ਯੋਗ- ਇੱਕ ਵਿਚਾਰਧਾਰਕ ਹਥਿਆਰ ਦੇ ਰੂਪ ਵਿੱਚ •ਡਾ. ਸੁਖਦੇਵ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ-ਕੱਲ ਹਰ ਪਾਸੇ ਯੋਗ ਦੀ ਚਰਚਾ ਹੋ ਰਹੀ ਹੈ। ਟੈਲੀਵਿਜ਼ਨ ਦੇ ਕਈ ਚੈਨਲਾਂ ‘ਤੇ ਇਹ ਨਿਯਮਤ ਰੂਪ ਵਿੱਚ ਚਲਦਾ ਹੈ। ਸਰਕਾਰੀ ਤੇ ਕਈ ਗੈਰ ਸਰਕਾਰੀ ਅਦਾਰੇ ਆਪਣੀਆਂ ਸੰਸਥਾਵਾਂ ਵਿੱਚ ਇਸ ਸਬੰਧੀ ਕਈ ਤਰਾਂ ਦੇ ਪ੍ਰੋਗਰਾਮ ਕਰਾਉਦੇ ਰਹਿੰਦੇ ਹਨ। ਸਿਹਤ ਲਈ ਯੋਗ ਆਸਣ, ਕਾਰੋਬਾਰ ਵਿੱਚ ਕਾਮਯਾਬੀ ਲਈ ਯੋਗ ਅਤੇ ਮਾਨਸਿਕ ਰੋਗਾਂ ਨੂੰ ਠੀਕ ਕਰਨ ਲਈ ਯੋਗ ਦਾ ਪ੍ਰਚਾਰ ਵੱਡੇ ਪੱਧਰ ‘ਤੇ ਹੋ ਰਿਹਾ ਹੈ। ਯੋਗ ਨੂੰ ਸਮੂਹਕ ਕੈਂਪਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਅਤੇ ਹਥਿਆਰਬੰਦ ਬਲਾਂ, ਪੁਲੀਸ ਅਤੇ ਫੌਜ ਆਦਿ ਵਿੱਚ ਵੀ ਰੋਜ਼ਾਨਾ ਦੀ ਕਸਰਤ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਦੀ ਸਰਕਾਰ ਦੇ ਯਤਨਾਂ ਨਾਲ਼ ਕੌਮਾਂਤਰੀ ਯੋਗ ਦਿਵਸ ਵੀ ਮਨਾਇਆ ਜਾਣ ਲੱਗਾ ਹੈ। ਸਾਰੇ ਦੇਸ਼ ਵਿੱਚ ਯੋਗ ਦਿਵਸ ਮੌਕੇ, ਸਰਕਾਰੀ ਖਰਚ ‘ਤੇ ਵੱਡੀ ਪੱਧਰ ‘ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਯੋਗ ਦਾ ਪ੍ਰਚਾਰ ਬਹੁਤ ਵੱਡੇ ਦਵਾ ਕਾਰੋਬਾਰ ਵਿੱਚ ਵੀ ਸਹਾਈ ਹੋ ਰਿਹਾ ਹੈ। ਇਹ ਸਿਰਫ ਸਿਹਤ ਸੇਵਾਵਾਂ ਅਤੇ ਵਪਾਰਕ ਕਾਰੋਬਾਰ ਤੱਕ ਹੀ ਸੀਮਤ ਨਹੀ, ਸਗੋਂ ਇੱਕ ਸ਼ਕਤੀਸ਼ਾਲੀ ਵਿਚਾਰਧਾਰਕ ਹਥਿਆਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। 

ਭਾਰਤੀ ਲੋਕ ਮਨਾਂ ਵਿੱਚ ਯੋਗ ਪ੍ਰਤੀ ਇੱਕ ਖਾਸ ਕਿਸਮ ਦਾ ਲਗਾਉ ਹੈ ਅਤੇ ਲਗਾਤਾਰ ਪ੍ਰਚਾਰ ਨਾਲ਼ ਇਸ ਨੂੰ ਕਾਇਮ ਰੱਖਿਆ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਯੋਗ ਦਾ ਪ੍ਰਚਾਰ ਸਿਖਰਾਂ ਛੋਹ ਰਿਹਾ ਹੈ। ਇਹ ਮਹਿਜ਼ ਇਤਫਾਕ ਨਹੀ ਹੈ ਸਗੋਂ ਸਾਡੇ ਦੇਸ਼ ਦੇ ਹਾਕਮਾਂ ਦੀ ਸੋਚੀ ਸਮਝੀ ਯੋਜਨਾ ਤਹਿਤ, ਸਰਮਾਏਦਾਰੀ ਦਾ ਵਿਚਾਰਧਾਰਕ ਦਬਦਬਾ ਕਾਇਮ ਰੱਖਣ ਦੀ ਕਾਰਵਾਈ ਹੈ। ਵਰਤਮਾਨ ਸਮਾਜਕ ਰਾਜਨੀਤਕ ਪ੍ਰਬੰਧ, ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਹੈ। ਇਸ ਵਿੱਚ ਸਿਹਤ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਹੈ। ਲੋਕਾਂ ਦੀ ਸਿਹਤ ਵਿੱਚ ਸੁਧਾਰ ਦੇ ਬਹਾਨੇ ਉਹਨਾਂ ਦੇ ਗੁੱਸੇ ਨੂੰ ਹੋਰ ਪਾਸੇ ਮੋੜਨ ਵਿੱਚ ਵੀ ਯੋਗ ਦਾ ਪ੍ਰਚਾਰ ਮਦਦ ਕਰਦਾ ਹੈ।

‘ਯੋਗ ਕੀ ਹੈ?’ ਇਸ ਦੇ ਕਈ ਪੱਖ ਹਨ। ਬਹੁਤੇ ਲੋਕਾਂ ਲਈ ‘ਯੋਗ’ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਸ਼ੇਸ਼ ਕਿਸਮ ਦੀਆਂ ਕਿਰਿਆਵਾਂ ਜਾਂ ਕਸਰਤਾਂ ਹੀ ਹਨ। ਸਿਹਤ ਲਈ ਇਹਨਾਂ ਕਸਰਤਾਂ ਦਾ ਇਕ ਹੱਦ ਤੱਕ ਲਾਭਕਾਰੀ ਪ੍ਰਭਾਵ ਵੀ ਹੈ। ਪਰ ਫਾਇਦਾ ਇੰਨਾ ਜ਼ਿਆਦਾ ਵੀ ਨਹੀਂ ਕਿ ਇਸ ਨੂੰ ਅੱਜ ਦੇ ਵਿਗਿਆਨਕ ਯੁੱਗ ਵਿੱਚ ਹਾਸਲ ਕੀਤੇ ਜਾ ਚੁੱਕੇ ਸਿਹਤ ਵਿਗਿਆਨ ਸਬੰਧੀ ਜਾਣਕਾਰੀ ਦੇ ਬਰਾਬਰ ਜਾਂ ਉਸ ਤੋਂ ਵੀ ਉੱਤੇ ਐਲਾਨ ਦਿੱਤਾ ਜਾਏ। ਇਸ ਸਾਰੇ ਰੌਲ਼ੇ-ਰੱਪੇ ਵਿੱਚ ਯੋਗ ਦੇ ਨਾਂ ‘ਤੇ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਪ੍ਰਚਾਰ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਇੱਕ ਹੋਰ ਪੱਖ ਵੀ ਇਸ ਉਲ਼ਝਣ ਨੂੰ ਵਧਾਉਂਦਾ ਹੈ। ਰਵਾਇਤੀ ਤੌਰ ‘ਤੇ ਵੀ ਯੋਗੀਆਂ ਜਾਂ ਯੋਗ ਅਭਿਆਸ ‘ਚ ਲੱਗੇ ਮਹਾਂਪੁਰਸ਼ਾਂ ਦੀ ਸਾਡੇ ਸਮਾਜ ਵਿੱਚ ਆਦਰਯੋਗ ਥਾਂ ਰਹੀ ਹੈ। ਆਮ ਤੌਰ ‘ਤੇ ਯੋਗੀਆਂ ਨੂੰ ਤਪੱਸਵੀਆਂ ਅਤੇ ਗ੍ਰਹਿ-ਤਿਆਗੀਆਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਰਿਹਾ ਹੈ। ਪੰਜਾਬੀਆਂ ਵਿੱਚ ਯੋਗੀ ਨੂੰ ਜੋਗੀ ਵੀ ਕਿਹਾ ਜਾਂਦਾ ਹੈ। ਜੋਗ ਜਾਂ ਜੋਗੀ ਦਾ ਪੰਜਾਬੀ ਸਾਹਿਤ ਵਿੱਚ ਕਾਫੀ ਜਿਕਰ ਹੈ। ਇੱਥੇ ਆਮ ਤੌਰ ‘ਤੇ ਇਹਨਾਂ ਨੂੰ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਪ੍ਰਮਾਤਮਾ ਦਾ ਧਿਆਨ ਧਰਨ ਵਾਲ਼ੇ ਤਪੀਆਂ ਦੇ ਤੌਰ ‘ਤੇ ਜਾਣਿਆ ਜਾਂਦਾ ਰਿਹਾ ਹੈ। ਭਾਵੇਂ ਗ੍ਰਹਿਸਤ ਜੀਵਨ ਨੂੰ ਤਿਆਗਣ ਕਰਕੇ ਹੀ ਭਗਤਾਂ ਤੇ ਗੁਰੂਆਂ ਦੀ ਬਾਣੀ ਵਿੱਚ ਇਹਨਾਂ ਦੀ ਆਲੋਚਨਾ ਮਿਲ਼ਦੀ ਹੈ। ਮਿਸਾਲ ਲਈ-“ਥਿਤਿ ਵਾਰੁ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ” ਜਾਂ “ਜੋਗੀ ਜੁਗਤ ਨਾ ਜਾਣੈ ਅੰਧ।” ਪੰਜਾਬੀ ਦੇ ਕਿੱਸਾ ਕਾਵਿ ਦਾ ਵੱਡਾ ਲੇਖਕ ਵਾਰਿਸ ਸ਼ਾਹ ਆਪਣੇ ਨਾਇਕ ਰਾਂਝੇ ਨੂੰ ਜੋਗੀ ਬਣਾਉਂਦਾ ਹੈ। ਪੂਰਨ ਭਗਤ ਦੇ ਕਿੱਸੇ ਵਿੱਚ ਪੂਰਨ, ਰਾਣੀ ਸੁੰਦਰਾਂ ਦੇ ਪਿਆਰ ਨੂੰ ਠੁਕਰਾ ਕੇ, ਉਸ ਦੀ ਮੌਤ ਦਾ ਕਾਰਨ ਬਣਦਾ ਹੈ। ਇਹਨਾਂ ਦੋਹਾਂ ਹੀ ਕਿੱਸਿਆਂ ਵਿੱਚ ਜੋਗੀ ਲੋਕਾਂ ਦੀ ਨਫਰਤ ਦੇ ਪਾਤਰ ਨਹੀਂ ਬਣਦੇ, ਕਿਉਂਕਿ ਉਸ ਵੇਲ਼ੇ ਦੀਆਂ ਸੱਭਿਆਚਾਰਕ ਕੀਮਤਾਂ ਵਿੱਚ ਜੋਗੀਆਂ ਦੀ ਇੱਕ ਆਦਰਯੋਗ ਥਾਂ ਸੀ।

ਹਰ ਇੱਕ ਦੌਰ ਦਾ ਭਾਰੂ ਸੱਭਿਆਚਾਰ, ਉਸ ਵੇਲ਼ੇ ਦੇ ਹਾਕਮਾਂ ਦਾ ਸੱਭਿਆਚਾਰ ਹੁੰਦਾ ਹੈ। ਇਹ ਵੀ ਸਹੀ ਹੈ ਕਿ ਹਰ ਇੱਕ ਦੌਰ ਵਿੱਚ ਉਸਦਾ ਵਿਰੋਧ ਵੀ ਮੌਜੂਦ ਹੁੰਦਾ ਹੈ। ਜਮਾਤੀ ਸਮਾਜਾਂ ਵਿੱਚ ਲੁੱਟ ਵਾਲ਼ੇ ਪ੍ਰਬੰਧ ਨੂੰ ਕਾਇਮ ਰੱਖਣ ਲਈ, ਰਾਜ ਪ੍ਰਬੰਧ ਨੂੰ ਇੱਕ ਡੰਡੇ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਾਬਰ ਤਰੀਕਿਆਂ, ਤਾਕਤ ਜਾਂ ਬਲ ਦੀ ਅਹਿਮ ਭੂਮਿਕਾ ਰਹੀ ਹੈ। ਪਰ ਸਿਰਫ ਤਾਕਤ ਦੀ ਵਰਤੋਂ ਨਾਲ਼ ਸਾਰੇ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਲਈ ਵਿਚਾਰਧਾਰਕ ਹਥਿਆਰ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਾਰੀ ਦੁਨੀਆਂ ਵਿੱਚ ਲੰਮੇ ਜਗੀਰਦਾਰੀ ਦੌਰ ਵਿੱਚ, ਧਰਮ ਨੇ ਇਹ ਭੂਮਿਕਾ ਬਖੂਬੀ ਨਿਭਾਈ ਹੈ। ਪਰ ਸਰਮਾਏਦਾਰੀ ਦੇ ਆਉਣ ਨਾਲ਼ ਵਿਚਾਰਧਾਰਕ ਤਰੀਕਿਆਂ ਦਾ ਮਹੱਤਵ ਬੇਹੱਦ ਵਧ ਗਿਆ। ਕਿਉਂਕਿ ਹੁਣ ਧਰਮ ਕੇਂਦਰਤ ਜਗੀਰੂ ਪ੍ਰਬੰਧ ਵਾਂਗ ਰਾਜਾ ਰੱਬ ਦਾ ਦੂਤ ਨਹੀਂ ਜਿਸ ਦੀ ਪੁਸ਼ਟੀ ਲਈ ਕਿਸੇ ਧਰਮ ਦੀ ਸਹਿਮਤੀ ਕਾਫੀ ਸੀ। ਹੁਣ ਅਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਨਾਹਰੇ ਨਾਲ਼ ਕਾਇਮ ਹੋਏ ਸਰਮਾਏਦਾਰੀ ਰਾਜ ਪ੍ਰਬੰਧਾਂ ਲਈ ਲੋਕਾਂ ਦੀ ਪ੍ਰਵਾਨਗੀ ਜਰੂਰੀ ਸੀ। ਲੋਕਾਂ ਦੀ ਸਹਿਮਤੀ ਤੋਂ ਬਿਨਾਂ ਰਾਜ ਪ੍ਰਬੰਧ ਵੈਧ ਨਹੀਂ ਸੀ ਹੋ ਸਕਦਾ। ਮਜ਼ਦੂਰ ਜਮਾਤ ਦੀ ਵਾਧੂ ਕਦਰ ਦੀ ਲੁੱਟ ਦੇ ਅਧਾਰ ‘ਤੇ ਇਹ ਪ੍ਰਬੰਧ, ਮਨੁੱਖ ਜਾਤੀ ਦੇ ਇਤਿਹਾਸ ਦਾ ਸਭ ਤੋਂ ਵੱਧ ਲੁਟੇਰਾ ਪ੍ਰਬੰਧ ਹੋਣ ਦੇ ਬਾਵਜੂਦ, ਸਰਮਾਏਦਾਰ ਲੋਕਾਂ ਦੀ ਸਹਿਮਤੀ ਲੈਣ ਦਾ ਪ੍ਰਪੰਚ ਕਰਦਾ ਹੈ। ਆਰਥਕ ਨਾ-ਬਰਾਬਰੀ ਦੇ ਦਬਾਅ ਦੇ ਨਾਲ਼, ਫੌਜ ਪੁਲਸ ਅਤੇ ਜੇਲ੍ਹਾਂ ਦਾ ਇੱਕ ਵਿਸ਼ਾਲ ਤਾਣਾ-ਬਾਣਾ, ਲੋਕਾਂ ‘ਤੇ ਜਬਰ ਤੇ ਜੁਲਮ ਲਈ ਮੌਜੂਦ ਹੈ। ਫਿਰ ਵੀ ਪ੍ਰਚਾਰ ਪ੍ਰਸਾਰ ਤੇ ਵਿਚਾਰਧਾਰਕ ਕਾਰਵਾਈਆਂ ਦੀ ਮਦਦ ਨਾਲ਼ ਸਰਮਾਏਦਾਰੀ ਪ੍ਰਬੰਧ ਵੈਧਤਾ ਹਾਸਲ ਕਰਦਾ ਹੈ। ਸਰਮਾਏਦਾਰਾ ਪ੍ਰਬੰਧ ਦਾ ਸਭ ਤੋਂ ਸੁਰੱਖਿਅਤ ਕਿਲ੍ਹਾ, ਉਸ ਦਾ ਵਿਚਾਰਧਾਰਕ ਦਬਦਬਾ ਹੈ। ਇਸੇ ਵਿਚਾਰਧਾਰਕ ਸਰਗਰਮੀ ਦੇ ਅੰਗ ਦੇ ਤੌਰ ‘ਤੇ ਵਰਤਮਾਨ ਸਮੇਂ ਵਿੱਚ ਹਾਕਮ ਜਮਾਤਾਂ ਦੀ ਸਰਪ੍ਰਸਤੀ ਵਿੱਚ ‘ਯੋਗ’ ਦੇ ਪ੍ਰਚਾਰ ਨੂੰ ਸਮਝਿਆ ਜਾ ਸਕਦਾ ਹੈ। ਯੋਗ ਦਾ ਪ੍ਰਚਾਰ ਭਾਰਤ ਦੇ ਅਤੀਤ ਦੀ ਮਹਿਮਾ ਦੀ ਮੁਹਿੰਮ ਦਾ ਹਿੱਸਾ ਹੈ। ਸਾਡੇ ਅਤੀਤ ਵਿੱਚ ਬਹੁਤ ਕੁਝ ਸ਼ਾਨਦਾਰ ਹੈ। ਪਰ ਬਹੁਤ ਕੁਝ ਦਕਿਆਨੂਸੀ ਤੇ ਵੇਲ਼ਾ ਵਿਹਾ ਚੁੱਕਾ ਵੀ ਹੈ। ਇਤਿਹਾਸਕ ਤੌਰ ‘ਤੇ ਸਾਨੂੰ ਇਸ ਦਾ ਅਲੋਚਨਾਤਮਕ ਤਰੀਕੇ ਨਾਲ਼ ਅਧਿਐਨ ਕਰਨ ਦੀ ਜਰੂਰਤ ਹੈ।

ਅਤੀਤ ਵਿੱਚ ਸਾਡੇ ਵੱਡੇ ਯੋਗ ਬਾਰੇ ਕਿਵੇਂ ਸੋਚਦੇ ਸਨ, ਇੱਥੇ ਸੰਖੇਪ ਜਿਹੇ ਵੇਰਵੇ ਨਾਲ਼ ਸਮਝਣ ਦਾ ਯਤਨ ਕਰਾਂਗੇ। ਮਹਾਨ ਵਿਦਵਾਨ ਰਾਹੁਲ ਸਾਂਕਰਤਾਇਨ ਅਨੁਸਾਰ ਯੋਗ ਦਾ ਵੇਦਾਂ ਵਿੱਚ ਜ਼ਿਕਰ ਨਹੀ ਮਿਲ਼ਦਾ, ਬਾਅਦ ਵਾਲ਼ੇ ਉਪਨਿਸ਼ਦਾਂ ਵਿੱਚ ਇਸ ਦਾ ਜ਼ਿਕਰ ਹੈ। ਭਾਗਵਤ ਗੀਤਾ ਵਿੱਚ ਇਸ ਦਾ ਜ਼ਿਕਰ ਹੈ। ਪਰ ਅਨੀਸ਼ਵਰਵਾਦੀ ਸਾਂਖ ਦਰਸ਼ਨ ਨੂੰ ਈਸ਼ਵਰਵਾਦੀ ਬਣਾ ਕੇ ਯੋਗ ਨਾਲ ਜੋੜਿਆ ਜਾਂਦਾ ਹੈ। ਗੀਤਾ ਵਿੱਚ ਲਿਖਿਆ ਹੈ ‘ਮੂਰਖ ਹੀ ਸਾਂਖ ਤੋਂ ਯੋਗ ਨੂੰ ਵੱਖ ਦੱਸਦੇ ਹਨ।’

ਸਾਡੇ ਪੁਰਾਤਨ ਦਾਰਸ਼ਨਿਕ ਗ੍ਰੰਥਾਂ ਵਿੱਚ ‘ਯੋਗ’ ਸ਼ਬਦ ਦੀ ਵਰਤੋਂ ਕਈ ਜਗ੍ਹਾ ਹੋਈ ਹੈ। ਕੌਟਲਿਆ ਨੇ ਅਰਥਸ਼ਾਸਤਰ ਵਿੱਚ ਗਿਆਨ ਦੀਆਂ ਚਾਰ ਸ਼ਾਖਾਵਾਂ ਦਾ ਜ਼ਿਕਰ ਕੀਤਾ ਹੈ। ਇਹ ਹਨ ਅਨਵੀਕਸ਼ਕੀ, ਤ੍ਰਈ, ਵਾਰਤਾ ਤੇ ਦੰਡ ਨੀਤੀ। ਅਨਵੀਕਸ਼ਕੀ ਦਾ ਸਬੰਧ ਦਰਸ਼ਨ ਨਾਲ਼ ਹੈ। ਪੁਰਾਣੇ ਸਮੇਂ ਵਿੱਚ ਤਰਕਸ਼ਾਸਤਰ ਲਈ ਅਨਵੀਕਸ਼ਕੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਤ੍ਰਈ ਬ੍ਰਹਮਗਿਆਨ ਲਈ, ਖਾਸ ਕਰਕੇ ਵੇਦਾਂ ਲਈ ਵਰਤਿਆ ਜਾਂਦਾ ਹੈ। ਚੌਥਾ ਵੇਦ ਬਾਅਦ ਦੀ ਰਚਨਾ ਹੈ ਪਹਿਲਾਂ ਤਿੰਨ ਵੇਦਾਂ ਲਈ ਤ੍ਰਈ ਸ਼ਬਦ ਵਰਤਿਆ ਜਾਂਦਾ ਸੀ। ਕੌਟਲਿਆ ਦੇ ਅਨੁਸਾਰ ਮੰਨੂ ਦੇ ਪੈਰੋਕਾਰ ਗਿਆਨ ਦੀਆਂ ਤਿੰਨ ਸ਼ਾਖਾਵਾਂ ਤ੍ਰਈ, ਵਾਰਤਾ ਤੇ ਦੰਡ ਨੀਤੀ ਨੂੰ ਹੀ ਮੰਨਦੇ ਹਨ, ਕਿਉਂਕਿ ਮੰਨੂ ਦੇ ਪੈਰੋਕਾਰ ਦਰਸ਼ਨ ਨੂੰ ਤ੍ਰਈ ਦੇ ਅਧੀਨ ਰੱਖਦੇ ਹਨ। ਕੌਟਲਿਆ ਨੇ ਦਰਸ਼ਨ ਨੂੰ ਤ੍ਰਈ ਜਾਂ ਬ੍ਰਹਮਗਿਆਨ ਤੋਂ ਵੱਖ ਰੱਖਿਆ। ਉਹ ਦਰਸ਼ਨ ਨੂੰ ਅਨੀਸ਼ਵਰਵਾਦੀ ਜਾਂ ਤਰਕਸ਼ਾਸਤਰ ਦੇ ਰੂਪ ਵਿੱਚ ਮਾਨਤਾ ਦਿੰਦੇ ਸਨ। ਪੂਰੀ ਤਰਾਂ ਦਰਸ਼ਨ ਨੂੰ ਗਿਆਨ ਦੀ ਇੱਕ ਵਖਰੀ ਸ਼ਾਖਾ ਦੇ ਰੂਪ ਵਿੱਚ ਮਾਨਤਾ ਦੇਣੀ, ਕੌਟਲਿਆ ਦੀ ਵਿਦਵਤਾ ਦਾ ਸਬੂਤ ਹੈ। ਮੰਨੂ ਦੇ ਪੈਰੋਕਾਰ ਬੁੱਧੀਸੰਗਤ ਵਿਚਾਰਾਂ ਨੂੰ ਦਰਸ਼ਨ ਦੇ ਅਧੀਨ ਕਰਦੇ ਸਨ। ਕੌਟਲਿਆ ਧਰਮ ਗ੍ਰੰਥਾਂ ਦੇ ਅਧਿਐਨ ਦੇ ਵਿਰੋਧੀ ਨਹੀਂ ਸਨ। ਪਰ ਦਰਸ਼ਨ ਦੇ ਅਧਿਐਨ ਨੂੰ ਹਾਕਮ ਜਮਾਤਾਂ ਅਤੇ ਖਾਸ ਕਰਕੇ ਰਾਜੇ ਅਤੇ ਰਾਜਕੁਮਾਰਾਂ ਲਈ ਜਰੂਰੀ ਸਮਝਦੇ ਸਨ। ਹਾਕਮ ਜਮਾਤਾਂ ਦਾ ਬੇਹੱਦ ਸਮਝਦਾਰ ਬੁਲਾਰਾ ਹੋਣ ਕਰਕੇ ਕੌਟਲਿਆ ਨੇ ਇੱਕ ਪਾਸੇ ਰਾਜਿਆਂ ਲਈ ਤਰਕਸੰਗਤ ਦ੍ਰਿਸ਼ਟੀਕੋਣ ਦੇ ਮਾਹਰ ਹੋਣ ਦੀ ਵਕਾਲਤ ਕੀਤੀ, ਦੂਜੇ ਪਾਸੇ ਆਮ ਲੋਕਾਂ ਵਿੱਚ ਅੰਧ-ਵਿਸ਼ਵਾਸ ਫੈਲਾਈ ਰੱਖਣ ਦੇ ਮਹੱਤਵ ‘ਤੇ ਵੀ ਜੋਰ ਦਿੱਤਾ। ‘ਅਨਵੀਕਸ਼ਕੀ’ ਸਬੰਧੀ ਕੌਟਲਿਆ ਦੇ ਇੱਕ ਸੰਸਕ੍ਰਿਤ ਸਲੋਕ ਦਾ ਅਨੁਵਾਦ ਹੈ ‘ਅਨਵੀਕਸ਼ਕੀ ਸਾਰੀਆਂ ਵਿੱਦਿਆਵਾਂ ਵਿੱਚ ਦੀਪਕ ਦੇ ਸਮਾਨ ਹੈ, ਸਾਰੀਆਂ ਸਰਗਰਮੀਆਂ ਦੀ ਪ੍ਰੇਰਕ ਸ਼ਕਤੀ ਹੈ ਅਤੇ ਸਾਰੇ ਸਦਗੁਣਾਂ ਦੀ ਖਾਣ ਹੈ।’ ਕੌਟਲਿਆ ਨੇ ਜਿਹੜੇ ਦਰਸ਼ਨਾਂ ਨੂੰ ਅਨਵੀਕਸ਼ਕੀ ਦੀ ਸੂਚੀ ਵਿੱਚ ਰੱਖਿਆ, ‘ਯੋਗ’ ਉਹਨਾਂ ਵਿੱਚੋਂ ਇੱਕ ਹੈ। ਦੂਜੇ ਦੋ ਦਰਸ਼ਨ ਸਾਂਖ ਅਤੇ ਲੋਕਾਇਤ ਸਨ। ਅਜੋਕੇ ਸਮੇਂ ਵਿੱਚ ਜਿਸ ‘ਯੋਗ’ ਦਰਸ਼ਨ ਬਾਰੇ ਅਸੀਂ ਜਾਣਦੇ ਹਾਂ, ਕੌਟਲਿਆ ਦਾ ਦੱਸਿਆ ਯੋਗ ਉਸ ਤੋਂ ਵੱਖਰਾ ਹੈ। ਬਹੁਤ ਸਾਰੇ ਅਧਿਐਨਾਂ ਨਾਲ਼ ਇਹ ਸਾਬਤ ਹੋ ਚੁੱਕਾ ਹੈ ਕਿ ਕੌਟਲਿਆ ਦਾ ‘ਯੋਗ’, ਅਨੀਸ਼ਵਰਵਾਦੀ ਯਾਨੀ ਕਿ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲ਼ੇ ਪਦਾਰਥਵਾਦੀ ਦਰਸ਼ਨ ‘ਨਿਆਏ ਵੈਸ਼ੇਸ਼ਿਕ’ ਦਾ ਪੁਰਾਣਾ ਨਾਂ ਹੈ। ਮਗਰਲੇ ਸਮੇਂ ਵਿੱਚ ਲੋਕਾਇਤ ਤੋਂ ਬਿਨਾਂ ਬਾਕੀ ਸਾਰੇ ਦਰਸ਼ਨਾਂ ਵਿੱਚ ਧਰਮ ਅਧਿਕਾਰੀਆਂ ਤੇ ਹਾਕਮਾਂ ਦੇ ਦਬਾਅ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਲੋਕਾਇਤਾਂ ਦੀ ਦ੍ਰਿੜ੍ਹਤਾ ਦੀ ਸਜ਼ਾ ਇਹ ਦਿੱਤੀ ਗਈ ਕਿ ਉਹਨਾਂ ਦੇ ਸਾਰੇ ਗ੍ਰੰਥ ਤਬਾਹ ਕਰ ਦਿੱਤੇ ਗਏ। ਵਿਚਾਰਵਾਦੀਆਂ ਤੇ ਧਰਮਗ੍ਰੰਥਾਂ ਵੱਲੋਂ ਕੀਤੀ ਗਈ ਨਿੰਦਿਆ ਤੋਂ ਹੀ ਲੋਕਾਇਤ ਦਰਸ਼ਨ ਬਾਰੇ ਜਾਣਕਾਰੀ ਇਕੱਠੀ ਹੋ ਸਕੀ ਹੈ। ਲੋਕਾਇਤ, ਸਾਂਖ ਅਤੇ ਨਿਆਏ ਵੈਸ਼ੇਸ਼ਿਕ ਦਰਸ਼ਨ (ਜਿਸ ਲਈ ਕੌਟਲਿਆ ਨੇ ਉਸ ਦਾ ਪੁਰਾਣਾ ਨਾਂ ‘ਯੋਗ’ ਵਰਤਿਆ ਹੈ) ਪਦਾਰਥਵਾਦੀ ਦਰਸ਼ਨ ਸਨ।

ਇਸ ਤੋਂ ਬਿਨਾਂ ਬੌਧ ਦਾਰਸ਼ਨਿਕ ਦੌਰ ਦੀ ਚੜ੍ਹਤ ਵਲ਼ਲੇ ‘ਯੋਗ’ ਦਾ ਜ਼ਿਕਰ ਵੱਖਰੇ ਅਰਥਾਂ ਵਿੱਚ ਨਜ਼ਰ ਆਉਂਦਾ ਹੈ। ਭਾਰਤ ਵਿੱਚ ਵਿਚਾਰਵਾਦੀ ਦਰਸ਼ਨ ਦੇ ਵਿਕਾਸ ਵਿੱਚ, ਮਹਾਯਾਨ ਬੌਧ ਦਰਸ਼ਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਇਸ ਨੇ ਵਿਚਾਰਵਾਦ ਨੂੰ ਠੋਸ ਵਿਚਾਰਧਾਰਕ ਅਧਾਰ ਮੁਹੱਈਆ ਕਰਾਇਆ। ਇਸ ਦੀਆਂ ਦੋ ਮੁੱਖ ਸ਼ਾਖਾਵਾਂ ਸ਼ੂਨਯਵਾਦ ਅਤੇ ਵਿਗਿਆਨਵਾਦ ਹਨ। ਵਿਗਿਆਨ ਸ਼ਬਦ ਉਸ ਸਮੇਂ ਵਿਚਾਰ ਲਈ ਵਰਤਿਆ ਜਾਂਦਾ ਸੀ। ਵਿਗਿਆਨਵਾਦ ਦਾ ਦੂਜਾ ਨਾਂ ਯੋਗਾਚਾਰ ਦਰਸ਼ਨ ਵੀ ਹੈ। ਯੋਗਾਚਾਰ ਦਾ ਸ਼ਾਬਦਿਕ ਅਰਥ ਹੈ ਯੋਗ ਦਾ ਅਭਿਆਸ ਕਰਨਾ। ਉਹ ਰਹੱਸਮਈ ਸਮਾਧੀ ਅਤੇ ਧਿਆਨ ਧਰਨ ਦੀ ਕਿਰਿਆ ਨਾਲ਼, ਬਾਹਰੀ ਜਗਤ ਤੋਂ ਮਨੋ ਜਗਤ ਵੱਲ ਚੇਤਨਾ ਨੂੰ ਮੋੜਨ ਦਾ ਅਭਿਆਸ ਕਰਨ ‘ਤੇ ਜੋਰ ਦਿੰਦੇ ਸਨ। ਉਹਨਾਂ ਅਨੁਸਾਰ ਮਨ ਜਾਂ ਵਿਚਾਰ ਹੀ ਯਥਾਰਥ ਯਾਨੀ ਕਿ ਸੱਚ ਹੈ। ਮਨ ਜਾਂ ਵਿਚਾਰ ਤੋਂ ਬਾਹਰ ਮੌਜੂਦ ਸੰਸਾਰ ਦੀ ਹੋਂਦ ਨੂੰ ਪੂਰੀ ਤਰਾਂ ਨਕਾਰਦੇ ਸਨ। ‘ਯੋਗ’ ਦੀ ਵਰਤੋਂ ਪਦਾਰਥਵਾਦੀ ਅਤੇ ਵਿਚਾਰਵਾਦੀ ਦੋਹਾਂ ਤਰਾਂ ਦੇ ਚਿੰਤਨ ਵਿੱਚ ਵੱਖਰੇ-ਵੱਖਰੇ ਅਰਥਾਂ ਵਿੱਚ ਕੀਤੀ ਗਈ ਹੈ। ਵਿਚਾਰਵਾਦੀਆਂ ਦੀ ਧਿਆਨ ਜਾਂ ਸਮਾਧੀ ਦੇ ਰੂਪ ਵਿੱਚ ਸਥਾਪਤ ਕੀਤੀ ਗਈ ਧਾਰਨਾ, ਯੋਗ ਸਬੰਧੀ ਅੱਜ ਦੇ ਸਮੇਂ ਵਿੱਚ ਵੀ ਸਾਫ਼ ਨਜ਼ਰ ਆਉਂਦੀ ਹੈ। ਅਸੀਂ ਵੇਖਿਆ ਕਿ ਪ੍ਰਮਾਣੂ ਸਿਧਾਂਤ ਵਾਲ਼ੇ ਪਦਾਰਥਵਾਦੀ ਦਰਸ਼ਨ ‘ਨਿਆਏ ਵੈਸ਼ੇਸ਼ਿਕ’ ਦਰਸ਼ਨ ਦਾ ਪੁਰਾਣਾ ਨਾਂ ‘ਯੋਗ’ ਦਰਸ਼ਨ ਹੈ, ਦੂਜੇ ਪਾਸੇ ਮਹਾਯਾਨ ਬੌਧ ਦਰਸ਼ਨ ਦੀ ਇੱਕ ਮੁੱਖ ਸ਼ਾਖਾ ਜੋ ਕਿ ਵਿਚਾਰਵਾਦ ਦੀ ਮਜ਼ਬੂਤ ਧਿਰ ਦੇ ਤੌਰ ‘ਤੇ ਉੱਭਰਦੀ ਹੈ, ਉਸ ਦਾ ਨਾਂ ਵੀ ਯੋਗਾਚਾਰ ਦਰਸ਼ਨ ਹੈ। ਇਸ ਲਈ ਯੋਗ ਦਾ ਸਵਾਲ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ।

ਵਰਤਮਾਨ ਸਮੇਂ ਵਿੱਚ ਜਿਸ ਯੋਗ ਦੀ ਚਰਚਾ ਹੈ, ਉਸ ਦਾ ਸਬੰਧ ਪਤੰਜਲੀ ਦੇ ਯੋਗ ਸੂਤਰ ਨਾਲ਼ ਜੋੜਿਆ ਜਾਂਦਾ ਹੈ। ਪਤੰਜਲੀ ਪੁਰਾਤਨ ਸਮੇਂ ਵਿੱਚ ਇੱਕ ਵੱਡੇ ਵਿਦਵਾਨ ਹੋਏ ਹਨ। ਦੇਵੀ ਪ੍ਰਸਾਦ ਚਟੋਪਾਧਿਆਏ ਅਨੁਸਾਰ ਪਤੰਜਲੀ ਯੋਗ ਸੂਤਰ ਦੇ ਮੌਲਿਕ ਲੇਖਕ ਹੋਣ ਦੀ ਥਾਂ ਉਸ ਦੇ ਸੰਪਾਦਕ ਸਨ। ਰਾਹੁਲ ਸਾਂਕਰਤਾਇਨ ਵੀ ਲਿਖਦੇ ਹਨ ਕਿ ਪਤੰਜਲੀ ਨੇ ਯੋਗ ਸੂਤਰ ਦੇ ਹਰੇਕ ਅਧਿਆਏ ਦੇ ਅੰਤ ਵਿੱਚ ਲਿਖਿਆ ਹੈ ਕਿ ਇਹ ‘ਸਾਂਖ’ ਦੇ ਅਨੁਸਾਰ ‘ਯੋਗ’ ਦੀਆਂ ਵਿਧੀਆਂ ਦਾ ਲੇਖਾ ਜੋਖਾ ਹੈ। ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਸਾਂਖ ਦਰਸ਼ਨ ਜੋ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲ਼ਾ ਪਦਾਰਥਵਾਦੀ ਦਰਸ਼ਨ ਹੈ, ਪਤੰਜਲੀ ਉਸ ਦਾ ਸਬੰਧ ਆਪਣੇ ਈਸ਼ਵਰਵਾਦੀ ਦਰਸ਼ਨ ਨਾਲ਼ ਜੋੜਦੇ ਹਨ। ਕਈ ਵਿਦਵਾਨਾਂ ਨੇ ਯੋਗ ਨੂੰ ਈਸ਼ਵਰਵਾਦੀ ਸਾਂਖ ਦਾ ਨਾਂ ਵੀ ਦਿੱਤਾ ਹੈ। ਪਤੰਜਲੀ ਦੇ ਯੋਗ ਦਰਸ਼ਨ ਅਤੇ ਯੋਗ ਦੀਆਂ ਸਰੀਰਕ ਕਿਰਿਆਵਾਂ ਵਿੱਚ ਸਾਂਖ ਦਰਸ਼ਨ ਦੀ ਛਾਪ ਬੜੀ ਸਪਸ਼ੱਟ ਨਜ਼ਰ ਆਉਂਦੀ ਹੈ। ਪਰ ਉਸ ਵਿੱਚ ਵਰਣਿਤ ਈਸ਼ਵਰ ਦੀ ਧਾਰਨਾ ਦਾ ਸਾਂਖ ਦੇ ਸਿਧਾਂਤਾਂ ਨਾਲ਼ ਬੁੱਧੀਸੰਗਤ ਤਾਲਮੇਲ ਨਹੀਂ ਬਣਦਾ। ਈਸ਼ਵਰ ਧੱਕੇ ਨਾਲ ਸਾਂਖ ਦਰਸ਼ਨ ‘ਤੇ ਥੋਪਿਆ ਨਜ਼ਰ ਆਉਂਦਾ ਹੈ। ਜਾਬਰ ਜਗੀਰੂ ਸਮਾਜ ਵਿੱਚ, ਹਾਕਮਾਂ ਅਤੇ ਧਰਮ-ਅਧਿਕਾਰੀਆਂ ਦੇ ਦਬਾਅ ਦਾ ਅਸਰ ਨਜ਼ਰ-ਅੰਦਾਜ ਕਰਕੇ, ਪੁਰਾਤਨ ਸਮੇਂ ਵਿੱਚ ਗਿਆਨ-ਵਿਗਿਆਨ ਦੇ ਹਰੇਕ ਖੇਤਰ ਵਿੱਚ ਹੋਏ ਸ਼ਾਨਦਾਰ ਕੰਮ ਦੇ ਅਸਲ ਸੱਚ ਤੱਕ ਪਹੁੰਚਣਾ ਮੁਸ਼ਕਲ ਹੈ।

ਵੱਖ-ਵੱਖ ਇਤਿਹਾਸਕ ਦੌਰਾਂ ਵਿੱਚ ਯੋਗ ਦੇ ਹਾਕਮਾਂ ਲਈ ਅਤੇ ਆਮ ਲੋਕਾਂ ਲਈ, ਵੱਖਰੇ ਅਰਥ ਰਹੇ ਹਨ। ਮੁੱਢਲੇ ਆਦਿਮ ਕਬਾਇਲੀ ਸਮਾਜ ਤੋਂ ਲੈ ਕੇ ਅੱਜ ਦੇ ਸਾਮਰਾਜਵਾਦੀ ਸਰਮਾਏਦਾਰੀ ਦੇ ਯੁੱਗ ਤੱਕ ਯੋਗ ਦੇ ਅਰਥਾਂ ਅਤੇ ਇਸ ਦੀ ਵਰਤੋਂ ਵਿੱਚ ਤਬਦੀਲੀ ਦਾ ਪੂਰਾ ਇਤਿਹਾਸ ਹੈ। ਕੋਈ ਵੀ ਚੀਜ਼ ਤਬਦੀਲੀ ਦੇ ਨੇਮਾਂ ਤੋਂ ਸੁਤੰਤਰ ਨਹੀ ਹੁੰਦੀ। ਮੁੱਢ ਕਦੀਮੀ ਸਾਮਵਾਦੀ ਸਮਾਜ ਆਪਣੇ ਮੁੱਢਲੇ ਦੌਰ ਵਿੱਚ ਟੋਟਮ ਅਤੇ ਜਾਦੂ ਦੀਆਂ ਕਿਰਿਆਵਾਂ ਵਿੱਚੋਂ ਗੁਜ਼ਰਦਾ ਹੋਇਆ ਧਰਮ ਤੇ ਦਰਸ਼ਨ ਦੀ ਮੰਜ਼ਲ ਤੱਕ ਪਹੁੰਚਦਾ ਹੈ। ਧਰਮ ਤੇ ਦਰਸ਼ਨ ਦਾ ਜਨਮ ਸਮਾਜ ਦੇ ਜਮਾਤਾਂ ਵਿੱਚ ਵੰਡੇ ਜਾਣ ‘ਤੇ ਹੀ ਸੰਭਵ ਹੋਇਆ। ਜਾਦੂ ਦੀਆਂ ਕਿਰਿਆਵਾਂ ਵਿੱਚ ਆਦਿਮ ਮਨੁੱਖ ਕੁਦਰਤ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਮਜ਼ਬੂਤ ਕਰਦਾ ਸੀ ਅਤੇ ਨਾਲ਼ ਹੀ ਕੁਦਰਤ ਨੂੰ ਆਦੇਸ਼ ਵੀ ਦਿੰਦਾ ਸੀ। ਬਾਅਦ ਦੇ ਸਮੇਂ ਵਿੱਚ ਵਿਕਸਿਤ ਹੋਈਆਂ ਯੋਗ ਦੀਆਂ ਕਸਰਤਾਂ ਦੀਆਂ ਮੂਲ ਜੜ੍ਹਾਂ ਇਹਨਾਂ ਕਿਰਿਆਵਾਂ ਵਿੱਚ ਲੱਭੀਆਂ ਜਾ ਸਕਦੀਆਂ ਹਨ। ਅੱਗੇ ਜਾ ਕੇ ਸਾਂਖ ਵਰਗੇ ਪਦਾਰਥਵਾਦੀ ਦਰਸ਼ਨ ਦਾ ਪ੍ਰਕਿਰਤੀ (ਪ੍ਰਧਾਨ) ਅਤੇ ਪੁਰਸ਼ ਦਾ ਸਿਧਾਂਤ, ਇਸ ਦਾ ਵਿਚਾਰਧਾਰਕ ਅਧਾਰ ਬਣਿਆ। ਦਰਸ਼ਨ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਭਾਵੇਂ ਦਰਸ਼ਨ ਦਾ ਸਾਰਾ ਇਤਿਹਾਸ ਪਦਾਰਥਵਾਦ ਅਤੇ ਵਿਚਾਰਵਾਦ ਵਿੱਚ ਸੰਘਰਸ਼ ਦਾ ਇਤਿਹਾਸ ਹੈ ਪਰ ਮੁੱਢਲੇ ਦੌਰ ਵਿੱਚ ਪਦਾਰਥਵਾਦੀ ਧਾਰਾ ਹਾਵੀ ਨਜ਼ਰ ਆਓਂਦੀ ਹੈ। ‘ਅਨੁਭਵ ਹੀ ਸੱਚ ਜਾਨਣ ਦਾ ਸਹੀ ਮਾਰਗ ਹੈ’- ਇਹ ਧਾਰਨਾ ਸ਼ੁਰੂਆਤੀ ਦੌਰ ਵਿੱਚ ਹਾਵੀ ਸੀ। ਜਿਵੇਂ ਜਿਵੇਂ ਜਮਾਤੀ ਸਮਾਜ ਦੇ ਵਿਕਾਸ ਨਾਲ ਵਿਚਾਰਵਾਦ ਜੋਰ ਫੜਨ ਲੱਗਾ ਤਾਂ ਇਹ ਵਿਚਾਰ ਆਇਆ ਕਿ ਗਿਆਨ-ਇੰਦਰੀਆਂ ਦੁਆਰਾ ਹਾਸਲ ਅਨੁਭਵ ਗਲਤ ਜਾਂ ਭੁਲੇਖਾ ਪਾਊ ਹੋ ਸਕਦਾ ਹੈ। ਗਿਆਨ ਹੀ ਸੱਚ ਤਕ ਪਹੁੰਚਣ ਦਾ ਸਹੀ ਰਸਤਾ ਹੈ। ਉਹਨਾਂ ਦੇ ਗਿਆਨ ਦਾ ਮਤਲਬ ਸੀ ਕਿ ਦਿਖਾਈ ਦਿੰਦਾ ਸੰਸਾਰ ਝੂਠਾ ਹੈ, ਜਿਸ ਨੇ ਇਹ ਗਿਆਨ ਹਾਸਲ ਕਰ ਲਿਆ ਉਸ ਨੇ ਸੱਚ ਪਾ ਲਿਆ। ਵਿਚਾਰ ਜਾਂ ਪਰਮ ਵਿਚਾਰ ਹੀ ਅੰਤਮ ਸੱਚ ਹੈ। ਏਹੋ ਹੀ ਬ੍ਰਹਮ ਗਿਆਨ ਹੈ। ਪਰ ਜਾਗੀਰਦਾਰੀ ਤੱਕ ਪਹੁੰਚਦਿਆਂ ਇਹ ਵੀ ਕਾਫੀ ਨਾ ਰਿਹਾ। ਜਗੀਰਦਾਰੀ ਪ੍ਰਬੰਧ ਆਮ ਲੁੱਟੇ-ਪੁੱਟੇ ਜਾਂਦੇ ਲੋਕਾਂ ਦੇ ਪੂਰਨ ਸਮਰਪਣ ਦੀ ਮੰਗ ਕਰਦਾ ਸੀ। ਵਿਚਾਰਵਾਦੀ ਚਿੰਤਕਾਂ ਨੇ ਕਿਹਾ ਕਿ ਅਨੁਭਵ ਦੇ ਮਾਰਗ ਵਾਂਗ ਗਿਆਨ ਦਾ ਮਾਰਗ ਵੀ ਗਲਤ ਸੂਚਨਾ ਦੇ ਸਕਦਾ ਹੈ, ਭੁਲੇਖਾ ਪਾਊ ਹੋ ਸਕਦਾ ਹੈ। ਇਸ ਲਈ ਧਿਆਨ ਜਾਂ ਅੰਤਰਮੁਖੀ ਸਮਾਧੀ ਹੀ ਸੱਚ ਤੱਕ ਪਹੁੰਚਣ ਦਾ ਮਾਰਗ ਹੈ। ਪੂਰਨ ਸਮਰਪਣ ਅਤੇ ਭਗਤੀ ਦੇ ਸਿਧਾਂਤ ਤਹਿਤ ਦਰਸ਼ਨ ਧਰਮ ਦੇ ਅਧੀਨ ਹੋ ਗਿਆ। ਇਸ ਤੋਂ ਬਾਅਦ ਹਰ ਤਰਾਂ ਦੇ ਤਰਕਸੰਗਤ ਸਿਧਾਂਤਾਂ ਨੂੰ ਵੀ ਧਰਮ ਦੀ ਪ੍ਰਵਾਨਗੀ ਦੀ ਲੋੜ ਪੈਣ ਲੱਗੀ।

ਅੱਜ ਅਸੀਂ ਸਰਮਾਏਦਾਰੀ ਦੌਰ ਵਿੱਚ ਰਹਿ ਰਹੇ ਹਾਂ। ਇਹ ਆਪਣੇ ਬਚਪਨ ਅਤੇ ਜਵਾਨੀ ਦੇ ਦੌਰ ਨੂੰ ਪਾਰ ਕਰਕੇ ਬੁਢਾਪੇ ਦੀ ਅਵਸਥਾ ਵਿੱਚ ਆ ਗਿਆ ਹੈ। ਜਗੀਰਦਾਰੀ ਪ੍ਰਬੰਧ ਨੂੰ ਖਤਮ ਕਰਕੇ ਇਤਿਹਾਸ ਵਿੱਚ ਅਗਾਂਹਵਧੂ ਭੂਮਿਕਾ ਨਿਭਾਉਣ ਵਾਲ਼ਾ ਇਹ ਪ੍ਰਬੰਧ, ਅੱਜ ਪਰਜੀਵੀ ਅਤੇ ਮਨੁੱਖ ਵਿਰੋਧੀ ਸੱਭਿਆਚਾਰ ਦਾ ਵਾਹਕ ਬਣ ਗਿਆ ਹੈ। ਖਾਸ ਕਰਕੇ ਪਿਛਲੀ ਸਦੀ ਦੇ ਆਖਰੀ ਦਹਾਕਿਆਂ ਤੋਂ ਸ਼ੁਰੂ ਹੋਏ ਨਵ-ਉਦਾਰੀਕਰਨ ਦੇ ਇਸ ਦੌਰ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਜਮਹੂਰੀਅਤ ਸੁੰਗੜ ਰਹੀ ਹੈ, ਸੱਜੇਪੱਖੀ ਫਾਸੀਵਾਦੀ ਰੁਝਾਨ ਜੋਰ ਫੜ ਰਹੇ ਹਨ। ਭਾਰਤ ਵਿੱਚ ਹਿੰਦੂਤਵ ਦੇ ਏਜੰਡੇ ਤਹਿਤ ਅੰਧ ਕੌਮਵਾਦੀ ਜਨੂੰਨ ਫੈਲਾਇਆ ਜਾ ਰਿਹਾ ਹੈ। ਇਤਿਹਾਸ, ਦਰਸ਼ਨ, ਕਲਾ, ਸਾਹਿਤ, ਅਤੇ ਗਿਆਨ-ਵਿਗਿਆਨ ਦੇ ਹਰੇਕ ਖੇਤਰ ਵਿੱਚ ਅਜ਼ਾਦ ਤੇ ਸੁਤੰਤਰ ਚਿੰਤਨ ਦਾ ਖਾਤਮਾ ਕਰਕੇ ਫਾਸੀਵਾਦੀ ਪ੍ਰਯੋਗ ਕੀਤੇ ਜਾ ਰਹੇ ਹਨ। ਸਰਮਾਏਦਾਰਾ ਸੰਕਟ ਦੇ ਇਸ ਗੰਭੀਰ ਦੌਰ ਵਿੱਚ ਬੁਰਜੂਆ ਵਿਚਾਰਧਾਰਕ ਦਬਦਬਾ ਕਾਇਮ ਰੱਖਣ ਲਈ, ਧਾਰਮਿਕ ਜਾਤੀਵਾਦੀ ਤੇ ਕੌਮਵਾਦੀ ਵਿਚਾਰਾਂ ਨੂੰ ਹਵਾ ਦੇ ਕੇ, ਲੋਕਾਂ ਵਿੱਚ ਮੌਜੂਦ ਹੱਕ, ਸੱਚ, ਅਜ਼ਾਦੀ ਤੇ ਨਿਆਂ ਲਈ ਲੜਨ ਵਾਲ਼ੀਆਂ ਪਹਿਲਕਦਮੀਆਂ ਦਾ ਰਸਤਾ ਰੋਕਿਆ ਜਾ ਰਿਹਾ ਹੈ। ਇਸ ਫਾਸੀਵਾਦੀ ਵਿਚਾਰਧਾਰਕ ਮੁਹਿੰਮ ਤਹਿਤ ਅਤੀਤ ਦੀ ਮਹਿਮਾ, ਇਤਿਹਾਸ ਤੇ ਮਿਥਿਹਾਸ ਨੂੰ ਹਾਕਮ ਜਮਾਤਾਂ ਦੇ ਏਜੰਡੇ ਮੁਤਾਬਕ ਘੜ ਤਰਾਸ਼ ਕੇ, ਵਿਚਾਰਧਾਰਕ ਸੰਦ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ। ਇਸ ਸੰਦਰਭ ਵਿੱਚ ‘ਯੋਗ’ ਦਾ ਪ੍ਰਚਾਰ, ਇਸ ਫਾਸੀਵਾਦੀ ਮੁਹਿੰਮ ਦਾ ਇਕ ਬੇਹੱਦ ਕਾਰਗਰ ਹਥਿਆਰ ਹੈ ਕਿਉਂਕਿ ਯੋਗ ਦੇ ਸਿਹਤ ਲਈ ਕਸਰਤਾਂ ਦੇ ਰੂਪ ਵਿੱਚ ਉਪਯੋਗੀ ਪੱਖ ਨੂੰ ਵਰਤ ਕੇ, ਦਾਰਸ਼ਨਿਕ ਤੇ ਵਿਚਾਰਧਾਰਕ ਪੱਧਰ ‘ਤੇ ਵਿਚਾਰਵਾਦ ਪਰੋਸਿਆ ਜਾ ਰਿਹਾ ਹੈ। ਆਮ ਤੌਰ ‘ਤੇ ਵਿਚਾਰਵਾਦ ਮਨੁੱਖੀ ਇਤਿਹਾਸ ਵਿੱਚ ਹਾਕਮਾਂ ਦੇ ਹੱਕ ਵਿੱਚ ਹੀ ਭੁਗਤਿਆ ਹੈ। ਜੇ ਕਿਤੇ ਇਤਿਹਾਸ ਵਿੱਚ ਧਾਰਮਿਕ ਅਤੇ ਵਿਚਾਰਵਾਦੀ ਸਿਧਾਂਤਾਂ ਨੇ ਜਨ-ਸਮੂਹਾਂ ਦੀ ਅਗਵਾਈ ਕੀਤੀ ਵੀ ਹੈ ਤਾਂ ਉਹਨਾਂ ਖਾਸ ਇਤਿਹਾਸਿਕ ਦੌਰਾਂ ਦਾ ਲੇਖਾ ਜੋਖਾ ਇੱਕ ਵੱਖਰਾ ਵਿਸ਼ਾ ਹੈ। ਸਰਲ ਸ਼ਬਦਾਂ ਵਿੱਚ ਜਦੋਂ ਵਿਚਾਰਵਾਦ ਤੇ ਪਦਾਰਥਵਾਦ ਦੇ ਸੰਘਰਸ਼ ਵਿੱਚ ਵਿਰੋਧ ਨੂੰ ਸਖਤੀ ਨਾਲ਼ ਦਬਾ ਦਿੱਤਾ ਜਾਂਦਾ ਰਿਹਾ ਹੈ ਤਾਂ ਇਸ ਵਿਚਲੀ ਵਿਰੋਧਤਾਈ ਸਥਾਪਤ ਕਦਰਾਂ ਕੀਮਤਾਂ ਦੇ ਅੰਦਰੋਂ ਹੀ ਕੋਈ ਰਸਤਾ ਲੱਭ ਲੈਂਦੀ ਹੈ।

ਅਜੋਕੇ ਸਾਮਰਾਜਵਾਦੀ ਦੌਰ ਵਿੱਚ, ਜੋ ਸਰਮਾਏਦਾਰੀ ਦਾ ਆਖਰੀ ਪੜਾਅ ਹੈ, ਵਿਚਾਰਵਾਦੀ ਦਰਸ਼ਨ ਅਤੇ ਇਸ ਦੇ ਸਹਿਯੋਗੀ ਹਰ ਤਰਾਂ ਦੇ ਪਛੜੇ ਵਿਚਾਰ ਮਜ਼ਦੂਰ ਜਮਾਤ ਦੇ ਮੁਕਤੀ ਸੰਗਰਾਮ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਦੇ। ਸਰਮਾਏਦਾਰਾ ਪ੍ਰਬੰਧ ਦੀ ਮਜ਼ਬੂਤ ਢਾਲ਼ ਬੁਰਜੂਆ ਵਿਚਾਰਧਾਰਕ ਦਬਦਬੇ ਨੂੰ ਹਰਾਉਣ ਲਈ, ਹਰ ਤਰਾਂ ਦੇ ‘ਵਿਚਾਰਵਾਦ’ ਵਿਰੁੱਧ ਬੇਕਿਰਕ ਸੰਘਰਸ਼ ਲੁੱਟ-ਖਸੁੱਟ ਤੋਂ ਮੁਕਤ ਜਮਾਤ ਰਹਿਤ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਦੀ ਬੁਨਿਆਦੀ ਸ਼ਰਤ ਬਣ ਗਿਆ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements