ਵਧਦੀ ਅਬਾਦੀ ਦਾ ‘‘ਸੰਕਟ’’ ਤੇ ਬੌਧਿਕ ਕੰਗਾਲੀ ਦਾ ‘‘ਬੂਮ’’ ਡਾ. ਅੰਮਿ੍ਤ

ਪੀ.ਡੀ.ਐਫ਼. ਡਾਊਨਲੋਡ ਕਰੋ

ਵਧਦੀ ਅਬਾਦੀ ਨੂੰ ਇੱਕ ਮਹਾਂ-ਸਮੱਸਿਆ ਬਣਾ ਕੇ ਪੇਸ਼ ਕਰਨ ਅਤੇ ਮੌਜੂਦਾ ਦੌਰ ’ਚ ਸਾਹਮਣੇ ਆ ਰਹੇ ਸਮਾਜਿਕ-ਆਰਥਿਕ ਸੰਕਟਾਂ ਦੇ ਇੱਕ ਮੁੱਖ ਕਾਰਕ ਵਜੋਂ ਅਬਾਦੀ ਦੇ‘ਸੰਕਟ’ ਨੂੰ ਜਿੰਮੇਵਾਰ ਠਹਿਰਾਉਣ ਦੀ ‘ਮਿਹਨਤ’ ਸਰਮਾਏਦਾਰੀ ਦੇ ਟੁੱਕੜ-ਬੋਚ ਵਿਦਵਾਨ ਲਗਾਤਾਰ ਕਰਦੇ ਆਏ ਹਨ ਤਾਂ ਕਿ ਆਮ ਕਿਰਤੀ ਲੋਕਾਂ ਦੀ ਬਦਹਾਲੀ ਦੇ ਅਸਲ ਕਾਰਨਾਂ ਭਾਵ ਸਰਮਾਏਦਾਰਾ ਲੁੱਟ ’ਤੇ ਪਰਦਾ ਪਾਇਆ ਜਾ ਸਕੇ। ਸਰਕਾਰੀ ਭੌਂਪੂ ਦੂਰਦਰਸ਼ਨ ਬੜੇ ਚਿਰਾਂ ਤੋਂ ਕੀੜਿਆਂ ਦਾ ਭੌਣ ਦਿਖਾ-ਦਿਖਾ ਕੇ ਇਸ ਸੰਬੰਧੀ ਆਮ ਲੋਕਾਂ ਨੂੰ ਡਰਾਉਂਦਾ ਰਿਹਾ ਹੈ। ਪਿਛਲੇ ਦੋ ਕੁ ਸਾਲਾਂ ’ਚ ਇਸਦਾ ਪੰਜਾਬੀ ਦੇ ਉੱਘੇ ਸਾਹਿਤਕਾਰ ਨਾਵਲਕਾਰ ਗੁਰਦਿਆਲ ਸਿੰਘ ਹੁਰਾਂ ’ਤੇ ਖਾਸਾ ਅਸਰ ਹੋ ਗਿਆ ਹੈ ਅਤੇ ਉਹਨਾਂ ਨੇ ਪੰਜਾਬੀ ਟਿ੍ਬਿਊਨ ’ਚ ਛਪਣ ਵਾਲੇ ਆਪਣੇ ਲੇਖਾਂ ਦਾ ਮੁੱਖ ਵਿਸ਼ਾ ‘ਵਧਦੀ ਅਬਾਦੀ ਦਾ ਸੰਕਟ ਬਣਾ ਰੱਖਿਆ ਹੈ। ਇਹਨਾਂ ਲੇਖਾਂ ’ਚ ਤਰਕ ਕਿੰਨਾ ਕੁ ਹੈ ਤੇ ਬੌਧਿਕ ਕੰਗਾਲੀ ਕਿੰਨੀ ਕੁ ਹੈ, ਇਸ ਬਾਰੇ ਅਸੀਂ ਇਸ ਲੇਖ ’ਚ ਚਰਚਾ ਕਰਾਂਗੇ। ਗੁਰਦਿਆਲ ਸਿੰਘ ਹੁਰਾਂ ਤੋਂ ਇਲਾਵਾ ‘ਕੀੜਿਆਂ ਦੇ ਭੌਣ’ ਵਾਲੇ ਦਿ੍ਸ਼ ਨੇ ਜੀਵ ਵਿਗਿਆਨ ਦੇ ਪ੍ਰੋਫੈਸਰ ਰਹੇ ਸ਼੍ਰੀ ਸੁਰਜੀਤ ਸਿੰਘ ਢਿੱਲੋਂ (ਜਿਹਨਾਂ ਦੇ ਲੇਖ ਪੜ੍ਹ ਕੇ ਅਕਸਰ ਇਹ ਸਮਝ ਨਹੀਂ ਆਉਂਦਾ ਕਿ ਉਹ ਲਿਖਦੇ ਕਿਉਂ ਹਨ, ਤੇ ਜੇ ਲਿਖਣਾ ਵਿਅਕਤੀਗਤ ਮਾਮਲਾ ਹੈ ਤਾਂ ਛਪਦੇ ਕਿਉਂ ਹਨ ਕਿਉਂਕਿ ਛਪਣਾ ਤਾਂ ਜਨਤਕ ਮਾਮਲਾ ਹੈ!!) ਅਤੇ ਤਰਕਸ਼ੀਲ ਸ਼੍ਰੀ ਗੁਰਚਰਨ ਨੂਰਪੁਰ ’ਤੇ ਵੀ ਇੰਨਾ ਅਸਰ ਕਰਿਆ ਹੈ ਕਿ ਉਹ ਵੀ ਆਪਣੀ ‘‘ਵਿਗਿਆਨਕ ਸੂਝ’’ਅਤੇ ‘‘ਤਰਕਸ਼ੀਲਤਾ’’ ਨੂੰ ਛੱਡ ਕੇ ਨਾਵਲਕਾਰ ਗੁਰਦਿਆਲ ਸਿੰਘ ਹੁਰਾਂ ਦੇ ਹਮਰਾਹੀ ਬਣ ਤੁਰੇ ਹਨ।

ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਹੁਰਾਂ ਦੇ ਲੇਖਾਂ ਬਾਰੇ ਉਹਨਾਂ ਦੇ ਲੇਖਾਂ ਦਾ ਸਿਰਲੇਖ ਪੜ੍ਹ ਕੇ ਪਾਠਕ ਸੋਚਦਾ ਹੈ ਕਿ ਲੇਖ ’ਚ ਅਬਾਦੀ ਦੇ ਵਾਧੇ ਬਾਰੇ ਕੋਈ ਤੱਥਾਂ ਸਹਿਤ ਵਿਸ਼ਲੇਸ਼ਣ ਹੋਵੇਗਾ ਅਤੇ ਲੇਖ ਮਸਲੇ ਦੀ ਕੋਈ ਸਮਝ ਪੱਲੇ ਪਾਵੇਗਾ ਪਰ ਹੁੰਦਾ ਬਿਲਕੁਲ ਉਲਟ ਹੈ। ਲੇਖ ’ਚ ਅਧਿਓਂ ਵੱਧ ਹਿੱਸਾ ਤਾਂ ਅਕਸਰ ਸਿਰਲੇਖ ਨਾਲ਼ ਹੀ ਕੋਈ ਸਬੰਧ ਨਹੀਂ ਰੱਖਦਾ ਹੁੰਦਾ, ਅਜਿਹੀਆਂ ਬੇਸਿਰ-ਪੈਰ ਬੇਥਵੀਆਂ (ਵੈਸੇ ਬੇਥਵੀਆਂ ਹੁੰਦੀਆਂ ਹੀ ਬੇਸਿਰ-ਪੈਰ ਹਨ) ਮਾਰੀਆਂ ਹੁੰਦੀਆਂ ਹਨ ਕਿ ਉਹਨਾਂ ਦੇ ਲੇਖ ਨੂੰ ਪੜ੍ਹਨਾ ਹੀ ਇੱਕ ਇਮਤਿਹਾਨ ਹੋ ਨਿੱਬੜਦਾ ਹੈ। ਖੈਰ, ਇਸ ਪਤਲੀ ਖਿਚੜੀ ’ਚੋਂ ਜੋ ਕੁਝ ਦਲੀਲਾਂ ਲੱਭੀਆਂ ਹਨ, ਉਹਨਾਂ ’ਤੇਗੱਲ ਕਰਦੇ ਹਾਂ। 2 ਫਰਵਰੀ, 2011 ’ਚ ਛਪੇ ਉਹਨਾਂ ਦੇ ਲੇਖ ‘‘ਅਬਾਦੀ ਤੇ ਉਤਪਾਦਨ ਦਾ ਸੰਕਟ’’ ’ਚ ਉਹਨਾਂ ਅਨੁਸਾਰ ‘‘ਮੁੱਖ ਤੇ ਵਿਰਾਟ ਸਮੱਸਿਆ ਵੱਧਦੀ ਅਬਾਦੀ, ਘਟਦੇ ਉਤਪਾਦਨ ਦੀ ਹੈ, ਜਿਸ ਦਾ ਨੇੜ-ਭਵਿੱਖ ਵਿੱਚ ਕੋਈ ਹੱਲ ਨਜ਼ਰ ਨਹੀਂ ਆਉਂਦਾ।’’ਕੀ ਭਾਰਤ ’ਚ ਖੁਰਾਕੀ ਪਦਾਰਥਾਂ ਦੀ ਪੈਦਾਵਾਰ ਘੱਟ ਰਹੀ ਹੈ? ਬਿਲਕੁਲ ਵੀ ਨਹੀਂ। 1951 ’ਚ ਭਾਰਤ ਵਿੱਚ ਅਨਾਜ ਦੀ ਪੈਦਾਵਾਰ 5.1 ਕਰੋੜ ਟਨ ਸੀ ਜੋ ਸਾਲ 2008-09 ਤੱਕ ਵਧ ਕੇ 22.90 ਕਰੋੜ ਟਨ ਹੋ ਗਈ ਹੈ ਭਾਵ ਕਿ 4.5 ਗੁਣਾ ਵਾਧਾ (ਸ੍ਰੋਤ – ਰਜਿਸਟਰਾਰ ਜਨਰਲ ਆਫ਼ ਇੰਡੀਆ, ਇਕਨਾਮਿਕ ਸਰਵੇ ਆਫ਼ ਇੰਡੀਆ)। ਕੀ ਭਾਰਤ ’ਚ ਖੁਰਾਕੀ ਪਦਾਰਥਾਂ ਦੀ ਪੈਦਾਵਾਰ ਅਬਾਦੀ ’ਚ ਵਾਧੇ ਦੇ ਮੁਕਾਬਲੇ ਘੱਟ ਤੇਜ਼ ਰਫਤਾਰ ਨਾਲ ਵਧ ਰਹੀ ਹੈ? ਇੱਥੇ ਵੀ ਜਵਾਬ ਨਾਂਹ ’ਚ ਹੈ। 1951 ’ਚ ਭਾਰਤ ਦੀ ਅਬਾਦੀ ਲੱਗਭਗ 36 ਕਰੋੜ ਸੀ ਜੋ 2008-09 ’ਚ ਵਧ ਕੇ 114 ਕਰੋੜ ਹੋ ਗਈ ਹੈ ਭਾਵ ਕਿ 3.16 ਗੁਣਾ ਦਾ ਵਾਧਾ। ਇਸ ਤਰ੍ਹਾਂ ਸਾਫ਼ ਹੈ ਅਨਾਜ ਦੀ ਪੈਦਾਵਾਰ ਅਬਾਦੀ ’ਚ ਵਾਧੇ ਦੀ ਰਫ਼ਤਾਰ ਤੋਂ ਲੱਗਭਗ ਡੇਢ ਗੁਣਾ ਵਧੇਰੇ ਰਫ਼ਤਾਰ ਨਾਲ਼ ਵਧੀ ਹੈ।

ਹੁਣ ਕੋਈ ਕਹਿ ਸਕਦਾ ਹੈ ਕਿ ਠੀਕ ਹੈ, ਅਨਾਜ ਦੀ ਪੈਦਾਵਾਰ ਵਧੀ ਹੈ ਪਰ ਅਜੇ ਵੀ ਪ੍ਰਤੀ ਵਿਅਕਤੀ ਨੂੰ ਜਿੰਨੀ ਮਾਤਰਾ ਅਨਾਜ ਦੀ ਚਾਹੀਦੀ ਹੈ ਉਸ ਤੋਂ ਤਾਂ ਇਹ ਘੱਟ ਹੀ ਹੈ, ਇਸ ਲਈ ਭੁੱਖਮਰੀ ਫੈਲੀ ਹੋਈ ਹੈ ਅਤੇ ਜੇ ਅਬਾਦੀ ਘੱਟ ਹੁੰਦੀ ਜਾਂ ਘੱਟ ਹੋਵੇ ਤਾਂ ਅਨਾਜ ਦੀ ਉਪਲਬਧਤਾ ਜ਼ਰੂਰਤ ਅਨੁਸਾਰ ਹੋਵੇਗੀ। ਕੀ ਇਸ ਦਲੀਲ ’ਚ ਕੋਈ ਵਜ਼ਨ ਹੈ? ਇੱਕ ਵਾਰ ਫਿਰ ਤੱਥ ਨਾਂਹ ’ਚ ਜਵਾਬ ਦਿੰਦੇ ਹਨ। ਸੰਤੁਲਤ ਭੋਜਨ ਦੇ ਪੈਮਾਨੇ ਦੇ ਅਨੁਸਾਰ ਔਸਤ ਸਰੀਰਕ ਮਿਹਨਤ ਕਰਨ ਵਾਲੇ ਬਾਲਗ ਪੁਰਸ਼ ਲਈ 520 ਗ੍ਰਾਮ, ਔਸਤ ਸਰੀਰਕ ਮਿਹਨਤ ਕਰਨ ਵਾਲੀ ਬਾਲਗ ਔਰਤ ਲਈ 440 ਗ੍ਰਾਮ, 10-18 ਦੇ ਲੜਕੇ ਲਈ 420 ਗ੍ਰਾਮ ਅਤੇ 10-18 ਦੀ ਲੜਕੀ ਲਈ 380 ਗ੍ਰਾਮ ਪ੍ਰਤੀ ਦਿਨ ਅਨਾਜ ਦੀ ਲੋੜ ਹੁੰਦੀ ਹੈ। ਸਾਲ 2008-09 ਦੇ ਅਨਾਜ ਪੈਦਾਵਾਰ ਦੇ ਅੰਕੜਿਆਂ ਦੇ ਹਿਸਾਬ ਨਾਲ ਭਾਰਤ ਦੇ ਹਰੇਕ ਵਿਅਕਤੀ ਨੂੰ 548 ਗ੍ਰਾਮ ਅਨਾਜ ਪ੍ਰਤੀ ਦਿਨ ਅਨਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ। ਭਾਵੇਂਕਿ ਭਾਰਤ ਵਿੱਚ ਅਨਾਜ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ ਕਿਉਂਕਿ ਭਾਰਤ ਦੇ ਕੁੱਲ ਖੇਤੀਯੋਗ ਭੂਮੀ ’ਚੋਂ ਸਿਰਫ਼ 50% ਹਿੱਸੇ ਨੂੰ ਹੀ ਸਿੰਜਾਈ ਦੀ ਸਹੂਲਤ ਹੈ, ਬਾਕੀ ਖੇਤੀ ਮੀਂਹ ਸਹਾਰੇ ਹੈ। ਹੜ੍ਹਾਂ ਤੇ ਸੋਕੇ ਨਾਲ ਹੋਣ ਵਾਲੀ ਫਸਲਾਂ ਦੀ ਤਬਾਹੀ ਅਲੱਗ ਹੈ ਜਿਸ ਨੂੰ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਸਲਾਂ ਦਾ ਝਾੜ ਵੀ ਭਾਰਤ ’ਚ ਵਿਕਸਤ ਦੇਸ਼ਾਂ ਦੇ ਮੁਕਾਬਲੇ ’ਤੇ ਘੱਟ ਹੈ। ਪਰ ਪੈਦਾਵਾਰ ਦੇ ਮੌਜੂਦਾ ਪੱਧਰ ਨਾਲ਼ ਵੀ ਅੰਨ ਦੀ ਕੋਈ ਕਮੀ ਨਹੀਂ ਹੈ ਜਿਸ ਤਰਾਂ ਕਿ ਗੁਰਦਿਆਲ ਸਿੰਘ ਹੁਰਾਂ ਵੱਲੋਂ ਹੋ-ਹੱਲਾ ਮਚਾਇਆ ਗਿਆ ਹੈ। ਉਂਝ ਇਹ ਹੋ-ਹੱਲਾ ਮਚਾਉਣ ’ਚ ਗੁਰਦਿਆਲ ਸਿੰਘ ਇਕੱਲੇ ਨਹੀਂ ਹਨ, ਦੁਨੀਆਂ ਭਰ ਦੇ ਨਵ-ਮਾਲਥਸਵਾਦੀ, ਬੁਰਜੂਆ ਕੌਲੀ-ਚੱਟ ਅਤੇ ਸਰਕਾਰਾਂ ਇਸ ਵਿੱਚ ਉਹਨਾਂ ਨਾਲ਼ ਹਨ ਭਾਵੇਂ ਉਹ ਕਿੰਨਾ ਵੀ ਆਪਣੇ ਆਪ ਨੂੰ ਇਹਨਾਂ ਤੋਂ ਅਲੱਗ ਕਹਿ ਲੈਣ।

ਉਹਨਾਂ ਦੇ ਲੇਖਾਂ ’ਚੋਂ ਇਹ ਸਾਹਮਣੇ ਆਉਂਦਾ ਹੈ ਕਿ ਉਹਨਾਂ ਅਨੁਸਾਰ ਬੇਰੁਜ਼ਗਾਰੀ, ਗਰੀਬੀ, ਬਿਮਾਰੀਆਂ, ਡਾਕਟਰੀ ਸਹੂਲਤਾਂ ਨਾ ਮਿਲਣ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਵਧਦੀ ਅਬਾਦੀ ਹੈ। ਪਹਿਲਾਂ ਬਿਮਾਰੀਆਂ ਦੀ ਗੱਲ ਕਰੀਏ। ਦੇਸ਼ ਦੀ ਬਹੁਗਿਣਤੀ ਅਬਾਦੀ ਲੋੜੀਂਦਾ ਪੌਸ਼ਟਿਕ ਭੋਜਨ ਨਹੀਂ ਖਾ ਪਾਉਂਦੀ ਅਤੇ ਵੱਧ ਕੰਮ ਕਰਦੀ ਹੈ, ਅੱਤ ਦੀਆਂ ਗੰਦੀਆਂ ਬਸਤੀਆਂ ’ਚ ਬਣੇ ਭਿਆਨਕ ਕਮਰਿਆਂ ’ਚ ਰਹਿੰਦੀ ਹੈ ਜਿਸਦਾ ਸਿੱਟਾ ਅਬਾਦੀ ਦੇ ਇਸ ਹਿੱਸੇ ਦੇ ਲਗਾਤਾਰ ਬਿਮਾਰ ਰਹਿਣ ’ਚ ਨਿੱਕਲਦਾ ਹੈ। ਦੂਜੇ ਪਾਸੇ ਅਬਾਦੀ ਦਾ ਇੱਕ ਛੋਟਾ ਹਿੱਸਾ ਭਾਵ ਮੱਧਵਰਗ ਤੇ ਸਰਮਾਏਦਾਰ ਜਮਾਤ ਲੋੜੋਂ ਬਹੁਤਾ ਖਾਂਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਜਿੰਨਾ ਸਰੀਰਕ ਕੰਮ ਕਰਨਾ ਬਣਦਾ ਹੈ ਓਨਾ ਵੀ ਨਹੀਂ ਕਰਦਾ, ਜਿਸਦਾ ਨਤੀਜਾ ਮੋਟਾਪਾ, ਸ਼ੂਗਰ, ਬਲੱਡਪ੍ਰੈਸ਼ਰ ਦਾ ਵਧਣਾ ਤੇ ਦਿਲ ਦੀਆਂ ਬਿਮਾਰੀਆਂ ’ਚ ਨਿਕਲਦਾ ਹੈ। ਬਿਮਾਰੀਆਂ ਦੀ ਇਹ ‘ਜਮਾਤੀ ਵੰਡ’ ਸਰਮਾਏਦਾਰੀ ਢਾਂਚੇ ਦੀ ਦੇਣ ਹੈ, ਨਾ ਕਿ ਇਸਦਾ ਅਬਾਦੀ ਨਾਲ ਕੋਈ ਸੰਬੰਧ ਹੈ। ਬਾਕੀ ਰਹੀ ਡਾਕਟਰੀ ਸਹੂਲਤਾਂ ਦੀ ਘਾਟ ਦੀ ਗੱਲ, ਇੱਕ ਛੋਟੀ ਜਿਹੀ ਉਦਾਹਰਨ ਇਸਦਾ ਥੋਥਾਪਣ ਦਿਖਾਉਣ ਲਈ ਕਾਫ਼ੀ ਹੈ। ਹੁਣੇ ਹੁਣੇ ਹੋਏ ਇੱਕ ਅਧਿਐਨ (Narendra gupta (2010-11):What it cost to provide medicines to all sick persons in India, (ਭਾਰਤ ਦੇ ਸਾਰੇ ਬੀਮਾਰਾਂ ਨੂੰ ਦਵਾ ਮੁਹੱਈਆ ਕਰਨ ਦੀ ਲਾਗਤ ਕੀ ਹੈ) MFC Bulletins August-January 342-43,11,2011) ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਭਾਰਤ ਦੇ ਲੋਕਾਂ ਨੂੰ ਸਾਰੀਆਂ ਜ਼ਰੂਰੀ ਦਵਾਈਆਂ ਮੁਫ਼ਤ ਮੁਹੱਈਆ ਕਰਵਾਉਣ ਲਈ 30,000 ਕਰੋੜ ਰੁਪੈ ਦੀ ਜਰੂਰਤ ਹੈ। ਬਜਟ ਅਨੁਸਾਰ ਭਾਰਤ ਦੀ 2011-12 ਦੀ ਘਰੇਲੂ ਪੈਦਾਵਾਰ 89 ਲੱਖ ਕਰੋੜ ਦੇ ਕਰੀਬ ਹੋਣ ਦੀ ਉਮੀਦ ਹੈ ਅਤੇ ਇਸੇ ਬਜਟ ਵਿੱਚ ਸਿੱਧੇ-ਅਸਿੱਧੇ ਰੂਪ ਵਿੱਚ 5.12 ਲੱਖ ਕਰੋੜ ਰੁਪੈ ਦੀਆਂ ਟੈਕਸ ਛੋਟਾਂ ਪੂੰਜੀਪਤੀਆਂ ਨੂੰ ਦਿੱਤੀਆਂ ਗਈਆਂ ਹਨ। ਪਰ ਇਸੇ ਕੇਂਦਰੀ ਬਜਟ ’ਚ ਸਿਹਤ ਲਈ ਰੱਖੀ ਰਾਸ਼ੀ 26,760 ਕਰੋੜ ਹੈ ਜੋ ਪੂਰੇ ਬਜਟ ਦਾ ਮਹਿਜ 0.29% ਬਣਦੀ ਹੈ ਖੈਰ, ਜੇ ਇਸਦਾ ਦੁੱਗਣਾ ਹੀ ਕਰ ਦਿੱਤਾ ਜਾਵੇ ਤਾਂ ਬਹੁਤੇ ਲੋਕਾਂ ਨੂੰ ਦਵਾਈਆਂ ਮੁਫ਼ਤ ਮਿਲ਼ ਸਕਣਗੀਆਂ। ਲੱਗਦਾ ਹੈ ਪੈਸੇ ਦੀ ਤਾਂ ਕੋਈ ਕਮੀ ਨਹੀਂ !!

ਬੇਰੁਜ਼ਗਾਰੀ ਵੀ ਸਰਮਾਏਦਾਰਾ ਪ੍ਰਬੰਧ ਦੀ ਢਾਂਚਾਗਤ ਸਮੱਸਿਆ ਹੈ। ਬੇਰੁਜ਼ਗਾਰੀ ਤੋਂ ਸੱਖਣਾ ਸਰਮਾਏਦਾਰਾ ਪ੍ਰਬੰਧ ਦੀ ਇੱਛਾ ਕਰਨਾ ਦਿਨੇ ਸੁਪਨੇ ਦੇਖਣਾ ਹੈ। ਬੇਰੁਜ਼ਗਾਰੀ ਦੀ ਸਮੱਸਿਆ ਸਰਮਾਏਦਾਰੀ ਦੇ ਜਨਮ ਤੋਂ ਹੀ ਬਣੀ ਹੋਈ ਹੈ ਤੇ ਇਸਦੇ ਸੰਕਟ ਦੇ ਦੌਰਾਂ ’ਚ ਇਹ ਵਧੇਰੇ ਵਿਕਰਾਲ ਰੂਪ ਧਾਰ ਲੈਂਦੀ ਹੈ। ਇਹ ਉਸ ਸਮੇਂ ਵੀ ਸਰਮਾਏਦਾਰੀ ਢਾਂਚੇ ’ਚ ਅੱਜ ਜਿੰਨੀ ਵੱਡੀ ਸਮੱਸਿਆ ਸੀ ਜਦੋਂ ਦੁਨੀਆਂ ਦੀ ਅਬਾਦੀ ਅੱਜ ਨਾਲੋਂ ਸੱਤ ਗੁਣਾ ਘੱਟ ਸੀ। ਬੇਰੁਜ਼ਗਾਰਾਂ ਦੀ ਫੌਜ਼ ਸਰਮਾਏਦਾਰੀ ਪ੍ਰਬੰਧ ਦੀ ਇੱਕ ਲਾਜ਼ਮੀ ਪੈਦਾਵਾਰ ਵੀ ਹੈ ਅਤੇ ਇਸ ਫੌਜ਼ ਨੂੰ ਬਣਾਈ ਰੱਖਣਾ ਸਰਮਾਏਦਾਰੀ ਲਈ ਜ਼ਰੂਰੀ ਵੀ ਹੈ ਕਿਉਂਕਿ ਬੇਰੁਜ਼ਗਾਰਾਂ ਦੀ ਇੱਕ ਵਾਧੂ ਵਸੋਂ ਹੋਣ ਕਾਰਨ ਮਜਦੂਰਾਂ ’ਚ ਮੁਕਾਬਲਾ ਬਣਿਆ ਰਹਿੰਦਾ ਹੈ ਤੇ ਉਜਰਤਾਂ ਨੀਵੀਆਂ ਰਹਿੰਦੀਆਂ ਹਨ। ਬਾਕੀ ਜੇ ਅਬਾਦੀ ਹੀ ਬੇਰੁਜ਼ਗਾਰੀ ਦਾ ਕਾਰਨ ਹੁੰਦੀ ਤਾਂ ਅੱਜ ਯੂਰਪ ਤੇ ਅਮਰੀਕਾ ਵਿੱਚ ਜੋ ਬੇਰੁਜ਼ਗਾਰੀ ਫੈਲੀ ਹੈ ਉਹ ਤਾਂ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ ਸੀ। ਅਸਲ ’ਚ ਬੇਰੁਜ਼ਗਾਰੀ ਦਾ ਕਾਰਨ ਅਬਾਦੀ ਨੂੰ ਦੱਸਣਾ ਸਰਮਾਏਦਾਰਾਂ ਦੇ ਪਾਲਤੂ ਅਰਥਸ਼ਾਸ਼ਤਰੀਆਂ ਦੀ ਕਾਢ ਹੈ ਜਿਸ ਲਈ ਉਹਨਾਂ ਨੂੰ ਆਪਣੇ ਮਾਲਕਾਂ ਤੋਂ ‘ਸ਼ਾਬਾਸ਼ੀ’ ਮਿਲਦੀ ਹੈ ਪਰ ਗੁਰਦਿਆਲ ਸਿੰਘ ਜਿਹੇ ਵਿਦਵਾਨ ਵੀ ਅਗਿਆਨਤਾ ਕਾਰਨ ਇਹਨਾਂ ਦੇ ਤਰਕਾਂ ’ਚ ਉਲਝਕੇ ਰਹਿ ਜਾਂਦੇ ਹਨ। ਉਂਝ ਵੀ ਜੇ ਉਹ ਥੋੜਾ-ਬਹੁਤ ਕੌਮਾਂਤਰੀ ਖਬਰਾਂ ਪੜ੍ਹਦੇ ਰਹਿਣ ਤਾਂ ਇਸ ਵਹਿਮ ਦਾ ਨਿਪਟਾਰਾ ਸੌਖੇ ਹੀ ਹੋ ਜਾਂਦਾ!

ਪਰ ਹੱਦ ਤਾਂ ਉਹ ਉਦੋਂ ਕਰ ਦਿੰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਲੁੱਟ-ਮਾਰ ਦੀਆਂ ਘਟਨਾਵਾਂ ਅਤੇ ‘‘ਮੱਧਵਰਗ’’ ਦਾ‘‘ਹੇਠਲੇ ਆਮ ਲੋਕਾਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਨਿੱਕੇ-ਮੋਟੇ ਕੰਮ-ਕਾਰ ਕਰਨ ਵਾਲਿਆਂ’’ ਦੁਆਰਾ ‘‘ਜਿਉਣਾ ਹਰਾਮ’’ ਕਰਨ ਪਿੱਛੇ ਇਹੀ ਸਭ ਤੋਂ ਵੱਡਾ ਤੇ ਮੁੱਖ ਕਾਰਨ ਹੈ। ਥੋੜੀ-ਬਹੁਤ ਸੂਝ ਰੱਖਣ ਵਾਲਾ ਇੱਕ ਆਮ ਆਦਮੀ ਵੀ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਲੁੱਟਾਂ-ਖੋਹਾਂ ਦਾ ਮੁੱਖ ਕਾਰਨ ਆਰਥਿਕ ਨਾ-ਬਰਾਬਰੀ ’ਚ ਹੈ। ਸਿਆਸੀ ਆਰਥਿਕਤਾ ਦਾ ਵਿਦਿਆਰਥੀ ਭਲੀਭਾਂਤ ਜਾਣਦਾ ਹੈ ਕਿ ਨਿੱਜੀ ਜਾਇਦਾਦ ’ਤੇ ਅਧਾਰਤ ਢਾਂਚਾ ਲੁੱਟਾਂ-ਖੋਹਾਂ, ਚੋਰੀ-ਡਾਕਿਆਂ ਦਾ ਬੁਨਿਆਦੀ ਕਾਰਨ ਹੈ। ਪਰ ਗੁਰਦਿਆਲ ਸਿੰਘ ਸਿਆਸੀ ਆਰਥਿਕਤਾ ਦੇ ਵਿਦਿਆਰਥੀ ਦੀ ਸਮਝ ਦਿਖਾਉਣੀ ਤਾਂ ਦੂਰ (ਜਿਸਦੀ ਉਹਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ), ਇੱਕ ਆਮ ਆਦਮੀ ਜਿੰਨੀ ਸਮਝ ਵੀ ਨਹੀਂ ਦਿਖਾਉਂਦੇ। ‘‘ਮੱਧਵਰਗ ਦਾ ਜਿਉਣਾ ਹਰਾਮ’’ ਵਾਲ਼ਾ ਉਹਨਾਂ ਦਾ ਕਥਨ ਉਹਨਾਂ ਦਾ ਜਮਾਤੀ ਖਾਸਾ ਵੀ ਇੱਕਦਮ ਸਪੱਸ਼ਟ ਕਰ ਦਿੰਦਾ ਹੈ ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਗੁਰਦਿਆਲ ਸਿੰਘ ਜੀ, ਪਹਿਲੀ ਗੱਲ ਤਾਂ ਚੋਰੀ-ਡਾਕੇ ਦਾ ਸ਼ਿਕਾਰ ਸਿਰਫ਼ ‘‘ਮੱਧਵਰਗ’’ਹੀ ਨਹੀਂ, ‘‘ਹੇਠਲੇ ਆਮ ਲੋਕ ਮਜ਼ਦੂਰ, ਕਿਸਾਨ ਤੇ ਹੋਰ ਨਿੱਕੇ-ਮੋਟੇ ਕੰਮ-ਕਾਰ ਕਰਨ ਵਾਲ਼ੇ’’ ਤੁਹਾਡੇ ਚਹੇਤੇ ‘‘ਮੱਧਵਰਗ’’ ਤੋਂ ਕਿਤੇ ਜ਼ਿਆਦਾ ਹਨ, ਫ਼ਰਕ ਬੱਸ ਇੰਨਾ ਹੈ ਕਿ ਮੱਧਵਰਗ ਦੇ ਚੀਕ-ਚਿਹਾੜੇ ਨੂੰ ਅਖਬਾਰਾਂ-ਟੀਵੀ ਚੈਨਲਾਂ ਦੀ ਕਵਰੇਜ ਮਿਲਦੀ ਹੈ, ਤੁਹਾਡੇ ਵਰਗੇ ਬੁੱਧੀਜੀਵੀ ਉਹਦੇ ਲਈ ‘‘ਕਲਮ ਘਸਾਈ’’ ਕਰ ਲੈਂਦੇ ਹਨ ਤੇ ਸਿੱਟੇ ਵਜੋਂ ਪੁਲਿਸ-ਪ੍ਰਸ਼ਾਸਨ-ਲੀਡਰਾਂ ਨੂੰ ਵੀ ਕੁਝ ਨਾ ਕੁਝ ਹੱਥ-ਪੈਰ ਹਿਲਾਉਣੇ ਹੀ ਪੈਂਦੇ ਹਨ ਪਰ ‘‘ਹੇਠਲੇ ਆਮ ਲੋਕਾਂ’’ਦੀ ਕੋਈ ਸੁਣਵਾਈ ਨਹੀਂ। ਜੇ ਕਿਤੇ ਉਹਨਾਂ ਦੇ ਗੁੱਸੇ ਦਾ ਲਾਵਾ ਸੜਕਾਂ ’ਤੇ ਫੁੱਟ ਪਵੇ ਤਾਂ ਤੁਹਾਡਾ ‘‘ਮੱਧਵਰਗ’’ ਹੀ ਇਹਨਾਂ ਨੂੰ ਕੁੱਟਣ ’ਚ ਪੁਲਿਸ ਦੀ ਮਦਦ ਕਰਨ ਪਹੁੰਚਦਾ ਹੈ। ਦੂਜੀ ਗੱਲ, ਚੋਰੀ-ਡਾਕੇ, ਲੁੱਟਾਂ-ਖੋਹਾਂ ਸਿਰਫ਼ ‘‘ਹੇਠਲੇ ਆਮ ਲੋਕ ਮਜ਼ਦੂਰ, ਕਿਸਾਨ ਤੇ ਹੋਰ ਨਿੱਕੇ-ਮੋਟੇ ਕੰਮ-ਕਾਰ ਕਰਨ ਵਾਲ਼ੇ’’ਹੀ ਕਰਦੇ ਹਨ, ਇਹ ਗੂੜ੍ਹ ਗਿਆਨ ਤੁਸੀਂ ਕਿੱਥੋਂ ਹਾਸਿਲ ਕੀਤਾ, ਇਹ ਵੀ ਸਪੱਸ਼ਟ ਕਰਿਓ। ਇਹ ਢਾਂਚਾ ਜਿਸ ਵਿੱਚ ਤੁਹਾਡਾ ਮੱਧਵਰਗ ਪ੍ਰੇਸ਼ਾਨ ਹੈ, ਖੜ੍ਹਾ ਹੀ ਮਜ਼ਦੂਰਾਂ-ਕਿਸਾਨਾਂ ਦੀ ਲੁੱਟ-ਚੋਂਘ ਦੇ ਸਿਰ ’ਤੇ ਹੈ। ਬਾਕੀ ਮੱਧਵਰਗ ਦੇ ਬਥੇਰੇ ਨਸ਼ੇੜੀ ਤੇ ਬੇਰੁਜ਼ਗਾਰ ਨੌਜਵਾਨ ਵੀ ਚੋਰੀ-ਡਾਕੇ, ਲੁੱਟਾਂ-ਖੋਹਾਂ ’ਚ ਗਲਤਾਨ ਹਨ। ਤੀਸਰੀ ਗੱਲ, ਜੇ ‘‘ਹੇਠਲੇ ਆਮ ਲੋਕ’’ਮੱਧਵਰਗਦਾ ‘‘ਜਿਉਣਾ ਹਰਾਮ’’ ਕਰਦੇ ਵੀ ਹਨ ਤਾਂ ਸਿਰਫ਼ ਇਸ ਕਰਕੇ ਕਿ ਅਮੀਰ ਵਰਗ ਜਿਸ ’ਚ ਸਰਮਾਏਦਾਰ, ਨੌਕਰਸ਼ਾਹ ਆਦਿ ਸ਼ਾਮਿਲ ਹੁੰਦੇ ਹਨ, ਆਪਣੀ ਸੁਰੱਖਿਆ ਮਜਬੂਤ ਕਰਕੇ ਰੱਖਦਾ ਹੈ ਤੇ ‘‘ਆਮ ਲੋਕਾਂ’’ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦੇ। ਸਿੱਟੇ ਵਜੋਂ ਉਹਨਾਂ ਦੀ ਮਾਰ ਹੇਠ ‘‘ਮੱਧਵਰਗ’’ ਆ ਜਾਂਦਾ ਹੈ। ਜੇ ਦੋਸ਼ ਦੇਣਾ ਹੈ ਤਾਂ ਅਮੀਰ ਵਰਗ ਨੂੰ ਦਿਓ ਜੋ ਹੇਠਲੇ ਵਰਗ ਦੀ ਲੁੱਟ-ਖੋਹ ਕਰਨ ਵੇਲੇ ਤਾਂ ਮੱਧਵਰਗ ਨੂੰ ਛੋਟਾ ਭਾਈਵਾਲ ਬਣਾ ਲੈਂਦਾ ਹੈ ਪਰ ਮੱਧਵਰਗ ਨੂੰ ਹੇਠਲੇ ਵਰਗ ਦੀ ਲੁੱਟ-ਖੋਹ ਤੋਂ ਬਚਾਉਣ ਲਈ ਪੁਖਤਾ ਇੰਤਜ਼ਾਮ ਨਹੀਂ ਕਰਦਾ!!

ਉਹਨਾਂ ਦੇ ਲੇਖ ਅਜਿਹੀ ‘‘ਉਲਝੀ ਤਾਣੀ’’ ਹਨ ਕਿ ਕੋਈ ਕੰਮ ਦੀ ਗੱਲ ਲੱਭਣੀ ਮਾਰੂਥਲ ’ਚ ਪਾਣੀ ਲੱਭਣ ਤੋਂ ਘੱਟ ਨਹੀਂ। ਉਪਰੋਕਤ ਲੇਖ ਦੀ ਉਹ ਸ਼ੁਰੂਆਤ ਮਹਿੰਗਾਈ ਦੀ ਸਮੱਸਿਆ ਨਾਲ ਕਰਦੇ ਹਨ, ਅਤੇ ਫਿਰ ਉਹ ਜਿਵੇਂ ਕਿਵੇਂ ਇੱਥੇ ਆ ਪੁੱਜਦੇ ਹਨ ‘‘(ਮਹਿੰਗਾਈ ਦਾ) ਇੱਕ ਸਧਾਰਨ ਕਾਰਨ ਤਾਂ ਇਹ ਹੈ ਕਿ ਜੇ ਦਸ ਚੀਜ਼ਾਂ ਦਾ ਉਤਪਾਦਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਖਰੀਦਣ ਵਾਲਿਆਂ ਦੀ ਗਿਣਤੀ ਚਾਲੀ-ਪੰਜਾਹ ਹੈ, ਜਿਸ ਦੀ ਜੇਬ ਭਾਰੀ ਹੈ ਉਹ ਚੀਜ਼ ’ਤੇੇ ਹੋਏ ਖਰਚੇ ਤੋਂ ਦੁੱਗਣਾ ਮੁੱਲ ਦੇ ਕੇ ਖਰੀਦ ਲਏਗਾ।’’ ਇਸ ਤਰ੍ਹਾਂ ਉਹਨਾਂ ਦਾ ਮੰਨਣਾ ਹੈ ਕਿ ਵੱਧ ਅਬਾਦੀ ਭਾਵ ਵੱਧ ਖਰੀਦਦਾਰ ਤੇ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ, ਭਾਵ ਮਹਿੰਗਾਈ ਇਸ ਕਰਕੇ ਹੈ ਕਿ ਅਬਾਦੀ ਵੱਧ ਹੈ। ਅਨਾਜ ਦੀ ਪੈਦਾਵਾਰ ਸਬੰਧੀ ਅੰਕੜੇ ਤਾਂ ਅਸੀਂ ਪਹਿਲਾਂ ਹੀ ਦੇਖ ਆਏ ਹਾਂ ਜੋ ਗੁਰਦਿਆਲ ਸਿੰਘ ਹੁਰਾਂ ਦੇ ਉਕਤ ਦਾਅਵੇ ਦੀ ਫੂਕ ਕੱਢਣ ਲਈ ਕਾਫ਼ੀ ਹਨ। ਬਾਕੀ ਅੰਕੜੇ ਦੇਣੇ ਲੇਖ ਨੂੰ ਖਾਹਮਖਾਹ ਲੰਬਾ ਖਿੱਚਣਾ ਹੋਵੇਗਾ। ਪਰ ਗੁਰਦਿਆਲ ਸਿੰਘ ਹੁਰਾਂ ਦੇ ਕੁਤਰਕ ਜ਼ਾਰੀ ਹਨ। ਉਪਰੋਕਤ ਸਤਰਾਂ ਤੋਂ ਤੁਰੰਤ ਅੱਗੇ ਉਹ ਦੱਸਦੇ ਹਨ ‘‘ਸਭ ਤੋਂ ਵਧੇਰੇ ਗੁੰਝਲਦਾਰ ਸਮੱਸਿਆ ਇਹ ਹੈ ਕਿ ਕਿਸੇ ਵੀ ਫ਼ਸਲ ਦੀ ਉਪਜ ਕਰਨ ਤੇ ਕਿਸੇ ਚੀਜ਼ ਨੂੰ ਬਣਾਉਣ ਉੱਤੇ ਖਰਚ ਕਿਵੇਂ ਵੱਧਦਾ ਜਾਂ ਘੱਟਦਾ ਹੈ? ਮਿਸਾਲ ਵਜੋਂ ਲੋਹੇ ਦੀ ਕੋਈ ਵੀ ਚੀਜ਼ ਬਣਾਉਣ ਲਈ ਸਭ ਤੋਂ ਪਹਿਲਾਂ ਲੋਹੇ ਦੀਆਂ ਖਾਣਾਂ ਵਿੱਚੋਂ ਲੋਹਾ-ਮਿੱਟੀ ਕੱਢਣੀ ਪੈਂਦੀ ਹੈ, ਉਸ ਨੂੰ ਕੱਢਣ ਲਈ ਜੋ ਮਜ਼ਦੂਰ ਕੰਮ ਕਰਦੇ ਹਨ ਉਨ੍ਹਾਂ ਦੀ ਮਜ਼ਦੂਰੀ, ਉਨ੍ਹਾਂ ਦੀ ਸਰੀਰਕ ਸ਼ਕਤੀ ਨਾਲ਼ ਤੈਅ ਹੁੰਦੀ ਹੈ। ਮਜ਼ਦੂਰ ਨੂੰ ਉਹਦੀ ਸਰੀਰਕ ਤਾਕਤ ਲਈ ਜੋ ਵੀ ਖੁਰਾਕ ਖਾਣੀ ਪੈਂਦੀ ਹੈ, ਜੇ ਉਸ ’ਤੇ ਦਸ ਰੁਪਏ ਖਰਚ ਹੁੰਦੇ ਹਨ ਤਾਂ ਉਹਨੂੰ ਮਜ਼ਦੂਰੀ ਪੰਦਰਾਂ ਤੋਂ ਵੀਹ ਰੁਪਏ ਦੇਣੀ ਪਏਗੀ (ਸਗੋਂ ਤੀਹ-ਪੈਂਤੀ ਰੁਪਏ ਕਿਉਂਕਿ ਉਹਨੇ ਪਰਿਵਾਰ ਦੇ ਕੰਮ ਨਾ ਕਰਨ ਜੋਗੇ ਬਜ਼ੁਰਗਾਂ, ਬੱਚਿਆਂ, ਔਰਤਾਂ ਨੂੰ ਵੀ, ਇਸੇ ਮਜ਼ਦੂਰੀ ਵਿੱਚੋਂ ਜਿਊਂਦੇ ਰੱਖਣ ਲਈ ਪੈਸਾ ਖਰਚਣਾ ਹੈ) ਜੇ ਉਸ ਦੀ ਖੁਰਾਕ ਦਾ ਮੁੱਲ ਵਧੇਰੇ ਹੈ ਤਾਂ ਮਜ਼ਦੂਰੀ ਵੀ ਵੱਧ ਦੇਣੀ ਪਏਗੀ।’’ਇਸ ਸਾਰੀ ਸ਼ਬਦੀ ਬਾਜ਼ੀਗਰੀ ਦਾ ਉਹ ਭਾਵੇਂ ਖੁਦ ਕੋਈ ਸਿੱਟਾ ਨਹੀਂ ਕੱਢਦੇ। ਅਸਲ ’ਚ ਉਹ ਇੱਥੇ ਮਹਿੰਗਾਈ ਦਾ ਦੂਜਾ ਤੇ ਗੁੰਝਲਦਾਰ ਕਾਰਨ ਦੱਸ ਰਹੇ ਹਨ। ਪਰ ਦੱਸਦੇ ਦੱਸਦੇ ਉਲਝ ਜਾਂਦੇ ਹਨ ਤੇ ਆਪਣੀ ਡੱਡੂ-ਟਪੂਸੀਆਂ ਲਾਉਣ ਦੀ ਆਦਤ ਤੋਂ ਮਜ਼ਬੂਰ ਹੋ ਕੇ ਇਸਨੂੰ ਵਿਚਾਲੇ ਛੱਡ ਮਸ਼ੀਨਾਂ ਦੁਆਰਾ ਲੋਕਾਂ ਨੂੰ ਬੇਰੁਜ਼ਗਾਰ ਕਰ ਦੇਣ ਦੇ ਮਸਲੇ ’ਤੇ ਜਾ ਬੈਠਦੇ ਹਨ (ਉਹਨਾਂ ਅਨੁਸਾਰ ਭਾਰਤ ’ਚ ਆਉਣ ਵਾਲੇ ਸਮੇਂ ਮਸ਼ੀਨਾਂ 90-95 ਕਰੋੜ ਲੋਕਾਂ ਨੂੰ ਬੇਕਾਰ ਕਰ ਦੇਣਗੀਆਂ !!)। ਖੈਰ ਅਸੀਂ ਉਹਨਾਂ ਦੇ ਉਪਰੋਕਤ ਤਰਕ ਨੂੰ ਨਤੀਜਾ ਨਸੀਬ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਪਹਿਲਾ ਸਧਾਰਨ ਕਾਰਨ ਸੀ ਕਿ ਮੰਗ ਵਧਣ ਨਾਲ ਕੀਮਤਾਂ ਵੱਧਦੀਆਂ ਹਨ, ਭਾਵੇਂ ਇਹ ਕੁਝ ਹੱਦ ਤੱਕ ਠੀਕ ਹੈ ਪਰ ਅਬਾਦੀ ਦਾ ਇਸ ਨਾਲ ਸਬੰਧ ਕਿੰਨਾ ਕੁ ਹੈ, ਇਹ ਅਸੀਂ ਦੇਖ ਹੀ ਲਿਆ ਹੈ। ਦੂਜੇ ਕਾਰਨ ਅਨੁਸਾਰ, ਪੈਦਾਵਾਰ ਦਾ ਖਰਚਾ ਵਧਣ ਨਾਲ ਵੀ ਮਹਿੰਗਾਈ ਵਧਦੀ ਹੈ। ਇਹ ਬੌਧਿਕ ਕੰਗਾਲੀ ਦਾ ਨਾਯਾਬ ਨਮੂਨਾ ਹੈ ਜੋ ਸੁੱਖ ਨਾਲ ਪੰਜਾਬ ’ਚ ਦੁਰਲੱਭ ਨਹੀਂ ਹੈ। ਅੱਗੇ ਵਧਣ ਤੋਂ ਪਹਿਲਾਂ ਇਹ ਦੇਖ ਲਈਏ ਕਿ ਕਿਸੇ ਚੀਜ਼ ਦੀ ਕੀਮਤ ਕੀ ਹੁੰਦੀ ਹੈ? ਕਿਸੇ ਚੀਜ਼ ਦੀ ਕੀਮਤ ਉਸ ਵਿੱਚ ਸਮੋਈ ਮਨੁੱਖੀ ਕਿਰਤ ਦਾ ਮੁਦਰਾ ’ਚ ਪ੍ਰਗਟਾਵਾ ਹੈ। ਹੁਣ ਦੇਖਿਆ ਜਾਵੇ ਕਿ ਕੀ ਮਜਦੂਰ ਦੀ ਦਿਹਾੜੀ ਵਧਣ ਨਾਲ਼ ਉਸ ਦੁਆਰਾ ਬਣਾਈ ਜਾਂਦੀ ਚੀਜ਼ ਨੂੰ ਬਣਾਉਣ ’ਚ ਖਰਚ ਕੀਤੀ ਜਾਂਦੀ ਕਿਰਤ ’ਚ ਕੋਈ ਫ਼ਰਕ ਪੈਂਦਾ ਹੈ, ਬਿਲਕੁਲ ਵੀ ਨਹੀਂ। ਇਸ ਲਈ ਮਜ਼ਦੂਰ ਦੀ ਦਿਹਾੜੀ ਵੱਧਣ ਜਾਂ ਘਟਣ ਨਾਲ ਕਿਸੇ ਚੀਜ਼ ਦੀ ਕੀਮਤ ’ਚ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ ਹੈ। ਪਰ ਗੁਰਦਿਆਲ ਸਿੰਘ ਅਨੁਸਾਰ ਮਜ਼ਦੂਰੀ ਵਧਣ ਨਾਲ ਕੀਮਤ ਵਧ ਜਾਂਦੀ ਹੈ। ਅਸਲ ’ਚ ਉਹ ਵੀ ਸਰਮਾਏਦਾਰੀ ਦੁਆਰਾ ਲੋਕਾਂ ਨੂੰ ਮੂਰਖ ਬਣਾਉਣ ਲਈ ਕਾਲਜਾਂ ’ਚ ਪੜਾਏ ਜਾਂਦੇ ਅਰਥ-ਸ਼ਾਸ਼ਤਰ ਦੇ ਸ਼ਿਕਾਰ ਹਨ। ਇਸਨੂੰ ਥੋੜਾ ਹੋਰ ਵਿਸਥਾਰ ’ਚ ਸਮਝਣ ਦੀ ਲੋੜ ਹੈ ਜਿਸ ਨਾਲ ਮਹਿੰਗਾਈ ਪਿੱਛੇ ਅਸਲੀ ਕਾਰਨ ਵੀ ਸਪੱਸ਼ਟ ਹੋ ਸਕੇਗਾ।

ਕਿਸੇ ਮਜਦੂਰ ਦੀ ਉਜਰਤ ਭਾਵੇਂ ਪੈਸਿਆਂ ਦੇ ਰੂਪ ’ਚ ਮਿਲਦੀ ਹੈ ਪਰ ਅਸਲ ’ਚ ਇਹ ਚੀਜ਼ਾਂ ਦੀ ਉਹ ਮਾਤਰਾ ਹੈ ਜੋ ਉਹ ਸਰਮਾਏਦਾਰ ਕੋਲ ਆਪਣੀ ਕਿਰਤ-ਸ਼ਕਤੀ ਵੇਚਣ ਦੇ ਵੱਟੇ ’ਚ ਪ੍ਰਾਪਤ ਕਰ ਸਕਦਾ ਹੈ ਜਾਂ ਕਿਹਾ ਜਾਵੇ ਖਰੀਦ ਸਕਦਾ ਹੈ। ਇਸ ਲਈ ਉਜਰਤ ਵਧਣ ਦਾ ਮਤਲਬ ਹੈ ਮਜਦੂਰ ਨੂੰ ਵੱਧ ਚੀਜ਼ਾਂ ਦਾ ਮਿਲਣਾ ਤੇ ਉਜਰਤ ਘਟਣ ਦਾ ਮਤਲਬ ਹੈ ਘੱਟ ਚੀਜ਼ਾਂ ਦਾ ਮਿਲਣਾ। ਹੁਣ ਕਿਉਂਕਿ ਸਰਮਾਏਦਾਰ ਜਮਾਤ ਲਈ ਆਪਣਾ ਮੁਨਾਫ਼ਾ ਵਧਾਉਣ ਵਾਸਤੇ ਹਮੇਸ਼ਾਂ ਇਹ ਸੰਭਵ ਨਹੀਂ ਹੁੰਦਾ ਕਿ ਉਹ ਮਜਦੂਰਾਂ ਦੀ ਪੈਸਿਆਂ ਦੇ ਰੂਪ ’ਚ ਮਿਲਣ ਵਾਲੀ ਉਜਰਤ ਨੂੰ ਘਟਾ ਦੇਵੇ, ਇਸ ਲਈ ਉਹ ਟੇਢੇ ਤਰੀਕੇ ਨਾਲ ਘਿਓ ਕੱਢਦੀ ਹੈ, ਉਹ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਪੇਸ਼ ਕਰਦੀ ਹੈ ਜਿਸ ਕਾਰਨ ਮਜਦੂਰਾਂ ਦੀ ਅਸਲ ਉਜਰਤ ਘੱਟ ਜਾਂਦੀ ਹੈ ਤੇ ਸਰਮਾਏਦਾਰ ਜਮਾਤ ਦਾ ਮੁਨਾਫ਼ਾ ਵੱਧ ਜਾਂਦਾ ਹੈ। ਇੱਥੇ ਇਹ ਵੀ ਸਾਫ਼ ਕਰਨ ਦੀ ਲੋੜ ਹੈ ਕਿ ਮੁਨਾਫ਼ਾ ਹੁੰਦਾ ਕੀ ਹੈ? ਕਿਸੇ ਖਾਸ ਸਮੇਂ ’ਚ ਹੋਈ ਕੁਲ ਸਮਾਜਿਕ ਪੈਦਾਵਾਰ ਦੇ ਹਿੱਸੇ ’ਚੋਂ ਸਰਮਾਏਦਾਰ ਜਮਾਤ ਵੱਲੋਂ ਹੜੱਪਿਆ ਹਿੱਸਾ ਹੀ ਉਸਦਾ ਮੁਨਾਫਾ ਹੁੰਦਾ ਹੈ ਤੇ ਮਜਦੂਰ ਜਮਾਤ ਨੂੰ ਮਿਲਿਆ ਹਿੱਸਾ ਉਸਦੀ ਉਜਰਤ ਹੁੰਦੀ ਹੈ। ਇੱਕ ਛੋਟੀ ਜਿਹੀ ਉਦਾਹਰਣ ਇਸਨੂੰ ਹੋਰ ਸਪੱਸ਼ਟ ਕਰੇਗੀ। ਮੰਨ ਲਵੋ 10 ਵਿਅਕਤੀ ਜਿਹਨਾਂ ’ਚੋਂ ਦੋ ਸਰਮਾਏਦਾਰ ਤੇ ਅੱਠ ਮਜਦੂਰ ਹਨ, ਇੱਕ ਵੱਡੇ ਭਾਂਡੇ ’ਚੋਂ ਖੀਰ ਖਾਣ ਬੈਠਦੇ ਹਨ। ਹਰੇਕ ਦੇ ਹੱਥ ’ਚ ਆਪਣਾ-ਆਪਣਾ ਚਮਚਾ ਹੈ ਤੇ ਭਾਂਡੇ ’ਚ 100 ਚਮਚੇ ਖੀਰ ਦੇ ਹਨ। ਇਹ ਤੈਅ ਹੁੰਦਾ ਹੈ ਕਿ 50 ਚਮਚੇ ਖੀਰ ਸਰਮਾਏਦਾਰਾਂ ਦੀ ਅਤੇ 50 ਚਮਚੇ ਮਜ਼ਦੂਰਾਂ ਦੀ। ਪਰ ਸਰਮਾਏਦਾਰ ਆਪਣਾ ਹਿੱਸਾ ਹੋਰ ਵਧਾਉਣਾ ਚਾਹੁੰਦੇ ਹਨ ਜੋ ਦੋ ਤਰੀਕਿਆਂ ਨਾਲ ਸੰਭਵ ਹੈ। ਪਹਿਲਾ ਤਰੀਕਾ ਹੈ ਕਿ ਸਰਮਾਏਦਾਰ ਸਿੱਧੇ ਹੀ ਮਜਦੂਰਾਂ ਨੂੰ ਖੀਰ ਹਾਸਿਲ ਕਰਨ ਤੋਂ ਰੋਕਣ (ਭਾਵ ਪੈਸਿਆਂ ਦੇ ਰੂਪ ’ਚ ਉਜਰਤ ਘਟਾਉਣ) ਜੋ ਕਿਸੇ ਹੱਦ ਤੱਕ ਹੀ ਸੰਭਵ ਹੈ ਅਤੇ ਜਿਸ ਵਿੱਚ ਮਜ਼ਦੂਰਾਂ ਵੱਲੋਂ ਜਵਾਬੀ ਹਮਲੇ ਦਾ ਵੀ ਖਤਰਾ ਹੈ। ਦੂਜਾ ਤਰੀਕਾ ਇਹ ਹੈ ਕਿ ਸਰਮਾਏਦਾਰ ਕਿਸੇ ਤਰੀਕੇ ਨਾਲ ਮਜਦੂਰਾਂ ਦੇ ਚਮਚੇ ਦਾ ਅਕਾਰ ਛੋਟਾ ਕਰ ਦੇਣ, ਜਿਸ ਨਾਲ ਚਮਚਿਆਂ ਦੀ ਗਿਣਤੀ ਤਾਂ ਓਨੀ ਹੀ ਰਹੇਗੀ ਪਰ ਮਜਦੂਰਾਂ ਦਾ ਹਿੱਸਾ ਘੱਟ ਜਾਵੇਗਾ। ਬਿਲਕੁਲ ਇਹੀ ਕੰਮ ਸਰਮਾਏਦਾਰ ਜਮਾਤ ਮਹਿੰਗਾਈ ਤੇ ਮੁਦਰਾ ਸਫ਼ੀਤੀ ਵਧਾਉਣ ਰਾਹੀਂ ਕਰਦੀ ਹੈ। ਇਸ ਤਰ੍ਹਾਂ ਮਹਿੰਗਾਈ ਵਧਣ ਦਾ ਕਿਸੇ ਪਾਸਿਓਂ ਵੀ ਅਬਾਦੀ ਨਾਲ਼ ਕੋਈ ਸੰਬੰਧ ਨਹੀਂ।

ਅਬਾਦੀ ਵਧਣ ਦੇ ਕਾਰਕਾਂ ’ਚ ਵੀ ਉਹਨਾਂ ਨੂੰ ਬੱਚਿਆਂ ਦਾ ਪੈਦਾ ਹੋਣਾ ਹੀ ਇੱਕੋ-ਇੱਕ ਕਾਰਨ ਲੱਗਦਾ ਹੈ ਅਤੇ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਪੈਦਾ ਘੱਟ ਕਰਨ ਨਾਲ਼ ਅਬਾਦੀ ਦਾ ਵਾਧਾ ਰੁਕ ਜਾਵੇਗਾ।ਰ ਕੀ ਅਬਾਦੀ ’ਚ ਵਾਧਾ ਸਿਰਫ਼ ਬੱਚਿਆਂ ਦੇ ਪੈਦਾ ਹੋਣ ਕਰਕੇ ਹੀ ਹੁੰਦਾ ਹੈ ਜਾਂ ਕੀ ਅਜਿਹਾ ਵੀ ਹੁੰਦਾ ਹੈ ਕਿ ਜਨਮ ਦਰ ਘਟਣ ਦੇ ਬਾਵਜੂਦ ਅਬਾਦੀ ਦਾ ਵਾਧਾ ਹੁੰਦਾ ਹੈ? ਜੇ ਅਬਾਦੀ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੀ ਧਾਰਣਾ ਜ਼ਿਆਦਾ ਸਹੀ ਲੱਗਦੀ ਹੈ। ਭਾਰਤ ਦੀ ਗੱਲ ਕਰੀਏ, 1941-51 ਦੇ ਦਹਾਕੇ ’ਚ ਜਨਮ ਦਰ 39.9 ਸੀ ਜੋ 2011 ਦੀ ਜਨਗਣਨਾ ਅਨੁਸਾਰ ਘਟ ਕੇ 20.8 ਰਹਿ ਗਈ ਹੈ, ਭਾਵ ਅੱਧੀ ਹੋ ਗਈ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅਬਾਦੀ ਘਟਣੀ ਚਾਹੀਦੀ ਸੀ। ਅਸਲ ’ਚ ਅਬਾਦੀ ਵਾਧੇ ਦਾ ਕਾਰਨ ਵੱਧ ਬੱਚੇ ਪੈਦਾ ਹੋਣਾ ਨਹੀਂ, ਸਗੋਂ ਮਨੁੱਖਾਂ ਦੇ ਮਰਨ ਦੀ ਦਰ ਘਟਣਾ ਹੈ। 1941-51 ਦੇ ਦਹਾਕੇ ’ਚ ਮੌਤ ਦਰ 27.4 ਸੀ ਜੋ 2011 ਦੀ ਜਨਗਣਨਾ ਅਨੁਸਾਰ ਘੱਟ ਕੇ 7.48 (ਕੁਝ ਹੋਰ ਸ੍ਰੋਤਾਂ ਅਨੁਸਾਰ 6.4) ਰਹਿ ਗਈ ਹੈ, ਭਾਵ ਇੱਕ-ਚੌਥਾਈ ਹੋ ਗਈ ਹੈ। ਘਟੀ ਹੋਈ ਮੌਤ ਦਰ ਦਾ ਦੋਹਰਾ ਅਸਰ ਪੈਂਦਾ ਹੈ- ਪਹਿਲਾ ਇਹ ਕਿ ਇਸ ਨਾਲ਼ ਬੱਚਿਆਂ ਦੀ ਮੌਤ ਦਰ ਘਟਦੀ ਹੈ ਜਿਸ ਕਾਰਨ ਵੱਧ ਮਨੁੱਖ ਬੱਚੇ ਪੈਦਾ ਕਰਨ ਦੀ ਉਮਰ ਤੱਕ ਪਹੁੰਚਦੇ ਹਨ। ਭਾਰਤ ਵਿੱਚ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਅਜ਼ਾਦੀ ਮਿਲਣ ਸਮੇਂ 268 ਪ੍ਰਤੀ ਹਜ਼ਾਰ ਸੀ, ਹੁਣ ਘੱਟ ਕੇ 50 ਦੇ ਨੇੜੇ ਆ ਗਈ ਹੈ। ਦੂਸਰਾ, ਇਸ ਨਾਲ਼ ਵਢੇਰੀ ਉਮਰ ਦੇ ਲੋਕਾਂ ਦੀ ਗਿਣਤੀ ’ਚ ਵਾਧਾ ਹੁੰਦਾ ਹੈ। ਭਾਰਤ ਵਿੱਚ ਅਜ਼ਾਦੀ ਵੇਲੇ ਔਸਤ ਉਮਰ 46 ਸਾਲ ਸੀ ਜੋ ਹੁਣ 70 ਸਾਲ ਤੋਂ ਉੱਪਰ ਟੱਪ ਚੁੱਕੀ ਹੈ, ਇਸ ਤਰ੍ਹਾਂ ਬਜ਼ੁਰਗਾਂ ਦੀ ਅਬਾਦੀ ’ਚ ਵੀ ਚੋਖਾ ਵਾਧਾ ਹੁੰਦਾ ਹੈ। ਇੱਕ ਅੰਦਾਜ਼ੇ ਮੁਤਾਬਕ 2050 ’ਚ ਭਾਰਤ ਦੀ ਅਬਾਦੀ ਦਾ 20% ਤੋਂ ਵੀ ਜ਼ਿਆਦਾ ਹਿੱਸਾ 65 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਦਾ ਹੋਵੇਗਾ ਜੋ ਹੁਣ 10% ਦੇ ਲੱਗਭੱਗ ਹੈ।

ਹੋਰ ਤਾਂ ਹੋਰ, ਆਪਣੇ ਇਸ ਤਰਕ ਦਾ ਪੱਲਾ ਉਹ ਇੰਨਾ ਘੁੱਟ ਕੇ ਫੜਦੇ ਹਨ ਕਿ ਉਹ ਹਿੰਦੂ ਫਾਸੀਵਾਦੀ ਲਾਣੇ ਦੇ ਤਰਕਾਂ ’ਤੇ ਪਹੁੰਚ ਜਾਂਦੇ ਹਨ। ‘‘ਸਾਡੇ ਦੋ ਗੁਆਂਢੀ ਮੁਲਕਾਂ, ਪਾਕਿਸਤਾਨ ਤੇ ਬੰਗਲਾਦੇਸ਼ ਅੰਦਰ ਤਾਂ ਅਬਾਦੀ ਨੂੰ ਰੋਕਣ ਲਈ, ਮਜ਼੍ਹਬੀ ਕਾਰਨਾਂ ਕਰਕੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ। ਸਾਡੇ ਦੇਸ਼ ਵਿੱਚ ਵੀ ਮੁਸਲਮਾਨਾਂ ਦੀ ਆਬਾਦੀ ਲੱਗਭਗ ਪਾਕਿਸਤਾਨ ਜਿੰਨੀ ਹੈ। ਤਿੰਨੇ ਖਿੱਤਿਆਂ ਵਿੱਚ ਹਰ ਮੁਸਲਮਾਨ ਮਰਦ ਨੂੰ ਚਾਰ-ਚਾਰ ਸ਼ਾਦੀਆਂ ਕਰਨ ਦਾ ਅਧਿਕਾਰ ਹੈ’’(16 ਮਈ, 2010 ’ਚ ਪੰਜਾਬੀ ਟਿ੍ਰਬਿਊਨ ’ਚ ਛਪਿਆ ਉਹਨਾਂ ਦਾ ਲੇਖ ‘‘ਵਧਦੀ ਅਬਾਦੀ ਦਾ ਐਟਮ ਬੰਬ’)। ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਮੁਸਲਮਾਨਾਂ ’ਚ ਚਾਰ ਔਰਤਾਂ ਨਾਲ਼ ਬਿਨਾਂ ਤਲਾਕ ਲਏ ਵਿਆਹ ਕਰਾਉਣ ਦੀ ਆਗਿਆ ਹੈ, ਇਸ ਲਈ ਮੁਸਲਮਾਨਾਂ ’ਚ ਅਬਾਦੀ ਵਧਣ ਦੀ ਰਫ਼ਤਾਰ ਜ਼ਿਆਦਾ ਹੈ। ਅਸਲ ’ਚ ਚਾਰ ਵਿਆਹ ਕਰਵਾਉਣ ਦੀ ਆਗਿਆ ਦੇਣ ਦਾ ਸਮਾਂ ਉਹ ਸਮਾਂ ਸੀ ਜਦੋਂ ਮੁਸਲਮਾਨ ਧਰਮ ਕਬੀਲਿਆਂ ਦਾ ਧਰਮ ਸੀ ਜੋ ਲੜਾਈਆਂ-ਜੰਗਾਂ ’ਚ ਉਲਝੇ ਰਹਿੰਦੇ ਸਨ ਜਿਸ ਕਾਰਨ ਮਰਦਾਂ ਦੀ ਸੰਖਿਆ ਘੱਟ ਰਹਿੰਦੀ ਸੀ ਕਿਉਂਕਿ ਉਹਨਾਂ ’ਚੋਂ ਬਹੁਤ ਸਾਰੇ ਲੜਾਈਆਂ ’ਚ ਮਾਰੇ ਜਾਂਦੇ ਸਨ। ਅਜਿਹੇ ਸਮੇਂ ’ਚ ਕਬੀਲੇ ਦੀ ਅਬਾਦੀ ਨੂੰ ਬਣਾਈ ਰੱਖਣ ਲਈ ਇੱਕ ਮਰਦ ਨੂੰ ਕਈ ਔਰਤਾਂ ਨਾਲ਼ ਵਿਆਹ ਕਰਾਉਣ ਦੀ ਆਗਿਆ ਸੀ ਅਤੇ ਇਹ ਉਸ ਸਮੇਂ ਸੰਭਵ ਵੀ ਸੀ ਕਿਉਂਕਿ ਔਰਤਾਂ ਦੀ ਗਿਣਤੀ ਮਰਦਾਂ ਨਾਲ਼ੋਂ ਵੱਧ ਹੁੰਦੀ ਸੀ। ਬਾਅਦ ਵਿੱਚ ਜਿਵੇਂ ਕਿ ਸਭ ਧਰਮਾਂ ’ਚ ਹੁੰਦਾ ਹੈ, ਉਸ ਸਮੇਂ ਦਾ ਕਾਨੂੰਨ ਸਥਾਈ ਬਣ ਜਾਂਦਾ ਹੈ ਅਤੇ ਅੱਜ ਤੱਕ ਜ਼ਾਰੀ ਹੈ। ਪਰ ਇਸਦਾ ਇਹ ਮਤਲਬ ਕਦੇ ਵੀ ਨਹੀਂ ਨਿਕਲਦਾ ਕਿ ਅੱਜ ਵੀ ਹਰੇਕ ਮੁਸਲਮਾਨ ਮਰਦ ਨਾਲ਼ ਚਾਰ-ਚਾਰ ਔਰਤਾਂ ਵਿਆਹੀਆਂ ਹੋਈਆਂ ਹਨ! ਇਹ ਸੰਭਵ ਹੀ ਨਹੀਂ ਹੈ। ਕਿਸੇ ਸਮਾਜ ’ਚ ਜੇ ਸਾਰੇ ਬੱਚਿਆਂ ਨੂੰ ਜਨਮ ਲੈਣ ਦਿੱਤਾ ਜਾਵੇ ਤਾਂ ਮੁੰਡਿਆਂ ਤੇ ਕੁੜੀਆਂ ਦੀ ਗਿਣਤੀ ਲਗਭਗ 50-50 ਹੁੰਦੀ ਹੈ ਜਿਸਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਜੇ ਉਸ ਸਮਾਜ ਦੇ ਮਰਦਾਂ ਦੀ ਗਿਣਤੀ ਕਿਸੇ ਤਰੀਕੇ ਨਾਲ਼ ਘੱਟ ਨਹੀਂ ਹੁੰਦੀ ਤਾਂ ਹਰ ਮਰਦ ਦਾ ਇੱਕ ਹੀ ਔਰਤ ਨਾਲ਼ ਵਿਆਹ ਹੋ ਸਕਦਾ ਹੈ, ਜੇ ਕੁਝ ਮਰਦ ਇੱਕ ਤੋਂ ਵੱਧ ਵਿਆਹ ਕਰਵਾਉਂਦੇ ਹਨ ਤਾਂ ਓਨੀ ਹੀ ਗਿਣਤੀ ’ਚ ਦੂਸਰੇ ਮਰਦਾਂ ਨੂੰ ਕੁਆਰੇ ਰਹਿਣਾ ਪਵੇਗਾ। ਇਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਬੱਚੇ ਪੈਦਾ ਕਰਨ ਲਈ ਬਣਨ ਵਾਲ਼ੇ ਮਰਦ-ਔਰਤ ਜੋੜਿਆਂ ਦੀ ਗਿਣਤੀ ਉਹੀ ਰਹੇਗੀ ਜਿੰਨੀ ਕਿ ਇੱਕ ਔਰਤ ਨਾਲ਼ ਵਿਆਹ ਦੀ ਆਗਿਆ ਹੋਣ ਨਾਲ਼ ਹੋਣੀ ਸੀ। ਇਸ ਤਰ੍ਹਾਂ ਮੌਜੂਦਾ ਸਮੇਂ ’ਚ ਅਬਾਦੀ ਦੇ ਵਾਧੇ ਦਾ ਮੁਸਲਮਾਨ ਮਰਦ ਨੂੰ ਚਾਰ-ਚਾਰ ਸ਼ਾਦੀਆਂ ਕਰਨ ਦਾ ਅਧਿਕਾਰ ਨਾਲ਼ ਦੂਰ-ਦੂਰ ਦਾ ਵਾਸਤਾ ਨਹੀਂ। ਅਸਲ ’ਚ ਇਹ ਤਰਕ ਜਨਸੰਘੀ ਲਾਣੇ ਦੇ ਮੁਸਲਮਾਨ-ਵਿਰੋਧੀ ਭੰਡੀ ਪ੍ਰਚਾਰ ਦਾ ਹਿੱਸਾ ਹਨ, ਪਰ ਗੁਰਦਿਆਲ ਸਿੰਘ ਵਰਗੇ ਵਿਦਵਾਨ ਸੱਜਣ ਸੰਘੀਆਂ ਦੇ ਇਸ ਭੰਡੀ ਪ੍ਰਚਾਰ ਦਾ ਇਸ ਹੱਦ ਤੱਕ ਪ੍ਰਭਾਵ ਕਬੂਲਦੇ ਹਨ, ਇਹ ਅਚੰਭੇ ਦੀ ਗੱਲ ਹੈ।

ਅਬਾਦੀ ਘਟਾਉਣ ਲਈ ਗੁਰਦਿਆਲ ਸਿੰਘ ਨੁਸਖਾ ਵੀ ਸੁਝਾਉਂਦੇ ਰਹਿੰਦੇ ਹਨ ਜਿਹੜਾ ਉਹਨਾਂ ਨੂੰ ਸੰਜੇ ਗਾਂਧੀ ਦੇ ਭਗਤਾਂ ਨੇੜੇ ਖੜ੍ਹਾ ਕਰ ਦਿੰਦਾ ਹੈ। ਉਹਨਾਂ ਅਨੁਸਾਰ ਅਬਾਦੀ ਘਟਾਉਣ ਲਈ ਸਖ਼ਤ ਤੇ ਕਾਰਗਰ ਕਾਰਵਾਈ ਕਰਨੀ ਚਾਹੀਦੀ ਹੈ। ਇਹ ‘ਕਾਰਗਰ ਕਾਰਵਾਈ’ ਉਹਨਾਂ ਅਨੁਸਾਰ ਚੀਨੀ ਤਰਜ਼ ਦੀ ‘‘ਇੱਕ ਬੱਚਾ ਜੰਮਣ’’ ਦੀ ਨੀਤੀ ਹੈ ਚਾਹੇ ਇਸ ਲਈ ‘‘ਡਿਕਟੇਟਰਸ਼ਿਪ’’ ਕਿਉਂ ਨਾ ਲਾਉਣੀ ਪਵੇ। ਵੈਸੇ ਗੁਰਦਿਆਲ ਸਿੰਘ ਜੀ ਜੇ ਤੁਸੀਂ ਥੋੜ੍ਹਾ ਸਰਮਾਏਦਾਰੀ ਦੇ ਖੜ੍ਹੇ ਕੀਤੇ ਭੁਲਾਂਦਰਿਆਂ ’ਚੋਂ ਬਾਹਰ ਨਿਕਲ ਸਕੋਂ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਰਾਜਸੱਤ੍ਹਾ ਹੁੰਦੀ ਹੀ ਡਿਕਟੇਟਰਸ਼ਿਪ ਹੈ, ਫਿਲਹਾਲ ਇਹ ਸਰਮਾਏਦਾਰੀ ਜਮਾਤ ਦੀ ਡਿਕਟੇਟਰਸ਼ਿਪ ਹੈ। ਖੈਰ ਅਸੀਂ ਉਹਨਾਂ ਦੇ ਨੁਸਖੇ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਚੀਨ ’ਚ ਅਬਾਦੀ ਵਧਣ ਦੀ ਰਫ਼ਤਾਰ ਇੱਕ ਬੱਚਾ ਜੰਮਣਦੀ ਨੀਤੀ ਨਾਲ਼ ਹੀ ਘਟੀ ਹੈ, ਇਹ ਵੀ ਇੱਕ ਭਰਮ ਹੈ ਜਿਸਨੂੰ ਤੱਥਾਂ ਸਹਿਤ ਸਿੱਧ ਕੀਤਾ ਜਾ ਸਕਦਾ ਹੈ। ਇੱਕ ਬੱਚੇ ਦੀ ਨੀਤੀ1979 ’ਚ ਦੇਂਗ ਜ਼ਿਓ ਪਿੰਗ ਦੀ ਸੋਧਵਾਦੀ ਜੁੰਡਲੀ ਨੇ ਲਾਗੂ ਕੀਤੀ ਸੀ। ਪਰ ਇਸ ਨੀਤੀ ਦੇ ਲਾਗੂ ਹੋਣ ਤੋਂ ਪਹਿਲਾਂ ਦੀ ਪ੍ਰਤੀ ਔਰਤ ਬੱਚਿਆਂ ਦੀ ਜਨਮ ਦਰ 6 ਤੋਂ ਘੱਟ ਕੇ ਨੀਤੀ ਲਾਗੂ ਹੋਣ ਦੇ ਸਮੇਂ ਤੱਕ ਘੱਟ ਕੇ 2.63 ਰਹਿ ਗਈ ਸੀ ਅਤੇ ਉਸਤੋਂ ਬਾਅਦ ਇੱਕ ਬੱਚੇ ਦੀ ਨੀਤੀ ਤਹਿਤ ਇਹ 2009 ਤੱਕ ਘਟ ਕੇ 1.8 (ਕੁਝ ਅਨੁਸਾਰ 1.64) ਹੋ ਗਈ ਹੈ। ਮਾਓ ਜ਼ੇ-ਤੁੰਗ ਕਾਲ ’ਚ ਪ੍ਰਤੀ ਔਰਤ ਬੱਚਿਆਂ ਦੀ ਜਨਮ ਦਰ ਘਟਣ ਦਾ ਕਾਰਨ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ, ਡਾਕਟਰੀ ਸਹੂਲਤਾਂ ਦੀ ਉਪਲਬਧਤਾ ਵਿਆਪਕ ਹੋਣ ਤੇ ਸੱਭਿਆਚਾਰਕ ਪੱਧਰ ਵਿਕਸਤ ਹੋਣਾ ਸੀ ਅਤੇ ਇਸ ਲਈ ਕਿਸੇ ਡਿਕਟੇਟਰਸ਼ਿਪ ਦੀ ਲੋੜ ਨਹੀਂ ਸੀ ਪਈ। ਦੂਜੀ ਗੱਲ ਇਹ ਕਿ ਇਸ ਤਰੀਕੇ ਨਾਲ਼ ਅਬਾਦੀ ਘਟਾਉਣ ਦੇ ਬੁਰੇ ਅਸਰ ਹੁਣ ਸਭ ਦੇ ਸਾਹਮਣੇ ਆ ਰਹੇ ਹਨ। ਚੀਨ ’ਚ 65 ਸਾਲ ਤੋਂ ਉੱਪਰ ਦੇ ਲੋਕਾਂ ਦੀ ਉਮਰ ਲਗਾਤਾਰ ਵਧ ਰਹੀ ਹੈ ਤੇ ਕੰਮ ਕਰਨ ਵਾਲ਼ੇ ਉਮਰ ਵਰਗ ਤੇ ਖਾਸ ਤੌਰ ’ਤੇੇ ਨੌਜਵਾਨਾਂ ਦੀ ਉਮਰ ਘਟ ਰਹੀ ਹੈ ਜਿਸ ਨਾਲ ਚੀਨ ਨੂੰ ਜਨਸੰਖਿਆ ਅਸੰਤੁਲਨ ਦਾ ਡਰ ਪੈਦਾ ਹੋ ਗਿਆ ਹੈ। ਇਸਨੂੰ 4-2-1 ਵਰਤਾਰਾ ਕਹਿੰਦੇ ਹਨ। ਭਾਵ ਕਿ ਚਾਰ ਮਾਪਿਆਂ ਦੇ ਦੋ ਬੱਚੇ ਤੇ ਫਿਰ ਦੋ ਮਾਪਿਆਂ ਦਾ ਇੱਕ ਬੱਚਾ, ਇਸਦਾ ਸਿੱਟਾ ਇਹ ਨਿਕਲਿਆ ਹੈ ਕਿ ਇੱਕ ਪਾਸੇ ਤਾਂ ਆਪਣੇ ਚਾਰੇ ਮਾਪਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਇੱਕੋ ਜੋੜੇ ’ਤੇ ਆ ਪਈ ਹੈ, ਦੂਜੇ ਪਾਸੇ ਸਰਕਾਰ ਨੂੰ ਵੀ ਪੈਨਸ਼ਨਾਂ ਤੇ ਬਜ਼ੁਰਗਾਂ ਦੀ ਦੇਖਰੇਖ ਲਈ ਕਿਤੇ ਜ਼ਿਆਦਾ ਤਰੱਦਦ ਕਰਨਾ ਪੈ ਰਿਹਾ ਹੈ। ਇਸ ਤੋਂ ਬਿਨਾਂ ਇੱਕੋ ਬੱਚੇ ਦੀ ਆਗਿਆ ਹੋਣ ਕਾਰਨ ਮਾਦਾ ਭਰੂਣ ਹੱਤਿਆ ਦੀ ਬੁਰਾਈ ਆ ਪ੍ਰਗਟ ਹੋਈ ਹੈ (ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਪਹਿਲਾਂ ਹੀ ਇਹ ਬੁਰਾਈ ਇੰਨੀ ਭਿਅੰਕਰ ਹੈ, ਇੱਥੇ ਕੀ ਹਾਲ ਹੋਵੇਗਾ ਇਸ ਬਾਰੇ ਸੋਚਣਾ ਹੀ ਦਿਲ-ਕੰਬਾਊ ਹੈ)। ਸਰਮਾਏਦਾਰੀ ਦੇ ਸੰਕਟ ਦੇ ਦੌਰਾਂ ’ਚ ਜਦੋਂ ਪਾਰਲੀਮਾਨੀ ਤਰੀਕਿਆਂ ਨਾਲ਼ ਸਰਮਾਏਦਾਰੀ ਜਮਾਤ ਲਈ ਹਕੂਮਤ ਕਰਨਾ ਅਸੰਭਵ ਹੁੰਦਾ ਜਾਂਦਾ ਹੈ ਤਾਂ ਅਜਿਹੇ ਸਮੇਂ ’ਚ ਫਾਸੀਵਾਦੀ ਧਾਰਾ ਜਮਹੂਰੀਅਤ ਨੂੰ ਖਾਰਜ ਕਰਨ ਲਈ ਹਰ ਸਮੱਸਿਆ ਲਈ ‘‘ਡਿਕਟੇਟਰਸ਼ਿਪ’’ ਨੂੰ ਹੀ ਇੱਕੋ-ਇੱਕ ਹੱਲ ਬਣਾ ਕੇ ਪੇਸ਼ ਕਰਦੀ ਹੈ ਜਿਸਦਾ ਅਸਲ ਮਕਸਦ ਆਮ ਲੋਕਾਂ ਦੇ ਬਚੇ-ਖੁਚੇ ਹੱਕਾਂ ਨੂੰ ਵੀ ਖੋਹ ਲੈਣਾ ਅਤੇ ਨੰਗੀ-ਚਿੱਟੀ ਸਰਮਾਏਦਾਰੀ ਦੀ ਦਹਿਸ਼ਤਗਰਦ ਹਕੂਮਤ ਕਾਇਮ ਕਰਨਾ ਹੁੰਦਾ ਹੈ। ਅਬਾਦੀ ਨੂੰ ‘‘ਡਿਕਟੇਟਰਸ਼ਿਪ’’ ਰਾਹੀਂ ਕੰਟਰੋਲ ਕਰਨ ਦੀਆਂ ਜੜ੍ਹਾਂ ਵੀ ਇਸੇ ਫਾਸੀਵਾਦੀ ਵਿਚਾਰਧਾਰਾ ’ਚ ਪਈਆਂ ਹਨ ਜਿਸ ਤੋਂ ਸਾਫ਼ ਰੂਪ ’ਚ ਗੁਰਦਿਆਲ ਸਿੰਘ ਵੀ ਜਾਣੇ-ਅਨਜਾਣੇ ਪ੍ਰਭਾਵਿਤ ਹੋ ਗਏ ਹਨ।

ਕੀ ਅਬਾਦੀ ’ਚ ਵਾਧਾ ਬਿਨਾਂ ਰੋਕ-ਟੋਕ ਦੇ ਅਤੇ ਇੱਕੋ ਰਫ਼ਤਾਰ ਨਾਲ਼ ਹੀ ਹੋ ਰਿਹਾ ਹੈ ਜਾਂ ਫਿਰ ਹੋ ਸਕਦਾ ਹੈ ਵਾਧਾ ਦਰ ਵੱਧ ਵੀ ਰਹੀ ਹੋਵੇ ਜਿਸ ਤਰ੍ਹਾਂ ਕਿ ਇਹਨਾਂ ਵਿਦਵਾਨਾਂ ਦੇ ‘‘ਬੇਤਹਾਸ਼ਾ ਵਾਧਾ’’ ‘‘ਬੇਰੋਕ-ਟੋਕ ਵਾਧਾ’’ ‘‘ਅਤਿਅੰਤ ਗੰਭੀਰ ਸੰਕਟ’’‘‘ਅਨਿਯੰਤਿ੍ਰਤ ਵਾਧਾ’’ ਆਦਿ ਸ਼ਬਦਾਂ ਤੋਂ ਲੱਗਦਾ ਹੈ? ਇੱਥੇ ਵੀ ਉੱਤਰ ਨਾਂਹ ’ਚ ਹੀ ਮਿਲਦਾ ਹੈ। ਭਾਰਤ ਦੇ ਸੰਦਰਭ ’ਚ, ਵਸੋਂ ਦੀ ਸਾਲਾਨਾ ਵਾਧਾ ਦਰ ਜੋ 1962 ਦੇ ਸਾਲ ’ਚ 2.2% ਸੀ (ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸਾਲਾਨਾ ਵਾਧਾ ਦਰ ਹੈ। ਪਹਿਲਾਂ ਹੀ 2009 ’ਚ ਘੱਟ ਕੇ 1.1% ਰਹਿ ਗਈ ਹੈ। ਬੱਚਾ ਪੈਦਾ ਕਰਨ ਦੇ ਯੋਗ ਔਰਤ ਨੂੰ ਜੰਮਣ ਵਾਲ਼ੇ ਬੱਚਿਆਂ ਦੀ ਦਰ (“ 6 ) ਘੱਟ ਕੇ 2.5 ਰਹਿ ਗਈ ਹੈ (ਜੇ ਇਹ ਦਰ 2.0 ਹੋ ਜਾਵੇ ਤਾਂ ਅਬਾਦੀ ਸਥਿਰ ਮੰਨੀ ਜਾਂਦੀ ਹੈ) ਅਤੇ ਇਹ ਦਰ 2017 ਤੱਕ ਘੱਟ ਕੇ 2.1 ਰਹਿ ਜਾਣ ਦਾ ਅਨੁਮਾਨ ਹੈ। ਭਾਰਤ ਦੇ ਕੁਝ ਸੂਬਿਆਂ ’ਚ ਇਹ ਦਰ 2.0 ਤੋਂ ਵੀ ਥੱਲੇ ਚਲੀ ਗਈ ਹੈ ਜਿਹਨਾਂ ’ਚ ਪੰਜਾਬ, ਤਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲਾ, ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼, ਇਹਨਾਂ ਸਭ ’ਚ ਟੀ. ਐੱਫ. ਆਰ. 1.8 ਹੈ ਜੋ ਯੂਰਪੀ ਦੇਸ਼ ਸਵੀਡਨ ਦੇ ਬਰਾਬਰ ਹੈ; ਮਹਾਂਰਾਸ਼ਟਰ ਤੇ ਦਿੱਲੀ ’ਚ ਇਹੀ ਦਰ 1.9 ਹੈ। ਇਹਨਾਂ ਸੂਬਿਆਂ ’ਚ ਜੋ ਅਬਾਦੀ ਦਾ ਵਾਧਾ ਹੋਵੇਗਾ ਉਹ ਬਜ਼ੁਰਗਾਂ ਦੀ ਵਧ ਰਹੀ ਗਿਣਤੀ ਕਾਰਨ ਹੋਵੇਗਾ। ਇਹਨਾਂ ਸੂਬਿਆਂ ’ਚ ਅਬਾਦੀ ਦੇ ਵਧਣ ਦਾ ਦੂਜਾ ਕਾਰਨ ਪਰਵਾਸ ਹੋਵੇਗਾ। ਫਿਰ ਇੱਕ ਸਮੇਂ ਬਾਅਦ ਜਨਮ ਦਰ ਦੇ ਮੌਤ ਦਰ ਤੋਂ ਪਿੱਛੇ ਰਹਿ ਜਾਣ ਕਾਰਨ ਅਬਾਦੀ ਘਟਣ ਲੱਗੇਗੀ। ਬਹੁਤ ਸਾਰੇ ਯੂਰਪੀ ਦੇਸ਼ ਜਿਹਨਾਂ ’ਚ 19ਵੀਂ ਸਦੀ, ਤੇ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ’ਚ ਅਬਾਦੀ ’ਚ ਤੇਜ਼ ਵਾਧਾ ਹੋਇਆ ਸੀ, ਅਬਾਦੀ ਦੇ ਚੱਕਰ ਦੇ ਇਸ ਪੜਾਅ ’ਚ ਦਾਖਿਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਰਨਾਟਕ ਤੇ ਜੰਮੂ ਕਸ਼ਮੀਰ ’ਚ ਇਹ ਦਰ 2.0 ਹੋ ਚੁੱਕੀ ਹੈ। ਸੰਸਾਰ ਪੱਧਰ ’ਤੇ ਵੀ ਅਬਾਦੀ ਦੇ ਵਧਣ ਦੀ ਗਤੀ ਮੱਠੀ ਹੋ ਰਹੀ ਹੈ, ਜਿਸਦੀ ਪੁਸ਼ਟੀ ਸਾਰਣੀ-1 ਤੋਂ ਹੋ ਜਾਂਦੀ ਹੈ।

ਹੁਣ ਇੱਕ ਝਾਤ ਸੁਰਜੀਤ ਸਿੰਘ ਢਿੱਲੋਂ ਹੁਰਾਂ ਦੇ ਲੇਖ ‘‘ਭਲੇ ਭਵਿੱਖ ਦੇ ਸੁਪਨਿਆਂ ਦਾ ਸੱਚ’’ (ਪੰਜਾਬੀ ਟਿ੍ਰਬਿਊਨ, 7 ਅਕਤੂਬਰ 2012) ’ਤੇ ਵੀ ਪਾ ਲਈਏ। ਉਹਨਾਂ ਅਨੁਸਾਰ ਵੀਗਰੀਬੀ ਦਾ ਮੂਲ ਕਾਰਨ ‘‘ਆਫਰਨ ’ਤੇ ਆਈ ਵਸੋਂ’’ ’ਚ ਪਿਆ ਹੈ, ਭਾਵ ਕਿ ਗਰੀਬੀ ਦੇ ਖਾਤਮੇ ਲਈ ਵਸੋਂ ਘਟਾਉਣੀ ਲਾਜ਼ਮੀ ਹੈ। ਜ਼ਰਾ ਦੇਖੀਏ ਕਿ ਇਹਨਾਂ ਦਾ ਇਹ ਤਰਕ ਇਹਨਾਂ ਨੂੰ ਕਿੱਥੇ ਲੈ ਕੇ ਜਾਂਦਾ ਹੈ? ਆਓ ਆਪਾਂ ਭਾਰਤ ਵਿੱਚ ਧੰਨ-ਸੰਪੱਤੀ ਦੇ ਆਬਾਦੀ ਵਿੱਚ ਬਟਵਾਰੇ ਨੂੰ ਦੇਖੀਏ। ਭਾਰਤ ਦੀ ਉੱਪਰਲੀ 1% ਆਬਾਦੀ ਦੇਸ਼ ਦੀ 16%, ਉੱਪਰਲੀ 5% ਆਬਾਦੀ 38% ਅਤੇ ਉੱਪਰਲੀ 10% ਆਬਾਦੀ 53% ਧੰਨ-ਸੰਪਤੀ ’ਤੇ ਕਾਬਜ਼ ਹੈ। ਹੇਠਲੀ ਆਬਾਦੀ ਦਾ ਹਾਲ ਕੀ ਹੈ- ਹੇਠਲੇ 80% ਲੋਕਾਂ ਕੋਲ 30%, ਹੇਠਲੇ 50% ਕੋਲ 8%, ਹੇਠਲੇ 20% ਕੋਲ 1% ਅਤੇ ਹੇਠਲੇ 10% ਲੋਕਾਂ ਕੋਲ ਦੇਸ਼ ਦੀ ਧਨ-ਸੰਪਤੀ ਦਾ ਮਹਿਜ਼ 0.2% ਹਿੱਸਾ ਹੈ। ਇਸ ਤਰਾਂ ਸਾਫ਼ ਹੈ ਕਿ ਭਾਰਤ ਦੀ ਹੇਠਲੀ 80% ਆਬਾਦੀ ਵੀ ਖਤਮ ਜਾਂ ਘੱਟ ਕਰ ਦਿੱਤੀ ਜਾਵੇ ਤਾਂ ਬਾਕੀ ਬਚੀ ਅਬਾਦੀ ਦੀ ਅਮੀਰੀ ’ਚ ਕੋਈ ਖਾਸ ਵਾਧਾ ਨਹੀਂ ਹੋਣ ਵਾਲਾ, ਹਾਂ ਅਬਾਦੀ ਘੱਟ ਕਰਨ ਦਾ ਸੰਜੇ ਗਾਂਧੀ ਵਾਲ਼ਾ ਫਾਰਮੂਲਾ ਉੱਪਰੋਂ ਲਾਗੂ ਕਰਨਾ ਸ਼ੁਰੂ ਕਰ ਦਈਏ ਤਾਂ ਗੁਣਾਤਮਕ ਫਰਕ ਪਵੇਗਾ!! ਹੁਣ ਢਿੱਲੋਂ ਸਾਬ੍ਹ ਹੀ ਦੱਸਣ ਕਿ ਉਹ ਕਿਸ ਪਾਸਿਓਂ ਅਬਾਦੀ ਘਟਾਉਣੀ ਸ਼ੁਰੂ ਕਰਨਗੇ ਤੇ ਕਿੰਨੀ ਘਟਾਉਣੀ ਚਾਹੁੰਣਗੇ 10%, 15% ਜਾਂ ਇਸ ਤੋਂ ਵੱਧ!!

ਸਾਰਣੀ – 1

ਸਾਲ                         1804   1927    1960    1974    1987    1999     2012     2027     2046      2086

ਵਸੋਂ

(ਬਿਲੀਅਨ ਵਿਚ)           1          2          3          4           5          6           7           8           9          10

ਇੱਕ ਬਿਲੀਅਨ

ਵਸੋਂ ਵਧਣ ‘ਚ ਲੱਗੇ ਸਾਲ    –      123        33        14         13        12         13          15         19         40

ਕਿਉਂਕਿ ਢਿੱਲੋਂ ਸਾਬ੍ਹ ਜੀਵ-ਵਿਗਿਆਨ ਦੇ ਪ੍ਰੋਫੈਸਰ ਰਹੇ ਹਨ, ਇਸ ਲਈ ਜੀਵ-ਵਿਗਿਆਨੀ ਫਾਰਮੂਲੇ ਮਨੁੱਖੀ ਸਮਾਜ ’ਤੇ ਲਾਗੂ ਨਾ ਕਰਨ, ਇਹ ਕਿਵੇਂ ਹੋ ਸਕਦਾ ਹੈ। ਉਹਨਾਂ ਅਨੁਸਾਰ – ‘‘ਜੀਵਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਦੋ ਤੋਂ ਚਾਰ, ਚਾਰ ਤੋਂ ਅੱਠ, ਅੱਠ ਤੋਂ ਸੋਲ੍ਹਾਂ ਹੁੰਦੇ ਹੋਏ ਵਧਦੇ ਹਨ। ਅਤੇ ਹਰ ਪ੍ਰਾਣੀ, ਸਮੇਤ ਮਨੁੱਖ ਦੇ, ਇਸੇ ਠਾਠ ਨਾਲ਼ ਆਪਣੀ ਵਸੋਂ ’ਚ ਵਾਧਾ ਕਰਨ ਦੇ ਯੋਗ ਹੈ।’’ ਪਰ ਉਹ ਭੁੱਲ ਜਾਂਦੇ ਹਨ ਕਿ ਇਹ ਉਹਨਾਂ ਜੀਵਾਂ ’ਤੇ ਲਾਗੂ ਹੁੰਦਾ ਹੈ ਜੋ ਇੱਕ ਕੋਸ਼ਿਕਾ ਵਾਲ਼ੇ ਹੁੰਦੇ ਹਨ ਤੇ ਪ੍ਰਜਣਨ ਲਈ ਪੁਰਾਣਾ ਜੀਵ ਇੱਕ ਨਿਸ਼ਚਿਤ ਸਮੇਂ ਬਾਅਦ ਦੋ ਨਵੇਂ ਜੀਵਾਂ ’ਚ ਟੁੱਟ ਜਾਂਦਾ ਹੈ, ਪਰ ਮਨੁੱਖਾਂ ’ਚ ਪ੍ਰਜਣਨ ਦੀ ਕਿਰਿਆ ਇਸ ਤੋਂ ਬਿਲਕੁਲ ਅਲੱਗ ਹੈ। ਨਾਲ਼ੇ ਜੇ ਅਜਿਹਾ ਹੁੰਦਾ ਤਾਂ ਮਨੁੱਖਾਂ ਦੀ ਵਸੋਂ ਆਰੰਭ ਤੋਂ ਹੀ ਇਸੇ ਰਫ਼ਤਾਰ ਨਾਲ਼ ਵਧਣੀ ਸੀ ਜਦਕਿ ਮਨੁੱਖੀ ਅਬਾਦੀ ਦਾ ਇਤਿਹਾਸਕ ਗਰਾਫ਼ ਇਸਨੂੰ ਸਾਫ਼ ਤੌਰ ’ਤੇ ਝੁਠਲਾਉਂਦਾ ਹੈ। ਅਸਲ ਵਿੱਚ ਜਦੋਂ ਵਿਗਿਆਨ ਦੀ ਇੱਕ ਸਾਖਾ ਦੇ ਸਿੱਟਿਆਂ ਨੂੰ ਵਿਗਿਆਨ ਦੀ ਦੂਜੀ ਸ਼ਾਖਾ ’ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਜਿਹੇ ਮੂਰਖਤਾਪੂਰਣ ਨਤੀਜੇ ਹੀ ਨਿਕਲਦੇ ਹਨ। ਵੈਸੇ ਇਹ ਇੱਕ ਕਿਸਮ ਦਾ ਮਾਲਥਸਵਾਦੀ ਸਿਧਾਂਤ ਹੀ ਹੈ। ਜਨਾਬ ਮਾਲਥਸ ਅਨੁਸਾਰ ਮਨੁੱਖਾਂ ਦੀ ਆਬਾਦੀ 1, 2, 4, 8, 16.. ਦੀ ਰਫਤਾਰ ਨਾਲ਼ ਭਾਵ ਰੇਖਾ ਗਣਿਤਕ ਕ੍ਰਮ ’ਚ ਵਧਦੀ ਹੈ ਜਦ ਕਿ ਅੰਨ ਦੀ ਪੈਦਾਵਾਰ 1, 2, 3, 4, 5.. ਢੰਗ ਨਾਲ਼ ਭਾਵ ਅੰਕ ਗਣਿਤਕ ਕ੍ਰਮ ’ਚ, ਇਸ ਲਈ ਭੁੱਖਮਰੀ ਦਾ ਫੈਲਣਾ ਅਟੱਲ ਹੈ। ਨਵ-ਮਾਲਥਸਵਾਦੀ ਹੁਣ ਇੱਕ ਵਾਰ ਫਿਰ ਤੋਂ ਸਰਗਰਮ ਹਨ। ਦੁਨੀਆਂ ਭਰ ’ਚ ਪੈਦਾ ਹੋ ਰਹੇ ਖੁਰਾਕੀ ਸੰਕਟ ਅਤੇ ਖੁਰਾਕੀ ਪਦਾਰਥਾਂ ਤੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਉਹ ਆਪਣੇ ਸਿਧਾਂਤ ਦੇ ਪੱਖ ’ਚ ਦਲੀਲ ਵਜੋਂ ਪੇਸ਼ ਕਰ ਰਹੇ ਹਨ। ਪ੍ਰੋ. ਢਿੱਲੋਂ ਹੁਰਾਂ ਨੇ ਵੀ ਇਹਨਾਂ ਦਾ ਜੂਠਾ ਖਾ ਲਿਆ ਲੱਗਦਾ ਹੈ। ਸਭ ਤੋਂ ਪਹਿਲਾਂ ਖੁਰਾਕੀ ਸੰਕਟ ਦੀ ਗੱਲ ਕਰੀਏ। ਭਾਰਤ ਦੇ ਮਾਮਲੇ ’ਚ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਘੱਟੋ-ਘੱਟ ਅਨਾਜ ਦੀ ਕੋਈ ਕਮੀ ਨਹੀਂ ਹੈ ਪਰ ਕੀਮਤਾਂ ਇਸ ਦੀਆਂ ਵੀ ਵਧ ਰਹੀਆਂ ਹਨ। ਕੀਮਤਾਂ ਵਧਣ ਦਾ ਗੋਰਖ-ਧੰਦਾ ਕੀ ਹੈ, ਇਸ ਬਾਰੇ ਵੀ ਅਸੀਂ ਗੱਲ ਕਰ ਹੀ ਚੁੱਕੇ ਹਾਂ। ਖੁਰਾਕੀ ਸੰਕਟ ਦਾ ਦੂਜਾ ਕਾਰਨ ਪੈਦਾਵਾਰ ਦਾ ਘਟਣਾ ਨਹੀਂ, ਸਗੋਂ ਲੋਕਾਂ ਦੀ ਖਰੀਦ ਸ਼ਕਤੀ ਘਟਣਾ ਹੈ ਜਿਸ ਦਾ ਕਾਰਨ ਅਬਾਦੀ ਨਹੀਂ ਸਰਮਾਏਦਾਰਾ ਲੁੱਟ ਹੈ। ਪੂਰੇ ਸੰਸਾਰ ’ਚ ਸਮੇਤ ਭਾਰਤ ਅਨਾਜ ਦੀ ਵੱਡੀ ਮਾਤਰਾ ਗੁਦਾਮਾਂ ’ਚ ਪਈ ਸੜ ਰਹੀ ਹੈ ਅਤੇ ਕਾਫ਼ੀ ਵੱਡੀ ਮਾਤਰਾ ਅਬਾਦੀ ਦਾ ਉਪਰਲਾ 10-15% ਹਿੱਸਾ ਬਰਬਾਦ ਕਰ ਰਿਹਾ ਹੈ ਜੋ ਥੋੜ੍ਹਾ ਖਾਂਦਾ ਹੈ ਬਹੁਤਾ ਖਿੰਡਾਉਂਦਾ ਹੈ, ਕੰਮ ਵੀ ਕੋਈ ਨਹੀਂ ਕਰਦਾ ਤੇ ਮੋਟਾ ਹੋ ਕੇ ਧਰਤੀ ’ਤੇ ਭਾਰ ਵਧਾ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਅਮਰੀਕਾ ਜਿਹੇ ਦੇਸ਼ ਤਾਂ ਮੰਡੀ ’ਚ ਅਨਾਜ ਦੀਆਂ ਕੀਮਤਾਂ ਨੂੰ ਡਿੱਗਣ ਤੋਂ ਰੋਕਣ ਲਈ ਅਨਾਜ ਦੀ ਵੱਡੀ ਮਾਤਰਾ ਸਮੁੰਦਰ ’ਚ ਰੋੜ੍ਹ ਦਿੰਦੇ ਹਨ। ਇਸ ਤੋਂ ਇਲਾਵਾ, ਅਨਾਜ ਦਾ ਇੱਕ ਵੱਡਾ ਹਿੱਸਾ ਹੁਣ ਜੈਵਿਕ ਬਾਲਣ (ਬਾਇਓ ਫਿਊਲ) ਬਣਾਉਣ ਦੀ ਭੇਟਾ ਚੜ੍ਹਨ ਲੱਗਾ ਹੈ ਜਿਸ ਨਾਲ਼ ਮੁੱਠੀ ਭਰ ਅਮੀਰਾਂ ਦੀਆਂ ਕਾਰਾਂ ਸੜਕਾਂ ’ਤੇ ਦੌੜਦੀਆਂ ਹਨ। ਅਨਾਜ ਦੀ ਉਪਲਬਧ ਮਾਤਰਾ ਨੂੰ ਹੀ ਜੇ ਠੀਕ ਤਰੀਕੇ ਵੰਡਿਆ ਹੀ ਜਾਵੇ (ਭਾਵੇਂ ਕਿ ਪੈਦਾਵਾਰ ਵਧਾਉਣ ਦੀ ਵੀ ਚੋਖੀ ਸੰਭਾਵਨਾ ਹੈ) ਉਸ ਨਾਲ਼ ਹੀ ਸੰਸਾਰ ’ਚ ਖੁਰਾਕ ਸੰਕਟ ਨਾਂ ਦੀ ਕਿਸੇ ਚੀਜ਼ ਦੀ ਹੋਂਦ ਨਹੀਂ ਰਹਿਣੀ। ਇੱਕ ਤਾਜ਼ਾ ਅਧਿਐਨ ਅਨੁਸਾਰ ਜੇ ਹਰ ਖਰਾਬ ਹੁੰਦੇ ਅੱਧੇ ਅਨਾਜ ਨੂੰ ਵੀ ਬਚਾ ਲਿਆ ਜਾਵੇ ਤਾਂ ਇਸ ਨਾਲ਼ ਇੱਕ ਬਿਲੀਅਨ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ। ਅੱਗੇ ਪ੍ਰੋ. ਢਿੱਲੋਂ ਲਿਖਦੇ ਹਨ ਸਿਰਫ਼ ਅੰਨ ਖਾਧਿਆਂ ਗੁਜ਼ਾਰਾ ਨਹੀਂ ਹੁੰਦਾ? …ਸਾਗ-ਸਬਜ਼ੀਆਂ, ਫਲ, ਦੁੱਧ-ਦਹੀਂ ਆਦਿ ਵੀ ਚਾਹੀਦੇ ਹਨ। ਬਿਲਕੁਲ ਜੀ, ਤੁਸੀਂ ਦਰੁਸਤ ਫ਼ਰਮਾਇਆ ਪਰ ਕੀ ਸੰਕਟ ਇਹਨਾਂ ਦੀ ਉਪਲਬਧਤਾ ਦਾ ਹੈ ਜਾਂ ਲੋਕਾਂ ਦੁਆਰਾ ਖਰੀਦ ਨਾ ਸਕਣ ਦਾ ਹੈ। ਇੱਕ ਅਨਪੜ੍ਹ ਵੀ ਜਾਣਦਾ ਹੈ ਕਿ ਕਹਾਣੀ ਕੀ ਹੈ, ਪਰ ਪੜ੍ਹੇ-ਲਿਖੇ ਆਪਣੀਆਂ ਐਨਕਾਂ ’ਤੇ ਕਾਲ਼ਾ ਰੰਗ ਕਰਵਾਈ ਰੱਖਦੇ ਹਨ।

ਇੱਕ ਹੋਰ ਗੈਰ-ਵਿਗਿਆਨਕ ਦਲੀਲ ਪ੍ਰੋ. ਢਿੱਲੋਂ ਤੇ ਹੋਰ ਕਈ ਵਿਦਵਾਨ ਇਹ ਘੜ੍ਹਦੇ ਹਨ ਕਿ ਧਰਤੀ ਦਾ ਇੱਕ ਟੁਕੜਾ ਜੀਵਾਂ ਦੀ ਇੱਕ ਨਿਸ਼ਚਿਤ ਗਿਣਤੀ ਨੂੰ ਹੀ ਸਹਾਰ ਸਕਦਾ ਹੈ, ਜਦੋਂ ਗਿਣਤੀ ਉਸ ਖਾਸ ਗਿਣਤੀ ਤੋਂ ਵਧ ਜਾਂਦੀ ਹੈ ਤਾਂ ਵਿਨਾਸ਼ ਹੋਣਾ ਲਾਜ਼ਮੀ ਹੈ। ਇਹ ਵੀ ਮਾਲਥਸਵਾਦੀ ਤਰਕਸ਼ ’ਚੋਂ ਚੁੱਕਿਆ ਤੀਰ ਹੈ ਜੋ ਕਦੋਂ ਦਾ ਬੇਕਾਰ ਹੋ ਚੁੱਕਾ ਹੈ। ਢਿੱਲੋਂ ਸਾਬ੍ਹ ਇਸ ਨੂੰ ਸਪੱਸ਼ਟ ਕਰਨ ਲਈ ਹਿਰਨਾਂ ਦੀ ਉਦਾਹਰਨ ਹਨ, ਹੋਰ ਵਿਦਵਾਨ ਜਿਵੇਂ ਕਿ ਨੂਰਪੁਰ ਹੁਰੀਂ ਡਾਇਨਾਸੋਰਾਂ ਦੀ ਉਦਾਹਰਨ ਦਿੰਦੇ ਹਨ। ਅਜਿਹਾ ਲੱਗਦਾ ਹੈ ਕਿ ਮਨੁੱਖੀ ਸਮਾਜ ਨਾਲ ਜੁੜੇ ਮਸਲੇ ਵਿਦਵਾਨਾਂ ਲਈ ਜਾਂ ਤਾਂ ਆਮ ਲੋਕਾਂ ਨੂੰ ਉਪਦੇਸ਼ ਦੇਣ ਦਾ ਖੇਤਰ ਲੱਗਦੇ ਹਨ ਜਾਂ ਫਿਰ ਉਹ ਇਹ ਇਹਨਾਂ ਨੂੰਸੜਕ ’ਤੇ ਲੇਟੀ ਕੁੱਤੀ ਵਾਂਗ ਲੱਗਦੇ ਹਨ ਜਿਸਨੂੰ ਜਦ ਦਿਲ ਕਰੇ ਲੰਘਦੇ-ਟੱਪਦੇ ਲੱਤ ਮਾਰ ਦਿਉ।ਵਿਦਵਾਨ ਸੱਜਣੋਂ, ਕੀ ਪਸ਼ੂ ਜਗਤ ਤੇ ਮਨੁੱਖਾਂ ’ਚ ਤੁਹਾਨੂੰ ਕੋਈ ਫ਼ਰਕ ਵੀ ਲੱਗਦਾ ਹੈ ਕਿ ਨਹੀਂ। ਅਸਲ ਵਿੱਚ ਇਹ ਵਿਦਵਾਨ ਇਸ ਜੁਮਲੇ ਦੇ ਸ਼ਿਕਾਰ ਹਨ – ਮਨੁੱਖ ਇੱਕ ਹੋਰ ਜਾਨਵਰ ਹੈ ( )। ਮਨੁੱਖ ਜਿੱਥੇ ਕੁਦਰਤ ਦਾ ਇੱਕ ਹਿੱਸਾ ਹੈ, ਉਥੇ ਇਹ ਕੁਦਰਤ ਨੂੰ ਪ੍ਰਭਾਵਿਤ ਵੀ ਕਰਦਾ ਹੈ। ਮਨੁੱਖ ਦੀ ਚੇਤਨਾ ਦਾ ਵਿਕਾਸ ਪਸ਼ੂ ਜਗਤ ਨਾਲੋਂ ਕਿਤੇ ਜ਼ਿਆਦਾ ਹੈ, ਮਨੁੱਖ ਇੱਕ ਪੈਦਾਕਾਰ ਹੈ, ਇਹ ਸੰਦਾਂ ਦਾ ਇਸਤੇਮਾਲ ਕਰਦਾ ਹੈ, ਇਹ ਕੁਦਰਤ ਨੂੰ ਆਪਣੀ ਸੇਵਾ ’ਚ ਲਾਉਂਦਾ ਹੈ। ਇਹ ਪਸ਼ੂਆਂ ਨੂੰ ਪਾਲਤੂ ਬਣਾ ਕੇ ਪਸ਼ੂ-ਪਾਲਣ ਸ਼ੁਰੂ ਕਰਦਾ ਹੈ, ਖੇਤੀ ਕਰਨੀ ਸ਼ੁਰੂ ਕਰਦਾ ਹੈ, ਸ਼ਹਿਰ ਵਸਾਉਂਦਾ ਹੈ, ਵੱਡੇ-ਵੱਡੇ ਅਜੂਬੇ ਉਸਾਰ ਦਿੰਦਾ ਹੈ। ਇਹ ਸਮਝਣਾ ਕਿ ਮਨੁੱਖ ਪੂਰੀ ਤਰ੍ਹਾਂ ਕੁਦਰਤ ਦਾ ਗੁਲਾਮ ਹੈ, ਮਨੁੱਖ ਦੀ ਚੇਤਨਾ ਨੂੰ ਬਹੁਤ ਘੱਟ ਕਰਕੇ ਦੇਖਣਾ ਹੈ ਅਤੇ ਮਨੁੱਖ ਬਾਰੇ ਬਹੁਤ ਪੇਤਲੀ ਸਮਝ ਰੱਖਣਾ ਹੈ। ਕੋਈ ਸਮਾਂ ਸੀ ਅਕਾਲ ਪੈਂਦੇ ਸਨ, ਪਰ ਅੱਜ ਨਹੀਂ ਪੈਂਦੇ। ਕੋਈ ਸਮਾਂ ਸੀ ਪਲੇਗ ਮਨੁੱਖਤਾ ਦੇ ਇੱਕ ਤਿਹਾਈ ਹਿੱਸੇ ਨੂੰ ਖਤਮ ਕਰ ਦਿੰਦੀ ਸੀ, ਪਰ ਅੱਜ ਇਸ ਦੇ ਫੈਲਣ ਨਾਲ਼ 2-4 ਤੋਂ ਵੱਧ ਮੌਤਾਂ ਨਹੀਂ ਹੁੰਦੀਆਂ। (ਹੁਣ ਤੁਸੀਂ ਕਹੋਗੇ ਕਿ ਮਨੁੱਖ ਅੱਜ ਵੀ ਵੱਡੀ ਗਿਣਤੀ ’ਚ ਬਿਮਾਰੀਆਂ ਨਾਲ਼ ਮਰਦੇ ਹਨ, ਮੈਂ ਕਹਾਂਗਾ ਵਿਦਵਾਨ ਜੀ ਕੁਝ ਸੋਚਿਆ ਵੀ ਕਰੋ, ਇਹਨਾਂ ਮੌਤਾਂ ਦਾ ਕਾਰਨ ਅਬਾਦੀ ਨਹੀਂ, ਮੈਡੀਕਲ ਵਿਗਿਆਨ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਮੁਨਾਫੇ ਕੁੱਟਣ ਲਈ ਵਰਤਣਾ ਹੈ) ਇਸ ਕਰਕੇ ਹਿਰਨਾਂ/ਡਾਇਨਾਸੋਰਾਂ ਦੀਆਂ ਉਦਾਹਰਣਾਂ ਕਿਸੇ ਛੋਟੇ ਬੱਚੇ ਲਈ ਤਾਂ ਵੱਡੀ ਦਲੀਲ ਹੋ ਸਕਦੀ ਹੈ, ਪਰ ਪੜ੍ਹੇ-ਲਿਖੇ ਜਦ ਬੱਚਿਆਂ ਵਰਗੀਆਂ ਗੱਲਾਂ ਕਰਨ ਲੱਗਦੇ ਹਨ ਤਾਂ ਹੈਰਾਨੀ ਹੁੰਦੀ ਹੈ।

ਇੱਕ ਹੋਰ ਚਿੰਤਾ ਜੋ ਗੁਰਦਿਆਲ ਸਿੰਘ ਐਂਡ ਕੰਪਨੀ ਨੂੰ ਰਹਿੰਦੀ ਹੈ, ਉਹ ਹੈ ਵਾਤਵਰਣ ਦੀ ਤਬਾਹੀ। ਇਹ ਬਿਲਕੁਲ ਹੋਣੀ ਚਾਹੀਦੀ ਹੈ ਅਤੇ ਹਰ ਸਮਾਜਿਕ ਸਰੋਕਾਰ ਰੱਖਣ ਵਾਲਾ ਵਿਅਕਤੀ ਇਹ ਚਿੰਤਾ ਕਰਦਾ ਹੈ, ਅਸੀਂ ਉਹਨਾਂ ਨਾਲ਼ ਹਾਂ। ਪਰ ਜਦ ਮੁੱਦਾ ਇਸਦੇ ਕਾਰਨਾਂ ਦਾ ਆਉਂਦਾ ਹੈ ਤਾਂ ਇੱਕ ਵਾਰ ਫਿਰ ਇਹਨਾਂ ਦੀ ਸੂਈ ਅਬਾਦੀ’ਤੇ ਆ ਕੇ ਰੁਕ ਜਾਂਦੀ ਹੈ ਅਤੇ ਵਾਤਾਵਰਣ ਬਚਾਉਣ ਲਈ ਅਬਾਦੀ ਘਟਾਉਣ ਦੀ ਵਕਾਲਤ ਕਰਦੇ ਹਨ। ਇਹਨਾਂ ਦਾ, ਖਾਸ ਕਰਕੇ ਗੁਰਚਰਨ ਨੂਰਪੁਰ ਹੁਰਾਂ ਦਾ ਕਹਿਣਾ ਹੈ ਕਿ ਅਬਾਦੀ ਵਧਣ ਨਾਲ਼ ਕਾਰਾਂ, ਬਿਜਲੀ ਘਰਾਂ, ਵੱਡੇ-ਵੱਡੇ ਬਜ਼ਾਰਾਂ ਆਦਿ ਆਦਿ ਦੀ ਵੱਡੀ ਮੰਗ ਪੈਦਾ ਹੁੰਦੀ ਹੈ ਤੇ ਜਿਸਨੂੰ ਪੂਰਿਆਂ ਕਰਨ ਲਈ ਫੈਕਟਰੀਆਂ ਦੀ ਗਿਣਤੀ ਵਧਦੀ ਹੈ ਤੇ ਪ੍ਰਦੂਸ਼ਣ ਵਧਦਾ ਹੈ। ਭਾਰਤ ’ਚ 77% ਅਬਾਦੀ 20 ਰੁਪੈ ਪ੍ਰਤੀ ਦਿਨ ਤੋਂ ਘੱਟ ’ਤੇ ਗੁਜ਼ਾਰਾ ਕਰਦੀ ਹੈ, ਅਬਾਦੀ ਦਾ ਇਹ ਤਿੰਨ-ਚੌਥਾਈ ਹਿੱਸਾ ਕਿੰਨਾ ਕੁ ਕਾਰਾਂ ਖਰੀਦਦਾ ਹੈ, ਕਿੰਨੀ ਕੁ ਬਿਜਲੀ ਇਸਤੇਮਾਲ ਕਰਦਾ ਹੈ, ਕਿੰਨਾ ਕੁ ਬਜ਼ਾਰਾਂ ’ਚ ਜਾਂਦਾ ਹੈ, ਹਵਾਈ ਜ਼ਹਾਜ ਬੱਸਾਂ ਤੇ ਰੇਲ ਗੱਡੀਆਂ ਵਰਤਦਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਪਰ ਨਹੀਂ, ਇਹਨਾਂ ਵਿਦਵਾਨ ਸੱਜਣਾਂ ਨੂੰ ਪੂਰੀ ਮਨੁੱਖਤਾ ਦੋਸ਼ੀ ਲੱਗਦੀ ਹੈ। ਦੁਨੀਆਂ ਦੀ ਉੱਪਰਲੀ 20% ਅਬਾਦੀ 87% ਵਾਹਨਾਂ ਦਾ ਇਸਤੇਮਾਲ ਕਰਦੀ ਹੈ, ਇਹੀ 20% ਅਬਾਦੀ ਕੁਲ ਊਰਜਾ ਖਪਤ ਦਾ 60% ਖਪਤ ਕਰਦੀ ਹੈ। ਇਸ ਤਰ੍ਹਾਂ ਸਾਫ਼ ਹੈ ਕਿ ਲੋੜਾਂ ਵਧਣ ਦਾ ਤਰਕ ਉੱਪਰਲੀ 20% ਅਬਾਦੀ ’ਤੇ ਢੁੱਕਦਾ ਹੈ। ਦੂਜੀ ਗੱਲ, ਕੀ ਸਰਮਾਏਦਾਰੀ ਢਾਂਚੇ ਵਿੱਚ ਪੈਦਾਵਾਰ ਸਮਾਜਿਕ ਜ਼ਰੂਰਤਾਂ ਨੂੰ ਧਿਆਨ ’ਚ ਰੱਖਕੇ ਹੁੰਦੀ ਹੈ ਜਾਂ ਸਰਮਾਏਦਾਰਾਂ ਦੇ ਨਿੱਜੀ ਮੁਨਾਫਿਆਂ ਲਈ? ਸਾਫ਼ ਤੌਰ ’ਤੇ ਦੂਜੇ ਮੰਤਵ ਲਈ। ਫਿਰ ਪ੍ਰਦੂਸ਼ਣ ਫੈਲਾਉਣ ਲਈ ਸਾਰੇ ਲੋਕ ਜਿੰਮੇਵਾਰ ਕਿਉਂ? ਇਹ ਇਹੀ ਸਮਝਣ। ਖੁਦ ਨੂਰਪੁਰ ਇਹ ਲਿਖਦੇ ਹਨ- ‘‘ਇਹਨਾਂ ਲੋੜਾਂ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਬਹੁਤ ਸਾਰੀਆਂ ਲੋੜਾਂ ਹਨ ਜਾਂ ਇੰਝ ਕਹਿ ਲਈਏ ਕਿ ਪੂੰਜੀਵਾਦੀ ਸਮਾਜ ਨੇ ਉਸ ਲਈ ਇਹ ਲੋੜਾਂ ਪੈਦਾ ਕਰ ਦਿੱਤੀਆਂ ਹਨ।’’ਪਰ ਉਹ ਇਹ ਜਾਣਦੇ ਹੋਏ ਵੀ ਢਾਂਚੇ ਦੀ ਗੱਲ ਕਰਨ ਦੀ ਥਾਂ ਅਬਾਦੀ ਦਾ ਰੋਣ-ਪਿੱਟਣ ਲੈ ਕੇ ਬੈਠ ਜਾਂਦੇ ਹਨ। ਜੇ ਪ੍ਰਦੂਸ਼ਣ ਘਟਾਉਣਾ ਹੀ ਹੈ (ਜੋ ਕਿ ਅਤੀ ਜ਼ਰੂਰੀ ਹੈ) ਤਾਂ ਅਸੀਂ ਉੱਪਰਲੇ 10-15% ਦਾ ਕੁਝ ਕਰੀਏ ਜਿਹੜੇ ਜੇ ਬਸ ਚੱਲੇ ਤਾਂ ਗੁਸਲਖਾਨੇ ’ਚ ਨਹਾਉਣ ਵੀ ਟਾਟਾ ਦੀ ਕਾਰ ’ਚ ਬੈਠ ਕੇ ਜਾਣ ਤੇ ਉਹ ਵੀ ਪਰਿਵਾਰ ਦਾ ਹਰੇਕ ਜੀਅ ਆਪਣੀ-ਆਪਣੀ ਭਾਲੇਗਾ।

ਹੁਣ ਅਸੀਂ ਅਬਾਦੀ ਦੇ ਵਧਣ ਦੀ ਪ੍ਰਕਿਰਿਆ ਨੂੰ ਸਮਝ ਲਈਏ। ਅਬਾਦੀ ਹਮੇਸ਼ਾਂ ਹੀ ਇੱਕੋ ਰਫਤਾਰ ਨਾਲ਼ ਨਹੀਂ ਵਧਦੀ ਅਤੇ ਨਾ ਹੀ ਇਹ ਸਦਾ ਵਧਦੀ ਹੀ ਹੈ, ਇਹ ਸਥਿਰ ਵੀ ਹੋ ਜਾਂਦੀ ਹੈ ਅਤੇ ਘਟਣ ਵੀ ਲੱਗਦੀ ਹੈ। ਅਬਾਦੀ ’ਚ ਇਹਨਾਂ ਬਦਲਾਵਾਂ ਦਾ ਕਾਰਨ ਮਨੁੱਖਾਂ ਦੇ ਦਿਮਾਗਾਂ ’ਚ ਨਹੀਂ ਪਏ ਜਿਸ ਤਰ੍ਹਾਂ ਕਿ ਗੁਰਦਿਆਲ ਸਿੰਘ ਹੁਰੀਂ ਆਮ ਲੋਕਾਂ ਨੂੰ ਮੂਰਖ, ਜ਼ਾਹਿਲ ਗਰਦਾਨ ਕੇ ਦਿਖਾ ਰਹੇ ਹਨ ਜਾਂ ਫਿਰ ‘ਬੱਚਿਆਂ ਨੂੰ ਵਰਦਾਨ’ ਸਮਝਣ ਜਾਂ ਅਜਿਹੀਆਂ ਹੀ ਹੋਰ ਧਾਰਨਾਵਾਂ ਦੀ ਮਿਸਾਲ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਧਾਰਨਾਵਾਂ ਵੀ ਮਨੁੱਖ ਦੇ ਜੀਵਨ ਦੇ ਭੌਤਿਕ ਹਾਲਾਤਾਂ ’ਚੋਂ ਪੈਦਾ ਹੁੰਦੀਆਂ ਹਨ। ਜਿਵੇਂ ਅਸੀਂ ‘‘ਬੱਚਿਆਂ ਨੂੰ ਵਰਦਾਨ’’ ਸਮਝਣ ਦੀ ਧਾਰਨਾ ਹੀ ਲਈਏ। ਮੱਧਵਰਗੀ ਜੋੜਿਆਂ ਲਈ ਹੁਣ ਬੱਚੇ ਵਰਦਾਨ ਨਹੀਂ ਰਹੇ ਅਤੇ ਇਹ ਆਮ ਤੌਰ ’ਤੇ ਇੱਕ ਜਾਂ ਹੱਦ ਦੋ ਬੱਚੇ ਪੈਦਾ ਕਰਦੇ ਹਨ। ਕਾਰਨ, ਇਹਨਾਂ ਦੀ ਸਮਾਜਿਕ ਹੈਸੀਅਤ ਜਿਸ ਕਾਰਨ ਬਹੁਤੇ ਬੱਚਿਆਂ ਦਾ ਪਾਲਣ-ਪੋਸ਼ਣ ਮੁਸ਼ਕਿਲ ਹੁੰਦਾ ਜਾਂਦਾ ਹੈ ਅਤੇ ਦੂਸਰਾ ਇਹਨਾਂ ਕੋਲ ਜੀਵਨ ਦੀ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਪਰ ਇਹ ਸੁਰੱਖਿਆ ਗਰੀਬਾਂ ਕੋਲ ਨਹੀਂ ਹੁੰਦੀ ਜਿਸ ਦਾ ਨਤੀਜਾ ਬੱਚਿਆਂ ਦੀ ਜ਼ਿਆਦਾ ਜਨਮ ਦਰ ਵਿੱਚ ਨਿਕਲਦੀ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਜਿਵੇਂ ਸਿਹਤ ਸੁਵਿਧਾਵਾਂ ਦਾ ਵਿਕਾਸ ਹੁੰਦਾ ਹੈ, ਜਨਮ ਦਰ ਘੱਟਦੀ ਜਾਂਦੀ ਹੈ। ਜੇ ਅਸੀਂ ਮਨੁੱਖਤਾ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜਦੋਂ ਵੀ ਪੈਦਾਵਾਰੀ ਤਾਕਤਾਂ ’ਚ ਗੁਣਾਤਮਕ ਵਿਕਾਸ ਹੋਇਆ ਹੈ ਤਾਂ ਅਬਾਦੀ ਇਕਦਮ ਵਧੀ ਹੈ। ਜਿਵੇਂ ਜਦੋਂ ਮਨੁੱਖ ਨੇ ਮੁੱਢਲੀ ਖੇਤੀ ਸ਼ੁਰੂ ਕੀਤੀ ਤਾਂ ਖੁਰਾਕ ਦੀ ਸਪਲਾਈ ਕਾਫ਼ੀ ਨਿਯਮਤ ਹੋ ਗਈ ਤੇ ਨਤੀਜਾ ਸੀ ਅਬਾਦੀ ’ਚ ਵਾਧਾ। ਬਿਲਕੁਲ ਆਧੁਨਿਕ ਸਮੇਂ ’ਚ ਵੀ ਅਸੀਂ ਇਹੀ ਵਰਤਾਰਾ ਦੇਖਦੇ ਹਾਂ। ਜਦੋਂ ਜਗੀਰਦਾਰੀ ਦੀ ਥਾਂ ਸਰਮਾਏਦਾਰੀ ਨੇ ਲਈ ਤਾਂ ਅਬਾਦੀ ’ਚ ਇਕਦਮ ਵਾਧਾ ਹੋਇਆ। ਇੰਗਲੈਂਡ ਇਸਦੀ ਪ੍ਰਤੀਨਿਧ ਉਦਾਹਰਨ ਹੈ ਜਿਸਦੀ ਅਬਾਦੀ 1700-1900 ਦੇ ਵਕਫ਼ੇ ’ਚ ਚਾਰ ਗੁਣਾ ਵਧੀ ਸੀ ਤੇ ਬਿਲਕੁਲ ਇਹੀ ਸਮਾਂ ਸੀ ਜਦੋਂ ਇੰਗਲੈਂਡ ’ਚ ਸੱਨਅਤੀ ਇਨਕਲਾਬ ਆਇਆ ਤੇ ਸਿਹਤ ਸਿੱਖਿਆ ਦਾ ਪਸਾਰ ਹੋਇਆ। ਫਿਰ ਜਿਵੇਂ ਆਰਥਿਕ ਤੇ ਸਮਾਜਕ ਜੀਵਨ ਦੀ ਸੁਰੱਖਿਆ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਅਤੇ ਸੱਭਿਆਚਾਰਕ ਪੱਧਰ ਉੱਚਾ ਹੋਇਆ, ਅਬਾਦੀ ਦੀ ਵਾਧਾ ਦਰ ਘਟ ਗਈ।

ਜਾਂਦੇ ਜਾਂਦੇ ਅਸੀਂ ਅਬਾਦੀ ਸੰਕਟ ਦੇ ਇਸ ਰੋਣ-ਧੋਣ ਦੇ ਭੌਤਿਕ ਅਧਾਰ ਵੱਲ ਵੀ ਝਾਤ ਮਾਰ ਲਈਏ। ਇਸ ਪੂਰੀ ਵਿਚਾਰਧਾਰਾ ਦੀ ਬੁਨਿਆਦ ਮਾਲਥਸ ਦੇ ਸਿਧਾਂਤਾਂ ’ਚ ਹੈ ਅਤੇ ਇਸੇ ਦਾ ਆਧੁਨਿਕ ਰੂਪ ਨਵ-ਮਾਲਥਸਵਾਦ ਹੈ ਜੋ ਪਿਛਲੇ ਸੌ ਸਾਲਾਂ ਤੋਂ ਸਮੇਂ-ਸਮੇਂ ਸਿਰ ਚੁੱਕਦਾ ਰਿਹਾ ਹੈ। ਇਹ ਨਿੱਕ-ਬੁਰਜੂਆ ਜਮਾਤ (ਛੋਟੇ ਨੌਕਰਸ਼ਾਹ, ਦਰਮਿਆਨੇ ਕਿਸਾਨ, ਦਸਤਕਾਰ ਤੇ ਵਰਕਸ਼ਾਪ ਚਲਾਉਣ ਵਾਲ਼ੇ, ਛੋਟੇ ਵਪਾਰੀ ਤੇ ਦੁਕਾਨਦਾਰ) ਅਤੇ ਬੁੱਧੀਜੀਵੀ ਤਬਕੇ ਦੀ ਵਿਚਾਰਧਾਰਾ ਹੈ। ਇਹ ਉਹ ਸਮਾਜਕ ਜਮਾਤ ਹੈ ਜੋ ਲਗਾਤਾਰ ਬਰਬਾਦ ਹੋਣ ਦੇ ਕਿਨਾਰੇ ਖੜ੍ਹੀ ਰਹਿੰਦੀ ਹੈ, ਇਸਦਾ ਕੁਝ ਹਿੱਸਾ ਲਗਾਤਾਰ ਬਰਬਾਦ ਹੋ ਕੇ ਗਰੀਬਾਂ ਤੇ ਉਜਰਤੀ ਮਜ਼ਦੂਰਾਂ ’ਚ ਰਲਦਾ ਰਹਿੰਦਾ ਹੈ। ਲੈਨਿਨ ਅਨੁਸਾਰ ‘‘ਨਿੱਕ-ਬੁਰਜੂਆ ਦੇਖਦਾ ਤੇ ਮਹਿਸੂਸ ਕਰਦਾ ਹੈ ਕਿ ਉਹ ਬਰਬਾਦੀ ਵੱਲ ਵਧ ਰਿਹਾ ਹੈ, ਜ਼ਿੰਦਗੀ ਰੋਜ਼ ਔਖੀ ਹੁੰਦੀ ਜਾ ਰਹੀ ਹੈ, ਹੋਂਦ ਬਣਾਈ ਰੱਖਣ ਦਾ ਸੰਘਰਸ਼ ਸਦਾ ਵਧੇਰੇ ਬੇਰਹਿਮ ਹੁੰਦਾ ਜਾ ਰਿਹਾ ਹੈ, ਅਤੇ ਉਸਦੀ ਤੇ ਉਸਦੇ ਪਰਿਵਾਰ ਦੀ ਪੋਜ਼ੀਸ਼ਨ ਜ਼ਿਆਦਾ ਤੋਂ ਜ਼ਿਆਦਾ ਨਾ-ਉਮੀਦੀ ਵਾਲ਼ੀ ਹੁੰਦੀ ਜਾਂਦੀ ਹੈ। ਨਿੱਕ-ਬੁਰਜੂਆ ਇਸ ਹਾਲਤ ਦੇ ਖਿਲਾਫ਼ ਰੋਹ ਜਤਾਉਂਦਾ ਹੈ।

ਪਰ ਉਹ ਆਪਣਾ ਰੋਹ ਕਿਵੇਂ ਜਤਾਉਂਦਾ ਹੈ?

ਉਹ ਉਸ ਜਮਾਤ ਦੇ ਨੁਮਾਇੰਦੇ ਵਜੋਂ ਰੋਸ ਪ੍ਰਗਟ ਕਰਦਾ ਹੈ ਜਿਹੜੀ ਨਾ-ਉਮੀਦੀ ’ਚ ਹੈ, ਆਪਣੇ ਭਵਿੱਖ ਨੂੰ ਲੈ ਕੇ ਨਿਰਾਸ਼ ਹੈ, ਉਹ ਉਦਾਸ ਹੈ ਅਤੇ ਡਰਪੋਕ ਵੀ ਹੈ। ਕੁਝ ਨਹੀਂ ਹੋ ਸਕਦਾ…. ਇਸ ਤੋਂ ਬਿਨਾਂ ਕਿ ਸਾਡੇ ਜਿਹਾ ਸੰਤਾਪ ਤੇ ਸਖ਼ਤ ਘਾਲਣਾ, ਸਾਡੀ ਗਰੀਬੀ ਤੇ ਅਪਮਾਣ ਝੱਲਣ ਲਈ ਸਾਡੇ ਬੱਚੇ ਘੱਟ ਹੋਣ ਨਿੱਕ ਬੁਰਜੂਆ ਦੀ ਇਹੀ ਚੀਕ ਹੈ।’’

ਇਹ ਇੱਕ ਅਜਿਹੀ ਜਮਾਤ ਹੈ ਜਿਹੜੀ ਇਹ ਤਾਂ ਕਹੇਗੀ ਕਿ ‘‘ਓਨੇ ਹੀ ਬੱਚੇ ਪੈਦਾ ਕਰੋ ਜਿੰਨਿਆਂ ਨੂੰ ਸੰਭਾਲ ਲਈਏ’’ ਪਰ ਇਹ ਕਦੇ ਨਹੀਂ ਕਹੇਗੀ ‘‘ਬੱਚਿਓ, ਹੋਰ ਵਧੇਰੇ ਚੰਗੇ ਤਰੀਕੇ ਨਾਲ਼, ਜ਼ਿਆਦਾ ਵਧੀਆ ਏਕਾ ਬਣਾਕੇ, ਹੋਰ ਸੁਚੇਤ ਹੋ ਕੇ ਅਤੇ ਹੋਰ ਜ਼ਿਆਦਾ ਦਿ੍ੜ੍ਹਤਾ ਨਾਲ਼ ਅੱਜ ਦੀਆਂ ਉਹਨਾਂ ਹਾਲਤਾਂ ਖਿਲਾਫ਼ ਲੜੋ ਜਿਹੜੀਆਂ ਸਾਨੂੰ ਅਪੰਗ ਕਰ ਰਹੀਆਂ ਹਨ ਤੇ ਬਰਬਾਦ ਕਰ ਰਹੀਆਂ ਹਨ।’’

ਇੱਕ ਹੋਰ ਸਮਾਜਿਕ ਤਬਕਾ ਹੈ ਜੋ ਇਸ ਵਿਚਾਰਧਾਰਾ ਦਾ ਤਕੜਾ ਵਾਹਕ ਹੈ, ਇਹ ਹੈ ਸ਼ਹਿਰੀ ਤੇ ਪੇਂਡੂ ਮੱਧਵਰਗ ਖਾਸ ਤੌਰ ’ਤੇ ਇਸਦਾ ਉੱਪਰਲਾ ਹਿੱਸਾ। ਇਹ ਉਹ ਤਬਕਾ ਹੈ ਜਿਹੜਾ ਸਮਾਜ ਦੇ ਉੱਚ-ਵਰਗ ’ਚ ਸ਼ਾਮਿਲ ਹੋਣ ਦੇ ਸੁਪਨੇ ਦੇਖਦਾ ਹੈ ਅਤੇ ਆਧੁਨਿਕ ਸਮੇਂ ਦੀਆਂ ਸਾਰੀਆਂ ਐਸ਼ੋ-ਆਰਾਮ ਦੀਆਂ ਚੀਜ਼ਾਂ ਨੂੰ ਆਪਣੀਆਂ ਬਣਾਉਣਾ ਚਾਹੁੰਦਾ ਹੈ। ਪਰ ਇਸਦਾ ਧਨ ਸੀਮਤ ਹੈ ਅਤੇ ਉਸੇ ਸੀਮਤ ਧਨ ਨਾਲ ਉਹ ਵੱਧ ਤੋਂ ਵੱਧ ਚੀਜ਼ਾਂ ਖਰੀਦ ਲੈਣਾ ਚਾਹੁੰਦਾ ਹੈ। ਇੱਥੋਂ ਇਸਦੀ ਅਬਾਦੀ ਘਟਾਉਣ ਦੀ ਚਾਹਤ ਨਿਕਲਦੀ ਹੈ। ਇਹ ਸੋਚਦਾ ਹੈ ਕਿ ਖਰੀਦਦਾਰ ਘੱਟ ਹੋਣ ਤਾਂ ਕੀਮਤਾਂ ਘੱਟ ਜਾਣਗੀਆਂ ਤੇ ਉਹ ਜ਼ਿਆਦਾ ਖਰੀਦ ਲਵੇਗਾ। ਉਹ ਆਪਣੇ ਤੋਂ ਉੱਚੇ ਤਬਕੇ ਨੂੰ ਕੁਝ ਨਹੀਂ ਕਹਿ ਸਕਦਾ, ਉਹ ਆਪਣਾ ਨਜ਼ਲਾ ਹੇਠਲੇ ਤਬਕਿਆਂ ’ਤੇ ਝਾੜਦਾ ਹੈ ਤੇ ਉਹਨਾਂ ਨੂੰ ਅਬਾਦੀ ’ਚ ਵਾਧਾ ਕਰਨ ਲਈ ਕੋਸਦਾ ਹੈ। ਪਰ ਇਹ ਨਹੀਂ ਦੇਖਦਾ ਕਿ ਜੋ ਕੁਝ ਇਹ ਖਰੀਦਣਾ ਚਾਹੁੰਦਾ ਹੈ ਉਸਦਾ ਗਾਹਕ ਇਹੀ ਤਬਕਾ ਹੈ, ਇਸ ਲਈ ਮੰਗ ਘਟਾਉਣ ਲਈ ਇਸਨੂੰ ਆਪਣੀ ਹੀ ਗਿਣਤੀ ਘਟਾਉਣੀ ਚਾਹੀਦੀ ਹੈ।

ਨਿੱਕ-ਬੁਰਜੂਆ ਤੇ ਮੱਧਵਰਗੀ ਮਾਨਸਿਕਤਾ ’ਚੋਂ ਪੈਦਾ ਹੋਇਆ ਇਹ ਤਰਕ ਸਰਮਾਏਦਾਰੀ ਨੂੰ ਖੂਬ ਫਿੱਟ ਬੈਠਦਾ ਹੈ। ਉਹ ਇਸਨੂੰ ਖੂਬ ਧੂਮ-ਧੜੱਕੇ ਨਾਲ਼ ਪ੍ਰਚਾਰਦੀ ਹੈ ਤਾਂ ਕਿ ਆਪਣੀ ਲੁੱਟ ਨੂੰ ਛੁਪਾ ਸਕੇ ਤਾਂ ਕਿ ਲੋਕਾਂ ਦੀ ਬਦਹਾਲੀ ਦਾ ਦੋਸ਼ ਉਹਨਾਂ ਹੀ ਲੋਕਾਂ ਸਿਰ ਧਰ ਸਕੇ ਜੋ ਬਦਹਾਲ ਹਨ। ਸਰਮਾਏਦਾਰਾ ਢਾਂਚਾ ਆਪਣੇ ਜਨਮ ਤੋਂ ਹੀ ਅਜਿਹਾ ਕਰਦਾ ਆ ਰਿਹਾ ਹੈ ਅਤੇ ਹੁਣ ਇਸ ਢਾਂਚੇ ਵੱਲੋਂ ਵਜਾਈ ਜਾ ਰਹੀ ਬੀਨ ਉੱਪਰ ਗੁਰਦਿਆਲ ਸਿੰਘ, ਪ੍ਰੋ. ਢਿੱਲੋਂ ਅਤੇ ‘‘ਤਰਕਸ਼ੀਲ’’ ਨੂਰਪੁਰ ਜੇਹੀ ਵੀ ਨੱਚਣਲੱਗ ਪਏ ਹਨ।

“ਲਲਕਾਰ – ਤਬਦੀਲੀ ਪਸੰਦ ਨੋਜਵਾਨਾਂ – ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ – 10, ਨਵੰਬਰ 2012 ਵਿਚ ਪ੍ਰਕਾਸ਼ਿਤ

One comment on “ਵਧਦੀ ਅਬਾਦੀ ਦਾ ‘‘ਸੰਕਟ’’ ਤੇ ਬੌਧਿਕ ਕੰਗਾਲੀ ਦਾ ‘‘ਬੂਮ’’ ਡਾ. ਅੰਮਿ੍ਤ

  1. ਕੰਵਲਪ੍ਰੀਤ says:

    ਬੜੇ ਅਫਸੋਸ ਦੀ ਗੱਲ ਹੈ ਕਿ ਲੇਖਕ ਦੇ ਵਿਚਾਰ ਬੜੇ ਸੰਕੁਚਿਤ ਸੰਕੀਰਨ ਅਤੇ ਤੱਥਾਂ ਦੀ ਘਾਟ ਨਾਲ ਭਰਪੂਰ ਹਨ ।ਵਧਦੀ ਆਬਾਦੀ ਨੂੰ ਲੇਖਕ ਦੇਸ਼ ਦੀ ਕਿਸੇ ਵੀ ਸਮਸਿਆ ਨਾਲ ਜੋੜ ਕੇ ਰਾਜੀ ਨਹੀਂ ਹੈ । ਲੇਖਕ ਨੇ ਬੜੇ ਹੀ ਨੀਵੇਂ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਪ੍ਰਸਿਧ ਲੇਖਕ ਗੁਰਦਿਆਲ ਸਿੰਘ ਜੀ ਨੂੰ ਵੱਧ ਤੋਂ ਵੱਧ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਇਕ ਹੋਛੀ ਕਾਰਵਾਈ ਹੈ । ਇਹਨਾਂ ਦੀਆਂ ਗਲਾਂ ਪਾਠਕਾਂ ਉਤੇ ਕੋਈ ਪ੍ਰਭਾਵਸ਼ਾਲੀ ਅਸਰ ਨਹੀਂ ਪਾਉਂਦੀਆਂ । ਲਗਦੈ ਕਿ ਲੇਖਕ ਨੇ ਅਪਣਾ ਕੋਈ ਨਿੱਜੀ ਗੁੱਸਾ ਕੱਢਕੇ , ਗੁਰਦਿਆਲ ਸਿੰਘ ਜੀ ਤੇ ਚਿੱਕੜ ਸੁਟਕੇ, ਕਿਸੇ ਖਾਸ ਬੰਦੇ/ ਪਾਰਟੀ ਨੂੰ ਖੁਸ਼ ਕਰਨ ਲਈ ਇਹ ਲੇਖ ਲਿਖਿਆ ਹੈ ।ਅਸੀਂ ਵੀ ਪੰਜਾਬੀ ਸਾਹਿਤ ਦੇ ਪਾਠਕ ਹਾਂ । ਇਕ ਸਮਝਦਾਰ ਲਿਖਾਰੀ ਵਲੋਂ ਐਸੀ ਹਰਕਤ ਨੂੰ ਹੋਛੀ ਕਾਰਵਾਈ ਹੀ ਗਰਦਾਨਿਆ ਜਾ ਸਕਦਾ ਹੈ । ਅਸੀਂ ਸਾਰੀ ਸਭਾ ਤੁਹਾਡੇ ਲੇਖ ਨੂੰ ਸਿਰੇ ਤੋਂ ਨਕਾਰਦੇ ਹਾਂ ।

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s