ਵਿਉਂਤਬੱਧ ਪੈਦਾਵਾਰ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 1, 16 ਤੋਂ 28 ਫਰਵਰੀ, 2017)

ਸਮਾਜਵਾਦੀ ਅਧਾਰ ‘ਤੇ ਪੈਦਾਵਾਰ ਦੀ ਪੂਰੀ ਵਿਉਂਤਬੰਦੀ ਵਿਕਸਿਤ ਹੁੰਦੀ ਹੈ। ਸਮਾਜਵਾਦ ਦਾ ਬੁਨਿਆਦੀ ਨਿਯਮ ਪੈਦਾਵਾਰ ਦੀ ਸਮਾਜਵਾਦੀ ਵਿਉਂਤਬੰਦੀ ਰਾਹੀਂ ਕੰਮ ਕਰਦਾ ਹੈ।

ਪਰ ਸਮਾਜਵਾਦੀ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ‘ਤੇ ਮਨੁੱਖਾਂ ਦਾ ਕੰਟਰੌਲ ਅੰਸ਼ਿਕ ਹੀ ਹੁੰਦਾ ਹੈ, ਕਿਉਂਕਿ ਉਹ ਉਸ ਸਮੇਂ ਵੀ ਕਿਰਤ ਵੰਡ ਦੇ ਮਾਤਹਿਤ ਰਹਿੰਦੇ ਹਨ ਅਤੇ ਸਮਾਜਿਕ ਵਿਉਂਤਬੰਦੀ ਅਸਿੱਧੀ ਰਹਿੰਦੀ ਹੈ, ਇਹ ਇਸ ਕਾਰਨ ਕਿ ਜਿਣਸ-ਪੈਦਾਵਾਰ ਜਾਰੀ ਰਹਿਣ ਨਾਲ਼ ਕੰਟਰੌਲ ਦੇ ਅਸਿੱਧੇ ਢੰਗ, ਜਿਵੇਂ ਕੰਮ ਲਈ ਅਦਾਇਗੀ, ਕੀਮਤ ਨਿਰਧਾਰਨ ਆਦਿ ਨਤੀਜਨ ਜੁੜੇ ਹੁੰਦੇ ਹਨ।

ਕਮਿਊਨਿਜ਼ਮ ‘ਚ ਪੈਦਾਵਾਰ ਦੇ ਸਾਧਨਾਂ ਦੀ ਵਰਤੋਂ ਅਤੇ ਸਮਾਜਿਕ ਪੈਦਾਵਾਰ ਦੇ ਪ੍ਰਬੰਧਨ ‘ਤੇ ਸਚੇਤਨ ਸਮਾਜਿਕ ਕੰਟਰੌਲ ਪੂਰੀ ਤਰਾਂ ਕਾਇਮ ਹੋ ਜਾਂਦਾ ਹੈ। ਵਿਉਂਤਬੰਦੀ ਸਮਾਜ ਦੀਆਂ ਲੋੜਾਂ, ਪੈਦਾਵਾਰ ਦੇ ਸਾਧਨਾਂ ਤੇ ਤਾਕਤਾਂ ਦੇ ਗੁਣਾਂ ਅਤੇ ਵੰਨ-ਸੁਵੰਨੇ ਕੰਮਾਂ ਲਈ ਲੋੜੀਂਦੇ ਸਮੇਂ ਨੂੰ ਹਿਸਾਬ ‘ਚ ਰੱਖ ਕੇ ਅੱਗੇ ਵੱਧਦੀ ਹੈ। ਇਸ ਢੰਗ ਨਾਲ਼ ਲੋਕ ਕੁਦਰਤ ‘ਤੇ ਆਪਣੇ ਕੰਟਰੌਲ ਦੇ ਵਿਕਾਸ ਨੂੰ ਅੰਤਹੀਣ ਹੱਦ ਤੱਕ ਲੈ ਜਾਣ ਦੇ ਯੋਗ ਹੁੰਦੇ ਹਨ। ਮਨੁੱਖ ਪੂਰੀ ਤਰਾਂ ਆਪਣੀ ਨਿੱਜੀ ਸਮਾਜਿਕ ਜਥੇਬੰਦੀ ਦਾ ਕਰਤਾ-ਧਰਤਾ ਬਣ ਜਾਂਦਾ ਹੈ ਅਤੇ ਲੜੀਵਾਰ ਕੁਦਰਤ ‘ਤੇ ਉਸਦਾ ਗਲਬਾ ਵਧਦਾ ਜਾਂਦਾ ਹੈ।

ਸਮਾਜਵਾਦ ਅਤੇ ਕਮਿਊਨਿਜ਼ਮ ਸਭ ਤੋਂ ਪਹਿਲਾਂ ਕੌਮੀ ਅਧਾਰ ‘ਤੇ ਵਿਕਸਿਤ ਹੁੰਦੇ ਹਨ, ਪਰ ਇਹ ਵਿਕਾਸ ਸੰਸਾਰ ਕਮਿਊਨਿਜ਼ਮ ਦੀ ਸਥਾਪਨਾ ਕਰੇਗਾ। ਮਨੁੱਖਤਾ ਦਾ ਭਵਿੱਖ ਮਨੁੱਖੀ ਜੀਵਨ ਦੀਆਂ ਵਧਦੀਆਂ ਹੋਈਆਂ ਲੋੜਾਂ ਪ੍ਰਤੀ ਚੇਤਨਾ ਦੇ ਅਧਾਰ ‘ਤੇ ਮਨੁੱਖਾਂ ਦੇ ਖੁਦ ਦੇ ਫੈਸਲਿਆਂ ਦੁਆਰਾ ਤੈਅ ਹੋਵੇਗਾ।

ਸਮਾਜਿਕ ਮਾਲਕੀ- ਸਮਾਜਵਾਦੀ ਵਿਉਂਤਬੰਦੀ ਦਾ ਅਧਾਰ

ਪੈਦਾਵਾਰ ਦੇ ਸਮਾਜਵਾਦੀ ਸਬੰਧਾਂ ਦਾ ਖ਼ਾਸ ਗੁਣ ਇਹ ਹੈ ਕਿ ਉਹਨਾਂ ‘ਚ ਹੀ ਪਹਿਲੀ ਵਾਰ ਸੰਪੂਰਨ ਪੈਦਾਵਾਰ ਦੇ ਵਿਉਂਤਬੱਧ ਹੋਣ ਦਾ ਪ੍ਰਬੰਧ ਹੁੰਦਾ ਹੈ। ਇਸ ਕਾਰਨ, ਕਿ ਪੈਦਾਵਾਰ ਦੇ ਸਾਧਨ ਸਮਾਜ ਦੀ ਮਾਲਕੀ ਦੇ ਮਾਤਹਿਤ ਹੁੰਦੇ ਹਨ, ਇਹ ਸਿੱਟਾ ਨਿੱਕਲ਼ਦਾ ਹੈ ਕਿ ਉਹਨਾਂ ਦੀ ਵਰਤੋਂ ਸਮਾਜਿਕ ਫੈਸਲੇ ਦਾ ਵਿਸ਼ਾ ਹੁੰਦਾ ਹੈ। ਪੈਦਾਵਾਰ ਸਾਰੇ ਸਮਾਜ ਦੇ ਹਿੱਤਾਂ ਦੀ ਸੇਵਾ ਲਈ ਵਿਉਂਤੀ ਜਾਂਦੀ ਹੈ।

ਨਿੱਜੀ ਮਾਲਕੀ ਦੇ ਹੁੰਦਿਆਂ ਪੈਦਾਵਾਰ ਵਿਉਂਤੀ ਨਹੀਂ ਜਾ ਸਕਦੀ। ਪੈਦਾਵਾਰ ਵਰਕਸ਼ਾਪ ਅੰਦਰ ਵਿਉਂਤਬੱਧ ਹੁੰਦੀ ਹੈ, ਆਮ ਰੂਪ ‘ਚ ਸਮਾਜ ਦੁਆਰਾ ਨਹੀਂ ਹੁੰਦੀ।

ਸਰਮਾਏਦਾਰੀ ਤਹਿਤ ਵਿਉਂਤਬੰਦੀ ਦੀ ਆਮ ਤੌਰ ‘ਤੇ ਚਰਚਾ ਹੁੰਦੀ ਹੈ ਪਰ ਇਹ ਤੱਥ ਕਿ ਸਰਮਾਏਦਾਰਾ ਪੈਦਾਵਾਰ ਦਾ ਉਦੇਸ਼ ਮੁਨਾਫ਼ਾ ਹੁੰਦਾ ਹੈ, ਵਿਉਂਤਬੰਦੀ ਨੂੰ ਮੁਸ਼ਕਿਲ ਬਣਾ ਦਿੰਦਾ ਹੈ। ਕੁਝ ਖ਼ਾਸ ਸਰਮਾਏਦਾਰਾ ਸਨੱਅਤਾਂ ਅਤੇ ਸਮੂਹ ਆਪਣੀ ਪੈਦਾਵਾਰ ਵਿਉਂਤਦੇ ਹਨ, ਪਰ ਮੁਨਾਫੇ ਦੇ ਯਤਨ ‘ਚ ਉਹਨਾਂ ਦਾ ਬਰਾਬਰ ਦੇ ਸਰਮਾਏਦਾਰਾ ਤੇ ਸਮੂਹਾਂ ਨਾਲ਼ ਘੋਲ਼ ਹੋ ਜਾਂਦਾ ਹੈ। ਸਰਮਾਏਦਾਰ ਮੁਨਾਫੇ ਦੀ ਭਾਲ਼ ‘ਚ ਪੈਦਾਵਾਰ ਦਾ ਵਿਸਥਾਰ ਕਰਦੇ ਹਨ, ਪਰ ਉਹਨਾਂ ਦੇ ਮੁਨਾਫੇ ਲਗਾਤਾਰ ਮੰਡੀ ਮੁਹੱਈਆ ਹੋਣ ‘ਤੇ ਨਿਰਭਰ ਕਰਦੇ ਹਨ ਅਤੇ ਸਮਾਜਿਕ ਪੈਦਾਵਾਰ ਤੇ ਨਿੱਜੀ ਸਰਮਾਏਦਾਰਾ ਲੁੱਟ ਵਿਚਾਲੇ ਵਿਰੋਧਤਾਈਆਂ ਲਗਾਤਾਰ ਵਧਦੀਆਂ ਹੋਈਆਂ ਮੰਡੀ ਦੀ ਉਸਾਰੀ ਨੂੰ ਰੋਕਦੀਆਂ ਹਨ। ਪੈਦਾਵਾਰ ਮੰਡੀ ਲਈ ਮੁਕਾਬਲੇ ਅਤੇ ਨਿਵੇਸ਼ ਦੇ ਖੇਤਰਾਂ ‘ਚ ਸੰਕਟਾਂ ਨੂੰ ਜਨਮ ਦਿੰਦੀ ਹੈ ਅਤੇ ਸਰਮਾਏਦਾਰਾਂ ਤੇ ਉਹਨਾਂ ਦੇ ਢੰਡੋਰਚੀਆਂ ਦੁਆਰਾ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਤਬਾਹ ਹੋਣ ਵੱਲ ਧੱਕਦੀ ਹੈ।

ਜਿਵੇਂ ਸਤਾਲਿਨ ਨੇ ਟਿੱਪਣੀ ਕੀਤੀ ਹੈ: “ਜੇਕਰ ਸਰਮਾਏਦਾਰੀ ਪੈਦਾਵਾਰ ਨੂੰ ਵੱਧ ਤੋਂ ਵੱਧ ਮੁਨਾਫੇ ਲਈ ਨਹੀਂ, ਸਗੋਂ ਲੋਕਾਂ ਦੀਆਂ ਪਦਾਰਥਕ ਦਿਸ਼ਾਵਾਂ ਦੀ ਯੋਜਨਾਬੱਧ ਤਰੱਕੀ ਦੇ ਅਨੁਸਾਰ ਕਰ ਸਕਦੀ ਅਤੇ ਜੇਕਰ ਮੁਨਾਫੇ ਨੂੰ… ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਪਦਾਰਥਕ ਦਿਸ਼ਾਵਾਂ ਦੀ ਯੋਜਨਾਬੱਧ ਤਰੱਕੀ ਵੱਲ਼ ਮੋੜ ਸਕਦੀ ਤਾਂ ਕੋਈ ਸੰਕਟ ਨਾ ਹੁੰਦਾ। ਪਰ ਤਦ ਸਰਮਾਏਦਾਰੀ, ਸਰਮਾਏਦਾਰੀ ਨਹੀਂ ਰਹਿ ਜਾਂਦੀ।”1

ਕੇਵਲ ਉਸੇ ਸਮੇਂ ਜਦ ਸਮਾਜ ਪੈਦਾਵਾਰ ਦੇ ਸੰਪੂਰਨ ਨਿਰਦੇਸ਼ਨ ਨੂੰ ਸਮਾਜਿਕ ਮਾਲਕੀ ਦੇ ਅਧਾਰ ‘ਤੇ ਹਥਿਆ ਚੁੱਕਾ ਹੁੰਦਾ ਹੈ ਅਤੇ ਪੈਦਾਵਾਰ ਨੂੰ ਲੋਕਾਂ ਦੀਆਂ ਦਿਸ਼ਾਵਾਂ ਦੀ ਯੋਜਨਾਬੱਧ ਤਰੱਕੀ ਦੇ ਅਨੁਸਾਰ ਕਰ ਲੈਂਦਾ ਹੈ, ਵਿਉਂਤਬੰਦੀ ਪੂਰੇ ਪੈਦਾਵਾਰੀ ਖੇਤਰ ‘ਚ ਸਰਗਰਮੀ ਨਾਲ਼ ਕਾਰਗਾਰ ਹੋ ਜਾਂਦੀ ਹੈ। ਅਤੇ ਇਸ ਤਰਾਂ ਜੇਕਰ ਪੈਦਾਵਾਰ ਨੂੰ ਸਫਲਤਾ ਨਾਲ਼ ਚੱਲਦੇ ਰਹਿਣਾ ਹੈ ਤਾਂ ਉਹ ਨਾ ਕੇਵਲ ਵਿਉਂਤਬੱਧ ਹੋ ਸਕਦੀ ਹੈ ਸਗੋਂ ਉਸਨੂੰ ਲਾਜ਼ਮੀ ਹੀ ਵਿਉਂਤਬੱਧ ਹੋਣਾ ਚਾਹੀਦਾ ਹੈ। ਵਿਉਂਤਬੰਦੀ ਸਮਾਜਵਾਦੀ ਪੈਦਾਵਾਰ ਦੀਆਂ ਆਰਥਿਕ ਲੋੜਾਂ ਤੇ ਆਰਥਿਕ ਨਿਯਮਾਂ ਦਾ ਸਿੱਟਾ ਹੁੰਦੀ ਹੈ।

ਸਮਾਜਵਾਦੀ ਪੈਦਾਵਾਰ ਸਾਰੀਆਂ ਪੈਦਾਵਾਰਾਂ ਵਾਂਗ ਆਪਣੇ ਖੁਦ ਦੇ ਆਰਥਿਕ ਨਿਯਮਾਂ ਦੁਆਰਾ ਕੰਟਰੌਲ ਹੁੰਦੀ ਹੈ। ਇਹਨਾਂ ਨਿਯਮਾਂ ਦੀ ਰਚਨਾ ਵਿਉਂਤਬੰਦੀ ਰਾਹੀਂ ਨਹੀਂ ਹੁੰਦੀ, ਸਗੋਂ ਇਹ ਨਿਯਮ ਅਜਿਹੀ ਸਚੇਤਨ ਕਿਰਿਆ ਤੋਂ ਪਹਿਲਾਂ ਹੀ ਹੋਂਦ ‘ਚ ਹੁੰਦੇ ਹਨ ਤੇ ਉਸਤੋਂ ਅਜ਼ਾਦ ਹੁੰਦੇ ਹਨ ਅਤੇ ਵਿਉਂਤਬੰਦੀ ਦੀ ਮਨੌਤ ਦਾ ਅਧਾਰ ਬਣਦੇ ਹਨ। ਸਮਾਜਵਾਦੀ ਵਿਉਂਤਬੰਦੀ ਸਮਾਜਵਾਦੀ ਪੈਦਾਵਾਰ ਦੇ ਬਾਹਰਮੁਖੀ ਨਿਯਮਾਂ ਦੇ ਅਧਾਰ ‘ਤੇ ਅੱਗੇ ਵਧਦੀ ਹੈ, ਜਿਸ ਨਾਲ਼ ਅਜਿਹੀ ਯੋਜਨਾ ਬਣਾਈ ਜਾ ਸਕਦੀ ਹੈ, ਜੋ ਉਹਨਾਂ ਨਿਯਮਾਂ ਦੇ ਅਨੁਸਾਰ ਹੋਵੇ, ਅਤੇ ਜਿਹਨਾਂ ਦੀ ਵਰਤੋਂ ਕਰਕੇ ਯੋਜਨਾ ਨੂੰ ਸਾਕਾਰ ਰੂਪ ਦਿੱਤਾ ਜਾ ਸਕੇ। ਪਰ ਅਜਿਹੀ ਯੋਜਨਾ ਦੇ ਨਾ ਹੋਣ ਦਾ ਕੀ ਸਿੱਟਾ ਨਿੱਕਲ਼ੇਗਾ? ਹਰੇਕ ਵਸਤੂ ਅਰਾਜਕ ਹੋ ਜਾਵੇਗੀ ਅਤੇ ਉਹ ਹੀ ਆਰਥਿਕ ਨਿਯਮ ਜੋ ਪੈਦਾਵਾਰ ‘ਚ ਵਾਧੇ ਲਈ ਸਮਾਜਵਾਦੀ ਵਿਉਂਤਬੰਦੀ ‘ਚ ਵਰਤੇ ਜਾਂਦੇ ਹਨ, ਪੈਦਾਵਾਰ ਤਬਾਹ ਹੋਣ ਦਾ ਕਾਰਨ ਬਣ ਜਾਣਗੇ। ਦੂਜੇ ਸ਼ਬਦਾਂ ‘ਚ, ਯੋਜਨਾ ਦੀ ਅਣਹੋਂਦ ‘ਚ ਪੈਦਾਵਾਰ ਸੰਪੂਰਨ ਨਹੀਂ ਕੀਤੀ ਜਾ ਸਕਦੀ। ਸਮਾਜਵਾਦੀ ਪੈਦਾਵਾਰ ਦੇ ਨਿਯਮ ਹੀ ਅਜਿਹੇ ਹੁੰਦੇ ਹਨ, ਜੋ ਇੱਕ ਵਾਰ ਸਮਾਜਿਕ ਮਾਲਕੀ ਸਥਾਪਿਤ ਹੋ ਜਾਣ ਤੋਂ ਬਾਅਦ ਪੈਦਾਵਾਰ ਦੀ ਵਿਉਂਤਬੰਦੀ ਨੂੰ ਲਾਜ਼ਮੀ ਬਣਾ ਦਿੰਦੇ ਹਨ।

ਸਮਾਜਿਕ ਮਾਲਕੀ ਦੇ ਅਧਾਰ ‘ਤੇ ਵਿਉਂਤਬੰਦੀ ਦਾ ਅਰਥ ਇਹ ਹੁੰਦਾ ਹੈ ਕਿ ਸਮਾਜ ਦਾ ਸੰਪੂਰਨ ਵਿਕਾਸ ਲੜੀਵਾਰ ਵਧਦੇ ਹੋਏ ਅੰਸ਼ਾਂ ‘ਚ ਸਚੇਤਨ ਕੰਟਰੌਲ ਦੇ ਮਾਤਹਿਤ ਲਿਆਇਆ ਜਾਂਦਾ ਹੈ। ਸਪੱਸ਼ਟ ਤੌਰ ‘ਤੇ ਸਮਾਜ ਦਾ ਸੰਪੂਰਨ ਵਿਕਾਸ ਪੈਦਾਵਾਰ ਦੇ ਵਿਕਾਸ ਦੀਆਂ ਸ਼ਰਤਾਂ ਨਾਲ਼ ਬੱਝਿਆ ਹੁੰਦਾ ਹੈ।

ਇਸ ਤਰਾਂ ਇੱਕ ਵਾਰ ਸਮਾਜਵਾਦ ਤੇ ਸਮਾਜਿਕ ਪੈਦਾਵਾਰ ਦੀ ਵਿਉਂਤਬੱਧ ਦਿਸ਼ਾ ਸਥਾਪਿਤ ਹੋ ਜਾਣ ਤੋਂ ਬਾਅਦ ਇਹ ਗੱਲ ਸੱਚ ਨਹੀਂ ਰਹਿ ਜਾਂਦੀ ਜੋ ਏਂਗਲਜ਼ ਨੇ ਸਾਰੇ ਪਿਛਲੇ ਸਮਾਜਿਕ ਵਿਕਾਸ ਬਾਰੇ ਕਹੀ ਸੀ, “ਜਿਸਦਾ ਹਲਫ ਲਿਆ ਜਾਂਦਾ ਹੈ, ਉਹ ਸ਼ਾਇਦ ਹੀ ਕਦੇ ਪੂਰਾ ਹੁੰਦਾ ਹੋਵੇ… ਕੰਮ ਦੇ ਉਦੇਸ਼ ਚਿਤਵੇ ਹੁੰਦੇ ਹਨ ਪਰ ਅਸਲੀ ਨਤੀਜੇ ਚਿਤਵੇ ਅਨੁਸਾਰ ਨਹੀਂ ਹੁੰਦੇ।” ਸਮਾਜਿਕ ਵਿਕਾਸ ਦਾ ਰਾਹ ਸਮਾਜਿਕ ਵਿਕਾਸ ਦੀਆਂ ਲੋੜਾਂ ਦੇ ਪ੍ਰਤੀ ਮਨੁੱਖ ਦੀ ਬੌਧਿਕ ਚੇਤਨਾ ਦੁਆਰਾ ਲਗਾਤਾਰ ਵਧਦੇ ਹੋਏ ਅੰਸ਼ਾਂ ਦੁਆਰਾ ਤੈਅ ਹੁੰਦਾ ਹੈ।

ਇਸ ਨਿਰਦੇਸ਼ਕ ਸਮਾਜਿਕ ਚੇਤਨਾ ਦਾ, ਜੋ ਸਮਾਜਵਾਦੀ ਵਿਉਂਤਬੰਦੀ ਰਾਹੀਂ ਕੰਮ ਕਰਦੀ ਹੈ, ਪਦਾਰਥਕ ਅਧਾਰ ਪੈਦਾਵਾਰ ਦੇ ਪ੍ਰਮੁੱਖ ਸਾਧਨਾਂ ‘ਤੇ ਸਮਾਜਿਕ ਮਾਲਕੀ ਦੀ ਸਥਾਪਨਾ ‘ਚ ਹੁੰਦਾ ਹੈ। ਸਦਾ ਵਾਂਗ, ਮਨੁੱਖਾਂ ਦੀ ਸਮਾਜਿਕ ਹੋਂਦ ਉਹਨਾਂ ਦੀ ਚੇਤਨਾ ਨੂੰ ਤੈਅ ਕਰਦੀ ਹੈ। ਉਸ ਤੋਂ ਜਨਤਕ ਸਮਾਜਿਕ ਹਿੱਤਾਂ ਦੀ ਚੇਤਨਾ ਵਿਕਸਿਤ ਹੁੰਦੀ ਹੈ, ਜੋ ਸ਼ੁੱਧ ਰੂਪ ‘ਚ ਹਾਸਲ ਸਮਾਜਿਕ ਹਿੱਤ ਦਾ ਪ੍ਰਤੌਅ ਹੁੰਦੀ ਹੈ, ਸਮਾਜਿਕ ਪੈਦਾਵਾਰ ਦੀ ਹਾਲਤ ਅਤੇ ਉਸਦੇ ਵਜੂਦ-ਸਮੋਏ ਨਿਯਮਾਂ ਸਬੰਧੀ ਚੇਤਨਾ ਦਾ ਵਿਕਾਸ ਹੁੰਦਾ ਹੈ, ਜੋ ਸ਼ੁੱਧ ਰੂਪ ਨਾਲ਼ ਪੈਦਾਵਾਰ ਅਤੇ ਉਸਦੇ ਨਿਯਮਾਂ ਦੀ ਹਾਸਲ ਹਾਲਤ ਦਾ ਪ੍ਰਤੌਅ ਹੁੰਦੀ ਹੈ ਅਤੇ ਇਸ ਤਰਾਂ ਆਮ ਤੌਰ ‘ਤੇ ਵਿਸ਼ਾਲ ਸਮਾਜਿਕ ਹਿੱਤ ਦੀ ਪੂਰਤੀ ਲਈ ਅਰਥਚਾਰੇ ਤੇ ਸਮਾਜਿਕ ਵਿਕਾਸ ਦਾ ਵਿਉਂਤਬੱਧ ਨਿਰਦੇਸ਼ਨ ਸਮਾਜਵਾਦੀ ਅਰਥਚਾਰੇ ਦੇ ਖ਼ਾਸ ਲੱਛਣ ਵਜੋਂ ਜਨਮ ਲੈਂਦਾ ਹੈ।

ਸਮਾਜਵਾਦ ਦੇ ਬੁਨਆਦੀ ਨਿਯਮ

ਸਮਾਜਵਾਦੀ ਪੈਦਾਵਾਰ ਦਾ ਉਦੇਸ਼ “ਸੰਪੂਰਨ ਸਮਾਜ ਦੀਆਂ ਲਗਾਤਾਰ ਵਧਦੀਆਂ ਹੋਈਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਵੱਧ ਤੋਂ ਵੱਧ ਸੰਤੁਸ਼ਟੀ ਹੁੰਦਾ ਹੈ।” ਅਤੇ ਇਸ ਉਦੇਸ਼ ਦੀ ਪ੍ਰਾਪਤੀ “ਲਗਾਤਾਰ ਉੱਤਮ ਹੁੰਦੀਆਂ ਤਕਨੀਕਾਂ ਦੇ ਆਧਾਰ ‘ਤੇ ਸਮਾਜਵਾਦੀ ਪੈਦਾਵਾਰ ਦੇ ਲਗਾਤਾਰ ਵਿਸਥਾਰ” ਰਾਹੀਂ ਹੁੰਦੀ ਹੈ। ਜਿਵੇਂ ਸਤਾਲਿਨ ਨੇ ਪ੍ਰਗਟ ਕੀਤਾ ਹੈ: “ਸਮਾਜਵਾਦ ਦਾ ਇਹੀ ਬੁਨਿਆਦੀ ਨਿਯਮ ਹੈ।”2

ਇਹ “ਬੁਨਿਆਦੀ ਨਿਯਮ” ਹੈ ਕਿਉਂਕਿ ਇਹ ਇੱਕੋ-ਇੱਕ ਸੰਸਾਰਵਿਆਪੀ ਨਿਯਮ ਹੈ, ਜੋ ਸਮਾਜਵਾਦੀ ਪੈਦਾਵਾਰ ਦੀ ਸੰਪੂਰਨ ਪ੍ਰਕਿਰਿਆ ਨੂੰ ਕੰਟਰੌਲ ਕਰਦਾ ਹੈ।

“ਬੁਨਿਆਦੀ ਆਰਥਿਕ ਨਿਯਮ ਪੈਦਾਵਾਰ ਦੀ ਹਾਸਲ ਪ੍ਰਣਾਲੀ ਦੇ ਸੁਭਾਅ ਅਤੇ ਉਸਦੇ ਵਿਕਾਸ ਦੇ ਸਾਰੇ ਪ੍ਰਮੁੱਖ ਪੱਖਾਂ ਅਤੇ ਪ੍ਰਕਿਰਿਆਵਾਂ ਨੂੰ ਪਰਿਭਾਸ਼ਿਤ ਕਰਦਾ ਹੈ, ਉਹ ਹਾਸਲ ਆਰਥਿਕ ਤਰੀਕਾਕਾਰ ਦੇ ਸਾਰੇ ਨਿਯਮਾਂ ਨੂੰ ਸਮਝਣ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕੁੰਜੀ ਮੁਹੱਇਆ ਕਰਵਾਉਂਦਾ ਹੈ।”3

ਕਿਸੇ ਆਰਥਿਕ ਤਰੀਕਾਕਾਰ ਦਾ ਬੁਨਿਆਦੀ ਨਿਯਮ ਹਮੇਸ਼ਾ ਉਸ ਉਦੇਸ਼ ਨੂੰ ਪ੍ਰਗਟਾਉਂਦਾ ਹੈ ਜਿਸਦੇ ਅਧੀਨ ਉਸ ਤਰੀਕਾਕਾਰ ਦੇ ਤਹਿਤ ਪੈਦਾਵਾਰ ਸੰਪੂਰਨ ਹੁੰਦੀ ਹੈ। ਕਿਉਂਕਿ ਪੈਦਾਵਾਰ ਹਮੇਸ਼ਾ ਕਿਸੇ ਉਦੇਸ਼ ਜਾਂ ਸਮਾਜਿਕ ਉਦੇਸ਼ ਦੇ ਅਨੁਸਾਰ ਕੰਟਰੌਲ ਹੁੰਦੀ ਹੈ, ਜਿਸਦੀ ਉਹ ਸੇਵਾ ਕਰਦੀ ਹੈ, ਅਤੇ ਉਹ ਕਿਸ ਉਦੇਸ਼ ਦੀ ਸੇਵਾ ਕਰਦੀ ਹੈ, ਇਹ ਪੈਦਾਵਾਰੀ ਸਬੰਧਾਂ ਦੇ ਕਿਰਦਾਰ ਨਾਲ਼ ਬਦਲਦੀ ਰਹਿੰਦੀ ਹੈ।

ਜਿੱਥੇ ਲੁੱਟ ਮੌਜੂਦ ਰਹਿੰਦੀ ਹੈ, ਪੈਦਾਵਾਰ ਵਾਧੂ ਕਦਰ ਪ੍ਰਾਪਤ ਕਰਨ ਦੇ ਉਦੇਸ਼ ਦੇ ਮਾਤਹਿਤ ਹੁੰਦੀ ਹੈ, ਜਿਸਨੂੰ ਲੋਟੂ ਹੜੱਪ ਸਕਣ। ਸਮਾਜ ਦੇ ਵਿਸ਼ਾਲ ਹਿੱਸੇ ਦੀਆਂ ਮਨੁੱਖੀ ਲੋੜਾਂ ਦੀ ਪੂਰਤੀ ਪੈਦਾਵਾਰ ਦਾ ਉਦੇਸ਼ ਨਹੀਂ ਹੁੰਦਾ। ਉਹਨਾਂ ਦੀਆਂ ਲੋੜਾਂ ਕਦੇ ਸਾਹਮਣੇ ਨਹੀਂ ਆਉਂਦੀਆਂ, ਕੇਵਲ ਉਸ ਸਮੇਂ ਨੂੰ ਛੱਡ ਕੇ, ਜਦ ਉਹ ਅਜ਼ਾਦਾਨਾ ਕਾਰਵਾਈ ਦੁਆਰਾ ਉਹਨਾਂ ਨੂੰ ਲਾਗੂ ਕਰਨ ‘ਚ ਸਫਲ ਹੋ ਸਕਦੇ ਹਨ। ਲੁੱਟ ਕਰਨ ਲਈ ਉਹਨਾਂ ਨੂੰ ਲਾਜ਼ਮੀ ਜਿਉਂਦਾ ਰੱਖਿਆ ਜਾਣਾ ਚਾਹੀਦਾ ਹੈ, ਬੱਸ ਇੰਨਾ ਬਹੁਤ ਹੈ। ਪਰ ਸਮਾਜਵਾਦੀ ਸਮਾਜ ‘ਚ, ਜਿੱਥੇ ਪੈਦਾਵਾਰ ਦੇ ਸਾਧਨ ਸਮਾਜਿਕ ਮਾਲਕੀ ਮਾਤਹਿਤ ਹੁੰਦੇ ਹਨ, ਜਿੱਥੇ ਕਿਰਤੀ ਲੋਕ ਪੈਦਾਵਾਰ ਨੂੰ ਖੁਦ ਨਿਰਦੇਸ਼ਿਤ ਕਰਦੇ ਹਨ ਅਤੇ ਜਿੱਥੇ ਲੁੱਟ ਨਹੀਂ ਹੁੰਦੀ, ਪੈਦਾਵਾਰ ਦਾ ਉਦੇਸ਼ ਮਨੁੱਖੀ ਲੋੜਾਂ ਦੀ ਸੰਤੁਸ਼ਟੀ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਲੋਕ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਦੇ ਸਾਧਨਾਂ ਦੀ ਪੈਦਾਵਾਰ ਕਰਨ ਤੋਂ ਬਿਨਾਂ ਕਿਸੇ ਹੋਰ ਗੱਲ ਲਈ ਕਿਰਤ ‘ਚ ਸਹਿਯੋਗ ਕਿਉਂ ਦੇਣ? ਸਮਾਜਵਾਦ ਦਾ ਸੰਪੂਰਨ ਉਦੇਸ਼ ਪੂਰੇ ਤੇ ਸੁਖੀ ਜੀਵਨ ਲਈ ਸਾਰੇ ਸਾਧਨਾਂ ਨੂੰ ਮੁਹੱਇਆ ਕਰਵਾਉਣਾ ਹੈ।

ਇਸ ਤਰਾਂ ਮਾਰਕਸ ਨੇ ਲਿਖਿਆ ਹੈ: “ਸਰਮਾਏਦਾਰਾ ਪੈਦਾਵਾਰ ਦਾ ਉਦੇਸ਼ ਵਾਫਰ ਕਦਰ ਦੀ ਵੱਧ ਤੋਂ ਵੱਧ ਸੰਭਵ ਮਾਤਰਾ ਵਸੂਲਣਾ ਅਤੇ ਇਸਦੇ ਲਈ ਵੱਧ ਤੋਂ ਵੱਧ ਹੱਦ ਤੱਕ ਕਿਰਤ-ਸ਼ਕਤੀ ਦੀ ਲੁੱਟ ਕਰਨਾ ਹੈ।”4

ਸਤਾਲਿਨ ਨੇ ਲਿਖਿਆ ਹੈ: “ਇਸ ਤੋਂ ਉਲਟ ਸਮਾਜਵਾਦੀ ਪੈਦਾਵਾਰ ਦਾ ਉਦੇਸ਼ ਮੁਨਾਫਾ ਨਹੀਂ ਹੁੰਦਾ, ਸਗੋਂ ਇਸਦਾ ਉਦੇਸ਼ ਮਨੁੱਖ ਅਤੇ ਉਸਦੀਆਂ ਲੋੜਾਂ ਹੁੰਦਾ ਹੈ।”5

ਸਰਮਾਏਦਾਰਾ ਮਾਲਕੀ ਦਾ ਅਰਥ ਹੈ ਕਿ ਪੈਦਾਵਾਰ ਸਰਾਮਏਦਾਰਾ ਮੁਨਾਫੇ ਲਈਂ ਕੀਤੀ ਜਾਂਦੀ ਹੈ। ਸਮਾਜਵਾਦੀ ਮਾਲਕੀ ਦਾ ਅਰਥ ਹੈ ਕਿ ਪੈਦਾਵਾਰ ਸਾਰੇ ਸਮਾਜ ਦੀਆਂ ਪਦਾਰਥਕ ਤੇ ਸੱਭਿਆਚਾਰਕ ਲੋੜਾਂ ਦੀ ਸੰਤੁਸ਼ਟੀ ਲਈ ਕੀਤੀ ਜਾਂਦੀ ਹੈ। ਸਰਮਾਏਦਾਰੀ ਦੀ ਸਥਿਤੀ ‘ਚ, ਜਿਵੇਂ ਲੁੱਟ ਦੇ ਪਿਛਲੇ ਤਰੀਕਾਕਾਰਾਂ ‘ਚ ਹੁੰਦਾ ਆਇਆ ਸੀ, ਉਦੇਸ਼ ਕੇਵਲ ਸਮਾਜ ‘ਤੇ ਹਕੂਮਤ ਕਰਨ ਵਾਲ਼ੇ ਛੋਟੇ ਜਿਹੇ, ਘੱਟ-ਗਿਣਤੀ ਸਮੂਹ ਦੇ ਹਿੱਤਾਂ ਦੇ ਅਨੁਸਾਰ ਹੁੰਦਾ ਹੈ। ਦੂਜੇ ਪਾਸੇ, ਸਮਾਜਵਾਦ ਦੀ ਸਥਿਤੀ ‘ਚ ਉਦੇਸ਼ ਸਾਰੇ ਸਮਾਜ ਦੇ ਹਿੱਤਾਂ ਦੇ ਅਨੁਸਾਰ ਹੁੰਦਾ ਹੈ।

ਇਸਦਾ ਮਤਲਬ ਇਹ ਹੈ ਕਿ ਸਰਮਾਏਦਾਰੀ ‘ਚ ਬੁਨਿਆਦੀ ਨਿਯਮ ਕਿਸੇ ਬੁਨਿਆਦੀ ਉਦੇਸ਼ ‘ਤੇ ਸਮਾਜਿਕ ਸਹਿਮਤੀ ਰਾਹੀਂ ਕੰਮ ਨਹੀਂ ਕਰ ਸਕਦਾ। ਇਸਦੇ ਉਲਟ ਉਹ ਸਮਾਜਿਕ ਘੋਲ਼ਾਂ ਦੀ ਲੜੀ ਰਾਹੀਂ ਅਤੇ ਹਾਕਮ ਸਰਮਾਏਦਾਰਾਂ ਦੇ ਉਹਨਾਂ ਢੰਗਾਂ ‘ਤੇ, ਜੋ ਉਹਨਾਂ ਨੂੰ ਖੁਦ ਲਈ ਸਭ ਤੋਂ ਵੱਧ ਮੁਨਾਫਾ ਦੇਣ ਵਾਲ਼ੇ ਜਾਪਦੇ ਹਨ, ਚੱਲਣ ਰਾਹੀਂ ਕੰਮ ਕਰਦਾ ਹੈ। ਇਸ ਪ੍ਰਕਿਰਿਆ ‘ਚ ਸਰਮਾਏਦਾਰ ਲੋਕਾਂ ਦੇ ਵਿਸ਼ਾਲ ਹਿੱਸੇ ਦੀ ਲੁੱਟ ਕਰਦੇ ਹਨ, ਉਹਨਾਂ ਨੂੰ ਗ਼ਰੀਬ ਬਣਾਉਂਦੇ ਹਨ ਅਤੇ ਬਰਬਾਦ ਕਰਦੇ ਹਨ ਅਤੇ ਸਮਾਜ ਨੂੰ ਸਭ ਤਰਾਂ ਤੋਂ ਅਣਜਾਣੀਆਂ ਮੁਸ਼ਕਿਲਾਂ ‘ਚ ਧੱਕ ਦਿੰਦੇ ਹਨ।

ਦੂਜੇ ਪਾਸੇ ਸਮਾਜਵਾਦ ‘ਚ ਬੁਨਿਆਦੀ ਨਿਯਮ ਸ਼ੁੱਧ ਰੂਪ ਨਾਲ਼ ਬੁਨਿਆਦੀ ਉਦੇਸ਼ ਪ੍ਰਤੀ ਸੁਚੇਤਨ ਸਮਾਜਿਕ ਸਹਿਮਤੀ ਰਾਹੀਂ ਅਤੇ ਉਦੇਸ਼-ਪ੍ਰਾਪਤੀ ਦੇ ਸਾਧਨਾਂ ਨੂੰ ਪੂਰਾ ਕਰਨ ਦੀ ਵਿਉਂਤਬੰਦੀ ਰਾਹੀਂ ਕੰਮ ਕਰਦਾ ਹੈ। ਕਿਉਂਕਿ ਉਦੇਸ਼ ਸੰਪੂਰਨ ਸਮਾਜ ਦੇ ਹਿੱਤਾਂ ਅਨੁਸਾਰ ਹੁੰਦਾ ਹੈ, ਇਸ ਲਈ ਇਹ ਜਨਤਕ ਸਹਿਮਤੀ ਦੁਆਰਾ ਸਚੇਤਨ ਰੂਪ ਨਾਲ਼ ਅਪਣਾਇਆ ਜਾ ਸਕਦਾ ਹੈ ਅਤੇ ਅਪਣਾਇਆ ਜਾਂਦਾ ਹੈ। ਕਿਉਂਕਿ ਪੈਦਾਵਾਰ ਦੇ ਸਾਧਨ ਸਮਾਜਿਕ ਮਾਲਕੀ ਦੇ ਤਹਿਤ ਹੁੰਦੇ ਹਨ, ਇਸਦੇ ਨਤੀਜੇ ਵਜੋਂ ਸਮਾਜ ਉਦੇਸ਼-ਪ੍ਰਾਪਤੀ ਦੇ ਸਾਧਨਾਂ ਨੂੰ ਪੂਰਾ ਕਰਨ ਸਬੰਧੀ ਸਮੂਹਿਕ ਰੂਪ ਨਾਲ਼ ਫੈਸਲੇ ਕਰ ਸਕਦਾ ਹੈ ਅਤੇ ਕਰਦਾ ਵੀ ਹੈ।

ਸਮਾਜ ਜਿਸ ਉਦੇਸ਼ ਨੂੰ ਪੈਦਾਵਾਰੀ ਸਬੰਧਾਂ ਦੇ ਅਧਾਰ ‘ਤੇ ਸਮਾਜਿਕ ਪੈਦਾਵਾਰ ਦੇ ਰੂਪ ‘ਚ ਤੈਅ ਕਰਦਾ ਹੈ ਉਹ ਇਸ ਸਥਿਤੀ ‘ਚ ਸਮਾਜ ਦੇ ਜਥੇਬੰਦ ਮੈਂਬਰਾਂ ਦਾ ਸੁਚੇਤਨ ਉਦੇਸ਼ ਬਣ ਜਾਂਦਾ ਹੈ ਅਤੇ ਸਮਾਜ ਉਦੇਸ਼ ਹਾਸਲ ਕਰਨ ਲਈ ਸੁਚੇਤਨ ਰੂਪ ਨਾਲ਼ ਅਤੇ ਵਿਉਂਤਬੱਧ ਢੰਗ ਨਾਲ਼ ਸਭ ਤੋਂ ਉੱਤਮ ਸਾਧਨ ਅਪਣਾਉਂਦਾ ਹੈ।

ਅਤੇ, ਇਹ ਜ਼ਿਕਰ ਯੋਗ ਹੈ ਕਿ ਇਸਦਾ ਇਹ ਅਰਥ ਨਹੀਂ ਹੈ ਕਿ ਜਦ ਤੱਕ ਸਮਾਜਿਕ ਤਰੀਕਾਕਾਰ ਬਰਾਬਰ ਅਸਰ ਨਾਲ਼ ਕਾਇਮ ਰਹਿੰਦਾ ਹੈ, ਬੁਨਿਆਦੀ ਨਿਯਮ ਸਾਰੀਆਂ ਹਾਲਤਾਂ ‘ਚ ਕੰਮ ਕਰਦਾ ਹੈ ਅਤੇ ਉਸਨੂੰ ਰੋਕਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਿਸੇ ਵੀ ਸਮਾਜ ‘ਚ ਅੜਿੱਕੇ ਖੜ•ੇ ਹੋ ਸਕਦੇ ਹਨ ਜੋ ਬੁਨਿਆਦੀ ਨਿਯਮ ਦੀ ਕਿਰਿਆ ਨੂੰ ਅਸਫਲ ਕਰ ਦਿੰਦੇ ਹਨ। ਉਦਾਹਰਨ ਵਜੋਂ ਸਰਮਾਏਦਾਰੀ ਦੇ ਕਾਇਮ ਰਹਿੰਦੇ ਵੀ ਉਸਦੇ ਬੁਨਿਆਦੀ ਨਿਯਮ ਦੀ ਕਿਰਿਆ ‘ਚ ਲੋਕਾਂ ਦੇ ਟਾਕਰੇ ਦਾ ਅੜਿੱਕਾ ਆ ਸਕਦਾ ਹੈ, ਖ਼ਾਸ ਰੂਪ ‘ਚ ਜਦ ਜੇਕਰ ਸਰਮਾਏਦਾਰੀ ਵਿਰੋਧੀ ਤਾਕਤਾਂ ਰਾਜ ਸੱਤਾ ‘ਚ ਕਿਸੇ ਹੱਦ ਤੱਕ ਆਪਣਾ ਪ੍ਰਭਾਵ ਜਮਾਉਣ ‘ਚ ਸਫਲ ਹੋ ਜਾਂਦੀਆਂ ਹਨ। ਅਜਿਹੀਆਂ ਰੋਕਾਂ, ਅਸਲ ‘ਚ ਤਰੀਕਾਕਾਰ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਅੰਤ ਨਤੀਜੇ ਵਜੋਂ ਉਸਨੂੰ ਤਬਾਹ ਕਰ ਸਕਦੀਆਂ ਹਨ। ਇਹੀ ਗੱਲ ਸਮਾਜਵਾਦ ਸਬੰਧੀ ਵੀ ਸੱਚ ਹੈ। ਉਦਾਹਰਨ ਵਜੋਂ ਸਮਾਜਵਾਦੀ ਦੇਸ਼ ‘ਤੇ ਫੌਜੀ ਹਮਲੇ ਦੀ ਹਾਲਤ ‘ਚ ਸਮਾਜਵਾਦੀ ਪੈਦਾਵਾਰ ਨੂੰ ਸੁਰੱਖਿਆ ਦੇ ਉਦੇਸ਼ ਵੱਲ ਮੁੜ ਜਾਣਾ ਚਾਹੀਦਾ ਹੈ। ਫੌਜੀ ਹਮਲੇ ਦਾ ਖ਼ਤਰਾ ਕੁਝ ਹੱਦ ਤੱਕ ਲਗਾਤਾਰ ਅਜਿਹਾ ਭਟਕਾਊ ਪ੍ਰਭਾਵ ਪਾਉਂਦਾ ਹੈ। ਹੋਰ ਵੀ, ਜੇਕਰ ਪੈਦਾਵਾਰ ਦੀ ਵਿਉਂਤਬੰਦੀ ‘ਚ ਵਿਵੇਕਹੀਣਤਾ ਕਰਕੇ ਜਾਂ ਬਦਨੀਤੀ ਕਰਕੇ ਗੰਭੀਰ ਗਲਤੀਆਂ ਕੀਤੀਆਂ ਜਾਂਦੀਆਂ ਹਨ, ਉਹ ਵੀ ਸਮਾਜਵਾਦ ਦੇ ਬੁਨਿਆਦੀ ਨਿਯਮ ਦੀ ਕਿਰਿਆ ਨੂੰ ਅਸਫਲ ਕਰ ਸਕਦੀਆਂ ਹਨ। ਇਸ ਤਰ•ਾਂ ਇਹ ਸਪੱਸ਼ਟ ਹੈ ਕਿ ਸਮਾਜਵਾਦੀ ਰਾਜ ਦੀ ਨੀਤੀ ‘ਚ ਧਿਆਣ ਦੇਣ ਯੋਗ ਮੁੱਖ ਤੌਰ ‘ਤੇ ਦੋ ਵਿਸ਼ੇ ਹੁੰਦੇ ਹਨ- ਵਿਦੇਸ਼ੀ ਮਾਮਲਿਆਂ ‘ਚ ਸ਼ਾਂਤੀ ਬਣਾਈ ਰੱਖਣਾ ਅਤੇ ਘਰੇਲੂ ਮਾਮਲਿਆਂ ‘ਚ ਸਮਾਜਾਵਦੀ ਉਸਾਰੀ ਦੇ ਕੰਮ ਦੀ ਠੀਕ ਵਿਉਂਤਬੰਦੀ ਨਿਸ਼ਚਿਤ ਕਰਨਾ।

ਹਰੇਕ ਨਿਯਮ ਦੀ ਕਿਰਿਆ ਦੀ ਖ਼ਾਸ ਸ਼ੈਲੀ ਹੁੰਦੀ ਹੈ।

ਸਰਮਾਏਦਾਰੀ ਦਾ ਬੁਨਿਆਦੀ ਨਿਯਮ ਘੱਟ-ਗਿਣਤੀ ਦੁਆਰਾ ਬਹੁ-ਗਿਣਤੀ ਦੀ ਲੁੱਟ ‘ਤੇ ਅਧਾਰਤਿ ਹੋਣ ਕਰਕੇ ਜਨਤਕ ਸਹਿਮਤੀ ਤੋਂ ਬਿਨਾਂ ਅਤੇ ਸਮਾਜਿਕ ਵਿਉਂਤਬੰਦੀ ਤੇ ਪੈਦਾਵਾਰ ਦੇ ਕੰਟਰੌਲ ਤੋਂ ਬਿਨਾਂ, ਬਹੁ-ਗਿਣਤੀ ਦੇ ਹਿੱਤਾਂ ਦੇ ਖ਼ਿਲਾਫ ਘੱਟ-ਗਿਣਤੀ ਦੇ ਹਿੱਤਾਂ ਨੂੰ ਅੱਖਾਂ ਬੰਦ ਕਰਕੇ ਅੱਗੇ ਵਧਾਉਣ ਦਾ ਕੰਮ ਕਰਦਾ ਹੈ।

ਸਮਾਜਵਾਦ ਦਾ ਬੁਨਿਆਦੀ ਨਿਯਮ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਤੋਂ ਅਜ਼ਾਦ ਸਮਾਜਿਕ ਮਾਲਕੀ ‘ਤੇ ਅਧਾਰਿਤ ਹੋਣ ਕਾਰਨ, ਜਨਤਕ ਸਹਿਮਤੀ ਰਾਹੀਂ, ਸਮਾਜਿਕ ਵਿਉਂਤਬੰਦੀ ਤੇ ਪੈਦਾਵਾਰ ਦੇ ਕੰਟਰੌਲ ਰਾਹੀਂ ਅਤੇ ਸੰਪੂਰਨ ਸਮਾਜ ਦੇ ਹਿੱਤਾਂ ਦੀ ਪੂਰਤੀ ਲਈ ਸੁਚੇਤਨ ਯਤਨਾਂ ਰਾਹੀਂ ਕੰਮ ਕਰਦਾ ਹੈ।

ਨੋਟ:  

1. ਸਤਾਲਿਨ : ਸੀ.ਪੀ.ਐੱਸ.ਯੂ ਦੀ 16 ਵੀਂ ਕਾਂਗਰਸ ਵਿੱਚ ਪੇਸ਼ ਰਿਪੋਰਟ
2. ਸਤਾਲਿਨ : ਇਕਨਾਮਿਕ ਪ੍ਰੌਬਲਮਸ ਆਫ ਸੋਸ਼ਲਿਜ਼ਮ ਇਨ ਦੀ ਯੂ.ਐੱਸ.ਐੱਸ.ਆਰ.
3. ਜੀ ਮੇਲੇਨਕੋਵ : ਸੀ.ਪੀ.ਐੱਸ.ਯੂ ਦੀ 19ਵੀਂ ਕਾਂਗਰਸ ਵਿੱਚ ਪੇਸ਼ ਰਿਪੋਰਟ
4. ਮਾਰਕਸ : ਕੈਪਿਟਲ, ਖੰਡ 1, ਪਾਠ 13
5. ਸਤਾਲਿਨ : ਉਪਰੋਕਤ  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements