ਏ.ਆਈ. ਅਤੇ ਵਿੱਤੀ ਗੁਬਾਰਾ

ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਪਿਛਲੇ ਲਮੇਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘ਲਲਕਾਰ’ ਦੇ ਪਿਛਲੇ ਅੰਕਾਂ ਵਿੱਚ ਇਸਦੇ ਸਬੰਧ ਵਿੱਚ ਕਈ ਲੇਖ ਛਪੇ ਹਨ। ਇੱਛੁਕ ਪਾਠਕ ਏ.ਆਈ. ਬਾਰੇ ਵਧੇਰੇ ਜਾਣਨ-ਸਮਝਣ ਲਈ ਇਹਨਾਂ ਨੂੰ ਪੜ੍ਹ ਸਕਦੇ ਹਨ। ਹਥਲੇ ਲੇਖ ਦਾ ਵਿਸ਼ਾ ਏ.ਆਈ. ਬਾਰੇ ਕੋਈ ਭਰਵੀਂ ਸਮਝਣ ਬਣਾਉਣਾ ਨਹੀਂ ਸਗੋਂ ਸੰਯੁਕਤ ਰਾਜ ਅਮਰੀਕਾ (ਅੱਗੇ ਸਿਰਫ ਅਮਰੀਕਾ) ਦੇ ਅਰਥਚਾਰੇ ਵਿੱਚ ਏ.ਆਈ. ਵਿਚ ਹੋ ਰਹੀ ਸੱਟੇਬਾਜੀ ਤੇ ਇਸ ਨਾਲ਼ ਫੁੱਲ ਰਹੇ ਵਿੱਤੀ ਗੁਬਾਰੇ ਬਾਰੇ ਚਰਚਾ ਕਰਨਾ ਹੈ।

ਕੀ ਹੁੰਦਾ ਹੈ ਵਿੱਤੀ ਗੁਬਾਰਾ ਤੇ ਅਮਰੀਕਾ ਵਿਚਲਾ ਵਿੱਤੀ ਗੁਬਾਰਾ

 

ਜਦ ਕਿਸੇ ਕੰਪਨੀ ਜਾਂ ਕੰਪਨੀਆਂ ਦੇ ਸ਼ੇਅਰਾਂ ਦੀ ਕੁੱਲ ਕੀਮਤ ਉਸਦੀ ਅਸਲ ਕੀਮਤ (ਜਾਣੀ ਪੈਦਾਵਾਰ ਉੱਤੇ ਅਧਾਰਤ) ਤੋਂ ਕਾਫੀ ਵਧ ਜਾਵੇ ਤਾਂ ਇਸ ਹਾਲਤ ਨੂੰ ਵਿੱਤੀ ਗੁਬਾਰਾ ਜਾਂ ਬੁਲਬੁਲਾ ਆਖਿਆ ਜਾਂਦਾ ਹੈ। ਅਮਰੀਕੀ ਅਰਥਚਾਰੇ ਦੇ ਲੰਘੇ ਵਰ੍ਹੇ ਦੇ ਕੁਝ ਅੰਕੜੇ ਇਹ ਸਾਫ ਕਰਦੇ ਹਨ ਕਿ ਅਮਰੀਕਾ ਵਿੱਚ ਵਿੱਤੀ ਗੁਬਾਰਾ ਕਾਫੀ ਵੱਡਾ ਹੋ ਚੁੱਕਿਆ ਹੈ। ਅਮਰੀਕੀ ਅਰਥਚਾਰੇ ਦੇ ਪਿਛਲੇ ਦੋ ਵੱਡੇ ਆਰਥਿਕ ਸੰਕਟ – 2000 ਦਾ ਡਾਟ ਕੌਮ ਸੰਕਟ ਤੇ 2007 ਸਬ-ਪ੍ਰਾਈਮ ਸੰਕਟ – ਦੌਰਾਨ ਵੀ ਵਿੱਤੀ ਗੁਬਾਰਾ ਐਨਾ ਨਹੀਂ ਸੀ ਫੁੱਲਿਆ। ਮੌਜੂਦਾ ਵਿੱਤੀ ਗੁਬਾਰਾ ਜਾਂ ਏ.ਆਈ. ਵਿੱਤੀ ਗੁਬਾਰਾ (ਇਸ ਨੂੰ ਏ.ਆਈ. ਵਿੱਤੀ ਗੁਬਾਰਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਵਧੇਰੇ ਸੱਟੇਬਾਜੀ ਏ.ਆਈ. ਕੰਪਨੀਆਂ ਵਿੱਚ ਹੀ ਕੀਤੀ ਜਾ ਰਹੀ ਹੈ) ਡਾਟ ਕੌਮ ਵੇਲ਼ੇ ਦੇ ਵਿੱਤੀ ਗੁਬਾਰੇ ਤੋਂ ਲੱਗਭੱਗ 17 ਗੁਣਾ ਤੇ ਸਬ-ਪ੍ਰਾਈਮ ਸੰਕਟ ਦੇ ਵਿੱਤੀ ਗੁਬਾਰੇ ਤੋਂ 4 ਗੁਣਾ ਵੱਡਾ ਹੋ ਚੁੱਕਿਆ ਹੈ। 2025 ਵਿੱਚ ਅਮਰੀਕੀ ਸ਼ੇਅਰ ਬਜਾਰ ਵਿੱਚ 80% ਤੋਂ ਵਧੇਰੇ ਵਾਧਾ ਏ.ਆਈ. ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਤੋਂ ਹੀ ਹੋਇਆ ਸੀ। ਇਸ ਤੋਂ ਬਿਨਾਂ 2025 ਦੀ ਦੂਜੀ ਤਿਮਾਹੀ ਵਿੱਚ ਹੋਰਾਂ ਦੇਸ਼ਾਂ ਤੋਂ ਲੱਗਭੱਗ 290 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਅਮਰੀਕੀ ਸ਼ੇਅਰ ਬਜਾਰ ਵਿੱਚ ਕੀਤਾ ਗਿਆ। ਸ਼ੇਅਰ ਜਾਂ ਸੱਟਾ ਬਜਾਰ ਵਿੱਚ ਇਹਨਾਂ ਨਿਵੇਸ਼ਾਂ ਸਦਕਾ ਅਮਰੀਕੀ ਸ਼ੇਅਰ ਬਜਾਰ ਦੀ ਕੀਮਤ, ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦੀ 217% ਹੋ ਚੁੱਕੀ ਸੀ, ਜੋਕਿ ਆਪਣੇ ਆਪ ਵਿੱਚ ਰਿਕਾਰਡ ਹੈ ਤੇ ਵਿੱਤੀ ਗੁਬਾਰੇ ਦੇ ਅਕਾਰ ਨੂੰ ਦਰਸਾਉਂਦੀ ਹੈ।

ਏ.ਆਈ. ਕੰਪਨੀਆਂ ਦੇ ਧੜਾ-ਧੜ ਸ਼ੇਅਰ ਖਰੀਦਣ ਵਾਲ਼ੇ ਨਿਵੇਸ਼ਕਾਂ ਨੂੰ ਅਸਲ ਵਿੱਚ ਇਹ ਉਮੀਦ ਹੈ ਕਿ ਲੰਬੇ ਦਾਅ ਵਿੱਚ ਏ.ਆਈ. ਨਾਲ਼ ਜਦ ਇਹਨਾਂ ਕੰਪਨੀਆਂ ਦੀ ਪੈਦਾਵਾਰਤਾ ਕਾਫੀ ਵਧੇਗੀ ਤਾਂ ਇਸ ਨਾਲ਼ ਇਹਨਾਂ ਕੰਪਨੀਆਂ ਦੇ ਮੁਨਾਫੇ ਵਿੱਚ ਛੜੱਪੇ ਮਾਰ ਵਾਧਾ ਦਰਜ ਹੋਵੇਗਾ। ਇਸ ਮੁਨਾਫੇ ਨਾਲ਼ ਹੀ, ਏ.ਆਈ. ਵਿੱਚ ਨਿਵੇਸ਼ ਕਰਨ ਵਾਲ਼ਿਆਂ ਨੂੰ ਇਹ ਭਰੋਸਾ ਹੈ ਕਿ ਉਹਨਾਂ ਨੂੰ ਆਪਣੇ ਸ਼ੇਅਰਾਂ ਉੱਤੇ ਕਾਫੀ ਆਮਦਨੀ ਹਾਸਲ ਹੋਵੇਗੀ। ਸਾਫ ਹੈ ਕਿ ਏ.ਆਈ. ਕੰਪਨੀਆਂ ਦੀ ਸ਼ੇਅਰ ਬਜਾਰ ਅੰਦਰ ਕੀਮਤ ਵਿੱਚ ਵਾਧਾ ਇਸ ਸਮੇਂ ਉਹਨਾਂ ਨੂੰ ਪੈਦਾਵਾਰ ਵਿੱਚ ਮਿਲ਼ਣ ਵਾਲ਼ੇ ਮੁਨਾਫੇ ਨਾਲ਼ ਮੇਲ ਨਹੀਂ ਖਾਂਦਾ ਸਗੋਂ ਇਹ ਇਸ ਕਿਆਸਰਾਈ ਉੱਤੇ ਅਧਾਰਤ ਹੈ ਕਿ ਅਗਲੇਰੇ ਸਮੇਂ ਵਿੱਚ ਇਹ ਕੰਪਨੀਆਂ ਕਾਫੀ ਮੁਨਾਫ਼ਾ ਕਮਾਉਣਗੀਆਂ।

ਵਿੱਤੀ ਗੁਬਾਰਾ ਤੇ ਅਮਰੀਕੀ ਅਰਥਚਾਰੇ ਦੀ ਹਾਲਤ

ਏ.ਆਈ. ਸ਼ੇਅਰਾਂ ਦੀ ਕੀਮਤ ਉੱਤੇ ਜਾਣ ਨਾਲ਼ ਕਈ ਆਰਥਿਕ ਮਾਹਿਰਾਂ ਵਿੱਚ ਇਹ ਭਰਮ ਭੁਲੇਖਾ ਪਿਆ ਹੈ ਕਿ ਅਮਰੀਕੀ ਅਰਥਚਾਰੇ ਦੀ ਹਾਲਤ ਸੁਧਰ ਰਹੀ ਹੈ। ਦੂਜੇ ਪਾਸੇ ਕਈ ਮਾਹਿਰ ਸਿਰਫ ਵਿੱਤੀ ਗੁਬਾਰੇ ਦੇ ਫੁੱਲਣ ਤੋਂ ਹੀ ਅਮਰੀਕੀ ਅਰਥਚਾਰੇ ਦੇ ਸੰਕਟਗ੍ਰਸਤ ਹੋਣ ਦੇ ਅਨੁਮਾਨ ਲਗਾ ਰਹੇ ਹਨ। ਅਸਲ ਵਿੱਚ ਸਿਰਫ ਵਿੱਤੀ ਗੁਬਾਰੇ ਦੇ ਅਕਾਰ ਨਾਲ਼ ਇਹ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਕਿ ਅਰਥਚਾਰਾ ਸੰਕਟਗ੍ਰਸਤ ਹੈ ਜਾਂ ਨਹੀਂ। ਵਿੱਤੀ ਗੁਬਾਰਾ ਅਰਥਚਾਰੇ ਵਿੱਚ ਵਧ ਰਹੀ ਸੱਟੇਬਾਜੀ ਦਾ ਸੰਕੇਤ ਹੈ ਪਰ ਸੱਟੇਬਾਜੀ (ਸ਼ੇਅਰ ਬਜਾਰ ਦੀਆਂ ਸਰਗਰਮੀਆਂ) ਸਰਮਾਏਦਾਰਾ ਅਰਥਚਾਰੇ ਅੰਦਰ ਮੁਕਾਬਲਤਨ ਆਮ ਹਾਲਤਾਂ ਤੇ ਸੰਕਟਗ੍ਰਸਤ ਹਾਲਤ ਦੋਹਾਂ ਸਮੇਂ ਹੀ ਮੌਜੂਦ ਰਹਿੰਦੀ ਹੈ। ਇਹ ਵਿੱਤੀ ਗੁਬਾਰਾ ਕਿਹੜੀ ਹਾਲਤ ਦਾ ਸੰਕੇਤ ਹੈ ਉਸ ਲਈ ਕੁਝ ਹੋਰਾਂ ਤੱਥਾਂ ਉੱਤੇ ਨਜਰ ਮਾਰਨੀ ਜਰੂਰੀ ਹੈ। 2025 ਦੀ ਦੂਜੀ ਤਿਮਾਹੀ ਦੌਰਾਨ ਅਮਰੀਕਾ ਵਿੱਚ ਰੁਜਗਾਰ ਸਿਰਫ 0.5% ਸਲਾਨਾ ਦੀ ਦਰ ਨਾਲ਼ ਵਧਿਆ। ਅਮਰੀਕਾ ਦਾ ਮੈਨੂੰਫੈਕਚਰਿੰਗ ਖੇਤਰ ਪਿਛਲੇ ਦੋ ਸਾਲਾਂ ਵਿੱਚ ਸੁੰਗੜਿਆ ਜਾਣੀ ਇਸ ਦੀ ਪੈਦਾਵਾਰ ਹੇਠਾਂ ਆਈ ਹੈ। ਇਸ ਦੇ ਨਾਲ਼ ਹੀ ਸੇਵਾ ਖੇਤਰ ਵੀ ਤੀਜੀ ਤਿਮਾਹੀ ਦੇ ਅੰਕੜਿਆਂ ਅਨੁਸਾਰ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਸੀ। ਅਸਲ ਵਿੱਚ ਜੇਕਰ ਏ.ਆਈ. ਖੇਤਰ ਵਿੱਚ ਹੋ ਰਹੇ ਨਿਵੇਸ਼ ਨੂੰ ਪਾਸੇ ਕਰਕੇ ਦੇਖੀਏ ਤਾਂ ਅਮਰੀਕੀ ਅਰਥਚਾਰਾ ਖੜੋਤ ਦਾ ਸ਼ਿਕਾਰ ਨਜਰ ਆਉਂਦਾ ਹੈ। ਏ.ਆਈ. ਵਿੱਚ ਨਿਵੇਸ਼ ਨੂੰ ਧਿਆਨ ਵਿੱਚ ਰੱਖੀਏ ਤਾਂ ਵੀ ਕੁੱਲ ਅਮਰੀਕੀ ਅਰਥਚਾਰਾ 2025 ਵਿੱਚ 2% ਦੇ ਨੇੜੇ ਤੇੜੇ ਹੀ ਵਧਿਆ ਹੈ।

ਇਹਨਾਂ ਤੱਥਾਂ ਤੋਂ ਸਾਫ ਹੈ ਕਿ ਅਮਰੀਕੀ ਅਰਥਚਾਰਾ ਖੜੋਤ ਦੀਆਂ ਹਾਲਤਾਂ ਵੱਲ ਵਧ ਰਿਹਾ ਹੈ। ਕੁੱਲ ਘਰੇਲੂ ਪੈਦਾਵਾਰ, ਰੁਜਗਾਰ ਵਿੱਚ ਬੇਹੱਦ ਘੱਟ ਵਾਧਾ ਦਰਜ ਹੋ ਰਿਹਾ ਹੈ। ਇਸਦੇ ਬੁਨਿਆਦੀ ਕਾਰਨ ਮੁਨਾਫ਼ਾਦਾਇਕਤਾ ਦਾ ਹੇਠਾਂ ਜਾਣਾ ਹੈ – ਜੋ ਲੰਬੇ ਦਾਅ ਵਿੱਚ ਸਰਮਾਏਦਾਰੀ ਅੰਦਰ ਅਟੱਲ ਪ੍ਰਕਿਰਿਆ ਹੈ। ਮੁਨਾਫੇ ਦੀ ਦਰ ਦੇ ਸੁੰਘੜਨ ਸਦਕਾ ਹੀ ਅਮਰੀਕੀ ਅਰਥਚਾਰੇ ਦੇ ਪੈਦਾਵਾਰੀ ਖੇਤਰਾਂ ਵਿੱਚ ਨਿਵੇਸ਼ ਹੇਠਾਂ ਜਾ ਰਿਹਾ ਹੈ ਜਿਸਦਾ ਸਿੱਧਾ ਸਿੱਟਾ ਕੁੱਲ ਘਰੇਲੂ ਪੈਦਾਵਾਰ ਤੇ ਕੁੱਲ ਰੁਜਗਾਰ ਵਿੱਚ ਹੋ ਰਿਹਾ ਨਿਗੂਣਾ ਵਾਧਾ ਹੈ। ਇਹਨਾਂ ਹਾਲਤਾਂ ਵਿੱਚ ਪੈਦਾਵਾਰ ਵਿੱਚ ਮੁਨਾਫੇ ਦੀ ਦਰ ਦੇ ਸੁੰਗੜਨ ਸਦਕਾ ਵਧੇਰੇ ਮੁਨਾਫ਼ਾ ਕਮਾਉਣ ਲਈ ਨਿਵੇਸ਼ ਸੱਟਾ ਬਜਾਰ ਵੱਲ ਤੇਜੀ ਨਾਲ਼ ਮੁੜ ਰਿਹਾ ਹੈ। ਅਮਰੀਕੀ ਅਰਥਚਾਰੇ ਅੰਦਰ ਹਾਲੀਆ ਵਿੱਤੀ ਗੁਬਾਰਾ ਪੈਦਾਵਾਰੀ ਖੇਤਰਾਂ ਵਿੱਚ ਮੁਨਾਫ਼ਾ ਸੁੰਗੜਨ ਸਦਕਾ ਹੀ ਵਧ-ਫੁੱਲ ਰਿਹਾ ਹੈ।

ਕੀ ਏ.ਆਈ. ਕੰਪਨੀਆਂ ਵਿੱਚ ਹੋਏ ਨਿਵੇਸ਼ ਨੇ ਸੰਕਟ ਨੂੰ ਸਦੀਵੀ ਟਾਲ਼ ਦਿੱਤਾ ਹੈ?

ਏ.ਆਈ. ਕੰਪਨੀਆਂ ਵਿੱਚ ਪਿਛਲੇ ਸਾਲ ਹੋਏ ਭਾਰੀ ਨਿਵੇਸ਼ ਨੇ ਹਾਲ ਦੀ ਘੜੀ ਅਮਰੀਕੀ ਅਰਥਚਾਰੇ ਦੇ ਸੰਕਟ ਨੂੰ ਸਦੀਵੀ ਨਹੀਂ ਟਾਲਿਆ ਸਗੋਂ ਕੁਝ ਸਮੇਂ ਲਈ ਅੱਗੇ ਹੀ ਪਾਇਆ ਹੈ। ਅਮਰੀਕਾ ਵਿੱਚ ਪਿਛਲੇ ਵਰ੍ਹੇ ਸਭ ਤੋਂ ਵਧੇਰੇ ਸਰਮਾਇਆ ਨਿਵੇਸ਼ ਏ.ਆਈ. ਵਿੱਚ ਹੀ ਹੋਇਆ ਹੈ। 2022 ਮਗਰੋਂ ਏ.ਆਈ ਆਲ-ਜੰਜਾਲ ਉੱਤੇ ਖਰਚਾ 400 ਖਰਬ ਅਮਰੀਕੀ ਡਾਲਰ ਨਾਲ਼ ਵਧਿਆ ਹੈ। ਇਸ ਸਭ ਨੂੰ ਪਾਸੇ ਰੱਖੀਏ ਤਾਂ ਮਾਹਿਰਾਂ ਅਨੁਸਾਰ ਅਮਰੀਕੀ ਅਰਥਚਾਰੇ ਦੇ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਲੱਗਭੱਗ ਸਿਫਰ ਦੇ ਨੇੜੇ ਸੀ।

ਪਰ ਇਸ ਵਿੱਤੀ ਗੁਬਾਰੇ ਨੇ ਸੰਕਟ ਨੂੰ ਸਿਰਫ ਅੱਗੇ ਹੀ ਨਹੀਂ ਪਾਇਆ ਸਗੋਂ ਇਸਦੇ ਵਧੇਰੇ ਵੱਡੇ ਵਿਸਫੋਟ ਹੋਣ ਦਾ ਰਾਹ ਵੀ ਤਿਆਰ ਕੀਤਾ ਹੈ। ਇਹਨਾਂ ਏ.ਆਈ. ਕੰਪਨੀਆਂ ਦੇ ਸ਼ੇਅਰਾਂ ਉੱਤੇ ਭੁਗਤਾਨ ਤਾਂ ਆਖਰ ਵਿੱਚ ਅਸਲ ਪੈਦਾਵਾਰ ਵਿੱਚ ਹੋਣ ਵਾਲ਼ੇ ਮੁਨਾਫੇ ਤੋਂ ਹੀ ਕੀਤਾ ਜਾਣਾ ਹੈ। ਤੱਥ ਦਰਸਾਉਂਦੇ ਹਨ ਕਿ ਇਹਨਾਂ ਏ.ਆਈ. ਕੰਪਨੀਆਂ ਦੀ ਅਸਲ ਕੀਮਤ (ਪੈਦਾਵਾਰ) ਇਹਨਾਂ ਸ਼ੇਅਰਾਂ ਦੀ ਕੀਮਤ ਤੋਂ ਕਾਫੀ ਹੇਠਾਂ ਹੈ ਜਾਣੀ ਜਿੰਨੀ ਆਮਦਨੀ ਦੀ ਨਿਵੇਸ਼ਕਾਂ ਨੂੰ ਇਹਨਾਂ ਸ਼ੇਅਰਾਂ ਤੋਂ ਉਮੀਦ ਹੈ ਉਸਨੂੰ ਬੂਰ ਨਹੀਂ ਪੈਣ ਵਾਲ਼ਾ। ਜਾਣੀ ਇਹ ਵਿੱਤੀ ਗੁਬਾਰਾ ਦੇਰ ਸਵੇਰ ਫੁੱਟਣਾ ਹੀ ਹੈ। ਅਮਰੀਕੀ ਅਰਥਚਾਰੇ ਦਾ ਭਾਵੀ ਸੰਕਟ ਦੁਨੀਆਂ ਦੇ ਅਰਥਚਾਰਿਆਂ ਵਿੱਚ ਕਾਫੀ ਗੜਬੜੀ ਪੈਦਾ ਕਰੇਗਾ ਤੇ ਕਈ ਹੋਰ ਦੇਸ਼ਾਂ ਦੇ ਅਰਥਚਾਰਿਆਂ ਨੂੰ ਵੀ ਖੜੋਤ ਜਾਂ ਸੰਕਟ ਦੀ ਹਾਲਤ ਵਿੱਚ ਸੁੱਟੇਗਾ। ਅਮਰੀਕਾ ਸਮੇਤ ਵੱਖੋ-ਵੱਖ ਦੇਸ਼ਾਂ ਅੰਦਰ ਅਮੀਰਾਂ ਦੀਆਂ ਚਾਕਰ ਸਰਕਾਰਾਂ ਆਪਣੇ ਹਾਕਮਾਂ ਦੇ ਮੁਨਾਫੇ ਸੁਰੱਖਿਅਤ ਕਰਨ ਲਈ ਆਮ ਲੋਕਾਈ ਉੱਤੇ ਹੀ ਵਧੇਰੇ ਤੋਂ ਵਧੇਰੇ ਬੋਝ ਲੱਦਣ ਦੀਆਂ ਕੋਸ਼ਿਸ਼ਾਂ ਵਧੇਰੇ ਤੇਜ ਕਰਨ ਲਈ ਮਜਬੂਰ ਹੋਣਗੀਆਂ। ਭਿਅੰਕਰ ਬੇਰੁਜਗਾਰੀ, ਗਰੀਬੀ ਵਿੱਚ ਲੋਕਾਂ ਨੂੰ ਮਿਲ਼ਣ ਵਾਲ਼ੀਆਂ ਸਹੂਲਤਾਂ ਉੱਤੇ ਕਾਟ, ਜਨਤਕ ਸਹੂਲਤਾਂ ਉੱਤੇ ਕਾਟ, ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣਾ, ਅਮੀਰਾਂ ਦੇ ਕਰਜਿਆਂ ਉੱਤੇ ਲੀਕ ਫੇਰਨੀ ਸਰਕਾਰੀ ਖਜਾਨੇ ਨੂੰ ਅਮੀਰਾਂ ਦੇ ਮੁਨਾਫੇ ਵਧਾਉਣ ਲਈ ਵਰਤਣਾ ਆਦਿ ਅਜਿਹੇ ਕਦਮਾਂ ਵਿੱਚੋਂ ਹਨ ਜੋ ਨਾ ਸਿਰਫ ਸਰਕਾਰਾਂ ਉਦੋਂ ਵਧਰੇ ਤੇਜੀ ਨਾਲ਼ ਚੁੱਕਣਗੀਆਂ ਸਗੋਂ ਹੁਣ ਵੀ ਲਗਾਤਾਰ ਇਹਨਾਂ ਤੇ ਅਜਿਹੇ ਹੋਰ ਲੋਕ ਵਿਰੋਧੀ ਕਦਮਾਂ ਵੱਲ ਵਧ ਰਹੀਆਂ ਹਨ। ਜਿੱਥੇ ਇਹ ਸੰਕਟ ਲੋਕਾਂ ਲਈ ਅਨੇਕਾਂ ਆਰਥਿਕ ਤੰਗੀਆਂ ਦਾ ਸਬੱਬ ਬਣੇਗਾ ਉੱਥੇ ਦੂਜੇ ਹੱਥ ਇਹ ਲੋਕਾਂ ਅੱਗੇ ਉਹਨਾਂ ਦੇ ਅਸਲ ਦੁਸ਼ਮਣ, ਸਰਮਾਏਦਾਰਾਂ ਤੇ ਉਹਨਾਂ ਦੀਆਂ ਸਰਕਾਰਾਂ, ਨੂੰ ਵੀ ਨੰਗਾ ਕਰਨ ਦਾ ਕੰਮ ਕਰੇਗਾ। ਲੋਕਾਂ ਅੱਗੇ ਅਜਿਹੇ ਮੌਕੇ ਆਪਣੇ ਹੱਕਾਂ ਲਈ ਨਿੱਤਰਨਾ ਹੀ ਇੱਕੋ-ਇੱਕ ਕਾਰਗਰ ਰਾਹ ਬਚੇਗਾ। 

– ਨਵਜੋਤ ਨਵੀ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ

Leave a comment