ਵੇਸਵਾਗਮਨੀ, ਬੰਧੂਆ ਮਜ਼ਦੂਰੀ ਅਤੇ ਮੰਗਤਿਆਂ ਦੀ ਗਿਣਤੀ ਪੱਖੋਂ ਭਾਰਤ ਸਿਖ਼ਰ ਉੱਤੇ •ਮਾਨਵ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਾਕਮ ਸਰਕਾਰਾਂ ਭਾਵੇਂ ਵਿਕਾਸ ਦੇ ਕਿੰਨੇ ਵੀ ਦਾਅਵੇ ਕਰਨ ਪਰ ਹਕੀਕਤਾਂ ਸਮੇਂ-ਸਮੇਂ ਉੱਤੇ ਉਹਨਾਂ ਦੇ ਅਜਿਹੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੰਦੀਆਂ ਹਨ। ਮੋਦੀ ਸਰਕਾਰ ਵੀ ਜਦੋ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਵਿਕਾਸ ਦੇ ਦਾਅਵਿਆਂ ਦੇ ਅੰਬਾਰ ਖੜ੍ਹੇ ਕਰ ਰਹੀ ਹੈ ਪਰ ਹਕੀਕਤਾਂ ਇਹਨਾਂ ਦਾਅਵਿਆਂ ਤੋਂ ਕੋਹਾਂ ਦੂਰ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਆਸਟ੍ਰੇਲੀਆ ਦੀ ਇੱਕ ਜਥੇਬੰਦੀ ‘ ਵੌਕ ਫ਼ਰੀ ਫਾਊਂਡੇਸ਼ਨ’ ਵੱਲੋਂ ਤਾਜ਼ਾ ਜਾਰੀ ਹੋਈ ਰਿਪੋਰਟ ਮੁਤਾਬਕ ਭਾਰਤ ਵੇਸਵਾਗਮਨੀ, ਬੰਧੂਆ ਮਜ਼ਦੂਰੀ ਅਤੇ ਮੰਗਤਿਆਂ ਦੀ ਗਿਣਤੀ ਵਜ਼ੋਂ ਪੂਰੇ ਸੰਸਾਰ ਵਿੱਚ ਪਹਿਲੇ ਨੰਬਰ ਉੱਤੇ ਹੈ। ਇਸ ਸਮੇਂ ਇਹਨਾਂ ਤਿੰਨਾਂ ਦੀ ਭਾਰਤ ਵਿੱਚ ਕੁੱਲ ਸੰਖਿਆ 1.83 ਕਰੋੜ ਹੈ। ਜੇਕਰ ਪੂਰੇ ਸੰਸਾਰ ਪੱਧਰ ਉੱਤੇ ਦੇਖਿਆ ਜਾਵੇ ਤਾਂ ਇਹ ਅੰਕੜਾ 4.58 ਕਰੋੜ ਬਣਦਾ ਹੈ। ਸਾਲ 2014 ਵਿੱਚ ਇਹੀ ਸੰਖਿਆ ਸੰਸਾਰ ਪੱਧਰ ਉੱਤੇ 3.58 ਕਰੋੜ ਸੀ, ਭਾਵ ਦੋ ਸਾਲਾਂ ਦੇ ਸਮੇਂ ਵਿੱਚ ਹੀ 1 ਕਰੋੜ ਦਾ ਵਾਧਾ ਹੋ ਚੁੱਕਿਆ ਹੈ।  ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਡੇ ਕੋਲ ਹਰ ਕਿਸੇ ਨੂੰ ਚੰਗੇਰਾ ਜੀਵਨ ਦੇਣ ਦੇ ਸਾਧਨ ਮੌਜੂਦ ਹਨ. ਤਾਂ ਵੀ ਜੇਕਰ ਅਜਿਹੇ ਕੰਮ ਕਰਨ ਲਈ ਐਨੀ ਵੱਡੀ ਅਬਾਦੀ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਤਾਂ ਇਹ ਸਿਰਫ ‘ਤੇ ਸਿਰਫ ਅਜੋਕੇ ਮੁਨਾਫ਼ਾਖੋਰ ਢਾਂਚੇ ਦੀਆਂ ਖ਼ੈਰਾਤਾਂ ਕਰਕੇ ਹੈ। ਬੰਧੂਆ ਮਜ਼ਦੂਰਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਜਾਂ ਸਿਰਫ ਰੋਟੀ-ਪਾਣੀ ਉੱਤੇ ਜਿਉਂਦਾ ਰੱਖਕੇ ਮਾਲਕ ਕਾਫੀ ਮੁਨਾਫ਼ਾ ਕਮਾ ਸਕਦਾ ਹੈ, ਵੇਸਵਾਗਮਨੀ ਦੇ ਧੰਦੇ ਵਿੱਚੋਂ ਕਿਸ ਤਰਾਂ ਮੁਨਾਫ਼ੇ ਕੁੱਟੇ ਜਾਂਦੇ ਹਨ ਅਤੇ ਇਹਨਾਂ ਹੀ ਮੁਨਾਫਿਆਂ ਦਾ ਇੱਕ ਹਿੱਸਾ ਕਿਸ ਤਰ੍ਹਾਂ ਪੁਲਿਸ ਵਾਲਿਆਂ, ਲੀਡਰਾਂ ਨੂੰ ਖਵਾਇਆ ਜਾਂਦਾ ਹੈ ਤਾਂ ਕਿ ਇਹ ਸਭ ਧੰਦੇ ਬਿਨ੍ਹਾਂ ਕਿਸੇ ਭੈਅ ਦੇ ਚਲਦੇ ਰਹਿ ਸਕਣ, ਇਹ ਸਭ ਹਰ ਕੋਈ ਜਾਣਦਾ ਹੈ।

ਅੱਜ ਵੀ ਸਾਨੂੰ ਕਈ ਵਾਰ ਅਜਿਹੇ ਭੱਦੇ ਤਰਕ ਸੁਣਨ ਨੂੰ ਮਿਲਦੇ ਹਨ ਕਿ ਵੇਸਵਾਗਮਨੀ, ਗ਼ਰੀਬੀ ਤਾਂ ਮੁੱਢ ਤੋਂ ਹੀ ਰਹੀ ਹੈ ਅਤੇ ਇਸਦਾ ਹੱਲ ਨਹੀਂ ਹੋ ਸਕਦਾ। ਪਰ ਕੀ ਅਜਿਹੇ ਭੱਦੇ ਤਰਕਾਂ ਵਿੱਚ ਭੋਰਾ ਵੀ ਸੱਚਾਈ ਹੈ ? ਅੱਜ ਸਾਡੇ ਸਾਹਮਣੇ ਦੀ ਹਾਲਤ ਕੀ ਹੈ ? ਜੇਕਰ ਅਸੀਂ ਇਸ ਮੁਨਾਫ਼ਾਖ਼ੋਰ ਢਾਂਚੇ ਤਹਿਤ ਹੁੰਦੇ ਫਾਲਤੂ ਖਰਚਿਆਂ ਦਾ ਹਿਸਾਬ ਕਰੀਏ ਤਾਂ ਸਹਿਜੇ ਹੀ ਸਮਝ ਸਕਦੇ ਹਾਂ ਕਿ ਇਸ ਸਮੱਸਿਆ ਦਾ ਹੱਲ ਕਰਨਾ ਭੋਰਾ ਵੀ ਮੁਸ਼ਕਲ ਨਹੀਂ ਹੈ। ਇੱਕ ਅਨੁਮਾਨ ਮੁਤਾਬਕ ਸੰਸਾਰ ਵਿੱਚੋਂ ਗ਼ਰੀਬੀ ਦੇ ਖ਼ਾਤਮੇ ਲਈ 175 ਅਰਬ ਡਾਲਰ ਸਾਲਾਨਾ ਦੀ ਲੋੜ ਹੈ। ਇਸ ਅੰਕੜੇ ਨੂੰ ਜੇਕਰ ਅਸੀਂ ਅਨੁਪਾਤ ਵਿੱਚ ਰੱਖ ਕੇ ਦੇਖੀਏ ਤਾਂ ਸਮਝਾਂਗੇ ਕਿ ਇਹ ਕਿੰਨਾਂ ਨਿਗੂਣਾ ਅੰਕੜਾ ਹੈ। ਸੰਸਾਰ ਦੇ 30 ਅਮੀਰ ਮੁਲਕਾਂ ਦੀ ਸਲਾਨਾ ਆਮਦਨ ਦਾ ਇਹ ਸਿਰਫ 0.7% ਹੀ ਬਣਦਾ ਹੈ। ਇੱਕ ਹੋਰ ਅੰਕੜਾ ਲੈਂਦੇ ਹਾਂ – ਅਮਰੀਕੀ ਸਰਕਾਰ ਸਲਾਨਾ ਆਪਣੀ ਫੌਜ ਅਤੇ ਹਥਿਆਰਾਂ ਆਦਿ ਉੱਪਰ 1 ਖ਼ਰਬ ਡਾਲਰ ਖਰਚ ਕਰਦੀ ਹੈ, ਭਾਵ ਗ਼ਰੀਬੀ ਦੇ ਖ਼ਾਤਮੇ ਲਈ ਲੋੜੀਂਦੀ ਰਕਮ ਤੋਂ ਲਗਭਗ ਛੇ ਗੁਣਾਂ ਜਿਆਦਾ!

ਸੋ, ਕਹਿਣ ਤੋਂ ਭਾਵ ਹੈ ਕਿ ਅੱਜ ਮਨੁੱਖਤਾ ਕੋਲ ਇਹਨਾਂ ਕੋਹੜਾਂ ਨੂੰ ਦੂਰ ਕਰਨ ਲਈ ਸਾਧਨਾਂ ਦੀ ਕੋਈ ਕਮੀ ਨਹੀਂ ਹੈ, ਸਾਧਨ ਵਾਧੂ ਹਨ। ਲੋੜ ਹੈ ਤਾਂ ਇਹਨਾਂ ਸਾਧਨਾਂ ਨੂੰ ਲੋਕ ਹਿੱਤਾਂ ਵਿੱਚ ਵਰਤਣ ਦੀ ਅਤੇ ਜਿੱਥੇ ਕਿਤੇ ਇਹ ਸਾਧਨ ਲੋਕ ਹਿੱਤਾਂ ਵਿੱਚ ਵਰਤੇ ਗਏ ਹਨ ਉੱਥੇ ਅਜਿਹੀ ਗੁਲਾਮੀ ਤੋਂ ਬਹੁਤ ਜਲਦੀ ਹੀ ਛੁਟਕਾਰਾ ਪਾ ਲਿਆ ਗਿਆ ਸੀ, ਮਸਲਨ ਸੋਵੀਅਤ ਯੂਨੀਅਨ ਅਤੇ ਚੀਨ ਵਿੱਚ ਜਦੋਂ ਮੁਨਾਫ਼ੇ ਉੱਤੇ ਟਿਕਿਆ ਇਹ ਸਰਮਾਏਦਾਰਾ ਢਾਂਚਾ ਉਲਟਾਕੇ ਸਮਾਜਵਾਦੀ ਢਾਂਚਾ ਕਾਇਮ ਹੋਇਆ ਤਾਂ ਕੁੱਝ ਸਾਲਾਂ ਅੰਦਰ ਹੀ ਇਹਨਾਂ ਧੰਦਿਆਂ ਵਿੱਚ ਕੰਮ ਕਰਨ ਲਈ ਮਜ਼ਬੂਰ ਲੋਕਾਂ ਨੂੰ ਚੰਗੇਰਾ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਇਹ ਸਭ ਤਜ਼ੁਰਬੇ ਪਾਠਕ ਡਾਇਸਨ ਕਾਰਟਰ ਦੀ ਕਿਤਾਬ ‘ਪਾਪ ਅਤੇ ਵਿਗਿਆਨ’ ਵਿੱਚ ਤਫ਼ਸੀਲ ਵਿੱਚ ਪੜ੍ਹ ਸਕਦੇ ਹਨ। ਸੋ ਅੱਜ ਲੋੜ ਇਹੀ ਹੈ ਕਿ ਇਸ ਮਨੁੱਖ ਦੋਖੀ ਢਾਂਚੇ ਨੂੰ ਉਲਟਾਕੇ ਇੱਕ ਨਵਾਂ ਸਮਾਜਵਾਦੀ ਢਾਂਚਾ ਕਾਇਮ ਕਰਨ ਲਈ ਅੱਗੇ ਆਇਆ ਜਾਵੇ।    

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements