ਅਮਰੀਕਾ ਦੀਆਂ ਭੋਜਨ ਸਬੰਧੀ ਨਵੀਆਂ ਹਦਾਇਤਾਂ ਵਿੱਚ ਕੂਹਣੀ ਮੋੜ

– ਪ੍ਰੋਟੀਨ ਯੁਕਤ ਅਤੇ ਚਰਬੀ/ਤੇਲ ਯੁਕਤ ਭੋਜਨ ਦੀ ਚੰਗੀ ਮਾਤਰਾ ਖਾਓ।

– ਦੁੱਧ ਅਤੇ ਦੁੱਧ ਤੋਂ ਬਣਨ ਵਾਲ਼ੇ ਪਦਾਰਥ ਖਾਓ।

– ਫਲ ਅਤੇ ਸਬਜੀਆਂ ਖਾਓ।

– ਅਨਾਜ (ਪੁੂਰੇ ਬੀਜ ਵਾਲ਼ੇ) ਖਾਓ।

– ਪ੍ਰੋਸੈੱਸ ਕੀਤਾ ਭੋਜਨ ਅਤੇ ਜਿਸ ਭੋਜਨ ’ਚ ਖੰਡ ਪਾਈ ਗਈ ਹੈ, ਨਾ ਖਾਓ।

ਉਪਰੋਕਤ ਲਾਈਨਾਂ ਵਿੱਚ ਸੰਯੁਕਤ ਰਾਜ ਅਮਰੀਕਾ ਨੇ ਆਪਣੀਆਂ ਨਵੀਂਆਂ ਭੋਜਨ ਸਬੰਧੀ ਹਦਾਇਤਾਂ ਨੂੰ ਸੁਧਾਰਿਆ ਹੈ। ਪਹਿਲਾਂ ਦੀਆਂ ਹਦਾਇਤਾਂ ਕੀ ਸਨ? ਅਮਰੀਕੀ ਹਾਕਮਾਂ ਦੀ ਪੁਰਾਣੀ ਸਮਝ ਅਨੁਸਾਰ ਤੇਲ, ਚਰਬੀ ਨੂੰ ਦਿਲ ਦੇ ਰੋਗਾਂ ਨਾਲ਼ ਜੋੜਕੇ ਪੇਸ਼ ਕੀਤਾ ਗਿਆ ਅਤੇ ਲੋਕਾਂ ਨੂੰ ਇਸ ਤੋਂ ਦੂਰ ਕੀਤਾ ਗਿਆ। ਖੰਡ ਨੂੰ ਉਭਾਰਿਆ ਗਿਆ। ਇਸਦਾ ਇਤਿਹਾਸ ਅਤੇ ਸਿਆਸਤ ਬੜੀ ਗੰਭੀਰ ਹੈ ਜਿਸਨੂੰ ਜਾਣੇ ਬਿਨ੍ਹਾਂ ਅਸੀਂ ਕਈ ਪੱਖਾਂ ਤੋਂ ਅਧੂਰੇ ਰਹਿ ਜਾਵਾਂਗੇ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਪ੍ਰੋਜੇਕਟ 226 ਅਤੇ ਸ਼ੂਗਰ ਰਿਸਰਚ ਫਾਉਂਡੇਸ਼ਨ

ਅਸਲ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ? ਕਹਾਣੀ ਦੀ ਸ਼ੁਰੂਆਤ ਦਾ ਦੌਰ ਹੈ 1960 ’ਵਿਆਂ ਦਾ ਜਦੋਂ ਅਮਰੀਕੀ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਸਨ। ਜਿਵੇਂ ਡਾਇਬਟੀਜ (ਸ਼ੂਗਰ), ਹਾਈਪਰਟੈਸ਼ਨ, ਮੋਟਾਪਾ ਆਦਿ। ਮਾਹਿਰਾਂ ਵੱਲੋਂ ਸੁਝਾਅ ਦਿੱਤਾ ਗਿਆ ਕਿ ਬਿਮਾਰੀਆਂ ਦਾ ਕਾਰਨ ਤੇਲ/ਚਰਬੀ ਹੈ। ਖੰਡ ਬਾਰੇ ਕਿਹਾ ਗਿਆ ਕਿ ਇਸ ਨਾਲ਼ ਸਿਹਤ ਉੱਪਰ ਮਾੜੇ ਅਸਰ ਨਹੀਂ  ਪੈਂਦੇ।

ਫਿਰ 2016 ਵਿੱਚ ਰਸਾਲਾ “ਜਰਨਲ ਆਫ ਅਮੇਰੀਕਨ ਮੈਡੀਕਲ ਅਸੋਸੀਏਸ਼ਨ” ਵਿੱਚ ਛਪਿਆ ਕਿ 1960’ਵਿਆਂ ਦੌਰਾਨ ਖੰਡ ਨਾਲ਼ ਜੁੜੀ ਸੱਨਅਤ ਵੱਲੋਂ ਹਾਰਵਰਡ ਯੂਨੀਵਰਸਿਟੀ ਦੇ ਤਿੰਨ ਮਾਹਿਰਾਂ ਨੂੰ ਖੁੱਲ੍ਹੇ ਫੰਡ ਦਿੱਤੇ ਗਏ ਕਿ ਉਹ ਖੰਡ ਬਾਰੇ ਚੰਗਾ ਲਿਖਣ ਅਤੇ ਸੈਚੂਰੇਟਡ ਚਰਬੀ ਬਾਰੇ ਮਾੜਾ ਲਿਖਣ। ਇਹ ਤਿੰਨ ਮਾਹਿਰ ਸਨ,  ਡਾ. ਫ੍ਰੈਡਰਿਕ ਸਟੇਅਰ (ਹਾਰਵਰਡ ਸਕੂਲ ਆਫ ਪਬਲਿਕ ਹੈਲਥ ਐਂਡ ਨਿਉਟ੍ਰੀਸ਼ਨ ਡਿਪਾਰਮੈਂਟ), ਰੋਬਰਟ ਮੈਕੈਂਡੀ, ਅਸਿਸਟੈਂਟ ਪ੍ਰੋਫੈਸਰ, ਨਿਉਟ੍ਰੀਸ਼ਨ, ਅਤੇ ਡਾ. ਮਾਰਕ ਹੈਗਸਟੈੱਡ।

ਡਾ. ਹੈੱਗਸਟੈੱਡ ਇਸ ਤੋਂ ਬਾਅਦ 1977 ਦੀ ਉਸ ਟੀਮ ਦਾ ਵੀ ਹਿੱਸਾ ਰਹੇ ਜਿਸਨੇ 1980 ਦੀਆਂ ਭੋਜਨ ਸਬੰਧੀ ਹਦਾਇਤਾਂ ਤਿਆਰ ਕੀਤੀਆਂ ਸਨ। ਇਹਨਾਂ ’ਚ ਕਿਹਾ ਗਿਆ ਕਿ ਅਮਰੀਕਨ ਮੀਟ ਖਾਣਾ ਘਟਾਉਣ ਅਤੇ ਚਰਬੀ ਖਾਣੀ ਘੱਟ ਕਰਨ। ਕਿਉਂਕਿ ਇਹ ਦਿਲ ਦੇ ਰੋਗਾਂ ਦਾ ਕਾਰਨ ਹੈ। ਇਸੇ ਤਰ੍ਹਾਂ 1977 ਦੀਆਂ ਕਨੇਡਾ ਦੀਆਂ ਹਦਾਇਤਾਂ ’ਚ ਵੀ ਮੀਟ ਖਾਣਾ ਘਟਾਕੇ ਕਾਰਬੋਹਾਈਡ੍ਰੇਟਸ ਵੱਧ ਖਾਣ ਦੀ ਗੱਲ ਕੀਤੀ ਗਈ।

1960 ਵਿਆਂ ’ਚ ‘ਸ਼ੂਗਰ ਰਿਸਰਚ ਫਾਉਂਡੇਸ਼ਨ’ ਨੇ ਡਾ. ਫ੍ਰੈਡਰਿਕ ਸਟੇਅਰ ਨੂੰ ਖੰਡ ਦੇ ਪੱਖ ’ਚ ਲਿਖਣ ਸਬੰਧੀ 6500 ਡਾਲਰ ਦਾ ਪ੍ਰੋਜੈਕਟ ਦਿੱਤਾ। ਇਸ ਤੋਂ ਬਾਅਦ ਹਾਰਵਰਡ ਦੇ ਤਿੰਨੋਂ ਖੋਜੀਆਂ ਅਤੇ ਸ਼ੂਗਰ ਰਿਸਰਚ ਫਾਉਂਡੇਸ਼ਨ ਦੀਆਂ ਆਪਸ ਵਿੱਚ ਚਿੱਠੀਆਂ ਵੀ ਸਾਂਝੀਆਂ ਹੁੰਦੀਆਂ ਰਹੀਆਂ। ਇਸ ਪੂਰੀ ਮੁਹਿਮ ਨੂੰ “ਪ੍ਰੋਜੈਕਟ 226” ਨਾਮ ਦਿੱਤਾ ਗਿਆ। ਨਤੀਜੇ ਵਜੋਂ ਖੋਜੀਆਂ ਨੇ 1976 ਵਿੱਚ ਰਸਾਲਾ “ਨਿਊ ਇੰਗਲੈਂਡ ਜਰਨਲ ਆਫ ਮੈਡੀਸੀਨ” ’ਚ ਖੰਡ ਦੇ ਪੱਖ ’ਚ ਖੋਜ ਪੱਤਰ ਛਾਪਿਆ।

ਭਾਵ ‘ਪੋ੍ਰਜੈਕਟ 226’ ਸੀ ਖੰਡ ਨੂੰ ਬਰੀ ਕਰਨ ਦਾ ਪ੍ਰੋਜੈਕਟ। ਇਸਦਾ ਵਿਰੋਧ ਡਾ. ਮੈਰੀਓਨ ਨੇਸਲੇ ਨੇ ਕਰਦਿਆਂ ਜਰਨਲ ਆਫ ਅਮੈਰੀਕਨ ਮੈਡੀਕਲ ਅਸੋਸੀਏਸ਼ਨ ’ਚ ਹੀ ਲਿਖਿਆ ਕਿ ਸ਼ੂਗਰ ਇੰਡਸਟਰੀ ਨੇ ਦਿਲ ਦੇ ਰੋਗਾਂ ਸਬੰਧੀ ਖੰਡ ਨੂੰ ਬਰੀ ਕਰਨ ਲਈ ਪ੍ਰੋਜੈਕਟ 226 ਸ਼ੁਰੂ ਕੀਤਾ ਹੈ।

1980 ਦੇ ਭੋਜਨ ਸਬੰਧੀ ਅਮਰੀਕੀ ਸੈਨੇਟਰਾਂ ਨੇ 8 ਮੀਟਿੰਗਾਂ ਕੀਤੀਆਂ। ਜਿਸ ’ਚ ਵਿਗਿਆਨੀ, ਸਰਕਾਰੀ ਅਧਿਕਾਰੀ ਅਤੇ ਵੱਖ-ਵੱਖ ਨੁਮਾਇੰਦੇ ਹਾਜਰ ਹੋਏ। ਇੱਥੇ ਡਾ. ਹੈਗਸਟੈੱਡ ਨੇ ਖੁੱਲ੍ਹ ਕੇ ਚਰਬੀ/ਫੈਟ ਯੁਕਤ ਭੋਜਨ ਨੂੰ ਬਿਮਾਰੀਆਂ ਦਾ ਕਾਰਨ ਦੱਸਿਆ। ਇਸ ਸਬੰਧੀ ਇਕੱਠੇ ਕੀਤੇ ਅੰਕੜੇ ਅਧੂਰੇ ਸਨ, ਖੋਜ ਵੀ ਅਧੂਰੀ ਸੀ। ਕੋਈ ਵੀ ਕਲੀਨੀਕਲ ਸਬੂਤ ਨਹੀਂ ਸੀ। ਇਸੇ ਕਰਕੇ ਕਮੇਟੀ ਦੇ ਕਈ ਮੈਂਬਰਾਂ ਨੇ ਹੋਰ ਖੋਜ ਕਰਨ ਲਈ ਇੰਤਜਾਰ ਕਰਨ ਲਈ ਕਿਹਾ ਅਤੇ ਸਮਾਂ ਮੰਗਿਆ। ਡਾ. ਰੋਬਰਟ ਲੈਵੀ (ਡਾਇਰੈਕਟਰ, ਨੈਸ਼ਨਲ ਹਾਰਟ, ਲੰਗ ਅਤੇ ਬਲੱਡ ਇੰਚਟੀਚਿਊਟ) ਨੇ ਕਿਹਾ ਕਿ ਚਰਬੀ ਖਾਣ ਦਾ ਦਿਲ ਦੇ ਦੌਰਿਆਂ ਨਾਲ਼ ਸਬੰਧ ਹੈ ਜਾਂ ਨਹੀਂ ਹਾਲੇ ਇਸ ਬਾਰੇ ਕੁੱਝ ਵੀ ਨਹੀਂ ਪਤਾ।

ਸੇਂਟ ਲੁਈਸ ਯੂਨੀਵਰਸਿਟੀ ਤੋਂ ਡਾ. ਰੋਬਰਟ ਓਲਸਨ ਨੇ ਕਿਹਾ ਕਿ ਅਮਰੀਕੀ ਲੋਕਾਂ ਲਈ ਭੋਜਨ ਸਬੰਧੀ ਹਦਾਇਤਾਂ ਜਾਰੀ ਕਰਨ ਤੋਂ ਪਹਿਲਾਂ ਹੋਰ ਖੋਜ ਦੀ ਲੋੜ ਹੈ।

ਡਾ. ਪੀਟਰ ਅਹਰੇਂਨਜ ਨੇ ਕਿਹਾ ਕਿ ਇੰਨੀ ਘੱਟ ਜਾਣਕਾਰੀ ਅਧਾਰਿਤ ਜਾਣਕਾਰੀ ਲੋਕਾਂ ਨੂੰ ਦੇਣਾ ਗਲਤ ਹੈ। ਇਸਦਾ ਭਾਵ ਹੈ ਕਿ ਅਸੀਂ ਲੋਕਾਂ ਉੱਪਰ ਸਿੱਧਾ ਤਜਰਬਾ ਕਰਨ ਜਾ ਰਹੇ ਹਾਂ ਜੋ ਕਿ ਉਹਨਾਂ ਦੀ ਜਾਨ ਨਾਲ਼ ਖਿਲਵਾੜ ਕਰਨ ਬਰਾਬਰ ਹੈ।

ਕਮੇਟੀ ਦੇ ਚੇਅਰਮੈਨ ਸੇਨੇਟਰ ਮੈਕਗਰਨ ਨੇ ਕਿਹਾ “ਸਾਡੇ ਕੋਲ਼ ਹੋਰ ਸਬੂਤਾਂ ਨੂੰ ਉਡੀਕਣ ਦਾ ਸਮਾਂ ਨਹੀਂ ਹੈ।” ਰਿਪੋਰਟ ਪਾਸ ਕਰ ਦਿੱਤੀ ਗਈ। ਖੰਡ ਖਾਣ ਨੂੰ ਸਹੀ ਠਹਿਰਾਇਆ ਗਿਆ। ਮੀਟ ਅਤੇ ਚਰਬੀ ਨੂੰ ਮਾੜਾ ਦੱਸਿਆ ਗਿਆ ਅਤੇ ਬਿਮਾਰੀਆਂ ਨਾਲ਼ ਜੋੜ ਦਿੱਤਾ ਗਿਆ।

ਨਤੀਜੇ ਵਜੋਂ, 1960 ਤੋਂ ਜੋ ਖਿਚੜੀ ਪੱਕ ਰਹੀ ਸੀ ਉਹ 1980 ’ਵਿਆਂ ਤੋਂ ਲੋਕਾਂ ਨੂੰ ਪਰੋਸ ਦਿੱਤੀ ਗਈ। ਭਾਵ ਚਰਬੀ ਜਾਂ ਮੀਟ ਖਾਣਾ ਗਲਤ ਹੈ ਇਸ ਨਾਲ਼ ਬਿਮਾਰੀਆਂ ਹੁੰਦੀਆਂ ਹਨ। ਖੰਡ ਖਾਣ ਦੇ ਕੋਈ ਨੁਕਸਾਨ ਨਹੀਂ ਹਨ। ਸਾਫ ਦੇਖਿਆ ਜਾ ਸਕਦਾ ਹੈ ਕਿ ਇਸਦਾ ਫਾਇਦਾ ਕਿਸ ਨੂੰ ਹੋ ਰਿਹਾ ਸੀ।

ਨਤੀਜੇ ਕੀ ਨਿੱਕਲ਼ੇ?

ਲੋਕਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਅਤੇ ਦਿਲ ਦੇ ਰੋਗ ਇਸਦਾ ਮੁੱਖ ਕਾਰਨ ਬਣੇ ਰਹੇ। ਅਮਰੀਕਾ ਮੋਟਾਪੇ ਦੀਆਂ ਹੱਦਾਂ ਟੱਪ ਗਿਆ। ਟਾਈਪ 2 ਡਾਈਬਟੀਜ ਦੇ ਰੋਗੀਆਂ ਦੀ ਗਿਣਤੀ ਕਈ ਗੁਣਾ ਵਧ ਗਈ। ਅੱਜ ਅਮਰੀਕਾ ਭੋਜਨ ਸਬੰਧੀ ਹਦਾਇਤਾਂ ਬਦਲ ਰਿਹਾ ਹੈ। ਜਿਸਨੂੰ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਆਪਣੀ ਯੋਜਨਾ ਸਿਰ ਭਾਰ ਤੋਂ ਪੈਰਾਂ ਭਾਰ ਕਰ ਲਈ ਹੈ। ਪਰ ਕਿਸਦੀ ਕੀਮਤ ਉੱਪਰ? ਜਵਾਬ ਹੈ ਲੋਕਾਂ ਦੀ ਸਿਹਤ ਦੀ ਕੀਮਤ ਉੱਪਰ।

ਅੱਜ 60 ਫੀਸਦੀ ਅਮਰੀਕੀ ਕਿਸੇ ਇੱਕ ਖਤਰਨਾਕ ਬਿਮਾਰੀ ਦਾ ਸ਼ਿਕਾਰ ਹਨ ਜਿਵੇ ਕਿ ਮੋਟਪਾ, ਡਾਈਬਟੀਜ, ਹਾਈਪਰ ਟੈਂਸ਼ਨ, ਕੈਂਸਰ ਆਦਿ।

– ਡਾਇਬਟੀਜ ਦੇ ਮਰੀਜਾਂ ਦੀ ਗਿਣਤੀ ’ਚ 1980 ਤੋਂ 2009 ਤੱਕ 50 ਫੀਸਦੀ ਤੋਂ ਵੱਧ ਵਾਧਾ ਹੋਇਆ।

– ਸਾਹ ਦੇ ਰੋਗਾਂ ਦੀ ਗਿਣਤੀ ਵੀ 50 ਫੀਸਦੀ ਤੋਂ ਵੱਧ ਵਧੀ ਹੈ।

– ਮੋਟਾਪੇ ਦੇ ਮਰੀਜਾ ਦੀ ਗਿਣਤੀ 40 ਫੀਸਦੀ ਦੇ ਆਸਪਾਸ ਵਧੀ ਹੈ।

(ਉਪਰੋਕਤ ਅੰਕੜਿਆ ’ਚ ਅਮਰੀਕਾ ਦਾਅਵਾ ਕਰਦਾ ਹੈ ਕਿ ਕੈਂਸਰ ਅਤੇ ਦਿਲ ਦੇ ਰੋਗ ਘਟੇ ਹਨ। ਪਰ ਜੇਕਰ ਕੋਈ ਵੀ ਮੈਡੀਕਲ ਵਿਗਿਆਨ ਨੂੰ ਥੋੜ੍ਹਾ ਵੀ ਸਮਝਦਾ ਹੈ ਤਾਂ ਉਹ ਜਾਣਦਾ ਹੈ ਕਿ ਡਾਇਬਟੀਜ ਦੇ ਮਰੀਜ ਇਹਨਾਂ ਬਿਮਾਰੀਆਂ ਤੋਂ ਨਹੀਂ ਬਚ ਸਕਦੇ)

ਉਪਰੋਕਤ ਬਿਮਾਰੀਆਂ ਉੱਪਰ ਅਮਰੀਕੀ ਸਿਹਤ ਬਜਟ ਵਿੱਚੋਂ 90 ਫੀਸਦੀ ਖਰਚਾ ਹੁੰਦਾ ਹੈ। ਦਿਲ ਦੀਆਂ ਬਿਮਾਰੀਆਂ ’ਚ ਲੱਗਭੱਗ 233 ਅਰਬ ਡਾਲਰ ਦਾ ਖਰਚਾ ਸਿਹਤ ਉੱਪਰ ਕੀਤਾ ਜਾਂਦਾ ਹੈ। ਅਤੇ ਬਿਮਾਰ ਲੋਕ ਕੰਮ ਨਹੀਂ ਕਰ ਪਾਉਂਦੇ ਜਿਸਦੇ ਘਾਟੇ ਵਜੋਂ ਅਮਰੀਕਾ ਨੂੰ 184 ਅਰਬ ਡਾਲਰ ਦਾ ਘਾਟਾ ਪੈਂਦਾ ਹੈ।

ਡਾਇਬਟੀਜ ਵਿੱਚ ਇਹ ਖਰਚਾ ਅਤੇ ਘਾਟਾ ਮਿਲ਼ਾਕੇ 413 ਅਰਬ ਡਾਲਰ ਬਣਦੇ ਹਨ। ਕੁੱਲ ਖਰਚਾ ਅਤੇ ਘਾਟਾ 37 ਖਰਬ ਬਣਦਾ ਹੈ ਜੋ ਕਿ ਅਮਰੀਕਾ ਦੀ ਆਰਥਿਕਤਾ ਦੇ 20 ਫੀਸਦੀ ਦੇ ਲੱਗਭੱਗ ਹੈ।

ਪ੍ਰੋਜੇਕਟ 259: ਉੱਪਰਲੀ ਕਹਾਣੀ ਵਿਚਲਾ ਕੂਹਣੀ ਮੋੜ

‘ਲਲਕਾਰ’ ਦੇ ਅੰਕ 18 (ਨਵੰਬਰ 2018) ’ਚ ਪ੍ਰਕਾਸ਼ਿਤ ਲੇਖ ‘ਖੰਡ ਇੱਕ ਮਿੱਠਾ ਜਹਿਰ’ ’ਚ ਅਸੀਂ ਇੱਕ ਹੋਰ ਪ੍ਰੋਜੈਕਟ ਬਾਰੇ ਲਿਖਿਆ ਸੀ ਅਤੇ ਇਹ ਸੀ “ਪ੍ਰੋਜੈਕਟ 259” ਜੋ ਕਿ 1968 ’ਚ ਹੋਂਦ ਚ ਆਇਆ ਸੀ। ਜਿਸਦਾ ਉਦੇਸ਼ ਸੀ ਵੱਖ-ਵੱਖ ਪੋਸ਼ਕ ਤੱਤਾਂ ਦਾ ਸਰੀਰ ਉੱਪਰ ਪ੍ਰਭਾਵ ਵੇਖਣਾ। 21 ਨਵੰਬਰ, 2017 ਨੁੂੰ ਪਲੋਸ ਬਾਇਓਲੋਜੀ ਨਾਮੀ ਜਰਨਲ ਵਿੱਚ ਇੱਕ ਲੇਖ ਛਪਿਆ ਜਿਸਨੇ ਇਸ ਖੋਜ ਕਾਰਜ ਨੂੰ ਬੰਦ ਕਰਨ ਸਬੰਧੀ ਗੰਭੀਰ ਖੁਲਾਸੇ ਕੀਤੇ।

2017 ’ਚ ਛਪੇ ਲੇਖ ਨੇ ਪੋ੍ਰਜੈਕਟ 259 ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸਦੇ ਲੇਖਕ ਸਨ ਕਿ੍ਰਸਟੀਨ ਕਿਅਰਨਸ, ਡੌਰੀ ਅਪਲੋਨੀਓ ਅਤੇ ਸਟੈਂਟਨ ਗਲੈਂਜ। ਇਹਨਾਂ ਵਿਗਿਆਨੀਆਂ ਅਨੁਸਾਰ 1967 ਤੋਂ 1971 ਤੱਕ ਵਿਗਿਆਨੀ ਡਾ. ਡਬਲਿਉ ਪੌਵੇਰ (ਯੂਨੀਵਰਸਿਟੀ ਆਫ ਬਰਮਿੰਘਮ, ਯੂਕੇ.) ਨੇ ਕੁੱਝ ਪ੍ਰਯੋਗ ਕੀਤੇ। ਪ੍ਰਯੋਗਾਂ ’ਚ ਉਸਨੇ ਕੁੱਝ ਚੂਹਿਆਂ ਨੂੰ ਖੰਡ ਭਰਭੂਰ ਭੋਜਨ ਦਿੱਤਾ ਅਤੇ ਕੁੱਝ ਚੂਹਿਆਂ ਨੂੰ ਆਮ ਖੁਰਾਕ ਦਿੱਤੀ ਗਈ। ਨਤੀਜੇ ਵਜੋਂ ਖੰਡ ਖਾਣ ਵਾਲ਼ੇ ਚੂਹਿਆਂ ’ਚ ਕੈਂਸਰ 50 ਫੀਸਦੀ ਵੱਧ ਸੀ। ਇਸਦੇ ਨਤੀਜੇ ਕੁੱਲ ’ਚ ਖੰਡ ਵਿਰੋਧੀ ਸਨ। ਅਤੇ ਡਾ. ਪੌਵੇਰ ਨੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਹੋਰ ਪੈਸਾ ਅਤੇ ਸਮਾਂ ਮੰਗਿਆ ਪਰ ਸ਼ੁੂਗਰ ਰਿਸਰਚ ਫਾਉਂਡੇਸ਼ਨ ਵੱਲੋਂ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ। ਬਹਾਨਾ ਬਣਾਇਆ ਗਿਆ ਕਿ ਹੋਣ ਵਾਲ਼ਾ ਖਰਚਾ ਬਜਟ ਤੋਂ ਬਾਹਰ ਹੈ। ਪਰ ਸਟੈਂਟਨ ਗਲੈਂਜ ਅਨੁਸਾਰ ਪ੍ਰੋਜੈਕਟ ਇਸ ਲਈ ਰੋਕਿਆ ਗਿਆ ਕਿਉਂਕਿ ਇਹ ਪ੍ਰੋਜੈਕਟ ਖੰਡ ਦੀ ਕੁੱਲ ਸੱਨਅਤ ਅਤੇ ਕਾਰੋਬਾਰ ਲਈ ਨੁਕਸਾਨਦਾਇਕ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਦੇ ਨਤੀਜੇ ਵੀ ਨਹੀਂ ਛਾਪੇ ਗਏ। ਇਸਦੇ ਨਤੀਜੇ ਸਨ ਕਿ ਸੁਕਰੋਜ ਖੰਡ ਨਾਲ਼ ਕਈ ਗੰਭੀਰ ਬਿਮਾਰੀਆਂ ਵਧਦੀਆਂ ਹਨ। ਦੂਜਾ ਖਤਰਨਾਕ ਨਤੀਜਾ ਇਹ ਸੀ ਕਿ ਸੁਕਰੋਜ (ਖੰਡ) ਇੱਕ ਕਾਰਸੀਨੋਜਨ ਹੈ ਭਾਵ ਕੈਂਸਰ ਕਰਨ ਵਾਲ਼ਾ ਪਦਾਰਥ ਹੈ।

ਹੁਣ ਮੁੱਖ ਰੂਪ ’ਚ ਦੋ ਖੋਜ ਕਾਰਜਾਂ ਦੇ ਪ੍ਰੋਜੈਕਟ ਸਾਡੇ ਸਾਹਮਣੇ ਹਨ ਪ੍ਰੋਜੈਕਟ 259 ਜਿਸਦੀਆਂ ਖੋਜਾਂ ਅਨੁਸਾਰ ਖੰਡ ਖਾਣਾ ਖਤਰਨਾਕ ਸੀ। ਜਿਸਨੂੰ ਸ਼ੂਗਰ ਰਿਸਰਚ ਫਾਉਂਡੇਸ਼ਨ ਨੇ ਬੰਦ ਕਰਵਾ ਦਿੱਤਾ। ਦੂਜਾ ਪ੍ਰੋਜੈਕਟ 226 ਜਿਸਦੇ ਨਤੀਜੇ ਤੋੜ ਮਰੋੜਕੇ ਪੇਸ਼ ਕੀਤੇ ਗਏ। ਇਹਨਾਂ ਖੋਜਾਂ ਅਨੁਸਾਰ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕੀਤਾ ਗਿਆ। ਕਰਨ ਵਾਲ਼ਿਆਂ ਦੀ ਨੀਅਤ ਕੀ ਸੀ ਇਸ ਬਾਰੇ ਤੁਸੀਂ ਖੁਦ ਸੋਚ ਸਕਦੇ ਹੋ।

ਖੰਡ: ਪੱਖ ਤੋਂ ਵਿਪੱਖ ਵੱਲ

ਅਮਰੀਕਾ ਦੇ ਬਹੁਤੇ ਮਾਹਿਰ ਕਿੰਨੇ ਹੀ ਸਾਲ ਪਹਿਲਾਂ ਤੋਂ ਜਾਣਦੇ ਸਨ ਕਿ ਖੰਡ ਖਾਣਾ ਨਾਲ਼ ਕਈ ਤਰ੍ਹਾਂ ਦਾ ਰੋਗ ਹੁੰਦੇ ਹਨ। ਖੰਡ ਕੈਂਸਰ ਦਾ ਕਾਰਨ ਬਣਦੀ ਹੈ। ਕੈਂਸਰ ਸੈੱਲ ਸਭ ਤੋਂ ਵੱਧ ਖੰਡ ਉੱਪਰ ਵਧਦੇ ਫੁੱਲਦੇ ਹਨ। ਖੰਡ ਦੀ ਲਤ ਕੌਕੀਨ ਦਾ ਨਸ਼ਾ ਲੈਣ ਦੇ ਬਰਾਬਰ ਵੀ ਦੱਸੀ ਜਾਂਦੀ ਰਹੀ ਹੈ। ਖੰਡ ਦਾ ਆਦੀ ਜਦੋਂ ਖੰਡ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਨਸ਼ਾ ਛੱਡਣ ਵਾਂਗ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੰਡ ਖਾਣ ਕਰਕੇ ਲੀਵਰ ਫੈਟੀ ਹੋ ਜਾਂਦਾ ਹੈ।

ਪਰ ਸਾਡਾ ਵਿਸ਼ਾ ਫਿਲਹਾਲ ਇਹ ਨਹੀਂ ਹੈ। ਖੰਡ ਸਰੀਰ ਦਾ ਕਿਵੇਂ ਨੁਕਸਾਨ ਕਰਦੀ ਹੈ ? ਕਿੰਨੀ ਕੁ ਮਾਤਰਾ ’ਚ ਖਾਣੀ ਸਹੀ ਹੈ? ਅਤੇ ਕਦੋਂ ਇਹ ਖਤਰਨਾਕ ਹੋ ਜਾਂਦੀ ਹੈ? ਇਹ ਵੱਖਰੇ ਲੇਖ ਦਾ ਵਿਸ਼ਾ ਹੈ। ਫਿਲਹਾਲ ਅਸੀਂ ਸਿਰਫ ਇਸ ਸਿਆਸਤ ਉੱਪਰ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਆਸਤ ਕਿਸ ਪੱਧਰ ਤੱਕ ਪ੍ਰਭਾਵਿਤ ਕਰਦੀ ਹੈ ਕਿ , ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਹੈ?

ਅੱਜ ਅਮਰੀਕਾ ਕਹਿ ਰਿਹਾ ਹੈ, ਆਓ ਅਮਰੀਕਾ ਨੂੰ ਮੁੜ-ਸਿਹਤਮੰਦ ਬਣਾਈਏ। ਅਮਰੀਕਾ ਦਾ ਇਹ ਨਾਹਰਾ 1960’ਵਿਆਂ ਤੋਂ ਬਾਅਦ ਲੋਕਾਂ ਦੀ ਸਿਹਤ ਨਾਲ਼ ਹੋਏ ਖਿਲਵਾੜ ਉੱਪਰ ਹੱਸਦਾ ਹੈ! ਭਾਵ ਹੁਣ ਤੱਕ ਅਮਰੀਕਾ ਲੋਕਾਂ ਨੂੰ ਰੋਗੀ ਬਣਾ ਰਿਹਾ ਸੀ। ਅਮਰੀਕਾ ਸਮੇਤ ਦੁਨੀਆਂ ’ਚ ਸ਼ੂਗਰ ਅਧਾਰਤ ਸੱਨਅਤ ਕੋਕ, ਪੈਪਸੀ, ਅਤੇ ਹੋਰ ਬਹੁਤ ਕੁੱਝ ਲੋਕਾਂ ਨੂੰ ਗੈਰ-ਵਿਗਿਆਨਕ ਭੋਜਨ ਪਰੋਸ ਰਿਹਾ ਸੀ/ਹੈ। ਲੋਕਾਂ ਨੂੰ ਇਸਦੇ ਆਦੀ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਰਸਾਇਣਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਉਂਝ ਤਾਂ ਆਦੀ ਬਣਾਉਣ ਲਈ ਖੰਡ ਹੀ ਕਾਫੀ ਹੈ ਜੋ ਕਿ ਕੋਕਾ-ਕੋਲਾ ਦੀ 2 ਲੀਟਰ ਵਾਲ਼ੀ ਬੋਤਲ ਵਿੱਚ ਲੱਗਭੱਗ 220 ਗ੍ਰਾਮ ਹੁੰਦੀ ਹੈ, ਭਾਵ 50 ਚਮਚੇ ਹੁੰਦੀ ਹੈ।

ਉਪਰੋਕਤ ਇਤਿਹਾਸਕ ਤੱਥ ਸਾਨੂੰ ਲੋਕਾਂ ਦੀ ਸਿਹਤ ਨਾਲ਼ ਹੋਏ ਖਿਲ਼ਵਾੜ ਵੱਲ ਤਾਂ ਇਸ਼ਾਰਾ ਕਰਦੇ ਹੀ ਹਨ ਅਤੇ ਨਾਲ਼ ਦੀ ਨਾਲ਼ ਇਹ ਵੀ ਦਿਖਾਉਂਦੇ ਹਨ ਕਿ,

  1. ਲੋਕ ਇਸ ਮੰਡੀ ਵਿੱਚ ਮੁਨਾਫੇ ਦਾ ਸਾਧਨ ਹਨ ਜਿਹਨਾਂ ਨੂੰ ਖੰਡ ਦੀ ਸੱਨਅਤ ਮੁਨਾਫਿਆ ਲਈ ਬਿਮਾਰ ਕਰਦੀ ਆ ਰਹੀ ਹੈ।
  2. ਅੱਜ ਸਰਮਾਏਦਾਰਾ ਪੱਖੀ ਖੋਜ-ਪੱਤਰ, ਖੋਜ ਦੇ ਅਦਾਰੇ ਕਿਵੇਂ ਕੰਮ ਕਰਦੇ ਹਨ? ਨਕਲੀ ਅੰਕੜੇ, ਨਕਲੀ ਖੋਜਾਂ, ਨਕਲੀ ਖੋਜ ਪੱਤਰ ਅਤੇ ਵਿਗਿਆਨ ਦੇ ਨਾਮ ਉੱਪਰ ਲੋਕਾਂ ਨੂੰ ਕੁੱਝ ਵੀ ਕਿਹਾ ਜਾਂ ਖਵਾਇਆ ਜਾ ਰਿਹਾ ਹੈ।
  3. ਭਰੋਸੇਯੋਗਤਾ : ਕੀ ਲੋਕ ਇਸ ਸਰਮਾਏਦਾਰਾ ਪ੍ਰਬੰਧ ਅੰਦਰ ਭੋਜਨ ਉੱਤੇ ਇਹਨਾਂ ਵੱਲੋਂ ਫੰਡ ਹਾਸਲ ਖੋਜਾਂ ਉੱਪਰ ਭਰੋਸਾ ਕਰ ਸਕਦੇ ਹਨ? ਜਿਸਦਾ ਮੁੱਖ ਨਿਸ਼ਾਨਾ ਹੀ ਮੁਨਾਫਾ ਕਮਾਉਣਾ ਹੈ। ਅੱਜ ਵੀ ਨਕਲੀ ਖੋਜਾਂ ਦੇ ਨਾਮ ਉੱਪਰ ਪ੍ਰੋਟੀਨ ਸਪਲੀਮੈਂਟ, ਵਿਟਾਮਿਨਾਂ ਅਤੇ ਹੋਰ ਕਈ ਤਰ੍ਹਾਂ ਦੇ ਸਟੀਰਾਈਡਸ ਦਾ ਬਜਾਰ ਲੋਕਾਂ ਨੂੰ ਸ਼ਿਕਾਰ ਬਣਾ ਰਿਹਾ ਹੈ।

ਅਮਰੀਕਾ ਦੇ ਇਹਨਾਂ ਅੰਕੜਿਆਂ ਅਤੇ ਖੋਜਾਂ ਦੀ ਚਰਚਾ ਬੀਤੇ 20 ਸਾਲਾਂ ਤੋਂ ਹੁੰਦੀ ਆ ਰਹੀ ਹੈ ਅਤੇ ਇਸਨੂੰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਅੱਜ 2025 ’ਚ ਅਮਰੀਕਾ ਦੀ ਵੱਡੀ ਅਬਾਦੀ ਬਿਮਾਰ ਹੈ ਅਤੇ ਬਜਟ ਦਾ ਵੱਡਾ ਹਿੱਸਾ ਇਸ ਅਬਾਦੀ ਨੂੰ ਤੰਦਰੁਸਤ ਕਰਨ ’ਚ ਲੱਗ ਰਿਹਾ ਹੈ। ਦੂਜਾ ਅਮਰੀਕੀ ਹਾਕਮ ਖੁਦ ਨੂੰ ਆਰਥਿਕ ਪੱਧਰ ਉੱਪਰ ਉਭਾਰਨ ਲਈ “ਮੇਕ ਅਮੇਰਿਕਾ ਗ੍ਰੇਟ ਅਗੈਨ” ਵਰਗੇ ਨਾਅਰੇ ਦੇ ਰਹੇ ਹਨ ਪਰ ਉਸਦੀ ਕਾਮਾ ਸ਼ਕਤੀ ਭਾਵ ਉਸਦੇ ਸਰੀਰਕ ਅਤੇ ਮਾਨਸਿਕ ਕੰਮ ਕਰਨ ਵਾਲ਼ੇ ਨਾਗਰਿਕ ਬਿਮਾਰੀਆਂ ਨਾਲ਼ ਜੂਝ ਰਹੇ ਹਨ। ਸਰਮਾਏਦਾਰਾ ਪ੍ਰਬੰਧ ਬਿਨਾਂ ਮਜਦੂਰਾਂ ਦੀ ਕਿਰਤ ਸ਼ਕਤੀ ਦੀ ਲੁੱਟ ਕਰੇ ਮੁਨਾਫਾ ਹਾਸਲ ਨਹੀਂ ਕਰ ਸਕਦਾ। ਮਜਦੂਰਾਂ ਨੂੰ ਇੱਕ ਹੱਦ ਤੱਕ ਤੰਦਰੁਸਤ ਰੱਖਣ ਤੇ ਸਿਹਤ ਸਹੂਲਤਾਂ ਉੱਤੇ ਖਰਚੀ ਜਾਂਦੀ ਰਕਮ ਨੂੰ ਹੇਠਾਂ ਲਿਆਉਣ ਲਈ ਅਮਰੀਕੀ ਹਾਕਮ ਜਮਾਤ ਇਹ ਕਦਮ (ਹਦਾਇਤਾਂ) ਚੁੱਕਣ ਲਈ ਮਜਬੂਰ ਹੋਈ ਹੈ।

ਭਾਰਤ ਵਿੱਚ ਵੀ ਭੋਜਨ ਸਬੰਧੀ ਗੈਰ-ਵਿਗਿਆਨਕ ਜਾਣਕਾਰੀ ਨਾਲ਼ ਲੋਕਾਂ ਦੀ ਸਿਹਤ ਉੱਤੇ ਕਾਫੀ ਮਾੜਾ ਪ੍ਰਭਾਵ ਪਿਆ ਹੈ ਤੇ ਪੈ ਰਿਹਾ ਹੈ। ਇਸ ਜਾਣਕਾਰੀ ਦੀ ਘਾਟ ਦੇ ਇਤਿਹਾਸਕ ਪ੍ਰਸੰਗ ਵਿੱਚ ਜਾਣਾ ਇੱਥੇ ਸੰਭਵ ਨਹੀਂ ਪਰ ਇਹ ਗੱਲ ਲਾਜਮੀ ਕਰਨੀ ਬਣਦੀ ਹੈ ਕਿ ਇਸ ਸਮੇਂ ਸੰਘ-ਭਾਜਪਾ ਦਾ ਫਿਰਕੂ-ਫਾਸ਼ੀਵਾਦੀ ਪ੍ਰਚਾਰ ਭੋਜਨ ਪ੍ਰਤੀ ਗਲਤ ਸਮਝ ਨੂੰ ਨਾ ਸਿਰਫ ਵਧੇਰੇ ਤੋੜ-ਮਰੋੜ ਰਿਹਾ ਹੈ ਸਗੋਂ ਇਸ ਰਾਹੀਂ ਖਾਸ ਫਿਰਕੇ ਦੇ ਲੋਕਾਂ ਪ੍ਰਤੀ ਨਫਰਤ ਭਰਨ ਦਾ ਕੰਮ ਵੀ ਕਰ ਰਿਹਾ ਹੈ। ਇੱਥੇ ਮੀਟ ਆਦਿ ਖਾਣ ਨੂੰ ਗਲਤ ਪ੍ਰਚਾਰਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਭਾਰਤ ਅੰਦਰ ਪਹਿਲਾਂ ਹੀ 50 ਫੀਸਦੀ ਲੋਕ ਤਾਂ ਸਰਕਾਰ ਅਨੁਸਾਰ ਹੀ ਕੁਪੋਸ਼ਣ ਦਾ ਸ਼ਿਕਾਰ ਹਨ ਤੇ ਔਰਤਾਂ ਵਿੱਚ ਖੂਨ ਦੀ ਕਾਫੀ ਕਮੀ ਹੈ। ਬੱਚੇ ਲੋੜ ਤੋਂ ਵੱਧ ਪਤਲੇ, ਹੌਲ਼ੇ ਅਤੇ ਕਮਜੋਰ ਹਨ। ਉੱਤੋਂ ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ਵਾਸਤੇ ਸਿਹਤ ਸਹੂਲਤਾਂ ਦਾ ਸਰਕਾਰ ਭੋਗ ਪਾ ਰਹੀ ਹੈ ਜਿਸ ਕਰਕੇ ਆਮ ਲੋਕਾਈ ਦੀ ਮਾਮੂਲੀ ਜਹੀ ਬਿਮਾਰੀਆਂ ਨਾਲ਼ ਲੜ੍ਹਨ ਦੀ ਤਾਕਤ ਵੀ ਘਟ ਰਹੀ ਹੈ। ਅਮਰੀਕਾ, ਭਾਰਤ ਤੇ ਹੋਰ ਦੇਸ਼ਾਂ ਦਾ ਤਜਰਬਾ ਸਾਫ ਦੱਸਦਾ ਹੈ ਕਿ ਭੋਜਨ ਪ੍ਰਤੀ ਗੈਰ-ਵਿਗਿਆਨਕ ਸਮਝ ਪ੍ਰਚਾਰਨ ਤੇ ਲੋਕਾਂ ਦੀ ਸਿਹਤ ਨਾਲ਼ ਇੰਝ ਖੇਡਣ ਦੀ ਕੜੀ ਸਰਮਾਏਦਾਰਾ ਪ੍ਰਬੰਧ ਅੰਦਰ ਮੁਨਾਫਾ ਕੇਂਦਰਤ ਪੈਦਾਵਾਰ ਨਾਲ਼ ਜੁੜੀ ਹੋਈ ਹੈ। 

– ਯੋਧਾ ਸਿੰਘ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ

Leave a comment