ਵਿਦਿਆਰਥੀ ਮੰਗਾਂ ਨੂੰ ਲੈਕੇ ਨਹਿਰੂ ਕਾਲਜ ਵਿੱਚ ਹੜਤਾਲ

14225634_1156149281118672_5882833266718759390_n1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

7 ਸਤੰਬਰ ਨੂੰ ਨਹਿਰੂ ਕਾਲਜ ਦੀਆਂ ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਵੱਲੋਂ ਕਾਲਜ ਵਿੱਚ ਮੁਕੰਮਲ ਬੰਦ ਕਰਕੇ ਹੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵੱਖ-ਵੱਖ ਵਿਦਿਆਰਥੀ ਮਸਲਿਆਂ ਤੇ ਪਿਛਲੇ ਸਮੇਂ ਤੋਂ ਵਿਦਿਆਰਥੀਆਂ ਦੀ ਲਾਮਬੰਦੀ ਕੀਤੀ ਜਾ ਰਹੀ ਸੀ। ਇਸੇ ਦੀ ਲਗਾਤਾਰਤਾ ਵਿੱਚ ਤਿੰਨਾਂ ਜਥੇਬੰਦੀਆਂ ਵੱਲੋਂ ਮਿਤੀ 7 ਸਤੰਬਰ ਨੂੰ ਕਲਾਸਾਂ ਦਾ ਬਾਈਕਾਟ ਕਰਕੇ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਤਿੰਨਾਂ ਜਥੇਬੰਦੀਆਂ ਦੇ ਆਗੂਆ ਨੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰ ਲਗਾਤਾਰ ਪ੍ਰਾਈਵੇਟ ਅਦਾਰਿਆਂ ਨੂੰ ਖੁੱਲ ਦੇ ਰਹੀ ਹੈ ਤੇ ਸਰਕਾਰੀ ਸਿੱਖਿਆ ਦਾ ਭੋਗ ਪਾਇਆ ਜਾ ਰਿਹਾ ਹੈ, ਜਿਸ ਕਰਕੇ ਸਿੱਖਿਆ ਨਰੋਲ ਪੈਸੇ ਦੀ ਰਖੇਲ ਬਣਨ ਜਾ ਰਹੀ ਹੈ। ਉਹਨਾਂ ਸਰਕਾਰ ਦੀਆਂ ਨਿਜੀਕਰਨ ਦੀਆਂ ਨੀਤੀਆਂ ਵਿਰੁੱਧ ਸਾਂਝੇ ਸੰਘਰਸ਼ ਉਸਾਰਨ ਦੀ ਗੱਲ ਕੀਤੀ। ਡੀਐਸਓ ਦੇ ਪ੍ਰਧਾਨ ਕ੍ਰਿਸ਼ਨ ਚੌਹਾਨ ਨੇ ਸਮੈਸਟਰ ਸਿਸਟਮ ਬਾਰੇ ਬੋਲਦਿਆਂ ਕਿਹਾ ਕਿ ਸਮੈਸਟਰ ਸਿਸਟਮ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ਼ ਇੱਕ ਪਾਸੇ ਜਿੱਥੇ ਵਿਦਿਆਰਥੀ ਸਾਰਾ ਸਾਲ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ ਦੂਜੇ ਪਾਸੇ ਇਸ ਨਾਲ਼ ਮਾਪਿਆਂ ਦੀਆਂ ਜੇਬਾਂ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਪੀਐਸਯੂ(ਲਲਕਾਰ) ਦੇ ਆਗੂ ਛਿੰਦਰਪਾਲ ਨੇ ਸੰਬੋਧਨ ਕਰਦਿਆਂ ਪੰਜਾਬ ਅੰਦਰ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਏਕੇ ਤੇ ਉਹਦੀਆਂ ਪ੍ਰਾਪਤੀਆਂ ਦੀ ਗੱਲ਼ ਕੀਤੀ, ਉਹਨਾਂ ਮੌਜੂਦਾ ਮਹੌਲ ਵਿੱਚ ਵਿਦਿਆਰਥੀ ਏਕਤਾ ਦੀ ਮਹਾਨ ਵਿਰਾਸਤ ਤੋਂ ਪ੍ਰੇਰਣਾ ਲੈਂਦੇ ਹੋਏ ਵਿਸ਼ਾਲ ਏਕਾ ਬਣਾਕੇ ਫੇਰ ਤੋਂ ਸੰਘਰਸ਼ ਕਰਨ ਦੀ ਲੋੜ ਦੀ ਪ੍ਰੋੜਤਾ ਕੀਤੀ ਤਾਂ ਕਿ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੂੰ ਮੋੜਾ ਪਾਇਆ ਜਾ ਸਕੇ। ਇਸ ਮੌਕੇ ਮੰਗ ਪੱਤਰ ਵੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। ਜਥੇਬੰਦੀਆਂ ਨੇ ਮੰਗ ਕੀਤੀ ਕਿ ਕਾਲਜ ਵਿੱਚ ਦਲਿਤ ਵਿਦਿਆਰਥੀਆਂ ਦੀ ਹਾਜਰੀ ਲਈ ਲਗਾਇਆ ਜਾ ਰਿਹਾ ਬਾਇਓਮੀਟਰਿਕ ਸਿਸਟਮ ਨਿਰੋਲ ਵਿਦਿਆਰਥੀ ਵਿਰੋਧੀ ਤੇ ਦਲਿਤ ਵਿਰੋਧੀ ਕਾਰਾ ਹੈ, ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ, ਵਿਦਿਆਰਥੀਆਂ ਦੇ ਬਕਾਇਆ ਵਜ਼ੀਫੇ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ। ਜਥੇਬੰਦੀਆਂ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਦਾਖਲੇ ਦੀ ਆਨਲਾਈਨ ਪ੍ਰਕ੍ਰਿਆ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਆਨਲਾਈਨ ਦਾਖਲਾ ਪ੍ਰਕ੍ਰਿਆ ਗੁੰਝਲਦਾਰ ਹੋਣ ਕਰਕੇ ਕਈ ਵਾਰ ਕਿਸੇ ਮਾਮੂਲੀ ਗਲਤੀ ਕਰਕੇ ਵਿਦਿਆਰਥੀ ਦਾ ਦਾਖਲਾ ਰੱਦ ਹੋ ਜਾਂਦਾ ਹੈ, ਇਸ ਕਰਕੇ ਅਗਲੀ ਵਾਰ ਤੋਂ ਪ੍ਰਾਸਪੈਕਟਸ ਪ੍ਰਣਾਲੀ ਚਾਲੂ ਕੀਤੀ ਜਾਵੇ। ਇਸਤੋਂ ਬਿਨ੍ਹਾਂ ਬੱਸਾਂ ਵਾਲਿਆਂ ਦੀ ਗੁੰਡਾਗਰਦੀ ਖਿਲਾਫ ਅਵਾਜ਼ ਬੁਲੰਦ ਕੀਤੀ ਗਈ ਤੇ ਬੁਲਾਰਿਆਂ ਨੇ ਮੰਗ ਕੀਤੀ ਕਿ ਬੱਸ ਪਾਸ ਸਰਕਾਰੀ ਦੇ ਨਾਲ਼-ਨਾਲ਼ ਪ੍ਰਾਇਵੇਟ ਬੱਸਾਂ ‘ਚ ਚੱਲ਼ਣਾ ਚਾਹੀਦਾ ਹੈ ਤੇ ਸਾਰੀਆਂ ਬੱਸਾਂ ਦਾ ਕਾਲਜ ਗੇਟ ਤੇ ਰੁਕਣਾ ਯਕੀਨੀ ਬਣਾਇਆ ਜਾਵੇ। ਇਹਨਾਂ ਮੰਗਾਂ ਸਮੇਤ ਜਥੇਬੰਦੀਆਂ ਨੇ ਮੰਗ ਕੀਤੀ ਕਿ ਕਾਲਜ ਅੰਦਰ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਬਾਥਰੂਮਾਂ ਦੀ ਮੁਰੰਮਤ ਕਰਵਾਕੇ ਉਹਨਾਂ ਦੀ ਬਕਾਇਦਾ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਪੀਟੀਏ ਫੰਡਾਂ ਦੇ ਨਾਂ ਤੇ ਵਿਦਿਆਰਥੀਆਂ ਦੀ ਕੀਤੀ ਜਾਂਦੀ ਲੁੱਟ ਬੰਦ ਕੀਤੀ ਜਾਵੇ। ਜਥੇਬੰਦੀਆਂ ਨੇ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਕਿਹਾ ਕਿ ਜੇ ਇਹ ਮੰਗਾਂ ਛੇਤੀ ਨਾ ਮੰਨੀਆਂ ਗਈਆਂ ਤਾਂ ਸਾਂਝੇ ਤੌਰ ਤੇ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਮੌਕੇ ਤੇ ਕਾਲਜ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਹਰੇਬਾਜੀ ਵੀ ਕੀਤੀ ਗਈ। ਇਸ ਮੌਕੇ ਤਿੰਨਾਂ ਜਥੇਬੰਦੀਆਂ ਦੇ ਹੋਰ ਵੀ ਕਾਰਕੁੰਨ ਹਾਜ਼ਰ ਸਨ।

•ਪੱਤਰ-ਪ੍ਰੇਰਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements