ਸੋਮਨਾਥ ਮੰਦਰ ਦੇ 1000 ਸਾਲ ਅਤੇ ਮੋਦੀ, ਡੋਵਾਲ ਦੇ ਬਿਆਨ

ਲੰਘੀ 11 ਜਨਵਰੀ ਨੂੰ ‘ਸੋਮਨਾਥ ਸਵੈਮਾਨ ਪੁਰਬ’ ਦੇ ਅਖੀਰਲੇ ਦਿਨ ਪ੍ਰਧਾਨ ਮੰਤਰੀ ਵੱਲੋਂ ਕਹੀਆਂ ਗੱਲਾਂ ਮੁਲਕ ਵਿੱਚ ਚੱਲ ਰਹੀ ਫਿਰਕੂ ਫਾਸ਼ੀਵਾਦੀ ਮੁਹਿੰਮ ਦੀ ਦਿਸ਼ਾ ਦਾ ਸੰਕੇਤ ਦੇ ਰਹੀਆਂ ਹਨ। ਮੋਦੀ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਨੇ ਸੋਮਨਾਥ ਮੰਦਰ ਦੀ ਮੁੜ ਉਸਾਰੀ ਦਾ ਵਿਰੋਧ ਕੀਤਾ ਸੀ ਉਹ ਅੱਜ ਵੀ ਮੌਜੂਦ ਹਨ ਅਤੇ ਸਰਗਰਮ ਹਨ। ਉਸਦੀ ਮੁਰਾਦ ਜਵਾਹਰਲਾਲ ਨਹਿਰੂ ਅਤੇ ਕਾਂਗਰਸ ਪਾਰਟੀ ਤੋਂ ਸੀ। ਹਮਲਾਵਰ ਮਹਿਮੂਦ ਗਜਨਵੀ ਨੇ 1000 ਸਾਲ ਪਹਿਲਾਂ ਸੋਮਨਾਥ ਦੇ ਮੰਦਿਰ ’ਤੇ ਹਮਲਾ ਕਰਕੇ ਉਸ ਨੂੰ ਢਾਹ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਤੋਂ ਬਾਅਦ ਵੀ ਵਾਰ-ਵਾਰ ਸੋਮਨਾਥ ਦੇ ਮੰਦਰ ’ਤੇ ਹਮਲੇ ਹੁੰਦੇ ਰਹੇ ਹਨ। ਭਗਵੇਂ ਕੱਪੜੇ ਪਾ ਕੇ, ਹੱਥ ਵਿੱਚ ਤਿ੍ਰਸ਼ੂਲ ਅਤੇ ਡਮਰੂ ਫੜ੍ਹ ਕੇ ਪ੍ਰਧਾਨ ਮੰਤਰੀ ਨੇ ਆਪਣੀ ਹਿੰਦੂਤਵੀ ਦਿੱਖ ਦਾ ਭਰਪੂਰ ਪ੍ਰਦਰਸ਼ਨ ਕੀਤਾ ਹੈ। ਉਸਨੇ ਕਿਹਾ “ਇੱਕ ਪਾਸੇ ਇੱਥੇ ਦੇਵਾਂ ਦੇ ਦੇਵ ਮਹਾਂਦੇਵ ਖੁਦ ਹਨ। ਆਸਥਾ ਦੇ ਇਸ ਉਭਾਰ ਵਿੱਚ ਉੱਧਰ ਦੂਜੇ ਸਿਰੇ ’ਤੇ ਸਮੁੰਦਰ ਦੀਆਂ ਮਹਾਨ ਲਹਿਰਾਂ ਹਨ, ਸੂਰਜ ਦੀਆਂ ਕਿਰਣਾਂ ਹਨ, ਮੰਤਰਾਂ ਦੀਆਂ ਗੂੰਜਾਂ ਹਨ। ਇਸ ਦੈਵੀ ਵਾਤਾਵਰਨ ਵਿੱਚ ਤੁਹਾਡੀ ਭਗਵਾਨ ਸੋਮਨਾਥ ਦੇ ਉਪਾਸਕਾਂ ਦੀ ਹਾਜਰੀ ਇਸ ਦੈਵੀ ਮੌਕੇ ਨੂੰ ਸ਼ਾਨਦਾਰ ਬਣਾਉਂਦੀ ਹੈ।” ਅੱਗੇ ਉਸਨੇ ਕਿਹਾ, “1000 ਸਾਲ ਪਹਿਲਾਂ ਉਹ ਜਰਵਾਣੇ ਸੋਚਦੇ ਸਨ ਕਿ ਉਹਨਾਂ ਨੇ ਸਾਨੂੰ ਜਿੱਤ ਲਿਆ ਹੈ। ਪਰ ਅੱਜ ਵੀ 1000 ਸਾਲ ਬਾਅਦ ਵੀ ਸੋਮਨਾਥ ਮਹਾਦੇਵ ਮੰਦਰ ਦੇ ਸਿਖਰ ’ਤੇ ਲਹਿਰਾ ਰਿਹਾ ਝੰਡਾ ਸਾਰੇ ਸੰਸਾਰ ਨੂੰ ਲਲਕਾਰ ਰਿਹਾ ਹੈ ਕਿ ਹਿੰਦੁਸਤਾਨ ਦੀ ਤਾਕਤ ਕੀ ਹੈ? ਇਸ ਦੀ ਸਮਰੱਥਾ ਕੀ ਹੈ?”  ਮੋਦੀ ਨੇ ਅੱਗੇ ਕਿਹਾ ਕਿ ਵਾਰ-ਵਾਰ ਹਮਲੇ ਕਰਕੇ ਮੰਦਰ ਨੂੰ ਮਸੀਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀ ਮੁੜ ਉਸਾਰੀ ਹੁੰਦੀ ਰਹੀ ਹੈ। ਇਹ ਸਾਡੀ ਸੰਸਕਿ੍ਰਤੀ ਦੀ ਤਾਕਤ ਹੈ ਜਿਹੜੀ ਸੰਸਾਰ ਵਿੱਚ ਹੋਰ ਕਿਤੇ ਮਿਲ਼ਣੀ ਮੁਸ਼ਕਿਲ ਹੈ। ਉਸਨੇ ਇਹ ਵੀ ਕਿਹਾ ਕਿ ਕੁਝ ਇਤਿਹਾਸਕਾਰ ਮਹਿਮੂਦ ਗਜਨਵੀ ਤੇ ਹੋਰਾਂ ਰਾਜਿਆਂ ਦੇ ਹਮਲਿਆਂ ਪਿੱਛੇ ਧਨ ਦੌਲਤ ਦੀ ਲੁੱਟ ਦੀ ਮਨਸਾ ਦੱਸ ਕੇ ਸੱਚ ਨੂੰ ਛੁਪਾ ਰਹੇ ਹਨ। ਕੁੱਲ ਮਿਲ਼ਾ ਕੇ ਸਾਰੇ ਭਾਸ਼ਣ ਦਾ ਸਾਰ ਇਹ ਸੀ ਕਿ ਇਹ ਹਮਲਾ ਹਿੰਦੂਆਂ ਉੱਤੇ ਇਸਲਾਮ ਦੇ ਜਬਰ ਦਾ ਪ੍ਰਤੀਕ ਹੈ ਨਾ ਕਿ ਦੌਲਤ ਦੀ ਲੁੱਟ ਵਾਸਤੇ ਲੁਟੇਰੇ ਰਾਜੇ ਦੀ ਕਾਰਵਾਈ ਅਤੇ ਇਹ ਇਸਲਾਮਿਕ ਕੱਟੜਤਾ ਦੀ ਮਿਸਾਲ ਹੈ।

ਇਸ ਤੋਂ ਇੱਕ ਦਿਨ ਪਹਿਲਾਂ ਨਵੀਂ ਦਿੱਲੀ ਵਿੱਚ ‘ਵਿਕਸਿਤ ਭਾਰਤ ਯੰਗ ਲੀਡਰਜ ਡਾਇਲੋਗ’ ਨਾਂ ਦੇ ਸਮਾਰੋਹ ਵਿੱਚ ਦੇਸ਼ ਦੇ ‘ਕੌਮੀ ਸੁਰੱਖਿਆ ਸਲਾਹਕਾਰ’ ਅਜੀਤ ਡੋਵਾਲ ਨੇ ਭਾਸ਼ਣ ਦਿੰਦਿਆਂ ਕਿਹਾ ਹੈ ਕਿ ਸਦੀਆਂ ਤੱਕ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਤਕਲੀਫਾਂ ਸਹੀਆਂ, ਕੁਰਬਾਨੀਆਂ ਕੀਤੀਆਂ, ਸਾਡੇ ਪਿੰਡ ਸਾੜੇ ਗਏ, ਸਾਡੀ ਸੰਸਕਿ੍ਰਤੀ ਨੂੰ ਖਤਮ ਕੀਤਾ ਗਿਆ, ਸਾਡੇ ਮੰਦਰਾਂ ਨੂੰ ਲੁੱਟਿਆ ਗਿਆ, ਅਸੀਂ ਇੱਕ ਮੂਕ ਦਰਸ਼ਕ ਵਾਂਗ ਬੇਬਸ ਹੋ ਕੇ ਇਸ ਨੂੰ ਦੇਖਦੇ ਰਹੇ। ਇਹ ਇਤਿਹਾਸ ਸਾਨੂੰ ਇੱਕ ਚੁਣੌਤੀ ਦਿੰਦਾ ਹੈ ਕਿ ਭਾਰਤ ਦੇ ਹਰ ਨੌਜਵਾਨ ਦੇ ਅੰਦਰ ਇੱਕ ਅੱਗ ਹੋਣੀ ਚਾਹੀਦੀ ਹੈ। ਅਸਾਂ ਆਪਣੇ ਇਤਿਹਾਸ ਦਾ ਬਦਲਾ ਲੈਣਾ ਹੈ। ਅਸੀਂ ਆਪਣੇ ਮੁਲਕ ਨੂੰ ਫਿਰ ਉਸ ਜਗ੍ਹਾ ਲਿਜਾਣਾ ਹੈ ਜਿੱਥੇ ਅਸੀਂ ਆਪਣੇ ਹੱਕ, ਆਪਣੇ ਵਿਚਾਰ ਅਤੇ ਆਪਣੀਆਂ ਆਸਥਾਵਾਂ ਦੇ ਆਧਾਰ ’ਤੇ ਇੱਕ ਮਹਾਨ ਭਾਰਤ ਦਾ ਨਿਰਮਾਣ ਕਰਨਾ ਹੈ। ਉਸ ਨੇ ਇਹ ਵੀ ਕਿਹਾ ਕਿ ਬਦਲਾ ਇੱਕ ਚੰਗਾ ਸ਼ਬਦ ਨਹੀਂ ਹੈ। ਪਰ ਫਿਰ ਵੀ ਭਾਰਤ ਦੇ ਹਰੇਕ ਨੌਜਵਾਨ ਦੇ ਅੰਦਰ ਬਦਲੇ ਦੀ ਅੱਗ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਨਾਲ਼ ਸਬੰਧਿਤ ਜਥੇਬੰਦੀਆਂ ਹੁੜਦੰਗ ਮਚਾ ਰਹੀਆਂ ਹਨ। ਇਕੱਲੇ ਦੁਕੱਲੇ ਮੁਸਲਿਮ ਵਿਅਕਤੀ ਦੀ ਰਾਹ ਜਾਂਦੇ ਬੇਇਜਤੀ ਕਰ ਦਿੱਤੀ ਜਾਂਦੀ ਹੈ, ਹਜੂਮੀ ਭੀੜ ਕਤਲ ਤੱਕ ਕਰ ਦਿੰਦੀ ਹੈ। ਕਿਤੇ ਮੁਸਲਿਮ ਦੁਕਾਨਦਾਰਾਂ ਤੇ ਰੇੜ੍ਹੀਆਂ ਵਾਲ਼ਿਆਂ ਨੂੰ ਆਪਣੀ ਪਛਾਣ ਉਜਾਗਰ ਕਰਨ ਲਈ ਆਪਣੇ ਨਾਂ ਦੀਆਂ ਪਲੇਟਾਂ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਕਈ ਸ਼ਹਿਰਾਂ ਤੋਂ ਮੁਸਲਮਾਨਾਂ ਨੂੰ ਸ਼ਹਿਰ ਛੱਡ ਕੇ ਜਾਣ ਤੱਕ ਦੇ ਫਰਮਾਨ ਦੀਆਂ ਖਬਰਾਂ ਆ ਰਹੀਆਂ ਹਨ। ਨੰਗੀਆਂ ਤਲਵਾਰਾਂ ਅਤੇ ਤਿ੍ਰਸ਼ੂਲਾਂ ਨਾਲ਼ ਲੈਸ ਜਲੂਸ ਕੱਢੇ ਜਾ ਰਹੇ ਹਨ। ਇੱਥੋਂ ਤੱਕ ਕਿ ਹੈਦਰਾਬਾਦ ਦਾ ਇੱਕ ਸੰਘੀ ਵਿਧਾਇਕ ਪਹਿਲਾਂ ਬੇਸ਼ਰਮੀ ਨਾਲ਼ ਮੁਸਲਮਾਨਾਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲ਼ਾਂ ਕੱਢ ਕੇ ਆਪਣਾ ਭਾਸ਼ਣ ਸ਼ੁਰੂ ਕਰਦਾ ਹੈ। ਸੰਘ ਪਰਿਵਾਰ ਨੇ ਆਪਣੇ ਸਾਰੇ ਮੋਰਚੇ ਅੰਨ੍ਹੀ ਕੌਮ ਪ੍ਰਸਤੀ ਅਤੇ ਫਿਰਕਾਪ੍ਰਸਤੀ ਦੇ ਹਥਿਆਰ ਨਾਲ਼ ਲੈਸ ਹੋ ਕੇ, ਫਿਰਕੂ ਕਤਾਰਬੰਦੀ ਤੇਜ ਕਰਨ ਲਈ ਖੋਲ੍ਹ ਦਿੱਤੇ ਹਨ। ਦੇਸ਼ ਭਰ ਦੇ ਮਜਦੂਰਾਂ, ਕਿਰਤੀ ਲੋਕਾਂ ਅਤੇ ਮੱਧ-ਵਰਗੀ ਅਬਾਦੀ ਵਿੱਚ ਫਿਰਕੂ ਅਧਾਰ ਤੇ ਫੁੱਟ ਪਾ ਕੇ, ਕਿਰਤੀ ਅਬਾਦੀ ਵਿਰੁੱਧ ਜਾਬਰ ਕਨੂੰਨ ਲਾਗੂ ਕਰਨ ਦਾ ਸਿਲਸਿਲਾ ਤੇਜ ਕਰ ਦਿੱਤਾ ਗਿਆ ਹੈ। ਚਾਰ ਕਿਰਤ ਕੋਡ, ਬੀਜ ਸੋਧ ਬਿੱਲ 2025 ਅਤੇ ਬਿਜਲੀ ਸੋਧ ਬਿਲ 2025, ਇਸੇ ਕੜੀ ਦਾ ਹਿੱਸਾ ਹਨ। ਮੁਲਕ ਭਰ ਵਿੱਚ ਫਿਰਕੂ ਵਾਤਾਵਰਨ ਦੀ ਹਨੇਰੀ, ਮੋਦੀ ਅਤੇ ਡੋਵਾਲ ਦਾ ਭਾਸ਼ਣ ਅਤੇ ਲੋਕ ਵਿਰੋਧੀ ਕਾਲ਼ੇ ਕਨੂੰਨਾਂ ਦਾ ਆਉਣਾ ਇੱਕ ਹੀ ਕਾਰਜ ਯੋਜਨਾ ਦਾ ਹਿੱਸਾ ਹਨ।

ਇਤਿਹਾਸ ਕੀ ਕਹਿੰਦਾ ਹੈ – ਸੋਮਨਾਥ ਦੇ ਮੰਦਰ ’ਤੇ ਮਹਿਮੂਦ ਗਜਨਵੀ ਦੇ ਹਮਲੇ ਬਾਰੇ ਬਣੀਆਂ ਧਾਰਨਾਵਾਂ ਦੇ ਇਤਿਹਾਸਕ ਸਬੂਤਾਂ ਨੂੰ ਜਾਨਣ ਵਿੱਚ ਸਭ ਤੋਂ ਵੱਡੀ ਰੁਕਾਵਟ ਸੰਘੀ ਪ੍ਰਚਾਰ ਤੰਤਰ ਵੱਲੋਂ ਸ਼ੁਰੂ ਕੀਤਾ ਗਿਆ ਵੱਟਸਐਪ ਗਿਆਨ ਦਾ ਬੋਲ-ਬਾਲਾ ਹੈ। ਲੋਕਾਂ ਵਿੱਚ ਪ੍ਰਚਲਤ ਧਾਰਨਾਵਾਂ ਮੁਸਲਿਮ ਵਿਰੋਧੀ ਨਫਰਤ ਨਾਲ਼ ਭਰੀਆਂ ਪਈਆਂ ਹਨ। ਇਸ ਸਬੰਧੀ ਇਸ ਤੋਂ ਪਹਿਲਾਂ ਕਈ ਨਾਵਲ ਵੀ ਲਿਖੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਕਨੱ੍ਹਈਆ ਲਾਲ ਮਾਣਕ ਲਾਲ ਮੁਨਸ਼ੀ ਦਾ ਲਿਖਿਆ ਨਾਵਲ ਪ੍ਰਸਿੱਧ ਹੈ। ਇਹ ਸ਼ਖਸ ਬਾਅਦ ਵਿੱਚ 47 ਤੋਂ ਬਾਅਦ ਮੰਤਰੀ ਮੰਡਲ ਦਾ ਮੈਂਬਰ ਵੀ ਰਿਹਾ ਹੈ ਅਤੇ ਇਸਨੇ ਸੋਮਨਾਥ ਦੇ ਮੰਦਰ ਦੀ ਮੁੜ ਉਸਾਰੀ ਲਈ ਮੁਹਿੰਮ ਦੀ ਅਗਵਾਈ ਵੀ ਕੀਤੀ ਸੀ। ਮਹਿਮੂਦ ਗਜਨਵੀ ਹੁਣ ਵਾਲ਼ੇ ਅਫਗਾਨਿਸਤਾਨ ਵਿੱਚ ਗਜਨੀ ਜਾਂ ਗਜਨਾ ਨਾਂ ਦੀ ਇੱਕ ਜਗ੍ਹਾ ਦਾ ਰਾਜਾ ਸੀ। ਰਾਜਿਆਂ ਵਿੱਚ ਦੌਲਤ ਹੜੱਪਣ ਲਈ ਲੜਾਈਆਂ ਚੱਲਦੀਆਂ ਰਹਿੰਦੀਆਂ ਸਨ। ਇਹਨਾਂ ਰਾਜਿਆਂ ਵੱਲੋਂ ਲੋਕਾਂ ਉੱਤੇ ਅੰਨ੍ਹੇ ਜਬਰ ਦੇ ਨਾਲ਼-ਨਾਲ਼ ਹੋਰਾਂ ਰਾਜਿਆਂ ਦੀ ਧਨ ਦੌਲਤ ਵੀ ਲੁੱਟੀ ਜਾਂਦੀ ਸੀ। ਸੋਮਨਾਥ ਤੇ ਹੋਰਾਂ ਮੰਦਰਾਂ ਨੂੰ ਢਾਹੁਣ ਪਿੱਛੇ ਕੋਈ ਮੁਸਲਮਾਨ ਅਬਾਦੀ ਦਾ ਫਿਰਕੂ ਹਿੱਤ ਨਹੀਂ ਜਿਵੇਂ ਕਿ ਸੰਘ ਵੱਲੋਂ ਇਸ ਨੂੰ ਪ੍ਰਚਾਰਿਆ ਜਾਂਦਾ ਹੈ ਸਗੋਂ ਇਹਨਾਂ ਰਾਜਿਆਂ ਵੱਲੋਂ ਧਨ ਦੌਲਤ ਇਕੱਠੇ ਕਰਨ ਤੇ ਦੂਜੇ ਰਾਜਿਆਂ ਨੂੰ ਹਰਾਉਣ ਦੇ ਪ੍ਰਤੀਕ ਵਜੋਂ ਹੀ ਕੀਤਾ ਜਾਂਦਾ ਸੀ। ਸੰਘ ਇਸ ਪੂਰੇ ਇਤਿਹਾਸ ਨੂੰ ਤੋੜ ਮਰੋੜਕੇ ਕਿਰਤੀ ਲੋਕਾਈ ਵਿੱਚ ਫੁੱਟ ਪਾਕੇ ਆਪਣੇ ਫਾਸ਼ੀਵਾਦੀ ਟੀਚੇ ਨੂੰ ਹੀ ਪੂਰਾ ਕਰਨਾ ਲੋਚਦਾ ਹੈ।

ਕਿਉਂਕਿ ਹਰੇਕ ਰਾਜੇ ਨੂੰ ਰਾਜ ਕਰਨ ਲਈ ਕਿਸੇ ਧਰਮ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ ਇਸ ਲਈ ਉਹ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਅਖਵਾਉਂਦੇ ਸਨ। ਜਦੋਂ ਕਿਸੇ ਦੁਸ਼ਮਣ ’ਤੇ ਜਿੱਤ ਹਾਸਲ ਕਰਦੇ ਸਨ ਤਾਂ ਉਸਦੇ ਧਾਰਮਿਕ ਮੰਦਰਾਂ ਅਤੇ ਪ੍ਰਤੀਕਾਂ ’ਤੇ ਹਮਲੇ ਕਰਦੇ ਸਨ ਤਾਂ ਕਿ ਦੁਸ਼ਮਣ ਦੇ ਹੌਸਲੇ ਪਸਤ ਹੋ ਜਾਣ। ਕਿਉਂਕਿ ਆਪਣੀ ਆਸਥਾ ਦੇ ਪ੍ਰਤੀਕ ਧਾਰਮਿਕ ਮੰਦਰਾਂ ਤੋਂ ਲੋਕ ਪ੍ਰੇਰਨਾ ਅਤੇ ਉਤਸ਼ਾਹ ਹਾਸਿਲ ਕਰਦੇ ਸਨ। ਇਸ ਤੋਂ ਬਿਨ੍ਹਾਂ ਜਿੱਤੇ ਇਲਾਕਿਆਂ ਵਿੱਚ ਲੁੱਟਮਾਰ ਕੀਤੀ ਜਾਂਦੀ ਸੀ। ਸਰਕਾਰੀ ਖਜਾਨਿਆਂ ਦੇ ਨਾਲ਼-ਨਾਲ਼ ਧਾਰਮਿਕ ਥਾਵਾਂ ’ਤੇ ਮੌਜੂਦ ਦੌਲਤ ਦੇ ਵਿਸ਼ਾਲ ਖਜਾਨੇ, ਜੇਤੂ ਰਾਜੇ ਦੇ ਖਾਸ ਨਿਸ਼ਾਨੇ ’ਤੇ ਹੁੰਦੇ ਸਨ। ਮਹਿਮੂਦ ਗਜਨਵੀ ਇੱਕ ਛੋਟੇ ਜਿਹੇ ਰਾਜ ਦਾ ਰਾਜਾ ਸੀ। ਕਿਹਾ ਜਾਂਦਾ ਹੈ ਕਿ ਉਸਨੇ ਧਨ ਦੌਲਤ ਦੇ ਲਾਲਚ ਲਈ 17 ਵਾਰ ਸਾਡੇ ਇਸ ਮਹਾਂਦੀਪ ’ਤੇ ਹਮਲਾ ਕੀਤਾ ਜਿਸ ਨੂੰ ਅੱਜ ਭਾਰਤ ਕਿਹਾ ਜਾਂਦਾ ਹੈ। ਜੋ ਉਸ ਸਮੇਂ ਅਨੇਕਾਂ ਛੋਟੇ ਵੱਡੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਉਸ ਦੌਰ ਵਿੱਚ ਸੋਮਨਾਥ ਮੰਦਰ ਵਿੱਚ ਮੌਜੂਦ ਦੌਲਤ, ਸੋਨਾ, ਚਾਂਦੀ, ਹੀਰੇ-ਜਵਾਹਾਤ ਅਤੇ ਧਨ ਦੀਆਂ ਬਹੁਤ ਧੁੰਮਾਂ ਸਨ। ਮਹਿਮੂਦ ਦੇ 17 ਹਮਲਿਆਂ ਵਿੱਚੋਂ ਸੋਮਨਾਥ ਦੇ ਹਮਲੇ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ। ਉਂਝ ਧਾਰਮਿਕ ਮੰਦਰਾਂ ਦੇ ਤੋੜਨ ਦਾ ਭਾਰਤ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਵਿਦੇਸ਼ੀ ਹਮਲਾਵਰਾਂ ਤੋਂ ਬਿਨਾਂ ਉਸ ਤੋਂ ਪਹਿਲਾਂ ਵੀ ਇੱਥੇ ਬੁੱਧ ਅਤੇ ਜੈਨ ਮੰਦਰਾਂ ਦੇ ਤੋੜੇ ਜਾਣ ਦਾ ਲੰਬਾ ਇਤਿਹਾਸ ਰਿਹਾ ਹੈ। ਇਸਲਾਮ ਦੇ ਰਖਵਾਲੇ ਅਖਵਾਉਣ ਵਾਲ਼ੇ ਰਾਜਿਆਂ ਨੇ ਦੌਲਤ ਦੇ ਲਾਲਚ ਵਿੱਚ ਮਸੀਤਾਂ ਵੀ ਤੋੜੀਆਂ ਸਨ। ਇੱਥੋਂ ਤੱਕ ਕਿ ਗਿਆਰਵੀਂ ਸਦੀ ਵਿੱਚ ਕਸ਼ਮੀਰ ਦੇ ਇੱਕ ਹਿੰਦੂ ਰਾਜੇ ਨੇ ਆਪਣਾ ਖਜਾਨਾ ਭਰਨ ਲਈ ਮੰਦਰ ਤੋੜੇ ਸਨ, ਜਿਸ ਦਾ ਹਵਾਲਾ ਕਲਹਨ ਦੀ ਲਿਖੀ ਪ੍ਰਸਿੱਧ ਰਚਨਾ ਰਾਜ-ਤਰੰਗਣੀ ਵਿੱਚ ਮਿਲ਼ਦਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਮੁਸਲਿਮ ਕੱਟੜ ਪ੍ਰਸਤ ਇਸ ਗੱਲ ’ਤੇ ਇੱਕ ਮਤ ਹਨ ਕਿ ਹਮਲਿਆਂ ਪਿੱਛੇ ਦੌਲਤ ਹੜੱਪਣ ਦੀ ਮਨਸ਼ਾ ਨਹੀਂ ਸਗੋਂ ਇਸਲਾਮ ਅਤੇ ਹਿੰਦੂ ਧਰਮ ਦਾ ਝਗੜਾ ਸੀ। ਪਰ ਇਤਿਹਾਸਕ ਤੱਥ ਇਸ ਗੱਲ ਦੀ ਤਸਦੀਕ ਨਹੀਂ ਕਰਦੇ ਹਨ। 1025 ਈਸਵੀ ਵਿੱਚ ਸੋਮਨਾਥ ’ਤੇ ਹਮਲਾ ਹੋਇਆ। ਸੋਮਨਾਥ ’ਤੇ ਹਮਲੇ ਲਈ ਮਹਿਮੂਦ ਹਜਾਰਾਂ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਇੱਥੇ ਪਹੁੰਚਦਾ ਹੈ।  ਰਸਤੇ ਵਿੱਚ ਅਨੇਕਾਂ ਮੰਦਰ ਸਨ ਪਰ ਉਸਨੇ ਨਹੀਂ ਤੋੜੇ। ਖਾਸ ਕਰਕੇ ਉਸ ਦੇ ਇਲਾਕੇ ਵਿੱਚ ਬਾਮਿਆਨ ਨਾਂ ਦੀ ਜਗ੍ਹਾ ’ਤੇ ਬੁੱਧ ਦੀਆਂ ਦੋ ਵਿਸ਼ਾਲ ਮੂਰਤੀਆਂ ਸਨ। ਪਰ ਉਸ ਨੇ ਨਹੀਂ ਤੋੜੀਆਂ। ਇਹ ਤਰਕ ਹੀ ਸਾਬਤ ਕਰਦਾ ਹੈ ਕਿ ਉਸ ਦਾ ਮਕਸਦ ਸਿਰਫ ਸੋਨਾ, ਚਾਂਦੀ ਅਤੇ ਵਿਸ਼ਾਲ ਦੌਲਤ ਹੜੱਪਣਾ ਸੀ। ਝਗੜਾ ਹਿੰਦੂ ਮੁਸਲਮਾਨਾਂ ਦਾ ਨਹੀਂ ਸੀ। ਇੱਥੇ ਆਉਂਦਿਆਂ ਰਾਹ ਵਿੱਚ ਉਸ ਦੀ ਲੜਾਈ ਮੁਲਤਾਨ ਦੇ ਰਾਜਾ ਅਬਦੁਲ ਫੱਤ ਦਾਊਦ ਨਾਲ਼ ਹੋਈ ਜਿਸ ਵਿੱਚ ਇਸ ਨੇ ਇੱਕ ਮਸੀਤ ਤਬਾਹ ਕਰ ਦਿੱਤੀ ਸੀ। ਇਤਿਹਾਸਕਾਰ ਰਾਮ ਪੁਨਿਆਨੀ ਦਾ ਕਹਿਣਾ ਹੈ ਕਿ ਉਸਦੀ ਫੌਜ ਵਿੱਚ ਪੰਜ ਸੈਨਾਪਤੀ ਹਿੰਦੂ ਸਨ ਜਿਸ ਦਾ ਹਵਾਲਾ ਉਹ ਤਾਰੀਖ-ਇ-ਬਿਆਂਕੀ ਨਾਂ ਦੀ ਕਿਤਾਬ ਵਿੱਚੋਂ ਦਿੰਦੇ ਹਨ ਜਿਸ ਦਾ ਜਿਕਰ ਮੈਕਮਿਲਨ ਹਿਸਟਰੀ ਆਫ ਇੰਡੀਆ ਵਿੱਚ ਵੀ ਆਇਆ ਹੈ। ਉਸ ਦੌਰ ਵਿੱਚ ਸੈਨਿਕਾਂ ਦੀ ਵਫਾਦਾਰੀ ਰਾਜੇ ਪ੍ਰਤੀ ਹੁੰਦੀ ਸੀ। ਹਰੇਕ ਰਾਜੇ ਦੀ ਫੌਜ ਵਿੱਚ ਵੱਖ-ਵੱਖ ਧਰਮਾਂ ਦੇ ਫੌਜੀ ਹੁੰਦੇ ਸਨ। ਸੋਮਨਾਥ ਜਿਸ ਰਾਜੇ ਦੀ ਸਲਤਨਤ ਵਿੱਚ ਸੀ ਉਹ ਇੱਕ ਕਮਜੋਰ ਅਤੇ ਛੋਟਾ ਰਾਜ ਸੀ। ਪਰ ਉਸਦੇ ਗਵਾਂਢ ਵਿੱਚ ਥਨੇਸ਼ਵਰ ਦਾ ਰਾਜ ਸੀ ਜਿਸ ਦੇ ਹਿੰਦੂ ਰਾਜਾ ਆਨੰਦਪਾਲ ਨੇ ਮਹਿਮੂਦ ਗਜਨਵੀ ਦੀ ਸਹਾਇਤਾ ਲਈ ਹਾਥੀ ਘੋੜਿਆਂ ਸਮੇਤ ਆਪਣੀ ਫੌਜ ਭੇਜੀ ਸੀ। ਸੋਮਨਾਥ ਦੀ ਵਿਸ਼ਾਲ ਦੌਲਤ ਖੱਚਰਾਂ ਤੇ ਘੋੜਿਆਂ ’ਤੇ ਲੱਦ ਕੇ ਗਜਨੀ ਲਿਜਾਈ ਗਈ ਸੀ। ਮੰਦਰ ਨੂੰ ਤਬਾਹ ਕਰ ਦਿੱਤਾ ਗਿਆ ਸੀ। ਜਿਸ ਵਿੱਚ ਇੱਕ ਮੂਰਤੀ ਛੱਤ ਵਿੱਚ ਸ਼ਕਤੀਸ਼ਾਲੀ ਚੁੰਬਕਾਂ ਨੂੰ ਖਾਸ ਕੋਣਾਂ ’ਤੇ ਲਗਾ ਕੇ ਇਸ ਤਰ੍ਹਾਂ ਟਿਕਾਈ ਗਈ ਸੀ ਕਿ ਮੂਰਤੀ ਹਵਾ ਵਿੱਚ ਬਿਨਾਂ ਕਿਸੇ ਸਹਾਰੇ ਲਟਕਦੀ ਸੀ। ਪਰ ਪੁਜਾਰੀ ਇਸ ਨੂੰ ਦੈਵੀ ਕਰਾਮਾਤ ਦੱਸਦੇ ਸਨ। ਮੰਦਰ ਤਬਾਹ ਹੋਣ ’ਤੇ ਪੁਜਾਰੀਆਂ ਦੇ ਇਸ ਅੰਧ ਵਿਸ਼ਵਾਸ ਦਾਾ ਵੀ ਭੇਤ ਖੁੱਲ ਗਿਆ ਸੀ। ਜਾਣ ਲੱਗਾ ਮਹਿਮੂਦ ਗਜਨਵੀ ਉੱਥੇ ਇੱਕ ਹਿੰਦੂ ਰਾਜੇ ਨੂੰ ਆਪਣਾ ਨੁਮਾਇੰਦਾ ਥਾਪ ਕੇ ਗਿਆ ਸੀ। ਸਪੱਸ਼ਟ ਹੈ ਕਿ ਮਹਿਮੂਦ ਇੱਕ ਲੁਟੇਰੇ ਦੀ ਹੈਸੀਅਤ ਵਿੱਚ ਇੱਥੇ ਆਉਂਦਾ ਹੈ ਅਤੇ ਅਪਾਰ ਦੌਲਤ ਲੁੱਟ ਕੇ ਲੈ ਜਾਂਦਾ।

ਅਜਾਦੀ ਤੋਂ ਬਾਅਦ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਕਿਉਂਕਿ 1947 ਵਿੱਚ ਇੱਕ ਸਮਝੌਤੇ ਤਹਿਤ ਅੰਗਰੇਜ ਬਸਤੀਵਾਦੀ ਹਾਕਮ ਭਾਰਤ ਦੀ ਸੱਤਾ ਇੱਥੋਂ ਦੇ ਸਰਮਾਏਦਾਰਾਂ ਦੇ ਹੱਥ ਸੌਂਪ ਗਏ ਸਨ ਜਿਨ੍ਹਾਂ ਇੱਥੋਂ ਦੇ ਜਗੀਰਦਾਰਾਂ ਨਾਲ਼ ਸਮਝੌਤਿਆਂ ਤਹਿਤ ਮੁਲਕ ਵਿੱਚ ਸਰਮਾਏਦਾਰੀ ਦਾ ਵਿਕਾਸ ਕੀਤਾ। ਕਾਂਗਰਸ ਵਿੱਚ ਉਸ ਸਮੇਂ ਦੋ ਰੁਝਾਨ ਸਪੱਸ਼ਟ ਸਨ। ਇੱਕ ਦੀ ਅਗਵਾਈ ਨਹਿਰੂ ਕਰਦਾ ਸੀ ਜੋ ਧਰਮ ਨਿਰਪੱਖਤਾ ਦੀ ਨੀਤੀ ਨੂੰ ਤਰਜੀਹ ਦਿੰਦੇ ਸਨ ਪਰ ਦੂਜਾ ਧੜਾ ਹਿੰਦੂਤਵੀ ਫਿਰਕੂ ਨਜਰੀਏ ਦੀ ਨੁਮਾਇੰਦਗੀ ਕਰਦਾ ਸੀ। ਗਾਂਧੀ ਨਰਮ ਹਿੰਦੂਤਵੀ ਨਜਰੀਆ ਰੱਖਣ ਦੇ ਬਾਵਜੂਦ ਧਰਮ ਨਿਰਪੱਖਤਾ ਦਾ ਹਮਾਇਤੀ ਸੀ। ਕਨ੍ਰਹੀਆ ਲਾਲ ਮਾਨਿਕ ਲਾਲ ਮੁਨਸ਼ੀ, ਗੋਵਿੰਦ ਵੱਲਭ ਪੰਤ ਅਤੇ ਮਦਨ ਮੋਹਨ ਮਾਲਵੀਆ ਵਰਗੇ ਦੂਜੇ ਰੁਝਾਨ ਦੀ ਨੁਮਾਇੰਦਗੀ ਕਰਦੇ ਸਨ। ਮੁਨਸ਼ੀ ਦੀ ਪਹਿਲ ਕਦਮੀ ਨਾਲ਼ ਸੋਮਨਾਥ ਮੰਦਰ ਦੀ ਮੁੜ ਉਸਾਰੀ ਦੀ ਮੁਹਿੰਮ ਚੱਲੀ ਜਿਸ ’ਤੇ ਭਾਰਤ ਦੇ ਉਸ ਵੇਲ਼ੇ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੂੰ ਉਦਘਾਟਨ ’ਤੇ ਬੁਲਾਇਆ ਗਿਆ ਸੀ। ਮੋਦੀ ਜਿਸ ਘਟਨਾ ਨੂੰ ਮੰਦਰ ਦੀ ਉਸਾਰੀ ਰੋਕਣ ਦੇ ਨਾਂ ਲਾ ਰਿਹਾ ਹੈ ਉਹ ਇਸ ਤਰ੍ਹਾਂ ਸੀ ਕਿ ਨਹਿਰੂ ਅਤੇ ਗਾਂਧੀ ਸਰਕਾਰੀ ਪੈਸੇ ਨਾਲ਼ ਮੰਦਰ ਦੀ ਉਸਾਰੀ ਕਰਨ ਦਾ ਵਿਰੋਧ ਕਰਦੇ ਸਨ। ਪਰ ਉਹਨਾਂ ਨੇ ਨਾਲ਼ ਹੀ ਸੁਝਾਅ ਦਿੱਤਾ ਸੀ ਕਿ ਮੰਦਰ ਦੀ ਉਸਾਰੀ ਇੱਕ ਨਿੱਜੀ ਟਰਸਟ ਬਣਾ ਕੇ ਕੀਤੀ ਜਾਏ। ਨਹਿਰੂ ਨੇ ਰਾਸ਼ਟਰਪਤੀ ਨੂੰ ਵੀ ਸਲਾਹ ਦਿੱਤੀ ਸੀ ਕਿ ਉਹ ਰਾਜ ਪ੍ਰਮੁੱਖ ਹੋਣ ਦੇ ਨਾਤੇ ਉਦਘਾਟਨ ਨਾ ਕਰਨ। ਪਰ ਰਾਜੇਦਰ ਪ੍ਰਸਾਦ ਨੇ ਮੰਦਰ ਦਾ ਉਦਘਾਟਨ ਇਹ ਕਹਿ ਕੇ ਕੀਤਾ ਸੀ ਕਿ ਉਹ ਬਿਨਾਂ ਕਿਸੇ ਅਮਲੇ ਫੈਲੇ ਦੇ ਇੱਕ ਆਮ ਆਦਮੀ ਦੀ ਹੈਸੀਅਤ ਵਿੱਚ ਉੱਥੇ ਜਾ ਰਹੇ ਹਨ। ਇਹ ਉਸ ਵੇਲ਼ੇ ਦੀਆਂ ਹਾਲਤਾਂ ਮੁਤਾਬਕ ਭਾਰਤ ਦੇ ਹਾਕਮਾਂ ਦਾ ਫੈਸਲਾ ਸੀ ਜਿਸ ਨੂੰ ਮੋਦੀ ਤੋੜ ਮਰੋੜ ਕੇ ਆਪਣੇ ਫਿਰਕੂ ਕਤਾਰਬੰਦੀ ਕਰਨ ਦੇ ਮਕਸਦ ਲਈ ਵਰਤ ਰਿਹਾ ਹੈ।

ਫਿਰਕੂ ਫਾਸ਼ੀਵਾਦੀ ਮੁਹਿੰਮ ਅਤੇ ਸਾਡਾ ਸਮਾਂ – ਅਸੀਂ ਸੰਸਾਰ ਸਰਮਾਏਦਾਰੀ ਦੇ ਪਤਨ ਗ੍ਰਸਤ ਅਤੇ ਪਰਜੀਵੀ ਦੌਰ ਦੇ ਸਾਮਰਾਜੀ ਪੜਾਅ ਵਿੱਚੋਂ ਗੁਜਰ ਰਹੇ ਹਾਂ। ਦੇਸੀ ਵਿਦੇਸ਼ੀ ਅਜਾਰੇਦਾਰ ਸਰਮਾਏਦਾਰੀ ਦੇ ਇਸ ਸੰਕਟ ਵਿੱਚ ਫਿਰਕੂ ਫਾਸ਼ੀਵਾਦੀ ਸਿਆਸਤ, ਸਰਮਾਏਦਾਰਾ ਪ੍ਰਬੰਧ ਦੀ ਸੰਕਟ ਮੋਚਕ ਦੇ ਰੂਪ ਵਿੱਚ ਸਾਹਮਣੇ ਆਈ ਹੈ। ਸਾਡੇ ਮੁਲਕ ਵਿੱਚ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਕਰਨ ਦੀਆਂ ਨੀਤੀਆਂ ਲੋਕਾਂ ’ਤੇ ਕਹਿਰ ਢਾ ਰਹੀਆਂ ਹਨ। ਕਿਰਤੀ ਅਬਾਦੀ ’ਤੇ ਏਡੇ ਵੱਡੇ ਹਮਲੇ ਤੋਂ ਪੈਦਾ ਹੋਣ ਵਾਲ਼ੇ ਲੋਕ ਰੋਹ ਨੂੰ ਰੋਕਣ ਲਈ ਫਿਰਕਾ ਪ੍ਰਸਤੀ ਅਤੇ ਅੰਨੇ੍ਹ ਕੌਮਵਾਦ ਦੇ ਹਥਿਆਰ ਨਾਲ਼ ਕਿਰਤੀ ਲੋਕਾਂ ਦੀ ਏਕਤਾ ਤੋੜਨ ਦੀ ਮੁਹਿੰਮ ਜੋਰ ਫੜ ਰਹੀ ਹੈ। ਬੀਤੇ ਦੇ ਭੂਤਾਂ ਨੂੰ ਕਬਰਾਂ ਵਿੱਚੋਂ ਸੱਦਾ ਦੇ ਕੇ ਫਿਰਕੂ ਫਾਸ਼ੀਵਾਦੀ ਮੁਹਿੰਮ ਦੇ ਬਾਲਣ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਹੈ। ਮੋਦੀ ਦੇ ਸੋਮਨਾਥ ਵਿਖੇ ਦਿੱਤੇ ਭਾਸ਼ਣ ਅਤੇ ਡੋਵਾਲ ਦੇ ਇਤਿਹਾਸ ਤੋਂ ਬਦਲਾ ਲੈਣ ਦੇ ਸੱਦੇ ਨੂੰ ਇਸੇ ਪ੍ਰਸੰਗ ਵਿੱਚ ਸਮਝਿਆ ਜਾਣਾ ਚਾਹੀਦਾ ਹੈ। ਸਾਡੇ ਸਮੇਂ ਦੀ ਮੰਗ ਹੈ ਕਿ ਮਜਦੂਰ, ਕਿਸਾਨ, ਮੱਧ ਵਰਗੀ ਕਿਰਤੀ ਲੋਕ ਅਤੇ ਲੋਕਾਂ ਦੀ ਧਿਰ ਨਾਲ਼ ਜੁੜੇ ਬੁੱਧੀਜੀਵੀ ਇਸ ਫਿਰਕੂ ਪਿਛਾਖੜੀ ਹਮਲੇ ਖਿਲਾਫ ਲਾਮਬੰਦ ਹੋਣ। ਇਤਿਹਾਸ ਦੇ ਸੱਚ ਨੂੰ ਫਿਰਕੂ ਰੰਗ ਵਿੱਚ ਰੰਗਣ ਦਾ ਵਿਰੋਧ ਕੀਤਾ ਜਾਣਾ ਸਾਡੇ ਸਮੇਂ ਦੀ ਅਣਸਰਦੀ ਲੋੜ ਹੈ। ਅਤੇ ਇਸ ਲੜਾਈ ਨੂੰ ਮਜਦੂਰ ਜਮਾਤ ਦੀ ਪੁੱਗਤ ਵਾਲ਼ੇ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਤੋਂ ਰਹਿਤ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੇ ਸੰਘਰਸ਼ ਨਾਲ਼ ਜੋੜ ਕੇ ਹੀ ਅੱਗੇ ਵਧਾਇਆ ਜਾ ਸਕਦਾ ਹੈ।

– ਸੁਖਦੇਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ