਅਸਲ ਵਿੱਚ ਸਰਮਾਏਦਾਰੀ ਢਾਂਚੇ ਦੇ ਇਤਿਹਾਸਕ ਸੰਕਟ ਦਾ ਕਬੂਲਨਾਮਾ ਹੈ। ਥੂਸੀਡਾਈਡਸ ਦਾ ਇੱਕ ਟੂਕ ਹੈ ਕਿ “ਤਾਕਤਵਰ ਓਹੀ ਕਰਦੇ ਹਨ ਜੋ ਕਰ ਸਕਦੇ ਹਨ” ਕਿਸੇ ਦਾਰਸ਼ਨਿਕ ਦਾ ਸੱਚ ਨਹੀਂ, ਸਗੋਂ ਸਾਮਰਾਜੀ ਨੈਤਿਕਤਾ ਦਾ ਬਿਆਨ ਹੈ। ਇਹ ਓਹੀ ਤਰਕ ਹੈ, ਜਿਸ ਨਾਲ਼ ਯੁੱਧ, ਕਬਜੇ ਅਤੇ ਨਸਲਕੁਸ਼ੀਆਂ ਨੂੰ ਜਾਇਜ ਠਹਿਰਾਇਆ ਜਾਂਦਾ ਹੈ।
ਗ੍ਰੀਨਲੈਂਡ ਦਾ ਮਹੱਤਵ ਸਿਰਫ ਫੌਜੀ ਨਹੀਂ, ਆਰਥਿਕ ਵੀ ਹੈ। ਧਰਤੀ ਤੇ ਦੁਰਲੱਭ ਖਣਿਜ, ਯੂਰੇਨੀਅਮ, ਤੇਲ ਅਤੇ ਗੈਸ, ਇਹ ਸਭ ਆਧੁਨਿਕ ਸਰਮਾਏਦਾਰੀ ਪੈਦਾਵਾਰ ਅਤੇ ਫੌਜੀ ਸੱਨਅਤ ਲਈ ਜਰੂਰੀ ਹਨ। ਜਲਵਾਯੂ ਤਬਦੀਲੀਆਂ ਨਾਲ਼ ਆਰਕਟਿਕ ਦੇ ਖੁੱਲ੍ਹੇ ਸਮੁੰਦਰੀ ਰਾਹ ਸਰਮਾਏ ਲਈ ਨਵੀਂ ਮੰਡੀ ਅਤੇ ਤੇਜ ਆਵਾਜਾਈ ਦਾ ਰਾਹ ਖੋਲ੍ਹ ਰਹੇ ਹਨ। ਇਸੇ ਕਾਰਨ ਆਰਕਟਿਕ ਖੇਤਰ ਦਾ ਤੇਜੀ ਨਾਲ਼ ਫੌਜੀਕਰਨ ਹੋ ਰਿਹਾ ਹੈ। ਗ੍ਰੀਨਲੈਂਡ ਸੰਕਟ ਦੇ ਕੇਂਦਰ ਵਿੱਚ ਆਰਕਟਿਕ ਖੇਤਰ ਹੈ, ਜੋ ਜਲਵਾਯੂ ਤਬਦੀਲੀ ਕਾਰਨ ਸੰਸਾਰ ਸਾਮਰਾਜੀ ਤਾਕਤਾਂ ਦੇ ਟਕਰਾਅ ਦਾ ਨਵਾਂ ਮੋਰਚਾ ਬਣ ਚੁੱਕਿਆ ਹੈ। ਪਿਘਲ਼ਦੀ ਬਰਫ, ਨਵੇਂ ਸਮੁੰਦਰੀ ਰਾਹ ਅਤੇ ਅਪਾਰ ਖਣਿਜ ਇਹ ਸਭ ਸਾਮਰਾਜੀ ਤਾਕਤਾਂ ਲਈ ਲੁੱਟ ਦਾ ਨਵਾਂ ਮੌਕਾ ਹਨ। ਅਮਰੀਕਾ ਪਹਿਲਾਂ ਹੀ ਗ੍ਰੀਨਲੈਂਡ ਵਿੱਚ ਪਿਟੂਫਿਕ ਸਪੇਸ ਬੇਸ ਰਾਹੀਂ ਆਰਕਟਿਕ ਦਾ ਫੌਜੀਕਰਨ ਕਰ ਰਿਹਾ ਹੈ ਅਤੇ ਟਰੰਪ ਦੀ “ਗੋਲਡਨ ਡੋਮ” ਮਿਸਾਈਲ ਰੱਖਿਆ ਯੋਜਨਾ ਇਸ ਖੇਤਰ ਨੂੰ ਪਰਮਾਣੂ ਯੁੱਧ ਦੀ ਤਿਆਰੀ ਦਾ ਮੁੱਖ ਕੇਂਦਰ ਬਣਾਉਂਦੀ ਹੈ। ਗ੍ਰੀਨਲੈਂਡ ਦੀ ਭੂਗੋਲਿਕ ਸਥਿਤੀ (ਅਮਰੀਕਾ, ਰੂਸ ਅਤੇ ਚੀਨ ਵਿਚਕਾਰ) ਇਸ ਨੂੰ ਸਾਮਰਾਜੀ ਯੁੱਧਨੀਤੀ ਲਈ ਜਰੂਰੀ ਬਣਾਉਂਦੀ ਹੈ। ਧਰਤੀ ਦੇ ਦੁਰਲੱਭ ਖਣਿਜ, ਯੂਰੇਨੀਅਮ ਅਤੇ ਤੇਲ ਦੇ ਵਿਸ਼ਾਲ ਭੰਡਾਰ ਇਸ ਨੂੰ ਸਿਰਫ ਫੌਜੀ ਨਹੀਂ, ਆਰਥਿਕ ਨਜਰੀਏ ਨਾਲ਼ ਵੀ ਬਹੁਤ ਮਹੱਤਵਪੂਰਨ ਬਣਾਉਂਦੇ ਹਨ। ਇਹ ਕੋਈ ਸੰਜੋਗ ਨਹੀਂ ਕਿ ਅਮਰੀਕਾ ਗ੍ਰੀਨਲੈਂਡ, ਕੈਨੇਡਾ ਅਤੇ ਪਨਾਮਾ ਨਹਿਰ ਨੂੰ ਜੋੜ ਕੇ ਆਪਣੇ “ਖੇਤਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ” ਦੀ ਗੱਲ ਕਰ ਰਿਹਾ ਹੈ। ਇਹ ਚੀਨ ਨਾਲ਼ ਸੰਭਾਵਿਤ ਮਹਾਂਸ਼ਕਤੀ ਟਕਰਾਅ ਦੀ ਤਿਆਰੀ ਹੈ। ਇਹ ਸਭ ਉਸ ਵੇਲੇ ਹੋ ਰਿਹਾ ਹੈ, ਜਦੋਂ ਸੰਸਾਰ ਸਰਮਾਏਦਾਰੀ ਸਮਾਜਿਕ ਗੈਰ-ਬਰਾਬਰੀ ਦੇ ਇਤਿਹਾਸਕ ਪੱਧਰ ’ਤੇ ਪਹੁੰਚ ਚੁੱਕੀ ਹੈ। ਡਾਵੋਸ ਵਿੱਚ ਇਕੱਠੇ ਹੋਏ ਅਰਬਪਤੀ ਓਹੀ ਜਮਾਤ ਹੈ, ਜਿਨ੍ਹਾਂ ਦੀ ਜਾਇਦਾਦ ਅਰਬਾਂ ਮਜਦੂਰਾਂ ਦੀ ਲੁੱਟ ਤੋਂ ਪੈਦਾ ਹੋਈ ਹੈ। ਆਕਸਫੈਮ ਦੀ ਰਿਪੋਰਟ ਸਿਰਫ ਇਸ ਸੱਚ ਨੂੰ ਅੰਕੜਿਆਂ ਵਿੱਚ ਦੱਸਦੀ ਹੈ ਕਿ ਸਰਮਾਏਦਾਰੀ ਧਨ ਨੂੰ ਥੋੜ੍ਹੇ ਹੱਥਾਂ ਵਿੱਚ ਕੇਂਦਰਿਤ ਕਰਦੀ ਹੈ ਅਤੇ ਬਹੁ-ਗਿਣਤੀ ਲੋਕਾਈ ਨੂੰ ਅਸੁਰੱਖਿਆ, ਮਹਿੰਗਾਈ ਅਤੇ ਯੁੱਧ ਵੱਲ ਧੱਕਦੀ ਹੈ।
ਗ੍ਰੀਨਲੈਂਡ ਸੰਕਟ ਤੋਂ ਬਾਅਦ ਸੋਨੇ ਅਤੇ “ਸੁਰੱਖਿਅਤ ਨਿਵੇਸ਼ਾਂ” ਵੱਲ ਭੱਜਦਾ ਸਰਮਾਇਆ ਇਹ ਦਰਸਾਉਂਦਾ ਹੈ ਕਿ ਹਾਕਮ ਜਮਾਤ ਖੁਦ ਇਸ ਢਾਂਚੇ ਦੀ ਸਥਿਰਤਾ ਉੱਤੇ ਵਿਸ਼ਵਾਸ ਨਹੀਂ ਕਰਦੀ। ਸਰਮਾਏਦਾਰ ਜਾਣਦੇ ਹਨ ਕਿ ਉਨ੍ਹਾਂ ਦਾ ਮੁਨਾਫਾ ਹੁਣ ਸਿਰਫ ਫੌਜੀਕਰਨ, ਲੁੱਟ ਅਤੇ ਯੁੱਧ ਰਾਹੀਂ ਹੀ ਬਚ ਸਕਦਾ ਹੈ। ਅਮਰੀਕਾ ਅਤੇ ਯੂਰਪ ਵਿਚਕਾਰ ਇਹ ਟਕਰਾਅ ਅਸਥਾਈ ਨਹੀਂ ਹੈ। ਇਹ ਉਸ ਇਤਿਹਾਸਕ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਵਿੱਚ ਸਾਮਰਾਜੀ ਤਾਕਤਾਂ ਘੱਟ ਹੁੰਦੇ ਸ੍ਰੋਤ-ਸਾਧਨਾਂ ਅਤੇ ਮੰਡੀ ਲਈ ਇੱਕ ਦੂਜੇ ਨਾਲ਼ ਟਕਰਾ ਰਹੀਆਂ ਹਨ। ਟਰੰਪ ਦਾ “ਅਮਰੀਕਾ ਫਰਸਟ” ਅੰਨ੍ਹੀ-ਕੌਮਪ੍ਰਸਤੀ ਅਤੇ ਯੂਰਪੀ ਸਰਮਾਏਦਾਰ ਜਮਾਤ ਦੀਆਂ ਪ੍ਰਤੀਕਿਰਿਆਵਾਂ ਦੋਵੇਂ ਮਜਦੂਰ ਲੋਕਾਈ ਲਈ ਵਿਨਾਸ਼ਕਾਰੀ ਹਨ। ਇਸ ਸੰਕਟ ਤੋਂ ਇੱਕ ਹੀ ਸਿੱਟਾ ਨਿੱਕਲ਼ਦਾ ਹੈ: ਸਰਮਾਏਦਾਰੀ-ਸਾਮਰਾਜੀ ਢਾਂਚਾ ਮਨੁੱਖਤਾ ਨੂੰ ਯੁੱਧ, ਵਿਨਾਸ਼ ਅਤੇ ਗੈਰ-ਬਰਾਬਰੀ ਦੀ ਖੱਡ ਵਿੱਚ ਧੱਕ ਰਿਹਾ ਹੈ। ਪਰ ਇਹ ਵੀ ਸੱਚ ਹੈ ਕਿ ਸਾਮਰਾਜ ਯੁੱਧ ਨੂੰ ਜਨਮ ਦਿੰਦਾ ਹੈ ਤਾਂ ਯੁੱਧ ਇਨਕਲਾਬ ਦੀਆਂ ਹਾਲਤਾਂ ਪੈਦਾ ਕਰਦਾ ਹੈ।
– ਨਮਿਤਾ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ