ਵੀਰ ਸਾਵਰਕਰ ਦੀ ‘ਵੀਰਤਾ’ ਇਤਿਹਾਸਕ ਤੱਥਾਂ ਦੇ ਸ਼ੀਸ਼ੇ ਵਿੱਚ •ਅਜੇਪਾਲ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਵੀਰ ਸਾਵਰਕਰ ਨੂੰ ਆਰ. ਐਸ.ਐਸ. ਤੇ ਉਹਦੀਆਂ ਭਾਜਪਾ ਜਾਂ ਬਜਰੰਗ ਦਲ ਵਰਗੀਆਂ ਭਾਈਵਾਲ ਜਥੇਬੰਦੀਆਂ ਹਮੇਸ਼ਾਂ ਹੀ ਮੋਢਿਆਂ ‘ਤੇ ਚੁੱਕੀ ਰੱਖਦੀਆਂ ਹਨ ਅਤੇ ਨਾਲ਼ ਹੀ ਉਹਨੂੰ ਭਾਰਤੀ ਲੋਕਾਂ ਦਾ ਧੱਕੇ ਦਾ ਦੇਸ਼ਭਗਤ ਕੌਮੀ ਸ਼ਹੀਦ’ ਬਣਾਈ ਫਿਰਦੀਆਂ ਹਨ। ਸੰਘ ਪਰਿਵਾਰ ਦੀ ਹਮੇਸ਼ਾ ਹੀ ਇੱਕ ਸਮੱਸਿਆ ਰਹੀ ਹੈ ਕਿ ਇਹਨੂੰ ਆਪਣਾ ਫਿਰਕ ਏਜੰਡਾ ਲਾਗੂ ਕੰੰਰਵਾਉਣ ਲਈ ਕੋਈ ਨਾਇਕ ਨਹੀਂ ਥਿਆਉਂਦਾ। ਪਹਿਲਾਂ ਇਹਨੇ ਸ਼ਹੀਦ ਭਗਤ ਸਿੰਘ ਦੀ ਕੌਮੀ ਸ਼ਹੀਦ ਦੀ ਦਿੱਖ ਅਗਵਾ ਕਰਨ ਦੀਆਂ ਕਈ ਵਾਰ ਮਰਗਿੱਲੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਕਦੇ ਕਾਮਯਾਬੀ ਨਹੀਂ ਹਾਸਲ ਕਰ ਸਕੀ। ਭਗਤ ਸਿੰਘ ਨੂੰ ਨਿਗਲਣ ਦੀ ਕੋਸ਼ਿਸ਼ ਵਿੱਚ ਉਹਦੀਆਂ ਅਤੇ ਉਹਦੇ ਸਾਥੀਆਂ ਦੀਆਂ ਲਿਖਤਾਂ ਅਤੇ ਲੋਕ-ਪੱਖੀ ਬੁੱਧੀਜੀਵੀਆਂ ਦੀਆਂ ਸਰਗਰਮੀਆਂ ਇਹਦੀ ਗਲ਼ ਦੀ ਹੱਡੀ ਬਣ ਜਾਂਦੀਆਂ ਹਨ। ਸੰਘ ਪਰਿਵਾਰ ਦਾ ਅਜ਼ਾਦੀ ਤੋਂ ਪਹਿਲਾਂ ਦਾ ਅੰਗਰੇਜ਼-ਭਗਤ ਰਵੱਈਆ ਵੀ ਇਸ ਕੰਮ ‘ਚ ਰੋਕ ਬਣਦਾ ਹੈ। ਅੱਜ-ਕੱਲ੍ਹ ਇਹ ਇੱਕ ਪੁਰਾਣਾ ਕੰਮ ਫਿਰ ਤੋਂ ਕਰ ਰਹੇ ਹਨ, ਉਹ ਹੈ ਖੂਨ ਲਿੱਪ ਕੇ ਸ਼ਹੀਦ ਬਣਨ ਦਾ! ਵਿਨਾਇਕ ਦਾਮੋਦਰ ਸਾਵਰਕਰ ਦੀ ਫਿਰ ਤੋਂ ‘ਵੀਰ ਸਾਵਰਕਰ’ ਦੀ ਦਿੱਖ ਉਭਾਰਨ ਦਾ, ਤਾਂ ਕਿ ਲੋਕਾਂ ਵਿੱਚ ਆਪਣੀ ਫਿਰਕੂ ਵਿਚਾਰਧਾਰਾ ਫੈਲਾਉਣ ਲਈ ਕੋਈ ਨਾਇਕ ਤਿਆਰ ਕੀਤਾ ਜਾ ਸਕੇ। ਸਾਵਰਕਰ ਨੂੰ ਅੰਗਰੇਜ਼-ਵਿਰੋਧ ਦਾ ਆਈਕਾਨ ਬਣਾਕੇ ਫੇਰ ਪੇਸ਼ ਕੀਤਾ ਜਾ ਰਿਹਾ ਹੈ। ਪਰ ਸਾਵਰਕਰ ਦਾ ਤਾਂ ‘ਮਾਂ ਮਰੀ ਮਧਾਣੇ ਤੇ ਧੀ ਦਾ ਨਾਂ ਥਿੰਦੀ’ ਵਾਲ਼ਾ ਹਾਲ ਹੈ। ਸੰਘ ਪਰਿਵਾਰ ਦਾ ਜੰਮਿਆ ਸਾਵਰਕਰ ਭਲਾ ਦੇਸ਼-ਭਗਤ ਕਿਵੇਂ ਹੋ ਸਕਦਾ ਸੀ? ਤੁਸੀਂ ਲੱਖ ਝੂਠ ਦੇ ਪਰਦੇ ਪਾ ਲਵੋ ਪਰ ਸੱਚ ਆਪਣੇ ਤੱਥਾਂ ਨਾਲ਼ ਇਹਨਾਂ ਪਰਦਿਆਂ ਵਿੱਚੋਂ ਝਾਕਦਾ ਹੈ।

ਭਾਵੇਂ ਗਾਂਧੀ ਹੱਤਿਆ ਦਾ ਮਾਮਲਾ ਹੋਵੇ ਤੇ ਭਾਵੇਂ ਜੈਕਸਨ ਦੀ (ਨਾਸਿਕ ਦਾ ਉਸ ਸਮੇਂ ਦਾ ਕਲੈਕਟਰ ਜਿਸ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਵਿੱਚ ਸਾਵਰਕਰ ਕਾਲ਼ੇ ਪਾਣੀ ਗਿਆ ਸੀ) ਸਾਵਰਕਰ ਕਦੇ ਵੀ ਬਹਾਦਰਾਂ ਵਾਂਗ ਸਿੱਧਾ ਸਾਹਮਣੇ ਨਹੀਂ ਆਇਆ ਸਗੋਂ ਇੱਕ ਕਾਇਰ ਫਾਸੀਵਾਦੀ ਵਾਂਗ ਸਾਜ਼ਿਸ਼-ਘਾੜਾ ਰਿਹਾ ਤੇ ਜਾਨ ਖਲਾਸੀ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਜੈਕਸਨ ਮਾਮਲੇ ਵਿੱਚ ਸਾਵਰਕਰ ਨੂੰ 1911 ਵਿੱਚ ਅੰਡੇਮਾਨ ਦੀ ਰਾਜਧਾਨੀ ਪੋਰਟ ਬਲੇਅਰ ਦੀ ਕੁਖਿਆਤ ਕਾਲ਼ੇ ਪਾਣੀ ਦੀ ਜੇਲ੍ਹ ਵਿੱਚ ਭੇਜਿਆ ਗਿਆ ਸੀ। ਸੰਘ ਪਰਿਵਾਰ ਜੋ ਆਪਣੇ ਇਸ ‘ਵੀਰ’ ਦੀ  ‘ਵੀਰਤਾ’ ਦੀਆਂ ਡੀਗਾਂ ਮਾਰਦਾ ਹੈ ਆਓ ਇਤਿਹਾਸ ਦੇ ਤੱਥਾਂ ਵਿੱਚ ਵੇਖਦੇ ਹਾਂ ਇਹਨਾਂ ਡੀਂਗਾਂ ਵਿੱਚ ਕਿੰਨੀ ਕੁ ਜਾਨ ਹੈ? ਪੋਰਟ ਬਲੇਅਰ ਦੀ ਸੈਲੁਲਰ ਜੇਲ੍ਹ ਵਿੱਚ ਸਾਵਰਕਰ 4 ਜੁਲਾਈ 1911 ਨੂੰ ਦਾਖਲ ਹੁੰਦਾ ਹੈ ਅਤੇ ਸਜ਼ਾ ਦੇ ਪਹਿਲੇ ਛੇ ਮਹੀਨੇ ਅੰਦਰ ਹੀ ਰਹਿਮ ਦੀ ਅਪੀਲ ਪਾ ਦਿੰਦਾ ਹੈ, ਪਰ ਅਪੀਲ ਨਾਮਨਜ਼ੂਰ ਹੋ ਜਾਂਦੀ ਹੈ। ਸੰਘ ਦਾ ਬੱਬਰ-ਸ਼ੇਰ ਹਾਰ ਨਹੀਂ ਮੰਨਦਾ, 14 ਨਵੰਬਰ 1913 ਨੂੰ ਉਹ ਦੋਬਾਰਾ ਰਹਿਮ ਦੀ ਅਪੀਲ ਦਾਖਲ ਕਰਦਾ ਹੈ। ਇਸ ਵਾਰ ਤਾਂ ਲਿਖਦਾ ਹੈ, ”ਮੈਂ ਸਰਕਾਰ ਦੀ ਹਰ ਉਸ ਯੋਗਤਾ ਨਾਲ਼ ਸੇਵਾ ਕਰਨ ਲਈ ਤਿਆਰ ਹਾਂ ਜਿਸ ਵਿੱਚ ਕਿ ਉਹ ਪਸੰਦ ਕਰੇ… ਸਰਕਾਰ ਦੇ ਪਿੱਤਰੀ ਦਰਵਾਜ਼ੇ ਤੋਂ ਸਿਵਾ ਹੋਰ ਉਸਦਾ ਇਹ ਉਜਾੜੂ (ਅੰਗ੍ਰੇਜ਼ੀ ਲਫ਼ਜ਼ ‘ਪਰੋਡੀਗਲ’) ਪੁੱਤਰ ਕਿੱਥੇ ਮੁੜ ਸਕਦਾ ਹੈ?”।

ਅੰਗਰੇਜ਼ ਤਾਂ ਅੰਗਰੇਜ਼ ਸਾਵਰਕਰ ਹੁਰੀਂ ਤਾਂ ਭਾਰਤ ਸਰਕਾਰ ਅੱਗੇ ਵੀ ਅਜਿਹੀਆਂ ਰਹਿਮ ਦੀਆਂ ਅਪੀਲਾਂ ਭੇਜਣ ਵਿੱਚ ਫਾਡੀ ਨਹੀਂ ਰਹੇ। 1948 ਵਿੱਚ ਗਾਂਧੀ ਹੱਤਿਆ ਤੋਂ ਬਾਅਦ ਸਾਵਰਕਰ ਨੂੰ ਵੀ ਸਾਜ਼ਿਸ਼ਕਾਰ ਗਰਦਾਨਿਆ ਸੀ। ਫਿਰ ਸੰਘ ਦੇ ਇਸ ਸ਼ੇਰ ਨੇ ਮੁੰਬਈ ਦੇ ਉਸ ਵੇਲ਼ੇ ਦੇ ਪੁਲਿਸ ਕਮਿਸ਼ਨਰ ਨੂੰ ਖ਼ਤ ਕੱਢ ਮਾਰਿਆ ਜਿਸ ਵਿੱਚ ਇਸ ਨੇ ‘ਸਰਕਾਰ ਦੇ ਦਿੱਤੇ ਸਮੇਂ ਤੱਕ ਜਨਤਕ ਸਿਆਸੀ ਸਰਗਰਮੀਆਂ ਬੰਦ ਰੱਖਣ ਦੀ ਗੱਲ ਕਹੀ’ ਤੇ ਬਸ ਇੰਨੀ ਗੁਜ਼ਾਰਿਸ਼ ਕੀਤੀ ਕਿ ‘ਮੈਨੂੰ ਜੇਲ੍ਹ ਨਾ ਸੁੱਟਿਆ ਜਾਵੇ’। ਸਿਰਫ਼ ਸਾਵਰਕਰ ਹੀ ਨਹੀਂ ਸਗੋਂ 22 ਮਾਰਚ 1920 ਨੂੰ ਸਾਵਰਕਰ ਦੇ ਹਮਦਰਦ ਜੀ. ਐਸ.ਖੋਪਾਰਦੇ ਨੇ ਇਮਪੀਅਰਲ ਲੈਜਿਸਲੇਟਿਵ ਕਾਉਂਸਲ ਵਿੱਚ ਸਵਾਲ ਚੁੱਕਿਆ, ”ਕੀ ਇਹ ਇੱਕ ਤੱਥ ਨਹੀਂ ਹੈ ਕਿ ਸਾਵਰਕਰ ਅਤੇ ਉਸਦੇ ਭਰਾ ਨੇ ਇੱਕ ਵਾਰ 1915 ਅਤੇ ਇੱਕ ਹੋਰ ਵਾਰ 1918 ਵਿੱਚ ਸਰਕਾਰ ਅੱਗੇ ਇਹ ਅਪੀਲਾਂ ਨਹੀਂ ਪਾਈਆਂ ਕਿ ਜੇਕਰ ਉਹ ਅਜ਼ਾਦ ਕਰ ਦਿੱਤੇ ਜਾਂਦੇ ਹਨ ਤਾਂ ਜੰਗ ਦੌਰਾਨ ਉਹ ਫ਼ੌਜ ਵਿੱਚ ਭਰਤੀ ਹੋਕੇ ਹਕੂਮਤ ਦੀ ਸੇਵਾ ਕਰ ਸਕਦੇ ਹਨ ਅਤੇ ਸੁਧਾਰ ਬਿਲ ਦੇ ਪਾਸ ਹੋਣ ਤੋਂ ਬਾਅਦ ਉਹ ਇਸ ਐਕਟ ਨੂੰ ਇੱਕ ਸਫਲਤਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਕਨੂੰਨ ਅਤੇ ਵਿਵਸਥਾ ਨਾਲ਼ ਖੜਾ ਹੋਵਾਂਗਾ”। ਸਾਵਰਕਰ ਨੇ ਖੁਦ ਵੀ ਇੱਕ ਵਾਰ ਨਹੀਂ ਸਗੋਂ ਕਈ ਵਾਰ ਰਹਿਮ ਦੀ ਅਪੀਲ ਲਈ ਅੰਗਰੇਜ਼ ਸਰਕਾਰ ਨੂੰ ਖ਼ਤ ਲਿਖੇ। ‘ਭਾਰਤ ਦੇ ਕੌਮੀ ਲੇਖਾਗਾਰ’ ਵਿੱਚ ਸਾਵਰਕਰ ਦੇ ਇਹ ਸਾਰੇ ਖ਼ਤ ਮਿਲ਼ ਜਾਣਗੇ, ਜੇਕਰ ਕੋਈ ਉੱਥੇ ਨਹੀਂ ਜਾ ਸਕਦਾ ਤਾਂ ਮਾਰਚ 2005 ਦੇ ਅੰਗਰੇਜ਼ੀ ਰਸਾਲੇ ‘ਫਰੰਟਲਾਈਨ’ ਨੂੰ ਗੂਗਲ ਕਰਕੇ ਵੇਖ ਸਕਦਾ ਹੈ। ਉਸਦਾ 30 ਮਾਰਚ 1920 ਨੂੰ ਲਿਖਿਆ ਖ਼ਤ ਫਰੰਟਲਾਈਨ ਨੇ ਇਸ ਅੰਕ ਵਿੱਚ ਛਾਪਿਆ ਹੈ ਅਤੇ ਖ਼ਤ ਨਹੀਂ ਸਗੋਂ ਅੰਗਰੇਜ਼ ਸਰਕਾਰ ਅੱਗੇ ਸਾਵਰਕਰ ਦੁਆਰਾ ਆਪਣੀ ਅਤੇ ਆਪਣੇ ਭਰਾ ਦੀ ਸਜ਼ਾ ਮੁਆਫੀ ਲਈ ਨੰਗੀ-ਚਿੱਟੀ ਡੁੰਡ ਹਿਲਾਉਣੀ ਹੈ। ਹੁਣ ਇਸ ਖ਼ਤ ‘ਚ ਦੇਖੋ ਇਸ ‘ਵੀਰ’ ਦੀ ਬੇਸ਼ਰਮੀ, ”…ਨਾ ਹੀ ਮੈਂ ਅਤੇ ਨਾ ਹੀ ਮੇਰੇ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰ ਵਿਰੁੱਧ ਕੋਈ ਸ਼ਿਕਾਇਤ ਹੈ। ਮੇਰੇ ਅੱਗੇ ਇੱਕ ਸ਼ਾਨਦਾਰ ਕੈਰੀਅਰ ਦਾ ਰਾਹ ਖੁੱਲਾ ਹੈ ਅਤੇ ਅਜਿਹੇ ਖਤਰਨਾਕ ਰਾਹ (ਦੇਸ਼ਭਗਤੀ—ਅਨੁਵਾਦਕ) ਚੁਣਨ ਨਾਲ਼ ਮੇਰੇ ਕੋਲ਼ ਵਿਅਕਤੀਗਤ ਰੂਪ ਵਿੱਚ ਪ੍ਰਾਪਤ ਕਰਨ ਲਈ ਕੁੱਝ ਨਹੀਂ ਬਚੇਗਾ, ਪਰ ਮੈਂ ਸਭ ਕੁੱਝ ਗਵਾ ਜ਼ਰੂਰ ਦੇਵਾਂਗਾ।” ਹੋਰ ਅੱਗੇ ਸੁਣੋ ਇਹਦੇ ਸ਼ਲੋਕ, ”ਪਰ ਜੇਕਰ ਸਰਕਾਰ ਮੇਰੇ ਕੋਲ਼ੋਂ ਹੋਰ ਜ਼ਾਮਨੀ ਚਾਹੁੰਦੀ ਹੈ ਤਾਂ ਮੈਂ ਅਤੇ ਮੇਰਾ ਭਰਾ ਪੂਰੀ ਤਰਾਂ ਇਹ ਸੌਂਹ ਖਾਂਦੇ ਹਾਂ ਕਿ ਅਸੀਂ ਸਿਆਸਤ ਵਿੱਚ ਸਰਕਾਰ ਦੁਆਰਾ ਤੈਅ ਕੀਤੇ ਸਮੇਂ ਤੱਕ ਕੋਈ ਵੀ ਹਿੱਸਾ ਨਹੀਂ ਲਵਾਂਗੇ। ਉਂਝ ਹੁਣ ਤਾਂ ਬਿਨਾਂ ਸੌਂਹ ਚੁੱਕੇ ਹੀ ਮੇਰੀ ਮਰਦੀ ਸਿਹਤ ਅਤੇ ਘਰਦੀਆਂ ਖੁਸ਼ੀਆਂ, ਜਿਹਨਾਂ ਤੋਂ ਮੈਨੂੰ ਮਹਿਰੂਮ ਰੱਖਿਆ ਗਿਆ ਹੈ, ਮੈਨੂੰ ਸਾਲਾਂ ਬੱਧੀ ਇੱਕ ਸ਼ਾਂਤ ਅਤੇ ਸੇਵਾਮੁਕਤ ਜ਼ਿੰਦਗੀ ਬਿਤਾਉਣ ਲਈ ਖਿੱਚ ਰਹੀਆਂ ਹਨ।” ਪੂਰੀ ਅਪੀਲ ਹੀ ਸਾਵਰਕਰ ਦੀਆਂ ਅਜਿਹੀਆਂ ਹੀ ਘੀਸੀਆਂ ਨਾਲ਼ ਭਰੀ ਪਈ ਹੈ ਅਤੇ ਆਖਰ ਵਿੱਚ ਸਾਵਰਕਰ ਲਿਖਦਾ ਹੈ, ”ਤੁਹਾਡਾ ਸਭ ਤੋਂ ਆਗਿਆਕਾਰ ਸੇਵਾਦਾਰ”।

ਜੋ ਆਦਮੀ  ਗਲਾਜ਼ਤ ਦਾ ਹੱਕਦਾਰ ਹੈ ਉਸਨੂੰ ਸੰਘ ਪਰਿਵਾਰ ਭਾਰਤੀ ਲੋਕਾਂ ਦੇ ਸਿਰ ਚੜ੍ਹਾਉਣ ਨੂੰ ਫਿਰਦਾ ਹੈ। ਅਜਿਹਾ ਕਿਉਂ ਹੈ? ਕਾਰਨ ਹੈ ਸੰਘ ਪਰਿਵਾਰ ਦਾ ਫਿਰਕੂ ਏਜੰਡਾ। ਸੰਘ ਪਰਿਵਾਰ ਨਹੀਂ ਚਾਹੁੰਦਾ ਕਿ ਭਾਰਤ ਵਿੱਚ ਹਿੰਦੂਆਂ ਤੋਂ ਇਲਾਵਾ ਕੋਈ ਹੋਰ ਧਰਮ ਵੱਸੇ ਅਤੇ ਜੇਕਰ ਕੋਈ ਗੈਰ-ਹਿੰਦੂ ਵਸਣਾ ਚਾਹੁੰਦਾ ਹੈ ਤਾਂ ਉਹ ਦੋਇਮ ਦਰਜੇ ਦੀ ਨਾਗਰਿਕਤਾ ਵਿੱਚ ਰਹੇ। ਉਂਝ ਸੰਘ ਪਰਿਵਾਰ ਹਿੰਦੂਆਂ ਵਿੱਚੋਂ ਸਿਰਫ਼ ਸਵਰਣ ਹਿੰਦੂਆਂ ਦੀ ਤੂਤੀ ਬੋਲਦੀ ਵੇਖਣੀ ਚਾਹੁੰਦਾ ਹੈ। ਸਦੀਆਂ ਪੁਰਾਣੀ ਵਰਣ-ਵਿਵਸਥਾ ਨੂੰ ਉਹ ਫਿਰ ਤੋਂ ਲਾਗੂ ਹੁੰਦਿਆਂ ਵੇਖਣਾ ਚਾਹੁੰਦਾ ਹੈ। ਔਰਤਾਂ ਦਾ ਸਮਾਜ ਵਿੱਚ ਸਿਫਰ ਦਰਜਾ ਵੇਖਣਾ ਚਾਹੁੰਦਾ ਹੈ ਅਤੇ ਇਸੇ ਨੂੰ ਉਹ ‘ਰਾਮ ਰਾਜ’ ਕਹਿੰਦਾ ਹੈ ਪਰ ਇਹ ਸਭ ਕੁੱਝ ਲਾਗੂ ਕਰਵਾਉਣਾ ਉਹਦੇ ਲਈ ਆਧੁਨਿਕ ਭਾਰਤ ਵਿੱਚ ਔਖਾ ਹੈ। ਇਸ ਲਈ ਅਖੌਤੀ ‘ਭਾਰਤੀ ਸਵੈ-ਮਾਣ’ ਦੀ ਗੱਲ ਕਰਦਾ ਹੈ। ਉਹ ਭਾਰਤ ਦੇ ਸੁਨਿਹਰੀ ਅਤੀਤੀ ਦਾ ਰੋਣਾ ਰੋਂਦਾ ਹੈ ਜਦ ਵਰਣ-ਵਿਵਸਥਾ ਲਾਗੂ ਸੀ ਪਰ ਇਹ ਸਭ ਭਾਰਤੀ ਲੋਕਾਂ ਨੂੰ ਮਨਵਾਉਣ ਲਈ ਉਸ ਨੂੰ ਇੱਕ ਨਾਇਕ ਚਾਹੀਦਾ ਹੈ। ਹੁਣ ਉਹਦੀ ਦਿੱਕਤ ਇਹ ਹੈ ਕਿ ਲੋਕ-ਨਾਇਕ ਭਗਤ ਸਿੰਘ ਇਸ ਸਾਂਚੇ ਵਿੱਚ ਫਿੱਟ ਨਹਂੀਂ ਬੈਠਦਾ ਅਤੇ ਸਾਂਚੇ ਵਿੱਚ ਫਿੱਟ ਬੈਠਦਾ ਸਾਵਰਕਰ ਲੋਕ-ਨਾਇਕ ਨਹੀਂ ਹੈ। ਸੋ, ਹੁਣ ਸੰਘ ਪਰਿਵਾਰ ਇਸ ਫਿਰਾਕ ਵਿੱਚ ਹੈ ਕਿ ਕਿਸੇ ਤਰਾਂ ਸਾਵਰਕਰ ਨੂੰ ਝੂਠ ਫਰੇਬ ਦੇ ਸਹਾਰੇ ‘ਨਾਇਕ’ ਦੀ ਕਾਠੀ’ ਤੇ ਚੜ੍ਹਾਇਆ ਜਾਵੇ ਤੇ ਸਾਵਰਕਰ ਵਿਚਾਰਾ ਕਾਠੀ ਤੋਂ ਤਿਲਕ-ਤਿਲਕ ਪੈਂਦਾ ਹੈ!  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ