ਪ੍ਰਤਿਭਾ ਦੀ ਉਡੀਕ ਵਿੱਚ – ਲੂ-ਸ਼ੁਨ

ਪੀ.ਡੀ.ਐਫ਼. ਡਾਊਨਲੋਡ ਕਰੋ

25 ਸਤੰਬਰ ਜਨਮ-ਦਿਵਸ ਅਤੇ 19 ਅਕਤੂਬਰ ਬਰਸੀ ‘ਤੇ ਵਿਸ਼ੇਸ਼

 

ਲੂ-ਸ਼ੁਨ ਨਾ ਸਿਰਫ਼ ਚੀਨ ਦੇ ਸਗੋਂ ਪੂਰੀ ਦੁਨੀਆਂ ਦੇ ਸਿਰਮੌਰ ਲੋਕ-ਪੱਖੀ ਲੇਖਕਾਂ ਵਿੱਚ ਗਿਣੇ ਜਾਂਦੇ ਹਨ। 25 ਸਤੰਬਰ 1881 ਨੂੰ ਸ਼ਾਓਸ਼ਿੰਗ, ਚੇਕਿਆਂਗ, ਚੀਨ ਵਿਖੇ ਜਨਮੇ ਲੂ-ਸ਼ੁਨ 1902 ਵਿੱਚ ਸਰਕਾਰੀ ਵਜ਼ੀਫੇ ‘ਤੇ ਡਾਕਟਰੀ ਦੀ ਉੱਚ ਵਿੱਦਿਆ ਹਾਸਿਲ ਕਰਨ ਜਪਾਨ ਗਏ। ਪਰ ਰੂੜੀਵਾਦੀ ਵਿਚਾਰਾਂ, ਗਰੀਬੀ-ਕੰਗਾਲੀ ਅਤੇ ਜਗੀਰੂ ਜੂਲੇ ਤੋਂ ਚੀਨੀ ਸਮਾਜ ਨੂੰ ਮੁਕਤ ਕਰਾਉਣ ਅਤੇ ਜਮੂਹਰੀ ਕਦਰਾਂ-ਕੀਮਤਾਂ ‘ਤੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਹਿੱਤ 1906 ਵਿੱਚ ਪੜ੍ਹਾਈ ਛੱਡ ਕੇ ਚੀਨ ਵਾਪਿਸ ਆ ਗਏ ਅਤੇ ਸਾਹਿਤਕ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਜਿੱਥੇ ਉਹ ਆਖਰੀ ਸਾਹਾਂ ਤੱਕ ਦ੍ਰਿੜਤਾ ਨਾਲ਼ ਆਪਣੇ ਕੰਮ ਵਿੱਚ ਜੁੱਟੇ ਰਹੇ। 19 ਅਕਤੂਬਰ1936 ਨੂੰ ਸ਼ੰਘਾਈ ਵਿਖੇ ਉਹਨਾਂ ਦਾ ਦਿਹਾਂਤ ਹੋਇਆ।

ਉਹਨਾਂ ਨੇ ਸੈਂਕੜੇ ਲੇਖ ਅਤੇ ਕਈ ਕਹਾਣੀਆਂ ਲਿਖੀਆਂ। ‘ਇੱਕ ਪਾਗਲ ਦੀ ਡਾਇਰੀ’ ਅਤੇ ‘ਆਹ ਕਿਊ ਦੀ ਸੱਚੀ ਕਹਾਣੀ’ ਉਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਕਹੀਆਂ ਜਾ ਸਕਦੀਆਂ ਹਨ। ‘ਇੱਕ ਪਾਗਲ ਦੀ ਡਾਇਰੀ’ ਵਿੱਚ ਉਹਨਾਂ ਨੇ ਜਮਾਤਾਂ ਵਿੱਚ ਵੰਡੇ ਸਮਾਜ, ਜਿਸ ਵਿੱਚ ਕੁੱਝ ਮੁੱਠੀ ਭਰ ਲੋਕ ਬਾਕੀ ਲੋਕਾਂ ਦੇ ਲਹੂ ਅਤੇ ਮਾਸ ਯਾਨੀ ਕਿਰਤ ‘ਤੇ ਪਲਦੇ ਹਨ, ਦੇ ਮਨੁੱਖ ਦੋਖੀ ਚਰਿੱਤਰ ਅਤੇ ਪ੍ਰਵਿਰਤੀ ਦੀ ਪ੍ਰਤੀਕਾਤਮਕ ਢੰਗ ਨਾਲ਼ ਬੇਕਿਰਕ ਸ਼ਬਦਾਂ ਵਿੱਚ ਚੀਰ-ਫਾੜ ਕੀਤੀ।

ਸਾਹਿਤਕ ਕੰਮਾਂ ਦੇ ਨਾਲ-ਨਾਲ ਉਹਨਾਂ ਨੇ ਸਿੱਧੇ ਤੌਰ ‘ਤੇ ਸਮਾਜਿਕ ਸਰਗਰਮੀਆਂ ਵਿੱਚ ਸ਼ਮੂਲੀਅਤ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਹੱਥਲੇ ਲੇਖ ਵਿੱਚ ਉਹਨਾਂ ਨੇ ਕਲਾ, ਸਾਹਿਤ ਅਤੇ ਸਮਾਜ ਦੇ ਪ੍ਰਸਪਰ ਸਬੰਧਾਂ ਅਤੇ ਰਿਸ਼ਤਿਆਂ ਬਾਰੇ ਸੰਖੇਪ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਹਨ।

ਅਜੋਕੇ ਭਾਰਤੀ ਸਮਾਜਿਕ ਅਤੇ ਸਾਹਿਤਕ ਪ੍ਰਸੰਗ ਵਿੱਚ ਰੱਖ ਕੇ ਵੇਖਦਿਆਂ ਇਸ ਲੇਖ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।       – ਸੰਪਾਦਕ

(17 ਜਨਵਰੀ, 1924 ਨੂੰ ਬੀਜਿੰਗ ਨਾਰਮਲ ਯੂਨੀਵਰਸਿਟੀ ਦੇ ਮਿਡਲ ਸਕੂਲ ਦੇ ਸਾਬਕਾ ਵਿਦਿਆਰਥੀਆਂ ਸਾਹਮਣੇ ਦਿੱਤਾ ਭਾਸ਼ਣ)

ਮੈਨੂੰ ਡਰ ਹੈ ਕਿ ਮੇਰੀ ਗੱਲਬਾਤ ਤੁਹਾਡੇ ਕਿਸੇ ਕੰਮ ਦੀ ਜਾਂ ਦਿਲਚਸਪੀ ਦੀ ਨਹੀਂ ਹੋਵੇਗੀ, ਕਿਉਂਕਿ ਵਾਕਈ ਮੈਨੂੰ ਕੋਈ ਖਾਸ ਗਿਆਨ ਨਹੀਂ ਹੈ। ਪਰ ਕਾਫੀ ਅਰਸਾ ਟਾਲਣ ਬਾਅਦ, ਅਖੀਰ ਮੈਂ ਤੁਹਾਡੇ ਨਾਲ਼ ਦੋ ਗੱਲ੍ਹਾਂ ਕਰਨ ਲਈ ਇਥੇ ਆਇਆ ਹਾਂ।

ਮੈਨੂੰ ਲਗਦਾ ਹੈ ਕਿ ਅੱਜ ਦੇ ਲੇਖਕਾਂ ਤੇ ਕਲਾਕਾਰਾਂ ਤੋਂ! ਜੋ ਤਮਾਮ ਮੰਗਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਸਭ ਤੋਂ ਜ਼ੋਰਦਾਰ ਮੰਗ ਪ੍ਰਤਿਭਾ ਦੀ ਮੰਗ ਹੈ। ਇਸ ਨਾਲ਼ ਦੋ ਚੀਜ਼ਾਂ ਸਾਫ਼ ਸਾਫ਼ ਪ੍ਰਮਾਣਤ ਹੁੰਦੀਆਂ ਹਨ: ਪਹਿਲੀ ਗੱਲ ਇਹ ਹੈ ਕਿ ਫਿਲਹਾਲ ਚੀਨ ਵਿੱਚ ਕੋਈ ਪ੍ਰਤਿਭਾ ਨਹੀਂ ਹੈ, ਦੂਸਰੀ ਇਹ ਕਿ ਸਾਡੇ ਆਧੁਨਿਕ ਕਲਾ-ਸਾਹਿਤ ਤੋਂ ਸਾਰੇ ਲੋਕ ਥੱਕੇ ਤੇ ਬੋਰ ਹੋਏ ਹਨ। ਤਾਂ ਕੀ ਵਾਕਈ ਕੋਈ ਪ੍ਰਤਿਭਾ ਨਹੀਂ ਹੈ? ਹੋ ਵੀ ਸਕਦੀ ਹੈ, ਪਰ ਅਸੀਂ ਕਿਸੇ ਨੂੰ ਨਹੀਂ ਦੇਖਿਆ ਅਤੇ ਨਾ ਹੀ ਕਿਸੇ ਦੂਸਰੇ ਨੇ ਦੇਖਿਆ। ਲਿਹਾਜ਼ਾ ਆਪਣੇ ਕੰਨ੍ਹਾਂ ਤੇ ਅੱਖਾਂ ਦੇ ਨਿਰਣੇ ਤੋਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਥੇ ਪ੍ਰਤਿਭਾ ਨਹੀਂ ਹੈ, ਗੱਲ ਏਨੀ ਹੀ ਨਹੀਂ, ਇਥੋਂ ਤੱਕ ਕਿ ਪ੍ਰਤਿਭਾ ਪੇਸ਼ ਕਰਨ ਲਾਇਕ ਜਨਤਾ ਵੀ ਨਹੀਂ ਹੈ।

ਪ੍ਰਤਿਭਾ, ਪ੍ਰਕ੍ਰਿਤੀ ਦਾ ਕੋਈ ਅਜੂਬਾ ਨਹੀਂ ਹੈ, ਜੋ ਘਣੇ ਜੰਗਲ ਜਾਂ ਬੀਹੜ ਵਿੱਚ ਪੈਦਾ ਹੁੰਦੀ ਹੋਵੇ। ਬਲਕਿ ਅਜਿਹੀ ਚੀਜ਼ ਹੈ, ਜਿਸਨੂੰ ਇੱਕ ਖਾਸ ਢੰਗ ਦੀ ਜਨਤਾ ਜਨਮ ਦਿੰਦੀ ਹੈ ਅਤੇ ਪਾਲਦੀ ਪੋਸਦੀ ਹੈ। ਐਲਪਸ ਪਹਾੜ ਪਾਰ ਕਰਦਿਆਂ ਨੈਪੋਲੀਅਨ ਨੇ ਐਲਾਨ ਕੀਤਾ ਸੀ, ”ਮੈਂ ਐਲਪਸ ਤੋਂ ਉੱਚਾ ਹਾਂ।” ਪਰ ਜਦ ਉਹ ਇਹ ਸ਼ਾਨਦਾਰ ਐਲਾਨ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਦੇ ਪਿੱਛੇ ਕਿੰਨੀ ਵਿਸ਼ਾਲ ਫੌਜ ਸੀ, ਇਹ ਸਾਨੂੰ ਕਤਈ ਨਹੀਂ ਭੁੱਲਣਾ ਚਾਹੀਦਾ। ਇਹ ਫੌਜ ਨਾ ਰਹਿਣ ‘ਤੇ, ਦੂਜੇ ਪੱਖ ਦੀਆਂ ਫੌਜਾਂ ਹੱਥੋਂ ਉਹ ਆਸਾਨੀ ਨਾਲ਼ ਫ਼ੜੇ ਜਾਂਦੇ ਜਾਂ ਪਿੱਛੇ ਹਟਦੇ; ਅਤੇ ਉਸ ਵੇਲੇ ਉਨ੍ਹਾਂ ਦਾ ਆਚਰਣ ਅਤੇ ਸ਼ੇਖੀ, ਬਹਾਦਰਾਨਾ ਲੱਗਣ ਦੀ ਬਜਾਇ, ਪਾਗਲਾਂ ਵਰਗਾ ਲੱਗਦਾ। ਇਸ ਲਈ ਮੈਨੂੰ ਲੱਗਦਾ ਹੈ ਕਿਸੇ ਪ੍ਰਤਿਭਾ ਦੇ ਉਦੈ ਹੋਣ ਦੀ ਉਮੀਦ ਕਰਨ ਤੋਂ ਪਹਿਲਾਂ ਸਾਡੀ ਮੰਗ ਪ੍ਰਤਿਭਾ ਪੈਦਾ ਕਰਨ ਵਿੱਚ ਸਮਰੱਥ ਜਨਤਾ ਦੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਖੂਬਸੂਰਤ ਬਿਰਛ ਜਾਂ ਫੁੱਲ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਵਧੀਆ ਜ਼ਮੀਨ ਤਿਆਰ ਕਰਨੀ ਪਵੇਗੀ। ਅਸਲ ਵਿੱਚ ਫੁੱਲਾਂ ਅਤੇ ਬਿਰਛ ਤੋਂ ਮਿੱਟੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਗ਼ੈਰ ਕੁੱਝ ਵੀ ਪੈਦਾ ਨਹੀਂ ਹੋ ਸਕਦਾ। ਫੁੱਲਾਂ ਤੇ ਬਿਰਛ ਲਈ ਮਿੱਟੀ ਨਿਹਾਇਤ ਜ਼ਰੂਰੀ ਹੈ, ਠੀਕ ਉਂਝ ਹੀ ਜਿਵੇਂ ਨੈਪੋਲੀਅਨ ਲਈ ਚੰਗੀ ਫੌਜ।

ਫੇਰ ਵੀ ਏਸ ਸਮੇਂ ਦੇ ਐਲਾਨ ਤੇ ਪ੍ਰਵਿਰਤੀ ਤੇ ਵਿਚਾਰ ਕਰਦਿਆਂ ਪ੍ਰਤਿਭਾ ਦੀ ਮੰਗ ਕਰਨਾ ਅਤੇ ਉਸਦੀ ਤਬਾਹੀ ਦੀ ਕੋਸ਼ਿਸ਼ ਨਾਲ਼ੋ-ਨਾਲ਼ ਜੁੜੀ ਹੋਈ ਹੈ-ਜਿਸ ਮਿੱਟੀ ਵਿੱਚ ਉਹ ਪੈਦਾ ਹੋ ਸਕਦੇ ਸਨ, ਕੁੱਝ ਲੋਕ ਤਾਂ ਉਸਨੂੰ ਬਹੁਕਰ ਦੇ ਕੇ ਸਾਫ਼ ਕਰ ਦੇਣਾ ਚਾਹੁੰਦੇ ਹਨ। ਮੈਨੂੰ ਕੁੱਝ ਉਦਾਹਰਣ ਦੇਣ ਦਿਓ:

ਪਹਿਲੀ, ”ਸਾਡੇ ਕੌਮੀ ਸਭਿਆਚਾਰ ਦੇ ਪੁਨਰ-ਜਾਗਰਣ ਕਾਰਜ” ਨੂੰ ਲਿਆ ਜਾਵੇ। ਹਾਲਾਂਕਿ ਚੀਨ ਵਿੱਚ ਨਵੇਂ ਵਿਚਾਰ ਕਦੀ ਵੀ ਜ਼ਿਆਦਾ ਵਧ ਨਹੀਂ ਸਕੇ, ਕੁੱਝ ਬੁੱਢੇ ਲੋਕ-ਜਵਾਨ ਵੀ ਡਰਦੇ ਮਾਰੇ ਸੰਤੁਲਨ ਗੁਆ ਬੈਠੇ ਹਨ ਅਤੇ ਸਾਡੇ ਕੌਮੀ ਸਭਿਆਚਾਰ ਬਾਰੇ ਪ੍ਰਲਾਪ ਕਰ ਰਹੇ ਹਨ। ”ਚੀਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹਨ।” ਉਹ ਸਾਡਾ ਹੌਂਸਲਾ ਵਧਾਉਂਦੇ ਹਨ। ”ਪੁਰਾਣੇ ਦਾ ਅਧਿਐਨ ਅਤੇ ਸੁਰੱਖਿਆ ਦੀ ਬਜਾਇ ਨਵੇਂ ਦੇ ਪਿੱਛੇ ਦੌੜਣਾ ਸਾਡੇ ਪੁਰਖਿਆਂ ਦੀ ਵਿਰਾਸਤ ਨੂੰ ਖਾਰਿਜ ਕਰਨ ਦੀ ਤਰ੍ਹਾਂ ਹੀ ਹਾਲਤ ਹੈ।” ਵਾਕਈ, ਸਾਡੇ ਪੁਰਖਿਆਂ ਨੂੰ ਮਿਸਾਲ ਦੇ ਤੌਰ ‘ਤੇ ਰੱਖਣਾ ਕਾਫ਼ੀ ਵਜ਼ਨ ਰੱਖਦਾ ਹੈ, ਪਰ ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਪੁਰਾਣੀ ਜਾਕਟ ਨੂੰ ਧੋਕੇ ਇਸਤਰੀ ਕਰਕੇ ਰੱਖਣ ਤੋਂ ਪਹਿਲਾਂ ਕੁੱਝ ਨਵਾਂ ਨਹੀਂ ਬਣਾਇਆ ਜਾ ਸਕਦਾ। ਫਿਲਹਾਲ, ਹਾਲਤ ਇਹ ਹੈ, ਹਰ ਕੋਈ ਆਪਣੇ ਮਨ ਦੀ ਕਰ ਸਕਦਾ ਹੈ: ਬੁੱਢੇ ਸੱਜਣ ਲੋਕ, ਜੋ ਸਾਡੇ ਕੌਮੀ ਸਭਿਆਚਾਰ ਦਾ ਪੁਨਰ-ਉਧਾਰ ਕਰਨਾ ਚਾਹੁੰਦੇ ਹਨ, ਉਹ ਆਪਣੇ ਦੱਖਣ ਦੀ ਖਿੜਕੀ ਕੋਲ਼ ਬੈਠਕੇ ਲੁਪਤ ਪੁਸਤਕਾਂ ‘ਤੇ ਆਪਣਾ ਦਿਲ ਵਿਛਾਉਣ ਲਈ ਸੁਤੰਤਰ ਹਨ ਅਤੇ ਨੌਜਵਾਨ ਲੋਕ ਆਪਣੇ ਜ਼ਿੰਦਾਦਿਲ ਅਧਿਐਨ ਅਤੇ ਆਧੁਨਿਕ ਕਲਾ ਨੂੰ ਲੈਕੇ ਕਹਿ ਸਕਦੇ ਹਨ। ਜਦ ਤੱਕ ਹਰ ਕੋਈ ਆਪਣੀ ਰੁਚੀ ਪਿੱਛੇ ਚੱਲੇਗਾ, ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਪਰ ਦੂਸਰਿਆਂ ਨੂੰ ਏਸ ਝੰਡੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰਨ ਦਾ ਮਤਲਬ ਚੀਨ ਨੂੰ ਦੁਨੀਆਂ ਦੇ ਬਾਕੀ ਮੁਲਕਾਂ ਤੋਂ ਹਮੇਸ਼ਾਂ ਵੱਖ ਰੱਖਣਾ ਹੋਵੇਗਾ। ਹਰ ਕਿਸੇ ਤੋਂ ਇਸ ਤਰ੍ਹਾਂ ਦੀ ਮੰਗ ਹੋਰ ਵੀ ਵਿਚਿਤ੍ਰ ਹੋਵੇਗੀ। ਜਦ ਅਸੀਂ ਪੁਰਾਣੀ ਕਲਾ-ਕਿਰਤਾਂ ਦੇ ਵਪਾਰੀਆਂ ਨਾਲ਼ ਗੱਲ ਕਰਦੇ ਹਾਂ, ਉਹ ਸੁਭਾਵਕ ਤੌਰ ‘ਤੇ ਆਪਣੀਆਂ ਪੁਰਾਣੀਆਂ ਚੀਜ਼ਾਂ ਦੀ ਤਾਰੀਫ ਕਰਦੇ ਹਨ, ਪਰ ਉਹ ਕਲਾਕਾਰ, ਕਿਸਾਨ, ਮਜ਼ਦੂਰ ਅਤੇ ਦੂਸਰਿਆਂ ਦੀ ਆਪਣੇ ਪੁਰਖਿਆਂ ਨੂੰ ਭੁੱਲ ਜਾਣ ਲਈ ਨਿੰਦਾ ਨਹੀਂ ਕਰਦੇ। ਅਸਲ ਵਿੱਚ ਉਹ ਪਰੰਪਰਾਗਤ ਪੰਡਤਾਂ ਨਾਲ਼ੋਂ ਵੱਧ ਸਮਝ ਰੱਖਦੇ ਹਨ।

ਫੇਰ ”ਮੌਲਿਕ ਸਿਰਜਣਾ ਦੇ ਗੁਣਗਾਨ” ਨੂੰ ਲਓ। ਉਪਰੀ ਤੌਰ ‘ਤੇ ਦੇਖਣ ਨੂੰ ਲੱਗੇਗਾ ਕਿ ਪ੍ਰਤਿਭਾ ਦੀ ਮੰਗ ਨਾਲ਼ ਇਹ ਜਾਇਜ਼ ਹੈ, ਪਰ ਗੱਲ ਅਜਿਹੀ ਨਹੀ ਹੈ। ਵਿਚਾਰਾਂ ਦੀ ਦੁਨੀਆਂ ਵਿੱਚ ਇਸ ਤੋਂ ਅੰਨ੍ਹੇ ਕੌਮਵਾਦ ਦੀ ਬੋਅ ਆਉਂਦੀ ਹੈ, ਇਸ ਲਈ ਇਹ ਚੀਨ ਨੂੰ ਵਿਸ਼ਵ ਜਨਮਤ ਤੋਂ ਵੱਖ ਕਰ ਦੇਵੇਗਾ। ਹਾਲਾਂ ਕਿ ਬਹੁਤ ਸਾਰੇ ਲੋਕ ਹੁਣੇ ਹੀ ਤਾਲਸਤਾਇ, ਤੁਰਗਨੇਵ ਅਤੇ ਦੋਸਤੋਵਸਕੀ ਦਾ ਨਾਂ ਸੁਣਦੇ ਸੁਣਦੇ ਥੱਕ ਚੁੱਕੇ ਹਨ, ਪਰ ਉਨਾਂ ਦੀਆਂ ਕਿੰਨੀਆਂ ਕਿਤਾਬਾਂ ਚੀਨੀ ਭਾਸ਼ਾ ਵਿੱਚ ਅਨੁਵਾਦ ਹੋਈਆਂ ਹਨ? ਜੋ ਆਪਣੀਆਂ ਹੱਦਾਂ ਤੋਂ ਬਾਹਰ ਝਾਕਣਾ ਨਹੀਂ ਚਾਹੁੰਦੇ, ਉਹ ਪੀਟਰ ਅਤੇ ਜਾਨ ਵਰਗੇ ਨਾਵਾਂ ਤੋਂ ਵੀ ਨਫ਼ਰਤ ਕਰਦੇ ਹਨ ਅਤੇ ਯਾਂਗ ਤੀਜੇ ਜਾਂ ਲੀ ਚੌਥੇ ਨੂੰ ਹੀ ਸਵੀਕਾਰ ਕਰਦੇ ਹਨ, ਇਸੇ ਰੂਪ ਵਿੱਚ ਅਸੀਂ ਮੌਲਿਕ ਕਿਰਤਕਾਰਾਂ ਨੂੰ ਹਾਸਲ ਕਰਦੇ ਹਾਂ। ਹਕੀਕਤ ਵਿੱਚ ਜੋ ਉਹਨਾਂ ਵਿੱਚੋਂ ਬੇਹਤਰੀਨ ਹਨ, ਉਹ ਵਿਦੇਸ਼ੀ ਲੇਖਕਾਂ ਦੇ ਚੰਦ ਕਲਾਰੂਪ ਤੇ ਅਭਿਵਿਅਕਤੀਆਂ ਉਧਾਰ ਲੈਂਦੇ ਹਨ, ਉਹਨਾਂ ਦੀ ਸ਼ੈਲੀ ਭਾਵੇਂ ਕਿੰਨੀ ਵੀ ਚਮਕਕਾਰ ਹੋਵੇ, ਉਹਨਾਂ ਦਾ ਵਿਸ਼ਾ ਅਨੁਵਾਦ ਤੋਂ ਕਿਤੇ ਪਿਛੇ ਰਹਿੰਦਾ ਹੈ ਅਤੇ ਪਰੰਪਰਾਗਤ ਚੀਨੀ ਤੌਰ ਤਰੀਕਿਆਂ ਨਾਲ਼ ਉਸਦਾ ਤਾਲਮੇਲ ਬਿਠਾਉਣ ਲਈ ਕੁੱਝ ਦਕਿਆਨੂਸ ਵਿਚਾਰ ਵੀ ਘੁਸ ਸਕਦੇ ਹਨ। ਉਹਨਾਂ ਦੇ ਪਾਠਕ ਲੋਕ ਏਸ ਜਾਲ ਵਿੱਚ ਫਸ ਜਾਂਦੇ ਹਨ, ਉਹਨਾਂ ਦੇ ਵਿਚਾਰ ਉਦੋਂ ਤੱਕ ਜ਼ਿਆਦਾ ਤੋਂ ਜ਼ਿਆਦਾ ਸੌੜੇ ਹੁੰਦੇ ਜਾਂਦੇ ਹਨ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਪੁਰਾਣੀ ਲੀਕ ਵਿੱਚ ਸੁੰਗੜ ਨਹੀਂ ਜਾਂਦੇ। ਜਦ ਲੇਖਕ ਅਤੇ ਪਾਠਕ ਦਰਮਿਆਨ ਇਸ ਤਰ੍ਹਾਂ ਦਾ ਦੁਸ਼ਚੱਕਰ ਮੌਜੂਦ ਹੈ, ਜੋ ਤਮਾਮ ਵੱਖ ਸਭਿਆਚਾਰਾਂ ਨੂੰ ਤਬਾਹ ਕਰਦਾ ਹੈ ਅਤੇ ਕੌਮੀ ਸਭਿਆਚਾਰ ਦਾ ਗੁਣਗਾਣ ਕਰਦਾ ਹੈ, ਉੱਥੇ ਪ੍ਰਤਿਭਾ ਪੈਦਾ ਕਿਵੇਂ ਹੋ ਸਕਦੀ ਹੈ? ਜੇ ਕੋਈ ਉਦੈ ਹੋਵੇ ਵੀ ਤਾਂ ਉਹ ਜ਼ਿੰਦਾ ਨਹੀਂ ਰਹਿ ਸਕਦੀ।

ਇਸ ਤਰ੍ਹਾਂ ਦੀ ਜਨਤਾ ਮਿੱਟੀ ਨਹੀਂ, ਧੂੜ ਬਰਾਬਰ ਹੈ ਅਤੇ ਇਸ ਵਿੱਚ ਕੋਈ ਖੂਬਸੂਰਤ ਫਲ ਜਾਂ ਵਧੀਆ ਪੌਦੇ ਪੈਦਾ ਨਹੀਂ ਹੋ ਸਕਦੇ।

ਹੁਣ, ਫੇਰ ਤਬਾਹਕੁਨ ਆਲੋਚਨਾ ਨੂੰ ਲਓ। ਇਕ ਅਰਸੇ ਤੋਂ, ਆਲੋਚਕਾਂ ਦੀ ਕਾਫ਼ੀ ਮੰਗ ਰਹੀ ਹੈ ਅਤੇ ਹੁਣ ਬਹੁਤ ਸਾਰੇ ਆਲੋਚਕ ਸਾਹਮਣੇ ਆਏ ਹਨ। ਦੁੱਖ ਦੀ ਗੱਲ ਇਹ ਹੈ ਕਿ ਉਹਨਾਂ  ਵਿੱਚੋਂ ਕਾਫ਼ੀ ਲੋਕ ਆਲੋਚਕ ਨਾਲੋਂ ਵੱਧ ਨੁਕਸ ਕੱਢੂ ਹਨ। ਜਿਉਂ ਹੀ ਉਹਨਾਂ ਕੋਲ ਕੋਈ ਕਿਰਤ ਭੇਜੀ ਜਾਂਦੀ ਹੈ, ਨਫ਼ਰਤ ਨਾਲ਼ ਸਿਆਹੀ ਵਿੱਚ ਕਲਮ ਡੁਬਾਉਂਦੇ ਹਨ ਅਤੇ ਆਪਣੀ ਬੇਹਤਰੀਨ ਰਾਇ ਲਿਖ ਮਾਰਦੇ ਹਨ: ”ਓ ਹੋ, ਇਹ ਤਾਂ ਨਿਹਾਇਤ ਹੀ ਬਚਕਾਨੀ ਚੀਜ਼ ਹੈ। ਚੀਨ ਨੂੰ ਬੱਸ ਇੱਕ ਪ੍ਰਤਿਭਾ ਦੀ ਲੋੜ ਹੈ।”

ਬਾਅਦ ਵਿੱਚ, ਉਹ ਲੋਕ ਵੀ, ਜੋ ਆਲੋਚਕ ਨਹੀਂ ਹਨ, ਉਹਨਾਂ ਤੋਂ ਸਿੱਖਦੇ ਹਨ ਅਤੇ ਉਹ ਚੀਕ-ਪੁਕਾਰ ਮਚਾਉਂਦੇ ਹਨ। ਹਕੀਕਤ ਵਿੱਚ, ਜਨਮ ਦੇ ਸਮੇਂ ਇੱਕ ਪ੍ਰਤਿਭਾ ਦਾ ਪਹਿਲਾ ਰੋਣਾਂ ਵੀ ਕਿਸੇ ਸਧਾਰਣ ਬੱਚੇ ਵਰਗਾ ਹੁੰਦਾ ਹੈ, ਉਹ ਸ਼ਾਇਦ ਕੋਈ ਸੁੰਦਰ ਕਵਿਤਾ ਨਹੀਂ ਹੋ ਸਕਦੀ। ਤੇ ਜੇ ਤੁਸੀਂ ਕਿਸੇ ਚੀਜ਼ ਨੂੰ ਇਸ ਕਰਕੇ ਪੈਰਾਂ ਹੇਠ ਕੁਚਲ ਦਿਓਗੇ ਕਿ ਇਹ ਬਚਕਾਨੀ ਹੈ, ਤਾਂ ਸ਼ਾਇਦ ਉਹ ਮੁਰਝਾ ਜਾਵੇਗੀ ਜਾਂ ਮਰ ਜਾਵੇਗੀ। ਮੈਂ ਕਈ ਲੇਖਕਾਂ ਨੂੰ ਦੇਖਿਆ ਹੈ, ਤ੍ਰਿਸਕਾਰ ਕਾਰਨ ਉਹ ਚੁੱਪ ਹੋ ਗਏ ਹਨ। ਏਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਵਿੱਚ ਕੋਈ ਪ੍ਰਤਿਭਾਵਾਨ ਨਹੀਂ ਸੀ, ਪਰ ਮੈਂ ਮਾਮੂਲੀ ਤੋਂ ਮਾਮੂਲੀ ਲੇਖਕਾਂ ਨੂੰ ਵੀ ਰੱਖਣਾ ਚਾਹਵਾਂਗਾ।

ਜ਼ਾਹਰ ਹੈ, ਤਬਾਹਕੁਨ ਆਲੋਚਕਾਂ ਨੂੰ ਕਲੀਆਂ ‘ਤੇ ਘੋੜੇ ਭਜਾਉਣ ਵਿੱਚ ਬੜਾ ਮਜ਼ਾ ਆਉਂਦਾ ਹੈ। ਇਸ ਨਾਲ਼ ਜਿੰਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉਹ ਨਵੀਆਂ ਕਲੀਆਂ ਹਨ – ਉਹ ਦੋਵੇਂ ਤਰ੍ਹਾਂ ਦੀਆਂ ਕਲੀਆਂ ਹਨ, ਸਧਾਰਨ ਤੇ ਪ੍ਰਤਿਭਾਸ਼ਾਲੀ। ਬਚਕਾਨੇਪਣ ਦੀ ਕੋਈ ਗੱਲ ਨਹੀਂ, ਕਿਉਂਕਿ ਲੇਖਕ ਵਿੱਚ ਬਚਕਾਨਾਪਨ ਤੇ ਪਰਪੱਕਤਾ ਆਦਮੀ ਦੇ ਬਚਪਨ ਤੇ ਪਰਪੱਕਤਾ ਵਾਂਗ ਹੀ ਹੈ। ਇਕ ਲੇਖਕ ਨੂੰ ਬਚਕਾਨੀ ਸ਼ੁਰੂਆਤ ਤੋਂ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ, ਜੇ ਉਸਨੂੰ ਪੈਰਾਂ ਹੇਠ ਕੁਚਲਿਆ ਜਾਵੇ ਤਾਂ ਉਹ ਪਰਪੱਕਤਾ ਹਾਸਲ ਕਰੇਗਾ। ਪਤਨਸ਼ੀਲਤਾ ਤੇ ਭ੍ਰਿਸ਼ਟਾਚਾਰ ਲਾ-ਇਲਾਜ ਹਨ। ਜੋ ਬਚਕਾਨੇ ਹਨ – ਉਹਨਾਂ ਵਿੱਚ ਕੁੱਝ ਬੁੱਢੇ ਵੀ ਹੋ ਸਕਦੇ ਹਨ, ਜਿਨ੍ਹਾਂ ਦਾ ਦਿਲ ਬੱਚਿਆਂ ਵਰਗਾ ਹੈ – ਮਨ ਵਿੱਚ ਜੋ ਆਉਂਦਾ ਹੈ, ਉਸਨੂੰ ਲਿਖਦੇ ਹਨ – ਉਹਨਾਂ ਲੋਕਾਂ ਨੂੰ ਬਚਕਾਨੀ ਅਭਿਵਿਅਕਤੀ ਦੀ ਮੈਂ ਛੋਟ ਦਿੰਦਾ ਹਾਂ। ਜਦ ਗੱਲ ਕਹੀ ਜਾਂਦੀ ਹੈ ਜਾਂ ਛਪ ਜਾਂਦੀ ਹੈ ਤਾਂ ਮਾਮਲਾ ਖਤਮ ਹੋ ਜਾਂਦਾ ਹੈ। ਕਿਸੇ ਵੀ ਆਲੋਚਕ ਨੂੰ ਉਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਕੋਈ ਵੀ ਝੰਡਾ ਚੁੱਕੀ ਹੋਣ।

ਮੈਂ ਇਹ ਗੱਲ ਆਸਥਾ ਨਾਲ਼ ਕਹਿ ਸਕਦਾ ਹਾਂ ਕਿ ਏਸ ਦਲ ਦੇ ਨੌ ਬਟਾ ਦਸ ਹਿੱਸਾ ਲੋਕ ਚਾਹੁੰਦੇ ਹਨ ਕਿ ਕਿਸੇ ਪ੍ਰਤਿਭਾ ਦਾ ਉਦੈ ਹੋਵੇ। ਪਰ ਫਿਲਹਾਲ ਜੋ ਹਾਲਤ ਹੈ ਉਸ ਹਾਲਤ ਵਿਚ ਨਾ ਸਿਰਫ਼ ਪ੍ਰਤਿਭਾ ਪੈਦਾ ਕਰਨਾ ਮੁਸ਼ਕਲ ਹੈ, ਸਗੋਂ ਅਜਿਹੀ ਮਿੱਟੀ ਤਿਆਰ ਕਰਨਾ ਮੁਸ਼ਕਲ ਹੈ, ਜਿਸ ਨਾਲ਼ ਪ੍ਰਤਿਭਾ ਉੱਗ ਸਕੇ। ਮੈਨੂੰ ਲਗਦਾ ਹੈ ਜਦ ਪ੍ਰਤਿਭਾ ਪੈਦਾਇਸ਼ੀ ਹੁੰਦੀ ਹੈ, ਪਰ ਕੋਈ ਉਹ ਮਿੱਟੀ ਬਣ ਸਕਦਾ ਹੈ, ਜਿਸ ਵਿੱਚ ਉਹ ਵਧ ਸਕੇ। ਸਾਡੇ ਲਈ ਮਿੱਟੀ ਮੁਹੱਈਆ ਕਰਨਾ, ਪ੍ਰਤਿਭਾ ਦੀ ਮੰਗ ਕਰਨ ਨਾਲੋਂ ਵੱਧ ਯਥਾਰਥਵਾਦੀ ਹੈ, ਵਰਨਾ ਜੇ ਸਾਡੇ ਕੋਲ ਸੈਂਕੜੇ ਪ੍ਰਤਿਭਾਵਾਂ ਹੋਣ, ਪਰ ਮਿੱਟੀ ਨਾ ਹੋਵੇ ਤਾਂ ਤਸ਼ਤਰੀ ਤੇ ਸੇਮ ਦੇ ਫਲਾਂ ਵਾਂਗ ਉਹ ਜੜ੍ਹਾਂ ਨਹੀਂ, ਜਮਾ ਸਕਣਗੀਆਂ।

ਮਿੱਟੀ ਬਣਨ ਲਈ ਸਾਨੂੰ ਅਵੱਸ਼ ਹੀ ਉਦਾਰ ਬਣਨਾ ਪਵੇਗਾ। ਦੂਜੇ ਸ਼ਬਦਾਂ ਵਿੱਚ ਸਾਨੂੰ ਨਵੀਆਂ ਅਵਧਾਰਣਾਵਾਂ ਮੰਨਣੀਆਂ ਪੈਣਗੀਆਂ ਅਤੇ ਪੁਰਾਣੀਆਂ ਬੇੜੀਆਂ ਤੋਂ ਸਾਨੂੰ ਮੁਕਤ ਕਰਨਾ ਹੋਵੇਗਾ ਤਾਂ ਕਿ ਅਸੀਂ ਭਵਿੱਖ ਦੀ ਕਿਸੇ ਪ੍ਰਤਿਭਾ ਦੀ ਤਾਰੀਫ਼ ਕਰ ਸਕੀਏ ਤੇ ਉਸ ਨੂੰ ਸਵੀਕਾਰ ਕਰ ਸਕੀਏ। ਸਾਨੂੰ ਛੋਟੇ ਕੰਮ ਪ੍ਰਤੀ ਬੇਅਦਬੀ ਨਹੀਂ ਕਰਨੀ ਚਾਹੀਦੀ। ਮੌਲਕ ਰਚਨਾਕਾਰ ਆਪਣਾ ਲੇਖਨ ਜਾਰੀ ਰੱਖਣਗੇ, ਪੜ੍ਹਣਗੇ ਜਾਂ ਸਾਹਿਤ ਨੂੰ ਵਕਤ ਗੁਜ਼ਾਰਣ ਦੇ ਕੰਮ ‘ਚ ਲਾਉਣਗੇ। ਸਾਹਿਤ ਲੈ ਕੇ, ਵਕਤ ਗੁਜ਼ਾਰਣ ਦੀ ਗੱਲ ਕੁੱਝ ਅਟਪਟੀ ਲੱਗ ਸਕਦੀ ਹੈ, ਪਰ ਪੈਰਾਂ ਹੇਠ ਕੁਚਲਣ ਨਾਲੋਂ ਚੰਗੀ ਹੈ।

ਮਿੱਟੀ ਦੀ ਤੁਲਨਾ ਪ੍ਰਤਿਭਾ ਨਾਲ਼ ਕਤਈ ਨਹੀਂ ਕੀਤੀ ਜਾ ਸਕਦੀ, ਪਰ ਜਦ ਤੱਕ ਅਸੀਂ ਦ੍ਰਿੜ ਨਾ ਹੋਈਏ ਅਤੇ ਕਸ਼ਟ ਸਹਿਣ ਲਈ ਤਿਆਰ ਨਾ ਹੋਈਏ, ਮਿੱਟੀ ਬਣਾਉਣਾ ਵੀ ਨਾਮੁਮਕਿਨ ਹੈ। ਫੇਰ ਵੀ ਇਨਸਾਨ ਦੀ ਕੋਸ਼ਿਸ਼ ‘ਤੇ ਸਭ ਨਿਰਭਰ ਹੈ ਅਤੇ ਮਹਿਜ਼ ਆਲਸੀ ਦੀ ਤਰ੍ਹਾਂ ਈਸ਼ਵਰ ਪ੍ਰੇਰਿਤ ਪ੍ਰਤਿਭਾ ਦੀ ਉਡੀਕ ਕਰਨ ਦੀ ਬਜਾਇ ਸਾਡੀ ਸਫ਼ਲਤਾ ਦੀ ਗੁੰਜਾਇਸ਼ ਇੱਥੇ ਜ਼ਿਆਦਾ ਹੈ। ਇਹ ਹੈ ਮਹਾਨ ਉਮੀਦ ਤੇ ਉਸ ਦੀ ਮਿੱਟੀ ਦੀ ਤਾਕਤ ਤੇ ਉਸਦਾ ਪੁਰਸਕਾਰ। ਕਿਉਂਕਿ, ਜਦ ਮਿੱਟੀ ‘ਚੋਂ ਇੱਕ ਸੋਹਣਾ ਫੁੱਲ ਖਿੜਦਾ ਹੈ ਤਾਂ ਸਾਰੇ ਦੇਖਣ ਵਾਲੇ ਉਸਦਾ ਆਨੰਦ ਉਠਾਉਂਦੇ ਹਨ, ਮਿੱਟੀ ਖੁਦ ਵੀ। ਆਪਣੀ ਆਤਮਾ ਨੂੰ ਉੱਚਾ ਚੁੱਕਣ ਲਈ ਤੁਹਾਨੂੰ ਖੁਦ ਫੁੱਲ ਬਣਨ ਦੀ ਲੋੜ ਨਹੀਂ – ਬਸ਼ਰਤੇ ਕਿ ਇਹ ਮਹਿਸੂਸ ਕਰ ਸਕੋ ਕਿ ਮਿੱਟੀ ਦੀ ਵੀ ਆਪਣੀ ਇੱਕ ਆਤਮਾ ਹੁੰਦੀ ਹੈ।

ਅਨੁਵਾਦ – ਡਾ. ਚਮਨ ਲਾਲ
(ਲੂ-ਸ਼ੁਨ ਦੇ ਚੋਣਵੇ ਲੇਖਾਂ ‘ਤੇ ਅਧਾਰਿਤ ਕਿਤਾਬ
‘ਕਲਾ, ਸਾਹਿਤ ਅਤੇ ਸੱਭਿਆਚਾਰ’ ‘ਚੋਂ ਧੰਨਵਾਦ ਸਹਿਤ)

“ਲਲਕਾਰ” – ਅੰਕ 14, ਸਤੰਬਰ-ਅਕਤੂਬਰ, 2010 ਵਿਚ ਪ੍ਰਕਾਸ਼ਿਤ

Leave a comment