ਵਿਆਹ ਲਈ ਔਰਤਾਂ ਨੂੰ ਪਸ਼ੂਆਂ ਦੀ ਤਰ੍ਹਾਂ ਖਰੀਦਿਆ-ਵੇਚਿਆ ਜਾਂਦਾ ਹੈ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਔਰਤਾਂ ਨਾਲ ਹੁੰਦੇ ਜ਼ਬਰ ਦੀ ਦਾਸਤਾਨ ਬਹੁਤ ਲੰਬੀ ਹੈ। ਜਦੋਂ ਤੋਂ ਜਮਾਤੀ ਸਮਾਜ ਹੋਂਦ ਵਿੱਚ ਆਇਆ ਓਦੋਂ ਤੋਂ ਹੀ ਔਰਤਾਂ ਦੀ ਗੁਲਮੀ ਦੀ ਸ਼ੁਰੂਆਤ ਹੋ ਗਈ ਸੀ। ਅਨੇਕਾਂ ਕੁਪ੍ਰਥਾਵਾਂ ਸ਼ੁਰੂ ਤੋਂ ਹੀ ਉਨ੍ਹਾਂ ਦੇ ਪੈਰਾਂ ਦੀ ਜੰਜ਼ੀਰ ਬਣੀਆਂ ਰਹੀਆਂ ਹਨ। ਇਸੇ ਜੰਜ਼ੀਰ ਦੀ ਇੱਕ ਕੜੀ ਹੈ ਵਿਆਹ ਲਈ ਔਰਤਾਂ ਦੀ ਖਰੀਦੋ-ਫਰੋਖਤ। ਗੁਲਾਮਦਾਰੀ ਤੋਂ ਚੱਲਿਆ ਆ ਰਿਹਾ ਇਹ ਅਣਮਨੁੱਖੀ ਅਪਰਾਧ ਅੱਜ ਵੀ ਸਾਡੇ ਸਮਾਜ ਵਿੱਚ ਗੰਭੀਰ ਰੂਪ ਵਿੱਚ ਮੌਜੂਦ ਹੈ।

ਉਂਞ ਤਾਂ ਇਹ ਸਮੱਸਿਆ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਵੱਡੇ ਪੱਧਰ ਤੇ ਹੈ, ਪਰ ਭਾਰਤ ਦੇ ਕਈ ਰਾਜਾਂ ਵਿੱਚ ਇਹ ਗੰਭੀਰ ਰੂਪ ਵਿੱਚ ਮੌਜੂਦ ਹੈ। ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਅਸਾਮ ਤੇ ਬੰਗਾਲ ਸ਼ਾਮਲ ਹਨ।

ਹਰਿਆਣੇ ਵਿੱਚ ਵਿਆਹ ਲਈ ਲੜਕੀਆਂ ਦੀ ਖਰੀਦੋ-ਫਰੋਖਤ ਇੱਕ ਆਮ ਗੱਲ ਹੈ। ਔਰਤ ਵਿਰੋਧੀ ਅਪਰਾਧਾਂ ਦੇ ਮੁੱਖ ਕੇਂਦਰ ਇਸ ਰਾਜ ਵਿੱਚ ਜਨਗਣਨਾ ਅਨੁਸਾਰ 1000 ਮੁੰਡਿਆਂ ਦੇ ਅਨੁਪਾਤ ‘ਚ 879 ਕੁੜੀਆਂ ਹਨ। ਜਿਸ ਕਾਰਨ ਬਾਹਰਲੇ ਰਾਜਾਂ ਤੋਂ ਕੁੜੀਆਂ ਖਰੀਦੀਆਂ ਜਾਂਦੀਆਂ ਹਨ। ਇੱਕ ਸਰਵੇਖਣ ਅਨੁਸਾਰ ਦੱਖਣੀ ਰਾਜਾਂ ਵਿੱਚ 10,000 ਪਿੱਛੇ 9000 ਵਿਆਹ ਦੂਜੇ ਰਾਜਾਂ ਤੋਂ ਕੁੜੀਆਂ ਖਰੀਦ ਕੇ ਕੀਤੇ ਹੋਏ ਹਨ।

ਹਰਿਆਣੇ ਦੇ ਇੱਕ ਪਿੰਡ ਲੁਹਿੰਗਾ-ਖੁਰਦ ਦੇ ਸਰਪੰਚ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਇੱਥੇ ਹਰ ਪਿੰਡ ਵਿੱਚ ਘੱਟੋ-ਘੱਟ 15 ਕੁੜੀਆਂ ਖਰੀਦੀਆਂ ਹੋਈਆਂ ਹਨ। ਜਿਨ੍ਹਾਂ ਨੂੰ ‘ਮੁੱਲ ਦੀ ਤੀਵੀਂ’ ਕਿਹਾ ਜਾਂਦਾ ਹੈ। ਇਹਨਾਂ ਨੂੰ ਗਾਲੀ-ਗਲੌਚ ਤੇ ਅਪਮਾਨ ਸਹਿਣਾ ਪੈਂਦਾ ਹੈ।

ਗੁਲਸ਼ਨ ਨਾਮ ਦੇ ਇੱਕ ਆਦਮੀ ਨੇ ਇੰਟਰਵਿਊ ਦੌਰਾਨ ਕਿਹਾ-  ”ਗਰੀਬ ਲੋਕ ਆਪਣੀਆਂ ਕੁੜੀਆਂ ਵਿਆਉਣ ਲਈ ਦਾਜ਼ ਨਹੀਂ ਦੇ ਸਕਦੇ। ਜੇ ਉਹ ਆਪਣੀਆਂ ਕੁੜੀਆਂ ਹਰਿਆਣੇ ਭੇਜਦੇ ਹਨ ਤਾਂ ਉਹਨਾਂ ਨੂੰ ਦਾਜ਼ ਨਹੀਂ ਦੇਣਾ ਪੈਂਦਾ ਤੇ ਇਸ ਬਦਲੇ ਪੈਸੇ ਵੀ ਮਿਲ ਜਾਂਦੇ ਹਨ ਤੇ ਦੂਜੇ ਪਾਸੇ ਆਦਮੀ ਨੂੰ ਔਰਤ ਵੀ ਮਿਲ ਜਾਂਦੀ ਹੈ। ਦੋਨਾ ਦਾ ਫਾਇਦਾ ਹੈ।” ਉਸਨੇ ਦੱਸਿਆ ਕਿ ਖੁਦ ਵੀ ਉਸਨੇ ਆਪਣੀ ਪਤਨੀ ਨੂੰ ਬਿਹਾਰ ਤੋਂ 3900 ਰੁਪਏ ‘ਚ ਖਰੀਦਿਆ ਸੀ।

ਰਜ਼ੀਆ ਨਾਮ ਦੀ ਇੱਕ ਔਰਤ ਦਾ ਕਹਿਣਾ ਸੀ ਉਸਨੂੰ ਯਾਦ ਵੀ ਨਹੀਂ ਕਿ ਉਸਨੂੰ ਕਿੰਨੀ ਵਾਰ ਵੇਚਿਆ ਗਿਆ। ਉਸਨੂੰ ਆਪਣੇ ਖਰੀਦਦਾਰਾਂ ਦੀਆਂ ਸ਼ਕਲਾਂ ਤੱਕ ਯਾਦ ਨਹੀਂ। ਜਦੋਂ ਉਹ 14 ਸਾਲ ਦੀ ਸੀ ਤਾਂ ਬਿਹਾਰ ਤੋਂ ਖਰੀਦ ਕੇ ਰਾਜਸਥਾਨ ਭੇਜੀ ਗਈ ਸੀ। ਉਸ ਨਾਲ਼ ਪੰਜ ਆਦਮੀਆਂ ਦੁਆਰਾ ਬਲਾਤਕਾਰ ਕਰਨ ਤੋਂ ਬਾਅਦ ਇੱਕ ਆਦਮੀ ਨੂੰ ਵੇਚਿਆ ਗਿਆ ਜੋ 6 ਕੁੜੀਆਂ ਦਾ ਪਿਓ ਸੀ ਅਤੇ ਉਸਨੇ ਰਜ਼ੀਆ ਨੂੰ ਮੁੰਡਾ ਪੈਦਾ ਕਰਨ ਲਈ ਖਰੀਦਿਆ ਸੀ। ਉਸ ਨਾਲ਼ ਕੁੱਟ-ਮਾਰ, ਗਾਲੀ-ਗਲੌਚ ਤੇ ਪਾਸ਼ਵਿਕ ਵਿਵਹਾਰ ਕੀਤਾ ਜਾਂਦਾ ਸੀ। ਮੁੰਡਾ ਪੈਦਾ ਹੋਣ ਤੋਂ ਬਾਅਦ ਉਸਨੂੰ ਦੁਬਾਰਾ ਵੇਚ ਦਿੱਤਾ ਗਿਆ। ਉਦੋਂ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ।

ਮੁਕਲੇਸ਼ਾ ਨਾਮ ਦੀ ਇੱਕ ਕੁੜੀ ਨੂੰ 12 ਸਾਲ ਦੀ ਉਮਰ ਵਿੱਚ 70 ਸਾਲ ਦੇ ਆਦਮੀ ਨੂੰ ਵੇਚ ਦਿੱਤਾ ਗਿਆ ਸੀ। ਉਸਦੇ ਇੱਕ ਬੱਚਾ ਹੋਣ ਤੋਂ ਤਿੰਨ ਸਾਲ ਬਾਅਦ ਉਹ ਆਦਮੀ ਮਰ ਗਿਆ ਤੇ ਮੁਕਲੇਸ਼ਾ ਨੂੰ ਫਿਰ ਦੁਬਾਰਾ ਵੇਚਣ ਲਈ ਭੇਜ ਦਿੱਤਾ ਗਿਆ। ਇਸ ਵਾਰ ਉਸ ਦਾ ਖਰੀਦਦਾਰ ਇੱਕ ਖਤਰਨਾਕ ਆਦਮੀ ਸੀ। ”ਉਹ ਮੈਨੂੰ ਖਾਣਾ ਨਹੀਂ ਦਿੰਦਾ ਸੀ ਤੇ ਖੇਤਾਂ ‘ਚ ਲਿਜਾ ਕੇ ਮੇਰੇ ਮੂੰਹ ਵਿੱਚ ਮਿੱਟੀ ਭਰ ਕੇ ਕੁੱਟਦਾ ਸੀ।”

ਇਸ ਅਣਮਨੁੱਖੀ ਅਪਰਾਧ ਲਈ ਵੱਡੇ ਪੱਧਰ ਤੇ ਕੁੜੀਆਂ ਨੂੰ ਅਗਵਾਹ ਕੀਤਾ ਜਾਂਦਾ ਹੈ। ਕੌਮੀ ਅਪਰਾਧ ਬਿਊਰੋ ਅਨੁਸਾਰ ਸਿਰਫ 2012 ਵਿੱਚ 10 ਤੋਂ 30 ਸਾਲ ਦੀਆਂ 22,000 ਕੁੜੀਆਂ ਨੂੰ ਅਗਵਾਹ ਕਰਕੇ ਵਿਆਹ ਲਈ ਵੇਚਿਆ ਗਿਆ। ਇਹ ਖਰੀਦੋ-ਫਰੋਖਤ ਲਗਾਤਾਰ ਜਾਰੀ ਹੈ।

ਕਈ ਤਬਕਿਆਂ ਵਿੱਚ ਤਾਂ ਕੁੜੀਆਂ ਨੂੰ ਵੇਚਣ ਲਈ ਪਾਲਿਆ ਜਾਂਦਾ ਹੈ। ਇੱਕ ਪ੍ਰਥਾ ਅਨੁਸਾਰ ਕੁੜੀ ਦਾ ਵਿਆਹ ਗਾਂਵ ਬਦਲੇ ਕੀਤਾ ਜਾਂਦਾ ਹੈ। ਕੁੜੀ ਦੇ ਰੰਗ-ਰੂਪ ਤੇ ਉਮਰ ਅਨੁਸਾਰ ਉਸਦੀ ਕੀਮਤ ਗਾਂਵ ਦੀ ਗਿਣਤੀ ਬਦਲੇ ਤੈਅ ਕੀਤੀ ਜਾਂਦੀ ਹੈ।

ਔਰਤਾਂ ਦੀ ਅਜ਼ਾਦੀ ਤੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹੋਣ ਦਾ ਪੀਪਨੀ ਰਾਗ ਆਮ ਸੁਣਨ ਨੂੰ ਮਿਲਦਾ ਹੈ। ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਮਨੁੱਖਤਾ ਦੇ ਇਸ ਨਿਘਾਰ ਖਿਲਾਫ ਕੁੱਝ ਅਵਾਜ਼ਾਂ ਉੱਠਦੀਆਂ ਹਨ ਤਾਂ ਸਵਿਧਾਨ ਦੇ ਸੋਹਲੇ ਗਾ ਕੇ ਇਸੇ ਢਾਂਚੇ ‘ਚ ਮਾੜੇ-ਮੋਟੇ ਸੁਧਾਰ ਰਾਹੀਂ ਕੰਮ ਸਾਰਨ ਜਾਂ ਲੋਕਾਂ ਨੂੰ ਨੈਤਿਕਤਾ ਤੇ ਇਨਸਾਨੀਅਤ ਸਲੋਕ ਪੜ੍ਹਵਾ ਕੇ ਚੁੱਪ ਕਰ ਜਾਂਦੀਆਂ ਹਨ। ਪਰ ਅਸਲ ਕਾਰਨ ਤੇ ਹੱਲ ਲੱਭਣ ਤੱਕ ਇਨ੍ਹਾਂ ਦੀ ਸਿਆਹੀ ਮੁੱਕ ਜਾਂਦੀ ਹੈ।

ਭਾਰਤੀ ਸਰਮਾਏਦਾਰੀ ਪ੍ਰਬੰਧ ਜਿਸਨੇ ਜਗੀਰੂ ਪ੍ਰਬੰਧ ਦੇ ਅਨੇਕਾਂ ਵਿਗਾੜਾਂ ਨੂੰ ਆਤਮਸਾਤ ਕਰਕੇ ਹੋਰ ਜ਼ਿਆਦਾ ਅਣਮਨੁੱਖੀ ਤੇ ਘਿਨੌਣੇ ਰੂਪ ‘ਚ ਲੋਕਾਂ ਤੇ ਥੋਪ ਦਿੱਤਾ ਹੈ। ਇਸ ਪ੍ਰਬੰਧ ਅੰਦਰ ਔਰਤਾਂ ਦੀ ਅਜ਼ਾਦੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਰਮਾਏਦਾਰੀ ਪ੍ਰਬੰਧ ਨੇ ਔਰਤਾਂ ਨੂੰ ਜਿਣਸ ਬਣਾ ਕੇ ਮੰਡੀ ਵਿੱਚ ਲਿਆ ਸੁਟਿੱਆ ਹੈ ਜਿੱਥੇ ਉਹਨਾਂ ਨੂੰ ਮੁਨਾਫੇ ਲਈ ਖਰੀਦਿਆ-ਵੇਚਿਆ ਜਾਂਦਾ ਹੈ। ਜਦੋਂ ਤੱਕ ਮੁਨਾਫੇ ਤੇ ਟਿਕਿਆ ਇਹ ਜਮਾਤੀ ਸਮਾਜ ਖਤਮ ਨਹੀਂ ਹੁੰਦਾ, ਉਦੋਂ ਤੱਕ ਅਪਰਾਧਾਂ ਦਾ ਸਿਲਸਿਲਾ ਨਹੀਂ ਰੁਕੇਗਾ। ਔਰਤਾਂ ਦੀ ਅਜ਼ਾਦੀ ਵੀ ਲੁੱਟ ਰਹਿਤ ਸਮਾਜ ਵਿੱਚ ਹੀ ਸੰਭਵ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements