ਜ਼ਿੰਦਗੀ ਨਾਲ਼ ਪਿਆਰ •ਜੈਕ ਲੰਡਨ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਦੂਜੀ ਤੇ ਆਖ਼ਰੀ ਕਿਸ਼ਤ)
(ਲੜੀ ਜੋੜਨ ਲਈ ‘ਲਲਕਾਰ’ ਦਸੰਬਰ-2015 ਅੰਕ ਦੇਖੋ)

ਇੱਕ ਮਤੀਭਰਮ ਉਸਨੂੰ ਵਿਆਕੁਲ ਕਰਨ ਲੱਗਾ। ਉਸਨੂੰ ਇਹ ਜਾਪਣ ਲੱਗਾ ਕਿ ਉਸ ਕੋਲ਼ ਇੱਕ ਕਾਰਤੂਸ ਬਚਿਆ ਹੋਇਆ ਹੈ। ਉਸਨੂੰ ਲੱਗਾ ਕਿ ਉਹ ਰਾਇਫਲ ਦੇ ਚੈਂਬਰ ਵਿੱਚ ਪਿਆ ਸੀ ਪਰ ਉਸਦਾ ਧਿਆਨ ਇਸ ਵੱਲ ਨਹੀਂ ਗਿਆ। ਦੂਜੇ ਪਾਸੇ, ਉਹ ਜਾਣਦਾ ਸੀ ਕਿ ਚੈਂਬਰ ਖਾਲੀ ਹੈ। ਪਰ ਮਤੀਭਰਮ ਬਣਿਆ ਰਿਹਾ। ਉਹ ਘੰਟਾ ਭਰ ਇਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਫਿਰ ਉਸਨੇ ਰਾਇਫਲ ਖੋਲ੍ਹ ਦਿੱਤੀ ਅਤੇ ਚੈਂਬਰ ਖਾਲੀ ਵੇਖਿਆ। ਉਹ ਇੰਨਾ ਨਿਰਾਸ਼ ਹੋਇਆ ਜਿਵੇਂ ਉਸਨੂੰ ਸੱਚੀਓਂ ਉੱਥੇ ਕਾਰਤੂਸ ਹੋਣ ਦੀ ਉਮੀਦ ਹੋਵੇ।

ਉਹ ਭਾਰੇ ਕਦਮਾਂ ਨਾਲ਼ ਅੱਧੇ ਘੰਟੇ ਤੱਕ ਹੋਰ ਚਲਦਾ ਰਿਹਾ ਤੇ ਉਹ ਮਤੀਭਰਮ ਦੁਬਾਰਾ ਉਸ ਉੱਤੇ ਹਾਵੀ ਹੋ ਗਿਆ। ਉਹ ਫਿਰ ਉਸਨੂੰ ਦਿਮਾਗ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗਾ ਅਤੇ ਆਖ਼ਰ ਉਸਨੇ ਦਿਮਾਗ਼ ਨੂੰ ਰਾਹਤ ਦੇਣ ਲਈ ਰਾਇਫਲ ਖੋਲ੍ਹ ਲਈ। ਕਈ ਵਾਰ ਉਸਦਾ ਦਿਮਾਗ਼ ਕਿਤੇ ਬਹੁਤ ਦੂਰ ਚਲਾ ਜਾਂਦਾ ਤੇ ਉਸਦਾ ਸਰੀਰ ਬਸ ਆਪਣੇ-ਆਪ ਹੀ ਤੁਰਦਾ ਰਹਿੰਦਾ ਅਤੇ ਅਜੀਬੋ-ਗ਼ਰੀਬ ਸਨਕ ਭਰੇ ਖਿਆਲ ਕੀੜੀਆਂ ਵਾਂਗ ਉਸਦੇ ਦਿਮਾਗ਼ ਵਿੱਚ ਕੁਲਬੁਲ਼ਾਉਂਦੇ ਰਹਿੰਦੇ ਸਨ। ਪਰ ਹਕੀਕਤ ਤੋਂ ਪਰ੍ਹਾਂ ਦੀਆਂ ਇਹ ਯਾਤਰਾਵਾਂ ਸੰਖੇਪ ਹੁੰਦੀਆਂ ਸਨ ਕਿਉਂਕਿ ਭੁੱਖ ਦੀਆਂ ਤਰਾਟਾਂ ਉਸਨੂੰ ਵਾਪਸ ਖਿੱਚ ਲਿਆਉਂਦੀਆਂ ਸਨ। ਇੱਕ ਵਾਰ ਜਦੋਂ ਉਹ ਅਜਿਹੀ ਹੀ ਇੱਕ ਯਾਤਰਾ ਕਰ ਰਿਹਾ ਸੀ ਤਾਂ ਇੱਕ ਦ੍ਰਿਸ਼ ਨੇ ਉਸਨੂੰ ਯਥਾਰਥ ਵਿੱਚ ਧੱਕਾ ਦਿੱਤਾ ਤੇ ਉਹ ਗਸ਼ ਖਾਂਦਾ-ਖਾਂਦਾ ਬਚਿਆ। ਉਹ ਨਸ਼ੇ ਵਿੱਚ ਧੁੱਤ ਵਿਅਕਤੀ ਵਾਂਗ ਅੱਗੇ-ਪਿੱਛੇ ਝੂਲਦਾ ਹੋਇਆ ਡਿੱਗਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੇ ਸਾਹਮਣੇ ਇੱਕ ਘੋੜਾ ਖੜਾ ਸੀ। ਘੋੜਾ! ਉਸਨੂੰ ਆਪਣੀ ਅੱਖਾਂ ਉੱਤੇ ਭਰੋਸਾ ਨਹੀਂ ਹੋਇਆ। ਉਨ੍ਹਾਂ ਵਿੱਚ ਸੰਘਣੀ ਧੁੰਦ ਸੀ ਜਿਸ ਵਿੱਚ ਕਦੇ-ਕਦੇ ਰੌਸ਼ਨੀ ਚੁੰਧਿਆ ਰਹੀ ਸੀ। ਉਸਨੇ ਆਪਣੀ ਅੱਖਾਂ ਜ਼ੋਰ ਨਾਲ਼ ਰਗੜੀਆਂ ਤੇ ਵੇਖਿਆ ਕਿ ਘੋੜਾ ਨਹੀਂ, ਉਹ ਇੱਕ ਵੱਡਾ ਸਾਰਾ ਭੂਰਾ ਭਾਲੂ ਹੈ। ਜਾਨਵਰ ਉਸਨੂੰ ਲੜਾਕੂ ਜਗਿਆਸਾ ਨਾਲ਼ ਵੇਖ ਰਿਹਾ ਸੀ।

ਆਦਮੀ ਨੇ ਆਪਣੀ ਬੰਦੂਕ ਅੱਧ ਤੱਕ ਚੁੱਕੀ, ਉਦੋਂ ਉਸਦਾ ਧਿਆਨ ਗਿਆ ਕਿ ਉਹ ਖਾਲੀ ਹੈ। ਉਸਨੇ ਬੰਦੂਕ ਹੇਠਾਂ ਕਰ ਲਈ ਤੇ ਲੱਕ ਉੱਤੇ ਬੱਝੀ ਮਿਆਨ ਵਿੱਚੋਂ ਸ਼ਿਕਾਰੀ ਚਾਕੂ ਕੱਢਿਆ। ਉਸਦੇ ਸਾਹਮਣੇ ਮਾਸ ਅਤੇ ਜ਼ਿੰਦਗੀ ਸੀ। ਉਸਨੇ ਚਾਕੂ ਦੀ ਧਾਰ ਉੱਤੇ ਅੰਗੂਠਾ ਫੇਰਿਆ, ਉਹ ਤੇਜ਼ ਸੀ, ਨੋਕ ਵੀ ਤੇਜ਼ ਸੀ। ਉਹ ਭਾਲੂ ਉੱਤੇ ਝਪਟ ਕੇ ਉਸਨੂੰ ਮਾਰ ਦੇਵੇਗਾ। ਪਰ ਉਸਦਾ ਦਿਲ ਧਕ-ਧਕ-ਧਕ ਕਰਕੇ  ਚਿਤਾਵਨੀ ਦਿੰਦਾ ਹੋਇਆ ਜ਼ੋਰ ਨਾਲ਼ ਉੱਛਲਣ ਲੱਗਾ। ਉਸਦੇ ਮੱਥੇ ਨੂੰ ਜਿਵੇਂ ਲੋਹੇ ਦੇ ਕਮਰਕੱਸੇ ਨੇ ਜਕੜ ਲਿਆ ਅਤੇ ਦਿਮਾਗ਼ ਚਕਰਾਉਣ ਲੱਗਾ।

ਉਸਦੀ ਬਦਹਵਾਸੀ ਭਰੀ ਹਿੰਮਤ ਨੂੰ ਡਰ ਦੇ ਉਬਾਲ਼ ਨੇ ਬੇਦਖ਼ਲ ਕਰ ਦਿੱਤਾ। ਜੇਕਰ ਉਸ ਜਾਨਵਰ ਨੇ ਹਮਲਾ ਕਰ ਦਿੱਤਾ ਤਾਂ ਕੀ ਹੋਵੇਗਾ? ਉਹ ਜਿੰਨਾ ਹੋ ਸਕਦਾ ਸੀ, ਤਣਕੇ ਖੜਾ ਹੋ ਗਿਆ, ਚਾਕੂ ਨੂੰ ਕਸਕੇ ਫੜ ਲਿਆ ਤੇ ਭਾਲੂ ਨੂੰ ਘੂਰਨ ਲੱਗਾ। ਭਾਲੂ ਹੌਲ਼ੀ-ਹੌਲ਼ੀ ਦੋ ਕਦਮ ਅੱਗੇ ਵਧਿਆ, ਪਿਛਲੀਆਂ ਲੱਤਾਂ ਉੱਤੇ ਖੜਾ ਹੋ ਗਿਆ ਅਤੇ ਹੌਲ਼ੀ ਜਿਹੇ ਗਰਜਿਆ। ਜੇਕਰ ਸਾਹਮਣੇ ਵਾਲ਼ਾ ਭੱਜੇਗਾ ਤਾਂ ਉਹ ਉਸਦਾ ਪਿੱਛਾ ਕਰੇਗਾ, ਪਰ ਆਦਮੀ ਭੱਜਿਆ ਨਾ। ਹੁਣ ਉਹ ਡਰ ਕਾਰਨ ਉਪਜੀ ਹਿੰਮਤ ਨਾਲ਼ ਕੰਮ ਕਰ ਰਿਹਾ ਸੀ। ਮਨੁੱਖੀ ਜ਼ਿੰਦਗੀ ਦੀਆਂ ਡੂੰਘਾਣਾਂ  ਵਿੱਚ ਲੁਕੇ ਹਰ ਡਰ ਨੂੰ ਅਵਾਜ਼ ਦਿੰਦਾ ਹੋਇਆ ਉਹ ਵੀ ਵਹਿਸ਼ੀਆਂ ਵਾਂਗ ਭਿਆਨਕ ਅਵਾਜ਼ ਵਿੱਚ ਗਰਜ਼ਿਆ।

ਭਾਲੂ ਡਰਾਉਣੇ ਢੰਗ ਨਾਲ਼ ਗਰਜਦਾ ਹੋਇਆ ਇੱਕ ਪਾਸੇ ਹਟ ਗਿਆ। ਉਹ ਖੁਦ ਇਸ ਰਹੱਸਮਈ ਪ੍ਰਾਣੀ ਤੋਂ ਡਰਿਆ ਹੋਇਆ ਸੀ ਜੋ ਸਿੱਧਾ ਖੜਾ ਸੀ ਤੇ ਡਰ ਨਹੀਂ ਰਿਹਾ ਸੀ। ਪਰ ਆਦਮੀ ਹਿੱਲਿਆ ਨਾ। ਉਹ ਮੂਰਤ ਦੀ ਤਰ੍ਹਾਂ ਖੜਾ ਰਿਹਾ ਜਦੋਂ ਤੱਕ ਕਿ ਖ਼ਤਰਾ ਟਲ਼ ਨਾ ਗਿਆ। ਫਿਰ ਉਹ ਬੁਰੀ ਤਰ੍ਹਾਂ ਕੰਬਣ ਲੱਗਾ ਅਤੇ ਗਿੱਲੀ ਕਾਈ ਉੱਤੇ ਬੈਠ ਗਿਆ।

ਉਸਨੇ ਆਪਣੇ ਆਪ ਨੂੰ ਸੰਭਾਲ਼ਿਆ ਤੇ ਤੁਰ ਪਿਆ। ਹੁਣ ਇੱਕ ਨਵਾਂ ਡਰ ਉਸ ਉੱਤੇ ਹਾਵੀ ਹੋ ਰਿਹਾ ਸੀ। ਇਹ ਚੁੱਪਚਾਪ ਭੁੱਖ ਨਾਲ਼ ਮਰ ਜਾਣ ਦਾ ਡਰ ਨਹੀਂ ਸਗੋਂ ਇਹ ਡਰ ਸੀ ਕਿ ਜੀਣ ਦੀ ਹਰ ਕੋਸ਼ਿਸ਼ ਭੁੱਖ ਅੱਗੇ ਨਾਕਾਮ ਹੋਣ ਤੋਂ ਪਹਿਲਾਂ ਹੀ ਕਿਤੇ ਉਸਨੂੰ ਹਿੰਸਕ ਢੰਗ ਨਾਲ਼ ਖਤਮ ਨਾ ਕਰ ਦੇਵੇ। ਉੱਥੇ ਬਘਿਆੜ ਵੀ ਸਨ। ਉਜਾੜ ਵਿੱਚ ਸੁਣਾਈ ਦਿੰਦੀਆਂ ਉਨ੍ਹਾਂ ਦੀਆਂ ਚੀਕਾਂ ਨਾਲ਼ ਹਵਾ ਇੱਕ ਅਜਿਹੇ ਡਰਾਉਣੇ ਕਫਨ ਵਰਗੀ ਲੱਗਣ ਲਗਦੀ ਸੀ ਕਿ ਕਈ ਵਾਰ ਉਹ ਚਾਣਚੱਕ ਹੀ ਦੋਵਾਂ ਹੱਥਾਂ ਨਾਲ਼ ਉਸਨੂੰ ਪਿੱਛੇ ਧੱਕਣ ਲਗਦਾ ਸੀ।

ਕਦੇ-ਕਦੇ ਦੋ-ਤਿੰਨ ਦੀ ਟੋਲੀ ਵਿੱਚ ਬਘਿਆੜ ਉਸਨੂੰ ਰਾਹ ਵਿੱਚ ਮਿਲ਼ਦੇ ਸਨ। ਪਰ ਉਹ ਉਸਤੋਂ ਦੂਰ ਹੀ ਰਹਿੰਦੇ ਸਨ। ਇੱਕ ਤਾਂ ਉਹ ਗਿਣਤੀ ਵਿੱਚ ਥੋੜੇ ਹੁੰਦੇ ਸਨ, ਦੂਜਾ ਉਹ ਰੇਂਡੀਅਰ ਦੀ ਭਾਲ਼ ਵਿੱਚ ਸਨ ਜੋ ਲੜਦੇ ਨਹੀਂ ਸਨ, ਜਦੋਂ ਕਿ ਸਿੱਧਾ ਤੁਰਨ ਵਾਲ਼ਾ ਇਹ ਅਜੀਬ ਜਾਨਵਰ ਵੱਢ ਅਤੇ ਝਰੀਟ ਸਕਦਾ ਸੀ।

ਦੁਪਹਿਰ ਤੋਂ ਬਾਅਦ ਉਸਨੂੰ ਖਿੰਡੀਆਂ ਹੋਈਆਂ ਹੱਡੀਆਂ ਵਿਖਾਈ ਦਿੱਤੀਆਂ। ਇਹ ਬਘਿਆੜਾਂ ਦਾ ਕੰਮ ਸੀ। ਇਹ ਮਲਬਾ ਅੱਧਾ ਘੰਟਾ ਪਹਿਲਾਂ ਤੱਕ ਨੱਚਦਾ-ਟੱਪਦਾ, ਜਿਉਂਦਾ-ਜਾਗਦਾ ਰੇਂਡੀਅਰ ਦਾ ਬੱਚਾ ਸੀ। ਉਸਨੇ ਹੱਡੀਆਂ ਨੂੰ ਗੌਰ ਨਾਲ਼ ਵੇਖਿਆ। ਉਹ ਚੱਟਕੇ ਸਾਫ਼ ਕੀਤੀਆਂ ਜਾ ਚੁੱਕੀਆਂ ਸਨ। ਹਾਲੇ ਉਹ ਸੁੱਕੀਆਂ ਨਹੀਂ ਸਨ ਅਤੇ ਗੁਲਾਬੀ ਜਿਹੀਆਂ ਦਿਸ ਰਹੀਆਂ ਸਨ। ਉਨ੍ਹਾਂ ਦੀ ਕੋਸ਼ਿਕਾਵਾਂ ਹਾਲੇ ਜਿਉਂਦੀਆਂ ਸਨ। ਕੀ ਪਤਾ, ਦਿਨ ਖਤਮ ਹੋਣ ਤੋਂ ਪਹਿਲਾਂ ਉਸਦਾ ਵੀ ਇਹੀ ਹਾਲ ਹੋ ਜਾਵੇ! ਜ਼ਿੰਦਗੀ ਅਜਿਹੀ ਹੀ ਹੈ, ਪਿਆਰੇ! ਕੋਈ ਭਰੋਸਾ ਨਹੀਂ! ਦਰਦ ਤਾਂ ਜ਼ਿੰਦਗੀ ਹੀ ਦਿੰਦੀ ਹੈ। ਮੌਤ ਵਿੱਚ ਕੋਈ ਤਕਲੀਫ ਨਹੀਂ ਹੁੰਦੀ। ਮਰਨਾ ਇੰਝ ਹੀ ਹੈ ਜਿਵੇਂ ਸੌਂ ਜਾਣਾ। ਇਸਦਾ ਮਤਲਬ ਹੈ ਵਿਰਾਮ, ਪੂਰਾ ਅਰਾਮ। ਫਿਰ ਉਹ ਮਰਨਾ ਕਿਉਂ ਨਹੀਂ ਚਾਹੁੰਦਾ ਸੀ?

ਪਰ ਉਹ ਜ਼ਿਆਦਾ ਦੇਰ ਤੱਕ ਨੈਤਿਕ ਸਵਾਲਾਂ ਵਿੱਚ ਨਾ ਉਲ਼ਝਿਆ। ਉਹ ਕਾਈ ਵਿੱਚ ਗੋਡਿਆਂ ਭਾਰ ਬੈਠਾ ਸੀ ਤੇ ਇੱਕ ਹੱਡੀ ਨੂੰ ਮੂੰਹ ਵਿੱਚ ਲਈ ਜੀਵਨ ਦੇ ਉਨ੍ਹਾਂ ਰੇਸ਼ਿਆਂ ਨੂੰ ਚੂਸ ਰਿਹਾ ਸੀ ਜਿਨ੍ਹਾਂ ਕਾਰਨ ਉਨ੍ਹਾਂ ਵਿੱਚ ਗੁਲਾਬੀ ਰੰਗਤ ਸੀ। ਉਸਨੂੰ ਕੁੱਝ ਮਿੱਠਾ, ਮਾਸ ਵਰਗਾ ਸਵਾਦ ਆਇਆ – ਹਲਕਾ ਜਿਹਾ, ਬਸ ਇੱਕ ਯਾਦ ਵਰਗਾ ਤੇ ਉਹ ਪਾਗਲ ਹੋ ਉੱਠਿਆ। ਉਸਨੇ ਜਬਾੜਿਆਂ ਨਾਲ਼ ਜ਼ੋਰ ਨਾਲ਼ ਚੱਬਣ ਦੀ ਕੋਸ਼ਿਸ਼ ਕੀਤੀ। ਕਦੇ ਹੱਡੀ ਟੁੱਟਦੀ, ਕਦੇ ਉਸਦਾ ਦੰਦ। ਫਿਰ ਉਸਨੇ ਹੱਡੀਆਂ ਨੂੰ ਪੱਥਰਾਂ ਨਾਲ਼ ਕੁਚਲਿਆ, ਕੁੱਟ-ਕੁੱਟਕੇ ਉਨ੍ਹਾਂ ਦਾ ਮਲੀਦਾ ਜਿਹਾ ਬਣਾਇਆ ਤੇ ਨਿਗਲ਼ ਗਿਆ। ਹੜਬੜਾਹਟ ‘ਚ ਉਸਨੇ ਆਪਣੀਆਂ ਉਂਗਲ਼ਾਂ ਵੀ ਕੁਚਲ ਲਈਆਂ। ਬਸ ਇੱਕ ਪਲ ਲਈ ਉਸਦਾ ਧਿਆਨ ਇਸ ਵੱਲ ਗਿਆ ਕਿ ਪੱਥਰ ਹੇਠਾਂ ਆਉਣ ‘ਤੇ ਵੀ ਉਸਦੀਆਂ ਉਂਗਲ਼ੀਆਂ ਵਿੱਚ ਦਰਦ ਨਹੀਂ ਹੋਇਆ।

ਬਰਫ ਅਤੇ ਮੀਂਹ ਦੇ ਭਿਆਨਕ ਦਿਨ ਆ ਗਏ ਸਨ। ਉਸਨੂੰ ਪਤਾ ਨਹੀਂ ਸੀ ਲਗਦਾ ਕਿ ਕਦੋਂ ਉਹ ਰੁਕਦਾ ਸੀ ਤੇ ਕਦੋਂ ਚੱਲ ਪੈਂਦਾ ਸੀ। ਉਹ ਰਾਤ ਵਿੱਚ ਵੀ ਓਨਾ ਹੀ ਸਫਰ ਕਰਦਾ ਸੀ, ਜਿੰਨਾ ਦਿਨ ਵਿੱਚ। ਉਹ ਜਿੱਥੇ ਵੀ ਡਿਗ ਪੈਂਦਾ, ਉੱਥੇ ਹੀ ਠਉਂਕਾ ਲਾ ਲੈਂਦਾ ਸੀ ਅਤੇ ਜਦੋਂ ਵੀ ਉਸਦੇ ਅੰਦਰ ਮਰ ਰਹੇ ਜੀਵਨ ਦੀ ਲੋਅ ਫੜਫੜਾਉਂਦੀ ਹੋਈ ਬਲ਼ ਉੱਠਦੀ, ਉਹ ਰੀਂਗਣਾ ਸ਼ੁਰੂ ਕਰ ਦਿੰਦਾ ਸੀ। ਉਹ ਮਨੁੱਖ ਦੇ ਤੌਰ ‘ਤੇ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਇਹ ਤਾਂ ਉਸਦੇ ਅੰਦਰ ਦਾ ਜੀਵਨ ਸੀ, ਜੋ ਮਰਨ ਲਈ ਤਿਆਰ ਨਹੀਂ ਸੀ ਅਤੇ ਉਸਨੂੰ ਤੋਰੀ ਲਈ ਜਾ ਰਿਹਾ ਸੀ। ਉਸਨੂੰ ਕੋਈ ਪੀੜ ਨਹੀਂ ਹੋ ਰਹੀ ਸੀ। ਉਸਦੇ ਤੰਤੂ ਨਿੱਸਲ਼ ਤੇ ਸੁੰਨ ਹੋ ਗਏ ਸਨ ਤੇ ਉਸਦਾ ਦਿਮਾਗ਼ ਅਜੀਬੋ-ਗਰੀਬ ਦ੍ਰਿਸ਼ਾਂ ਤੇ ਲਜੀਜ਼ ਸੁਪਨਿਆਂ ਨਾਲ਼ ਭਰਿਆ ਹੋਇਆ ਸੀ।

ਉਹ ਰੇਂਡੀਅਰ ਦੀਆਂ ਹੱਡੀਆਂ ਦਾ ਬਚਿਆ ਹੋਇਆ ਹਿੱਸਾ ਆਪਣੇ ਨਾਲ਼ ਲੈ ਆਇਆ ਸੀ ਤੇ ਕਦੇ-ਕਦਾਈਂ ਉਨ੍ਹਾਂ ਨੂੰ ਚੱਬਦਾ ਤੇ ਚੂਸਦਾ ਰਹਿੰਦਾ ਸੀ। ਹੁਣ ਉਹ ਪਹਾੜੀਆਂ ਜਾਂ ਖੜੀਆਂ ਚੱਟਾਨਾਂ ਨੂੰ ਪਾਰ ਨਹੀਂ ਕਰ ਰਿਹਾ ਸੀ ਸਗੋਂ ਆਪ-ਮੁਹਾਰੇ ਇੱਕ ਚੌੜੇ ਵਹਾਅ ਦੇ ਨਾਲ਼-ਨਾਲ਼ ਚੱਲ ਰਿਹਾ ਸੀ ਜੋ ਇੱਕ ਮੋਕਲੀ ਤੇ ਪੇਤਲੀ ਵਾਦੀ ਵਿੱਚੋਂ ਵਗ ਰਿਹਾ ਸੀ। ਉਸਨੂੰ ਨਾ ਇਹ ਵਹਾਅ ਦਿਸ ਰਿਹਾ ਸੀ ਤੇ ਨਾ ਹੀ ਵਾਦੀ। ਉਹ ਅਨੋਖੇ ਮਤੀਭਰਮ ਤੋਂ ਬਿਨਾਂ ਕੁੱਝ ਨਹੀਂ ਵੇਖ ਰਿਹਾ ਸੀ। ਉਸਦੀ ਆਤਮਾ ਤੇ ਸਰੀਰ ਨਾਲ਼ੋ-ਨਾਲ਼ ਚੱਲ ਜਾਂ ਰੀਂਗ ਰਹੇ ਸਨ, ਭਾਵੇਂ ਉਹ ਇੱਕ-ਦੂਜੇ ਤੋਂ ਵੱਖ ਵੀ ਸਨ। ਉਨ੍ਹਾਂ ਨੂੰ ਜੋੜਨ ਵਾਲ਼ੀ ਤੰਦ ਬਹੁਤ ਬਰੀਕ ਰਹਿ ਗਈ ਸੀ।

ਉਹ ਉੱਠਿਆ ਤਾਂ ਉਸਦਾ ਦਿਮਾਗ਼ ਠਿਕਾਣੇ ਸੀ। ਉਹ ਇੱਕ ਪੱਧਰੀ ਚੱਟਾਨ ਉੱਤੇ ਲਿਟਿਆ ਹੋਇਆ ਸੀ। ਸੂਰਜ ਗਰਮ ਅਤੇ ਚਮਕਦਾਰ ਕਿਰਨਾਂ ਬਿਖੇਰ ਰਿਹਾ ਸੀ। ਦੂਰੋਂ ਉਸਨੂੰ ਰੇਂਡੀਅਰ ਦੇ ਬੱਚਿਆਂ ਦੇ ਬੋਲਣ ਦੀ ਅਵਾਜ਼ ਸੁਣ ਰਹੀ ਸੀ। ਉਸਨੂੰ ਮੀਂਹ, ਤੇਜ਼ ਹਵਾ ਅਤੇ ਬਰਫ ਦੀ ਧੁੰਦਲ਼ੀ ਜਿਹੀ ਯਾਦ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਹ ਦੋ ਦਿਨਾਂ ਤੱਕ ਤੂਫਾਨ ਦੇ ਥਪੇੜੇ ਝੱਲਦਾ ਰਿਹਾ ਹੈ ਜਾਂ ਦੋ ਹਫਤਿਆਂ ਤੱਕ।

ਕੁੱਝ ਦੇਰ ਤੱਕ ਉਹ ਬਿਨਾਂ ਹਿੱਲੇ-ਡੁੱਲੇ ਪਿਆ ਰਿਹਾ। ਨਿੱਘੀ ਧੁੱਪ ਉਸਦੇ ਬੇਹਾਲ ਸਰੀਰ ਨੂੰ ਗਰਮਾਹਟ ਨਾਲ਼ ਭਰ ਰਹੀ ਸੀ। ਉਸਨੇ ਸੋਚਿਆ, ਅੱਜ ਦਿਨ ਵਧੀਆ ਹੈ। ਸ਼ਾਇਦ ਉਹ ਪਤਾ ਕਰ ਸਕੇਗਾ ਕਿ ਉਹ ਕਿੱਥੇ ਹੈ। ਬੜੀ ਤਕਲੀਫ ਨਾਲ਼ ਉਸਨੇ ਕਰਵਟ ਬਦਲੀ। ਹੇਠਾਂ ਇੱਕ ਚੌੜੀ ਨਦੀ ਮੱਠੀ ਗਤੀ ਨਾਲ਼ ਵਗ ਰਹੀ ਸੀ। ਉਹ ਬਿਲਕੁਲ ਅਣਜਾਣ ਸੀ ਜਿਸ ਕਰਕੇ ਉਹ ਉਲ਼ਝਨ ਵਿੱਚ ਪੈ ਗਿਆ। ਉਸਨੇ ਹੌਲ਼ੀ-ਹੌਲ਼ੀ ਇਸਦੇ ਵਹਾਅ ਦੇ ਨਾਲ਼-ਨਾਲ਼ ਨਜ਼ਰ ਫੇਰੀ। ਦੂਰ ਤੱਕ ਨੀਵੀਆਂ ਅਤੇ ਉਜਾੜ ਪਹਾੜੀਆਂ ਸਨ। ਅਜਿਹੀ ਨੀਵੀਆਂ ਅਤੇ ਉਜਾੜ ਪਹਾੜੀਆਂ ਉਸਦੇ ਰਸਤੇ ਵਿੱਚ ਹੁਣ ਤੱਕ ਨਹੀਂ ਆਈਆਂ ਸਨ। ਹੌਲ਼ੀ-ਹੌਲ਼ੀ, ਕੋਸ਼ਿਸ਼ ਕਰਕੇ, ਬਿਨਾਂ ਉਤੇਜਿਤ ਹੋਏ ਉਸਨੇ ਆਪਣੀ ਨਿਗ੍ਹਾ ਨੂੰ ਇਸ ਅਨੋਖੇ ਵਹਾਅ ਦੇ ਨਾਲ਼-ਨਾਲ਼ ਰੁੱਖ ਤੱਕ ਜਾਣ ਦਿੱਤਾ ਅਤੇ ਵੇਖਿਆ ਕਿ ਉਹ ਇੱਕ ਚਮਕਦਾਰ, ਝਿਲਮਿਲਾਉਂਦੇ ਸਾਗਰ ਵਿੱਚ ਮਿਲ਼ ਰਹੀ ਹੈ। ਉਹ ਹੁਣ ਵੀ ਉਤੇਜਿਤ ਨਾ ਹੋਇਆ। ਉਸਨੇ ਸੋਚਿਆ, ਇਹ ਇੱਕ ਅਜੀਬ ਸੁਪਨਾ ਹੈ, ਨਜ਼ਰਾਂ ਦਾ ਧੋਖਾ ਹੈ। ਸਿਰਫ ਉਸਦੇ ਵਿਆਕੁਲ ਦਿਮਾਗ਼ ਦਾ ਭਰਮ ਹੈ। ਚਮਕਦੇ ਸਮੁੰਦਰ ਵਿੱਚ ਲੰਗਰ ਸੁੱਟੇ ਇੱਕ ਜਹਾਜ਼ ਨੂੰ ਵੇਖਕੇ ਉਸਦਾ ਖਿਆਲ ਹੋਰ ਪੱਕਾ ਹੋ ਗਿਆ। ਉਸਨੇ ਕੁੱਝ ਚਿਰ ਲਈ ਅੱਖਾਂ ਬੰਦ ਕਰ ਲਈਆਂ ਤੇ ਫਿਰ ਖੋਲ੍ਹੀਆਂ। ਅਜੀਬ ਗੱਲ ਸੀ! ਉਹ ਭਰਮ ਹੁਣ ਵੀ ਨਜ਼ਰਾਂ ਸਾਹਮਣੇ ਸੀ। ਨਹੀਂ, ਇਸ ਵਿੱਚ ਕੁੱਝ ਅਜੀਬ ਨਹੀਂ ਸੀ। ਉਹ ਜਾਣਦਾ ਸੀ ਕਿ ਉਜਾੜ ਇਲਾਕਿਆਂ ਦੇ ਐਨ ਵਿਚਕਾਰ ਕੋਈ ਸਮੁੰਦਰ ਜਾਂ ਜਹਾਜ਼ ਨਹੀਂ ਹੋ ਸਕਦਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸਨੂੰ ਪਤਾ ਸੀ ਕਿ ਖਾਲੀ ਰਾਇਫਲ ਦੇ ਚੈਂਬਰ ਵਿੱਚ ਕੋਈ ਕਾਰਤੂਸ ਨਹੀਂ ਸੀ।

ਉਸਨੇ ਆਪਣੇ ਪਿੱਛੇ ਇੱਕ ਅਵਾਜ਼ ਸੁਣੀ – ਦੱਬੀ-ਦੱਬੀ ਜਿਹੀ ਖੰਘ ਜਾਂ ਛਿੱਕ ਦੀ ਅਵਾਜ਼। ਬੇਹੱਦ ਕਮਜ਼ੋਰੀ ਅਤੇ ਅਕੜੇਵੇਂ ਕਾਰਨ  ਉਹ ਬਹੁਤ ਹੌਲ਼ੀ-ਹੌਲ਼ੀ ਦੂਜੇ ਪਾਸੇ ਮੁੜਿਆ। ਉਸਨੂੰ ਆਪਣੇ ਕਰੀਬ ਕੁੱਝ ਵਿਖਾਈ ਨਾ ਦਿੱਤਾ, ਪਰ ਉਹ ਸਬਰ ਨਾਲ਼ ਉਡੀਕਦਾ ਰਿਹਾ। ਖੰਘ ਅਤੇ ਸਾਹਾਂ ਦੀ ਅਵਾਜ਼ ਫੇਰ ਆਈ ਤੇ ਉਸਨੇ ਕਰੀਬ ਵੀਹ ਫੀਟ ਦੂਰ, ਦੋ ਨੁਕੀਲੇ ਪੱਥਰਾਂ ਵਿੱਚ ਇੱਕ ਬਘਿਆੜ ਦਾ ਸਿਰ ਵੇਖਿਆ। ਉਸਦੇ ਨੁਕੀਲੇ ਕੰਨ ਉਸ ਤਰ੍ਹਾਂ ਨਹੀਂ ਖੜੇ ਸਨ ਜਿਵੇਂ ਉਸਨੇ ਦੂਜੇ ਬਘਿਆੜਾਂ ਦੇ ਵੇਖੇ ਸਨ ਅਤੇ ਉਸਦੀਆਂ ਅੱਖਾਂ ਧੁੰਦਲ਼ੀਆਂ ਤੇ ਸੁਰਖ ਲਾਲ ਸਨ ਅਤੇ ਸਿਰ ਉਦਾਸੀ ਨਾਲ਼ ਢਲ਼ਕਿਆ ਜਿਹਾ ਹੋਇਆ ਸੀ। ਜਾਨਵਰ ਵਾਰ-ਵਾਰ ਧੁੱਪੇ ਅੱਖਾਂ ਮੀਚ ਰਿਹਾ ਸੀ। ਉਹ ਬਿਮਾਰ ਲੱਗ ਰਿਹਾ ਸੀ। ਆਦਮੀ ਨੂੰ ਆਪਣੇ ਵੱਲ ਵੇਖਦਾ ਵੇਖਕੇ ਉਹ ਇੱਕ ਵਾਰ ਖੰਘਿਆ ਤੇ ਉਸਦੀਆਂ ਨਾਸਾਂ ‘ਚੋਂ ਸਾਹਾਂ ਦੀ ਅਵਾਜ਼ ਆਈ।

ਉਸਨੇ ਸੋਚਿਆ ਕਿ ਘੱਟੋ-ਘੱਟ ਇਹ ਤਾਂ ਅਸਲੀ ਹੈ ਤੇ ਫਿਰ ਦੂਜੇ ਪਾਸੇ ਮੁੜਿਆ ਤਾਂ ਕਿ ਉਸ ਸੰਸਾਰ ਦੀ ਸੱਚਾਈ ਵੇਖ ਸਕੇ ਜਿਸਨੂੰ ਉਸ ਛਲਾਵੇ ਨੇ ਢਕ ਦਿੱਤਾ ਸੀ। ਪਰ ਦੂਰੀ ਉੱਤੇ ਸਮੁੰਦਰ ਹੁਣ ਵੀ ਝਿਲਮਿਲਾ ਰਿਹਾ ਸੀ ਅਤੇ ਜਹਾਜ਼ ਸਾਫ਼ ਪਛਾਣਿਆ ਜਾ ਸਕਦਾ ਸੀ। ਕੀ ਵਾਕਈ ਇਹ ਸੱਚ ਸੀ? ਉਹ ਅੱਖਾਂ ਬੰਦ ਕਰੀ ਦੇਰ ਤੱਕ ਸੋਚਦਾ ਰਿਹਾ ਤੇ ਫਿਰ ਅਚਾਨਕ ਉਸਨੂੰ ਸਮਝ ਆ ਗਿਆ। ਉਹ ਉੱਤਰ-ਪੂਰਬ ਵੱਲ ਚੱਲਦਾ ਰਿਹਾ ਸੀ, ਡੀਜ਼ ਨਦੀ ਨਾਲ਼ ਦੂਰ ਕਾਪਰਮਾਇਨ ਵਾਦੀ ਵਿੱਚ। ਇਹ ਚੌੜੀ ਤੇ ਮੱਠੀ ਨਦੀ ਕਾਪਰਮਾਇਨ ਸੀ। ਉਹ ਝਿਲਮਿਲਾਉਂਦਾ ਸਮੁੰਦਰ ਆਰਕਟਿਕ ਸਾਗਰ ਸੀ। ਉਹ ਜਹਾਜ਼ ਵੇਲ੍ਹ ਦੇ ਸ਼ਿਕਾਰੀਆਂ ਦਾ ਸੀ ਜੋ ਮੈਕੇਂਜੀ ਦੇ ਮੁਹਾਣੇ ਨਾਲ਼ ਪੂਰਬ ਵਿੱਚ ਕਾਫੀ ਅੱਗੇ ਚਲਾ ਆਇਆ ਸੀ ਤੇ ਕੋਰੋਨੇਸ਼ਨ ਖਾੜੀ ਵਿੱਚ ਲੰਗਰ ਸੁੱਟੀ ਖੜਾ ਸੀ। ਉਸਨੂੰ ਬਹੁਤ ਪਹਿਲਾਂ ਵੇਖਿਆ ਹੋਇਆ ਹਡਸਨ ਬੇ ਕੰਪਨੀ ਦਾ ਚਾਰਟ ਯਾਦ ਆਇਆ ਤੇ ਹੁਣ ਉਸਨੂੰ ਸਭ ਸਾਫ਼-ਸਾਫ਼ ਸਮਝ ਆਉਣ ਲੱਗਾ।

ਉਹ ਉੱਠ ਬੈਠਿਆ ਅਤੇ ਫੌਰੀ ਮਾਮਲਿਆਂ ਉੱਤੇ ਧਿਆਨ ਦਿੱਤਾ। ਕੰਬਲ਼ਾਂ ਦੀਆਂ ਪੱਟੀਆਂ ਪੂਰੀ ਤਰ੍ਹਾਂ ਘਸ ਚੁੱਕੀਆਂ ਸਨ ਤੇ ਉਸਦੇ ਪੈਰ ਮਾਸ ਦੇ ਲੋਥੜੇ ਭਰ ਰਹਿ ਗਏ ਸਨ। ਉਸਦਾ ਆਖਰੀ ਕੰਬਲ਼ ਵੀ ਜਾ ਚੁੱਕਿਆ ਸੀ। ਰਾਇਫਲ ਅਤੇ ਚਾਕੂ ਵੀ ਗਾਇਬ ਸਨ। ਉਸਦਾ ਟੋਪ ਕਿਤੇ ਡਿੱਗ ਪਿਆ ਸੀ ਜਿਸਦੇ ਅੰਦਰਲੇ ਫੀਤੇ ਵਿੱਚ ਮਾਚਿਸ ਦੀ ਤੀਲੀਆਂ ਸਨ, ਪਰ ਉਸਦੀ ਕਮੀਜ਼ ਅੰਦਰ ਅਤੇ ਤੰਬਾਕੂ ਦੀ ਥੈਲੀ ਵਿੱਚ ਮੋਮੀ ਕਾਗਜ਼ ਵਿੱਚ ਲਿਪਟੀਆਂ ਤੀਲੀਆਂ ਸੁਰੱਖਿਅਤ ਸਨ। ਉਸਨੇ ਘੜੀ ਉੱਤੇ ਨਜ਼ਰ ਫੇਰੀ। ਉਸ ਵਿੱਚ ਗਿਆਰਾਂ ਵੱਜੇ ਸਨ ਤੇ ਉਹ ਹੁਣ ਵੀ ਚੱਲ ਰਹੀ ਸੀ। ਸਾਫ਼ ਹੈ, ਉਹ ਇਸ ਵਿੱਚ ਚਾਬੀ ਭਰਦਾ ਰਿਹਾ ਸੀ।

ਉਹ ਸ਼ਾਂਤ ਸੀ ਉਸਦਾ ਦਿਮਾਗ਼ ਪੂਰੀ ਤਰ੍ਹਾਂ ਕਾਬੂ ਵਿੱਚ ਸੀ। ਉਹ ਬੇਹੱਦ ਕਮਜ਼ੋਰ ਹੋ ਗਿਆ ਸੀ ਪਰ ਉਸਨੂੰ ਦਰਦ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ। ਉਹ ਭੁੱਖਾ ਵੀ ਨਹੀਂ ਸੀ। ਖਾਣ ਦਾ ਖਿਆਲ ਹੁਣ ਉਸਨੂੰ ਚੰਗਾ ਵੀ ਨਹੀਂ ਲਗਦਾ ਸੀ ਤੇ ਉਹ ਜੋ ਕੁੱਝ ਵੀ ਕਰਦਾ ਸੀ ਬਸ ਦਿਮਾਗ਼ ਦੇ ਨਿਰਦੇਸ਼ ਉੱਤੇ ਹੀ ਕਰਦਾ ਸੀ। ਉਸਨੇ ਆਪਣੀ ਪਤਲੂਨ ਗੋਡਿਆਂ ਤੱਕ ਪਾੜ ਲਈ ਤੇ ਉਸਨੂੰ ਪੈਰਾਂ ਉੱਤੇ ਲਪੇਟ ਲਿਆ। ਟੀਨ ਦੀ ਬਾਲਟੀ ਕਿਸੇ ਤਰ੍ਹਾਂ ਹੁਣ ਵੀ ਉਸ ਕੋਲ਼ ਬਚੀ ਰਹਿ ਗਈ ਸੀ। ਜਹਾਜ਼ ਤੱਕ ਦਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਥੋੜ੍ਹਾ ਗਰਮ ਪਾਣੀ ਪੀਵੇਗਾ। ਉਹ ਜਾਣਦਾ ਸੀ ਕਿ ਇਹ ਇੱਕ ਭਿਆਨਕ ਸਫਰ ਹੋਵੇਗਾ।

ਉਸਦੀਆਂ ਹਰਕਤਾਂ ਬਹੁਤ ਹੌਲ਼ੀ ਸਨ। ਉਹ ਮਿਰਗੀ ਦੇ ਦੌਰੇ ਦੀ ਤਰ੍ਹਾਂ ਕੰਬਣ ਲੱਗਾ। ਜਦੋਂ ਉਸਨੇ ਸੁੱਕੀ ਕਾਈ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਵੇਖਿਆ ਕਿ ਉਸ ਕੋਲ਼ੋਂ ਆਪਣੇ ਪੈਰਾਂ ‘ਤੇ ਖੜਾ ਨਹੀਂ ਹੋਇਆ ਜਾ ਰਿਹਾ ਹੈ। ਇੱਕ ਵਾਰ ਉਹ ਬਿਮਾਰ ਬਘਿਆੜ ਤੱਕ ਰੀਂਗ ਕੇ ਗਿਆ। ਜਾਨਵਰ ਘਿਸੜ ਕੇ ਉਸਦੇ ਰਾਹ ਵਿੱਚੋਂ ਪਰ੍ਹਾਂ ਹਟ ਗਿਆ। ਉਸਨੇ ਆਪਣੇ ਜਬਾੜਿਆਂ ਉੱਤੇ ਮੁਸ਼ਕਲ ਨਾਲ਼ ਜੀਭ ਫੇਰੀ। ਆਦਮੀ ਨੇ ਵੇਖਿਆ ਕਿ ਜੀਭ ਉੱਤੇ ਸਿਹਤਮੰਦ ਲਾਲੀ ਨਹੀਂ ਸੀ। ਉਹ ਪਿਲੱਤਣ ਵਾਲ਼ੇ ਭੂਰੇ ਰੰਗ ਦੀ ਸੀ ਤੇ ਉਸ ਉੱਤੇ ਅੱਧ-ਸੁੱਕੀ ਬਲਗਮ ਦੀ ਪਰਤ ਚੜ੍ਹੀ ਹੋਈ ਸੀ।

ਕਰੀਬ ਇੱਕ ਲਿਟਰ ਗਰਮ ਪਾਣੀ ਪੀਣ ਤੋਂ ਬਾਅਦ ਆਦਮੀ ਨੇ ਵੇਖਿਆ ਕਿ ਉਹ ਖੜਾ ਹੋ ਸਕਦਾ ਹੈ ਅਤੇ ਉਸੇ ਤਰ੍ਹਾਂ ਚੱਲ ਵੀ ਸਕਦਾ ਹੈ, ਜਿਵੇਂ ਕਿਸੇ ਮਰਦੇ ਆਦਮੀ ਤੋਂ ਚੱਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹਰ ਇੱਕ-ਅੱਧੇ ਮਿੰਟ ਮਗਰੋਂ ਉਸਨੂੰ ਅਰਾਮ ਕਰਨ ਲਈ ਰੁਕਣਾ ਪੈਂਦਾ ਸੀ। ਉਸਦੇ ਕਦਮ ਕਮਜ਼ੋਰ ਅਤੇ ਡਾਵਾਂਡੋਲ ਸਨ, ਉਵੇਂ ਹੀ ਜਿਵੇਂ ਉਸਦਾ ਪਿੱਛਾ ਕਰ ਰਹੇ ਬਘਿਆੜ ਦੇ ਕਦਮ ਕਮਜ਼ੋਰ ਅਤੇ ਡਾਵਾਂਡੋਲ ਸਨ।  ਉਸ ਰਾਤ, ਜਦੋਂ ਝਿਲਮਿਲਾਉਂਦੇ ਸਮੁੰਦਰ ਨੂੰ ਹਨੇਰ੍ਹੇ ਨੇ ਢਕ ਲਿਆ ਤਾਂ ਉਸਨੇ ਹਿਸਾਬ ਲਗਾਇਆ ਕਿ ਦਿਨ ਭਰ ਵਿੱਚ ਉਸਦੀ ਦੂਰੀ ਬਸ ਚਾਰ ਮੀਲ ਹੀ ਘੱਟ ਹੋਈ ਹੈ।

ਸਾਰੀ ਰਾਤ ਉਹ ਬਿਮਾਰ ਬਘਿਆੜ ਦੀ ਖੰਘ ਅਤੇ ਕਦੇ-ਕਦਾਈਂ ਰੇਂਡੀਅਰ ਦੇ ਬੱਚਿਆਂ ਦਾ ਮਮਿਆਉਣਾ ਸੁਣਦਾ ਰਿਹਾ। ਉਸਦੇ ਚਾਰੇ ਪਾਸੇ ਜੀਵਨ ਸੀ, ਪਰ ਉਹ ਤਾਕਤ ਨਾਲ਼ ਭਰਪੂਰ ਜੀਵਨ ਸੀ, ਪੂਰੀ ਤਰ੍ਹਾਂ ਜੀਵੰਤ ਤੇ ਸਰਗਰਮ, ਜਦੋਂ ਕਿ ਉਹ ਜਾਣਦਾ ਸੀ ਕਿ ਬਿਮਾਰ ਬਘਿਆੜ ਬਿਮਾਰ ਆਦਮੀ ਪਿੱਛੇ ਇਸ ਉਮੀਦ ਵਿੱਚ ਲੱਗਾ ਹੋਇਆ ਸੀ ਕਿ ਆਦਮੀ ਪਹਿਲਾਂ ਮਰੇਗਾ। ਸਵੇਰੇ, ਅੱਖਾਂ ਖੋਲ੍ਹਣ ‘ਤੇ ਉਸਨੇ ਬਘਿਆੜ ਨੂੰ ਆਪਣੇ ਵੱਲ ਲਲਚਾਈਆਂ, ਭੁੱਖੀਆਂ ਨਜ਼ਰਾਂ ਨਾਲ਼ ਘੂਰਦੇ ਵੇਖਿਆ। ਉਹ ਇੱਕ ਭਟਕੇ ਹੋਏ ਵਿਚਾਰੇ ਜਿਹੇ ਕੁੱਤੇ ਦੀ ਤਰ੍ਹਾਂ ਆਪਣੀ ਪੂੰਛ ਟੰਗਾਂ ਵਿੱਚ ਲਈ ਸਹਿਮਿਆ ਖੜਾ ਸੀ। ਸਵੇਰ ਦੀ ਠੰਡੀ ਹਵਾ ਵਿੱਚ ਉਹ ਕੰਬ ਰਿਹਾ ਸੀ ਤੇ ਜਦੋਂ ਬੈਠੀ ਜਿਹੀ ਫੁਸਫੁਸਾਹਟ ਦੀ ਅਵਾਜ਼ ਵਿੱਚ ਆਦਮੀ ਨੇ ਉਸਨੂੰ ਕੁੱਝ ਕਿਹਾ ਤਾਂ ਉਸਨੇ ਮਾਯੂਸੀ ਨਾਲ਼ ਦੰਦੀਆਂ ਜਿਹੀਆਂ ਕੱਢੀਆਂ।

ਖੁੱਲ੍ਹੀ ਧੁੱਪ ਸੀ ਤੇ ਸਾਰੀ ਸਵੇਰੇ ਉਹ ਆਦਮੀ ਡਿਗਦਾ-ਢਹਿੰਦਾ ਝਿਲਮਿਲਾਉਂਦੇ ਸਮੁੰਦਰ ਵਿੱਚ ਖੜੇ ਜਹਾਜ਼ ਵੱਲ ਤੁਰਦਾ ਰਿਹਾ। ਮੌਸਮ ਪੂਰਾ ਖੁਸ਼ਗਵਾਰ ਸੀ। ਇਹ ‘ਇੰਡੀਅਨ ਸਮਰ’ (ਧੁਰਵੀ ਪ੍ਰਦੇਸ਼ ਦਾ ਥੋੜੇ ਹੀ ਦਿਨ ਚੱਲਣ ਵਾਲ਼ਾ ਗਰਮੀਆਂ ਦਾ ਮੌਸਮ –ਅਨੁ:) ਸੀ। ਇਹ ਇੱਕ ਹਫਤੇ ਤੱਕ ਰਹਿ ਸਕਦਾ ਸੀ ਜਾਂ ਫਿਰ ਹੋ ਸਕਦਾ ਸੀ ਕਿ ਕੱਲ, ਜਾਂ ਉਸਤੋਂ ਅਗਲੇ ਦਿਨ ਇਹ ਖਤਮ ਹੋ ਜਾਵੇ।

ਦੁਪਹਿਰ ਵੇਲ਼ੇ ਆਦਮੀ ਨੂੰ ਕਿਸੇ ਹੋਰ ਦੇ ਕਦਮਾਂ ਦੇ ਨਿਸ਼ਾਨ ਵਿਖਾਈ ਦਿੱਤੇ। ਇਹ ਕਿਸੇ ਮਨੁੱਖ ਦੇ ਸਨ ਜੋ ਤੁਰਕੇ ਨਹੀਂ ਸਗੋਂ ਗੋਡਿਆਂ ਭਾਰ ਰੀਂਗ ਕੇ ਗਿਆ ਸੀ। ਉਸਨੇ ਸੋਚਿਆ ਕਿ ਇਹ ਬਿਲ ਦੇ ਕਦਮਾਂ ਦੇ ਨਿਸ਼ਾਨ ਹੋ ਸਕਦੇ ਹਨ, ਪਰ ਉਸਨੂੰ ਇਸ ਵਿੱਚ ਕੋਈ ਦਿਲਚਸਪੀ ਨਾ ਮਹਿਸੂਸ ਹੋਈ। ਉਸਨੂੰ ਕੋਈ ਬੇਸਬਰੀ ਨਾ ਹੋਈ। ਅਸਲ ਵਿੱਚ ਉਸ ਵਿੱਚ ਭਾਵਨਾ ਤੇ ਸੰਵੇਦਨਾ ਮਰ ਚੁੱਕੀ ਸੀ। ਉਸਨੂੰ ਹੁਣ ਪੀੜ ਨਹੀਂ ਮਹਿਸੂਸ ਹੁੰਦੀ ਸੀ। ਉਸਦਾ ਢਿੱਡ ਅਤੇ ਤੰਤੂ ਸੌਂ ਚੁੱਕੇ ਸਨ। ਪਰ ਉਸ ਅੰਦਰ ਬਾਕੀ ਬਚਿਆ ਜੀਵਨ ਉਸਨੂੰ ਹੱਕੀ ਜਾ ਰਿਹਾ ਸੀ। ਉਹ ਥੱਕ ਚੁੱਕਿਆ ਸੀ ਪਰ ਉਸ ਅੰਦਰ ਜੀਵਨ ਮਰਨ ਨੂੰ ਰਾਜੀ ਨਹੀਂ ਸੀ। ਉਹ ਮਰਨ ਲਈ ਤਿਆਰ ਨਹੀਂ ਸੀ, ਇਸ ਲਈ ਉਹ ਹੁਣ ਵੀ ਮਸਕੇਗ ਬੇਰੀਆਂ ਤੇ ਛੋਟੀਆਂ ਮੱਛੀਆਂ ਖਾਂਦਾ ਸੀ, ਗਰਮ ਪਾਣੀ ਪੀਂਦਾ ਸੀ ਤੇ ਬਿਮਾਰ ਬਘਿਆੜ ‘ਤੇ ਚੌਕਸ ਨਜ਼ਰ ਰੱਖਦਾ ਸੀ।

ਉਹ ਰੀਂਗ ਕੇ ਚੱਲਣ ਵਾਲ਼ੇ ਦੂਜੇ ਆਦਮੀ ਦੀ ਲਕੀਰ ਪਿੱਛੇ ਚੱਲਦਾ ਰਿਹਾ ਤੇ ਜਲਦੀ ਹੀ ਉੱਥੇ ਅੱਪੜਿਆ ਜਿੱਥੇ ਇਹ ਖਤਮ ਹੋ ਗਈ ਸੀ। ਇੱਥੇ ਕੁੱਝ ਚਿਰ ਪਹਿਲਾਂ ਚੱਬੀਆਂ ਗਈਆਂ ਹੱਡੀਆਂ ਦਾ ਇੱਕ ਢੇਰ ਸੀ, ਜਿਸਦੇ ਆਲ਼ੇ-ਦੁਆਲ਼ੇ ਦੀ ਗਿੱਲੀ ਕਾਈ ਉੱਤੇ ਕਈ ਬਘਿਆੜਾਂ ਦੇ ਪੰਜਿਆਂ ਦੇ ਨਿਸ਼ਾਨ ਸਨ। ਉਸਨੇ ਬਾਰਾਂਸਿੰਗੇ ਦੇ ਚਮੜੇ ਦੀ ਇੱਕ ਮੋਟੀ ਥੈਲੀ ਵੇਖੀ, ਬਿਲਕੁਲ ਆਪਣੀ ਥੈਲੀ ਵਰਗੀ। ਨੁਕੀਲੇ ਦੰਦਾਂ ਨੇ ਉਸਨੂੰ ਪਾੜ ਦਿੱਤਾ ਸੀ। ਉਸਨੇ ਥੈਲੀ ਨੂੰ ਚੁੱਕਿਆ, ਬੇਸ਼ੱਕ ਉਸਦਾ ਭਾਰ ਉਸਦੀਆਂ ਕਮਜ਼ੋਰ ਉਂਗਲ਼ਾਂ ਲਈ ਬਹੁਤ ਜ਼ਿਆਦਾ ਸੀ। ਤਾਂ ਬਿਲ ਇਸਨੂੰ ਅਖੀਰ ਤੱਕ ਲੈ ਆਇਆ ਸੀ। ਹਾ! ਹਾ! ਹੁਣ ਉਹ ਬਿਲ ਉੱਤੇ ਹੱਸ ਸਕਦਾ ਸੀ। ਆਖ਼ਰ ਜਿੱਤ ਉਸਦੀ ਹੋਈ। ਉਹ ਜਿਉਂਦਾ ਰਹੇਗਾ ਤੇ ਝਿਲਮਿਲਾਉਂਦੇ ਸਮੁੰਦਰ ਵਿੱਚ ਖੜੇ ਜਹਾਜ਼ ਤੱਕ ਇਸਨੂੰ ਲੈ ਜਾਵੇਗਾ। ਉਸਦਾ ਹਾਸੇ ਦੀ ਅਵਾਜ਼ ਭਿਆਨਕ ਤੇ ਕਾਂ ਦੀ ਕੈਂ-ਕੈਂ ਵਰਗੀ ਘੱਗੀ ਜਿਹੀ ਸੀ ਅਤੇ ਬਿਮਾਰ ਬਘਿਆੜ ਵੀ ਉਸ ਨਾਲ਼ ਕਰੁਣਾਮਈ ਅਵਾਜ਼ ਵਿੱਚ ਹਵਾਂਕਣ ਲੱਗਾ। ਆਦਮੀ ਅਚਾਨਕ ਰੁਕ ਗਿਆ। ਭਲਾ ਉਹ ਬਿਲ ‘ਤੇ ਕਿਵੇਂ ਹੱਸ ਸਕਦਾ ਸੀ, ਜੇ ਇਹ ਬਿਲ ਸੀ; ਜੇ ਇਹ ਗੁਲਾਬੀ ਸਫੇਦ, ਸਫਾਚੱਟ ਹੱਡੀਆਂ ਦਾ ਢੇਰ ਬਿਲ ਸੀ?

ਉਸਨੇ ਮੂੰਹ ਘੁਮਾ ਲਿਆ। ਠੀਕ ਹੈ, ਬਿਲ ਉਸਨੂੰ ਮੁਸੀਬਤ ਵਿੱਚ ਇਕੱਲਾ ਛੱਡ ਗਿਆ ਸੀ ਪਰ ਉਹ ਇਸ ਸੋਨੇ ਨੂੰ ਨਹੀਂ ਲਵੇਗਾ, ਨਾ ਹੀ ਬਿਲ ਦੀਆਂ ਹੱਡੀਆਂ ਚੂਸੇਗਾ।  ਬੇਸ਼ੱਕ, ਜੇ ਉਸਦੀ ਥਾਂ ਬਿਲ ਹੁੰਦਾ ਤਾਂ ਜਰੂਰ ਅਜਿਹਾ ਕਰਦਾ, ਤੁਰਦਿਆਂ-ਤੁਰਦਿਆਂ ਇਹ ਖਿਆਲ ਉਸਦੇ ਮਨ ਆਇਆ। ਉਹ ਇੱਕ ਟੋਏ ਵਿੱਚ ਭਰੇ ਸਾਫ਼ ਪਾਣੀ ਕੋਲ਼ ਅੱਪੜਿਆ। ਮੱਛੀਆਂ ਦੀ ਤਲਾਸ਼ ਵਿੱਚ ਝੁਕਦਿਆਂ ਹੀ ਉਸਨੇ ਇੱਕਦਮ ਸਿਰ ਪਿੱਛੇ ਹਟਾਇਆ, ਜਿਵੇਂ ਡੰਗ ਵੱਜਿਆ ਹੋਵੇ। ਉਸਨੇ ਪਾਣੀ ਵਿੱਚ ਆਪਣਾ ਪਰਛਾਵਾਂ ਵੇਖ ਲਿਆ ਸੀ। ਉਹ ਚਿਹਰਾ ਇੰਨਾ ਭਿਆਨਕ ਸੀ ਕਿ ਮਰੀ ਹੋਈ ਸੰਵੇਦਨਾ ਵੀ ਕੁੱਝ ਪਲ ਲਈ ਚੌਂਕ ਕੇ ਜਾਗ ਪਈ। ਟੋਏ ਵਿਚਲੇ ਪਾਣੀ ਵਿੱਚ ਤਿੰਨ ਮੱਛੀਆਂ ਸਨ। ਉਸਨੂੰ ਖਾਲੀ ਕਰਨਾ ਅਸੰਭਵ ਸੀ ਅਤੇ ਬਾਲਟੀ ਨਾਲ਼ ਉਨ੍ਹਾਂ ਨੂੰ ਫੜਨ ਦੇ ਕਈ ਨਕਾਮ ਹੰਭਲ਼ਿਆਂ ਤੋਂ ਬਾਅਦ ਉਸਨੇ ਹਾਰ ਮੰਨ ਲਈ। ਉਸਨੂੰ ਡਰ ਸੀ ਕਿ ਕਮਜ਼ੋਰੀ ਕਾਰਨ ਉਹ ਕਿਤੇ ਟੋਏ ਵਿੱਚ ਡਿੱਗ ਕੇ ਡੁੱਬ ਨਾ ਜਾਵੇ। ਇਸ ਡਰ ਨਾਲ਼ ਉਸ ਵਿੱਚ ਨਦੀ ਦੇ ਕੰਢੇ ਪਈਆਂ ਅਨੇਕਾਂ ਲੱਕੜੀ ਦੀਆਂ ਗੇਲੀਆਂ ਵਿੱਚੋਂ ਕਿਸੇ ਉੱਤੇ ਸਵਾਰ ਹੋਕੇ ਜਾਣ ਦੀ ਵੀ ਹਿੰਮਤ ਨਹੀਂ ਪੈ ਰਹੀ ਸੀ।

ਉਸ ਦਿਨ ਉਸਨੇ ਆਪਣੇ ਤੇ ਜਹਾਜ਼ ਵਿਚਲੀ ਦੂਰੀ ਤਿੰਨ ਮੀਲ ਹੋਰ ਘੱਟ ਕੀਤੀ ਅਤੇ ਅਗਲੇ ਦਿਨ ਦੋ ਮੀਲ – ਕਿਉਂਕਿ ਹੁਣ ਉਹ ਬਿਲ ਦੀ ਤਰ੍ਹਾਂ ਰੀਂਗ ਰਿਹਾ ਸੀ। ਪੰਜਵਾਂ ਦਿਨ ਖਤਮ ਹੋਇਆ ਤਾਂ ਜਹਾਜ਼ ਹੁਣ ਵੀ ਸੱਤ ਮੀਲ ਦੂਰ ਸੀ ਤੇ ਉਹ ਪੂਰੇ ਦਿਨ ਵਿੱਚ ਇੱਕ ਮੀਲ ਤੈਅ ਕਰਨ ਜੋਗਾ ਵੀ ਨਹੀਂ ਰਹਿ ਗਿਆ ਸੀ। ਪਰ ‘ਇੰਡੀਅਨ ਸਮਰ’ ਹੁਣ ਵੀ ਜਾਰੀ ਸੀ ਤੇ ਉਹ ਰੀਂਗਦਾ, ਫਿਰ ਗਸ਼ ਖਾਂਦਾ, ਫਿਰ ਰੀਂਗਦਾ, ਫਿਰ ਰਿੜ੍ਹਦਾ ਹੋਇਆ ਅੱਗੇ ਵਧਦਾ ਰਿਹਾ ਅਤੇ ਬਿਮਾਰ ਬਘਿਆੜ ਖੰਘਦਾ ਤੇ ਛਿੱਕਦਾ ਉਸ ਪਿੱਛੇ ਲੱਗਾ ਰਿਹਾ। ਉਸਦੇ ਗੋਡੇ ਵੀ ਪੈਰਾਂ ਵਾਂਗੂ ਮਾਸ ਦੇ ਲੋਥੜੇ ਬਣ ਗਏ ਸਨ। ਭਾਵੇਂ ਉਸਨੇ ਕਮੀਜ਼ ਪਾੜਕੇ ਉਨ੍ਹਾਂ ਉੱਤੇ ਲਪੇਟ ਲਈ ਸੀ, ਪਰ ਰੀਂਗਦਾ ਹੋਇਆ ਉਹ ਪੱਥਰਾਂ ਅਤੇ ਕਾਈ ਉੱਤੇ ਲਾਲ ਲਕੀਰ ਛੱਡਦਾ ਜਾ ਰਿਹਾ ਸੀ। ਇੱਕ ਵਾਰ, ਉਸਨੇ ਪਿੱਛੇ ਨਜ਼ਰ ਘੁਮਾਈ ਤਾਂ ਵੇਖਿਆ ਕਿ ਬਘਿਆੜ ਉਸਦੇ ਖੂਨ ਦੀ ਲਕੀਰ ਨੂੰ ਚੱਟ ਰਿਹਾ ਹੈ ਤੇ ਉਸਨੂੰ ਇੱਕਦਮ ਆਪਣਾ ਅੰਤ ਆਪਣੀਆਂ ਅੱਖਾਂ ਸਾਹਮਣੇ ਦਿਸ ਪਿਆ। ਇਸਤੋਂ ਬਚਣ ਦਾ ਇੱਕ ਹੀ ਤਰੀਕਾ ਸੀ ਕਿ ਉਹ ਆਪਣੇ ਆਪ ਬਘਿਆੜ ਨੂੰ ਖਤਮ ਕਰ ਦੇਵੇ। ਫਿਰ ਜੀਵਨ ਦਾ ਇੱਕ ਭਿਆਨਕ ਦੁਖਾਂਤ ਸ਼ੁਰੂ ਹੋਇਆ – ਇੱਕ ਰੀਂਗਦਾ ਹੋਇਆ ਬਿਮਾਰ ਮਨੁੱਖ, ਇੱਕ ਲੰਗੜਾਉਂਦਾ ਹੋਇਆ ਬਿਮਾਰ ਬਘਿਆੜ, ਆਪਣੇ ਮਰਦੇ ਸਰੀਰ ਨੂੰ ਸੁੰਨ੍ਹਸਾਨ ਤੋਂ ਪਾਰ ਘਸੀੜ ਕੇ ਲਿਜਾਂਦੇ ਦੋ ਪ੍ਰਾਣੀ, ਜੋ ਇੱਕ-ਦੂਜੇ ਦੀ ਜਾਨ ਦੇ ਪਿਆਸੇ ਸਨ।

ਜੇ ਉਹ ਕੋਈ ਤਕੜਾ ਬਘਿਆੜ ਹੁੰਦਾ ਤਾਂ ਸ਼ਾਇਦ ਉਸ ਆਦਮੀ ਨੂੰ ਜ਼ਿਆਦਾ ਫਰਕ ਨਾ ਪੈਂਦਾ ਪਰ ਉਸ ਘ੍ਰਿਣਤ ਤੇ ਲਗਭਗ ਮੋਈ ਚੀਜ਼ ਦੇ ਢਿੱਡ ਵਿੱਚ ਸਮਾ ਜਾਣ ਦਾ ਵਿਚਾਰ ਉਸ ਲਈ ਅਸਹਿ ਸੀ। ਉਸਦਾ ਮਨ ਫਿਰ ਭਟਕਣ ਤੇ ਅਨੋਖੇ ਮਤੀਭਰਮ ਵਿੱਚ ਗੁਆਚਣ ਲੱਗਾ ਸੀ, ਜਦਕਿ ਅਜਿਹੇ ਦੌਰ ਲਗਾਤਾਰ ਛੋਟੇ ਹੁੰਦੇ ਜਾ ਰਹੇ ਸਨ ਜਦੋਂ ਉਹ ਸਾਫ਼-ਸਾਫ਼ ਸੋਚ ਸਕਦਾ ਸੀ।

ਇੱਕ ਵਾਰ ਉਸਦੀ ਬੇਹੋਸ਼ੀ ਕੰਨ ਕੋਲ ਸਿਸਕੀ ਦੀ ਅਵਾਜ਼ ਨਾਲ਼ ਟੁੱਟੀ। ਬਘਿਆੜ ਟਪੂਸੀ ਮਾਰ ਕੇ ਪਿੱਛੇ ਹਟਿਆ ਤੇ ਕਮਜ਼ੋਰੀ ਕਾਰਨ ਲੜਖੜਾਕੇ ਡਿੱਗ ਪਿਆ। ਇਹ ਦ੍ਰਿਸ਼ ਮਜ਼ਾਕੀਆ ਸੀ, ਪਰ ਉਸਨੂੰ ਮਜ਼ਾ ਨਹੀਂ ਆਇਆ। ਉਸਨੂੰ ਡਰ ਵੀ ਨਹੀਂ ਲੱਗਾ। ਉਹ ਇਸ ਸਭ ਤੋਂ ਪਰ੍ਹੇ ਜਾ ਚੁੱਕਿਆ ਸੀ। ਪਰ ਕੁੱਝ ਦੇਰ ਲਈ ਉਸਦਾ ਦਿਮਾਗ਼ ਸਾਫ਼ ਹੋ ਗਿਆ ਤੇ ਉਹ ਪਿਆ-ਪਿਆ ਸੋਚਣ ਲੱਗਾ। ਜਹਾਜ਼ ਹੁਣ ਚਾਰ ਮੀਲ ਤੋਂ ਜ਼ਿਆਦਾ ਦੂਰ ਨਹੀਂ ਸੀ। ਅੱਖਾਂ ਰਗੜਕੇ ਧੁੰਦਲ਼ਕਾ ਛਾਂਟ ਦੇਣ ਮਗਰੋਂ ਉਹ ਉਸਨੂੰ ਸਾਫ਼ ਵੇਖ ਸਕਦਾ ਸੀ ਤੇ ਝਿਲਮਿਲਾਉਂਦੇ ਸਮੁੰਦਰ ਦੇ ਪਾਣੀ ‘ਤੇ ਚੱਲਦੀ ਇੱਕ ਛੋਟੀ ਕਿਸ਼ਤੀ ਦੀ ਸਫੇਦ ਬਾਦਵਾਨ ਵੀ ਉਸਨੂੰ ਦਿਸ ਰਹੀ ਸੀ। ਪਰ ਉਹ ਚਾਰ ਮੀਲ ਤੱਕ ਕਦੇ ਰੀਂਗ ਨਹੀਂ ਸਕੇਗਾ। ਉਹ ਇਹ ਗੱਲ ਜਾਣਦਾ ਸੀ ਕਿ ਉਹ ਅੱਧਾ ਮੀਲ ਵੀ ਨਹੀਂ ਰੀਂਗ ਸਕਦਾ ਸੀ। ਪਰ ਫਿਰ ਵੀ ਉਹ ਜੀਣਾ ਚਾਹੁੰਦਾ ਸੀ। ਇਹ ਠੀਕ ਨਹੀਂ ਸੀ ਕਿ ਇੰਨਾ ਸਭ ਕੁੱਝ ਸਹਿਣ ਤੋਂ ਬਾਅਦ ਉਹ ਮਰ ਜਾਵੇ। ਕਿਸਮਤ ਉਸਤੋਂ ਬਹੁਤ ਜ਼ਿਆਦਾ ਉਮੀਦ ਕਰ ਰਹੀ ਸੀ ਅਤੇ ਮਰਦਿਆਂ ਵੀ ਉਸਨੇ ਮਰਨ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਇਹ ਨਿਰਾ ਪਾਗਲਪਣ ਸੀ, ਪਰ ਮੌਤ ਦੇ ਪੰਜੇ ਵਿੱਚ ਜਕੜਿਆਂ ਵੀ ਉਹ ਮੌਤ ਨਾਲ਼ ਖਹਿ ਪਿਆ ਅਤੇ ਮਰਨੋਂ ਆਕੀ ਹੋ ਗਿਆ।

ਉਸਨੇ ਅੱਖਾਂ ਬੰਦ ਕਰ ਲਈਆਂ ਅਤੇ ਪੂਰੀ ਸਾਵਧਾਨੀ ਨਾਲ਼ ਧਿਆਨ ਕੇਂਦਰਤ ਕਰ ਲਿਆ। ਉਸਨੇ ਮਨ ਕਰੜਾ ਕਰ ਲਿਆ ਤੇ ਉਸ ਦਮਘੋਟੂ ਨਿੱਸਲ਼ਤਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਜੋ ਉਸਦੇ ਪੂਰੇ ਸਰੀਰ ਵਿੱਚ ਲਹਿਰ ਵਾਂਗ ਉੱਠ ਰਹੀ ਸੀ। ਇਹ ਕਾਤਲ ਨਿੱਸਲ਼ਤਾ ਸਮੁੰਦਰ ਵਰਗੀ ਹੀ ਸੀ, ਜੋ ਹੌਲੀ-ਹੌਲੀ ਉਸਦੀ ਚੇਤਨਾ ਨੂੰ ਡੁਬੋ ਦੇਣਾ ਚਾਹੁੰਦੀ ਸੀ। ਕਦੇ-ਕਦੇ ਉਹ ਲਗਭਗ ਡੁੱਬ ਹੀ ਜਾਂਦਾ ਸੀ; ਪਰ ਇਸ ਡੋਬੂ ਸਾਗਰ ਵਿੱਚ ਹੱਥ-ਪੈਰ ਮਾਰਦੇ ਹੋਏ ਅਚਾਨਕ ਆਤਮਾ ਦੀ ਕਿਸੇ ਅਜੀਬ ਜਾਦੂਗਿਰੀ ਦੀ ਬਦੌਲਤ ਇੱਛਾ-ਸ਼ਕਤੀ ਦਾ ਕੋਈ ਤਿਣਕਾ ਉਸਦੇ ਹੱਥ ਲੱਗ ਜਾਂਦਾ ਸੀ ਤੇ ਉਹ ਵਧੇਰੇ ਜ਼ੋਰ ਨਾਲ਼ ਇਸ ਵਿੱਚੋਂ ਨਿੱਕਲਣ ਦੀ ਕੋਸ਼ਿਸ਼ ਕਰਨ ਲਗਦਾ ਸੀ।

ਉਹ ਬਿਨਾਂ ਹਿੱਲੇ-ਡੁੱਲੇ ਸ਼ਾਂਤ ਲਿਟਿਆ ਰਿਹਾ। ਉਹ ਬਿਮਾਰ ਬਘਿਆੜ ਦੇ ਸਾਹਾਂ ਦੀ ਅਵਾਜ਼ ਨੂੰ ਨੇੜੇ ਆਉਂਦਾ ਸੁਣ ਸਕਦਾ ਸੀ। ਉਹ ਨੇੜੇ ਆਇਆ, ਹੋਰ ਨੇੜੇ, ਇੰਨਾ ਹੌਲ਼ੀ-ਹੌਲ਼ੀ ਕਿ ਉਸਨੂੰ ਲੱਗਾ ਸਮਾਂ ਬੀਤ ਹੀ ਨਹੀਂ ਰਿਹਾ ਹੈ।

ਆਦਮੀ ਨੇ ਕੋਈ ਹਰਕਤ ਨਾ ਕੀਤੀ। ਬਘਿਆੜ ਦੇ ਸਾਹ ਹੁਣ ਉਸਦੇ ਕੰਨ ਉੱਤੇ ਸਨ। ਖੁਰਦਰੀ, ਸੁੱਕੀ ਜੀਭ ਨੇ ਰੇਗਮਾਰ ਵਾਂਗ ਉਸਦੀ ਗੱਲ੍ਹ ਨੂੰ ਰਗੜਿਆ। ਉਸਦੇ ਹੱਥ ਗੋਲ਼ੀ ਵਾਂਗ ਝਪਟੇ, ਘੱਟੋ-ਘੱਟ ਉਸਨੇ ਚਾਹਿਆ ਕਿ ਉਹ ਗੋਲ਼ੀ ਵਾਂਗ ਝਪਟਣ। ਉਸਦੀਆਂ ਉਂਗਲ਼ਾਂ ਨੁਕੀਲੇ ਪੰਜਿਆਂ ਵਾਂਗ ਮੁੜੀਆਂ ਹੋਈਆਂ ਸਨ, ਪਰ ਉਹ ਸਿਰਫ ਹਵਾ ਨੂੰ ਹੀ ਫੜ ਸਕੀਆਂ। ਫੁਰਤੀ ਤੇ ਸਟੀਕਤਾ ਲਈ ਤਾਕਤ ਚਾਹੀਦੀ ਹੈ, ਪਰ ਆਦਮੀ ਵਿੱਚ ਇੰਨੀ ਤਾਕਤ ਨਹੀਂ ਸੀ।

ਬਘਿਆੜ ਵਿੱਚ ਗਜ਼ਬ ਦਾ ਸਬਰ ਸੀ। ਆਦਮੀ ਦਾ ਸਬਰ ਵੀ ਘੱਟ ਨਹੀਂ ਸੀ। ਅੱਧੇ ਦਿਨ ਤੱਕ ਉਹ ਬੇਹਰਕਤ ਪਿਆ ਰਿਹਾ, ਬੇਹੋਸ਼ੀ ਨਾਲ਼ ਲੜਦਿਆਂ ਤੇ ਉਸ ਚੀਜ਼ ਦਾ ਇੰਤਜ਼ਾਰ ਕਰਦਿਆਂ ਜੋ ਉਸਦਾ ਸ਼ਿਕਾਰ ਕਰਨਾ ਚਾਹੁੰਦੀ ਸੀ ਅਤੇ ਉਹ ਖੁਦ ਜਿਸਦਾ ਸ਼ਿਕਾਰ ਕਰਨਾ ਚਾਹੁੰਦਾ ਸੀ। ਕਦੇ-ਕਦੇ ਉਹ ਸ਼ਾਂਤ ਸਮੁੰਦਰ ਉਸ ਉੱਤੇ ਹਾਵੀ ਹੋ ਜਾਂਦਾ ਅਤੇ ਉਹ ਲੰਬੇ ਸੁਪਨਿਆਂ ਵਿੱਚ ਡੁੱਬ ਜਾਂਦਾ, ਪਰ ਇਸ ਸਭ ਵਿੱਚ ਉਹ ਉਸ ਸ਼ੂਕਦੇ ਸਾਹ ਅਤੇ ਖੁਰਦਰੀ ਜੀਭ ਦੀ ਛੋਹ ਦੀ ਉਡੀਕ ਕਰਦਾ ਰਿਹਾ।

ਉਸਨੇ ਸਾਹ ਦੀ ਅਵਾਜ਼ ਨਾ ਸੁਣੀ ਪਰ ਹੱਥ ਉੱਤੇ ਜੀਭ ਦੀ ਛੋਹ ਨਾਲ਼ ਉਹ ਇੱਕ ਸੁਪਨੇ ਵਿੱਚੋਂ ਹੌਲ਼ੀ-ਹੌਲ਼ੀ ਜਾਗਿਆ। ਉਹ ਉਡੀਕਦਾ ਰਿਹਾ। ਬਘਿਆੜ ਨੇ ਉਸਦੇ ਹੱਥ ਉੱਤੇ ਹੌਲ਼ੀ ਜਿਹੇ ਦੰਦ ਗੱਡੇ ਤੇ ਦਬਾਅ ਵਧਾਉਣ ਲੱਗਾ। ਬਘਿਆੜ ਉਸ ਭੋਜਨ ਵਿੱਚ ਦੰਦ ਖੁਭੋਣ ਲਈ ਆਪਣੀ ਸਾਰੀ ਤਾਕਤ ਲਾ ਰਿਹਾ ਸੀ, ਜਿਸ ਲਈ ਉਸਨੇ ਇੰਨੀ ਲੰਮੀ ਉਡੀਕ  ਕੀਤੀ ਸੀ। ਪਰ ਆਦਮੀ ਕਾਫੀ ਉਡੀਕ ਚੁੱਕਿਆ ਸੀ ਤੇ ਉਸਨੇ ਬਘਿਆੜ ਦੇ ਮੂੰਹ ਵਿੱਚ ਆਏ ਹੋਏ ਆਪਣੇ ਜਖ਼ਮੀ ਹੱਥ ਨਾਲ਼ ਹੌਲ਼ੀ-ਹੌਲ਼ੀ ਉਸਦਾ ਜਬਾੜਾ ਫੜ ਲਿਆ। ਬਘਿਆੜ ਛੁਡਾਉਣ ਦੀ ਕਮਜ਼ੋਰ ਕੋਸ਼ਿਸ਼ ਕਰ ਰਿਹਾ ਸੀ ਤੇ ਆਦਮੀ ਦੀ ਪਕੜ ਵੀ ਕਮਜ਼ੋਰ ਸੀ। ਫਿਰ ਉਸਦੇ ਦੂਜੇ ਹੱਥ ਨੇ ਵੀ ਆਕੇ ਜਬਾੜੇ ਨੂੰ ਫੜ ਲਿਆ। ਪੰਜ ਮਿੰਟ ਬਾਅਦ ਆਦਮੀ ਦੇ ਸਰੀਰ ਦਾ ਪੂਰਾ ਭਾਰ ਬਘਿਆੜ ਉੱਤੇ ਸੀ। ਹੱਥਾਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਬਘਿਆੜ ਦਾ ਗਲ਼ਾ ਘੁੱਟ ਸਕਣ, ਪਰ ਆਦਮੀ ਦਾ ਚਿਹਰਾ ਬਘਿਆੜ ਦੀ ਗਰਦਨ ਕੋਲ਼ ਸੀ ਤੇ ਉਸਦਾ ਮੂੰਹ ਵਾਲ਼ਾਂ ਨਾਲ਼ ਭਰਿਆ ਸੀ। ਅੱਧੇ ਘੰਟੇ ਬਾਅਦ ਆਦਮੀ ਨੂੰ ਆਪਣੇ ਗਲ਼ੇ ਅੰਦਰ ਇੱਕ ਗਰਮ ਧਾਰ ਦਾ ਅਹਿਸਾਸ ਹੋਇਆ। ਇਹ ਸੁਆਦਲ਼ੀ ਨਹੀਂ ਸੀ। ਇਹ ਇੰਝ ਸੀ ਜਿਵੇਂ ਉਸਦੇ ਢਿੱਡ ਵਿੱਚ ਜਬਰੀ ਪਿਘਲ਼ਿਆ ਸੀਸਾ ਧੱਕਿਆ ਜਾ ਰਿਹਾ ਹੋਵੇ ਅਤੇ ਸਿਰਫ ਉਸਦੀ ਇੱਛਾ-ਸ਼ਕਤੀ ਹੀ ਸੀ ਜੋ ਇਸਨੂੰ ਧੱਕ ਰਹੀ ਸੀ। ਇਸ ਮਗਰੋਂ ਆਦਮੀ ਰਿੜ੍ਹਕੇ ਪਿੱਠ ਪਰਨੇ ਲਿਟਿਆ ਤੇ ਸੌਂ ਗਿਆ।

ਵੇਲ੍ਹ ਦਾ ਸ਼ਿਕਾਰ ਕਰਨ ਵਾਲ਼ੇ ਜਹਾਜ਼ ‘ਬੈੱਡਫੋਰਡ’ ਉੱਤੇ ਇੱਕ ਵਿਗਿਆਨਕ ਮੁਹਿੰਮ ਵਾਲ਼ੇ ਦਲ ਦੇ ਕੁੱਝ ਮੈਂਬਰ ਵੀ ਸਨ। ਜਹਾਜ਼ ਦੀ ਡੈੱਕ ਤੋਂ ਉਨ੍ਹਾਂ ਨੇ ਤਟ ਉੱਤੇ ਇੱਕ ਅਜੀਬ ਜਿਹੀ ਚੀਜ਼ ਵੇਖੀ। ਉਹ ਰੇਤਲੇ ਤਟ ਨੂੰ ਪਾਰ ਕਰਦੀ ਹੋਈ ਪਾਣੀ ਵੱਲ ਆ ਰਹੀ ਸੀ। ਉਹਨਾਂ ਲਈ ਇਸਦਾ ਵਰਗੀਕਰਨ ਕਰਨਾ ਔਖਾ ਸਾਬਤ ਹੋ ਰਿਹਾ ਸੀ ਅਤੇ ਵਿਗਿਆਨੀ ਹੋਣ ਕਾਰਨ ਉਹ ਉਸਨੂੰ ਦੇਖਣ ਲਈ ਜਹਾਜ਼ ਨਾਲ਼ ਲੱਗੀ ਵੇਲ੍ਹ ਕਿਸ਼ਤੀ ਵਿੱਚ ਸਵਾਰ ਹੋਕੇ ਤਟ ਉੱਤੇ ਗਏ। ਉਨ੍ਹਾਂ ਨੇ ਇੱਕ ਅਜਿਹੀ ਚੀਜ਼ ਵੇਖੀ ਜੋ ਜਿਉਂਦੀ ਸੀ, ਪਰ ਜਿਸਨੂੰ ਮਨੁੱਖ ਕਹਿਣਾ ਮੁਸ਼ਕਲ ਸੀ। ਉਹ ਨਜ਼ਰ-ਵਿਹੂਣੀ ਵੀ ਸੀ ਤੇ ਚੇਤਨਾ-ਵਿਹੂਣੀ ਵੀ। ਉਹ ਕਿਸੇ ਵਿਸ਼ਾਲ ਕੀੜੇ ਵਾਂਗ ਜ਼ਮੀਨ ‘ਤੇ ਰੀਂਗਦੀ ਹੋਈ ਚੱਲ ਰਹੀ ਸੀ। ਉਸਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਅਸਫਲ ਸਨ, ਪਰ ਉਹ ਲਗਾਤਾਰ ਲੁੜਕਦੀ, ਰਿੜਦੀ ਅੱਗੇ ਵਧ ਰਹੀ ਸੀ, ਭਾਵੇਂ  ਸ਼ਾਇਦ ਕੁੱਝ ਫੁੱਟ ਪ੍ਰਤੀ ਘੰਟੇ ਦੀ ਰਫਤਾਰ ਨਾਲ਼ ਹੀ।

ਇਸਤੋਂ ਤਿੰਨ ਹਫਤੇ ਬਾਅਦ ਉਹ ਆਦਮੀ ਬੈੱਡਫੋਰਡ ਦੇ ਇੱਕ ਕੈਬਿਨ ਵਿੱਚ ਲਿਟਿਆ ਹੋਇਆ ਸੀ। ਉਸਦੀਆਂ ਸੁੱਕੀਆਂ ਗੱਲ੍ਹਾਂ ਉੱਤੇ ਅੱਥਰੂ ਢਲ਼ਕ ਰਹੇ ਸਨ ਤੇ ਉਹ ਦੱਸ ਰਿਹਾ ਸੀ ਕਿ ਉਹ ਕੌਣ ਹੈ ਅਤੇ ਉਸ ਨਾਲ਼ ਕੀ ਬੀਤੀ ਹੈ। ਉਹ ਆਪਣੀ ਮਾਂ, ਧੁੱਪੀਲੇ ਦੱਖਣੀ ਕੈਲੀਫੋਰਨਿਆ, ਸੰਤਰੇ ਦੇ ਬਗੀਚਿਆਂ ਅਤੇ ਫੁੱਲਾਂ ਨਾਲ਼ ਘਿਰੇ ਇੱਕ ਘਰ ਬਾਰੇ ਵੀ ਝੱਲੀਆਂ ਜਿਹੀਆਂ ਗੱਲਾਂ ਕਰ ਰਿਹਾ ਸੀ।

ਇਸਤੋਂ ਕੁੱਝ ਦਿਨ ਬਾਅਦ ਉਹ ਵਿਗਿਆਨੀਆਂ ਅਤੇ ਜਹਾਜ਼ ਦੇ ਅਫਸਰਾਂ ਨਾਲ਼ ਖਾਣ ਦੇ ਮੇਜ਼ ‘ਤੇ ਬੈਠਾ ਸੀ। ਇੰਨਾ ਸਾਰਾ ਖਾਣਾ ਵੇਖਕੇ ਉਸਦੀ ਅੱਖਾਂ ਅੱਡੀਆਂ ਜਾ ਰਹੀਆਂ ਸਨ ਅਤੇ ਇਸਨੂੰ ਹੋਰਾਂ ਦੇ ਮੂੰਹ ਵਿੱਚ ਜਾਂਦਾ ਵੇਖਕੇ ਉਹ ਬੇਚੈਨ ਹੋ ਰਿਹਾ ਸੀ। ਹਰ ਬੁਰਕੀ ਦੇ ਮੂੰਹ ਵਿੱਚ ਜਾਂਦਿਆਂ ਹੀ ਉਸਦੀ ਅੱਖਾਂ ਵਿੱਚ ਡੂੰਘੇ ਪਛਤਾਵੇ ਦਾ ਭਾਵ ਆ ਜਾਂਦਾ ਸੀ। ਉਸਦਾ ਦਿਮਾਗ਼ ਇੱਕਦਮ ਦਰੁਸਤ ਸੀ, ਫਿਰ ਵੀ ਖਾਣ ਦੇ ਸਮੇਂ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਕਰਦਾ ਸੀ। ਉਸਨੂੰ ਇਹ ਡਰ ਸਤਾਉਂਦਾ ਰਹਿੰਦਾ ਸੀ ਕਿ ਇਹ ਖਾਣਾ ਖਤਮ ਹੋ ਜਾਵੇਗਾ। ਉਹ ਖਾਣੇ ਦੇ ਭੰਡਾਰ ਬਾਰੇ ਕੈਬਿਨ ਵਾਲ਼ੇ ਕਾਮੇ ਅਤੇ ਰਸੋਈਏ ਤੋਂ ਲੈ ਕੇ ਜਹਾਜ਼ ਦੇ ਕੈਪਟਨ ਤੱਕ ਕੋਲ਼ੋਂ ਪੁੱਛਦਾ ਰਹਿੰਦਾ ਸੀ। ਉਹ ਅਣਗਿਣਤ ਵਾਰ ਉਸਨੂੰ ਯਕੀਨ ਦਿਵਾ ਚੁੱਕੇ ਸਨ, ਪਰ ਉਹ ਉਨ੍ਹਾਂ ਉੱਤੇ ਭਰੋਸਾ ਨਹੀਂ ਕਰਦਾ ਸੀ ਅਤੇ ਆਪਣੇ ਆਪ ਆਪਣੀਆਂ ਅੱਖਾਂ ਨਾਲ਼ ਵੇਖਣ ਲਈ ਭੰਡਾਰਖਾਨੇ ਵਿੱਚ ਚੁੱਪਚਾਪ ਜਾਕੇ ਛਾਣਬੀਣ ਕਰਦਾ ਰਹਿੰਦਾ ਸੀ।

ਲੋਕਾਂ ਨੇ ਵੇਖਿਆ ਕਿ ਉਹ ਆਦਮੀ ਮੋਟਾ ਹੋ ਰਿਹਾ ਸੀ। ਹਰ ਲੰਘਦੇ ਦਿਨ ਨਾਲ਼ ਉਸਦਾ ਮੋਟਾਪਾ ਵਧਦਾ ਜਾ ਰਿਹਾ ਸੀ। ਵਿਗਿਆਨੀ ਹੈਰਾਨੀ ਨਾਲ਼ ਸਿਰ ਹਿਲਾਉਂਦੇ ਤੇ ਤਰ੍ਹਾਂ-ਤਰ੍ਹਾਂ ਦੇ ਸਿਧਾਂਤ ਪੇਸ਼ ਕਰਦੇ ਸਨ। ਉਨ੍ਹਾਂ ਨੇ ਉਸਦਾ ਖਾਣਾ ਘੱਟ ਕਰ ਦਿੱਤਾ, ਫਿਰ ਵੀ ਉਸਦਾ ਢਿੱਡ ਨਿੱਕਲ਼ਦਾ ਹੀ ਗਿਆ।

ਜਹਾਜ਼ੀ ਇਹ ਸਭ ਵੇਖਕੇ ਹੱਸਦੇ ਸਨ। ਉਹ ਇਸਦਾ ਭੇਤ ਜਾਣਦੇ ਸਨ। ਜਦੋਂ ਵਿਗਿਆਨੀਆਂ ਨੇ ਆਦਮੀ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਉਹ ਵੀ ਜਾਣ ਗਏ। ਉਨ੍ਹਾਂ ਵੇਖਿਆ ਕਿ ਨਾਸ਼ਤੇ ਤੋਂ ਬਾਅਦ ਉਹ ਆਪਣੀ ਬੇਢੰਗੀ ਚਾਲ ਨਾਲ਼ ਕਿਸੇ ਜਹਾਜ਼ੀ ਕੋਲ਼ ਜਾਂਦਾ ਸੀ ਅਤੇ ਮੰਗਤੇ ਵਾਂਗ ਉਸਦੇ ਸਾਹਮਣੇ ਹੱਥ ਫੈਲਾ ਦਿੰਦਾ ਸੀ। ਜਹਾਜ਼ੀ ਹੱਸਦੇ ਹੋਏ ਉਸਨੂੰ ਬਿਸਕੁਟ ਦਾ ਇੱਕ ਟੁਕੜਾ ਫੜਾ ਦਿੰਦੇ ਸਨ। ਉਹ ਲਾਲਚੀ ਨਜ਼ਰ ਨਾਲ਼ ਉਸਨੂੰ ਵੇਖਦਾ ਸੀ, ਜਿਵੇਂ ਕੋਈ ਕੰਜੂਸ ਸੋਨੇ ਨੂੰ ਵੇਖਦਾ ਹੈ ਤੇ ਫਿਰ ਉਸਨੂੰ ਆਪਣੀ ਕਮੀਜ਼ ਅੰਦਰ ਪਾ ਲੈਂਦਾ ਸੀ। ਦੂਜੇ ਜਹਾਜ਼ੀ ਵੀ ਹੱਸਦੇ ਹੋਏ ਅਜਿਹਾ ਕਰਦੇ ਸਨ।

ਵਿਗਿਆਨੀ ਸਮਝਦਾਰ ਸਨ। ਉਨ੍ਹਾਂ ਉਸਨੂੰ ਇਕੱਲਾ ਛੱਡ ਦਿੱਤਾ। ਪਰ ਉਹਨਾਂ ਨੇ ਚੋਰੀਓਂ ਉਸਦਾ ਬਿਸਤਰਾ ਵੇਖਿਆ। ਉਸਦੇ ਕਿਨਾਰੇ-ਕਿਨਾਰੇ ਜਹਾਜ਼ੀ ਬਿਸਕੁਟਾਂ ਦੀਆਂ ਢੇਰੀਆਂ ਸਨ। ਉਸਦੇ ਗੱਦੇ ਵਿੱਚ ਵੀ ਬਿਸਕੁਟ ਭਰੇ ਹੋਏ ਸਨ – ਹਰ ਕੋਨਾ ਬਿਸਕੁਟਾਂ ਨਾਲ਼ ਭਰਿਆ ਹੋਇਆ ਸੀ। ਫਿਰ ਵੀ ਉਸਦਾ ਦਿਮਾਗ਼ ਠੀਕ ਸੀ। ਉਹ ਕਿਸੇ ਹੋਰ ਸੰਭਾਵੀ ਸੰਕਟ ਤੋਂ ਬਚਣ ਦਾ ਉਪਰਾਲਾ ਕਰ ਰਿਹਾ ਸੀ- ਬੱਸ ਏਡੀ ਕੁ ਗੱਲ ਸੀ। ਵਿਗਿਆਨੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸਤੋਂ ਉੱਭਰ ਜਾਵੇਗਾ ਅਤੇ ਸਾਂਨਫ੍ਰਾਂਸਿਸਕੋ ਦੀ ਖਾੜੀ ਵਿੱਚ ਬੈੱਡਫੋਰਡ ਦੇ ਲੰਗਰ ਸੁੱਟਣ ਤੋਂ ਪਹਿਲਾਂ ਉਹ ਇਸਤੋਂ ਉੱਭਰ ਗਿਆ।

(ਸਮਾਪਤ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements