ਨਗੂਗੀ ਅਤੇ ਉਹਨਾਂ ਦਾ ਚਿੰਤਨ

 

ਪੀ.ਡੀ.ਐਫ਼. ਡਾਊਨਲੋਡ ਕਰੋ

ਕੀਨੀਆਈ ਲੇਖਕ ਨਗੂਗੀ ਵਾ ਥਯੌਂਗੋ ਦੀ ਗਿਣਤੀ ਵੀਹਵੀਂ ਸਦੀ ਦੇ ਮਹਾਨਤਮ ਅਫ਼ਰੀਕੀ ਰਚਨਾਕਾਰਾਂ ‘ਚ ਕੀਤੀ ਜਾਂਦੀ ਹੈ। ਪਰ ਸਿਰਜਣਾਤਮਕ ਲੇਖਣੀ (ਨਾਵਲ, ਨਾਟਕ, ਕਹਾਣੀਆਂ) ਤੋਂ ਇਲਾਵਾ ਭਾਸ਼ਾ, ਸੱਭਿਆਚਾਰ, ਸਮਾਜ ਅਤੇ ਸੱਤ੍ਹਾ ਦੇ ਅੰਤਰਸਬੰਧਾਂ ‘ਤੇ, ਵਿਸ਼ੇਸ਼ ਕਰਕੇ ਬਸਤੀਵਾਦੀ ਅਤੇ ਉੱਤਰ-ਬਸਤੀਵਾਦੀ ਸਮਾਜਾਂ ‘ਚ ਸਾਮਰਾਜਵਾਦੀ ਗਲਬੇ (ਜਾਂ ਲੋਕਾਂ ਦੀ ਮਾਨਸਿਕ ਗੁਲਾਮੀ ਲਈ) ਦੇ ਮਜ਼ਬੂਤੀਕਰਣ ਲਈ ਭਾਸ਼ਾ, ਸੱਭਿਆਚਾਰ ਅਤੇ ਸਿੱਖਿਆ ਦੀ ਵਰਤੋਂ ‘ਤੇ ਨਗੂਗੀ ਨੇ ਜਿਹੜਾ ਚਿੰਤਨ ਅਤੇ ਲੇਖਣ ਕੀਤਾ ਹੈ, ਉਸ ਨਾਤੇ ਉਹਨਾਂ ਨੂੰ ਵੀਹਵੀਂ ਸਦੀ ਦੇ ਮੋਹਰੀ ਸੱਭਿਆਚਾਰਕ ਅਤੇ ਭਾਸ਼ਾ ਸ਼ਾਸਤਰੀ ਚਿੰਤਕਾਂ ਦੀ ਕਤਾਰ ‘ਚ ਨਿਰਵਿਵਾਦ ਰੂਪ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸਦੇ ਨਾਲ਼ ਹੀ, ਨਗੂਗੀ ਨੇ ਅਫ਼ਰੀਕੀ ਮਹਾਂਦੀਪ ਦੀ ਸਿਆਸੀ ਸਥਿਤੀ, ਸੱਤ੍ਹਾਸੀਨ ਹੋਣ ਮਗਰੋਂ ਅਫ਼ਰੀਕੀ ਸਰਮਾਏਦਾਰੀ ਦੇ ਚਰਿੱਤਰ-ਬਦਲਾਅ, ਸਾਮਜਰਾਜਵਾਦ ਦੇ ਸਹਿਯੋਗੀ ਦੇ ਰੂਪ ‘ਚ ਉਸਦੀ ਭੂਮਿਕਾ ਅਤੇ ਸਿਆਸੀ ਗਲਬੇ ਅਤੇ ਆਰਥਿਕ ਲੁੱਟ ਦੀ ਜਕੜਬੰਦੀ ਬਣਾਈ ਰੱਖਣ ਲਈ ਸਾਮਰਾਜਵਾਦੀਆਂ ਰਾਹੀਂ ਅਪਣਾਏ ਜਾਣ ਵਾਲ਼ੇ ਹੱਥਕੰਡਿਆਂ ਦਾ ਆਪਣੇ ਲੇਖਾਂ ਅਤੇ ਭਾਸ਼ਣਾਂ ‘ਚ ਜਿੰਨਾ ਪ੍ਰਭਾਵਸ਼ਾਲੀ ਉਦਘਾਟਨ ਕੀਤਾ ਹੈ, ਉਸਨੂੰ ਦੇਖਦੇ ਹੋਏ ਸਿਆਸੀ ਵਿਸ਼ਲੇਸ਼ਕ ਦੇ ਰੂਪ ‘ਚ ਉਹਨਾਂ ਦੀ ਪ੍ਰਤਿਭਾ ‘ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ।

ਨਗੂਗੀ ਨੇ ਭਾਸ਼ਾ ਅਤੇ ਸੱਭਿਆਚਾਰ ‘ਤੇ ਚਿੰਤਨ ਨੂੰ ਆਰਥਿਕ-ਸਮਾਜਿਕ-ਸਿਆਸੀ ਪ੍ਰਬੰਧ ਦੇ ਵਿਸ਼ਲੇਸ਼ਣ ਨਾਲ਼ ਅੰਤਰ ਸੰਬਧਿਤ ਕੀਤਾ ਹੈ। ਉਹਨਾਂ ਦਾ ਇਹ ਵਿਸ਼ਲੇਸ਼ਣ ਨਿਰਸੰਦੇਹ ਵਿਗਿਆਨਕ ਵਿਸ਼ਲੇਸ਼ਣ ਹੈ। ਨਗੂਗੀ ਨੇ ਸਾਰੇ ਲੋਕ ਪੱਖੀ ਅਫ਼ਰੀਕੀ ਲੇਖਕਾਂ ਨੂੰ, ਭਾਸ਼ਾ-ਸੱਭਿਆਚਾਰ ਬਾਰੇ ਆਪਣੀ ਮਾਨਤਾ ਦੇ ਅਨੁਰੂਪ, ਇਹ ਹੋਕਾ ਦਿੱਤਾ ਕਿ ਉਹਨਾਂ ਨੂੰ ਅੰਗਰੇਜ਼ੀ ਦੀ ਬਜਾਏ ਆਪਣੀ ਮਾਂ ਬੋਲੀਆਂ ‘ਚ ਲਿਖ ਕੇ ਲੋਕਾਂ ਨਾਲ਼ ਸੰਵਾਦ ਕਾਇਮ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਜ਼ਿਹਨੀ ਗੁਲਾਮੀ ਦੀਆਂ ਹਾਕਮ ਜਮਾਤੀ ਸਾਜ਼ਿਸ਼ਾਂ ਅਤੇ ਗਲਬੇ ਦੀ ਸਿਆਸਤ ਵਿਰੁੱਧ ਸੰਘਰਸ਼ ਦਾ ਮੋਰਚਾ ਖੋਲਣਾ ਚਾਹੀਦਾ ਹੈ। ਉਹਨਾਂ ਦੀ ਮਾਨਤਾ ਹੈ ਕਿ ਬਸਤੀਵਾਦੀ ਸੱਭਿਆਚਾਰਕ ਹਮਲੇ ਦੇ ਪ੍ਰਤੀਰੋਧ ਦੇ ਬੀਜ ਸੱਭਿਆਚਾਰ ‘ਚ ਹੀ ਛਿਪੇ ਹੁੰਦੇ ਹਨ, ਜਿਹੜੇ ਅੱਗੇ ਚਲ ਕੇ ਮੁਕਤੀ ਲਹਿਰ ਦੀ ਉਸਾਰੀ ਅਤੇ ਵਿਕਾਸ ‘ਚ ਸਹਾਇਕ ਹੁੰਦੇ ਹਨ। ਭਾਸ਼ਾ ਦੇ ਸਾਮਰਾਜਵਾਦ ਅਤੇ ਉੱਤਰ-ਬਸਤੀਵਾਦੀ ਰਾਜ ਅਤੇ ਸੱਭਿਆਚਾਰ ਦੇ ਚਰਿੱਤਰ ਤੋਂ ਇਲਾਵਾ ਨਗੂਗੀ ਨੇ ਸਾਮਰਾਜਵਾਦ ਅਤੇ ਇਨਕਲਾਬ, ਨਸਲਵਾਦੀ ਵਿਚਾਰਧਾਰਾ, ਸਾਹਿਤ ‘ਚ ਨਸਲਵਾਦ, ਕੌਮੀ ਸੱਭਿਆਚਾਰ ਲਈ ਸਿÎੱਖਿਆ, ਸਕੂਲਾਂ ‘ਚ ਸਾਹਿਤ ਦਾ ਅਧਿਐਨ, ਅਫ਼ਰੀਕੀ ਸਾਹਿਤ ਦੇ ਵਿਕਾਸ ‘ਚ ਬੁੱਧੀਜੀਵੀਆਂ ਦੀ ਭੂਮਿਕਾ ਅਤੇ ਅਫ਼ਰੀਕੀ ਸਾਹਿਤ ਦੀ ਭਾਸ਼ਾ ਆਦਿ ਵਿਸ਼ਿਆ ‘ਤੇ ਅਥਾਹ ਮਿਕਦਾਰ ‘ਚ ਲਿਖਿਆ ਹੈ। ਇਹ ਸਾਰੇ ਸਵਾਲ ਭਾਰਤੀ ਉਪਮਹਾਂਦੀਪ ਦੇ ਬੁੱਧੀਜੀਵੀਆਂ ਅਤੇ ਚੇਤੰਨ ਲੋਕਾਂ ਲਈ ਵੀ ਜੀਵੰਤ-ਭਖਦੇ ਸਵਾਲ ਹਨ।

ਨਗੂਗੀ ਇੱਕ  ਅਜਿਹੇ ਲੇਖਕ, ਸੱਭਿਆਚਾਰਕ ਕਾਰਕੁੰਨ ਅਤੇ ਵਿਚਾਰਕ ਹਨ, ਜਿਨ੍ਹਾਂ ਦੀ ਵਿਚਾਰਕ ਪ੍ਰਤੀਬੱਧਤਾ ਅਤੇ ਜ਼ਿੰਦਗੀ ‘ਚ ਕੋਈ ਫ਼ਰਕ ਨਹੀਂ ਹੈ। ਉਹ ਇੱਕ  ਅਜਿਹੇ ਰੈਡੀਕਲ ਖੱਬੇ-ਪੱਖੀ ਹਨ, ਜਿਹੜੇ ਆਪਣੇ ਵਿਚਾਰਾਂ ਦੇ ਨਾਲ਼-ਨਾਲ਼ ਵਿਵਹਾਰਿਕ ਕਾਰਜਾਂ ‘ਚ ਵੀ ਆਮ ਲੋਕਾਂ ਦੇ ਜੀਵਨ ਅਤੇ ਸੰਘਰਸ਼ਾਂ ਨਾਲ਼ ਜੁੜੇ ਰਹੇ ਹਨ ਅਤੇ ਜੇਲ, ਦਾਬਾ, ਤਸੀਹਿਆਂ ਅਤੇ ਰਾਜ ਦੁਆਰਾ ਕਰਵਾਏ ਗੁੰਡਿਆਂ ਦੇ ਹਮਲਿਆਂ ਦਾ ਸਾਮ੍ਹਣਾ ਕਰਦੇ ਹੋਏ ਇਸਦੀ ਕੀਮਤ ਚੁਕਾਈ ਹੈ। ਉਹ ਲਾਈਬ੍ਰੇਰੀਆਂ, ਆਡੀਟੋਰੀਅਮਾਂ ਅਤੇ ਸਟੱਡੀ ਰੂਮਾਂ ਤੱਕ ਸਿਮਟੇ ਰਹਿਮ ਵਾਲ਼ੇ ਬੀਂਡਾ ਬਿਰਤੀ ਵਾਲ਼ੇ ਪ੍ਰਾਣੀ ਨਹੀਂ ਹਨ। ਬੌਧਿਕ ਮੌਕਾਪ੍ਰਸਤੀ ਉਹਨਾਂ ਨੂੰ ਛੂਹ ਤੱਕ ਨਹੀਂ ਸਕੀ ਹੈ। ਸੰਸਾਰਵਿਆਪੀ ਪ੍ਰਸਿੱਧੀ ਨੇ ਨਾ ਉਹਨਾਂ ਦੀ ਸਰਲਤਾ ਖੋਹੀ ਹੈ, ਨਾ ਹੀ ਉਹਨਾਂ ਦੀ ਰੀੜ ਦੀ ਹੱਡੀ ਨੂੰ ਲਚੀਲਾ ਬਣਾਇਆ ਹੈ। ਪੱਛਮੀ ਬੌਧਿਕ ਅਦਾਰਿਆਂ ਅਤੇ ਸਨਮਾਨ ਕਮੇਟੀਆਂ ਰਾਹੀਂ ਵਾਂਝੇ ਕਰ ਦੇਣ ਨੇ ਉਹਨਾਂ ਨੂੰ ਕੁੰਠਿਤ ਨਹੀਂ ਕੀਤਾ ਹੈ। ਭੂਮੰਡਲੀਕਰਣ ਦੀ ਸ਼ੀਤ ਲਹਿਰ ਨਾਲ਼ ਨਾ ਤਾਂ ਉਹਨਾਂ ਦੇ ਦਿਲ ਦੀ ਗਰਮੀ ਘੱਟ ਹੋਈ ਹੈ, ਨਾ ਹੀ ਸਾਰੇ ਉੱਤਰ-ਆਧੁਨਿਕਤਾਵਾਦੀ ਵਿਚਾਰ-ਸ਼ਰਣੀਆਂ ਨਾਲ਼ ਉਹਨਾਂ ਦੀ ਵਿਚਾਰਕ ਦ੍ਰਿਸ਼ਟੀ ਧੁੰਧਲੀ ਹੋਈ ਹੈ।

‘ਦੀ ਈਸਟ ਅਫਰੀਕਨ ਸਟੈਂਡਰਡ (8 ਸਿਤੰਬਰ 2002) ਨਾਮਕ ਅਖਬਾਰ ‘ਚ ਇੱਕ ਟਿੱਪਣੀਕਾਰ ਨੇ ਲਿਖਿਆ ਸੀ: ”ਪੂਰਵੀ ਅਤੇ ਮੱਧ ਅਫਰੀਕੀ ਲੇਖਕਾਂ ‘ਚ ਨਗੂਗੀ ਮਹਾਨਤਮ ਇਸ ਲਈ ਹਨ ਕਿਉਂਕਿ ਉਹ ਦੱਖਣੀ ਅਫਰੀਕਾ ਦੇ ਪੀਟਰ ਅਬਰਾਹਮ ਅਤੇ ਪੱਛਮੀ ਅਫ਼ਰੀਕਾ ਦੇ ਚਿਨੁਆ ਅਚੇਬੇ ਦੀ ਤਰ੍ਹਾਂ ਵੱਡੇ ਵਿਸ਼ਿਆਂ ‘ਤੇ ਲਿਖਦੇ ਹਨ। ….ਸਾਹਿਤ ‘ਚ ਇਹਨਾਂ ਤਿੰਨ ਲੇਖਕਾਂ ਦਾ ਉਹੀ ਦਰਜਾ ਹੈ ਜਿਹੜਾ ਸਿਆਸਤ ‘ਚ ਕਵਾਮੇ ਇਨਕਰੂਮਾ, ਜੋਮੋ ਨੇਨਯਾਟਾ ਅਤੇ ਨੇਲਸਨ ਮੰਡੇਲਾ ਦਾ ਹੈ।” ਨਗੂਗੀ ਨੂੰ ਸਭ ਤੋਂ ਮਹਾਨ ਲੇਖਕਾਂ ‘ਚੋਂ ਇਕ ਮੰਨਦੇ ਹੋਏ ਵੀ, ਅਸੀਂ ਸਮਝਦੇ ਹਾਂ ਕਿ ਅਫ਼ਰੀਕੀ ਰਾਜਨੀਤੀ ਦੀਆਂ ਮਹਾਨ ਹਸਤੀਆਂ ਸਾਹਮਣੇ ਜੇਕਰ ਖੜਾ ਕਰਨਾ ਹੀ ਹੋਵੇ ਤਾਂ ਨਗੂਗੀ ਨੂੰ ਅਮਲਿਕਰ ਕਬਰਾਲ ਅਤੇ ਪੈਟਰਿਸ ਲੁਮੁੰਬਾ ਨਾਲ਼ ਰੱਖਿਆ ਜਾ ਸਕਦਾ ਹੈ। ਭੁੱਲਣਾ ਨਹੀਂ ਚਾਹੀਦਾ ਕਿ ਘਾਨਾ ‘ਚ ਸੱਤ੍ਹਾ ਤੋਂ ਵਾਂਝੇ ਹੋਣ ਤੋਂ ਪਹਿਲਾ ਇਨਕਰੂਮਾ ਦੀਆਂ ਖਿੱਚਪਾਊ ਅਤੇ ਰੈਡੀਕਲ ਗੱਲਾਂ ਅਤੇ ਉਹਨਾਂ ਦੀ ਅਮਲੀ ਸਿਆਸਤ ਦਾ ਪਾੜਾ ਸਪੱਸ਼ਟ ਹੋ ਚੁੱਕਾ ਸੀ, ਕੀਨੀਆ ‘ਚ ਸੱਤ੍ਹਾ ‘ਚ ਆਉਣ ਤੋਂ ਮਗਰੋਂ ਜੋਮੋ ਕੇਨਯਾਟਾ ਦੀ ਸਰਕਾਰ ਅੰਤ ‘ਚ ਇਕ ਭ੍ਰਿਸ਼ਟ, ਜਾਬਰ ਅਤੇ ਸਾਮਰਾਜਵਾਦ-ਪ੍ਰਸਤ ਸਰਕਾਰ ਬਣ ਗਈ ਸੀ (ਜਿਸ ਵਿਰੁੱਧ ਅਵਾਜ਼ ਚੁੱਕਣ ਦੀ ਕੀਮਤ ਖੁਦ ਨਗੂਗੀ ਨੂੰ ਚੁਕਾਉਣੀ ਪਈ ਸੀ) ਅਤੇ ਦੱਖਣੀ ਅਫ਼ਰੀਕਾ ‘ਚ ਸੱਤ੍ਹਾ ‘ਚ ਆਉਣ ਤੋਂ ਮਗਰੋਂ ਖੁਦ ਨੇਲਸਨ ਮੰਡੇਲਾ ਨੇ ਹੀ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ‘ਤੇ ਅਮਲ ਦੀ ਸ਼ੁਰੂਆਤ ਕੀਤੀ ਸੀ, ਜਦੋਂ ਕਿ ਸਾਹਿਤ ਦੀ ਦੁਨੀਆਂ ‘ਚ ਨਗੂਗੀ ਦੀਆਂ ਪ੍ਰਤੀਬੱਧਤਾਵਾਂ ਲਗਾਤਾਰ ਅਡੋਲ ਬਣੀਆਂ ਰਹੀਆਂ ਹਨ।

ਬਸਤੀਵਾਦੀ ਅਤੇ ਉੱਤਰ-ਬਸਤੀਵਾਦੀ ਸਮਾਜਾਂ ‘ਚ ਭਾਸ਼ਾ ਸਿੱਖਿਆ ਅਤੇ ਸੱਭਿਆਚਾਰ ਨਾਲ਼ ਰਾਜਨੀਤੀ ਦੇ ਰਿਸ਼ਤੇ ‘ਤੇ ਇੰਝ ਕਹੋ ਕਿ ਸਿੱਖਿਆ-ਸੱਭਿਆਚਾਰ ਅਤੇ ਭਾਸ਼ਾ ਦੀ ਸਿਆਸਤ ‘ਤੇ ਨਗੂਗੀ ਦਾ ਚਿੰਤਨ ਕਈ ਅਰਥਾਂ ‘ਚ ਮੌਲਿਕ ਹੈ ਅਤੇ ‘ਪਾਥਬ੍ਰੇਕਿੰਗ’ ਹੈ। ਇਸ ‘ਚ ਵੀ ਭਾਸ਼ਾ ਦੇ ਸਵਾਲ ‘ਤੇ ਨਗੂਗੀ ਦਾ ਚਿੰਤਨ ਵਿਸ਼ੇਸ਼ ਤੌਰ ‘ਤੇ ਵਿਚਾਰ ਉਤੇਜਕ ਹੈ। ਭਾਸ਼ਾ ਦੇ ਸਵਾਲ ‘ਤੇ ਮਾਰਕਸਵਾਦੀ ਚਿੰਤਨ-ਪਰੰਪਰਾ ‘ਚ ਰੂਸੀ ਭਾਸ਼ਾਸ਼ਾਸਤਰੀ ਵੀ. ਐੱਨ. ਵੋਲੋਸ਼ਿਨੋਵ ਦਾ ਚਿੰਤਨ ਸੰਭਾਵੀ ਤੌਰ ‘ਤੇ ਸਭ ਤੋਂ ਬੁਨਿਆਦੀ ਅਤੇ ਮੌਲਿਕ ਸੀ। ਵੋਲੋਸ਼ਿਨੋਵ (ਐਨ. ਵਾਈ. ਮਾਰ ਦੀ ‘ਕਲਾਸ ਰਿਡਕਸ਼ਨਿਸਟ’ ਪੱਧਤੀ ਦੇ ਉਲਟ) ਭਾਸ਼ਾ ਦੇ ਜਮਾਤੀ ਖਾਸੇ ਦੇ ਸਿਧਾਂਤ ਨੂੰ ਨਹੀਂ ਮੰਨਦੇ ਸਨ, ਨਾ ਹੀ ਉਹ ਉਸਨੂੰ ਉੱਚ-ਉਸਾਰ ਦਾ ਅੰਗ ਮੰਨਦੇ ਸਨ। ਉਹ ਭਾਸ਼ਾ ਨੂੰ ਇਕ ਸਮਾਜਿਕ-ਵਿਚਾਰਧਾਰਕ ਵਰਤਾਰਾ ਮੰਨਦੇ ਸਨ, ਪਰ ਭਾਸ਼ਾਈ ਲੋਕਾਂ ਦਰਮਿਆਨ ਦੇ ਭੇਦ ਨੂੰ ਉਹ ਜਮਾਤੀ ਪਾੜੇ ਦੇ ਤੁੱਲ ਨਹੀਂ ਮੰਨਦੇ ਸਨ ਕਿਉਂਕਿ ਵਿਭਿੰਨ ਜਮਾਤਾਂ ਇਕ ਹੀ ਭਾਸ਼ਾ ਦੀ ਵਰਤੋਂ ਕਰਦੀਆਂ ਹਨ। ਉਹਨਾਂ ਦੀ ਮਹੱਤਵਪੂਰਨ ਧਾਰਨਾ ਇਹ ਸੀ ਕਿ ਜਮਾਤੀ ਸਮਾਜ ‘ਚ ਭਾਸ਼ਾ ਖੁਦ ਜਮਾਤੀ ਸੰਘਰਸ਼ ਦਾ ਇਕ ਖੇਤਰ ਬਣ ਜਾਂਦੀ ਹੈ, ਜਾਂ ਇੰਝ ਕਹੋ ਕਿ ਖੁਦ ਭਾਸ਼ਾ ਅੰਦਰ ਜਮਾਤੀ ਸੰਘਰਸ਼ ਜਾਰੀ ਰਹਿੰਦਾ ਹੈ। ਨਗੂਗੀ ਤੋਂ ਪਹਿਲਾਂ ਮਾਰਕਸਵਾਦੀ ਭਾਸ਼ਾ ਸ਼ਾਸਤਰ ਨੇ ਵੀ ਇਸੇ ਸਵਾਲ ‘ਤੇ ਇੱਕਸਾਰ ਅਤੇ ਚੌਤਰਫਾ ਢੰਗ ਨਾਲ਼ ਵਿਚਾਰ ਨਹੀਂ ਕੀਤਾ ਸੀ ਕਿ ਬਸਤੀਵਾਦੀਆਂ ਨੇ ਕਿਸ ਪ੍ਰਕਾਰ ਸਿੱਖਿਆ ਅਤੇ ਸੱਭਿਆਚਾਰ ਦੇ ਮਾਧਿਅਮ ਦੇ ਤੌਰ ‘ਤੇ ਆਪਣੀ ਭਾਸ਼ਾ ਨੂੰ ਬਸਤੀਆਂ ਦੇ ਲੋਕਾਂ ‘ਤੇ ਲੱਦਦੇ ਹੋਏ, ਭਾਸ਼ਾ ਦੀ ਮਾਨਸਿਕ-ਬੌਧਿਕ-ਸੱਭਿਆਚਾਰਕ ਗੁਲਾਮੀ ਦੇ ਸੰਦ ਦੇ ਤੌਰ ‘ਤੇ ਸਿਆਸੀ ਗਲਬਾ ਕਾਇਮ ਕਰਨ ਦੇ ਇਕ ਸੰਦ ਦੇ ਰੂਪ ‘ਚ ਵਰਤੋਂ ਕੀਤੀ। ਇਸੇ ਭਾਸ਼ਾ ‘ਚ ਸਿੱਖਿਆ ਹਾਸਲ ਕਰਨ ਵਾਲੇ ਮੱਧਵਰਗ ਦਾ ਵੱਡਾ ਹਿੱਸਾ ਬਸਤੀਵਾਦੀ ਪ੍ਰਸ਼ਾਸ਼ਨਿਕ ਪ੍ਰਬੰਧ ਦਾ ਕਲ-ਪੁਰਜਾ, ਉਸ ਪ੍ਰਤੀ ਨਿਸ਼ਠਾਵਾਨ ਸੀ ਅਤੇ ਲੋਕ-ਵਿਰੋਧੀ ਸੀ। ਇਸ ਸਿੱਖਿਅਤ ਮੱਧਵਰਗ ਦੀ ਜਿਹੜੀ ਵਿਆਪਕ ਆਮ ਪਰਤ ਕੌਮੀ ਭਾਵਨਾਵਾਂ ਤੋਂ ਪ੍ਰਭਾਵਿਤ ਹੋਈ ਅਤੇ ਲੋਕਾਂ ਨਾਲ਼ ਕੌਮੀ ਮੁਕਤੀ ਘੋਲਾਂ ਦੀ ਹਿੱਸੇਦਾਰ ਬਣੀ, ਉਹ ਵੀ ਬਸਤੀਵਾਦੀਆਂ ਦੀ ਥੋਪੀ ਹੋਈ ਭਾਸ਼ਾ ‘ਚ ਸਿੱਖਿਅਤ ਹੋਣ ਅਤੇ ਉਸੇ ਭਾਸ਼ਾ ਜ਼ਰੀਏ ਸੱਭਿਆਚਾਰਕ ਪ੍ਰਾਣੀ ਬਣਨ ਨਾਤੇ ਆਮ ਕਿਰਤੀ ਲੋਕਾਂ ਤੋਂ ਦੂਰ ਸੀ, ਉਸ ਨਾਲ਼ ਉਸਦਾ ਆਪਸੀ ਅਵਿਸ਼ਵਾਸ ਦਾ ਰਿਸ਼ਤਾ ਸੀ। ਇਸੇ ਮੱਧਵਰਗ ਅੰਦਰੋਂ ਅਫ਼ਰੀਕਾ ਦੀ ਨਵੀਂ ਕੌਮੀ ਪੂੰਜੀਪਤੀ ਜਮਾਤ ਵਿਕਸਤ ਹੋਈ ਸੀ, ਜਿਸ ਨੇ ਉਗੱਰ ਮੁਕਤੀ ਘੋਲਾਂ ਮਗਰੋਂ ਸੱਤ੍ਹਾ ਹਾਸਿਲ ਕੀਤੀ। ਪਰ ਸੱਤ੍ਹਾ ਹਾਸਿਲ ਕਰਦੇ ਹੀ ਇਸ ਪੂੰਜੀਪਤੀ ਜਮਾਤ ਦਾ ਕੌਮੀ ਚਰਿੱਤਰ ਤੇਜ਼ੀ ਨਾਲ਼ ਖੁਰਿਆ-ਖਿੰਡਿਆ ਅਤੇ ਲੋਕਾਂ ਤੋਂ ਦੂਰੀ ਤੇਜ਼ੀ ਨਾਲ਼ ਵਧੀ। ਇਹ ਦੇਸੀ ਪੂੰਜੀਪਤੀ ਜਮਾਤ ਵੀ ਹਰ ਪੂੰਜੀਪਤੀ ਜਮਾਤ ਤਰ੍ਹਾਂ ਇਕ ਲੋਟੂ ਜਮਾਤ ਸੀ ਅਤੇ ਸੱਤ੍ਹਾ ‘ਚ ਆਉਣ ਮਗਰੋਂ ਇਸ ਦਾ ਨੰਗਾ ਰੂਪ ਸਾਮਹਣੇ ਆਉਣਾ ਹੀ ਸੀ। ਸਾਮਰਾਜਵਾਦੀ ਸਦੀ ਦੇ ਪਿਛਲੇ ਅੱਧ ‘ਚ ਇਕ ਪਿਛੜੇ ਦੇਸ਼ ਦੀ ਪੂੰਜੀਪਤੀ ਜਮਾਤ ਨਾ ਤਾਂ ਸੰਸਾਰ-ਪੂੰਜੀਵਾਦ ਤੋਂ ਫੈਸਲਾਕੁੰਨ ਤੋੜ-ਵਿਛੋੜਾ ਕਰ ਸਕਦੀ ਸੀ, ਨਾ ਹੀ ਪੂੰਜੀਵਾਦੀ ਜਮਹੂਰੀਅਤ ਦਾ ਵਿਆਪਕ ਸਮਾਜਿਕ-ਆਰਥਿਕ ਅਧਾਰ ਤਿਆਰ ਕਰ ਸਕਦੀ ਸੀ। ਫ਼ਰਕ ਸਿਰਫ਼ ਇੰਨਾ ਪਿਆ ਕਿ ਇਕ ਸਾਮਰਾਜਵਾਦੀ ਮੁਲਕ ਦੀ ਸਿੱਧੀ ਗੁਲਾਮੀ ਦੀ ਬਜਾਏ ਕਈ ਸਾਮਰਾਜਵਾਦੀ ਮੁਲਕਾਂ ਤੋਂ ਪੂੰਜੀ ਮੰਗਵਾਉਣ (ਸੌਦੇਬਾਜ਼ੀ ਕਰਨ) ਦੀ ਦੇਸੀ ਪੂੰਜੀਪਤੀ ਜਮਾਤ ਨੂੰ ਖੁੱਲ੍ਹ ਮਿਲ ਗਈ, ਪੂੰਜੀਵਾਦੀ ਵਿਕਾਸ ਹੋਇਆ, ਪਰ ਲੋਕਾਂ ਦੀ ਲੁੱਟ-ਜ਼ਬਰ ਨਾ ਸਿਰਫ਼ ਜਾਰੀ ਰਹੀ, ਸਗੋਂ ਉਸ ਦੀ ਪ੍ਰਣਾਲੀ ਅਤੇ ਕਾਰਜਪ੍ਰਣਾਲੀ ਹੋਰ ਵੱਧ ਗੁੰਝਲਦਾਰ ਹੋ ਗਈ। ਇਕ ਛੋਟੀ ਜਿਹੀ ਸਿੱਖਿਅਤ ਨਿਮਨ ਬੁਰਜੂਆ ਕੁਲੀਨਾਂ ਦੀ ਪਰਤ ਸੀ, ਜਿਹੜੀ ਸ਼ਾਸਨ-ਪ੍ਰਸ਼ਾਸਨ ਅਤੇ ਸਿੱਖਿਆ-ਸੱਭਿਆਚਾਰ ਦੀ ਪ੍ਰਣਾਲੀ ‘ਤੇ ਕਾਬਜ਼ ਸੀ। ਇਸ ਦਾ ਕੰਮ ਸੱਭਿਆਚਾਰ ਅਤੇ ਜੀਉਣ ਢੰਗ ਘੱਟ ਜਾਂ ਵੱਧ ਬਸਤੀਵਾਦੀ ਬੌਧਿਕ ਤਬਕੇ ਜਿਹਾ ਹੀ ਸੀ। ਇਹਨਾਂ ਵਿਚੋਂ ਆਉਣ ਵਾਲੇ ਨੇਤਾ, ਨੌਕਰਸ਼ਾਹ ਅਤੇ ਕੁਲੀਨ ਬੁੱਧੀਜੀਵੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ‘ਚ ਡੁੱਬੇ ਸਨ ਅਤੇ ਅਫ਼ਰੀਕਾ ਸਹਿਤ ਸਾਰੇ ਉੱਤਰ-ਬਸਤੀਵਾਦੀ ਸਮਾਜਾਂ ‘ਚ ਪੂੰਜੀਵਾਦੀ ਜਮੂਹਰੀਅਤ ਦਾ ਹਸਾਉਣਾ ਦ੍ਰਿਸ਼ ਸਾਹਮਣੇ ਸੀ। ਇਸ ਨਵੀਂ ਪੂੰਜੀਪਤੀ ਜਮਾਤ ਅਤੇ ਮੱਧਵਰਗੀ ਕੁਲੀਨਾਂ ਨੇ ਵੀ ਲੋਕਾਂ ਨੂੰ ਸ਼ਾਸਨ-ਪ੍ਰਸ਼ਾਸਨ ਦੇ ”ਅੰਦਰੂਨੀ ਰਹੱਸਾਂ” ਤੋਂ ਦੂਰ ਰੱਖਣਾ ਸੀ, ਇਹਨਾਂ ਨੇ ਵੀ ਅੰਦਰੂਨੀ ਜ਼ਹਿਨੀ ਗੁਲਾਮੀ ਅਤੇ ਸਿਆਸੀ ਗਲਬੇ ਦੇ ਸੰਦ ਦੇ ਰੂਪ ‘ਚ ਸਿੱਖਿਆ, ਸੱਭਿਆਚਾਰ ਅਤੇ ਭਾਸ਼ਾ ਦੀ ਵਰਤੋਂ ਕਰਨਾ ਸੀ ਅਤੇ ਇਹਨਾਂ ਨੇ ਵੀ ਆਪਣੀ ਸੱਭਿਆਚਾਰਕ ਅਮੀਰੀ ਅਤੇ ਵਿਸ਼ੇਸ਼ ਅਧਿਕਾਰਾਂ ਦੇ ਦੀਪ ਨੂੰ ਲੋਕਾਂ ਤੋਂ ਸੁਰੱਖਿਅਤ ਅਤੇ ਅਛੂਤਾ ਰੱਖਣਾ ਸੀ। ਇਸ ਲਈ ਨਵੀਂ ਹਾਕਮ ਜਮਾਤ ਨੇ ਵੀ ਅੰਗਰੇਜ਼ੀ, ਫਰੈਂਚ ਜਿਹੀਆਂ ਬਸਤੀਵਾਦੀ ਹਾਕਮਾਂ ਦੀ ਭਾਸ਼ਾ ਨੂੰ ਅਤੇ ਬਸਤੀਵਾਦੀ ਦੌਰ ਦੀ ਸਿੱਖਿਆ ਪ੍ਰਣਾਲੀ ਅਤੇ ਸੱਭਿਆਚਾਰ ਦੀ ਵਿਰਾਸਤ ਨੂੰ (ਕੁੱਝ ਰੰਗਰੋਗਨ ਅਤੇ ਟਾਕੀਸਾਜ਼ੀ ਨਾਲ) ਬਰਕਰਾਰ ਰੱਖਿਆ। ਅੱਜ ਭੂ-ਮੰਡਲੀਕਰਨ ਦੇ ਦੌਰ ‘ਚ ਜਦੋਂ  ਇਕ ਸੰਸਾਰ ਭਾਸ਼ਾ ਦੇ ਰੂਪ ‘ਚ ਅੰਗਰੇਜ਼ੀ ਦੀ ਪ੍ਰਵਾਨਗੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਉਸਦੇ ਪਿਛੇ ਵੀ ਇਕ ਬਾਹਰਮੁਖੀ ਲੋੜ ਦੀ ਮਜਬੂਰੀ ਨਹੀਂ, ਸਗੋਂ ਪੱਛਮ ਦੇ ਗਲਬੇ ਦੀ ਪ੍ਰਵਾਨਗੀ ਬੁਨਿਆਦੀ ਗੱਲ ਹੈ।

ਕੀਨੀਆ ਦੇ ਕਿਆਬੁੰ ਜ਼ਿਲ੍ਹੇ ‘ਚ ਗਿਕੂ ਕਬੀਲੇ ਦੇ ਇਕ ਪਰਿਵਾਰ ‘ਚ 1938 ‘ਚ ਜਨਮੇ ਨਗੂਗੀ ਦਾ ਪੂਰਾ ਪਰਿਵਾਰ ਬਸਤੀਵਾਦ-ਵਿਰੋਧੀ ਮਾਊ-ਮਾਊ ਹਥਿਆਰਬੰਦ ਲੋਕ ਵਿਦਰੋਹ ਦੀ ਗਰਮੀ ਤੋਂ ਪ੍ਰਭਾਵਿਤ ਹੋਇਆ ਸੀ। ਉਹਨਾਂ ਦਾ ਮਤਰੇਆ ਭਰਾ ਉਸ ‘ਚ ਮਾਰਿਆ ਗਿਆ ਅਤੇ ਮਾਂ ਨੂੰ ਬਸਤੀਵਾਦੀ ਪੁਲਿਸ ਨੇ ਭਿਆਨਕ ਤਸੀਹੇ ਦਿੱਤੇ। 1955-59 ਦੌਰਾਨ ਅਲਾਇੰਸ ਹਾਈ ਸਕੂਲ ਵਿੱਚ ਪੜ੍ਹਨ ਮਗਰੋਂ ਨਗੂਗੀ ਉਗਾਂਡਾ ਦੀ ਰਾਜਧਾਨੀ ਕੰਪਾਲਾ ਚਲੇ ਗਏ। ਉੱਥੇ ਉਹਨਾਂ ਨੇ ਮੈਕਰੇਰੇ ਯੂਨੀਵਰਸਿਟੀ ਕਾਲਜ ‘ਚ 1964 ‘ਚ ਅੰਗਰੇਜ਼ੀ ਭਾਸ਼ਾ-ਸਾਹਿਤ ‘ਚ ਗਰੈਜੂਏਟ ਦੀ ਉਪਾਧੀ ਹਾਸਲ ਕੀਤੀ।

ਕੰਪਾਲਾ ‘ਚ ਪੜ੍ਹਦੇ ਸਮੇਂ ਹੀ ਉਹਨਾਂ ਦੇ ਪਹਿਲੇ ਨਾਟਕ ‘ਦਿ ਬਲੈਕ ਹਰਮਿਟ’ ਦਾ ਮੰਚਨ ਹੋਇਆ ਅਤੇ ਇਸ ਨੂੰ ਕਾਫੀ ਸਰਾਹਿਆ ਗਿਆ। 1962 ‘ਚ ਇਸਦਾ ਪੁਸਤਕਾਕਾਰ ਪ੍ਰਕਾਸ਼ਨ ਹੋਇਆ। 1963 ‘ਚ ਸਾਹਿਤ ‘ਚ ਆਪਣਾ ਅਧਿਐਨ ਜਾਰੀ ਰੱਖਣ ਲਈ ਬ੍ਰਿਟੇਨ ਦੀ ਲੀਡਜ਼ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਨਗੂਗੀ ਨੇ ਛੇ ਮਹੀਨੇ ਤੱਕ ਨੈਰੋਬੀ ਦੇ ਇਕ ਅਖ਼ਬਾਰ ‘ਡੇਲੀ ਨੇਸ਼ਨ’ ਲਈ ਬਤੌਰ ਪੱਤਰਕਾਰ ਕੰਮ ਕੀਤਾ।

ਲੀਡਜ਼ ਦੇ ਵਿਦਿਆਰਥੀ ਜੀਵਨ ਦੌਰਾਨ ਹੀ ਨਗੂਗੀ ਦਾ ਪਹਿਲਾ ਨਾਵਲ ‘ਵੀਪ ਨਾਟ ਚਾਇਲਡ’ 1964 ‘ਚ ਪ੍ਰਕਾਸ਼ਿਤ ਹੋਇਆ। ਇਹ ਕਿਸੇ ਪੂਰਵੀ ਅਫ਼ਰੀਕੀ ਵਿਅਕਤੀ ਰਾਹੀਂ ਅੰਗਰੇਜ਼ੀ ‘ਚ ਲਿਖਿਆ ਗਿਆ ਪਹਿਲਾ ਨਾਵਲ ਸੀ। ‘ਵੀਪ ਨਾਟ, ਚਾਇਲਡ’ ਦੀ ਪਿੱਠਭੂਮੀ ਮਾਊ-ਮਾਊ ਹਥਿਆਰਬੰਦ ਲੋਕ ਵਿਦਰੋਹ ਹੈ। ਇਹ ਸਮਾਂ ਸੀ ਜਦੋਂ ਪੂਰੇ ਅਫ਼ਰੀਕੀ ਮਹਾਂਦੀਪ ‘ਚ ਲੋਕ ਮੁਕਤੀ ਸੰਘਰਸ਼ ਦਾ ਜਵਾਰ ਸ਼ਿਖਰ ‘ਤੇ ਸੀ। ਅਫ਼ਰੀਕੀ ਸਾਹਿਤ-ਕਲਾ-ਸੱਭਿਆਚਾਰ ‘ਚ ਵੀ ਕੌਮੀ ਨਵ-ਜਾਗਰਣ ਦੀ ਲਹਿਰ ਉਭਾਰ ‘ਤੇ ਸੀ। ਨਗੂਗੀ ਦੇ ਪਹਿਲੇ ਨਾਵਲ ਨੇ ਹੀ ਉਹਨਾਂ ਨੂੰ ਸਮੂਚੇ ਪੂਰਵੀ ਅਫ਼ਰੀਕਾ ਦੇ ਚਰਚਿਤ ਅਤੇ ਸਥਾਪਿਤ ਲੇਖਕਾਂ ਦੀ ਕਤਾਰ ‘ਚ ਲਿਆ ਖੜਾ ਕੀਤਾ। 1965 ‘ਚ ਡਕਾਰ ਸੱਭਿਆਚਾਰ ਸਮਾਰੋਹ (ਸੇਨੇਗਲ) ‘ਚ ਇਸ ਨਾਵਲ ਲਈ ਨਗੂਗੀ ਨੂੰ ਅਸ਼ਵੇਤ ਕਲਾ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ।

1963 ‘ਚ ਕੀਨੀਆ ‘ਤੇ ਬ੍ਰਿਟਿਸ਼ ਗਲਬੇ ਦਾ ਖਾਤਮਾ ਹੋਇਆ। ਲਗਭਗ ਇਕ ਦਹਾਕੇ ਦੇ ਲੋਕ ਘੋਲਾਂ ਮਗਰੋਂ ਉਸਦੀ ਰਾਜਨੀਤਕ ਅਜ਼ਾਦੀ ਦਾ ਰਸਮੀ ਐਲਾਨ ਕੀਤਾ ਗਿਆ। 1965 ‘ਚ ਕੀਨੀਆ ਪਰਤਣ ਮਗਰੋਂ ਨਗੂਗੀ ਵੱਖ-ਵੱਖ ਸਕੂਲਾਂ ਦਾ ਅਧਿਐਨ ਕਰਦੇ ਹੋਏ, ਖਾਲੀ ਸਮੇਂ ‘ਚ ਲੇਖਣ-ਕਾਰਜ ਕਰਦੇ ਰਹੇ। 1967 ਤੋਂ ਲੈ ਕੇ ਜਨਵਰੀ 1969 ਤੱਕ ਉਹ ਨੈਰੋਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ‘ਚ ਬੁਲਾਰੇ ਰਹੇ। ਫਿਰ ਇਕ ਵਿਦਿਆਰਥੀ ਹੜਤਾਲ ਦੌਰਾਨ ਪ੍ਰਸ਼ਾਸਨ ਦਾ ਵਿਰੋਧ ਕਰਦੇ ਹੋਏ ਉਹਨਾਂ ਨੇ ਅਸਤੀਫਾ ਦੇ ਦਿੱਤਾ। 1970-71 ਦੌਰਾਨ ਉਹਨਾਂ ਨੇ ਨਾਰਥ ਵੇਸਟ ਯੂਨੀਵਰਸਿਟੀ, ਇਲਿਨਾਇਸ ‘ਚ ਕੁੱਝ ਦਿਨਾਂ ਤੱਕ ਅਫ਼ਰੀਕੀ ਸਾਹਿਤ ਪੜਾਇਆ ਅਤੇ ਫਿਰ ਨੈਰੋਬੀ ਯੂਨੀਵਰਸਿਟੀ ਪਰਤ ਆਏ ਜਿੱਥੇ ਉਹਨਾਂ ਨੂੰ ਅੰਗਰੇਜ਼ੀ ਵਿਭਾਗ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸ ਅਹੁਦੇ ‘ਤੇ ਉਹ 1971 ਤੱਕ ਰਹੇ।

1965 ‘ਚ ਨਗੂਗੀ ਦਾ ਦੂਜਾ ਨਾਵਲ ‘ਦਿ ਰਿਵਰ ਬਿਣਵੀਨ’ ਛਪਿਆ। ਇਸ ਨਾਵਲ ਦੀ ਪਿਠਭੂਮੀ ‘ਚ ਵੀ ਮਾਊ-ਮਾਊ ਲੋਕ-ਵਿਦਰੋਹ ਮੌਜੂਦ ਹੈ। ਇਸ ‘ਚ ਗਿਕੂ ਪਰਿਵਾਰਕ ਜੀਵਨ ਅਤੇ ਮਹੌਲ ‘ਤੇ ਲੋਕਵਿਦਰੋਹ ਦੇ ਅਸਰ ਦੀ ਅਤੇ ਪੇਂਡੂ ਗਿਕੂ ਸਮਾਜ ‘ਤੇ ਅਜ਼ਾਦ ਸਕੂਲ ਲਹਿਰ ਦੇ ਰੈਡੀਕਲ ਅਸਰ ਦਾ ਪ੍ਰਮਾਣਿਕ ਇਤਿਹਾਸਕ ਚਿੱਤਰਣ ਪੇਸ਼ ਕੀਤਾ ਗਿਆ ਹੈ। ਨਗੂਗੀ ਦੇ ਤੀਜ਼ੇ ਨਾਵਲ ‘ਏ ਗਰੇਨ ਆਫ ਹਵੀਟ’ (1967) ‘ਤੇ ਫ਼ਰਾਂਜ ਫੈਨਨ ਟਾਇਪ ਮਾਰਕਸਵਾਦ ਦਾ ਸਪੱਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ, ਇਸ ਦੀ ਕਹਾਣੀ ਮਾਊ-ਮਾਊ ਲੋਕ-ਵਿਦਰੋਹ ਸਮੇਂ ਤੋਂ ਲੈ ਕੇ ਕੀਨੀਆ ਦੀ ਅਜ਼ਾਦੀ ਦੇ ਪਹੁਫੁਟਾਲੇ ਤੱਕ ਦੇ ਸਮੇਂ ਨੂੰ ਆਪਣੇ ਕਲੇਵਰ ‘ਚ ਸਮੇਟਦੀ ਹੈ। ਜਿਹਾ ਕਿ ਨਗੂਗੀ ਨੇ ਖੁਦ ਲਿਖਿਆ ਹੈ, ”ਇਹ ਸਮਾਂ (ਅਜ਼ਾਦੀ ਮਿਲਣ ਤੋਂ ਐਨ ਪਹਿਲਾਂ ਦਾ ਸਮਾਂ) ਅਣਘੋਰ ਕੁੜੱਤਣ ਦਾ ਸਮਾਂ ਸੀ। ਅੰਗਰੇਜ਼ਾਂ ਨਾਲ਼ ਲੜਨ ਵਾਲੇ ਕਿਸਾਨ ਹੁਣ ਦੇਖ ਰਹੇ ਸਨ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਲਈ ਉਹ ਲੜੇ ਚੁੱਕ ਕੇ ਇਕ ਪਾਸੇ ਰੱਖ ਦਿੱਤਾ ਗਿਆ ਹੈ।” ਇਹ ਸਮਾਂ ਸੀ ਜਦੋਂ ਨਗੂਗੀ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ‘ਚ ਬਸਤੀਵਾਦ ਦੇ ਅਸਰ ਅਤੇ ਜਿਹਨੀ-ਗੁਲਾਮੀ ‘ਚ ਵਿਦੇਸ਼ੀ ਭਾਸ਼ਾ ਦੇ ਅਸਰ ਨੂੰ ਨਾ ਸਿਰਫ਼ ਮਹਿਸੂਸ ਕਰ ਰਹੇ ਸਨ, ਸਗੋਂ ਉਸਦਾ ਡੂੰਘਾ ਅਧਿਐਨ-ਵਿਸ਼ਲੇਸ਼ਣ ਕਰ ਰਹੇ ਸਨ। ਉਹਨਾਂ ਨੇ ਬਸਤੀਵਾਦੀਆਂ ਰਾਹੀਂ ਈਸਾਇਅਤ ਦੀ ਸਿਆਸੀ-ਸੱਭਿਆਚਾਰਕ ਵਰਤੋਂ ‘ਤੇ ਗੌਰ ਕੀਤਾ। ਇਹਨਾਂ ਸਭ ਦਾ ਸਿੱਟਾ ਸੀ ਕਿ ਉਹਨਾਂ ਨੇ ਨੈਰੋਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੂੰ ਬਦਲ ਕੇ ਅਫ਼ਰੀਕੀ ਭਾਸ਼ਾਵਾਂ ਅਤੇ ਸਾਹਿਤ ਦੇ ਵਿਭਾਗ ਦੀ ਸਥਾਪਤੀ ਲਈ ਸੰਘਰਸ਼ ਚਲਾਇਆ ਅਤੇ ਇਸ ‘ਚ ਉਹਨਾਂ ਨੂੰ ਸਫ਼ਲਤਾ ਮਿਲੀ। ਇਸ ਦੌਰਾਨ ਆਪਣਾ ਅੰਗਰੇਜ਼ੀ ਈਸਾਈ ਨਾਅ ਜੇਮਸ ਨਗੂਗੀ ਨੂੰ ਬਦਲ ਕੇ (ਕਿਉਂਕਿ ਉਹ ਉਸਨੂੰ ਇਕ ਬਸਤੀਵਾਦੀ ਅਸਰ ਮੰਨਦੇ ਸਨ) ਗਿਕੂ ਜਾਤੀ ਪ੍ਰੰਪਰਾ ਦਾ ਨਾਂਅ ਨਗੂਗੀ ਵਾ ਥਯੌਂਗੋ ਅਪਣਾ ਲਿਆ। ਹੁਣ ਨਗੂਗੀ ਨੇ ਅੰਗਰੇਜ਼ੀ ਤੋਂ ਇਲਾਵਾ ਗਿਕੂ ਅਤੇ ਸਵਾਹਿਲੀ ‘ਚ ਵੀ ਲਿਖਣ ਦੀ ਸ਼ੁਰੂਆਤ ਕੀਤੀ। 1977 ‘ਚ ਆਪਣੇ ਚੌਥੇ ਨਾਵਲ ‘ਪੇਟਲਸ ਆਫ਼ ਬਲੱਡ’ ਮਗਰੋਂ ਉਹਨਾਂ ਨੇ ਫੈਸਲਾ ਲਿਆ ਕਿ ਹੁਣ ਉਹ ਆਪਣੀ ਸਾਰੀ ਸਿਰਜਣਾਤਮਕ ਲੇਖਣੀ ਗਿਕੂ ਭਾਸ਼ਾ ‘ਚ ਹੀ ਕਰਨਗੇ।

1970 ਦੇ ਦਹਾਕੇ ਦੇ ਮੱਧ ਤੱਕ ਨਗੂਗੀ ਦੇ ਅਧਿਐਨ ਦਾ ਵਿਸ਼ਾ ਅਤੇ ਹਮਲੇ ਦਾ ਨਿਸ਼ਾਨਾ ਅਜ਼ਾਦੀ ਪ੍ਰਾਪਤੀ ਮਗਰੋਂ ਸੱਤ੍ਹਾ ‘ਚ ਆਈ ਉਹ ਦੇਸੀ ਪੂੰਜੀਪਤੀ ਜਮਾਤ ਬਣ ਚੁੱਕੀ ਸੀ ਜਿਹੜੀ ਕੌਮੀ ਮੁਕਤੀ ਦੀਆਂ ਲੋਕ ਅਕਾਂਖਿਆਵਾਂ ਨਾਲ਼ ਵਿਸਾਹਘਾਤ ਕਰਕੇ ਸਾਮਰਾਜਵਾਦ ਨਲ਼ ਅਪਵਿੱਤਰ ਗਠਜੋੜ ਬਣਾ ਰਹੀ ਸੀ। ਉਹਨਾਂ ਦੇ ਅਧਿਐਨ ਦਾ ਦਾਇਰਾ ਵਿਆਪਕ ਸੀ ਜਿਸ ‘ਚ ਉੱਤਰ-ਬਸਤੀਵਾਦੀ ਸੱਤ੍ਹਾ ਦੀ ਪ੍ਰਕਿਰਤੀ, ਸਮਾਜਿਕ ਸੰਰਚਨਾ, ਭਾਸ਼ਾ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ‘ਚ ਸਾਮਰਾਜਵਾਦੀ ਕਦਰਾਂ, ਨੀਤੀਆਂ ਅਤੇ ਢਾਂਚੇ ਦੇ ਦੇਸੀ ਪੂੰਜੀਪਤੀ ਜਮਾਤ ਰਾਹੀਂ ਆਤਮਸਾਤੀਕਰਨ ਅਤੇ ਸੱਭਿਆਚਾਰਕ ਪ੍ਰਤੀਰੋਧ ਦੇ ਅਯਾਮਾਂ ਅਤੇ ਰੂਪਾਂ ‘ਤੇ ਚਿੰਤਨ ਸ਼ਾਮਲ ਸਨ। ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਨਾ ਕੇਵਲ ਵਿਚਾਰਕ ਲੇਖਣੀ ‘ਚ ਸਗੋਂ ਸਿਰਜਣਾਤਮਕ ਲੇਖਣੀ ‘ਚ ਵੀ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ। 1976 ‘ਚ ਉਹਨਾਂ ਨੇ ਯੂਨੀਵਰਸਿਟੀ ਦੇ ਆਪਣੇ ਇਕ ਸਹਿ ਕਰਮੀ ਮਿਸੇਰੇ ਥਿਏ ਮਯੁਗੋ ਨਾਲ਼ ਮਿਲ ਕੇ ‘ਦਿ ਟਰਾਇਲ ਆਫ ਦੇਦਾਨ ਕਿਮਾਥੀ’ ਨਾਮਕ ਨਾਟਕ ਲਿਖਿਆ। ਕਿਮਾਥੀ ਮਾਊ-ਮਾਊ ਵਿਦਰੋਹ ਦਾ ਆਗੂ ਸੀ, ਜਿਸਨੂੰ ਬ੍ਰਿਟਿਸ਼ ਬਸਤੀਵਾਦੀ ਹਾਕਮਾਂ ਨੇ 1957 ‘ਚ ਫ਼ਾਂਸੀ ਦੇ ਦਿੱਤੀ ਸੀ। ਇਸ ਨਾਟਕ ਦਾ ਮੰਚਨ ਜਦੋਂ ਨੈਸ਼ਨਲ ਥਿਏਟਰ ‘ਚ ਹੋਣਾ ਸੀ, ਉਸ ਸਮੇਂ ਯੁਨੇਸਕੋ ਦਾ ਆਮ ਸੰਮੇਲਨ ਨੈਰੋਬੀ ‘ਚ ਹੋਣ ਵਾਲਾ ਸੀ। ਥਿਏਟਰ ਦੇ ਯੂਰਪੀ ਪ੍ਰਬੰਧਕਾਂ ਨੇ ਇਸ ਦਾ ਮੰਚਨ ਰੋਕਣ ਲਈ ਇਕ ਮਹੀਨੇ ਤੱਕ ਲਈ ਥਿਏਟਰ ਨੂੰ ਇਕ ਹੋਰ ਨਾਟਕ ਲਈ ਬੁੱਕ ਕਰ ਦਿੱਤਾ। ਕੀਨੀਆ ਦੀ ਸਰਕਾਰ ਵੀ ਨਹੀਂ ਚਾਹੁੰਦੀ ਸੀ ਕਿ ਮਾਊ-ਮਾਊ ਵਿਦਰੋਹ ਦੇ ਨਾਇਕ ਅਤੇ ਮੁਕਤੀ ਸੰਘਰਸ਼ ਦੇ ਆਦਰਸ਼ਾਂ ਸੁਪਨਿਆਂ ਦੀ ਯਾਦ ਦਿਵਾ ਕੇ ਸੱਤ੍ਹਾ ‘ਤੇ ਕਾਬਜ਼ ਦੇਸੀ ਪੂੰਜੀਪਤੀ ਜਮਾਤ ਦੇ ਇਤਿਹਾਸਕ ਵਿਸਾਹਘਾਤ ਨੂੰ ਦਰਸਾਇਆ ਜਾਵੇ। ਨਤੀਜਾ ਇਹ ਹੋਇਆ ਕਿ ਨਗੂਗੀ ਨੂੰ ਤੰਗ ਕਰਨ ਦਾ ਦੌਰ ਸ਼ੁਰੂ ਹੋ ਗਿਆ। ਬੜੀ ਮੁਸ਼ਕਿਲ ਨਾਲ਼ ਚਾਰ ਰਾਤਾਂ ਲਈ ਨਾਟ ਪ੍ਰਦਰਸ਼ਨ ਦੀ ਇਜਾਜ਼ਤ ਮਗਰੋਂ ਨਾਟਕ ਦੇ ਸ਼ੋ ਹੋਏ ਤਾਂ ਉਸ ਨੂੰ ਅਪਾਰ ਲੋਕਪ੍ਰਿਅਤਾ ਮਿਲੀ। ਫਿਰ ਨਗੂਗੀ ਨੂੰ ਨੈਰੋਬੀ ਸਥਿਤ ਕ੍ਰਿਮਿਨਲ ਇਨਵੇਸਟਿਗੇਸ਼ਨ ਡਿਪਾਰਟਮੈਂਟ ਦੇ ਹੈੱਡਕਵਾਰਟਰਸ ‘ਚ ਬੁਲਾ ਕੇ ਉਹਨਾਂ ਤੋਂ ਪੁੱਛ ਗਿੱਛ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਉਸ ਸਮੇਂ ਤੱਕ ਨਗੂਗੀ ਦੇਸ਼ ਦੇ ਚੋਟੀ ਦੇ ਬੁੱਧੀਜੀਵੀਆਂ ‘ਚ ਗਿਣੇ ਜਾਣ ਲੱਗੇ ਸਨ, ਪਰ ਇਹ ਇਜੱਤ ਉਹਨਾਂ ਨੂੰ ਹੁਕਮਰਾਨਾਂ ਦੇ ਤਸੀਹਿਆਂ ਤੋਂ ਬਚਾ ਨਾ ਸਕੀ।

1977 ‘ਚ ‘ਪੇਟਲਸ ਆਫ਼ ਬਲੱਡ’ ਦੇ ਪ੍ਰਕਾਸ਼ਨ ਮਗਰੋਂ ਨਗੂਗੀ ਲਈ ਦਹਿਸ਼ਤ ਦੇ ਕਾਲੇ ਦਿਨਾਂ ਦੀ ਸ਼ੁਰੂਆਤ ਹੋ ਗਈ। ਸੰਰਚਨਾ ਅਤੇ ਬਸਤੀਵਾਦੀ ਕਲਾ ਦੀ ਦ੍ਰਿਸ਼ਟੀ ਤੋਂ ਨਗੂਗੀ ਦਾ ਇਹ ਵੱਡਾ ਨਾਵਲ ਗੁੰਝਲਦਾਰ ਹੈ ਅਤੇ ਇਸ ਦੀ ਗਿਣਤੀ ਸਭ ਤੋਂ ਉੱਤਮ ਅਫ਼ਰੀਕੀ ਨਾਵਲਾਂ ‘ਚ ਕੀਤੀ ਜਾਂਦੀ ਹੈ (ਕੁਝ ਅਲੋਚਕ ਤਾਂ ਇਸ ਨੂੰ ਪਹਿਲੇ ਸਥਾਨ ‘ਤੇ ਰੱਖਦੇ ਹਨ)। ਇਹ ਨਾਵਲ ਉੱਤਰ-ਬਸਤੀਵਾਦੀ ਕੀਨੀਆਈ ਸਮਾਜ ਦੀਆਂ ਵਿਸੰਗਤੀਆਂ ਦੀ ਲੋਕਾਂ ਦੇ ਮੋਹਭੰਗ ਦੀ ਸਿਆਸਤਦਾਨਾਂ ਅਤੇ ਨੌਕਰਸ਼ਾਹੀ ਦੇ ਭ੍ਰਿਸ਼ਟਾਚਾਰ ਦੀ, ਬੌਧਿਕ ਕੁਲੀਨਾਂ ਦਾ ਲੋਕਾਂ ਤੋਂ ਮੂੰਹ ਮੋੜ ਲੈਣ ਵੱਲ ਸੱਤ੍ਹਾ ਪ੍ਰਣਾਲੀ ਦੀ ਨਿਰਕੁੰਸ਼ ਮਨਮਾਨੇਪਣ ਦੀ ਖੁੱਲ ਕੇ, ਤੀਖਣ ਅਤੇ ਪ੍ਰਭਾਵਸ਼ਾਲੀ ਅਲੋਚਨਾ ਪੇਸ਼ ਕਰਦਾ ਹੈ। ਇਕ ਤਰ੍ਹਾਂ ਨਾਲ਼ ਇਹ ਅਲੋਚਨਾ ਸਮੁੱਚੇ ਅਫ਼ਰੀਕਾ ਅਤੇ ਸਾਰੇ ਉੱਤਰ-ਬਸਤੀਵਾਦੀ ਸਮਾਜਾਂ ਦੀ ਹਾਕਮ ਜਮਾਤ ਵੱਲ ਸਮਾਜਿਕ-ਸਿਆਸੀ ਢਾਂਚੇ ਦੀ ਇਤਿਹਾਸਕ ਅਲੋਚਨਾ ਬਣ ਗਈ ਹੈ। ‘ਪੇਟਲਸ ਆਫ਼ ਬਲੱਡ’ ਹੱਤਿਆ ਲਈ ਜੇਲ੍ਹ ਦੀ ਸਜ਼ਾ ਭੁਗਤ ਰਹੇ ਚਾਰ ਚਰਿੱਤਰਾਂ ਦੀ ਕਹਾਣੀ ਦੇ ਮਾਧਿਅਮ ਨਾਲ਼ ਕੀਨੀਆ ਦੇ ਸਿਆਸੀ ਸਮਾਜਿਕ ਦ੍ਰਿਸ਼ ਦੀ ਤਸਵੀਰ ਪੇਸ਼ ਕਰਦਾ ਹੈ, ਇਹਨਾਂ ‘ਚ ਇਕ ਕਰੇਗਾ, ਅਧਿਆਪਕ ਅਤੇ ਟਰੇਡ ਯੂਨੀਅਨ ਏਕਟੀਵਿਸਟ ਹੈ, ਦੂਜਾ ਚਰਿੱਤਰ ਮੁਨੀਗ ਦਾ ਹੈ ਜਿਹੜਾ ਕਦੇ ਸਕੂਲ ‘ਚ ਹੈੱਡਮਾਸਟਰ ਸੀ, ਤੀਜਾ ਅਬਦੁੱਲਾ ਇਕ ਦੁਖੀ ਭਾਰਤੀ ਕੀਨੀਆਈ ਜਿਸਨੇ ਅਜ਼ਾਦੀ ਦੀ ਲੜਾਈ ‘ਚ ਹਿੱਸਾ ਲਿਆ ਸੀ, ਚੌਥਾ ਚਰਿੱਤਰ ਵਾਜਾ ਨਾਂਅ ਦੀ ਇੱਕ ਸਾਬਕਾ ਵੇਸ਼ਵਾ ਦਾ ਹੈ ਜਿਹੜੀ ਬਾਅਦ ‘ਚ ਬਾਰ ਮੇਡ ਦੇ ਰੂਪ ‘ਚ ਕੰਮ ਕਰਦੀ ਸੀ।

ਇਸੇ ਸਮੇਂ ਨਗੂਗੀ ਨੇ ਸਿਰਫ ਗਿਕੂ ‘ਚ ਲਿਖਣ ਦਾ ਫੈਸਲਾ ਲਿਆ ਅਤੇ ‘ਪੇਟਲਸ ਆਫ਼ ਬਲੱਡ’ ਦੇ ਪ੍ਰਕਾਸ਼ਨ ਦੇ ਤੁਰੰਤ ਮਗਰੋਂ 1977 ‘ਚ ਹੀ ਗਿਕੂ ਭਾਸ਼ਾ ‘ਚ ਨਗੂਗੀ ਦਾ ਮਿਰੀ ਨਾਲ਼ ਮਿਲ ਕੇ ਲਿਖਿਆ ਗਿਆ ਨਾਟਕ ‘ਨਗਾਹਿਨਾ ਨਦੇਨਾ’ (ਜਿਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ‘ਚ ‘ਆਈ ਵਿਲ ਮੇਰੀ ਵੇਨ੍ਹ ਆਈ ਵਿਲ ਵਾਂਟ’ ਨਾਂਅ ਨਾਲ਼ ਛਪਿਆ ਅਤੇ ਉਸਨੂੰ ਸੰਸਾਰ ਵਿਆਪੀ ਪ੍ਰਸਿੱਧੀ ਮਿਲੀ) ਛਪਿਆ। ਇਸ ਨਾਟਕ ‘ਚ ਨਵੇਂ ਹਾਕਮਾਂ ਦੀ ਅਤੇ ਪੇਂਡੂ ਕੀਨੀਆ ਦੇ ਜਾਲਿਮ ਭੂਮੀਪਤੀਆਂ ਦੀ ਤਿੱਖੀ ਅਲੋਚਨਾ ਸੀ। ਇਸ ਦੇ ਛਪਦੇ ਹੀ ਸਿਆਸੀ ਹਲਕਿਆਂ ‘ਚ ਭੁਚਾਲ ਜਿਹਾ ਆ ਗਿਆ। ”ਵਿਦਰੋਹ ਭੜਕਾਉਣ ਵਾਲਾ” ਐਲਾਨ ਕਰਕੇ ਨਾਟਕ ‘ਤੇ ਰੋਕ ਲਾ ਦਿੱਤੀ ਗਈ। ਤੱਤਕਾਲੀ ਉਪ-ਰਾਸ਼ਟਰਪਤੀ ਦਾਨਿਅਲ ਅਰਾਇ ਮੋਈ (ਰਾਸ਼ਟਰਪਤੀ ਤਦ ਜੋਮੋ ਕੇਨਿਆਟਾ ਸਨ) ਦੇ ਨਿਰਦੇਸ਼ ‘ਤੇ ਪਹਿਲਾਂ ਨਗੂਗੀ ਦੇ ਘਰ ਦੀ ਤਲਾਸ਼ੀ ਲਈ ਗਈ, ਉਹਨਾਂ ਦੀ ਨਿੱਜੀ ਲਾਈਬ੍ਰੇਰੀ ਨੂੰ ਜਬਤ ਕਰ ਲਿਆ ਗਿਆ ਅਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਵਰ੍ਹੇ ਤੱਕ ਬਿਨਾਂ ਮੁਕੱਦਮਾ ਚਲਾਏ ਨਗੂਗੀ ਨੂੰ ਕਾਮਿਟੀ ਮੈਕਸਿਮਮ ਸਿਕਊਰਿਟੀ ਜੇਲ੍ਹ ‘ਚ ਬੰਦ ਰੱਖਿਆ ਗਿਆ ਜਿੱਥੇ ਟਾਇਲਟ ਪੇਪਰ ‘ਤੇ ਉਹਨਾਂ ਨੇ ਗਿਕੂ ਭਾਸ਼ਾ ਦਾ ਪਹਿਲਾ ਆਧੁਨਿਕ ਨਾਵਲ ‘ਕੈਟਾਨੀ ਮੁਥਾਰਬਾ ਇਨੀ’ (ਜਿਸਦਾ ਅੰਗਰੇਜ਼ੀ ਅਨੁਵਾਦ 1980 ‘ਚ ‘ਡੇਵਿਲ ਆਨ ਦੀ ਕਰਾਸ’ ਨਾਂ ਨਾਲ਼ ਪ੍ਰਕਾਸ਼ਿਤ ਹੋਇਆ) ਲਿਖਿਆ। ਇਸ ਦੌਰਾਨ ਉਹਨਾਂ ਨੂੰ ਨੈਰੋਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ। ਜੇਲ੍ਹ ਤੋਂ ਰਿਹਾਈ ਮਗਰੋਂ ਵੀ ਨਗੂਗੀ ਦੀ ਨੌਕਰੀ ਵਾਪਸ ਨਹੀਂ ਮਿਲੀ। ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਦਹਿਸ਼ਤ ਦੇ ਸਾਏ ਹੇਠ ਜੀਣਾ ਪੈ ਰਿਹਾ ਸੀ। ਪਰ ਨਗੂਗੀ ਨੂੰ ਟੁੱਟਣਾ ਜਾਂ ਝੁਕਣਾ ਗਵਾਰਾ ਨਹੀਂ ਸੀ। ਉਹਨਾਂ ਨੇ ਆਪਣੀ ਮੁਹਿੰਮ ਜਾਰੀ ਰੱਖਣ ਲਈ ਦੇਸ਼ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਅਤੇ ਉਹ 1980 ਦੇ ਦਹਾਕੇ ਦੀ ਸ਼ੁਰੂਆਤ ‘ਚ ਇੰਗਲੈਂਡ ਚਲੇ ਗਏ।

ਆਪਣੇ ਖੁਦ ਦੇ ਫੈਸਲੇ ‘ਤੇ ਦੇਸ਼ ਛੱਡਣ ਦੌਰਾਨ ਗਿਕੂ ਭਾਸ਼ਾ ‘ਚ ਸਿਰਜਾਣਤਾਮਕ ਲੇਖਣੀ ਕਰਨ ਦੇ ਨਾਲ਼ ਨਾਲ਼ ਨਗੂਗੀ ਅੰਗਰੇਜ਼ੀ ਭਾਸਾ ‘ਚ ਨਿਰਤੰਰ ਧੁੰਆਂਧਾਰ ਵਿਚਾਰਕ ਲੇਖਣੀ ਵੀ ਕਰਦੇ ਰਹੇ। ਅੰਗਰੇਜ਼ੀ ‘ਚ ਸਿਆਸੀ ਅਤੇ ਸੱਭਿਆਚਾਰਕ ਲੇਖਣ ਮੁੱਖ ਕਾਰਨ ਇਹ ਸੀ ਕਿ ਨਗੂਗੀ ਆਪਣੀ ਸਥਾਪਨਾਵਾਂ ਨੂੰ ਦੁਨੀਆਂ ਭਰ ਦੇ ਪ੍ਰਬੁੱਧ ਪਾਠਕਾਂ ਅਤੇ ਸੱਭਿਆਚਾਰਕ ਕਾਰਕੁੰਨਾਂ, ਲੇਖਕਾਂ ਤੱਕ ਪਹੁੰਚਾਉਣਾ ਅਤੇ ਉਹਨਾਂ ਨੂੰ ਬਹਿਸ-ਮੁਬਾਹਸੇ ਦਾ ਵਿਸ਼ਾ ਦੱਸਣਾ ਚਾਹੁੰਦੇ ਸਨ। ਨਗੂਗੀ ਦਾ ਹੁਣ ਤੱਕ ਦੀ ਪ੍ਰਤੀਨਿੱਧੀ ਵਿਚਾਰਕ ਲੇਖਣੀ ਇਹਨਾਂ ਪੁਸਤਕਾਂ ‘ਚ ਸੰਗ੍ਰਿਹਿਤ ਹੋ ਕੇ ਪ੍ਰਕਾਸ਼ਤ ਹੋਈ ਹੈ, ‘ਹੋਮ ਕਮਿੰਗ, ਏਸਜ਼ ਆਨ ਅਫ਼ਰੀਕਨ ਐਂਡ ਕੈਰੀਬਿਅਨ ਲਿਟਰੇਚਟਰ, ਕਲਚਰ ਐਂਡ ਪਾਲਿਟਿਕਸ’ (1971), ‘ਰਾਇਟਸ ਇਨ ਪਾਲਿਟਿਕਸ’ (1981), ‘ਏਜੁਕੇਸ਼ਨ ਫਾਰ ਏ ਨੇਸ਼ਨਲ ਕਲਚਰ’ (1981), ‘ਬੈਟਲ ਆਫ ਏ ਪੇਨ, ਰੇਜਿਸਟੇਂਸ ਟੂ ਰਿਪੇਰਸ਼ਨ ਇਨ ਨਿਉ-ਕੋਲੋਨਿਅਲ ਕੀਨੀਆ’ (1983), ਡੀਕਾਲੋਨਾਇਜਿੰਗ ਦਿ ਮਾਇੰਡ, ਦਿ ਪਾਲਿਟਿਕਸ ਆਫ ਲੈਂਗਵੇਜ ਇਨ ਅਫ਼ਰੀਕਨ ਲਿਟਰੇਚਰ’ (1986), ਰਾਇਟਿੰਗ ਅੰਗੇਸਟ ਨਿਉ ਕੋਲੋਨਿਅਨਿਜਮ’ (1986), ‘ਮੂਵਿੰਗ ਦਿ ਸੈਂਟਰਸ, ਦਿ ਸਟਰਗਲ ਫਾਰ ਕਲਚਰਲ ਫਰੀਡਮ’ (1993), ‘ਪੇਨ ਪਵਾਇਟੰਮ, ਗਨਪਵਾਇੰਟਸ ਐਂਡ ਡਰੀਮਸ’ (1996) ਅਤੇ ‘ਸਮਥਿੰਗ ਟਾਰਨ ਐਂਡ ਨਿਊ, ਐਨ ਅਫ਼ਰੀਕਨਰੇਨੇਸਾ'(2009)।

ਜੇਲ੍ਹ ‘ਚ ਇਕ ਸਾਲ ਗੁਜਾਰਨ ਦੌਰਾਨ ਨਗੂਗੀ ਨੇ ਇਕ ਆਤਮਕਥਾਮਕ ਕਿਰਤ ‘ਡਿਟੇਡ, ਏ ਰਾਇਟਰਸ ਪਰੀਜਨ ਡਾਇਰੀ’ ਵੀ ਲਿਖੀ ਸੀ ਜਿਹੜੀ 1981 ‘ਚ ਪ੍ਰਕਾਸ਼ਿਤ ਹੋਈ। ਗਿਕੂ ਭਾਸ਼ਾ ‘ਚ ਨਗੂਗੀ ਦਾ ਦੂਜਾ ਨਾਵਲ ਸੀ ‘ਮਾਤਿਗਾਰਿਮਾ ਨਜੀਰੂਗੀ’, ਜਿਸਦਾ ਮਤਲਬ ਹੈ, ‘ਦੇਸ਼ਭਗਤ, ਗੋਲੀਆਂ ਜਿਨ੍ਹਾਂ ਨੂੰ ਮਾਰ ਨਾ ਸਕੀਆਂ’। ਇਹ ਨਾਵਲ 1986 ‘ਚ ਛਪਿਆ ਅਤੇ ਕੀਨੀਆਈ ਤਾਨਾਸ਼ਾਹ ਡੈਨਿਅਲ ਅਰਾਮ ਮੋਈ ਦੀ ਹੁਕੂਮਤ ਨੇ ਇਸ ਨੂੰ ਭਿਅੰਕਰ ਵਿਸਫੋਟਕ ਸਮੱਗਰੀ ਵਰਗਾ ਮਹਿਸੂਸ ਕੀਤਾ। ਇਸ ਨਾਵਲ ਦੀ ਕਹਾਣੀ ਮਾਤਿਗਾਰੀ ਨਾਮਕ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿਹੜੀ ਕੁਝ ਸਮੇਂ ਤੱਕ ਇਕ ਪੂਰਬੀ ਅਫ਼ਰੀਕੀ ਜੰਗਲ ‘ਚ ਰਹਿਣ ਮਗਰੋਂ ਵਿਛੜੇ ਹੋਏ ਪਰਿਵਾਰ ਨਾਲ਼ ਮਿਲਣ ਲਈ ਘਰ ਵਾਪਸ ਪਰਤ ਆਉਂਦਾ ਹੈ। ਰਾਹ ‘ਚ ਉਹ ਜਾਬਰ ਸਿਆਸੀ ਮਾਹੌਲ ਦਾ ਮਿਨਾਰ ਹੁੰਦਾ ਹੈ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਪਰ ਉਹ ਉਥੋਂ ਭੱਜ ਨਿਕਲਦਾ ਹੈ ਅਤੇ ਸ਼ਾਂਤੀ ਲਈ ਆਪਣੀ ਮੁਹਿੰਮ ਜਾਰੀ ਰੱਖਦਾ ਹੈ। ਸਥਿਤੀਆਂ ਉਸਨੂੰ ਇਕ ਮਾਨਸਿਕ ਰੋਗਾਂ ਦੇ ਹਸਪਤਾਲ ਤੱਕ ਪਹੁੰਚਾ ਦਿੰਦੀਆਂ ਹਨ। ਪਰ ਉਥੋਂ ਵੀ ਉਹ ਭੱਜ ਨਿਕਲਦਾ ਹੈ। ਤਜ਼ਰਬੇ ਮਾਤਿਗਾਰੀ ਨੂੰ ਇਸ ਨਤੀਜ਼ੇ ‘ਤੇ ਪਹੁੰਚਾਂਦੇ ਹਨ ਕਿ ਇਕ ਹਥਿਆਰਬੰਦ ਲੋਕ-ਉਭਾਰ ਹੀ ਉਸਦੇ ਦੇਸ਼ ‘ਚ ਨਿਆਂ ਦੇ ਸ਼ਾਸਨ ਦੀ ਸਥਾਪਤੀ ਦਾ ਇਕੋ-ਇਕ ਰਾਹ ਹੈ। ਇਸ ਨਾਵਲ ਨੇ ਕੀਨੀਆ ‘ਚ ਉੱਥਲ ਪੁੱਥਲ ਪੈਦਾ ਕਰ ਦਿੱਤੀ। ਅਧਿਕਾਰੀਆਂ ਨੇ ਤਾਂ ਕੁਝ ਸਮੇਂ ਲਈ ਯਕੀਨ ਕਰ ਲਿਆ ਕਿ ਮਾਤਿਗਰੀ ਇਕ ਅਸਲੀ ਵਿਅਕਤੀ ਹੈ ਅਤੇ ਉਹਨਾਂ ਨੇ ਉਸ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ।

1995 ‘ਚ ਨਗੂਗੀ ਨੇ ਬੱਚਿਆਂ ਲਈ ਦੇ ਕਿਤਾਬਾਂ ਲਿਖੀਆਂ ‘ਨਜਾਬਾ ਨੇਨੇ ਐਂਡ ਫਲਾਇੰਗ ਬੱਸ’ ਅਤੇ ‘ਨਾਜਾਬਾ ਨੇਨੇ ਜ ਪਿਸਟਲ’। ਇਹ ਪੁਸਤਕਾਂ ਅਫ਼ਰੀਕਾ ਤੋਂ ਇਲਾਵਾ ਪੱਛਮੀ ਦੁਨੀਆਂ ‘ਚ ਵੀ ਕਾਫੀ ਲੋਕਪ੍ਰਿਆ ਹੋਈਆਂ। 1992 ‘ਚ ਨਗੂਗੀ ਨਿਊਯਾਰਕ ਯੂਨੀਵਰਸਿਟੀ ‘ਚ ਏਰਿਕ ਮਾਰਿਆ ਰੇਮਾਰਕ ਚੇਅਰ ‘ਤੇ ਨਿਯੁਕਤ ਹੋਏ ਅਤੇ ਤੁਲਨਾਤਮਕ ਸਾਹਿਤ ਅਤੇ ‘ਪਰਫਾਰਮੇਂਸ ਸੱਟਡੀਜ’ ਦੇ ਪ੍ਰੋਫੈਸਰ ਦੇ ਰੂਪ ‘ਚ ਸਿੱਖਿਆ ਕਾਰਜ ਕਰਨ ਲੱਗੇ। ਇਸ ਸਮੇਂ ਉਹ ਕੈਲੀਫੋਰਨੀਆ ਯੂਨੀਵਰਸਿਟੀ ‘ਚ ‘ਲੇਖਣੀ ਅਤੇ ਅਨੁਵਾਦ ਦੇ ਕੌਮਾਂਤਰੀ ਕੇਂਦਰ’ ਦੇ ਨਿਰਦੇਸ਼ਕ ਦੇ ਤੌਰ ‘ਤੇ ਕੰਮ ਕਰਨ ਦੇ ਨਾਲ਼ ਹੀ ਅੰਗਰੇਜੀ ਅਤੇ ਤੁਲਨਾਤਮਕ ਸਾਹਿਤ ਦੇ ਪ੍ਰੋਫੈਸਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ।

ਡੈਨਿਅਲ ਅਰਾਇ ਮੋਈ ਦੀ ਤਾਨਾਸ਼ਾਹ ਸੱਤ੍ਹਾ ਦੇ ਪਤਨ ਮਗਰੋਂ ਆਪਣਾ ਦੇਸ਼ ਨਿਕਾਲਾ ਖਤਮ ਕਰਕੇ ਨਗੂਗੀ 8 ਅਗਸਤ 2004 ਨੂੰ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਮਗਰੋਂ ਕੀਨੀਆ ਪਰਤੇ। ਇਹ ਵਾਪਸੀ ਪੂਰਬੀ ਅਫ਼ਰੀਕਾ ਦੇ ਇਕ ਮਹੀਨੇ ਲੰਮੇ ਉਹਨਾਂ ਦੇ ਦੌਰੇ ਦਾ ਹਿੱਸਾ ਸੀ। 11 ਅਗਸਤ ਨੂੰ ਉਹਨਾਂ ਦੇ ਅਪਾਰਟਮੇਂਟ ‘ਚ ਕੁਝ ਗੁੰਡੇ ਆਣ ਵੜੇ।” ਨਗੂਗੀ ਦਾ ਕੰਪਿਊਟਰ ਅਤੇ ਪੈਸੇ ਲੁੱਟਣ ਨਾਲ ਹੀ ਉਹਨਾਂ ਨੇ ਉਹਨਾਂ ਨਲ਼ ਕੁੱਟ-ਮਾਰ ਕੀਤੀ ਅਤੇ ਉਹਨਾਂ ਦੀ ਪਤਨੀ ਨਾਲ਼ ਬਲਾਤਕਾਰ ਕੀਤਾ। ਉਸ ਸਮੇਂ ਇਹ ਚਰਚਾ ਆਮ ਸੀ ਕਿ ਇਹ ਘਟਨਾ ਸੱਤ੍ਹਾ ਰਾਹੀਂ ਪਲਾਨਡ ਸੀ। ਇਸ ਘਟਨਾ ਮਗਰੋਂ ਦੀਆਂ ਹਾਲਤਾਂ ਤੋਂ ਵੀ ਸਾਫ਼ ਹੋ ਗਿਆ ਕਿ ਕੀਨੀਆ ਦੀ ਚੁਣੀ ਗਈ ਪੂੰਜੀਵਾਦੀ ਸਰਕਾਰ ਨੂੰ ਵੀ ਨਗੂਗੀ ਦਾ ਢਾਂਚਾ ਵਿਰੋਧੀ ਸੁਰ ਬਰਦਾਸ਼ਤ ਨਹੀਂ ਅਤੇ ਉਹਨਾਂ ਦੀ ਸਥਿਤੀ ਪਹਿਲਾ ਦੀ ਤਾਨਾਸ਼ਾਹੀ ਤੋਂ ਜ਼ਿਆਦਾ ਭਿੰਨ ਨਹੀਂ ਹੈ। ਇਸ ਘਟਨਾ ਮਗਰੋਂ ਨਗੂਗੀ ਅਮਰੀਕਾ ਵਾਪਸ ਪਰਤ ਗਏ ਅਤੇ ਤਦ ਤੋਂ ਉੱਥੇ ਰਹਿ ਰਹੇ ਹਨ।

2004 ‘ਚ ਗਿਕੂ ਭਾਸ਼ਾ ‘ਚ ਨਗੂਗੀ ਦਾ ਨਾਵਲ ‘ਮੁਰੋਗੀ ਵਾ ਕਾਗੋਗਾ’ ਲਗਭਗ ਦੋ ਦਹਾਕੇ ਮਗਰੋਂ ਪ੍ਰਕਾਸ਼ਿਤ ਹੋਣ ਵਾਲੀ ਉਹਨਾਂ ਦਾ ਨਵਾਂ ਨਾਵਲ ਸੀ। ਫਿਰ ਇਸ ਦਾ ਗਿਕੂ ਤੋਂ ਅੰਗਰੇਜ਼ੀ ‘ਚ ਉਹਨਾਂ ਨੇ ਖੁਦ ਅਨੁਵਾਦ ਕੀਤਾ ਜਿਹੜਾ 2006 ‘ਚ ‘ਵਿਜ਼ਰਡ ਆਫ਼ ਦਿ ਕਰੋ’ ਨਾਂ ਨਾਲ਼ ਛਪਿਆ।

ਨਗੂਗੀ ਵਾ ਥਯੌਂਗੋ ਸਿਸਟਮ ਵਿਰੋਧੀ, ਲੋਕ ਪੱਖੀ ਲੇਖਕਾਂ ਦੀ ਉਸ ਸ਼ਾਨਾਮੱਤੀ ਪਰੰਪਰਾ ਦੀ ਲੜੀ ਹੈ, ਜਿਹੜੇ ਹਰ ਕੀਮਤ ਚੁੱਕਾ ਕੇ ਵੀ ਪੂੰਜੀਵਾਦੀ ਸੱਤ੍ਹਾ ਦੇ ਅਦਾਰਿਆਂ ਅਤੇ ਸਮਾਜਿਕ ਢਾਂਚੇ ‘ਚ ਸਮਾਏ ਅਨਿਆਈ ਚਰਿੱਤਰ ਨੂੰ ਉਜਾਗਰ ਕਰਦੇ ਰਹੇ, ਜਿਨ੍ਹਾਂ ਨੂੰ ਦਹਿਸ਼ਤ ਅੱਗੇ ਕਦੇ ਗੋਡੇ ਨਹੀਂ ਟੇਕੇ ਅਤੇ ਲੋਕਾਂ ਦਾ ਪੱਖ ਕਦੇ ਨਹੀਂ ਛੱਡਿਆ। ਕਲਾ ਸਾਹਿਤ ਦੇ ਖੇਤਰ ‘ਚ ਅੱਜ ਹਰ ਥਾਂ ਮੌਜੂਦ ਮੌਕਾਪ੍ਰਸਤੀ ਦੇ ਮਾਹੌਲ ‘ਚ ਉਹਨਾਂ ਦਾ ਜੀਵਨ ਅਤੇ ਕਾਰਜ ਲਗਾਤਾਰ ਜਲਦੀ ਇਕ ਮਸ਼ਾਲ ਵਾਂਗ ਹੈ। ਬਸਤੀਵਾਦ ਅਤੇ ਸਮਕਾਲੀਨ ਸਾਮਰਾਜਵਾਦ ਦੀ ਸੱਭਿਆਚਾਰਕ ਨੀਤੀ ਅਤੇ ਭਾਸ਼ਾ ਨੀਤੀ ਦਾ ਅਤੇ ਉੱਤਰ-ਬਸਤੀਵਾਦੀ ਸਮਾਜਾਂ ਦੇ ਹਾਕਮ ਪੂੰਜੀਪਤੀ ਜਮਾਤ ਦੀ ਸਿਆਸਤ, ਅਰਥਨੀਤੀ ਅਤੇ ਸੱਭਿਆਚਾਰ ਦਾ ਉਹਨਾਂ ਦਾ ਵਿਸ਼ਲੇਸ਼ਣ ਆਪਣੀ ਕੁਸ਼ਾਗਰਤਾ ਅਤੇ ਮੌਲਿਕਤਾ ਦੀ ਦ੍ਰਿਸ਼ਟੀ ਤੋਂ ਨਿਵੇਕਲਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਨਗੂਗੀ ਉਸੇ ਨਿਵੇਕਲੀ ਵਿਚਾਰਕ ਨਿਸ਼ਠਾ ਨਾਲ਼ ਅੱਜ ਸਾਡੇ ਵਿਚ ਮੌਜੂਦ ਹਨ ਅਤੇ ਨਿਰੰਤਰ ਸਿਰਜਣਸ਼ੀਲ ਹਨ।

“ਲਲਕਾਰ” – ਅੰਕ -13, ਜੁਲਾਈ-ਅਗਸਤ, 2010 ਵਿਚ ਪ੍ਰਕਾਸ਼ਿਤ

Leave a comment