ਵਿਦਿਆਰਥੀ ਲਹਿਰ ਦੇ ਸ਼ਹੀਦ ਪ੍ਰਿਥੀਪਾਲ ਦੀ ਬਰਸੀ ਮੌਕੇ ‘ਸਿੱਖਿਆ ਦਾ ਭਗਵਾਂਕਰਨ’ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਵੱਖ-ਵੱਖ ਇਨਕਲਾਬੀ ਤੇ ਜਨਤਕ ਜੱਥੇਬੰਦੀਆਂ ਵੱਲੋਂ ਬਣਾਈ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਯਾਦਗਾਰ ਕਮੇਟੀ, ਲੁਧਿਆਣਾ ਵੱਲੋਂ ਲੰਘੀ 19 ਜੁਲਾਈ ਨੂੰ ਗੁਰਸ਼ਰਨ ਕਲਾ ਭਵਨ, ਮੁੱਲਾਂਪੁਰ ਵਿਖੇ ਸ਼ਹੀਦ ਪ੍ਰਿਥੀਪਾਲ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ‘ਸਿੱਖਿਆ ਦਾ ਭਗਵਾਂਕਰਨ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਸਾਥੀ ਕੰਵਲਜੀਤ ਖੰਨਾ ਨੇ ਸ਼ਹੀਦ ਪ੍ਰਿਥੀਪਾਲ ਦੇ ਵਿਚਾਰਾਂ ਅਤੇ ਜੀਵਨ ਘਾਲਣਾ ਬਾਰੇ ਗੱਲ ਰੱਖੀ। ਉਹਨਾਂ ਕਿਹਾ ਕਿ ਪ੍ਰਿਥੀਪਾਲ ਰੰਧਾਵਾ ਵਿਦਿਆਰਥੀਆਂ ਹੀ ਨਹੀਂ ਸਗੋਂ ਸਭਨਾਂ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਜੂਝ ਰਹੇ ਸਨ। ਸੱਤਰਵਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਸ਼ਹੀਦ ਪ੍ਰਿਥੀਪਾਲ ਦੀ ਅਗਵਾਈ ਵਿੱਚ ਮੋਗਾ ਘੋਲ਼ ਜਿਹੇ ਵੱਡੇ ਜੂਝਾਰੂ ਘੋਲ਼ ਲੜੇ। ”ਸਿੱਖਿਆ ਦਾ ਭਗਵਾਂਕਰਨ” ਵਿਸ਼ੇ ‘ਤੇ ਵਿਚਾਰ ਰੱਖਦੇ ਹੋਏ ਮੁੱਖ ਬੁਲਾਰੇ ਡਾ. ਪਰਮਿੰਦਰ (ਗੁਰੂ ਨਾਨਕਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਕਿਹਾ ਕਿ ਭਾਰਤ ਵਿੱਚ ਅੰਗਰੇਜ਼ਾਂ ਨੇ ਫਿਰਕੂ ਲੀਕਾਂ ਪਾਈਆਂ ਸਨ। ਉਸੇ ਸਮੇਂ ਤੋਂ ਫਿਰਕੂ ਅਧਾਰ ‘ਤੇ ਸਾਹਿਤ ਰਚਨਾ ਸ਼ੁਰੂ ਹੋ ਗਈ। ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਇਹ ਸਿਲਸਿਲਾ ਜ਼ਾਰੀ ਰਿਹਾ। ਪਾਠ ਪੁਸਤਕਾਂ ਵਿੱਚ ਵੀ ਸਾਨੂੰ ਫਿਰਕੂ ਨਜ਼ਰੀਏ ਤੋਂ ਹੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੀ ਸਿੱਖਿਆ ਸ਼ੁਰੂ ਤੋਂ ਹੀ ਭਗਵੀ ਰਹੀ ਹੈ। ਪੰਜਾਬ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਇਤਿਹਾਸ ਜ਼ਿਆਦਾਤਾਰ ਸਿੱਖ ਧਰਮ ਦੇ ਘੇਰੇ ਅੰਦਰ ਪੜਾਇਆ ਜਾਂਦਾ ਹੈ। ਡਾ. ਪਰਮਿੰਦਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਸਿੱਖਿਆ ਦੇ ਭਗਵਾਂਕਰਨ ਦੀ ਪ੍ਰਕਿਰਿਆ ਜਾਰੀ ਰਹੀ ਹੈ ਇਸ ਵਿੱਚ ਮਾਤਰਾਤਮਕ ਬਦਲਾਅ ਤਾਂ ਆਏ ਹਨ ਪਰ ਕੋਈ ਗੁਣਾਤਮਕ ਬਦਲਾਅ ਨਹੀਂ ਆਇਆ। ਉਹਨਾਂ ਕਿਹਾ ਕਿ ਭਾਜਪਾ ਦੇ ਨਾਲ਼-ਨਾਲ਼ ਕਾਂਗਰਸ ਵੀ ਇੱਕ ਫਿਰਕੂ ਪਾਰਟੀ ਹੀ ਹੈ।

ਇਸ ਵਿਸ਼ੇ ‘ਤੇ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸੂਬਾ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਲਗਾਤਾਰ ਡੂੰਘੇਰੇ ਹੁੰਦੇ ਜਾ ਰਹੇ ਸਰਮਾਏਦਾਰਾ ਆਰਥਿਕ ਸੰਕਟ ਦੇ ਇਸ ਦੌਰ ਵਿੱਚ ਭਾਰਤ ਵਿੱਚ ਜਮਹੂਰੀ ਸਪੇਸ ਲਗਾਤਾਰ ਘੱਟਦੀ ਜਾ ਰਹੀ ਹੈ ਅਤੇ ਪ੍ਰਬੰਧ ਦਾ ਫਾਸੀਵਾਦੀਕਰਨ ਵਧਦਾ ਜਾ ਰਿਹਾ ਹੈ। ਹਿੰਦੂਤਵੀ ਫਿਰਕਾਪ੍ਰਸਤ ਫਾਸੀਵਾਦ ਦਾ ਖਤਰਾ ਮੂੰਹ ਅੱਡੀ ਖੜ੍ਹਾ ਹੈ। ਫਾਸੀਵਾਦੀਕਰਨ ਦੀ ਇਸੇ ਪ੍ਰਕਿਰਿਆ ਦੇ ਅੰਗ ਵਜੋਂ ਸਿੱਖਿਆ ਦੇ ਭਗਵਾਂਕਰਨ ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਵੱਡੀ ਛਲਾਂਗ ਲੱਗੀ ਹੈ। ਸਰਕਾਰ ਵੱਲੋਂ ਤੈਅ ਪਾਠਕ੍ਰਮ ਨੂੰ ਨੰਗੇ ਚਿੱਟੇ ਰੂਪ ਵਿੱਚ ਆਰ.ਐਸ.ਐਸ. ਦੀ ਹਿੰਦੂਤਵੀ ਫਿਰਕਾਪ੍ਰਸਤ ਵਿਚਾਰਧਾਰਾ ਅਨੁਸਾਰ ਢਾਲ਼ਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਅੰਦਰ ਵੀ ਜਮਹੂਰੀ ਸਪੇਸ ਲਗਾਤਾਰ ਘਟਦੀ ਜਾ ਰਹੀ ਹੈ। ਅਜਿਹੀ ਹਾਲਤ ਵਿੱਚ ਉਹਨਾਂ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਰਤੀ ਲੋਕਾਂ ਦੀ ਵਿਸ਼ਾਲ ਲੋਕ ਲਹਿਰ ਦੀ ਅਣਸਰਦੀ ਲੋੜ ਉਤੇ ਜ਼ੋਰ ਦਿੱਤਾ।

ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਆਗੂ ਮਾਸਟਰ ਰਮਨਜੀਤ ਸੰਧੂ ਨੇ ਕਿਹਾ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇੱਕ ਗੈਰਵਿਗਿਆਨਕ ਅਤੇ ਫਿਰਕੂ ਸਿੱਖਿਆ ਦਿੱਤੀ ਜਾ ਰਹੀ ਹੈ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸਿੱਖਿਆ ਦਾ ਭਗਵਾਂਕਰਨ ਵੱਡੀ ਪੱਧਰ ‘ਤੇ ਹੋ ਰਿਹਾ ਹੈ। ਉਹਨਾਂ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਦੇ ਆਗੂ ਕਸਤੂਰੀ ਲਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਸੁਖਦੇਵ ਭੂੰਦੜੀ, ਡੀ.ਟੀ.ਐਫ. ਦੇ ਸਾਬਕਾ ਆਗੂ ਜੋਗਿੰਦਰ ਅਜ਼ਾਦ, ਸੁਰਿੰਦਰ ਸ਼ਰਮਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਬਿਗੁਲ ਮਜ਼ਦੂਰ ਦਸਤਾ ਦੇ ਆਗੂ ਲਖਵਿੰਦਰ ਨੇ ਕੀਤਾ।

ਸਮਾਗਮ ਦੇ ਅੰਤ ਵਿੱਚ ਔਰਬਿਟ ਬੱਸ ਕਾਂਡ ਵਿਰੋਧੀ ਸੰਘਰਸ ਦੌਰਾਨ ਗ੍ਰਿਫਤਾਰ ਕੀਤੇ ਫਰੀਦਕੋਟ ਜੇਲ੍ਹ ਵਿੱਚ ਬੰਦ ਵਿਦਿਆਰਥੀਆਂ ਦੀ ਬਿਨਾਂ ਸ਼ਰਤ ਰਿਹਾਈ, ਪੂਨਾ ਫਿਲਮ ਇੰਡਸਟਰੀ ਦੇ ਹੜਤਾਲੀ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ, ਸਾਥੀ ਵਰਿੰਦਰ ਦਿਵਾਨਾ ਉੱਪਰ ਪਾਏ ਗਏ ਪੁਲਿਸ ਕੇਸ ਦੀ ਨਿਖੇਧੀ ਦੇ ਮਤੇ ਪਾਸ ਕੀਤੇ ਗਏ।

ਇਹ ਪ੍ਰੋਗਰਾਮ ਦੌਰਾਨ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਕੁਲਵਿੰਦਰ ਆਦਿ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਯਾਦਗਾਰ ਕਮੇਟੀ, ਲੁਧਿਆਣਾ ਵਿੱਚ ਬਿਗੁਲ ਮਜ਼ਦੂਰ ਦਸਤਾ ਵੱਲੋਂ ਲਖਵਿੰਦਰ, ਲੋਕ ਮੋਰਚਾ ਵੱਲੋਂ ਕਸਤੂਰੀ ਲਾਲ, ਇਨਕਲਾਬੀ ਕੇਂਦਰ ਵੱਲੋਂ ਜਸਵੰਤ ਜੀਰਖ, ਮੋਲਡਰ ਯੂਨੀਅਨ ਵੱਲੋਂ ਵਿਜੇ ਨਾਰਇਣ, ਜਮਹੂਰੀਅਤ ਪਸੰਦ ਵਕੀਲਾਂ ਦੀ ਜੱਥੇਬੰਦੀ ਡੀ.ਐਲ.ਏ. ਵੱਲੋਂ ਹਰਪ੍ਰੀਤ ਜੀਰਖ, ਲੋਕ ਏਕਤਾ ਸੰਗਠਨ ਵੱਲੋਂ ਗੱਲਰ ਚੌਹਾਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ ਹਰਸ਼ਾ ਸਿੰਘ, ਡੀ.ਈ.ਐਫ. ਵੱਲੋਂ ਰਮਨਜੀਤ ਸੰਧੂ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋ. ਏ. ਕੇ. ਮਲੇਰੀ, ਤਰਕਸ਼ੀਲ ਸੁਸਾਇਟੀ ਵੱਲੋਂ ਸਤੀਸ਼ ਸਚਦੇਵਾ, ਸ਼ਹੀਦ ਪ੍ਰਿਥੀਪਾਲ ਯਾਦਗਾਰੀ ਲਾਈਬ੍ਰੇਰੀ ਵੱਲੋਂ ਡਾ. ਸੁਰਜੀਤ ਸ਼ਾਮਿਲ ਸਨ। ਸਮਾਗਮ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

-ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s