ਜੁਨੈਦ ਨੂੰ ਮਾਰਨ ਵਾਲ਼ੀ ਭੀੜ ਦੇ ਚਿਹਰੇ ਫਰੋਲਦਿਆਂ •ਗੁਰਪ੍ਰੀਤ

3(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਰਿਆਣੇ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਖੰਡਾਵਲੀ ਵਿੱਚ ਇਸ ਵਾਰ ਈਦ ਨੂੰ ਲੋਕਾਂ ਨੇ ਉਦਾਸੀ ਨਾਲ਼ ਘਰੋਂ ਮੋੜ ਦਿੱਤਾ। ਕਾਰਨ ਇਹ ਰਿਹਾ ਕਿ ਪੂਰਾ ਪਿੰਡ 16 ਸਾਲਾ ਨੌਜਵਾਨ ਜੁਨੈਦ ਕਤਲ ਦਾ ਸੋਗ ਮਨਾ ਰਿਹਾ ਸੀ। ਜੁਨੈਦ ਨੂੰ 22 ਜੂਨ ਫਿਰਕੂ ਜਨੂੰਨੀਆਂ ਦੀ ਭੀੜ ਨੇ ਫਿਰਕੂ ਨਫਰਤ ਕਾਰਨ ਕਤਲ ਕਰ ਦਿੱਤਾ ਸੀ। ਜੁਨੈਦ ਈਦ ਲਈ ਖਰੀਦੋ-ਫਰੋਖਤ ਕਰਨ ਮਗਰੋਂ ਆਪਣੇ ਭਰਾਵਾਂ ਤੇ ਦੋਸਤਾਂ ਸਮੇਤ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਇੱਕ ਥਾਂ ਭੀੜ ਨੇ ਆ ਕੇ ਉਹਨਾਂ ਨਾਲ਼ ਇਸ ਲਈ ਝਗੜਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਸ਼ਕਲ, ਪਹਿਰਾਵੇ ਪੱਖੋਂ ਵੱਖਰੇ ਧਰਮ ਦੇ ਲੱਗ ਰਹੇ ਸਨ। ਉਹਨਾਂ ਨਾਲ਼ ਬਦਸਲੂਕੀ ਕੀਤੀ ਗਈ, ਪਾਕਿਸਤਾਨੀ, ਗਊ ਖਾਣ ਦੇ ਦੋਸ਼ ਲਾਏ ਗਏ, ਕੁੱਟਮਾਰ ਕੀਤੀ ਗਈ ਤੇ ਦਾਹੜੀ ਤੋਂ ਫੜ ਕੇ ਘੜੀਸਿਆ ਗਿਆ। ਅੰਤ ਵਿੱਚ ਉਹਨਾਂ ਉੱਪਰ ਚਾਕੂਆਂ ਨਾਲ਼ ਕਈ ਵਾਰ ਕੀਤੇ ਗਏ। ਇਸ ਸਭ ਦੌਰਾਨ ਕੋਈ ਯਾਤਰੀ ਉਹਨਾਂ ਦੀ ਮਦਦ ਲਈ ਅੱਗੇ ਨਾ ਆਇਆ। ਜਦੋਂ ਉਹ ਸਟੇਸ਼ਨ ਤੇ ਉੱਤਰੇ ਤਾਂ ਕੋਈ ਯਾਤਰੀ, ਰੇਲਵੇ ਕਰਮਚਾਰੀ, ਪੁਲਿਸ ਅਧਿਕਾਰੀ ਉਹਨਾਂ ਦੀ ਮਦਦ ਲਈ ਨਾ ਆਇਆ ਤੇ ਜੁਨੈਦ ਤੇ ਉਸਦੇ ਜਖਮੀ ਭਰਾਵਾਂ ਨੂੰ ਉਹਨਾਂ ਦੇ ਦੋਸਤ ਬਾਹਰ ਲਿਆਏ ਤੇ ਕਿਸੇ ਤਰ੍ਹਾਂ ਇੱਕ ਨਿੱਜੀ ਹਸਪਤਾਲ ਨਾਲ਼ ਸੰਪਰਕ ਕਰਕੇ ਐਂਬੂਲੈਂਸ ਮੰਗਵਾਈ ਜੋ 45 ਮਿੰਟ ਮਗਰੋਂ ਪੁੱਜੀ। ਉਸ ਵੇਲੇ ਤੱਕ ਲਹੂ ਵਹਿਣ ਕਾਰਨ ਜੁਨੈਦ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਮਗਰੋਂ ਪਿੰਡ ਵਿੱਚ ਸੋਗ ਤੇ ਸਹਿਮ ਦਾ ਮਹੌਲ ਹੈ। ਸਹਿਮ ਇੰਨਾ ਕਿ ਇਸ ਘਟਨਾ ਦੇ ਦੋ ਹਫਤੇ ਮਗਰੋਂ ਵੀ ਪਿੰਡ ਦਾ ਕੋਈ ਵਿਅਕਤੀ ਰੇਲਗੱਡੀ ‘ਤੇ ਨਹੀਂ ਚੜ੍ਹਿਆ।

ਆਖਿਆ ਜਾ ਰਿਹਾ ਹੈ ਕਿ ਉਹਨੂੰ ਭੀੜ ਨੇ ਮਾਰਿਆ ਹੈ, ਤਾਂ ਫੇਰ ਸਵਾਲ ਉੱਠਦਾ ਹੈ ਕਿ ਕੀ ਇਸ ਭੀੜ ਨੂੰ ਪਛਾਣਿਆ ਜਾ ਸਕਦਾ ਹੈ? ਕਾਬੂ ਕੀਤਾ ਜਾ ਸਕਦਾ ਹੈ? ਜੁਨੈਦ ਕਿਸੇ ਭੀੜ ਦਾ ਨਹੀਂ ਸਗੋਂ ਉਸ ਜਹਿਰ ਦਾ ਸ਼ਿਕਾਰ ਹੋਇਆ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਸਾਡੀ ਧਰਤੀ ‘ਚ ਦੱਬਿਆ ਪਿਆ ਰਿਹਾ ਹੈ ਤੇ ਜਿਸਨੇ ਪਿਛਲੇ ਚਾਰ ਕੁ ਸਾਲਾਂ ਤੋਂ ਗਲੀਆਂ ‘ਚ ਵੈਲੀਆਂ ਵਾਂਗ ਘੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਜਹਿਰ ਨਾਲ਼ ਇੱਕ ਧਰਮ ਦੇ ਲੋਕਾਂ ਨੂੰ ਪਾਗਲਪਣ ਦੇ ਦੌਰੇ ਪੈਂਦੇ ਹਨ ਤਾਂ ਦੂਜੇ ਧਰਮ ਦੇ ਲੋਕਾਂ ਨੂੰ ਆਪਣੇ ਸਾਹ ਦੀ ਅਵਾਜ ਤੋਂ ਵੀ ਖੌਫ ਆਉਂਦਾ ਹੈ। ਇਸ ਜਹਿਰ ਤੋਂ ਪੈਦਾ ਹੋਏ ਪਾਗਲਪਣ ਕਾਰਨ ਕਤਲ ਕੀਤਾ ਗਿਆ ਜੁਨੈਦ ਪਹਿਲਾ ਨਹੀਂ ਹੈ। ਇਸੇ ਜਹਿਰ ਦੇ ਅਸਰ ਵਿੱਚੋਂ ਪਹਿਲਾਂ ਵੀ ਬਾਬਰੀ ਮਸਜਿਦ ਢਾਹੁਣ, 2002 ਦਾ ਗੁਜਾਰਤ ਕਤਲੇਆਮ ਤੇ 2013 ਦੇ ਮੁਜੱਫਰਨਗਰ ਨਸਲਕੁਸ਼ੀ ਜਿਹੀਆਂ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਛੋਟੀਆਂ ਘਟਨਾਵਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਇਸ ਤੋਂ ਪਹਿਲਾਂ ਦਾਦਰੀ ਦੇ ਅਖਲਾਕ, ਝਾਰਖੰਡ ਚ ਪਿਉ ਪੁੱਤ ਨੂੰ ਮਾਰ ਕੇ ਰੁੱਖ ਨਾਲ਼ ਫਾਹੇ ਟੰਗਣਾ, ਊਨਾ ‘ਚ ਚਾਰ ਦਲਿਤਾਂ ਦੀ ਕੁੱਟਮਾਰ, ਹਰਿਆਣਾ ਦੇ ਇੱਕ ਮੁਸਲਿਮ ਪਰਿਵਾਰ ਦੇ ਦੋ ਜੀਆਂ ਦਾ ਕਤਲ ਤੇ ਇੱਕ ਨਾਬਾਲਿਗ ਸਮੇਤ ਦੋ ਕੁੜੀਆਂ ਨਾਲ਼ ਬਲਾਤਕਾਰ, ਰਾਜਸਥਾਨ ਦੇ ਪਹਿਲੂ ਖਾਨ ਦਾ ਬੇਰਹਿਮੀ ਨਾਲ਼ ਕਤਲ ਤੇ ਉਸਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾਉਣਾ ਆਦਿ ਜਿਹੀਆਂ ਘਟਨਾਵਾਂ ਦੀ ਇੱਕ ਲੰਬੀ ਲੜੀ ਹੈ। 2010 ਤੋਂ ਬਾਅਦ ਗਊ ਸਬੰਧੀ ਹੋਈਆਂ ਹਿੰਸਾ ਦੀਆਂ ਘਟਨਾਵਾਂ ਦਾ ਸ਼ਿਕਾਰ ਬਣੇ 86 ਫੀਸਦੀ ਲੋਕ ਮੁਸਲਮਾਨ ਹਨ। ਇਹਨਾਂ ਘਟਨਾਵਾਂ ਵਿੱਚ 97 ਫੀਸਦੀ ਘਟਨਾਵਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਪਰੀਆਂ ਹਨ। ਇਹ ਘਟਨਾਵਾਂ ਇੱਕ ਸਮੇਂ ਕਈ ਥਾਂ ਜਾਂ ਕਈ ਕਤਲ ਦੀਆਂ ਵਰਦਾਤਾਂ ਦੇ ਰੂਪ ਵਿੱਚ ਨਹੀਂ ਵਾਪਰਦੀਆਂ। ਕਿਉਂਕਿ ਦੰਗੇ, ਕਤਲੇਆਮ ਦੀਆਂ ਘਟਨਾਵਾਂ ਇੱਕਦਮ ਧਿਆਨ ਖਿੱਚਦੀਆਂ ਹਨ ਤੇ ਵੱਡੀ ਸੁਰਖੀ ਬਣਦੀਆਂ ਹਨ ਪਰ ਇਸ ਤਰ੍ਹਾਂ ਦੇ ਇੱਕ-ਇੱਕ ਕਰਕੇ ਕੀਤੇ ਗਏ ਕਤਲ ਰੋਜ਼ ਦੀ ਇੱਕ ਆਮ ਖ਼ਬਰ ਬਣਕੇ ਰਹਿ ਜਾਂਦੇ ਹਨ ਜਿਹਨਾਂ ਦਾ ਪ੍ਰਭਾਵ ਓਨਾ ਹੀ ਖਤਰਨਾਕ ਤੇ ਮਾਰੂ ਹੁੰਦਾ ਹੈ।

ਇਸ ਤਰ੍ਹਾਂ ਦੇ ਕਤਲ ਜਾਂ ਹਿੰਸਾ ਦੀ ਖ਼ਬਰ ਭਾਵੇਂ ਮੀਡੀਆ ਤੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਪਰ ਇਸ ਘਟਨਾ ਤੋਂ ਬਾਅਦ ਹੋਏ ਅਸਰ ਦੀ ਚਰਚਾ ਬਹੁਤ ਘੱਟ ਹੁੰਦੀ ਹੈ। ਹਰ ਕਤਲ ਤੋਂ ਬਾਅਦ ਇਸਦਾ ਅਸਰ ਇਹ ਦਿਸਦਾ ਹੈ ਕਿ ਹਵਾ ਤੁਹਾਡਾ ਸਾਹ ਘੁੱਟਣਾ ਲੋਚਦੀ ਹੈ, ਚੰਨ ਸਹਿਮਿਆ ਹੋਇਆ ਨਿੱਕਲਦਾ ਹੈ, ਸੂਰਜ ਨੂੰ ਵੀ ਹਨ੍ਹੇਰੇ ‘ਚ ਲੁਕਣ ਦੀ ਕਾਹਲ ਪਈ ਰਹਿੰਦੀ ਹੈ ਤੇ ਤੁਹਾਡੇ ਪਿੰਡ/ਸ਼ਹਿਰ ਦੀਆਂ ਗਲੀਆਂ ਤੁਹਾਨੂੰ ਦੋਸ਼ੀਆਂ ਵਾਂਗ ਘੂਰਦੀਆਂ ਹਨ। ਇੱਕ ਪਿੰਡ, ਇਲਾਕੇ ਦੇ ਲੋਕਾਂ ਵਿਚਲੇ ਧਾਰਮਿਕ ਵਖਰੇਵੇਂ ਹੋਰ ਡੂੰਘੇ ਹੋ ਜਾਂਦੇ ਹਨ, ਵੱਖਰੇ ਧਰਮਾਂ ਦੇ ਲੋਕਾਂ ਵਿਚਲਾ ਚਿਰਾਂ ਤੋਂ ਚੱਲਿਆ ਆਉਂਦਾ ਆਪਸੀ ਭਾਈਚਾਰੇ ਦਾ ਮਹੌਲ ਵੀ ਦਾਗੀ ਹੋ ਜਾਂਦਾ ਹੈ, ਬਚਪਨ ਦੀਆਂ ਦੋਸਤੀਆਂ ਨੂੰ ਜਹਿਰਵਾ ਹੋ ਜਾਂਦਾ ਹੈ ਤੇ ਫਿਜ਼ਾ ‘ਚ ਬੇਯਕੀਨੀ, ਬੇਗਾਨਗੀ ਤੇ ਨਫਤਰ ਘੁਲਣ ਲਗਦੀ ਹੈ। ਅਜਿਹੇ ਹੀ ਮਹੌਲ ਦੀ ਇੱਕ ਹੋਰ ਘਟਨਾ ਦਿੱਲੀ ਰਹਿੰਦਾ ਵਸੀਮ ਅਕਸਰ ਸੁਣਾਉਂਦਾ ਹੈ। ਜੁਨੈਦ ਦੇ ਕਤਲ ਦੀ ਸੋਗਮਈ ਘਟਨਾ ਸੁਣਨ ਮਗਰੋਂ ਉਹ ਈਦ ਦੇ ਚਾਅ ‘ਚ ਉਹ ਇੱਕ ਦਿਨ ਪਹਿਲਾਂ ਪਿੰਡ ਆਇਆ ਪਰ ਸ਼ਾਮ ਤੱਕ ਹੀ ਉਸਦਾ ਸਾਰਾ ਚਾਅ ਲੱਥ ਗਿਆ। ਮੋਦੀ ਦੇ ਆਉਣ ਤੋਂ ਬਾਅਦ ਪਸਰੀ ਫਿਰਕੂ ਨਫ਼ਰਤ ਦਾ ਜਹਿਰ ਉਸਦੇ ਪਿੰਡ ਦੀ ਆਬੋ-ਹਵਾ ਵਿੱਚ ਘੁਲਿਆ ਹੋਇਆ ਸੀ। ਸ਼ਾਮ ਨੂੰ ਪਿੰਡ ਵਿੱਚੋਂ ਕੁੱਝ ਨੌਜਵਾਨਾਂ ਦੀ ਭੀੜ ਇੱਕ ਟੈਂਪੂ ‘ਤੇ ਡੈੱਕ ਲਾਈ ਹੁੱਲੜਬਾਜੀ ਕਰਦੀ ਜਾ ਰਹੀ ਸੀ ਜਿਸ ‘ਚ “ਦੇਸ਼ ਸੇ ਪਾਪੀਓਂ ਕਾ ਨਾਸ਼ ਕਰਨਾ ਹੈ” ਵਰਗੇ ਗੀਤ ਵੱਜ ਰਹੇ ਸਨ। ਨਾਲ਼ ਹੀ ‘ਭਾਰਤ ਮਾਤਾ ਕੀ ਜੈ’, ‘ਮੰਦਿਰ ਵਹੀਂ ਬਨਾਏਂਗੇ’ ਜਿਹੇ ਨਾਹਰੇ ਲਾਏ ਜਾ ਰਹੇ ਸਨ ਤੇ ਮੁਸਲਮਾਨਾਂ ਨੂੰ ਘੂਰਿਆ ਜਾ ਰਿਹਾ ਸੀ। ਇਹ ਈਦ ਦੇ ਜਸ਼ਨ ਨੂੰ ਦਹਿਸ਼ਤ ‘ਚ ਬਦਲਣ ਦਾ ਯਤਨ ਸੀ। ਉਸਦੇ ਹਿੰਦੂ ਦੋਸਤ ਵੀ ਉਸਦੇ ਘਰ ਪਹਿਲਾਂ ਵਰਗੇ ਚਾਅ ਨਾਲ਼ ਈਦ ਦੇ ਪਕਵਾਨ ਖਾਣ ਨਾ ਆਏ, ਸਗੋਂ ਉਹਨਾਂ ਨੇ ਮੀਟ ਖਾਣ ਤੋਂ ਵੀ ਨਾਂਹ ਕਰ ਦਿੱਤੀ। ਇੱਕ ਹੋਰ ਘਟਨਾ ਬਾਰੇ ਦੱਸਦਾ ਹੈ ਕਿ ਉਸਦੇ ਬਚਪਨ ਦੇ ਦੋਸਤ ਨੇ ਉਸ ਨਾਲ਼ ਸਿਰਫ ਇਸ ਗੱਲੋਂ ਸਬੰਧ ਤੋੜ ਲਏ ਕਿਉਂਕਿ ਉਸਨੇ ਭਾਰਤ-ਪਾਕਿਸਤਾਨ ਮੈਚ ਵੇਲੇ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਬਦਲ ਕੇ ਤਿਰੰਗਾ ਲਾਉਣ ਤੋਂ ਨਾਂਹ ਕਰ ਦਿੱਤੀ।

ਬੇਸ਼ੱਕ ਇਸ ਫਿਰਕੂ ਜਹਿਰਾ ਦਾ ਸ਼ਿਕਾਰ ਹੋਇਆ ਜੁਨੈਦ ਪਹਿਲਾ ਨਹੀਂ ਹੈ, ਪਰ ਸਮੁੱਚੇ ਮਹੌਲ ਨੂੰ ਦੇਖਦੇ ਹੋਏ ਸਾਨੂੰ ਇਹ ਮੰਨਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ ਕਿ ਜੁਨੈਦ ਆਖਰੀ ਵੀ ਨਹੀਂ ਹੈ। ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਆਪਣੇ ਧਾਰਮਿਕ ਦਿੱਖ ਕਾਰਨ ਚਾਕੂਆਂ ਦੇ ਜ਼ਖਮਾਂ ਨਾਲ਼ ਜੁਨੈਦ ਮਾਰਿਆ ਗਿਆ ਹੈ ਪਰ ਜੁਨੈਦ ਦੇ ਭਾਈਚਾਰੇ ਨੂੰ ਇਹਨਾਂ ਚਾਕੂਆਂ ਦੀ ਤਕਲੀਫ ਨਾਲ਼ ਹੀ ਜਿਉਣਾ ਪਵੇਗਾ। ਚਾਕੂਆਂ ਨਾਲ਼ ਜਖਮੀ ਹੋਏ ਉਸਦੇ ਭਰਾ ਦੱਸਦੇ ਹਨ ਕਿ ਗੋਦੀ ਵਿੱਚ ਪਏ ਲਹੂ ਨਾਲ਼ ਲੱਥਪੱਥ ਆਪਣੇ ਭਰਾ ਦਾ ਦ੍ਰਿਸ਼ ਅਤੇ ਮਦਦ ਲਈ ਤਰਲੇ ਕੱਢਣ ਦੇ ਬਾਵਜੂਦ ਰੇਲ ਵਿਚਲੀ ਭੀੜ ਦੀ ਖਾਮੋਸ਼ੀ ਤੇ ਮੂੰਹ ਫੇਰ ਲੈਣ ਦੇ ਦ੍ਰਿਸ਼ ਅੱਖਾਂ ਅੱਗੇ ਘੁੰਮਦੇ ਰਹਿੰਦੇ ਹਨ ਤੇ ਉਸਨੂੰ ਚੈਨ ਨਹੀਂ ਲੈਣ ਦਿੰਦੇ। ਇਸ ਘਟਨਾ ਤੋਂ ਇਹ ਨੌਜਵਾਨਾਂ ਦਿਲਾਂ ਅੰਦਰ ਦਹਿਸ਼ਤ ਤਾਂ ਉੱਤਰ ਹੀ ਗਈ ਹੈ ਨਾਲ਼ ਹੀ ਇਹ ਇਸਤੋਂ ਬੇਯਕੀਨੀ ਦੇ ਪਾਠ ਪੜ੍ਹਨਗੇ ਜਾਂ ਸ਼ਾਇਦ ਨਫਰਤ ਦੇ ਵੀ। ਮੁਸਲਮਾਨਾਂ ਨੂੰ ਉਹਨਾਂ ਦੇ ਤਿਉਹਾਰ ਤੋਂ ਪਹਿਲਾਂ ਯਾਤਰਾ ਕੱਢ ਕੇ ਧਮਕਾਇਆ ਜਾਂਦਾ ਹੈ, ਇੱਕ ਪਿੰਡ ‘ਚ ਨਹੀਂ ਸਗੋਂ ਦੇਸ਼ ਦੇ ਬਹੁਤ ਸਾਰੇ ਹਿੱਸਿਆ ‘ਚ ਵਾਪਰਦਾ ਹੈ। ਵਸੀਮ ਨਾਲ਼ੋਂ ਉਸਦਾ ਬਚਪਨ ਦਾ ਦੋਸਤ ਇਸ ਲਈ ਸਬੰਧ ਤੋੜ ਦਿੰਦਾ ਹੈ ਕਿਉਂਕਿ ਉਸਨੂੰ ਸ਼ੰਕਾ ਹੈ ਕਿ ਮੁਸਲਮਾਨ ਹੋਣ ਕਾਰਨ ਉਹ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਦਾ ਪੱਖ ਲਵੇਗਾ! ਉੱਤਰ ਪ੍ਰਦੇਸ਼ ‘ਚ ਯੋਗੀ ਅਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਮਗਰੋਂ ‘ਯੂਪੀ ਮੇਂ ਰਹਿਨਾ ਹੋਗਾ ਤੋ ਯੋਗੀ ਯੋਗੀ ਕਹਿਨਾ ਹੋਗਾ’ ਤੇ ਹੋਰ ਫਿਰਕੂ ਨਫਰਤ ਭਰੇ ਨਾਹਿਰਆਂ ਵਾਲ਼ੇ ਬੈਨਰ ਲਾਏ ਜਾਂਦੇ ਹਨ। ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਬਿਸਹੜਾ ਦੇ ਇਖਲਾਕ ਦੇ ਕਤਲ ਦਾ ਇੱਕ ਦੋਸ਼ੀ ਜਦੋਂ ਬਿਮਾਰੀ ਕਾਰਨ ਮਰ ਗਿਆ ਤਾਂ ਉਸਦੀ ਲਾਸ਼ ਨੂੰ ਤਿਰੰਗੇ ‘ਚ ਲਪੇਟਿਆ ਗਿਆ ਤੇ ਉਸਦੀ ਲਾਸ਼ ਉੱਪਰ ਸਾਧਵੀ ਪ੍ਰਾਚੀ ਵਰਗੀਆਂ ਨੇ ਫਿਰਕੂ ਨਫਰਤ ਉਗਲਦੇ ਭਾਸ਼ਣ ਦਿੱਤੇ। ਸੋਸ਼ਲ ਮੀਡੀਆ ਉੱਪਰ ਇੱਕ ਫਿਲਮ ਦੇ ਦ੍ਰਿਸ਼ ਨੂੰ ਇਹ ਲਿਖ ਕੇ ਪੇਸ਼ ਕੀਤਾ ਜਾਂਦਾ ਹੈ ਕਿ ਪੱਛਮੀ ਬੰਗਾਲ ਵਿੱਚ ਦਿਨ-ਦਿਹਾੜੇ ਇੱਕ ਹਿੰਦੂ ਔਰਤ ਦੀ ਇੱਜਤ ਨਾਲ਼ ਖੇਡ ਰਹੇ ਹਨ। ਇੱਕ ਹੋਰ ਲਿਖਦਾ ਹੈ ਕਿ ਜੇ ਹਰ ਹਿੰਦੂ 2 ਮੁਸਲਮਾਨਾਂ ਨੂੰ ਮਾਰੇ ਤਾਂ 37 ਕਰੋੜ ਮੁਸਲਮਾਨ ਖਤਮ ਕਰਨੇ ਕੋਈ ਔਖਾ ਕੰਮ ਨਹੀਂ ਹੈ। ਚੁੱਪ-ਚਾਪ ਆਪਣੇ ਕੰਮਾਂ ਵਿੱਚ ਲੱਗੇ ਦਿਸਦੇ ਲੋਕਾਂ ਦੀ ਰੁਝੇਵੇਂ ਭਰੀ ਜ਼ਿੰਦਗੀ ਦੀ ਸਤ੍ਹਾ ਹੇਠ ਇਹ ਉਹ ਮਹੌਲ ਤਿਆਰ ਹੋ ਰਿਹਾ ਹੈ ਜਿਸ ਰਾਹੀਂ ਸੈਂਕੜੇ ਹੋਰ ਜੁਨੈਦ ਕਤਲ ਕਰਨ ਲਈ ਭੀੜ ਤਿਆਰ ਹੋ ਰਹੀ ਹੈ।

ਜੁਨੈਦ ਦੇ ਕਤਲ ਉੱਪਰ ਲੋਕਾਂ ਨੇ ਕਾਫੀ ਰੋਸ ਵਿਖਾਇਆ ਜੋ ਇੱਕ ਸਵਾਗਤਯੋਗ ਕਦਮ ਰਿਹਾ ਹੈ। ਦੇਸ਼ ਭਰ ਵਿੱਚ ਕਈ ਥਾਂ ‘ਨਾਟ ਇਨ ਮਾਈ ਨੇਮ’ (ਮੇਰੇ ਨਾਮ ‘ਤੇ ਨਹੀਂ) ਦੇ ਨਾਹਰੇ ਹੇਠ ਇਸ ਕਤਲ ਖਿਲਾਫ ਮੁਜਾਹਰੇ ਹੋਏ। ਇਸਦਾ ਮਤਲਬ ਸੀ ਕਿ ਧਰਮ, ਦੇਸ਼ ਦੇ ਨਾਮ ‘ਤੇ ਇਹ ਗੁੰਡਾਗਰਦੀ, ਕਤਲੇਆਮ ਕਰਨ ਵਾਲ਼ੇ ਸਾਡੇ ਨੁਮਾਇੰਦੇ ਨਹੀਂ ਹਨ, ਅਸੀਂ ਇਸਦੇ ਖਿਲਾਫ ਹਾਂ। ਦੇਸ਼ ਦੇ ਵੱਖ-ਵੱਖ ਕੋਨਿਆਂ ‘ਚ ਲੋਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਈਦ ਮਨਾਈ। ਸ਼ਬਾਨਾ ਆਜਮੀ, ਕਾਲਕੀ ਕੋਚਲਿਨ, ਕੋਂਕਣਾ ਸੇਨ, ਰਜਤ ਕਪੂਰ ਜਿਹੀਆਂ ਫਿਲਮੀ ਹਸਤੀਆਂ ਨੇ ਵੀ ਮੁੰਬਈ ‘ਚ ਇੱਕ ਮੁਜਾਹਰਾ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ।

ਦੂਜੇ ਪਾਸੇ ਸਰਕਾਰ ਨੇ ਇੱਕ ਵਾਰ ਫੇਰ ਲਿੱਪਾ-ਪੋਚੀ ਕਰਨ ਰਸਮਪੂਰਤੀ ਕੀਤੀ। ਮੋਦੀ ਨੇ “ਸਖਤ” ਰੁਖ ਵਿਖਾਉਂਦਿਆਂ ਗਾਂ ਦੇ ਨਾਮ ‘ਤੇ ਇਹਨਾਂ ਕਤਲਾਂ ਨਾਲ਼ ਅਸਹਿਮਤੀ ਜਤਾਈ ਤੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਗੱਲ ਕਹੀ। ਪਿਛਲੇ ਸਾਲ ਦੀਆਂ ਊਨਾ ਦੀਆਂ ਘਟਨਾਵਾਂ ਮਗਰੋਂ ਵੀ ਮੋਦੀ ਨੇ ਅਜਿਹੀਆਂ ਘੁਰਕੀਆਂ ਵਿਖਾਉਣ ਦੀ ਡਰਾਮੇਬਾਜੀ ਕੀਤੀ ਸੀ ਪਰ ਨਾ ਤਾਂ ਉਸ ਵੇਲੇ ਕੁੱਝ ਬਦਲਿਆ ਤੇ ਨਾ ਹੀ ਇਹਨਾਂ ਗੁੰਡਾ ਅਨਸਰਾਂ ਨੂੰ ਠੱਲ ਪਾਉਣ ਦੀ ਕੋਈ ਕਾਰਵਾਈ ਕੀਤੀ ਗਈ। ਇਸ ਵਾਰ ਫੇਰ ਲੋਕ ਰੋਹ ਨੂੰ ਦੇਖਦਿਆਂ ਮੋਦੀ ਨੇ ਆਪਣਾ ਡਰਾਮੇਬਾਜੀ ਕਰਨ ਦਾ ਫਰਜ ਪੂਰਾ ਕੀਤਾ ਤੇ ਉਸਤੋਂ ਕੁੱਝ ਘੰਟਿਆਂ ਮਗਰੋਂ ਹੀ ਝਾਰਖੰਡ ਵਿੱਚ ਗਾਂ ਦੇ ਨਾਮ ਤੇ ਅਲੀਮੂਦੀਨ ਅੰਸਾਰੀ ਨੂੰ ਕਤਲ ਕਰ ਦਿੱਤਾ ਗਿਆ।

ਇੱਕ ਜੁਨੈਦ ਮਾਰਿਆ ਗਿਆ ਹੈ ਤੇ ਹੋਰ ਕਤਲ ਕਰਨ ਲਈ ਭੀੜ ਤਿਆਰ ਹੋ ਰਹੀ ਹੈ। ਕੋਈ ਆਖ ਸਕਦਾ ਹੈ ਕਿ ਇਹ ਭੀੜ ਹਿੰਦੂ ਜਨੂੰਨੀਆਂ ਦੀ ਭੀੜ ਹੈ ਜਿਸਨੂੰ ਰਾਸ਼ਟਰੀ ਸਵੈਸਵੇਕ ਸੰਘ ਤੇ ਭਾਜਪਾ ਜੁੰਡਲੀ ਪੂਰੀ ਹੱਲਾਸ਼ੇਰੀ ਦੇ ਰਹੀ ਹੈ। ਰਾਸ਼ਟਰੀ ਸਵੈਸੇਵਕ ਸੰਘ ਕਿਵੇਂ ਆਪਣੇ ਪ੍ਰਚਾਰ ਤੰਤਰ, ਸ਼ਾਖਾਵਾਂ ਤੇ ਗੁੰਡਾ ਵਾਹਿਨੀਆਂ ਦਾ ਪ੍ਰਚਾਰ ਤੰਤਰ ਫੈਲਾ ਰਿਹਾ ਹੈ ਤੇ ਭਾਜਪਾ ਕਿਵੇਂ ਇਸਨੂੰ ਕਨੂੰਨੀ, ਸੰਵਿਧਾਨਿਕ ਹੱਲਸ਼ੇਰੀ ਜਾਂ ਸ਼ਹਿ ਦੇ ਰਹੀ ਹੈ ਇਹ ਕਿਸੇ ਤੋਂ ਨਹੀਂ ਲੁਕਿਆ ਹੈ। ਭਾਰਤ ਨੂੰ ਇੱਕ ‘ਹਿੰਦੂ ਰਾਸ਼ਟਰ’ ਵਿੱਚ ਬਦਲਣ ਦੇ ਰਾਸ਼ਟਰੀ ਸਵੈਸੇਵਕ ਸੰਘ ਦੇ ਨਾਹਰੇ ਨੂੰ ਹੁੰਘਾਰਾ ਦੇਣ ਵਾਲ਼ੀ ਹਿੰਦੂ ਜਨੂੰਨੀ ਨੌਜਵਾਨਾਂ ਦੀ ਭੀੜ ਨੂੰ ਇੱਕ ਵਾਰ ਫੇਰ ਧਿਆਨ ਨਾਲ਼ ਦੇਖੋ। ਇਸ ਜਨੂੰਨੀ ਚਿਹਰਿਆਂ ਹੇਠ ਤੁਹਨੂੰ ਦਿਸ਼ਾਹੀਣ, ਬੇਰੁਜ਼ਗਾਰ, ਨਿਰਾਸ਼ ਅਤੇ ਪੀਲੇ ਬਿਮਾਰ ਚਿਹਰੇ ਵਾਲ਼ੇ ਨੌਜਵਾਨ ਦਿਸਣਗੇ ਜਿਹਨਾਂ ਲਈ ਨਾ ਸਿੱਖਿਆ ਸਹੂਲਤਾਂ ਹਨ ਤੇ ਨਾ ਹੀ ਰੁਜ਼ਗਾਰ ਦੇ ਮੌਕੇ। ਇਹਨਾਂ ਦਿਸ਼ਾਹੀਣ ਨੌਜਵਾਨਾਂ ਨੂੰ ਪਹਿਲਾਂ ਹਿਟਲਰ, ਮੁਸਲਿਨੀ ਵਰਗੀਆਂ ਫਾਸੀਵਾਦੀ ਤਾਕਤਾਂ ਨੇ ਵਰਤਿਆ ਹੈ ਤੇ ਹੁਣ ਉਹਨਾਂ ਦੇ ਭਾਰਤੀ ਵਾਰਿਸ ਫਿਰਕੂ-ਫਾਸੀਵਾਦੀ ਵਰਤ ਰਹੇ ਹਨ। ਇਹਨਾਂ ਨੌਜਵਾਨਾਂ ਦੀ ਦਿਸ਼ਾਹੀਣਤ, ਨਿਰਾਸ਼ਾ ਹੀ ਫਾਸੀਵਾਦੀਆਂ ਦੀ ਤਾਕਤ ਬਣ ਜਾਂਦੀ ਹੈ। ਇਹਨਾਂ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਇਹੋ ਨੌਜਵਾਨ ਇੱਕ ਉੱਨਤ ਆਤਮਕ, ਸੱਭਿਆਚਾਰ ਤੇ ਜਮਹੂਰੀ ਕਦਰਾਂ-ਕੀਮਤਾਂ ਸਿਰਜਣ ਵਾਲ਼ੀ ਸਮਾਜਿਕ ਤਬਦੀਲੀ ਦੀ ਇੱਕ ਅਹਿਮ ਤਾਕਤ ਬਣ ਸਕਦੇ ਹਨ। ਇਹਨਾਂ ਨੌਜਵਾਨਾਂ ਨੂੰ ਦੱਸਣ ਦੀ ਲੋੜ ਹੈ ਕਿ ਸਰਮਾਏ ਦੀ ਜੋ ਤਾਕਤ ਤੁਹਾਨੂੰ ਬੇਰੁਜ਼ਗਾਰੀ, ਗਰੀਬੀ ਦੇ ਟੋਏ ਵਿੱਚ ਧੱਕ ਰਿਹਾ ਹੈ ਉਹੀ ਤੁਹਾਨੂੰ ਧਰਮ, ਜਾਤ ਦੇ ਨਾਮ ‘ਤੇ ਵੰਡ ਕੇ ਤੁਹਾਡੇ ਵਰਗੇ ਹੋਰਨਾਂ ਬੇਰੁਜ਼ਗਾਰਾਂ, ਗਰੀਬਾਂ, ਕਿਰਤੀਆਂ ਖਿਲਾਫ ਤੁਹਾਨੂੰ ਖੜਾ ਕਰ ਰਹੀ ਹੈ। ਤੁਹਾਡਾ ਅਸਲ ਦੁਸ਼ਮਣ ਦੂਜੇ ਧਰਮ ਦੇ ਲੋਕ ਨਹੀਂ ਹਨ ਸਗੋਂ ਸਰਮਾਏਦਾਰਾ ਨਿਜ਼ਾਮ ਹੈ। ਇੰਝ ਫੇਰ ਭੀੜ ਦੀ ਤਾਕਤ ਹੋਵੇਗੀ, ਪਰ ਜਨੂੰਨੀਆਂ ਦੀ ਨਹੀਂ ਸਗੋਂ ਮਨੁੱਖਤਾ ਦੀ ਮੁਕਤੀ ਦੇ ਉੱਚੇ ਆਦਰਸ਼ ਤੋਂ ਪ੍ਰੇਰਿਤ ਬਹਾਦਰਾਂ ਦੀ ਭੀੜ ਹੋਵੇਗੀ। ਇਹ ਭੀੜ ਕਿਸੇ ਜੁਨੈਦ ਨੂੰ ਕਤਲ ਨਹੀਂ ਕਰੇਗੀ ਸਗੋਂ ਉਹਨਾਂ ਸੋਮਿਆਂ ਨੂੰ ਭੰਨ ਸੁੱਟੇਗੀ ਜਿੱਥੋਂ ਉਹ ਜਹਿਰ ਪੈਦਾ ਹੁੰਦਾ ਹੈ ਜੋ ਭੀੜ ਰਾਹੀਂ ਜੁਨੈਦ ਨੂੰ ਕਤਲ ਕਰਦਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements