ਵਿਦਿਆਰਥੀ ਖੁਦਕੁਸ਼ੀਆਂ-ਵਿੱਦਿਅਕ ਅਤੇ ਸਮਾਜਿਕ ਢਾਂਚੇ ‘ਤੇ ਇੱਕ ਸਵਾਲੀਆ ਚਿੰਨ੍ਹ •ਛਿੰਦਰਪਾਲ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਡੇ ਸਮਾਜ ਅੰਦਰ ਸਮਾਜਿਕ ਅਸੁਰੱਖਿਆ ਹੇਠ ਜਿਉਂਦਿਆਂ ਹਰੇਕ ਤਬਕੇ ਵਿੱਚ ਖੁਦਕੁਸੀਆਂ ਦਾ ਰੁਝਾਨ ਕਾਫੀ ਜਿਆਦਾ ਵਧ ਗਿਆ ਹੈ। ਵਿਦਿਆਰਥੀ ਵੀ ਇਸ ਰੁਝਾਨ ਤੋਂ ਅਛੂਤੇ ਨਹੀਂ ਹਨ। ਲਗਾਤਾਰ ਵੱਡਿਆਂ ਟੀਚਿਆਂ ਦੀ ਤੰਗੇੜ ਨਾ ਝੱਲਦਿਆਂ, ਮਾਪਿਆਂ ਦੇ ਵੱਡੇ ਸੁਪਨਿਆਂ ਨੂੰ ਪੂਰਾ ਕਰਨ ‘ਚ ਅਸਫਲ ਹੋਣ ਕਾਰਨ ਤੇ ਸਾਡੀ ਨਾਕਸ ਸਿੱਖਿਆ ਪ੍ਰਣਾਲੀ ਦੀ ਬਦੌਲਤ ਪਾੜਿਆਂ ਦਾ ਇੱਕ ਹਿੱਸਾ ਆਵਦੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪੂਰੀ ਦੁਨੀਆ ਚੋਂ ਭਾਰਤ ਵਿੱਚ 15-29 ਸਾਲ ਦੇ ਉਮਰ ਵਰਗ ਵਿੱਚ ਖੁਦਕੁਸ਼ੀਆਂ ਦੀ ਦਰ ਸਭ ਤੋਂ ਜਿਆਦਾ ਹੈ। ਰੁਜਗਾਰ ਦੀ ਘਾਟ ਤੇ ਸਿੱਖਿਆ ਦਾ ਬੋਝ ਇਹਨਾਂ ਨੌਜਵਾਨਾਂ ਦੀਆਂ ਜਾਨਾਂ ਦਾ ਖੌਅ ਬਣਿਆ ਹੋਇਆ ਹੈ।

ਪਿੱਛੇ ਜਿਹੇ ਵਾਪਰੀਆਂ ਕੁਝ ਘਟਨਾਵਾਂ ਜਿਕਰ ਕਰੀਏ। ਇਕੱਲੇ ਅਪ੍ਰੈਲ ਮਹੀਨੇ ਵਿੱਚ ਸਾਡੇ ਨੇੜੇ ਹੀ ਮਾਨਸਾ ਜ਼ਿਲ੍ਹੇ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਦੀਆਂ ਦੋ ਘਟਨਾਵਾਂ ਵਾਪਰੀਆਂ। ਤਲਵੰਡੀ ਸਾਬੋ ਗੁਰੂ ਕਾਸ਼ੀ ਕਾਲਜ ਵਿੱਚ ਐਮਬੀਏ ਕਰ ਰਹੇ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਵਦਾ ਧੁੰਦਲਾ ਭਵਿੱਖ ਤੇ ਪਰਿਵਾਰ ਦੇ ਮਾੜੀ ਆਰਥਿਕਤਾ ਕਾਰਨ ਖੁਦਕੁਸ਼ੀ ਕਰ ਲਈ। ਇਸੇ ਤਰਾਂ ਮਾਨਸਾ ਜਿਲੇ ਦੇ ਹੀ ਪਿੰਡ ਕੋਟਧਰਮੂ ਦੇ 21 ਸਾਲਾ ਦੇ ਨੌਜਵਾਨ ਨਿਰਮਲ ਸਿੰਘ ਨੇ ਲੰਮੀ ਬੇਰੁਜਗਾਰੀ ਕਾਰਨ ਖੁਦਕੁਸ਼ੀ ਕਰ ਲਈ। ਇਸ ਨੌਜਵਾਨ ਨੇ ਬਾਰਵੀਂ ਤੋਂ ਬਾਅਦ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਹੋਇਆ ਸੀ, ਪਰ ਡਿਗਰੀ ਦੇ ਬਾਵਜੂਦ ਕਿਸੇ ਤਰਾਂ ਦਾ ਰੁਜਗਾਰ ਨਾ ਮਿਲਣ ਕਰਕੇ ਤੇ ਮਾੜੀ ਆਰਥਿਕਤਾ ਕਾਰਨ ਕਿਸੇ ਤਰਾਂ ਦਾ ਕੋਈ ਰਾਹ ਨਾ ਵੇਖਦਿਆਂ ਉਸਨੇ ਆਵਦੀ ਜੀਵਨ ਦੀ ਡੋਰੀ ਨੂੰ ਕੱਟ ਦਿੱਤਾ। ਇਸੇ ਮਹੀਨੇ ਹਰਿਆਣਆ ਦੇ ਫਤਿਹਾਬਾਦ ਜ਼ਿਲ੍ਹੇ ਦੇ ਕਸਬੇ ਭੂਨਾ ਵਿੱਚ ਵਾਪਰੀ ਦੋ ਲੜਕੀਆਂ ਦੁਆਰਾ ਇਕੱਠਿਆਂ ਖੁਦਕੁਸ਼ੀ ਕਰਨ ਦੀ ਘਟਨਾ ਦਾ ਵੀ ਜ਼ਿਕਰ ਕਰਨਾ ਜਰੂਰੀ ਹੈ। ਖੁਦਕੁਸ਼ੀ ਕਰਨ ਵਾਲ਼ੀਆਂ ਦੋਵੇਂ ਭੈਣਾਂ ਉੱਚ ਸਿੱਖਿਆ ਯੋਗਤਾ ਪ੍ਰਾਪਤ ਸਨ, ਉਹਨਾਂ ਵਿੱਚੋਂ ਇੱਕ ਐਮ ਕਾਮ ਤੇ ਦੂਜੀ ਐਮਬੀਏ ਪਾਸ ਸੀ, ਪਰ ਕਿਸੇ ਵੀ ਤਰਾਂ ਦਾ ਰੁਜਗਾਰ ਨਾ ਮਿਲਣ ਕਰਕੇ ਨਿਰਾਸ਼ ਹੋਕ ਦੋਵੇਂ ਭੈਣਾਂ ਨੇ ਇਕੱਠਿਆਂ ਗਲ਼ ਵਿੱਚ ਰੱਸਾ ਪਾਕੇ ਖੁਦਕੁਸ਼ੀ ਕਰ ਲਈ।

ਉਪਰੋਕਤ ਕੁਝ ਘਟਨਾਵਾਂ ਆਪਣੇ ਆਪ ਵਿੱਚ ਸਮੁੱਚੇ ਸਮਾਜ ਵਿੱਚ ਹੋ ਰਹੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਦੇ ਕਾਰਨਾਂ-ਹਾਲਾਤਾਂ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਅੰਕੜਿਆਂ ‘ਤੇ ਇੱਕ ਨਿਗਾਹ ਮਾਰੀਏ ਤਾਂ ਮਨੁੱਖੀ ਸ੍ਰੋਤ ਵਿਕਾਸ ਵਿਭਾਗ ਦੀ ਰਿਪੋਰਟ ਮੁਤਾਬਕ 2012 ਵਿੱਚ 6654 ਵਿਦਿਆਰਥੀਆਂ ਨੇ ਖੁਦਕੁਸੀ ਕੀਤੀ, 2013 ਵਿੱਚ ਇਹ ਅੰਕੜਾ 8423 ਨੂੰ ਅੱਪੜ ਗਿਆ। ਇਸਤੋਂ ਬਿਨਾਂ 2014 ਵਿੱਚ ਵੀ 8068 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ, ਜਿਨ੍ਹਾਂ ਵਿੱਚੋਂ 4261 ਮੁੰਡੇ ਤੇ 3807 ਕੁੜੀਆਂ ਸਨ। ਪੜੇ ਲਿਖੇ ਲੋਕਾਂ ਵਿੱਚ ਖੁਦਕੁਸ਼ੀਆਂ ਦੀ ਦਰ ਕਾਫੀ ਜਿਆਦਾ ਹੈ। ਖੁਦਕੁਸੀਆਂ ਕਰਨ ਵਾਲ਼ੇ 67 ਫੀਸਦੀ ਮਰਦਾਂ ਵਿੱਚੋਂ 80 ਫੀਸਦੀ ਮਰਦ ਪੜ੍ਹੇ ਲਿਖੇ ਸਨ। ਜਿਨਾਂ ਵਿੱਚੋਂ 4380 ਗ੍ਰੈਜੂਏਟ ਤੇ 716 ਹਾਈ ਸਕੂਲ ਤੱਕ ਦੀ ਪ੍ਰੀਖਿਆ ਮੁਕੰਮਲ ਕਰ ਚੁੱਕੇ ਸਨ। ਅਸਲ ਵਿੱਚ ਪੜ੍ਹਾਈ ਮੁਕੰਮਲ ਕਰਨ ਮਗਰੋਂ ਰੁਜਗਾਰ ਦੀ ਘਾਟ ਕਾਰਨ ਨੌਜਵਾਨਾਂ ਵਿੱਚ ਇੱਕ ਜਬਰਦਸਤ ਬੈਚੇਨੀ ਤੇ ਨਿਰਾਸ਼ਾ ਹੁੰਦੀ ਹੈ। ਮੌਜੂਦਾ ਮੁਨਾਫਾਖੋਰ ਢਾਂਚਾ ਲਗਾਤਾਰ ਬੇਰੁਜਗਾਰੀ ਪੈਦਾ ਕਰ ਰਿਹਾ ਹੈ ਤੇ ਇਹ ਨੌਜਵਾਨ ਲਗਾਤਾਰ ਇਸਦੀ ਚਪੇਟ ‘ਚ ਆਕੇ ਨਿਰਾਸ਼ ਹੋਕੇ ਜਿੰਦਗੀ ਤੋਂ ਲਾਂਭੇ ਹੁੰਦੇ ਜਾਂਦੇ ਹਨ।

ਸਾਡਾ ਅਜੋਕਾ ਸਿੱਖਿਆ ਪ੍ਰਬੰਧ ਵੀ ਵਿਦਿਆਰਥੀਆਂ ਅੰਦਰ ਹੱਲਾਸ਼ੇਰੀ, ਕਲਪਨਾਸ਼ਕਤੀ ਭਰਨ ਦੀ ਥਾਂ ਉਹਨਾਂ ‘ਤੇ ਕਿਤਾਬਾਂ ਦਾ ਵਾਧੂ ਬੋਝ ਲੱਦ ਦਿੰਦਾ ਹੈ। ਮਾਪਿਆਂ ਵੱਲੋਂ ਬਚਪਨ ਤੋਂ ਵਿਦਿਆਰਥੀਆਂ ‘ਤੇ “ਅਫਸਰ ਬਣਂਨ, ਵੱਡੇ ਬੰਦੇ ਬਣਨ, ਕੁਝ ਕਰਕੇ ਵਿਖਾਉਣ” ਦਾ ਬੋਝ ਲੱਦ ਦਿੱਤਾ ਜਾਂਦਾ ਹੈ। ਵਿਸ਼ਿਆਂ ਦੀ ਚੋਣ ਕਰਨ ਵੇਲ਼ੇ ਕਦੇ ਵੀ ਬੱਚਿਆਂ ਦੀ ਰਾਏ ਨਹੀਂ ਲਈ ਜਾਂਦੀ, ਨਾ ਹੀ ਨਾ ਹੀ ਅਧਿਆਪਕਾਂ ਵੱਲੋਂ ਤੇ ਨਾ ਹੀ ਮਾਪਿਆ ਵੱਲੋਂ। ਮਾਪਿਆਂ ਦੁਆਰਾ ਆਵਦੀਆਂ ਇੱਛਾਵਾਂ ਬੱਚਿਆਂ ‘ਤੇ ਥੋਪ ਦਿੱਤੀਆਂ ਜਾਂਦੀਆਂ ਹਨ। ਇਸ ਲਈ ਬੱਚਿਆਂ ‘ਤੇ ਛੋਟੀ ਉਮਰੇ ਹੀ ਟਿਊਸ਼ਨਾਂ ਤੇ ਬੈਗਾਂ ਦਾ ਵਾਧੂ ਬੋਝ ਲੱਦ ਦਿੱਤਾ ਜਾਂਦਾ ਹੈ। ਸਿੱਖਿਆ ਕੁਝ ਸਿੱਖਣ ਸਿਖਾਉਣ ਜਾਂ ਜਾਨਣ ਸਮਝਣ ਦੇ ਮਾਧਿਆਮ ਦੀ ਬਜਾਏ ਇੱਕ-ਦੂਜੇ ਦੇ ਸਿਰ ‘ਤੇ ਪੈਰ ਰੱਖਕੇ ਅੱਗੇ ਵਧਣਾ ਮਾਤਰ ਰਹਿ ਜਾਂਦੀ ਹੈ, ਭਿਅੰਕਰ ਗਲ਼ਾਵੱਢ ਮੁਕਾਬਲੇ ਦੀ ਭਾਵਨਾ, ਦੂਜਿਆਂ ਤੋਂ ਅੱਗੇ ਲੰਘਕੇ ਪਹਿਲੇ ਨੰਬਰ ‘ਤੇ ਆਉਣ ਦੀ ਭਾਵਨਾ, ਵੱਧ ਤੋਂ ਵੱਧ ਨੰਬਰ ਹਾਸਲ ਕਰਨ ਦੀ ਭਾਵਨਾ ਵਿਦਿਆਰਥੀਆਂ ਅੰਦਰ ਮੁੱਢ ਤੋਂ ਹੀ ਮਾਪਿਆਂ ਤੇ ਅਧਿਆਪਕਾਂ ਦੁਆਰਾ ਭਰ ਦਿੱਤੀ ਜਾਂਦੀ ਹੈ। “ਜੋ ਜਿਆਦਾ ਪੜਦੇ ਹਨ, ਕੁਝ ਬਣ ਜਾਂਦੇ ਹਨ” ਵਰਗੀਆਂ ਨਸੀਹਤਾਂ ਹਰ, ਕਿਸੇ ਨੂੰ ਉਹਦੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਦਿੱਤੀਆਂ ਜਾਂਦੀਆਂ ਆਮ ਤੌਰ ‘ਤੇ ਸੁਣੀਆਂ ਜਾ ਸਕਦੀਆਂ ਹਨ। ਐਸੇ ਵਾਤਾਰਵਰਣ ਵਿੱਚ ਬੱਚੇ ਅੰਦਰਲੀ ਸਾਰੀ ਸਮਰੱਥਾ, ਉਹਦੀ ਸੁਭਾਵਿਕਤਾ ਦੀ ਸੰਘੀ ਘੁੱਟ ਦਿੱਤੀ ਜਾਂਦੀ ਹੈ ਤੇ ਭਾਰੇ ਬਸਤਿਆਂ ਤੇ ਟਿਊਸ਼ਨਾਂ ਦੀ ਬੋਝ ਨਾਲ਼ ਉਸਨੂੰ ਵੀ ਵੱਧ ਨੰਬਰ ਲੈਣ ਦੀ ਕੁੱਤਾ-ਦੌੜ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਜਦੋਂ ਕਦੇ ਵੀ ਵਿਦਿਆਰਥੀਆਂ ਅੰਦਰ ਬਚਪਨ ਤੋਂ ਘਰ ਕੀਤਾ ਇਹ ਸੁਪਨਾ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਅੰਦਰ ਜਬਰਦਸਤ ਨਿਰਾਸ਼ਾ ਭਰੀ ਜਾਂਦੀ ਹੈ ਤੇ ਕਈ ਵਾਰ ਇਸਦਾ ਅੰਤ ਅੱਗੇ ਜਾਕੇ ਆਪਣਾ ਜੀਵਨ ਖਤਮ ਹੋਣ ਵਿੱਚ ਨਿੱਕਲ਼ਦਾ ਹੈ। ਇਸਦੀ ਇੱਕ ਉਦਾਹਰਨ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਹੋਣ ਵਾਲ਼ੀਆਂ ਖੁਦਕੁਸ਼ੀਆਂ ਹਨ। ਜਿਕਰਯੋਗ ਹੈ ਕਿ ਕੋਟਾ ਸ਼ਹਿਰ ਇੰਜਨੀਅਰਿੰਗ ਦੇ ਦਾਖਲਾ ਟੈਸਟਾਂ ਜੇਈਈ, ਭਾਵ ਆਈਆਈਟੀ ਵਿੱਚ ਦਾਖਲ ਹੋਣ ਜਰੂਰੀ ਟੈਸਟ, ਦੀ ਤਿਆਰੀ ਕਰਵਾਈ ਜਾਂਦੀ ਹੈ। ਇਹਨਾਂ ਟੈਸਟਾਂ ਦੀ ਤਿਆਰੀ ਲਈ ਬੱਚਿਆਂ ਨੂੰ ਇੱਕ ਮਸ਼ੀਨ ਬਣਨਾ ਪੈਂਦਾ ਹੈ, 24 ਘੰਟਿਆਂ ਚੋਂ 20-20 ਘੰਟੇ ਪੜ੍ਹਕੇ ਟੈਸਟਾਂ ਨੂੰ ਸਰ ਕਰਨ ਲਈ ਵਿਦਿਆਰਥੀ ਲੱਗੇ ਰਹਿੰਦੇ ਹਨ। ਹੁਣ ਕਿਉਂਕਿ ਇੱਕ ਤਾਂ ਸੀਟਾਂ ਸੀਮਤ ਹੋਣ ਕਰਕੇ ਮੁਕਾਬਲਾ ਬਹੁਤ ਤਿੱਖਾ ਬਣ ਜਾਂਦਾ ਹੈ, ਇਸ ਕਰਕੇ ਕੁਝ ਦਾ ਪਾਸ ਤੇ ਫੇਲ ਹੋਣਾ ਸੁਭਾਵਿਕ ਹੈ। ਪਰ ਵਿਦਿਆਰਥੀਆਂ ਅੰਦਰ ਸ਼ੁਰੂ ਤੋਂ ਹੀ ਅੱਗੇ ਲੰਘਣ ਦੀ ਜਿਹੜੀ ਭਾਵਨਾ ਹਾਵੀ ਹੁੰਦੀ ਹੈ। ਉਸ ਕਰਕੇ ਪਿੱਛੇ ਰਹਿਣਾ ਕਿਸੇ ਵੀ ਤਰਾਂ ਉਹਨਾਂ ਨੂੰ ਰਾਸ ਨਹੀਂ ਆਉਂਦਾ ਤੇ ਘਰਦਿਆਂ ਦੀਆਂ ਉਮੀਦਾਂ ‘ਤੇ ਪੂਰੇ ਨਾ ਉੱਤਰਨ ਕਰਕੇ ਨਿਰਾਸ਼ਾ ਕਾਰਨ ਹਾਲਤਾਂ ਇਹ ਬਣ ਜਾਂਦੀਆਂ ਹਨ ਕਿ 2014 ਵਿੱਚ ਵਿਦਿਆਰਥੀਆਂ ਦੀਆਂ ਹੋਣ ਵਾਲ਼ੀਆਂ ਕੁੱਲ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚੋਂ 53.1 ਫੀਸਦੀ ਘਟਨਾਵਾਂ ਸਿਰਫ ਕੋਟਾ ਸ਼ਹਿਰ ਵਿੱਚ ਹੋਈਆਂ ਸਨ।

ਮਾਪਿਆਂ ਤੇ ਅਧਿਆਪਕਾਂ ਵੱਲੋਂ ਬੱਚੇ ‘ਤੇ ਜ਼ਿਆਦਾ ਨੰਬਰ ਲੈਣ ਲਈ ਲਗਾਤਾਰ ਦਬਾਅ ਪਾਇਆ ਜਾਂਦਾ ਹੈ, ਜਿਸ ਨਾਲ਼ ਬਚਪਨ ਤੋਂ ਹੀ ਉਹ ਮੁਕਾਬਲੇਬਾਜ਼ੀ, ਦੂਸਰੇ ਵਿਦਿਆਰਥੀਆਂ ਨਾਲ਼ ਨਫ਼ਰਤ ਅਤੇ ਬੇਗਾਨਗੀ ਦੇ ਸ਼ਿਕਾਰ ਹੋ ਜਾਂਦੇ ਹਨ। ਘੱਟ ਨੰਬਰ ਲੈਣ ਜਾਂ ਫ਼ੇਲ੍ਹ ਹੋਣ ‘ਤੇ ਅਧਿਆਪਕਾਂ ਵੱਲੋਂ ਬੱਚਿਆਂ ਨਾਲ਼ ਭੇਦ-ਭਾਵ ਜਾਂ ਮਾਪਿਆਂ ਵੱਲੋਂ ਤਾਅਨ੍ਹੇ-ਮਿਹਣੇ ਉਸ ਨੂੰ ਹੀਣ ਭਾਵਨਾ ਨਾਲ਼ ਭਰ ਦਿੰਦੇ ਹਨ। ਹਰ ਸਮੇਂ ਪੜ੍ਹਾਈ ਦਾ ਡਰ ਤੇ ਸਹਿਮ ਉਸ ਵਿੱਚ ਭਿਅੰਕਰ ਮਾਨਸਿਕ ਵਿਕਾਰ ਪੈਦਾ ਕਰ ਦਿੰਦਾ ਹੈ। ਜਿਸ ਨਾਲ਼ ਸਿਹਤਮੰਦ ਮਾਨਸਿਕ ਵਿਕਾਸ ਨਹੀਂ ਹੁੰਦਾ ਅਤੇ ਕਈ ਵਾਰ ਬੱਚੇ ਖ਼ੁਦਕੁਸ਼ੀ ਨੂੰ ਅੰਜ਼ਾਮ ਦਿੰਦੇ ਹਨ। ਸਿਹਤ ਮੰਤਰਾਲੇ ਮੁਤਾਬਕ 2011-2013 ਵਿੱਚ 16,000 ਤੋਂ ਵੱਧ ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ60% ਪੇਪਰਾਂ ਵਿੱਚੋਂ ਫ਼ੇਲ੍ਹ ਹੋਣ ਵਾਲ਼ੇ ਸਨ। ਜੇਕਰ ਅੰਕੜਿਆਂ ‘ਤੇ ਨਿਗ੍ਹਾ ਮਾਰੀਏ ਤਾਂ 2009 ਵਿੱਚ 2010 ਵਿਦਿਆਰਥੀਆਂ ਨੇ ਫ਼ੇਲ੍ਹ ਹੋਣ ਕਾਰਨ ਖ਼ੁਦਕੁਸ਼ੀ ਕੀਤੀ ਸੀ ਅਤੇ2010 ਵਿੱਚ ਇਹ ਸੰਖਿਆ ਵਧ ਕੇ 2479 ਹੋ ਗਈ। ਇਸੇ ਤਰ੍ਹਾਂ 2011 ਵਿੱਚ 2381, 2012 ਵਿੱਚ 2246 ਅਤੇ 2013 ਵਿੱਚ 2471 ਬੱਚੇ ਫ਼ੇਲ੍ਹ ਹੋਣ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ।

ਇਹਦੇ ਨਾਲ ਹੀ ਸਾਡੇ ਸਮੁੱਚੇ ਸਮਾਜ ‘ਚ ਵਧਦੀ ਅਲਹਿਦਗੀ, ਸੰਵੇਦਨਹੀਣਤਾ, ਗੈਰ-ਜਮਹੂਰੀਪੁਣਾ, ਰਿਸ਼ਤਿਆਂ ਵਿਚਲਾ ਖੋਖਲਾਪਣ, ਕਲਾ ਸਾਹਿਤ ਤੋ ਦੂਰੀ ਵਰਗੀਆਂ ਕਦਰਾਂ ਵਿਦਿਅਕ ਸੰਸਥਾਵਾਂ ਵਿੱਚ ਵੀ ਉਸੇ ਤਰਾਂ ਛਾਈਆਂ ਹੁੰਦੀਆਂ ਹਨ। ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਕਿਤੇ ਵੀ ਕੋਈ ਦੋਸਤਾਨਾ ਮਹੌਲ ਨਹੀਂ ਮਿਲ਼ਦਾ, ਅਧਿਆਪਕਾਂ ਦੁਆਰਾ ਬੱਚਿਆਂ ਨਾਲ਼ ਇੱਕ ਵਸਤੂ ਵਾਂਗੂ ਵਿਹਾਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੇ ਸਿੱਖਣ ਦੀ ਸਮਰੱਥਾ, ਉਸਦੀ ਇੱਛਾ, ਉਸਦੀ ਭਾਵਨਾਵਾਂ ਨੂੰ ਕਿਤੇ ਕੋਈ ਥਾਂ ਨਹੀਂ ਦਿੱਤੀ ਜਾਂਦੀ। ਵਿੱਦਿਅਕ ਸੰਸਥਾਵਾਂ ਅੰਦਰਲਾ ਐਸਾ ਖੁਸ਼ਕ ਮਹੌਲ ਵੀ ਇੱਕ ਹੱਦ ਤਾਈਂ ਵਿਦਿਆਰਥੀਆਂ ਅੰਦਰ ਇਕੱਲਤਾ ਤੇ ਨਿਰਾਸ਼ਤਾ ਭਰਨ ਦਾ ਕੰਮ ਕਰਦਾ ਹੈ। ਵਿੱਦਿਅਕ ਸੰਸਥਾਵਾਂ ਵਿੱਚ ਸਮੁੱਚੀਆਂ ਸਰਗਰਮੀਆਂ ਵਿਸ਼ਾ ਕੇਂਦਰਿਤ ਹੁੰਦੀਆਂ ਹਨ, ਕਿਸੇ ਵੀ ਤਰਾਂ ਦੀ ਬਾਹਰੀ ਸਰਗਰਮੀ, ਜਿਵੇਂ ਸਾਹਿਤਕ, ਕਲਾਤਮਕ ਜਾਂ ਕੋਈ ਹੋਰ ਸਮਾਜਿਕ ਸਰਗਰਮੀ ਨਾਲ਼ੋਂ ਵਿਦਿਆਰਥੀ ਨੂੰ ਤੋੜਕੇ ਵਿੱਦਿਆ ਦੀ ਕਿਲੇਨੁਮਾ ਸੰਸਥਾ ਵਿੱਚ ਸਿਰਫ ਵਿਸ਼ਿਆਂ ਨਾਲ਼ ਸਬੰਧਿਤ ਪੜ੍ਹਾਈ ਕਰਵਾਈ ਜਾਂਦੀ ਹੈ। ਜਿਸ ਕਰਕੇ ਵਿਦਿਆਰਥੀ ਕਈ ਵਾਰ ਚੰਗੇ ਇੰਜੀਨਿਅਰ ਜਾਂ ਡਾਕਟਰ ਤਾਂ ਬਣ ਜਾਂਦੇ ਹਨ- ਪਰ ਇਨਸਾਨੀ ਗੁਣਾਂ ਤੋਂ ਵਿਹੂਣੇ ਹੋਣ ਦੀ ਸੰਭਾਵਨਾ ਹੁੰਦੀ ਹੈ। ਵਿਦਿਆਰਥੀ ਸਮਾਜਿਕ- ਨੈਤਿਕ ਭਾਵਨਾਵਾਂ ਤੋਂ ਕੋਰੇ ਜੀਵ ਬਣਾ ਦਿੱਤੇ ਜਾਂਦੇ ਹਨ। ਜਿਸ ਕਰਕੇ ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਵਿੱਦਿਆ ਦੇ ਕਿਲ਼ੇ ‘ਚੋਂ ਬਾਹਰ ਆਉੰਦੇ ਹਨ ਤਾਂ ਉਹਨਾਂ ਦਾ ਵਾਹ ਵਾਸਤਾ ਸਮਾਜ ਨਾਲ਼ ਪੈਂਦਾ ਹੈ, ਜਿਸਤੋਂ ਉਹ ਇਨੇ ਸਾਲ ਓਪਰੇ ਰਹੇ। ਉਸਦੀਆਂ ਗੁੰਝਲ਼ਾਂ, ਸਮੱਸਿਆਵਾਂ ਨਾਲ਼ ਉਹਨਾਂ ਦਾ ਕਦੇ ਮੇਲ਼ ਨਹੀਂ ਹੋਇਆ ਹੁੰਦਾ। ਐਸੇ ਮੌਕੇ ਉਹ ਆਵਦੇ ਆਪ ਨੂੰ ਬਹੁਤ ਇਕੱਲਾ ਤੇ ਪਰਾਇਆ ਮਹਿਸੂਸ ਕਰਦੇ ਹਨ। ਜਿਸ ਦੇ ਸਿੱਟੇ ਬਹੁਤੇ ਵਾਰੀ ਭਿਅੰਕਰ ਹੁੰਦੇ ਹਨ।

ਇੱਕ ਹੋਰ ਪੱਖ ਜਿਸਤੇ ਚਰਚਾ ਕਰਨੀ ਬਹੁਤ ਜਰੂਰੀ ਹੈ, ਉਹ ਹੈ ਬੇਰੁਜਗਾਰੀ। ਸਿੱਖਿਆ ਪੂਰੀ ਕਰਨ ਤੋਂ ਮਗਰੋਂ ਵਿਦਿਆਰਥੀਆਂ ਲਈ ਵੱਡਾ ਮਸਲਾ ਰੁਜਗਾਰ ਹਾਸਲ ਕਰਨ ਦਾ ਬਣਦਾ ਹੈ। ਪਰ ਅਜੋਕੇ ਸਰਮਾਏਦਾਰਾਨਾ ਲੋਟੂ ਨਿਜ਼ਾਮ ਹੇਠ ਪੱਕੇ ਰੁਜਗਾਰ ਦੇ ਮੌਕੇ ਲਗਾਤਾਰ ਘਟਦੇ ਜਾਂਦੇ ਹਨ। ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਮਗਰੋਂ ਲਗਾਤਾਰ ਪੱਕੇ ਰੁਜਗਾਰਾਂ ਦੀ ਥਾਂ ਠੇਕੇ ‘ਤੇ ਭਰਤੀ ਜਾਂ ਕੱਚੇ ਰੁਜਗਾਰਾਂ ਨੇ ਲੈ ਲਈ ਹੈ। ਪ੍ਰਾਇਵੇਟ ਖੇਤਰ ਵਿੱਚ ਵੀ ਪੱਕੇ ਰੁਜਗਾਰਾਂ ਦੀ ਕਿਸੇ ਤਰਾਂ ਦੀ ਕੋਈ ਗਰੰਟੀ ਨਹੀਂ। ਸਰਕਾਰਾਂ ਆਵਦੀਆਂ ਜਿੰਮੇਵਾਰੀਆਂ ਤੋਂ ਪੂਰੀ ਤਰਾਂ ਮੂੰਹ ਮੋੜ ਆਵਦੇ ਸਰਪ੍ਰਸਤ ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ‘ਚ ਮਸ਼ਰੂਫ ਹਨ ਤੇ ਪੱਕੇ ਰੁਜਗਾਰਾਂ ਦਾ ਭੋਗ ਪਾਕੇ, ਸਰਕਾਰੀ ਸੰਸਥਾਵਾਂ ਦਾ ਨਿੱਜੀਕਰਨ ਕਰਕੇ ਤੇ ਨਾਲ਼ ਨਾਲ਼ ਪੜ੍ਹੀ ਲਿਖੀ ਸਸਤੀ ਕਿਰਤ ਸ਼ਕਤੀ ਮੁਹੱਈਆਂ ਕਰਵਾਕੇ ਇਹਨਾਂ ਦੀ ਸੇਵਾ ਕਰ ਰਹੀਆਂ ਹਨ। ਜਿਸ ਕਰਕੇ ਨੌਜਵਾਨਾਂ ਅੰਦਰ ਇੱਕ ਨਿਰਾਸ਼ਾ, ਭਵਿੱਖ ਪ੍ਰਤੀ ਅਸਪੱਸ਼ਟਤਾ ਘਰ ਕਰ ਜਾਂਦੀ ਹੈ। ਬੇਰੁਜਗਾਰੀ ਤੋਂ ਪੀੜਤ ਤਬਕਾ ਲਗਾਤਾਰ ਵਧਦਾ ਜਾ ਰਿਹਾ ਹੈ। ਮੁਨਾਫੇ ਦੀ ਹਵਸ ਤੇ ਟਿਕਿਆ ਇਹ ਲੋਟੂ ਢਾਂਚਾ ਗਰੀਬੀ, ਬੇਰੁਜਗਾਰੀ, ਮਹਿੰਗਾਈ ਦੇ ਮੀਨਾਰਾਂ ਨੂੰ ਹੋਰ ਉੱਚਾ ਕਰ ਰਿਹਾ ਹੈ। ਜਿਸ ਕਾਰਨ ਬੇਰੁਜਗਾਰ ਨੌਜਵਾਨਾਂ ਵਿੱਚ ਵੀ ਖੁਦਕੁਸ਼ੀ ਕਰਨ ਦੀ ਦਰ ਵੀ ਕਾਫੀ ਉੱਚੀ ਹੈ, ਸਿੱਖਿਆ ਪੂਰੀ ਕਰਨ ਮਗਰੋਂ ਬੇਰੁਜਗਾਰੀ ਕਰਕੇ ਆਵਦੀ ਜਾਨ ਲੈਣ ਵਾਲ਼ਿਆਂ ਦੀ ਗਿਣਤੀ ਸਾਲ 2014 ਵਿੱਚ 9918 ਸੀ, ਜਿਸ ਵਿੱਚ 8486 ਮਰਦ ਤੇ 1428 ਔਰਤਾਂ ਹਨ।

ਉਪਰੋਕਤ ਸਮੁੱਚੇ ਮਹੌਲ ਵਿੱਚ ਮੁੰਡਿਆਂ ਨਾਲ਼ੋਂ ਕੁੜੀਆਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਸਾਡੇ ਸਮਾਜ ਅੰਦਰ ਮੌਜੂਦ ਔਰਤ ਵਿਰੋਧੀ ਮੱਧਯੁਗੀ ਕਦਰਾਂ ਕੀਮਤਾਂ ਹਰ ਰਾਹ ‘ਤੇ ਕੁੜੀਆਂ ਦੇ ਰਾਹ ‘ਚ ਰੋੜਾ ਬਣਦੀਆਂ ਹਨ। ਔਰਤਾਂ ਨੂੰ ਦੋਇਮ ਦਰਜੇ ਦੀ ਨਾਗਰਿਕ, ਘਰ-ਬਾਰ ਸਾਂਭਣ ਵਾਲੀ, ਪਤੀ ਦੀ ਸੇਵਾ ਕਰਨ ਵਾਲ਼ੀ, ਬੱਚੇ ਪੈਦਾ ਕਰਨ ਵਾਲ਼ੀ ਜਾਂ ਹੋਰ ਘਰੇਲੂ ਕੰਮਾਂ ਜੋਗੀ ਹੀ ਸਮਝਿਆ ਜਾਂਦਾ ਹੈ। ਭਾਵੇਂ ਪਿਛਲੇ ਸਮੇਂ ਤੋਂ ਕੁੜੀਆਂ ਨੂੰ ਪੜ੍ਹਾਉਣ ਦੀ ਦਰ ਵਿੱਚ ਕਾਫੀ ਵਾਧਾ ਹੋਇਆ ਹੈ, ਪਰ ਫਿਰ ਵੀ ਸਾਡੇ ਸਮਾਜ ਅੰਦਰ ਉਪਰੋਕਤ ਵਿਚਾਰ ਓਨੇ ਹੀ ਹਾਵੀ ਹਨ। ਪਹਿਲਾਂ ਕੁੜੀਆਂ ਨੂੰ ਪੜ੍ਹਨ ਵਾਸਤੇ ਜਿੱਥੇ ਆਵਦੇ ਮਾਪਿਆਂ ਨਾਲ ਜੱਦੋ ਜਹਿਦ ਕਰਨੀ ਪੈਂਦੀ ਹੈ, ਉਸਤੋਂ ਮਗਰੋਂ ਵਿੱਦਿਅਕ ਸੰਸਥਾਵਾਂ ਵਿਚਲੇ ਮਹੌਲ ਵੀ ਉਹਨਾਂ ਲਈ ਬਹੁਤੇ ਸਾਜਗਾਰ ਨਹੀਂ ਹੁੰਦੇ। ਵਿੱਦਿਅਕ ਸੰਸਥਾਵਾਂ ਅੰਦਰ ਵੀ ਉਹਨਾਂ ਨੂੰ ਲਗਾਤਾਰ ਪਿੱਤਰੀ ਦਾਬੇ, ਦੋਮ ਦਰਜੇ ਦੀ ਨਾਗਰਿਕਤਾ ਹੇਠ ਰਹਿਣਾ ਪੈਂਦਾ ਹੈ। ਵਿੱਦਿਅਕ ਸੰਸਥਾਵਾਂ ਅੰਦਰ ਵੀ ਹੁੰਦੇ ਔਰਤ ਵਿਰੋਧੀ ਕਾਰਿਆਂ ਦੀ ਸੂਚੀ ਬਹੁਤ ਲੰਮੀ ਹੈ। ਉਹਨਾਂ ਨੂੰ ਕਿਸੇ ਵੀ ਥਾਈਂ ਵਿਦਿਆਰਥੀ ਮੁੰਡਿਆਂ ਦੇ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ। ਵਿੱਦਿਆ ਦੇ ਕੇਂਦਰਾਂ ਵਿੱਚ ਵੀ ਉਹਨਾਂ ਨੂੰ ਭੋਗ ਵਿਲਾਸ ਦੀ ਵਸਤੂ ਸਮਝਿਆ ਜਾਂਦਾ ਹੈ। ਇਸ ਕਰਕੇ ਮੁੰਡੇ ਵਿਦਿਆਰਥੀਆਂ ਨਾਲ਼ੋਂ ਕੁੜੀਆਂ ਨੂੰ ਦੂਹਰੀ ਗੁਲਾਮੀ ਦੀ ਮਾਰ ਝੱਲਣੀ ਪੈਂਦੀ ਹੈ, ਉਹ ਸਿੱਖਿਆ ਤੇ ਰੁਜਗਾਰ ਦੇ ਉਪਰੋਕਤ ਰੋਗਾਂ ਤੋਂ ਤਾਂ ਪੀੜਿਤ ਹੁੰਦੀਆਂ ਹੀ ਹਨ, ਪਰ ਇਹਦੇ ਨਾਲ਼ ਇੱਕ ਪਿੱਤਰੀ ਦਾਬਾ ਵੀ ਜੁੜ ਜਾਂਦਾ ਹੈ। ਜਿਸ ਕਰਕੇ ਵਿਦਿਆਰਥੀ ਕੁੜੀਆਂ ਵਿੱਚ ਖੁਦਕੁਸ਼ੀ ਦੀ ਦਰ ਕਾਫੀ ਜਿਆਦਾ ਉੱਚੀ ਹੈ। ਸਾਲ 2014 ਵਿੱਚ ਖੁਦਕੁਸ਼ੀਆਂ ਕਰਨ ਵਾਲ਼ੇ 8068 ਵਿਦਿਆਰਥੀਆਂ ਵਿੱਚੋਂ 3807 ਕੁੜੀਆਂ ਸਨ।

ਅਖੀਰ ‘ਚ ਮਸਲਾ ਸਮੁੱਚੇ ਵਿਦਿਅਕ ਤੇ ਸਮਾਜਿਕ ਢਾਂਚੇ ਵਿਚਲੇ ਨੁਕਸ ਤੇ ਆਕੇ ਰੁਕਦਾ ਹੈ, ਅਸਲ ‘ਚ ਇਹ ਖੁਦਕੁਸ਼ੀਆਂ ਨਹੀਂ ਅਜੋਕੇ ਮਨੁੱਖਦੋਖੀ ਵਿੱਦਿਅਕ ਤੇ ਸਮਾਜੀ ਢਾਂਚੇ ਵੱਲੋਂ ਕੀਤੇ ਗਏ ਠੰਡੇ ਕਤਲ ਹਨ। ਜੋ ਢਾਂਚਾ ਹੈ ਹੀ ਨਿੱਜੀ ਜਾਇਦਾਦ ‘ਤੇ ਅਧਾਰਤ ਉਹ ਵਿੱਚ ਹਰ ਚੀਜ ਮੰਡੀ ਵਿੱਚ ਵੇਚਣ ਲਈ ਹੀ ਪੈਦਾ ਹੋਵੇਗੀ ਤੇ ਜਿੰਦਗੀ ਦੇ ਹਰ ਕੋਣ ਨੂੰ ਮੁਨਾਫੇ ਦੀਆਂ ਐਨਕਾਂ ਨਾਲ਼ ਹੀ ਵੇਖਿਆ ਜਾਵੇਗਾ। ਸਿੱਖਿਆ ਢਾਂਚਾ ਵੀ ਬਿਹਤਰ ਮਨੁੱਖ ਦੀ ਥਾਂ ਬਿਹਤਰ ਮਸ਼ੀਨਾਂ ਘੜਨ ਦਾ ਕੰਮ ਕਰੇਗਾ, ਮਾਪੇ ਵੀ ਬੱਚਿਆਂ ਦੀ ਯੋਗਤਾ, ਸਫਲਤਾਂ ਨੂੰ ਉਹਨਾਂ ਦੇ ਮਨੁੱਖੀ ਗੁਣਾਂ, ਸੁਪਨਿਆਂ ਤੇ ਖੁਸ਼ੀਆਂ ਦੀ ਥਾਂ ਮੋਟੀਆਂ ਤਨਖਾਹਾਂ ਨਾਲ਼ ਹੀ ਮਾਪਣਗੇ। ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੇ ਮਾਮਲੇ ਵਿੱਚ ਵੀ ਅਰਾਜਕਤਾ, ਬੇਭਰੋਸਗੀ ਤੇ ਗਲਵੱਢ ਮੁਕਾਬਲੇ ਕਾਰਨ ਪੈਦਾ ਹੁੰਦੀ ਨਿਰਸ਼ਾ ਦੇ ਨਾਲ-ਨਾਲ ਇਸ ਢਾਂਚੇ ਵੱਲੋਂ ਵੱਡੇ ਪੱਧਰ ‘ਤੇ ਬੇਗਾਨਗੀ ਨੂੰ ਜਨਮ ਦਿੱਤਾ ਜਾਂਦਾ ਹੈ ਜੋ ਇਹਨਾਂ ਸਮੱਸਿਆਵਾਂ ਵਿੱਚ ਫਾਥੇ ਮਨੁੱਖ ਨੂੰ ਮਨੁੱਖੀ ਰਿਸ਼ਤਿਆਂ, ਸੰਵਦੇਨਾਵਾਂ, ਕਲਾ, ਸਾਹਿਤ ਤੋਂ ਦੂਰ ਕਰਦੀ ਜਾਂਦੀ ਹੈ ਤੇ ਉਸ ਅੰਦਰ ਇਕੱਲਤਾ, ਨਿਰਸ਼ਾ, ਉਦਾਸੀ, ਹਾਰਬੋਧ ਨਾਲ ਹੋਰ ਖਾਂਦੀ ਰਹਿੰਦੀ ਹੈ। ਇਸ ਕਾਰਨ ਅੱਜ ਖੁਦਕੁਸ਼ੀਆਂ ਕਰਨ ਵਾਲ਼ੇ ਹਜਾਰਾਂ ਨੌਜਵਾਨਾਂ ਤੋਂ ਬਿਨਾਂ ਲੱਖਾਂ ਦੀ ਗਿਣਤੀ ਵਿੱਚ ਉਹ ਨੌਜਵਾਨ ਵੀ ਹਨ ਜੋ ਨਿਰਾਸ਼ਾ, ਹਾਰਬੋਧ, ਹੀਣਤਾ, ਆਪਾ ਭੰਡਣ ਜਿਹੀਆਂ ਆਤਮਘਾਤੀ ਪ੍ਰਵਿਰਤੀਆਂ ਅਤੇ ਕਈ ਮਾਨਸਿਕ ਰੋਗਾਂ ਦਾ ਸ਼ਿਕਾਰ ਰਹਿੰਦਾ ਹੈ।

ਅੱਜ ਇਹ ਮਸਲਾ ਸਮੁੱਚੀ ਜਮਹੂਰੀ ਜਨਤਕ ਲਹਿਰ ਸਾਹਮਣੇ ਇੱਕ ਮਹੱਤਵਪੂਰਨ ਮਸਲਾ ਹੈ। ਅੱਜ ਦੀ ਨੌਜਵਾਨ ਵਿਦਿਆਰਥੀ ਲਹਿਰ ਲਈ ਇੱਕੋ ਜਿਹੀ ਤੇ ਮੁਫਤ ਸਿੱਖਿਆ ਤੇ ਹਰ ਹੱਥ ਲਈ ਰੁਜਗਾਰ ਦੀ ਮੰਗ ‘ਤੇ ਲਾਮਬੰਦੀ ਲਾਜ਼ਮੀ ਕਰਨੀ ਬਣਦੀ ਹੈ ਤੇ ਨਾਲ਼ ਹੀ ਵਿਦਿਆਰਥੀਆਂ ਅੰਦਰ ਸਾਹਿਤਕ-ਕਲਾਤਮਕ ਤੇ ਹੋਰ ਸਿਰਜਣਤਮਕ ਰੁਚੀਆਂ ਪੈਦਾ ਕਰਨ ਤੇ ਇੱਕ ਬਦਲਵਾਂ ਸੱਭਿਆਚਾਰ ਦੇਣ ਲਈ ਲਗਾਤਾਰ ਐਸੇ ਸਮਾਗਮਾਂ ਦਾ ਅਯੋਜਨ ਕਰਨਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਐਸੀ ਨਿਰਾਸ਼ਾ ‘ਚੋਂ ਕੱਢ ਸਕਣ ਤੇ ਉਹਨਾਂ ਨੂੰ ਸਮੱਸਿਆਵਆ ਨਾਲ਼ ਸਿੱਝਣ ਲਈ ਪ੍ਰਪੱਕ ਕਰ ਸਕਣ। ਇਹਦੇ ਨਾਲ਼ ਹੀ ਨੌਜਵਾਨਾਂ ਨੂੰ ਇੱਕ ਅਜੋਕੀ ਸਰਮਾਏਦਾਰਾ ਸਿੱਖਿਆ ਢਾਂਚੇ ਨੂੰ ਤਹਿਸ ਨਹਿਸ ਕਰਕੇ ਸਮਾਜਵਾਦੀ ਸਿੱਖਿਆ ਪ੍ਰਣਾਲੀ ਦੀ ਸਥਾਪਤੀ ਦੀ ਲੰਮੀ ਲੜਾਈ ਲਈ ਵੀ ਤਿਆਰ ਕਰਨਾ ਚਾਹੀਦਾ ਹੈ, ਐਸਾ ਢਾਂਚਾ ਜੋ ਅਜੋਕੀ ਸਿੱਖਿਆ ਪ੍ਰਣਾਲ਼ੀ ਦੇ ਉਪਰੋਕਤ ਰੋਗਾਂ ਤੋਂ ਮੁਕਤ ਹੋਵੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ