ਲੰਘੀ 22 ਜਨਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਭਰੋਸੇਯੋਗ ਸਬੂਤਾਂ ਦੀ ਅਣਹੋਂਦ ਦੇ ਅਧਾਰ ’ਤੇ 1984 ਦੇ ਸਿੱਖਾਂ ਦੇ ਕਤਲੇਆਮ ਦੇ ਇੱਕ ਚਰਚਿਤ ਦੋਸ਼ੀ ਸੱਜਣ ਕੁਮਾਰ ਨੂੰ ਇੱਕ ਮਾਮਲੇ ਵਿੱਚ ਰਿਹਾ ਕਰ ਦਿੱਤਾ ਹੈ। 31 ਅਕਤੂਬਰ 1984 ਨੂੰ ਉਸ ਵੇਲ਼ੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਪਿਛੋਖੜ ਵਿੱਚ ਸਿੱਖਾਂ ਦੇ ਪਵਿੱਤਰ ਸਥਾਨ ਹਰਮਿੰਦਰ ਸਾਹਿਬ ਉੱਤੇ ਕੀਤਾ ਹਮਲਾ ਸੀ। ਇਸ ਪੂਰੇ ਘਟਨਾਕ੍ਰਮ ਦੀ ਵਿਆਖਿਆ ਕਰਨਾ ਇੱਥੇ ਸੰਭਵ ਨਹੀਂ. ਕਤਲ ਤੋਂ ਬਾਅਦ ਦਿੱਲੀ ਅਤੇ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਵਿਰੁੱਧ ਹਮਲੇ ਸ਼ੁਰੂ ਹੋ ਗਏ ਸਨ। ਕਨੂੰਨ ਦੀ ਰਾਖੀ ਲਈ ਜਿੰਮੇਵਾਰ ਪੁਲਿਸ ਅਤੇ ਫੌਜ ਤਿੰਨ ਦਿਨ ਤੱਕ ਹਰਕਤ ਵਿੱਚ ਨਹੀਂ ਆਈ ਸੀ। ਇਸ ਪੂਰੀ ਘਟਨਾ ਨੂੰ ਸਿੱਖ ਵਿਰੋਧੀ ਕਤਲੇਆਮ ਤੇ ਸਿਖਾਂ ਦੀ ਨਸਲਕੁਸ਼ੀ ਹੀ ਕਹਿਣਾ ਠੀਕ ਹੈ। ਸੱਜਣ ਕੁਮਾਰ ਜਗਦੀਸ਼ ਟਾਈਟਲਰ ਅਤੇ ਐਚ ਕੇ ਐਲ ਭਗਤ ਆਦਿ ਸਭ ਤੋਂ ਵੱਧ ਚਰਚਿਤ ਨਾਂ ਸਨ ਜੋ ਜਥੇਬੰਦਕ ਢੰਗ ਨਾਲ਼ ਹਮਲਾਵਰ ਭੀੜ ਦੀ ਅਗਵਾਈ ਕਰ ਰਹੇ ਸਨ। ਭੀੜ ਵੱਲੋਂ ਗਲ਼ਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਅੱਗ ਨਾਲ਼ ਸਾੜਨ, ਘਰਾਂ ਤੇ ਦੁਕਾਨਾਂ ਦੀ ਲੁੱਟਮਾਰ ਅਤੇ ਬਲਾਤਕਾਰ ਵਰਗੇ ਅਪਰਾਧਾਂ ਨੂੰ ਸੱਤਾ ਦੇ ਕੇਂਦਰਾਂ ਵੱਲੋਂ ਖੁੱਲੀ ਛੁੱਟੀ ਮਿਲ਼ੀ ਹੋਈ ਸੀ। ਸੱਜਣ ਕੁਮਾਰ ਦੀ ਰਿਹਾਈ ਨੇ ਚਾਰ ਦਹਾਕਿਆਂ ਤੋਂ ਨਿਆਂ ਦੀ ਉਡੀਕ ਕਰ ਰਹੇ ਪੀੜਤ ਲੋਕਾਂ ਦੇ ਵਾਰਸਾਂ ਦੇ ਜਖਮਾਂ ਨੂੰ ਇੱਕ ਵਾਰ ਫਿਰ ਉਚੇੜ ਦਿੱਤਾ ਹੈ।
ਸੱਜਣ ਕੁਮਾਰ ਦਾ ਮਾਮਲਾ – ਸੱਜਣ ਕੁਮਾਰ ਉਸ ਵੇਲੇ ਰਾਜ ਕਰ ਰਹੀ ਪਾਰਟੀ ਕਾਂਗਰਸ ਦਾ ਆਗੂ ਸੀ। ਕਈ ਵਾਰ ਸੰਸਦ ਦਾ ਮੈਂਬਰ ਰਹਿ ਚੁੱਕੇ ਸੱਜਣ ਕੁਮਾਰ ’ਤੇ ਇਹ ਦੋਸ਼ ਸੀ ਕਿ ਉਸ ਨੇ ਸਬੰਧਿਤ ਮਾਮਲੇ ਵਿੱਚ ਸਿੱਖਾਂ ’ਤੇ ਹਮਲੇ ਕਰਨ ਵਾਲ਼ੀ ਭੀੜ ਦੀ ਅਗਵਾਈ ਦੌਰਾਨ, ਇੱਕ ਨਵੰਬਰ 1984 ਨੂੰ ਸੋਹਣ ਸਿੰਘ ਅਤੇ ਉਸਦੇ ਜਵਾਈ ਅਵਤਾਰ ਸਿੰਘ ਨੂੰ ਕਤਲ ਕੀਤਾ ਸੀ। ਦਹਿਸ਼ਤ ਦੇ ਉਹਨਾਂ ਦਿਨਾਂ ਵਿੱਚ ਕਤਲੇਆਮ ਵਿੱਚ ਮਰਨ ਵਾਲ਼ੇ ਲੋਕਾਂ ਦੀਆਂ ਥਾਣਿਆਂ ਵਿੱਚ ਰਿਪੋਰਟਾਂ ਦਰਜ ਕਰਵਾਉਣੀਆਂ ਵੀ ਸੰਭਵ ਨਹੀਂ ਸਨ। ਭਾਵੇਂ ਕਿ ਬਾਅਦ ਵਿੱਚ ਜਨਤਕ ਦਬਾਅ ਅਤੇ ਸਿਆਸੀ ਗਿਣਤੀਆਂ ਮਿਣਤੀਆਂ ਕਾਰਨ ਕਈ ਜਾਂਚ ਕਮੇਟੀਆਂ ਤੇ ਕਮਿਸ਼ਨ ਬਣਦੇ ਰਹੇ ਹਨ। ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਇਸ ਮਾਮਲੇ ਵਿੱਚ ਵੀ 2022 ਵਿੱਚ ਜਾ ਕੇ ਕਿਤੇ ਪਰਚਾ ਦਰਜ ਕੀਤਾ ਜਾ ਸਕਿਆ, ਜਿਸ ਵਿੱਚ ਸੱਜਣ ਕੁਮਾਰ ਨੂੰ ਕਤਲ, ਭੀੜ ਨੂੰ ਭੜਕਾਉਣ, ਲੋਕਾਂ ਵਿੱਚ ਨਫਰਤ ਫੈਲਾਉਣ, ਡਾਕਾ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲੱਗੇ ਸਨ। ਹੋਰ ਵੀ ਕਈ ਮਾਮਲਿਆਂ ਵਿੱਚ ਸੱਜਣ ਕੁਮਾਰ ’ਤੇ ਪਰਚੇ ਦਰਜ ਹਨ। ਅਦਾਲਤ ਨੇ 18 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਕਿਹਾ ਕਿ ਗਵਾਹਾਂ ਦੇ ਬਿਆਨਾਂ ਵਿੱਚ ਜਿਆਦਾਤਰ ਸੁਣੀਆਂ ਸੁਣਾਈਆਂ ਗੱਲਾਂ ਹਨ ਅਤੇ ਗਵਾਹ ਦੋਸ਼ੀ ਦੀ ਪਛਾਣ ਨਹੀਂ ਕਰ ਸਕੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਨੂੰ ਸਮਝਿਆ ਜਾ ਸਕਦਾ ਹੈ। ਪਰ ਇਹ ਅਦਾਲਤ ਦੇ ਫੈਸਲੇ ਨੂੰ ਪ੍ਰਭਾਵਤ ਨਹੀਂ ਕਰ ਸਕਦਾ, ਜਿਹੜਾ ਭਾਵਨਾਵਾਂ ਤੋਂ ਸੁਤੰਤਰ ਹੋਣਾ ਚਾਹੀਦਾ ਹੈ। ਜਦੋਂ ਇਹ ਕਿਹਾ ਗਿਆ ਕਿ ਦੋਸ਼ੀ ਹੋਰ ਵੀ ਕਈ ਮਾਮਲਿਆਂ ਵਿੱਚ ਗੁਨਾਹਗਾਰ ਹੈ ਤਾਂ ਅਦਾਲਤ ਨੇ ਜਵਾਬ ਦਿੱਤਾ ਕਿ ਇਸ ਅਧਾਰ ’ਤੇ ਕਿਸੇ ਨੂੰ ਵੀ ਗੁਨਾਹਗਾਰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ ਹੋਰ ਕਈ ਮਾਮਲਿਆਂ ਵਿੱਚ ਦੋਸ਼ੀ ਹੈ। ਦਾ ਹਿੰਦੂ ਦੀ ਇੱਕ ਰਿਪੋਰਟ ਮੁਤਾਬਕ ਨਿਮਰਤ ਕੌਰ ਜਿਸ ਦੇ ਪਿਤਾ ਨੂੰ ਜਿੰਦਾ ਜਲਾਇਆ ਗਿਆ ਸੀ ਨੇ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਕਈ ਅਦਾਲਤਾਂ ਵਿੱਚ ਨਿਆਂ ਦੀ ਉਮੀਦ ਵਿੱਚ ਘੁੰਮਦੀ ਰਹੀ ਹੈ ਪਰ ਨਿਰਾਸ਼ਾ ਹੀ ਪੱਲੇ ਪਈ ਹੈ। ਇੱਕ ਹੋਰ ਪੀੜਤ ਦੇ ਰਿਸ਼ਤੇਦਾਰ ਵਜੀਰ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ 18 ਕਤਲਾਂ ਦੇ ਮਾਮਲਿਆਂ ਵਿੱਚ ਨਾਮਜਦ ਹੈ ਪਰ ਆਪਣੀ ਹੈਸੀਅਤ ਅਤੇ ਅਸਰ ਰਸੂਖ ਦੇ ਸਿਰ ’ਤੇ ਬਚਦਾ ਆ ਰਿਹਾ ਹੈ।
ਭਾਰਤ ਵਿੱਚ ਫਿਰਕੂ ਦੰਗਿਆਂ ਤੇ ਕਤਲੇਆਮ ਦਾ ਇਤਿਹਾਸ –
1947 ਵਿੱਚ ਬਸਤੀਵਾਦੀ ਹਾਕਮਾਂ ਨੇ ਫਿਰਕੂ ਲੀਹਾਂ ’ਤੇ ਭਾਰਤ ਦੀ ਵੰਡ ਕੀਤੀ ਗਈ। ਭਾਵੇਂ ਕਿ ਫਿਰਕੂ ਦੰਗਿਆਂ ਤੇ ਝੜਪਾਂ ਦਾ ਸਿਲਸਿਲਾ ਬਸਤੀਵਾਦੀ ਦੌਰ ਤੋਂ ਹੀ ਸ਼ੁਰੂ ਹੋ ਗਿਆ ਸੀ। ਅੰਗਰੇਜ ਬਸਤੀਵਾਦੀਆਂ ਨੇ ਸੋਚੀ ਸਮਝੀ ਨੀਤੀ ਤਹਿਤ ਭਾਰਤ ਵਿੱਚ ਫਿਰਕੂ ਅਧਾਰ ’ਤੇ ਫੁੱਟ ਨੂੰ ਹਵਾ ਦਿੰਦੇ ਹੋਏ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਪਣਾਈ ਸੀ। ਅਜਾਦੀ ਦੀ ਲੜਾਈ ਦੌਰਾਨ ਜਦੋਂ ਕਦੀ ਵੀ ਬਸਤੀਵਾਦ ਵਿਰੋਧੀ ਘੋਲ਼ ਤੇਜ ਹੁੰਦਾ ਸੀ ਉਦੋਂ-ਉਦੋਂ ਹੀ ਸਾਡੇ ਮੁਲਕ ਦੇ ਕਿਰਤੀਆਂ ਨੇ ਬੇਮਿਸਾਲ ਫਿਰਕੂ ਏਕਤਾ ਦਾ ਸਬੂਤ ਦਿੱਤਾ ਹੈ। ਜਲਿ੍ਹਆਂ ਵਾਲ਼ੇ ਬਾਗ ਵਿੱਚ ਜਾਬਰ ਬਸਤੀਵਾਦੀ ਹਕੂਮਤ ਦੀਆਂ ਗੋਲ਼ੀਆਂ ਸਾਹਮਣੇ ਹਿੰਦੂ, ਮੁਸਲਿਮ, ਸਿੱਖ ਅਤੇ ਹੋਰ ਧਰਮਾਂ ਦੇ ਪੈਰੋਕਾਰਾਂ ਦਾ ਇਕੱਠਾ ਹੀ ਖੂਨ ਡੁੱਲਿਆ ਸੀ। ਪਰ ਰਾਜੇ ਰਜਵਾੜਿਆਂ, ਵੱਡੇ ਜਗੀਰਦਾਰਾਂ ਅਤੇ ਫਿਰਕਾਪ੍ਰਸਤ ਪਾਰਟੀਆਂ ਦੀ ਮਦਦ ਨਾਲ਼ ਅੰਗਰੇਜ ਹਾਕਮ ਫਿਰਕੂ ਭਾਵਨਾਵਾਂ ਭੜਕਾ ਕੇ ਹਮੇਸ਼ਾ ਲੋਕਾਂ ਦੀ ਏਕਤਾ ਨੂੰ ਤੋੜਦੇ ਰਹੇ ਹਨ। 1947 ਵਿੱਚ ਬਸਤੀਵਾਦੀ ਹਾਕਮ, ਲੋਕ ਰੋਹ ਤੋਂ ਡਰਦਿਆਂ ਇੱਕ ਸਮਝੌਤੇ ਤਹਿਤ ਰਾਜ ਸੱਤਾ ਭਾਰਤ ਦੇ ਸਰਮਾਏਦਾਰਾਂ ਹੱਥ ਦੇ ਜਾਂਦੇ ਹਨ। ਉਧਰ ਮੁਲਕ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਜਾਂਦਾ ਹੈ ਅਤੇ ਸਾਡੇ ਇਸ ਮਹਾਂਦੀਪ ਵਿੱਚ ਪੱਕਾ ਸੇਹ ਦਾ ਤਕੜਾ ਗੱਡ ਦਿੱਤਾ ਗਿਆ।
’47 ਦੀ ਮੁਲਕ ਵੰਡ ਵੇਲ਼ੇ ਬੰਗਾਲ ਅਤੇ ਪੰਜਾਬ ਵੰਡਿਆ ਗਿਆ ਸੀ। ਦੋਹਾਂ ਪਾਸਿਆਂ ਤੋਂ ਹਿੰਦੂ, ਸਿੱਖ ਅਤੇ ਮੁਸਲਿਮ ਅਬਾਦੀ ਦੇ ਤਬਾਦਲੇ ਵੇਲੇ ਬਸਤੀਵਾਦੀ ਹਾਕਮਾਂ ਦੇ ਕੰਟਰੋਲ ਵਾਲ਼ੀ ਫੌਜ ਨੇ ਅਮਨ ਕਨੂੰਨ ਬਹਾਲ ਕਰਨ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਕੇ, ਫਿਰਕੂ ਤਾਕਤਾਂ ਲਈ ਮੈਦਾਨ ਖੁੱਲ੍ਹਾ ਛੱਡ ਦਿੱਤਾ ਸੀ। ਨਤੀਜੇ ਵਜੋਂ ਦੁਨੀਆਂ ਦੇ ਇਤਿਹਾਸ ਦੇ ਸਭ ਤੋਂ ਵੱਡੇ ਫਿਰਕੂ ਦੰਗਿਆਂ ਵਿੱਚੋਂ ਇੱਕ ਪੰਜਾਬ ਦੀ ਵੰਡ ਵੇਲ਼ੇ ਦਾ ਫਿਰਕੂ ਕਤਲੇਆਮ ਵਾਪਰਦਾ ਹੈ। ਜਿਸ ਵਿੱਚ ਲੱਗਭੱਗ ਦਸ ਕਰੋੜ ਲੋਕ ਜਿਹਨਾਂ ਵਿੱਚ ਜਿਆਦਾਤਰ ਪੰਜਾਬੀ ਮੁਸਲਮਾਨ, ਸਿੱਖ ਅਤੇ ਹਿੰਦੂ ਸਨ, ਮਾਰੇ ਜਾਂਦੇ ਹਨ ਅਤੇ ਲੱਗਭੱਗ ਡੇਢ ਕਰੋੜ ਲੋਕਾਂ ਦਾ ਉਜਾੜਾ ਹੁੰਦਾ ਹੈ। ਉਧਰ ਬੰਗਾਲ ਵਿੱਚ ਵੀ ਫਿਰਕੂ ਦੰਗੇ ਹੋਏ ਸਨ। ਪੰਜਾਬ ਦੇ ਲੋਕਾਂ ਨੂੰ ਅਜੇ ’47 ਦਾ ਖੌਫਨਾਕ ਇਤਿਹਾਸ ਭੁੱਲਿਆ ਨਹੀਂ ਸੀ ਕਿ 84 ਦਾ ਸਿੱਖ ਵਿਰੋਧੀ ਕਤਲੇਆਮ ਵਾਪਰ ਜਾਂਦਾ ਹੈ। ਇਸ ਤੋਂ ਇਲਾਵਾ ’47 ਤੋਂ ਬਾਅਦ ਦੇ ਦੌਰ ਵਿੱਚ ਲਗਾਤਾਰ ਫਿਰਕਾਪ੍ਰਸਤ ਤਾਕਤਾਂ ਸਰਗਰਮ ਰਹੀਆਂ ਹਨ। ਪਰ 2002 ਦੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਨੇ ਮੁਲਕ ਵਿੱਚ ਘੱਟ ਗਿਣਤੀ ਮੁਸਲਿਮ ਅਬਾਦੀ ਵਿਰੁੱਧ ਨਫਰਤੀ ਪ੍ਰਚਾਰ ਨਾਲ਼ ਚੱਲ ਰਹੀ ਫਿਰਕੂ ਫਾਸ਼ੀਵਾਦੀ ਮੁਹਿੰਮ ਵਿੱਚ ਤੇਜੀ ਲੈ ਆਂਦੀ। ਇਹ ਸਾਰਾ ਇਤਿਹਾਸ ਸਾਡੇ ਹੱਥਲੇ ਲੇਖ ਦਾ ਵਿਸ਼ਾ ਨਹੀਂ ਹੈ। ਪਰ ਬਾਬਰੀ ਮਸੀਤ ਢਾਉਣ ਅਤੇ ਰਾਮ ਮੰਦਿਰ ਦੇ ਨਿਰਮਾਣ ਦੀ ਮੁਹਿੰਮ ਨਾਲ਼ ਮੁਲਕ ਵਿੱਚ ਵੱਡੀ ਪੱਧਰ ’ਤੇ ਇੱਕ ਫਿਰਕੇ (ਮੁਸਲਿਮ) ਦੇ ਲੋਕਾਂ ਖਿਲਾਫ ਮੁਹਿੰਮ ਅਤੇ ਉਨ੍ਹਾਂ ਦੀਆਂ ਧਾਰਮਿਕ ਥਾਵਾਂ ’ਤੇ ਹਮਲੇ ਵਧ ਗਏ ਹਨ। ਖਾਸ ਕਰਕੇ 2014 ਤੋਂ ਬਾਅਦ ਮੋਦੀ ਦੇ ਦੌਰ ਵਿੱਚ ਇਸ ਵਰਤਾਰੇ ਵਿੱਚ ਤੇਜੀ ਆਈ ਹੈ।
ਸਰਮਾਏਦਾਰ ਪ੍ਰਬੰਧ ਅਤੇ ਫਿਰਕਾਪ੍ਰਸਤੀ – ਇਹ ਇੱਕ ਇਤਿਹਾਸਕ ਤੱਥ ਹੈ ਕਿ ਪੂਰਵ ਸਰਮਾਏਦਾਰਾ ਦੌਰ ਵਿੱਚ ਇੱਕ ਧਰਮ ਦੇ ਨਾਲ਼ ਸਬੰਧਤ ਰਾਜੇ ਦੂਜੇ ਧਰਮ ਨਾਲ਼ ਸਬੰਧਤ ਰਾਜਿਆਂ ਦੀ ਆਸਥਾ ਦੇ ਪ੍ਰਤੀਕਾਂ ਅਤੇ ਕੇਂਦਰਾਂ ਨੂੰ ਦੁਸ਼ਮਣਾਂ ਦਾ ਮਨੋਬਲ ਡੇਗਣ ਲਈ, ਢਾਉਂਦੇ ਰਹੇ ਹਨ। ਧਨ ਦੌਲਤ ਦੀ ਲੁੱਟ ਲਈ ਵੀ ਧਾਰਮਿਕ ਥਾਵਾਂ ’ਤੇ ਹਮਲੇ ਕਰਦੇ ਸਨ। ਜਗੀਰੂ ਰਾਜ ਧਰਮ ਨਿਰਪੱਖ ਰਾਜ ਹੁੰਦੇ ਸਨ ਜਾਣੀ ਇਹਨਾਂ ਰਾਜਾਂ ਵਿੱਚ ਸਭ ਧਰਮਾਂ ਨੂੰ ਰਾਜੇ ਦੀ ਸਰਪ੍ਰਸਤੀ ਹਾਸਲ ਸੀ ਸਿਵਾਏ ਅਜਿਹੀਆਂ ਧਾਰਮਕ ਲਹਿਰਾਂ ਦੇ ਜੋ ਹਕਮੂਤ ਵਿਰੋਧੀ ਰੂਪ ਅਖਤਿਆਰ ਕਰ ਲੈਂਦੀਆਂ ਸਨ। ਪਰ ਕਦੀ ਵੀ ਇੱਕ ਫਿਰਕੇ ਦੇ ਲੋਕਾਂ ਨੇ ਦੂਜੇ ਫਿਰਕੇ ਦੇ ਲੋਕਾਂ ’ਤੇ ਹਮਲੇ ਨਹੀਂ ਕੀਤੇ ਯਾਨੀ ਕਿ ਮੱਧ ਕਾਲ ਦੇ ਪੂਰੇ ਦੌਰ ਵਿੱਚ ਫਿਰਕੂ ਦੰਗੇ ਜਾਂ ਕਤਲੇਆਮ ਨਹੀਂ ਹੋਏ। ਉੱਥੇ ਫਿਰਕਾਪ੍ਰਸਤੀ ਦਾ ਵਰਤਾਰਾ ਮੌਜੂਦ ਨਹੀਂ ਸੀ।
ਇਹ ਸਰਮਾਏਦਾਰਾ ਪ੍ਰਬੰਧ ਹੀ ਹੈ ਜਿਸ ਵਿੱਚ ਫਿਰਕਾਪ੍ਰਸਤੀ ਅਤੇ ਅੰਨ੍ਹੇ ਕੌਮਵਾਦ ਨੂੰ ਹਾਕਮ ਜਮਾਤਾਂ ਨੇ ਇੱਕ ਹਥਿਆਰ ਦੇ ਤੌਰ ’ਤੇ ਲੋਕਾਂ ਵਿੱਚ ਫੁੱਟ ਪਾਉਣ ਲਈ ਵਰਤਣਾ ਸ਼ੁਰੂ ਕੀਤਾ ਹੈ। ਸਰਮਾਏਦਾਰਾ ਪ੍ਰਬੰਧ ਅੰਦਰ ਲੋਕਾਂ ਦੀਆਂ ਵੋਟਾਂ ਲਈ ਹਾਕਮ ਜਮਾਤਾਂ ਦਾ ਆਪਸੀ ਭੇੜ ਤੇ ਨੌਕਰੀਆਂ ਆਦਿ ਲਈ ਲੋਕਾਂ ਵਿੱਚ ਆਪਸੀ ਮੁਕਾਬਲੇਬਾਜੀ ਫਿਰਕਾਪ੍ਰਸਤੀ ਦੀ ਜਮੀਨ ਤਿਆਰ ਕਰਦਾ ਹੈ। ਫਿਰਕਾਪ੍ਰਸਤੀ ਦਾ ਹਥਿਆਰ ਲੋਕਾਂ ਵਿੱਚ ਵੰਡੀਆਂ ਪਾਉਣ ਤੇ ਹਾਕਮ ਜਮਾਤਾਂ ਨੂੰ ਇਸ ਦੇ ਸੇਕ ਤੋਂ ਬਚਾਉਣ ਲਈ ਕਾਫੀ ਕਾਰਗਰ ਹੈ। ਅੰਗਰੇਜ ਬਸਤੀਵਾਦੀਆਂ ਨੇ ਭਾਰਤ ਵਿੱਚ ਇਸ ਹਥਿਆਰ ਨੂੰ ਵਰਤਣ ਦੀ ਸ਼ੁਰੂਆਤ ਕੀਤੀ ਤੇ ਲੰਬੇ ਸਮੇਂ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਰਾਹੀਂ ਆਪਣੇ ਰਾਜ ਨੂੰ ਕਾਇਮ ਰੱਖਿਆ। ਇਹੋ ਵਿਰਾਸਤ ਭਾਰਤ ਦੇ ਲੋਟੂ ਹਾਕਮਾਂ ਨੇ ਵੀ ਅੱਗੇ ਤੋਰੀ ਹੈ। ਇਸ ਸਮੇਂ ਮੁਲਕ ਦੇ ਵੱਡੇ ਸਰਮਾਏਦਾਰਾਂ ਨੇ ਨੰਗੀ ਚਿੱਟੀ ਫਿਰਕੂ ਸਿਆਸਤ ਕਰਨ ਵਾਲ਼ੀ ਭਾਜਪਾ ਅਤੇ ਸੰਘ ਪਰਿਵਾਰ ਲਈ ਥੈਲੀਆਂ ਖੋਲ੍ਹ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੀ ਸਮੇਂ-ਸਮੇਂ ਉੱਤੇ ਇਸ ਹਥਿਆਰ ਦੀ ਵਰਤੋਂ ਕਰਦੀ ਰਹੀ ਹੈ ਪਰ ਭਾਜਪਾ-ਸੰਘ ਇਸ ਸਿਆਸਤ ਨੂੰ ਨਵੀਆਂ ਨਿਵਾਣਾਂ ਤੱਕ ਲੈਕੇ ਗਏ ਹਨ। ਕਾਂਗਰਸ ਵਰਗੀ ਅਖੌਤੀ ਧਰਮ ਨਿਰਪੱਖ ਪਾਰਟੀ, ਲੋਕਾਂ ਦੀ ਫਿਰਕੂ ਅਧਾਰ ’ਤੇ ਕਤਾਰਬੰਦੀ ਕਰਨ ਲਈ 1984 ਵਿੱਚ ਸਿੱਖ ਨਸਲ ਕੁਸ਼ੀ ਦਾ ਹਥਿਆਰ ਸਫਲਤਾ ਨਾਲ਼ ਵਰਤ ਚੁੱਕੀ ਹੈ ਭਾਵੇਂ ’84 ਦੇ ਦੰਗਿਆਂ ਵਿੱਚ ਸੰਘ ਪਰਿਵਾਰ ਦੀ ਸ਼ਮੂਲੀਅਤ ਦੇ ਮਾਮਲੇ ਵੀ ਲੁਕੇ ਛਪੇ ਨਹੀਂ ਹਨ। ਇਹਨਾਂ ਦੇ ਇੱਕ ਵੱਡੇ ਲੀਡਰ ਨਾਨਾ ਜੀ ਦੇਸ਼ਮੁੱਖ ਨੇ ਉਹਨਾਂ ਦਿਨਾਂ ਵਿੱਚ ਹੀ ਕਿਹਾ ਸੀ ਕਿ ਸਿੱਖਾਂ ਦਾ ਕਤਲੇਆਮ ਲੋਕਾਂ ਦੀ ਸਾਧਾਰਨ ਪ੍ਰਤੀਕਿਰਿਆ ਹੈ ਅਤੇ ਸਿੱਖਾਂ ਨੂੰ ਧੀਰਜ ਨਾਲ਼ ਸਾਰਾ ਕੁਝ ਬਰਦਾਸ਼ਤ ਕਰਨਾ ਚਾਹੀਦਾ ਹੈ।
ਹੱਲ ਕੀ ਹੈ ? – ਇੱਕ ਹੀ ਹੱਲ ਹੈ ਕਿ ਮੁਲਕ ਦੇ ਕਿਰਤੀ ਲੋਕ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਅਤੇ ਧਰਮ, ਜਾਤ, ਨਸਲ ਦੇ ਅਧਾਰ ਤੇ ਵੰਡੀਆਂ ਪਾਉਣ ਵਾਲ਼ੀ ਸਿਆਸਤ ਖਿਲਾਫ ਇੱਕਜੁੱਟ ਹੋਣ। ਕੌਮਾਂਤਰੀ ਸਾਮਰਾਜੀ ਸਰਮਾਏ ਅਤੇ ਮੁਲਕ ਦੀ ਵੱਡੀ ਇਜਾਰੇਦਾਰ ਸਰਮਾਏਦਾਰੀ ਦੀ ਸੇਵਾ ਵਿੱਚ ਨਿੱਜੀਕਰਨ, ਕੇਂਦਰੀਕਰਨ ਆਦਿ ਦੀਆਂ ਨੀਤੀਆਂ ਦੇ ਮਾਮਲੇ ਵਿੱਚ ਸਾਰੀਆਂ ਸਰਮਾਏਦਾਰਾ ਸਿਆਸੀ ਪਾਰਟੀਆਂ ਦੀ ਸਹਿਮਤੀ ਨੂੰ ਨੰਗਿਆਂ ਕਰਨ। ਮੁਲਕ ਦੀ ਕਿਰਤੀ ਅਬਾਦੀ ਦੀ ਏਕਤਾ ਲਈ, ਫਿਰਕਾਪ੍ਰਸਤੀ ਭਾਵੇਂ ਉਹ ਬਹੁ ਗਿਣਤੀ ਦੀ ਹੋਵੇ ਜਾਂ ਘੱਟ ਗਿਣਤੀ ਦੀ ਬੇਹੱਦ ਘਾਤਕ ਹੈ। ਇਸ ਪ੍ਰਬੰਧ ਨੂੰ ਬਦਲ ਕੇ ਹੀ, ਲੋਕਾਂ ਦੀ ਪੁੱਗਤ ਵਾਲ਼ੇ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਤੋਂ ਰਹਿਤ, ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ਼ ਹੀ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਦੇ ਵਧਣ ਫੁੱਲਣ ਦੀ ਸੰਭਾਵਨਾ ਖਤਮ ਹੋ ਸਕਦੀ ਹੈ।
- ਸੁਖਦੇਵ 29-1-26
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 16 ਤੋਂ 31 ਜਨਵਰੀ ਅਤੇ 1 ਤੋਂ 15 ਫਰਵਰੀ 2026 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ