‘ਤਹਿਲਕਾ’ ਦੇ ਨਵੇਂ ਸਟਿੰਗ ਅਪਰੇਸ਼ਨ ਵਿੱਚ ਉਜਾਗਰ ਗੁਜਰਾਤ 2002 ਦਾ ਖੌਫ਼ਨਾਕ ਸੱਚ • ਅਰਵਿੰਦ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੋਕਾਂ ਦੇ ਕਾਤਲਾਂ ਦੇ ਅਸਲੀ ਚਿਹਰਿਆਂ ਨੂੰ ਪਛਾਣੋ!

ਇਨਸਾਨੀਅਤ ਦੇ ਇਨ੍ਹਾਂ ਦੁਸ਼ਮਣਾਂ ਦੇ ਖਿਲਾਫ਼ ਕਿਰਤੀ ਲੋਕਾਂ

ਨੂੰ ਇਕਜੁੱਟ ਕਰਨਾ ਹੋਵੇਗਾ!

 
 
 
ਧਰਮ ਦੇ ਠੇਕੇਦਾਰਾਂ ਦੀਆਂ ਕਰਤੂਤਾਂ ਦੀ ਕਹਾਣੀ, ਖੁਦ ਉਹਨਾਂ ਦੀ ਜ਼ੁਬਾਨੀ 
•”ਉਹ ਟੋਏ ‘ਚ ਇੱਕ ਦੂਸਰੇ ਨਾਲ਼ ਲਿਪਟੇ ਹੋਏ ਸਨ। ਅਸੀਂ ਉਸ ‘ਚ ਤੇਲ ਅਤੇ ਜਲ਼ਦੇ ਟਾਇਰ ਸੁੱਟ ਦਿੱਤੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ।…..ਉਨ੍ਹਾਂ ਨੂੰ ਮਾਰਕੇ ਮੈਂ ਮਹਾਰਾਣਾ ਪ੍ਰਤਾਪ ਦੀ ਤਰ੍ਹਾਂ ਮਹਿਸੂਸ ਕੀਤਾ।” —ਨਰੋਦਾ ਪਾਟਿਆ ਹੱਤਿਆਕਾਂਡ ਦਾ ਮੁੱਖ ਕਰਤਾ-ਧਰਤਾ ਬਾਬੂ ਬਜਰੰਗੀ।
•”ਮੁਸਲਮਾਨਾਂ ਨੇ ਸਾਡੇ ਨਾਲ਼ ਵਨ ਡੇ ਮੈਚ ਖੇਡਿਆ ਹੈ….ਉਨ੍ਹਾਂ ਨੇ ਸਾਨੂੰ 60 ਦਾ ਟਾਰਗੇਟ ਦਿੱਤਾ ਹੈ….ਅਸੀਂ ਇਹ ਮੈਚ ਹਰ ਹਾਲ ‘ਚ ਜਿੱਤਣਾ ਹੈ….ਇਸ ਲਈ ਜਦ ਤੱਕ 600 ਰਨ ਨਾ ਬਣ ਜਾਣ, ਰੁੱਕਣਾ ਨਹੀਂ।….’ ‘—ਵਿਸ਼ਵ ਹਿੰਦੂ ਪਰਿਸ਼ਦ ਦੇ ਸੀਨੀਅਰ ਆਗੂ ਅਤੇ ਸਾਬਰਮਤੀ ਐਕਸਪ੍ਰੈਸ ‘ਚ ਕਾਰਸੇਵਕਾਂ ਦੇ ਇੰਚਾਰਜ ਰਜਿੰਦਰ ਵਿਆਸ, ਨਰਿੰਦਰ ਮੋਦੀ ਅਤੇ ਸੰਘ ਪਰਿਵਾਰ ਦੇ ਹੋਰ ਸੀਨੀਅਰ ਆਗੂਆਂ ਸਾਹਮਣੇ। 
•”ਅਸੀਂ ਉਨ੍ਹਾਂ ਸਭ ਨੂੰ ਨਿਸ਼ਾਨਾ ਬਣਾਇਆ ਅਤੇ ਮਾਰ ਦਿੱਤਾ ਜੋ ਪਿਛਲੇ 20-25 ਸਾਲਾਂ ਤੋਂ ਸਾਡੀ ਨਜ਼ਰ ‘ਚ ਸਨ।” —ਰਮੇਸ਼ ਦਬੇ, ਵਿਹਿਪ ਦੇ ਕਾਲੂਪੁਰ ਜ਼ਿਲ੍ਹਾ ਸਕੱਤਰ 
•”ਉਨ੍ਹਾਂ ਨੇ ਉਸਨੂੰ (ਕਾਂਗਰਸੀ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਨੂੰ) ਬੋਟੀ-ਬੋਟੀ ਵੱਢ ਦਿੱਤਾ, ਫਿਰ ਜਿਉਂਦਾ ਜਲਾ ਦਿੱਤਾ।” —ਮਦਨ ਚਾਵਲਾ, ਗੁਲਬਰਗ ਸੁਸਾਇਟੀ ਹੱਤਿਆਕਾਂਡ ‘ਚ ਸ਼ਾਮਲ ਇੱਕ ਵਪਾਰੀ 
•”ਗੁਲਬਰਗ ਸੁਸਾਇਟੀ ‘ਤੇ ਹਮਲਾ ਕਰਨ ਵਾਲਿਆਂ ‘ਚ ਸਥਾਨਕ ਲੋਕ ਨਹੀਂ ਸਨ। ਉਹ ਬਜਰੰਗ ਦਲ ਦੇ ਲੋਕ ਸਨ, ਸਭ ਕੋਲ਼ ਤ੍ਰਿਸ਼ੂਲ ਸਨ।” —ਹੱਤਿਆਕਾਂਡ ‘ਚ ਸ਼ਾਮਲ ਇੱਕ ਹੋਰ ਵਪਾਰੀ ਪ੍ਰਹਲਾਦ ਰਾਜ
•”ਅਸੀਂ ਉਨ੍ਹਾਂ ਨੂੰ ਘਰੋਂ ਖਿੱਚਕੇ ਮਾਰਿਆ।…..ਵਿਹਿਪ ਦੇ ਸਾਡੇ ਭਰਾ ਵੱਡੀ ਗਿਣਤੀ ਵਿੱਚ ਆਏ ਸਨ। ਅਸੀਂ ਉਨ੍ਹਾਂ ਲੋਕਾਂ ਨੂੰ ਘੇਰ ਲਿਆ ਅਤੇ ਤਬਾਹ ਕਰ ਦਿੱਤਾ।’ —ਗੁਲਬਰਗ ਸੁਸਾਇਟੀ ਹਤਿਆਕਾਂਡ ‘ਚ ਸ਼ਾਮਲ ਇੱਕ ਹੋਰ ਵਪਾਰੀ ਮਾਂਗੀ ਲਾਲ ਜੈਨ। 
•”ਆਰ.ਐਸ.ਐਸ. ਦੇ ਲੋਕ ਦੱਸ ਦੇਣਗੇ ਕਿ ਛਾੜਾ ਲੋਕਾਂ ਨੇ ਮੁਸਲਮਾਨਾਂ ਨੂੰ ਕਿਵੇਂ ਮਾਰਿਆ।…..ਅਸੀਂ ਪੰਜ ਛੇ ਲੋਕਾਂ ਨੇ ਇੱਕ ਸੂਰ ਨੂੰ ਮਾਰਿਆ, ਫਿਰ ਅਸੀਂ ਸੂਰ ਨੂੰ ਮਸਜਿਦ ਉੱਪਰ ਲਟਕਾ ਦਿੱਤਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ।….ਉਸੇ ਸ਼ਾਮ ਨੂੰ ਨਰਿੰਦਰ ਭਾਈ (ਨਰਿੰਦਰ ਮੋਦੀ) ਸਾਡੇ ਘਰ ਆਏ। ਸਾਡੀਆਂ ਭੈਣਾਂ ਨੇ ਉਨ੍ਹਾਂ ਨੂੰ ਹਾਰ ਪਹਿਨਾਏ। ਉਨ੍ਹਾਂ ਨੇ (ਮੋਦੀ ਨੇ) ਸਾਨੂੰ ਸ਼ਾਬਾਸ਼ੀ ਦਿੱਤੀ। ਕਿਹਾ ਕਿ ਸਾਨੂੰ ਜਨਮ ਦੇਣ ਵਾਲੀਆਂ ਮਾਵਾਂ ਧੰਨ ਹਨ।”—ਨਰੋਦਾ ਪਾਟਿਆ ਕਤਲੇਆਮ ‘ਚ ਸ਼ਾਮਲ ਛਾੜਾ ਕਬੀਲੇ ਦੇ ਦੋ ਨੌਜਵਾਨ ਪ੍ਰਕਾਸ਼ ਰਾਠੌਰ ਅਤੇ ਸੁਰੇਸ਼ ਰਿਚਰਡ।
•”ਆਈਡੀਆ ਖੁਦ ਮੋਦੀ ਭਾਈ ਦਾ ਸੀ…..ਜੇ ਹਿੰਦੂਤਵ ਨੂੰ ਅੱਗੇ ਵਧਾਉਣਾ ਹੈ, ਤਾਂ ਸੋਟੀਆਂ ਨੂੰ ਇੱਕ ਪਾਸੇ ਰੱਖ ਦਿਓ ਅਤੇ ਏ. ਕੇ. 56 ਚੁੱਕੋ। ਸਾਫ਼ ਹੈ ਕਿ ਦੁਸ਼ਮਣ ਕੌਣ ਹਨ —ਮੁਸਲਮਾਨ, ਇਸਾਈ ਅਤੇ ਕਮਿਊਨਿਸਟ —ਧੀਮੰਤ ਭੱਟ, ਐਸ.ਐਸ. ਯੁਨੀਵਰਸਿਟੀ ਵਦੋਦਰਾ ਦਾ ਆਡੀਟਰ ਅਤੇ ਸੀਨੀਅਰ ਭਾਜਪਾ ਆਗੂ 
•”ਗੋਧਰਾ ਦੀ ਘਟਨਾ ਨੂੰ ਦਿਨ-ਭਰ ਟੀ.ਵੀ. ‘ਤੇ ਵਾਰ-ਵਾਰ ਦਿਖਾਇਆ ਗਿਆ। ਇਸਨੇ ਸਾਡੇ ਕਾਰਕੁਨਾਂ ਨੂੰ ਪ੍ਰੇਰਿਤ ਕੀਤਾ।…..ਛੋਟੇ ਤੋਂ ਛੋਟਾ ਪਿੰਡ ਵੀ ਨਹੀਂ ਛੱਡਿਆ ਗਿਆ।…..ਆਈਡੀਆ ਇਹ ਸੀ ਕਿ ਜਿੰਨੇ ਮੁਸਲਮਾਨਾਂ ਨੂੰ ਹੋ ਸਕੇ ਨੁਕਸਾਨ ਪਹੁੰਚਾਓ, ਜਲਾ ਦਿਓ, ਵੱਢ ਦਿਓ।” —ਅਨਿਲ ਪਟੇਲ, ਵਿਹਿਪ ਦਾ ਸਾਬਰਕੰਠ ਜ਼ਿਲ੍ਹਾ ਪ੍ਰਧਾਨ। 
•”ਅਸੀਂ ਇੰਨੇ ਹਥਿਆਰ ਵੰਡਵਾਏ ਕਿ ਲੋਕ ਦੰਗ ਰਹਿ ਗਏ। ਅਸੀਂ ਉਨ੍ਹਾਂ ਨੂੰ ਇੱਥੇ (ਆਪਣੇ ਕਾਰਖਾਨਿਆਂ ‘ਚ) ਬਣਾਇਆ ਅਤੇ ਪਰਖਿਆ।”—ਹਰੇਸ਼ ਭੱਟ, ਗੋਧਰਾ ਦਾ ਭਾਜਪਾ ਵਿਧਾਇਕ
•”ਨਰਿੰਦਰ ਭਾਈ ਨੇ ਪੁਲਿਸ ਨੂੰ ਸਾਡੇ ਪੱਖ ‘ਚ ਕਰ ਦਿੱਤਾ ਸੀ। ਪੁਲਿਸ ਨੇ ਸਾਨੂੰ ਕਹਿ ਦਿੱਤਾ ਸੀ, ਜੋ ਚਾਹੋ ਕਰੋ, ਅਸੀਂ ਦਖਲ ਨਹੀਂ ਦੇਵਾਂਗੇ।”—ਰਜਿੰਦਰ ਵਿਆਸ
”ਸਾਰੇ ਪਿਲਸ ਵਾਲਿਆਂ ਨੇ ਮੱਦਦ ਕੀਤੀ।….ਇੱਥੋਂ ਤੱਕ ਕਿ ਸਾਨੂੰ ਗੋਲ਼ੀਆਂ ਵੀ ਦਿੱਤੀਆਂ।……ਆਖਰਕਾਰ ਉਹ ਵੀ ਹਿੰਦੂ ਹੀ ਸਨ।”—ਰਮੇਸ਼ ਕਬੇ
•”ਉਨ੍ਹਾਂ ਨੇ (ਪੁਲਿਸ ਵਾਲਿਆਂ ਨੇ) ਸਾਨੂੰ ਸੁਰੱਖਿਅਤ ਢੰਗ ਨਾਲ਼ ਹਥਿਆਰ ਪਹੁੰਚਾਏ।”—ਅਨਿਲ ਪਟੇਲ
ਅੰਗਰੇਜੀ ਮੈਗਜ਼ੀਨ ‘ਤਹਿਲਕਾ’ ਦੇ ਨਵੇਂ ਸਟਿੰਗ ਅਪਰੇਸ਼ਨ ਵਿੱਚ ਗੁਜਰਾਤ 2002 ਦੀਆਂ ਜੋ ਖੌਫ਼ਨਾਕ ਸੱਚਾਈਆਂ ਉਜਾਗਰ ਹੋਈਆਂ ਹਨ ਉਸ ਤੋਂ ਹੁਣ ਇਸ ਸਵਾਲ ਦਾ ਆਖਰੀ ਜਵਾਬ ਮਿਲ ਜਾਣਾ ਚਾਹੀਦਾ ਹੈ ਕਿ ਸੱਭਿਆਚਾਰਕ ਕੌਮਵਾਦ ਦਾ ਬਾਣਾ ਪਹਿਨਣ ਵਾਲ਼ੇ ਧਰਮ ਦੇ ਠੇਕੇਦਾਰਾਂ ਨੂੰ ਹਿਟਲਰ ਅਤੇ ਮੁਸੋਲਿਨੀ ਦੀਆਂ ਦੇਸੀ ਔਲਾਦਾਂ ਕਿਉਂ ਕਿਹਾ ਜਾਂਦਾ ਹੈ। ਗੋਧਰਾ ਵਿੱਚ ਆਪ-ਮੁਹਾਰੇ ਢੰਗ ਨਾਲ਼ ਘਟੀ ਅਫ਼ਸੋਸਨਾਕ ਘਟਨਾ ਤੋਂ ਬਾਅਦ ਗੁਜਰਾਤ ਵਿੱਚ ਜੋ ਹੋਇਆ ਉਹ ‘ਹਿੰਦੂ ਸਮਾਜ ਦੀ ਸੁਭਾਵਿਕ ਪ੍ਰਤੀਕਿਰਿਆ’ ਬਿਲਕੁਲ ਨਹੀਂ ਸੀ। ਉਹ ਫ਼ਿਰਕੂ ਦੰਗਾ ਨਹੀਂ ਸੀ। ਉਹ ਰਾਜ ਦੁਆਰਾ ਸੰਚਾਲਤ ਮੁਸਲਮਾਨਾਂ ਦਾ ਯੋਜਨਾਬੱਧ ਕਤਲੇਆਮ ਸੀ। ਇਸ ਦੀ ਯੋਜਨਾ ਸੰਘ ਪਰਿਵਾਰ ਨੇ ਲੰਬੇ ਸਮੇਂ ਤੋਂ ਤਿਆਰ ਕੀਤੀ ਸੀ। ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ‘ਧਰਮਯੋਧਿਆਂ’ ਨੂੰ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹੀ ਸ਼ਹਿ ਮਿਲੀ ਹੋਈ ਸੀ। ਪੁਲਿਸ ਪ੍ਰਸ਼ਾਸਨ ਅਤੇ ਸਮੁੱਚੀ ਰਾਜ ਮਸ਼ੀਨਰੀ ਨੂੰ ਇਸ ਮਨੁੱਖੀ ਕਤਲੇਆਮ ਦੇ ਯੱਗ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਮਿਲੇ ਹੋਏ ਸਨ। ਇਹ ਮੁਸਲਮਾਨਾਂ ਦਾ ਸਫ਼ਾਇਆ ਮੁਹਿੰਮ ਸੀ, ਬਿਲਕੁਲ ਉਸੇ ਤਰਜ ’ਤੇ ਜਿਸ ਤਰ੍ਹਾਂ ਹਿਟਲਰ ਨੇ ਜਰਮਨੀ ਵਿੱਚ ਯਹੂਦੀਆਂ ਦਾ ਸਫ਼ਾਇਆ ਕੀਤਾ ਸੀ।
 
 
ਇਸ ‘ਸਟਿੰਗ ਅਪਰੇਸ਼ਨ’ ਨੂੰ ਸੰਘ ਪਰਿਵਾਰ ਅਤੇ ਉਸਦੇ ਸਾਰੇ ਮਖੌਟੇ ਕਾਂਗਰਸ ਦੀ ਸਾਜਿਸ਼ ਦੱਸ ਰਹੇ ਹਨ। ਹੋ ਸਕਦਾ ਹੈ ਗੁਜਰਾਤ ਵਿਧਾਨਸਭਾ ਦੀਆਂ ਹੋ ਕੇ ਹਟੀਆਂ ਚੋਣਾਂ ’ਚ ਫਾਇਦਾ ਲੈਣ ਦੀ ਗਰਜ ਨਾਲ਼ ਕਾਂਗਰਸ ਨੇ ਕੋਈ ਸਹਿਯੋਗ ਕੀਤਾ ਵੀ ਹੋਵੇ, ਪਰੰਤੂ ਇਸ ਨਾਲ਼ ਉਹ ਸਚਾਈਆਂ ਨਹੀਂ ਬਦਲ ਜਾਂਦੀਆਂ ਜਿਨ੍ਹਾਂ ਨੂੰ ਛੁਪੇ ਕੈਮਰੇ ਨੇ ਕੈਦ ਕਰ ਲਿਆ ਹੈ। ਸਟਿੰਗ ਅਪਰੇਸ਼ਨ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਭਾਜਪਾ ਨੇਤਾਵਾਂ ਨੇ ਖੁਦ ਆਪਣੀ ਜੁਬਾਨੀ ਛੁਪੇ ਕੈਮਰੇ ਸਾਹਮਣੇ ਇਕਬਾਲ ਕੀਤਾ ਹੈ ਕਿ ਮੁਸਲਮਾਨਾਂ ਦੇ ਕਤਲ ਦੇ ‘ਮਹਾਨ ਕਾਰਨਾਮੇ’ ਉਹਨਾਂ ਨੇ ਕਿਸ ਤਰ੍ਹਾਂ ਅੰਜਾਮ ਦਿੱਤੇ। ਉਨ੍ਹਾਂ ਨੇ ਮਾਣ ਨਾਲ਼ ਪ੍ਰਵਾਨ ਕੀਤਾ ਹੈ ਕਿ ਅਹਿਮਦਾਬਾਦ ਦੀਆਂ ਗਲ਼ੀਆਂ ਵਿੱਚ, ਸਾਬਰਕਾਂਠਾ ਜ਼ਿਲ੍ਹੇ ਦੇ ਪਿੰਡਾਂ ਵਿੱਚ, ਵਦੋਦਰਾ ਵਿੱਚ ਅਤੇ ਪੂਰੇ ਗੁਜਰਾਤ ਵਿੱਚ ਉਨ੍ਹਾਂ ਨੇ ਕਿਸ ਤਰ੍ਹਾਂ ਖੂਨ ਦੀ ਪਿਆਸੀ ਭੀੜ ਦੀ ਅਗਵਾਈ ਕੀਤੀ ਅਤੇ ਪੁਲਿਸ ਹੱਤਿਆਰਿਆਂ ਦੀਆਂ ਕਰਤੂਤਾਂ ਨੂੰ ਨਾ ਕੇਵਲ ਮੂਕਦਰਸ਼ਕ ਬਣੀ ਦੇਖਦੀ ਰਹੀ ਸਗੋਂ ਇਸ ਖੂਨੀ ਇਸ਼ਨਾਨ ਵਿੱਚ ਕਿਤੇ-ਕਿਤੇ ਉਸਨੇ ਵੀ ਡੁੱਬਕੀ ਲਗਾਈ।
 
 
‘ਤਹਿਲਕਾ’ ਦੇ ਛੁਪੇ ਕੈਮਰਿਆਂ ਨੇ ਜਿਨ੍ਹਾਂ ‘ਹਿੰਦੂ ਸੂਰਬੀਰਾਂ’ ਦੇ ਇਕਬਾਲੀਆ ਬਿਆਨ ਕੈਦ ਕੀਤੇ ਹਨ, ਉਨ੍ਹਾਂ ’ਚ ਅਹਿਮਦਾਬਾਦ ਦੇ ਭਾਜਪਾ ਵਿਧਾਇਕ ਡਾ. ਮਾਇਆ ਬੇਨ ਕੋਦਨਾਨੀ, ਵਦੋਦਰਾ ਦੇ ਸੀਨੀਅਰ ਭਾਜਪਾ ਆਗੂ ਦੀਪਕ ਸ਼ਾਹ, ਗੋਧਰਾ ਦੇ ਭਾਜਪਾ ਵਿਧਾਇਕ ਹਰੇਸ਼ ਭੱਟ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖ ਸਕੱਤਰ ਦਿਲੀਪ ਤਿ੍ਰਵੇਦੀ, ਵਿਹਿਪ ਦੇ ਰਾਜ ਵਿਭਾਗ ਪ੍ਰਮੁੱਖ ਅਨਿਲ ਪਟੇਲ, ਵਿਹਿਪ ਦੇ ਅਹਿਮਦਾਬਾਦ ਪ੍ਰਧਾਨ ਰਜਿੰਦਰ ਵਿਆਸ, ਵਿਹਿਪ ਦੇ ਕਾਲੂਪੁਰ ਜ਼ਿਲ੍ਹਾ ਸਕੱਤਰ ਰਮੇਸ਼ ਦਬੇ, ਵਿਹਿਪ ਦੇ ਸਾਬਰਕੰਠ ਜ਼ਿਲ੍ਹਾ ਕਨਵੀਨਰ ਧਵਲ ਜਯੰਤੀ ਪਟੇਲ, ਗੁਜਰਾਤ ਦੰਗਿਆਂ ਦੀ ਜਾਂਚ ਕਰ ਰਹੇ ਨਾਨਾਵਤੀ ਸ਼ਾਹ ਕਮਿਸ਼ਨ ਵਿੱਚ ਸਰਕਾਰੀ ਵਕੀਲ ਅਰਵਿੰਦ ਪਾਂਡਿਆ, ਐੱਮ. ਐੱਸ. ਯੂਨੀਵਰਸਿਟੀ ਦੇ ਆਡੀਟਰ ਧੀਮੰਤ ਭੱਟ, ਗੁਲਬਰਗ ਸੋਸਾਇਟੀ ਹੱਤਿਆਕਾਂਡ ਵਿੱਚ ਸ਼ਾਮਲ ਤਿੰਨ ਛੋਟੇ ਵਪਾਰੀ ਮਾਂਗੀ ਲਾਲ ਜੈਨ, ਪ੍ਰਹਲਾਦ ਰਾਜ ਅਤੇ ਮਦਨ ਚਾਵਲਾ ਨਾਲ਼ ਛਾੜਾ ਕਬੀਲੇ ਦੇ ਦੋ ਮੈਂਬਰ ਸੁਰੇਸ਼ ਰਿਚਰਡ ਅਤੇ ਪ੍ਰਕਾਸ਼ ਰਾਠੋੜ ਸ਼ਾਮਲ ਸਨ। ਛਾੜਾ ਕਬੀਲਾ ਉਹੀ ਕਬੀਲਾ ਹੈ ਜਿਸ ਵਿੱਚ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ) ਨੇ ਅਖੌਤੀ ਰਚਨਾਤਮਕ ਕੰਮ ਕਰਦੇ ਹੋਏ ‘ਹਿੰਦੂਤਵ ਦੀ ਚੇਤਨਾ’ ਜਗਾਈ ਸੀ ਅਤੇ ਇਸ ਕਬੀਲੇ ਦੇ ਨੌਜਵਾਨਾਂ ਨੂੰ ‘ਅਧਰਮੀਆਂ’ ਦੇ ਕਤਲੇਆਮ ਲਈ ਤਿਆਰ ਕੀਤਾ ਸੀ। ਨਰੋਦਾ ਪਾਟੀਆ ਦੇ ਕਤਲੇਆਮ ਵਿੱਚ ਇਸੇ ਆਦਿਵਾਸੀ ਕਬੀਲੇ ਦੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
 
 
72 ਘੰਟੇ ਤੱਕ ਸੱਤਾ ਦੀ ਦੇਖ ਰੇਖ ਵਿੱਚ
ਵਹਿਸ਼ਤ ਦਾ ਨੰਗਾਨਾਚ
 
 
ਗੋਧਰਾ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਕਸਾਉਣ ਵਾਲ਼ਾ ਬਿਆਨ ਦੇ ਕੇ ‘ਕਾਰਵਾਈ’ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਅਤੇ ਰਾਜ ਮਸ਼ੀਨਰੀ ਨੂੰ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ। ਇਹ ਗੱਲਾਂ ਸਟਿੰਗ ਅਪਰੇਸ਼ਨ ਦੌਰਾਨ ਖੁਦ ਭਾਜਪਾ, ਵਿਹਿਪ ਅਤੇ ਬਜਰੰਗ ਦਲ ਦੇ ਆਗੂਆਂ ਨੇ ਪ੍ਰਵਾਨ ਕੀਤੀਆਂ ਹਨ। ਨਰਿੰਦਰ ਮੋਦੀ ਨੇ ਗੋਧਰਾ ਤੋਂ ਆ ਕੇ ਵਦੋਦਰਾ ਅਤੇ ਅਹਿਮਦਾਬਾਦ ਵਿੱਚ ਬਜਰੰਗ ਦਲ, ਵਿਹਿਪ ਅਤੇ ਸੰਘ ਦੇ ਨੇਤਾਵਾਂ ਨੂੰ ਮੀਟਿੰਗ ਬੁਲਾਕੇ ਭਰੋਸਾ ਦਿੱਤਾ ਕਿ ਉਹਨਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਮੋਦੀ ਨੇ ਕਿਹਾ ਕਿ ਇਸ ਸਮੇਂ ਵਿੱਚ ਉਹ ਗੋਧਰਾ ਦੇ ਬਦਲੇ ਲਈ ਜੋ ਵੀ ਕਰ ਸਕਦੇ ਹਨ ਕਰੋ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜ ਮਸ਼ੀਨਰੀ ਨੂੰ ਗੈਰ ਸਰਗਰਮ ਰਹਿਣ ਦੇ ਸਪੱਸ਼ਟ ਨਿਰਦੇਸ਼ ਦਿੱਤੇ।
 
 
ਇੰਨਾ ਹੀ ਨਹੀਂ ਅਹਿਮਦਾਬਾਦ ਦੇ ਨਰੋਦਾ ਪਾਟਿਆ ਅਤੇ ਨਰੋਦਾ ਪਿੰਡ ਹੱਤਿਆਕਾਂਡ ਬਾਅਦ ਖੁਦ ਨਰਿੰਦਰ ਮੋਦੀ ਉੱਥੇ ਗਿਆ ਸੀ ਅਤੇ ‘ਹਿੰਦੂ ਸੂਰਵੀਰਾਂ’ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਸੀ। ਉਹ ਛਾੜਾ ਕਬੀਲੇ ਦੀ ਬਸਤੀ ਵੀ ਗਿਆ ਸੀ ਅਤੇ ਵੀਰ ਬਾਲਕਾਂ ਨੂੰ ਜਨਮ ਦੇਣ ਲਈ ਮਾਤਾਵਾਂ ਦਾ ਧੰਨਵਾਦ ਕੀਤਾ ਸੀ। ਅਧਿਕਾਰਕ ਸੂਤਰਾਂ ਦੇ ਅਨੁਸਾਰ ਇਸ ਹੱਤਿਆਕਾਂਡ ਵਿੱਚ 105 ਲੋਕ ਮਾਰੇ ਗਏ ਸਨ ਜਦਕਿ ਇਸ ਦੇ ਮੁੱਖ ਕਰਤਾ-ਧਰਤਾ ਬਾਬੂ ਬਜਰੰਗੀ ਨੇ ‘ਤਹਿਲਕਾ’ ਦੇ ਪੱਤਰਕਾਰ ਨੂੰ ਖੁਦ ਦੱਸਿਆ ਕਿ ਕੁੱਲ 200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਕਾਤਲ ਨੂੰ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਟੂਰਿਸਟ ਸਥਾਨ ਮਾਉਂਟ ਆਬੂ ਸਥਿਤ ਗੁਜਰਾਤ ਭਵਨ ਵਿੱਚ ਲੁਕਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ ਅਤੇ ਉਸਨੂੰ ਜ਼ਮਾਨਤ ਦਿਵਾਉਣ ਲਈ ਦੋ ਜੱਜਾਂ ਦਾ ਤਬਾਦਲਾ ਕਰ ਦਿੱਤਾ ਸੀ। ਸਰਕਾਰੀ ਵਕੀਲ ਅਰਵਿੰਦ ਪਾਂਡਿਆ ਨੇ ਮਾਣ ਨਾਲ਼ ਮੰਨਿਆ ਕਿ ਮੋਦੀ ਦੀ ਫ਼ੌਲਾਦੀ ਅਗਵਾਈ ਨੇ ਹੀ ਗੋਧਰਾ ਤੋਂ ਬਾਅਦ ਬਦਲੇ ਦੇ ਕਾਰਨਾਮਿਆਂ ਨੂੰ ਪੂਰਾ ਕਰਨਾ ਸੰਭਵ ਬਣਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੋਦਰਾ ਦੀ ਘਟਨਾ ਤੋਂ ਬਾਅਦ ਨਰਿੰਦਰ ਮੋਦੀ ਬੇਹੱਦ ਬੌਖਲਾਇਆ ਹੋਇਆ ਸੀ। ਮੋਦੀ ਨੇ ਇੱਥੋਂ ਤੱਕ ਕਿਹਾ ਸੀ ਕਿ ਮੁੱਖ-ਮੰਤਰੀ ਹੋਣ ਦੇ ਨਾਤੇ ਉਸ ਦੇ ਹੱਥ ਬੰਨੇ ਹੋਏ ਹਨ ਨਹੀਂ ਤਾਂ ਉਹ ਖੁਦ ਜੁਹਾਪੁਰਾ (ਸੱਤ-ਅੱਠ ਲੱਖ ਅਬਾਦੀ ਵਾਲ਼ੀ ਅਹਿਮਦਾਬਾਦ ਦੀ ਇੱਕ ਮੁਸਲਿਮ ਬਸਤੀ) ਨੂੰ ਆਪਣੇ ਹੱਥੀਂ ਬੰਬ ਨਾਲ਼ ਉਡਾ ਦਿੰਦਾ।
 
 
ਜਿਸ ਯੋਜਨਾਬੱਧ ਅਤੇ ਠੰਡੇ ਤਰੀਕੇ ਨਾਲ਼ ਗੁਜਰਾਤ ਵਿੱਚ ਹਿੰਦੂਤਵ ਬਿ੍ਰਗੇਡ ਨੇ ਗੋਧਰਾ ਦਾ ‘ਬਦਲਾ’ ਲਿਆ ਉਹ ਖ਼ੂਨ ਸਰਦ ਕਰ ਦੇਣ ਵਾਲ਼ਾ ਹੈ। 27 ਫਰਵਰੀ 2002 ਨੂੰ ਗੋਧਰਾ ਵਿੱਚ ਸਾਬਰਮਤੀ ਐਕਸਪ੍ਰੈੱਸ ਦੇ ਐਸ-6 ਕੋਚ ਵਿੱਚ ਅੱਗ ਲੱਗਣ ਅਤੇ ਉਸ ਵਿੱਚ 59 ਕਾਰਸੇਵਕਾਂ ਦੀ ਮੌਤ ਤੋਂ ਬਾਅਦ ਨਰਿੰਦਰ ਮੋਦੀ ਨੇ ਉੱਥੋਂ ਦਾ ਦੌਰਾ ਕੀਤਾ। ਉਸ ਦੇ ਅੱਗ ਉਗਲਣ ਵਾਲੇ ਬਿਆਨ ਨੇ ਸੰਕੇਤ ਦਿੱਤਾ ਕਿ ਮੁਸਲਮਾਨਾਂ ਨੂੰ ਸਬਕ ਸਿਖਾਉਣ ਦਾ ਵਕਤ ਆ ਗਿਆ ਹੈ। ਉਸੇ ਰਾਤ ਭਾਜਪਾ ਅਤੇ ਸੰਘ ਪਰਿਵਾਰ ਦੇ ਸਿਖਰਲੇ ਆਗੂਆਂ ਨੇ ਅਹਿਮਦਾਬਾਦ, ਵਦੋਦਰਾ ਅਤੇ ਗੋਧਰਾ ਵਿੱਚ ਮੀਟਿੰਗ ਕਰਕੇ ਰਾਜ ਭਰ ਵਿੱਚ ਮੁਸਲਮਾਨਾਂ ’ਤੇ ਹਮਲਾ ਕਰਨ ਲਈ ਹਰੀ ਝੰਡੀ ਦੇ ਦਿੱਤੀ। ਹਮਲਾਵਰਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਯੁੱਧਨੀਤੀ ਬਣਾਈ ਗਈ। ਪ੍ਰਮੁੱਖ ਵਕੀਲਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭਰੋਸੇ ਵਿੱਚ ਲਿਆ ਗਿਆ। ਕਾਰਕੁਨਾਂ ਨੂੰ ਕਿਹਾ ਗਿਆ ਕਿ ਉਹ ਨਿਰਭੈ ਹੋਕੇ ਕਾਰਵਾਈ ਕਰਨ, ਮੁੱਖ ਮੰਤਰੀ ਸਾਡੇ ਨਾਲ਼ ਹਨ! ਸੰਘ ਕਾਰਕੁਨਾਂ ਨੇ ‘ਧਰਮਯੋਧਿਆਂ’ ਨੂੰ ਹਥਿਆਰ ਮੁਹੱਈਆ ਕਰਾਏ। ਇਨ੍ਹਾਂ ’ਚ ਬੰਬ, ਬੰਦੂਕ ਤੋਂ ਲੈ ਕੇ ਤਿ੍ਰਸ਼ੂਲ ਤੱਕ ਸ਼ਾਮਲ ਸਨ। ਇਨ੍ਹਾਂ ਨੂੰ ਜਾਂ ਤਾਂ ਖੁਦ ਸੰਘ ਕਾਰਕੁਨਾਂ ਨੇ ਬਣਾਇਆ ਸੀ ਜਾਂ ਦੇਸ਼ ਭਰ ਵਿੱਚ ਫ਼ੈਲੇ ਸੰਘ ਪਰਿਵਾਰ ਦੇ ਚੈਨਲਾਂ ਤੋਂ ਗੁਜਰਾਤ ਪਹੁੰਚਾਇਆ ਗਿਆ ਸੀ। ਹਥਿਆਰ ਮੁਹੱਈਆ ਕਰਾਉਣ ਵਿੱਚ ਪੁਲਿਸ ਨੇ ਭਰਪੂਰ ਸਹਿਯੋਗ ਦਿੱਤਾ। ਭਾਜਪਾ ਤੇ ਸੰਘ ਪਰਿਵਾਰ ਦੇ ਆਗੂਆਂ ਨੇ ਅਹਿਮਦਾਬਾਦ ਦੀਆਂ ਗਲ਼ੀਆਂ, ਸਾਬਰਕੰਠ ਦੇ ਪਿੰਡਾਂ ਅਤੇ ਵਦੋਦਰਾ ਵਿੱਚ ਵੱਖ-ਵੱਖ ਥਾਵਾਂ ’ਤੇ ਹੱਤਿਆਰੀ ਭੀੜ ਦੀ ਅਗਵਾਈ ਕੀਤੀ। ਭਾਜਪਾ ਵਿਧਾਇਕ ਮਾਇਆ ਬੇਨ ਕੋਦਨਾਨੀ ਨਰੋਦਾ ਇਲਾਕੇ ਵਿੱਚ ਦਿਨ ਭਰ ਭੀੜ ਨੂੰ ਦਿਸ਼ਾ ਨਿਰਦੇਸ਼ ਦਿੰਦੀ ਰਹੀ। ਵਿਹਿਪ ਨੇਤਾ ਅਤੁਲ ਵੈਦ ਅਤੇ ਭਾਰਤ ਤੇਲੀ ਨੇ ਇਹੀ ਕੰਮ ਗੁਲਬਰਗ ਹਾੳੂਸਿੰਗ ਸੁਸਾਇਟੀ ਇਲਾਕੇ ਵਿੱਚ ਕੀਤਾ। ਇਨ੍ਹਾਂ ’ਚੋਂ ਕਿਸੇ ਨੂੰ ਵੀ ਅੱਜ ਤੱਕ ਸਜਾ ਨਹੀਂ ਮਿਲੀ।
 
 
ਕਤਲੇਆਮ ਦੀਆਂ ਜ਼ਿਆਦਾਤਰ ਵਾਰਦਾਤਾਂ ਵਿੱਚ ਲੋਕਾਂ ਨੂੰ ਸਾੜ੍ਹ ਕੇ ਮਾਰਨ ਦਾ ਤਰੀਕਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ। ਇਸਦੇ ਲਈ ਮਿੱਟੀ ਦਾ ਤੇਲ ਅਤੇ ਪੈਟਰੋਲ ਤੋਂ ਇਲਾਵਾ ਗੈਸ ਦੇ ਸਿਲੰਡਰਾਂ ਦਾ ਜੰਮਕੇ ਇਸਤੇਮਾਲ ਹੋਇਆ। ਮੁਸਲਿਮ ਰਿਹਾਇਸ਼ੀ ਕਲੋਨੀਆਂ-ਬਸਤੀਆਂ ਨੂੰ ਚਾਰੋਂ ਪਾਸਿਓਂ ਘੇਰ ਕੇ ਘਰਾਂ ਦੇ ਦਰਵਾਜ਼ਿਆਂ ਵਿੱਚ ਕੁੰਡੀਆਂ ਲਗਾਕੇ ਉਨ੍ਹਾਂ ’ਚ ਅੱਗ ਲਗਾ ਦਿੱਤੀ ਜਾਂਦੀ ਸੀ। ਇਨ੍ਹਾਂ ਧਰਮਯੋਧਿਆਂ ਨੇ ਬਰਬਰਤਾ ਦੇ ਕਿਹੋ-ਜਿਹੇ ਕਾਰਨਾਮੇ ਕੀਤੇ ਇਸਦੇ ਦੋ ਸਭ ਤੋਂ ਵੱਧ ਲੂ-ਕੰਡੇ ਖੜ੍ਹੇ ਕਰਨ ਵਾਲ਼ੇ ਉਦਾਹਰਨ ਨਰੋਦਿਆ ਪਾਟਿਆ ਅਤੇ ਗੁਲਬਰਗ ਹਾਊਸਿੰਗ ਸੁਸਾਇਟੀ ਹੱਤਿਆਕਾਂਡ ਹਨ।
 
 
ਸਟਿੰਗ ਅਪਰੇਸ਼ਨ ਦੌਰਾਨ ਬਾਬੂ ਬਜਰੰਗੀ ਨੇ ਦੱਸਿਆ ਕਿ ਗੋਧਰਾ ਕਾਂਡ ਤੋਂ ਬਾਅਦ ਉਸਨੇ ਉਸੇ ਰਾਤ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ ਛਾੜਾ ਕਬੀਲੇ ਦੇ ਲੋਕਾਂ ਨੂੰ ਨਾਲ਼ ਲੈਕੇ ਅਗਲੇ ਦਿਨ ਸਵੇਰ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਨਰੋਦਾ ਪਾਟਿਆ ਅਤੇ ਨਰੋਦਾ ਪਿੰਡ ਦੇ ਮੁਸਲਮਾਨਾਂ ਦੇ ਘਰਾਂ ਵਿੱਚ ਘੁਸ ਕੇ ਮੁਸਲਮਾਨਾਂ ਨੂੰ ਕੁੱਟਿਆ-ਵੱਢਿਆ, ਦਰਵਾਜ਼ਿਆਂ ’ਚ ਬਾਹਰੋਂ ਕੁੰਡੀ ਲਗਾ ਕੇ ਉਨ੍ਹਾਂ ਦੇ ਹੀ ਸਿਲੰਡਰਾਂ ਨਾਲ਼ ਅੱਗ ਲਗਾ ਦਿੱਤੀ ਅਤੇ ਜਦ ਜਾਨ ਬਚਾਉਣ ਲਈ ਭੱਜਕੇ ਕੁਝ ਲੋਕ ਇੱਕ ਵੱਡੇ ਸਾਰੇ ਖੱਡੇ ਵਿੱਚ ਕੁੱਦ ਗਏ ਤਾਂ ਉਨ੍ਹਾਂ ’ਤੇ ਮਿੱਟੀ ਦਾ ਤੇਲ ਅਤੇ ਬਲਦੇ ਟਾਇਰਾਂ ਨੂੰ ਸੁੱਟ ਕੇ ਸਾੜ੍ਹ ਦਿੱਤਾ। ਇੱਕ ਮਸਜਿਦ ਵਿੱਚ ਵੀ ਡੀਜ਼ਲ ਦਾ ਟੈਂਕਰ ਵਾੜ ਕੇ ਵਿਸਫੋਟ ਨਾਲ਼ ਉਡਾ ਦਿੱਤਾ ਗਿਆ ਅਤੇ ਮੁਸਲਮਾਨਾਂ ਦੀਆਂ ਸਾਰੀਆਂ ਦੁਕਾਨਾਂ ਤਹਿਸ-ਨਹਿਸ ਕਰ ਦਿੱਤੀਆਂ ਗਈਆਂ। ਛਾੜਾ ਕਬੀਲੇ ਦੇ ਦੋ ਨੌਜਵਾਨਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਬਲਾਤਕਾਰ ਕੀਤੇ।
 
 
ਗੁਲਬਰਗ ਸੁਸਾਇਟੀ ਵਿੱਚ ਵੀ ਇਸੇ ਤਰ੍ਹਾਂ ਹੈਵਾਨੀਅਤ ਦਾ ਨੰਗਾ ਨਾਚ ਹੋਇਆ। ਗੁਲਬਰਗ ਸੁਸਾਇਟੀ ਅਹਿਮਦਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਮੇਧਨੀ ਨਗਰ ਇਲਾਕੇ ’ਚ ਸਥਿਤ ਹੈ। ਇਸ ਹਤਿਆਕਾਂਡ ਵਿੱਚ ਸ਼ਾਮਲ ਤਿੰਨ ਵਪਾਰੀਆਂ ਪ੍ਰਹਲਾਦ ਰਾਜ, ਮਾਂਗੀ ਲਾਲ ਜੈਨ ਅਤੇ ਮਦਨ ਚਾਵਲਾ ਨੇ ਤਹਿਲਕਾ ਦੇ ਕੈਮਰੇ ਸਾਹਮਣੇ ਦੱਸਿਆ ਕਿ 28 ਫਰਵਰੀ 2002 ਨੂੰ ਸਵੇਰੇ ਲਗਭਗ 8.30 ਵਜੇ ਹੀ ਗੁਲਬਰਗ ਸੁਸਾਇਟੀ ਦੇ ਸਾਹਮਣੇ ਭੀੜ ਇਕੱਠੀ ਹੋ ਗਈ ਸੀ। ਭੀੜ ਦੀ ਅਗਵਾਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦੋ ਆਗੂਆਂ ਅਤੁਲ ਵੈਦ ਅਤੇ ਭਾਰਤ ਤੇਲੀ ਤੋਂ ਇਲਾਵਾ ਇੱਕ ਕਾਂਗਰਸ ਆਗੂ ਮੇਘ ਸਿੰਘ ਕਰ ਰਿਹਾ ਸੀ। ਭੀੜ ਨੇ ਸੁਸਾਇਟੀ ਨੂੰ ਘੇਰ ਲਿਆ। ਸੁਸਾਇਟੀ ਵਿੱਚ 30-35 ਮੁਸਲਿਮ ਪਰਿਵਾਰ ਰਹਿੰਦੇ ਸਨ। ਆਸਪਾਸ ਦੀਆਂ ਝੁਗੀ ਬਸਤੀਆਂ ਦੇ ਗਰੀਬ ਮੁਸਲਮਾਨ ਪਰਿਵਾਰ ਵੀ ਇਹ ਸੋਚਕੇ ਉੱਥੇ ਸ਼ਰਣ ਲੈਣ ਪਹੁੰਚ ਗਏ ਸਨ ਕਿ ਸੁਸਾਇਟੀ ’ਤੇ ਹਮਲਾ ਨਹੀਂ ਹੋਵੇਗਾ ਕਿਉਂਕਿ ਉੱਥੇ ਕਾਂਗਰਸ ਦੇ ਆਗੂ ਅਹਿਸਾਨ ਜ਼ਾਫਰੀ ਰਹਿੰਦੇ ਸਨ ਅਤੇ ਖ਼ੁਦ ਅਹਿਸਾਨ ਜਾਫ਼ਰੀ ਵੀ ਅਜਿਹਾ ਹੀ ਸੋਚਦੇ ਸਨ। ਪਰੰਤੂ ਇਸ ਹੱਤਿਆਰੀ ਭੀੜ ਨੇ ਕਿਸੇ ਦਾ ਚਿਹਰਾ ਨਹੀਂ ਪਹਿਚਾਣਿਆ।
 
 
ਬਾਅਦ ਦੁਪਿਹਰ ਲਗਭਗ 2.50 ਵਜੇ ਭੀੜ ਨੇ ਸੁਸਾਇਟੀ ਦੀ ਮੋਟੀ ਚਾਰ ਦਿਵਾਰੀ ਨੂੰ ਗੈਸ ਸਿਲੰਡਰਾਂ ਨਾਲ਼ ਵਿਸਫੋਟ ਕਰਕੇ ਉਡਾ ਦਿੱਤਾ। ਕੁੱਝ ਲੋਕ ਰੱਸੀ ਦੇ ਸਹਾਰੇ ਚਾਰਦਿਵਾਰੀ ਲੰਘਕੇ ਅੰਦਰ ਪਹੁੰਚੇ। ਆਪਣੀ ਸੁਰੱਖਿਆ ਦੀ ਦੁਹਾਈ ਦਿੰਦੇ ਹੋਏ ਅਹਿਸਾਨ ਜਾਫ਼ਰੀ ਲਗਾਤਾਰ ਪੰਜ ਘੰਟਿਆਂ ਤੱਕ ਮੁੱਖ ਮੰਤਰੀ ਦਫ਼ਤਰ, ਜ਼ਿਲ੍ਹੇ ਅਤੇ ਸੂਬੇ ਦੇ ਆਲ੍ਹਾ ਅਧਿਕਾਰੀਆਂ, ਦਿੱਲੀ ਦੇ ਕਾਂਗਰਸ ਆਗੂਆਂ-ਜਿੱਥੇ ਵੀ ਸੰਭਵ ਸੀ, ਫੋਨ ਕਰਦੇ ਰਹੇ ਸਨ ਪਰ ਕਿਤੋਂ ਕੋਈ ਜਵਾਬ ਨਹੀਂ ਮਿਲਿਆ। ਭੀੜ ਨੇ ਸੁਸਾਇਟੀ ਦੇ ਅੰਦਰ ਵੜ ਜਾਣ ਤੋਂ ਬਾਅਦ ਉਨ੍ਹਾਂ ਨੇ ਬਦਹਵਾਸ ਹੋਕੇ ਪੁਲਿਸ ਅਧਿਕਾਰੀਆਂ ਅਤੇ ਆਗੂਆਂ ਨੂੰ ਫੋਨ ’ਤੇ ਫੋਨ ਕੀਤੇ ਪਰ ਕਿਤੋਂ ਵੀ ਕੋਈ ਜਵਾਬ ਨਹੀਂ ਮਿਲਿਆ ਤਦ ਉਨ੍ਹਾਂ ਨੇ ਆਖਰੀ ਉਪਾਅ ਦੇ ਤੌਰ ’ਤੇ ਭੀੜ ’ਤੇ ਫਾਇਰ ਕਰ ਦਿੱਤਾ ਜਿਸ ਵਿੱਚ ਇੱਕ-ਦੋ ਲੋਕ ਜ਼ਖਮੀ ਹੋ ਗਏ। ਫਿਰ ਉਨ੍ਹਾਂ ਨੇ ਆਪਣੀ ਅਤੇ ਸੁਸਾਇਟੀ ਦੇ ਮੁਸਲਮਾਨਾਂ ਦੀ ਜਾਨ ਬਖਸ਼ ਦੇਣ ਲਈ ਭੀੜ ਸਾਹਮਣੇ ਪੈਸੇ ਦੇਣ ਦਾ ਪ੍ਰਸਤਾਵ ਰੱਖਿਆ। ਇਸ ’ਤੇ ਭੀੜ ਨੇ ਉਨ੍ਹਾਂ ਨੂੰ ਪੈਸੇ ਲੈਕੇ ਫਲੈਟ ਤੋਂ ਹੇਠਾਂ ਆਉਣ ਲਈ ਕਿਹਾ।
 
 
ਜਿਵੇਂ ਹੀ ਅਹਿਸਾਨ ਜਾਫ਼ਰੀ ਹੇਠਾਂ ਉੱਤਰੇ ਅਤੇ ਪੈਸੇ ਜ਼ਮੀਨ ’ਤੇ ਸੁੱਟਕੇ ਤੇਜ਼ੀ ਨਾਲ਼ ਵਾਪਸ ਜਾਣ ਲੱਗੇ ਤਾਂ ਪੰਜ-ਛੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਉਸਦੇ ਬਾਅਦ ਫਿਰ ਕੁੱਝ ਲੋਕਾਂ ਨੇ ਤਲਵਾਰ ਨਾਲ਼ ਇੱਕ-ਇੱਕ ਕਰਕੇ ਪਹਿਲਾਂ ਉਹਨਾਂ ਦੇ ਹੱਥ ਵੱਢੇ, ਪੈਰ ਵੱਢੇ, ਫਿਰ ਬੋਟੀ-ਬੋਟੀ ਵੱਢ ਦਿੱਤਾ ; ਫਿਰ ਉਨ੍ਹਾਂ ਨੂੰ ਲੱਕੜ ਦੀ ਚਿਤਾ ਸਜਾਕੇ ਜਿਉਂਦਾ ਜਲਾ ਦਿੱਤਾ। ਇਸ ਤੋਂ ਬਾਅਦ ਭੀੜ ਨੇ ਇੱਕ-ਇੱਕ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮਾਰ ਕੇ ਅੱਗ ਲਾ ਦਿੱਤੀ। ਦੋ ਘੰਟਿਆਂ ਤੱਕ ਚੱਲੇ ਇਸ ਕਤਲੇਆਮ ਦੌਰਾਨ ਪੁਲਿਸ ਨਾ ਕੇਵਲ ਮੂਕਦਰਸ਼ਕ ਬਣੀ ਰਹੀ ਸਗੋਂ ਉਸਨੇ ਮੁਸਲਮਾਨਾਂ ਦਾ ਕਤਲ ਕਰਨ ਲਈ ਲਲਕਾਰਿਆ। 4.30 ਵਜੇ ਪੁਲਿਸ ਨੇ ਭੀੜ ਨੂੰ ਖਿੰਡਾਇਆ। ਅਧਿਕਾਰਕ ਸੂਤਰਾਂ ਅਨੁਸਾਰ ਗੁਲਬਰਗ ਸੁਸਾਇਟੀ ਵਿੱਚ ਕੁਲ 39 ਲੋਕ ਮਾਰੇ ਗਏ ਜਦਕਿ ਕਤਲੇਆਮ ਵਿੱਚ ਸ਼ਾਮਲ ਵਪਾਰੀਆਂ ਨੇ ‘ਤਹਿਲਕਾ’ ਨੂੰ ਦੱਸਿਆ ਕਿ ਇਸ ਤੋਂ ਕਾਫ਼ੀ ਜ਼ਿਆਦਾ ਲੋਕ ਮਾਰੇ ਰਾਏ ਸਨ।
 
 
ਇਸੇ ਤਰ੍ਹਾਂ ਬੜੋਦਰਾ, ਸਾਬਰਕੰਠ ਅਤੇ ਪੂਰੇ ਗੁਜਰਾਤ ਵਿੱਚ ਹਿੰਦੂ ਧਰਮਯੋਧਿਆਂ ਨੇ ਗੋਧਰਾ ਦਾ ‘ਬਦਲਾ’ ਲਿਆ। 72 ਘੰਟੇ ਤੱਕ ਪੂਰੇ ਗੁਜਰਾਤ ਵਿੱਚ ਵਹਿਸ਼ਤ ਦਾ ਨੰਗਾ ਨਾਚ ਹੁੰਦਾ ਰਿਹਾ। ਰਾਜ ਮਸ਼ੀਨਰੀ ਪੂਰੀ ਤਰ੍ਹਾਂ ਸਹਿਯੋਗ ਕਰਦੀ ਰਹੀ। 72 ਘੰਟੇ ਬਾਅਦ ਮੋਦੀ ਦੇ ਨਿਰਦੇਸ਼ ’ਤੇ ਸਭ ਕੁੱਝ ਰੁਕ ਗਿਆ। ਕਾਨੂੰਨ-ਵਿਵਸਥਾ ’ਤੇ ਕਾਬੂ ਪਾ ਲਿਆ ਗਿਆ।
ਗੋਧਰਾ ਕਾਂਡ ਦੀ ਸੱਚਾਈ
 
 
ਗੋਧਰਾ ਰੇਲਵੇ ਸਟੇਸ਼ਨ ’ਤੇ ਕੀ ਹੋਇਆ ਸੀ? ਸਾਬਰਮਤੀ ਐਕਸਪੈ੍ਰੱਸ ਦੇ ਐਸ-6 ਡੱਬੇ ’ਚ ਅੱਗ ਕਿਉਂ ਅਤੇ ਕਿਵੇਂ ਲੱਗੀ? ਇਹ ਇੱਕ ਯੋਜਨਾਬੱਧ ਕਾਂਡ ਸੀ ਜਾਂ ਆਪ-ਮੁਹਾਰੀ ਘਟਨਾ? ਇਨ੍ਹਾਂ ਸਵਾਲਾਂ ਦੀ ਸੱਚਾਈ ਸਾਹਮਣੇ ਨਾ ਆ ਜਾਏ ਇਸਦੇ ਲਈ ਮੋਦੀ ਸਰਕਾਰ ਅਤੇ ਸਮੁੱਚੇ ਭਗਵੇਂ ਬਿ੍ਰਗੇਡ ਨੇ ਬਿਲਕੁਲ ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲਜ਼ ਦੀ ਤਰਜ਼ ’ਤੇ ਇਸ ਝੂਠ ਨੂੰ ਲਗਾਤਾਰ ਪ੍ਰਚਾਰਿਆ ਕਿ ਇੱਕ ਸਾਜਸ਼ ਦੇ ਤਹਿਤ ਮੁਸਲਮਾਨਾਂ ਨੇ ਗੋਧਰਾ ’ਚ ਸਾਬਰਮਤੀ ਐਕਸਪ੍ਰੈਸ ਦੀ ਬੋਗੀ ’ਚ ਅੱਗ ਲਾ ਕੇ ਅਯੋਧਿਆ ਤੋਂ ਵਾਪਸ ਆ ਰਹੇ ਕਾਰਸੇਵਕਾਂ ਨੂੰ ਮਾਰ ਦਿੱਤਾ। ਪਰੰਤੂ ‘ਤਹਿਲਕਾ’ ਦੇ ਸਟਿੰਗ ਅਪਰੇਸ਼ਨ ’ਚ ਵੀ ਇਹੀ ਸੱਚਾਈ ਪ੍ਰਮਾਣਤ ਹੋਈ ਜੋ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਜਸਟਿਸ ਬੈਨਰਜੀ ਕਮਿਸ਼ਨ ਨੇ ਉਜਾਗਰ ਕੀਤੀ ਸੀ। ਇਹ ਇੱਕ ਆਪ-ਮੁਹਾਰਾ ਹਾਦਸਾ ਸੀ।
 
 
ਗੋਧਰਾ ਰੇਲਵੇ ਸਟੇਸ਼ਨ ’ਤੇ ਕੁੱਝ ਕਾਰਸੇਵਕਾਂ ਨੇ ਕੁੱਝ ਮੁਸਲਿਮ ਵੈਂਡਰਾਂ ਨਾਲ਼ ਝਗੜਾ ਕੀਤਾ ਫਿਰ ਇੱਕ ਮੁਸਲਮਾਨ ਲੜਕੀ ਨੂੰ ਜ਼ਬਰਦਸਤੀ ਖਿੱਚਕੇ ਟ੍ਰੇਨ ਦੇ ਡੱਬੇ ’ਚ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਇਸਦੀ ਖ਼ਬਰ ਕਸਬੇ ’ਚ ਪਹੁੰਚੀ ਤਾਂ ਹੌਲ਼ੀ-ਹੌਲ਼ੀ ਮੁਸਲਮਾਨ ਅਬਾਦੀ ਦੀ ਭੀੜ ਇਕੱਠੀ ਹੋਣ ਲੱਗੀ। ਟ੍ਰੇਨ ਸਟੇਸ਼ਨ ਤੋਂ ਚੱਲਣ ਬਾਅਦ ਕੈਬਿਨ-ਏ ਕੋਲ਼ ਪਹੁੰਚੀ ਹੀ ਸੀ ਕਿ ਕਿਸੇ ਨੇ ਜੰਜੀਰ ਖਿੱਚਕੇ ਟ੍ਰੇਨ ਰੋਕ ਦਿੱਤੀ। ਤਦ ਤੱਕ ਉੱਥੇ ਕਾਫ਼ੀ ਭੀੜ ਇਕੱਠੀ ਹੋ ਚੁੱਕੀ ਸੀ। ਭੀੜ ਨੇ ਬੋਗੀ ’ਤੇ ਪੱਥਰ ਮਾਰਨੇ ਸ਼ੁਰੂ ਕੀਤੇ, ਇਸ ਨਾਲ਼ ਐਸ-6 ਬੋਗੀ ਦੀਆਂ ਕੁੱਝ ਖਿੜਕੀਆਂ ਦੇ ਸ਼ੀਸੇ ਟੁੱਟ ਗਏ ਅਤੇ ਡੱਬੇ ਦੇ ਅੰਦਰ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ। ਕੁੱਝ ਦੇਰ ਦੇ ਪਥਰਾਅ ਤੋਂ ਪਿੱਛੋਂ ਟੇ੍ਰਨ ਦੀ ਬੋਗੀ ’ਚੋਂ ਧੂੰਆਂ ਉਠਣ ਲੱਗਿਆ ਅਤੇ ਦੇਖਦੇ ਹੀ ਦੇਖਦੇ ਲਪਟਾਂ ਨਿਕਲਣ ਲੱਗੀਆਂ। ਇਸ ਹਾਦਸੇ ’ਚ ਬਚੇ ਕੁਝ ਮੁਸਾਫਰਾਂ ਨੇ ‘ਤਹਿਲਕਾ’ ਦੇ ਪੱਤਰਕਾਰ ਨੂੰ ਦੱਸਿਆ ਕਿ ਭੀੜ ਵਿੱਚੋਂ ਕੋਈ ਬਲਦਾ ਹੋਇਆ ਟੁਕੜਾ ਡੱਬੇ ਦੀ ਖਿੜਕੀ ’ਚੋਂ ਅੰਦਰ ਸੁੱਟਿਆ ਗਿਆ ਪਰੰਤੂ ਕਾਰਸੇਵਕਾਂ ਤੋਂ ਇਲਾਵਾ ਕਿਸੇ ਨੇ ਵੀ ਨਹੀਂ ਕਿਹਾ ਕਿ ਭੀੜ ’ਚ ਲੋਕ ਜਲਣਸ਼ੀਲ ਦ੍ਰਵ (ਪੈਟਰੋਲ ਜਾਂ ਕੈਰੋਸੀਨ ਆਦਿ) ਲੈ ਕੇ ਚਲ ਰਹੇ ਸਨ। ਜਦਕਿ ਭਗਵਾ ਬਿ੍ਰਗੇਡ ਨੇ ਗੋਧਰਾ ਬਾਰੇ ’ਚ ਜੋ ਕਹਾਣੀ ਪ੍ਰਚਾਰੀ ਕੀਤੀ ਉਸ ਅਨੁਸਾਰ ਮੁਸਲਮਾਨਾਂ ਨੇ 26 ਫਰਵਰੀ ਦੀ ਰਾਤ ਨੂੰ ਹੀ ਯੋਜਨਾਬੰਧ ਢੰਗ ਨਾਲ਼ ਇੱਕ ਪੈਟਰੋਲ ਪੰਪ ਤੋਂ ਪੈਟਰੋਲ ਇਕੱਠਾ ਕੀਤਾ ਅਤੇ ਅਗਲੇ ਦਿਨ ਟ੍ਰੇਨ ਰੋਕ ਕੇ ਕਾਰਸੇਵਕਾਂ ਨੂੰ ਜਲਾ ਦਿੱਤਾ। ਇਸ ਸਮੁੱਚੇ ਮਾਮਲੇ ’ਚ ਕਿਸ ਤਰ੍ਹਾਂ ਭਗਵਾਂ ਆਗੂਆਂ ਦੇ ਇਸ਼ਾਰਿਆਂ ’ਤੇ ਪੁਲਿਸ ਨੇ ਐਫ. ਆਈ. ਆਰ. ਦਰਜ ਕਰਾਈ, ਡਰਾ-ਧਮਕਾ ਕੇ ਪੈਸੇ ਦੇ ਕੇ ਫਰਜੀ ਚਸ਼ਮਦੀਦ ਗਵਾਹ ਤਿਆਰ ਕਰਾਏ ਅਤੇ ਕਿਸ ਤਰ੍ਹਾਂ ਯੋਜਨਾਬੱਧ ਕਾਂਡ ਦੇ ਰੂਪ ’ਚ ਲਗਾਤਾਰ ਪ੍ਰਚਾਰਿਆ ਗਿਆ, ਇਸਦਾ ਪਰਦਾਫਾਸ਼ ਸਟਿੰਗ ਅਪਰੇਸ਼ਨ ’ਚ ਹੋਇਆ ਹੈ। ਗੋਧਰਾ ਬਾਰੇ ‘ਤਹਿਲਕਾ’ ਦੁਆਰਾ ਉਜਾਗਰ ਕੀਤੀਆਂ ਗਈਆਂ ਸੱਚਾਈਆਂ ਜਸਟਿਸ ਬੈਨਰਜੀ ਦੀ ਰਿਪੋਰਟ ਅਤੇ ਫੌਰੇਂਸਿਕ ਜਾਂਚ ਰਿਪੋਰਟ ਨਾਲ਼ ਮੇਲ ਖਾਂਦੀਆਂ ਹਨ ਜਿਸ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਾਹਰੋਂ ਕੋਈ ਜਲਣਸ਼ੀਲ ਦ੍ਰਵ ਨਹੀਂ ਸੁੱਟਿਆ ਗਿਆ। ਲੋਕ ਡੱਬੇ ’ਚੋਂ ਕੁੱਦਕੇ ਇਸ ਲਈ ਨਹੀਂ ਭੱਜ ਸਕੇ ਕਿਉਂਕਿ ਕੁਝ ਕਾਰਸੇਵਕਾਂ ਨੇ ਪਲੇਟਫਾਰਮ ’ਤੇ ਝਗੜੇ ਵਾਲੀ ਗੱਲ ਡੱਬੇ ਦੇ ਸਾਰੇ ਯਾਤਰੀਆਂ ਨੂੰ ਦੱਸ ਦਿੱਤੀ ਸੀ ਅਤੇ ਲੋਕਾਂ ਨੇ ਡਰ ਅਤੇ ਸ਼ੱਕ ਨਾਲ਼ ਖੁਦ ਹੀ ਡੱਬੇ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਏ ਸਨ। ਦਰਵਾਜੇ ਕੋਲ਼ ਭਾਰਾ ਸਮਾਨ ਟਿਕਾ ਦਿੱਤਾ ਗਿਆ ਸੀ ਜਿਸ ਨਾਲ਼ ਉਹ ਅੱਗ ਲਗਣ ਤੋਂ ਬਾਅਦ ਜਲਦੀ ਖੁੱਲ੍ਹ ਨਹੀਂ ਸਕੇ।
 
 
ਗੋਧਰਾ ਕਾਂਡ ਦੇ ਤਿੰਨੇ ਚਸ਼ਮਦੀਦ ਗਵਾਹਾਂ ਨੇ ਤਹਿਲਕਾ ਪੱਤਰਕਾਰ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਫਰਜੀ ਗਵਾਹ ਬਣਾਇਆ ਗਿਆ। ਇੱਕ ਗਵਾਹ ਮੁਰਲੀ ਮੂਲਚੰਦਾਨੀ ਨੇ ਦੱਸਿਆ ਕਿ ਉਹ ਗੋਧਰਾ ਸਟੇਸ਼ਨ ’ਤੇ ਸੀ ਹੀ ਨਹੀਂ। ਉਹ ਘਰੇ ਸੌਂ ਰਿਹਾ ਸੀ ਪਰੰਤੂ ਪੁਲਿਸ ਨੇ ਉਸਦਾ ਨਾਂ ਗਵਾਹੀ ’ਚ ਪਾ ਦਿੱਤਾ। ਇੱਕ ਗਵਾਹ ਕਾਕੁਲ ਪਾਠਕ ਨੇ ਦੱਸਿਆ ਕਿ ਸਾਰੇ ਦੋਸ਼ੀ ਮੁਸਲਮਾਨਾਂ ਦੇ ਨਾਂ ਪੁਲਿਸ ਨੇ ਦੱਸੇ ਸਨ। ਕਿਸੇ ਵੀ ਚਸ਼ਮਦੀਦ ਗਵਾਹ ਨੇ ਆਪਣਾ ਬਿਆਨ ਲਿਖਕੇ ਨਹੀਂ ਦਿੱਤਾ। ਸਾਰੇ ਬਿਆਨ ਖੁਦ ਪੁਲਿਸ ਨੇ ਲਿਖੇ। ਇੱਕ ਗਵਾਹ ਰਣਜੀਤ ਸਿੰਘ ਪਟੇਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੋਏਲ ਪਰਮਾਰ ਨੇ ਉਸਨੂੰ ਇੱਕ ਕਥਿਤ ਦੋਸ਼ੀ ਦੀ ਫੋਟੋ ਦਿਖਾਕੇ ਪਹਿਚਾਣਨ ਲਈ ਕਿਹਾ। ਬਦਲੇ ’ਚ ਉਸਨੂੰ ਪੰਜਾਹ ਹਜ਼ਾਰ ਮਿਲੇ। ਇਸੇ ਤਰ੍ਹਾਂ ਕਾਰਸੇਵਕਾਂ ਨੇ ਆਪਣੇ ਝੂਠੇ ਬਿਆਨ ਦਰਜ ਕਰਾਏ। ਕਿਸੇ ਨੇ ਮੁਸਲਿਮ ਵੈਂਡਰਾਂ ਨਾਲ਼ ਝਗੜਾ ਹੋਣ ਅਤੇ ਇੱਕ ਮੁਸਲਮਾਨ ਲੜਕੀ ਨੂੰ ਖਿੱਚਕੇ ਡੱਬੇ ’ਚ ਲੈ ਜਾਣ ਦੀ ਕੋਸ਼ਿਸ਼ ਕਰਨ ਦੀ ਗੱਲ ਨਹੀਂ ਦੱਸੀ। ਜਦਕਿ ਸੋਫ਼ੀਆ ਬਾਨੋ ਨਾਮੀ 18 ਸਾਲਾ ਇਸ ਕੁੜੀ ਨੇ ਤਹਿਲਕਾ ਪੱਤਰਕਾਰ ਨੂੰ ਦੱਸਿਆ ਕਿ ਕੁਝ ਕਾਰਸੇਵਕਾਂ ਨੇ ਉਸਨੂੰ ਡੱਬੇ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਪਿੱਛੋਂ ਲੋਕ ਭੜਕ ਉੱਠੇ। ਜਿਸ ਕੈਬਿਨ-ਏ ਕੋਲ਼ ਟ੍ਰੇਨ ’ਚ ਅੱਗ ਲੱਗੀ ਸੀ ਉੱਥੇ ਇਕੱਠੀ ਭੀੜ ਤੋਂ ਜਦ ਕਰਮਚਾਰੀ ਨੇ ਕਾਰਣ ਪੁੱਛਿਆ ਤਾਂ ਲੋਕਾਂ ਨੇ ਉਸਨੂੰ ਦੱਸਿਆ ਸੀ ਕਿ ਉਹ ਕਿਸੇ ਨੂੰ ਲੱਭ ਰਹੇ ਹਨ। ਇਸ ਤੋਂ ਵੀ ਇਹੀ ਸਾਬਤ ਹੁੰਦਾ ਹੈ ਕਿ ਲੜਕੀ ਨੂੰ ਖਿੱਚਕੇ ਟ੍ਰੇਨ ’ਚ ਲੈ ਜਾਣ ਦੀ ਖ਼ਬਰ ਸੁਣਕੇ ਲੋਕ ਭੜਕ ਉਠੇ ਸਨ ਅਤੇ ਗੋਧਰਾ ਦੀ ਘਟਨਾ ਆਪ-ਮੁਹਾਰੀ ਘਟਨਾ ਸੀ, ਕੋਈ ਯੋਜਨਾਬੱਧ ਕਾਰਵਾਈ ਨਹੀਂ।
 
 
ਹਿੰਦੂਤਵਵਾਦੀ ਕੌਮਵਾਦ :
ਫ਼ਾਸੀਵਾਦ ਦਾ ਭਾਰਤੀ ਚੇਹਰਾ
 
 
ਗੁਜਰਾਤ ’ਚ ਹਿੰਦੂਤਵ ਦੇ ਅਲੰਬਰਦਾਰਾਂ ਦੇ ਇਨ੍ਹਾਂ ਘਿਨੌਣੇ ਕਾਰਨਾਮਿਆਂ ਨੇ ਇਹੀ ਸਾਬਤ ਕੀਤਾ ਹੈ ਕਿ ‘ਕੌਮਵਾਦ’ ਦਾ ਭੇਸ-ਬਾਣਾ ਧਾਰੀ ਅਖੌਤੀ ਸੁਨਹਿਰੀ ਅਤੀਤ ਨੂੰ ਮੁੜਸਿਰਜਣ ’ਚ ਲੱਗੀਆਂ ਇਨਾਂ ਤਾਕਤਾਂ ਦਾ ਅਸਲੀ ਮਕਸਦ ਨਾਜ਼ੀ ਬਰਬਰਤਾ ਦੀ ਮੁੜ ਸੁਰਜੀਤੀ ਹੈ। ਇਹ ਹਿਟਲਰ ਦੇ ਨਾਜ਼ੀਵਾਦ ਅਤੇ ਮੁਸੋਲਿਨੀ ਦੇ ਫਾਸੀਵਾਦ ਦਾ ਭਾਰਤੀ ਚਿਹਰਾ ਹੈ। ਹਿਟਲਰ ਦੇ ਨਾਜ਼ੀਵਾਦ (ਜਾਂ ਕੌਮੀ ਸਮਾਜਵਾਦ) ਦੇ ਨਾਹਰੇ ਦਾ ਸਥਾਨ ਇੱਥੇ ਹਿੰਦੂਤਵਵਾਦੀ ਕੌਮਵਾਦ ਨੇ ਲੈ ਲਿਆ ਹੈ। ਜਿਸ ਤਰ੍ਹਾਂ ਹਿਟਲਰ ਨੇ ਆਰੀਆ ਨਸਲ ਦੇ ਸ਼ੁਧੀਕਰਣ ਅਤੇ ਉਸਦੀ ਅਖੌਤੀ ਸ੍ਰੇਸ਼ਠਤਾ ਦੀ ਚੌਧਰ ਨੂੰ ਸਥਾਪਿਤ ਕਰਨ ਦੇ ਨਾਂ ’ਤੇ ਯਹੂਦੀਆਂ ਦਾ ਕਤਲੇਆਮ ਕਰਾਇਆ, ਹੂ-ਬ-ਹੂ ਉਸੇ ਤਰਜ ’ਤੇ ਗੁਜਰਾਤ ’ਚ ਹਿੰਦੂ ਧਰਮ ਦੇ ਨਾਂ ’ਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਗੋਧਰਾ ਦੀ ਘਟਨਾ ਬਾਰੇ ਜਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ਼ ਲਗਾਤਾਰ ਝੂਠ ਨੂੰ ਪ੍ਰਚਾਰਿਆ ਗਿਆ ਉਹ ਹੂ-ਬ-ਹੂ ਹਿਟਲਰੀ ਪ੍ਰਚਾਰ ਸ਼ੈਲੀ ਸੀ।
 
 
ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ. ਐਸ.) ਦੇ ਅਖੌਤੀ ਰਚਨਾਤਮਕ ਕੰਮਾਂ ਬਾਰੇ ਜਿਨ੍ਹਾਂ ਲੋਕਾਂ ਦੇ ਮਨ ’ਚ ਜ਼ਰਾ ਕੁ ਵੀ ਭਰਮ ਹੋਵੇ ਉਨ੍ਹਾਂ ਨੂੰ ਗੁਜਰਾਤ ’ਚ ਛਾੜਾ ਕਬੀਲੇ ਵਿੱਚ ਸੰਘ ਦੁਆਰਾ ਕੀਤੇ ਗਏ ਹਿੰਦੂਤਵ ਦੇ ਰਚਨਾਤਮਕ ਪ੍ਰਯੋਗ ਨੂੰ ਦੇਖ ਲੈਣਾ ਚਾਹੀਦਾ ਹੈ। ਅਹਿਮਦਾਬਾਦ ਦੇ ਨਰੋਦਾ ਪਾਟਿਆ ਕਤਲੇਆਮ ’ਚ ਬਾਬੂ ਬਜਰੰਗੀ ਦੀ ਅਗਵਾਈ ’ਚ ਕੁੜੀਆਂ ਨਾਲ਼ ਬਲਾਤਕਾਰ ਕਰਨ ਤੋਂ ਲੈ ਕੇ ਘਿਨੌਣੇ ਕਾਰਨਾਮਿਆਂ ਨੂੰ ਅੰਜਾਮ ਦੇਣ ’ਚ ਛਾੜਾ ਕਬੀਲੇ ਦੇ ਨੌਜਵਾਨਾਂ ਦੀ ਹੀ ਪ੍ਰਮੁੱਖ ਭੂਮਿਕਾ ਸੀ। ਪਰੰਪਰਾਗਤ ਤੌਰ ’ਤੇ ਜਰਾਇਮ ਪੇਸ਼ਾ ਮੰਨੇ ਜਾਣ ਵਾਲ਼ੇ ਇਸ ਕਬੀਲੇ ਦੇ ਨੌਜਵਾਨਾਂ ਸਮੇਤ ਬਜ਼ੁਰਗਾਂ ਅਤੇ ਔਰਤਾਂ ਤੱਕ ਨੂੰ ਇਨ੍ਹਾਂ ਕਾਲੀਆਂ ਕਰਤੂਤਾਂ ’ਤੇ ਕੋਈ ਪਛਤਾਵਾ ਨਹੀਂ ਹੈ। ਉਹ ਆਪਣੀਆਂ ਕਰਤੂਤਾਂ ’ਤੇ ਮਾਣ ਕਰਦੇ ਹਨ ਅਤੇ ਮਾਣ ਨਾਲ਼ ਕਹਿੰਦੇ ਹਨ ਕਿ ਉਨ੍ਹਾਂ ਨੇ ਹਿੰਦੂ ਸਮਾਜ ਦਾ ਸਿਰ ਮਾਣ ਨਾਲ਼ ਉੱਚਾ ਉਠਾਇਆ। ਆਪਣੇ ‘ਰਚਨਾਤਮਕ’ ਕੰਮਾਂ ਰਾਹੀਂ ਸੰਘ ਕਾਰਕੁਨਾਂ ਨੇ ਇਨ੍ਹਾਂ ਅੰਦਰ ‘ਹਿੰਦੂਤਵ’ ਦੀ ਇਹੀ ‘ਚੇਤਨਾ’ ਜਗਾਈ ਸੀ। ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ ਇਟਲੀ ਦੇ ਬਰਬਰ ਤਾਨਾਸ਼ਾਹ ਮੁਸੋਲਿਨੀ ਦੀ ਫਾਸੀਵਾਦੀ ਵਿਚਾਰਧਾਰਾ ਦਾ ਭਾਰਤੀ ਸੰਸਕਰਣ ਹੈ। ਮੁਸੋਲਿਨੀ ਦੀ ਫਾਸੀਵਾਦੀ ਵਿਚਾਰਧਾਰਾ ਦਾ ਮੂਲ ਸੰਕਲਪ ਹੈ ਕਿ ਸਮਾਜ ਵਿੱਚ ਆਰਥਿਕ-ਸਮਾਜਕ ਬਰਾਬਰਤਾ ਨਹੀਂ ਕਾਇਮ ਹੋ ਸਕਦੀ। ਕੁੱਝ ਲੋਕ ਸ਼ਾਸਕ ਬਣਨ ਲਈ ਅਤੇ ਕੁੱਝ ਲੋਕ ਸ਼ਾਸਿਤ ਹੋਣ ਲਈ ਹੀ ਪੈਦਾ ਹੁੰਦੇ ਹਨ। ਇਸ ਘੋਰ ਮਨੁੱਖਦੋਖੀ ਵਿਚਾਰਧਾਰਾ ਅਨੁਸਾਰ ਔਰਤਾਂ ਪੁਰਸ਼ਾਂ ਦੇ ਬਰਾਬਰ ਕਦੇ ਨਹੀਂ ਹੋ ਸਕਦੀਆਂ ਅਤੇ ਉਨ੍ਹਾਂ ਦਾ ਕੰਮ ਕੇਵਲ ਬੱਚੇ ਪੈਦਾ ਕਰਨਾ ਅਤੇ ਘਰ ਗ੍ਰਹਸਥੀ ਸੰਭਾਲਣਾ ਹੀ ਹੈ। ਜਮਹੂਰੀ ਕਦਰਾਂ ਦੀ ਘਣਘੋਰ ਵਿਰੋਧੀ ਇਸ ਵਿਚਾਰਧਾਰਾ ਦੀ ਨਜ਼ਰ ’ਚ ਆਦਰਸ਼ ਰਾਜ ਇੱਕ ਨਿਰੰਕੁਸ਼ ਸਰਵਸੱਤਾਵਾਦੀ ਰਾਜ ਹੈ ਜਿਸ ’ਚ ਸਮੁੱਚੇ ਅਧਿਕਾਰ ਰਾਜ ਦੇ ਹੱਥਾਂ ’ਚ ਕੇਂਦਰਤ ਹੋਣੇ ਚਾਹੀਦੇ ਹਨ ਅਤੇ ਨਾਗਰਿਕਾਂ ਨੂੰ ਕੇਵਲ ਰਾਜ ਦੁਆਰਾ ਤੈਅ ਕੀਤੇ ਕਰਤੱਵਾਂ ਦਾ ਨਿਸ਼ਠਾਪੂਰਵਕ ਪਾਲਣ ਕਰਨਾ ਚਾਹੀਦਾ ਹੈ, ਇਸ ਰਾਜ ਵਿੱਚ ਸਾਰੇ ਨਾਗਰਿਕਾਂ ਦੇ ਬਰਾਬਰ ਅਧਿਕਾਰ ਨਹੀਂ ਹੋ ਸਕਦੇ।
 
 
ਰਾਸ਼ਟਰੀ ਸਵੈਮ ਸੇਵਸ ਸੰਘ ਨੇ ਇਸ ਘਣਘੋਰ ਮਨੁੱਖਦੋਖੀ ਵਿਚਾਰਧਾਰਾ ਦੇ ਸਾਰ ਨੂੰ ਗ੍ਰਹਿਣ ਕਰਦੇ ਹੋਏ ਉਸਨੂੰ ਭਾਰਤੀ ਬਾਣਾ ਪਹਿਨਾ ਦਿੱਤਾ ਹੈ। ਜਾਤ ਪ੍ਰਬੰਧ ਦਾ ਆਰ. ਐਸ. ਐਸ. ਦੁਆਰਾ ਸਮਰਥਨ ਜਨਮ ਤੋਂ ਸ੍ਰੇਸ਼ਠ ਅਤੇ ਨੀਵਾਂ ਹੋਣ ਦੇ ਫਾਸੀਵਾਦੀ ਸੰਕਲਪ ਨੂੰ ਮੰਨਣਾ ਹੈ ਅਤੇ ਸਮਾਜ ’ਚ ਔਰਤਾਂ ਦੀ ਦੂਜੇ ਦਰਜੇ ਦੀ ਸਥਿਤੀ ਦਾ ਭਾਰਤੀ ਸੱਭਿਆਚਾਰ ਅਤੇ ਸਭਿਅਤਾ ਦੇ ਪਰਦੇ ਹੇਠ ਗੁਣ ਗਾਣ ਕੀਤਾ ਜਾਂਦਾ ਹੈ। ਭਾਰਤ ਵਿੱਚ ਹਿੰਦੂ ਰਾਜ ਦੀ ਸਥਾਪਨਾ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਦੇਣ ਦੀ ਵਕਾਲਤ ਕਰਕੇ, ਆਰ. ਐਸ. ਐਸ. ਫਾਸੀਫਾਦੀ ਰਾਜ ਦੇ ਸੰਕਲਪ ਦਾ ਇੱਕ ਭਾਰਤੀ ਸੰਸਕਰਣ ਹੀ ਪੇਸ਼ ਕਰਦੀ ਹੈ। ਆਰ. ਐਸ. ਐਸ. ਦੇ ਰਾਜਨੀਤਿਕ ਮੁਖੌਟੇ ਭਾਜਪਾ ਦੁਆਰਾ ਕਦੇ-ਕਦਾਈਂ ਜਮਹੂਰੀਅਤ ਦੀ ਜੁਗਾਲ਼ੀ ਕਰਨ ਤੋਂ ਕੋਈ ਭਰਮ ਨਹੀਂ ਹੋਣਾ ਚਾਹੀਦਾ ਹੈ। ਫਿਲਹਾਲ ਸਰਮਾਏਦਾਰਾ ਜਮਹੂਰੀਅਤ ਦੀ ਖੇਡ ਦੇ ਨਿਯਮਾਂ ਤਹਿਤ ਖੇਡਣ ਦੀ ਮਜਬੂਰੀ ਕਾਰਨ ਉਹ ਅਜਿਹਾ ਕਰਦੀ ਹੈ। ਭਾਜਪਾ ਦੁਆਰਾ ਸਮੇਂ-ਸਮੇਂ ’ਤੇ ਰਾਸ਼ਟਰਪਤੀ ਸ਼ਾਸਨ ਪ੍ਰਣਾਲੀ ਦੀ ਵਕਾਲਤ ਕਰਨਾ ਇਹ ਜ਼ਾਹਰ ਕਰਦਾ ਹੈ ਕਿ ਉਸਦੇ ਮਨਸੂਬੇ ਕੀ ਹਨ। ਆਰ. ਐਸ. ਐਸ. ਦੇ ਸਾਹਮਣੇ ਕਿਉਂਕਿ ਅਜਿਹੀ ਕੋਈ ਮਜਬੂਰੀ ਨਹੀਂ ਹੈ ਇਸ ਲਈ ਉਹ ਜਮਹੂਰੀਅਤ ਬਾਰੇ ਜ਼ਬਾਨੀ ਜਮਾ-ਖਰਚ ਵੀ ਨਹੀਂ ਕਰਦਾ। ਉਸਦੇ ਅਹੁਦੇਦਾਰਾਂ ਦੀ ਚੋਣ ਨਹੀਂ ਹੁੰਦੀ, ਉਹ ਨਾਮਜ਼ਦ ਕੀਤੇ ਜਾਂਦੇ ਹਨ। ਹਿਟਲਰ ਦੇ ਤੁਫ਼ਾਨੀ ਦਸਤਿਆਂ ਅਤੇ ਮੁਸੋਲਿਨੀ ਦੇ ਲੜਾਕੂ ਦਸਤਿਆਂ ਦੀ ਤਰ੍ਹਾਂ ਸੰਘ ਦੇ ਸਵੈਮਸੇਵਕ ਵੀ ਡਰੈੱਸ ਧਾਰਣ ਕਰਦੇ ਹਨ ਅਤੇ ਹਥਿਆਰ (ਫਿਲਹਾਲ ਲਾਠੀਆਂ) ਲੈ ਕੇ ਜਲੂਸ ਕੱਢਦੇ ਹਨ ਜਿਸਦਾ ਉਦੇਸ਼ ‘ਹਿੰਦੂ ਸਮਾਜ’ ਦੇ ਸ਼ਕਤੀ ਪ੍ਰਦਰਸ਼ਨ ਦੇ ਬਹਾਨੇ ਘੱਟਗਿਣਤੀਆਂ ਨੂੰ ਡਰਾਉਣਾ ਹੁੰਦਾ ਹੈ।
 
 
ਗੁਜਰਾਤ ’ਚ ਗੋਧਰਾ ਦਾ ਬਦਲਾ ਲੈਣ ਦੇ ਨਾਂ ’ਤੇ ਮਚਾਏ ਗਏ ਕਤਲੇਆਮ ਵਿੱਚ ਆਰ. ਐਸ. ਐਸ. ਦੇ ਜਥੇਬੰਦਕ ਨੈਟਵਰਕ ਦੀ ਅਹਿਮ ਭੂਮਿਕਾ ਸੀ। ਬੰਬ, ਪਿਸਤੌਲ ਅਤੇ ਤਿ੍ਰਸ਼ੂਲ-ਤਲਵਾਰ ਤੋਂ ਲੈ ਕੇ ਲੋਹੇ ਦੇ ਰਾਡ ਅਤੇ ਪਾਇਪਾਂ ਨੂੰ ਬਣਾਉਣ ਅਤੇ ਵਿਆਪਕ ਵੰਡ ਕਰਨ ’ਚ ਸੰਘ ਦੇ ਨੈਟਵਰਕ ਦੀ ਸਭ ਤੋਂ ਵੱਡੀ ਭੂਮਿਕਾ ਸੀ। ਖਾਕੀ ਵਰਦੀ ਨੇ ਇਸ ’ਚ ਭਰਪੂਰ ਸਹਿਯੋਗ ਦਿੱਤਾ। ‘ਤਹਿਲਕਾ’ ਸਟਿੰਗ ਅਪਰੇਸ਼ਨ ਨੇ ਇੱਕ ਵਾਰ ਫਿਰ ਅਨੇਕਾਂ ਦੰਗਿਆਂ ’ਚ ਉਜਾਗਰ ਹੋਈ ਇਸ ਸੱਚਾਈ ਨੂੰ ਪੁਸ਼ਟ ਕੀਤਾ ਕਿ ਪੁਲਿਸ-ਪੀ.ਏ. ਸੀ. ਹਿੰਦੂ ਪਾਰਟੀ ਦੀ ਭੂਮਿਕਾ ਨਿਭਾਉਂਦੀ ਹੈ। ਹਿੰਦੂਤਵ ਬਿ੍ਰਗੇਡ ਦੇ ਅਸਲੀ ਏਜੰਡੇ ਨੂੰ ਗੁਜਰਾਤ ਦੀਆਂ ਘਿਨੌਣੀਆਂ ਘਟਨਾਵਾਂ ਨੇ ਤਾਂ ਉਜਾਗਰ ਕੀਤਾ ਹੀ, ਉਸਦੇ ਅਲੰਮਬਰਦਾਰਾਂ ਨੇ ਸਟਿੰਗ ਅਪਰੇਸ਼ਨ ਦੌਰਾਨ ਖੁਦ ਆਪਣੀ ਜ਼ੁਬਾਨੀ ਵੀ ਉਜਾਗਰ ਕੀਤਾ। ਵਦੋਦਰਾ ਦੇ ਮਹਾਰਾਜ ਸਯਾਜੀਰਾਵ ਗਾਇਕਵਾੜ ਯੂਨੀਵਰਸਿਟੀ ਦੇ ਆਡੀਟਰ ਧੀਮੰਤ ਭੱਟ, ਜੋ ਸੀਨੀਅਰ ਭਾਜਪਾ ਆਗੂ ਵੀ ਹਨ, ਬੇਲਾਗ-ਲਪੇਟ ਢੰਗ ਨਾਲ਼ ਫਰਮਾਉਂਦੇ ਹਨ ਕਿ ਮੁਸਲਮਾਨ, ਇਸਾਈ ਅਤੇ ਕਮਿਊਨਿਸਟ ਉਨ੍ਹਾਂ ਦੇ ਤਿੰਨ ਮੁੱਖ ਦੁਸ਼ਮਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਮੁਕਾਬਲਾ ਕਰਨ ਲਈ, ਹੁਣ ਸੋਟੀ ਨਾਲ਼ ਕੰਮ ਨਹੀਂ ਚੱਲਣ ਲੱਗਾ। ਇੱਕ ਯੂਨੀਵਰਸਿਟੀ ਦੇ ਉੱਚੇ ਅਹੁਦੇ ’ਤੇ ਬੈਠਾ ਇਹ ਫਾਸਿਸਟ ਖੁਲ੍ਹੇਆਮ ਕਹਿੰਦਾ ਹੈ ਕਿ ਜੇਕਰ ਦੇਸ਼ ਵਿੱਚ ਹਿੰਦੂਤਵ ਦਾ ਵਿਕਾਸ ਕਰਨਾ ਹੈ ਤਾਂ ਸੋਟੀ ਛੱਡਕੇ ਏ.ਕੇ.-56 ਫੜਨੀ ਹੋਵੇਗੀ। ਹਿੰਦੂਤਵ ਦੇ ਇਸ ਜਨੂੰਨੀ ਪੈਰੋਕਾਰ ਨੇ ਇਹ ਵੀ ਦੱਸਿਆ ਹੈ ਕਿ ਗੁਜਰਾਤ ’ਚ ਮੁਸਲਮਾਨਾਂ ਦੇ ਕਤਲੇਆਮ ਦਾ ਆਇਡੀਆ ਖੁਦ ਨਰਿੰਦਰ ਮੋਦੀ ਦਾ ਸੀ।
ਧਰਮ ਦੇ ਠੇਕੇਦਾਰ ਪੂੰਜੀ ਦੇ ਚਾਕਰ ਹਨ
 
 
ਜਿਸ ਤਰ੍ਹਾਂ ਜਰਮਨੀ ’ਚ ਹਿਟਲਰ ਅਤੇ ਇਟਲੀ ’ਚ ਮੁਸੋਲਿਨੀ ਆਪਣੀ ਮਨੁੱਖਦੋਖੀ ਵਿਚਾਰਧਾਰਾ ਅਤੇ ਮਾਨਵਤਾ ਵਿਰੋਧੀ ਕਾਲ਼ੀਆਂ ਕਰਤੂਤਾਂ ਸਹਾਰੇ ਸੰਕਟਗ੍ਰਸਤ ਪੂੰਜੀਵਾਦੀ ਢਾਂਚੇ ਨੂੰ ਬਚਾਉਣਾ ਚਾਹੁੰਦੇ ਸਨ ਉਸੇ ਤਰ੍ਹਾਂ ਉਨ੍ਹਾਂ ਦੀਆਂ ਭਾਰਤੀ ਔਲਾਦਾਂ ਦਾ ਅਸਲੀ ਮਕਸਦ ਵੀ ਹਰ ਹਾਲ ’ਚ ਦੇਸ਼ ਦੇ ਕਿਰਤੀ ਲੋਕਾਂ ਨੂੰ ਇੱਕਜੁੱਟ ਹੋਣ ਤੋਂ ਰੋਕਣਾ ਅਤੇ ਪੂੰਜੀ ਦੀ ਸੱਤਾ ਨੂੰ ਹਰ ਹਾਲ ’ਚ ਬਚਾਉਣਾ ਹੈ। ਉਨ੍ਹਾਂ ਦਾ ਮੁਸਲਿਮ ਅਤੇ ਇਸਾਈ ਵਿਰੋਧ ਦੇਸ਼ ’ਚ ਸਮਤਾਵਾਦੀ ਵਿਚਾਰਧਾਰਾ ਅਤੇ ਰਾਜਨੀਤੀ ਨੂੰ ਵੱਧਣ ਤੋਂ ਰੋਕਣ ਲਈ ਹੈ। ਖਾਸ ਕਰਕੇ ਇਨਕਲਾਬੀ ਕਮਿਊਨਿਸਟ ਲਹਿਰ ਦੇ ਪ੍ਰਭਾਵ ਨੂੰ ਰੋਕਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਲਈ ਹਿੰਦੂਤਵ ਦੇ ਸਾਰੇ ਝੰਡਾਬਰਦਾਰ ਇੱਕ ਸਾਹ ਵਿੱਚ ‘ਮਾਰਕਸ, ਮੈਕਾਲੇ ਅਤੇ ਮਦਰੱਸਾ’ ਦੇ ਖਿਲਾਫ਼ ਲਗਾਤਾਰ ਵਿਊਹ ਰਚਦੇ ਰਹਿੰਦੇ ਹਨ। ਅਸਲ ’ਚ ਇਹ ਧਰਮ ਦੇ ਠੇਕੇਦਾਰ ਪੂੰਜੀ ਦੇ ਚਾਕਰ ਹਨ। ਅੰਗਰੇਜੀ, ਅੰਗਰੇਜ਼ੀਅਤ ਅਤੇ ਅਖੌਤੀ ਪੱਛਮੀ ਸੱਭਿਆਚਾਰ ਦੇ ਵਿਰੋਧ ’ਚ ਅਖੌਤੀ ਸੱਭਿਆਚਾਰਕ ਕੌਮਵਾਦ ਦਾ ਝੰਡਾ ਚੁੱਕੀ ਘੁੰਮਣ ਵਾਲ਼ੇ ਲੋਕਾਂ ਨੂੰ ਦੇਸੀ ਅਤੇ ਵਿਦੇਸ਼ੀ ਪੂੰਜੀ ਦੀ ਬਰਬਰ ਲੁੱਟ ’ਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਗੁਜਰਾਤ ਕਤਲੇਆਮ ਪਿੱਛੋਂ ਦੁਬਾਰਾ ਮੁੱਖ ਮੰਤਰੀ ਬਣੇ ਨਰਿੰਦਰ ਮੋਦੀ ਰਾਜ ਵਿੱਚ ਵਿਕਾਸ ਦੇ ਨਾਂ ’ਤੇ ਦੇਸੀ-ਵਿਦੇਸ਼ੀ ਪਬੰਜੀ ਦੇ ਸਭ ਤੋਂ ਜੋਸ਼ੀਲੇ ਪੈਰੋਕਾਰਾਂ ’ਚੋਂ ਇੱਕ ਹਨ। ਉਹਨਾਂ ਦੁਆਰਾ ਰਾਜ ’ਚ ਕੀਤੇ ਜਾਣ ਵਾਲ਼ੇ ਇਸ ਵਿਕਾਸ ਦੀ ਤਾਰੀਫ਼ ਸਾਰੀਆਂ ਪੂੰਜੀਵਾਦੀ ਪਾਰਟੀਆਂ ਕਰਦੀਆਂ ਹਨ। ਸਪੱਸ਼ਟ ਹੈ ਕਿ ਘੱਟ-ਤੋਂ-ਘੱਟ ਪੂੰਜੀ ਦੀ ਇਸ ਬੇਲਗਾਮ ਲੁੱਟ ਦੀ ਹਿਫਾਜ਼ਤ ਦੇ ਮੁੱਦੇ ’ਤੇ ਸਾਰੇ ਇਕੱਠੇ ਖੜ੍ਹੇ ਹਨ। ਇਹੀ ਕਾਰਣ ਹੈ ਕਿ ‘ਤਹਿਲਕਾ’ ਦੇ ਇਸ ਸਟਿੰਗ ਅਪਰੇਸ਼ਨ ’ਤੇ ਓਨਾ ਹੋ-ਹੱਲਾ ਨਹੀਂ ਮਚਿਆ ਜਿਨ੍ਹਾਂ ਰੱਖਿਆ ਸੌਦਿਆਂ ਦੀ ਦਲਾਲੀ ਦਾ ਪਰਦਾਫਾਸ਼ ਹੋਣ ਸਮੇਂ ਮੱਚਿਆ ਸੀ।
ਕਿਰਤੀ ਲੋਕਾਂ ਨੂੰ ਇੱਕਜੁਟ ਕੀਤੇ ਬਿਨਾਂ
ਫਿਰਕੂ ਫਾਸੀਵਾਦ ਨੂੰ ਹਰਾਇਆ ਨਹੀਂ ਜਾ ਸਕਦਾ
 
 
ਅਖੌਤੀ ਹਿੰਦੂਤਵ ਅਤੇ ਸੱਭਿਆਚਾਰਕ ਕੌਮਵਾਦ ਬਾਣੇ ਵਾਲ਼ੇ ਫਿਰਕੂ ਫਾਸੀਵਾਦ ਦੇ ਇਸ ਦੈਂਤ ਨਾਲ਼ ਨਿਪਟਣ ਲਈ ਪ੍ਰਗਤੀਸ਼ੀਲ, ਜਮਹੂਰੀ ਅਤੇ ਇਨਕਲਾਬੀ ਸ਼ਕਤੀਆਂ ਨੂੰ ਇੱਕਜੁਟਤਾ ਕਾਇਮ ਕਰਕੇ ਚੌਤਰਫ਼ਾ ਮੋੜਵੇਂ ਹੱਲੇ ਦੀ ਯੁੱਧਨੀਤੀ ਬਣਾਉਣੀ ਹੋਵੇਗੀ। ਆਰਥਿਕ-ਰਾਜਨੀਤਿਕ-ਸਮਾਜਿਕ-ਸੱਭਿਆਚਾਰਕਸਾਰੇ ਖੇਤਰਾਂ ’ਚ ਕਾਰਗਰ ਯੁੱਧਨੀਤੀ ਤੋਂ ਬਿਨਾਂ ਇਸ ਮਨੁੱਖਦੋਖੀ ਵਿਚਾਰਧਾਰਾ ਅਤੇ ਉਸਦੇ ਚੌਤਰਫਾ ਪ੍ਰਭਾਵ ਦੀ ਕਾਟ ਨਹੀਂ ਕੀਤੀ ਜਾ ਸਕਦੀ। ਜੋ ਲੋਕ ਇਹ ਸਮਝਦੇ ਹਨ ਕਿ ਹਿੰਦੂਤਵਵਾਦੀ ਫਿਰਕੂ ਫਾਸੀਵਾਦ ਨੂੰ ਕੇਵਲ ਸੰਸਦੀ ਯੁੱਧਨੀਤੀ ਦੇ ਦਾਇਰੇ ’ਚ ਗੈਰ ਭਾਜਪਾ ਅਖੌਤੀ ਧਰਮ-ਨਿਰਪੱਖ ਪਾਰਟੀਆਂ ਨਾਲ਼ ਚੁਣਾਵੀ ਮੋਰਚਾ ਬਣਾਕੇ ਹਾਰ ਦਿੱਤੀ ਜਾ ਸਕਦੀ ਹੈ ਉਹ ਆਤਮਘਾਤੀ ਭਰਮ ਵਿੱਚ ਜੀ ਰਹੇ ਹਨ। ਕਾਂਗਰਸ ਦੀ ਧਰਮ-ਨਿਰਪੱਖਤਾ ਦੀ ਪੋਲ ਵਾਰ-ਵਾਰ ਖੁੱਲ ਚੁੱਕੀ ਹੈ। 1984 ਦੇ ਸਿੱਖ ਦੰਗਿਆਂ ਪਿੱਛੋਂ ਹੁਣ ਗੁਜਰਾਤ ਕਤਲੇਆਮ ’ਚ ਵੀ ਕਈ ਕਾਂਗਰਸੀ ਨੇਤਾਵਾਂ ਦੇ ਸ਼ਾਮਲ ਹੋਣ ਦੇ ਪ੍ਰਮਾਣ ਤੋਂ ਬਾਅਦ ਵੀ ਜੋ ਲੋਕ ਕਾਂਗਰਸ ਦੀ ਧਰਮ ਨਿਰਪੱਖਤਾ ’ਤੇ ਯਕੀਨ ਕਰਦੇ ਹਨ ਉਨ੍ਹਾਂ ਦੀਆਂ ਅੱਖਾਂ ਦੀ ਪੱਟੀ ਕੋਈ ਨਹੀਂ ਹਟਾ ਸਕਦਾ। ਹੋਰ ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਵੀ ਕੇਵਲ ਚੁਣਾਵੀ ਗਣਿਤ ਤਹਿਤ ਹੀ ਧਰਮਨਿਰਪੱਖਤਾ ਦਾ ਬਾਣਾ ਧਾਰਿਆ ਹੋਇਆ ਹੈ। ਭਵਿੱਖ ’ਚ ਜੇਕਰ ਰਾਜਨੀਤਕ ਫਿਜ਼ਾ ਬਦਲੀ ਅਤੇ ਕੋਈ ਗੈਰ ਕਾਂਗਰਸਵਾਦੀ ਲਹਿਰ ਫਿਰ ਤੋਂ ਚੱਲੀ ਤਾਂ ਇਨ੍ਹਾਂ ਪਾਰਟੀਆਂ ਦੀ ਧਰਮਨਿਰਪੱਖਤਾ ਦੀ ਪੋਲ ਖੁੱਲਦੇ ਦੇਰ ਨਹੀਂ ਲੱਗੇਗੀ। ਚੰਦਰਬਾਬੂ ਨਾਇਡੂ ਤੋਂ ਲੈ ਕੇ ਜੈਲਲਿਤਾ ਤੱਕ, ਜਨਤਾ ਦਲ ਦੇ ਦੋਨੋਂ ਬਾਕੀ ਬਚੇ ਟੁਕੜੇ ਅਤੇ ਇੱਥੋਂ ਤੱਕ ਕਿ ਮਾਇਆਵਤੀ ਤੱਕ ਭਾਜਪਾ ਦੇ ਸਹਿਯੋਗ ਨਾਲ਼ ਗੱਦੀ ’ਤੇ ਬੈਠ ਚੁੱਕੇ ਹਨ ਜਾਂ ਬੈਠੇ ਹੋਏ ਹਨ।
 
 
ਦੇਸ਼ ਵਿੱਚ ਫਿਰਕੂ ਫਾਸੀਵਾਦ ਦੀ ਚੁਣੌਤੀ ਦਾ ਕਾਰਗਰ ਮੁਕਾਬਲਾ ਕੇਵਲ ਕਿਰਤੀ ਲੋਕਾਂ ਦੀ ਫੌਲਾਦੀ ਜਮਾਤੀ ਇੱਕਜੁਟਤਾ ਦੀ ਬੁਨਿਆਦ ’ਤੇ ਹੀ ਕੀਤਾ ਜਾ ਸਕਦਾ ਹੈ। ਇੱਕ ਜਮਾਤੀ ਇੱਕਜੁਟਤਾ ਅੱਜ ਕੇਵਲ ਦੇਸੀ ਤੇ ਵਿਦੇਸੀ ਪੂੰਜੀ ਦੋਵਾਂ ਦੀ ਲੁੱਟ ਵਿਰੁੱਧ ਇਨਕਲਾਬੀ ਲੋਕ ਘੋਲ਼ਾਂ ਦੀ ਤਿਆਰੀ ਦੀ ਪ੍ਰਕਿਰਿਆ ’ਚ ਹੀ ਕਾਇਮ ਕੀਤੀ ਜਾ ਸਕਦੀ ਹੈ। ‘ਸਰਵ ਧਰਮ ਸਮਭਾਵ’ ਜਾਂ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਨਾ’ ਦਾ ਤਰਾਨਾ ਗਾਉਣ ਨਾਲ਼ ਅਤੇ ਜਮਾਤੀ ਭਿਆਲ਼ੀ ਵਾਲ਼ੇ ਸੰਸਦੀ ਖੱਬੇਪੱਖੀ ਪਾਰਟੀਆਂ ਦੇ ਚੁਣਾਵੀ ਸੰਯੁਕਤ ਮੋਰਚੇ ਦੀਆਂ ਕਵਾਇਦਾਂ ਨਾਲ਼ ਫਿਰਕੂ ਫਾਸੀਵਾਦ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਅੱਜ ਦੇ ਸਮੇਂ ’ਚ ਕੋਈ ਵੀ ਫਿਰਕੂ ਫਾਸੀਵਾਦ ਵਿਰੋਧੀ ਸਾਂਝਾ ਮੋਰਚਾ ਕਿਰਤੀ ਲੋਕਾਂ ਦੀ ਇਨਕਲਾਬੀ ਜਮਾਤੀ ਇੱਕਜੁਟਤਾ ਦੀ ਧੁਰੀ ਦੇ ਇਰਦ-ਗਿਰਦ ਹੀ ਬਣਾਇਆ ਜਾ ਸਕਦਾ ਹੈ। ਫਿਰਕੂ ਫਾਸੀਵਾਦ ਦੀ ਚੁਣੌਤੀ ਕੇਵਲ ਰਾਜਨੀਤਕ ਦਾਇਰੇ ਵਿੱਚ ਹੀ ਨਹੀਂ ਹੈ। ਇਸ ਲਈ ਪ੍ਰਤੀਰੋਧ ਅਤੇ ਮੋੜਵੇਂ ਹਮਲੇ ਦੇ ਇਸ ਰਾਜਨੀਤਕ ਮੋਰਚੇ ਦੀ ਮੂਲ ਦਿਸ਼ਾ ਦੇ ਅਨੁਰੂਪ ਹੀ ਸਮਾਜਿਕ-ਸੱਭਿਆਚਾਰਕ ਮੋਰਚੇ ’ਤੇ ਸਰਗਰਮੀਆਂ ਦੀ ਕਾਰਗਰ ਯੁੱਧਨੀਤੀ ਬਣਾਈ ਜਾਣੀ ਚਾਹੀਦੀ ਹੈ। ਫਿਰਕੂ ਫਾਸੀਵਾਦ ਸੱਤਾ ’ਚ ਰਹੇ ਜਾਂ ਨਾ ਰਹੇ ਦੇਸ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ’ਚ ਉਨ੍ਹਾਂ ਦੀ ਮੌਜੂਦਗੀ ਲਗਾਤਾਰ ਰਿਸਦੇ ਰਹਿਣ ਵਾਲ਼ੇ ਕੈਂਸਰ ਦੀ ਤਰ੍ਹਾਂ ਬਣੀ ਰਹੇਗੀ। ਅਖੌਤੀ ਹਿੰਦੂਤਵ ਅਤੇ ਸੱਭਿਆਚਾਰਕ ਕੌਮਵਾਦ ਦੀ ਵਿਚਾਰਧਾਰਾ ਦਾ ਜ਼ਹਿਰ ਆਰ. ਐਸ. ਐਸ. ਅਤੇ ਉਸ ਨਾਲ਼ ਸਬੰਧਤ ਅਨੇਕਾਂ ਜਥੇਬੰਦੀਆਂ ਦੁਆਰਾ ਨਿਰੰਤਰ ਜਾਰੀ ਵੱਖ-ਵੱਖ ਸਰਗਰਮੀਆਂ ਜ਼ਰੀਏ ਫੈਲਾਇਆ ਜਾਂਦਾ ਰਹਿੰਦਾ ਹੈ। ਇਸ ਨਾਲ਼ ਆਮ ਹਿੰਦੂ ਅਬਾਦੀ ਦੇ ਇੱਕ ਵੱਡੇ ਹਿੱਸੇ ਦੀ ਮਾਨਸਿਕਤਾ ਦਾ ਵੀ ਫਿਰਕੂਕਰਣ ਹੋ ਚੁੱਕਾ ਹੈ। ਕਿਰਤੀ ਲੋਕਾਂ ਦੇ ਅੰਦਰ ਵੀ ਇਸਦੇ ਵਿਸ਼ਾਣੂ-ਜੀਵਾਣੂ ਗਹਿਰਾਈ ਤੱਕ ਰਚ-ਮਿਚ ਚੁੱਕੇ ਹਨ।
 
 
ਗੁਜਰਾਤ ਤੋਂ ਬਾਅਦ ਹਿੰਦੁਤਵ ਦੀਆਂ ਨਵੀਆਂ-ਨਵੀਆਂ ਪ੍ਰਯੋਗਸ਼ਾਲਾਵਾਂ ਦਾ ਨਿਰਮਾਣ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ’ਚ ਜਾਰੀ ਹੈ। ਰਾਜਸਥਾਨ ਅਤੇ ਮੱਧਪ੍ਰਦੇਸ਼ ਤੋਂ ਇਲਾਵਾ ਪੂਰਵੀ ਉੱਤਰ ਪ੍ਰਦੇਸ਼ ’ਚ ਵੀ ਪ੍ਰਯੋਗ ਤੇਜ਼ੀ ਨਾਲ਼ ਜਾਰੀ ਹੈ।
 
 
ਪੂਰਬੀ ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀ ਅਗਵਾਈ ਵਿੱਚ ਪਿਛਲੇ ਇੱਕ ਦਹਾਕੇ ਤੋਂ ਜਿਸ ਕਥਿਤ ਹਿੰਦੂਤਵ ਦੀ ਅਲਖ ਜਗਾਈ ਜਾ ਰਹੀ ਹੈ ਉਸਨੇ ਸਮਾਜ ਦੇ ਖਾਸੇ ਹਿੱਸੇ ’ਤੇ ਆਪਣੀ ਪਕੜ ਬਣਾ ਲਈ ਹੈ। ਆਰ. ਐਸ. ਐਸ. ਦੀ ਤਰਜ ’ਤੇ ਅਲੱਗ-ਅਲੱਗ ‘ਰਚਨਾਤਮਕ’ ਅਤੇ ‘ਸਮਾਜ-ਸੁਧਾਰ’ ਦੀਆਂ ਸਰਗਰਮੀਆਂ ਜ਼ਰੀਏ ਹਿੰਦੂ ਨੌਜਵਾਨ ਵਾਹਿਨੀ ਨੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਨੂੰ ਪ੍ਰਭਾਵ ’ਚ ਲੈ ਰੱਖਿਆ ਹੈ। ਥੁੜ ਅਤੇ ਗਰੀਬੀ ਦਾ ਜੀਵਨ ਜਿਉਣ ਨੂੰ ਸਰਾਪੀਆਂ ਕੁੱਝ ਅਖੌਤੀ ਨੀਵੀਆਂ ਲੜਾਕੂ ਸਮਝੀਆਂ ਜਾਣ ਵਾਲੀਆਂ ਜਾਤਾਂ ’ਚ ‘ਚੇਤਨਾ’ ਜਗਾਈ ਦੀ ਮੁਹਿੰਮ ਜੋਰਾਂ ’ਤੇ ਹੈ। ਬਿਲਕੁਲ ਉਸੇ ਤਰਜ ’ਤੇ ਜਿਸ ਤਰ੍ਹਾਂ ਗੁਜਰਾਤ ’ਚ ਛਾੜਾ ਕਬੀਲੇ ਦੇ ਲੋਕਾਂ ਵਿੱਚ ਜਗਾਈ ਗਈ ਸੀ। ਇੰਨਾਂ ਹੀ ਨਹੀਂ ਪੱਤਰਕਾਰਤਾ ਸਹਿਤ ਸਮੁੱਚੇ ਬੌਧਿਕ ਭਾਈਚਾਰੇ ਵਿੱਚ ਵੀ ਇਨ੍ਹਾਂ ਦੀ ਪਕੜ ਹੈ। ਇਸ ਲਈ, ਪ੍ਰਤੀਰੋਧ ਅਤੇ ਮੋੜਵੇਂ ਹੱਲੇ ਦੇ ਸਮਾਜਕ-ਸੱਭਿਆਚਾਰਕ ਮੋਰਚੇ ਦੇ ਕਾਰਜਾਂ ਦੀ ਬਿਲਕੁਲ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ।
 
 
ਕਿਰਤੀ ਲੋਕਾਂ ਵਿਚਕਾਰ ਆਰਥਿਕ-ਰਾਜਨੀਤਕ ਮੁੱਦਿਆਂ ’ਤੇ ਪ੍ਰਚਾਰ-ਅੰਦੋਲਨ ਜ਼ਰੀਏ ਜਮਾਤੀ ਇਕਜੁਟਤਾ ਕਾਇਮ ਕਰਨ ਦੀਆਂ ਕਾਰਵਾਈਆਂ ਦੇ ਨਾਲ਼ ਹੀ ਉਨ੍ਹਾਂ ਵਿਚਕਾਰ ਨਿਰੰਤਰ ਫਿਰਕਾਪ੍ਰਸਤੀ ਵਿਰੋਧੀ, ਪ੍ਰਚਾਰ ਦੀ ਕਾਰਵਾਈ ਚਲਾਈ ਜਾਣੀ ਚਾਹੀਦੀ ਹੈ। ਸਮਾਜ ’ਚ ਫੈਲੀ ਜਾਤੀਗਤ ਤੰਗਨਜਰੀ, ਜਮਹੂਰੀਅਤ ਵਿਰੋਧੀ ਕਦਮਾਂ, ਅੰਧਵਿਸ਼ਵਾਸ, ਅਤਰਕਸ਼ੀਲਤਾ ਅਤੇ ਅਨੇਕਾਂ ਕਿਸਮ ਦੀਆਂ ਤੰਗਨਜ਼ਰੀਆਂ ਖਿਲਾਫ਼ ਨਿਰੰਤਰ ਪ੍ਰਚਾਰ ਕਾਰਜ ਚਲਾਉਣਾ ਹੋਵੇਗਾ। ਇਸਦੇ ਨਾਲ਼ ਹੀ ਵੱਖ-ਵੱਖ ਰਚਨਾਤਮਕ ਅਤੇ ਸੁਧਾਰਕ ਕਾਰਵਾਈਆਂ ਜ਼ਰੀਏ ਗਰੀਬ-ਕਿਰਤੀ ਅਬਾਦੀ ਵਿੱਚ ਆਪਣੀਆਂ ਜੜ੍ਹਾਂ ਗਹਿਰੀਆਂ ਜਮਾਉਣੀਆਂ ਹੋਣਗੀਆਂ।
 
 
ਫਿਰਕੂ ਫਾਸੀਵਾਦ ਜਾਂ ਫਾਸੀਵਾਦ ਦੇ ਕਿਸੇ ਵੀ ਰੂਪ-ਰੰਗ, ਚਿਹਰੇ-ਮੋਹਰੇ ਵਾਲੇ ਦੈਂਤ ਦਾ ਨਾਸ਼ ਤਾਂ ਆਖਰਕਾਰ ਕਿਰਤੀ ਲੋਕਾਂ ਨੇ ਹੀ ਕਰਨਾ ਹੈ। ਫ਼ਾਸੀਵਾਦ ਨੂੰ ਜਨਮ ਦੇਣ ਵਾਲ਼ੇ, ਉਸ ਵਿੱਚ ਜਾਨ-ਪ੍ਰਾਣ ਫੂਕਣ ਵਾਲ਼ੇ ਪੂੰਜੀਵਾਦੀ-ਸਾਮਰਾਜਵਾਦੀ ਢਾਂਚੇ ਦੀ ਸਮੁੱਚੀ ਭੌਤਿਕ ਅਤੇ ਆਤਮਕ ਸ਼ਕਤੀ ਦੇ ਵਿਨਾਸ਼ ਦਾ ਇਤਿਹਾਸਕ ਕਾਰਜ ਤਾਂ ਮਜ਼ਦੂਰ ਜਮਾਤ ਨੇ ਹੀ ਪੂਰਾ ਕਰਨਾ ਹੈ। ਅਤੀਤ ਵਿੱਚ ਉਸਨੇ ਆਪਣੀ ਤਾਕਤ ਦੁਨੀਆਂ ਨੂੰ ਦਿਖਾਈ ਹੈ। ਭਵਿੱਖ ਦੀਆਂ ਉਹ ਤਿਆਰੀਆਂ ਕਰ ਰਹੀ ਹੈ। ਉਸਦੀ ਇਸੇ ਤਾਕਤ ਤੋਂ ਫਿਰਕੂ ਫਾਸੀਵਾਦੀ ਤਾਕਤਾਂ ਅਤੇ ਦੁਨੀਆਂ ਦੀਆਂ ਅਨੇਕਾਂ ਪੂੰਜੀਵਾਦੀ ਤਾਕਤਾਂ ਖੌਫ ਖਾਂਦੀਆਂ ਹਨ। ਇਸ ਲਈ ਉਸਦੇ ਵਿਨਾਸ਼ ਲਈ ਹਮੇਸ਼ਾਂ ਜਾਪ ਕਰਦੀਆਂ ਰਹਿੰਦੀਆਂ ਹਨ। ਪਰੰਤੂ ਭਵਿੱਖ ਨੂੰ ਕੀ ਕੋਈ ਕਦੇ ਰੋਕ ਸਕਿਆ ਹੈ?

Leave a comment