ਵਿਆਹੁਤਾ ਬਲਾਤਕਾਰ — ਚਰਚਾ ਦੀ ਲੋੜ •ਗਾਇਤਰੀ ਆਰੀਆ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹੁਣੇ ਹੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਭਾਰਤ ਵਿੱਚ ਵਿਆਹੁਤਾ ਬਲਾਤਕਾਰ ਨੂੰ ਕਨੂੰਨੀ ਅਪਰਾਧ ਐਲਾਨੇ ਜਾਣ ਦੀ ਸੰਭਾਵਨਾ ਤੋਂ ਨਾਂਹ ਕੀਤੀ ਹੈ। ਉਹਨਾਂ ਨੇ ਕਿਹਾ ‘ਦੁਨੀਆ ਭਰ ਵਿੱਚ ਵਿਆਹੁਤਾ ਬਲਾਤਕਾਰ ਨੂੰ ਜਿਵੇਂ ਸਮਝਿਆ ਜਾਂਦਾ ਹੈ ਉਵੇਂ ਭਾਰਤ ਵਿੱਚ ਨਹੀਂ ਸਮਝਿਆ ਜਾ ਸਕਦਾ। ਇਸ ਪਿੱਛੇ ਸਿੱਖਿਆ ਦਾ ਪੱਧਰ, ਅਨਪੜ੍ਹਤਾ, ਗਰੀਬੀ, ਸਮਾਜਕ ਕਦਰਾਂ-ਕੀਮਤਾਂ, ਧਾਰਮਕ ਵਿਸ਼ਵਾਸ ਅਤੇ ਵਿਆਹ ਨੂੰ ਧਾਰਮਕ ਕਦਰਾਂ-ਕੀਮਤਾਂ ਮੰਨਣਾ ਆਦਿ ਕਾਰਨ ਹਨ।’ ਭਾਰਤ ਵਿੱਚ ਵਿਆਹੁਤਾ ਬਲਾਤਕਾਰ ‘ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਸਾਡੇ ਸਮਾਜ ਵਿੱਚ ਬਲਾਤਕਾਰ ਅਤੇ ਵਿਆਹੁਤਾ ਬਲਾਤਕਾਰ ਪਿੱਛੇ ਕੀ ਸੋਚ ਹੈ?

ਭਾਰਤੀ ਦੰਡ ਸੰਘਤਾ ਦੀ ਧਾਰਾ 375 ਅਨੁਸਾਰ ‘ਔਰਤ ਦੀ ਸਹਿਮਤੀ ਜਾਂ ਇੱਛਾ ਤੋਂ ਬਿਨਾਂ ਜ਼ਬਰੀ ਯੌਨ ਸਬੰਧ ਬਣਾਉਣਾ ਬਲਾਤਕਾਰ ਹੈ।’ ਇਸ ਪਰਿਭਾਸ਼ਾ ਦੇ ਅਧਾਰ ‘ਤੇ ਭਾਰਤ ਵਿੱਚ ਵਿਆਹ ਸੰਸਥਾ ਵਿੱਚ ਬਲਾਤਕਾਰ ਦਾ ਫੀਸਦ ਕਾਫ਼ੀ ਜ਼ਿਆਦਾ ਹੈ। ਅਸਲ ਵਿੱਚ ਬਲਾਤਕਾਰ ਜਿਹੇ ਘ੍ਰਿਣਤ ਕੰਮ ਨੂੰ ਹਾਲੇ ਤੱਕ ਭਾਰਤੀ ਸਮਾਜ ਕਿਸੇ ਬਾਹਰੀ ਵਿਅਕਤੀ ਦੁਆਰਾ ਕੀਤੇ ਗਏ ਅਪਰਾਧ ਦੇ ਰੂਪ ਵਿੱਚ ਹੀ ਜਾਣਦਾ-ਸਮਝਦਾ ਹੈ, ਭਾਵੇਂ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਹਿਸਾਬ ਨਾਲ਼ 2014 ਵਿੱਚ ਹੋਏ ਕੁੱਲ ਬਲਾਤਕਾਰਾਂ ਵਿੱਚੋਂ 90 ਫੀਸਦੀ ਮਾਮਲਿਆਂ ਵਿੱਚ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਆਂਢ-ਗਵਾਂਢ ਦੇ ਲੋਕ ਸ਼ਾਮਲ ਸਨ। ਇਹਦੇ ਬਾਵਜੂਦ ਜਾਣਕਾਰ ਵਿਅਕਤੀਆਂ ਦੁਆਰਾ ਕੀਤੀ ਜਾਣ ਵਾਲ਼ੀ ਯੌਨ ਹਿੰਸਾ ਅਤੇ ਬਲਾਤਕਾਰ ਨੂੰ ਪ੍ਰਵਾਨ ਕਰਨ ਦੀ ਹਿੰਮਤ ਸਾਡੇ ਸਮਾਜ ਵਿੱਚ ਨਹੀਂ ਹੈ। ਫਿਰ ‘ਵਿਆਹੁਤਾ ਬਲਾਤਕਾਰ’ ਸ਼ਬਦ ਤਾਂ ਸਾਡੇ ਲਈ ਹੋਰ ਵੀ ਵੱਧ ਬੇਤੁਕਾ ਅਤੇ ਗੈਰ-ਪ੍ਰਵਾਨਤ ਹੈ।

ਭਾਰਤੀ ਸਮਾਜ ਵਿੱਚ ਵਿਆਹ ਇੱਕ ਧਾਰਮਕ ਸੰਸਕਾਰ ਹੈ ਜੋ ਪਤਨੀ ਨੂੰ ਪਤੀ ਦੀ ਲੋੜ ਅਤੇ ਖੁਸ਼ੀਆਂ ਲਈ ਹਰ ਸਮੇਂ ਤਿਆਰ ਰਹਿਣ ਦੀ ਸਲਾਹ, ਸੁਝਾਅ ਅਤੇ ਹੁਕਮ ਦਿੰਦਾ ਹੈ। ਭਾਰਤੀ ਪਤੀ-ਪਤਨੀ ਜੀਵਨਸਾਥੀ ਨਹੀਂ ਹੁੰਦੇ। ਵਿਆਹ ਸੰਸਕਾਰ ਪਤੀਆਂ ਨੂੰ ਪਤਨੀਆਂ ਦੇ ‘ਪਰਮੇਸ਼ਰ’ ਦਾ ਦਰਜਾ ਦਿੰਦਾ ਹੈ।

ਸਾਫ਼ ਹੈ ਪਰਮੇਸ਼ਰ ਨੂੰ ਹੱਕ ਹੈ ਕਿ ਉਹ ਆਪਣੇ ਬੰਦੇ ਨਾਲ਼ ਜਿਵੇਂ ਮਰਜ਼ੀ ਸਲੂਕ ਕਰੇ। ਮਨ ਕਰੇ ਤਾਂ ਪੁਚਕਾਰੇ, ਮਨ ਕਰੇ ਤਾਂ ਦਬਕਾਏ, ਮਨ ਕਰੇ ਤਾਂ ਪਿਆਰ ਕਰੇ, ਮਨ ਕਰੇ ਤਾਂ ਬਲਾਤਕਾਰ ਕਰੇ। ਇਸ ਬਾਰੇ ਸੈਕਸੋਲੋਜਿਸਟ ਪ੍ਰਕਾਸ਼ ਕੋਠਾਰੀ ਦੀ ਕਥਨ ਬੇਹੱਦ ਪ੍ਰਸੰਗਕ ਹੈ ਕਿ ‘ਜ਼ਾਦਾਤਰ ਭਾਰਤੀ ਮਰਦ ਆਪਣੀਆਂ ਪਤਨੀਆਂ ਨੂੰ ਨੀਂਦ ਦੀ ਗੋਲ਼ੀ ਵਾਂਗ ਵਰਤਦੇ ਹਨ!’ (ਮਰਦਾਂ ਦੀ ਨਵੀਂ ਪੀੜ੍ਹੀ ਵਿੱਚ ਛੋਟਾਂ ਦੀ ਗਿਣਤੀ ਵਧ ਰਹੀ ਹੈ।) ਪਰ ਹਾਲੇ ਵੀ ਉਸ ਸੋਚ ਦੇ ਪਤੀ ਹੀ ਵੱਧ ਹਨ ਜਿਹਨਾਂ ਦਾ ਮੰਨਣਾ ਹੈ ਕਿ ਪਤਨੀ ਸਾਰੀ ਜ਼ਿੰਦਗੀ ਉਹਦੀ ਖੁਸ਼ੀ, ਸੁੱਖ-ਸੁਵਿਧਾ ਅਤੇ ਲੋੜ ਦਾ ਧਿਆਨ ਰੱਖਣ ਵਾਲ਼ੀ ਸਿਰਫ਼ ਇੱਕ ਮਦਦਗਾਰ ਹੀ ਹੈ।

ਅਸਲ ਵਿੱਚ ਭਾਰਤੀ ਵਿਆਹ ਸੰਸਥਾ ਹੀ ਨਹੀਂ ਸਗੋ ਕਨੂੰਨ ਵੀ ਵਿਆਹੁਤਾ ਬਲਾਤਕਾਰ ਦੀ ਪ੍ਰਵਾਨਗੀ ਜਿਹੀ ਦਿੰਦਾ ਦਿਖਦਾ ਹੈ। ਕਨੂੰਨੀ ਤੌਰ ‘ਤੇ 16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ਼ ਸਹਿਮਤੀ ਨਾਲ਼ ਬਣਾਇਆ ਗਿਆ ਯੌਨ ਸਬੰਧ ਵੀ ਬਲਾਤਕਾਰ ਹੀ ਹੈ, ਪਰ ਜੇਕਰ 16 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਬਾਲ ਵਿਆਹ ਹੋਇਆ ਹੋਵੇ ਤਾਂ ਉਹਦੇ ਪਤੀ ਦੁਆਰਾ ਬਣਾਇਆ ਗਿਆ ਯੌਨ ਸਬੰਧ ਬਲਾਤਕਾਰ ਨਹੀਂ ਮੰਨਿਆ ਜਾਂਦਾ!

ਮੇਨਕਾ ਗਾਂਧੀ ਨੇ ਸਹੀ ਕਿਹਾ ਕਿ ਸਾਡੇ ਇੱਥੇ ਵਿਆਹੁਤਾ ਬਲਾਤਕਾਰ ਨੂੰ ਉਵੇਂ ਨਹੀਂ ਦੇਖਿਆ-ਸਮਝਿਆ ਜਾਂਦਾ ਜਿਵੇਂ ਵਿਦੇਸ਼ਾਂ ਵਿੱਚ, ਸਗੋਂ ਸੱਚ ਤਾਂ ਇਹ ਹੈ ਕਿ ਵਿਆਹੁਤਾ ਬਲਾਤਕਾਰ ਤਾਂ ਕੀ, ਬਲਾਤਕਾਰ ਨੂੰ ਵੀ ਸਾਡੇ ਇੱਥੇ ਉਵੇਂ ਨਹੀਂ ਦੇਖਿਆ ਜਾਂਦਾ ਜਿਵੇਂ ਕਿ ਵਿਦੇਸ਼ ਵਿੱਚ। ਸਾਡੇ ਇੱਥੇ ਬਲਾਤਕਾਰ ਹੁੰਦੇ ਹੀ ‘ਇੱਜਤ ਦਾ ਪ੍ਰੇਤ’ ਕੁੜੀ ਜਾਂ ਔਰਤ ਦੀ ਦੇਹ ਛੱਡਕੇ ਭੱਜ ਜਾਂਦਾ ਹੈ ਜਦ ਕਿ ਵਿਦੇਸ਼ ਵਿੱਚ ਬਲਾਤਕਾਰ ਸਿਰਫ਼ ਇੱਕ ਐਕਸੀਡੈਂਟ ਹੈ। ਵਿਦੇਸ਼ ਵਿੱਚ ਬਲਾਤਕਾਰ ਤੋਂ ਬਾਅਦ ਘਰ-ਪਰਿਵਾਰ, ਆਂਢ-ਗਵਾਂਢ ਵਿੱਚ ਪੀੜਤਾ ਦਾ ਜੀਵਨ ਉਵੇਂ ਮੁਸ਼ਕਲ ਨਹੀਂ ਹੁੰਦਾ ਜਿਵੇ ਕਿ ਸਾਡੇ ਇੱਥੇ।

ਬਲਾਤਕਾਰ ਤੋਂ ਬਾਅਦ ਇੱਜਤ ਲੁੱਟਣ ਦੀ ਸੋਚ ਸ਼ੁੱਧ ਭਾਰਤੀ ਸਮਾਜ-ਸੱਭਿਆਚਾਰ ਦੀ ਹੈ। ਸਾਡੇ ਅਤੀਤ ਵਿੱਚ ਜੌਹਰ ਦੀ ਜੋ ਅਖੌਤੀ ‘ਮਾਣਾ-ਮੱਤੀ ਪਰੰਪਰਾ’ ਸੀ ਅਸਲ ਵਿੱਚ ਉਹਦੇ ਪਿੱਛੇ ਇੱਜਤ ਬਚਾਉਣ ਦੀ ਹੀ ਸੋਚ ਸੀ। ਅੱਜ ਕਈ ਸੌ ਸਾਲ ਬਾਅਦ ਆਪਣੀ ਵਿਕਸਤ ਚੇਤਨਾ ਨਾਲ਼ ਕੁੜੀਆਂ ਸੋਚ ਸਕਦੀਆਂ ਹਨ ਕਿ ਅਜਿਹੇ ਹਾਦਸੇ ਨਾਲ਼ੋਂ ਜੀਵਨ ਕਿਤੇ ਵੱਧ ਵੱਡਾ ਹੈ ਅਤੇ ਬਲਾਤਕਾਰ ਦਾ ਉਹਨਾਂ ਦੇ ‘ਇੱਜਤ ਦੇ ਪ੍ਰੇਤ’ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ!

ਅਸਲ ਵਿੱਚ ਵਿਆਹ ਦੇ ਅੰਦਰ ਅਤੇ ਬਾਹਰ ਬਲਾਤਕਾਰ ਵਿੱਚ ਦੋ ਵੱਡੇ ਫਰਕ ਹਨ। ਇੱਕ, ਅਣਜਾਣ ਵਿਅਕਤੀ ਦੁਆਰਾ ਬਲਾਤਕਾਰ ਨਾਲ਼ ਕੁੜੀਆਂ ਦੀ ਇੱਜਤ ਦਾ ਮਲੀਦਾ ਹੋ ਜਾਂਦਾ ਹੈ ਜਦਕਿ ਵਿਆਹੁਤਾ ਬਲਾਤਕਾਰ ਵਿੱਚ ਔਰਤਾਂ ਦੀ ਅਖੌਤੀ ਇੱਜ਼ਤ ਬਣੀ ਰਹਿੰਦੀ ਹੈ। ਦੂਜਾ, ਬਲਾਤਕਾਰ ਨਾਲ਼ ਕੁੜੀਆਂ ਭਾਵਨਾਤਮਕ ਰੂਪ ਤੋਂ ਬੁਰੀ ਤਰਾਂ ਟੁੱਟ ਜਾਂਦੀਆਂ ਹਨ ਜਦ ਕਿ ਵਿਆਹੁਤਾ ਬਲਾਤਕਾਰ ਵਿੱਚ ਪਤਨੀਆਂ ਅਕਸਰ ਇਹ ਸੋਚਕੇ ਟੁੱਟਣੋਂ ਬਚੀਆਂ ਰਹਿੰਦੀਆਂ ਹਨ ਕਿ ਪਤੀ ਨੂੰ ਖੁਸ਼ ਅਤੇ ਸੰਤੁਸ਼ਟ ਰੱਖਣਾ ਉਹਦਾ ਪਹਿਲਾ ਧਰਮ ਹੈ! ਅਜਿਹੀਆਂ ਵੀ ਬਹੁਤ ਸਾਰੀਆਂ ਪਤਨੀਆਂ ਹਨ ਜੋ ਪਤੀਆਂ ਦੇ ਇੱਕਪਾਸੜ ਯੌਨ ਸਬੰਧਾਂ ਤੋਂ ਬੇਹੱਦ ਤ੍ਰਾਸਦ ਰਹਿੰਦੀਆਂ ਹਨ, ਪਰ ਉਹਨਾਂ ਕੋਈ ਬਦਲ ਨਹੀਂ ਹੁੰਦਾ।

ਬਾਲ ਵਿਆਹ ਵਿੱਚ ਧੱਕੀਆਂ ਗਈਆਂ ਛੋਟੀਆਂ ਬੱਚੀਆਂ ਨੂੰ ਯੌਨ ਸ਼ੋਸ਼ਣ ਤੋਂ ਬਚਾਉਣ ਲਈ ਵਿਆਹੁਤਾ ਬਲਾਤਕਾਰ ਨੂੰ ਗੈਰ-ਕਨੂੰਨੀ ਬਣਾਉਣ ਦੀ ਪ੍ਰਸੰਗਕਤਾ ਸਭ ਤੋਂ ਵੱਧ ਹੈ। ਇਹ ਤ੍ਰਾਸਦੀ ਹੀ ਹੈ ਕਿ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਸਾਊਦੀ ਅਰਬ ਆਦਿ ਜਿਹੜੇ ਦੇਸ਼ਾਂ ਵਿੱਚ ਬਾਲ ਵਿਆਹ ਮੁਕਾਬਲਤਨ ਵੱਧ ਹਨ, ਉੱਥੇ ਵਿਆਹੁਤਾ ਬਲਾਤਕਾਰ ਨੂੰ ਅੱਜ ਵੀ ਗੈਰ-ਕਨੂੰਨੀ ਨਹੀਂ ਐਲਾਨਿਆ ਗਿਆ ਹੈ ਜਦ ਕਿ ਪੱਛਮ ਦੇ ਦੇਸ਼ਾਂ ਵਿੱਚ ਇਹ ਕਨੂੰਨ ਬਹੁਤ ਪਹਿਲਾਂ ਤੋਂ ਲਾਗੂ ਹੈ। ਮਲੇਸ਼ੀਆ 2007 ਵਿੱਚ, ਤੁਰਕੀ 2005 ਵਿੱਚ, ਅਮਰੀਕਾ 1970 ਵਿੱਚ ਵਿਆਹੁਤਾ ਬਲਾਤਕਾਰ ਨੂੰ ਕਨੂੰਨਨ ਅਪਰਾਧ ਐਲਾਨ ਕਰ ਚੁੱਕੇ ਹਨ। ਯੂਰਪ ਦੇ ਜ਼ਿਆਦਾਤਰ ਦੇਸ਼ਾਂ ਵਿੱਚ 1990 ਵਿੱਚ ਹੀ ਵਿਆਹੁਤਾ ਬਲਾਤਕਾਰ ਕਨੂੰਨਨ ਅਪਰਾਧ ਐਲਾਨਿਆ ਜਾ ਚੁੱਕਾ ਹੈ।

ਵਿਆਹੁਤਾ ਬਲਾਤਕਾਰ ਨੂੰ ਸਿਰਫ਼ ਇਸ ਕਾਰਨ ਗੈਰ ਕਨੂੰਨੀ ਐਲਾਨ ਨਾ ਕਰਨਾ ਬੇਹੱਦ ਗਲਤ ਹੈ ਕਿ ਇਹ ਵਿਦੇਸ਼ੀ ਸੋਚ ਹੈ ਅਤੇ ਭਾਰਤੀ ਸਮਾਜ ਅਤੇ ਪ੍ਰੰਪਰਾ ਦਾ ਹਿੱਸਾ ਨਹੀਂ ਹੈ। ਬੁਨਿਆਦੀ ਮਨੁੱਖੀ ਹੱਕ ਪੂਰੀ ਦੁਨੀਆ ਵਿੱਚ ਇੱਕੋ ਜਿਹੇ ਹੁੰਦੇ ਹਨ। ਉਂਝ ਵੀ ਭਾਰਤੀ ਸਮਾਜ ਨੇ ਖਾਣ-ਪਾਣ ਅਤੇ ਪਹਿਰਾਵੇ ਵਿੱਚ ਦਿਲ ਖੋਲਕੇ ਦੁਨੀਆ ਭਰ ਦੇ ਫੈਸ਼ਨਾਂ ਨੂੰ ਅਪਣਾਇਆ ਹੈ।

ਹਰ ਇੱਕ ਸਮਾਜ ਵਿੱਚ ਹਮੇਸ਼ਾਂ ਹੀ ਹੋਰ ਜ਼ਿਆਦਾ ਮਨੁੱਖੀ ਅਤੇ ਜਮਹੂਰੀ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਅਸਲ ਵਿੱਚ ਵਿਆਹੁਤਾ ਬਲਾਤਕਾਰ ‘ਤੇ ਕਨੂੰਨ ਪਤੀ-ਪਤਨੀ ਵਿਚਕਾਰ ਮਿੱਤਰਤਾ ਭਰਪੂਰ ਸਬੰਧਾਂ ਦੀ ਮੰਗ ਕਰਦਾ ਹੈ। ਇਹ ਦੱਸਣਾ ਚਾਹੁੰਦਾ ਹੈ ਕਿ ਪਤਨੀ ਬਣ ਜਾਣ ਨਾਲ਼ ਔਰਤ ਦਾ ਉਸਦੀ ਦੇਹ ਅਤੇ ਦਿਮਾਗ਼ ‘ਤੇ ਹੱਕ ਖ਼ਤਮ ਨਹੀਂ ਹੋ ਜਾਂਦਾ। ਵਿਆਹੁਤਾ ਬਲਾਤਕਾਰ ਦਾ ਗੈਰ ਕਨੂੰਨੀ ਹੋਣਾ ਸਿਰਫ਼ ਉਹਨਾਂ ਪਤੀਆਂ ਲਈ ਇੱਕ ਚਿਤਾਵਨੀ ਹੈ ਜੋ ਆਪਣੀਆਂ ਪਤਨੀਆਂ ਨਾਲ਼ ਯੌਨ-ਗੁਲਾਮ ਜਿਹਾ ਸਲੂਕ ਕਰਨ ਦੀ ਅਜ਼ਾਦੀ ਚਾਹੁੰਦੇ ਹਨ।

ਬੇਸ਼ੱਕ ਭਵਿੱਖ ਵਿੱਚ ਅਜਿਹਾ ਕਨੂੰਨ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਬਹੁਤ ਲੰਬੀ ਤਿਆਰੀ ਨਾਲ਼ ਠੋਸ ਜ਼ਮੀਨ ਤਿਆਰ ਕਰਨ ਦੀ ਲੋੜ ਹੈ ਕਿਉਂਕਿ ਇਹ ਸਦੀਆਂ ਦਾ ਵਿਹਾਰ ਹੈ ਜੋ ਮਰਦਾਂ ਲਈ ਬਹੁਤ ਸੁਵਿਧਾ ਭਰਪੂਰ ਹੈ। ਰਾਤੋ-ਰਾਤ ਪਤੀਆਂ ਨੂੰ ਇਸ ਗੱਲ ਤਿਆਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀਆਂ ਪਤਨੀਆਂ ਦੀ ਇੱਛਾ-ਅਣਇੱਛਾ ਦਾ ਸਨਮਾਨ ਕਰਨ।

ਅਚਾਨਕ ਵਿਆਹੁਤਾ ਬਲਾਤਕਾਰ ਨੂੰ ਕਨੂੰਨੀ ਅਪਰਾਧ ਬਣਾਉਣ ਨਾਲ਼ ਭਿਆਨਕ ਉੱਥਲ-ਪੁੱਥਲ ਮੱਚ ਜਾਵੇਗੀ ਅਤੇ ਸਿੱਟਾ ਕੁੱਝ ਨਹੀਂ ਨਿੱਕਲ਼ੇਗਾ ਕਿਉਂਕਿ ਫਿਰ ਪਤੀਦੇਵ ਘਰਾਂ ਵਿੱਚ ਘੱਟ ਜੇਲ੍ਹ ਵਿੱਚ ਵੱਧ ਮਿਲਣਗੇ। ਭਾਵੇਂ ਕਿ ਜੋ ਕਹਿ ਰਹੇ ਹਨ ਕਿ ‘ਵਿਆਹੁਤਾ ਬਲਾਤਕਾਰ ਕਨੂੰਨ ਭਾਰਤੀ ਪਰਿਵਾਰ ਢਾਂਚੇ ‘ਤੇ ਬਹੁਤ ਜ਼ਿਆਦਾ ਦਬਾਅ ਪਾਵੇਗਾ’, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੀਆਂ ਹਾਂ ਕਿ ਜੇਕਰ ਭਾਰਤੀ ਪਰਿਵਾਰ ਪਤਨੀਆਂ ਦੇ ਯੌਨ ਸ਼ੋਸ਼ਣ ਦੀ ਨੀਂਹ ‘ਤੇ ਟਿਕੇ ਹਨ ਤਾਂ ਸਾਨੂੰ ਅਜਿਹੇ ਪਰਿਵਾਰ ਨਹੀਂ ਚਾਹੀਦੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements