ਵੇਸ਼ਵਾਗਮਨੀ- ਔਰਤਾਂ ਦੀ ਗੁਲਾਮੀ ਦਾ ਸਭ ਤੋਂ ਭੈੜਾ ਰੂਪ •ਸਸ਼੍ਰਿਟੀ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

‘ਮਰਦ’ ਅਤੇ ‘ਔਰਤ’- ਇਹ ਦੋ ਸ਼ਬਦ ਸੁਣਦੇ ਜੋ ਸਭ ਤੋਂ ਪਹਿਲਾਂ ਦਿਮਾਗ ਚ ਆਉਂਦਾ ਹੈ, ਉਹ ਹੈ ‘ਮਾਲਕ’ ਅਤੇ ‘ਗੁਲਾਮ’। ਜੀ ਹਾਂ, ਤੁਸੀ ਸਹੀ ਸੋਚ ਰਹੇ ਹੋ, ਔਰਤ ਗੁਲਾਮ ਅਤੇ ਮਰਦ ਉਸਦਾ ਮਾਲਕ। ਜੇ ਆਪਾਂ ਮਨੁੱਖੀ ਇਤਿਹਾਸ ਦੇ ਵਿਕਾਸ ਦੇ ਪੰਨਿਆਂ ਤੇ ਮੁੜ ਇੱਕ ਨਜਰ ਮਾਰੀਏ ਤਾਂ ਇੱਕ ਚੀਜ ਜੋ ਹਰ ਸਮਾਜਕ ਵਿਕਾਸ ਦੇ ਪੜਾਅ ਤੇ ਮੌਜੂਦ ਹੈ, ਔਰਤ ਦੀ ਗੁਲਾਮੀ। ਬੇਸ਼ੱਕ ਇਸਦਾ ਰੂਪ ਹਰ ਪੜਾਅ ਦੇ ਖਾਸੇ ਅਨੁਸਾਰ ਬਦਲਦਾ ਆਇਆ ਹੈ। ਮੁੱਢ ਕਦੀਮੀ ਸਮਾਜ ਨੂੰ ਛੱਡ ਕੇ ਗੁਲਾਮਦਾਰੀ, ਜਗੀਰਦਾਰੀ ਅਤੇ ਹੁਣ ਮੌਜੂਦਾ ਸਰਮਾਏਦਾਰਾ ਪ੍ਰਬੰਧ ਚ ਵੀ ਔਰਤਾਂ ਦਾ ਦਰਜਾ ਦੂਸਰੇ ਪੱਧਰ ਦਾ ਹੀ ਰਿਹਾ ਹੈ।

ਬਹੁਤ ਸਾਰੇ ਲੋਕ ਸਰਮਾਏਦਾਰਾ ਪ੍ਰਬੰਧ ਦਾ ਗੁਣਗਾਣ ਕਰਦੇ ਇਹ ਕਹਿਣੋਂ ਨਹੀ ਥੱਕਦੇ ਕੀ ਇਸ ਪ੍ਰਬੰਧ ਨੇ ਔਰਤ ਨੂੰ ‘ਆਜਾਦ’ ਕੀਤਾ ਹੈ। ਅਸੀ ਇਸ ਗੱਲ ਤੋਂ ਬਿਲਕੁਲ ਇਨਕਾਰੀ ਨਹੀਂ ਹਾਂ ਕਿ ਇਸ ਪ੍ਰਬੰਧ ਨੇ ਔਰਤਾਂ ਨੂੰ ਚੁੱਲ੍ਹੇ-ਚੌਂਕੇ ਤੋਂ ਆਜਾਦ ਕੀਤਾ ਅਤੇ ਪੜ੍ਹਣ-ਲਿਖਣ ਦੇ ਵੱਧ ਮੌਕੇ ਦਿੱਤੇ। ਪਰ ਫਿਰ ਸਵਾਲ ਇਹ ਬਣਦਾ ਹੈ ਕਿ ਅਗਰ ਔਰਤਾਂ ਆਜਾਦ ਹਨ ਤਾਂ ਔਰਤਾਂ ਨਾਲ ਹੁੰਦੇ ਗੁਨਾਹ ਜਿਵੇਂ ਕਿ ਛੇੜ-ਛਾੜ, ਬਲਾਤਕਾਰ ਵਰਗੀਆਂ ਘਟਨਾਵਾਂ ਦੀ ਗਿਣਤੀ ਹਰ ਲੰਘਦੇ ਦਿਨ ਨਾਲ ਕਿਉਂ ਵਧ ਰਹੀ ਹੈ ? ਇਸ ਗਿਣਤੀ ਦੇ ਵਧਣ ਦਾ ਕਾਰਨ ਵੀ ਇਹ ਮਨੁੱਖਦੋਖੀ ਪ੍ਰਬੰਧ ਹੀ ਹੈ। ਸਰਮਾਏਦਾਰਾ ਪ੍ਰਬੰਧ ਨੇ ਔਰਤਾਂ ਨੂੰ ਚਾਰ-ਦਿਵਾਰੀ ਤੋਂ ਆਜਾਦ ਕਰ ਮੰਡੀ ਵਿੱਚ ਖੜ੍ਹਾ ਦਿੱਤਾ। ਸਰਮਾਏਦਾਰਾ ਪ੍ਰਬੰਧ ਜਿਸ ਦਾ ਕੇਂਦਰ-ਬਿੰਦੂ ਮੁਨਾਫਾ ਹੈ, ਆਪਣੇ ਮੁਨਾਫੇ ਦੀ ਦੌੜ ਵਿੱਚ ਔਰਤਾਂ ਨੂੰ ਵੀ ਇਸਨੇ ਮੰਡੀ ਦੀ ਇੱਕ ਜਿਣਸ ਬਣਾ ਦਿੱਤਾ ਹੈ।

ਜਿਵੇਂ ਮੇਜ, ਕੁਰਸੀ ਆਦਿ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਜਿੱਦਾਂ ਚਾਹੋ ਇਸਤੇਮਾਲ ਕਰ ਸਕਦੇ ਹੋ ਅਤੇ ਉਸ ਤੋਂ ਮਨ ਭਰ ਜਾਣ ਤੇ ਉਸ ਨੂੰ ਬਦਲ ਸਕਦੇ ਹੋ। ਬਿਲਕੁਲ ਉਸੇ ਤਰ੍ਹਾਂ ਔਰਤਾਂ ਨੂੰ ਵੀ ਆਪਣੀ ਸਹੂਲਤ ਅਨੁਸਾਰ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਮਨ ਭਰ ਜਾਣ ਤੋਂ ਬਾਅਦ ਉਸਦੀ ਜਗ੍ਹਾ ਤੇ ਦੂਜੀ ਲੈ ਕੇ ਆਈ ਜਾ ਸਕਦੀ ਹੈ। ਆਪਣੀ ਹੋਂਦ ਨੂੰ ਬਚਾਉਣ ਲਈ ਇਸ ਮਨੁੱਖਦੋਖੀ ਪ੍ਰਬੰਧ ਨੇ ਔਰਤਾਂ ਨੂੰ ਉਹਨਾਂ ਦੀ ਰੂਹ ਤੋਂ ਪਰੇ ਉਹਨਾਂ ਦੇ ਜਿਸਮ ਨੂੰ ਜਿਣਸ ਦੀ ਤਰ੍ਹਾਂ ਮੰਡੀ ਵਿੱਚ ਵੇਚਣਾ ਅਤੇ ਖਰੀਦਣਾ ਅਤੇ ਉਸ ਤੋਂ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ।

ਵੇਸ਼ਵਾਗਮਨੀ ਇਸੇ ਦਾ ਇੱਕ ਰੂਪ ਹੈ, ਵੇਸ਼ਵਾਗਮਨੀ ਔਰਤ ਦੀ ਗੁਲਾਮੀ ਦਾ ਸਭ ਤੋਂ ਭੱਦਾ ਤੇ ਦਰਦਨਾਕ ਰੂਪ ਹੈ। ਵੇਸ਼ਵਾਗਮਨੀ ਵਿੱਚ ਧੱਕ ਦਿੱਤੀ ਜਾਣ ਵਾਲੀ ਔਰਤ ਦੀ ਜਿੰਦਗੀ ਮੌਤ ਨਾਲੋਂ ਵੀ ਭੈੜੀ ਹੁੰਦੀ ਹੈ। ਇਕ ਵਾਰ ਜਰਾ ਸੋਚ ਕੇ ਦੇਖੋ ਔਰਤ ਜਿਸ ਨੂੰ ਸਿਰਫ  ਇਸ ਲਈ ਜਿਉਂਦਾ ਰੱਖਿਆ ਜਾ ਰਿਹਾ ਹੈ ਕਿ ਉਹ ਇੱਕ ਭੋਗ ਦੀ ਵਸਤੂ ਬਣ ਸਕੇ ਅਤੇ ਹਰ ਰੋਜ ਆਪਣੇ ਸਵੈ-ਮਾਣ ਨੂੰ ਗਿਰਵੀ ਰੱਖ ਕੇ ਮਰਦਾਂ ਦੀ ਕਾਮ-ਇੱਛਾ ਦੀ ਪੂਰਤੀ ਕਰ ਸਕੇ। ਉਸ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਵੇਗੀ। ਅਫਸੋਸ ! ਇਹ ਕੋਸ਼ਿਸ਼ ਕਰੇ ਤੇ ਵੀ ਨਹੀਂ ਸਮਝੀ ਜਾ ਸਕਦੀ। ਵੇਸ਼ਵਾਗਮਨੀ ਚ ਫਸੀਆਂ ਔਰਤਾਂ ਤੱਕ ਪਹੁੰਚ ਕੀਤੇ ਬਿਨਾਂ ਉਹਨਾਂ ਦੀ ਜਿੰਦਗੀ ਦੀਆਂ ਔਕੜਾਂ ਨੂੰ ਸਮਝ ਸਕਣਾ ਸੰਭਵ ਨਹੀਂ।

ਇਸੇ ਸੰਬੰਧ ਚ ਪਿਛਲੇ ਦਿਨੀਂ ‘ਅਲਜਜੀਰਾ’ ਮੈਗਜੀਨ ਚ ਛਪੇ ‘ਮਿਮੀ ਚਾਕਾਰੋਵ ‘ ਦਾ ਲੇਖ੍ਹਾਂ ‘Going undercover as a sex worker’ (ਭਾਵ ਇੱਕ ਵੇਸਵਾ ਵਜੋਂ ਕੰਮ ਕਰਦੇ ਹੋਏ ਆਪਣੀ ਪਛਾਣ ਗੁਪਤ ਰੱਖਕੇ, ਇਸ ਧੰਦੇ ਦੇ ਭੇਦ ਜਾਨਣਾ) ਵੇਸ਼ਵਾਗਮਨੀ ਚ ਫਸੀਆਂ ਔਰਤਾਂ ਦੀ ਜਿੰਦਗੀ ਦੇ ਦਿਲ ਕੰਬਾਊ ਸੱਚ ਨੂੰ ਦਰਸਾਉਂਦਾ ਹੈ।

ਮਿਮੀ ਚਾਕਾਰੋਵ ਇੱਕ ਫੋਟੋ ਜਰਨਲਿਸਟ ਅਤੇ ਫਿਲਮ ਨਿਰਦੇਸ਼ਕ ਹੈ। ਇਸ ਅਨੈਤਿਕਤਾ ਦੀ ਕਾਲੀ ਦੁਨੀਆ ਅਤੇ ਪਸ਼ੂਆਨਾ ਸੰਬੰਧਾਂ ‘ਚ ਵਿਚਰ ਰਹੀਆਂ ਔਰਤਾਂ ਦੀ ਜਿੰਦਗੀ ਨੂੰ ਜਾਨਣ ਅਤੇ ਸਮਝਣ ਲਈ ਖੁਦ ਇਸ ਦੁਨੀਆ ਚ ਦਾਖਲ ਹੋਣ ਦਾ ਫੈਸਲਾ ਕਰਦੀ ਹੈ। ਉਹ ਲਿਖਦੀ ਹੈ, ”ਇਹ ਖਤਰਨਾਕ ਸੀ, ਪਰ ਇੱਕ ਹੋਰ ਸਮੱਸਿਆ ਸੀ। ਇੱਕ ਕੁੜੀ ਹੋਣ ਕਾਰਨ ਉਹ ਗਾਹਕ ਦਾ ਰੂਪ ਨਹੀ ਲੈ ਸਕਦੀ ਸੀ, ਜਿਵੇਂ ਕਿ ਉਸਦੇ ਬਹੁਤ ਸਾਰੇ ਮਰਦ ਸਾਥੀਆਂ ਨੇ ਕੀਤਾ।” “ਉਹਨਾਂ ਔਰਤਾਂ ਚੋਂ ਹੀ ਇਕ ਬਨਣਾ।” ਉਸਨੇ ਵੇਸ਼ਵਾ ਦਾ ਰੂਪ ਲਿਆ ਅਤੇ ਇਸਤਾਨਬੁਲ, ਏਥਨਜ, ਦੁਬਈ, ਪਰਾਗੁਏ ਆਦਿ ਦੇ ਵੇਸ਼ਵਾਗਮਨੀ ਦੇ ਅੱਡਿਆਂ ਚ ਆਪਣਾ ਰਾਸਤਾ ਬਣਾਇਆ।

ਮਿਮੀ ਚਾਕਾਰੋਵ ਇੱਕ ਫੋਟੋ ਜਰਨਲਿਸਟ ਦੇ ਤੌਰ ਤੇ ਆਪਣੇ ਸਫਰ ਦੀ ਸ਼ੁਰੂਆਤ ਕਰਦੀ ਹੈ। ਉਹ ਅਜਿਹੀਆਂ ਔਰਤਾਂ ਨੂੰ ਲੱਭਣ ਬਾਰੇ ਸੋਚਦੀ ਹੈ ਜੋ ਕਿਸੇ ਤਰੀਕੇ ਆਪਣੇ ਦਲਾਲਾਂ ਤੋਂ ਬਚ ਕੇ ਨਿਕਲ ਗਈਆਂ ਹੋਣ।  ਪਰ ਜਲਦ ਹੀ ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਉਹ ਦਲਦਲ ਹੈ ਜਿੱਥੋਂ ਕਿਸੇ ਦਾ ਵੀ ਬਚ ਕੇ ਨਿਕਲ ਪਾਉਣਾ ਬਹੁਤ ਹੀ ਔਖਾ ਹੈ। ਆਪਣੇ ਤਜਰਬੇ ਤੋਂ ਉਹ ਲਿਖਦੀ ਹੈ,   “ਇਹ ਖੂਹ ਹੈ ਜਿਹਦੇ ਅੰਤ ਤੇ ਪਾਣੀ ਨਹੀਂ, ਇਹ ਸਭ ਤੋਂ ਹਨੇਰੀ ਰਾਤ ਤੋਂ ਵੀ ਵੱਧ ਕਾਲ਼ਾ ਹੈ। ”  

ਮਿਮੀ ਚਾਕਾਰੋਵਾ ਦਾ ਲੇਖ ਨਾ ਸਿਰਫ ਉਹਨਾਂ ਔਰਤਾਂ ਦੀ ਖੌਫਨਾਕ ਸਥਿਤੀ ਨੂੰ ਬਿਆਨਦਾ ਹੈ ਸਗੋਂ ਆਪਣੇ ਸਮਾਜ ਵਿੱਚ ਚੱਲ ਰਹੀਆਂ ਆਮ ਧਾਰਨਾਵਾਂ ਦੀ ਵੀ ਖੰਡਨ ਕਰਦਾ ਹੈ। ਵੇਸ਼ਵਾਗਮਨੀ ਦੀਆਂ ਜੜ੍ਹਾਂ ਇਸ ਮੁਨਾਫੇ ਦੇ ਸਿਰ ਤੇ ਚੱਲ ਰਹੇ ਸਰਮਏਦਾਰਾ ਪ੍ਰਬੰਧ ਵਿੱਚ ਹਨ। ਪਰ ਇਸ ਢਾਂਚੇ ਦੇ ਪੈਰੋਕਾਰ ਇਸ ਦਾ ਪੂਰਾ ਜਿੰਮਾ ਔਰਤ ਦੇ ਸਿਰ ਮੜ੍ਹਦੇ ਹਨ। ਜਿਵੇਂ ਕਿ ਸਮਾਜ ਵਿੱਚ ਧਾਰਨਾ ਹੈ ਕਿ ਔਰਤਾਂ ਇਹ ਧੰਦਾ ਆਪਣੀ ਮਰਜੀ ਨਾਲ ਚੁਣਦੀਆਂ ਹਨ ਉਹ ਅੱਜ ਆਜਾਦ ਹਨ ਅਤੇ ਵੇਸ਼ਵਾਗਮਨੀ ਵਿੱਚ ਖੁਦ ਨੂੰ ਝੋਕਣ ਦਾ ਫੈਸਲਾ ਉਹਨਾਂ ਦਾ ਖੁਦ ਦਾ ਹੀ ਹੁੰਦਾ ਹੈ, ਨਾ ਕਿ ਕਿਸੇ ਵੀ ਧੱਕੇ ਦਾ ਨਤੀਜਾ। ਉਹ ਚਾਹੁਣ ਤਾਂ ਇਸ ਸਭ ਨੂੰ ਛੱਡ ਕੇ ਆਮ ਜਿੰਦਗੀ ਜੀਅ ਸਕਦੀਆਂ ਹਨ।

ਪਰ ਮਿਮੀ ਚਾਕਾਰੋਵਾ ਨੂੰ ਆਪਣੇ ਸਫਰ ਦੌਰਾਨ ਮਿਲੀ ਵਿੱਕਾ ਨਾਮ ਦੀ ਇੱਕ ਕੁੜੀ ਜਿਸ ਨੂੰ 19 ਸਾਲ ਦੀ ਉਮਰ ਚ ਦੁਬਈ ਵੇਚ ਦਿੱਤਾ ਗਿਆ ਸੀ, ਇਸ ਇੱਕਤਰਫਾਪੁਣੇ ਦੀ ਸ਼ਿਕਾਰ ਹੋਈ ਧਾਰਨਾ ਨੂੰ ਗਲਤ ਸਾਬਤ ਕਰਦੀ ਹੈ। ਵਿੱਕਾ ਦੱਸਦੀ ਹੈ, “ਜੇਕਰ ਮੇਰੇ ਕੋਲ ਕਿਸੇ ਨੂੰ ਇਸ ਸਭ ਤੋਂ ਬਚਾਉਣ ਦਾ ਜਾਂ ਕਿਸੇ ਨੂੰ ਇਸ ਚ ਫਸਣ ਤੋਂ ਰੋਕ ਸਕਣ ਦਾ ਮੌਕਾ ਹੋਵੇ, ਅਗਰ ਮੈਂ ਇਹ ਕਰ ਸਕਾਂ, ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਾਂ। ਤੁਸੀ ਗਰਮ ਦਿਮਾਗ ਨਹੀਂ ਹੋ ਸਕਦੇ ਅਤੇ ਕਿਸੇ ਵੀ ਮੌਕੇ ਤੇ ਪ੍ਰਤੀਕ੍ਰਿਆ ਨਹੀਂ ਕਰ ਸਕਦੇ, ਹਾਂ, ਅਜਿਹੇ ਮੌਕੇ ਹੁੰਦੇ ਹਨ ਜਦੋਂ ਤੁਸੀਂ ਘਰੋਂ ਭੱਜਣਾ ਚਾਹੁੰਦੇ ਹੋ, ਅਜਿਹਾ ਸਮਾਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਕਾਰ ਅੱਗੇ ਛਾਲ ਮਾਰਨਾ ਚਾਹੁੰਦੇ ਹੋ। ਇਹ ਸਿਰਫ ਮੇਰੇ ਨਾਲ ਨਹੀਂ ਸਗੋਂ ਸਭ ਨਾਲ ਹੁੰਦਾ ਹੈ। ਕਿਸੇ ਲਈ ਇਹ ਬਹੁਤ ਬੁਰਾ ਹੈ, ਕਿਸੇ ਲਈ ਥੋੜਾ ਚੰਗਾ। ਕੁਝ ਲੋਕ ਕਮਜੋਰ ਹੁੰਦੇ ਹਨ, ਕੁਝ ਬਹਾਦਰ। ਸਿਰਫ ਇੱਕ ਗਲਤ ਕਦਮ ਕਾਰਨ ਤੁਸੀਂ ਬਾਕੀ ਦੀ ਜਿੰਦਗੀ ਉਸ ਨੂੰ ਝੱਲਦੇ ਹੋ।”

ਇਹਨਾਂ ਔਰਤਾਂ ਲਈ ਇਸ ਦੁਨੀਆ ਚੋਂ ਨਿਕਲ ਸਕਣਾ ਅਸੰਭਵ ਦੇ ਨੇੜੇ ਹੁੰਦਾ ਹੈ। ਪਰ ਫਿਰ ਵੀ ਜੇ ਕੋਈ ਔਰਤ ਆਪਣੇ ਅੰਦਰ ਬਚੀ ਹੋਈ ਜਿੰਦਗੀ ਨੂੰ ਬਚਾਉਣ ਦੀ ਦੁਨੀਆਂ ਤੋ ਬਾਗੀ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਤਸੀਹੇ ਦਿੱਤੇ ਜਾਂਦੇ ਹਨ। ਇਸ ਨੂੰ ਪ੍ਰਕਿਰਿਆ ਨੂੰ ਤੋੜਨਾ (BreakDown Period) ਕਿਹਾ ਜਾਂਦਾ ਹੈ।

ਮਿਮੀ ਚਾਕਾਰੋਵਾ ਦੱਸਦੀ ਹੈ ਕਿ ਜਦੋਂ ਉਹ ਨੌਜਵਾਨ ਔਰਤਾਂ ਨੂੰ ਮਿਲਦੀ ਹੈ ਅਤੇ ਆਪਣਾ ਕੈਮਰਾ ਕੱਢਦੀ ਹੈ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅਣਬਿਆਨਿਆ ਖੌਫ ਨਜਰ ਆਉਂਦਾ ਹੈ। ਉਸਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਉਹ ਫੋਟੋ ਖਿਚਵਾਉਣ ਤੋਂ ਡਰਦੀਆਂ ਹਨ। ਪਰ ਇਹ ਸੱਚ ਤੋਂ ਕੌਹਾਂ ਦੂਰ ਸੀ। ਅਸਲ ਚ ਕੈਮਰਾ ਇਹਨਾਂ ਨੌਜਵਾਨ ਔਰਤਾਂ ਨੂੰ ਉਹਨਾਂ ਦੇ “BreakDown Period” ਦੀ ਯਾਦ ਦਿਵਾਉਂਦਾ ਸੀ।  BreakDown Period ਜਿਸ ਵਿੱਚ ਉਹਨਾਂ ਨੂੰ ਕਈ ਦਿਨਾਂ ਜਾਂ ਹਫਤਿਆਂ ਲਈ ਤਸੀਹੇ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੀ ਇਸ ਖੌਫਨਾਕ ਦੁਨੀਆ ਚੋਂ ਬਚ ਨਿਕਲਣ ਦੀ ਹਰ ਆਸ ਅਤੇ ਕੋਸ਼ਿਸ਼ ਨੂੰ ਤੋੜਿਆ ਜਾਂਦਾ ਹੈ। ਉਹਨਾਂ ਨਾਲ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਹਨ ਅਤੇ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਅਗਰ ਭੁਲ-ਭੁਲੇਖੇ ਇੱਥੋਂ ਬਚ ਨਿਕਲਣ ਤਾਂ ਇਸ ਰਿਕਾਰਡਿੰਗ ਰਾਂਹੀ ਉਹਨਾਂ ਨੂੰ ਮੁੜ “ਸੈਕਸ ਗੁਲਾਮ” ਬਣਾਇਆ ਜਾ ਸਕੇ। ਔਰਤਾਂ ਦੀ ਮੰਡੀ ਅੱਜ ਮੁਨਾਫੇ ਦਾ ਇੱਕ ਵੱਡਾ ਸਾਧਨ ਹੈ। ਇਹ ਮੁਨਾਫਾ ਕਮਾਉਣ ਵਾਲੇ ਦਲਾਲ ਅਤੇ ਔਰਤਾਂ ਨੂੰ ਭੌਗਣ ਵਾਲੇ ਮਰਦ ਇਹਨਾਂ ਪ੍ਰਤੀ ਬਹੁਤ ਘਟੀਆ ਨਜ਼ਰੀਆ ਰੱਖਦੇ ਹਨ। ਮਿਮੀ ਚਾਕਾਰੋਵਾ ਦੱਸਦੀ ਹੈ ਕਿ, “ਉਹ ਔਰਤਾਂ ਨੂੰ ਬਸ ਪਸ਼ੂ, ਮਾਲ ਅਤੇ ਜਿਣਸ ਸਮਝਦੇ ਹਨ, ਜਿਸ ਨੂੰ ਵਰਤਿਆ ਜਾ ਸਕਦਾ ਹੈ, ਅਤੇ ਜਿੰਨੀ ਵਾਰ ਸੰਭਵ ਹੋ ਸਕੇ ਮੁੜ ਵੇਚਿਆ ਅਤੇ ਖਰੀਦਿਆ ਜਾ ਸਕਦਾ ਹੈ।” ਲੜਖੜਾਉਂਦਾ ਸਰਮਾਏਦਾਰਾ ਪ੍ਰਬੰਧ ਔਰਤਾਂ ਪ੍ਰਤੀ ਇਸ ਅਣਮਨੁੱਖੀ ਦ੍ਰਿਸ਼ਟੀਕੋਣ ਨੂੰ ਪੱਕੇਂ ਪੈਰੀਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ।

ਮਿਮੀ ਚਾਕਾਰੋਵਾ ਇਹ ਸਭ ਇਹਨੇ ਦਾਅਵੇ ਨਾਲ ਇਸ ਲਈ ਕਹਿ ਸਕਦੀ ਹੈ ਕਿਉਂਕਿ ਉਸ ਨੇ ਇਸ ਉਦਾਸੀ ਦੀ ਦੁਨੀਆ ਦਾ ਹਿੱਸਾ ਬਣ ਇਸ ਨੂੰ ਦੇਖਿਆ ਅਤੇ ਜਾਣਿਆ ਹੈ। ਇਸੇ ਦੌਰਾਨ ਇੱਕ ਕੁੜੀ ਮਿਮੀ ਚਾਕਾਰੋਵਾ ਕੋਲ ਆਉਂਦੀ ਹੈ ਆਪਣੀ ਕਮੀਜ ਦੇ ਬਟਨ ਖੋਲਦੀ ਹੈ ਅਤੇ ਉਸਨੂੰ ਕਹਿੰਦੀ ਹੈ “ਫੋਟੋ ਖਿੱਚ”। ਉਸ ਦੀ ਪੂਰੀ ਛਾਤੀ ਸਿਗਰਟਾਂ ਦੇ ਨਾਲ ਦਾਗੀ ਹੁੰਦੀ ਹੈ। ਉਹ ਦੱਸਦੀ ਹੈ, “ਉਹ ਮੈਨੂੰ ਰਾਖਦਾਨੀ ਦੀ ਤਰ੍ਹਾਂ ਇਸਤੇਮਾਲ ਕਰਦੇ ਸੀ।” ਮਿਮੀ ਚਾਕਾਰੋਵਾ ਦੱਸਦੀ ਹੈ ਕਿ, “ਮੈਂ ਉਸਦੀ ਫੋਟੋ ਨਹੀਂ ਲੈ ਸਕੀ। ਮੈਂ ਉਸਨੂੰ ਆਪਣੀ ਕਮੀਜ ਦੇ ਬਟਨ ਬੰਦ ਕਰਨ ਲਈ ਕਿਹਾ ਅਤੇ ਅਸੀਂ ਚੁੱਪਚਾਪ ਬੈਠ ਗਏ।”

ਔਰਤਾਂ ਮਹਿਜ ਇੱਕ ਮਾਸ ਦੇ ਟੁਕੜੇ ਤੋਂ ਵੱਧ ਹੋਰ ਕੁਝ ਵੀ ਨਹੀਂ, ਨਾ ਕੋਈ ਪਹਿਚਾਣ, ਨਾ ਕੋਈ ਨਾਮ, ਨਾ ਕੋਈ ਸੋਚ ਅਤੇ ਨਾ ਹੀ ਕੋਈ ਸੁਪਨਾ। ਬੱਸ ਭੋਗਣ ਦੀ ਇੱਕ ਵਸਤੂ। ਮਿਮੀ ਚਾਕਾਰੋਵਾ ਦੇ ਲੇਖ ਚ ਇੱਕ ਅਜਿਹੀ ਹੀ ਘਟਨਾ ਹੈ ਜੋ ਇਹਨਾਂ ਔਰਤਾਂ ਦੀ ਬਦਹਾਲੀ ਨੂੰ ਠੋਸ ਰੂਪ ‘ਚ ਦਰਸਾਉਂਦੀ ਹੈ। “ਜਰਾ ਕਲਪਨਾ ਕਰੋ, ਇਸ਼ਤਾਨਬੁਲ ਚ ਇਕ ਘਰ ਜਿਹਦੇ ਵਿੱਚ ਪਤੀ, ਉਸਦੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਰਹਿੰਦੇ ਹਨ। ਉਹਨਾਂ ਕੋਲ ਇੱਕ ਵਾਧੂ ਕਮਰਾ ਹੈ, ਜਿਸਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਹੈ। ਆਦਮੀ ਦਿਨ ਵੇਲੇ ਘੰਟੀ ਵਜਾਉਂਦਾ ਹੈ। ਦੁਪਹਿਰ ਦੇ ਦੇ ਖਾਣੇ ਵੇਲੇ ਇਹ ਬਹੁਤ ਰੁੱਝ ਹੋ ਜਾਂਦਾ ਹੈ। ਪਤੀ ਉਸ ਕਮਰੇ ਦਾ ਦਰਵਾਜਾ ਖੋਲਦਾ ਹੈ ਅਤੇ ਜਦ ਉਹ ਖਤਮ ਕਰ ਚੁੱਕੇ ਹੋਣ ਤਾਂ ਉਹਨਾਂ ਨੂੰ ਮੁੱਖ ਦਰਵਾਜੇ ਤੱਕ ਛੱਡ ਕੇ ਆਉਂਦਾ ਅਤੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਮੁੜ ਆਉਣ ਲਈ ਕਹਿੰਦਾ। ਇਸ ਦੌਰਾਨ ਪਤਨੀ ਅਤੇ ਬੱਚੇ ਆਪਣੇ ਰੋਜ-ਮਰ੍ਹਾ ਦੇ ਕੰਮ ਕਰਦੇ ਹਨ।

ਇਸ ਕਮਰੇ ‘ਚ ਤਿੰਨ ਖਰੀਦੀਆਂ ਹੋਈਆਂ ਕੁੜੀਆਂ ਹਨ। ਜਮੀਨ ਤੇ ਗੰਦੇ ਕੰਬਲ ਵਿਛੇ ਹੋਏ ਹਨ। ਉਹ ਉਹਨਾਂ ਤੇ ਸੌਂਦੀਆਂ ਹਨ। ਖਿੜਕੀ ਨੂੰ ਤਾਲਾ ਲੱਗਿਆ ਹੋਇਆ ਹੈ। ਉਹਨਾਂ ਕੁੜੀਆ ਨੇ ਕਮੀਜ ਅਤੇ ਨਿੱਕਰ ਪਾਈ ਹੋਈ ਹੈ। ਉਹ ਕਈ ਦਿਨਾਂ ਤੋਂ ਨਹਾਈਆਂ ਨਹੀਂ ਹਨ। ਗਾਹਕ ਕਮਰੇ ਵਿੱਚ ਦਾਖਲ ਹੁੰਦਾ ਹੈ, ਇੱਕ ਕੁੜੀ ਨੂੰ ਚੁਣਦਾ ਹੈ ਅਤੇ ਆਪਣੇ-ਆਪ ਨੂੰ ਉਸ ਉੱਪਰ ਧੱਕ ਦਿੰਦਾ ਹੈ। ਉਹ ਮਿੰਟਾ ਦੇ ਹਿਸਾਬ ਨਾਲ ਇਸਦਾ ਭੁਗਤਾਨ ਕਰਦਾ ਹੈ।

ਬਾਕੀ ਦੀਆਂ ਦੋ ਨੁੱਕਰ ਚ ਘੁਸੜ ਜਾਂਦੀਆ ਹਨ ਅਤੇ ਇਸਦੇ ਖਤਮ ਹੋਣ ਦਾ ਇੰਤਜਾਰ ਕਰਦੀਆਂ ਹਨ। ਉਹ ਅਕਸਰ ਦੀਵਾਰ ਵੱਲ ਮੂੰਹ ਕਰ ਲੈਂਦੀਆਂ ਹਨ, ਪਰ ਰੋਂਦੀਆਂ ਨਹੀਂ।

ਉਹਨਾਂ ਚੋਂ ਕੋਈ ਇੱਕ ਤਿੱਖੀ ਚੀਜ ਲੱਭਦੀ ਜਿਸ ਦੇ ਨਾਲ ਉਹ ਆਪਣੀ ਨਬਜ਼ ਵੱਢ ਸਕੇ, ਪਰ ਕਮਰੇ ਵਿੱਚ ਉਸ ਨੂੰ ਕੁਝ ਵੀ ਨਹੀਂ ਲੱਭਦਾ।

ਦਿਨ ‘ਚ ਇੱਕ ਵਾਰ ਕਮਰੇ ਦਾ ਦਰਵਾਜਾ ਖੁੱਲ੍ਹਦਾ ਅਤੇ ਆਦਮੀ- ਉਹਨਾਂ ਬੱਚਿਆਂ ਦਾ ਪਿਤਾ ਅਤੇ ਆਪਣੀ ਪਤਨੀ ਦਾ ਪਤੀ- ਕੁਝ ਕੇਲੇ ਕਮਰੇ ਵਿੱਚ  ਸੁੱਟ ਦਿੰਦਾ ਅਤੇ ਫਿਰ ਜਲਦੀ ਦੇਣੇ ਕਮਰੇ ਨੂੰ ਤਾਲਾ ਲਗਾ ਦਿੰਦਾ। ਉਹ ਖੁਦ ਦੇ ਮਨ ਵਿੱਚ ਸੋਚਦਾ- ਇਹ ਔਰਤਾਂ ਕੁਝ ਵੀ ਨਹੀਂ ਬਸ ਗੰਦੀਆਂ ਜਾਨਵਰ ਹਨ।”

ਵੇਸ਼ਵਾਵਾਂ ਦੀ ਜਿੰਦਗੀ ਦੀ ਇਹ ਕੌੜੀ ਸੱਚਾਈ ਉਹਨਾਂ ਦੀ ਮਾਨਸਿਕ ਸਥਿਤੀ ਤੇ ਡੂੰਘਾ ਅਸਰ ਪਾਉਂਦੀ ਹੈ। ਉਹ ਆਪਣੀ ਰੂਹ- ਜੋ ਇੱਕ ਮਨੁੱਖ ਦੀ ਰੂਹ ਹੈ, ਜੋ ਹਰ ਭਾਵਨਾ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਆਪਣੇ ਜਿਸਮ ਜਿਸ ਤੇ ਉਸਦਾ ਕੋਈ ਹੱਕ ਨਹੀਂ ਹੁੰਦਾ, ਇਹਨਾਂ ਦੋਨਾਂ ਚ ਕੋਈ ਤਾਲਮੇਲ ਨਹੀਂ ਮਹਿਸੂਸ ਕਰ ਪਾਉਂਦੀ।

ਇਹ ਉਹਨਾਂ ਔਰਤਾਂ ਦੀ ਜਿੰਦਗੀ ਦੀ ਤਰਾਸਦੀ ਹੈ ਜੋ ਮੁਨਾਫੇ ਦੀ ਹੋੜ੍ਹ ਚ ਸੜਾਂਦ ਮਾਰਦੇ ਸਰਮਾਏਦਾਰਾ ਪ੍ਰਬੰਧ ਦੇ ਸਿੱਟੇ ਚੋਂ ਨਿੱਕਲੀ ਵੇਸ਼ਵਾਗਮਨੀ ਦੀ ਦੁਨੀਆ ਚ ਨਿਰਾਸ਼ਾ ਭਰੀ ਜਿੰਦਗੀ ਜੀਅ ਰਹੀਆਂ ਹਨ। ਮਿਮੀ ਚਾਕਾਰੋਵਾ ਵੇਸ਼ਵਾਗਮਨੀ ਚ ਧੱਕ ਦਿੱਤੀਆਂ ਔਰਤਾਂ ਦੀ ਜ਼ਿੰਦਗੀ ਨੂੰ ਆਮ ਸਮਾਜ ਸਾਹਮਣੇ ਰੱਖਣਾ ਚਾਹੁੰਦੀ ਹੈ। ਇਸੇ ਕੋਸ਼ਿਸ਼ ਤਹਿਤ ਉਸ ਨੇ “ਸੈਕਸ ਦੀ ਕੀਮਤ” (Price of sex) ਨਾਮ ਦੀ ਇੱਕ ਦਸਤਵੇਜੀ ਫਿਲਮ ਬਣਾਈ। ਇਹ ਫਿਲਮ ਵੇਸ਼ਵਾਗਮਨੀ ਨੂੰ ਖਤਮ ਕਰਨ ਲਈ ਵਧਾਇਆ ਇੱਕ ਕਦਮ ਅਤੇ ਇਹ ਬੇਹੱਦ ਸਰਾਹਣਾਯੋਗ ਹੈ। ਪਰ ਵੇਸ਼ਵਾਗਮਨੀ ਨੂੰ ਜੜੋਂ ਉਖਾੜ ਸੁੱਟਣ ਲਈ ਅੱਜ ਅਜਿਹੇ ਹੀ ਹਜਾਰ ਦਲੇਰ ਕਦਮਾਂ ਦੀ ਲੋੜ ਹੈ। ਵੇਸ਼ਵਾਗਮਨੀ ਨੂੰ ਖਤਮ ਕਰਨ ਲਈ ਜਿੱਥੇ ਕੋਈ ਇਹ ਕਹਿੰਦਾ ਹੈ ਕਿ ਵੇਸ਼ਵਗਮਨੀ ਨੂੰ ਕਾਨੂੰਨੀ ਕਰ ਦੇਣਾ ਚਾਹੀਦਾ ਹੈ ਜਾਂ ਕੁਝ ਇਸ ਖਿਲਾਫ ਬੇਹੱਦ ਸਖਤਾਈ ਦੀ ਮੰਗ ਕਰਦੇ ਹਨ। ਪਰ ਇਹ ਸਾਰੇ ਦਿੱਤੇ ਜਾਂਦੇ ਹੱਲ ਉਸ ਟੁੱਟੇ ਹੋਏ ਘੰਟੇ ਦੇ ਸੁਰ ਦੀ ਤਰ੍ਹਾਂ ਹਨ, ਜੋ ਕਿਸੇ ਨੂੰ ਵੀ ਕਾਇਲ ਨਹੀਂ ਕਰ ਸਕਦਾ। ਅੱਜ ਗੋਰਕੀ ਦੇ ਇਹਨਾਂ ਸ਼ਬਦਾਂ ਨੂੰ ਮੁੜ ਦੁਹਾਰਉਣ ਦੀ ਲੋੜ ਹੈ, “ਥੋੜੀ ਦੇਰ ਲਈ ਤਾਂ ਇਮਾਨਦਾਰ ਬਣੋ ਅਤੇ ਸੱਚਾਈ ਨੂੰ ਦੇਖੋ।” ਅੱਜ ਇਸ ਗੱਲ ਨੂੰ ਸਮਝਣ ਦੀ ਲੋੜ ਹੈ  ਕਿ ਔਰਤਾਂ ਇਹ ਆਪਣੀ ਮਰਜੀ ਨਾਲ ਨਹੀਂ ਸਗੋਂ ਮਜਬੂਰੀ ‘ਚ ਕਰਦੀਆਂ ਹਨ। ਇਸ ਅਨੈਤਿਕਤਾ ਨੂੰ ਖਤਮ ਕਰਨ ਦਾ ਇੱਕੋ-ਇੱਕ ਹੱਲ ਹੈ, ਉਹ ਹੈ ਇਸ ਨੂੰ ਜਨਮ ਦੇਣ ਵਾਲੇ ਪ੍ਰਬੰਧ ਨੂੰ ਜੜ੍ਹੋਂ ਪੁੱਟ ਸੁੱਟਣਾ। ਮਨੁੱਖੀ ਰਿਸ਼ਤਿਆਂ, ਮਨੁੱਖੀ ਭਾਵਨਾਵਾਂ ਤੇ ਇੱਥੋਂ ਤੱਕ  ਮਨੁੱਖ ਤੋਂ ਮਨੁੱਖ ਹੋਣ ਦੇ ਅਧਿਕਾਰ ਨੂੰ ਖੋਹਣ ਵਾਲੇ ਇਸ ਸੜਾਂਦ ਮਾਰਦੇ ਸਰਮਾਏਦਾਰਾ ਪ੍ਰਬੰਧ ਨੂੰ ਢਹਿ-ਢੇਰੀ ਕਰਨਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements