ਵਿਦੇਸ਼ਾਂ ‘ਚ ਗੁਲਾਮੀ ਦਾ ਸੰਤਾਪ ਹੰਢਾ ਰਹੀਆਂ ਭਾਰਤੀ ਔਰਤਾਂ •ਰੌਸ਼ਨ

10

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹੁਣੇ ਜਿਹੇ ਕਨੇਡਾ ਵਿੱਚ ਪੈਦਾ ਹੋਣ ਵਾਲ਼ੇ ਬੱਚਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਜਨਮ ਦਰ ਬਾਰੇ ਅਧਿਐਨ ਕੀਤਾ ਗਿਆ ਜਿਸ ਵਿੱਚ ਕਨੇਡਾ ਵਿੱਚ ਰਹਿੰਦੇ ਭਾਰਤੀ ਪਰਿਵਾਰਾਂ ਬਾਰੇ ਜੋ ਅੰਕੜੇ ਸਾਹਮਣੇ ਆਏ ਹਨ ਉਹ ਪ੍ਰੇਸ਼ਾਨ ਕਰਨ ਵਾਲ਼ੇ ਹਨ। ਇਹ ਅਧਿਐਨ 1990 ਤੋਂ 2011 ਦੇ 20 ਸਾਲਾਂ ਦਰਮਿਆਨ ਜੰਮੇ ਬੱਚਿਆਂ ਦੇ ਰਿਕਾਰਡ ਤੋਂ ਕੀਤਾ ਗਿਆ ਹੈ ਜਿਸ ਵਿੱਚ ਇਸ ਅਰਸੇ ਦੌਰਾਨ ਜੰਮੇ 58 ਲੱਖ ਬੱਚਿਆਂ ਦਾ ਅਧਿਐਨ ਕੀਤਾ ਗਿਆ। ਇਸ ਅਰਸੇ ਵਿੱਚ ਭਾਰਤੀ ਮਾਵਾਂ ਨੇ 1,78,000 ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹਨਾਂ ਬੱਚਿਆਂ ਵਿੱਚ ਮੁੰਡਿਆਂ ਦੇ ਮੁਕਾਬਲੇ 4,472 ਕੁੜੀਆਂ ਘੱਟ ਜੰਮੀਆਂ ਹਨ। ਸੰਸਾਰ ਭਰ ਵਿੱਚ ਆਮ ਤੌਰ ‘ਤੇ 103 ਤੋਂ 107 ਮੁੰਡਿਆਂ ਪਿੱਛੇ 100 ਕੁੜੀਆਂ ਦੀ ਜਨਮ ਦਰ ਹੈ। ਕਨੇਡਾ ਵਿੱਚ ਇਹ ਦਰ ਕਰੀਬ 105 ਮੁੰਡਿਆਂ ਪਿੱਛੇ 100 ਕੁੜੀਆਂ ਹਨ। ਪਰ ਕਨੇਡਾ ਰਹਿ ਭਾਰਤੀ ਪਰਿਵਾਰਾਂ ਵਿੱਚ ਇਹ ਪਾੜਾ ਕਾਫੀ ਜ਼ਿਆਦਾ ਹੈ। ਦੋ ਬੱਚਿਆਂ ਵਾਲ਼ੀਆਂ ਭਾਰਤੀ ਮਾਵਾਂ ਵਿੱਚ 138 ਮੁੰਡਿਆਂ ਪਿੱਛੇ 100 ਕੁੜੀਆਂ ਹਨ। ਤਿੰਨ ਬੱਚਿਆਂ ਵਾਲ਼ੇ ਪਰਿਵਾਰਾਂ ਵਿੱਚ 166 ਮੁੰਡਿਆਂ ਪਿੱਛੇ 100 ਕੁੜੀਆਂ ਹਨ। ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਦੋ ਕੁੜੀਆਂ ਵਾਲ਼ੀਆਂ ਮਾਵਾਂ ਵਿੱਚ 196 ਮੁੰਡਿਆਂ ਪਿੱਛੇ 100 ਕੁੜੀਆਂ ਹਨ। ਦੋ ਬੱਚਿਆਂ ਦੀਆਂ ਮਾਵਾਂ ਵਿੱਚ ਪਹਿਲੇ ਗਰਭਪਾਤ ਮਗਰੋਂ 326 ਮੁੰਡਿਆਂ ਪਿੱਛੇ 100 ਕੁੜੀਆਂ ਜੰਮਦੀਆਂ ਹਨ ਅਤੇ ਦੂਜੇ ਗਰਭਪਾਤ ਮਗਰੋਂ 409 ਮੁੰਡਿਆਂ ਪਿੱਛੇ 100 ਕੁੜੀਆਂ ਜੰਮਦੀਆਂ ਹਨ। ਜੇ ਗਰਭਪਾਤ 15 ਹਫਤਿਆਂ ਤੋਂ ਬਾਅਦ ਹੁੰਦਾ ਹੈ, ਭਾਵ ਜਦੋਂ ਬੱਚੇ ਦੇ ਲਿੰਗ ਦਾ ਅਲਟ੍ਰਾਸਾਊਂਡ ਰਾਹੀਂ ਪਤਾ ਲੱਗ ਜਾਂਦਾ ਹੈ ਤਾਂ 663 ਮੁੰਡਿਆਂ ਦੇ ਜੰਮਣ ਪਿੱਛੋਂ ਹੀ 100 ਕੁੜੀਆਂ ਨੂੰ ਜੰਮਣ ਦਾ ਮੌਕਾ ਮਿਲ਼ਦਾ ਹੈ। ਇਸ ਅਧਿਐਨ ਦੇ ਅੰਕੜਿਆਂ ਤੋਂ ਕਨੇਡਾ ਵਿਚਲੇ ਭਾਰਤੀ ਪਰਿਵਾਰਾਂ ਵਿੱਚ ਭਰੂਣ ਹੱਤਿਆ ਅਤੇ ਮੁੰਡੇ ਤੇ ਕੁੜੀ ਵਿਚਕਾਰ ਵਿਤਕਰੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।

ਕਨੇਡਾ ਸਮੇਤ ਹੋਰ ਯੂਰਪੀ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਜੋ ਮਰਦ ਪ੍ਰਧਾਨ ਤੇ ਔਰਤ ਵਿਰੋਧੀ ਮਾਨਸਿਕਤਾ ਹੈ ਉਸਦਾ ਇਹ ਭਰੂਣ ਹੱਤਿਆ ਹੀ ਇੱਕੋ-ਇੱਕ ਰੂਪ ਨਹੀਂ ਹੈ। ਯੂਰਪੀ ਦੇਸ਼ਾਂ ਵਿੱਚ ਭਾਰਤੀ ਸਮਾਜ ਵਾਲ਼ੀ ਸਭ ਔਰਤ ਵਿਰੋਧੀ ਮਾਨਸਿਕਤਾ ਉਸੇ ਰੂਪ ਵਿੱਚ ਹੀ ਮਿਲ਼ਦੀ ਹੈ। ਕੁੱਝ ਸਮਾਂ ਪਹਿਲਾਂ ਕਨੇਡਾ ਤੋਂ ਸੁਖਵੰਤ ਹੁੰਦਲ ਦਾ ਵੀ ਇੱਕ ਲੇਖ ਛਪਿਆ ਸੀ ਜਿਸ ਵਿੱਚ ਉਹਨਾਂ ਨੇ ਇੰਡੋ-ਕਨੇਡੀਅਨ ਪਰਿਵਾਰਾਂ ਵਿੱਚ ਹੁੰਦੇ ਔਰਤਾਂ ਦੇ ਕਤਲਾਂ ਦੀਆਂ ਕਈ ਘਟਨਾਵਾਂ ਦਾ ਵੇਰਵਾ ਦਿੱਤਾ ਸੀ। ਉਹ ਲਿਖਦੇ ਹਨ, “ਕੈਨੇਡਾ ਦੇ ਭਾਰਤੀ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਵਰਤਾਰਾ ਇੱਕ ਗੰਭੀਰ ਸਮੱਸਿਆ ਹੈ। ਬੇਸੱਕ ਸਮੇਂ ਸਮੇਂ ਇਸ ਸਮੱਸਿਆ ਬਾਰੇ ਕਮਿਉਨਿਟੀ ਵਿੱਚ ਗੱਲਬਾਤ ਚਲਦੀ ਆਈ ਹੈ, ਪਰ ਇਹ ਗੱਲਬਾਤ ਉਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਾਲ਼ ਨਹੀਂ ਚੱਲ ਸਕੀ ਜਿੰਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਾਲ਼ ਇਸ ਬਾਰੇ ਗੱਲ ਕਰਨ ਦੀ ਲੋੜ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਕੈਨੇਡੀਅਨ ਭਾਰਤੀ ਸਮਾਜ ਇਸ ਸਮੱਸਿਆ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਅਸਮਰੱਥ ਰਿਹਾ ਹੈ। ਜਦੋਂ ਕੈਨੇਡੀਅਨ ਭਾਰਤੀ ਪਰਿਵਾਰਾਂ ਵਿੱਚ ਇਹ ਸਮੱਸਿਆ ਆਪਣੇ ਅੰਤਿਮ ਚਰਮ ‘ਤੇ ਪਹੁੰਚ ਜਾਂਦੀ ਹੈ, ਭਾਵ ਪਰਿਵਾਰ ਦੇ ਕਿਸੇ ਮਰਦ ਮੈਂਬਰ ਵੱਲੋਂ ਕਿਸੇ ਔਰਤ ਦਾ ਕਤਲ ਹੋ ਜਾਂਦਾ ਹੈ, ਤਾਂ ਉਸ ਸਮੇਂ ਕਮਿਉਨਿਟੀ ਵੱਲੋਂ ਇਸ ਬਾਰੇ ਸਦਮੇ ਵਾਲ਼ਾ ਪ੍ਰਤੀਕਰਮ ਹੁੰਦਾ ਹੈ। ਇਹਨਾਂ ਕਤਲਾਂ ਬਾਰੇ ਹਾਅ ਦਾ ਨਾਹਰਾ ਮਾਰਿਆ ਜਾਂਦਾ ਹੈ। ਪਰ ਕਤਲ ਵਾਪਰਨ ਤੋਂ ਕੁਝ ਸਮਾਂ ਬਾਅਦ ਹੀ ਕਮਿਉਨਟੀ ਇਸ ਸਮੱਸਿਆ ਦੀ ਚਿੰਤਾ ਨੂੰ ਭੁੱਲ ਭੁਲਾ ਜਾਂਦੀ ਹੈ ਅਤੇ “ਸਭ ਅੱਛਾ ਹੈ” ਦੇ ਆਲਮ ਹੇਠ ਜਿਉਣ ਲੱਗਦੀ ਹੈ।”

ਇਸ ਲੇਖ ਵਿੱਚ ਕਨੇਡਾ ਵਿੱਚ ਹੋਏ ਕਤਲਾਂ ਦੇ ਦਿੱਤੇ ਵੇਰਵੇ ਇਹ ਗੱਲ ਸਾਫ ਕਰਦੇ ਹਨ ਕਿ ਇਹਨਾਂ ਕਤਲਾਂ ਦਾ ਕਾਰਨ ਵੀ ਭਾਰਤੀ ਸਮਾਜ ਵਾਲ਼ੀ ਔਰਤ ਵਿਰੋਧੀ ਮਾਨਸਿਕਤਾ ਹੀ ਹੈ। ਇਹਨਾਂ ਕਤਲਾਂ ਦੇ ਕਾਰਨਾਂ ਵਿੱਚ ਪਤਨੀ ਵੱਲੋਂ ਬੋਝਲ ਰਿਸ਼ਤਿਆਂ ਨੂੰ ਝੱਲਦੇ ਰਹਿਣ ਦੀ ਥਾਂ ਦੇ ਵੱਖ ਹੋ ਜਾਣਾ, ਸਿਰਫ ਕਿਸੇ ਹੋਰ ਨਾਲ ਸਬੰਧ ਦਾ ਸ਼ੱਕ ਹੋਣਾ, ਵਿਆਹ ਤੋਂ ਬਾਹਰੀ ਸਬੰਧ ਹੋਣਾ, ਪਰਿਵਾਰ ਵਿੱਚ ਵਧੇਰੇ ਕੁੜੀਆਂ ਦਾ ਜਨਮ ਲੈਣਾ, ਆਪਣਾ ਪ੍ਰੇਮੀ ਜਾਂ ਜੀਵਨਸਾਥੀ ਚੁਣਨਾ ਜਾਂ ਪਹਿਰਾਵੇ, ਸੱਭਿਆਚਾਰ ਤੋਂ ਇਨਕਾਰੀ ਹੋਣਾ ਆਦਿ ਹਨ। ਸਾਫ ਹੈ ਕਿ ਇਹਨਾਂ ਕਤਲਾਂ ਦੇ ਕਾਰਨ ਪੂਰੇ ਭਾਰਤੀ ਸਮਾਜ ਵਿੱਚ ਪਸਰੀ ਮਰਦ ਪ੍ਰਧਾਨ ਮਾਨਸਿਕਤਾ ਹੀ ਹੈ ਜੋ ਔਰਤਾਂ ਨੂੰ ਆਪਣੀ ਜਾਇਦਾਦ ਸਮਝਦੀ ਹੈ, ਉਸ ਨਾਲ ਇੱਜਤ ਦੇ ਅਖੌਤੀ ਸੰਕਲਪਾਂ ਨੂੰ ਜੋੜਦੀ ਹੈ ਤੇ ਸੱਭਿਆਚਾਰ ਦੇ ਨਾਮ ‘ਤੇ ਗਲ਼-ਸੜ ਚੁੱਕੀਆਂ ਕਦਰਾਂ-ਕੀਮਤਾਂ ਉਹਨਾਂ ਉੱਪਰ ਥੋਪਦੀ ਹੈ। ਆਪਣੀ ਪਤਨੀ ਦੇ ਵੱਖ ਹੋਕੇ ਰਹਿਣ ਕਾਰਨ ਕਤਲ ਦੇ ਇੱਕ ਮਾਮਲੇ ਸਬੰਧੀ ਉਕਤ ਲੇਖ ਦਾ ਇਹ ਹਿੱਸਾ ਇਸ ਮਾਨਸਿਕਤਾ ਬਾਰੇ ਕਾਫੀ ਕੁੱਝ ਸਾਫ ਕਰਦਾ ਹੈ, “ਅਦਾਲਤ ਵਿੱਚ ਇਸ ਕਤਲ ਬਾਰੇ ਗੱਲ ਕਰਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਅਸਾਧਾਰਨ ਕਤਲ ਤਾਂ ਹੋਇਆ ਕਿਉਂਕਿ ਮਨਮੀਤ ਵਿਸ਼ਵਾਸ ਕਰਦਾ ਸੀ ਕਿ ਉਸ ਨੂੰ ਛੱਡ ਕੇ ਜਾਣ ਬਦਲੇ ਆਪਣੀ ਪਤਨੀ ਤੋਂ ਬਦਲਾ ਲੈਣ ਦਾ ਹੱਕ ਹੈ। ਮਨਮੀਤ ਦੇ ਵਕੀਲ ਨੇ ਕਿਹਾ ਕਿ ਭਾਵੇਂ ਇਹ ਗੱਲ ਕਿਸੇ ਵੀ ਤਰ੍ਹਾਂ ਮਨਮੀਤ ਦੇ ਕਾਰੇ ਨੂੰ ਠੀਕ ਨਹੀਂ ਠਹਿਰਾਉਂਦੀ, ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨਮੀਤ ਅਜਿਹੇ “ਔਰਤ ਵਿਰੋਧੀ” ਸਮਾਜ ਦੀ ਪੈਦਾਵਰ ਹੈ, ਜਿਸ ਸਮਾਜ ਵਿੱਚ ਔਰਤ ਨੂੰ ਮਰਦ ਦੀ ਜਾਇਦਾਦ ਸਮਝਿਆ ਜਾਂਦਾ ਹੈ।”

ਕਨੇਡਾ ਸਮੇਤ ਯੂਰਪੀ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਪਰਿਵਾਰਾਂ ‘ਚ ਔਰਤ ਵਿਰੋਧੀ ਮਾਨਸਿਕਤਾ ਦੇ ਉਹ ਰੂਪ ਵੀ ਮੌਜੂਦ ਹਨ ਕਿਸੇ ਜੁਰਮ ਦੀ ਆਮ ਕਨੂੰਨੀ ਪਰਿਭਾਸ਼ਾ ਹੇਠ ਨਹੀਂ ਆਉਂਦੇ ਜਿਵੇਂ ਘਰਾਂ ‘ਚ ਮੁੰਡੇ ਤੇ ਕੁੜੀ ਵਿਚਾਕਰ ਵਿਤਕਰਾ, ਅਹਿਮ ਮਾਮਲਿਆਂ ਵਿੱਚ ਔਰਤਾਂ ਦੀ ਕੋਈ ਰਾਇ ਨਾ ਲੈਣਾ, ਧੱਕੇ ਨਾਲ ਚੁੱਪ ਕਰਵਾ ਦੇਣਾ, ਰਸੋਈ-ਸਫਾਈ ਦੇ ਕੰਮ ਸਿਰਫ ਔਰਤਾਂ ‘ਤੇ ਪਾਉਣੇ ਆਦਿ। ਕਈ ਸਾਲ ਵਿਦੇਸ਼ਾਂ ਵਿੱਚ ਰਹਿਣ ਵਾਲ਼ਿਆਂ ਵਿੱਚ ਅਜਿਹੇ ਮਰਦਾਂ ਦੀ ਵੀ ਕਮੀ ਨਹੀਂ ਹੈ ਜੋ ਸਿਰਫ ਇਸ ਕਰਕੇ ਹੀ ਭਾਰਤੀ ਔਰਤ ਨਾਲ਼ ਵਿਆਹ ਕਰਵਾਉਣ ਦੀ ਇੱਛਾ ਰੱਖਦੇ ਹਨ ਕਿਉਂਕਿ ਯੂਰਪੀ ਔਰਤਾਂ ਦਾ ਮੂਹਰੇ ਬੋਲਣਾ ਜਾਂ ਉਹਨਾਂ ਨੂੰ ਬਰਾਬਰ ਦੀ ਅਜ਼ਾਦੀ ਤੇ ਖੁੱਲ੍ਹ ਦੇਣ ਲਈ ਉਹ ਤਿਆਰ ਨਹੀਂ ਹਨ, ਜਦਿਕ ਭਾਰਤ ਵਿੱਚ ਪਤਨੀ ਦੇ ਨਾਂ ‘ਤੇ ਗੁਲਾਮ ਸੌਖਾ ਮਿਲ਼ ਜਾਂਦਾ ਹੈ।

ਭਾਰਤ ਵਿੱਚ ਯੂਰਪੀ ਦੇਸ਼ਾਂ ਵਿੱਚ ਵੀ ਮਰਦ ਪ੍ਰਧਾਨਤਾ ਚਲਦੀ ਹੈ, ਪਰ ਫਿਰ ਵੀ ਭਾਰਤ ਤੇ ਯੂਰਪ ਦੀ ਇਸ ਮਰਦ ਪ੍ਰਧਾਨਤਾ ਵਿੱਚ ਵੀ ਜ਼ਮੀਨ-ਅਸਮਾਨ ਦਾ ਅੰਤਰ ਹੈ। ਯੂਰਪ ਵਿੱਚ ਔਰਤਾਂ ਨੂੰ ਆਪਣਾ ਪਹਿਰਵਾ, ਸੱਭਿਆਚਾਰ, ਧਰਮ, ਕਿੱਤਾ, ਜੀਵਨ-ਸਾਥੀ ਆਦਿ ਚੁਣਨ ਦਾ ਪੂਰਾ ਹੱਕ ਹੈ, ਔਰਤਾਂ ਦੇ ਸਿਰ ਇੱਜਤਾਂ ਦੇ ਠੀਕਰ ਨਹੀਂ ਰੱਖੇ ਜਾਂਦੇ ਤੇ ਭਾਰਤ ਵਾਲ਼ੀਆਂ ਹੋਰ ਵੀ ਮੱਧਯੁਗੀ ਕਦਰਾਂ-ਕੀਮਤਾਂ ਦੀ ਉੱਥੇ ਅਣਹੋਂਦ ਹੈ। ਇਸ ਕਰਕੇ ਕੁੜੀ ਹੋਣ ਕਾਰਨ ਕਿਸੇ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਮਾਮਲੇ ਵੀ ਉੱਥੇ ਨਾਂਹ ਬਰਾਬਰ ਹੀ ਹਨ। ਯੂਰਪ ਕੋਲ਼ ਨਵ-ਜਾਗਰਣ, ਗਿਆਨ ਪ੍ਰਸਾਰ ਤੇ ਇਨਕਲਾਬਾਂ ਦੀ ਕਾਫੀ ਅਰਸਾ ਲੰਬੀ ਵਿਰਾਸਤ ਹੈ ਜਿਸ ਵਿੱਚ ਉੱਥੇ ਬਹੁਤ ਸਾਰੀਆਂ ਮੱਧਯੁਗੀ ਕਦਰਾਂ-ਕੀਮਤਾਂ ਨੂੰ ਹੂੰਝ ਦਿੱਤਾ ਗਿਆ। ਪਰ ਨਿੱਜੀ ਜਾਇਦਾਦ ਅਧਾਰਿਤ ਢਾਂਚੇ ਦੀ ਮੌਜੂਦਗੀ ਹੋਣ ਕਾਰਨ ਉੱਥੇ ਜਾਇਦਾਦ ਦੀ ਮਾਲਕੀ ਮੁੱਖ ਤੌਰ ‘ਤੇ ਮਰਦਾਂ ਦੇ ਹੱਥ ਵਿੱਚ ਹੋਣ, ਔਰਤਾਂ ਦੇ ਜਿਸਮ ਤੇ ਕਿਰਤ-ਸ਼ਕਤੀ ਨੂੰ ਮੰਡੀ ਦੀ ਵਸਤ ਬਣਾ ਦੇਣ ਦੇ ਦਾਬੇ ਦੇ ਰੂਪਾਂ ਤੋਂ ਲੈ ਕੇ ਬਲਾਤਕਾਰ, ਔਰਤਾਂ ਵਿਰੁੱਧ ਹਿੰਸਾ, ਛੇੜ-ਛਾੜ ਆਦਿ ਜਿਹੇ ਜੁਰਮਾਂ ਦੇ ਰੂਪ ਵਿੱਚ ਉੱਥੇ ਔਰਤਾਂ ਦੀ ਹਾਲਤ ਮਾੜੀ ਵੀ ਹੈ। ਪਰ ਭਾਰਤੀ ਸਮਾਜ ਵਿੱਚ ਔਰਤ ਵਿਰੋਧੀ ਜਬਰ ਦੇ ਇਹ ਆਧੁਨਿਕ ਰੂਪ ਵੀ ਹਨ ਤੇ ਮੱਧਯੁਗ ਦੇ ਜਗੀਰੂ ਦਾਬੇ ਵਾਲ਼ੇ ਰੂਪ ਵੀ ਮੌਜੂਦ ਹਨ।

ਕਈ ਸਾਲਾਂ ਤੋਂ ਯੂਰਪ ਵਿੱਚ ਰਹਿ ਰਹੇ ਭਾਰਤੀ ਪਰਿਵਾਰਾਂ, ਜਿਨ੍ਹਾਂ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ ਹੈ, ਵਿੱਚ ਇੱਕ ਬਦਲੇ ਮਹੌਲ ਵਿੱਚ ਕੰਮ ਕਰਨ, ਰਹਿਣ, ਉੱਥੋਂ ਦੇ ਲੋਕਾਂ ਵਿੱਚ ਘੁਲਣ-ਮਿਲਣ ਦੇ ਬਾਵਜੂਦ ਉਸ ਸਮਾਜ ਦੀਆਂ ਉੱਨਤ ਕਦਰਾਂ-ਕੀਮਤਾਂ ਦੀ ਰਸਾਈ ਬਹੁਤ ਘੱਟ ਹੈ। ਭਾਰਤੀ ਸਮਾਜ ਦੀ ਔਰਤ ਵਿਰੋਧੀ ਮਾਨਸਿਕਤਾ ਤੋਂ ਲੈ ਕੇ ਗੈਰ-ਤਰਕਸ਼ੀਲਤਾ, ਗੈਰ-ਜਮਹੂਰੀਪੁਣਾ, ਪੜ੍ਹਨ-ਲਿਖਣ ਦੇ ਸੱਭਿਆਚਾਰ ਦੀ ਅਣਹੋਂਦ ਜਿਹੀਆਂ ਚੀਜਾਂ ਭਾਰਤੀ ਮਨਾਂ ਵਿੱਚ ਯੂਰਪ ਵਿੱਚ ਜਾ ਕੇ ਘਰ ਕਰੀ ਰੱਖਦੀਆਂ ਹਨ। ਇੱਥੋਂ ਇਹ ਸਮਝਣ ਦੀ ਲੋੜ ਹੈ ਕਿ ਭਾਰਤੀ ਸਮਾਜ ਦੀਆਂ ਇਹਨਾਂ ਮੱਧਯੁਗੀ, ਜਮਹੂਰੀਅਤ ਵਿਰੋਧੀ, ਔਰਤ ਵਿਰੋਧੀ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ ਤੇ ਇਹਨਾਂ ਨੂੰ ਬਦਲੇ ਜਾਣ ਲਈ ਕਿੰਨਾ ਤਰੱਦਦ ਕਰਨ ਦੀ ਲੋੜ ਹੈ।

ਭਾਰਤੀ ਸਮਾਜ ਦੇ ਅੰਦਰ ਅਤੇ ਯੂਰਪ ਵਿੱਚ ਰਹਿ ਰਹੇ ਭਾਰਤੀਆਂ ਅੰਦਰ ਕੁੱਝ-ਕੁੱਝ ਸੱਭਿਆਚਾਰਕ ਤਬਦੀਲੀਆਂ ਤਾਂ ਆ ਰਹੀਆਂ ਹਨ ਪਰ ਇਹਨਾਂ ਤਬਦੀਲੀਆਂ ਸਮਾਜਿਕ ਵਿਕਾਸ ਨੇ ਆਪ-ਮੁਹਾਰੇ ਢੰਗ ਨਾਲ਼ ਲਿਆਂਦੀਆਂ ਹਨ। ਮਿਸਾਲ ਵਜੋਂ ਭਾਰਤੀ ਸਮਾਜ ਨੂੰ ਮੰਡੀ ਦੀਆਂ ਲੋੜਾਂ ਨੇ ਪਹਿਲਾਂ ਇਸ ਗੱਲ ਲਈ ਮਜਬੂਰ ਕੀਤਾ ਕਿ ਔਰਤਾਂ ਨੂੰ ਘਰੋਂ ਕੱਢ ਕੇ ਪੜ੍ਹਨ-ਲਿਖਣ ਦਾ ਮੌਕਾ ਦਿੱਤਾ ਜਾਵੇ ਤੇ ਫਿਰ ਉਸੇ ਲੋੜ ਨੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੇ ਵੀ ਮੌਕੇ ਦਿੱਤੇ। ਇਸ ਤਰ੍ਹਾਂ ਔਰਤਾਂ ਦੀ ਹਾਲਤ ਵਿੱਚ ਜੋ ਰੱਤੀ-ਮਾਸਾ ਵੀ ਸੁਧਾਰ ਆਇਆ ਹੈ ਉਹ ਸਮਾਜਿਕ ਵਿਕਾਸ ਦੀ ਆਪ-ਮੁਹਾਰੀ ਤੋਰ ਨੇ ਲਿਆਂਦਾ ਹੈ ਨਾ ਕਿ ਕਿਸੇ ਸੱਭਿਆਚਾਰ ਲਹਿਰ ਜਾਂ ਪੁਰਾਣੀਆਂ ਕਦਰਾਂ-ਕੀਮਤਾਂ ਉੱਪਰ ਸੁਚੇਤ ਢੰਗ ਨਾਲ ਸੱਟ ਮਾਰਨ ਦੇ ਯਤਨਾਂ ਵਿੱਚੋਂ ਆਇਆ ਹੈ। ਭਾਰਤ ਵਿੱਚ ਔਰਤਾਂ ਦੀ ਗੁਲਾਮੀ ਵਾਲ਼ੀ ਹਾਲਤ ਨੂੰ ਖਤਮ ਕਰਨ ਲਈ ਜਿੱਥੇ ਇਸ ਗੁਲਾਮੀ ਦੀ ਬੁਨਿਆਦ ਨਿੱਜੀ ਜਾਇਦਾਦ ਵਾਲ਼ੇ ਸਰਮਾਏਦਾਰਾ ਢਾਂਚੇ ਨੂੰ ਤਬਾਹ ਕਰਨ ਦੀ ਲੋੜ ਹੈ ਉੱਥੇ ਹੀ ਵਿਚਾਰਾਂ, ਆਦਤਾਂ ਤੇ ਸੱਭਿਆਚਾਰ ਦੇ ਖੇਤਰ ਵਿੱਚੋਂ ਇਹਨਾਂ ਨੂੰ ਖਤਮ ਕਰਨ ਲਈ ਵਿਆਪਕ ਸਮਾਜਿਕ-ਸੱਭਿਆਚਾਰਕ ਲਹਿਰਾਂ ਚਲਾਏ ਜਾਣ ਦੀ ਵੀ ਲੋੜ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements